You are here

ਬਾਪੂ ਸੋਹਣ ਸਿੰਘ ਸੀਤਲ ਦੇ ਸਪੁੱਤਰ ਦੀ ਅੰਤਿਮ ਅਰਦਾਸ ਅੱਜ

ਪੰਜਾਬੀ ਸਾਹਿਤ ਦੇ ਆਦਰਸ਼ਵਾਦੀ ਨਾਵਲਕਾਰ, ਆਧੁਨਿਕ ਸਿੱਖ ਇਤਿਹਾਸਕਾਰੀ ਦੀ ਸਿਖਰਲੀ ਕਤਾਰ ਦੇ ਇਤਿਹਾਸਕਾਰ ਅਤੇ ਢਾਡੀ ਕਲਾ ਦਾ ਸਰੂਪ ਸੰਵਾਰਨ-ਸ਼ਿੰਗਾਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲੇ ਯੁੱਗ-ਪੁਰਸ਼ ਬਾਪੂ ਸੋਹਣ ਸਿੰਘ ਸੀਤਲ ਦਾ ਨਾਮ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ । ਸੰਸਾਰ ਤੋਂ ਜਾਣ ਦੇ ਢਾਈ ਦਹਾਕੇ ਬਾਅਦ ਵੀ ਜਿੱਥੇ ਸਾਹਿਤਕ ਸਫਾਂ ਅਤੇ ਪੰਥਕ ਹਲਕਿਆਂ ਅੰਦਰ ਉਹਨਾਂ ਨੂੰ ਬੜੇ ਸਤਕਾਰ ਨਾਲ ਯਾਦ ਕੀਤਾ ਜਾਂਦਾ ਹੈ ਉੱਥੇ ਹੀ ਆਮ ਪਾਠਕ ਵਰਗ ਉਹਨਾਂ ਦੀਆਂ ਰਚਨਾਵਾਂ ਖਾਸ ਕਰਕੇ ਸਰਕਾਰੀ ਸਕੂਲਾਂ ਦੀ ਨੌਂਵੀਂ-ਦਸਵੀਂ ਦੌਰਾਨ ਪੜ੍ਹੇ ਨਾਵਲ “ਤੂਤਾਂ ਵਾਲਾ ਖੂਹ” ਤੋਂ ਡਾਢਾ ਪ੍ਰਭਾਵਿਤ ਹੈ । ਕਿਸੇ ਵੀ ਖੇਤਰ ਵਿੱਚ ਵਿਸ਼ੇਸ਼ ਮੁਹਾਰਤ ਰੱਖਣ ਵਾਲੀ ਸ਼ਖਸੀਅਤ ਬਾਰੇ ਵੱਧ ਤੋਂ ਵੱਧ ਜਾਨਣ ਦੀ ਉਤਸੁਕਤਾ ਉਸ ਨੂੰ ਪਿਆਰ ਕਰਨ ਵਾਲਿਆਂ ਅੰਦਰ ਅਕਸਰ ਹੀ ਬਣੀ ਰਹਿੰਦੀ ਹੈ । ਇਹ ਉਤਸੁਕਤਾ ਭਾਵੇਂ ਸੰਬੰਧਿਤ ਹਸਤੀ ਦੁਆਰਾ ਕਿਸੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਜਾਨਣ ਦੀ ਹੋਵੇ ਜਾਂ ਉਸ ਦੀ ਨਿੱਜੀ ਜ਼ਿੰਦਗੀ ਅਤੇ ਪਰਵਾਰ ਬਾਰੇ । ਬਾਪੂ ਸੀਤਲ ਜੀ  ਨੇ ਆਪਣੀ ਸ੍ਵੈ-ਜੀਵਨੀ “ਵੇਖੀ ਮਾਣੀ ਦੁਨੀਆਂ” ਵਿੱਚ ਪਰਵਾਰ ਦੇ ਕਨੇਡਾ ਵਿੱਚ ਹੋਣ ਦੀ ਜਾਣਕਾਰੀ ਪਾਠਕਾਂ ਨਾਲ ਸਾਂਝੀ ਕੀਤੀ ਸੀ । 
