ਸੰਪਾਦਕੀ

ਸ਼ਹੀਦ ਭਗਤ ਸਿੰਘ ਦੇ ਬਲੀਦਾਨ ਦਿਵਸ ਨੂੰ ਸਮਰਪਿਤ ✍️ ਅਮਰਜੀਤ ਸਿੰਘ ਜੀਤ

23 ਮਾਰਚ ਦਾ ਅਹਿਮ 

ਭਾਰਤ ਦੇ ਇਤਿਹਾਸ ਵਿੱਚ 23 ਮਾਰਚ ਦਾ ਅਹਿਮ ਦਿਹਾੜਾ ਹਮੇਸ਼ਾ ਲਈ ਬਲੀਦਾਨ ਦਿਵਸ ਵਜੋਂ ਜਾਣਿਆ ਜਾਂਦਾ ਰਹੇਗਾ। ਇਸ ਦਿਨ ਦੇਸ਼ ਭਰ 'ਚ  ਨੌਜਵਾਨ 'ਤੇ ਵਤਨ ਪ੍ਰਸਤ ਨਾਗਰਿਕ ਬਸੰਤੀ ਦਸਤਾਰਾਂ ਸਜਾ ਕੇ 'ਇਨਕਲਾਬ ਜਿੰਦਾਬਾਦ' 'ਭਾਰਤ ਮਾਤਾ ਕੀ ਜੈ' ਅਤੇ 'ਬੰਦੇ ਮਾਤਰਮ' ਦੇ ਆਕਾਸ਼ ਗੁੰਜਾਊ ਨਾਰਿਆਂ ਨਾਲ ਆਪਣੇ ਹਰਮਨ ਪਿਆਰੇ ਆਦਰਸ਼ 'ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ, ਸ਼ਿਵਰਾਮ ਹਰੀ ਰਾਜਗੁਰੂ ਅਤੇ ਸੁਖਦੇਵ ਥਾਪਰ ਦੀ ਕੁਰਬਾਨੀ ਚੇਤੇ ਕਰਦਿਆਂ ਸ਼ਰਧਾਂਜਲੀ ਭੇਂਟ ਕਰਦੇ ਹਨ। ਸਦੀਆਂ ਤੋਂ ਵਿਦੇਸ਼ੀ ਜਰਵਾਣਿਆਂ ਦੀਆਂ ਜੰਜ਼ੀਰਾਂ ਵਿੱਚ ਜਕੜੀ ਭਾਰਤ ਮਾਤਾ ਦੇ ਗਲੋਂ ਗੁਲਾਮੀ ਦਾ ਜੂਲਾ ਲਾਹਉਣ ਲਈ 23 ਮਾਰਚ 1931 ਨੂੰ ਵਤਨ ਦੇ ਮਹਾਨ ਸਪੂਤਾਂ ਨੇ ਹੱਸ ਕੇ ਫਾਂਸੀ ਦੇ ਰੱਸੇ ਚੁੰਮ ਲਏ ਸਨ। ਭਗਤ ਸਿੰਘ ਦੇ ਸਾਥੀ ਸ਼ਿਵਰਾਮ ਹਰੀ ਰਾਜਗੁਰੂ ਦਾ ਜਨਮ ਪਿਤਾ ਹਰੀ ਨਰਾਇਣ ਰਾਜਗੁਰੂ ਦੇ ਘਰ ਮਾਤਾ ਸ੍ਰੀ ਮਤੀ ਪਾਰਵਤੀ ਬਾਈ ਦੀ ਕੁੱਖੋਂ 24 ਅਗਸਤ 1908 ਨੂੰ ਮਹਾਂਰਾਸ਼ਟਰ ਦੇ ਜ਼ਿਲ੍ਹਾ ਪੂਨਾ ਦੇ ਇੱਕ ਪਿੰਡ ਖੁੱਡ ਵਿਖੇ ਹੋਇਆ। ਬਚਪਨ ਵਿਚ ਪਿਤਾ ਦੀ ਮੌਤ ਉਪਰੰਤ ਆਪ ਜੀ ਦਾ ਪਾਲਣ ਪੋਸ਼ਣ ਮਾਤਾ ਤੇ ਵੱਡੇ ਭਰਾ ਦੇ ਹੱਥਾਂ ਵਿਚ ਹੋਇਆ। ਦੂਸਰੇ ਸਾਥੀ ਸੁਖਦੇਵ ਥਾਪਰ ਦਾ ਜਨਮ ਵਿਚ ਪਿਤਾ ਸ੍ਰੀ ਰਾਮਲਾਲ ਥਾਪਰ ਮਾਤਾ ਸ਼੍ਰੀਮਤੀ ਰੱਲੀ ਦੇਵੀ ਦੀ ਕੁੱਖੋਂ ਪੰਜਾਬ ਦੇ ਨਗਰ ਲੁਧਿਆਣਾ ਵਿਖੇ ਹੋਇਆ। ਆਪ ਜੀ ਦੇ ਜਨਮ ਤੋਂ 3 ਮਹੀਨੇ ਪਹਿਲਾਂ ਹੀ ਪਿਤਾ ਦੀ ਮੌਤ ਹੋ ਗਈ ਸੀ। ਆਪ ਦਾ ਪਾਲਣ ਪੋਸ਼ਣ ਮਾਤਾ ਅਤੇ ਤਾਇਆ ਅਚਿੰਤ ਰਾਮ ਥਾਪਰ ਦੀ ਦੇਖ ਰੇਖ 'ਚ ਹੋਇਆ। ਸ੍ਰ. ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪਿਤਾ ਸ੍ਰੀ ਕਿਸ਼ਨ ਸਿੰਘ ਦੇ ਘਰ ਮਾਤਾ ਵਿਦਿਆਵਤੀ ਦੀ ਕੁੱਖਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ (ਫੈਸਲਾਬਾਦ), ਪਿੰਡ ਬੰਗਾ ਚੱਕ ਨੰਬਰ105 ਵਿਖੇ ਹੋਇਆ। ਭਗਤ ਸਿੰਘ ਦੇ ਪੁਰਖਿਆਂ ਦਾ ਜੱਦੀ ਪਿੰਡ ਨਾਰਲੀ ਜਿਲਾ ਅਮ੍ਰਿਤਸਰ (ਹੁਣ ਤਰਨਤਾਰਨ) ਹੈ। ਜਿੱਥੋਂ ਉਹਨਾ ਦੇ ਵਡੀਕੇ ਖੱਟਕੜ ਕਲਾਂ ਆ ਵਸੇ ਸਨ। ਭਗਤ ਸਿੰਘ ਦੇ ਦਾਦਾ ਅਰਜਨ ਸਿੰਘ ਨੂੰ 25 ਏਕੜ ਜਮੀਨ, ਲਾਇਲਪੁਰ ਦੇ ਪਿੰਡ ਚੱਕ ਬੰਗਾ ਵਿਖੇ ਅਲਾਟ ਹੋਣ ਕਾਰਣ 1898 ਦੇ ਨੇੜੇ ਸਾਰਾ ਪਰਿਵਾਰ ਖੱਟਕੜ ਕਲਾਂ ਤੋਂ ਬੰਗੇ ਜਾ ਵਸਿਆ ਸੀ। ਭਗਤ ਸਿੰਘ ਦੇ ਜਨਮ ਵੇਲੇ, ਉਸ ਦੇ ਪਿਤਾ ਜੀ 'ਤੇ ਦੋਵੇਂ ਚਾਚਿਆਂ ਦੀ, ਜੋ ਕਿਸਾਨ ਸੰਘਰਸ਼ "ਪਗੜੀ ਸੰਭਾਲ  ਜੱਟਾ" ਚਲਾਉਣ ਕਾਰਣ ਜੇਲੀਂ ਡੱਕੇ ਹੋਏ ਸਨ,  ਰਿਹਾਈ ਹੋਈ ਸੀ। ਜਿਸ ਕਾਰਣ ਦਾਦੀ ਜੈ ਕੁਰ ਨੇ ਉਸਦਾ ਨਾਂ 'ਭਾਗਾਂ ਵਾਲਾ' ਰੱਖਿਆ ਸੀ। ਬਾਅਦ ਵਿਚ  ਭਾਗਾਂ ਵਾਲੇ ਤੋਂ ਬਦਲ ਕੇ ਭਗਤ ਸਿੰਘ ਹੋ ਗਿਆ। ਅਜੇ ਉਹ ਮਾਸੂਮ ਹੀ ਸੀ ਜਦੋਂ ਅੰਗਰੇਜ ਹਕੂਮਤ ਨੇ ਪਰਿਵਾਰ ਉੱਤੇ ਹੱਦੋਂ ਵੱਧ ਸਖਤੀ ਕਰ ਦਿੱਤੀ, ਜਿਸ ਕਰਕੇ ਵੱਡੇ ਚਾਚਾ ਅਜੀਤ ਸਿੰਘ ਨੂੰ ਦੇਸ਼ ਛੱਡ ਕੇ ਜਾਣਾ ਪਿਆ। ਉਹ ਚਾਰ ਦਹਾਕਿਆਂ ਤੱਕ ਜਲਾਵਤਨ ਰਹੇ।ਪਿੱਛੇ ਸਵਰਨ ਸਿੰਘ ਦੀ ਜੇਲ ਤੋਂ ਰਿਹਾਈ ਉਪਰੰਤ ਜੇਲ 'ਚ ਝੱਲੇ ਤਸ਼ੱਦਦ ਕਾਰਨ ਸਿਹਤ ਠੀਕ ਨਾ ਰਹੀ ਤਪਦਿਕ ਦੀ ਲਾਗ ਕਾਰਨ, ਦੋ ਡੇਢ ਸਾਲ ਬਿਮਾਰੀ ਨਾਲ ਜੂਝਦਿਆਂ 1910 'ਚ ਮੌਤ ਹੋ ਗਈ। ਹੌਲੀ-ਹੌਲੀ ਭਗਤ ਸਿੰਘ ਦੇ ਬਾਲ ਮਨ 'ਚ ਗੋਰਿਆਂ ਲਈ ਰੋਸ ਪੈਦਾ ਹੋਣ ਲੱਗ ਪਿਆ। ਇਕ ਵਾਰੀ ਕਿਸ਼ਨ ਸਿੰਘ ਖੇਤਾਂ ਵਿਚ ਕਲਮਾਂ ਲਾ ਰਹੇ ਸਨ ਤਾਂ ਪਿਤਾ ਨੂੰ ਕਲਮਾਂ ਲਾਉਂਦੇ ਵੇਖ ਭਗਤ ਸਿੰਘ ਵੀ ਡੱਕੇ ਜਿਹੇ ਭੋਏਂ 'ਚ ਗੱਡਣ ਲੱਗ ਪਿਆ ਇਹ ਦੇਖ ਕੇ ਮਹਿਤਾ ਨੰਦ ਕਿਸ਼ੋਰ ਜੋ ਉੱਥੇ ਮੌਜੂਦ ਸਨ ਨੇ ਪੁੱਛਿਆ ਬੇਟੇ ਇਹ ਤੂੰ ਕੀ ਕਰ ਰਿਹਾ ਏਂ, ਅੱਗੋਂ ਭਗਤ ਸਿੰਘ ਕਹਿੰਦਾ ਦੰਬੂਕਾਂ ਬੀਜ ਰਿਹਾ ਹਾਂ। ਨੰਦ ਕਿਸ਼ੋਰ ਨੇ ਕਿਹਾ ਬੰਦੂਕਾਂ ਕਿਉਂ ਬੀਜ ਰਿਹਾ ਏਂ, ਭਗਤ ਸਿੰਘ ਕਹਿੰਦਾ ਅੰਗਰੇਜਾਂ ਨੂੰ ਭਜਾਉਣ ਲਈ। ਇਹ ਸੁਣ ਕੇ ਸਾਰੇ ਹੱਸ ਪਏ। ਨੰਦ ਕਿਸ਼ੋਰ ਤੇ ਕਿਸ਼ਨ ਸਿੰਘ ਨੂੰ ਅਹਿਸਾਸ ਹੋ ਗਿਆ ਸੀ ਕਿ ਹੁਣ ਆਜਾਦੀ ਬਹੁਤੀ ਦੂਰ ਨਹੀਂ। ਭਗਤ ਸਿੰਘ ਜਦੋਂ ਪੰਜ ਕੁ ਸਾਲ ਦਾ ਹੋਇਆ ਤਾਂ ਉਸ ਨੂੰ ਉਸਦੇ ਵੱਡੇ ਭਰਾ ਜਗਤ ਸਿੰਘ ਨਾਲ ਬੰਗੇ ਦੇ ਪ੍ਰਾਇਮਰੀ ਸਕੂਲ ਵਿਚ ਪੜ੍ਹਨ ਲਾ ਦਿੱਤਾ। ਜਿੱਥੋਂ ਉਸਨੇ ਮੁੱਢਲੀ ਵਿਦਿਆ ਪ੍ਰਾਪਤ ਕੀਤੀ। ਬੇਸ਼ੱਕ ਅਜੇ ਉਹ ਛੋਟਾ ਹੀ ਸੀ ਉਸ ਨੂੰ ਆਲੇ ਦੁਆਲੇ ਵਾਪਰਦੀਆਂ ਅਹਿਮ ਘਟਨਾਵਾਂ ਬਾਰੇ ਥੋੜੀ ਬਹੁਤੀ ਸੂਝ ਜਰੂਰ ਸੀ। ਓਹਨੀ ਦਿਨੀਂ ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਦਾ ਕੇਸ ਅਦਾਲਤ ਵਿਚ ਸੀ। ਕਹਿੰਦੇ ਹਨ ਜਦੋਂ ਕੇਸ ਦੀ ਸੁਣਵਾਈ ਹੋ ਰਹੀ ਸੀ ਤਾਂ ਸਰਾਭੇ ਦੀ 19 ਕੁ ਸਾਲ ਦੀ ਉਮਰ ਦੇਖ ਕੇ ਜੱਜ ਦੇ ਮਨ 'ਚ ਕੁੱਝ ਮਨੁੱਖੀ ਭਾਵਨਾ ਜਾਗ ਪਈ, ਉਹ ਸਰਾਭਾ ਨੂੰ ਕਹਿਣ ਲੱਗਾ ਤੂੰ ਆਪਣੀ ਸਫਾਈ 'ਚ ਬਚਾ ਹਿੱਤ ਜੇ ਆਪਣੇ ਬਿਆਨ ਵਿੱਚ ਕੁੱਝ ਬਦਲਾਅ ਕਰ ਲਵੇਂ ਤਾਂ ਫਾਂਸੀ ਦੀ ਸਜਾ ਤੋਂ ਬਚ ਸਕਦਾ ਹੈਂ। ਅੱਗੋਂ ਬੜੀ ਦਲੇਰੀ ਦਾ ਸਬੂਤ ਦਿੰਦੇ ਹੋਏ ਕਰਤਾਰ ਸਿੰਘ ਸਰਾਭਾ ਨੇ ਹੱਸਦਿਆਂ ਕਿਹਾ "ਤੁਸੀਂ ਆਪਣਾ ਕੰਮ ਜਾਰੀ ਰੱਖੋ ਤਾਂ ਕਿ ਮੈਂ ਜਲਦੀ ਫਾਂਸੀ ਦਾ ਰੱਸਾ ਚੁੰਮਾਂ 'ਤੇ ਦੁਬਾਰਾ ਫੇਰ ਜਨਮ ਲੈ ਕੇ ਭਾਰਤ ਮਾਤਾ ਦੀ ਆਜਾਦੀ ਲਈ ਆਪਣਾ ਰਹਿੰਦਾ ਕੰਮ ਕਰ ਸਕਾਂ"। ਇਹੋ ਜਿਹੇ ਵਾਕਿਆ ਤੇ ਸੰਵਾਦ ਦੁਨੀਆਂ ਤੇ ਵਾਰ ਵਾਰ ਨਹੀਂ ਵਾਪਰਦੇ ਤੇ ਨਾਹੀ ਦੁਹਰਾਏ ਜਾ ਸਕਦੇ ਹਨ। 16 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਭੇ ਨੂੰ ਸਾਥੀਆਂ ਸਮੇਤ ਫਾਂਸੀ  ਚੜਾ ਦਿੱਤਾ ਗਿਆ। ਇਸ ਬਹਾਦਰੀ ਦੀ ਚਰਚਾ ਪੂਰੀ ਦੁਨੀਆ ਤੇ ਹੋਈ। ਭਗਤ ਸਿੰਘ ਦੇ ਬਾਲ ਮਨ ਤੇ ਵੀ ਗਹਿਰਾ ਅਸਰ ਹੋਇਆ। ਭਗਤ ਸਿੰਘ ਤਾਂ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਆਦਰਸ਼ ਮੰਨਣ ਲੱਗ ਪਏ ਸਨ। ਉਹ ਪ੍ਰਾਈਮਰੀ ਦੀ ਪੜ੍ਹਾਈ ਉਪਰੰਤ ਪਿਤਾ ਕਿਸ਼ਨ ਸਿੰਘ ਕੋਲ ਲਾਹੌਰ ਚਲੇ ਗਏ ਜਿਥੇ ਉਸ ਨੂੰ ਡੀ ਏ ਵੀ ਸਕੂਲ ਵਿਚ ਦਾਖਲ ਕਰਵਾ ਦਿੱਤਾ।ਜਦੋਂ ਭਗਤ ਸਿੰਘ ਹਾਲੇ 12 ਕੁ ਸਾਲ ਦਾ ਸੀ। ਓਹਨੀ ਦਿਨੀਂ ਜਲ੍ਹਿਆਂ ਵਾਲੇ ਬਾਗ ਦਾ ਸਾਕਾ ਵਾਪਰ ਗਿਆ। ਇਸ ਘਟਨਾ ਦਾ ਉਸ ਦੇ ਮਨ ਤੇ ਐਨਾ ਗਹਿਰਾ ਅਸਰ ਪਿਆ ਕਿ ਉਹ ਇਕ ਦਿਨ ਘਰੋਂ ਸਿੱਧਾ ਰੇਲ ਰਾਹੀਂ ਅੰਮ੍ਰਿਤਸਰ ਪੁੱਜ ਗਿਆ। ਜਲ੍ਹਿਆਂ ਵਾਲੇ ਬਾਗ ਦਾ ਮੰਜਰ ਦੇਖ ਕੇ ਉਸ ਦਾ ਮਨ ਅੰਗਰੇਜਾਂ ਪ੍ਰਤੀ ਬੇਹੱਦ ਨਫਰਤ ਤੇ ਗੁੱਸੇ ਨਾਲ ਭਰ ਗਿਆ, ਉੱਥੋਂ ਉਹ ਲਹੂ ਰੱਤੀ ਮਿੱਟੀ ਨੂੰ ਇਕ ਸ਼ੀਸ਼ੀ ਵਿਚ ਭਰ ਕੇ ਘਰ ਲੈ ਆਇਆ, ਬਹੁਤ ਦਿਨਾਂ ਤਾਈਂ ਬੇਚੈਨ ਰਿਹਾ। ਮਿੱਟੀ ਨੂੰ ਸ਼ਰਧਾ ਨਾਲ ਨਤਮਸਤਕ ਹੁੰਦਾ ਰਿਹਾ। ਮਹਾਤਮਾ ਗਾਂਧੀ ਦੇ

ਦੇਸ਼ ਵਿਆਪੀ ਨਾ-ਮਿਲਵਰਤਨ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ, ਉਹ ਨੌਵੀਂ ਜਮਾਤ ਦੀ ਪੜ੍ਹਾਈ ਵਿੱਚੇ ਛੱਡ ਕੇ 14 ਸਾਲ ਦੀ ਉਮਰ ਵਿਚ ਹੀ ਅੰਦੋਲਨ ਨਾਲ ਜੁੜ ਗਿਆ। ਪਰ ਉਤਰ ਪ੍ਰਦੇਸ਼ ਦੇ ਚੌਰਾ-ਚੌਰੀ ਵਿਚ  ਹਿੰਸਕ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਥਾਣੇ ਨੂੰ ਘੇਰ ਕੇ ਅੱਗ ਲਾ ਦਿੱਤੀ, ਜਿਸ ਵਿਚ ਲਗਭਗ 22 ਪੁਲਿਸ ਵਾਲੇ ਮਾਰੇ ਗਏ। ਇਸ ਲਈ ਗਾਂਧੀ ਜੀ ਨੇ ਨਾ-ਮਿਲਵਰਤਨ ਲਹਿਰ ਵਾਪਸ ਲੈ ਲਈ। ਜਿਸ ਕਾਰਣ ਸਾਥੀਆਂ ਸਮੇਤ ਭਗਤ ਸਿੰਘ ਰੋਸ ਵਜੋਂ ਗਾਂਧੀ ਜੀ ਦੀਆਂ ਨੀਤੀਆਂ ਤੋਂ ਦੂਰ ਹੁੰਦੇ ਗਏ। 1921'ਚ ਹੀ ਗੁਰਦੁਆਰਾ ਸੁਧਾਰ ਲਹਿਰ ਚੱਲ ਪਈ ਸੀ ਜਿਸ ਰਾਹੀਂ ਮਹੰਤਾਂ ਦੇ ਕਬਜ਼ਿਆਂ 'ਚੋਂ ਗੁਰਦੁਆਰਿਆਂ ਨੂੰ ਮੁਕਤ ਕਰਾਉਣਾ ਸੀ। ਇਸ ਦੌਰਾਨ ਨਨਕਾਣਾ ਸਾਹਿਬ ਦਾ ਸਾਕਾ ਵਾਪਰ ਗਿਆ। ਜਿੱਥੇ 200 ਦੇ ਕਰੀਬ ਅੰਦੋਲਨਕਾਰੀ ਸ਼ਹੀਦ ਹੋ ਗਏ। ਬਾਅਦ ਵਿੱਚ ਸਰਕਾਰ ਨੂੰ ਝੁਕਣਾ ਪਿਆ। ਗੁਰਦੁਆਰਿਆਂ ਦਾ ਪ੍ਰਬੰਧ ਸਿੱਖ ਸੰਗਤ ਦੇ ਹਵਾਲੇ ਕਰਨਾ ਪਿਆ। ਇਸ ਲਹਿਰ ਦਾ ਵੀ ਕੁਝ ਪ੍ਰਭਾਵ ਭਗਤ ਸਿੰਘ 'ਤੇ ਪਿਆ।ਉਸ ਨੇ ਦਾੜੀ ਕੇਸ ਰੱਖ ਕੇ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ ਸੀ। ਭਗਤ ਸਿੰਘ ਨੇ ਅਗਲੀ ਪੜ੍ਹਾਈ ਲਈ 1923 'ਚ ਨੈਸ਼ਨਲ ਕਾਲਜ ਲਾਹੌਰ ਵਿੱਚ ਦਾਖਲਾ ਲੈ ਲਿਆ। ਇੱਥੇ ਉਸਦਾ ਮੇਲ ਸੁਖਦੇਵ ਨਾਲ ਹੋਇਆ ਜੋ ਕਿ ਉਸਦਾ ਸਹਿਪਾਠੀ ਸੀ। ਕਾਲਜ ਦੇ ਨੈਸ਼ਨਲ ਨਾਟਕ ਕੱਲਬ ਦਾ ਉਹ ਵਧੀਆ ਰੰਗ ਕਰਮੀ ਸੀ। ਉਸਦੀ ਕਲਾ ਤੋਂ ਅਧਿਆਪਕਾਂ ਸਮੇਤ ਸਾਰੇ ਵਿਦਿਆਰਥੀ ਵੀ ਪ੍ਰਭਾਵਿਤ ਸਨ। ਇੱਥੇ ਉਸ ਨੇ ਪੰਜਾਬੀ, ਉਰਦੂ, ਹਿੰਦੀ, ਅੰਗਰੇਜੀ ਅਤੇ ਸੰਸਕ੍ਰਿਤ ਦਾ ਚੰਗਾ ਗਿਆਨ ਹਾਸਲ ਕਰ ਲਿਆ ਸੀ। ਕਾਲਜ ਦੀ "ਦਵਾਰਕਾ ਦਾਸ" ਲਾਇਬ੍ਰੇਰੀ ਉਸ ਲਈ ਗਿਆਨ ਦਾ ਇਕ ਵੱਡਾ ਸੋਮਾ ਹੋ ਨਿਬੜੀ। ਇੱਥੋਂ ਉਸ ਨੇ ਉੱਚ ਪਾਏ ਦਾ ਇਨਕਲਾਬੀ ਸਾਹਿਤ ਪੜ੍ਹਿਆ। ਇੱਥੇ ਹੀ ਬਾਕੂਨਿਨ, ਮਾਰਕਸ ਅਤੇ ਅਰਾਜਕਤਾਵਾਦੀ 'ਵੇਲਾਂ' ਦੀ ਜੀਵਨੀ ਪੜੀ। ਇਤਿਹਾਸ ਦੇ ਅਧਿਆਪਕ ਜੈ ਚੰਦਰ ਵਿਦਿਆਲੰਕਾਰ ਤੇ ਪਿੰਸੀਪਲ ਛਬੀਲ ਦਾਸ ਦੀ ਪ੍ਰੇਰਣਾ ਸਦਕਾ ਹੀ ਉਹ ਪੱਕੇ ਪੈਰੀਂ ਸੰਘਰਸ਼ ਦੇ ਰਾਹ ਹੋ ਤੁਰਿਆ ਸੀ। ਇੱਥੇ ਹੀ ਉਸਦਾ ਮੇਲ ਜੈ ਚੰਦਰ ਵਿਦਿਆਲੰਕਾਰ ਦੇ ਘਰ ਬੰਗਾਲੀ ਕ੍ਰਾਂਤੀਕਾਰੀ ਸੁਚਿੰਦਰ ਨਾਥ ਸੁਨਿਯਾਲ ਨਾਲ ਹੋਇਆ। ਇੱਥੇ ਹੀ ਇਕ ਸਿਰੜੀ, ਪ੍ਰਪੱਕ ਤੇ ਇਨਕਲਾਬੀ ਵਜੋਂ ਉਸਦੀ ਸ਼ਖਸੀਅਤ ਘੜੀ ਗਈ। ਭਗਤ ਸਿੰਘ ਅਜੇ 16 ਕੁ ਸਾਲ ਦਾ ਹੀ ਸੀ ਜਦੋਂ ਉਸਦੇ ਪਰਿਵਾਰ ਵੱਲੋਂ ਉਸਤੇ ਵਿਆਹ ਲਈ ਜੋਰ ਪਾਇਆ ਜਾਣ ਲੱਗਾ। ਭਗਤ ਸਿੰਘ ਨੇ ਪਿਤਾ ਜੀ ਨੂੰ ਸਪਸ਼ਟ ਦੱਸ ਦਿੱਤਾ ਕਿ ਉਸ ਦਾ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਕਿਉਂ ਕਿ ਉਸਦਾ ਪੈਰ ਤਾਂ ਦੇਸ਼ ਸੇਵਾ ਦੇ ਰਾਹ ਪੈ ਚੁੱਕਿਆ ਸੀ। ਜਦੋਂ ਪਰਿਵਾਰ ਨੇ ਮਜਬੂਰ ਕਰਨਾ ਚਾਹਿਆ ਤਾਂ ਉਹ ਇਕ ਦਿਨ ਘਰੋਂ ਬਿਨਾਂ ਕਿਸੇ ਨੂੰ ਦੱਸੇ ਕਾਨਪੁਰ ਚਲਾ ਗਿਆ। ਉੱਥੇ ਉਸ ਦਾ ਮੇਲ ਬੁਟਕੇਸ਼ਵਰ ਦੱਤ, ਚੰਦਰ ਸੇਖਰ ਆਜਾਦ, ਯੋਗੇਸ਼ ਚੰਦਰ ਚੈਟਰਜੀ, ਸੁਰੇਸ਼ ਭੱਟਾਚਾਰੀਆ ਵਰਗੇ ਕ੍ਰਾਂਤੀਕਾਰੀਆਂ ਨਾਲ ਹੋਇਆ।ਭਗਤ ਸਿੰਘ ਉੱਥੇ ਸੁਚਿੰਦਰ ਨਾਥ ਸੁਨਿਯਾਲ ਅਤੇ ਸ੍ਰੀ ਰਾਮ ਪ੍ਰਸ਼ਾਦ ਬਿਸਮਿਲ ਵੱਲੋਂ ਬਣਾਈ ਹਿੰਦੁਸਤਾਨ ਰਿਪਬਲਿਕਨ ਸਭਾ ਦਾ ਮੈਂਬਰ ਬਣ ਗਿਆ। ਬਲਵੰਤ ਸਿੰਘ ਦੇ ਫਰਜੀ ਨਾਮ ਨਾਲ ਉਸ ਨੇ ਪ੍ਰਤਾਪ ਅਖਬਾਰ ਦੇ ਸੰਪਾਦਕੀ ਬੋਰਡ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੱਕ ਵਾਰੀ ਇਨਕਲਾਬੀ ਸਰਗਰਮੀਆਂ ਚਲਾਉਣ ਲਈ ਫੰਡਾਂ ਦੀ ਘਾਟ ਨੂੰ ਦੇਖਦੇ ਹੋਏ ਡਾਕੇ ਮਾਰਨ ਦੀ ਤਜਵੀਜ਼ ਵੀ ਆਈ ਪਰ ਭਗਤ ਸਿੰਘ ਨੇ ਇਸ ਨੂੰ ਰੱਦ ਕਰ ਦਿੱਤਾ। ਕੁਝ ਸਮੇਂ ਬਾਅਦ ਪਿਤਾ ਜੀ ਤੇ ਪਰਿਵਾਰ ਵੱਲੋਂ ਇਹ ਬਚਨ ਦੇਣ ਤੇ ਕਿ ਉਸ ਨੂੰ ਵਿਆਹ ਲਈ ਮਜਬੂਰ ਨਹੀਂ ਕੀਤਾ ਜਾਵੇਗਾ ਅਤੇ ਉਹਨਾ ਦੀ ਦਾਦੀ ਜੀ ਦੇ ਜਿਆਦਾ ਬਿਮਾਰ ਹੋਣ ਕਾਰਨ ਭਗਤ ਸਿੰਘ ਨੂੰ ਵਾਪਸ ਘਰ ਆਉਣਾ ਪਿਆ। 

ਅਜੇ ਭਗਤ ਸਿੰਘ ਨੂੰ ਘਰ ਆਇਆਂ ਥੋੜੇ ਦਿਨ ਹੀ ਹੋਏ ਸਨ ਕਿ ਜੈਤੋ ਦੇ ਮੋਰਚੇ 'ਚ ਸ਼ਾਮਲ ਹੋਣ ਲਈ ਜਥੇ ਬੰਗੇ ਵਿੱਚ ਦੀ ਲੰਘ ਰਹੇ ਸਨ। ਸ੍ਰ. ਕਿਸ਼ਨ ਸਿੰਘ ਨੇ ਭਗਤ ਸਿੰਘ ਦੀ ਡਿਊਟੀ ਜਥਿਆਂ ਲਈ ਲੰਗਰ ਪਾਣੀ ਅਤੇ ਪੜਾਅ ਆਦਿ ਦੇ ਪ੍ਰਬੰਧ ਕਰਨ ਲਈ ਲਗਾ ਦਿੱਤੀ ਕਿਉਂ ਕਿ ਉਹ ਖੁਦ ਲਾਹੌਰ ਜਰੂਰੀ ਕੰਮਾਂ 'ਚ ਰੁੱਝੇ ਹੋਏ ਸਨ। ਭਗਤ ਸਿੰਘ ਪਿੰਡ ਵਾਸੀਆਂ ਦੀ ਮਦਦ ਨਾਲ ਲਗਾਤਾਰ ਤਿੰਨ ਦਿਨ ਜਥਿਆਂ ਦੀ ਸੇਵਾ ਕਰਦਾ ਰਿਹਾ। ਇਸ ਤੋਂ ਚਿੜ ਕੇ ਦਿਲਬਾਗ ਸਿੰਘ ਨਾਂ ਦੇ ਮੁਖਬਰ ਨੇ ਭਗਤ ਸਿੰਘ ਦੇ ਗ੍ਰਿਫਤਾਰੀ ਵਾਰੰਟ ਕਢਾ ਦਿੱਤੇ। ਗ੍ਰਿਫਤਾਰੀ ਤੋਂ ਬਚਣ ਲਈ ਇਕ ਵਾਰ ਫਿਰ ਰੂਪੋਸ਼ ਹੋ ਕੇ ਉਹ ਦਿੱਲੀ ਪੁੱਜ ਗਿਆ। ਜਿੱਥੇ ਉਸਨੇ ਵੀਰ ਅਰਜਨ ਅਖਬਾਰ ਦੇ ਸੰਪਾਦਕੀ ਮੰਡਲ ਵਿੱਚ ਬਲਵੰਤ ਸਿੰਘ ਦੇ ਫਰਜੀ ਨਾਮ ਹੇਠ ਕੰਮ ਕੀਤਾ। ਜਦੋਂ ਆਕਾਲੀ ਅੰਦੋਲਨ ਸਮਾਪਤ ਹੋ ਗਿਆ ਤਾਂ ਉਹ ਫਿਰ ਲਾਹੌਰ ਵਾਪਸ ਆ ਗਿਆ। ਭਗਤ ਸਿੰਘ ਨੇ ਲਾਹੌਰ ਆ ਕੇ ਆਕਾਲੀ ਅਤੇ ਕਿਰਤੀ ਅਖਬਾਰਾਂ ਲਈ ਲਿਖਣਾ ਸ਼ੁਰੂ ਕਰ ਦਿੱਤਾ। ਇਹਨਾਂ ਦਿਨਾ ਵਿਚ 9 ਮਾਰਚ 1925 ਨੂੰ ਹਿੰਦੁਸਤਾਨ ਰਿਪਬਲਿਕਨ ਸਭਾ ਦੇ ਕੁੱਝ ਸਾਥੀਆਂ ਨੇ ਪਾਰਟੀ ਸਰਗਰਮੀਆਂ ਚਲਾਉਣ ਖਾਤਰ ਫੰਡਾਂ ਦੀ ਘਾਟ ਪੂਰੀ ਕਰਨ ਹਿੱਤ, ਉੱਤਰ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਰੇਲਵੇ ਸ਼ਟੇਸ਼ਨ ਕਾਕੋਰੀ ਨੇੜੇ ਰੇਲ ਗੱਡੀ 'ਚੋਂ ਸਰਕਾਰੀ ਖਜ਼ਾਨਾ ਲੁੱਟ ਲਿਆ ਸੀ। ਜਿਸ ਵਿਚ ਰਾਮ ਪ੍ਰਸ਼ਾਦ ਬਿਸਮਿਲ, ਅਸ਼ਫਾਕ ਉੱਲਾ ਖਾਨ ਤੇ ਹੋਰ ਬਹੁਤ ਸਾਰੇ ਸਾਥੀ ਫੜੇ ਗਏ ਸਨ। ਏਧਰ ਭਗਤ ਸਿੰਘ ਹੁਰਾਂ ਭਗਵਤੀ ਚਰਨ ਵੋਹਰਾ, ਰਾਮ ਚੰਦਰ, ਸੁਖਦੇਵ ਅਤੇ ਹੋਰ ਸਾਥੀਆਂ ਨੇ ਮਿਲ ਕੇ ਮਾਰਚ 1926 ਨੂੰ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਰ ਦਿੱਤੀ। ਨੌਜਵਾਨ ਸਭਾ ਦਾ ਮਨੋਰਥ ਸੀ: ਨੌਜਵਾਨਾਂ 'ਤੇ ਇਸਤਰੀਆਂ ਦਾ ਸੁਤੰਤਰਤਾ ਲਹਿਰ 'ਚ ਵੱਧ ਤੋਂ ਵੱਧ ਯੋਗਦਾਨ , ਹਿੰਦੂ-ਮੁਸਲਿਮ ਏਕਤਾ ਅਤੇ ਦੱਬੇ ਕੁਚਲੇ ਵਰਗਾਂ ਲਈ ਸਮਾਨਤਾ, ਸਮਾਜਵਾਦ ਦੀ ਸਥਾਪਤੀ ਅਤੇ ਮਜਦੂਰ ਕਿਸਾਨਾਂ ਦੇ ਆਦਰਸ਼ ਜਮਹੂਰੀਅਤ ਦੀ ਬਹਾਲੀ। ਨੌਜਵਾਨ ਭਾਰਤ ਸਭਾ ਦੀ ਸਥਾਪਤੀ ਦੇ ਨਾਲ-ਨਾਲ ਉਸ ਦੀ ਦਿਲਚਸਪੀ ਕਾਕੋਰੀ ਕੇਸ 'ਚ ਫਸੇ ਸਾਥੀਆਂ ਨੂੰ ਛੁਡਾਉਣ ਵਿਚ ਵੀ ਬਣੀ ਰਹੀ।ਬੇਸ਼ੱਕ ਉਹ ਇਸ ਵਿਚ ਕਾਮਯਾਬ ਨਹੀਂ ਹੋਏ। ਮੁਕੱਦਮੇ ਦੀ ਸੁਣਵਾਈ ਦੌਰਾਨ ਵੀ ਉਹ ਅਦਾਲਤ ਵਿੱਚ ਆਕਾਲੀ ਅਖਬਾਰ ਦੇ ਨੁਮਾਇੰਦੇ ਵਜੋਂ ਹਾਜ਼ਰ ਹੁੰਦਾ ਰਿਹਾ। ਅਦਾਲਤ ਨੇ ਰਾਮ ਪ੍ਰਸ਼ਾਦ ਬਿਸਮਿਲ 'ਤੇ ਅਸ਼ਫਾਕ ਉੱਲਾ ਖਾਨ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਭਗਤ ਸਿੰਘ ਕੀਰਤੀ ਅਖਬਾਰ ਦੇ ਸੰਪਾਦਕੀ ਮੰਡਲ ਚ ਸ਼ਾਮਲ ਹੋ ਕੇ ਆਪਣੀਆਂ ਲਿਖਤਾਂ ਸਰਕਾਰ ਦੇ ਖਿਲਾਫ ਸੇਧਤ ਕਰਦਾ ਰਿਹਾ। ਇਸੇ

