ਸੰਪਾਦਕੀ

ਇਨਸਾਨ ਕੌਣ (ਮਿੰਨੀ ਕਹਾਣੀ) ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ

ਬੱਸ ਸਟੈਂਡ ਦੇ ਕਾਫ਼ੀ ਗਹਿਮਾ - ਗਹਿਮੀ ਹੈ । ਉਹ ਅਪਾਹਜ ਬੁੱਢੀ ਭਿਖਾਰਨ ਔਰਤ ਹੌਲੇ -ਹੌਲੇ  ਘੜੀਸਦੀ ਹੋਈ ਹਰ ਇਕ ਅੱਗੇ ਝੋਲੀ ਅੱਡ ਰਹੀ ਹੈ। ਕੋਈ ਇੱਕ- ਦੋ ਤੇ ਕੋਈ ਪੰਜ -ਦਸ ਰੁਪਏ ਉਸਦੀ ਝੋਲੀ ਵਿਚ ਪਾ ਰਿਹਾ ਹੈ। ਪਰ ਬਹੁਤੇ ਉਸਨੂੰ ਝਿੜਕ ਕੇ ਅੱਗੇ ਤੋਰ ਰਹੇ ਹਨ। 

ਉਹ ਇਸ ਤੋਂ ਬੇਪਰਵਾਹ ਫਿਰ ਵੀ ਸਭ ਅੱਗੇ ਝੋਲੀ ਅੱਡ ਰਹੀ ਹੈ। ਇੰਨੇ ਨੂੰ ਉਹ ਇੱਕ ਨਸ਼ੇੜੀ ਵਿਗੜੀ ਹੋਈ ਮੰਡੀਰ ਲਾਗੇ ਪਹੁੰਚ ਜਾਂਦੀ ਹੈ।    

ਉੱਥੇ ਝੱਟ ਹੀ ਕੇਲਾ ਖਾ ਰਹੇ ਮੁੰਡੇ ਦੰਦੀਆਂ ਕੱਢਦੇ ਉਸਦੀ ਝੋਲੀ ਛਿਲਕਿਆਂ ਨਾਲ ਭਰ ਦਿੰਦੇ ਹਨ। ਤੇ ਇੱਕ ਸਿਰ ਫਿਰਿਆ ਤਾਂ ਉਸ ਦੀ ਝੋਲ਼ੀ ਵਿੱਚ ਥੁੱਕ ਵੀ ਦਿੰਦਾ ਹੈ। ਬੁੱਢੀ ਔਰਤ ਗੁੱਸੇ ਵਿੱਚ ਉਨ੍ਹਾਂ ਵੱਲ ਦੇਖਦੀ ਹੋਈ ਆਪਣੀ ਝੋਲੀ ਸਾਫ ਕਰਨ ਲਗਦੀ ਹੈ। 

        ਥੁੱਕ ਸੁੱਟਣ ਵਾਲਾ ਮੁੰਡਾ  ਭੜਕਦਾ ਹੋਇਆ ਉਸ ਨੂੰ ਧੱਕਾ ਮਾਰ ਉਸ ਦੀਆਂ ਫੋੜੀਆਂ ਖੋਹ ਲੈਂਦਾ ਹੈ, " ਸਾਲੀ ਬੁੱਢੀ , ਅੱਖਾਂ ਕਿੱਦਾਂ  ਕੱਢਦੀ । ਤੇ ਦੂਜਾ ਮੁੰਡਾ ਝੱਟ ਭਿਖਾਰਨ ਅੱਗੇ ਆ ਉਸਦੀ ਪੈਸਿਆ ਵਾਲੀ ਪੋਟਲੀ ਖੋਹ ਲੈਂਦਾ ਹੈ । ਹੁਣ ਬੁੱਢੀ ਰੋਣ ਲੱਗੀ । ਤੇ ਮੁੰਡੇ ਤਾੜੀਆਂ ਮਾਰ- ਮਾਰ ਉੱਚੀ-ਉੱਚੀ ਹੱਸਣ ਲੱਗੇ। 

     ਬੱਸ ਸਟੈਂਡ ਦੇ ਲੋਕਾਂ ਦੀ ਭੀੜ ਇਹ ਸਭ ਤਮਾਸ਼ਾ ਦੇਖ ਰਹੀ ਹੈ। ਕੁਝ ਤਾਂ ਵੱਧ ਚੜ੍ਹ ਕੇ ਵੀਡੀਓ ਵੀ ਬਣਾ ਰਹੇ ਹਨ। ਬੁੱਢੀ  ਨੇ ਰੋਂਦੇ ਹੋਏ ਮਦਦ ਦੀ ਗੁਹਾਰ ਲਗਾਈ। ਪਰ ਮੁੰਡਿਆਂ ਨੂੰ  ਰੋਕ ਕੋਈ ਵੀ ਨਹੀਂ ਸੀ ਰਿਹਾ। 

               "ਲੈ ਬੁੱਢੀਏ ਆਪਣੀਆਂ ਫੋੜੀਆਂ " ਥੋੜ੍ਹਾ ਪਰ੍ਹਾਂ ਖਲੋ ਕੇ ਇਕ ਮੁੰਡਾ ਦੰਦੀਆਂ ਕੱਢਦਾ ਬੁੱਢੀ ਔਰਤ ਨੂੰ  ਬੁਲਾਉਂਦਾ ਹੈ । ਔਰਤ  ਘੜੀਸਦੀ ਹੋਈ  ਮੁਸ਼ਕਲ ਨਾਲ ਉਥੇ ਪਹੁੰਚਦੀ ਹੈ । ਤਾਂ ਉਹ ਉਸ ਨੂੰ ਫਿਰ ਥੱਕਾ ਮਾਰਦਾ ਹੈ। ਇਸ ਵਾਰ ਜ਼ਮੀਨ ਤੇ ਮੁੱਧੇ ਮੂੰਹ ਡਿੱਗੀ ਔਰਤ ਉੱਚੀ -ਉੱਚੀ ਚੀਕ-ਚੀਕ ਕੇ ਰੋਣ ਲੱਗਦੀ ਹੈ।

        ਅਚਾਨਕ ਹੀ ਉਥੇ ਬੈਠੇ ਅਵਾਰਾ ਕੁੱਤੇ ਉੱਚੀ ਉੱਚੀ ਭੌਂਕਦੇ ਹੋਏ ਉਨ੍ਹਾਂ ਮੁੰਡਿਆਂ ਤੇ ਹਮਲਾ ਕਰ ਦਿੰਦੇ ਹਨ। ਮੁੰਡੇ ਡਰਕੇ ਦੌੜਦੇ ਹਨ । ਤੇ ਕੁੱਤੇ ਚੀਕ ਚਿਹਾੜਾ ਪਾਈ ਉਨ੍ਹਾਂ ਦੇ ਮਗਰ- ਮਗਰ ਦੌੜਦੇ ਹਨ। ਬੌਂਦਲੇ ਹੋਏ ਮੁੰਡੇ ਮਿੰਟਾਂ 'ਚ ਹੀ ਉਥੋਂ ਗਾਇਬ ਹੋ ਜਾਂਦੇ ਹਨ।  

          ਇਹ ਸਭ ਦੇਖਦੀ ਹੈਰਾਨ ਹੋਈ ਬੁੱਢੀ ਔਰਤ ਹੰਝੂ ਪੂੰਝਦੀ ਹੋਈ ਆਪਣਾ ਸਮਾਨ ਇਕੱਠਾ ਕਰਦੀ ਹੈ ਤੇ ਦੋਵੇਂ ਹੱਥ ਜੋੜ ਪਰਮਾਤਮਾ ਦਾ ਸ਼ੁਕਰ ਕਰਦੀ ਹੈ।ਸ਼ੁਕਰ ਹੈ ਮਾਲਕਾ!ਜਾਨਵਰਾਂ ਵਿਚ ਤਾਂ ਇਨਸਾਨੀਅਤ ਹੈ। ਨਈਂ ਤੇ ਇਨਸਾਨ ਤਾਂ ਕਦੋਂ ਦੇ ਜਾਨਵਰ ਬਣ ਗਏ।

ਮਨਪ੍ਰੀਤ ਕੌਰ ਭਾਟੀਆ

 ਫਿਰੋਜ਼ਪੁਰ ਸ਼ਹਿਰ।

ਅਜੋਕੀ ਸੋਚ ✍️ ਕੁਲਵਿੰਦਰ ਕੌਰ ਬਾਜਕ

ਅੱਜ ਕੁੱਝ ਵਕਤ ਜਦੋਂ ਵਿਹਲੇ ਬੈਠੇ ਸੀ ਤੇ ਗੱਲਾਂ ਚੱਲ ਰਹੀਆਂ ਸਨ ਕੇ  ਨੌਕਰੀ ਵਾਲੇ ਬੰਦੇ ਬਸ ਘਰ ਤੋਂ ਦਫ਼ਤਰ ਤੇ ਫ਼ਿਰ ਮੁੜ ਦਫ਼ਤਰ ਤੋਂ ਘਰ ,ਇਹੀ ਜ਼ਿੰਦਗੀ ਏ ਬਸ ਸਾਡੀ ਤਾਂ ਉਹ ਕਹਿਣ ਲੱਗੇ। ਅਚਾਨਕ ਹੀ ਉਸ ਕਿਹਾ ਕੇ ਜੇਕਰ ਅਜੋਕੇ ਦੌਰ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਨੌਕਰੀ ਕਰਨ ਦੇ ਹੱਕ ਮਿਲ ਰਹੇ ਹਨ। ਅੱਜ ਕੱਲ੍ਹ  ਮਰਦਾਂ  ਤੋਂ ਹਰ ਗੱਲ ਵਿਚ ਅੱਗੇ ਹਨ ਤੇ ਕਾਬਲੀਅਤ ਨਾਲ ਨੌਕਰੀ ਕਰਦੀਆਂ ਹਨ ,ਹੋਰ ਤਾਂ ਹੋਰ ਉਹ ਦੋ ਦੋ ਕੰਮ ਕਰਦੀਆਂ ਨੇ , ਘਰ ਦੇ ਸਾਰੇ ਕੰਮ ਤੇ ਡਿਊਟੀ ਵੀ ਨਾਲ ਨਾਲ ਖ਼ੁਦ ਹੀ ਜ਼ਿੰਮੇਵਾਰ ਹਨ। ਨੌਕਰੀਪੇਸ਼ਾ ਔਰਤਾਂ ਦੀਆਂ ਜ਼ਿੰਮੇਵਾਰੀਆਂ ਵੀ ਦੁੱਗਣੀਆਂ ਹੁੰਦੀਆਂ ਹਨ। ਘਰ ਨੂੰ ਦੇਖਣਾ, ਘਰ ਦੇ ਸਾਰੇ ਮੈਂਬਰਾਂ ਨੂੰ ਖਾਣਾ ਪਾਣੀ ਸਭ ਵਕਤ ਤੇ ਦੇਣਾ।ਅਜੋਕੇ ਦੌਰ ਵਿੱਚ ਮਰਦ ਵੀ ਪਹਿਲਾ ਵਰਗੇ ਗੁਸੈਲੇ ਸੁਭਾਅ ਦੇ ਨਹੀਂ , ਜਿਵੇਂ ਪਿੱਛਲੇ ਸਮੇਂ ਵਿੱਚ ਹੋਇਆ ਕਰਦੇ ਸਨ। ਅੱਜ ਕੱਲ੍ਹ ਮਰਦ ਵੀ ਨੌਕਰੀ ਪੇਸ਼ਾ ਹੋਣ ਤੇ ਨੌਕਰੀਪੇਸ਼ਾ ਔਰਤ ਦੇ ਕੰਮਾਂ ਤੋਂ ਜਾਣੂ ਹੁੰਦੇ ਹਨ ਤੇ ਕਿਸੇ ਕੰਮ ਵਿੱਚ ਹੱਥ ਵਟਾਉਂਦੇ ਸ਼ਰਮ  ਨਹੀਂ ਮੰਨਦੇ। ਇਸੇ ਕਰਕੇ ਹੀ ਅੱਜ ਨਾਰੀ ਸ਼ਕਤੀ ਕਾਇਮ ਹੈ, ਨਾਰੀ ਨੂੰ ਬਲ ਮਿਲਦਾ ਹੈ,ਹੌਸਲਾ ਮਿਲਦਾ ਹੈ, ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸੁਨਹਿਰੀ ਮੌਕਾ ਮਿਲਦਾ ਹੈ। ਕਈ ਪਰਿਵਾਰ ਇਹੋ ਜਿਹੇ ਹਨ ਜਿੱਥੇ 

ਨੂੰਹ ਨੂੰ ਬਣਦਾ ਰੁਤਬਾ ਮਿਲਦਾ ਹੈ ਨੂੰਹ ਨਹੀਂ ਸਗੋਂ  ਬੇਟੀ ਸਮਝਿਆ ਜਾਂਦਾ ਹੈ, ਧੀਆਂ ਵਾਂਗੂ ਹੀ ਸਤਿਕਾਰ ਕੀਤਾ ਜਾਂਦਾ ਹੈ ਤੇ ਇਹੋ ਜਿਹੇ ਮਾਹੌਲ ਵਿੱਚ ਸੁਭਾਵਕ ਹੈ ਕੇ ਨਾਰੀ ਲਈ ਅੱਗੇ ਵੱਧਣਾ , ਬੇਖ਼ੌਫ ਰਹਿ ਆਪਣੇ ਸੁਪਨੇ ਪੂਰੇ ਕਰਨਾ। ਸਭ ਤੋਂ ਅਹਿਮ ਭੂਮਿਕਾ ਪਤੀ ਦੀ ਹੁੰਦੀ ਹੈ ਜੇਕਰ ਉਹ ਪਤੀ ਵਾਲਾ ਰੋਹਬ ਘਟ ਤੇ ਇੱਕ ਆਦਰਸ਼  ਦੋਸਤ  ਵਾਂਗ ਸਮਝਾਵੇ ਜਿੱਥੇ ਕਿਤੇ ਨਾਰੀ ਤੋਂ ਕੋਈ ਗ਼ਲਤੀ ਹੋਈ ਹੋਵੇ ਤੇ ਫ਼ਿਰਉਹ ਕਦੇ ਵੀ ਹਾਰ ਨਹੀਂ ਸਕਦੀ ,ਨਾ ਕਦੇ ਸਮਾਜ ਵਿਚ ਹਾਰੇਗੀ ਤੇ ਨਾ ਕਿਸੇ ਦੀਆਂ ਨਜ਼ਰਾਂ ਵਿੱਚ ਹਾਰੇਗੀ। ਸੋ ਮੁਕਦੀ ਗੱਲ ਇਹ ਹੈ ਕਿ ਅੱਜ ਕੱਲ੍ਹ ਬਹੁਤ ਕੁੱਝ ਬਦਲ ਗਿਆ ਹੈ ਤੇ ਮਰਦਾਂ ਦੀ ਨਾਰੀ ਪ੍ਰਤੀ ਸੋਚ ਵੀ ਬਦਲ ਚੁੱਕੀ ਹੈ। ਹੁਣ ਮਰਦ ਵੀ ਨਾਰੀ ਦੀ ਹਰ ਸਮੱਸਿਆ ਨੂੰ ਸਮਝਣ ਲੱਗ ਪਏ।ਸਮੱਸਿਆ ਭਾਵੇਂ ਸਮਾਜਿਕ ਵਰਤਾਰੇ ਦੀ ਹੋਵੇ , ਪਰਿਵਾਰਕ ਜਾ ਫ਼ਿਰ ਕਿਸੇ ਨੌਕਰੀ ਨਾਲ਼ ਸਬੰਧਿਤ ਹੋਵੇ। ਨਾਰੀ ਨੂੰ ਬਣਦਾ ਸਤਿਕਾਰ ਦੇਣ ਵਿੱਚ ਕਿਸੇ ਨੂੰ ਕੋਈ ਸ਼ਰਮ ਨਹੀਂ ਕਰਨੀ ਚਾਹੀਦੀ ਸਗੋਂ ਹਰ ਇੱਕ ਨੂੰ ਸੋਚ ਬਦਲਣ ਦੀ ਲੋੜ ਹੈ। ਅਜੋਕੇ ਸਮੇਂ ਵਿੱਚ ਇਕੱਲੀ ਸੋਚ ਬਦਲਣ ਦੀ ਲੋੜ ਹੈ ਬਾਕੀ ਸਭ ਆਪਣੇ ਆਪ ਸਹੀ ਹੋ ਜਾਵੇਗਾ।

ਕੁਲਵਿੰਦਰ ਕੌਰ ਬਾਜਕ

ਨਿਰਾਸ਼ਾ ਦੇ ਹਨੇਰੇ ਨੂੰ ਮਾਰ ਕਰਦੀ ਉਮੀਦ ਦੀ ਕਿਰਣ  ✍️ ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

ਆਸ ਤੇ ਉਮੀਦ ਦੇ ਸਹਾਰੇ ਹੀ ਦੁਨੀਆਂ ਟਿਕੀ ਹੋਈ ਹੈ... ਨਿਰਾਸ਼ਾ ਭਰਿਆ ਜੀਵਨ ਡੂੰਘੇ ਖੂਹ ਵੱਲ ਧੱਕਦਾ ਹੈ.... ਇਨਸਾਨ ਨੂੰ ਉਮੀਦ ਦੇ ਸਹਾਰੇ ਟਿਕੇ ਰਹਿ ਕੇ ਜੀਵਨ ਵਿੱਚ ਸੰਘਰਸ਼ ਕਰਦੇ ਸਫ਼ਲਤਾ ਹਾਸਿਲ ਕਰਨ ਤੋਂ ਦੁਨੀਆਂ ਦੀ ਕੋਈ ਵੀ ਤਾਕਤ ਨਹੀਂ ਰੋਕ ਸਕਦੀ...  ਪੰਛੀ ਵੀ ਉਮੀਦ ਦੇ ਸਹਾਰੇ ਹਜ਼ਾਰਾਂ ਮੀਲਾਂ ਪੈਂਡਾ ਤਹਿ ਕਰਕੇ ਸੱਤ ਸਮੁੰਦਰੋਂ ਪਾਰ ਜੀਵਨ ਦਾ ਨਿਰਵਾਹ ਕਰਨ ਲਈ ਪਹੁੰਚ ਜਾਂਦੇ ਹਨ.... ਕਿਤੇ ਨਾ ਕਿਤੇ ਉਹਨਾਂ ਪੰਛੀਆਂ ਦੀ ਆਸ ਉਮੀਦ ਉਹਨਾਂ ਨੂੰ ਮਹੀਨਿਆਂ ਬੱਧੀ ਉਡਾਨ ਵਿੱਚ ਸਹਾਈ ਹੁੰਦੀ ਹੈ... ਨਿਰਾਸ਼ਾ ਭਰਿਆ ਜੀਵਨ ਦੁੱਖਾਂ, ਬਿਮਾਰੀਆਂ, ਮਾੜੇ ਵਿਕਾਰਾਂ, ਅਸਫ਼ਲਤਾ ਨੂੰ ਸੱਦਾ ਦਿੰਦਾ ਹੈ ਤੇ ਆਸ਼ਾ ਜ਼ਿੰਦਗੀ ਵਿੱਚ  ਅੱਗੇ ਵਧਣ ਲਈ ਨਵੀਂ ਊਰਜਾ ਪੈਦਾ ਕਰਦੀ ਹੈ, ਹਿੰਮਤੀ ਤੇ ਆਸ਼ਾਵਾਦੀ ਇਨਸਾਨ ਦੇ ਚਿਹਰੇ ਤੇ ਹਮੇਸ਼ਾਂ ਰੌਣਕ ਝਲਕਦੀ ਰਹਿੰਦੀ ਹੈ... ਉਮੀਦ ਹੀ ਇਨਸਾਨ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕਰਦੀ ਹੈ, ਉਮੀਦ ਤੇ ਆਪਣੇ ਜਜ਼ਬੇ ਸਦਕਾ ਹਿਮਾਲਿਆ ਪਰਬਤ ਦੀ ਉੱਚੀ ਚੋਟੀ ਨੂੰ ਫਤਿਹ ਕੀਤਾ ਜਾ ਸਕਦਾ ਹੈ... ਅੱਜ ਦੇ ਇਨਸਾਨ ਨੇ ਆਸ਼ਾਵਾਦੀ ਧਾਰਣਾ ਨੂੰ ਅਪਣਾ ਕੇ ਦੂਜਿਆਂ ਗ੍ਰਿਹਾਂ ਤੇ ਪਹੁੰਚ ਕੇ ਨਵੀਆਂ ਨਵੀਆਂ ਖੋਜਾਂ ਕਰਕੇ ਜ਼ਿੰਦਗੀ ਨੂੰ ਵਿਗਿਆਨ ਦੇ ਸਹਾਰੇ ਆਸਾਨ ਬਣਾ ਦਿੱਤਾ ਹੈ.... ਇੱਕ ਵਿਗਿਆਨਕ ਕਦੇ ਵੀ ਨਿਰਾਸ਼ਾਵਾਦੀ ਸੋਚ ਨਾਲ ਨਹੀਂ ਚਲਦਾ ਸਗੋਂ ਵਾਰ ਵਾਰ ਅਸਫ਼ਲ ਰਹਿਣ ਦੇ ਬਾਵਜੂਦ ਵੀ ਆਪਣੀਆਂ ਖੋਜਾਂ ਵਿੱਚ ਲੱਗਿਆ ਰਹਿੰਦਾ ਹੈ ਤੇ ਸਫ਼ਲ ਹੋ ਕੇ ਹੀ ਰਹਿੰਦਾ ਹੈ... ਸੋ ਅੱਜ ਦੇ ਮਨੁੱਖ ਨੂੰ ਜੀਵਨ ਵਿੱਚ ਸੰਘਰਸ਼ ਕਰਦੇ ਹੋਏ ਅੱਗੇ ਵਧਦੇ ਰਹਿਣਾ ਚਾਹੀਦਾ ਹੈ....    ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ) ਮੋਬਾ: 9914721831

  ਮਿਸ  ਯੂ  ( ਮਿੰਨੀ ਕਹਾਣੀ) ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ

ਮੈ ਜਦ ਵੀ ਮੋਬਾਈਲ ਤੇ ਵਟਸਐਪ  ਜਾ ਫੇਸਬੁੱਕ ਦੇ ਸਟੇਟਸ ਦੇਖਦੀ ਆ ਹਮੇਸ਼ਾਂ  ਸਾਡੇ ਇਕ ਜਾਣਕਾਰ  ਹਰਮਨ ਦੇ ਆਪਣੀ ਸਵਰਗਵਾਸੀ  ਪਤਨੀ ਦੀ ਯਾਦ 'ਚ ਤੜਪਦਿਆਂ ਸਟੇਟਸ  ਪਾਏ  ਹੁੰਦੇ....l

                  ਉਸ ਦੇ ਸਟੇਟਸ ਦੇਖ ਮੇਰੀਆਂ ਅੱਖਾਂ  ਅੱਗੇ ਉਸਦੀ ਪਤਨੀ ਜਿਸ ਨਾਲ ਕਿ  ਮੇਰੀ ਵੀ ਕਾਫੀ ਨੇੜਤਾ ਸੀ ਦੀ ਤਸਵੀਰ ਘੁੰਮ ਜਾਂਦੀ l ਉਹ ਜਦ ਵੀ ਮੈਨੂੰ ਮਿਲਦੀ ਤਾ ਗੱਲਾਂ  ਕਰਦੀ ਫਿਸ  ਜਾਂਦੀ ਤੇ ਰੋਂਦੀ ਹੋਈ ਦੱਸਦੀ ਕੇ "ਉਸਦਾ ਪਤੀ ਉਸਦੀ ਬਿਲਕੁਲ ਵੀ ਪ੍ਰਵਾਹ ਨਹੀਂ  ਕਰਦਾ l ਉੱਕਾ ਈ ਪਿਆਰ  ਨਹੀਂ ਕਰਦਾ ਉਸਨੂੰ l ਘਰ 'ਚ ਵੀ ਉਸਦੀ ਬਿਲਕੁਲ  ਇਜ਼ਤ  ਨਹੀਂ ਕਰਦਾ..... ਉਸਨੂੰ ਦੇਖ ਨੂੰਹ- ਪੁੱਤ  ਵੀ ਓਹੋ  ਜਿਹਾ  ਹੀ ਵਿਹਾਰ ਕਰਦੇ ਹਨ l ਇਸੇ ਈ ਕਾਰਨ  ਆਪਣੇ ਏ ਘਰ 'ਚ ਇਕ ਫਾਲਤੂ ਜਹੀ ਹੋ ਕੇ ਰਹਿ ਗਈ ਆ...... l" ਕਹਿੰਦਿਆਂ  ਅਕਸਰ ਉਹ ਆਪਣਾ ਸਿਰ  ਦਬਾਉਣ  ਲਗਦੀ  ਤੇ ਕਹਿੰਦੀ  ਬਸ  ਤਾਹੀਓਂ  ਟੇਂਨਸ਼ਨ ਕਾਰਨ ਮੇਰੀ ਸਿਰ ਦਰਦ ਨਹੀਂ ਜਾਂਦੀ l 

                     ਮੈ ਕਿਸੇ ਫੰਕਸ਼ਨ  ਤੇ ਵੀ ਦੇਖਦੀ ਉਹ ਆਉਂਦੇ ਤਾ ਇਕੱਠੇ ਪਰ ਬਿਲਕੁਲ  ਅਲੱਗ- ਅਲੱਗ  ਬੈਠਦੇ l  ਉਹ ਵਿਚਾਰੀ ਇਕੱਲੀ  ਇਕ ਪਾਸੇ ਬੈਠੀ  ਰਹਿੰਦੀ l ਮੈ ਇਸਦਾ ਕਾਰਨ ਪੁੱਛਦੀ ਤਾ ਉਹ ਕਹਿੰਦੀ, "ਬੇਟਾ ਇਹ ਤਾ ਘਰ ਵੀ ਅਲੱਗ ਉੱਠਦਾ ਬਹਿੰਦਾ  ਤੇ ਸੌਂਦਾ ਹੈ...... ਫੇਰ ਏਥੇ  ਮੇਰੇ ਕੋਲ ਕਿਵੇਂ ਬੈਠ ਜਾਵੇ......l"

