ਕਰਨਲ ਦਲਵਿੰਦਰ ਸਿੰਘ ਗਰੇਵਾਲ (ਡਾ) - ਤੁਸੀਂ ਇੱਕ ਸਨਮਾਨਿਤ ਅਧਿਆਪਕ ਹੋ? ਸਾਹਿਤ ਅਕਾਡਮੀ ਦੇ ਪ੍ਰਬੰਧਕੀ ਮੈਂਬਰ ਵਜੋਂ ਚੋਣ ਲੜਨ ਦਾ ਫੈਸਲਾ ਕਿਉਂ?
ਕਰਮਜੀਤ ਸਿੰਘ ਗਰੇਵਾਲ -ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਪੰਜਾਬੀ ਲੇਖਕਾਂ ਤੇ ਪੰਜਾਬੀਆਂ ਦੀ ਸਿਰਮੌਰ ਸੰਸਥਾ ਹੈ। ਇਸ ਦੇ ਪ੍ਰਬੰਧਕੀ ਬੋਰਡ ਮੈਂਬਰ ਵਜੋਂ ਸੇਵਾ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ।
(ਕ ਦ ਸ ਗ)- ਤੁਸੀਂ ਕਦੋਂ ਤੋਂ ਪੰਜਾਬੀ ਸਾਹਿਤ ਅਕਾਡਮੀ ਨਾਲ ਜੁੜੇ ਓ?
(ਕ ਸ ਗ) - ਪੰਜਾਬੀ ਸਾਹਿਤ ਅਕਾਡਮੀ ਦੀ ਰੈਫਰੈਂਸ ਲਾਇਬ੍ਰੇਰੀ ਨਾਲ 25 ਸਾਲ ਤੋਂ ਜੁੜਿਆ ਹਾਂ। ਪੰਜਾਬੀ ਦੇ ਵਿਦਵਾਨ ਲੇਖਕਾਂ ਨੂੰ ਇੱਥੇ ਮਿਲਣ ਦਾ ਮੌਕਾ ਮਿਲਿਆ ਹੈ।
(ਕ ਦ ਸ ਗ )- ਪੰਜਾਬੀ ਭਾਸ਼ਾ ਲਈ ਤੁਸੀਂ ਹੁਣ ਤੱਕ ਕਿਹੜੇ ਕੰਮ ਕੀਤੇ ਹਨ?
(ਕ ਸ ਗ) - ਬਾਲ ਸਾਹਿਤ ਦੀਆਂ ਹੁਣ ਤੱਕ 11 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਪਹਿਲੀ ਪੁਸਤਕ ਲਈ ਸਰਵੋਤਮ ਬਾਲ ਸਾਹਿਤ ਪੁਰਸਕਾਰ ਮਿਲਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸੀ ਬੀ ਐਸ ਈ ਦੀਆਂ ਪੁਸਤਕਾਂ ਵਿੱਚ ਰਚਨਾਵਾਂ ਸ਼ਾਮਿਲ ਹਨ।
(ਕ ਦ ਸ ਗ) - ਤਕਨੀਕੀ ਯੁੱਗ ਵਿੱਚ ਪੰਜਾਬੀ ਲਈ ਤੁਸੀਂ ਕੀ ਕੰਮ ਕੀਤਾ ਹੈ?
(ਕ ਸ ਗ) - ਪੰਜਾਬੀ ਵਰਨਮਾਲਾ, ਵਿਆਕਰਨ ਅਤੇ ਬੱਚਿਆਂ ਨੂੰ ਭਾਸ਼ਾ ਪ੍ਰਤੀ ਸੰਵੇਦਨਸ਼ੀਲ ਬਣਾਉਣ ਲਈ 600 ਵੀਡੀਓ ਬਣਾਈਆਂ ਹਨ। ਕੁੱਝ ਵੀਡੀਓ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਇਨਾਮ ਮਿਲੇ ਹਨ।
(ਕ ਦ ਸ ਗ) - ਤੁਸੀਂ ਪੰਜਾਬੀ ਸਾਹਿਤ ਅਕਾਡਮੀ ਦੇ ਮੈਂਬਰ ਬਣ ਕੇ ਕੀ ਕਰਨਾ ਚਾਹੋਗੇ?
(ਕ ਸ ਗ )- ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਬੱਚਿਆਂ ਨੂੰ ਬਾਲ ਸਾਹਿਤ ਨਾਲ ਜੋੜਨ ਦੇ ਉਪਰਾਲੇ ਕਰਾਂਗੇ। ਦੁਨੀਆਂ ਵਿੱਚ ਵਸਦੇ ਪੰਜਾਬੀ ਲੇਖਕਾਂ ਨੂੰ ਪੰਜਾਬੀ ਸਾਹਿਤ ਅਕਾਡਮੀ ਨਾਲ ਜੋੜ ਕੇ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਹੋਰ ਵੀ ਪ੍ਰਤੀਬੱਧਤਾ ਨਾਲ ਕੰਮ ਕਰਾਂਗੇ।
(ਕ ਦ ਸ ਗ)- ਮੈਨੂੰ ਤੁਹਾਡੇ ਵਰਗੇ ਨਵੀਂ ਪੀੜ੍ਹੀ ਦੇ ਲੇਖਕਾਂ ਤੇ ਬਹੁਤ ਮਾਣ ਹੈ ਜੋ ਪੰਜਾਬੀ ਸਾਹਿਤ ਤੇ ਸੱਭਿਆਚਾਰ ਲਈ ਕੰਮ ਕਰਕੇ ਨਵੀਆਂ ਬੁਲੰਦੀਆਂ ਛੂਹ ਰਹੇ ਹਨ। ਜਿਸ ਤਰ੍ਹਾਂ ਤੁਸੀਂ ਬੱਚਿਆਂ ਨੂੰ ਗਾ ਕੇ ਪੰਜਾਬੀ ਮਾਂ ਬੋਲੀ ਨਾਲ ਜੋੜਦੇ ਹੋ। ਤੁਹਾਡੇ ਵੀਡੀਓ ਅੰਤਰਰਾਸ਼ਟਰੀ ਪੱਧਰ ਤੱਕ ਸੁਣੇ ਜਾ ਰਹੇ ਹਨ। ਮੈਨੂੰ ਉਮੀਦ ਹੈ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਬਣ ਕੇ ਹੋਰ ਵੀ ਜੋਸ਼ ਤੇ ਲਗਨ ਨਾਲ ਕੰਮ ਕਰੋਗੇ। ਮੈਂ ਤੁਹਾਡੇ ਲਈ ਸ਼ੁਭ ਕਾਮਨਾਵਾਂ ਪੇਸ਼ ਕਰਦਾ ਹਾਂ।
ਪੇਸ਼ਕਸ : ਕਰਨੈਲ ਸਿੰਘ ਐੱਮ.ਏ.ਲੁਧਿਆਣਾ