ਦੌਰਾਨ 'ਕਾਕੋਰੀ ਦੇ ਵੀਰਾਂ  ਨਾਲ ਜਾਣ ਪਛਾਣ' ਇਕ ਲੇਖ ਉਸ ਨੇ ਕਿਰਤੀ ਵਿਚ ਲਿਖਿਆ। ਜਿਸ ਦੇ ਛਪਦਿਆਂ ਹੀ ਪੁਲਿਸ ਉਸ ਦੇ ਮਗਰ ਪੈ ਗਈ। ਪਹਿਲਾਂ ਹੀ ਉਸ ਨੂੰ ਗ੍ਰਿਫਤਾਰ ਕਰਨ ਲਈ ਸਾਜਿਸ਼ਾਂ ਘੜੀਆਂ ਜਾ ਰਹੀ ਸਨ। ਉਸ ਨੂੰ ਅਮ੍ਰਿਤਸਰ ਰੇਲ ਤੋਂ ਉਤਰਦਿਆਂ ਹੀ ਫੜਨ ਦੀ ਕੋਸ਼ਿਸ਼ ਕੀਤੀ। ਜਿੱਥੋਂ ਉਹ ਭੱਜ ਕੇ ਕਿਸੇ ਸਰਦੂਲ ਸਿੰਘ ਨਾਮੀਂ ਵਕੀਲ ਦੇ ਘਰ ਛੁਪ ਕੇ ਬਚ ਨਿਕਲਿਆ। ਅਗਲੇ ਦਿਨ ਉਸ ਨੂੰ ਲਾਹੌਰ ਤੋਂ ਤਾਂਗੇ ਰਾਹੀਂ ਘਰ ਜਾਂਦਿਆਂ ਫੜ ਲਿਆ ਗਿਆ। ਉਸ ਨੂੰ ਅਕਤੂਬਰ 1926 ਵਿਚ ਦੁਸਹਿਰੇ ਮੌਕੇ ਚੱਲੇ ਇਕ ਬੰਬ ਕੇਸ ਅਤੇ ਦੂਜਾ ਕਾਕੋਰੀ ਡਾਕੇ ਦੇ ਕੇਸ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਗਈ। ਉਸ ਨੂੰ 15 ਦਿਨ ਲਾਹੌਰ ਦੇ ਕਿਲ੍ਹੇ 'ਚ ਰੱਖ ਕੇ ਭਾਰੀ ਤਸ਼ੱਦਦ ਕੀਤਾ ਗਿਆ। ਪਰ ਕੁਝ ਵੀ ਹੱਥ ਪੱਲੇ ਨਾ ਪੈਣ ਮਗਰੋਂ ਬੋਰਸਟਲ ਜੇਲ੍ਹ ਭੇਜ ਦਿਤਾ। ਬਾਦ ਵਿੱਚ ਹਾਈਕੋਰਟ ਵੱਲੋਂ 60000 ਦੀ ਜਮਾਨਤ ਤੇ ਰਿਹਾ ਕਰ ਦਿੱਤਾ। ਪਿਤਾ ਜੀ ਬੇਸ਼ੱਕ ਆਪ ਸੁਤੰਤਰਤਾ ਸੰਗਰਾਮੀ ਸਨ ਪਰ ਉਹ ਚਾਹੁੰਦੇ ਸਨ ਪੁੱਤਰ ਹਿੰਸਕ ਕਾਰਵਾਈਆਂ 'ਚ ਨਾ ਪਵੇ। ਉਹਨਾ ਨੇ ਭਗਤ ਸਿੰਘ ਦਾ ਧਿਆਨ ਘਰੇਲੂ ਕੰਮ 'ਚ ਲਾਉਣ  ਲਈ ਲਾਹੌਰ ਦੇ ਬਿਲਕੁੱਲ ਨੇੜੇ ਪਿੰਡ ਖੁਆਸਰੀਆਂ ਵਿਚ ਇਕ ਡੈਅਰੀ ਫਾਰਮ ਖੋਲ੍ਹ ਦਿੱਤਾ। ਜਿੱਥੇ ਉਹ ਜੀ ਲਾ ਕੇ ਕੰਮ ਕਰਦਾ ਰਿਹਾ ਪਰ ਦਿਨ ਢਲੇ ਹੀ ਉਸਦੇ ਦੋਸਤ ਆ ਕੇ ਮੀਟਿੰਗਾਂ ਸ਼ੁਰੂ ਕਰ ਦਿੰਦੇ। ਬਾਅਦ ਵਿੱਚ ਜਮਾਨਤ ਟੁੱਟਣ 'ਤੇ ਉਸ ਨੇ ਆਪਣੀਆਂ ਕਾਰਵਾਈਆਂ ਖੁੱਲ੍ਹ ਕੇ ਕਰਨੀਆਂ ਸ਼ੁਰੂ ਕਰ ਦਿਤੀਆਂ। ਕਾਕੋਰੀ ਕਾਂਡ ਤੋਂ ਬਾਅਦ ਹਿੰਦੁਸਤਾਨ ਰਿਪਬਲਿਕਨ ਐਸ਼ੋਸੀਏਸ਼ਨ ਨੂੰ ਮਜਬੂਤ ਕਰਨ ਲਈ 8 ਸਤੰਬਰ1928 ਨੂੰ ਫਿਰੋਜ਼ਸ਼ਾਹ ਕੋਟਲਾ ਦੇ ਪੁਰਾਣੇ ਕਿਲ੍ਹੇ 'ਚ ਸੁਖਦੇਵ, ਸ਼ਿਵ ਵਰਮਾ, ਭਗਤ ਸਿੰਘ, ਵਿਜੇ ਕੁਮਾਰ ਸਿਨਹਾ 'ਤੇ ਸਾਥੀਆਂ ਨੇ ਲੰਬੀ ਕਸ਼ਮਕਸ਼ ਤੋਂ ਬਾਦ ਪਾਰਟੀ ਦਾ ਪੁਨਰਗਠਨ ਕਰਨ ਦਾ ਫੈਸਲਾ ਕੀਤਾ। ਪਾਰਟੀ ਦਾ ਨਵਾਂ ਨਾਂ 'ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸ਼ੋਸੀਏਸ਼ਨ' ਕਰ ਦਿੱਤਾ ਇਸ ਦਾ ਮੁਖੀ ਚੰਦਰ ਸੇਖਰ ਆਜਾਦ ਨੂੰ  ਨਿਯੁਕਤ ਕਰ ਲਿਆ, ਭਗਤ ਸਿੰਘ ਦੀ ਡਿਊਟੀ ਸਾਰੇ ਸੂਬਿਆਂ ਚ ਤਾਲਮੇਲ ਰੱਖਣ ਦੀ ਲਾਈ ਗਈ। ਇਸ ਔਖੇ ਕੰਮ ਲਈ ਉਸ ਨੇ ਫਿਰੋਜ਼ਪੁਰ 'ਚ 15 ਸਤੰਬਰ 1928 ਨੂੰ ਕੇਸ ਕਟਾ ਕੇ ਹੁਲੀਆ ਬਦਲ ਲਿਆ। ਇੱਥੋਂ ਉਹ ਦਿੱਲੀ, ਕਾਨਪੁਰ, ਕਲਕੱਤਾ ਅਤੇ ਆਗਰੇ ਚਲਾ ਗਿਆ। ਭਾਰਤ ਵਿਚ ਲੋਕਰਾਜੀ ਰਾਜ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਸਬੰਧੀ ਹੋਰ ਸੁਧਾਰ ਕਰਨ ਹਿੱਤ ਇਕ ਕਮਿਸ਼ਨ ਬਣਾਇਆ ਜਾਣਾ ਸੀ। ਸਰਕਾਰ ਨੇ ਸਰ ਜੋਹਨ ਸਾਈਮਨ ਦੀ ਪ੍ਰਧਾਨਗੀ 'ਚ ਇਹ ਕਮਿਸ਼ਨ ਸਮੇਂ ਤੋਂ ਪਹਿਲਾਂ ਹੀ ਬਣਾ ਦਿੱਤਾ, ਜਿਸ ਦੇ ਸਾਰੇ ਦੇ ਸਾਰੇ ਮੈਂਬਰ ਅੰਗਰੇਜ ਸਨ। ਇਸ ਲਈ ਪੂਰੇ ਭਾਰਤ ਵਿੱਚ ਇਸ ਦਾ ਵਿਰੋਧ ਹੋਇਆ। ਸਾਇਮਨ ਕਮਿਸ਼ਨ ਜਦ 30 ਅਕਤੂਬਰ ਨੂੰ ਲਾਹੌਰ ਰੇਲਵੇ ਸਟੇਸ਼ਨ ਤੇ ਪਹੁੰਚਿਆ ਤਾਂ ਲਾਲਾ ਲਾਜਪਤ ਰਾਏ ਦੀ ਅਗਵਾਈ ਵਿਚ ਕਿਸ਼ਨ ਸਿੰਘ, ਭਗਤ ਸਿੰਘ ਅਤੇ ਨੌਜਵਾਨ ਭਾਰਤ ਸਭਾ ਦੇ ਕਾਰਕੁੰਨਾਂ ਨੇ ਵੱਡਾ ਇਕੱਠ ਕਰਕੇ ਜੋਰਦਾਰ ਵਿਰੋਧ ਕੀਤਾ। 'ਸਾਇਮਨ ਕਮਿਸ਼ਨ ਗੋ ਬੈਕ' ਦੇ ਨਾਅਰਿਆਂ ਨਾਲ ਆਸਮਾਨ ਗੂੰਜ ਰਿਹਾ ਸੀ। ਐਸ ਪੀ ਸਕਾਟ ਦੇ ਹੁਕਮ ਨਾਲ ਸਾਂਡਰਸ ਨੇ ਵਿਖਾਵਾਕਾਰੀਆਂ ਤੇ ਲਾਠੀਚਾਰਜ ਕਰ ਦਿੱਤਾ। ਸਭ ਤੋਂ ਮਾੜੀ ਗੱਲ ਇਹ ਹੋਈ ਕਿ ਸਾਂਡਰਸ ਨੇ ਖੁਦ ਲਾਲਾ ਲਾਜਪਤ ਰਾਏ ਦੇ ਲਾਠੀਆਂ ਮਾਰੀਆਂ ਜਿਸ ਕਾਰਣ ਉਹ ਧਰਤੀ ਡਿੱਗ ਪਏ। ਬਾਅਦ ਵਿੱਚ ਜਖਮੀ ਹਾਲਤ ਵਿੱਚ ਲਾਲਾ ਜੀ ਨੇ ਕਿਹਾ ਸੀ ਕਿ 'ਮੇਰੇ ਜਿਸਮ ਤੇ ਵੱਜੀ ਇਕ ਇਕ ਲਾਠੀ ਫਰੰਗੀਆਂ ਦੀ ਹਕੂਮਤ ਦੇ ਕਫਨ 'ਚ ਕਿੱਲ ਸਾਬਤ ਹੋਵੇਗੀ' 17 ਨਵੰਬਰ ਨੂੰ ਲਾਲਾ ਲਾਜਪਤ ਰਾਏ ਜੀ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਜਿਸ ਦਾ ਦੁੱਖ ਦੇਸ਼ ਭਰ  ਮਨਾਇਆ ਗਿਆ। ਥੋੜੇ ਦਿਨਾਂ ਬਾਅਦ 13 ਦਸੰਬਰ ਨੂੰ ਨੌਜਵਾਨ ਭਾਰਤ ਸਭਾ ਦੀ ਮੀਟਿੰਗ ਹੋਈ ਜਿਸ  ਵਿੱਚ ਭਗਤ ਸਿੰਘ, ਚੰਦਰ ਸ਼ੇਖਰ, ਰਾਜ ਗੁਰੂ, ਸਖਦੇਵ ਅਤੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦਾ ਫੈਸਲਾ ਕੀਤਾ। 17 ਦਸੰਬਰ ਨੂੰ ਦੁਪਹਿਰੇ ਜੈ ਗੋਪਾਲ ਨੂੰ  ਲੱਗਿਆ ਕਿ ਸਕਾਟ ਆ ਰਿਹਾ ਹੈ। ਉਸਨੇ ਭਗਤ ਸਿੰਘ ਨੂੰ ਇਸ਼ਾਰਾ ਕਰ ਦਿੱਤਾ ਜਿਉਂ ਹੀ ਸਕਾਟ ਦੀ ਥਾਂ ਸਾਂਡਰਸ ਨੇੜੇ ਆਇਆ ਰਾਜਗੁਰੂ ਨੇ ਘੇਰ ਕੇ ਗੋਲੀ ਮਾਰ ਦਿੱਤੀ ਮਗਰੇ ਭਗਤ ਸਿੰਘ ਨੇ ਉਸ ਨੂੰ ਗੋਲੀਆਂ ਮਾਰ ਕੇ ਥਾਂਏ ਢੇਰੀ ਕਰ ਦਿੱਤਾ। ਉਹ ਉੱਥੋਂ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਉਂਦੇ ਨਿਕਲ ਗਏ। ਪਰ ਹੌਲਦਾਰ ਚੰਣਨ ਸਿੰਘ ਉਹਨਾ ਪਿੱਛਾ ਕਰਨੋਂ ਨਾ ਹਟਿਆ ਤਾਂ ਚੰਦਰ ਸੇਖਰ ਆਜਾਦ ਨੇ ਉਸ ਦੇ ਪੱਟ 'ਚ ਗੋਲੀ ਮਾਰ ਦਿੱਤੀ ਜੋ ਕੇ ਬਾਦ ਵਿੱਚ ਮਾਰਿਆ ਗਿਆ। ਉਹ ਜਾਣ ਲੱਗੇ ਪਿੱਛੇ 'ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਸੈਨਾ' ਵੱਲੋਂ  ਨੋਟਿਸ "ਨੌਕਰਸ਼ਾਹੀ ਸਾਵਧਾਨ" ਛੱਡ ਗਏ। ਪੁਲਿਸ ਕਾਤਲਾਂ ਨੂੰ ਥਾਂ ਥਾਂ ਭਾਲਦੀ  ਰਹੀ ਪਰ ਕੁਝ ਪਤਾ ਨਾ ਲੱਗਿਆ। ਇਸ ਦੌਰਾਨ 20 ਦਸੰਬਰ ਨੂੰ ਭਗਤ ਸਿੰਘ ਭੇਸ ਵਟਾ ਕੇ ਦੁਰਗਾ ਭਾਬੀ ਦੇ ਬੱਚੇ ਸਮੇਤ ਇੱਕ ਨੌਜਵਾਨ ਜੋੜੇ ਦੇ ਰੂਪ ਵਿੱਚ ਅਤੇ ਰਾਜ ਗੁਰੂ ਉਹਨਾ ਦਾ ਸੇਵਾਦਾਰ ਬਣ ਕੇ ਲਾਹੌਰ ਤੋਂ ਕੱਲਕੱਤੇ ਚਲ ਪਏ।ਉਸੇ ਗੱਡੀ 'ਚ ਚੰਦਰ ਸੇਖਰ ਵੀ ਸਾਧੂ ਬਣਕੇ ਸਾਧਾਂ ਦੀ ਮੰਡਲੀ ਸੰਗ ਸਫਰ ਕਰਦਾ ਰਿਹਾ।ਕੱਲਕੱਤੇ ਪਹੁੰਚ ਕੇ ਵੀ ਉਹਨਾ ਨੇ ਆਪਣੀਆਂ ਕ੍ਰਾਂਤੀਕਾਰੀ ਕਾਰਵਾਈਆਂ ਜਾਰੀ ਰੱਖੀਆਂ। ਅਪ੍ਰੈਲ 1929 ਵਿਚ ਸਰਕਾਰ ਨੇ ਲੋਕ ਵਿਰੋਧੀ ਦੋ ਬਿੱਲ ਪਬਲਿਕ ਸੇਫਟੀ ਅਤੇ ਟਰੇਡ ਡਿਸਪਿਊਟਸ ਲੈ ਆਂਦੇ। ਇਹਨਾਂ ਬਿੱਲਾਂ ਨੂੰ ਚੁਣੇ ਹੋਏ ਨੁਮਾਇੰਦਿਆਂ ਨੇ ਰੱਦ ਕਰ ਦਿੱਤਾ ਸੀ ਪਰ ਵਾਇਸਰਾਏ ਆਪਣੀ ਤਾਕਤ ਦੀ ਗਲਤ ਵਰਤੋਂ ਕਰਕੇ ਇਹਨਾ ਬਿੱਲਾਂ ਨੂੰ ਕਾਨੂੰਨੀ ਰੂਪ ਦੇਣ ਜਾ ਰਿਹਾ ਸੀ। ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਸੈਨਾ ਨੇ ਇਸ ਦਾ ਵਿਰੋਧ ਕੀਤਾ। ਇਸ ਲਈ ਕ੍ਰਾਂਤੀਕਾਰੀਆਂ ਨੇ ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਦੀ ਡਿਊਟੀ ਕੇਂਦਰੀ ਐਸੰਬਲੀ 'ਚ ਬੰਬ ਸੁੱਟਣ ਦੀ ਲਾ ਦਿੱਤੀ। ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਨੇ ਆਪਣਾ ਫਰਜ਼ 8 ਅਪ੍ਰੈਲ 1929 ਨੂੰ ਅਸੰਬਲੀ 'ਚ ਬੰਬ ਸੁੱਟ ਕੇ ਬਾਖੂਬੀ ਅੰਜਾਮ  ਦਿੱਤਾ। ਇਨਕਲਾਬ ਜਿੰਦਾਬਾਦ ਦੇ ਨਾਅਰਿਆਂ ਨਾਲ ਐਸੰਬਲੀ ਹਾਲ ਗੂੰਜਣ ਲਗ ਗਿਆ। ਉੱਥੇ ਪਰਚੇ ਵੀ ਸੱਟੇ ਗਏ ਜਿਹਨਾਂ 'ਤੇ ਲਿਖਿਆ ਗਿਆ ਸੀ 'ਬੰਬ ਬੋਲੀ ਹਕੂਮਤ ਦੇ ਕੰਨਾਂ ਤੱਕ ਆਪਣੀ ਆਵਾਜ ਪਹੁੰਚਾਉਣ ਲਈ ਸੱਟੇ ਗਏ ਹਨ, ਕਿਸੇ ਨੂੰ ਮਾਰਨ ਜਾ ਨੁਕਸਾਨ ਪਹੁੰਚਾਉਣ ਲਈ ਨਹੀਂ "ਇਨਕਲਾਬ ਜਿੰਦਾਬਾਦ, ਸਾਮਰਾਜਵਾਦ

ਮੁਰਦਾਬਾਦ" ਦੇ ਨਾਅਰੇ ਲਾਉਂਦੇ ਹੋਇਆਂ ਉਹਨਾਂ ਆਪਣੀ ਗ੍ਰਿਫਤਾਰੀ ਦੇ ਦਿੱਤੀ। ਸਰਕਾਰ ਨੇ ਜਲਦੀ ਹੀ ਹੋਰ ਬਹੁਤ ਸਾਰੇ ਕ੍ਰਾਂਤੀਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ। ਇਸ ਕੇਸ ਵਿਚ ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਨੂੰ ਉਮਰ ਕੈਦ ਦੀ ਸਜਾ ਸੁਣਾਉਣ ਉਪਰੰਤ ਵੱਖੋ-ਵੱਖ ਜੇਲਾਂ 'ਚ ਭੇਜ ਦਿੱਤਾ ਪਰ ਵਿਛੜਨ ਤੋਂ ਪਹਿਲਾਂ ਭਗਤ ਸਿੰਘ ਨੇ ਬੁਟਕੇਸ਼ਵਰ ਦੱਤ ਨਾਲ ਜੇਲ੍ਹਾਂ ਦੇ ਸੁਧਾਰ ਲਈ 15 ਜੂਨ ਤੋਂ ਭੁੱਖ ਹੜਤਾਲ ਸ਼ੁਰੂ ਕਰਨ ਦੀ ਯੋਜਨਾ ਸਾਂਝੀ ਕਰ ਲਈ ਸੀ ਕਿਉਂਕਿ ਉਹਨਾ ਨੂੰ ਕ੍ਰਾਂਤੀਕਾਰੀਆਂ ਨਾਲ ਜੇਲ੍ਹਾਂ ਚ ਹੁੰਦੇ ਬੁਰੇ ਵਿਹਾਰ ਬਾਰੇ ਪਹਿਲਾਂ ਹੀ ਪਤਾ ਸੀ।ਮੀਆਂਵਾਲੀ ਜੇਲ੍ਹ 'ਚ ਭਗਤ ਸਿੰਘ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ ਇਸ ਦੇ ਨਾਲ ਦੂਜੇ ਭਾਰਤੀ ਕੈਦੀ ਜੋ ਬੁਰੇ ਵਿਹਾਰ ਦਾ ਸ਼ਿਕਾਰ ਹੋ ਰਹੇ ਸਨ, ਵੀ ਭੁੱਖ ਹੜਤਾਲ 'ਚ ਸ਼ਾਮਿਲ ਹੋ ਗਏ। ਜਦੋਂ ਭਗਤ ਸਿੰਘ ਹੁਰਾਂ ਤੇ ਐਸੰਬਲੀ ਬੰਬ ਧਮਾਕੇ ਦਾ ਕੇਸ ਚੱਲ ਰਿਹਾ ਸੀ, ਹਕੂਮਤ ਨੇ ਉਸ ਦੇ ਬਾਕੀ ਸਾਥੀ ਸੁਖਦੇਵ ਤੇ ਜੈ ਗੋਪਾਲ ਹੁਰੀਂ ਵੀ ਗ੍ਰਿਫਤਾਰ ਕਰ ਲਏ ਸਨ। ਇਸ ਦੌਰਾਨ ਕੁਝ ਗਦਾਰਾਂ ਕਾਰਣ ਲਾਹੌਰ ਸਾਂਡਰਸ ਕਤਲ ਕੇਸ ਦੀ ਵੀ ਪੂਰੀ ਜਾਣਕਾਰੀ ਪੁਲਸ ਹੱਥ  ਲੱਗ ਗਈ। ਲਾਹੌਰ ਸਾਜਿਸ਼ ਕੇਸ ਤਿਆਰ ਕਰ ਲਿਆ ਗਿਆ ਸੀ। ਭਗਤ ਸਿੰਘ ਨੂੰ ਇਸ ਕੇਸ ਵਿਚ ਮੁੱਖ ਦੋਸ਼ੀ ਵਜੋਂ ਨਾਮਜ਼ਦ ਕਰਕੇ ਮੀਆਂਵਾਲੀ ਜੇਲ੍ਹ ਤੋਂ ਲਾਹੌਰ ਜੇਲ੍ਹ ਤਬਦੀਲ ਕਰ ਦਿੱਤਾ ਗਿਆ ਸੀ। 10 ਜੁਲਾਈ 1929 ਨੂੰ ਜਦੋਂ ਮੁਕੱਦਮਾ ਸ਼ੁਰੂ ਹੋਇਆ ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਦੀ ਭੁੱਖ ਹੜਤਾਲ ਕਾਰਨ ਹਾਲਤ ਐਨੀ ਨਾਜ਼ੁਕ ਹੋ ਗਈ ਸੀ ਕਿ ਉਹਨਾ ਨੂੰ ਸਟਰੇਚਰਾਂ ਤੇ ਪਾ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਸ ਨੂੰ ਦੇਖ ਲੋਕਾਂ ਵਿੱਚ ਹਾਹਾਕਾਰ ਮੱਚ ਗਈ। ਇਸ ਦੌਰਾਨ ਜਤਿਨ ਦਾਸ ਨਾਮ ਦਾ ਇਕ ਕ੍ਰਾਂਤੀਕਾਰੀ ਭੁੱਖ ਹੜਤਾਲ ਕਾਰਨ ਹਾਲਤ ਜਿਆਦਾ ਵਿਗੜਨ ਤੇ ਸ਼ਹੀਦ ਹੋ ਗਿਆ। ਉਸਦੀ ਸ਼ਹੀਦੀ ਨੇ ਪੂਰੇ ਦੇਸ਼ ਦੇ ਲੋਕਾਂ ਵਿੱਚ ਹਕੂਮਤ ਪ੍ਰਤੀ ਬੇਹੱਦ ਰੋਸ ਭਰ ਦਿੱਤਾ। ਆਖਰ ਆਲ ਇੰਡੀਆ ਕਾਂਗਰਸ ਦੇ ਫੈਸਲੇ ਅਤੇ ਸ੍ਰ. ਕਿਸ਼ਨ ਸਿੰਘ ਦੇ ਕਹਿਣ 'ਤੇ 116 ਵੇਂ ਦਿਨ ਭੁੱਖ ਹੜਤਾਲ ਇਸ ਸ਼ਰਤ ਤੇ ਵਾਪਸ ਲੈ ਲਈ ਕਿ ਸਰਕਾਰ ਕੈਦੀਆਂ ਪ੍ਰਤੀ ਵਿਹਾਰ ਚ ਸੁਧਾਰ ਕਰੇਗੀ। ਮੁਕੱਦਮੇ ਦੌਰਾਨ ਭਗਤ ਸਿੰਘ ਤੇ ਸਾਥੀ ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ ਦੇ ਨਾਅਰੇ ਮਾਰਦੇ ਅਤੇ ਅਦਾਲਤ ਨੂੰ ਵੀ ਆਪਣੀ ਵਿਚਾਰਧਾਰਾ ਫੈਲਾਉਣ ਦਾ ਜ਼ਰੀਆ ਹੀ ਬਣਾ ਲੈਂਦੇ ਸਨ। ਹਕੂਮਤ ਨੇ ਆਖਰ ਸਪੈਸ਼ਲ ਟ੍ਰਿਬਿਊਨਲ ਬਣਾ ਕੇ ਕੇਸ ਦਾ ਜਲਦੀ ਨਿਪਟਾਰਾ ਕਰਨ ਦੀ ਸੋਚੀ। ਉੱਥੇ ਵੀ ਭਗਤ ਸਿੰਘ ਤੇ ਸਾਥੀ ਜੱਜਾਂ ਦੀ ਬਹੁਤੀ ਪ੍ਰਵਾਹ ਨਹੀਂ ਕਰਦੇ ਸੀ ਨਾਅਰੇ ਲਾਉਂਦੇ ਰਹਿੰਦੇ, ਕੋਈ ਡਰ ਭੈਅ ਉਹਨਾ ਦੇ ਨੇੜੇ ਨਹੀਂ ਸੀ। ਅੰਤ ਟ੍ਰਿਬਿਊਨਲ ਨੇ ਉਹਨਾ ਦੀ ਗੈਰ ਹਾਜ਼ਰੀ 'ਚ ਪੰਜ ਵਾਅਦਾ ਮਾਫ ਗਵਾਹਾਂ ਜੈ ਗੋਪਾਲ, ਹੰਸਰਾਜ ਵੋਹਰਾ, ਫਨਿੰਦਰ ਨਾਥ ਘੋਸ਼, ਮਨਮੋਹਨ ਮੁਕਰਜੀ ਅਤੇ ਲਲਿਤ ਕੁਮਾਰ ਮੁਕਰਜੀ ਦੀਆਂ ਗਵਾਹੀਆਂ ਸਹਾਰੇ ਕੇਸ ਦੀ ਕਾਰਵਾਈ ਮੁਕੰਮਲ ਕਰ ਲਈ। ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਨੂੰ ਫਾਂਸੀ ਅਤੇ ਬਾਕੀ ਸਾਥੀਆਂ ਨੂੰ ਵੱਖੋ-ਵੱਖ ਸਜਾਵਾਂ ਦਾ ਫੈਸਲਾ ਸੁਣਾ ਦਿੱਤਾ। ਇੰਗਲੈਂਡ ਦੀ ਪ੍ਰੀਵੀ ਕੌਂਸਲ ਵਿਚ ਲੋਕ ਹਿੱਤੂ ਵਕੀਲਾਂ ਨੇ ਫੈਸਲੇ ਦੇ ਖਿਲਾਫ ਅਨੇਕਾਂ ਅਪੀਲਾਂ ਪਾਈਆਂ ਪਰ ਸਭ ਰੱਦ ਕਰ ਦਿੱਤੀਆਂ ਗਈਆਂ। ਪਰਿਵਾਰ ਨਾਲ ਆਖਰੀ ਮੁਲਾਕਾਤ ਦੌਰਾਨ ਭਗਤ ਸਿੰਘ ਨੇ ਆਪਣੀ ਮਾਤਾ ਨੂੰ ਕਿਹਾ "ਮੇਰੀ ਲਾਸ਼ ਲੈਣ ਤੁਸੀਂ ਨਈਂ ਆਉਣਾ, ਕੁਲਵੀਰ ਨੂੰ ਭੇਜ ਦੇਣਾ ਕਿਉਂ ਕਿ ਜੇ ਤੁਸੀਂ ਰੋ ਪਏ ਤਾਂ ਲੋਕਾਂ ਕਹਿਣਾ ਸ਼ਹੀਦ ਦੀ ਮਾਂ ਰੋ ਪਈ "ਇਸ ਗੱਲ ਤੋਂ ਉਸ ਦੇ ਹੌਸਲੇ, ਦਲੇਰੀ, ਉੱਚੀ ਸੁੱਚੀ ਸੋਚ ਤੇ ਪ੍ਰਪੱਕ ਵਿਚਾਰਧਾਰ ਦਾ ਪਤਾ ਲਗਦਾ ਹੈ। ਫਾਂਸੀ ਤੋਂ ਕੁਝ ਪਹਿਲਾਂ ਉਸ ਨੇ ਚਾਚੇ ਅਜੀਤ ਸਿੰਘ ਨੂੰ ਮਿਲਣ ਦੀ ਖਾਹਿਸ਼ ਵੀ ਪ੍ਰਗਟ ਕੀਤੀ ਸੀ, ਜੋ ਪੂਰੀ ਨਾ ਹੋ ਸਕੀ।ਉਸਨੇ ਪੰਜਾਬ ਦੇ ਗਵਰਨਰ ਦੇ ਨਾਂ ਚਿੱਠੀ ਲਿਖ ਕੇ ਆਪਣੇ ਤੇ ਸਾਥੀਆਂ ਲਈ, ਫਾਂਸੀ ਦੀ ਥਾਂ ਗੋਲੀ ਮਾਰ ਕੇ ਮਾਰਨ ਦੀ ਮੰਗ ਵੀ ਰੱਖੀ ਸੀ ਕਿਉਂਕਿ ਉਹ ਖੁਦ ਨੂੰ ਜੰਗੀ ਕੈਦੀ ਸਮਝਦੇ ਸਨ। ਜੇਲ ਦੇ ਦਿਨਾਂ ਵਿੱਚ ਇਕ ਰਣਧੀਰ ਸਿੰਘ ਨਾਮ ਦੇ ਗੁਰ ਸਿੱਖ ਨਾਲ ਉਹ ਕੁਝ ਸਮਾਂ ਰਿਹਾ ਪਰ ਭਗਤ ਸਿੰਘ ਉਸ ਤੋਂ ਪ੍ਰਭਾਵਿਤ ਨਾ ਹੋਇਆ। ਭਗਤ ਸਿੰਘ ਨੇ ਇਕ ਲੇਖ "ਮੈਂ ਨਾਸਤਿਕ ਕਿਉਂ ਹਾਂ" ਰਣਧੀਰ ਸਿੰਘ ਨੂੰ ਸ਼ੰਕਾ ਨਵਿਰਤ ਕਰਨ ਹਿੱਤ ਵੀ ਲਿਖਿਆ ਸੀ। ਅਖੀਰ ਫਾਂਸੀ ਵਾਲੇ ਦਿਨ ਜੇਲ ਦਾ ਵਾਰਡਨ ਚਤਰ ਸਿੰਘ ਜੋ ਕਿ ਨੇਕ ਦਿਲ ਬੰਦਾ ਸੀ, ਭਗਤ ਸਿੰਘ ਕੋਲ ਆ ਕੇ ਕਹਿਣ ਲੱਗਾ "ਪੁੱਤਰਾ ਹੁਣ ਤਾਂ ਤੇਰੇ ਜੀਵਨ ਦੇ ਆਖਰੀ ਪਲ ਹਨ, ਇਹ ਲੈ ਗੁਟਕਾ ਰੱਬ ਦਾ ਨਾਮ ਲੈ ਲੈ 'ਭਗਤ ਸਿੰਘ ਹੱਸ ਕੇ ਕਹਿੰਦਾ ਬਜ਼ੁਰਗਾ ਮੈਨੂੰ ਤੇਰੀ ਖਾਹਿਸ਼ ਪੂਰੀ ਕਰਨ 'ਚ ਕੋਈ ਦਿੱਕਤ ਨਈਂ ਪਰ ਈਸ਼ਵਰ ਨੇ ਕਹਿਣਾ 'ਮੈਂ ਮੌਤ ਤੋਂ ਡਰਦਾ ਉਸ ਨੂੰ ਯਾਦ ਕਰਨ ਲੱਗਾ ਹਾਂ ਕਿੰਨਾ ਬੁਜਦਿਲ ਤੇ ਮਤਲਬੀ ਹਾਂ 'ਇਸ ਤਰਾਂ ਉਸਦੀ ਗੱਲ ਹਾਸੇ 'ਚ ਪਾ ਕੇ ਟਾਲ ਦਿੱਤੀ। ਆਖਰ ਤੱਕ ਉਹ ਲੈਨਿਨ ਦੀ ਜੀਵਨੀ ਪੜ੍ਹਦਾ ਰਿਹਾ। ਆਖਰ 23 ਮਾਰਚ 1931 ਨੂੰ ਤਿੰਨੇ ਸਾਥੀ "ਮੇਰਾ ਰੰਗ ਦੇ ਬਸੰਤੀ ਚੋਲਾ" ਗੀਤ ਗਾਉਂਦੇ ਹੋਏ ਫਾਂਸੀ ਦੇ ਫੱਟੇ ਵੱਲ ਵਧਦੇ ਗਏ। ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਉਂਦੇ ਹੱਸ ਕੇ ਫਾਂਸੀ ਦੇ ਰੱਸੇ ਚੁੰਮ ਗਏ।

  ਅਮਰਜੀਤ ਸਿੰਘ ਜੀਤ

 +919417287122

ਸੇਵਾ  (ਮਿੰਨੀ ਕਹਾਣੀ  ) ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ

" ਗੁਰਚਰਨ ਭੈਣ ਜੀ,ਚੱਲੇ ਵੀ ਓ, ਅਜੇ ਤਾਂ ਤੁਹਾਨੂੰ ਆਇਆਂ ਨੂੰ ਘੰਟਾਂ ਵੀ ਨਹੀਂ ਹੋਇਆ,ਥੋੜੀ ਜਿਹੀ ਸੇਵਾ ਹੋਰ ਕਰ ਲੈਂਦੇ ਲੰਗਰ ਦੀ...." ਗੁਰੂਦੁਆਰੇ ਸੇਵਾ ਕਰਦਿਆਂ ਗੁਰਚਰਨ ਨੂੰ ਉੱਠਦਿਆਂ  ਵੇਖ ਸਿਮਰਨ ਹੈਰਾਨੀ 'ਚ ਬੋਲੀ।

      " ਬੱਸ- ਬੱਸ ਸਿਮਰਨ, ਦੁਪਹਿਰ ਦਾ ਸਮਾਂ ਹੋ ਚੱਲਿਆ। ਮੇਰਾ ਸਹੁਰਾ ਰੋਟੀ ਖਾਣ ਲਈ ਆਉਣ ਵਾਲਾ ਹੀ ਹੈ  ਤੇ ਅੱਜ ਮੇਰੀ ਸੱਸ ਵੀ ਢਿੱਲੀ ਹੀ ਹੈ।" ਉਹ ਕਾਹਲੀ ਨਾਲ ਉੱਠਦੀ ਹੋਈ ਬੋਲੀ।

      " ਲੈ ਭੈਣ ਜੀ, ਤੁਸੀਂ ਵੀ ਕਮਾਲ ਪਏ ਕਰਦੇ ਓ..... ਭਲਾ ਇੱਥੋਂ ਦਾ ਕੰਮ ਜ਼ਿਆਦਾ ਜ਼ਰੂਰੀ ਐ ਕਿ ਘਰ ਦਾ, ਤੁਸੀਂ ਬੀਬੀਆਂ ਵੀ ਗੁਰਦੁਆਰੇ ਆ ਤਾਂ ਜਾਂਦੀਆਂ ਓ,ਪਰ ਮਨ ਤੋਂ ਨਹੀਂ...... ਮਨ ਤਾਂ ਤੁਹਾਡਾ ਘਰ ਦੇ ਮੋਹ 'ਚ ਫਸਿਆ ਰਹਿਦੈ...... ਕੀ ਫਾਇਦਾ ਇਹੋ ਜਿਹੀ ਸੇਵਾ ਦਾ, ਜੇ ਮਨ ਜੰਜਾਲਾਂ' 'ਚ ਹੀ ਫਸਿਆ ਰਿਹਾ ਤਾਂ।" 

       " ਸਿਮਰਨ ਭੈਣ.... ਉਹ ਤਾਂ ਠੀਕ ਐ, ਪਰ ਜੇ ਮੈਂ ਏਥੇ ਬੈਠੀ ਲੰਗਰ ਬਣਾਉਦੀ ਰਹੀ ਤੇ ਓਧਰ ਮੇਰੇ  ਸੱਸ- ਸਹੁਰਾ ਰੋਟੀ ਪਿੱਛੇ ਤੜਫਦੇ ਰਹੇ ਤਾਂ ਕੀ ਫਾਇਦਾ ਮੇਰੀ ਇਹੋ ਜਿਹੀ ਸੇਵਾ ਦਾ, ਜਿਹੜੀ ਮੈਂ ਉਹਨਾਂ ਦੀ ਦੁਰ- ਆਸੀਸ ਲੈ ਕੇ ਕਰਾਂ। ਸਾਡਾ ਧਰਮ ਵੀ ਤਾਂ ਇਹੋ ਸਿਖਾਉਂਦਾ ਏ ਕਿ ਸਭ ਤੋਂ ਵੱਡੀ ਸੇਵਾ ਬਜ਼ੁਰਗਾਂ ਦੀ ਸੇਵਾ ਐ। ਤੇ ਮੈਂ  ਉਹ ਕਰਨ ਚੱਲੀ ਆ ਤੇ ਮਗਰੋਂ ਫਿਰ ਆ ਜਾਵਾਂਗੀ।" ਕਹਿੰਦਿਆਂ ਗੁਰਚਰਨ 'ਵਾਹਿਗੁਰੂ- ਵਾਹਿਗੁਰੂ ' ਕਰਦੀ ਛੇਤੀ ਨਾਲ ਬਾਹਰ ਵੱਲ ਹੋ ਤੁਰੀ।

ਲੇਖਿਕਾ ਮਨਪ੍ਰੀਤ ਕੌਰ ਭਾਟੀਆ

 ਐਮ .ਏ, ਬੀ .ਐੱਡ । ਫ਼ਿਰੋਜ਼ਪੁਰ ਸ਼ਹਿਰ ।

   'ਦਸਹਿਰਾ' ਸ਼ਬਦ ਕਿਵੇਂ ਬਣਿਆ? (ਸ਼ਬਦਾਂ ਦੀ ਪਰਵਾਜ਼) ✍️ ਜਸਵੀਰ ਸਿੰਘ ਪਾਬਲਾ

 

                  'ਦਸਹਿਰਾ' ਸ਼ਬਦ ਦੇ ਸ਼ਬਦ-ਜੋੜਾਂ ਬਾਰੇ ਅਕਸਰ ਭੁਲੇਖਾ ਬਣਿਆ ਰਹਿੰਦਾ ਹੈ। ਬਹੁਤ ਘੱਟ ਲੋਕ ਇਸ ਨੂੰ 'ਦਸਹਿਰਾ' ਅਰਥਾਤ ਇਸ ਵਿਚਲੇ 'ਦ' ਅੱਖਰ ਨੂੰ ਮੁਕਤੇ ਦੇ ਤੌਰ 'ਤੇ ਲਿਖਦੇ ਹਨ, ਬਹੁਤੇ 'ਦ' ਨੂੰ ਅੌਂਕੜ ਪਾ ਕੇ  'ਦੁਸਹਿਰਾ' ਹੀ ਲਿਖਦੇ ਹਨ। ਅੱਜ ਤੋਂ ਕਾਫ਼ੀ ਸਮਾਂ ਪਹਿਲਾਂ ਜ਼ਰੂਰ ਇਸ ਨੂੰ 'ਦੁਸਹਿਰਾ' ਲਿਖਿਆ ਜਾਂਦਾ ਸੀ ਪਰ 'ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼' ਛਪਣ ਉਪਰੰਤ ਇਸ ਨੂੰ 'ਦਸਹਿਰਾ' ਲਿਖਣਾ ਹੀ ਇਸ ਦਾ ਸ਼ੁੱਧ ਸ਼ਬਦ-ਰੂਪ ਮੰਨਿਆ ਗਿਆ ਹੈ। ਹਿੰਦੀ ਵਿੱਚ ਵੀ ਇਸ ਨੂੰ ਦਸ਼ਹਿਰਾ' (ਦੱਦਾ ਮੁਕਤਾ) ਹੀ ਲਿਖਿਆ ਜਾਂਦਾ ਹੈ, 'ਦੁਸ਼ਹਿਰਾ' ਨਹੀਂ। ਇਸੇ ਤਰ੍ਹਾਂ ਅੰਗਰੇਜ਼ੀ ਵਾਲ਼ੇ ਵੀ ਇਸ ਨੂੰ ਅੰਗਰੇਜ਼ੀ ਦੇ 'a' ਅੱਖਰ ਨਾਲ਼ ਹੀ ਲਿਖਦੇ  ਹਨ, 'u' ਨਾਲ਼ ਨਹੀਂ।

        ਦਰਅਸਲ 'ਦਸਹਿਰਾ' ਸ਼ਬਦ ਸੰਸਕ੍ਰਿਤ ਮੂਲ ਦਾ ਹੈ ਅਤੇ ਇਹ ਸ਼ਬਦ 'ਦਸ+ਅਹਿਰ' ਸ਼ਬਦਾਂ ਤੋਂ  ਬਣਿਆ ਹੈ। ਇਸ ਵਿਚਲੇ 'ਅਹਿਰ' ਸ਼ਬਦ ਦਾ ਅਰਥ ਹੈ- ਦਿਨ। ਸੋ, 'ਦਸਹਿਰਾ' ਸ਼ਬਦ ਦੇ ਅਰਥ ਹੋਏ- ਦਸਵਾਂ ਦਿਨ (ਕੁਝ ਵਿਸ਼ੇਸ਼ ਪ੍ਰਕਾਰ ਦੀਆਂ ਧਾਰਮਿਕ ਮਰਯਾਦਾਵਾਂ ਨੂੰ ਨਿਭਾਉਣ ਉਪਰੰਤ ਆਇਆ ਦਸਵਾਂ ਦਿਨ ਜਾਂ ਇਹ ਕਹਿ ਲਓ ਕਿ ਕਿਸੇ ਧਾਰਮਿਕ ਪ੍ਰਕਿਰਿਆ ਉਪਰੰਤ ਦਸਵੇਂ ਦਿਨ ਨੂੰ ਮਨਾਇਆ ਜਾਣ ਵਾਲ਼ਾ ਤਿਉਹਾਰ)। ਕੁਝ ਲੋਕ ਇਸ ਸ਼ਬਦ ਦੇ ਅਰਥ 'ਦਸ ਸਿਰਾਂ ਨੂੰ ਹਰਨ ਵਾਲ਼ਾ' ਦੇ ਤੌਰ 'ਤੇ ਵੀ ਕਰਦੇ ਹਨ।

           ਭਾਸ਼ਾ-ਮਾਹਰਾਂ ਅਨੁਸਾਰ ਸੰਸਕ੍ਰਿਤ ਨਾਲ਼ ਸੰਬੰਧਿਤ ਸ਼ਬਦ 'ਅਹਿਰ' ਦੀ ਮੌਜੂਦਗੀ ਸਾਡੀਆਂ ਕੁਝ ਹੋਰ ਦੇਸੀ ਭਾਸ਼ਾਵਾਂ ਦੇ ਸ਼ਬਦਾਂ, ਜਿਵੇਂ: ਸਪਤਾਹ ਅਾਦਿ ਵਿੱਚ ਵੀ ਝਲਕਦੀ ਹੈ। ਉਹਨਾਂ ਅਨੁਸਾਰ ਇਹ ਸ਼ਬਦ ਵੀ 'ਸਪਤ+ਅਹਿਰ' ਸ਼ਬਦਾਂ ਤੋਂ ਹੀ ਬਣਿਆ ਹੈ ਜਿਸ ਦੇ ਅਰਥ ਹਨ- 'ਸੱਤ ਦਿਨਾਂ ਵਾਲ਼ਾ' ਜਾਂ 'ਸਮੇਂ ਦੀ ਉਹ ਇਕਾਈ ਜਿਸ ਵਿੱਚ ਸੱਤ ਦਿਨ ਸ਼ਾਮਲ ਹੋਣ'। ਇਸ ਵਿਚਲੀ 'ਰ' ਧੁਨੀ ਲੋਕ-ਉਚਾਰਨ ਵਿੱਚ ਸੁਖੈਨਤਾ ਦੀ ਖ਼ਾਤਰ ਬਾਅਦ ਵਿੱਚ ਲੁਪਤ ਹੋਈ ਹੈ। ਇਹਨਾਂ ਹੀ ਅਰਥਾਂ ਵਾਲ਼ਾ ਫ਼ਾਰਸੀ ਭਾਸ਼ਾ ਦਾ ਸ਼ਬਦ, 'ਹਫ਼ਤਾ' ਸਾਡੇ ਹੀ ਭਾਸ਼ਾ-ਪਰਿਵਾਰ (ਅਾਰੀਅਨ ਭਾਸ਼ਾ-ਪਰਿਵਾਰ) ਦਾ ਹੋਣ ਕਾਰਨ ਇਸ ਦਾ ਬਹੁਤ ਨਜ਼ਦੀਕੀ ਸ਼ਬਦ ਹੈ। ਇਸ ਭਾਸ਼ਾ ਵਿੱਚ 'ਹਫ਼ਤ' ਸ਼ਬਦ ਦੇ ਅਰਥ ਹਨ- ਸੱਤ। ਇਸੇ ਕਾਰਨ 'ਹਫ਼ਤਾ' ਸ਼ਬਦ ਦੇ ਅਰਥ ਵੀ 'ਸਪਤਾਹ' ਵਾਲ਼ੇ ਹੀ ਹਨ- ਸੱਤ ਦਿਨਾਂ ਦਾ ਸਮੂਹ।

         ਇਸੇ ਪ੍ਰਕਾਰ ਸੰਸਕ੍ਰਿਤ ਮੂਲ ਵਾਲ਼ਾ ਇੱਕ ਹੋਰ ਸ਼ਬਦ ਹੈ-'ਅਹਿਨਿਸ'।   ਇਸ ਦੀ ਵਰਤੋਂ ਗੁਰਬਾਣੀ ਵਿੱਚ ਵੀ ਕਈ ਵਾਰ ਕੀਤੀ ਮਿਲ਼ਦੀ ਹੈ, ਜਿਵੇਂ: "ਸੁ ਕਹੁ ਟਲ ਗੁਰੁ ਸੇਵੀਅੈ ਅਹਿਨਿਸਿ ਸਹਜਿ ਸੁਭਾਇ।। ਦਰਸਨ ਪਰਸਿਅੈ ਗੁਰੂ ਕੈ ਜਨਮ ਮਰਣ ਦੁਖੁ ਜਾਇ।।" ਇਸ ਸ਼ਬਦ (ਅਹਿਨਿਸ) ਦੇ ਅਰਥ ਹਨ- ਦਿਨ-ਰਾਤ। ਇਹ ਸ਼ਬਦ ਵੀ ਭਾਵੇਂ 'ਅਹਿਰ+ਨਿਸ' ਸ਼ਬਦਾਂ ਦੇ ਯੋਗ ਤੋਂ ਹੀ ਬਣਿਆ ਹੈ ਪਰ ਇਸ ਵਿਚਲਾ 'ਰਾਰਾ' ਅੱਖਰ ਵੀ ਅੱਜ ਸਮੇਂ ਦੇ ਗੇੇੜ ਨਾਲ਼ ਇਸ ਵਿੱਚੋਂ ਲੋਪ ਹੋ ਚੁੱਕਿਆ ਹੈ।

ਮੇਰਾ ਅਧਿਐਨ:

      ਉਪਰੋਕਤ ਸ਼ਬਦਾਂ ਤੋਂ ਬਿਨਾਂ ਮੇਰੀ ਜਾਚੇ 'ਪਹਿਰ' (ਪ+ਅਹਿਰ)/ਸੰਸਕ੍ਰਿਤ ਵਿੱਚ 'ਪ੍ਰਹਿਰ' ਸ਼ਬਦ ਵੀ 'ਅਹਿਰ' ਸ਼ਬਦ ਤੋਂ ਹੀ ਬਣੇ ਹਨ। ਫ਼ਾਰਸੀ ਭਾਸ਼ਾ ਵਿੱਚ ਵੀ ਇਹ ਸ਼ਬਦ ਇਹਨਾਂ ਹੀ ਅਰਥਾਂ ਵਿੱਚ 'ਪਹਿਰ' ਦੇ ਤੌਰ 'ਤੇ ਹੀ ਦਰਜ ਹੈ। ਪਹਿਰ/ਪ੍ਰਹਿਰ ਸ਼ਬਦਾਂ ਵਿੱਚ 'ਪ' / 'ਪ੍ਰ' ਧੁਨੀਆਂ ਦੇ ਅਰਥ ਹਨ- ਇੱਕ ਤੋਂ ਵੱਧ ਅਰਥਾਤ ਦੋ, ਦੂਜੇ, ਬਹੁਤੇ ਭਾਗਾਂ ਜਾਂ ਦੂਰ-ਦੂਰ ਤੱਕ ਗਿਆ ਹੋਇਆ ਆਦਿ। ਇਸ ਪ੍ਰਕਾਰ 'ਪਹਿਰ' ਸ਼ਬਦ ਦੇ ਅਰਥ ਹੋਏ - ਇੱਕ ਤੋਂ ਵੱਧ ਭਾਗਾਂ (ਅੱਠ ਪਹਿਰਾਂ) ਵਿੱਚ ਵੰਡੇ ਹੋਏ ਦਿਨ ਦਾ ਇੱਕ ਹਿੱਸਾ ਅਰਥਾਤ ਇੱਕ ਪਹਿਰ। ਬਿਲਕੁਲ ਉਸੇ ਤਰ੍ਹਾਂ ਜਿਵੇਂ: 'ਪ' ਧੁਨੀ ਨਾਲ਼ ਬਣੇ ਤੇ ਇਹਨਾਂ ਹੀ ਅਰਥਾਂ ਵਾਲ਼ੇ 'ਪੱਖ' ਸ਼ਬਦ ਦੇ ਅਰਥ ਹਨ- ਕਿਸੇ ਗੱਲ ਨੂੰ ਸਮਝਣ ਲਈ ਉਸ ਨਾਲ਼ ਸੰਬੰਧਿਤ ਘੱਟੋ-ਘੱਟ ਦੋ ਜਾਂ ਦੋ ਤੋਂ ਵੱਧ ਸੰਦਰਭ ਜਾਂ ਉਹਨਾਂ ਵਿੱਚੋਂ ਇੱਕ ਸੰਦਰਭ। ਇਸੇ ਤਰ੍ਹਾਂ ਪੰਛੀ ਦੇ 'ਪੰਖ' (ਖੰਭ) ਵੀ ਕਿਉਂਕਿ ਇੱਕ ਤੋਂ ਵੱਧ ਅਰਥਾਤ ਦੋ ਹੀ ਹੁੰਦੇ ਹਨ ਜਿਸ ਕਾਰਨ ਇਸ ਸ਼ਬਦ ਦੇ ਅਰਥ ਸਪਸ਼ਟ ਕਰਨ ਲਈ 'ਪੰਖ' ਸ਼ਬਦ ਵਿੱਚ ਵੀ 'ਪ' ਧੁਨੀ ਦਾ ਹੀ ਇਸਤੇਮਾਲ ਕੀਤਾ ਗਿਆ ਹੈ। ਇਸੇ ਕਾਰਨ 'ਪੰਖ' ਸ਼ਬਦ ਦਾ ਸੰਕਲਪ 'ਦੋ ਖੰਭਾਂ' ਤੋਂ ਹੀ ਹੈ। ਜੇਕਰ ਕਿਸੇ ਪੰਛੀ ਦੇ ਦੋ ਵਿੱਚੋਂ ਕਿਸੇ ਇੱਕ ਪੰਖ ਦਾ ਜ਼ਿਕਰ ਕਰਨਾ ਹੋਵੇ ਤਾਂ ਉਸ ਨਾਲ਼ ਸ਼ਬਦ 'ਇੱਕ' (ਜਿਵੇਂ: ਇੱਕ ਪੰਖ) ਜਾਂ ਸੱਜਾ/ਖੱਬਾ ਪੰਖ ਲਿਖਣਾ ਪਵੇਗਾ। ਸ਼ਾਇਦ 'ਪ' ਧੁਨੀ ਦੇ ਉਪਰੋਕਤ ਅਰਥਾਂ ਕਾਰਨ ਹੀ ਫ਼ਾਰਸੀ ਭਾਸ਼ਾ ਵਿੱਚ ਵੀ 'ਪੰਖ' ਸ਼ਬਦ ਦਾ ਨਾਮਕਰਨ 'ਪਰ' (ਖੰਭ) ਦੇ ਤੌਰ 'ਤੇ ਕੀਤਾ ਗਿਆ ਹੈ ਅਤੇ 'ਪਰਾਂ' ਕਾਰਨ ਹੀ ਪੰਛੀ ਨੂੰ ਵੀ 'ਪਰਿੰਦਾ' ਆਖਿਆ ਜਾਂਦਾ ਹੈ।

          ਪਹਿਰ ਤੋਂ ਹੀ ਦੁਪਹਿਰ (ਦੋ+ਪਹਿਰ) ਸ਼ਬਦ ਬਣਿਆ ਹੈ ਜਿਸ ਦੇ ਅਰਥ ਹਨ-  ਉਹ ਸਮਾਂ ਜਦੋਂ ਦਿਨ ਦੇ ਦੋ ਪਹਿਰ ਬੀਤ ਚੁੱਕੇ ਹੋਣ। ਦਿਨ-ਰਾਤ ਦੇ ਕੁੱਲ ਅੱਠ ਪਹਿਰ ਮੰਨੇ ਗਏ ਹਨ ਅਤੇ ਹਰ ਪਹਿਰ ਤਿੰਨ ਘੰਟੇ ਦਾ ਹੈ। ਜ਼ਾਹਰ ਹੈ ਕਿ ਸਮੇਂ ਦੀ ਇਸ ਪ੍ਰਕਾਰ ਦੀ ਵੰਡ ਅਨੁਸਾਰ ਇਹ ਸਮਾਂ ਦਿਨ ਦੇ ਅੱਧ-ਵਿਚਕਾਰ ਅਰਥਾਤ ਜਦੋਂ ਸੂਰਜ ਸਿਖਰ 'ਤੇ ਹੋਵੇਗਾ; ਵਾਲ਼ਾ ਹੀ ਹੋਵੇਗਾ।

         ਕਈ ਨਿਰੁਕਤਕਾਰ 'ਪਹਿਰ' , ਪ੍ਰਹਾਰ (ਸੱਟ ਜਾਂ ਚੋਟ ਮਾਰਨੀ) ਤੇ 'ਪਹਿਰਾ' (ਚੌਕੀਦਾਰੀ ਜਾਂ ਰਖਵਾਲੀ) ਸ਼ਬਦਾਂ ਦੀ ਵਿਉਤਪਤੀ ਦਾ ਸ੍ਰੋਤ ਇੱਕ ਹੀ ਮੰਨਦਿਆਂ, ਇਹਨਾਂ ਸ਼ਬਦਾਂ ਦੇ ਅਰਥਾਂ ਨੂੰ ਧੱਕੇ ਨਾਲ਼ ਹੀ ਰਲ਼ਗੱਡ ਕਰਨ ਦੀ ਕੋਸ਼ਸ਼ ਕਰਦੇ ਹਨ ਜੋਕਿ ਸਹੀ ਨਹੀਂ ਹੈ। ਇਹਨਾਂ ਸ਼ਬਦਾਂ ਦੀ ਵਿਉਤਪਤੀ ਅਲੱਗ-ਅਲੱਗ ਸ੍ਰੋਤਾਂ ਤੋਂ ਹੋਈ ਹੈ। 'ਪਹਿਰਾ' ਸ਼ਬਦ ਦਾ ਅਰਥ ਰਾਖੀ ਜਾਂ ਚੌਕੀਦਾਰੀ/ਪਹਿਰੇਦਾਰੀ ਨਾਲ਼ ਸੰਬੰਧਿਤ ਹੈ। ਇਸੇ ਕਾਰਨ ਅੰਗਰੇਜ਼ੀ ਵਿੱਚ ਪਹਿਰੇਦਾਰ ਨੂੰ 'watchman' ਕਿਹਾ ਜਾਂਦਾ ਹੈ ਜਦਕਿ 'ਪਹਿਰ' ਦਾ ਅਰਥ ਸਮੇਂ ਜਾਂ ਸਮੇਂ ਦੀ ਵੰਡ ਨਾਲ਼ ਹੈ।

             ਸ਼ਾਇਦ 'ਪ' ਧੁਨੀ ਦੇ ਉਪਰੋਕਤ ਅਰਥਾਂ ਕਾਰਨ ਹੀ ਅੰਗਰੇਜ਼ੀ ਵਿੱਚ ਵੀ ਸਮੇਂ ਦੀ ਇੱਕ ਵਿਸ਼ੇਸ਼ ਪ੍ਰਕਾਰ ਦੀ ਵੰਡ ਨੂੰ 'period' ਕਿਹਾ ਜਾਂਦਾ ਹੈ ਤੇ ਜੋੜੇ ਨੂੰ 'pair' ਕਿਹਾ ਜਾਂਦਾ ਹੈ; ਕਿਸੇ ਸਮੂਹ ਦੇ ਇੱਕ ਹਿੱਸੇ ਨੂੰ 'part',  'portion' ਜਾਂ 'piece' ਕਿਹਾ ਜਾਂਦਾ ਹੈ ਅਤੇ ਦੋ ਜਾਂ ਵਧੇਰੇ ਚੀਜ਼ਾਂ ਦੀ ਆਪਸੀ ਸਮਾਨਤਾ ਨੂੰ 'parity' ਕਿਹਾ ਜਾਂਦਾ ਹੈ। ਅਜਿਹਾ ਮਹਿਜ਼ ਅਚਾਨਕ ਜਾਂ ਮੌਕਾ-ਮੇਲ਼ ਹੋਣ ਦੇ ਕਾਰਨ ਹੀ ਨਹੀਂ ਸਗੋਂ ਸਾਡੀਆਂ ਬੋਲੀਆਂ (ਆਰੀਅਨ ਭਾਸ਼ਾ-ਪਰਿਵਾਰ) ਦੀ ਆਪਸੀ ਪੁਰਾਤਨ ਸਾਂਝ ਦੇ ਕਾਰਨ ਹੀ ਸੰਭਵ ਹੋ ਸਕਿਆ ਹੈ।

           ਉਪਰੋਕਤ ਸ਼ਬਦਾਂ ਤੋਂ ਬਿਨਾਂ ਜਿਹੜੇ ਕੁੁਝ ਹੋਰ ਸ਼ਬਦ 'ਅਹਿਰ' ਸ਼ਬਦ ਨਾਲ਼ ਸੰਬੰਧਿਤ ਹੋ ਸਕਦੇ ਹਨ, ਉਹ ਹਨ- ਦਿਹਾੜੀ, ਦਿਨ-ਦਿਹਾਰ ਵਿਚਲਾ 'ਦਿਹਾਰ' ਅਤੇ ਇੱਥੋਂ ਤੱਕ ਕਿ 'ਤਿਉਹਾਰ' ('ਅਹਿਰ' ਸ਼ਬਦ ਵਿੱਚ ਮਧੇਤਰ 'ਆ' ਜਾਂ 'ਕੰਨਾ' ਲਾ ਕੇ ਬਣਿਆ) ਸ਼ਬਦ ਵੀ 'ਅਹਿਰ' ਸ਼ਬਦ ਤੋਂ ਹੀ ਬਣੇ ਦਿਖਾਈ ਦਿੰਦੇ ਹਨ ਪਰ ਇਹਨਾਂ ਤੇ ਇਹੋ-ਜਿਹੇ ਕੁਝ ਹੋਰ ਸ਼ਬਦਾਂ ਬਾਰੇ ਵਿਸਤ੍ਰਿਤ ਚਰਚਾ ਕਿਸੇ ਅਗਲੇ ਲੇਖ ਵਿੱਚ।

                             ...................

ਜਸਵੀਰ ਸਿੰਘ ਪਾਬਲਾ,

ਲੰਗੜੋਆ, ਨਵਾਂਸ਼ਹਿਰ।

ਸੰਪਰਕ: 98884-03052.