               ਤੇ ਹੁਣ ਮੈ ਜਦ ਹਰ ਰੋਜ਼  ਈ ਉਸਦੇ ਪਤੀ ਹਰਮਨ ਦੇ ਮਿਸ ਯੂ ਦੇ ਸਟੇਟਸ ਪੜ੍ਹਦੀ ਹਾਂ ਤਾ ਹੈਰਾਨ ਰਹਿ ਜਾਂਦੀ ਆ ਕਿ  ਇਹ ਸੱਚਮੁੱਚ ਹੀ ਉਸਦੀ ਮੌਤ ਤੋਂ ਬਾਅਦ ਪਛਤਾਵੇ  'ਚ  ਉਸਦੀ ਕਮੀ ਮਹਿਸੂਸ ਕਰਦਾ ਹੋਇਆ ਉਸਨੂੰ ਯਾਦ ਕਰ ਰਿਹਾ ਹੈ ਜਾਂ ਫਿਰ ਸਿਰਫ ਸੋਸ਼ਲ  ਮੀਡੀਆ ਤੇ ਦਿਖਾਵੇਬਾਜ਼ੀ ਕਰ ਕਿ  ਵਾਹ ਵਾਹ ਈ ਖਟ ਰਿਹਾ ਹੈl 

ਲੇਖਿਕਾ ਮਨਪ੍ਰੀਤ ਕੌਰ ਭਾਟੀਆ l

ਆਲ੍ਹਣਾ ✍️ ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

ਗੋਪੀ ਦੇ ਘਰ ਦੇ ਬਨੇਰੇ ਤੇ ਅੱਜ ਜਦੋਂ ਕਾਂ ਆ ਕੇ ਬੈਠਿਆ ਤਾਂ ਗੋਪੀ ਨੇ ਦੇਖਿਆ ਅੱਜ ਉਹ ਕਾਂ ਚੁਪਚਾਪ ਬੈਠਾ ਸੀ, ਜਿਵੇਂ ਅੰਦਰ ਹੀ ਅੰਦਰ ਬਹੁਤ ਵੱਡਾ ਦੁੱਖ ਉਸਨੂੰ ਖਾ ਗਿਆ ਹੋਵੇ।

   ਅਕਸਰ ਇਹ ਕਾ ਜਦੋਂ ਵੀ ਗੋਪੀ ਦੇ ਘਰ ਦੇ ਬਨੇਰੇ ਤੇ ਆ ਕੇ ਬੈਠਦਾ ਤਾਂ ਗੋਪੀ ਉਸਨੂੰ ਚੂਰੀ ਕੁੱਟ ਕੇ ਖਵਾਉਂਦਾ, ਕਈ ਵਾਰ ਕਾਂ ਦੇ ਬੋਲਣ ਤੇ ਗੋਪੀ ਦੇ ਘਰ ਮਹਿਮਾਨ ਆ ਜਾਂਦੇ ਸਨ, ਕਈ ਵਾਰ ਗੋਪੀ ਲਈ ਖੁਸ਼ਖ਼ਬਰੀ ਲੈ ਕੇ ਆਉਂਦਾ ਸੀ ਇਹ ਕਾਂ ਤੇ ਗੋਪੀ ਦਾ ਕੋਈ ਰੁਕਿਆ ਕੰਮ ਬਣ ਜਾਂਦਾ ਸੀ ਇਹ ਮੰਨਣਾ ਸੀ ਗੋਪੀ ਦਾ।

    ਗੋਪੀ ਨੇ ਇਸ ਕਾਂ ਦਾ ਨਾਂ ਰੌਸ਼ਨ ਰੱਖ ਦਿੱਤਾ ਸੀ, ਤੇ ਅੱਜ ਜਦੋਂ ਰੋਸ਼ਨ ਨਾ ਬੋਲਿਆ ਤਾਂ ਗੋਪੀ ਦਾ ਮਨ ਬੜਾ ਉਦਾਸ ਹੋਇਆ ਸੀ, ਗੋਪੀ ਸੋਚ ਰਿਹਾ ਸੀ ਰੋਸ਼ਨ ਨੂੰ ਅੱਜ ਕੀ ਹੋ ਗਿਆ?? ਅੱਗੇ ਤਾਂ ਜਦੋਂ ਵੀ ਇਹ ਬਨੇਰੇ ਤੇ ਆ ਕੇ ਬੈਠਦਾ ਸੀ ਤਾਂ ਖਾਣ ਲਈ ਚੂਰੀ ਮੰਗਣ ਲੱਗ ਜਾਂਦਾ ਸੀ।

ਪਰ ਗੋਪੀ ਨਹੀਂ ਜਾਣਦਾ ਸੀ ਰੋਸ਼ਨ ਦਾ ਦੁੱਖ, ਗੋਪੀ ਸਹਿਜੇ ਹੀ ਰੋਸ਼ਨ ਵੱਲ ਗਰਦਨ ਉੱਚੀ ਚੁੱਕ ਬੋਲਿਆ... ਕੀ ਗੱਲ ਰੋਸ਼ਨ ਅੱਜ ਚੂਰੀ ਨਹੀਂ ਖਾਣੀ?? ਜਾਂ ਅੱਜ ਹੋਰ ਕਿਸੇ ਘਰ ਦੇ ਬਨੇਰੇ ਤੇ ਤੈਨੂੰ ਕਿਸੇ ਨੇ ਮਾਲ ਪੂਰੇ ਤਾਂ ਨਹੀਂ ਖਵਾ ਦਿੱਤੇ??

    ਗੋਪੀ ਜਿਵੇਂ ਰੋਸ਼ਨ ਦੀ ਚੁੱਪੀ ਦਾ ਕਾਰਣ ਜਾਨਣਾ ਚਾਹੁੰਦਾ ਸੀ.....ਪਰ ਗੋਪੀ ਨੂੰ ਕੀ ਪਤਾ ਸੀ ਰੋਸ਼ਨ ਦਾ ਦੁੱਖ। ਰੋਸ਼ਨ ਇੱਕ ਪੰਛੀ ਹੋਣ ਕਾਰਣ ਆਪਣਾ ਦੁੱਖ ਗੋਪੀ ਅੱਗੇ ਸਾਂਝਾ ਨਹੀਂ ਕਰ ਸਕਦਾ ਸੀ... ਬੇਵੱਸ ਮਜਬੂਰੀ ਵੱਸ ਵਿੱਚ ਚੁੱਪ ਚਾਪ ਬੈਠਾ ਸੀ.... ਗੋਪੀ ਫੇਰ ਬੋਲਿਆ ਰੋਸ਼ਨ ਜਾਈਂ ਨਾ ਮੈਂ ਤੇਰੇ ਲਈ ਚੂਰੀ ਬਣਾ ਕੇ ਲਿਆਇਆ.... ਤੇ ਜਦੋਂ ਗੋਪੀ ਨੇ ਚੂਰੀ ਲਿਆ ਕੇ ਕੋਠੇ ਦੀ ਛੱਤ ਤੇ ਰੱਖੀ.. ਰੋਸ਼ਨ ਨੇ ਚੂਰੀ ਵੱਲ ਤੱਕਿਆ ਵੀ ਨਾ.....

     ਦਰਅਸਲ ਰੋਸ਼ਨ ਦਾ ਦੁੱਖ ਪਹਾੜ ਤੋਂ ਵੀ ਵੱਡਾ ਸੀ...ਕਲ਼ ਸ਼ਾਮ ਜਦੋਂ ਰੋਸ਼ਨ ਆਪਣੇ ਆਲਣੇ ਵੱਲ ਵਾਪਸ ਮੁੜਿਆ ਸੀ ਤਾਂ ਜਿਸ ਰੁੱਖ ਤੇ ਉਸ ਦਾ ਆਲ੍ਹਣਾ ਸੀ ਉਹ ਰੁੱਖ ਜ਼ਮੀਨ ਦੇ ਮਾਲਕ ਨੇ ਕੱਟ ਕੇ ਥੱਲੇ ਡੇਗ ਦਿੱਤਾ ਸੀ... ਤੇ ਜਦੋਂ ਉਸ ਰੁੱਖ ਤੇ ਆਰਾ ਚੱਲਿਆ ਤੇ ਰੁੱਖ ਧੜਾਮ ਨਾਲ ਥੱਲੇ ਗਿਰਿਆ ਤਾਂ ਉਸਦੇ ਆਲਣੇ ਵਿੱਚ ਰੋਸ਼ਨ ਕਾਂ ਦੀ ਪਤਨੀ ਤੇ ਦੋ ਛੋਟੇ ਛੋਟੇ ਬੱਚੇ ਸਨ ਜੋ ਰੁੱਖ ਗਿਰਦੇ ਹੀ ਰੁੱਖ ਦੇ ਭਾਰੀ ਵੱਡੇ ਟਾਹਣੇ ਦੀ ਮਾਰ ਹੇਠ ਆ ਕੇ ਮਰ ਗਏ ਸਨ ਤੇ ਜਦੋਂ ਰੁੱਖ ਤੇ ਆਰਾ ਚੱਲ ਰਿਹਾ ਸੀ ਤਾਂ ਰੋਸ਼ਨ ਦੀ ਪਤਨੀ (ਮੋਹ ਮਮਤਾ ਵਿੱਚ ਭਿੱਜੀ ਹੋਈ) ਨੇ ਆਪਣੇ ਛੋਟਿਆਂ ਬੱਚਿਆਂ ਨੂੰ (ਜੋ ਹਾਲੇ ਖੰਭ ਨਾ ਆਏ ਕਾਰਣ ਉੱਡ ਨਹੀਂ ਸਕਦੇ ਸਨ ) ਇਕਲਿਆਂ ਨਾ ਛੱਡਿਆ ਤੇ ਆਪਣੀ ਜਾਨ ਬਚਾਉਣ ਦੀ ਬਚਾਏ ਬੱਚਿਆਂ ਨਾਲ ਹੀ ਮਾਰੀ ਗਈ ਸੀ...

    ਰੋਸ਼ਨ ਦਾ ਆਲ੍ਹਣਾ ਤੇ ਪਰਿਵਾਰ ਇਕ ਇਨਸਾਨ ਦੀ ਗਲਤੀ ਕਾਰਣ ਖਤਮ ਹੋ ਚੁੱਕਾ ਸੀ... ਰੋਸ਼ਨ ਨੂੰ ਭਲਾ ਚੂਰੀ ਕਿਵੇਂ ਚੰਗੀ ਲੱਗਦੀ??

    ਮੇਰਾ ਇਹ ਕਹਾਣੀ ਲਿਖਣ ਦਾ ਮਕਸਦ ਸਿਰਫ ਇਹੀ ਹੈ ਕਿ ਕਦੇ ਵੀ ਕਿਸੇ ਨੂੰ ਦੁੱਖ ਨਾ ਪਹੁੰਚਾਉ... ਸਾਡੇ ਵਾਂਗ ਪੰਛੀਆਂ, ਜਾਨਵਰਾਂ ਦੇ ਵੀ ਪਰਿਵਾਰ ਹੁੰਦੇ ਹਨ ਤੇ ਉਨ੍ਹਾਂ ਨੂੰ ਵੀ ਕਿਸੇ ਆਪਣੇ ਦੇ ਜਾਣ ਦਾ ਓਨਾ ਹੀ ਦੁੱਖ ਹੁੰਦਾ ਹੈ ਜਿੰਨਾ ਸਾਨੂੰ.... 

ਰੁੱਖ ਬਚਾਓ.. ਕੁਦਰਤ ਬਚਾਓ..

ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

 

ਕਦੇ ਕਦੇ ਇੰਝ ਵੀ ਹੁੰਦਾ ਹੈ......! ✍️ ਸੰਦੀਪ ਦਿਉੜਾ

 ਕੁਝ ਦਿਨ ਪਹਿਲਾਂ ਮੈਂ ਤੇ ਮੇਰਾ ਇੱਕ ਮਿੱਤਰ ਸਾਡੇ ਇੱਕ ਹੋਰ ਮਿੱਤਰ ਦੀ ਸੱਸ ਦੇ ਭੋਗ ਉੱਤੇ ਚੋਖਾ ਪੈਲੇਸ ਮੋਗਾ ਵਿਖੇ ਗਏ।ਅਸੀਂ ਪੁੱਛ-ਪੁਛਾ ਕੇ ਚੋਖਾ ਪੈਲੇਸ ਵਿੱਚ ਸਹੀ ਸਮੇਂ ਉੱਤੇ ਪਹੁੰਚ ਗਏ। ਮੱਥਾ ਟੇਕਣ ਵਾਲਿਆਂ ਦੀ ਲਾਇਨ ਲੱਗੀ ਹੋਈ ਹੋਣ ਕਰਕੇ ਅਸੀਂ ਵੀ ਲਾਇਨ ਵਿੱਚ ਲੱਗ ਗਏ।ਮੈਂ ਅੱਗੇ ਤੇ ਮੇਰੇ ਦੋਸਤ ਮੇਰੇ ਪਿੱਛੇ।
          ਮੈਂ ਆਪਣੀ ਵਾਰੀ ਆਉਣ ਤੇ ਮੱਥਾ ਟੇਕਿਆ ਤੇ ਸਰਧਾ ਦੇ ਫੁੱਲ ਮਾਤਾ ਦੀ ਫੋਟੋ ਉੱਤੇ ਚੜ੍ਹਾਅ ਦਿੱਤੇ। ਮੈਂ ਬੈਠੇ ਹੋਏ ਬੰਦਿਆਂ ਦੇ ਪਿੱਛੇ ਜਾ ਕੇ ਖੜ੍ਹਾ ਹੋ ਗਿਆ ਤੇ ਆਪਣੇ ਦੋਸਤ ਨੂੰ ਦੇਖਣ ਲੱਗਿਆਂ ਪਰ ਉਹ ਮੈਨੂੰ ਕਿਤੇ ਵੀ ਨੀ ਨਜ਼ਰ ਨਹੀਂ ਆਇਆਂ। ਐਨੇ ਵਿੱਚ ਮੇਰਾ ਦੋਸਤ ਵੀ ਮੱਥਾ ਟੇਕ ਕੇ ਮੇਰੇ ਪਿੱਛੇ ਹੀ ਆ ਗਿਆ।
          ""ਸੰਦੀਪ ਮਾਤਾ ਜੀ ਨਹੀਂ ਹਨ। "
     "ਮੈਨੂੰ ਵੀ ਪਤਾ ਮਾਤਾ ਜੀ ਨਹੀਂ ਹਨ ਤਾਂ ਹੀ ਤਾਂ ਆਪਾਂ ਇੱਥੇ ਉਹਨਾਂ ਦੇ ਭੋਗ ਉੱਤੇ ਆਏ ਹਾਂ।"
"ਤੁਸੀਂ ਮੇਰੀ ਗੱਲ ਨਹੀਂ ਸਮਝੇ ਇਹ ਉਹ ਮਾਤਾ ਜੀ ਨਹੀਂ ਹਨ। ਜਿੰਨਾਂ ਦੇ ਆਪਾਂ ਭੋਗ ਉੱਤੇ ਆਏ ਹਾਂ।" ਕਿਉਂਕਿ ਉਹ ਮਾਤਾ ਨੂੰ ਪਹਿਲਾਂ ਵੀ ਕਈ ਵਾਰ ਮਿਲੇ ਸਨ।
     "ਕੀ ਆਖਿਆ ਇਹ ਉਹ ਮਾਤਾ ਜੀ ਨਹੀਂ ਹਨ? "
            "ਹਾਂ ਜੀ ਫੋਟੋ ਵਾਲੇ ਮਾਤਾ ਜੀ ਉਹ ਮਾਤਾ ਨਹੀਂ ਹਨ ਜਿੰਨਾਂ ਦੇ ਆਪਾਂ ਭੋਗ ਉੱਤੇ ਆਏ ਹਾਂ....! "
     " ਮੈਂ ਵੀ ਇਹ ਹੀ ਸੋਚ ਰਿਹਾ ਸੀ ਕਿ ਆਪਣੀ ਜਾਣ ਪਹਿਚਾਣ ਵਾਲਾ ਕੋਈ ਦਿਖਾਈ ਕਿਉਂ ਨਹੀਂ ਦੇ ਰਿਹਾ। ਇਸਦਾ ਮਤਲਬ ਆਪਾਂ ਗਲਤੀ ਨਾਲ ਇੱਥੇ ਆ ਗਏ। "
   "ਜੀ ਏਹੀ ਗੱਲ ਤਾਂ ਕਹਿਣ ਦੀ ਤਾਂ ਮੈਂ ਕਦੋਂ ਤੋਂ ਕੋਸ਼ਿਸ਼ ਕਰ ਰਿਹਾ ਹਾਂ। "
           ਅਸੀਂ ਦੋਨੋਂ ਇਕਦਮ ਹੀ ਹਾਲ ਵਿੱਚੋਂ ਬਾਹਰ ਆ ਗਏ।ਮੈਂ ਬਾਹਰ ਆਪਣੇ ਬੂਟ ਪਾਉਂਦੇ ਹੋਏ ਇੱਕ ਵੇਟਰ ਨੂੰ ਪੁੱਛਿਆ।
         "ਕਾਕੇ ਇੱਥੇ ਕੋਈ ਹੋਰ ਵੀ ਚੋਖਾ ਪੈਲੇਸ। "
               "ਹਾਂ ਜੀ ਸਰ ਹੈ। "
                  "ਕਿੱਥੇ ਹੈ? "
       "ਸਰ ਬਸ ਤੁਸੀਂ ਇਹ ਗਲੀ ਮੁੜੋ ਤੇ ਨਾਲ ਹੀ ਚੋਖਾ ਪੈਲੇਸ ਨੰਬਰ ਦੋ ਹੈ। "
    "ਹੂ........! "ਆਖ ਅਸੀਂ ਜਲਦੀ ਨਾਲ ਉੱਥੋ ਬਾਹਰ ਨਿਕਲੇ ਤੇ ਗਲੀ ਮੁੜ ਗਏ। ਬਸ ਵੀਹ ਕੁ ਕਦਮ ਚੱਲ ਕੇ ਸਾਡੇ ਵਾਲਾ ਪੈਲੇਸ ਸੀ। ਉਸ ਪੈਲੇਸ ਦੇ ਬਾਹਰ ਹੀ ਸਾਨੂੰ ਸਾਡਾ ਦੋਸਤ ਵੀ ਮਿਲ ਗਿਆ।
         "ਤੁਹਾਨੂੰ ਪੈਲੇਸ ਲੱਭਣ ਵਿੱਚ ਕੋਈ ਮੁਸ਼ਕਿਲ ਤਾਂ ਨਹੀਂ ਆਈ।" ਸਾਨੂੰ ਦੇਖਦੇ ਹੀ ਉਹ ਬੋਲਿਆ।
        "ਨਹੀਂ ਕੋਈ ਮੁਸ਼ਕਿਲ ਨਹੀਂ ਆਈ।" ਅਸੀਂ ਦੋਨਾਂ ਨੇ ਇਕੱਠੇ ਜਵਾਬ ਦਿੱਤਾ ਤੇ ਇੱਕ ਦੂਜੇ ਨੂੰ ਦੇਖ ਕੇ ਬੜੀ ਮੁਸ਼ਕਿਲ ਨਾਲ ਆਪਣਾ ਹਾਸਾ ਰੋਕਿਆ।
                  ਸੰਦੀਪ ਦਿਉੜਾ
                8437556667

ਮਿੰਨੀ ਕਹਾਣੀ (ਗੁੰਮਰਾਹ) ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ

ਮੇਰਾ ਅਗਲੇ ਦਿਨ ਅੰਗਰੇਜੀ ਦਾ ਪੇਪਰ ਸੀ। ਮੇਰੇ ਮੰਮੀ ਪੰਡਿਤ ਜੀ ਨੂੰ ਲੈ ਆਏ ਤੇ ਮੈਨੂੰ ਕਿਹਾ ਕਿ,"ਬੇਟੀ,ਇਹਨੂੰ ਹੱਥ ਦਿਖਾ,ਜਰੂਰ ਕੁਝ.......!" 

 "ਪਰ ਮੰਮੀ,ਮੇਰੇ ਕੋਲ ਵਕਤ ਨਹੀਂ ਕੱਲ੍ਹ ਮੇਰਾ ਪੇਪਰ.......।" ਪਰ ਮਾਂ ਦੇ ਵਾਰ -ਵਾਰ ਕਹਿਣ ਤੇ ਮੈਂ ਪੰਡਿਤ ਜੀ ਨੂੰ ਹੱਥ ਦਿਖਾਇਆ। ਜਦੋ ਉਹਨਾ ਨੇ ਕਿਹਾ ਕਿ,"ਇਸ ਸਾਲ ਤਾ ਤੂੰ ਫੇਲਹੋ ਜਾਣਾ ਏ।  ਸੱਚੀ! ਮੈ ਮਨ ਮਸੋਸ ਕੇ ਰਹਿ ਗਈ। ਚਾਹੇ ਮੈਨੂੰ ਪੰਡਿਤ ਦੀਆਂ ਗੱਲਾ ਵਿਚ ਵਿਸਵਾਸ਼ ਨਹੀਂ ਸੀ, ਪਰ ਫਿਰ ਵੀ ਪੜਾਈ ਵਿਚ ਮਨ ਨਾ     ਲੱਗੇ। ਰਹਿ-ਰਹਿ ਕੇ ਪੰਡਿਤ ਦੀ ਗੱਲ ਯਾਦ ਆਵੇ। ਆਖਿਰ ਔਖੀ-ਸੌਖੀ ਹੋ ਕੇ ਮੈਂ ਪੇਪਰ ਦੀ ਤਿਆਰੀ ਕਰ ਲਈ।ਦਿਨ ਬੀਤਦੇ ਗਏ।

     ਹੁਣ ਨਤੀਜ਼ਾ ਨਜ਼ਦੀਕ ਸੀ। ਮੈਂ ਡਰ ਤੇ ਬੇਸਬਰੀ ਨਾਲ ਨਤੀਜ਼ੇ ਦਾ ਇੰਤਜਾਰ ਕਰ ਰਹੀ ਸੀ।ਨਤੀਜ਼ੇ ਵਾਲੇ ਦਿਨ ਪੰਡਿਤ ਜੀ ਫਿਰ ਸਾਡੇ ਘਰ ਪਧਾਰੇ। ਮੈਂ ਘਬਰਾ ਰਹੀ ਸੀ ਕਿ ਮੈਨੂੰ ਫਿਰ ਕੁਝ ਕਹਿਣਗੇ ਤੇ  ਉਹ ਸੱਚ-ਮੁੱਚ ਹੀ ਮੇਰੇ ਕੋਲ ਆ ਕੇ ਕਹਿਣ ਲੱਗੇ, "ਬੇਟੀ , ਮੇਰੇ ਸੁਭਾਸ਼ ਦਾ ਰਿਜ਼ਲਟ ਵੀ ਪਤਾ ਕਰ ਆਵੀ,ਉਹ ਬੀਮਾਰ ਏ ਜਾ ਨਹੀਂ ਸਕਦਾ।" 

"ਹੈ! ਪਰ ਤੁਸੀ ਤਾਂ ਹੱਥ ਦੇਖ ਕੇ ਹੀ......।"  "ਹਾਂ, ਮੈਂ ਉਹਦਾ ਹੱਥ ਤਾ ਦੇਖਿਆ ਏ, ਉਹਦੇ ਬੜੇ ਵਧੀਆ ਨੰਬਰ ਆਉਣੇ ਨੇ, ਪਰ ਫਿਰ ਵੀ .....।" 

 ਮੈਂ ਰਿਜ਼ਲਟ ਪਤਾ ਕਰਕੇ ਜਲਦੀ ਨਾਲ ਘਰ ਆਈ ਤਾਂ ਪੰਡਿਤ ਜੀ ਅੱਗੇ ਈ ਬੈਠੇ ਸਨ। 

    "ਮੰਮੀ,ਮੈਂ ਫਸਟ ਆਈ......।" ਮੈਂ  ਸਾਹੋ -ਸਾਹੀ ਹੋਈ ਨੇ ਕਿਹਾ। "ਤੇ ਸੁਭਾਸ਼.....?' ਪੰਡਿਤ ਜੀ ਬੋਲੇ । 

     "........ਉਹ ਤਾਂ ਫੇਲ ਹੋ ਗਿਆ ਜੀ।.........ਤੁਹਾਡੀ ਭਵਿੱਖ ਬਾਣੀ.....।" ਕੁਝ ਦੇਰ ਚੁੱਪ ਰਹਿਣ ਮਗਰੋ ਪੰਡਿਤ ਜੀ ਬੋਲੇ,"ਉਹੋ ਕਦੇ-ਕਦੇ ਇੰਝ ਵੀ ਹੋ ਜਾਦੀ ਹੈ।" ਕਹਿ ਕੇ ਪੰਡਿਤ ਜੀ ਚਲੇ ਗਏ। 

     ਮੈਂ ਸੋਚ ਰਹੀ ਸੀ,ਕਦੇ-ਕਦੇ ਹੀ ਇੰਝ ਹੁੰਦਾ ਹੈ,ਜਾ ਫਿਰ ਲੋਕਾ ਨੂੰ ਗੁੰਮਰਾਹ ਕਰਨ ਲਈ ਹਮੇਸ਼ਾ ਹੀ.....।

ਮਨਪ੍ਰੀਤ ਕੌਰ ਭਾਟੀਆ

 ਐਮ.ਏ ,ਬੀ.ਐਡ। 

ਫਿਰੋਜ਼ਪੁਰ ਸ਼ਹਿਰ।

ਤੈ ਕੀ ਦਰਦ ਨਾ ਆਇਆ  ? ✍️ ਬੁੱਧ ਸਿੰਘ ਨੀਲੋਂ

  ਜੇ  ਜ਼ਿੰਦਗੀ  ਵਿੱਚ  ਦਰਦ ਨਾ ਹੁੰਦਾ  ਤੇ ਬੰਦਾ ਮਰਦ ਨਾ ਹੁੰਦਾ  ਸਗੋਂ  ਕੁੱਝ  ਹੋਰ ਹੁੰਦਾ  ।  ਧੁੱਪ ਤੇ ਛਾਂ, ਦਿਨ ਤੇ ਰਾਤ, ਦੁੱਖ  ਤੇ ਸੁਖ, ਚੁਪ ਤੇ ਸ਼ੋਰ, ਖੁਸ਼ੀ ਤੇ ਗਮੀ, ਕੋਲ ਤੇ ਦੂਰ, ਸਰਦੀ ਤੇ ਗਰਮੀ ,  ਜੀਵਨ ਤੇ ਮੌਤ । ਇਸ ਤਰ੍ਹਾਂ  ਜ਼ਿੰਦਗੀ  ਦਾ ਪ੍ਰਵਾਹ ਚੱਲਦਾ ਆਇਆ  ਤੇ ਚੱਲਦਾ ਰਹੇਗਾ ?