                            ਜਦੋਂ ਜਦੋਂ ਵੀ ਮੈਂ ਆਪਣੇ ਢਾਡੀ ਜੱਥੇ ਨਾਲ਼ ਕਨੇਡਾ ਦੀਆਂ ਸੰਗਤਾਂ ਦੇ ਦਰਸ਼ਨ ਕਰਨ ਆਇਆ ਤਾਂ ਬਾਪੂ ਜੀ ਦੇ ਪਰਵਾਰ ਨੂੰ ਮਿਲ ਕੇ ਉਹਨਾਂ ਬਾਰੇ ਕੁੱਝ ਨਵਾਂ ਜਾਨਣ ਦੀ ਇੱਛਾ ਨਿਰੰਤਰ ਬਣੀ ਰਹੀ ਪਰ, ਮੁਲਾਕਾਤ ਦਾ ਸਬੱਬ ਨਾ ਬਣਿਆ । ਇਸ ਵਾਰ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੀ ਲਾਇਬ੍ਰੇਰੀ ਚ ਅਚਾਨਕ ਇੱਕ ਕਿਤਾਬ ਮੇਰੇ ਹੱਥ ਲੱਗੀ ਜਿਸਦਾ ਨਾਂ ਸੀ “ਕਾਤਲ ਕੌਣ” । ਜਦੋਂ ਇਸ ਦੇ ਲੇਖਕ ਦਾ ਨਾਮ ਪੜਿਆ ਤਾਂ ਕਿਤਾਬ ਪ੍ਰਤੀ ਮੇਰੀ ਦਿਲਚਸਪੀ ਹੋਰ ਵੀ ਵੱਧ ਗਈ । ਕਿਤਾਬ ਗੁਰਮੁਖੀ ਅੱਖਰਾਂ ਵਿੱਚ ਲਿਖਿਆ ਪੰਜਾਬੀ ਦਾ ਇੱਕ ਨਾਵਲ ਸੀ ਤੇ ਨਾਵਲਕਾਰ ਸਨ ਸੁਰਜੀਤ ਸਿੰਘ ਪੰਨੂੰ ਸੀਤਲ ।ਮਨ ਚ ਖਿਆਲ ਆਇਆ ਕਿ ਲਾਜ਼ਮੀ ਬਾਪੂ ਸੀਤਲ ਜੀ ਦੇ ਪਰਵਾਰ ਦਾ ਹੀ ਕੋਈ ਵਿਅਕਤੀ ਹੋਵੇਗਾ , ਕਾਹਲ਼ੀ ਨਾਲ ਨਾਵਲ ਦੀ ਜਿਲਦ ਦਾ ਪਿਛਲਾ ਪਾਸਾ ਵੇਖਿਆ ਤਾਂ ਚਿੱਟੇ ਦਾਹੜੇ ਵਾਲੇ ਚਿਹਰੇ ਤੇ ਸਲੀਕੇ ਨਾਲ ਬੱਧੀ ਪੱਗ ਵਾਲੇ ਸਰਦਾਰ ਦੇ ਦਰਸ਼ਨ ਹੋਏ । ਤਿੱਖੇ ਨੈਣ ਨਕਸ਼ਾਂ ਨਾਲ ਫੱਬਵੇਂ ਚਿਹਰੇ ਵਾਲੇ ਇਸ ਇਨਸਾਨ ਦਾ ਮੁਹਾਂਦਰਾ ਮੈਨੂੰ ਬਾਪੂ ਸੀਤਲ ਜੀ ਨਾਲ ਮਿਲਦਾ ਜਾਪਿਆ । ਗੱਲ ਸਾਫ਼ ਸੀ ਕਿ ਬਾਪੂ ਜੀ ਦਾ ਵੱਡਿਓਂ ਛੋਟਾ ਸਪੁੱਤਰ ਸੁਰਜੀਤ ਸਿੰਘ ਹੀ ਹੈ । ਕਿਤਾਬ ਦੇ ਪਹਿਲੇ ਪੰਨਿਆਂ ਚੋਂ ਫ਼ੋਨ ਨੰਬਰ ਵੀ ਮਿਲ ਗਿਆ ਪਰ , ਸੰਪਰਕ ਨਾ ਹੋ ਸਕਿਆ । ਕੁੱਝ ਦਿਨਾਂ ਬਾਅਦ ਇੱਕ ਦਾਨੇ ਪੁਰਸ਼ ਤੋਂ ਸਰਦਾਰ ਸੁਰਜੀਤ ਸਿੰਘ ਦੀ ਧੀ ਬੀਬੀ ਪੁਸ਼ਪਿੰਦਰਜੀਤ ਕੌਰ ( ਸੀਤਲ ਸਾਬ੍ਹ ਦੀ ਪੋਤਰੀ ) ਦਾ ਸੰਪਰਕ ਨੰਬਰ ਮਿਲ ਗਿਆ । ਭੈਣ ਜੀ ਨਾਲ ਗੱਲ ਹੋਈ , ਮੈਂ ਆਪਣੇ ਢਾਡੀ ਹੋਣ ਬਾਰੇ ਦੱਸਿਆ ਤੇ ਪਰਵਾਰ ( ਖਾਸਕਰ ਸੀਤਲ ਜੀ ਦੇ ਤਿੰਨਾਂ ਸਪੁੱਤਰਾਂ ਤੇ ਇਕਲੌਤੀ ਧੀ ਮਹਿੰਦਰ ਕੌਰ ) ਨਾਲ ਮੁਲਾਕਾਤ ਦੀ ਇੱਛਾ ਪ੍ਰਗਟ ਕੀਤੀ । ਭੈਣ ਜੀ ਨੇ ਬੜੀ ਅਪਣੱਤ ਨਾਲ ਜਲਦੀ ਮਿਲਣ ਦਾ ਵਾਅਦਾ ਕੀਤਾ । ਕਈ ਦਿਨ ਲੰਘ ਗਏ , ਦੁਪਹਿਰ ਵੇਲੇ ਭੈਣ ਜੀ ਦਾ ਫ਼ੋਨ ਆਇਆ ਤੇ ਆਪਣੇ ਗੁਰਦੁਆਰਾ ਸਾਹਿਬ ਹੋਣ ਬਾਰੇ ਦੱਸਿਆ , ਲੰਗਰ ਹਾਲ ਵਿੱਚ ਮੁਲਾਕਾਤ ਹੋਈ , ਗੱਲ-ਬਾਤ ਦੌਰਾਨ ਭੈਣ ਜੀ ਨੇ ਦੱਸਿਆ ਕਿ ਅੱਜ ਸਾਡੇ ਤਾਈ ਜੀ ( ਸੀਤਲ ਜੀ ਦੀ ਵੱਡੀ ਨੂੰਹ ) ਦੀ ਅੰਤਿਮ ਅਰਦਾਸ ਸੀ । ਅਫ਼ਸੋਸ ਦੇ ਰਸਮੀ ਵਾਰਤਾਲਾਪ ਤੋਂ ਬਾਅਦ ਪਰਵਾਰ ਸੰਬੰਧੀ ਗੱਲਾਂ ਚੱਲੀਆਂ ਤਾਂ ਭੈਣ ਜੀ ਨੇ ਦੱਸਿਆ ਕਿ ਤਾਇਆ ਜੀ ( ਰਵਿੰਦਰ ਸਿੰਘ ) 94 ਸਾਲ ਦੇ ਹੋ ਗਏ ਹਨ ਤੇ ਹੁਣ ਉਹਨਾਂ ਦੀ ਯਾਦਾਸ਼ਤ ਕਾਫੀ ਕਮਜ਼ੋਰ ਹੋ ਚੁੱਕੀ ਹੈ ।ਪਿਤਾ ਜੀ ( ਸੁਰਜੀਤ ਸਿੰਘ ) ਵੀ 92 ਸਾਲ ਪਾਰ ਕਰ ਗਏ ਹਨ ਪਰ , ਫਿਰ ਵੀ ਮੈਂ ਮੌਸਮ ਠੀਕ ਹੋ ਜਾਣ ਤੇ ਪਿਤਾ ਜੀ ਤੇ ਚਾਚਾ ਜੀ ( ਡਾਕਟਰ ਰਘਬੀਰ ਸਿੰਘ 90 ਸਾਲ ) ਨਾਲ ਤੁਹਾਨੂੰ ਜ਼ਰੂਰ ਮਿਲ਼ਾਵਾਂਗੀ । ਪਰਵਾਰ ਦੇ ਕੁਝ ਹੋਰ ਜੀਆਂ ਨਾਲ ਮੇਰੀ ਜਾਣ ਪਛਾਣ ਕਰਵਾ ਕੇ ਭੈਣ ਜੀ ਚਲੇ ਗਏ । ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕੁਝ ਦਿਨ ਪਹਿਲਾਂ ਭੈਣ ਜੀ ਦਾ ਫ਼ੋਨ ਆਇਆ ਕਿ ਵੀਰ ਜੀ , “ਪਿਤਾ ਜੀ ਪੂਰੇ ਹੋ ਗਏ “। ਆਪਾਂ ਸਹਿਜ ਪਾਠ ਅਰੰਭ ਕਰਵਾਉਣਾ । ਬਾਪੂ ਸੋਹਣ ਸਿੰਘ ਸੀਤਲ ਜੀ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ 14 ਅਗਸਤ 1931 ਨੂੰ ਕਾਦੀਵਿੰਡ (ਕਸੂਰ) ਵਿੱਚ ਜਨਮੇ ਸੁਰਜੀਤ ਸਿੰਘ ਪੰਨੂੰ ਸੀਤਲ 17 ਫ਼ਰਵਰੀ 2024 ਨੂੰ ਕਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਗੁਰੂ ਚਰਨਾਂ ਵਿੱਚ ਜਾ ਬਿਰਾਜੇ । ਸੀਤਲ ਸਾਬ੍ਹ ਦੀ ਕਲਮ ਦਾ ਵਾਰਸ ਬਣ ਕੇ ਜਿੱਥੇ ਉਹਨਾਂ ਦੋ ਨਾਵਲ “ ਐਕਟ੍ਰਸ ਦੀ ਮੌਤ “ ਅਤੇ “ ਕਾਤਲ ਕੌਣ “ ਪੰਜਾਬੀ ਸਾਹਿਤ ਦੀ ਝੋਲੀ ਪਾਏ ਉੱਥੇ ਹੀ ਕੁਝ ਕਾਵਿ ਸੰਗ੍ਰਹਿ “ਫੁੱਲਾਂ ਦੀ ਮਹਿਕ “ , “ਤਾਂਘਾਂ ਪਿਆਰ ਦੀਆਂ”, “ਪਾੜ ਸੁੱਟੇ ਸਿਰਨਾਵੇਂ” ਆਦਿ ਵੀ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤੇ । 
           ਆਪਣੇ ਪਿੱਛੇ ਉਹ ਤਿੰਨ ਸਪੁੱਤਰਾਂ ( ਚਰਨਜੀਤ ਸਿੰਘ , ਸਰਬਜੀਤ ਸਿੰਘ ਤੇ ਗੁਰਜੀਤ ਸਿੰਘ ) ਅਤੇ ਦੋ ਧੀਆਂ ( ਕੰਵਰਜੀਤ ਕੌਰ ਤੇ ਪੁਸ਼ਪਿੰਦਰਜੀਤ ਕੌਰ ) ਦੇ ਵਸਦੇ ਰਸਦੇ ਪਰਵਾਰ ਛੱਡ ਕੇ ਗਏ ਹਨ । ਉਹਨਾਂ ਦੀ ਅੰਤਮ ਅਰਦਾਸ ਅੱਜ 3 ਮਾਰਚ 2024 ਦਿਨ ਐਤਵਾਰ ਨੂੰ ਦੁਪਹਿਰ ਤਿੰਨ ਵਜੇ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਹੋਵੇਗੀ । ਆਪ ਦਾ ਦਾਸ ਢਾਡੀ ਜਗਦੇਵ ਸਿੰਘ ਜਾਚਕ

ਸਰਦਾਰ ਸੁਰਜੀਤ ਸਿੰਘ ਪੰਨੂੰ ਸੀਤਲ ਦੀ 25 ਸਾਲ ਪੁਰਾਣੀ ਤਸਵੀਰ