 "ਦੇਸ਼ ਵਿੱਚ ਪੇਸ਼ ਹੁੰਦੇ ਕਲਿਆਣ ਮੁਕਤ ਬਜ਼ਟ" ✍️ ਕੁਲਦੀਪ ਸਿੰਘ ਰਾਮਨਗਰ

ਅਜ਼ਾਦੀ ਤੋਂ ਬਾਅਦ ਭਾਰਤ ਅਤੇ ਹਰ ਸੂਬੇ ਲਈ ਹਰ ਸਾਲ ਫਰਵਰੀ ਦੇ ਮਹੀਨੇ ਬਜ਼ਟ ਪੇਸ਼ ਕੀਤਾ ਜਾਂਦਾ ਹੈ ਅਤੇ ਵਿਤ ਮੰਤਰੀ ਵੱਲੋਂ ਸਾਲ ਦਾ ਲੇਖਾ ਜੋਖਾ ਕੀਤਾ ਜਾਂਦਾ ਹੈ ਤਕਰੀਬਨ ਹਰ ਸਾਲ ਬਜ਼ਟ ਨੂੰ ਉਪਰ ਨੀਚੇ ਕਰਕੇ ਪੇਸ਼ ਕਰ ਦਿੱਤਾ ਜਾਂਦਾ ਹੈ ਪਰ ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਬਜਟਾਂ ਤੋਂ ਆਮ ਲੋਕਾਂ ਖਾਸ ਕਰਕੇ ਗਰੀਬ ਲੋਕਾਂ ਨੂੰ ਕਿਨ੍ਹਾਂ ਕੁ ਫਾਇਦਾ ਹੁੰਦਾ ਹੈ 75 ਸਾਲਾਂ ਦੇ ਬਜ਼ਟ ਪੇਸ਼ ਕਰਨ ਤੋਂ ਬਾਅਦ ਵੀ ਸਾਡਾ ਦੇਸ਼ ਜਿੱਥੇ ਖੜਾ ਸੀ ਉਸ ਤੋਂ ਵੀ ਪਿੱਛੇ ਚਲਾ ਗਿਆ ਹੈ। ਅਜੇ ਤੱਕ ਅਸੀ ਗਰੀਬੀ, ਮਹਿਗਾਈ, ਭੁੱਖਮਰੀ, ਵਰਗੀਆਂ ਬਿਮਾਰੀਆਂ ਤੋਂ ਵੀ ਨਿਜਾਤ ਨਹੀਂ ਪਾ ਸਕੇ। ਭਾਰਤ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਰੋਜ਼ਾਨਾ 5000 ਬੱਚਿਆਂ ਦੀ ਮੌਤ, ਨਮੋਨੀਆ, ਮਲੇਰੀਆ ਅਤੇ ਦਸਤਾਂ ਨਾਲ ਹੋ ਜਾਂਦੀ ਹੈ ਅਤੇ ਜਿਸਦਾ ਸਭ ਤੋਂ ਵੱਡਾ ਕਾਰਨ ਗਰੀਬੀ, ਕੁਪੋਸ਼ਨ ਤੇ ਅਨਪੜ੍ਹਤਾ ਹੈ। ਉਹ ਭਾਰਤ, ਜਿਥੇ ਮਸਾਂ 18 ਪ੍ਰਤੀਸ਼ਤ ਪੇਂਡੂਆਂ ਅਤੇ 62 ਪ੍ਰਤੀਸ਼ਤ ਸ਼ਹਿਰੀਆਂ ਨੂੰ ਸਾਫ ਪਾਣੀ ਮਿਲਦਾ ਹੈ ਅਤੇ ਜਿਥੇ ਇੱਕ ਕਰੋੜ 37 ਲੱਖ ਪਰਿਵਾਰ ਸ਼ਹਿਰਾਂ ਦੇ ਸਲੱਮ ਖੇਤਰ ਵਿੱਚ ਰਹਿਣ ਲਈ ਮਜ਼ਬੂਰ ਹਨ। ਉਹ ਭਾਰਤ, ਜਿਸਦੇ ਸਰਕਾਰੀ ਸਕੂਲਾਂ ਵਿੱਚ ਹਾਲੀ ਵੀ 15 ਲੱਖ ਅਧਿਆਪਕਾਂ ਦੀ ਕਮੀ ਹੈ ਜਿਥੇ ਦੁਨੀਆਂ ਭਰ ਦਾ ਹਰ ਤੀਜਾ ਅਨਪੜ੍ਹ ਆਦਮੀ ਭਾਰਤੀ ਹੈ। ਜਿਥੇ 22 ਕਰੋੜ ਦੇ ਲਗਭਗ 6-14 ਉਮਰ ਗਰੁੱਪ ਦੇ ਬੱਚਿਆਂ ਵਿਚੋਂ 11 ਕਰੋੜ ਹੀ ਸਕੂਲੇ ਪੜ੍ਹਨੇ ਪਾਏ ਜਾਂਦੇ ਹਨ। ਭਾਰਤ, ਜਿਥੇ ਅਮੀਰ ਗਰੀਬ ਦਾ ਪਾੜਾ ਹਰ ਪੰਜ ਸਾਲਾਂ ਵਿੱਚ ਦੁੱਗਣਾ ਹੋ ਜਾਂਦਾ ਹੈ। ਭੂਮੀ ਰਹਿਤ ਲੋਕਾਂ ਦੀ ਗਿਣਤੀ ਇਸ ਕਰਕੇ ਵੱਧ ਰਹੀ ਹੈ ਕਿ ਖੇਤੀ ਕਿਸਾਨਾਂ ਲਈ ਲਾਹੇਬੰਦ ਧੰਦਾ ਨਹੀਂ ਰਿਹਾ। ਦੇਸ਼ ਦੀ ਧੰਨ ਦੌਲਤ ਵਿੱਚ ਪਹਿਲਾਂ ਹੀ ਵੱਡੀ ਪੱਧਰ ਉੱਤੇ ਕਾਬਜ਼ ਕਾਰਪੋਰੇਟ ਜਗਤ ਨੂੰ ਆਪਣੇ ਪੈਰ ਜਮਾਉਣ ਅਤੇ ਗਰੀਬਾਂ ਦੀ ਹਿੱਕ ਉੱਤੇ ਪੈਰ ਧਰਨ ਲਈ, ਕਾਰਪੋਰੇਟ ਟੈਕਸ ਹਰ ਬਜ਼ਟ ਵਿੱਚ ਘਟਾ ਦਿੱਤਾ ਜਾਂਦਾ ਹੈ। ਅਮੀਰਾਂ ਉੱਤੇ ਲਗਾਇਆ ਦੌਲਤ ਟੈਕਸ ਖਤਮ ਕਰ ਦਿਤਾ ਜਾਂਦਾ ਹੈ। ਇਸ ਨਾਲ ਕਿਸਦਾ ਕਲਿਆਣ ਹੋਏਗਾ ? ਦੇਸ਼ ਦੇ ਵਿੱਤ ਮੰਤਰੀ ਕਹਿੰਦੇ ਹਨ ਕਿ ਅਮੀਰ ਹੋਰ ਅਮੀਰ ਹੋਣਗੇ ,ਕਾਰਖਾਨੇ ਲਾਉਣਗੇ, ਤਦੇ ਉਹ ਗਰੀਬ ਲਈ ਸਮਾਜ ਭਲਾਈ ਯੋਜਨਾਵਾਂ ਲਈ ਖੈਰਾਤ ਪਾਉਣਗੇ। ਦੁਨੀਆਂ ਵਿੱਚ 84 ਕਰੋੜ ਲੋਕ ਇਹੋ ਜਿਹੇ ਹਨ, ਜਿਨ੍ਹਾਂ ਨੂੰ ਰੋਜ਼ਾਨਾ ਖਾਣ ਲਈ ਜ਼ਰੂਰਤ ਅਨੁਸਾਰ ਭੋਜਨ ਨਹੀਂ ਮਿਲਦਾ ਭਾਵ ਦੁਨੀਆਂ ਦਾ ਹਰ ਅੱਠਵਾਂ ਆਦਮੀ ਹਰ ਰੋਜ਼ ਭੁੱਖਾ ਸੌਂਦਾ ਹੈ। ਇਨ੍ਹਾਂ ਭੁੱਖੇ ਰਹਿਣ ਵਾਲੇ ਲੋਕਾਂ ਦੀ ਗਿਣਤੀ , ਏਸ਼ੀਆ ਖਿੱਤੇ ਖਾਸ ਕਰਕੇ ਭਾਰਤ ਵਰਗੇ ਦੇਸ਼ਾਂ ਵਿੱਚ ਜ਼ਿਆਦਾ ਹੈ। ਜਿਥੇ ਗਰੀਬ ਪੱਖੀ ਅਤੇ ਅਮੀਰ ਪੱਖੀ ਬਜ਼ਟ ਦੇ ਗੁਣ ਗਾਕੇ, ਉਨ੍ਹਾਂ ਨੂੰ ਵੱਧ ਸਹੂਲਤਾਂ ਦੇਣ ਦਾ ਪ੍ਰਚਾਰ ਕਰਕੇ, ਗਰੀਬਾਂ ਲਈ ਪ੍ਰਧਾਨ ਮੰਤਰੀ ਬੀਮਾ ਸੁਰੱਖਿਆ ਯੋਜਨਾ ਦਾ ਢੰਡੋਰਾ ਪਿੱਟ ਕੇ, ਦੇਸ਼ ਦੇ ਹੇਠਲੇ ਮੱਧ ਵਰਗੀ ਪਰਿਵਾਰਾਂ ਦਾ ਕਚੂੰਮਰ ਕੱਢਣ ਦਾ ਯਤਨ ਕੀਤਾ ਜਾਂਦਾ ਹੈ। ਇਹੋ ਜਿਹੇ ਬਜਟਾਂ ਨੂੰ ਕਦਾਚਿਤ ਵੀ ਲੋਕ ਹਿਤੂ ਨਹੀ ਗਰਦਾਨਿਆ ਜਾ ਸਕਦਾ ਹੈ । ਅਨਾਜ਼ ਵੰਡ ਪ੍ਰਣਾਲੀ ਵੀ ਦੇਸ਼ ਵਿੱਚ ਐਨੀ ਨਾਕਸ ਹੈ ਕਿ ਅਸਲ ਭੁੱਖੇ ਅਤੇ ਗਰੀਬ ਲੋਕ ਇਸਦਾ ਲਾਹਾ ਲੈਣ 'ਚ ਨਾ ਕਾਮਯਾਬ ਰਹਿੰਦੇ ਹਨ, ਉਲਟਾ ਰੱਜੇ ਪੁੱਜੇ ਲੋਕ ਭ੍ਰਿਸ਼ਟਾਚਾਰੀ ਅਫਸਰ ਅਤੇ ਜੁਗਾੜੀ ਨੇਤਾ ਇਸ ਦਾ ਲਾਹਾ ਲੈਂਦੇ ਹਨ। ਇੰਜ ਕਰੋੜਾਂ ਰੁਪਏ ਕੌਣ ਲੋਕ ਡਕਾਰ ਜਾਂਦੇ ਹਨ ? ਜਾਂ ਇਨਾਂ ਪੈਸਿਆਂ ਨਾਲ ਕਿਸ ਸਿਆਸੀ ਪਾਰਟੀਆਂ ਨੂੰ ਲਾਭ ਮਿਲਦਾ ਹੈ ? ਇਹੋ ਜਿਹੇ ਸਵਾਲ ਹਰ ਇੱਕ ਦੇ ਜਹਿਨ ਵਿਚ ਆਉਣੇ ਲਾਜ਼ਮੀ ਹਨ। ਭਾਰਤ ਵਰਗੇ ਵਿਸ਼ਾਲ ਸਵਾ ਅਰਬ ਦੀ ਅਬਾਦੀ ਵਾਲੇ ਲਗਭਗ 24 ਕਰੋੜ ਪਰਿਵਾਰਾਂ ਵਿਚੋਂ ਲਗਭਗ 80 ਪ੍ਰਤੀਸ਼ਤ ਭਾਵ 19.2 ਕਰੋੜ ਪਰਿਵਾਰਾਂ ਲਈ ,ਜਦੋਂ ਤੱਕ ਉੱਚਿਤ ਭੋਜਨ ਦੀ ਉਪਲੱਭਤਾ ਨਹੀਂ ਹੁੰਦੀ। 6 ਤੋਂ 14 ਸਾਲ ਦੀ ਉੱਮਰ ਦੇ 20 ਕਰੋੜ ਬੱਚਿਆਂ ਦੀ ਪੜ੍ਹਾਈ ਅਤੇ ਉੱਚਿਤ ਸਿਹਤ ਸਹੂਲਤਾਂ ਨਹੀਂ ਮਿਲਦੀਆਂ, 16 ਤੋਂ 35 ਸਾਲ ਦੇ ਕਰੋੜਾਂ ਨੋਜਵਾਨਾਂ ਦੀ ਉੱਚਿਤ ਸਿੱਖਿਆ, ਕਿੱਤਾ ਸਿਖਲਾਈ ਦਾ ਯੋਗ ਪ੍ਰਬੰਧ ਨਹੀਂ ਹੁੰਦਾ। ਸਾਰੇ ਭਾਰਤੀ ਪ੍ਰੀਵਾਰਾਂ ਲਈ ਸਿਰ ਦੀ ਛੱਤ ਨਹੀਂ ਜੁੜਦੀ। ਨੋਜਵਾਨਾ ਦੀ ਸਿੱਖਿਆ ਅਤੇ ਨੌਕਰੀ ਲਈ ਸਰਕਾਰ ਪ੍ਰਬੰਧ ਕਰਨ ਯੋਗ ਨਹੀਂ ਹੁੰਦੀ। ਤਦ ਤੱਕ ਕਿਸੇ ਵੀ ਸਰਕਾਰ ਜਾਂ ਬਜ਼ਟ ਦਾ ਲੋਕ ਕਲਿਆਣਕਾਰੀ ਹੋਣਾ ਨਹੀਂ ਮੰਨਿਆ ਜਾ ਸਕਦਾ। ਲੋਕ ਕਲਿਆਣਕਾਰੀ ਸਰਕਾਰ ਹੀ ਲੋਕਾਂ ਦੇ ਕਲਿਆਣ, ਭਲੇ, ਬਿਹਤਰੀ ਲਈ ਯੋਜਨਾਵਾਂ ਤਿਆਰ ਕਰ ਸਕਦੀ ਹੈ ਤਾਂ ਕਿ ਹਰੇਕ ਨਾਗਰਿਕ ਨੂੰ ਬਰਾਬਰ ਦੇ ਅਧਿਕਾਰ ਤਾਂ ਮਿਲਣ ਹੀ, ਉਨ੍ਹਾਂ ਲਈ ਰੋਟੀ, ਕਪੜਾ,, ਮਕਾਨ, ਸਿੱਖਿਆ, ਸਿਹਤ, ਚੰਗੇ ਵਾਤਾਵਰਨ, ਚੰਗੇਰੀਆਂ ਜੀਵਨ ਪੱਧਰ ਉੱਚਾ ਚੁੱਕਣ ਲਈ ਸਹੂਲਤਾਂ ਦਾ ਪ੍ਰਬੰਧ ਵੀ ਹੋਵੇ। ਲਗਭਗ ਸੱਤ ਦਹਾਕਿਆਂ 'ਚ ਬਣੀਆਂ ਸਰਕਾਰਾਂ, ਵੱਡੇ ਵੱਡੇ ਕਰਜ਼ੇ ਲੈ ਕੇ, ਘਾਟੇ ਦੇ ਬਜ਼ਟ ਲੋਕਾਂ ਸਾਹਮਣੇ ਪੇਸ਼ ਕਰਕੇ, ਫਜ਼ੂਲ ਭਲਾਈ ਸਕੀਮਾਂ ਦੇ ਨਾਮ ਉੱਤੇ ਅੰਕੜਿਆਂ ਦਾ ਖੇਲ ਖੇਡਦੀਆਂ ਆ ਰਹੀਆਂ ਹਨ। ਗਰੀਬੀ ਹਟਾਉ ਦੇ ਨਾਮ ਉੱਤੇ ਗਰੀਬਾਂ ਨੂੰ ਹੀ ਰਸਤੇ ਤੋਂ ਹਟਾਉਂਦੀਆਂ ਰਹੀਆਂ ਹਨ। ਮੌਜੂਦਾ ਬਜ਼ਟ ਵੀ ਉਸੇ ਦੀ ਇਕ ਕੜੀ ਹਨ। ਸ਼ਾਇਦ ਭਾਰਤ ਦੇ ਲੋਕਾਂ ਨੂੰ ਹੋਰ ਲੰਮਾ ਸਮਾਂ ਲੋਕ ਕਲਿਆਣਕਾਰੀ ਬਜ਼ਟ ਅਤੇ ਸਰਕਾਰ ਦੀ ਉਡੀਕ ਕਰਨੀ ਪਵੇਗੀ ਕਿਉਂਕਿ ਹੁਣ ਤੱਕ ਦੀਆਂ ਭਾਰਤੀ ਸਰਕਾਰਾਂ ਨੇ ਲੋਕਾਂ ਦੇ ਅੰਗ ਸੰਗ ਹੋਕੇ ਨਹੀਂ,ਲੋਕਾਂ ਤੋਂ ਦੂਰੀ ਬਣਾਕੇ ਹੀ ਉਨ੍ਹਾਂ ਦੇ ਹਿੱਤਾਂ ਦੇ ਉੱਲਟ ਆਪਣੀ ਸਵਾਰਥ ਸਿੱਧੀ ਲਈ ਹੀ ਕਾਰਜ਼ ਕੀਤੇ ਹਨ। ਭਾਰਤ ਜਾਂ ਸੂਬੇ ਦੇ ਬਜ਼ਟ ਲੋਕ ਕਲਿਆਣਕਾਰੀ ਹੋਣ ਨਾ ਕਿ ਸਿਰਫ ਖ਼ਾਨਾਪੂਰਤੀ। ਕਿਸੇ ਸਰਕਾਰ ਜਾਂ ਬਜ਼ਟ ਨੂੰ ਅਸੀਂ ਤਾਂ ਹੀ ਚੰਗਾ ਕਹਿ ਸਕਦੇ ਹਾਂ ਜੇਕਰ ਭਾਰਤ ਦੇ 80% ਲੋਕ ਵੀ ਆਪਣੀ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰ ਸਕਣ।

ਕੁਲਦੀਪ ਸਾਹਿਲ
9417990040

ਜਨਮ ਦਿਨ ਤੇ ਵਿਸ਼ੇਸ਼ ਆਰਟੀਕਲ (15 ਮਾਰਚ) ✍️ ਕੁਲਦੀਪ ਸਿੰਘ ਰਾਮਨਗਰ

"ਬਹੁਜਨ ਨਾਇਕ ਮਾਨਿਆਵਰ ਸਾਹਿਬ ਕਾਂਸ਼ੀ ਰਾਮ"

 ਡਾਕਟਰ ਭੀਮ ਰਾਓ ਅੰਬੇਦਕਰ ਜੀ ਤੋਂ ਬਾਅਦ ਭਾਰਤ ਦੇਸ਼ ਦੇ 85% ਬਹੁਜਨ ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਜ਼ਾਤੀ ਭੇਦਭਾਵ ਅਤੇ ਗਰੀਬੀ ਦੀ ਦਲਦਲ ਵਿਚੋਂ ਬਾਹਰ ਕੱਢਣ ਲਈ ਸੰਘਰਸ਼ ਕਰਨ ਵਾਲੇ ਮਾਨਿਆਵਰ ਕਾਂਸ਼ੀ ਰਾਮ ਜੀ ਆਪਣੀ ਹਿੰਮਤ ਅਤੇ ਦਿਲੇਰੀ ਲਈ ਪੂਰੀ ਦੁਨੀਆਂ ਵਿੱਚ ਜਾਣੇ ਜਾਂਦੇ ਸਨ। ਜਿਨ੍ਹਾਂ ਦਾ ਜਨਮ ਰੋਪੜ ਜਿਲੇ ਦੇ ਪਿਰਥੀ ਪੁਰ ਬੁੰਗਾ ਸਾਹਿਬ ਵਿਖੇ 15 ਮਾਰਚ 1934 ਨੂੰ ਮਾਤਾ ਬਿਸ਼ਨ ਕੌਰ ਅਤੇ ਪਿਤਾ ਸਰਦਾਰ ਹਰਿ ਸਿੰਘ ਦੇ ਘਰ ਜਨਮਿਆ, ਜਿਸ ਨੂੰ ਦੇਸ਼ ਅਤੇ ਦੁਨੀਆਂ ਵਿੱਚ ਬੜੇ ਅਦਬ ਨਾਲ ਸਾਹਿਬ ਕਾਂਸ਼ੀ ਰਾਮ ਦੇ ਨਾਮ ਨਾਲ ਜਾਣਿਆ ਗਿਆ। ਪਿਰਥੀਪੁਰ ਬੁੰਗਾ ਸਾਹਿਬ, ਉਨ੍ਹਾਂ ਦਾ ਨਾਨਕਾ ਪਿੰਡ ਸੀ ਅਤੇ ਉਨ੍ਹਾਂ ਦਾ ਆਪਣਾ ਪਿੰਡ ਖੁਆਸਪੁਰ, ਜਿਲਾ ਰੋਪੜ ਸੀ। B.Sc ਕਰਨ ਤੋਂ ਬਾਦ ਉਹ ਸਰਕਾਰੀ ਨੌਕਰੀ ਕਰਨ ਲਈ ਪਹਿਲਾਂ ਦੇਹਰਾਦੂਨ, ਉੱਤਰਾਖੰਡ ਅਤੇ ਫਿਰ ਪੂਨਾ, ਮਹਾਰਾਸ਼ਟਰ ਵਿਖੇ ਪਹੁੰਚੇ; ਜਿੱਥੇ ਬਤੌਰ ਵਿਗਿਆਨੀ ਕੰਮ ਕਰਣ ਲੱਗੇ। ਐਥੇ ਹੀ 1964 ਨੂੰ ਬਾਬਾਸਾਹਿਬ ਅੰਬੇਡਕਰ ਅਤੇ ਮਹਾਤਮਾ ਬੁੱਧ ਦੀਆਂ ਛੁੱਟੀਆਂ ਨੂੰ ਰੱਦ ਕਰਣ ਦੇ ਫੈਸਲੇ ਨੂੰ ਲੈਕੇ ਮੈਨੇਜਮੈਂਟ ਨਾਲ ਵਿਵਾਦ ਖੜਾ ਹੋ ਗਿਆ। ਦੀਨਾ ਭਾਨਾ ਨਾਮ ਦੇ ਰਾਜਸਥਾਨ ਦੇ ਇਕ ਮੁਲਾਜਿਮ ਨੇ ਇਸਦੇ ਖਿਲਾਫ ਆਵਾਜ ਚੁੱਕੀ ਤਾਂ ਉਸ ਨੂੰ ਬਰਖਾਸਤ ਕੀਤਾ ਗਿਆ। ਜਾਤੀ ਵਿਤਕਰੇ ਦੀ ਇਸ ਘਟਨਾ ਨੇ ਸਾਹਿਬ ਕਾਂਸ਼ੀ ਰਾਮ ਨੂੰ ਝਜੋੜ ਕੇ ਰੱਖ ਦਿੱਤਾ ਅਤੇ ਉਹ ਦੀਨਾ ਭਾਨਾ ਦੇ ਹੱਕ ਵਿੱਚ ਅਦਾਲਤ ਗਏ। ਮੁਕਦਮਾ ਜਿੱਤ ਕੇ ਦੋਵੇਂ ਛੁਟੀਆਂ ਬਹਾਲ ਕਰਵਾਈਆਂ ਅਤੇ ਦੀਨਾ ਭਾਨਾ ਨੂੰ ਵਾਪਸ ਨੌਕਰੀ ਵਿੱਚ ਲਿਆ ਗਿਆ। ਮਹਾਰਾਹਸਟਰ ਦੇ ਡੀ.ਕੇ.ਖਾਪਰਡੇ, ਜੋ ਉਨ੍ਹਾਂ ਨਾਲ ਕੰਮ ਕਰਦੇ ਸਨ ਨੇ ਕਾਂਸੀ ਰਾਮ ਜੀ ਨੂੰ ਬਾਬਾ ਸਾਹਿਬ ਦੀ ਕੀਤਾਬ “ਜਾਤ-ਪਾਤ ਦਾ ਖਾਤਮਾ” ਪੜ੍ਹਣ ਨੂੰ ਦਿੱਤੀ ਅਤੇ ਉਸਤੋਂ ਬਾਦ ਸਾਹਿਬ ਕਾਂਸ਼ੀ ਰਾਮ ਦੇ ਜੀਵਨ ਦੀ ਪੂਰੀ ਦਿਸ਼ਾ ਹੀ ਬਦਲ ਗਈ। ਜਾਤ-ਪਾਤ ਦੀ ਬਿਮਾਰੀ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਅਤੇ ਉਨ੍ਹਾਂ ਆਪਣਾ ਪੂਰਾ ਜੀਵਨ ਦੇਸ਼ ਵਿੱਚ ਇਸ ਗੈਰ-ਬਰਾਬਰੀ ਵਾਲੇ ਸਮਾਜ ਨੂੰ ਬਦਲ ਕੇ ਇਕ ਮਾਨਵਤਾਵਾਦੀ ਸਮਾਜ ਬਣਾਉਣ ਲਈ ਕੁਰਬਾਨ ਕਰਣ ਦਾ ਫੈਸਲਾ ਕੀਤਾ। ਆਪਣੇ ਪਰਿਵਾਰ ਨੂੰ ਇਕ ਚਿੱਠੀ ਲਿਖ ਕੇ ਸਾਰਾ ਜੀਵਨ ਆਪਣਾ ਘਰ ਨ ਵਸਾਉਣ ਅਤੇ ਕੋਈ ਜ਼ਮੀਨ-ਜਾਇਦਾਦ, ਬੈਂਕ-ਬੈਲੰਸ ਨਾ ਬਣਾਉਣ ਦੇ ਫੈਸਲੇ ਤੋਂ ਜਾਣੂ ਕਰਵਾਇਆ। ਮਹਾਰਾਸ਼ਟਰ ਅਤੇ ਦੇਸ਼ ਵਿੱਚ ਬਾਬਾ ਸਾਹਿਬ ਦੇ ਅੰਦੋਲਨ ਨੂੰ Republican Party of India (RPI) ਚਲਾ ਰਹੀ ਸੀ। ਸਾਹਿਬ ਨੇ ਉਨ੍ਹਾਂ ਨਾਲ ਕੰਮ ਸ਼ੁਰੂ ਕੀਤਾ ਪਰ ਪਹਿਲੇ ਹੀ ਕੁਝ ਸਾਲਾਂ ਵਿੱਚ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਇਸ ਦੇ ਆਗੂ ਸਮਾਜ ਦੇ ਭਲੇ ਲਈ ਨਹੀਂ ਬਲਕਿ ਆਪਣੇ ਨਿਜੀ ਸਵਾਰਥਾਂ ਵਿੱਚ ਲੱਗੇ ਹੋਏ ਹਨ। ਬਾਰ-ਬਾਰ ਹੋ ਰਹੀ ਚੋਣਾਂ ਵਿੱਚ ਹਾਰ ਤੋਂ ਲੋਕ ਇਨ੍ਹਾਂ ਦਾ ਸਾਥ ਛੱਡ ਚੁਕੇ ਸਨ ਅਤੇ ਇਨ੍ਹਾਂ ਆਗੂਆਂ ਵਿੱਚ ਮਹਾਤਮਾ ਫੂਲੇ, ਛਤ੍ਰਪਤਿ ਸ਼ਾਹੂ ਜੀ ਮਹਾਰਾਜ ਅਤੇ ਬਾਬਾਸਾਹਿਬ ਅੰਬੇਡਕਰ ਦੇ ਮਿਸ਼ਨ ਨੂੰ ਪੂਰਾ ਕਰਣ ਦੀ ਕੋਈ ਚਾਹਤ ਨਹੀਂ ਬਚੀ ਸੀ।ਇਸ ਸਭ ਤੋਂ ਨਿਰਾਸ਼ ਹੋਕੇ ਉਨ੍ਹਾਂ ਨੇ ਕਿਸੇ ਹੋਰ ਜਗਾ ਤੋਂ ਬਾਬਾ ਸਾਹਿਬ ਦੀ ਇਸ ਲਹਿਰ ਨੂੰ ਸ਼ੁਰੂ ਕਰਨ ਬਾਰੇ ਵਿਚਾਰ ਕੀਤਾ ਅਤੇ 1970 ਦੇ ਦਹਾਕੇ ਵਿੱਚ ਸਾਹਿਬ ਕਾਂਸ਼ੀ ਰਾਮ ਨੇ ਪੰਜਾਬ ਦਾ ਰੁੱਖ ਕੀਤਾ।  ਜ਼ਾਤੀ ਅਤੇ ਧਰਮ ਭੇਦਭਾਵ ਦਾ ਸ਼ਿਕਾਰ ਦੇਸ਼ ਦੀਆਂ ਧਾਰਮਿਕ ਘੱਟਗਿਣਤੀਆਂ, ਪੱਛੜੀਆਂ ਜਾਤਾਂ, ਆਦਿਵਾਸੀ ਵੀ ਓਵੇਂ ਹੀ ਸਨ ਜਿਵੇ ਕਿ ਅਨੁਸੂਚਿਤ ਜਾਤਾਂ, ਇਸ ਕਰਕੇ ਇਨ੍ਹਾਂ ਸਾਰਿਆਂ ਦੇ ਸਰਕਾਰੀ ਕਰਮਚਾਰੀਆਂ ਨੂੰ ਇਕਜੁੱਟ ਕਰਣ ਲਈ BAMCEF ਨਾਮ ਦੇ ਸੰਗਠਨ ਦੀ ਸਾਹਿਬ ਨੇ 6 ਦਸੰਬਰ, 1978 ਨੂੰ ਨੀਂਹ ਰੱਖੀ। ਜਦੋਂ ਇਸ ਵਿੱਚ ਉਨ੍ਹਾਂ ਨੂੰ ਕਾਫੀ ਸਫਲਤਾ ਮਿਲੀ ਤਾਂ ਉਨ੍ਹਾਂ ਦੂਜਾ Concept(ਵਿਚਾਰ) ਬਣਾਇਆਂ ਕਿ “ਸੱਤਾ ਸੰਘਰਸ਼ ਵਿਚੋਂ ਨਿਕਲਦੀ ਹੈ।” ਜੇਕਰ ਅਸੀਂ ਹੁਕਮਰਾਨ ਬਣਨਾ ਚਾਹੁੰਦੇ ਹਾਂ ਤਾਂ ਸਾਨੂੰ ਸੰਘਰਸ਼ ਲਈ ਮੈਦਾਨ ਵਿੱਚ ਉੱਤਰਨਾ ਪਵੇਗਾ। ਇਸ ਵਾਸਤੇ ਉਨ੍ਹਾਂ 6 ਦਸੰਬਰ 1981 ਨੂੰ DS-4(ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ) ਦਾ ਗਠਨ ਕੀਤਾ। ਅਨੁਸੂਚਿਤ ਅਤੇ ਪੱਛੜੀਆਂ ਜਾਤਾਂ ਆਰਥਿਕ ਤੌਰ ਤੇ ਕਮਜ਼ੋਰ ਸਨ, ਇਸ ਕਰਕੇ ਸਾਹਿਬ ਕਾਂਸ਼ੀ ਰਾਮ ਨੇ ਸਾਈਕਲਾਂ ਤੇ ਪ੍ਰਚਾਰ ਕਰਣ ਦਾ ਪ੍ਰੋਗਰਾਮ ਬਣਾਇਆਂ। ਬਾਬੂ ਮੰਗੂ ਰਾਮ ਮੁੱਗੋਵਾਲੀਆ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਜਾਣ ਤੋਂ ਬਾਦ ਕੋਈ ਯੋਗ ਅਗਵਾਈ ਨਾ ਮਿਲਣ ਕਰਕੇ ਨਿਰਾਸ਼ ਹੋ ਚੁਕਿਆ ਪੰਜਾਬ ਦਾ SC ਭਾਈਚਾਰਾ, ਸਾਹਿਬ ਕਾਂਸ਼ੀ ਰਾਮ ਦੇ ਕ੍ਰਿਸ਼ਮਈ ਵਿਆਕਤੀਤਵ, ਸਮਾਜ ਪ੍ਰਤੀ ਦਰਦ ਅਤੇ ਉਸਨੂੰ ਆਪਣੇ ਪੈਰਾਂ ਤੇ ਖੜਾ ਕਰਣ ਲਈ ਆਪਣਾ ਸਭ ਕੁਛ ਕੁਰਬਾਨ ਕਰਨ ਦੇ ਜਜ਼ਬੇ ਨੂੰ ਦੇਖ, ਫਿਰ ਤੋਂ ਪੂਰੇ ਜੋਸ਼ੋ-ਖਰੋਸ਼ ਨਾਲ ਮੈਦਾਨ ਵਿੱਚ ਆ ਗਿਆ ਹਜ਼ਾਰਾਂ ਹੀ ਲੋਕ ਸਾਈਕਲਾਂ ਤੇ ਸਾਹਿਬ ਨਾਲ ਦੇਸ਼ ਅੰਦਰੋਂ ਜਾਤ-ਪਾਤ ਦੇ ਕੋਹੜ ਨੂੰ ਖਤਮ ਕਰਣ ਲਈ ਤੁਰ ਪਏ।1978 ਵਿੱਚ BAMCEF ਅਤੇ 1981 ਵਿੱਚ DS-4 ਬਣਾਉਣ ਦੇ ਇਸ ਛੋਟੇ ਜਿਹੇ ਸਮੇਂ ਵਿੱਚ ਹੀ ਸਾਹਿਬ ਕਾਂਸ਼ੀ ਰਾਮ ਦੀ ਚਲਾਈ ਇਸ ਨਵੀ ਲਹਿਰ ਨੇ ਪੂਰੇ ਪੰਜਾਬ ਅਤੇ ਉੱਤਰੀ ਭਾਰਤ ਦਾ ਮਾਹੌਲ ਬਦਲ ਕੇ ਰੱਖ ਦਿੱਤਾ। ਪੰਜਾਬ ਨੇ ਇਸ ਵਿੱਚ ਅਹਿਮ ਭੂਮਿਕਾ ਨਿਭਾਈ। ਸਾਈਕਲਾਂ ਦੇ ਝੁੰਡ ਹਰ ਪਾਸੇ ਜਾਤ-ਪਾਤ ਦੇ ਖਿਲਾਫ ਨਾਰੇ ਲਾਉਂਦੇ ਹੋਏ ਨਜ਼ਰ ਆਉਣ ਲੱਗੇ। ਬਾਬਾ ਸਾਹਿਬ ਦਾ ਨੀਲਾ ਝੰਡਾ ਜੋ ਕਿ ਸਾਰਿਆਂ ਦੇ ਦਿਲ ਅਤੇ ਦਿਮਾਗ ਤੋਂ ਗਾਇਬ ਹੋ ਗਿਆ ਸੀ ਫਿਰ ਤੋਂ ਹਰ ਪਾਸੇ ਛਾ ਗਿਆ। ਜਾਤ-ਪਾਤ ਖਿਲਾਫ ਪਹਿਲਾਂ ਵੀ ਕਈ ਵਾਰ ਜੰਗ ਲੜ ਚੁਕਿਆਂ ਪੰਜਾਬ ਫਿਰ ਤੋਂ ਮੋਹਰੀ ਬਣਕੇ ਉਭਰਿਆ। ਹਜ਼ਾਰਾਂ ਹੀ ਛੋਟੀਆਂ-ਵੱਢੀਆਂ ਸਭਾਵਾਂ, ਨੁੱਕੜ ਨਾਟਕਾਂ, ਸਾਈਕਲ ਯਾਤਰਾਵਾਂ ਰਾਹੀਂ ਹੁਣ ਤੱਕ ਸਮਾਜ ਦੇ ਹਾਸ਼ੀਏਂ ਤੇ ਖੜਾ SC ਵਰਗ, ਸਾਹਿਬ ਕਾਂਸ਼ੀ ਰਾਮ ਦੀ ਅਗਵਾਈ ਵਿੱਚ ਇਸ ਸਮਾਜਿਕ ਲਹਿਰ ਦੀ ਧੁਰ ਬਣ ਗਿਆ। ਉਨ੍ਹਾਂ ਦੇ ਜੋਸ਼ੀਲੇ ਨਾਹਰੇ ਪੂਰੇ ਪੰਜਾਬ ਅਤੇ ਭਾਰਤ ਵਿੱਚ ਗੂੰਜ ਪਏ ਅਤੇ ਹਾਕਮਾਂ ਦੇ ਤਖ਼ਤ ਡੋਲਣ ਲੱਗ ਪਏ। ਇਸ ਤੋਂ ਉਤਸ਼ਾਹਿਤ ਹੋ ਕੇ ਸਾਹਿਬ ਨੇ ਅਗਲਾ ਬੜਾ ਕਦਮ ਚੁੱਕਿਆ ਅਤੇ 14 ਅਪ੍ਰੈਲ 1984 ਨੂੰ ਰਾਜਨੀਤੀ ਵਿੱਚ ਦਖਲ ਦੇਣ ਲਈ ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕੀਤੀ। ਇਸ ਪਿੱਛੇ ਉਨ੍ਹਾਂ ਦੀ ਸੋਚ ਸੀ ਕਿ ਜੇਕਰ ਤੁਸੀਂ ਕਿਸੇ ਵਿਵਸਥਾ ਦਾ ਵਿਰੋਧ ਕਰਦੇ ਹੋ ਤਾਂ ਤੁਹਾਨੂੰ ਉਸ ਨੂੰ ਬਦਲ ਕੇ ਇਕ ਸਹੀ ਵਿਵਸਥਾ ਦੇਣ ਦਾ ਵੀ ਬੰਦੋਬਸਤ ਕਰਨਾ ਪਵੇਗਾ। ਇਸ ਲਈ ਰਾਜਨੀਤੀ ਵਿੱਚ ਕਦਮ ਰੱਖਣਾ ਜ਼ਰੂਰੀ ਹੈ। ਠੀਕ ਅਗਲੇ ਸਾਲ 1985 ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਇਆਂ। ਹੁਣ ਤੱਕ ਕੀਤੀ ਗਈ ਸਮਾਜਿਕ ਜੀ-ਤੋੜ ਮਿਹਨਤ ਦਾ ਰਾਜਨੀਤਿ ਵਿੱਚ ਨਤੀਜਾ ਦੇਖਣ ਦਾ ਵਕ਼ਤ ਸੀ। ਇਸ ਦੇ ਨਤੀਜਿਆਂ ਨੇ ਨਾ ਸਿਰਫ ਪੰਜਾਬ ਦੀ ਰਾਜਨੀਤੀ ਦੀ ਦਿਸ਼ਾਂ ਬਦਲੀ ਪਰ ਰਾਜਨੀਤਿਕ ਵਿਸ਼ਲੇਸ਼ਕਾਂ ਨੂੰ ਵੀ ਹੈਰਾਨ ਕਰ ਦਿੱਤਾ। ਹੁਣ ਤਕ ਸ਼ੈਡਿਊਲਡ ਕਾਸਟਾਂ ਦੇ ਵੋਟਾਂ ਦੇ ਸਹਾਰੇ ਪੰਜਾਬ ਦੇ ਸਿੰਘਾਸਨ ਤੇ ਬੈਠੀ ਕਾਂਗਰਸ ਪਾਰਟੀ ਦੇ ਹੱਥੋਂ ਰਾਜ ਖੁੱਸ ਗਿਆ ਅਤੇ ਅਕਾਲੀ ਦਲ ਸੱਤਾ ਵਿੱਚ ਆ ਗਿਆ। ਪਰ ਇਸ ਸਾਰੀ ਫੇਰ-ਬਦਲ ਦੇ ਪਿੱਛੇ ਸਾਹਿਬ ਕਾਂਸ਼ੀ ਰਾਮ ਦੀ ਚਲਾਈ ਹੋਈ ਲਹਿਰ ਕੰਮ ਕਰ ਰਹੀ ਸੀ। ਉਨ੍ਹਾਂ ਦੇ ਉਮੀਦਵਾਰ ਖੁਦ ਤਾਂ ਨਹੀਂ ਜਿੱਤ ਸਕੇ ਪਰ ਉਹ ਐਨੀਆਂ ਵੋਟਾਂ ਲੈਣ ਵਿੱਚ ਕਾਮਯਾਬ ਹੋ ਗਏ ਕਿ ਕਾਂਗਰਸ ਪਾਰਟੀ ਵੀ ਨ ਜਿੱਤ ਸਕੀ। ਪਹਿਲੀ ਵਾਰ ਪੰਜਾਬ ਦੀ ਆਬਾਦੀ ਦੇ ਤੀਜੇ ਹਿੱਸੇ ਨੂੰ ਸਾਹਿਬ ਕਾਂਸ਼ੀ ਰਾਮ ਨੇ ਆਪਣੀ ਵੋਟ ਦੀ ਤਾਕ਼ਤ ਦਾ ਅਹਿਸਾਸ ਕਰਵਾਇਆਂ। ਇਹ ਗੱਲ ਯਕੀਨੀ ਕਰਵਾਈ ਕਿ ਪੰਜਾਬ ਦੇ ਤਖ਼ਤ ਤੇ ਭਾਵੇਂ ਕੋਈ ਵੀ ਬੈਠੇ, ਉਸਦੀ ਚਾਬੀ ਉਨ੍ਹਾਂ ਦੇ ਹੀ ਹੱਥਾਂ ਵਿੱਚ ਹੈ, ਬਸ਼ਰਤੇ ਉਹ ਆਪਣੇ ਵੋਟ ਦਾ ਸਹੀ ਇਸਤੇਮਾਲ ਕਰਨਾ ਸਿੱਖਣ। ਹੁਣ ਤੱਕ ਪੰਜਾਬ ਦੀ ਰਾਜਨੀਤੀ ਵਿੱਚ ਕਾਂਗਰਸ-ਅਕਾਲੀ ਦਲ ਦੇ ਵਿਚਾਲੇ ਹੋਣ ਵਾਲੇ ਸਿੱਧੇ ਮੁਕਾਬਲੇ, ਜੋ ਕਿ ਧਨਾਢਾਂ ਦੇ ਹੱਥਾਂ ਵਿੱਚ ਸਨ ਨੂੰ ਇਸ ਇਤਿਹਾਸਕ ਚੋਣਾਂ ਨੇ ਤਿਕੋਣੀ ਬਣਾ ਦਿੱਤਾ। ਸਾਹਿਬ ਕਾਂਸ਼ੀ ਰਾਮ ਦੀ ਅਗਵਾਈ ਵਿੱਚ ਪੰਜਾਬ ਵਿੱਚ ਪਹਿਲੀ ਵਾਰ ਇੱਕ ਤੀਜੀ ਧਿਰ ਜ਼ਮੀਨੀ ਤੌਰ ਤੇ ਸਥਾਪਿਤ ਹੋਈ। ਜਦੋਂ 1992 ਵਿੱਚ ਵਿਧਾਨ ਸਭਾ ਚੋਣਾਂ ਹੋਇਆਂ ਤਾਂ 9 ਵਿਧਾਇਕ ਜਿੱਤ ਕੇ ਚੰਡੀਗੜ੍ਹ ਵਿਧਾਨ ਸਭਾ ਵਿੱਚ ਪਹੁੰਚੇ ਅਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਵਿਰੋਧੀ ਧਿਰ ਬਣੀ। ਹੁਣ ਤੱਕ ਰਾਜਨੀਤੀ ਵਿੱਚ ਇੱਕ ਪਿੱਛਲੱਗੂ ਸਮਝੇ ਜਾਣ ਵਾਲੇ ਲੋਕ ਹੁਕਮਰਾਨਾਂ ਨਾਲ ਸਿੱਧੀ ਟੱਕਰ ਵਿੱਚ ਆਏ ਅਤੇ ਅੱਖ ਨਾਲ ਅੱਖ ਮਿਲਾਕੇ ਉਨ੍ਹਾਂ ਨੂੰ ਸਵਾਲ ਕਰਨ ਲੱਗੇ।ਸਾਹਿਬ ਦੀ ਅਗਵਾਈ ਵਿੱਚ ਇਹ ਕਾਫ਼ਿਲਾ ਅੱਗੇ ਵਧਦਾ ਗਿਆ ਅਤੇ ਜਦੋਂ 1996 ਵਿੱਚ ਲੋਕ ਸਭਾ ਚੋਣਾਂ ਹੋਇਆਂ ਤਾਂ ਉਨ੍ਹਾਂ ਅਕਾਲੀ ਦਲ(ਬਾਦਲ) ਨਾਲ ਸਮਝੌਤਾ ਕਰਕੇ ਇਲੈਕਸ਼ਨ ਲੜਿਆ ਅਤੇ ਤਿੰਨ ਸੀਟਾਂ ਹੋਸ਼ਿਆਰਪੂਰ, ਫਿਲੌਰ ਅਤੇ ਫਿਰੋਜ਼ਪੁਰ ਤੋਂ ਉਮੀਦਵਾਰ ਖੜੇ ਕੀਤੇ ਅਤੇ ਸਾਰਿਆਂ ਤੇ ਜਿੱਤ ਪ੍ਰਾਪਤ ਕੀਤੀ। । 1993 ਵਿੱਚ ਯੂਪੀ ਵਿੱਚ ਉਨ੍ਹਾਂ ਮੁਲਾਇਮ ਸਿੰਘ ਯਾਦਵ ਦੀ ਸਮਾਜਵਾਦੀ ਪਾਰਟੀ ਨਾਲ ਸਮਝੌਤਾ ਕੀਤਾ ਅਤੇ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਏ। 1995 ਵਿੱਚ ਖੁਦ ਭਾਜਪਾ ਦੇ ਸਹਿਯੋਗ ਨਾਲ ਯੂਪੀ ਸਰਕਾਰ ਬਣਾਈ ਅਤੇ 1996 ਵਿੱਚ ਫਿਰ ਚੋਣਾਂ ਹੋਇਆਂ। ਇਸ ਕਰਕੇ ਉਹ ਪੰਜਾਬ ਨੂੰ ਜ਼ਿਆਦਾ ਸਮਾਂ ਨਾ ਦੇ ਸਕੇ ਅਤੇ ਉਨ੍ਹਾਂ ਦੀ ਗੈਰ ਮੌਜੂਦਗੀ ਵਿੱਚ ਪੰਜਾਬ ਦੇ ਆਗੂ ਉਨ੍ਹਾਂ ਦੀ ਸੋਚ “ਬਹੁਜਨ ਸਮਾਜ”(ਪੱਛੜੀਆਂ, ਘੱਟ ਗਿਣਤੀਆਂ) ਨੂੰ ਨਾਲ ਜੋੜਨ ਵਿੱਚ ਕਾਮਯਾਬ ਨਹੀਂ ਹੋਏ ਅਤੇ ਪੰਜਾਬ ਵਿੱਚ BSP ਦਾ ਗ੍ਰਾਫ ਡਿਗਣਾ ਸ਼ੁਰੂ ਹੋ ਗਿਆ। 2002 ਦੀਆਂ ਚੋਣਾਂ ਵਿਚ ਹਾਲਾਂਕਿ ਉਹ ਕੁਝ ਹੱਦ ਤੱਕ ਹੋਏ ਨੁਕਸਾਨ ਨੂੰ ਦੂਰ ਕਰ ਸਕੇ ਪਰ ਉਹ ਚੁਣਾਵੀ ਨਤੀਜਿਆਂ ਵਿੱਚ ਤਬਦੀਲ ਨਹੀਂ ਹੋ ਸਕੀ। ਇਸ ਤੋਂ ਬਾਦ ਉਹ ਦੱਖਣੀ ਭਾਰਤ ਵਿੱਚ ਇਸ ਲਹਿਰ ਨੂੰ ਖੜੀ ਕਰਨ ਵਿੱਚ ਰੁਝੇ ਰਹੇ ਅਤੇ ਸਤੰਬਰ 2003 ਨੂੰ ਹੈਦਰਾਬਾਦ ਜਾਂਦਿਆਂ ਹੋਇਆ ਉਨ੍ਹਾਂ ਨੂੰ ਦਿਮਾਗ ਦਾ ਦੌਰਾ ਪਿਆ ਅਤੇ 9 ਅਕਤੂਬਰ 2006 ਨੂੰ ਹੋਈ ਉਨ੍ਹਾਂ ਦੀ ਮੌਤ ਤਕ ਉਹ ਬਿਮਾਰ ਹੀ ਰਹੇ। ਇਸ ਤਰ੍ਹਾਂ ਪੰਜਾਬ ਅਤੇ ਪੂਰੇ ਭਾਰਤ ਨੂੰ ਜਗਾਉਣ ਵਾਲਾ ਇਹ ਗਰੀਬਾ ਦਾ ਮਸੀਹਾ ਸ਼ਰੀਰਕ ਤੌਰ ਤੇ ਹਮੇਸ਼ਾ ਵਾਸਤੇ ਸਾਨੂੰ ਅਲਵਿਦਾ ਕਹਿ ਗਿਆ।ਅੱਜ ਭਾਵੇਂ ਸਾਹਿਬ ਕਾਂਸ਼ੀ ਰਾਮ ਸਾਡੇ ਵਿੱਚ ਮੌਜੂਦ ਨਹੀਂ ਹਨ ਅਤੇ ਊਨਾ ਦਾ ਰਾਜਨੀਤਿਕ ਅੰਦੋਲਨ ਪੰਜਾਬ ਵਿੱਚ ਲੱਗਭੱਗ ਖਤਮ ਹੋ ਚੁਕਿਆ ਹੈ ਪਰ ਉਨ੍ਹਾਂ ਵਲੋਂ ਸ਼ੁਰੂ ਕੀਤੀ ਗਈ ਸਮਾਜਿਕ ਕ੍ਰਾਂਤੀ ਨ ਸਿਰਫ ਜ਼ਿੰਦਾ ਹੈ ਬਲਕਿ ਅੱਗੇ ਨਾਲੋਂ ਕੀਤੇ ਜ਼ਿਆਦਾ ਮਜ਼ਬੂਤ ਹੋ ਚੁਕੀ ਹੈ। ਮਹਾਤਮਾ ਜੋਤਿਰਾਓ ਫੂਲੇ, ਛਤ੍ਰਪਤਿ ਸ਼ਾਹੂ ਜੀ ਮਹਾਰਾਜ, ਨਾਰਾਇਣਾ ਗੁਰੂ, ਪੇਰੀਆਰ ਰਾਮਾਸਵਾਮੀ ਨਾਇਕਰ ਅਤੇ ਬਾਬਾ ਸਾਹਿਬ ਅੰਬੇਡਕਰ ਦੀਆਂ ਵਿਚਾਰਧਾਰਾਵਾਂ ਉਨ੍ਹਾਂ ਕਰਕੇ ਪੰਜਾਬ ਦੇ ਘਰ-ਘਰ ਪਹੁੰਚ ਚੁੱਕੀਆਂ ਹਨ। ਆਪਣੇ ਮਹਾਪੁਰਸ਼ਾਂ ਦੇ ਜਨਮ ਦਿਹਾੜਿਆਂ ਨੂੰ ਇਕ ਮੇਲੇ ਦੇ ਤੌਰ ਤੇ ਮਨਾਉਣ ਦੀ ਸ਼ੁਰੂ ਕੀਤੀ ਉਨ੍ਹਾਂ ਦੀ ਰੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸ਼ੈਡਿਊਲਡ ਕਾਸ੍ਟ ਲੋਕਾਂ ਦਾ ਪੱਛੜੀਆਂ ਜਾਤਾਂ ਅਤੇ ਧਾਰਮਿਕ ਘੱਟਗਿਣਤੀਆਂ ਨਾਲ ਭਾਈਚਾਰਾ ਮਜ਼ਬੂਤ ਹੋਇਆ ਹੈ। ਉਨ੍ਹਾਂ ਦੀ ਮੂਲਨਿਵਾਸੀ ਬਹੁਜਨ ਸਮਾਜ ਦੀ ਵਿਚਾਰਧਾਰਾ ਅੱਗੇ ਵੱਧ ਰਹੀ ਹੈ। ਪੰਜਾਬ ਦੇ ਉਹ ਲੋਕ, ਜੋ ਸਾਹਿਬ ਨੂੰ ਉਨ੍ਹਾਂ ਦੇ ਜਿਉਂਦਿਆਂ ਬਣਦਾ ਮਾਨ-ਸਤਿਕਾਰ ਨ ਦੇ ਸਕੇ, ਅੱਜ ਉਹ ਵੀ ਉਨ੍ਹਾਂ ਦੀ ਕੌਮ ਲਈ ਕੀਤੀ ਕੁਰਬਾਨੀ ਦੇ ਸਾਹਮਣੇ ਨਤਮਸਤਕ ਹਨ। ਅੱਜ ਜ਼ਰੂਰਤ ਹੈ ਇਮਾਨਦਾਰ ਅਤੇ ਸੂਝਵਾਨ ਨੌਜਵਾਨ ਆਗੂਆਂ ਦੀ, ਜੋ ਸਾਹਿਬ ਕਾਂਸ਼ੀ ਰਾਮ ਵਾਂਗ ਹੀ ਸਮਾਜ ਲਈ ਆਪਣਾ ਸਬ ਕੁਝ ਕੁਰਬਾਨ ਕਰਨ ਦਾ ਜਜ਼ਬਾ ਰੱਖਦੇ ਹੋਣ ਤਾਂਕਿ ਉਨ੍ਹਾਂ ਦਾ ਅਧੂਰਾ ਰਹਿ ਗਿਆ ਸੁਪਨਾ ਪੂਰਾ ਹੋ ਸਕੇ ਅਤੇ ਸਦੀਆਂ ਤੋਂ ਜਾਤੀ ਵਿਵਸਥਾ ਦੀ ਮਾਰ ਝੱਲ ਰਹੇ 85% ਦੱਬੇ ਕੁੱਚਲੇ ਲੋਕ ਬਰਾਬਰਤਾ ਦੀ ਜ਼ਿੰਦਗੀ ਬਸਰ ਕਰ ਸਕਣ । ਹਰ ਸਾਲ 15 ਮਾਰਚ ਨੂੰ ਸਾਹਿਬ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਪੂਰੇ ਦੇਸ਼ ਵਿੱਚ ਮਨਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਦੱਬੇ ਕੁੱਚਲੇ ਲੋਕਾਂ ਦੇ ਮਸੀਹਾ ਵਜੋਂ ਯਾਦ ਕੀਤਾ ਜਾਂਦਾ ਹੈ।  