 ਹੁਣ ਜਿਸ ਤਰ੍ਹਾਂ  ਦੀ ਕੁਹਿਲਣੀ ਰੁੱਤ  ਚੱਲ ਰਹੀ ਹੈ ।  ਲੋਕਾਂ  ਦੇ ਮਨਾ  ਦੇ ਅੰਦਰ ਪਦਾਰਥ  ਇਕੱਠੇ  ਕਰਨ ਦੀ ਦੌੜ  ਲੱਗੀ ਹੈ ।  ਕੁਦਰਤੀ  ਸੋਮਿਆਂ  ਦੀ ਦੁਰਵਰਤੋਂ ਹੋ ਰਹੀ ਹੈ ।  ਧਰਤੀ  ਦੀ ਹਿੱਕ ਪਾੜ  ਕੇ ਕਈ ਕਈ ਪੁਸਤਾਂ ਦੀ ਜ਼ਿੰਦਗੀ  ਦਾ ਸਮਾਨ ਇਕੱਠਾ  ਕੀਤਾ  ਜਾ ਰਿਹਾ ਹੈ ।  ਲੱਗਦਾ ਹੁਣ ਜਿਸ ਪਾਣੀ  ਤੋਂ  ਜੀਵਨ  ਬਣਿਆ  ਸੀ, ਉਹ ਪਾਣੀ ਹੀ ਜੀਵਨ ਖਤਮ ਕਰੇਗਾ ।  

ਮਨੁੱਖ  ਕੁਦਰਤ  ਤੋਂ  ਕਦੇ  ਡਰੇਗਾ ਵੀ ?  ਕੁਦਰਤੀ  ਸੋਮਿਆਂ  ਨੂੰ  ਖਤਮ ਕਰਨ  ਵਾਲੇ  ਬਹੁਤੇ  ਨਹੀਂ,  ਬਸ ਮੁੱਠੀ ਕੁ ਭਰ ਹਨ ।  ਬਹੁਗਿਣਤੀ  ਤਾਂ  ਅਜੇ ਕੁਦਰਤ  ਦੇ ਅੰਗਸੰਗ ਵਸਦੀ ਹੈ ਪਰ ਕੁੱਝ  ਦੀਆਂ  ਗਲਤੀਆਂ  ਦਾ ਖਮਿਆਜਾ ਪੂਰੀ ਲੋਕਾਈ  ਭੁਗਤ ਰਹੀ ਹੈ । ਧਰਤੀ ਤੇ ਲੋਕਾਂ  ਨੂੰ  ਕੁੱਝ ਘਰਾਣਿਆਂ  ਨੇ ਰੰਡੀ ਤੇ ਮੰਡੀ  ਸਮਝਿਆ  ਹੋਇਆ  ਹੈ ।  ਜਿਸ ਦੀ ਸਦਾ ਹੀ ਦੁਰਵਰਤੋਂ ਕਰਦੇ ਹਨ ।

ਪਹਿਲਾਂ  ਕੋਈ  ਬੀਮਾਰੀ  ਪੈਦਾ ਹੁੰਦੀ  ਸੀ ਫੇਰ ਉਸਦੇ ਇਲਾਜ ਦੇ ਲਈ ਦਵਾਈ  ਬਣਾਈ  ਜਾਂਦੀ  ਸੀ ।  ਹੁਣ ਦਵਾਈਆਂ  ਪਹਿਲਾਂ  ਬਣਾਈਆਂ  ਜਾਂਦੀਆਂ  ਹਨ ਤੇ ਫੇਰ ਬੀਮਾਰੀਆਂ  ਪੈਦਾ  ਕੀਤੀਆਂ  ਜਾਂਦੀਆਂ  ਹਨ ।  ਹੁਣ ਇਸ ਗੱਲ ਕਿਸੇ  ਦਾ ਪਤਾ ਨਹੀਂ  ਕਿ ਭਵਿੱਖ  ਦੇ ਵਿੱਚ  ਕਿਸ ਚੀਜ਼  ਦੀ ਮੰਡੀ  ਲੱਗਣੀ ਹੈ । 

ਹਰੀ ਕ੍ਰਾਂਤੀ  ਨੇ ਕਿਰਤ ਦੇ ਉਪਰ ਹਮਲਾ ਕੀਤਾ ਸੀ  ਜਦ ਖੇਤੀਬਾੜੀ ਦਾ ਮਸ਼ੀਨੀਕਰਨ ਹੋਇਆ ਸੀ ।  ਖੇਤੀਬਾੜੀ  ਦੇ ਜਿੰਨੇ ਵੀ ਆਧੁਨਿਕ  ਸੰਦ ਹਨ, ਇਹ ਕਿਰਤੀਆਂ  ਦੇ ਲਈ ਹਥਿਆਰਬੰਦ ਸੈਨਾ ਹਨ ।  ਟਰੈਕਟਰ  ਜੇ ਮਸ਼ੀਨਗੰਨ ਹੈ ਤਾਂ  ਕੰਬਾਈਨ  ਤੋਪ  ਜਾਂ ਮਜ਼ਾਇਲ ਹੈ । 

ਹੁਣ ਇਹ ਪੁੱਠੇ ਅਰਥਾਂ  ਵਾਲੀਆਂ  ਗੱਲਾਂ  ਸਿੱਧੇ ਦਿਮਾਗ਼ਾਂ ਵਾਲਿਆਂ  ਦੇ ਸਮਝ ਨਹੀਂ  ਪੈਣੀਆਂ ।  ਕਿਰਤ ਦੀ ਲੁੱਟ  ਤੇ ਪੁਲਿਸ  ਦੀ ਕੁੱਟ ਇਕ ਬਰਾਬਰ ਹੁੰਦੀ   ਹੈ ।  ਪਰ ਸਮਾਜ  ਵਿੱਚ  ਬਰਾਬਰੀ  ਦਾ ਕਿਧਰ ਵੀ ਬੋਲਬਾਲਾ  ਨਹੀਂ  ।  ਪਹਿਲਾਂ  ਜੱਟ ਤੇ ਸੀਰੀ ਕਿਰਤੀ ਸੀ ਪਰ ਹੁਣ ਜੱਟ  ਜੱਟ ਹੈ ਤੇ ਸੀਰੀ ਖਤਮ ਹੈ ।

ਹੁਣ ਤਾਂ  ਸੀਰੀ ਦੀ ਥਾਂ  ਮਸ਼ੀਨਰੀ ਹੈ । ਕਦੇ ਜੱਟ  ਤੇ ਸੀਰੀ ਦੇ ਰਿਸ਼ਤਿਆਂ  ਦੀ ਸਾਂਝ  ਨਹੁੰ  ਤੇ ਮਾਸ ਵਰਗੀ ਸੀ ।  ਦੁਖ ਦਰਦ ਹਾਸੇ ਚੋਹਲ ਨਖਰੇ ਸਾਂਝੇ ਸੀ ।  ਹੁਣ ਮਸ਼ੀਨਰੀ ਨਾਲ ਦੁੱਖ  ਵੰਡਾਇਆ ਨਹੀਂ  ਜਾ ਸਕਦਾ ਸਗੋਂ  ਵਧਾਇਆ  ਜਾ ਸਕਦਾ ਹੈ ।  ਖੇਤੀਬਾੜੀ  ਦੇ ਮਸ਼ੀਨੀਕਰਨ ਤੋਂ  ਪਹਿਲਾਂ  ਕਿਸਾਨ  ਤੇ ਸੀਰੀ ਸੀ ਪਰ ਜਦੋਂ  ਤੋਂ  ਖੇਤੀਬਾੜੀ ਦਾ ਮਸ਼ੀਨੀਕਰਨ ਹੋਇਆ  ਕਿਸਾਨ  ਜੱਟ  ਹੋ ਗਿਆ  ।  ਜੱਟ  ਤੋਂ  ਅੱਗੇ ਜਾਗੀਰਦਾਰ ਬਣ ਗਏ । ਜਾਗੀਰਦਾਰੀ  ਤੇ ਸਰਮਾਏਦਾਰੀ  ਦਾ ਆਪਸੀ ਰਿਸ਼ਤਾ ਹੈ ।  ਇਨ੍ਹਾਂ  ਦੋਹਾਂ  ਨੇ ਰਲ ਕੇ ਕਿਰਤੀ ਵਰਗ ਲੁੱਟਿਆ ਤੇ ਕੁੱਟਿਆ ਹੈ ।  ਗੀਤਾਂ  ਤੇ ਫਿਲਮਾਂ  ਰਾਹੀ ਚਾਰੇ ਪਾਸੇ ਜੱਟਵਾਦ ਦਾ ਬੋਲਬਾਲਾ  ਏਨਾ ਵਧਿਆ ਬਾਕੀ ਧਰਤੀ  ਉਤੇ ਕੋਈ  ਰਿਹਾ ਹੀ ਨਹੀਂ ।  ਨਾ ਜੀਵ ਨਾ ਜੰਤੂ  ਤੇ ਨਾ ਕੋਈ  ਪੰਛੀ  ।  ਹੁਣ ਤਾਂ  ਚਾਰੇ ਪਾਸੇ ਮਸ਼ੀਨਰੀ ਦਾ ਬੋਲਬਾਲਾ  ਹੈ ।  ਹੁਣ ਇਨ੍ਹਾਂ  ਮਸ਼ੀਨਾਂ ਦੇ ਨਾਲ ਰਿਸ਼ਤਿਆਂ  ਦੀ ਸਾਂਝ  ਕੌਣ ਪਾਵੇਗਾ ? 

ਹੁਣ ਧਰਤੀ  ਤੇ ਕਿਰਤੀਆਂ ਦੇ ਦਰਦ ਕੌਣ  ਸੁਣੇਗਾ ? ਕੌਣ ਸੱਥ ਵਿੱਚ  ਬੈਠ ਕੇ ਵਾਰਿਸ ਸ਼ਾਹ ਦੀ ਹੀਰ ਸੁਣੇਗਾ ?  ਸੁਣ ਕੇ ਮੰਨ ਕੇ ਕੌਣ ਭੈਅ ਰੱਖੇਗਾ ।   ਸ਼ਬਦ ਗੁਰੂ  ਧੁਨ ਚੇਲਾ ।  ਨਾ ਕਿਸੇ ਨੂੰ  ਸ਼ਬਦ ਗੁਰੂ  ਦਾ ਤੇ ਨਾ ਧੁਨੀ  ਦਾ ਗਿਆਨ  ਹੈ । 

 ਉਝ ਗੁਰੂ  ਸਾਡਾ  ਸ਼ਬਦ ਹੈ ।  ਸ਼ਬਦ ਗੁਰੂ  ਸ੍ਰੀ  ਗੁਰੂ  ਗ੍ਰੰਥ  ਸਾਹਿਬ  ਹੈ ।  ਸਾਡੇ  ਕੋਲ ਬਾਣਾ  ਤਾਂ  ਹੈ ਬਾਣੀ ਨਹੀ ।  ਭੇਖਧਾਰੀ ਤਾਂ ਹੈਵਪਰ ਗਿਆਨਵਾਨ ਨਹੀਂ  ।  ਗਿਆਨ  ਹਾਸਲ ਕਰਨ ਲਈ ਸ਼ਬਦ ਤੇ ਧੁਨ ਸੰਗ ਜੁੜਨਾ ਪਵੇਗਾ ।  ਪਰ ਇਹ ਸਭ ਕੌਣ ਕਰੇਗਾ  ?  ਕੌਣ ਆਖੇਗਾ ਕਿ ਤੈ ਕੀ ਦਰਦ ਨਾ ਆਇਆ  । 

ਬਾਬਰ ਬਾਣੀ ਕੌਣ ਪੜ੍ਹ ਕੇ ਅਮਲ ਕਰੇਗਾ ।  ਅਮਲਾਂ ਬਾਂਝੋ ਦੋਵੇਂ  ਮੂਰਖ ਹਨ ।  ਇਹ ਕੇਹੀ ਰੁੱਤ  ਆ ਗਈ ਹੈ ?  ਅੰਦਰ ਤੇ ਬਾਹਰ ਦੋਵੇਂ  ਪਾਸੇ ਸਾੜਾ ਹੈ ।  ਬਸ ਮੈਂ  ਹੀ ਇੱਕ ਚੰਗਾ  ਤੇ ਬਾਕੀ ਸਾਰਾ ਸਮਾਜ  ਮਾੜਾ  ਹੈ ।  ਜਦ ਕਿ ਬੰਦਾ  ਮਾੜਾ ਨਹੀਂ  ਹੁੰਦਾ  ਤੇ ਮਾੜੇ  ਉਸਦੇ ਕੰਮ ਹੁੰਦੇ  ਹਨ ਪਰ  ਚੰਗੇ ਕੰਮ ਕੌਣ ਕਰੇਗਾ  ? ਮਨੁੱਖ ਨੂੰ  ਮਨੁੱਖ  ਕੌਣ ਸਮਝੇਗਾ ?  ਕੌਣ ਬਰਾਬਰੀ  ਦੀ ਬਾਤ ਪਾਵੇਗਾ ?  ਕੌਣ ਕਿਰਤੀਆਂ  ਦੇ ਦਰਦ ਸੁਣੇਗਾ? 

ਕਿਰਤ ਦੀ ਲੁੱਟ  ਤੇ ਪੁਲਿਸ ਕੁੱਟ

ਇਹ ਸਦਾ ਹੀ ਹੁੰਦੀ  ਹੈ ।

 ਕਿਰਤੀ ਦੇ ਨਾਮ ਉਤੇ ਵੱਡੇ  ਵੱਡੇ ਸੰਘਰਸ਼ ਹੁੰਦੇ 

ਪਰ ਕਿਰਤੀ ਦੀ ਲੁੱਟ ਕਦੇ ਹਟੀ

 

ਰੱਬ ਦੇ ਘਰ ਹੈ, ਹਨੇਰ ਨਹੀਂ 

ਵਰਗੇ ਮੁਹਾਵਰੇ ਵੀ ਲੁੱਟਮਾਰ ਕਰਨ ਵਾਲਿਆਂ ਨੇ ਬਣਾਏ ਹਨ।

ਤਾਂ ਕਿ ਕਿਰਤੀ ਉਸ ਰੱਬ ਵੱਲ ਝਾਕੀ ਜਾਵੇ

ਜਿਹੜਾ  ਸਰਮਾਏਦਾਰੀ ਨੇ ਆਪਣੀ  ਕੱਛ ਵਿੱਚ ਲਕੋਇਆ ਹੈ ।

 

ਉਹ ਰੱਬ ਦਾ ਭੂਤ ਉਸ ਵੇਲੇ ਕੱਢ ਦੇ ਹਨ ਤੇ ਸਮਾਜ ਵਿੱਚ ਛੱਡ ਦੇ ਹਨ

ਜਦ ਉਨ੍ਹਾਂ ਨੂੰ ਖਤਰਾ ਲੱਗਦਾ ਹੈ ਕਿ ਕਿਰਤੀ ਜਾਗ ਪਏ ਹਨ ।

 

 ਉਸ ਵੇਲੇ ਧਰਮ ਦੇ ਨਾਮ ਉਤੇ ਮੋਰਚੇ ਲੱਗਦੇ ਹਨ

ਕਦੇ ਕਿਰਤ ਦੀ ਲੁੱਟਮਾਰ ਖਿਲਾਫ  ਧਰਨਾ ਨਹੀਂ ਲੱਗਿਆ

ਕਿਰਤੀ ਜਾਂਦਾ  ਹਰ ਵਾਰ ਠੱਗਿਆ

 

ਹਰ ਇਹ ਠੱਗ  ਲੈ ਕੇ ਹੱਥਾਂ ਵਿੱਚ ਅੱਗ, 

ਸਾੜ ਦੇ ਨੇ ਹੱਸਦਾ ਵਸਦਾ ਜਗ !

 

ਕਿਰਤੀ ਦੀ ਲੱਗੀ ਹੈ ਬਿਰਤੀ,  

ਜਾਵੇ ਧਰਤ ਵੱਲ ਨਿੱਤ ਖਿਸਕੀ

ਦੁੱਧ ਪਾਣੀ ਦੇ ਨਾਲੋਂ  

ਸਸਤੀ ਹੋ ਗਈ ਵਿਸਕੀ!

 

ਅੰਮ੍ਰਿਤ  ਨਾਲੋਂ  ਜ਼ਹਿਰ ਸਸਤਾ

ਹਨੇਰ ਨੂੰ ਜਾਵੇ ਰਸਤਾ

ਖਾਲੀ ਢਿੱਡ ਤੇ ਖਾਲੀ ਬਸਤਾ !

 

 ਆਪ ਨੰਗ ਬਾਪ ਨੰਗ

ਵਧੀ ਜਾਵੇ ਕਰਜ਼ ਦੀ ਪੰਡ

ਉਠ ਜਾਗ ਕਿਰਤੀਆਂ 

ਤੂੰ  ਦਾਤੀ ਤੇ ਖੁਰਪੇ ਚੰਡ 

 

ਲੁੱਟਮਾਰ  ਕਰ ਹਿਸਾਬ

ਹੱਥ ਵਿੱਚ  ਤੂੰ ਕਿਤਾਬ 

 

ਬਿਨ ਗਿਆਨ ਨਾ ਹੋਵੇ ਜੰਗ

ਗਿਆਨ ਵਿਹੂਣਾ ਗਾਵੈ ਗੀਤ

ਬਿਨ ਗਿਆਨ  ਸਭ ਮਲੰਗ

 

ਤੇਰੇ ਮੌਲਾ ਤੇਰੇ ਰੰਗ

ਮਨੁੱਖਤਾ ਕੌਣ ਲੜੇ ਜੰਗ ?

 

ਬੁੱਧ  ਸਿੰਘ ਨੀਲੋਂ

94643 70823

01 ਫਰਵਰੀ ਬਰਸੀ 'ਤੇ ਵਿਸ਼ੇਸ਼ ( ਜਸਵੰਤ ਸਿੰਘ ਕੰਵਲ ਨੂੰ ਯਾਦ ਕਰਦਿਆਂ ) ✍️ ਸ. ਸੁਖਚੈਨ ਸਿੰਘ ਕੁਰੜ

27 ਜੂਨ 1919 ਦਾ ਦਿਨ ਭਾਗਾਂ ਭਰਿਆ ਸੀ। ਇਸ ਦਿਨ ਪਿਤਾ ਸ.ਮਾਹਲਾ ਸਿੰਘ ਗਿੱਲ ਤੇ ਮਾਤਾ ਹਰਨਾਮ ਕੌਰ ਦੇ ਘਰ ਢੁੱਡੀਕੇ ਪਿੰਡ ਦੀ ਕਪੂਰਾ ਪੱਤੀ ਵਿੱਚ ਜਸਵੰਤ ਸਿੰਘ ਦਾ ਜਨਮ ਹੋਇਆ। ਜਿਸ ਨੇ ਬਾਅਦ ਵਿੱਚ ਪੰਜਾਬੀ ਸਾਹਿਤ ਜਗਤ ਵਿੱਚ ਸਭ ਤੋਂ ਵਡੇਰੀ ਉਮਰ ਦੇ ਲੇਖਕ ਹੋਣ ਦਾ ਮਾਣ ਵੀ ਖੱਟਿਆ।

ਕੰਵਲ ਨੇ ਆਪਣੀਆਂ ਮੁੱਢਲੀਆਂ ਚਾਰ ਜਮਾਤਾਂ ਪਿੰਡੋਂ ਪੜ੍ਹ ਕੇ ਅਗਲੇਰੀ ਸਕੂਲੀ ਪੜ੍ਹਾਈ ਚੂਹੜਚੱਕ ਅਤੇ ਮੋਗੇ ਤੋਂ ਕੀਤੀ ਪਰ ਦਸਵੀਂ ਪਾਸ ਨਾ ਕਰ ਸਕਿਆ। 16 ਵਰ੍ਹਿਆਂ ਦੀ ਉਮਰ ਵਿੱਚ ਕੰਵਲ ਮਲਾਇਆ ਚਲਾ ਗਿਆ। ਜਿੱਥੇ ਉਹਦੇ ਮੁਹੱਬਤੀ ਕਿੱਸੇ ਦਾ ਅਰੰਭ ਵੀ ਹੋਇਆ ਤੇ ਉਹ ਕਿੱਸੇ ਦੀ ਮੁਹੱਬਤ ਕਿਸੇ ਕਾਰਨ ਉਮਰ ਭਰ ਦੇ ਸਾਥ ਵਿੱਚ ਨਾ ਵਟ ਸਕੀ। ਜਿਸਦਾ ਜਿਕਰ ਉਹਨਾਂ ਨੇ ‘ਚਿੱਕੜ ਦੇ ਕੰਵਲ’ ਪੁਸਤਕ ਦੀ ਕਹਾਣੀ ‘ਪਹਿਲੀ ਮੁਹੱਬਤ’ ਵਿੱਚ ਕੀਤਾ। 

ਕਲਮ ਨੂੰ ਲਿਖਣ ਦੀ ਚੇਟਕ ਉਹਨਾਂ ਨੂੰ ਮਲਾਇਆ ਦੇ ਇਸ ਮਾਹੌਲ ਤੋਂ ਹੀ ਮਿਲ਼ੀ ਸੀ। ਇਸੇ ਕਰਕੇ ਉਹ ਆਪਣੀ ਲਿਖਣ ਕਲਾ ਨੂੰ 'ਮਲਾਇਆ ਦੀ ਸੌਗਾਤ' ਹੋਣ ਦਾ ਮਾਣ ਬਖ਼ਸ਼ਦੇ ਹਨ।

ਮਲਾਇਆ ਵਿੱਚ ਰਹਿੰਦੇ ਸਮੇਂ ਰੋਜ਼ੀ ਰੋਟੀ ਲਈ ਉੱਥੇ ਚੌਕੀਦਾਰੀ ਵੀ ਕੀਤੀ। ਲਗਪਗ ਤਿੰਨ ਸਾਲ ਮਲਾਇਆ ਵਿੱਚ ਰਹਿਕੇ ਫਿਰ ਆਪਣੇ ਪਿੰਡ ਢੁੱਡੀਕੇ ਮੁੜ ਆ ਵਸੇ। 

ਇਸ ਤੋਂ ਇਲਾਵਾ ਬਾਅਦ ਵਿੱਚ 'ਸੱਚ ਨੂੰ ਫਾਂਸੀ' ਨਾਵਲ ਦੀ ਬਦੌਲਤ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਗੁਰੂ ਰਾਮਦਾਸ ਦੀ ਨਗਰੀ ਵਿੱਚ 90 ਰੂਪੈ ਪ੍ਰਤਿ ਮਹੀਨਾ ਕਲਰਕੀ ਦੀ ਨੌਕਰੀ ਮਿਲ਼ਨ ਦਾ ਸਬੱਬ ਬਣਿਆ। ਇਸ ਨੌਕਰੀ ਦੌਰਾਨ ਉਹਨਾਂ ਦਾ ਉੱਥੇ ਹੀ ਰਹਿਣ ਦਾ ਪ੍ਰਬੰਧ ਸੀ। ਇੱਥੇ ਸਮੇਂ 'ਚੋਂ ਸਮਾਂ ਮਿਲਦਿਆਂ ਹੀ ਆਪਣੀ ਸਾਹਿਤਕ ਰੁਚੀ ਨੂੰ ਪੂਰਾ ਕਰਨ ਲਈ ਸ਼੍ਰੋਮਣੀ ਕਮੇਟੀ ਦੀ ਲਾਇਬਰੇਰੀ ਵਿੱਚ ਚਲੇ ਜਾਂਦੇ 'ਤੇ ਉੱਥੇ ਵੱਖੋ-ਵੱਖ ਕਿਤਾਬਾਂ,ਨਾਵਲ ਤੇ ਕਹਾਣੀਆਂ ਆਦਿ ਪੜ੍ਹਦੇ ਰਹਿੰਦੇ। ਸਕੂਲ 'ਚ ਪੜ੍ਹਦੇ ਸਮੇਂ ਤੋਂ ਹੀ ਜਸਵੰਤ ਸਿੰਘ ਕੰਵਲ ਨੂੰ ਸਿਲੇਬਸ ਤੋਂ ਬਾਹਰ ਦੀਆਂ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ । 