ਕੁਲਦੀਪ ਸਾਹਿਲ  9417990040

ਮਰਦ ਪ੍ਰਧਾਨ ✍️ ਰਾਜਿੰਦਰ ਰਾਣੀ

                                                        ਔਰਤ ਨੇ ਆਪਣੀ ਮਿਹਨਤ ਸਦਕਾ ਉੱਚੇ ਮੁਕਾਮ ਪ੍ਰਾਪਤ ਕਰ ਲਏ ਹਨ ਪਰ ਉਸ ਨੂੰ ਮਰਦ ਪ੍ਰਧਾਨ ਸਮਾਜ ਅੱਜ ਵੀ ਗੁਲਾਮ ਸਮਝਦਾ ਹੈ। ਅੱਜ ਦੀ ਔਰਤ ਜਿਹੜੀ ਗੁਲਾਮੀ ਹੰਢਾ ਰਹੀ ਹੈ, ਇਹ ਅਣਦਿਸਦੀ ਗੁਲਾਮੀ ਹੈ। ਔਰਤਾਂ ਨੂੰ ਬਰਾਬਰ ਸਿੱਖਿਆ ਤੇ ਮਿਹਨਤਾਨੇ, ਵੋਟ ਦਾ ਅਧਿਕਾਰ ਪ੍ਰਾਪਤ ਹਨ ਪਰ ਹਕੀਕਤ ਵਿਚ ਅੱਜ ਵੀ ਔਰਤਾਂ ਇਨ੍ਹਾਂ ਹੱਕਾਂ ਲਈ ਮਰਦਾਂ ਉੱਤੇ ਨਿਰਭਰ ਹਨ। ਔਰਤ ਸਿੱਖਿਅਤ ਤਾਂ ਹੈ ਪਰ ਉਸ ਦੀ ਜ਼ਿੰਦਗੀ ਦੀ ਲਗਾਮ ਮਰਦ ਦੇ ਹੱਥ ਵਿਚ ਹੈ। ਵਿੱਦਿਅਕ ਢਾਂਚਾ ਵੀ ਉਸ ਦੀ ਜ਼ਿੰਦਗੀ ਵਿਚ ਕੋਈ ਹਕੀਕੀ ਸਾਕਾਰਤਮਕ ਤਬਦੀਲੀ ਲਿਆਉਣ ਦੀ ਬਜਾਏ ਮਰਦ ਪ੍ਰਧਾਨ ਸਮਾਜ ਦੇ ਹੱਕ ਵਿਚ ਹੀ ਭੁਗਤ ਜਾਂਦਾ ਹੈ। ਮਜ਼ਦੂਰ ਔਰਤਾਂ, ਮਰਦਾਂ ਬਰਾਬਰ ਮਿਹਨਤ ਕਰਦੀਆਂ ਹਨ ਪਰ ਉਨ੍ਹਾਂ ਨੂੰ ਮਰਦਾਂ ਦੇ ਮੁਕਾਬਲੇ ਘੱਟ ਉਜਰਤ ਮਿਲਦੀ ਹੈ। ਔਰਤ ਨੌਕਰੀਸ਼ੁਦਾ ਤਾਂ ਹੈ ਪਰ ਉਸ ਦੀ ਤਨਖ਼ਾਹ ਤੇ ਏਟੀਐੱਮ ਉੱਤੇ ਹੱਕ ਉਸ ਦੇ ਪਤੀ ਦਾ ਹੈ। ਉਸ ਨੂੰ ਵੋਟ ਪਾਉਣ ਦਾ ਕਾਨੂੰਨੀ ਅਧਿਕਾਰ ਤਾਂ ਮਿਲਿਆ ਹੈ ਪਰ ਉਸ ਨੇ ਵੋਟ ਕਿਸ ਨੂੰ ਪਾਉਣੀ ਹੈ, ਇਹ ਉਸ ਦਾ ਪਤੀ ਜਾਂ ਪਰਿਵਾਰ ਦਾ ਮੁਖੀ ਮਰਦ ਤੈਅ ਕਰਦਾ ਹੈ। ਔਰਤ ਸਰਪੰਚ ਤਾਂ ਬਣਦੀ ਹੈ ਪਰ ਸਰਪੰਚੀ ਉਸ ਦਾ ਪਤੀ ਕਰਦਾ ਹੈ। ਇਉਂ ਹੱਕ ਪ੍ਰਾਪਤ ਹੋਣ ਦੇ ਬਾਵਜੂਦ ਦਬਦਬਾ ਮਰਦ ਪ੍ਰਧਾਨ ਸਮਾਜ ਦਾ ਹੀ ਹੈ। ਜਿਹੜੀ ਗੱਲ ਹੈਰਾਨ ਕਰਨ ਵਾਲੀ ਹੈ, ਉਹ ਇਹ ਕਿ ਔਰਤ ਇਸ ਅਰਧ ਗੁਲਾਮੀ ਤੋਂ ਸੁਚੇਤ ਨਹੀਂ। ਉਸ ਨੂੰ ਇਹ ਗੁਲਾਮੀ ਮਹਿਸੂਸ ਹੀ ਨਹੀਂ ਹੁੰਦੀ। ਅੱਜ ਵੀ ਔਰਤਾਂ ਘਰ ਦੇ ਕੰਮਾਂ, ਬੱਚੇ ਪਾਲਣ, ਪਰਿਵਾਰਕ ਜ਼ਿੰਮੇਵਾਰੀਆਂ ਚੁੱਕਣ ਨੂੰ ਹੀ ਆਪਣਾ ਅਸਲ ਧਰਮ ਮੰਨਦੀਆਂ ਹਨ। ਉਹ ਆਪਣੇ ਅਸਲ ਹੱਕਾਂ ਤੋਂ ਜਾਣੂੰ ਨਹੀਂ ਜਾਂ ਇਉਂ ਕਹਿਣਾ ਜ਼ਿਆਦਾ ਸਹੀ ਹੈ ਕਿ ਰੂੜ ਸਭਿਆਚਾਰਕ ਮਾਨਤਾਵਾਂ ਦੇ ਬਹਾਨੇ ਉਨ੍ਹਾਂ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣ ਦੇ ਮੌਕੇ ਨਹੀਂ ਦਿੱਤੇ ਜਾਂਦੇ। ਹੁਣ ਪ੍ਰਸ਼ਨ ਹੈ ਕਿ ਔਰਤ ਦੀ ਅਜਿਹੀ ਹਾਲਤ ਦਾ ਅਸਲ ਜ਼ਿੰਮੇਵਾਰ ਕੌਣ ਹੈ? ਕੀ ਸਮਾਜ ਜ਼ਿੰਮੇਵਾਰ ਹੈ ਜਾਂ ਇਸ ਦੀ ਜ਼ਿੰਮੇਵਾਰੀ ਖ਼ੁਦ ਔਰਤ ਉੱਤੇ ਵੀ ਹੈ?

ਔਰਤ ਦੀ ਇਸ ਗੁਲਾਮੀ ਦਾ ਕਾਰਨ ਮਰਦ ਪ੍ਰਧਾਨ ਸਮਾਜ ਹੈ। ਔਰਤ ਹੋਣਾ ਕੋਈ ਜੁਰਮ ਨਹੀਂ। ਕੁਦਰਤ ਮੁੰਡੇ ਕੁੜੀ ਵਿਚ ਕੋਈ ਭੇਦਭਾਵ ਨਹੀਂ ਕਰਦੀ ਪਰ ਸਮਾਜ ਵਿਚ ਔਰਤਾਂ ਲਈ ਵਿਤਕਰੇ ਵਾਲਾ ਦ੍ਰਿਸ਼ਟੀਕੋਣ ਹੀ ਅਪਨਾਇਆ ਜਾਂਦਾ ਹੈ। ਔਰਤ ਦੇ ਗਰਭਵਤੀ ਹੋਣ ਤੇ ਪੁੱਤਰ ਦੀ ਆਸੀਸ ‘ਦੁੱਧੋ ਨਹਾਉ, ਪੁੱਤੋ ਫਲੋ’ ਦਿੱਤੀ ਜਾਂਦੀ ਹੈ। ਪੁੱਤਰ ਪ੍ਰਾਪਤੀ ਲਈ ਪਰਿਵਾਰ ਸੌ ਤਰ੍ਹਾਂ ਦੇ ਆਡੰਬਰ ਕਰਦਾ ਹੈ। ਕੁੜੀ ਦੇ ਜਨਮ ਉੱਤੇ ਘਰਾਂ ਵਿਚ ਸੋਗ ਛਾ ਜਾਂਦਾ ਹੈ।

ਕੁੜੀ ਤੇ ਮੁੰਡੇ ਵਿਚਲਾ ਫਰਕ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਕੁੜੀ ਨੂੰ ਜਨਮ ਤੋਂ ਹੀ ਔਰਤ ਬਣਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸੁਮੇਨ ਦਾ ਬੂਵੇਅਰ ਦਾ ਕਥਨ ਬਿਲਕੁਲ ਸੱਚ ਹੈ ਕਿ ‘ਔਰਤ ਜੰਮਦੀ ਨਹੀਂ, ਉਸ ਨੂੰ ਔਰਤ ਬਣਾਇਆ ਜਾਂਦਾ ਹੈ।’ ਮਾਪਿਆਂ ਦੁਆਰਾ ਕੁੜੀ ਉੱਤੇ ਉੱਚੀ ਬੋਲਣ, ਹੱਸਣ, ਅੰਦਰ ਬਾਹਰ ਆਉਣ ਜਾਣ 'ਤੇ ਪਾਬੰਦੀ, ਘਰ ਦੇ ਕੰਮ ਸਿੱਖਣ ਆਦਿ ਬੰਦਿਸ਼ਾਂ ਲਗਾਈਆਂ ਜਾਂਦੀਆਂ ਹਨ। ਉਸ ਨੂੰ ਜਨਮ ਤੋਂ ਹੀ ਬੇਗ਼ਾਨੇ ਘਰ ਜਾਣ ਲਈ ਤਿਆਰ ਕੀਤਾ ਜਾਂਦਾ ਹੈ ਅਤੇ ਦੂਜੇ ਉੱਪਰ ਨਿਰਭਰ ਰਹਿਣ ਦੀ ਆਦਤ ਪਾਈ ਜਾਂਦੀ ਹੈ ਜਿਸ ਕਾਰਨ ਉਸ ਦੇ ਨਾਰੀਤਵ ਦਾ ਘਾਣ ਹੁੰਦਾ ਹੈ। ਕੁੜੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਤਾਂ ਦਿੱਤਾ ਜਾਂਦਾ ਹੈ ਪਰ ਨਾਲ ਹੀ ਉਨ੍ਹਾਂ ਨੂੰ ਸਮਝਾਇਆ ਜਾਂਦਾ ਹੈ ਕਿ ਇਹ ਸਭ ਸਹੁਰੇ ਘਰ ਜਾਣ ਲਈ ਹੈ। ਉਸ ਨੂੰ ਸਿਖਾਇਆ ਜਾਂਦਾ ਹੈ ਕਿ ਪਤੀ ਤੇ ਸਹੁਰੇ ਪਰਿਵਾਰ ਦੀ ਸੇਵਾ ਹੀ ਉਸ ਲਈ ਸਭ ਕੁੱਝ ਹੈ। ਕੁੜੀ ਨੂੰ ਆਪਣੇ ਅਸਲ ਅਧਿਕਾਰਾਂ ਤੋਂ ਸੁਚੇਤ ਹੋਣ ਹੀ ਨਹੀਂ ਦਿੱਤਾ ਜਾਂਦਾ। ਮੰਨੂ ਦੇ ਸਮਾਜਿਕ ਕਾਨੂੰਨ ਅਨੁਸਾਰ ਔਰਤ ਬਚਪਨ ਤੋਂ ਬੁਢਾਪੇ ਤੱਕ ਮਰਦ ਉੱਤੇ ਨਿਰਭਰ ਰਹਿੰਦੀ ਹੈ। ਉਹ ਬਚਪਨ ਵਿਚ ਪਿਤਾ, ਭਰਾ, ਜਵਾਨੀ ਵਿਚ ਪਤੀ, ਤੇ ਬੁਢਾਪੇ ਵਿਚ ਪੁੱਤਰਾਂ ਦੇ ਅਧੀਨ ਰਹਿੰਦੀ ਹੈ। ਵਰਤਮਾਨ ਸਮਿਆਂ ਵਿਚ ਵੀ ਔਰਤ ਲਈ ਇਹੀ ਦ੍ਰਿਸ਼ਟੀਕੋਣ ਅਪਣਾਇਆ ਜਾਂਦਾ ਹੈ।

ਕਿਸੇ ਵੀ ਤਰ੍ਹਾਂ ਦੇ ਹਾਲਾਤ ਲਈ ਕੋਈ ਇਕ ਧਿਰ ਪੂਰੀ ਤਰ੍ਹਾਂ ਜ਼ਿੰਮੇਵਾਰ ਨਹੀਂ ਹੋ ਸਕਦੀ। ਜਿੱਥੇ ਔਰਤ ਦੀ ਅਜਿਹੀ ਹਾਲਤ ਲਈ ਸਮਾਜ ਜ਼ਿੰਮੇਵਾਰ ਹੈ, ਉੱਥੇ ਖ਼ੁਦ ਔਰਤ ਵੀ ਆਪਣੀ ਅੰਸ਼ਕ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੀ। ਮਾਵਾਂ ਸੁਚੇਤ ਹੋਣ ਦੇ ਬਾਵਜੂਦ ਧੀਆਂ ਨੂੰ ਉਹੀ ਤ੍ਰਾਸਦੀਆਂ ਹੰਢਾਉਣ ਲਈ ਤਿਆਰ ਕਰਦੀਆਂ ਹਨ ਜਿਹੜੀਆਂ ਉਨ੍ਹਾਂ ਨੇ ਆਪ ਹੰਢਾਈਆਂ ਹੁੰਦੀਆਂ ਹਨ। ਅੱਜ ਦੀ ਔਰਤ ਸਿੱਖਿਅਤ ਅਤੇ ਆਰਥਿਕ ਤੌਰ 'ਤੇ ਆਤਮ ਨਿਰਭਰ ਤਾਂ ਹੈ ਪਰ ਇਸ ਦੇ ਬਾਵਜੂਦ ਉਸ ਦੇ ਜੀਵਨ ਵਿਚ ਕੋਈ ਬਹੁਤਾ ਬਦਲਾਓ ਨਹੀਂ ਆਇਆ। ਉਹ ਅੱਜ ਵੀ ਘਰ ਸੰਭਾਲਣ, ਬੱਚੇ ਪਾਲਣ ਤੇ ਪਰਿਵਾਰਕ ਫ਼ੈਸਲਿਆਂ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਨੂੰ ਹੀ ਆਪਣਾ ਅਸਲੀ ਧਰਮ ਸਮਝਦੀ ਹੈ। ਇਸ ਤੋਂ ਬਿਨਾ ਉਸ ਨੂੰ ਆਪਣੀ ਜ਼ਿੰਦਗੀ ਦੇ ਕੋਈ ਮਾਇਨੇ ਨਹੀਂ ਲੱਗਦੇ। ਉਹ ਸਰੀਰਕ ਤੇ ਮਾਨਸਿਕ ਦੋਵਾਂ ਪੱਧਰਾਂ 'ਤੇ ਤ੍ਰਾਸਦੀ ਹੰਢਾਉਂਦੀ ਹੈ।

ਔਰਤ ਨੂੰ ਆਜ਼ਾਦੀ ਤੇ ਆਪਣੇ ਹੋਰ ਮਨੁੱਖੀ ਹੱਕ ਪ੍ਰਾਪਤ ਕਰਨ ਲਈ ਸਭ ਤੋਂ ਪਹਿਲਾਂ ਜਾਗਰੂਕ ਹੋਣ ਦੀ ਜ਼ਰੂਰਤ ਹੈ। ਅਜਿਹਾ ਨਹੀਂ ਕਿ ਔਰਤਾਂ ਵਿਚ ਚੇਤਨਾ ਦੀ ਕਮੀ ਹੈ, ਕੁਝ ਇਸਤਰੀਆਂ ਆਪਣੇ ਹੱਕਾਂ ਲਈ ਚੇਤਨ ਹਨ ਤੇ ਨਿਡਰਤਾ ਨਾਲ ਇਨ੍ਹਾਂ ਦੀ ਪ੍ਰਾਪਤੀ ਲਈ ਸਮਾਜ ਨਾਲ ਦੋ ਹੱਥ ਵੀ ਹੋ ਰਹੀਆਂ ਹਨ।       

ਰਾਜਿੰਦਰ ਰਾਣੀ ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ

ਮਾਂ ਨਾਲ ਵਾਅਦਾ (ਮਿੰਨੀ ਕਹਾਣੀ) ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ

                ਮਾਂ ਦੇ ਸਸਕਾਰ ਤੋਂ ਬਾਅਦ ਅੱਜ ਤੀਜੇ ਦਿਨ ਸੁਜਾਤਾ ਦੀ ਮਾਂ ਦਾ ਭੋਗ ਸੀ। ਉਹ  ਮਸਾਂ ਹੀ ਗੁਰਦੁਆਰਾ ਸਾਹਿਬ ਪਹੁੰਚੀ।ਮੱਥਾ ਟੇਕਦਿਆਂ ਗੁਰੂ ਜੀ ਦੇ ਚਰਨਾਂ 'ਚ ਪਈ ਮਾਂ ਦੀ ਤਸਵੀਰ ਦੇਖਦਿਆਂ ਉਸ ਦੀ ਭੁੱਬ  ਨਿਕਲ ਗਈ ਤੇ ਉਹ ਆਪਣੇ ਆਪ ਨੂੰ ਕਾਬੂ ਕਰਦੀ ਇੱਕ ਨੁੱਕਰ ਤੇ ਜਾ ਬੈਠੀ। ਰਾਗੀਆਂ ਵੱਲੋਂ ਵੈਰਾਗਮਈ ਕੀਰਤਨ ਚੱਲ ਰਿਹਾ ਸੀ। ਉਸਦੇ  ਹੰਝੂ ਰੁਕ ਨਹੀਂ ਰਹੇ ਸਨ।

           ਉਸਨੇ ਦੇਖਿਆ ਉਸਦੀਆਂ ਚਾਰੇ ਭਰਜਾਈਆਂ ਵੰਨ- ਸੁਵੰਨੇ ਸੂਟਾਂ 'ਚ ਮੈਚਿੰਗ ਲਿਪਸਟਿਕ ਲਾਈ ਉਸਦੇ  ਕੋਲ ਹੀ ਬੈਠੀਆਂ ਸਨ। ਪਿੱਛੇ ਬੈਠੇ ਰਿਸ਼ਤੇਦਾਰ ਤੇ ਹੋਰ ਲੋਕ ਆਪਣੀਆਂ ਗੱਲਾਂ ਵਿਚ ਮਸ਼ਰੂਫ ਹਨ। ਬਿਲਕੁਲ ਪਿੱਛੇ ਬੈਠੀਆਂ ਔਰਤਾਂ  ਤਾਂ ਗੱਲਾਂ ਕਰਦੀਆਂ ਹੱਸ ਵੀ ਰਹੀਆਂ ਸਨ।

          ਇਨੇ ਨੂੰ ਸਟੇਜ ਤੇ ਬੁਲਾਰੇ ਭਾਸ਼ਣ ਦੇਣ ਲੱਗੇ। ਸੁਜਾਤਾ ਸਭ ਦੀਆਂ ਗੱਲਾਂ ਧਿਆਨ ਨਾਲ ਸੁਣ ਰਹੀ ਸੀ। ਬੁਲਾਰੇ ਆਲੇ-ਦੁਆਲੇ ਦੀਆਂ ਗੱਲਾਂ ਕਰਦੇ ਉਸਦੇ ਭਰਾਵਾਂ ਦੀਆਂ ਸਿਫਤਾਂ ਦੇ ਪੁਲ ਬੰਨ੍ਹ ਰਹੇ ਸਨ। ਜਿਸਨੂੰ ਸੁਣ- ਸੁਣ ਕੇ ਸਭ ਤੋਂ ਅੱਗੇ ਬੈਠੇ ਉਸਦੇ  ਚਾਰੇ ਭਰਾ ਖ਼ੁਸ਼ ਨਜ਼ਰ ਆ ਰਹੇ ਸਨ। ਪਰ ਉਸਦੀ  ਮਾਂ ਬਾਰੇ ਕੋਈ ਕੁਝ ਨਹੀਂ ਬੋਲ ਰਿਹਾ ਸੀ। ਸੁਜਾਤਾ ਦਾ ਦਿਲ ਕੀਤਾ ਕਿ ਉਹ ਹੁਣੇ ਉੱਠ  ਕੇ ਭਾਸ਼ਣ ਦੇਣ ਵਾਲੇ ਤੋਂ ਮਾਈਕ ਖੋਹ ਲਵੇ ਤੇ ਚੀਕ- ਚੀਕ ਕੇ ਸਾਰੀ ਸੰਗਤ ਨੂੰ ਦੱਸੇ ਕਿ ਸਾਡੇ ਪਿਓ ਦੇ ਮਰਨ ਤੋਂ ਬਾਅਦ ਕਿਵੇਂ ਸਾਡੀ ਮਾਂ ਨੇ ਮਿਹਨਤ- ਮੁਸ਼ੱਕਤ ਕਰ -ਕਰਕੇ ਸਾਨੂੰ ਪੰਜ ਭੈਣਾਂ ਭਰਾਵਾਂ ਨੂੰ ਪਾਲ਼ਿਆ, ਪੜ੍ਹਇਆ ਤੇ ਸਾਡੇ ਵਿਆਹ ਕੀਤੇ। ਹਰ ਪਲ , ਹਰ ਕਦਮ‌ ਤੇ ਉਸਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ। ਪਰ...... ਉਹ ਚਾਹ ਕੇ ਵੀ ਕੁਝ ਨਾ ਬੋਲ ਸਕੀ।