ਉਸ ਭਲੇ ਵੇਲੇ ਉਸ ਦੇ ਖੱਤ ਲਿਖਣ ਦੇ ਸ਼ੌਂਕ 'ਚੋਂ ਖਤ ਲਿਖਣ ਦੀ ਕਲਾ ਨੂੰ ਵੇਖ ਕੇ ਮਿੱਤਰਾਂ ਨੇ ਹੀ ਜਸਵੰਤ ਸਿੰਘ ਨੂੰ ਸਾਹਿਤ ਵੱਲ ਮੋੜਾ ਪਾਉਣ ਲਈ ਪ੍ਰੇਰਿਆ। ਚੜ੍ਹਦੀ ਜਵਾਨੀ ਮਲਾਇਆ ਰੁਜ਼ਗਾਰ ਦੀ ਭਾਲ ਵਿੱਚ ਜਦ ਕੰਵਲ ਮਲਾਇਆ ਰਹਿੰਦੇ ਸੀ ਤਾਂ ਉੱਥੇ ਗੁਰਦੁਆਰਾ ਸਾਹਿਬ ਵਿੱਚ ਗੁਰਪੁਰਬ ਦੇ ਸਮੇਂ ਬੈਂਤ ਛੰਦ ਵਿਚ ਲਿਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਬੰਧੀ ਇੱਕ ਕਵਿਤਾ ਪੜ੍ਹੀ। ਮੌਕੇ ਤੇ ਹਾਜ਼ਰ ਸੰਗਤ ਵਲੋਂ ਭਰਪੂਰ ਦਾਦ ਮਿਲ਼ਨ ਕਰਕੇ ਲਿਖਣ ਵੱਲ ਹੋਰ ਰੁਚੀ ਵਧੀ। ਉਥੇ ਹੀ ਦੋਸਤਾਂ ਨੇ ਜਸਵੰਤ ਸਿੰਘ ਨੂੰ 'ਕੰਵਲ' ਦਾ ਤਖ਼ੱਲਸ ਦਿੱਤਾ ਸੀ। ਵਾਰਿਸ ਸ਼ਾਹ ਦੀ ਹੀਰ ਨੇ ਤੇ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਨੇ ਵੀ ਜਸਵੰਤ ਸਿੰਘ ਕੰਵਲ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਜਸਵੰਤ ਸਿੰਘ ਕੰਵਲ ਦਾ ਸਾਹਿਤਕ ਸਫ਼ਰ ਜੋ ਕਿ ਮਲਾਇਆ ਵਿੱਚ ਸ਼ੁਰੂ ਹੋਇਆ ਤੇ ਪੰਜਾਬ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਹਰ ਪਲ ਨਾਲ਼ ਪ੍ਰਵਾਨ ਚੜ੍ਹਿਆ। 

ਸਭ ਤੋਂ ਪਹਿਲਾਂ ਉਨ੍ਹਾਂ ਨੇ 1941-42 ਵਿੱਚ ਵਾਰਤਕ ਦੀ ਪਹਿਲੀ ਪੁਸਤਕ ‘ਜੀਵਨ ਕਣੀਆਂ' ਲਿਖੀ ਜਿਸ ਨੇ ਉਸ ਸਮੇਂ ਉਨ੍ਹਾਂ ਦੀ ਸਾਹਿਤ ਦੀ ਦੁਨੀਆਂ ਵਿੱਚ ਇੱਕ ਆਪਣੀ ਪਹਿਚਾਣ ਦਿੱਤੀ। 'ਜੀਵਨ ਕਣੀਆਂ' ਦੇ ਪ੍ਰਕਾਸ਼ਕ ਨੇ ਹੀ ਉਨ੍ਹਾਂ ਨੂੰ ਨਾਵਲ ਲਿਖਣ ਵੱਲ ਪ੍ਰੇਰਿਤ ਕੀਤਾ। 

ਜਸਵੰਤ ਸਿੰਘ ਕੰਵਲ ਦਾ ਸਭ ਤੋਂ ਪਹਿਲਾ ਨਾਵਲ ‘ਸੱਚ ਨੂੰ ਫਾਂਸੀ' 1944 ਵਿੱਚ ਪਾਠਕਾਂ ਦੇ ਹੱਥਾਂ ਵਿੱਚ ਆਇਆ। ਕੰਵਲ ਖ਼ੁਦ ਦੱਸਦੇ ਸਨ ਕਿ ਉਹਨਾਂ ਦੇ ਨਾਵਲ ਸੱਚ ਨੂੰ ਫਾਂਸੀ ਦਾ ਨਾਇਕ ਉਸ ਦੇ ਨਾਨਕੇ ਮਿੰਟਗੁਮਰੀ ਦੇ ਚੱਕਾਂ ਦਾ ਇੱਕ ਨੌਜੁਆਨ ਸੀ ਜਿਸ ਨਾਲ਼ ਉਹ ਕਦੇ ਵਾਲੀਬਾਲ ਖੇਡਦਾ ਹੁੰਦਾ ਸੀ। 

ਜਸਵੰਤ ਸਿੰਘ ਕੰਵਲ ਅਕਸਰ ਹੀ ਆਪਣੇ ਨਾਵਲਾਂ ਦੀ ਚਰਚਾ ਕਰਦੇ ਇਹ ਗੱਲ ਦਾ ਜ਼ਿਕਰ ਜ਼ਰੂਰ ਕਰਦੇ ਕਿ ਉਨ੍ਹਾਂ ਦਾ ਦੂਜਾ ਨਾਵਲ 'ਪਾਲੀ' (ਜੋ ਕਿ ਪਿਆਰ, ਪੀੜ, ਵੇਦਨਾ ਤੇ ਦਿਲੀ ਵਲਵਲਿਆਂ ਦਾ ਪ੍ਰਤੀਕ ਨਾਵਲ ਹੈ।) ਪੜ੍ਹ ਕੇ ਹੀ, ਉਸ ਵੇਲੇ ਦੇ ਨਾਵਲ ਦੇ ਪਿਤਾਮਾ ਨਾਨਕ ਸਿੰਘ ਉਨ੍ਹਾਂ ਨੂੰ ਗੁਰੂ ਰਾਮਦਾਸ ਦੀ ਨਗਰੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵਿੱਚ ਮਿਲ਼ਨ ਆਏ। ਗੱਲ ਤੁਰੀ ਤਾਂ ਨਾਨਕ ਸਿੰਘ ਨੇ ਇਹ ਕਿਹਾ ਕਿ ਮੈਂ ਸਿਰਫ ਤੈਨੂੰ ਇਹੀ ਕਹਿਣ ਆਇਆ ਹਾਂ, ਕਿ ‘‘ਤੂੰ ਬਹੁਤ ਵਧੀਆ ਲਿਖਦਾ ਹੈ, ਲਿਖਣਾ ਨਾ ਛੱਡੀ।"  

ਪੰਜਾਬੀ ਨਾਵਲਾਂ ਦੀ ਗੱਲ ਕਰਦਿਆਂ ਜਦ ਹਰ ਪੰਜਾਬੀ ਦੀ ਪਸੰਦ ਦੇ ਪਹਿਲੇ ਨਾਵਲ ਦੀ ਗੱਲ ਕਰਦੇ ਹਾਂ ਤਾਂ ਜਸਵੰਤ ਸਿੰਘ ਕੰਵਲ ਦੇ ਤੀਜੇ ਨਾਵਲ 'ਪੂਰਨਮਾਸ਼ੀ' ਦਾ ਨਾਂ ਆਉਂਦਾ ਹੈ। ਇਸ ਨਾਵਲ ਵਿੱਚੋ ਪੰਜਾਬੀ ਸੱਭਿਆਚਾਰ ਦੇ ਪੇਂਡੂ ਜੀਵਨ ਜਾਚ ਦੀ ਝਲਕ ਪੈਂਦੀ ਹੈ। ਜਸਵੰਤ ਸਿੰਘ ਕੰਵਲ ਨੇ ਆਪਣਾ ਚੌਥਾ ਨਾਵਲ 'ਰਾਤ ਬਾਕੀ ਹੈ' ਉਦੋਂ ਲਿਖਿਆ ਜਦੋਂ ਕਮਿਊਨਿਸਟ ਪਾਰਟੀ ਆਪਣੇ ਸਿਖਰਾਂ 'ਤੇ ਸੀ। ਇਸ ਨਾਵਲ ਨੇ ਪੰਜਾਬ ਦੀ ਜਵਾਨੀ ਨੂੰ ਹਲੂਣ ਦੇਣ ਦਾ ਵੱਡਾ ਕੰਮ ਕੀਤਾ। ਇਸ ਨਾਵਲ ਨਾਲ਼ ਜਸਵੰਤ ਸਿੰਘ ਕੰਵਲ ਦੀ ਜ਼ਿੰਦਗੀ ਦਾ ਇੱਕ ਹੋਰ ਖ਼ੂਬਸੂਰਤ ਕਿੱਸਾ ਉਹਨਾਂ ਦੀ ਹਮਸਫ਼ਰ ਦੇ ਰੂਪ ਵਿੱਚ ਆਉਣ ਦਾ ਸਬੱਬ ਵੀ ਜੁੜਿਆ ਹੋਇਆ ਹੈ। 

ਸੱਤਰਵਿਆਂ ਦੇ ਵਿੱਚ ਪੰਜਾਬ ਦੇ ਹਾਲਤਾਂ ਵਿੱਚ ‘‘ਲਹੂ ਦੀ ਲੋਅ ਵਰਗਾ ਨਾਵਲ ਲਿਖਣ ਦਾ ਹੌਂਸਲਾ ਕੰਵਲ ਹੁਰਾਂ ਦੇ ਹਿੱਸੇ ਹੀ ਆਉਂਦਾ ਹੈ। ਉਸ ਸਮੇਂ ਪੰਜਾਬ ਦੇ ਹਾਲਾਤ ਸਹੀ ਨਹੀਂ ਸੀ, ਪ੍ਰਕਾਸ਼ਕ ਨਾਵਲ ਛਾਪਣ ਤੋਂ ਕੰਨੀ ਕਤਰਾਉਣ ਲੱਗੇ। ਅਖੀਰ ਨੂੰ ‘‘ਲਹੂ ਦੀ ਲੋਅ ਨਾਵਲ ਸਿੰਗਾਪੁਰ ਵਿੱਚ ਛਪਿਆ ਤੇ ਸਭ ਤੋਂ ਪਹਿਲਾਂ ਪਰਵਾਸੀ ਪੰਜਾਬੀਆਂ ਵਿੱਚ ਪੜ੍ਹਿਆ ਗਿਆ। ਕੁਝ ਕਾਪੀਆਂ ਪੰਜਾਬ ਵਿੱਚ ਵੀ ਆਈਆਂ ਜੋ ਕਿ ਹੱਥੋਂ-ਹੱਥੀਂ ਵਿਕ ਗਈਆਂ।ਅਗਲਾ ਨਾਵਲ ਸਾਹਿਤ ਅਕਾਦਮੀ ਐਵਾਰਡ ਜੇਤੂ 'ਤੌਸਾਲੀ ਦੀ ਹੰਸੋ' ਹੈ। ਕੰਵਲ ਦਾ ਇਹ ਆਪਣਾ ਪਸੰਦੀਦਾ ਨਾਵਲ ਵੀ ਹੈ। ਇਸ ਨਾਵਲ ਨੂੰ ਉਹ ਆਪਣੀ 'ਰੂਹ ਦਾ ਰੱਜ' ਆਖਦੇ ਹਨ।

'ਐਨਿਆਂ ’ਚੋਂ ਉਠੇ ਕੋਈ ਸੂਰਮਾ ' ਨਾਵਲ ਦੇ ਸਫ਼ਰ ਤੱਕ ਜਸਵੰਤ ਸਿੰਘ ਕੰਵਲ ਦੀ ਕਮਿਊਨਿਸਟ ਸੋਚ ਵਿੱਚ ਕਾਫ਼ੀ ਪਰਿਵਰਤਨ ਆ ਗਿਆ ਸੀ।

ਉਪਰੋਕਤ ਨਾਵਲਾਂ ਤੋਂ ਇਲਾਵਾ ਜ਼ਿੰਦਗੀ ਦੂਰ ਨਹੀਂ,ਸਿਵਲ ਲਾਈਨਜ਼,ਰੂਪਧਾਰਾ,ਹਾਣੀ,ਭਵਾਨੀ,ਮਿੱਤਰ ਪਿਆਰੇ ਨੂੰ,ਜੇਰਾ,ਬਰਫ਼ ਦੀ ਅੱਗ,ਤਾਰੀਖ਼ ਵੇਖਦੀ ਹੈ,ਮਨੁੱਖਤਾ,ਮੋੜਾ,ਸੁਰ ਸਾਂਝ,ਐਨਿਆਂ 'ਚੋਂ ਉੱਠੋ ਸੂਰਮਾਂ ,ਅਹਿਸਾਸ,ਖੂਬਸੂਰਤ ਦੁਸ਼ਮਣ,ਚਿੱਕੜ ਦੇ ਕੰਵਲ,ਰੂਪਮਤੀ,ਖੂਨ ਕੇ ਸੋਹਿਲੇ ਗਾਵੀਅਹਿ ਨਾਨਕ,ਮੁਕਤੀ ਮਾਰਗ,ਇਕ ਹੋਰ ਹੈਲਨ,ਸੁੰਦਰਾਂ,ਲੱਧਾ ਪਰੀ ਨੇ ਚੰਨ ਉਜਾੜ ਵਿੱਚੋਂ, ਹੁਨਰ ਦੀ ਜਿੱਤ, ਜੰਗਲ ਦੇ ਸ਼ੇਰ,ਮੂਮਲ, ਨਵਾਂ ਸੰਨਿਆਸ,ਕਾਲਾ ਹੰਸ, ਝੀਲ ਤੇ ਮੋਤੀ ਦੇ ਨਾਂ ਵਰਣਨਯੋਗ ਹਨ। ਜਸਵੰਤ ਸਿੰਘ ਕੰਵਲ ਦੇ ਨਾਵਲਾਂ ਸੰਬੰਧਿਤ ਇੱਕ ਲੰਬੀ ਚਰਚਾ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਗੋਰਾ ਮੁੱਖ ਸੱਜਣਾ ਦਾ, ਜੁਹੂ ਦਾ ਮੋਤੀ, ਮਰਨ ਮਿੱਤਰਾਂ ਦੇ ਅੱਗੇ ਜਸਵੰਤ ਸਿੰਘ ਕੰਵਲ ਦੇ ਰੇਖਾ ਚਿੱਤਰ ਵੀ ਮਿਲ਼ਦੇ ਹਨ।

ਜਸਵੰਤ ਸਿੰਘ ਕੰਵਲ ਦੇ ਸਾਹਿਤਕ ਸਫ਼ਰ ਵਿੱਚ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਦਾ ਜੋ ਵੇਰਵਾ ਮਿਲ਼ਦਾ ਹੈ ਉਹਨਾਂ ਵਿੱਚ 36 ਨਾਵਲ,10 ਕਹਾਣੀ ਸੰਗ੍ਰਹਿ, ਰਾਜਸੀ ਲੇਖਾਂ ਦੀਆਂ 7 ਪੁਸਤਕਾਂ, ਕਾਵਿ-ਸੰਗ੍ਰਹਿ ਤੇ 8 ਕਿਤਾਬਾਂ ਬੱਚਿਆਂ ਤੇ ਗਭਰੂਟਾਂ ਲਈ ਵੀ ਹਨ। ਇਸ ਤੋਂ ਇਲਾਵਾ ਬਹੁਤ ਸਾਰੀਆਂ ਰਚਨਾਵਾਂ ਦੇ ਵੱਖ ਵੱਖ ਭਾਸ਼ਾਵਾਂ ਵਿਚ ਤਰਜਮੇ ਹੋ ਚੁੱਕੇ ਹਨ। 

ਮਾਣ- ਸਨਮਾਨ ਦੀ ਗੱਲ ਕਰਦਿਆਂ ਅਕਸਰ ਹੀ ਉਹ ਖ਼ੁਦ ਆਪਣੇ ਪਾਠਕਾਂ ਦੇ ਪਿਆਰ-ਸਤਿਕਾਰ ਨੂੰ ਸਭ ਤੋਂ ਵੱਡਾ ਮਾਣ-ਸਨਮਾਨ ਕਬੂਲ ਕਰਦੇ ਸਨ। ਮਾਣ-ਸਨਮਾਨ ਲੈਣ ਤੋਂ ਉਹ ਸ਼ੁਰੂ ਤੋਂ ਹੀ ਦੂਰ ਰਹਿੰਦੇ ਖ਼ਾਸ ਤੌਰ ਤੇ ਉਹ ਕਦੇ ਨਹੀਂ ਸੀ ਚਾਹੁੰਦੇ ਕਿ ਕੋਈ ਸਰਕਾਰ ਦਾ ਨੁਮਾਇੰਦਾ ਉਹਨਾਂ ਨੂੰ ਸਨਮਾਨਿਤ ਕਰੇ।

ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ 1977-78 ਵਿੱਚ ਉਹਨਾਂ ਦੀ ਪੁਸਤਕ 'ਲਹੂ ਦੀ ਲੋਅ' ਲਈ ਪੁਰਸਕਾਰ ਦਾ ਐਲਾਨ ਕੀਤਾ ਤਾਂ ਕੰਵਲ ਨੇ ਇਹ ਕਹਿ ਕੇ ਠੁਕਰਾਅ ਦਿੱਤਾ ਕਿ ਜਿਹੜੀ ਸਰਕਾਰ 'ਲਹੂ ਦੀ ਲੋਅ' ਦੇ ਨਾਇਕਾਂ ਦੀ ਕਾਤਲ ਹੈ ਉਹਦਾ ਇਨਾਮ ਮੈਂ ਕਿਵੇਂ ਲੈ ਸਕਦਾ ਹਾਂ..?

1986 ਦੀ ਗੱਲ ਹੈ ਕਿ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ. ਪ੍ਰੀਤਮ ਸਿੰਘ ਨੇ 'ਕਰਤਾਰ ਸਿੰਘ ਧਾਲੀਵਾਲ ਅਵਾਰਡ' ਸੰਬੰਧਿਤ ਜਸਵੰਤ ਸਿੰਘ ਕੰਵਲ ਨੂੰ ਮਨਾਉਣ ਲਈ ਅਕਾਦਮੀ ਦੇ ਜਨਰਲ ਸਕੱਤਰ ਪ੍ਰੋ. ਪ੍ਰਮਿੰਦਰ ਸਿੰਘ ਤੇ ਗੁਰਭਜਨ ਗਿੱਲ ਨੂੰ ਢੁੱਡੀਕੇ ਭੇਜਿਆ। ਇਹ ਸਨਮਾਨ ਮੌਕੇ ਦੇ ਗਵਰਨਰ ਵੱਲੋਂ ਦਿੱਤਾ ਜਾਣਾ ਸੀ। ਉਸ ਸਮੇਂ ਉਨ੍ਹਾਂ ਦੇ ਮਨ ਵਿੱਚ ਡਰ ਸੀ ਕਿ ਕੰਵਲ ਕਿਤੇ 'ਲਹੂ ਦੀ ਲੋਅ' ਦੇ ਇਨਾਮ ਵਾਂਗ ਇਹ ਮਾਣ-ਸਨਮਾਨ ਲੈਣ ਤੋਂ ਨਾਹ ਨਾ ਕਰ ਦੇਵੇ। ਇਸ ਸੰਬੰਧਤ ਪਹਿਲਾਂ ਖ਼ੁਦ ਪ੍ਰੋ. ਪ੍ਰੀਤਮ ਸਿੰਘ ਨੂੰ ਸਪੱਸ਼ਟ ਕਰਨਾ ਪਿਆ ਕਿ ਗਵਰਨਰ ਰਾਜ ਦਾ ਸੰਵਿਧਾਨਕ ਮੁਖੀ ਹੁੰਦਾ ਹੈ, ਸਰਕਾਰ ਦਾ ਨੁਮਾਇੰਦਾ ਨਹੀਂ ਹੁੰਦਾ ਤਾਂ ਕਿਤੇ ਜਾਕੇ ਜਸਵੰਤ ਸਿੰਘ ਕੰਵਲ ਨੇ ਇਹ ਮਾਣ-ਸਨਮਾਨ ਕਬੂਲਿਆ ਸੀ। ਇੰਝ 1986 ਵਿੱਚ ਕੰਵਲ ਨੇ ਪਹਿਲੀ ਵਾਰ ਸਾਹਿਤਕ ਇਨਾਮ ਲਿਆ।

ਭਾਸ਼ਾ ਵਿਭਾਗ ਪੰਜਾਬ ਨੇ 1990 ਵਿੱਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ, 1996 ’ਚ ਉਨ੍ਹਾਂ ਦੇ ਕਹਾਣੀ ਸੰਗ੍ਰਹਿ ਲਈ ਸਾਹਿਤ ਅਕਾਦਮੀ ਫ਼ੈਲੋਸ਼ਿਪ ਦਾ ਸਨਮਾਨ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ 1997 ਵਿੱਚ ਸਰਵਸ੍ਰੇਸ਼ਟ ਸਾਹਿਤਕਾਰ ਪੁਰਸਕਾਰ, 1997 ਵਿੱਚ ਹੀ ਉਹਨਾਂ ਨੂੰ ਨਾਵਲ ‘ਤੋਸ਼ਾਲੀ ਦੀ ਹੰਸੋ’ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲ਼ਿਆ, 2000 ਵਿੱਚ ਗਿਆਨੀ ਲਾਲ ਸਿੰਘ ਯਾਦਗਾਰੀ ਪੁਰਸਕਾਰ ਅਤੇ ਸੰਤ ਸਿੰਘ ਸੇਖੋਂ ਯਾਦਗਾਰੀ ਸਨਮਾਨ ਮਿਲ਼ੇ।

ਸੈਮਸੰਗ ਕੰਪਨੀ ਨੇ ਸਾਹਿਤ ਅਕਾਡਮੀ ਦਿੱਲੀ ਰਾਹੀਂ ਟੈਗੋਰ ਯਾਦਗਾਰੀ ਅਵਾਰਡ ਦਿੱਤਾ। 

ਜਦੋਂ ਅਸੀਂ ਕਾਗ਼ਜ਼ੀ ਵਿੱਦਿਅਕ ਪੱਖ ਤੋਂ ਜਸਵੰਤ ਸਿੰਘ ਕੰਵਲ ਨੂੰ ਦੇਖਦੇ ਹਾਂ ਤਾਂ ਬੇਸ਼ੱਕ ਉੱਥੇ ਉਨ੍ਹਾਂ ਦੀ ਪੜ੍ਹਾਈ ਦਸਵੀਂ ਪਾਸ ਵੀ ਨਹੀਂ ਮਿਲ਼ਦੀ ਪਰ ਲਿਖਣ ਦੇ ਜਨੂੰਨ ਨੇ ਪੰਜਾਬੀ ਸਾਹਿਤ ਵਿੱਚ ਉਸ ਨੂੰ ਇੱਕ ਅਜਿਹਾ ਮੁਕਾਮ ਦਿੱਤਾ ਕਿ 2008 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਹਨਾਂ ਨੂੰ ਡੀ. ਲਿੱਟ. ਦੀ ਆਨਰੇਰੀ ਡਿਗਰੀ ਦੇ ਕੇ ਸਨਮਾਨ ਬਖ਼ਸ਼ਿਆ।

ਉਹਨਾਂ ਦੇ 100 ਵੇਂ ਜਨਮ ਦਿਨ 'ਤੇ 2018 ਵਿੱਚ ਪੰਜਾਬ ਕਲਾ ਪ੍ਰੀਸ਼ਦ ਨੇ ਵਿਸ਼ੇਸ਼ ਪੰਜਾਬ ਗੌਰਵ ਅਵਾਰਡ ਨਾਲ ਸਨਮਾਨਿਤ ਕੀਤਾ।

ਜਿਥੇ ਕੰਵਲ ਸਾਹਿਬ ਨੇ ਆਪਣੀ ਕਲਮ ਦੀ ਬਦੌਲਤ ਖ਼ੁਦ ਇੰਨ੍ਹੇ ਮਾਣ ਸਨਮਾਨ ਕਮਾਏ ਉੱਥੇ ਆਪ ਨੇ ‘ਸਾਹਿਤ ਟ੍ਰਸਟ ਢੁੱਡੀਕੇ’ ਬਣਾ ਕੇ ਡੇਢ ਦੋ ਸੌ ਲੇਖਕਾਂ ਨੂੰ ਬਾਵਾ ਬਲਵੰਤ, ਬਲਰਾਜ ਸਾਹਨੀ ਅਤੇ ਡਾ. ਜਸਵੰਤ ਗਿੱਲ ਯਾਦਗਾਰੀ ਪੁਰਸਕਾਰ ਵੀ ਦਿੱਤੇ ਹਨ।

ਜਸਵੰਤ ਸਿੰਘ ਕੰਵਲ ਨੇ ਲਗਾਤਾਰ ਦੋ ਵਾਰ ਪਿੰਡ ਦੀ ਸਰਪੰਚੀ ਤੋਂ ਲੈ ਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਜਨਰਲ ਸਕੱਤਰੀ, ਪ੍ਰਧਾਨਗੀ ਅਤੇ ਸਰਪ੍ਰਸਤੀ ਵੀ ਕੀਤੀ। ਉਹ ਪੰਜਾਬੀ ਕਨਵੈਨਸ਼ਨਾਂ ਦਾ ਕਨਵੀਨਰ ਰਿਹਾ। ਇੰਗਲੈਂਡ ਵਿੱਚ ਪਹਿਲੀ ਵਿਸ਼ਵ ਕਾਨਫਰੰਸ ਕਰਾਉਣ ਵੇਲ਼ੇ ਜਸਵੰਤ ਸਿੰਘ ਕੰਵਲ ਮੋਹਰੀ ਰਿਹਾ। ਕੰਵਲ ਭਾਸ਼ਾ ਵਿਭਾਗ ਪੰਜਾਬ ਦੇ ਬੋਰਡ ਦਾ ਸਲਾਹਕਾਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਵੀ ਰਿਹਾ। 

ਆਪਣੇ ਪਿੰਡ ਢੁੱਡੀਕੇ ਦੀ ਸਰਪੰਚੀ ਦੌਰਾਨ ਪਿੰਡ ਦਾ ਬਹੁਪੱਖੀ ਵਿਕਾਸ ਕਰਵਾਇਆ। ਜਸਵੰਤ ਸਿੰਘ ਕੰਵਲ ਦੀ ਸਰਪੰਚੀ ’ਚ ਪੰਚਾਇਤ ਨੇ ਕੌਮੀ ਐਵਾਰਡ ਵੀ ਹਾਸਲ ਕੀਤਾ।

ਜਿਸ ਜਿਸ ਨੇ ਵੀ ਕੰਵਲ ਸਾਹਿਬ ਨੂੰ ਪੜ੍ਹਿਆ,ਸਮਝਿਆ ਜਾਂ ਇਹ ਕਹਿ ਦੇਈਏ ਕਿ ਨੇੜਿਓ ਜਾਣਿਆ ਉਹਨਾਂ ਨੇ ਆਪੋ ਆਪਣੀ ਸਮਝ ਮੁਤਾਬਕ ਮਾਣ ਸਨਮਾਨ ਬਖਸ਼ਿਆ। ਪ੍ਰਿੰਸੀਪਲ ਸਰਵਣ ਸਿੰਘ ਲਿਖਦੇ ਹਨ ਕਿ ਜੇ ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਦਾ ਬੋਹੜ ਸੀ ਤਾਂ ਜਸਵੰਤ ਸਿੰਘ ਕੰਵਲ ਸਾਹਿਤ ਵਿੱਚ ਸਰੂ ਦਾ ਰੁੱਖ ਬਣਕੇ ਰਿਹਾ। 

ਗੁਰਸਾਗਰ ਸਿੰਘ ਲਿਖਦੇ ਹਨ ਕਿ ਜਸਵੰਤ ਸਿੰਘ ਕੰਵਲ ਨੂੰ ਪੜ੍ਹਣਾ ਪੰਜਾਬ ਨੂੰ ਪੜ੍ਹਣਾ ਹੀ ਹੈ। ਡਾਕਟਰ ਸੁਰਜੀਤ ਕੰਵਲ ਸਾਹਬ ਨੂੰ ਮਧਰੀ ਕਿਸਾਨੀ ਦਾ ਬੁਲਾਰਾ ਕਹਿੰਦੇ ਹਨ।

ਕਿਤੇ ਜਸਵੰਤ ਸਿੰਘ ਕੰਵਲ ਨੂੰ 'ਪੰਜਾਬ,ਪੰਜਾਬੀ ਤੇ ਪੰਜਾਬੀਅਤ ਦਾ ਅਲੰਬਰਦਾਰ ਦਾ ਰੁਤਬਾ ਮਿਲ਼ਦਾ, ਕਿਤੇ ਉਹਨਾਂ ਨੂੰ 'ਪੰਜਾਬ ਦਾ ਰਸੂਲ ਹਮਜ਼ਾਤੋਵ' ਹੋਣ ਦਾ ਮਾਣ ਮਿਲ਼ਦਾ ਕਿਉਂਕਿ ਉਹ ਰਸੂਲ ਹਮਜ਼ਾਤੋਵ ਦੇ 'ਮੇਰਾ ਦਾਗਿਸਤਾਨ' ਵਾਂਗ ਗੁਰਾਂ ਦੇ ਨਾਂ 'ਤੇ ਜੀਂਦੇ 'ਪੰਜਾਬ' ਨੂੰ ਦਿਲੋਂ ਪਿਆਰ ਕਰਨ ਵਾਲੇ ਜਜ਼ਬਾਤੀ ਲੇਖਕ ਸੀ। 

ਕਈ ਸੱਜਣ ਵਿਦਵਾਨ ਉਹਨਾਂ ਨੂੰ 'ਪੰਜਾਬ ਦੀ ਪੱਗ' ਕਹਿਕੇ ਪਿਆਰ ਸਤਿਕਾਰ ਬਖ਼ਸ਼ਦੇ ਹਨ। ਸਾਹਿਤ ਦੀ ਦੁਨੀਆਂ ਵਿੱਚ ਕਿਤੇ ਉਹ 'ਪੰਜਾਬੀਆਂ ਦਾ ਬਾਈ' ਬਣਕੇ ਅੱਗੇ ਤੁਰਦਾ ਨਜ਼ਰ ਆਉਂਦਾ ਹੈ।

ਉਪਰੋਕਤ ਸੰਖੇਪ ਚਰਚਾ 'ਚ ਅਸੀਂ ਦੇਖਿਆ ਕਿ ਜਸਵੰਤ ਸਿੰਘ ਕੰਵਲ ਨੇ ਆਪਣੀ ਪਹਿਲੀ ਪੁਸਤਕ ‘ਜੀਵਨ ਕਣੀਆਂ’ ਤੋਂ ਆਖ਼ਰੀ ਪੁਸਤਕ ਤੱਕ ਆਪਣਾ ਸਾਹਿਤਕ ਸਫ਼ਰ ਤੈਅ ਕਰਦਿਆਂ ਜੀਵਨ ਦੇ ਅਨੇਕਾਂ ਹੀ ਰੰਗ ਵੇਖੇ। ਜ਼ਿੰਦਗੀ ਦਾ ਇੱਕ ਰੰਗ ਇਹ ਵੀ ਹੈ ਕਿ ਇਸ ਰੰਗਲੀ ਦੁਨੀਆਂ ਤੇ ਆਇਆ ਨੇ ਜਾਣਾ ਹੀ ਹੁੰਦਾ। ਸੋ ਜਸਵੰਤ ਸਿੰਘ ਕੰਵਲ 100 ਸਾਲ 7 ਮਹੀਨੇ ਤੋਂ ਉੱਪਰ ਆਪਣੀ ਜ਼ਿੰਦਗੀ ਦੇ ਦਿੱਤੇ ਸਾਹਾਂ ਤੇ ਫ਼ਰਜ਼ਾਂ ਨੂੰ ਪੂਰਾ ਕਰਦੇ 1 ਫਰਵਰੀ 2020 ਨੂੰ ਫ਼ਤਿਹ ਬੁਲਾ ਗਏ। 

ਆਪਣੀ ਉਮਰ ਦਾ ਸੈਂਕੜਾ ਪਾਰ ਕਰਦਿਆਂ ਵਿਸ਼ਵ ਭਰ ਦੀਆਂ ਭਾਸ਼ਾਵਾਂ ਦੇ ਵੱਡੇ ਲੇਖਕਾਂ ਵਿੱਚ ਸਭ ਤੋਂ ਲੰਬੀ ਉਮਰ ਜਿਊਣ ਦਾ ਰਿਕਾਰਡ ਵੀ ਜਸਵੰਤ ਸਿੰਘ ਕੰਵਲ ਦੇ ਹਿੱਸੇ ਹੀ ਆਇਆ।

ਸ. ਸੁਖਚੈਨ ਸਿੰਘ ਕੁਰੜ 

(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ) 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ

 

ਮਿੰਨੀ ਕਹਾਣੀ - ਛਾਣਬੀਣ   ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ         

 ਮੇਰੀ ਗੁਆਂਢਣ ਬਖਸ਼ੀ ਹਰ ਵੇਲੇ ਕਿਸੇ ਨਾ ਕਿਸੇ ਕੰਮ ਵਿੱਚ ਲੱਗੀ ਰਹਿੰਦੀ । ਪਰ ਜਦੋਂ ਦਾ ਉਸਨੂੰ ਕੰਮ ਕਰਨ ਲਈ ਇੱਕ  ਭਈਆ ਮਿਲ ਗਿਆ ਸੀ, ਉਹ ਹਰ ਵੇਲੇ ਵਿਹਲੀ ਹੀ ਬੈਠੀ ਰਹਿੰਦੀ l ਕਈ ਵਾਰ ਮੇਰਾ ਵੀ ਦਿਲ ਚਾਹੁੰਦਾ, 'ਹਾਏ! ਮੈਨੂੰ ਵੀ ਕੋਈ ਇੰਝ ਦਾ ਕਾਮਾ ਮਿਲ ਜਾਏ ਤਾਂ ਮੇਰੀ ਵੀ ਬਾਕੀ ਬਚੀ ਜਿੰਦਗੀ ਅਰਾਮ ਨਾਲ...... I'                     

 .....ਤੇ ਇੱਕ ਦਿਨ ਮੈਂ ਬਖਸ਼ੀ ਨੂੰ ਪੁੱਛ ਹੀ ਲਿਆ l ਮੇਰੇ ਪੁੱਛਣ 'ਤੇ ਉਹ ਬਹੁਤ ਖੁਸ਼ੀ 'ਚ ਬੋਲੀ, "ਜਦੋਂ ਦਾ ਉਨ੍ਹਾਂ ਨੂੰ ਇਹ ਭਈਆ ਮਿਲਿਆ ਹੈ, ਉਨ੍ਹਾਂ ਦੇ ਘਰ ਦੀ ਤਾਂ ਨੁਹਾਰ ਹੀ ਬਦਲ ਗਈ ਐ l ਇਹ ਭਈਆ ਬਹੁਤ ਹੀ ਆਗਿਆਕਾਰ ਹੈ l ਜੋ ਮਰਜੀ, ਜਿਨ੍ਹਾਂ ਮਰਜੀ ਕੰਮ ਕਰਵਾ ਲਵੋ l ਮੱਥੇ 'ਤੇ ਵੱਟ ਤੱਕ ਨਹੀਂ ਪਉਂਦਾ ਅਤੇ ਪੈਸੇ ਵੀ ਥੌੜੇ ਹੀ ਲੈਂਦਾ ਹੈ l"             

"ਅੱਛਾ! ਰਹਿੰਦਾ ਕਿੱਥੇ ਵੇ? ਕਿੱਥੋਂ ਆਇਆ? ਇਸ ਦਾ ਕੋਈ ਪਿਛੋਕੜ?" ਮੇਰੇ ਜ਼ਿਹਨ ਵਿੱਚ ਉਭਰਦਿਆਂ ਈ ਮੈਂ ਕਈ ਸਵਾਲ ਉਸਨੂੰ ਇਕੋ ਦਮ ਕਰ ਦਿਤੇ l                                       "ਹੁਣ ਤਾਂ ਸਾਡੇ ਪਿਛਵਾੜੇ ਵਾਲੇ ਕਮਰੇ 'ਚ ਈ ਰਹਿੰਦਾ ਏ l ਬਾਕੀ ਜਿਥੋਂ ਮਰਜੀ ਆਇਆ ਹੋਵੇ.... ਅਸਾਂ ਕੀ ਲੈਣੈ?  ਸਾਨੂੰ ਤਾਂ ਕੰਮ ਨਾਲ ਭਾਅਏ l"                  "ਪਰ........l"        

ਇਸ ਤੋਂ ਪਹਿਲਾ ਕੇ ਮੈਂ ਕੁਝ ਹੋਰ ਕਹਿੰਦੀ ਆਪਣੇ ਪਤੀ ਦੀ ਆਵਾਜ਼ ਸੁਣ ਕੇ ਉਹ ਅੰਦਰ ਚਲੀ ਗਈ l                                       ਵਕਤ ਗੁਜ਼ਰਦਾ ਗਿਆ l ਕਈ ਮਹੀਨੇ ਲੰਗ ਗਏ l ਇੱਕ ਦਿਨ ਮੈਂ ਕਾਫੀ ਖਰੀਦਦਾਰੀ ਕਰਕੇ ਸ਼ਾਮ ਨੂੰ ਘਰ ਆਈ ਤਾਂ ਆਪਣੀ ਗਲੀ 'ਚ ਬਹੁਤ ਹੀ ਭੀੜ ਲੱਗੀ ਦੇਖੀ l 

 ਮੈਂ ਹੈਰਾਨੀ 'ਚ ਜਦੋਂ ਕਿਸੇ ਨੂੰ ਪੁੱਛਿਆ ਤਾਂ ਜੋ ਮੈਨੂੰ ਪਤਾ ਲੱਗਾ l ਸੁਣਦੇ ਹੀ ਮੇਰੇ ਪੈਰਾਂ ਹੇਠੋ ਜ਼ਮੀਨ ਖਿਸਕ ਗਈ l 'ਮੈਨੂੰ ਪਤਾ ਲੱਗਾ ਕਿ ਅੱਜ ਦੁਪਹਿਰ ਵੇਲੇ ਬਖਸ਼ੀ ਨੂੰ ਘਰ 'ਚ ਇੱਕਲੀ ਦੇਖ ਕੇ ਉਨ੍ਹਾਂ ਦਾ ਭਈਆ ਉਸ ਨੂੰ ਸਿਰ 'ਚ ਸੋਟਾ ਮਾਰ-ਮਾਰ ਕੇ ਮਾਰ ਗਿਆ ਅਤੇ ਉਨ੍ਹਾਂ ਦਾ ਸਾਰਾ ਸੋਨਾ ਅਤੇ ਪੈਸਾ ਲੈ ਕੇ ਨੱਠ ਗਿਆ l ਪੁਲਿਸ ਵਲੋਂ ਪੁੱਛਣ 'ਤੇ ਉਸ ਦੇ ਘਰ ਦੇ, ਉਸ ਭਈਏ ਦਾ ਸਹੀ ਥਾਂ ਟਿਕਾਣਾ ਤੱਕ ਦੱਸਣ ਤੋਂ ਅਸਮਰੱਥ ਰਹੇ l                     

  ਕਾਸ਼! ਬਖਸ਼ੀ ਹੁਰਾਂ ਨੇ ਉਸ ਨੂੰ ਆਪਣੇ ਘਰ ਨੌਕਰ ਰੱਖਣ ਤੋਂ ਪਹਿਲਾ ਉਸ ਬਾਰੇ ਪੁਲਿਸ ਥਾਣੇ ਦੁਆਰਾ ਜਾਂ ਆਪਣੇ ਆਧਾਰ ਤੇ ਪੂਰੀ ਛਾਣਬੀਣ ਕਰ ਲਈ ਹੁੰਦੀ ਤਾਂ....... ਸ਼ਾਇਦ ਅੱਜ ਇਹ......ਸੋਚਦੇ ਹੋਏ ਮੈਂ ਭੁੱਬੀਂ ਰੋ ਪਈ l

ਮਨਪ੍ਰੀਤ ਕੌਰ ਭਾਟੀਆ 

ਐਮ.ਏ ,ਬੀ.ਐਡ ।

ਫਿਰੋਜ਼ਪੁਰ ਸ਼ਹਿਰ।  

ਖੁਸ਼ਵੰਤਨਾਮਾ- "ਅਜ਼ਾਦ ਅਤੇ ਖਰੀ ਕਲਮ ਦਾ ਧਨੀ" ✍️ ਕੁਲਦੀਪ ਸਿੰਘ ਰਾਮਨਗਰ

 

ਵਿਗਿਆਨਕ, ਤਰਕਵਾਦ, ਉਦਾਰ ਮਾਨਵਤਾਵਾਦ ਅਤੇ ਕਦੇ ਕਦੇ ਰੋਮਾਂਟਿਕ ਰਚਨਾਵਾਂ ਖੁਲ ਕੇ ਲਿਖਣ ਵਾਲੇ ਹਰ ਭਾਸ਼ਾ ਦੇ ਲੇਖਕ ਖ਼ੁਸ਼ਵੰਤ ਸਿੰਘ ਦਾ ਜਨਮ 2 ਫ਼ਰਵਰੀ 1915 ਨੂੰ ਬਰਤਾਨਵੀ ਪੰਜਾਬ ਵਿੱਚ ਹਡਾਲੀ (ਹੁਣ ਖ਼ੁਸ਼ਬ ਜ਼ਿਲਾ, ਪਾਕਿਸਤਾਨੀ ਪੰਜਾਬ) ਵਿਖੇ ਇੱਕ ਸਿੱਖ ਪਰਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਸ. ਸੋਭਾ ਸਿੰਘ ਦਿੱਲੀ ਦੇ ਇਮਾਰਤੀ ਠੇਕੇਦਾਰ ਸਨ ਅਤੇ ਚਾਚਾ ਉੱਜਲ ਸਿੰਘ (1895–1985) ਪੰਜਾਬ ਅਤੇ ਤਾਮਿਲ ਨਾਡੂ ਦੇ ਸਾਬਕਾ ਗਵਰਨਰ ਸਨ। ਉਹਨਾਂ ਨੇ ਸਕੂਲ ਤੱਕ ਦੀ ਪੜ੍ਹਾਈ ਪਿੰਡ ਤੋਂ ਹੀ ਹਾਸਲ ਕੀਤੀ ਜਿਸ ਦੇ ਬਾਅਦ ਉਹ ਗਵਰਨਮੈਂਟ ਕਾਲਜ ਲਾਹੌਰ ਚਲੇ ਗਏ। ਇਸ ਤੋਂ ਬਾਅਦ ਬਰਤਾਨੀਆ ਵਿੱਚ ਕੈਂਬਰਿਜ ਯੂਨੀਵਰਸਿਟੀ ਅਤੇ ਇਨਰ ਟੇਂਪਲ ਵਿੱਚ ਪੜ੍ਹਨ ਦੇ ਬਾਅਦ ਉਹਨਾਂ ਨੇ ਵਾਪਸ ਲਾਹੌਰ ਆ ਕੇ ਵਕਾਲਤ ਸ਼ੁਰੂ ਕਰ ਦਿੱਤੀ। ਫਿਰ ਭਾਰਤ ਦੀ ਵੰਡ ਦੇ ਬਾਅਦ ਉਹ ਆਪਣੇ ਖ਼ਾਨਦਾਨ ਸਮੇਤ ਦਿੱਲੀ ਆ ਵਸੇ। ਉਹ ਕੁਝ ਅਰਸਾ ਵਿਦੇਸ਼ੀ ਮਾਮਲਿਆਂ ਬਾਰੇ ਮਹਿਕਮੇ ਵਿੱਚ ਸਿਫ਼ਾਰਤੀ ਅਹੁਦਿਆਂ ਉੱਤੇ ਵੀ ਤਾਇਨਾਤ ਰਹੇ ਪਰ ਛੇਤੀ ਹੀ ਉਹਨਾਂ ਨੇ ਸਰਕਾਰੀ ਨੌਕਰੀ ਛੱਡ ਦਿੱਤੀ।
ਖੁਸ਼ਵੰਤ ਸਿੰਘ ਨੇ ਜ਼ਿੰਦਗੀ ਨੂੰ ਰੱਜ ਕੇ ਜੀਵਿਆ। ਜਿਸ ਉਮਰ ਵਿੱਚ ਲੋਕ ਸੰਨਿਆਸ ਲੈ ਲੈਂਦੇ ਹਨ, ਉਸ ਵੇਲੇ ਉਸ ਨੇ ਖ਼ੂਬ ਮੌਜ-ਮਸਤੀ ਅਤੇ ਇਸ ਤੋਂ ਵੀ ਵੱਧ ਬੇਹੱਦ ਮਿਹਨਤ ਕੀਤੀ। ਉਹ ਖਾਣ-ਪੀਣ ਵੇਲੇ ਸਿਹਤ ਦਾ ਪੂਰਾ ਧਿਆਨ ਰੱਖਦੇ ਸਨ। ਉਨ੍ਹਾਂ ਦੀ ਜੀਵਨ-ਸ਼ੈਲੀ ਵਿੱਚ ਦੀਰਘ-ਉਮਰ ਦਾ ਰਾਜ਼ ਛੁਪਿਆ ਹੋਇਆ ਸੀ। ਮੌਤ ਨੂੰ ਟਿੱਚਰਾਂ ਕਰਨ ਵਾਲਾ ਖੁਸ਼ਵੰਤ ਸਿੰਘ ਜੀਵਨ ਦੇ ਹਰ ਖ਼ੂਬਸੂਰਤ ਛਿਣ ਨੂੰ ਆਖ਼ਰੀ ਸਾਹਾਂ ਤੱਕ ਮਾਣਦਾ ਰਿਹਾ। ਉਹ ਮਿਰਜ਼ਾ ਗ਼ਾਲਿਬ ਅਤੇ ਹੋਰ ਉਰਦੂ ਸ਼ਾਇਰਾਂ ਦਾ ਦੀਵਾਨਾ ਸੀ। ਉਨ੍ਹਾਂ ਆਪਣੇ ਕਾਲਮਾਂ ਵਿੱਚ ਉਰਦੂ ਸ਼ਾਇਰੀ ਨੂੰ ਖਾਸੀ ਜਗ੍ਹਾ ਦਿੱਤੀ ਜਦੋਂਕਿ ਜੁਝਾਰੂ ਕਵੀਆਂ ਦਾ ਕਲਾਮ ਉਸ ਦੀ ਕਲਮ ਤੋਂ ਕੋਹਾਂ ਦੂਰ ਹੀ ਰਿਹਾ। ਖੁਸ਼ਵੰਤ ਸਿੰਘ ਕੋਲ ਦੂਜਿਆਂ ਖਾਤਰ ਆਪਣੀ ਜਾਨ ਕੁਰਬਾਨ ਕਰਨ ਵਾਲੀ ਕਲਮ ਨਹੀਂ ਸੀ। ਇਸੇ ਲਈ ਸ਼ਾਇਦ ਉਸ ਨੇ ਜੁਝਾਰੂ-ਕਾਵਿਆ ਨੂੰ ਆਪਣੇ ਕਾਲਮਾਂ ਵਿੱਚ ਘੱਟ-ਬੱਧ ਹੀ ਥਾਂ ਦਿੱਤੀ ਸੀ। 
ਖੁਸ਼ਵੰਤ ਸਿੰਘ ਦੀ ਤਾਂ ਸਵੈ-ਜੀਵਨੀ ਦਾ ਨਾਂ ਹੀ ‘ਮੌਜ-ਮੇਲਾ’ ਸੀ। ਉਹ ਆਪਣੇ ਜੀਵਨ ਵਿੱਚ ਆਏ ਮਰਦ ਅਤੇ ਔਰਤਾਂ ਬਾਰੇ ਲਿਖਦਾ ਇੰਨੀ ਖੁੱਲ੍ਹ ਲੈ ਜਾਂਦਾ ਸੀ ਜੋ ਕਈ ਘਰਾਂ ਵਿੱਚ ਪੁਆੜੇ ਦੀ ਜੜ੍ਹ ਬਣ ਜਾਂਦੇ ਸਨ। ਉਹ ਧਾਰਮਿਕ ਰਹੁ-ਰੀਤਾਂ ਵਿੱਚ ਯਕੀਨ ਨਹੀਂ ਸੀ ਰੱਖਦਾ, ਫਿਰ ਵੀ ਉਸ ਨੇ ਸਿੱਖ ਧਰਮ ਦੇ ਕੁਝ ਅਸੂਲਾਂ ’ਤੇ ਚੱਲਣ ਦੀ ਸਦਾ ਕੋਸ਼ਿਸ਼ ਕੀਤੀ ਸੀ। ਇਹਨਾਂ ਅਸੂਲਾਂ ਵਿੱਚ ਸੱਚ ਨੂੰ ਧਰਮ ਦਾ ਨਿਚੋੜ ਮੰਨਿਆ ਗਿਆ ਹੈ।  ਉਹ ਹਮੇਸ਼ਾ ਕਹਿੰਦੇ ਸਨ ਕਿ ਸੱਚ ਬੋਲਣ ਤੇ ਲਿਖਣ ਵਿੱਚ ਬਹੁਤ ਬਰਕਤਾਂ ਹਨ। ਸਭ ਤੋਂ ਪਹਿਲਾ ਫ਼ਾਇਦਾ ਇਹ ਹੈ ਕਿ ਸੱਚ ਬੋਲ ਕੇ ਉਸ ਨੂੰ ਯਾਦ ਹੀ ਨਹੀਂ ਰੱਖਣਾ ਪੈਂਦਾ। 
ਲੇਖਕ ਬਣਨ ਦੀ ਪ੍ਰਕਿਰਿਆ ਸਹਿਜਤਾ ’ਚੋਂ ਨਿਕਲਦੀ ਹੈ। ਉਹ ਔਖੇ ਸ਼ਬਦ ਵਰਤ ਕੇ ਲੇਖਣੀ ਨੂੰ ਬੋਝਲ ਕਰਨ ਦੇ ਸਖ਼ਤ ਖ਼ਿਲਾਫ਼ ਸੀ। ਉਹ ਨਹੀਂ ਸੀ ਚਾਹੁੰਦਾ ਕਿ ਕੋਈ ਵੀ ਲੇਖਕ ਔਖਾ ਹੋ ਕੇ ਲਿਖੇ ਜਿਸ ਨੂੰ ਪੜ੍ਹਨ ਲੱਗਿਆਂ ਪਾਠਕ ਨੂੰ ਕੋਈ ਔਖਿਆਈ ਦਰਪੇਸ਼ ਹੋਵੇ। ਉਸ ਨੇ ਜੋ ਵੀ ਲਿਖਿਆ ਉਹ ਦਸਵੀਂ ਜਮਾਤ ਦਾ ਵਿਦਿਆਰਥੀ ਵੀ ਸਹਿਜੇ ਹੀ ਸਮਝ ਸਕਦਾ ਸੀ। ਦੂਜਿਆਂ ਦੇ ਮੁਕਾਬਲੇ ਉਸ ਵਿਚ ਫ਼ਰਕ ਬੱਸ ਇੰਨਾ ਸੀ ਕਿ ਉਸ ਨੂੰ ਮਿਰਚ-ਮਸਾਲੇ ਧੂੜ ਕੇ ਆਪਣੀ ਲੇਖਣੀ ਨੂੰ ਪਾਠਕਾਂ ਸਾਹਮਣੇ ਪਰੋਸਣ ਦਾ ਵੱਲ ਖ਼ੂਬ ਆਉਂਦਾ ਸੀ।। ਉਹ ਦਾਅਵਾ ਕਰਦਾ ਸੀ ਕਿ ਉਸ ਨੇ ਕਦੇ ਵੀ ਜਾਣ-ਬੁੱਝ ਕੇ ਕੋਈ ਵਿਵਾਦ ਖੜ੍ਹਾ ਕਰਨ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਉਹ ਦੱਸਦੇ ਸਨ ਕਿ ‘ਮੈਂ ਤਾਂ ਹਮੇਸ਼ਾਂ ਇਹੀ ਚਾਹਿਆ ਕਿ ਖ਼ਰੀ ਗੱਲ ਇਮਾਨਦਾਰੀ ਨਾਲ ਲਿਖਾਂ’। ਉਹ ਆਪਣੇ ਸਮਕਾਲੀ ਲੇਖਕਾਂ ਨੂੰ ਮਸ਼ਵਰਾ ਦਿੰਦਾ ਸੀ ਕਿ ਬੰਦੇ ਨੂੰ ਪਾਖੰਡਵਾਦ ਅਤੇ ਫੂੰ-ਫਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਔਖੇ ਸ਼ਬਦ ਵਰਤ ਕੇ ਵਿਦਵਤਾ ਦਾ ਵਿਖਾਵਾ ਨਹੀਂ ਕਰਨਾ ਚਾਹੀਦਾ। ਉਹ ਕਸ਼ੀਦੀ ਹੋਈ ਸਿਆਣਪ ਦਾ ਆਸ਼ਿਕ ਸੀ ਜੋ ਲੋਕਾਂ ਲਈ ਰਾਹ-ਦਸੇਰਾ ਹੁੰਦੀ ਹੈ।
ਉਹ ਅੰਧਵਿਸ਼ਵਾਸ ਦੀ ਧੁੰਦ ਬਖੇਰਨ ਵਾਲੇ ਅਖੌਤੀ ਸਾਧੂਆਂ-ਸੰਤਾਂ ਤੋਂ ਲੈ ਕੇ ਸਿਆਸਤਦਾਨਾਂ ਆਦਿ ਨੂੰ ਆੜੇ ਹੱਥੀਂ ਲੈਂਦਾ ਸੀ। ਉਹ ਕਹਿੰਦਾ, ‘ਪੁਜਾਰੀਆਂ ਦੇ ਸਵਾਰਥੀ ਹਿੱਤ ਹੁੰਦੇ ਹਨ ਕਿਉਂਕਿ ਉਨ੍ਹਾਂ ਦਾ ਤੋਰੀ-ਫੁਲਕਾ ਇਹਨਾਂ ’ਤੇ ਨਿਰਭਰ ਹੁੰਦਾ ਹੈ। ਉਹ ਅਖੌਤੀ ਸਾਧਾਂ ਨੂੰ ਜੋਕਾਂ ਕਹਿਣ ਦੀ ਜੁਰਅਤ ਰੱਖਦਾ ਸੀ ਜੋ ਭਗਵੇ ਕੱਪੜੇ ਪਾ ਕੇ ਮਿਹਨਤਕਸ਼ਾਂ ਦੀ ਕਮਾਈ ’ਤੇ ਵੱਧਦਾ-ਫੁੱਲਦੇ ਹਨ। ਉਹ ਸਾਰੀਆਂ ਸਿਆਸੀ ਪਾਰਟੀਆਂ ਅਤੇ ਨੇਤਾਵਾਂ ਨੂੰ ਕੋਸਦਾ ਸੀ ਜੋ ‘ਸ਼ੁਭ ਮਹੂਰਤ’ ਕਢਵਾਉਣ ਲਈ ਜੋਤਸ਼ੀਆਂ ਤੇ ਨਜੂਮੀਆਂ ਦੇ ਦਰਾਂ ’ਤੇ ਭਟਕਦੇ ਸਨ। 
ਆਬਾਦੀ ਵਿਸਫੋਟ ਬਾਰੇ ਖੁਸ਼ਵੰਤ ਸਿੰਘ ਬੇਹੱਦ ਗੰਭੀਰ ਸੀ। ਉਸ ਨੇ ਲਿਖਿਆ ਸੀ, ‘‘ਸਾਡੇ ਕੋਲ ਤੇਜ਼ੀ ਨਾਲ ਵਧ ਰਹੇ ਮੂੰਹਾਂ ਵਿੱਚ ਪਾਉਣ ਲਈ ਲੋੜੀਂਦੀਆਂ ਬੁਰਕੀਆਂ ਨਹੀਂ ਹਨ।’’ ਇਸ ਲਈ ਉਸ ਨੇ ਬਾਅਦ ਵਿੱਚ ਤਬਾਹੀ ਵੱਲ ਵਧ ਰਹੀ ਆਬਾਦੀ ਨੂੰ ਰੋਕਣ ਲਈ ਜਬਰੀ ਢੰਗ-ਤਰੀਕੇ ਅਪਨਾਉਣ ਦੀ ਵਕਾਲਤ ਖੁੱਲ੍ਹ ਕੇ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਲਿਖਿਆ ਸੀ, ‘‘ਜਿਨ੍ਹਾਂ ਜੋੜਿਆਂ ਦੇ ਦੋ ਤੋਂ ਵੱਧ ਬੱਚੇ ਹੋਣ, ਉਹਨਾਂ ਦਾ ਅਧਿਕਾਰ ਖ਼ਤਮ ਕਰ ਦੇਣਾ ਚਾਹੀਦਾ ਹੈ। ਉਹਨਾਂ ’ਤੇ ਪੰਚਾਇਤ, ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲੜਨ ’ਤੇ ਮੁਕੰਮਲ ਪਾਬੰਦੀ ਲਗਾ ਦੇਣੀ ਚਾਹੀਦੀ ਹੈ।’’  ਕਾਸ਼! ਖੁਸ਼ਵੰਤ ਸਿੰਘ ਆਪਣੀ ਅਉਧ ਦਾ ਸੈਂਕੜਾ ਪੂਰ ਕਰ ਜਾਂਦੇ ਤਾਂ ਜੋ ਆਬਾਦੀ ਵਿਸਫੋਟ ਵਰਗੇ ਗੰਭੀਰ ਵਿਸ਼ਿਆਂ ’ਤੇ ਕੁਝ ਹੋਰ ਲਿਖਿਆ ਜਾਂਦਾ। 
ਆਪਣੀ ਕੌਮ ਦੇ ਬਾਰੇ ਲਤੀਫ਼ੇਬਾਜ਼ੀ ਕਰਕੇ ਆਪਣਾ ਨਾਂ ਚਮਕਾਉਣ ਵਾਲੇ ਖੁਸ਼ਵੰਤ ਸਿੰਘ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ ਕਿ ਉਸ ਨੂੰ ਨਿੱਤਨੇਮ ਕੰਠ ਸੀ। ਜਦੋਂ ਸ੍ਰੀ ਹਰਿਮੰਦਰ ਸਾਹਿਬ ਤੇ ਹੋਏ ਹਮਲੇ ਦੇ ਵਿਰੋਧ ਵਿੱਚ ਉਨ੍ਹਾਂ ਨੇ ‘ਪਦਮ ਭੂਸ਼ਨ’ ਵਾਪਸ ਕੀਤਾ ਤਾਂ ਉਸ ਦੇ ਕੱਟੜ ਆਲੋਚਕ ਉਸ ਦੇ ਪ੍ਰਸ਼ੰਸਕ ਬਣ ਗਏ ਸਨ। ਦੂਜੇ ਪਾਸੇ ਉਸ ਦੇ ਅਣਗਿਣਤ ਪ੍ਰਸ਼ੰਸਕ ਕੱਟੜ ਵਿਰੋਧੀ ਬਣ ਗਏ ਸਨ। 
ਖੁਸ਼ਵੰਤ ਸਿੰਘ ਦੇ ਆਪਣੀ ਨਿੱਜੀ ਜ਼ਿੰਦਗੀ ਦੇ ਵੀ ਕੁਝ ਪੱਕੇ ਅਸੂਲ ਸਨ ਜਿਵੇਂ ਕਿ ਵਕਤ ਦੀ ਕਦਰ ਕਰਨੀ ਉਹ ਆਪਣਾ ਵਕਤ ਮਾਲਾ ਫੇਰਨ, ਅੰਧਵਿਸ਼ਵਾਸ, ਅਤੇ ਰੱਬ ਨੂੰ ਪ੍ਰਾਪਤ ਕਰਨ ਵਿੱਚ ਵਿਅਰਥ ਨਹੀਂ ਸਨ ਕਰਦੇ। ਉਨ੍ਹਾਂ ਦਾ ਆਪਣੀ ਜ਼ਿੰਦਗੀ ਨੂੰ ਇੱਕ ਮੌਜ ਮੇਲੇ ਦੀ ਤਰ੍ਹਾਂ ਜੀਣਾ ਵੀ ਸ਼ਾਇਦ ਉਨ੍ਹਾਂ ਦੀ ਲੰਮੀ ਉਮਰ ਦਾ ਰਾਜ਼ ਸੀ। ਉਨ੍ਹਾਂ ਦੀ ਕਲਮ ਜ਼ਿਦਗੀ ਦੇ ਆਖਰੀ ਸਾਹ ਤੱਕ ਚਲਦੀ ਰਹੀ ਅਖੀਰ ਇਹ ਨਿਧੜਕ ਅਤੇ ਖੁਸ਼ਮਿਜ਼ਾਜ਼ ਕਲਮ 20 ਮਾਰਚ 2014 ਨੂੰ 99 ਸਾਲ ਦੀ ਉਮਰ ਵਿੱਚ ਹਮੇਸ਼ਾ ਲਈ ਖਾਮੋਸ਼ ਹੋ ਗਈ।