         ਭੋਗ ਤੋਂ ਬਾਅਦ ਸਾਰੀ ਸੰਗਤ ਲੰਗਰ ਹਾਲ ਵੱਲ ਚਲੀ ਪਈ ਸੀ। ਸਾਰੇ ਆਪਸ ਵਿੱਚ ਗੱਲਾਂ ਕਰਦੇ ਤੁਰਦੇ- ਤੁਰਦੇ  ਹੱਸਦੇ ਜਾ ਰਹੇ ਸਨ। ਸੁਜਾਤਾ ਨੂੰ ਤਾਂ ਲੱਗ ਹੀ ਨਹੀਂ ਸੀ ਰਿਹਾ ਕਿ ਇਹ ਸਾਰੇ ਉਸਦੀ ਮਾਂ ਦੇ ਭੋਗ ਤੇ.....। ਸੁਜਾਤਾ ਵੀ ਬੋਝਲ ਕਦਮਾਂ ਨਾਲ ਲੰਗਰ ਹਾਲ ਵੱਲ ਚੱਲ ਪਈ।

         ਲੰਗਰ ਹਾਲ 'ਚ ਵੀ ਵਿਆਹ ਵਰਗਾ ਮਾਹੌਲ ਸੀ। ਮੇਜ਼ਾਂ ਤੇ ਖਾਣੇ ਦਾ ਪ੍ਰਬੰਧ ਸੀ ਤੇ ਲੋਕ ਕੁਰਸੀਆਂ ਤੇ ਬੈਠੇ ਖਾਣਾ ਖਾ ਰਹੇ ਸਨ। ਸੁਜਾਤਾ ਨੂੰ ਸਭ ਤੋਂ ਵੱਧ ਦੁੱਖ ਤਾਂ ਉਦੋਂ ਹੋਇਆ ਜਦ ਦੇਖਿਆ ਉਸਦੇ ਭਰਾ ਆਪਣੇ ਯਾਰਾਂ- ਮਿੱਤਰਾਂ ਨਾਲ ਖੜ੍ਹੇ ਹੱਸ ਰਹੇ ਸਨ। ਇਹ ਅੱਜ ਦੇ ਦਿਨ ਤਾਂ ਮਾਂ ਨੂੰ.......। ਤੇ ਭਰੇ ਮਨ ਨਾਲ ਸੁਜਾਤਾ ਬਿਨਾਂ ਲੰਗਰ ਖਾਧੇ ਹੀ ਗੁਰੂ ਮਹਾਰਾਜ ਦੇ ਚਰਨਾਂ 'ਚ ਪਈ ਮਾਂ ਦੀ ਤਸਵੀਰ ਲਾਗੇ ਆ ਬੈਠੀ। ਮਾਂ ਦੀ ਫੋਟੋ ਚੁੱਕ ਉਸਨੇ  ਜਿਉਂ ਹੀ ਛਾਤੀ ਨਾਲ ਲਾਈ ਉਸ ਦੀ ਭੁੱਬ ਨਿਕਲ ਗਈ। ' ਮਾਂ.... ਮਾਂ….! ਦੇਖ ਲੈ ਸਭ ਭੁੱਲ ਗਏ ਤੈਨੂੰ। ਤੈਨੂੰ ਕਹਿੰਦੀ ਸੀ ਨਾ ਮੈਂ, ਤੂੰ ਵੀ ਆਪਣੀ ਜ਼ਿੰਦਗੀ ਜੀਅ ਲੈ...ਪਰ ਨਹੀਂ... ਤੂੰ ਤਾਂ ਹਰ ਪਲ ਆਪਣੇ ਪੁੱਤਰਾਂ ਲਈ ਮਰਦੀ ਰਹੀ ਤੇ ਉਨ੍ਹਾਂ ਸਭ ਨੇ ਤੈਨੂੰ  ਵਿਸਾਰ ਵੀ ਦਿੱਤਾ।ਪਰ ਮੈਂ..... ਮੈਂ ….ਤੈਨੂੰ ਕਦੀ ਨਹੀਂ ਭੁੱਲ ਸਕਦੀ ਮਾਂ ।  ਤੇ ਨਾ ਹੀ ਤੇਰੀਆਂ ਕੁਰਬਾਨੀਆਂ ਨੂੰ। ਮੇਰੇ ਅੰਤਿਮ ਸਾਹ ਤੱਕ ਤੂੰ ਮੇਰੇ ਸੀਨੇ 'ਚ ਜੀਊਂਦੀ ਰਹੇਗੀ.... ਮੇਰੇ ਅੰਤਿਮ ਸਾਹ ਤੱਕ।' 

 

ਮਨਪ੍ਰੀਤ ਕੌਰ ਭਾਟੀਆ

ਫਿਰੋਜ਼ਪੁਰ ਸ਼ਹਿਰ

ਬੇਗਾਨੇ ਬੋਹੜ ਦੀ ਛਾਂ (ਕਹਾਣੀ) ✍️ ਰਣਬੀਰ ਸਿੰਘ ਪ੍ਰਿੰਸ

              ਲੈ ਵੀ ਲਾਣੇਦਾਰਾ ਆਹ ਦੋ ਕੁ ਮਹੀਨੇ ਔਖਾ-ਸੌਖਾ ਸੌਦਾ ਆਹ ਦਰਵਾਜ਼ੇ ਗਲ਼ੀ ਮੱਖਣ ਸੇਠ ਦੀ ਹੱਟੀਓਂ ਲੈ ਆਵੀਂ , ਉਹ ਮੁੰਡੇ ਦਾਤਾਰ ਤੋਂ ਆ ਨਹੀਂ ਹੋਣਾ। ਹਾਂ ਪੈਸੇ ਦੀ ਫ਼ਿਕਰ ਨਾ ਕਰੋ ਉਹ ਉਸ ਨੇ ਸੇਠ ਨੂੰ ਪਹੁੰਚਾ ਦਿੱਤਾ ਤੇ ਆਹ ਹਜ਼ਾਰ ਪੰਦਰਾਂ ਸੌ ਦਵਾਈਆਂ ਬੂਟੀਆਂ ਲਈ ਰੱਖ ਲਓ। ਦਾਤਾਰ ਦੇ ਕਹੇ ਅਨੁਸਾਰ ਐਕਸੀਡੈਂਟ ਵਿੱਚ ਲੱਗੀ ਸੱਟ ਦਾ ਜ਼ਿਕਰ ਕੀਤੇ ਬਗ਼ੈਰ ਇੱਕੋ ਸਾਹੇ ਬੋਲ ਕੇ ਪ੍ਰਿੰਸ ਸਮਾਨ ਰੱਖ ਤੁਰਦਾ ਬਣਿਆ। ਇਸ ਤੋਂ ਪਹਿਲਾਂ ਬਾਬਾ ਜਿਉਣਾ ਕੁਝ ਪੁੱਛ ਪਾਉਂਦਾ ਉਹ ਅੱਖੋਂ ਓਹਲੇ ਹੋ ਗਿਆ। ਬਾਬਾ ਜਿਉਣਾ ਸਮਾਨ ਸੰਭਾਲ ਦਾ ਆਪਣੀ ਪਤਨੀ ਬੇਬੇ ਮੁੱਕੋ ਨੂੰ ਕਹਿੰਦਾ ਇਹ ਅੱਜ ਕੱਲ੍ਹ ਦੇ ਜਵਾਕਾਂ ਦਾ ਵੀ ਸਰਿਆ ਪਿਆ।ਨਾ ਦੁਆ ਨਾ ਸਲਾਮ ਬਸ ਕਾਹਲ਼ੇ ਰਹਿੰਦੇ ਐ ਭੱਜਣ ਨੂੰ ਜਿਵੇਂ ਬਜ਼ੁਰਗ ਨਾ ਅਸੀਂ ਕੋਈ ਜਿੰਨ -ਭੂਤ ਹੁੰਦਿਆਂ ਵੀ ਕੋਲ਼ ਖਲੋਤਿਆਂ ਮੂੰਹ ਵਿੱਚ ਪਾ ਲਵਾਂਗੇ।

                   ਅੱਗਿਓਂ ਮੁੱਕੋ ਨੇ ਜਵਾਬ ਦਿੰਦਿਆਂ ਕਿਹਾ ਕਿ ਕਿਉਂ ਬੇਗ਼ਾਨੇ ਜਵਾਕਾਂ ਤੇ ਤਪਿਆ ਰਹਿਣਾ। ਜਦੋਂ ਤੇਰੇ ਆਪਣਿਆਂ ਨੇ ਕਦੇ ਬਾਤ ਨਹੀਂ ਪੁੱਛੀ ਫੇਰ ਇਹ ਬੇਗਾਨਿਆਂ ਤੇ ਕਾਹਦਾ ਰੋਸ ਸਰਬਣ ਦੇ ਬਾਪੂ, ਹਾਂ ਇਹ ਵੀ ਗੱਲ ਸਿਆਣੀ ਤੇਰੀ ਸੁੱਖਾਂ ਦੀ ਮਾਂ। ਨਾਲ਼ੇ ਸਿਆਣੇ ਆਂਹਦੇ ਨੇ ਪੈਸਾ ਖੋਟਾ ਆਪਣਾ ਬਾਣੀਏ ਨੂੰ ਕੀ ਦੋਸ਼। ਕਿਸਮਤ ਤਾਂ ਸਾਡੀ ਮਾੜੀ ਐ ।

 

ਧੀਆਂ ਪੁੱਤ ਪੜ੍ਹਾ ਲਿਖਾ ਕੇ,ਬਾਹਰ ਕਰਵਾ ਤੇ ਪੱਕੇ ,

ਆਪਣੀ ਜ਼ਿੰਦ ਨਿਮਾਣੀ ਤਰਸੇ, ਖਾਂਦੇ ਫਿਰਦੇ  ਧੱਕੇ। 

                 ਹਏ!ਹਏ!ਹਾਅ ਕੀ ਆਂਹਦਾ ਭਲਿਆ ਮਾਣਸਾ ਜਿਉਂਦਾ ਰਹੇ ਸਾਡਾ ਦਾਤਾਰ ਸਿਉਂ ਪੁੱਤ ਜੋ ਸਾਡੇ ਦੁੱਖ ਸੁੱਖ ਦਾ ਸਾਥੀ ਬਣ ਕੇ ਬਹੁੜਿਆ। ਨਾਲ਼ੇ ਜ਼ਰੂਰੀ ਨਹੀਂ ਕਿ ਸਰਦਾਰਾ ਆਪਣੇ ਲਾਏ ਬੂਟੇ ਹੀ ਫ਼ਲ ਤੇ ਛਾਂ ਦੇਣ ? ਕਦੇ ਕਦੇ ਬੇਗਾਨੇ ਬੋਹੜ ਵੀ ਤਪਦੀਆਂ ਧੁੱਪਾਂ 'ਚ ਰਾਹੀਆਂ ਦੇ ਸਹਾਰਾ ਬਣ ਕੇ ਸੀਨਾ ਠਾਰ ਦਿੰਦੇ ਹਨ। ਸੱਚੇ ਕਿਹਾ ਜਿਉਣ ਜੋਗੀਏ। ਮੈਂ ਤਾਂ ਤੈਨੂੰ ਐਵੇਂ ਸਮਝਦਾ ਸੀ। ਤੂੰ ਤਾਂ ਗੱਲ ਹੀ ਬੜੇ ਪਤੇ ਦੀ ਕਹਿ ਦਿੱਤੀ।ਲੈ ਕਰ ਫੇਰ ਸਾਡੇ ਸੁੱਖ ਦੁੱਖ ਦੇ ਸਾਥੀ ਦਾਤਾਰ ਪੁੱਤ ਨੂੰ ਫ਼ੋਨ। ਇੱਕ ਮਿੱਠੇ ਜਿਹੇ ਅਹਿਸਾਸ ਨਾਲ਼ ਚਿਹਰੇ ਤੇ ਖੁਸ਼ੀ ਦੇ ਉੱਕਰੇ ਭਾਵ ਤੇ ਟ.....ਰ...….ਨ...ਟਰ.......ਨ  ਦੀ ਅਵਾਜ਼ ਸੁਣਾਈ ਦਿੰਦੀ ਹੈ।

 ਰਣਬੀਰ ਸਿੰਘ ਪ੍ਰਿੰਸ

ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ ਸੰਗਰੂਰ 9872299613

ਸਿਫਾਰਿਸ਼ (ਮਿੰਨੀ ਕਹਾਣੀ ) ✍️ ਪ੍ਰੋ. ਨਵ ਸੰਗੀਤ ਸਿੰਘ

ਰੇਨੂੰ ਦੀ ਇੱਕ ਨਵੇਂ ਬਣੇ ਗਰਲਜ਼ ਕਾਲਜ ਵਿੱਚ ਲੈਕਚਰਾਰ ਵਜੋਂ ਨਿਯੁਕਤੀ ਹੋਈ ਤਾਂ ਉਹਦੇ ਬਾਰੇ ਸਾਰਿਆਂ ਦੀ ਜ਼ਬਾਨ ਤੇ ਇੱਕੋ ਗੱਲ ਸੀ ਕਿ ਉਹ ਸਥਾਨਕ ਐਮਐਲਏ ਦੀ ਭਤੀਜੀ ਹੈ। ਇਸੇਲਈ ਉਹਦੀ ਸਿਲੈਕਸ਼ਨ ਹੋਈ ਹੈ, ਨਹੀਂ ਤਾਂ ਉਸਤੋਂ ਚੰਗੇ ਹੋਰ ਕੈਂਡੀਡੇਟ ਵੀ ਸਨ। 

   ਕਾਲਜ ਦੇ ਸਾਰੇ ਕਰਮਚਾਰੀ ਉਸਦਾ ਸਤਿਕਾਰ ਕਰਦੇ, ਭਾਵੇਂ ਉਹ ਉੱਥੇ ਸਭ ਤੋਂ ਜੂਨੀਅਰ ਸੀ। ਹੋਰ ਤਾਂ ਹੋਰ ਪ੍ਰਿੰਸੀਪਲ ਵੀ ਉਸ ਨਾਲ ਵਧੀਆ ਵਿਹਾਰ ਕਰਦੀ ਕਿ ਕਦੇ ਐਮਐਲਏ ਦੀ ਲੋੜ ਪੈ ਸਕਦੀ ਹੈ। ਕਾਲਜ ਦੀ ਹੀ ਇੱਕ ਸੀਨੀਅਰ ਅਧਿਆਪਕਾ ਸਰੋਜ, ਜੋ ਰੇਨੂੰ ਦੇ ਵਿਭਾਗ ਦੀ ਮੁਖੀ ਵੀ ਸੀ, ਨੇ ਇੱਕ ਦਿਨ ਸਟਾਫ਼ ਨੂੰ ਦੱਸਿਆ, "ਜੇ ਇਹ ਐਮਐਲਏ ਦੀ ਭਤੀਜੀ ਹੁੰਦੀ ਤਾਂ ਇਹਨੇ ਇਸੇ ਕਾਲਜ ਵਿੱਚ ਲੱਗਣਾ ਸੀ? ਇਹ ਤਾਂ ਯੂਨੀਵਰਸਿਟੀ 'ਚ ਸਿਲੈਕਟ ਹੋ ਸਕਦੀ ਸੀ। ਅਸਲ ਗੱਲ ਇਹ ਹੈ ਕਿ ਇਹ ਐਮਐਲਏ ਦੇ ਪਿਤਾ ਨੂੰ ਦੂਰੋਂ-ਪਾਰੋਂ ਮਾੜਾ-ਮੋਟਾ ਜਾਣਦੀ ਹੈ, ਬੱਸ ਇਸੇ ਨਾਲ ਇਹਦਾ 'ਤੁੱਕਾ' ਲੱਗ ਗਿਆ।"

   ਹੁਣ ਸਾਰੇ ਰੇਨੂੰ ਤੋਂ ਡਰਨ ਦੀ ਥਾਂ ਉਹਨੂੰ ਚੁਭਣ ਵਾਲੀਆਂ ਨਜ਼ਰਾਂ ਨਾਲ ਵੇਖਣ ਲੱਗੇ।

          

ਪ੍ਰੋ. ਨਵ ਸੰਗੀਤ ਸਿੰਘ  

ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.

ਮੁਗ਼ਲ ਸਾਮਰਾਜ ਦੇ ਪਤਨ ਦੇ ਕੀ ਕਾਰਣ ਸਨ

ਔਰੰਗਜ਼ੇਬ ਮੁਗ਼ਲ ਸਾਮਰਾਜ ਦਾ ਅੰਤਿਮ ਮਹਾਨ ਸਮਰਾਟ ਸੀ। ਭਾਵੇਂ ਉਸਤੋਂ ਬਾਅਦ ਵੀ ਕੁੱਝ ਉੱਤਰਾਧਿਕਾਰੀ ਹੋਏ ਪਰ ਨਿਰਬਲ ਤੇ ਅਯੋਗ ਹੋਣ ਕਰਕੇ 1740ਈਸਵੀ ਵਿੱਚ ਮੁਗ਼ਲ ਸਾਮਰਾਜ ਦਾ ਪਤਨ ਹੋਇਆ ਅਤੇ ਮਰਾਠਾ ਸਾਮਰਾਜ ਦੀ ਸਥਾਪਨਾ ਹੋਈ। ਮੁਗ਼ਲ ਸਾਮਰਾਜ ਦੇ ਅੰਦਰੂਨੀ,ਬਾਹਰੀ ਅਤੇ 1707 ਈਸਵੀ ਦੇ ਪਤਨ ਤੋਂ ਬਾਅਦ ਦੇ ਕਾਰਣ ਮੰਨੇ ਜਾਂਦੇ ਸਨ ਜਿਵੇਂ - ਮੁਗ਼ਲਾਂ ਦਾ ਤਾਨਾਸ਼ਾਹੀ ਰਾਜ, ਸਰਦਾਰਾ ਵਿੱਚ ਧੜੇਵਾਜ਼ੀ, ਹਿੰਦੂ ਵਿਰੋਧੀ ਨੀਤੀ, ਆਰਥਿਕ ਪੱਖ ਤੋਂ ਕਮਜ਼ੋਰ, ਕਿਸਾਨਾਂ ਦੀ ਤਰਸਯੋਗ ਹਾਲਤ, ਜਾਗੀਰਦਾਰੀ ਪ੍ਰਣਾਲੀ, ਸੈਨਾ ਵਿੱਚ ਕਮਜ਼ੋਰੀਆਂ ਆਦਿ । ਇਨ੍ਹਾਂ ਕਾਰਨਾਂ ਕਰਕੇ ਕਈ ਰਾਜ ਸੁਤੰਤਰ ਹੋ ਗਏ। ਨਾਦਿਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਮੁਗ਼ਲਾਂ ਦੇ ਪਤਨ ਵਿੱਚ ਅੱਗ ਉੱਪਰ ਘਿਓ ਦਾ ਕੰਮ ਕੀਤਾ।
ਇਸ ਤੋਂ ਇਲਾਵਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਜੋ 1600ਈਸਵੀ ਵਿੱਚ ਭਾਰਤ ਵਿੱਚ ਵਪਾਰ ਕਰਨ ਦੇ ਉਦੇਸ਼ ਨਾਲ ਆਈ ਸੀ ਮੁਗ਼ਲਾਂ ਦੀ ਹਾਲਤ ਨੂੰ ਦੇਖਦੇ ਹੋਏ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦਾ ਮੌਕਾ ਲੱਭ ਲਿਆ।1757  ਵਿੱਚ ਪਲਾਸੀ ਦੀ ਲੜਾਈ ਅਤੇ 1764 ਵਿੱਚ ਬਕਸਰ ਦੀ ਲੜਾਈ ਦੌਰਾਨ ਮੁਗ਼ਲ ਸਮਰਾਟ ਤੋਂ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਦਾ ਅਧਿਕਾਰ ਪ੍ਰਾਪਤ ਕਰ ਲਿਆ ਅਤੇ ਬੰਗਾਲ ਵਿਚ ਪੱਕੇ ਤੌਰ ਤੇ ਆਪਣਾ ਬ੍ਰਿਟਿਸ਼ ਸਾਮਰਾਜ ਦਾ ਨਿਰਮਾਣ ਕਰਨ ਵਿੱਚ ਸਫਲ ਹੋਏ। 
ਪੂਜਾ  ਸ਼ਹਿਰ ਰਤੀਆ

ਹਜ਼ੂਮ ਦਾ ਸ਼ਿਕਾਰ (ਮਿੰਨੀ ਕਹਾਣੀ )✍️ ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

ਦਿਹਾੜੀਦਾਰ ਸੰਦੀਪ ਅੱਜ ਜਦੋਂ ਕੰਮ ਤੇ ਜਾਣ ਲਈ ਘਰ ਤੋਂ ਨਿਕਲਿਆ ਤਾਂ ਘਰ ਦੀ ਨੇ ਬੜੀ ਆਸ ਉਮੀਦ ਨਾਲ ਸੰਦੀਪ ਨੂੰ ਕਿਹਾ ... ਦੇਖੋ ਜੀ ਅੱਜ ਤਾਂ ਬੇਬੇ ਲਈ  ਸੁਣਨ ਵਾਲੀ (ਕੰਨਾਂ ਨੂੰ ਲਗਾਉਣ ਵਾਲੀ) ਮਸ਼ੀਨ ਜ਼ਰੂਰ ਲੈ ਕੇ ਆਇਓ ਜੀ...ਮੇਰਾ ਤਾਂ ਉੱਚੀ ਉੱਚੀ ਬੋਲ ਕੇ ਸਿਰ ਦੁਖਣ ਲੱਗ ਪੈਂਦਾ ਹੈ ਪਰ ਬੇਬੇ ਨੂੰ ਕੁੱਝ ਸੁਣਾਈ ਨਹੀਂ ਦਿੰਦਾ.... ਰੋਟੀ ਖਾਣ ਦਾ ਪੁੱਛਦੀ ਹਾਂ ਤਾਂ ਸੋਟੀ ਸਮਝਦੀ ਹੈ, ਇਸੇ ਤਰ੍ਹਾਂ ਜਦੋਂ ਪਾਣੀ ਦਾ ਪੁੱਛਦੀ ਹਾਂ ਤਾਂ ਕਹਿੰਦੀ ਹੈ ਕਾਣੀ ਹੋਵੇਗੀ ਤੇਰੀ ਮਾਂ.... ਸੰਦੀਪ ਘਰ ਵਾਲੀ ਦੀ ਗੱਲ ਸੁਣ ਕੇ ਕੁੱਝ ਨਾ ਬੋਲਿਆ ਤੇ ਮਨ ਹੀ ਮਨ ਸੋਚਣ ਲੱਗਿਆ... ਇਹਨਾਂ ਦਾ (ਘਰਵਾਲੀ ਤੇ ਮਾਂ) ਕੋਈ ਕਸੂਰ ਨਹੀਂ ਹੈ, ਦੋਨੋਂ ਆਪਣੀ ਜਗ੍ਹਾ ਸਹੀ ਹਨ... ਮਾਂ ਵਿਚਾਰੀ ਤਾਂ ਬੁਢਾਪੇ ਕਾਰਣ ਕੰਨਾਂ ਤੋਂ ਬੋਲੀ਼ ਹੋ ਗਈ ਹੈ ਤੇ ਇਸਨੂੰ ਆਪਣੀ ਜ਼ਿੰਮੇਵਾਰੀ  ਨਿਭਾਉਣ ਦੇ ਬਾਵਜੂਦ ਵੀ ਬੇਬੇ ਤੋਂ ਉੱਚਿਤ ਮੋਹ ਨਹੀਂ ਮਿਲਦਾ...ਇਹ ਕੁੱਝ ਹੋਰ ਕਹਿੰਦੀ ਹੈ ਤੇ ਬੇਬੇ ਨੂੰ ਕੁੱਝ ਹੋਰ ਹੀ ਸੁਣਦਾ ਹੈ... ਸੰਦੀਪ ਨੂੰ ਸੋਚਾਂ ਵਿੱਚ ਦੇਖਕੇ ਸੰਦੀਪ ਦੀ ਘਰਵਾਲੀ  ਨੇ ਸੰਦੀਪ ਨੂੰ ਹਲੂਣਾ ਜਿਹਾ ਦਿੱਤਾ.... ਸੰਦੀਪ ਇੱਕਦਮ ਆਪਣੀ ਘਰਵਾਲੀ ਵਾਲੀ ਵੱਲ ਦੇਖ ਕੇ ਕਹਿਣ ਲੱਗਾ, ਫ਼ਿਕਰ ਨਾ ਕਰ ਭਾਗਵਾਨੇ.. ਮੇਰੇ ਕੋਲ ਕੁੱਝ ਪੈਸੇ ਜੋੜ ਕੇ ਰੱਖੇ ਹੋਏ ਹਨ ਤੇ ਅੱਜ ਦੀ ਦਿਹਾੜੀ ਤੱਕ ਪਿਛਲੇ ਸਾਰੇ ਹਫ਼ਤੇ ਦੇ ਪੈਸੇ ਠੇਕੇਦਾਰ ਤੋਂ ਲੈ ਕੇ ਬੇਬੇ ਲਈ ਕੰਨਾਂ ਵਾਲ਼ੀ ਮਸ਼ੀਨ ਲੈ ਕੇ ਹੀ ਘਰ ਆਵਾਂਗਾ.. ਏਨਾ ਕਹਿ ਸੰਦੀਪ ਸਾਈਕਲ ਤੇ ਬੈਠ ਪੈਡਲ ਮਾਰਦਾ ਸ਼ਹਿਰ ਵੱਲ ਨੂੰ ਹੋ ਤੁਰਿਆ....

     ਦੁਪਹਿਰ ਦੇ ਖਾਣੇ ਵੇਲੇ ਸੰਦੀਪ ਨੇ ਠੇਕੇਦਾਰ ਨੂੰ ਗੁਜ਼ਾਰਿਸ਼ ਕੀਤੀ.... ਠੇਕੇਦਾਰ ਸਾਹਿਬ ਮੇਰਾ ਅੱਜ ਤੱਕ ਦਾ ਹਿਸਾਬ ਸ਼ਾਮ ਵੇਲੇ ਚੁਕਤਾ ਕਰ ਦੇਣਾ... ਮੈਂ ਬੇਬੇ ਲਈ ਕੰਨਾਂ ਵਾਲ਼ੀ ਮਸ਼ੀਨ ਤੇ ਰਾਸ਼ਨ ਲੈ ਕੇ ਘਰ ਜਾਣਾ ਹੈ... ਕੋਈ ਗੱਲ ਨਹੀਂ ਸੰਦੀਪ ਸ਼ਾਮ ਨੂੰ ਤੇਰਾ ਸਾਰਾ ਹਿਸਾਬ ਚੁਕਤਾ ਕਰ ਦੇਵਾਂਗਾ ਪਰ ਧਿਆਨ ਰੱਖੀਂ ਮੈਂ ਅਡਵਾਂਸ ਵਿੱਚ ਇੱਕ ਨਿੱਕਾ ਪੈਸਾ ਵੀ ਨਹੀਂ ਦੇ ਸਕਦਾ....

     ਸ਼ਾਮ ਹੁੰਦਿਆਂ ਹੀ ਸੰਦੀਪ ਨੇ ਠੇਕੇਦਾਰ ਤੋਂ ਪੈਸੇ ਫੜੇ ਤੇ ਸ਼ਹਿਰ ਦੀ ਵੱਡੇ ਕੰਨਾ ਵਾਲੇ ਹਸਪਤਾਲ ਵਿੱਚੋਂ ਬੇਬੇ ਲਈ ਕੰਨਾਂ ਵਾਲ਼ੀ ਮਸ਼ੀਨ ਖਰੀਦ ਕੇ ਘਰ ਨੂੰ ਹੋ ਤੁਰਿਆ... ਸਾਈਕਲ ਤੇ ਹਾਲੇ ਕੁੱਝ ਦੂਰੀ ਤੇ ਹੀ ਗਿਆ ਸੀ... ਇੱਕ ਵੱਡਾ ਹਜ਼ੂਮ ਨਾਹਰੇ ਬਾਜ਼ੀ ਕਰਦਾ ਹੋਇਆ  ਤੰਗ ਬਜ਼ਾਰ ਵਿੱਚੋਂ ਲੰਘ ਰਿਹਾ ਸੀ... ਸੰਦੀਪ ਸਾਈਕਲ ਤੋਂ ਥੱਲੇ ਉਤਰਦਾ, ਉਸਤੋਂ ਪਹਿਲਾਂ ਹੀ ਭੀੜ ਵਿੱਚ ਘਿਰ ਗਿਆ... ਇੱਕ ਦਮ ਸਾਹਮਣੇ ਪੁਲਿਸ ਪ੍ਰਸ਼ਾਸਨ ਦੇਖ ਹਜ਼ੂਮ ਵਿੱਚ ਅਫ਼ਰਾ ਤਫ਼ਰੀ ਮੱਚ ਗਈ... ਸੰਦੀਪ ਕੁੱਝ ਸਮਝਦਾ ਇਸ ਤੋਂ ਪਹਿਲਾਂ ਹੀ ਕਿਸੇ ਦੇ ਜ਼ੋਰ ਨਾਲ ਲੱਗੇ ਧੱਕੇ ਕਾਰਣ ਸੰਦੀਪ ਸਾਈਕਲ ਤੋਂ ਥੱਲੇ ਗਿਰ ਗਿਆ.... ਹਜ਼ੂਮ ਵਿੱਚ ਮਚੀ ਭਗਦੜ ਕਾਰਣ ਚੀਖ਼ ਚਿੰਘਾੜਾ ਮੱਚ ਗਿਆ.... ਕੁੱਝ ਔਰਤਾਂ ਤੇ ਬੱਚੇ ਵੀ ਇਸ ਭਗਦੜ ਦਾ ਸ਼ਿਕਾਰ ਹੋ ਗਏ (ਜੋ ਕਿ ਸ਼ਾਇਦ ਸ਼ਾਮ ਵੇਲੇ ਦੀ ਟਿਊਸਨ ਪੜ੍ਹ ਕੇ ਆਪਣੀਆਂ ਮਾਵਾਂ ਨਾਲ਼ ਘਰ ਜਾ ਰਹੇ ਸਨ)... ਇਸ ਹਫੜਾ ਦਫੜੀ ਵਿੱਚ ਸੰਦੀਪ ਦੇ ਸਾਈਕਲ ਤੇ ਟੰਗਿਆ ਬੇਬੇ ਦੀ ਕੰਨਾ ਵਾਲ਼ੀ ਮਸ਼ੀਨ ਦਾ ਲਿਫ਼ਾਫ਼ਾ ਕਿਧਰੇ ਗੁਆਚ ਗਿਆ... ਸੰਦੀਪ ਵੀ ਥੱਲੇ ਡਿੱਗਣ ਕਾਰਣ ਭੀੜ ਵਿੱਚ ਦਰੜਿਆ ਗਿਆ ਸੀ... ਕੁੱਝ ਚੋਟਾਂ ਦੇ ਨਿਸ਼ਾਨ ਚਿਹਰੇ ਤੇ ਆਪਣੀ ਛਾਪ ਛੱਡ ਚੁੱਕੇ ਸਨ... ਜਦੋਂ ਤੱਕ ਸੰਦੀਪ ਉੱਠਣ ਦੀ ਹਾਲਤ ਵਿੱਚ ਹੋਇਆ, ਸੰਦੀਪ ਦਾ ਸਾਈਕਲ ਨੁਕਸਾਨਿਆ ਜਾ ਚੁੱਕਾ ਸੀ.... ਭੀੜ ਦੇ ਟਲਦੇ ਹੀ ਸੰਦੀਪ ਸੰਭਲਿਆ ਤਾਂ ਕੀ ਦੇਖਦਾ ਹੈ ਕੁੱਝ ਲੋਕਾਂ ਨੂੰ ਗੰਭੀਰ ਚੋਟਾਂ ਵੀ ਆਈਆਂ ਸਨ... ਸੰਦੀਪ ਦਾ ਅਚਾਨਕ ਆਪਣੀ ਸਾਇਕਲ ਵੱਲ ਧਿਆਨ ਗਿਆ ਜੋ ਕਿ ਹੁਣ ਚਲਾਉਣ ਦੀ ਹਾਲਤ ਵਿੱਚ ਨਹੀਂ ਸੀ..ਤੇ ਸਾਈਕਲ ਦੇ ਹੈਂਡਲ ਤੇ ਟੰਗਿਆ ਬੇਬੇ ਦੀ ਕੰਨਾ ਵਾਲ਼ੀ ਮਸ਼ੀਨ ਵਾਲਾ ਲਿਫ਼ਾਫ਼ਾ ਗ਼ਾਇਬ ਸੀ.... ਸੰਦੀਪ ਨੂੰ ਆਪਣੀਆਂ ਸੱਟਾਂ ਤੋਂ ਵੱਧ ਦਰਦ ਬੇਬੇ ਦੀ ਕੰਨਾ ਵਾਲ਼ੀ ਮਸ਼ੀਨ ਦੇ ਗੁੰਮਣ ਦਾ ਹੋ ਰਿਹਾ....ਘਰ ਜਾ ਕੇ ਘਰਵਾਲੀ ਨੂੰ ਕੀ ਜਵਾਬ ਦੇਵਾਂਗਾ...ਉਹ ਤਾਂ ਬੇਬੇ ਦੀ ਕੰਨਾ ਵਾਲ਼ੀ ਮਸ਼ੀਨ ਦੀ ਉਡੀਕ ਕਰ ਰਹੀ ਹੋਣੀ ਹੈ... ਵਿਚਾਰਾ ਸੰਦੀਪ ਮਨ ਹੀ ਮਨ ਵਿਚਾਰ ਕਰਦਾ ਟੁੱਟੇ ਸਾਈਕਲ ਨੂੰ ਚੁੱਕ ਆਪਣੇ ਘਰ ਵੱਲ ਨੂੰ ਹੋ ਤੁਰਿਆ ਸੀ....