ਇੰਜ.ਕੁਲਦੀਪ ਸਿੰਘ ਰਾਮਨਗਰ
9417990040

ਬਾਬਾ ਦੀਪ ਸਿੰਘ ਜੀ ਜਨਮ-ਦਿਨ ’ਤੇ ਵਿਸ਼ੇਸ਼ ✍️ ਕਰਨੈਲ ਸਿੰਘ ਐੱਮ.ਏ

ਸੀਸ ਤਲੀ ਤੇ ਰੱਖ ਕੇ ਲੜਨ ਵਾਲੇ ਬਾਬਾ ਦੀਪ ਸਿੰਘ ਜੀ
ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ ਸੰਨ 1682 ਈ: ਨੂੰ ਪਿਤਾ ਭਾਈ ਭਗਤਾ ਜੀ ਅਤੇ ਮਾਤਾ ਜਿਉੂਣੀ ਜੀ ਦੇ ਘਰ ਪਿੰਡ ਪਹੂਵਿੰਡ ਜ਼ਿਲ੍ਹਾ ਤਰਨਤਾਰਨ (ਪੰਜਾਬ) ਵਿਖੇ ਹੋਇਆ। ਦੋਵੇਂ ਗੁਰੂ ਘਰ ਦੇ ਬੜੇ ਪੇ੍ਰਮੀ ਸਨ। ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਰਹੇ ਤੇ ਸੇਵਾ ਕਰਦੇ ਰਹੇ। ਉਹ ਆਪਣੇ ਆਪ ਨੂੰ ਗੁਰੂ ਘਰ ਦਾ ਨਿਮਾਣਾ ਸਿੱਖ ਸਮਝਦੇ ਸਨ। ਮਾਤਾ-ਪਿਤਾ ਨੇ ਬਚਪਨ ਵਿੱਚ ਉਹਨਾਂ ਦਾ ਨਾਂ ‘ਦੀਪਾ’ ਰੱਖਿਆ। ਬਾਬਾ ਦੀਪ ਸਿੰਘ ਚੜ੍ਹਦੀ ਜਵਾਨੀ ’ਚ ਤਕਰੀਬਨ 18 ਸਾਲ ਦੀ ਉਮਰ ਵਿੱਚ  ਆਪਣੇ ਮਾਤਾ-ਪਿਤਾ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਮਨਾਉਣ ਲਈ ਪਹੁੰਚੇ। ਗੁਰੂ ਸਾਹਿਬ ਨੇ ਉਹਨਾਂ ਨੂੰ ਅਨੰਦਪੁਰ ਸਾਹਿਬ ਹੀ ਰੱਖ ਲਿਆ ਤੇ ਮਾਤਾ-ਪਿਤਾ ਆਪਣੇ ਪਿੰਡ ਵਾਪਸ ਆ ਗਏ ਆਪ ਤਿੰਨ ਸਾਲ ਗੁਰੂ ਜੀ ਦੇ ਚਰਨਾਂ ਵਿੱਚ ਰਹੇ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਵਿੱਚ ਜਦ ਖ਼ਾਲਸੇ ਦੀ ਸਿਰਜਣਾ ਕੀਤੀ ਤਾਂ ਉਸ ਸਮੇਂ ਵੱਡੀ ਤਾਦਾਦ ਵਿੱਚ ਸੰਗਤਾਂ ਨੇ ਖੰਡੇ-ਬਾਟੇ ਦਾ ਅੰਮ੍ਰਿਤਸਰ ਛਕਿਆ। ਬਾਬਾ ਦੀਪ ਸਿੰਘ ਜੀ ਵੀ ਅੰਮ੍ਰਿਤਸਰ ਛਕ ਕੇ ਸਿੰਘ ਸਜ ਗਏ ਅਤੇ ਨਾਂ ਦੀਪ ਸਿੰਘ ਰੱਖ ਦਿੱਤਾ ਗਿਆ। ਬਾਬਾ ਦੀਪ ਸਿੰਘ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਮਨੀ ਸਿੰਘ ਜੀ ਦੀ ਰਹਿਨੁਮਾਈ ਹੇਠ ਗੁਰਬਾਣੀ ਦਾ ਅਧਿਐਨ ਕੀਤਾ ਅਤੇ ਸ਼ਸਤਰ ਵਿੱਦਿਆ ਗ੍ਰਹਿਣ ਕੀਤੀ। ਬਾਬਾ ਜੀ ਨੇ ਸੰਸਕਿਤ, ਬਿਰਜ, ਫ਼ਾਰਸੀ ਅਤੇ ਗੁਰਮੁਖੀ ਭਾਸ਼ਾਵਾਂ ਵਿੱਚ ਮੁਹਾਰਤ ਹਾਸਲ ਕਰਕੇ ਜਿੱਥੇ ਧਰਮ ਗ੍ਰੰਥਾਂ ਦਾ ਅਧਿਐਨ ਕੀਤਾ, ਉੱਥੇ ਹੀ ਬਾਣੀ ਦਾ ਪ੍ਰਚਾਰ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ।
1704 ਈ: ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਕਾਲ ਪੁਰਖ ਦੇ ਹੁਕਮ ਨਾਲ ਅਨੰਦਪੁਰ ਸਾਹਿਬ ਛੱਡਣਾ ਪਿਆ। ਗੁਰੂ ਜੀ ਚਮਕੌਰ ਸਾਹਿਬ, ਮਾਛੀਵਾੜਾ, ਦੀਨਾ ਕਾਂਗੜ, ਆਲਮਗੀਰ, ਕੋਟਕਪੁੂਰਾ, ਮੁਕਤਸਰ, ਲੱਖੀ-ਜੰਗਲ ਤੋਂ ਹੁੰਦੇ ਹੋਏ ਦਮਦਮਾ ਸਾਹਿਤ ਤਲਵੰਡੀ ਸਾਬੋ ਪਹੁੰਚੇ। ਗੁਰੂ ਸਾਹਿਬ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਪੂਰਨ ਰੂਪ ਦੇਣ ਦਾ ਕਾਰਜ ਭਾਈ ਮਨੀ ਸਿੰਘ ਦੁਆਰਾ ਨੇਪਰੇ ਚਾੜ੍ਹਿਆ। ਇਸ ਮਹਾਨ ਕਾਰਜ ਵਿੱਚ ਭਾਈ ਮਨੀ ਸਿੰਘ ਜੀ ਦੇ ਸਹਾਇਕ ਬਾਬਾ ਦੀਪ ਸਿੰਘ ਜੀ ਸਨ। ਉਹਨਾਂ ਇਸ ਸੇਵਾ ਨੂੰ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਨਿਭਾਇਆ।
ਬਾਬਾ ਦੀਪ ਸਿੰਘ ਜੀ ਜਿੱਥੇ ਨਿਧੜਕ ਯੋਧੇ ਸਨ ਉੱਥੇ ਗੁਰਬਾਣੀ ਦੇ ਮਹਾਨ ਵਿਦਵਾਨ ਅਤੇ ਲਿਖਾਰੀ ਵੀ ਸਨ। ਉਹ ਸੰਗਤਾਂ ਨੂੰ ਗੁਰਬਾਣੀ ਦੇ ਅਰਥ ਕਰਕੇ ਵੀ ਦਸਦੇ ਰਹੇ ਅਤੇ ਆਦਿ ਗ੍ਰੰਥ ਦੇ ਹੱਥ ਲਿਖਤ ਉਤਾਰੇ ਵੀ ਕਰਦੇ ਰਹੇ। ਬਾਬਾ ਦੀਪ ਸਿੰਘ ਜੀ ਨੇ 1705 ਈ: ਵਿੱਚ ਭਾਈ ਮਨੀ ਸਿੰਘ ਜੀ ਨਾਲ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ ਲਿਖਤ ਬੀੜਾਂ ਤਿਆਰ ਕੀਤੀਆਂ। ਬਾਬਾ ਦੀਪ ਸਿੰਘ ਜੀ ਵੱਲੋਂ ਤਿਆਰ ਕੀਤੇ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੱਖ-ਵੱਖ ਤਖ਼ਤ ਸਾਹਿਬਾਨ ਤੇ ਭੇਜੇ ਗਏ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਹੀ ਬਾਬਾ ਦੀਪ ਸਿੰਘ ਜੀ ਨੇ ਪ੍ਰਸਿੱਧੀ ਪ੍ਰਾਪਤ ਕਰ ਲਈ ਸੀ।
ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਧਰਮ ਯੁੱਧਾਂ ਵਿੱਚ ਮਦਦ ਕੀਤੀ ਅਤੇ ਖ਼ਾਲਸਾ ਰਾਜ ਦੀ ਸਥਾਪਨਾ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸ੍ਰ: ਦਰਬਾਰਾ ਸਿੰਘ ਜੀ ਅਤੇ ਨਵਾਬ ਕਪੂਰ ਸਿੰਘ ਜੀ ਨੇ ਸਿੱਖ ਕੌਮ ਨੂੰ ਜਥਿਆਂ ਵਿੱਚ ਵੰਡ ਕੇ ਲਾਮਬੰਦ ਕੀਤਾ। ਇਹਨਾਂ ਜਥਿਆਂ ਨੂੰ ਮਿਸਲਾਂ ਦਾ ਨਾਂ ਦਿੱਤਾ ਗਿਆ। ਬਾਬਾ ਦੀਪ ਸਿੰਘ ਜੀ ਨੂੰ 12 ਮਿਸਲਾਂ ਵਿੱਚੋਂ ‘ਸ਼ਹੀਦ ਮਿਸਲ’ ਦੇ ਜਥੇਦਾਰ ਦੀ ਸੇਵਾ ਵੀ ਸੌਂਪੀ ਗਈ।
ਅਹਿਮਦਸ਼ਾਹ ਅਬਦਾਲੀ ਦਾ ਪੁੱਤਰ ਤੈਮੂਰ ਸ਼ਾਹ ਸਿੱਖਾਂ ਦੀ ਚੜ੍ਹਦੀ ਕਲਾ ਤੋਂ ਪੇ੍ਰਸ਼ਾਨ ਸੀ। ਉਸ ਦੇ ਹੁਕਮ ਤੇ ਹੀ ਜਹਾਨ ਖਾਂ ਨੇ ਸਿੱਖਾਂ ਦਾ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਇਹ ਵੀ ਦੱਸਿਆ ਗਿਆ ਕਿ ਜਦ ਤੱਕ ਸਿੱਖਾਂ ਦੀ ਸ਼ਕਤੀ ਦੇ ਸੋਮੇ  ਸ਼੍ਰੀ ਹਰਿਮੰਦਰ ਸਾਹਿਬ ਨੂੰ ਖ਼ਤਮ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸਿੱਖ ਨਾ ਆਪ ਚੈਨ ਨਾਲ ਬੈਠਣਗੇ ਅਤੇ ਨਾ ਹੀ ਹਾਕਮਾਂ ਨੂੰ ਸੁੱਖ ਦਾ ਸਾਹ ਲੈਣ ਦੇਣਗੇ। ਇਹ ਸਰੋਵਰ ਵਿੱਚ ਇਸ਼ਨਾਨ ਕਰਨ ਉਪਰੰਤ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਨਵਾਂ ਜੀਵਨ ਤੇ ਉਤਸ਼ਾਹ ਪ੍ਰਾਪਤ ਕਰ ਲੈਂਦੇ ਹਨ। ਜਹਾਨ ਖਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਢਹਿ-ਢੇਰੀ ਕਰਵਾ ਦਿੱਤਾ ਅਤੇ ਸਰੋਵਰ ਨੂੰ ਮਿੱਟੀ ਨਾਲ ਪੂਰ (ਭਰ) ਦਿੱਤਾ। ਬੇਪਤੀ ਦੀ ਇਹ ਖ਼ਬਰ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਮਿਲ ਗਈ। ਉਹਨਾਂ ਖੰਡਾ ਹੱਥ ਵਿੱਚ ਚੁੱਕ ਕੇ ਅਕਾਲ ਪੁਰਖ ਅੱਗੇ ਸ਼ਕਤੀ ਪ੍ਰਦਾਨ ਕਰਨ ਦੀ ਅਰਦਾਸ ਕੀਤੀ।
ਬਾਬਾ ਦੀਪ ਸਿੰਘ ਜੀ ਜਦੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਏ ਤਾਂ ਉਹਨਾਂ ਨਾਲ 20 ਸਿੰਘ ਸਨ। ਜਦ ਉਹ ਮਾਲਵੇ ਦੇ ਇਲਾਕੇ ਵਿੱਚੋਂ ਲੰਘੇ ਤਾਂ ਸਿੰਘਾਂ ਦੀ ਗਿਣਤੀ 5000 ਹੋ ਗਈ। ਬਾਬਾ ਦੀਪ ਸਿੰਘ ਜੀ ਜਥੇ ਸਮੇਤ ਤਰਨਤਾਰਨ ਸਾਹਿਬ ਪਹੁੰਚੇ। ਸ਼੍ਰੀ ਤਰਨਤਾਰਨ ਸਾਹਿਬ ਪਹੁੰਚ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਅਰਦਾਸ ਕੀਤੀ। ਪੁਸ਼ਾਕੇ ਬਦਲੇ, ਸ਼ਹੀਦੀ ਗਾਨੇ ਬੰਨ੍ਹ ਲਏ। ਬਾਬਾ ਜੀ ਨੇ ਇੱਕ ਲਕੀਰ ਖਿੱਚ ਕੇ ਕਿਹਾ ਕਿ ਜੋ ਸਿੰਘ ਸ਼ਹੀਦ ਹੋਣ ਲਈ ਤਿਆਰ ਹਨ ਸਿਰਫ਼ ਉਹੀ ਲਕੀਰ ਟੱਪਣ, ਬਾਕੀ ਵਾਪਸ ਚਲੇ ਜਾਣ। ਸਾਰੇ ਸਿੰਘ ਗੁਰਧਾਮਾਂ ਦੀ ਰਾਖੀ ਲਈ ਆਪਾ ਕੁਰਬਾਨ ਕਰਨ ਦੇ ਚਾਉ ਨਾਲ ਜੈਕਾਰੇ ਛੱਡਦੇ ਲਕੀਰ ਲੰਘ (ਟੱਪ) ਗਏ।

ਸ਼੍ਰੀ ਤਰਨਤਾਰਨ ਸਾਹਿਬ ਤੋਂ 8 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਪਿੰਡ ਗੋਹਲਵੜ ਵਿਖੇ ਘਮਸਾਣ ਦਾ ਯੁੱਧ ਹੋਇਆ। ਜਹਾਨ ਖਾਂ ਨੇ 20,000 ਦੀ ਸ਼ਕਤੀਸ਼ਾਲੀ ਸੈਨਾ ਲੈ ਕੇ ਸਿੰਘਾਂ ਉੱਤੇ ਹਮਲਾ ਕਰ ਦਿੱਤਾ। ਬਾਬਾ ਦੀਪ ਸਿੰਘ ਜੀ ਨੇ ਸਿੰਘਾਂ ਨੂੰ ਦੁਸ਼ਮਣ ਦੀਆਂ ਫ਼ੌਜਾਂ ’ਤੇ ਟੁੱਟ ਪੈਣ ਲਈ ਲਲਕਾਰਿਆ। ਇਸ ਜੰਗ ਵਿੱਚ ਬਾਬਾ ਦੀਪ ਸਿੰਘ ਜੀ ਆਪਣੇ 18 ਸੇਰ ਦੇ (ਦੋ ਧਾਰੇ) ਖੰਡੇ ਨਾਲ ਜ਼ਾਲਮਾਂ ਦੇ ਆਹੂ ਲਾਹੁੰਦਿਆਂ ਅੱਗੇ ਵੱਧ ਰਹੇ ਸਨ। ਜਹਾਨ ਖਾਂ ਦੇ ਬਹੁਤ ਸਾਰੇ ਸਿਪਾਹੀ ਦੌੜ ਗਏ ਤੇ ਵੱਡੀ ਗਿਣਤੀ ਵਿੱਚ ਮਾਰੇ ਗਏ। ਬਾਬਾ ਦੀਪ ਸਿੰਘ ਜੀ ਦੇ ਕਈ ਸਾਥੀ ਜੰਗ ਦੌਰਾਨ ਸ਼ਹਾਦਤ ਦਾ ਜਾਮ ਪੀ ਗਏ। ਅਮਾਨ ਖਾਂ ਨਾਲ ਆਹਮਣੇ-ਸਾਹਮਣੇ ਦੀ ਜੰਗ ਦੌਰਾਨ ਦੋਹਾਂ ਦੇ ਸਾਂਝੇ ਵਾਰ ਨਾਲ ਦੋਨਾਂ ਦੇ ਸੀਸ ਧੜ ਨਾਲੋਂ ਅੱਡ ਹੋ ਗਏ। ਅਮਾਨ ਖਾਂ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਪਰ ਬਾਬਾ ਦੀਪ ਸਿੰਘ ਜੀ ਨੇ ਇੱਕ ਹੱਥ ਦੀ ਤਲੀ ਨਾਲ ਆਪਣੇ ਸੀਸ ਨੂੰ ਸੰਭਾਲਿਆ ਅਤੇ ਦੂਜੇ ਹੱਥ ਨਾਲ ਖੰਡਾ ਚਲਾਉਂਦੇ (ਵਾਹੁੰਦੇ) ਹੋਏ ਅੱਗੇ ਵਧਦੇ ਗਏ। ਬਾਬਾ ਜੀ ਦਾ ਦਿਰੜ੍ਹ ਨਿਸ਼ਚਾ ਸੀ ਕਿ ਉਹ ਸ਼੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦੇਣ ਉਪਰੰਤ ਆਪਣਾ ਸੀਸ ਗੁਰੂ ਜੀ ਦੇ ਚਰਨਾਂ ਵਿੱਚ ਭੇਟ ਕਰਕੇ ਹੀ ਸ਼ਹੀਦੀ ਪ੍ਰਾਪਤ ਕਰਨਗੇ। ਬਾਬਾ ਦੀਪ ਸਿੰਘ ਜੀ ਨੂੰ ਪ੍ਰਣ ਚੇਤੇ ਆਇਆ, ਉਹਨਾਂ ਆਪਣਾ ਸੀਸ ਖੱਬੇ ਹੱਥ ਦੀ ਤਲੀ ਨਾਲ ਸੰਭਾਲਦੇ ਹੋਏ, ਜ਼ਾਲਮਾਂ ਨਾਲ ਲੜਦੇ ਹੋਏ, ਸ਼੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਵਿੱਚ ਆਪਣਾ ਸੀਸ ਭੇਟ ਕਰਕੇ 11 ਨਵੰਬਰ ਸੰਨ 1757 ਈ: ਨੂੰ 75 ਸਾਲ ਦੀ ਉਮਰ ਬਤੀਤ ਕਰਕੇ ਸ਼ਹੀਦੀ ਪ੍ਰਾਪਤ ਕੀਤੀ।
ਬਾਬਾ ਦੀਪ ਸਿੰਘ ਜੀ ਨੇ ਜਿੱਥੇ ਸ਼ਹੀਦੀ ਪ੍ਰਾਪਤ ਕੀਤੀ, ਉਹ ਸਥਾਨ ਸ਼੍ਰੀ ਦਰਬਾਰ ਸਾਹਿਬ ਜੀ ਦੀ ਪਰਕਰਮਾ ਵਿੱਚ ਸਸ਼ੋਭਿਤ ਹੈ। ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਹੋਰ ਸਿੰਘਾਂ ਦਾ ਜਿੱਥੇ ਸਸਕਾਰ ਕੀਤਾ ਗਿਆ, ਉੱਥੇ ਗੁਰਦੁਆਰਾ ਸ਼ਹੀਦਾਂ ਸਸ਼ੋਭਿਤ ਹੈ।
ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰਸਟ ਅੰਮ੍ਰਿਤਸਰ ਵੱਲੋਂ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਿਤੀ 26 ਜਨਵਰੀ ਦਿਨ ਵੀਰਵਾਰ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ, ਪ੍ਰਚਾਰਕ, ਉੱਘੀਆਂ ਸ਼ਖ਼ਸੀਅਤਾਂ ਗੁਰਮਤਿ ਵਿਚਾਰਾਂ ਤੇ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਕਰਨੈਲ ਸਿੰਘ ਐੱਮ.ਏ. ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ,
ਲੁਧਿਆਣਾ।    

 

25 ਜਨਵਰੀ ਵੋਟਰ ਦਿਵਸ ਤੇ ਵੋਟ ਦੀ ਵਰਤੋਂ ਕਿਵੇਂ ਕਰੀਏ ✍️ ਸੁਰਜੀਤ ਸਿੰਘ ਸਾਬਕਾ ਈ ਓ

ਅੱਜ ਪੱਚੀ ਜਨਵਰੀ ਭਾਰਤੀ ਚੋਣ ਕਮਿਸ਼ਨ ਵੱਲੋਂ 2011 ਨੂੰ ਵੋਟਰ ਦਿਵਸ ਨੂੰ ਰਾਸ਼ਟਰੀ ਵੋਟਰ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਸੀ। 25-1-2011 ਤੋਂ ਬਾਅਦ ਹਰ ਸਾਲ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤ ਦੇ ਇਤਿਹਾਸ ਵਿੱਚ ਬਹੁਤ ਮਹੱਤਵ ਪੂਰਨ ਦਿਨ ਹੈ। ਇਸ ਦਿਨ ਪੋਲਿੰਗ ਸਟੇਸ਼ਨਾਂ ਤੇ ਜਾ ਕੇ ਵੋਟਰਾਂ ਨੂੰ ਵੋਟ ਦੀ ਮਹੱਤਤਾ ਬਾਰੇ ਦੱਸਿਆ ਜਾਂਦਾ ਹੈ। ਵੋਟ ਦੀ ਵਰਤੋਂ ਹਰ ਹਾਲਤ ਵਿੱਚ ਕਰਨ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਅੰਬੇਡਕਰ ਜੀ ਨੇ ਸੰਵਿਧਾਨ ਵਿੱਚ ਆਰਟੀਕਲ 5 ਤੋ22 ਤੱਕ ਸੱਭ ਨੂੰ ਬਰਾਬਰ ਦੇ ਹੱਕ ਦਿੱਤੇ ਗਏ ਹਨ। ਜਿਸ ਕਰਕੇ ਇੱਕ ਅਰਬ ਪਤੀ ਦੀ ਵੋਟ ਅਤੇ ਇੱਕ ਅਤਿਅੰਤ ਗਰੀਬ ਦੀ ਵੋਟ ਬਰਾਬਰ ਹੈ।

ਭਾਰਤ ਦੇ ਹਰ ਇੱਕ ਵਾਸੀ ਨੂੰ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ। ਅਸੀ ਆਪਣੇ ਵੋਟ ਦਾ ਇਸਤੇਮਾਲ ਕਰਕੇ ਆਪਣੀ ਸਰਕਾਰ ਆਪ ਚੁਣਨ ਵਿੱਚ ਸ਼ਾਮਲ ਹੁੰਦੇ ਹਾਂ।

ਭਾਰਤ ਦੇ ਹਰ ਵਿਆਕਤੀ ਜਿਸ ਦੀ ਉਮਰ 18 ਸਾਲ ਹੋਵੇ ਵੋਟ ਦਾ ਇਸਤੇਮਾਲ ਕਰਨ ਦਾ ਹੱਕ ਰੱਖਦਾ ਹੈ। ਜਿਸ ਵਿਆਕਤੀ ਨੇਂ ਆਪਣੀ ਵੋਟ ਦਾ ਪਹਿਲੀ ਵਾਰ ਇਸਤੇਮਾਲ ਕਰਨਾ ਹੁੰਦਾ ਹੈ ਉਸ ਦਾ ਪੋਲਿੰਗ ਬੂਥ ਉਤੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਜਾਂਦਾ ਹੈ। ਭਾਰਤ ਵਿੱਚ 8.50 ਲੱਖ ਪੋਲਿੰਗ ਸਟੇਸ਼ਨ ਹਨ। ਜਿੰਨਾਂ ਉੱਤੇ ਜਾ ਕੇ ਵੋਟਰ ਆਪਣਾ ਮੱਤਦਾਨ ਕਰਦਾ ਹੈ।

ਵੋਟਰ ਬਿਨਾਂ ਕਿਸੇ ਲਾਲਚ ਦੇ ਆਪਣੀਂ ਵੋਟ ਆਪਣੇ ਮਨਪਸੰਦ ਉਮੀਦਵਾਰ ਨੂੰ ਪਾ ਸਕਦਾ ਹੈ।

ਵੋਟਰ ਬਿਨਾਂ ਕਿਸੇ ਡਰ ਤੋਂ ਵੋਟ ਦਾ ਇਸਤੇਮਾਲ ਕਰਨ।

ਸਾਡਾ ਸੰਵਿਧਾਨ ਹਰ ਇਕ ਨਾਗਰਿਕ ਨੂੰ ਬਰਾਬਰ ਦੇ ਅਧਿਕਾਰ ਦਿੰਦਾ ਹੈ।ਪਰ ਅਨੂਸੂਚਿਤ ਜਾਤੀਆਂ ਅਤੇ ਅਨੂਸੂਚਿਤ ਜਨ ਜਾਤੀਆਂ, ਪਛੜੀਆਂ ਜਾਤੀਆਂ ਅਤੇ ਭਾਰਤੀ ਔਰਤਾਂ ਜੋ ਕਿ ਸਦੀਆਂ ਤੋਂ ਅਧਿਕਾਰਾਂ ਤੋਂ ਵੰਚਿਤ ਰੱਖਿਆ ਹੋਇਆ ਸੀ। ਭਾਰਤ ਦੀ 90%ਵੱਸੋ ਇਹ ਦਿਨ ਬਹੁਤ ਹੀ ਮਹੱਤਵਪੂਰਨ ਹੈ। ਇਹ ਸੰਵਿਧਾਨ ਦੀ ਦੇਣ ਹੈ ਕਿ ਅੱਜ ਸੁਦਰ ਸ਼ਮਾਜ ਦੇ ਲੋਕ ਅਤੇ ਭਾਰਤੀ ਔਰਤਾਂ ਨੂੰ ਲੋਕ ਸਭਾ ਅਤੇ ਵਿਧਾਨ ਸਭਾਵਾਂ,ਸਥਾਨਕ ਸਰਕਾਰਾਂ ਦੀਆ ਚੋਣਾਂ ਵਿੱਚ ਰਾਖਵਾਂਕਰਨ ਦਾ ਹੱਕ ਦਿੱਤਾ ਗਿਆ ਹੈ। ਪੰਜਾਬ ਨੇ ਤਾਂ ਸਥਾਨਕ ਸਰਕਾਰਾਂ ਜਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀਆਂ ਅਤੇ ਪੰਚਾਇਤਾਂ ਵਿੱਚ ਔਰਤਾਂ ਵਾਸਤੇ 50% ਰਾਖਵਾਂਕਰਨ ਲਾਗੂ ਕੀਤਾ ਗਿਆ ਹੈ। ਪਹਿਲਾਂ ਐਸ ਸੀ,ਐਸ ਟੀ , ਪਛੜੇ ਵਰਗ ਅਤੇ ਭਾਰਤੀ ਔਰਤਾਂ ਨੂੰ 26-1-1950 ਤੋਂ ਪਹਿਲਾਂ ਸਾਂਝੀਆਂ ਥਾਵਾਂ ਤੇ ਜਾਣ ਦੀ ਰੋਕ ਹੁੰਦੀ ਸੀ।ਅੱਜ ਉਹ ਭਾਰਤ ਦੀ ਕਿਸਮਤ ਨਿਰਧਾਰਿਤ ਕਰਦੇ ਹਨ। 

ਹਰ ਇਕ ਪੋਲਿੰਗ ਸਟੇਸ਼ਨ ਤੇ ਬੂਠ ਲੈਵਲ ਆਫ਼ੀਸਰ ਨਿਯੁਕਤ ਕੀਤਾ ਗਿਆ ਹੈ। ਜਿਸ ਨੇ ਨਵੀਂ ਵੋਟ ਬਣਾਉਣੀ ਹੋਵੇ ਕਿਸੇ ਕਾਰਨ ਵੋਟ ਕਟਾਉਣੀ ਹੋਵੇ ਜਾਂ ਕਿਸੇ ਕਿਸਮ ਦੀ ਕੋਈ ਸੋਧ ਕਰਨੀ ਹੋਵੇ ਤਾਂ ਉਹ ਬੀ ਐਲ ਓ ਕੋਲ ਜਾ ਕੇ ਫਾਰਮ ਨੰਬਰ 6,7,8 ਭਰਕੇ ਵੋਟਰ ਸੂਚੀ ਵਿੱਚ ਸ਼ਾਮਲ ਹੋ ਸਕਦਾ ਹੈ। 

ਸੰਤੋਖ ਸਿੰਘ ਧੀਰ ਨੇ ਲਿਖਿਆ ਹੈ

ਪਰਚੀ ਬੜੀ ਅਮੋਲਕ ਮਿੱਤਰਾਂ

ਸੋਚ ਸਮਝ ਕੇ ਪਾਵੀ ਤੂੰ

ਇੱਟ ਚੁਬਾਰੇ ਵਾਲੀ ਵੇਖੀ

ਚੁੱਕ ਮੋਰੀ ਨਾ ਲਾਵੀ ਤੂੰ

ਬਹੂਜਨ ਸ਼ਮਾਜ ਨੂੰ ਆਪਣੀ ਵੋਟ ਦਾ ਇਸਤੇਮਾਲ ਉਸ ਪਾਰਟੀ ਨੂੰ ਕਰਨਾ ਚਾਹੀਦਾ ਹੈ ਜੋ ਰੋਜ਼ਗਾਰ ਦੇ ਮੌਕੇ ਦੇਵੇਂ ਖਾਲੀ ਪੲੀ ਜ਼ਮੀਨ ਬੇ ਜਮੀਨੇ ਲੋਕਾਂ ਵਿੱਚ ਵੰਡੇ ਆਰਥਿਕ ਸਾਧਨ ਬਰਾਬਰ ਕਰੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਦਾ ਫੈਸਲਾ ਕਰੇ

ਜੈ ਭੀਮ ਜੈ ਭਾਰਤ ਜੈ ਸੰਵਿਧਾਨ

ਸੁਰਜੀਤ ਸਿੰਘ ਸਾਬਕਾ ਈ ਓ

9888814593

"ਕਿਵੇਂ ਬਣਿਆ ਭਾਰਤੀ ਸੰਵਿਧਾਨ"✍️ ਕੁਲਦੀਪ ਸਿੰਘ ਰਾਮਨਗਰ

 