 

ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

ਮੋਬਾ: 991472183

ਸਰਕਾਰੀ ਰਾਸ਼ਨ ✍️ ਮਨਜੀਤ ਕੌਰ ਧੀਮਾਨ

               ਚੰਨੋ ਦੇ ਬਾਪੂ,ਆ ਗਿਆ ਏਂ। ਜਾਹ ਜਾ ਕੇ ਪਹਿਲਾਂ ਗੂਠਾ ਲਾ ਆ। ਕਹਿੰਦੇ ਸਰਕਾਰੀ ਰਾਸ਼ਣ ਮਿਲ਼ ਰਿਹਾ ਏ। ਬਿਸ਼ਨੀ ਨੇ ਘਰਵਾਲ਼ੇ ਗੁਰਦੇਵ ਦੇ ਵਿਹੜੇ ਵੜਦਿਆਂ ਕਿਹਾ।

               ਜਾ ਆਊਂਗਾ। ਅਜੇ ਤਾਂ ਮੈਂ ਬਹੁਤ ਥੱਕ ਕੇ ਆਇਆਂ ਆਂ। ਕੁੱਛ ਖਾਣ ਨੂੰ ਲਿਆ ਤੂੰ, ਬਹੁਤ ਭੁੱਖ ਲੱਗੀ ਐ। ਗੁਰਦੇਵ ਨੇ ਮੰਜੇ ਤੇ ਬੈਠਦਿਆਂ ਕਿਹਾ।

                   ਵੇ ਖਾਣ ਨੂੰ ਕੁਛ ਨੀ ਹੈਗਾ ਘਰੇ। ਤਾਂ ਹੀ ਤਾਂ ਕਹਿੰਦੀ ਆਂ ਕਿ ਪਹਿਲਾਂ ਗੇੜਾ ਮਾਰ ਆ। ਫ਼ੇਰ ਡੀਪੂ ਆਲ਼ੇ ਨੇ ਕਹਿ ਦੇਣਾ ਕਿ ਰਾਸ਼ਣ ਖਤਮ ਹੋ ਗਿਆ। ਤੂੰ ਜਾਹ ਗੂਠਾ ਲਾ ਕੇ ਰਾਸ਼ਣ ਲੈ ਆ। ਬਿਸ਼ਨੀ ਨੇ ਫ਼ਿਕਰ ਨਾਲ਼ ਕਿਹਾ।

              ਓ ਅੱਛਾ ਭਾਈ! ਲਿਆ ਫੜਾ ਕਾਗਜ਼ ਪੱਤਰ। ਜਾ ਆਉਨਾ। ਤੂੰ ਕਿਹੜਾ ਟਿੱਕਣ ਦੇਣਾ।ਸਾਰਾ ਦਿਨ ਦਿਆੜੀ ਕਰਕੇ ਸਰੀਰ ਟੁੱਟਿਆ ਪਿਆ। ਉਤੋਂ ਪੈਸੇ ਨੀ ਮਿਲ਼ੇ। ਗੁਰਦੇਵ ਉੱਠ ਕੇ ਤੁਰਦਿਆਂ ਬੋਲਿਆ।

               ਵੇ ਕੀ ਕਰਾਂ? ਮੇਰੇ ਗੋਡੇ ਚੱਲਦੇ ਹੋਣ ਤਾਂ ਆਪੇ ਜਾ ਆਵਾਂ। ਬਿਸ਼ਨੀ ਨੇ ਗੁਰਦੇਵ ਨੂੰ ਜ਼ਰੂਰੀ ਕਾਗਜ਼ ਫੜਾਉਂਦਿਆਂ ਕਿਹਾ।

                ਗੁਰਦੇਵ ਬੁੜ- ਬੁੜ੍ਹ ਕਰਦਾ ਸਾਇਕਲ ਲੈ ਕੇ ਡੀਪੂ ਵੱਲ ਚੱਲ ਪਿਆ।

               ਲੈ ਪੁੱਤਰਾ, ਮੈਨੂੰ ਵੀ ਰਾਸ਼ਣ ਦਈਂ। ਸੁਣਿਆ ਰਾਸ਼ਣ ਆਇਆ ਸਰਕਾਰੀ। ਗੁਰਦੇਵ ਨੇ ਕਾਗਜ਼ ਡੀਪੂ ਵਾਲ਼ੇ ਨੂੰ ਫੜਾਉਂਦਿਆਂ ਕਿਹਾ।

                   ਰਾਸ਼ਨ ਤਾਂ ਆਇਆ ਸੀ ਬਾਪੂ ਜੀ, ਪਰ ਤੁਸੀਂ ਬੜੇ ਲੇਟ ਹੋ ਗਏ ਹੋ। ਹੁਣ ਤਾਂ ਰਾਸ਼ਨ ਖ਼ਤਮ ਹੋ ਗਿਆ। ਤੁਸੀਂ ਅਗਲੀ ਵਾਰ ਆਇਓ। ਡੀਪੂ ਵਾਲ਼ੇ ਨੇ ਕਿਹਾ।

                     ਨਾ ਨਾ ਪੁੱਤਰ, ਇੰਝ ਨਾ ਆਖ। ਸਾਡੇ ਘਰੇ ਤਾਂ ਕੁੱਛ ਖਾਣ ਨੂੰ ਹੈ ਨੀ ਅੱਜ, ਗੁਰਦੇਵ ਨੇ ਤਰਲਾ ਜਿਹਾ ਕੀਤਾ।

               ਬਾਪੂ ਜੀ, ਰਾਸ਼ਨ ਤਾਂ ਖ਼ਤਮ ਹੈ। ਪਰ ਮੈਂ ਤੁਹਾਨੂੰ ਆਪਣੇ ਕੋਲੋਂ ਦੇ ਦਿੰਦਾ ਹਾਂ ਜਿੰਨਾਂ ਹੋ ਸਕੇ। ਡੀਪੂ ਵਾਲ਼ੇ ਨੇ ਦਰਿਆਦਿਲੀ ਦਿਖਾਈ।

                  ਕੋਈ ਨਾ ਪੁੱਤਰਾ, ਗੁਜ਼ਾਰਾ ਚੱਲ ਜੂ। ਗੁਰਦੇਵ ਨੇ ਬੇਬਸੀ ਨਾਲ਼ ਕਿਹਾ।

                  ਆਹ ਲਓ,ਫ਼ੇਰ ਲਾਓ ਅੰਗੂਠਾ। ਡੀਪੂ ਵਾਲ਼ੇ ਨੇ ਮਸ਼ੀਨ ਅੱਗੇ ਕਰਦਿਆਂ ਕਿਹਾ।     ਗੁਰਦੇਵ ਨੇ ਅੰਗੂਠਾ ਲਗਾਇਆ ਤਾਂ ਡੀਪੂ ਵਾਲ਼ੇ ਨੇ 60 ਕਿੱਲੋ ਦੀ ਪਰਚੀ ਕੱਟ ਕੇ ਆਪਣੇ ਦਰਾਜ਼ ਵਿੱਚ ਰੱਖ ਲਈ ਤੇ ਬਾਪੂ ਨੂੰ 40 ਕੁ ਕਿੱਲੋ ਕਣਕ ਤੋਲ ਕੇ ਦੇ ਦਿੱਤੀ।

                ਜਿਉਂਦਾ ਰਹਿ ਪੁੱਤਰਾ, ਜੁੱਗ ਜੁੱਗ ਜੀਅ, ਜਵਾਨੀਆਂ ਮਾਣ...... ਅਸੀਸਾਂ ਦਿੰਦਾ ਬਾਪੂ ਚੱਕੀ ਵੱਲ ਤੁਰ ਪਿਆ।

             ਚੱਕੀ ਤੇ ਆ ਕੇ ਬਾਪੂ ਨੇ ਬੋਰੀ ਰੱਖੀ ਤੇ ਚੱਕੀ ਵਾਲ਼ੇ ਨੇ ਤੋਲ ਕੇ ਕਿਹਾ....

ਬਾਪੂ ਪੈਂਤੀ ਕਿੱਲੋ ਆ। ਪੀਹ ਦਿਆਂ।

              ਪੈਂਤੀ ਕਿੱਲੋ...? ਪਰ ਡੀਪੂ ਵਾਲ਼ੇ ਨੇ ਕੰਡੇ ਤੇ ਚਾਲ਼ੀ ਕਿੱਲੋ ਦਿਖਾਈ ਸੀ ਪੁੱਤਰਾ। ਬਾਪੂ ਨੇ ਸੋਚਦਿਆਂ ਕਿਹਾ।

              ਆਹ ਵੀ ਕੰਡੇ ਤੇ ਰੱਖੀ ਆ ਬਾਪੂ। ਤੇਰੇ ਸਾਹਮਣੇ ਆ। ਮੈਂ ਕਿਹੜਾ ਵਿੱਚੋਂ ਕੁੱਝ ਲੈਣਾ! ਚੱਕੀ ਵਾਲ਼ੇ ਨੇ ਕੰਡੇ ਵੱਲ ਇਸ਼ਾਰਾ ਕਰਦਿਆਂ ਕਿਹਾ।

                   ਠੀਕ ਐ ਭਾਈ, ਪੀਹ ਦੇ। ਘਰੇ ਤਾਂ ਆਟਾ ਨੀ ਹੈਗਾ। ਕਹਿ ਕੇ ਬਾਪੂ ਇੱਕ ਪਾਸੇ ਲੱਗੇ ਬੈਂਚ ਤੇ ਬੈਠ ਕੇ ਆਟਾ ਪਿੱਸਣ ਦੀ ਉਡੀਕ ਕਰਨ ਲੱਗਾ।

 

ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ  ਸੰ:9464633059

ਅਸਲੀਅਤ ( ਮਿੰਨੀ ਕਹਾਣੀ  ) ✍️ ਪ੍ਰੋ. ਨਵ ਸੰਗੀਤ ਸਿੰਘ

ਕੁਝ ਵਰ੍ਹੇ ਪਹਿਲਾਂ ਗਰਮੀਆਂ ਵਿੱਚ ਪਰਿਵਾਰ ਨਾਲ ਇੱਕ ਠੰਢੇ ਰਾਜ ਵਿੱਚ ਜਾਣ ਦਾ ਮੌਕਾ ਮਿਲਿਆ। ਉੱਥੋਂ ਦੇ ਲੋਕਾਂ ਦੀ ਆਓ-ਭਗਤ ਵੇਖ ਕੇ ਦਿਲ ਬਾਗ਼ੋ-ਬਾਗ਼ ਹੋ ਗਿਆ। ਅਸੀਂ ਜਿੱਥੇ ਵੀ ਜਾਂਦੇ, ਉੱਥੋਂ ਦੇ ਬਾਸ਼ਿੰਦੇ ਸਾਡੀ ਬਰਾਦਰੀ ਦੀ ਸ਼ਾਨ ਵਿੱਚ ਖ਼ੂਬ ਕਸੀਦੇ ਪੜ੍ਹਦੇ। ਅਸੀਂ ਉਨ੍ਹਾਂ ਦੀ ਮਹਿਮਾਨ-ਨਵਾਜ਼ੀ ਤੋਂ ਬਹੁਤ ਪ੍ਰਭਾਵਿਤ ਹੋਏ। ਵਾਪਸ ਆਪਣੇ ਰਾਜ ਵਿੱਚ ਪਰਤਿਆ ਤਾਂ ਕਲਾਸ ਵਿੱਚ ਵਿਦਿਆਰਥੀਆਂ ਨੂੰ ਉਸ ਰਾਜ ਦੇ ਵਾਸੀਆਂ ਦੀ ਮਿਲਵਰਤਣ ਤੇ ਸਦਭਾਵਨਾ ਬਾਰੇ ਢੇਰ ਸਾਰੀਆਂ ਗੱਲਾਂ ਦੱਸੀਆਂ। ਇੱਕ ਦਿਨ ਇਵੇਂ ਹੀ ਕੁਝ ਦੋਸਤਾਂ ਨਾਲ ਉਸ ਵਿਸ਼ੇਸ਼ ਰਾਜ ਬਾਰੇ ਗੱਲਾਂ ਕਰਦਿਆਂ ਮੈਂ ਫੇਰ ਉੱਥੋਂ ਦੇ ਲੋਕਾਂ ਦੀਆਂ ਸਿਫ਼ਤਾਂ ਕੀਤੀਆਂ ਤਾਂ ਨਾਲ ਬੈਠੇ ਗੁਰਪ੍ਰੀਤ ਨੇ ਵਿਅੰਗਾਤਮਕ ਹਾਸਾ ਹੱਸਦਿਆਂ ਕਿਹਾ, "ਤੁਹਾਡਾ ਵਹਿਮ ਹੀ ਹੈ ਪ੍ਰੋਫ਼ੈਸਰ ਸਾਬ! ਅਸਲ ਵਿੱਚ ਉਹ ਸਾਰੇ ਹੀ ਟੂਰਿਸਟਾਂ ਦੀ ਕਦਰ ਕਰਦੇ ਹਨ ਤੇ ਉਹ ਵੀ ਇਸਲਈ ਕਿ ਉਨ੍ਹਾਂ ਦੀ ਆਰਥਿਕਤਾ ਸੈਲਾਨੀਆਂ ਤੇ ਹੀ ਨਿਰਭਰ ਹੈ।" ਮੇਰੇ ਵੱਲੋਂ ਹੋਰ ਪੁੱਛਣ ਤੇ ਉਹਨੇ ਦੱਸਿਆ ਕਿ "ਮੈਨੂੰ ਪੰਜ-ਛੇ ਵਾਰ ਉੱਥੇ ਜਾਣ ਦਾ ਮੌਕਾ ਮਿਲਿਆ ਹੈ ਤੇ ਮੈਂ ਉਨ੍ਹਾਂ ਨੂੰ ਨੇੜੇ ਤੋਂ ਵੇਖਿਐ। ਉਹ ਹਰ ਯਾਤਰੀ ਨੂੰ ਗਲਵੱਕੜੀ 'ਚ ਲੈਂਦੇ ਨੇ ਤੇ ਪਿੱਛੋਂ ਜਦੋਂ ਹੋਰ ਫਿਰਕੇ ਦੇ ਬੰਦੇ ਨੂੰ ਮਿਲਦੇ ਨੇ ਤਾਂ ਪਹਿਲਾਂ ਮਿਲੇ ਵਿਅਕਤੀ ਦੀ ਛੋਹ ਨੂੰ ਕੱਪੜਿਆਂ ਤੋਂ ਝਾੜਦੇ ਹੋਏ ਅਗਲੇ ਨਾਲ ਬਗਲਗੀਰ ਹੋ ਜਾਂਦੇ ਨੇ...।" ਹੁਣ ਮੈਂ ਦੁਬਿਧਾ ਵਿੱਚ ਸਾਂ, ਅਸਲੀਅਤ ਜਾਣਨ ਪਿੱਛੋਂ...।

ਪ੍ਰੋ. ਨਵ ਸੰਗੀਤ ਸਿੰਘ 

 ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ- 151302 (ਬਠਿੰਡਾ) 9417692015.

ਧਰਨਾ ਪ੍ਰਦਰਸ਼ਨ  ✍️ ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ ਧਰਨਾ ਪ੍ਰਦਰਸ਼ਨ ਪ੍ਰਸ਼ਾਸਨ ਦਾ ਧਿਆਨ ਖਿੱਚਣ ਲਈ ਮੁੱਖ ਸਰੋਤ ਬਣਿਆ ਚੁੱਕਿਆ ਹੈ, ਹੱਕਾ ਲਈ ਆਵਾਜ਼ ਬੁਲੰਦ ਕਰਨਾ ਕੋਈ ਮਾੜੀ ਗੱਲ ਨਹੀਂ ਹੈ, ਚੁੱਪ ਰਹਿਣਾ ਕਾਇਰਤਾ ਦੀ ਨਿਸ਼ਾਨੀ ਮੰਨੀ ਜਾਂਦੀ ਹੈ ਤੇ ਚੁੱਪ ਰਹਿ ਕੇ ਜ਼ੁਲਮ ਦੇ ਖਿਲਾਫ਼ ਜੰਗ ਵੀ ਨਹੀਂ ਜਿੱਤੀ ਜਾ ਸਕਦੀ, ਸੰਘਰਸ਼ ਕਰਨ ਨਾਲ ਹੀ ਮੁਕਾਮ ਤੇ ਪਹੁੰਚਿਆ ਜਾ ਸਕਦਾ ਹੈ.....

     ਥੋੜਾ ਸਮਾਂ ਪਿੱਛੇ ਝਾਤੀ ਮਾਰੀਏ ਤਾਂ ਸਾਡੇ ਦੇਸ਼ ਵਿੱਚ ਸਰਕਾਰ ਵੱਲੋਂ ਕਿਸਾਨਾਂ ਤੇ ਲਗਾਏ ਕਾਲ਼ੇ ਕਾਨੂੰਨਾਂ ਦੇ ਵਿਰੋਧ ਵਿੱਚ ਅੰਨਦਾਤਾ ਵੱਲੋਂ ਸੰਘਰਸ਼ਮਈ ਰਸਤਾ ਅਖ਼ਤਿਆਰ ਕੀਤਾ ਗਿਆ ਸੀ, ਹੋਲ਼ੀ ਹੋਲ਼ੀ ਇਸ ਕਿਸਾਨੀ ਸੰਘਰਸ਼ ਵੱਲ ਸਮਾਜਿਕ ਜਥੇਬੰਦੀਆਂ ਤੇ ਧਾਰਮਿਕ ਜਥੇਬੰਦੀਆਂ ਜੁੜਦੀਆਂ ਚਲੀਆਂ ਗਈਆਂ ਸਨ, ਦੇਸ਼ ਵਿੱਚ ਸਰਕਾਰ ਦੇ ਵਿਰੋਧ ਹੋ ਰਹੇ ਇਸ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨ ਲਈ ਵਿਦੇਸ਼ ਦੇ ਉਹ ਭਾਰਤੀ ਵੀ ਸਿੱਧੇ ਜਾਂ ਅਸਿੱਧੇ ਤੌਰ ਤੇ ਨਾਲ਼ ਜੁੜਦੇ ਚਲੇ ਗਏ ਸਨ ਜਿਹਨਾਂ ਨੂੰ ਸਰਕਾਰ ਵੱਲੋਂ ਕਿਸਾਨਾਂ ਤੇ ਥਾਪੇ ਕਾਲ਼ੇ ਕਾਨੂੰਨ ਗ਼ਲਤ ਲੱਗੇ, ਵਕੀਲਾਂ ਦੇ ਵਫ਼ਦ ਵੀ ਕਿਸਾਨੀ ਸੰਘਰਸ਼ ਨੂੰ ਹਮਾਇਤ ਕਰਨ ਲਈ ਅੱਗੇ ਆਏ ਸਨ... ਇੱਕ ਚੰਗੀ ਵਿਉਂਤ ਬੰਧੀ ਸਦਕਾ ਅਖੀਰ ਵਿੱਚ ਸਰਕਾਰ ਨੇ ਕਿਸਾਨਾਂ ਨਾਲ਼ ਆਪਣੀ ਸਹਿਮਤੀ ਜਤਾਈ ਤੇ ਕਾਲ਼ੇ ਕਾਨੂੰਨਾਂ ਨੂੰ ਵਾਪਸ ਲੈਣ ਦਾ ਹੁਕਮ ਜਾਰੀ ਕੀਤਾ ਸੀ....

    ਇਹ ਤਾਂ ਸੀ ਇੱਕ ਸ਼ਾਂਤਮਈ ਢੰਗ ਨਾਲ ਲਗਾਇਆ ਉਹ ਧਰਨਾ ਜਿਸਨੂੰ ਦੁਨੀਆਂ ਨੇ ਸਲਾਹਿਆ.... 

     ਪਰ ਜਦੋਂ ਬਿਨਾਂ ਕਿਸੇ ਸੁੱਚਜੀ ਵਿਉਂਤ ਦੇ ਕੋਈ ਧਰਨਾ ਪ੍ਰਦਰਸ਼ਨ ਵਿੱਢਿਆ ਜਾਂਦਾ ਹੈ ਤਾਂ ਉਸ ਨਾਲ ਸਰਕਾਰੀ ਤੰਤਰ ਦੇ ਨਾਲ ਨਾਲ ਆਮ ਜਨ ਜੀਵਨ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ.... ਦੇਸ਼ ਨੂੰ ਇਸ ਦੀ ਕੀਮਤ ਨੁਕਸਾਨ ਵਜੋਂ ਚੁਕਾਉਣੀ ਪੈਂਦੀ ਹੈ ਤੇ ਇਹ ਨੁਕਸਾਨ, ਜਾਨ ਮਾਲ ਤੋਂ ਲੈਕੇ ਵਿਦੇਸ਼ੀ ਤਾਕਤਾਂ ਦੇ ਹਾਵੀ ਹੋਣ ਦੇ ਰੂਪ ਵਿੱਚ ਹੁੰਦਾ ਹੈ....

   ਅਜੌਕੇ ਸਮੇਂ ਵਿੱਚ ਧਰਨਾ ਪ੍ਰਦਰਸ਼ਨ ਆਮ ਗੱਲ ਹੋ ਕੇ ਰਹਿ ਗਈ ਹੈ.... ਧਰਨੇ ਦੀ ਆੜ ਵਿੱਚ ਕੁੱਝ ਸ਼ਰਾਰਤੀ ਅਨਸਰ ਵੀ ਆ ਰਲਦੇ ਹਨ ਤੇ ਫਿਰਕੂ ਵਾਦ ਨੂੰ ਫੈਲਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ.... ਇਸਦੇ ਨਾਲ ਦੋਹਾਂ ਧਿਰਾਂ ਦਾ ਨੁਕਸਾਨ ਹੋਣ ਦਾ ਖ਼ਤਰਾ ਜ਼ਿਆਦਾ ਬਣਿਆ ਰਹਿੰਦਾ ਹੈ ਤੇ ਅਸਲ ਮੁੱਦੇ ਤੋਂ ਭਟਕ ਕੇ ਇੱਕ ਨਵਾਂ ਵਿਵਾਦ ਜਨਮ ਲੈ ਲੈਂਦਾ ਹੈ....

   ਜਦੋਂ ਕਿ ਧਰਨਾ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਲਗਾਇਆ ਜਾ ਸਕਦਾ ਹੈ.. ਬਿਨਾਂ ਕਿਸੇ ਨੂੰ ਨੁਕਸਾਨ ਪਹੁੰਚਾਇਆਂ... ਜਦੋਂ ਇੱਕ ਵਾਜਿਬ ਮੰਗ ਨੂੰ ਲੈਕੇ ਲਗਾਇਆ ਗਿਆ ਸ਼ਾਂਤਮਈ ਧਰਨਾ ਪ੍ਰਦਰਸ਼ਨ ਹੁੰਦਾ ਹੈ ਤਾਂ ਉਸ ਧਰਨਾ ਪ੍ਰਦਰਸ਼ਨ ਦੇ ਕਾਮਯਾਬ ਹੋਣ ਦੇ ਆਂਕੜੇ ਵੱਧ ਹੋ ਜਾਂਦੇ ਹਨ, ਅਜਿਹੇ ਧਰਨਾ ਪ੍ਰਦਰਸ਼ਨ ਵਿੱਚ ਸਰਕਾਰ ਅਤੇ ਮੰਗ ਕਰਨ ਵਾਲੇ ਦੋਹਾਂ ਧਿਰਾਂ ਦੇ ਨਾਲ਼ ਨਾਲ਼ ਦੇਸ਼ ਦੇ ਹਰ ਇੱਕ ਨਾਗਰਿਕ ਦਾ ਕੋਈ ਨੁਕਸਾਨ ਨਹੀਂ ਹੁੰਦਾ ਤੇ ਮਨਾਂ ਵਿੱਚ ਪਿਆਰ ਵੱਧਦਾ ਹੈ...

 ਸੋ ਸਹੀ ਤੇ ਸੁਚੱਜੇ ਢੰਗ ਨਾਲ ਪੇਸ਼ ਕੀਤੀ ਮੰਗ ਤੋਂ ਸਰਕਾਰ ਮੁਨੱਕਰ ਨਹੀਂ ਹੋ ਸਕਦੀ ਤੇ ਇੱਕ ਨਾ ਇੱਕ ਦਿਨ ਸਰਕਾਰ ਨੂੰ ਆਮ ਲੋਕਾਂ ਦੇ ਹਿੱਤ ਲਈ ਝੁੱਕਣਾ ਹੀ ਪੈਂਦਾ ਹੈ।

 ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

ਤੁਸੀਂ ਤਾਂ ਮੰਗਤੇ ਹੋ ਜੀ ✍️ ਸੁਖਵਿੰਦਰ ਕੌਰ ਫਰੀਦਕੋਟ

ਸਾਲਾਨਾ ਪੇਪਰ ਨੇੜੇ ਹੋਣ ਕਾਰਨ, ਅੰਗਰੇਜੀ ਤੇ ਸਮਾਜਿਕ ਔਖੇ ਮੰਨੇ ਜਾਂਦੇ ਵਿਸ਼ਿਆਂ ਦਾ ਰਿਜਲਟ ਵਧੀਆ ਆਵੇ। ਇਸ ਤੋਂ ਪਹਿਲਾ ਨੈਸ ਪ੍ਰੀਖਿਆ ਦਾ ਡਰ, ਵਿਦਿਆਰਥੀਆਂ ਦੇ ਆਪਣੇ ਪੀਰੀਅਡ ਤੋਂ ਇਲਾਵਾ, ਐਡਜਸਟਮੈਂਟ ਵੀ ਬੋਰਡ ਦੀਆਂ ਕਲਾਸਾਂ ਵਿੱਚ ਕਰਵਾਉਣੀ। ਕਈ ਵਾਰ ਕੰਪਿਊਟਰ ਜਾਂ ਆਰਟ ਐਂਡ ਕਰਾਫਟ ਦਾ ਪੀਰੀਅਡ ਵੀ ਮੰਗ ਕੇ ਲਾਉਣਾ ਕਿ ਵਿਦਿਆਰਥੀ ਪਾਸ ਹੋ ਜਾਣ। ਕਈ ਵਾਰ ਅਜਿਹਾ ਕਰਦਿਆ ਮੈਥ, ਸਾਇੰਸ ਵਰਗੇ ਔਖੇ ਵਿਸ਼ਿਆਂ ਵਾਲੇ ਅਧਿਆਪਕਾਂ ਨਾਲ ਵੀ ਤਕਰਾਰ ਹੋ ਜਾਣਾ ਕਿ ਬੋਰਡ ਦੀ ਕਲਾਸ ਵਿੱਚ ਅਸੀਂ ਪੀਰੀਅਡ ਲਾਉਣਾ ਹੈ। ਕਈ ਵਾਰ ਵਿਦਿਆਰਥੀ ਅਧਿਆਪਕਾਂ ਦੇ ਅਜਿਹੇ ਵਰਤਾਰੇ ਦਾ ਅਨੰਦ ਵੀ ਮਾਣਦੇ ਹਨ, ਜਦੋਂ ਅਧਿਆਪਕ ਪੀਰੀਅਡ ਲੈਣ ਲਈ ਆਪਸੀ ਬਹਿਸ ਕਰਦੇ ਹਨ, ਕਦੇ ਜਿਆਦਾ ਪੀਰੀਅਡ, ਲਾਉਣ ਵਾਲੇ ਤੋਂ ਅਕੇਵਾ ਮਹਿਸੂਸ ਵੀ ਕਰਦੇ ਹਨ। ਪਰ ਜਦੋਂ ਪੇਪਰ ਦੇ ਕੇ ਬਾਹਰ ਆਉਂਦੇ ਹਨ, ਸਾਰਾ ਪੇਪਰ ਆਉਂਦਾ ਹੋਣ ਕਾਰਨ ਜੋ ਖੁਸ਼ੀ, ਉਤਸ਼ਾਹ ਖੇੜਾ ਉਹਨਾਂ ਦੇ ਮੂੰਹ ਤੇ ਹੁੰਦਾ ਹੈ, ਉਹ ਬਿਆਨ ਕਰਨੋ ਬਾਹਰ ਹੁੰਦਾ ਹੈ। ਪੇਪਰ ਵਿੱਚੋਂ ਬਾਹਰ ਆ ਕੇ ਉਹ ਕਹਿਣਗੇ ਮੈਡਮ ਇਹ ਤੁਸੀਂ ਜਿੰਨ੍ਹਾ ਪੜਾਇਆ ਸੀ, ਉਹ ਪੇਪਰ ਵਿੱਚ ਆ ਗਿਆ ਜੀ, ਪੇਪਰ ਤਾਂ ਬੜਾ ਸਿਰਾ ਹੋਇਆ ਜੀ, ਇਹੋ ਉਤਸ਼ਾਹ ਦੇਖਣ ਲਈ ਔਖੇ ਹੋ ਕੇ ਪੀਰੀਅਡ ਲਾਉਂਦੇ ਹਾਂ ਤੇ ਵਿਦਿਆਰਥੀਆਂ ਨੂੰ ਵੀ ਸਖਤੀ ਕਰਕੇ ਔਖੇ ਕਰਦੇ ਹਾਂ। ਇੱਕ ਦਿਨ ਜਦੋਂ ਤੀਜੀ ਵਾਰ ਖੇਡਾਂ ਦਾ ਪੀਰੀਅਡ ਮੰਗ ਕੇ ਅੱਠਵੀਂ ਜਮਾਤ ਨੂੰ ਪੜਾਉਣ ਦੀ ਕੋਸ਼ਿਸ ਕੀਤੀ ਤਾਂ ਇੱਕ ਵਿਦਿਆਰਥੀ ਨੇ ਮੂੰਹ ਬਣਾਉਂਦੇ ਹੋਏ ਕਿਹਾ ਇਹ ਤਾਂ ਮੰਗਤੇ ਨੇ ਸਾਰਾ ਦਿਨ ਪੀਰੀਅਡ ਮੰਗਦੇ ਰਹਿੰਦੇ ਨੇ ਅਸੀਂ ਖੇਡਣਾ ਸੀ, ਮੈਨੂੰ ਤਾਂ ਉਸ ਦੀ ਬਹੁਤੀ ਸਮਝ ਨਾ ਆਈ ਪਰ ਨਾਲ ਬੈਠੇ ਵਿਦਿਆਰਥੀ ਨੇ ਆਗਿਆਕਾਰ ਕਹਾਉਣ ਲਈ ਮੇਰੇ ਕੋਲ ਸ਼ਿਕਾਇਤ ਲਾਈ ਮੈਡਮ ਜੀ, ਇਹ ਥੋਨੂੰ ਮੰਗਤਾ ਕਹਿੰਦਾ ਜੀ। ਮੈਂ ਕਿਹਾ ਕੀ “ ਮੰਗਤਾ ” । ਮੈਂ ਕਿਹਾ ਕਿਉਂ ਬੇਟੇ ਕੀ ਗੱਲ ਹੈ? ਕੀ ਕਹਿੰਦਾ ਐ || ਉਸ ਨੇ ਮਾਸੂਮੀਅਤ ਨਾਲ ਨੀਵੀਂ ਪਾ ਕੇ ਡਰਦਿਆਂ ਕਿਹਾ ਮੈਡਮ ਜੀ ਮੈ ਕੱਲਾ ਥੋੜਾ ਕਹਿੰਦਾ ਸਾਰੀ ਜਮਾਤ ਹੀ ਕਹਿੰਦੀ ਐ || ਕੀ ਕਹਿੰਦੀ ਐ, ਮੈਡਮ ਦਸਵੀਂ ਵਾਲੇ ਵੀ ਕਹਿੰਦੇ ਐ, ਕੀ ਕਹਿੰਦੇ ਐ? ਮੰਗਤੇ ਜੀ, ਮੰਗਤੇ ਤਾਂ ਸਾਰੀ ਕਲਾਸ ਇੱਕ ਦਮ ਬੋਲਣ ਲੱਗੀ, ਤੁਸੀਂ ਸਾਰਾ ਦਿਨ ਪੀਰੀਅਡ ਮੰਗ-ਮੰਗ ਕੇ ਲਾਉਂਦੇ ਹੋ ਨਾ, ਇਸੇ ਕਰਕੇ ਥੋਨੂੰ ਬੱਚੇ ਪੀਰੀਅਡ ਦੇ ਮੰਗਤੇ ਕਹਿੰਦੇ ਹਨ। ਬੱਚਿਆ ਮੂੰਹੋ ਅਜਿਹੇ ਸ਼ਬਦ ਸੁਣ ਕੇ ਗੁੱਸਾ ਵੀ ਆਇਆ ਤੇ ਹਾਸਾ ਵੀ। ਮੈਂ ਦੋਨੋ ਹੱਥ ਉਨ੍ਹਾਂ ਵੱਲ ਕਰਕੇ ਅਸ਼ੀਰਵਾਦ ਦਿੱਤਾ ਰੱਬ ਥੋਨੂੰ ਵੀ ਮੇਰੇ ਵਾਂਗੂ ਮੰਗਤਾ ਬਣਾਣੇ। ਸਾਰੀ ਜਮਾਤ ਹੱਸਣ ਲੱਗੀ ਤੇ ਇੱਕ ਵਿਦਿਆਰਥੀ ਬੋਲਿਆ ਅਸੀਂ ਤਾਂ ਖਿਡਾਇਆ ਵੀ ਕਰਾਂਗੇ ਤੇ ਪੜਾਇਆ ਵੀ ਕਰਾਂਗੇ। ਉਹਨਾਂ ਦਾ ਖੇਡਾਂ ਪ੍ਰਤੀ ਉਤਸ਼ਾਹ ਦੇਖ ਕੇ ਮੈਂ ਕਿਹਾ ਚੱਲੋ ਅੱਜ ਆਪਾ ਖੇਡਦੇ ਹਾ ਸਾਰੇ ਬੱਚੇ ਹੋ-ਹੋ-ਹੋ ਕਰਦੇ ਖੁਸ਼ੀ ਨਾਲ ਗਰਾਉਂਡ ਵੱਲ ਦੋੜੇ ਪੂਰਾ ਪੀਰੀਅਡ ਖੇਡ ਕੇ ਵਿਦਿਆਰਥੀ ਧੰਨਵਾਦ ਕਰਦੇ ਹੋਏ ਕਹਿਣ ਲੱਗੇ ਅਸੀਂ ਘਰੋਂ ਤੁਹਾਡਾ ਦਿੱਤਾ ਕੰਮ ਯਾਦ ਕਰਕੇ ਆਵਾਂਗੇ ਜੀ, ਤੁਸੀਂ ਸਾਨੂੰ ਥੋੜਾ ਖਿਡਾਇਆ ਕਰੋ। ਉਹਨਾਂ ਨੂੰ ਖੇਡਦਿਆਂ ਦੇਖ ਕੇ ਮਨ ਨੂੰ ਬੜਾ ਸਕੂਨ ਮਿਲਿਆ। ਜਿਹੜੇ ਅੱਧੀ ਛੁੱਟੀ ਬਾਅਦ ਕਲਾਸ ਵਿੱਚੋਂ ਭੱਜ ਜਾਂਦੇ ਸਨ, ਉਹਨਾਂ ਆ ਕੇ ਕਿਹਾ ਜੇਕਰ ਰੋਜ ਖਿਡਾਉਣ ਲੱਗਗੇ ਫੇਰ ਨਹੀਂ ਜੀ ਭੱਜਦੇ। ਪੜ੍ਹ-ਪੜ੍ਹ ਕੇ ਅੱਕ ਜਾਂਦੇ ਤਾਂ ਭੱਜਣ ਨੂੰ ਜੀ ਕਰਦਾ। ਰੋਜ ਭੱਜਣ ਵਾਲੇ ਖੇਡਾਂ ਵਿੱਚ ਬੜੀਆ ਮੱਲਾ ਮਾਰਨ ਲੱਗੇ। ਵਿਦਿਆਰਥੀ ਜੀਵਨ ਵਿੱਚ ਖੇਡਾਂ ਦੀ ਕਿੰਨ੍ਹੀ ਲੋੜ ਹੈ। ਜੇਕਰ ਸਕੂਲਾਂ ਵਿੱਚ ਸੱਭਿਆਚਾਰਕ ਪ੍ਰੋਗਰਾਮ, ਖੇਡਾਂ ਤੇ ਹੋ ਝੂਲੇ ਪੀਘਾਂ ਦਿਲ ਖਿੱਚਣੀਆਂ ਕਿਰਿਆਵਾਂ ਹੁੰਦੀਆਂ ਰਹਿਣਗੀਆਂ ਤਾਂ ਵਿਦਿਆਰਥੀ ਕਦੇ ਅਕੇਵਾਂ ਮਹਿਸੂਸ ਨਹੀਂ ਕਰਨਗੇ। ਮੈਨੂੰ ਆਪਣਾ ਬੇਟਾ ਯਾਦ ਆਇਆ ਜਦੋਂ ਉਹਨਾਂ ਦਾ ਖੇਡਾਂ ਵਾਲਾ ਪੀਰੀਅਡ ਕੋਈ ਹੋਰ ਅਧਿਆਪਕ ਲੈ ਕੇ ਪੜਾਉਣ ਲੱਗ ਜਾਂਦਾ ਸੀ। ਘਰ ਆ ਕੇ ਉਹ ਗੁੱਸੇ ਹੁੰਦਾ ਤੇ ਕਦੀ ਰੋਣ ਲੱਗ ਜਾਂਦਾ ਸਾਨੂੰ ਮੈਡਮ ਨੇ ਖੇਡਣ ਕਿਉਂ ਨਹੀਂ ਦਿੱਤਾ। ਮੈਂ ਉਸਨੂੰ ਪਿਆਰ ਨਾਲ ਸਮਝਾਉਣਾ ਜਿਵੇਂ ਤੁਹਾਡਾ ਖੇਡਣ ਨੂੰ ਦਿਲ ਕਰਦਾ ਹੈ ਅਧਿਆਪਕ ਦਾ ਵੀ ਦਿਲ ਕਰਦਾ ਹੈ ਕਿ ਵਿਹਲਾ ਬੈਠ ਕੇ ਆਰਾਮ ਕਰੇ, ਸਾਥੀ ਆਧਿਆਪਕਾਂ ਨਾਲ ਗੱਲਾਂ ਕਰੇ ਜਾਂ ਸਕੂਲ ਦੇ ਹੋਰ ਕੰਮ ਜੋ ਘਰ ਜਾ ਕਰਦਾ ਹੈ ਜਿਵੇਂ ਪੇਪਰ ਚੈਕ ਕਰਨੇ ਡਾਇਰੀ ਲਿਖਣੀ, ਕਿਤਾਬਾਂ ਪੜਨੀਆਂ ਆਦਿ। ਪਰ ਉਹ ਤੁਹਨੂੰ ਪਹਿਲ ਦੇ ਰਿਹਾ ਹੈ ਕਿ ਮੇਰੇ ਵਿਦਿਆਰਥੀ ਪੜ੍ਹ ਜਾਣ, ਕਿਤੇ ਫੇਲ ਨਾ ਹੋ ਜਾਣ। ਉਨ੍ਹਾਂ ਦਾ ਦਿਲੋਂ ਧੰਨਵਾਦ ਕਰਿਆ ਕਰੋ ਤੇ ਗੁੱਸਾ ਨਾ ਕਰਿਆ ਕਰੋ।    ਸੁਖਵਿੰਦਰ ਕੌਰ ਫਰੀਦਕੋਟ

ਪ੍ਰੀਖਿਆਵਾਂ ਦੇ ਮੱਦੇਨਜ਼ਰ - ਬੇਬੇ- ਬਾਪੂ ਦੀ ਸੋਚ (ਹੱਡ-ਬੀਤੀਆਂ) ✍️ ਰਣਬੀਰ ਸਿੰਘ ਪ੍ਰਿੰਸ

ਗੱਲ 1995 ਦੀ ਹੈ ਜਦੋਂ ਦਸਵੀਂ ਬੋਰਡ ਦੀ ਪ੍ਰੀਖਿਆ ਸ਼ੁਰੂ ਹੋਣ ਵਾਲ਼ੀ ਸੀ। ਘਰ ਸੁਭਾਵਿਕ ਹੀ ਗੱਲ ਚੱਲ ਪਈ ਕਿ ਪੇਪਰਾਂ ਦੀ ਤਿਆਰੀ ਕਿਵੇਂ ਹੈ, ਮੈਂ ਕਿਹਾ ਕਿ ਠੀਕ ਹੈ। ਕਹਿੰਦੇ ਪਾਸ- ਪੂਸ ਹੋ ਜਾਵੇਗਾ ਜਾ ਕਿਸੇ ਨੂੰ ਕਹੀਏ। ਮੈਂ ਕਿਹਾ ਹੋ ਜਾਵਾਂਗਾ।ਪਰ ਮਾਪਿਆਂ ਨੂੰ ਚਿੰਤਾ ਹੁੰਦੀ ਸੀ ਕਿ ਬੱਚੇ ਪੜ੍ਹ ਜਾਣ ਉਨ੍ਹਾਂ ਨੂੰ ਮੇਰੇ ਤੇ ਵਿਸ਼ਵਾਸ ਜਿਹਾ ਨਾ ਹੋਇਆ। ਮਾਪੇ ਮੇਰੇ ਭਾਵੇਂ ਕੋਰੇ ਅਨਪੜ੍ਹ ਸਨ ਪਰ ਸੋਚ ਪੱਖੋਂ ਕਿਸੇ ਜੱਜ ਵਕੀਲ ਤੋਂ ਘੱਟ ਨਹੀਂ ਸਨ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਬੀਬੀ (ਮਾਂ) ਨੇ ਸਕੂਲੋਂ ਆਉਂਦਿਆਂ ਹੀ ਬਸਤਾ ਚੈੱਕ ਕਰਨਾ।ਕੈਦਾ ਸੁਣਨਾ ਮੇਰਾ ਕੰਮ ਦੇਖਣਾ ਉਸ ਦੀ ਰੁਟੀਨ ਸੀ।ਪਾਪਾ ਦੀ ਸੋਚ ਵੀ ਸਿੱਖਿਆ ਪ੍ਰਤੀ ਇਹੋ ਸੀ।ਪਾਪਾ ਜੀ ਅੱਜ ਕੱਲ੍ਹ ਭਾਵੇਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਪਰ ਉਨ੍ਹਾਂ ਦੀ ਸੋਚ ਦੀ ਲੋਕ ਅੱਜ ਵੀ ਪ੍ਰਸੰਸਾ ਕਰਦੇ ਹਨ, ਕਿ ਔਖ਼ੇ ਵੇਲਿਆਂ ਵਿੱਚ ਵੀ ਸਾਰੇ ਬੱਚਿਆਂ ਨੂੰ ਕਿੰਨਾ ਸੋਹਣਾ ਪੜ੍ਹਾ ਗਿਆ। ਉਨ੍ਹਾਂ ਅਗਲੇ ਦਿਨ ਸ਼ਾਮੀ ਫੇਰ ਆ ਕੇ ਮੈਨੂੰ ਉਹੀ ਗੱਲ ਦੁਹਰਾਈ ਕਿ ਡਿਊਟੀ ਵਾਲ਼ੇ ਅਧਿਆਪਕ ਪਤਾ ਕਰ ਕਿ ਕੌਣ ਹਨ। ਅਸੀਂ ਕਹਿ ਦਿਆਂਗੇ। ਜਦੋਂ ਉਹ ਵਾਰ-ਵਾਰ ਮੈਨੂੰ ਕਹਿਣ ਲੱਗੇ ਤਾਂ ਮੈਂ ਇੱਕ ਹੀ ਗੱਲ ਕਹੀ ਕਿ ਪਾਪਾ ਮੈਂ ਆਪਣੀ ਮਿਹਨਤ ਦੇ ਸਿਰ ਤੇ ਪਾਸ ਹੋਵਾਂਗਾ। ਤੁਹਾਨੂੰ ਕਿਸੇ ਦੇ ਮਿੰਨਤਾਂ ਤਰਲੇ ਨਹੀਂ ਕਰਨ ਦਿਆਂਗਾ ਮੇਰੀ ਖ਼ਾਤਰ।ਜੇ ਮੇਰੀ ਸਿੱਖਿਆ ਕਰਕੇ ਤੁਹਾਡਾ ਸਿਰ ਕਿਸੇ ਅੱਗੇ ਸਿਫ਼ਾਰਸ਼ ਲਈ ਹੀ ਝੁਕ ਗਿਆ ਤਾਂ ਫੇਰ ਮੈਂ ਫੇਲ੍ਹ ਹੀ ਠੀਕ ਹਾਂ। ਅਜਿਹੀ ਸਿੱਖਿਆ ਦਾ ਕੀ ਫ਼ਾਇਦਾ।ਤਾਂ ਉਹ ਚੁੱਪ ਕਰ ਗਏ ਤੇ ਪੇਪਰਾਂ ਤੋਂ ਬਾਅਦ ਜਦੋਂ ਮੇਰਾ ਨਤੀਜਾ ਆਇਆ ਤਾਂ ਮੈਂ ਚੰਗੇ ਨੰਬਰ ਲੈ ਕੇ ਪਾਸ ਹੋਇਆ ਤੇ ਘਰ ਬੜਾ ਖ਼ੁਸ਼ੀ ਦਾ ਮਾਹੌਲ ਬੱਝਿਆ। ਬਾਪੂ ਕਹਿੰਦਾ ਦੱਸ ਪੁੱਤਰਾ ਆਪਣੀ ਹੈਸੀਅਤ ਮੁਤਾਬਿਕ ਕੀ ਦੇ ਸਕਦਾਂ। ਮੈਂ ਕਿਹਾ ਪਾਪਾ ਜੀ ਮੈਨੂੰ ਬੱਸ ਸਮਾਂ ਦੇ ਦਿਓ ਜਿੰਨਾ ਵੀ ਪੜ੍ਹ ਸਕਾਂ।ਤੇ ਅੱਜ ਬਾਪੂ ਦੇ ਦਿੱਤੇ ਉਸ ਸਮੇਂ ਤੇ ਸੋਚ ਦੀ ਬਦੌਲਤ ਇੱਕ ਅਧਿਆਪਕ ਦੇ ਪੇਸ਼ੇ ਵਜੋਂ ਸੇਵਾ ਨਿਭਾਅ ਰਿਹਾ ਹਾਂ। ਬੇਬੇ ਬਾਪੂ ਦੀ ਸੋਚ ਦੀ ਖੱਟੀ ਖਾ ਰਿਹਾ ਹਾਂ। ਬੱਚਿਆਂ ਨੂੰ ਮਿਹਨਤ ਤੇ ਲਗਨ ਨਾਲ਼ ਪੜ੍ਹਾ ਰਿਹਾ ਹਾਂ। ਜਦੋਂ ਵੀ ਕੋਈ ਪੜ੍ਹਾਇਆ ਬੱਚਾ ਆਪਣੇ ਪੈਰਾਂ ਸਿਰ ਹੋ ਕੇ ਮਿਲ਼ਦਾ ਲੱਗਦਾ ਜਿਵੇਂ ਬਾਪੂ ਦੀ ਸੋਚ ਨੂੰ ਹੋਰ ਉੱਚਾ ਕਰ ਦਿੱਤਾ।

 

ਰਣਬੀਰ ਸਿੰਘ ਪ੍ਰਿੰਸ

ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ

ਸੰਗਰੂਰ 9872299613

ਦੁੱਖੀ ਹੋਣ ਦੇ ਕਾਰਨ ✍️ ਪਰਵੀਨ ਕੌਰ ਸਿੱਧੂ

ਜ਼ਿੰਦਗੀ ਵਿਚ ਵਿਚਰਦਿਆਂ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੋਈ ਕਰੀਬੀ, ਦੋਸਤ, ਜਾਂ ਰਿਸ਼ਤੇਦਾਰ ਤੁਹਾਨੂੰ ਬੇਧਿਆਨ ਕਰ ਰਿਹਾ ਹੈ, ਤਾਂ ਉਸ ਕੋਲੋਂ ਥੋੜੀ ਦੂਰੀ ਬਣਾ ਲਉ। ਸਮਾਂ ਲੰਘਣ 'ਤੇ ਜੇਕਰ ਇਹੀ ਵਤੀਰਾ ਜਾਰੀ ਰਹਿੰਦਾ ਹੈ ਤਾਂ ਬਿਨਾਂ ਕੁਝ ਕਹੇ ਆਪਣੀ ਜ਼ਿੰਦਗੀ ਦੀ ਤੋਰ ਵਿਚ ਮਸਤ ਹੋ ਜਾਉ।

ਤੁਹਾਨੂੰ ਹਰ ਕੋਈ ਪਸੰਦ ਨਹੀਂ ਕਰ ਸਕਦਾ ਅਤੇ ਹਰ ਇੱਕ ਨਫ਼ਰਤ ਨਹੀਂ ਕਰਦਾ। ਕਈਆਂ ਦਾ ਸੁਭਾਅ ਹੀ ਹੁੰਦਾ ਹੈ ਕਿ ਹਰ ਇੱਕ ਦੀ ਸਿਫਤ ਕਰੀ ਜਾਣਾ। ਕਈ ਗੁਣ ਨਾ ਹੋਣ ਦੇ ਬਾਵਜੂਦ ਵੀ ਅਗਲਾ ਜੇਕਰ ਤੁਹਾਡੀ ਝੂਠੀ ਤਾਰੀਫ਼ ਕਰ ਰਿਹਾ ਹੈ ਤਾਂ ਸਤਰਕ ਹੋ ਜਾਉ। ਤੁਹਾਨੂੰ ਆਪਣੀਆਂ ਕਮੀਆਂ ਅਤੇ ਗੁਣਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਤਾਂ ਹੀ ਤੁਸੀਂ ਆਪਣੇ ਬਾਰੇ ਸਹੀ ਰਾਇ ਰੱਖਣ ਵਾਲੇ ਲੋਕਾਂ ਬਾਰੇ ਜਾਣ ਸਕਦੇ ਹੋ।

ਅਸੀਂ ਬਹੁਤੇ ਦੁੱਖੀ ਆਪਣੇ ਆਪ ਕਰਕੇ ਹੀ ਹੁੰਦੇ ਹਾਂ। ਆਪਣੀ ਲੋੜ ਤੋਂ ਜ਼ਿਆਦੀਆਂ ਪਾਲੀਆਂ ਖਾਹਿਸ਼ਾਂ ਕਰਕੇ। ਕਈ ਵਾਰ ਅਸੀਂ ਕਿਸੇ ਦਾ ਬਹੁਤ ਤੇਹ ਕਰਦੇ ਹਾਂ,ਪਰ ਅਗਲਾ ਸਾਡੇ ਨਾਲ ਉਨਾਂ ਨਹੀਂ ਕਰਦਾ ਜਿਨਾਂ ਅਸੀਂ ਅਗਲੇ ਦਾ ਕਰਦੇ ਹਾਂ। ਇਹੀ ਕਾਰਨ ਹੁੰਦਾ ਹੈ ਕਿ ਅਸੀਂ ਦੁੱਖੀ ਹੁੰਦੇ ਹਾਂ। ਸੋਚਿਆਂ ਜਾਵੇ ਤਾਂ ਪਿਆਰ ਜ਼ਿਆਦਾਤਰ ਇੱਕ ਤਰਫ਼ਾ ਹੀ ਹੁੰਦਾ ਹੈ। 

ਕਿਸੇ ਨਾਲ ਅਸੀਂ ਦਿਲੋਂ ਕਰਦੇ ਹਾਂ, ਜ਼ਰੂਰੀ ਨਹੀ ਅਗਲਾ ਵੀ ਸਾਡੇ ਨਾਲ ਦਿਲੋਂ ਹੀ ਕਰੇ, ਇਹ ਅਗਲੇ ਦੀ ਨਿੱਜੀ ਜ਼ਿੰਦਗੀ ਦਾ ਸਵਾਲ ਹੈ। ਕੋਈ ਕਿਸੇ ਨੂੰ ਬੰਦਿਸ਼ ਨਹੀਂ ਲਗਾ ਸਕਦਾ। ਪਿਆਰ ਅਤੇ ਆਪਣੇਪਨ ਵਿਚ ਸੌਦੇਬਾਜ਼ੀ ਨਹੀਂ ਚਲਦੀ ਹੈ। ਇਹ ਤੁਹਾਡੇ ਮਨ ਅਤੇ ਦਿਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸੇ ਨੂੰ ਕਿੰਨਾ ਚਾਹੁੰਦੇ ਹੋ?

ਹਰ ਮਨੁੱਖ ਦਾ ਸੁਭਾਅ ਅਤੇ ਆਦਤਾਂ ਵੱਖੋਂ-ਵੱਖ ਹੁੰਦੇ ਹਨ। ਅਸੀਂ ਕਈਆਂ ਦੇ ਸੁਭਾਅ ਤੋਂ ਪ੍ਰਭਾਵਿਤ ਹੁੰਦੇ ਹਾਂ ਅਤੇ ਕਈਆਂ ਦੀਆਂ ਆਦਤਾਂ ਬਹੁਤ ਪਸੰਦ ਕਰਦੇ ਹਾਂ। ਇਹ ਪਸੰਦ-ਨਾਪਸੰਦ ਸਾਡਾ ਨਿੱਜੀ ਮਸਲਾ ਹੈ। ਇਵੇਂ ਹੀ ਅਗਲੇ ਵਿਅਕਤੀ ਦਾ ਵੀ ਨਿੱਜੀ ਮਸਲਾ ਹੈ ਕਿ ਉਹ ਤੁਹਾਡੇ ਪਿਆਰ ਅਤੇ ਵਿਸ਼ਵਾਸ਼ 'ਤੇ ਖਰਾ ਉਤਰਦਾ ਹੈ ਕਿ ਨਹੀਂ ਜਾਂ ਤੁਸੀਂ ਉਸ ਦੇ ਪਿਆਰ 'ਤੇ ਖਰੇ ਉਤਰਦੇ ਹੋ ਕਿ ਨਹੀਂ? 

ਇਹ ਸਭ ਆਪੋ ਆਪਣੇ ਵਿਚਾਰ ਅਤੇ ਸਮਝ ਹੁੰਦੀ ਹੈ।ਇਸ ਲਈ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ। ਘਰਾਂ ਵਿੱਚ ਵੀ ਕਲੇਸ਼ ਲੈਣ ਦੇਣ ਕਰਕੇ ਹੀ ਹੁੰਦਾ ਹੈ। ਕਦੀ ਕੁਝ ਵਾਧੇ ਘਾਟੇ ਕਰਕੇ ਹੁੰਦਾ ਹੈ। ਆਪਣੇ ਮਨ ਨੂੰ ਸਮਝਾਉਣਾ ਪੈਂਦਾ ਹੈ। ਮਸਲੇ ਆਪੇ ਘੱਟ ਹੋ ਜਾਂਦੇ ਹਨ। ਜੇ ਮੈਂ ਇਹ ਸੋਚਾਂ ਕਿ ਅਗਲੇ ਨੇ ਆਪਣੇ ਕੰਮ ਕਰਨ ਸਮੇਂ ਮੈਨੂੰ ਪੁੱਛਿਆ ਤੱਕ ਨਹੀਂ। ਮੈਂ ਤਾਂ ਹਮੇਸ਼ਾ ਪੁੱਛ ਕੇ ਹੀ ਕੰਮ ਕਰਦੀ ਹਾਂ, ਇੰਝ ਕਰਨ ਨਾਲ ਮੈਂ ਆਪਣੀਆਂ ਪ੍ਰੇਸ਼ਾਨੀਆਂ ਆਪ ਵਧਾਵਾਗੀ। ਤੁਹਾਨੂੰ ਦੂਸਰੇ ਵਿਅਕਤੀ ਦੀ ਲੋੜ ਮਹਿਸੂਸ ਹੋਈ ਹੈ, ਜ਼ਰੂਰੀ ਨਹੀ ਕਿ ਅਗਲੇ ਇਨਸਾਨ ਨੂੰ ਵੀ ਤੁਹਾਡੀ ਹੀ ਲੋੜ ਮਹਿਸੂਸ ਹੋਵੇਗੀ। ਲੋੜਾਂ ਅਤੇ ਜ਼ਰੂਰਤਾਂ ਸਭ ਦੀਆਂ ਵੱਖੋ-ਵੱਖਰੀਆਂ ਹੁੰਦੀਆਂ ਹਨ।

ਤੁਸੀਂ ਰਿਸ਼ਤੇ ਖੁਸ਼ ਹੋ ਕੇ ਨਿਭਾਅ ਕੇ ਵੇਖੋ ਤਾਂ ਸਹੀ, ਰੂਹ ਵਿੱਚ ਖੇੜਾ ਆਵੇਗਾ। ਚਿਹਰੇ ਦੀ ਚਮਕ ਦੁਗਣੀ ਹੋ ਜਾਵੇਗੀ। ਵੈਰ ਵਿਰੋਧ ਮਿਟੇਗਾ। ਆਪਸੀ ਪਿਆਰ ਦੀਆਂ ਸਾਂਝਾਂ ਪੱਕੀਆਂ ਹੋਣਗੀਆਂ, ਦੁੱਖ ਅਤੇ  ਮਾਨਸਿਕ ਪ੍ਰੇਸ਼ਾਨੀਆਂ ਘੱਟਣਗੀਆ। ਜ਼ਿੰਦਗੀ ਵਿਚ ਵਿਚਰਦਿਆਂ ਵਿਚਾਰਾਂ ਦਾ ਆਦਾਨ-ਪ੍ਰਦਾਨ ਵੀ ਹੁੰਦਾ ਹੈ। ਵਿਚਾਰ ਸਭ ਦੇ ਸੁਣੋ,ਪਰ ਮਰਜ਼ੀ ਆਪਣੀ ਹੀ ਕਰੋ। 

ਜੋ ਤੁਹਾਨੂੰ ਚੰਗਾ ਲੱਗੇ ਉਹੀ ਕਰੋ। ਬਾਅਦ ਵਿੱਚ ਦੂਸਰਿਆਂ ਨੂੰ ਕਹਿੰਦੇ ਫਿਰਨਾ ਕਿ ਮੈਂ ਤੇਰੀ ਮੰਨ ਕੇ ਇਹ ਕੰਮ ਕੀਤਾ ਸੀ। ਇਸ ਤਰ੍ਹਾ ਝੂਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਤੁਸੀਂ ਵੀ ਦੁਨੀਆਂ ਵਿੱਚ ਵਿਚਰ ਰਹੇ ਹੋ। ਆਪ ਵੀ ਕੋਸ਼ਸ਼ ਜਾਰੀ ਰੱਖੋ। ਕਿਸੇ ਦੂਸਰੇ 'ਤੇ ਪੂਰੇ ਨਿਰਭਰ ਹੋਣ ਦੀ ਥਾਂ 'ਤੇ ਆਪ ਵੀ ਸੁਚੇਤ ਰਹੋ। 

            ਪਰਵੀਨ ਕੌਰ ਸਿੱਧੂ

            8146536200

ਦੂਰੀ ਭੀ ਹੈ ਜ਼ਰੂਰੀ  ✍️ ਹਰਪ੍ਰੀਤ ਕੌਰ ਸੰਧੂ

ਅੱਜ ਸਮੇਂ ਮੁਤਾਬਿਕ ਸੋਚ ਤੇ ਜੀਣ ਦਾ ਅੰਦਾਜ਼ ਵੀ ਬਦਲ ਗਿਆ ਹੈ। ਹਰ ਬੰਦਾ ਆਪਣੇ ਨਿਜ ਨੂੰ ਮਹੱਤਵ ਦਿੰਦਾ ਹੈ। ਹਰ ਰਿਸ਼ਤੇ ਵਿੱਚ ਸਪੇਸ ਦੀ ਲੋੜ ਹੈ। ਪਤੀ ਪਤਨੀ, ਪ੍ਰੇਮੀ, ਮਾਤਾ ਪਿਤਾ ਜਾਂ ਦੋਸਤ ਹਰ ਕੋਈ ਆਪਣਾ ਨਿੱਜੀ ਜ਼ਿੰਦਗੀ ਬਾਰੇ ਸੰਜੀਦਾ ਹੈ। ਹੁਣ ਪਹਿਲਾਂ ਵਾਂਗ ਸਭ ਕੁਝ ਸਾਂਝਾ ਨਹੀਂ ਰਿਹਾ। ਕਿਸੇ ਵੀ ਰਿਸ਼ਤੇ ਵਿੱਚ ਉਨ੍ਹੀਂ ਹੀ ਗੱਲ ਸਾਂਝੀ ਕੀਤੀ ਜਾਂਦੀ ਹੈ ਜਿੰਨੀ ਦੀ ਲੋੜ ਹੋਵੇ। ਹਰ ਬੰਦਾ ਕੁਝ ਨਿੱਜੀ ਪਲ ਚਾਹੁੰਦਾ ਹੈ। ਕੋਈ ਵੀ ਆਪਣੇ ਦਿਨ ਦੀ ਹਰ ਗੱਲ ਦੂਜੇ ਨੂੰ ਨਾ ਦੱਸਦਾ ਹੈ ਨਾ ਦੱਸਣਾ ਪਸੰਦ ਕਰਦਾ ਹੈ।ਕਿਸੇ ਦੇ ਨਜ਼ਦੀਕ ਹੋਣ ਨਾਲ ਤੁਹਾਨੂੰ ਇਹ ਹੱਕ ਨਹੀਂ ਮਿਲ ਜਾਂਦਾ ਕਿ ਤੁਸੀ ਉਸਨੂੰ ਹਰ ਗੱਲ ਤੇ ਸਵਾਲ ਕਰੋ। ਉਸਦੀ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਦਖਲ ਅੰਦਾਜੀ ਕਰੋ। ਇਸ ਤਰ੍ਹਾਂ ਦੇ ਵਿਹਾਰ ਤੇ ਅਗਲਾ ਖਿੱਝ ਜਾਂਦਾ ਹੈ। ਕਿਸੇ ਦੇ ਨੇੜੇ ਰਹਿਣਾ ਹੈ ਤਾਂ ਥੋੜੀ ਦੂਰੀ ਬਣਾ ਕੇ ਰੱਖੋ।ਉਨ੍ਹਾਂ ਹੀ ਨੇੜੇ ਹੋਵੋ ਜਿਨ੍ਹਾਂ ਅਗਲਾ ਪਸੰਦ ਕਰੇ। ਬਹੁਤ ਜ਼ਿਆਦਾ ਫ਼ਿਕਰ ਕਰਨਾ ਅਪਣੱਤ ਵਿੱਚ ਆਮ ਹੈ ਪਰ ਅੱਜ ਕਲ ਇਹ ਪਸੰਦ ਨਹੀਂ ਕੀਤਾ ਜਾਂਦਾ।ਥੋੜਾ ਜਿਹਾ ਫਾਸਲਾ ਤੁਹਾਡਾ ਮਹੱਤਵ ਬਣਾਈ ਰੱਖਦਾ ਹੈ।ਆਪਸੀ ਖਿੱਚ ਬਰਕਰਾਰ ਰਹਿੰਦੀ ਹੈ।ਜੇਕਰ ਤੁਸੀਂ ਕਿਸੇ ਲਈ ਹਰ ਸਮੇਂ ਮੌਜੂਦ ਰਹਿੰਦੇ ਹੋ ਤਾਂ ਤੁਹਾਡੀ ਕੀਮਤ ਉਸ ਦੀਆਂ ਨਜ਼ਰਾਂ ਵਿੱਚ ਘੱਟ ਜਾਂਦੀ ਹੈ। ਆਪਣਾ ਮਹੱਤਵ ਬਣਾਉਣਾ ਸਿੱਖੋ।ਜਦੋਂ ਅਗਲੇ ਨੂੰ ਜ਼ਰੂਰਤ ਹੋਵੇ ਉਹ ਆਪ ਆਵਾਜ਼ ਮਾਰੇਗਾ। ਜੇਕਰ ਤੁਸੀਂ ਆਵਾਜ਼ ਦੇਣ ਤੋਂ ਪਹਿਲਾਂ ਹੀ ਹਾਜ਼ਿਰ ਹੋਏ ਤਾਂ ਉਸਨੂੰ ਤੁਹਾਡੀ ਕਦਰ ਕਦੀ ਨਹੀਂ ਹੋਵੇਗੀ। ਸੋ ਦੂਰੀ ਭੀ ਹੈ ਜ਼ਰੂਰੀ।

ਹਰਪ੍ਰੀਤ ਕੌਰ ਸੰਧੂ

ਪੈਰ ਦੀ ਜੁੱਤੀ (ਕਹਾਣੀ)  ✍️ ਬਲਰਾਜ ਚੰਦੇਲ ਜੰਲਧਰ

ਗਨਾਂ ਨਾਲ ਵਿਆਹ ਕੇ ਆਈ  ਸਿੰਮੀ ਬੜੀ ਖੁਸ਼ ਸੀ।ਸੱਸ ਨੇ ਚਾਂਈ ਚਾਂਈ ਪਾਣੀ ਵਾਰ ਕੇ ਪੀਤਾ।ਸਿੰਮੀ ਦੇ ਮਾਂਬਾਪ ਨੇ ਵਿਆਹ  ਤੇ ਖੂਬ ਪੈਸਾ ਖਰਚ ਕੀਤਾ ।ਗਹਿਣੇ ਕਪੜੇ ਕਿਸੇ ਚੀਜ ਦੀ ਕਮੀ ਨਾ ਛੱਡੀ । ਦਾਜ ਨਾਲ ਘਰ ਭਰ ਦਿੱਤਾ।  ਮਿੰਟੂ ਹਰ ਵੇਲੇ ਸਿੰਮੀ ਦੇ ਮਗਰ ਮਗਰ ਘੁੰਮਦਾ ਰਹਿੰਦਾ ਤੇ ਮਾਂ ਵਲ  ਉਸਦਾ ਧਿਆਨ ਘੱਟ  ਹੋ ਗਿਆ।।ਹੁਣ ਸਿੰਮੀ ਤੇ ਉਸਦੇ ਪਤੀ ਮਿੰਟੂ ਨੇ ਹਨੀਮੂਨ ਤੇ ਜਾਣ ਲਈ ਇਕ ਹਫਤੇ ਦਾ  ਪ੍ਰੋਗਰਾਮ ਬਣਾਇਆ। ਸੱਸ ਨੇ ਸਿੰਮੀ ਨੂੰ ਕਿਹਾ-ਪੁੱਤ ਬਾਹਰ ਜਾਣ ਲੱਗਿਆ ਗਹਿਣੇ ਨਾਲ ਨਹੀਂ ਲਿਜਾਈ ਦੇ,ਮੈਨੂੰ ਫੜਾ ਦੇ ਸਾਂਭ ਲਵਾਂ। ਸਿੰਮੀ ਨੇ ਕਿਹਾ-ਮਾਂਜੀ ਕੋਈ ਨਹੀਂ ਮੈਂ ਗਹਿਣੇ ਬੈੰਕ ਲੌਕਰ ਵਿੱਚ ਰਖਵਾ ਦਿੱਤੇ ਹਨ। ਮਿੰਟੂ  ਨੂੰ ਗੁੱਸਾ ਚੜ ਗਿਆ।ਕਹਿੰਦਾ  ਸਿੰਮੀ  ਮੈਨੂੰ ਤਾਂ  ਤੂੰ ਦੱਸ ਦਿੰਦੀ ।  ਮਾਂ ਨੇ ਪੁੱਤ ਨੂੰ ਭੜਕਾ ਦਿੱਤਾ- ਦੇਖ ਲਿਆ ਪੁੱਤਰਾ ਪੈਰ ਦੀ ਜੁੱਤੀ ਨੂੰ ਸਿਰ ਤੇ ਰੱਖੀ ਫਿਰਦਾ ਸੀ।ਮੈਨੂੰ ਨਹੀਂ ਪੁੱਛਣਾ ਸੀ ਤਾਂ ਘਟੋ ਘਟ ਤੈਨੂੰ ਤਾਂ ਪੁੱਛ ਲੈਂਦੀ।ਬੋਲ ਬੁਲਾਰਾ ਵੱਧ ਗਿਆ।ਮਿੰਟੂ ਨੇ ਗੁੱਸੇ ਵਿੱਚ ਸਿੰਮੀ ਨੂੰ ਧੱਕਾ ਦਿੱਤਾ ਤੇ ਘਰੋ ਬਾਹਰ ਨਿੱਕਲ ਗਿਆ।ਸਿੰਮੀ ਪਿੱਛੇ ਖੜ੍ਹੀ  ਖੁਸ਼ ਹੋ ਰਹੀ ਸੱਸ ਵਿੱਚ ਜਾ ਲੱਗੀ ਤੇ ਸੱਸ ਡਿੱਗ ਪਈ। ਸੱਸ ਦੇ ਸਿਰ ਤੇ ਸੱਟ ਲੱਗਣ ਕਰਕੇ ਖੂਨ ਵਗਣ ਲੱਗ ਪਿਆ ।ਸਿੰਮੀ ਨੇ ਫਟਾਫਟ  ਉਸਦੇ ਸਿਰ ਤੇ ਕਪੜਾ ਬੰਨਿਆ ਤੇ ਬਾਹਰ ਖੜੀ ਕਾਰ ਵਿੱਚ ਪਾਇਆ ਤੇ ਹਸਪਤਾਲ ਲੈ ਗਈ।

ਸਿੰਮੀ ਨੇ ਮਿੰਟੂ ਨੂੰ ਫੋਨ ਕੀਤਾ।ਮਿੰਟੂ  ਹਸਪਤਾਲ ਪਹੁੰਚ  ਗਿਆ। ਡਾਕਟਰ ਨੇ  ਸਿੰਮੀ  ਵਲ ਇਸ਼ਾਰਾ ਕਰਕੇ ਮਿੰਟੂ ਨੂੰ ਕਿਹਾ ਕਿ ਜੇ ਇਹ  ਵਕਤ ਤੇ ਨਾ ਲੈ ਕੇ ਆਉਂਦੇ ਤਾਂ ਬਹੁਤ ਨੁਕਸਾਨ ਹੋ ਜਾਣਾ ਸੀ।ਮਿੰਟੂ ਨੇ  ਪਛਤਾਵੇ ਦੇ ਹੰਝੂਆਂ ਨਾਲ ਭਰੀਆਂ ਹੋਈਆਂ ਅੱਖਾਂ ਨਾਲ ਸਿੰਮੀ ਨੂੰ ਗਲਵਕੜੀ ਪਾ ਲਈ।ਸਿੰਮੀ ਦੀ ਸੱਸ ਨੂੰ ਹੋਸ਼ ਆ ਚੁੱਕਿਆ ਸੀ।ਉਸਨੇ ਸਿੰਮੀ ਨੂੰ ਪਿਆਰ ਨਾਲ ਚੁੰਮਿਆ ਤੇ ਮਿੰਟੂ ਨੂੰ ਕਿਹਾ ਪੁੱਤ ਇਹ  ਪੈਰ ਦੀ ਜੁੱਤੀ ਨਹੀਂ ,ਸਾਡਾ ਮਾਨ ਹੈ ,ਸਾਡੇ ਸਿਰ ਦਾ ਤਾਜ ਹੈ।

 

ਬਲਰਾਜ ਚੰਦੇਲ ਜੰਲਧਰ।