ਭਾਰਤ ਵਿੱਚ 26 ਜਨਵਰੀ ਨੂੰ ਗਣਤੰਤਰਤਾ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਇਹ ਦਿਨ ਬਹੁਤ ਮਹੱਤਵਪੂਰਨ ਹੈ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ। ਭਾਰਤ ਦੇ ਸੰਵਿਧਾਨ ਦਾ ਬਣਨਾ ਅਤੇ ਇਸ ਦਾ ਲਾਗੂ ਹੋਣਾ, ਇਸਦੇ ਪਿੱਛੇ ਬਹੁਤ ਲੰਬਾ ਇਤਿਹਾਸ ਹੈ। ਡਾਕਟਰ ਭੀਮ ਰਾਓ ਅੰਬੇਡਕਰ ਦਾ ਸੰਵਿਧਾਨ ਘੜਨੀ ਸਭਾ (Constituent Assembly) ਦਾ ਮੈਂਬਰ ਬਣਨਾ ਅਤੇ ਦੇਸ਼ ਦਾ ਪਹਿਲਾ ਕਾਨੂੰਨ ਮੰਤਰੀ ਬਣਨਾ, ਇਸਦਾ ਵੀ ਇੱਕ ਰੌਚਕ ਇਤਿਹਾਸ ਹੈ। ਡਾਕਟਰ ਅੰਬੇਡਕਰ ਅਤੇ ਕਾਂਗਰਸ ਵਿਚਕਾਰ ਖਾਸਕਰ ਗਾਂਧੀ ਜੀ ਨਾਲ ਉਹਨਾਂ ਦੇ ਹਮੇਸ਼ਾ ਮੱਤ-ਭੇਦ ਰਹੇ। ਇਸ ਲਈ ਸੀਨੀਅਰ ਕਾਂਗਰਸ ਲੀਡਰ ਡਾਕਟਰ ਅੰਬੇਡਕਰ ਨੂੰ ਦਿਲੋਂ ਨਹੀਂ ਸਨ ਚਾਹੁੰਦੇ ਕਿ ਉਹ ਸੰਵਿਧਾਨ ਘੜਨੀ ਸਭਾ ਦੇ ਮੈਂਬਰ ਵੀ ਬਣਨ। ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਅਤੇ ਉੱਘੇ ਕਾਂਗਰਸੀ ਲੀਡਰ ਸ੍ਰੀ ਪਟੇਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਮੈਂ ਸੰਵਿਧਾਨ ਘੜਨੀ ਸਭਾ ਦੇ ਸਾਰੇ ਦਰਵਾਜ਼ੇ, ਤਾਕੀਆਂ ਅਤੇ ਰੌਸ਼ਨਦਾਨ ਬੰਦ ਕਰ ਦਿੱਤੇ ਹਨ, ਦੇਖਦਾ ਹਾਂ ਕਿ ਅੰਬੇਡਕਰ ਕਿਵੇਂ ਦਾਖਲ ਹੁੰਦਾ ਹੈ। ਇਹ ਇੱਕ ਵੱਖਰਾ ਵਿਸ਼ਾ ਹੈ ਕਿ ਡਾਕਟਰ ਅੰਬੇਡਕਰ ਪਹਿਲਾ ਕਾਨੂੰਨ ਮੰਤਰੀ ਵੀ ਬਣਿਆ ਅਤੇ ਦੇਸ਼ ਦਾ ਸੰਵਿਧਾਨ ਲਿਖਣ ਦਾ ਸੁਭਾਗ ਵੀ ਉਹਨਾਂ ਨੂੰ ਹੀ ਪ੍ਰਾਪਤ ਹੋਇਆ।
1885 ਤੋਂ ਕਾਂਗਰਸ ਨੇ ਅਜ਼ਾਦੀ ਦੀ ਲੜਾਈ ਆਰੰਭੀ ਰਾਸ਼ਟਰੀ ਅੰਦੋਲਨ ਦੇ ਨੇਤਾਵਾਂ ਨੇ 1890 ਤੋਂ ਬਾਅਦ ਇੱਕ ਜ਼ਿੰਮੇਵਾਰ ਸਰਕਾਰ ਦੀ ਮੰਗ ਉਠਾਉਣੀ ਸ਼ੁਰੂ ਕਰ ਦਿੱਤੀ ਅਤੇ ਅੰਗਰੇਜ਼ ਸਰਕਾਰ ਵੱਲੋਂ 1909, 1919 ਅਤੇ 1935 ਦੇ ਐਕਟਾਂ ਰਾਹੀਂ ਹੌਲੀ-ਹੌਲੀ ਭਾਰਤੀਆਂ ਨੂੰ ਥੋੜ੍ਹੀਆਂ-ਥੋੜ੍ਹੀਆਂ ਰਿਆਇਤਾਂ ਦਿੱਤੀਆਂ। 1916 ਤੋਂ ਸ਼ੁਰੂ ਹੋ ਕੇ ਅਜ਼ਾਦੀ ਘੁਲਾਟੀਆਂ ਨੇ ‘ਦੇਸ਼ ਦਾ ਆਪਣਾ ਸੰਵਿਧਾਨ’ ਦੀ ਮੰਗ ਉਠਾਉਣੀ ਸ਼ੁਰੂ ਕਰ ਦਿੱਤੀ। ਇਸ ਲਈ ਸਵੈ-ਨਿਰਣੇ (self determination) ਦੇ ਆਧਾਰ ’ਤੇ ਭਾਰਤੀ ਸੰਵਿਧਾਨ ਦੀ ਇੱਛਾ ਦਾ ਜਨਮ 1916 ਵਿੱਚ ਹੋ ਚੁੱਕਾ ਸੀ। ਸੰਵਿਧਾਨਿਕ ਅਧਿਕਾਰ ਦੇਣ ਲਈ ਅੰਗਰੇਜ਼ ਸਰਕਾਰ ਨੇ 1927 ਵਿੱਚ ਸਾਇਮਨ ਕਮਿਸ਼ਨ ਦੀ ਸਥਾਪਨਾ ਕੀਤੀ। ਲਾਰਡ ਬੋਰਕਨਹੈੱਡ ਜੋ ਕਿ ਭਾਰਤ ਦਾ ਇੰਚਾਰਜ (Secretary of state) ਸੀ ਨੇ 1925 ਵਿੱਚ ਭਾਰਤੀਆਂ ਨੂੰ ਵੰਗਾਰਦੇ ਹੋਏ ਕਿਹਾ, “ਭਾਰਤੀਆਂ ਨੂੰ ਆਪਣਾ ਅਜਿਹਾ ਸੰਵਿਧਾਨ ਲਿਖ ਕੇ ਪੇਸ਼ ਕਰਨ ਦਿਓ ਜੋ ਭਾਰਤ ਦੇ ਵੱਖ-ਵੱਖ ਵਰਗਾਂ ਦੇ ਮਹਾਨ ਲੋਕਾਂ ਦੀ ਤਰਜਮਾਨੀ ਕਰੇ।” 1927 ਵਿੱਚ ਉਹਨਾਂ ਨੇ ਆਪਣੀ ਇਸ ਵੰਗਾਰ ਨੂੰ ਫਿਰ ਦੁਹਰਾਇਆ ਅਤੇ ਸਾਇਮਨ ਕਮਿਸ਼ਨ ਦੀ ਨਿਯੁਕਤੀ ਦਾ ਬਿੱਲ ਪਾਰਲੀਮੈਂਟ ਵਿੱਚ ਪੇਸ਼ ਕੀਤਾ। ਰਾਸ਼ਟਰੀ ਅੰਦੋਲਨ ਦੇ ਨੇਤਾਵਾਂ ਅਤੇ ਖਾਸ ਕਰ ਕਾਂਗਰਸ ਨੇ ਸਾਇਮਨ ਕਮਿਸ਼ਨ ਦਾ ਬਾਈਕਾਟ ਕੀਤਾ ਅਤੇ ਮੋਤੀ ਲਾਲ ਨਹਿਰੂ ਨੂੰ ਭਾਰਤ ਦਾ ਸੰਵਿਧਾਨ ਲਿਖਣ ਦੀ ਜ਼ਿੰਮੇਵਾਰੀ ਸੌਂਪੀਂ। 1928 ਵਿੱਚ ਮੋਤੀ ਲਾਲ ਨਹਿਰੂ ਵੱਲੋਂ ਲਿਖੇ ਗਏ ਸੰਵਿਧਾਨ ਨੂੰ ਬਾਅਦ ਵਿੱਚ ਨਹਿਰੂ ਰਿਪੋਰਟ ਕਿਹਾ ਗਿਆ। 1936-37 ਦੌਰਾਨ ਭਾਰਤ ਵਿੱਚ ਪਹਿਲੀ ਵਾਰ ਚੋਣਾਂ ਹੋਈਆਂ। ਇਹਨਾਂ ਚੋਣਾਂ ਦੌਰਾਨ ਕਾਂਗਰਸ ਮੈਨੀਫੈਸਟੋ ਦਾ ਇੱਕ ਅਹਿਮ ਹਿੱਸਾ ਸੰਵਿਧਾਨ ਘੜਨੀ ਸਭਾ (Constituent Assembly) ਦੀ ਸਿਰਜਣਾ ਬਾਰੇ ਸੀ। 1939 ਵਿੱਚ ਦੂਸਰਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਅਤੇ ਅੰਗਰੇਜ਼ ਸਰਕਾਰ ਨੇ ਭਾਰਤੀ ਲੋਕਾਂ ਦਾ ਸਹਿਯੋਗ ਲੈਣ ਲਈ ਪਹਿਲੀ ਵਾਰ ਅਗਸਤ 1940 ਵਿੱਚ ਇਹ ਘੋਸ਼ਣਾ ਕੀਤੀ ਕਿ ਭਾਰਤ ਦਾ ਸੰਵਿਧਾਨ ਬਣਾਉਣ ਦੀ ਜ਼ਿੰਮੇਵਾਰੀ ਨਿਰੋਲ ਭਾਰਤੀਆਂ ਦੀ ਹੋਵੇਗੀ। ਅੰਗਰੇਜ਼ ਸਰਕਾਰ ਨੇ ਇਹ ਵੀ ਘੋਸ਼ਣਾ ਕੀਤੀ ਕਿ ਵਿਸ਼ਵ ਯੁੱਧ ਤੋਂ ਬਾਅਦ ਨਵਾਂ ਸੰਵਿਧਾਨ ਬਣਾਉਣ ਲਈ ਭਾਰਤ ਦੇ ਮੁੱਖ ਵਰਗਾਂ ਦੇ ਨੁਮਾਇੰਦਿਆਂ ਦੀ ਇੱਕ ਕਮੇਟੀ ਬਣਾਈ ਜਾਵੇਗੀ। ਇਸ ਕਮੇਟੀ ਦੀ ਰੂਪ ਰੇਖਾ ਕੀ ਹੋਵੇਗੀ, ਇਹ ਕੰਮ ਕਿਵੇਂ ਕਰੇਗੀ, ਇਸ ਬਾਰੇ ਕੁੱਝ ਵੀ ਸਪਸ਼ਟ ਨਾ ਕੀਤਾ ਗਿਆ। ਇਸ ਲਈ ਅੰਗਰੇਜ਼ ਸਰਕਾਰ ਦੀ ਇਹ ਪੇਸ਼ਕਸ਼ ਅੰਦੋਲਨਕਾਰੀਆਂ ਵੱਲੋਂ ਠੁਕਰਾ ਦਿੱਤੀ ਗਈ। 1942 ਵਿੱਚ ਕਰਿਪਸ ਮਿਸ਼ਨ ਹੋਂਦ ਵਿੱਚ ਆਇਆ ਜਿਸ ਨੇ ਭਾਰਤੀਆਂ ਨੂੰ ਇਹ ਸਪਸ਼ਟ ਕਰ ਦਿੱਤਾ ਕਿ ਭਾਰਤ ਦਾ ਸੰਵਿਧਾਨ ਲਿਖਣਾ ਉਹਨਾਂ ਦੀ ਹੀ ਜ਼ਿੰਮੇਵਾਰੀ ਹੋਵੇਗੀ। ਸੰਵਿਧਾਨ ਘੜਨੀ ਸਭਾ ਬਾਰੇ ਡੂੰਘੀਆਂ ਵਿਚਾਰਾਂ ਹੋਈਆਂ ਪਰ ਗੱਲ ਕਿਸੇ ਸਿਰੇ ਨਾ ਲੱਗੀ। ਅੰਗਰੇਜ਼ ਸਰਕਾਰ ਅਤੇ ਕਾਂਗਰਸ ਵਿਚਕਾਰ ਮਤਭੇਦ ਜਾਰੀ ਰਹੇ ਅਤੇ ਇਸ ਦਾ ਨਤੀਜਾ “ਭਾਰਤ ਛੱਡੋ ਅੰਦੋਲਨ” ਵਿੱਚ ਨਿਕਲਿਆ। ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਇੰਗਲੈਂਡ ਵਿੱਚ ਲੇਬਰ ਪਾਰਟੀ ਦੀ ਸਰਕਾਰ ਬਣ ਗਈ ਅਤੇ ਨਵੀਂ ਬਣੀ ਸਰਕਾਰ ਨੇ 1946 ਵਿੱਚ ਕੈਬਨਿਟ ਮਿਸ਼ਨ ਦੀ ਸਥਾਪਨਾ ਕੀਤੀ। ਕੈਬਨਿਟ ਮਿਸ਼ਨ 24 ਮਾਰਚ 1946 ਨੂੰ ਭਾਰਤ ਆਇਆ ਜਿਸ ਨੇ ਕਾਂਗਰਸ ਅਤੇ ਮੁਸਲਿਮ ਲੀਗ ਨਾਲ ਗੱਲ-ਬਾਤ ਕਰ ਕੇ ਸੰਵਿਧਾਨ ਘੜਨੀ ਸਭਾ ਦੀ ਨੀਂਹ ਰੱਖੀ। ਸੰਵਿਧਾਨ ਘੜਨੀ ਸਭਾ ਦੀ ਪਹਿਲੀ ਮੀਟਿੰਗ 9 ਦਸੰਬਰ 1946 ਨੂੰ ਹੋਈ। ਇਸ ਸਭਾ ਦੇ ਕੁੱਲ 389 ਮੈਂਬਰ ਸਨ। 11 ਦਸੰਬਰ 1946 ਨੂੰ ਡਾਕਟਰ ਰਜਿੰਦਰ ਪ੍ਰਸਾਦ ਨੂੰ ਸੰਵਿਧਾਨ ਘੜਨੀ ਸਭਾ ਦਾ ਪੱਕਾ ਚੇਅਰਮੈਨ ਨਿਯੁਕਤ ਕੀਤਾ ਗਿਆ। 15 ਅਗਸਤ 1947 ਨੂੰ ਦੇਸ਼ ਜਿੱਥੇ ਅਜ਼ਾਦ ਹੋਇਆ, ਉੱਥੇ ਦੋ ਭਾਗਾਂ ਵਿੱਚ ਵੰਡਿਆ ਗਿਆ। ਨਵੇਂ ਭਾਰਤ ਵਾਸਤੇ ਸੰਵਿਧਾਨ ਘੜਨੀ ਸਭਾ ਦਾ ਰੋਲ ਵੀ ਦੁੱਗਣਾ ਹੋ ਗਿਆ। ਜਿੱਥੇ ਇਸ ਸਭਾ ਨੇ ਨਵੇਂ ਸੰਵਿਧਾਨ ਦੀ ਸਿਰਜਨਾ ਕਰਨੀ ਸੀ ਉੱਥੇ ਨਵੇਂ ਦੇਸ਼ ਵਾਸਤੇ ਨਵੇਂ ਕਾਨੂੰਨ ਬਣਾਉਣਾ ਵੀ ਇਸੇ ਦੀ ਜ਼ਿੰਮੇਵਾਰੀ ਸੀ। ਬਹੁਤ ਸਾਰੀਆਂ ਕਮੇਟੀਆਂ ਬਣਾਈਆਂ ਗਈਆਂ। ਇੱਕ ਕਮੇਟੀ, ਜਿਸ ਦੀ ਜ਼ਿੰਮੇਵਾਰੀ ਸੰਵਿਧਾਨ ਦਾ ਖਰੜਾ ਤਿਆਰ ਕਰਨਾ ਸੀ ਉਸ ਦਾ ਚੇਅਰਮੈਨ ਡਾਕਟਰ ਬੀ.ਆਰ ਅੰਬੇਡਕਰ ਨੂੰ ਲਗਾਇਆ ਗਿਆ। ਇਸ ਤੋਂ ਪਹਿਲਾਂ 1946 ਵਿੱਚ ਸੰਵਿਧਾਨ ਲਿਖਣ ਲਈ ਇੱਕ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਜਵਾਹਰ ਲਾਲ ਨਹਿਰੂ ਇਸ ਕਮੇਟੀ ਦੇ ਚੇਅਰਮੈਨ ਸਨ, ਆਸਿਫ ਅਲੀ, ਕੇ.ਟੀ ਸਿੰਘ, ਡਾਕਟਰ ਗਡਗਿੱਲ, ਕੇ.ਐੱਮ ਮੁਨਸ਼ੀ, ਹੁਮਾਯੂੰ ਕਬੀਰ, ਆਰ ਸੰਥਾਨਮ ਅਤੇ ਐੱਨ ਗੋਪਾਲਾਸਵਾਮੀ ਆਇੰਗਰ ਇਸ ਕਮੇਟੀ ਦੇ ਮੈਂਬਰ ਸਨ। ਭਾਰਤ ਦੇ ਸੰਵਿਧਾਨ ਨੂੰ ਬਣਾਉਣਾ ਅਤੇ ਪਾਰਲੀਮੈਂਟ ਤੋਂ ਪ੍ਰਵਾਨ ਕਰਵਾਉਣਾ, ਇਸਦਾ ਸਿਹਰਾ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਜਾਂਦਾ ਹੈ। ਭਾਰਤ ਵਿੱਚ ਇੰਗਲੈਂਡ ਅਤੇ ਅਮਰੀਕਾ ਤੋਂ ਵੱਖਰੀ ਕਿਸਮ ਦਾ ਜਮਹੂਰੀਅਤ ਦਾ ਢਾਂਚਾ ਬਣਾਉਣਾ ਅਤੇ ਲਾਗੂ ਕਰਨਾ ਡਾਕਟਰ ਅੰਬੇਡਕਰ ਦੀ ਦੇਣ ਹੈ। ਭਾਰਤ ਦੇ ਸਾਰੇ ਨਾਗਰਿਕਾਂ ਨੂੰ ਬਰਾਬਰ ਵੋਟ ਦਾ ਅਧਿਕਾਰ, ਛੂਆ-ਛਾਤ ਦਾ ਖਾਤਮਾ, ਧਰਮ ਦੀ ਅਜ਼ਾਦੀ, ਕਾਨੂੰਨੀ ਬਰਾਬਰਤਾ (ਵਰਣ ਵਿਵਸਥਾ ਅਧਾਰਤ ਭੇਦ-ਭਾਵ ਦਾ ਖਾਤਮਾ), ਔਰਤਾਂ ਨੂੰ ਬਰਾਬਰ ਹੱਕ, ਅਛੂਤਾਂ ਨੂੰ ਨੌਕਰੀਆਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਰਾਖਵਾਂਕਰਣ ਅਜਿਹੀਆਂ ਵਿਵਸਥਾਵਾਂ ਸਨ ਜੋ ਭਾਰਤ ਵਿੱਚ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ ਪਰੀ ਦੇਸ਼ ਦੀਆਂ ਗੱਲਾਂ ਸਨ। ਡਾਕਟਰ ਅੰਬੇਡਕਰ ਨੇ ਸੰਵਿਧਾਨ ਨੂੰ ਇੰਨਾ ਲਚਕੀਲਾ ਵੀ ਰੱਖਿਆ ਕਿ ਲੋੜ ਅਨੁਸਾਰ ਜਦੋਂ ਵੀ ਜ਼ਰੂਰਤ ਹੋਵੇ ਸੰਵਿਧਾਨ ਵਿੱਚ ਸੋਧ ਕੀਤੀ ਜਾ ਸਕਦੀ ਹੈ। ਸੰਵਿਧਾਨ ਦਾ ਮੁੱਖ ਮਕਸਦ ਭਾਰਤ ਦੇ ਹਰ ਨਾਗਰਿਕ ਨੂੰ ਸਮਾਜਿਕ, ਆਰਥਿਕ, ਰਾਜਨੀਤਿਕ ਅਜ਼ਾਦੀ ਦੇ ਨਾਲ-ਨਾਲ ਬਰਾਬਰਤਾ ਅਤੇ ਭਾਈਚਾਰੇ ਨੂੰ ਸੁਦ੍ਰਿੜ੍ਹ ਕਰਨਾ ਹੈ। ਸੰਵਿਧਾਨ ਵਿੱਚ ਨਾਗਰਿਕ ਦੇ ਮੌਲਿਕ ਅਧਿਕਾਰਾਂ ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਘੱਟ ਗਿਣਤੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਪੂਰਾ-ਪੂਰਾ ਖਿਆਲ ਰੱਖਿਆ ਗਿਆ ਹੈ। ਹਰ ਨਾਗਰਿਕ ਨੂੰ ਕੋਈ ਵੀ ਧਰਮ ਮੰਨਣ ਦੀ ਅਜ਼ਾਦੀ ਹੈ। ਕਿਸੇ ਨਾਲ ਵੀ ਧਰਮ ਅਧਾਰਤ, ਜਾਤ-ਪਾਤ ਅਧਾਰਤ ਜਾਂ ਲਿੰਗ ਅਧਾਰਤ ਵਿਤਕਰਾ ਕਾਨੂੰਨਨ ਮਨਾਹੀ ਹੈ। ਮੌਲਿਕ ਅਧਿਕਾਰਾਂ ਦੀ ਰੱਖਿਆ ਲਈ ਕੋਈ ਵੀ ਨਾਗਰਿਕ ਸੁਪਰੀਮ ਕੋਰਟ ਤੱਕ ਜਾ ਸਕਦਾ ਹੈ।ਡਾਕਟਰ ਅੰਬੇਡਕਰ ਨੇ ਰਾਜਾਂ ਦੀ ਖ਼ੁਦ ਮੁਖ਼ਤਿਆਰੀ ਅਤੇ ਤਾਕਤਵਰ ਕੇਂਦਰ ਸਰਕਾਰ ਦੀ ਵਕਾਲਤ ਕੀਤੀ। ਭਾਰਤ ਦੇਸ਼ ਦੀ ਇੱਕਜੁੱਟਤਾ ਅਤੇ ਤਾਕਤ ਨੂੰ ਮਜ਼ਬੂਤ ਕਰਨ ਲਈ ਪੂਰੇ ਦੇਸ਼ ਦਾ ਜੁਡੀਸ਼ੀਅਲ ਢਾਂਚਾ ਅਤੇ ਸਰਵ-ਭਾਰਤੀ ਸੇਵਾਵਾਂ (All India Services) ਦੀ ਨੀਂਹ ਰੱਖੀ। ਡਾਕਟਰ ਅੰਬੇਡਕਰ ਦੇ ਹੇਠ ਲਿਖੇ ਮਾਅਰਕੇ ਦੇ ਕੰਮ ਉਹਨਾਂ ਇਕੱਲਿਆਂ ਦੀ ਲਿਆਕਤ ਦਾ ਸਿੱਟਾ ਹਨ:
ਭਾਰਤੀ ਨਾਗਰਿਕਾਂ ਨੂੰ ਮੌਲਿਕ ਅਧਿਕਾਰਾਂ ਦੀ ਅਜ਼ਾਦੀ ਦੀ ਗਰੰਟੀ।
ਹਰ ਤਰ੍ਹਾਂ ਦੇ ਧਰਮ ਅਤੇ ਜਾਤ-ਪਾਤ ਦੇ ਭੇਦ-ਭਾਵ ਨੂੰ ਨਸ਼ਟ ਕਰਨਾ, ਧਰਮ ਦੀ ਅਜ਼ਾਦੀ ਅਤੇ ਛੂਆ-ਛਾਤ ਦਾ ਖਾਤਮਾ।
ਭਾਰਤੀ ਔਰਤਾਂ ਲਈ ਸਮਾਜਿਕ ਅਤੇ ਆਰਥਿਕ ਅਜ਼ਾਦੀ ਦੇ ਪੂਰੇ ਅਧਿਕਾਰ।
ਅਨੁਸੂਚਿਤ ਜਾਤੀ/ਜਨ-ਜਾਤੀ ਅਤੇ ਪਛੜੀਆਂ ਸ਼੍ਰੇਣੀਆਂ ਲਈ ਨੌਕਰੀਆਂ ਵਿੱਚ ਰਾਖਵਾਂਕਰਣ ਅਤੇ ਉਹਨਾਂ ਦਾ ਪਛੜਿਆਪਣ ਦੂਰ ਕਰਨ ਲਈ ਸੰਵਿਧਾਨ ਵਿੱਚ ਪ੍ਰਬੰਧ।
ਇਹ ਕੋਈ ਛੋਟੀਆਂ ਪ੍ਰਾਪਤੀਆਂ ਨਹੀਂ ਸਨ ਅਤੇ ਇਹਨਾਂ ਨੂੰ 26 ਨਵੰਬਰ 1949 ਨੂੰ ਪਾਰਲੀਮੈਂਟ ਵਿੱਚ ਪਾਸ ਕਰਾਉਣ ਦਾ ਸਿਹਰਾ ਵੀ ਡਾਕਟਰ ਅੰਬੇਡਕਰ ਨੂੰ ਜਾਂਦਾ ਹੈ। ਭਾਰਤੀ ਸੰਵਿਧਾਨ ਦੁਨੀਆਂ ਦੇ ਬਿਹਤਰੀਨ ਸੰਵਿਧਾਨਾਂ ਵਿੱਚੋਂ ਲਈਆਂ ਗਈਆਂ ਵਿਸ਼ੇਸ਼ਤਾਵਾਂ ਦਾ ਸਮੂਹ ਹੈ। ਇਸ ਵਿੱਚ ਅਮਰੀਕਾ ਦੇ ਸੰਵਿਧਾਨ ਦੀ ਸਿਆਣਪ, ਆਇਰਿਸ਼ ਸੰਵਿਧਾਨ ਦਾ ਨਵਾਂਪਣ, ਇੰਗਲੈਂਡ ਦੇ ਸੰਵਿਧਾਨ ਦੀਆਂ ਸਮੇਂ ਦੀ ਕਸੌਟੀ ’ਤੇ ਖਰੀਆਂ ਉੱਤਰੀਆਂ ਵਿਸ਼ੇਸ਼ਤਾਈਆਂ ਅਤੇ ਭਾਰਤ ਦੇ 1935 ਦੇ ਐਕਟ ਵਿੱਚੋਂ ਲਈਆਂ ਗਈਆਂ ਖਾਸ-ਖਾਸ ਗੱਲਾਂ ਦੀ ਝਲਕ ਸਾਫ਼ ਅਤੇ ਸਪਸ਼ਟ ਮਿਲਦੀ ਹੈ। ਸਭ ਤੋਂ ਜ਼ਿਆਦਾ ਭਾਰਤ ਦਾ ਸੰਵਿਧਾਨ ਭਾਰਤ ਦੇ ਲੋਕਾਂ ਦਾ ਅਜ਼ਾਦੀ ਦੇ ਘੋਲ ਦਾ ਅਤੇ ਉਹਨਾਂ ਦੀਆਂ ਖੁਆਹਿਸ਼ਾਂ ਅਤੇ ਉਮੀਦਾਂ ਦਾ ਪ੍ਰਤੀਬਿੰਬ ਹੈ। ਡਾਕਟਰ ਅੰਬੇਡਕਰ ਦੀ ਮੋਹਰ ਹੇਠ ਲਿਖੇ ਸ਼ਬਦਾਂ ਤੋਂ ਸਾਫ਼-ਸਾਫ਼ ਝਲਕਦੀ ਹੈ:ਇਸ ਤਰ੍ਹਾਂ ਸਦੀਆਂ ਤੋਂ ਗੁਲਾਮੀ ਦੀਆਂ ਜ਼ੰਜੀਰਾਂ ਤੋੜਦੇ ਹੋਏ ਭਾਰਤ ਨੂੰ ਜੋ ਕਾਨੂੰਨਨ ਸੰਵਿਧਾਨ ਮਿਲਿਆ ਅਤੇ ਜਿਸ ਨੂੰ ਲਾਗੂ ਕਰ ਕੇ ਭਾਰਤ ਦੇਸ਼ ਅੱਜ ਦੁਨੀਆਂ ਵਿੱਚ ਇੱਕ ਮਾਣ ਵਾਲਾ ਮੁਕਾਮ ਹਾਸਲ ਕਰਦਾ ਜਾ ਰਿਹਾ ਹੈ, ਉਸ ਦਾ ਸਿਹਰਾ ਯੁੱਗ ਪੁਰਸ਼ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਜਾਂਦਾ ਹੈ। ਸੰਵਿਧਾਨ ਨੂੰ ਅੰਤਿਮ ਰੂਪ ਦੇਣ ਲਈ ਦੋ ਸਾਲ ਗਿਆਰਾਂ ਮਹੀਨੇ ਅਤੇ ਸੱਤ ਦਿਨ ਦਾ ਸਮਾਂ ਲੱਗਿਆ। ਇਸ ਸੰਵਿਧਾਨ ਵਿੱਚ 7600 ਸੋਧਾਂ ਵਿਚਾਰਨ ਲਈ ਪੇਸ਼ ਹੋਈਆਂ ਜਿਸ ਵਿੱਚੋਂ 2473 ਮਤਿਆਂ ਅਤੇ ਬਹਿਸ ਹੋਣ ਉਪਰੰਤ ਨਿਪਟਾਰਾ ਹੋਇਆ। ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸ਼ਾਦ ਨੇ 26 ਨਵੰਬਰ 1949 ਨੂੰ ਪਾਰਲੀਮੈਂਟ ਵਿੱਚ ਡਾਕਟਰ ਅੰਬੇਡਕਰ ਦੀ ਤਾਰੀਫ਼ ਕਰਦਿਆਂ ਕਿਹਾ ਸੀ, “ਮੈਂ ਸੰਵਿਧਾਨ ਬਣਦਿਆਂ ਦੇਖਿਆ ਹੈ, ਜਿਸ ਲਗਨ ਅਤੇ ਮਿਹਨਤ ਨਾਲ ਸੰਵਿਧਾਨ ਖਰੜਾ ਕਮੇਟੀ ਦੇ ਮੈਂਬਰਾਂ ਨੇ ਅਤੇ ਖਾਸ ਕਰ ਡਾਕਟਰ ਅੰਬੇਡਕਰ ਨੇ ਆਪਣੀ ਮਾੜੀ ਸਿਹਤ ਦੇ ਬਾਵਜੂਦ ਕੰਮ ਕੀਤਾ, ਮੈਂ ਸਮਝਦਾ ਹਾਂ ਕਿ ਡਾਕਟਰ ਅੰਬੇਡਕਰ ਨੂੰ ਇਸ ਕਮੇਟੀ ਦਾ ਚੇਅਰਮੈਨ ਬਣਾਉਣ ਤੋਂ ਹੋਰ ਕੋਈ ਚੰਗਾ ਕੰਮ ਅਸੀਂ ਨਹੀਂ ਕੀਤਾ। ਉਸਨੇ ਨਾ ਸਿਰਫ਼ ਆਪਣੀ ਚੋਣ ਨੂੰ ਸਹੀ ਸਾਬਤ ਕੀਤਾ ਹੈ ਬਲਕਿ ਆਪਣੇ ਕੀਤੇ ਕੰਮ ਨੂੰ ਵੀ ਚਾਰ ਚੰਨ ਲਾ ਦਿੱਤੇ ਹਨ।”

ਇੰਜ ਕੁਲਦੀਪ ਸਿੰਘ ਰਾਮਨਗਰ
9417990040

ਕਹਾਣੀ  - ਮੌਜਾਂ ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ    

                                   "ਬਾਬਾ ਜੀ! ਬਾਬਾ ਜੀ!! ਲਓ ਮੈਂ ਸਾਰਾ ਸਾਮਾਨ ਲੈ ਆਇਆ ਜਿਹੜਾ- ਜਿਹੜਾ ਤੁਸਾਂ ਕਿਹਾ ਸੀ", ਜਗਤਾਰ ਨੇ ਡੇਰੇ ਚ ਵੜਦਿਆਂ ਬਾਬੇ ਦੇ ਸਾਹਮਣੇ ਜਾਂਦੀਆਂ   ਹੀ ਕਿਹਾ। "ਹੁਣ ਤਾਂ ਮੇਰੀ ਧੀ ਦਾ ਸਾਕ ਹੋ ਜੂ ਗਾ ਨਾ ਬਾਬਾ ਜੀ ?"                 

      "ਬਹਿ ਜਾ ਪੁੱਤਰ..... ਸਮਾਨ ਤਾ ਤੂੰ  ਲੈ ਆਇਆ। ਹੁਣ ਥੋੜ੍ਹੀ ਹੋਰ ਮਿਹਨਤ ਕਰ।" "ਦੱਸੋ ਬਾਬਾ ਜੀ ਮੈਂ ਤਾਂ ਸਭ ਕੁਝ ਕਰਨ ਨੂੰ ਤਿਆਰ।"                                                                          "ਚੰਗਾ, ਪਹਿਲਾਂ ਤਾਂ ਇੱਕੀ ਸੌ ਰੁਪਈਏ ਦੀ ਡੇਰੇ ਦੇ ਨਾਂਅ ਤੇ ਪਰਚੀ ਕਟਾ ,ਪਾਠ ਕਰਾਂਗੇ ।ਤੇਰੀ ਧੀ ਦਾ ਸਾਕ ਝੱਟ ਹੋ ਜਾਣਾ। ਦੂਜਾ ਇਸ ਰਸਦ ਚੋਂ ਜੋ ਤੂੰ ਲਿਆਇਆ ਦੇਸੀ ਘਿਉ ਡੇਰੇ ਚੜ੍ਹਾ ਦੇ ਤੇ ਬਾਕੀ ਦਰਿਆ ਚ ਤਾਰ ਆ ਤੇ .......।"                 

    "ਚੰਗਾ ਬਾਬਾ ਜੀ " ਤੇ ਜਗਤਾਰ ਨੇ ਉਵੇਂ ਹੀ  ਕੀਤਾ ।ਡੇਰੇ ਤੋਂ ਬਾਹਰ ਨਿਕਲ ਉਹ ਦਰਿਆ ਤੱਕ ਜਾਣ ਲਈ ਰਿਕਸ਼ਾ ਦੇਖਣ ਲੱਗਾ । ਅੱਤ ਦੀ ਗਰਮੀ ਨੇ ਉਸ ਦਾ ਬੁਰਾ ਹਾਲ ਕੀਤਾ ਹੋਇਆ ਸੀ। ਅਚਾਨਕ ਹੀ ਇੱਕ ਰਿਕਸ਼ੇ ਵਾਲੇ ਨੂੰ ਦੇਖ ਉਹ ਖੁਸ਼ ਹੋ ਗਿਆ।                                                                        "ਹਾਂ ਬਾਈ ......ਦਰਿਆ ਤੱਕ ਚੱਲੇਗਾ ?" "ਚਲੋ .......ਪਰ ਸੌ ਰੁਪਈਏ ਲੱਗੂ।"       "ਹੈ ਸੋ ..... ਮੱਤ ਮਾਰੀ ਗਈ ਹੈ ਤੇਰੀ ਜੋ ਤਿੰਨ ਗੁਣਾਂ ਪੈਸੇ ਮੰਗੀ ਜਾਨੇ ।"            "ਚਲੋ ਥੋਡੀ ਮਰਜ਼ੀ.......।" ਤੇ ਉਸ ਨੇ ਰਿਕਸ਼ਾ ਮੋੜ ਲਈ।                         "ਉਹ ਠਹਿਰ ।ਚੰਗਾ ਚੱਲ ਫੇਰ ......ਜਗਤਾਰ ਘਬਰਾ ਗਿਆ ਕਿ ਕਿਧਰੇ ਕੋਈ ਅਪਸ਼ਗਨ ਹੀ ਨਾ ਹੋ ਜਾਏ। ਦਰਿਆ ਦੇ ਕੰਢੇ ਪਹੁੰਚ ਕੇ ਉਸ ਨੇ ਰਿਕਸ਼ੇ ਵਾਲੇ ਨੂੰ ਉੱਥੇ ਹੀ ਰੁਕਣ ਦਾ ਕਿਹਾ ਤੇ ਆਪ ਬਾਬੇ ਦੇ  ਦੱਸੇ ਅਨੁਸਾਰ ਦਰਿਆ ਦੇ ਕੰਢੇ ਜਾ ਕੇ ਨਾਰੀਅਲ ਲਾਲ ਧਾਗਾ ਬੰਨ੍ਹ ਕੇ   ਪਾਣੀ 'ਚ ਵਹਾ ਦਿੱਤਾ ਤੇ ਨਾਲ ਕੁਝ ਹੋਰ ਸਾਮਾਨ ਵੀ ......ਤੇ ਕੁਝ ਚੀਜ਼ਾਂ ਦਰਿਆ ਦੇ ਕੰਢੇ ਤੇ ਹੀ ਰੱਖ ਵਾਪਸ ਰਿਕਸ਼ਾ ਤੇ ਆ ਬੈਠਾ ।                                       

     'ਹੁਣ ਜਿਹੜਾ ਕਿਸੇ ਬੰਨ੍ਹ ਪਾਇਆ ਛੇਤੀ ਟੁੱਟ ਜੂ ......ਮੇਰੀ ਧੀ ਦੇ ਸੰਯੋਗ ਖੁੱਲ੍ਹ ਜੂ ਹੁਣ। ਬੱਸ ਹੁਣ ਤਾਂ ਰਿਸ਼ਤਾ ਵੱਟ ਤੇ ਪਿਐ..... ਉਹ ਮਨ ਹੀ ਮਨ ਸੋਚਦਾ  ਅੰਤਾਂ ਦਾ ਖ਼ੁਸ਼ ਹੋ ਗਿਆ।                     ਰਿਕਸ਼ਾ ਵਾਲਾ ਉਸ ਨੂੰ ਛੇਤੀ -ਛੇਤੀ ਬੱਸ ਸਟੈਂਡ ਤੇ ਛੱਡ ਦੁਬਾਰਾ ਦਰਿਆ ਦੇ ਕੰਢੇ ਤੇ ਆ ਗਿਆ। ਉਸ ਨੇ ਖੁਸ਼ੀ ਚ ਜਿਵੇਂ ਉਛਲਦਿਆਂ ਝੱਟ ਪੱਟ ਸਾਰਾ ਸਾਮਾਨ ਨਵਾਂ ਨਕੋਰ ਸੂਟ ,ਸ਼ੀਸ਼ਾ , ਚਾਂਦੀ ਦੀ ਮੁੰਦਰੀ, ਸੁਰਖੀ ,ਬਿੰਦੀ ,ਨੇਲਪਾਲਿਸ਼ ,ਮਠਿਆਈ ਦਾ ਡੱਬਾ..... ਕੁਝ ਸਿੱਕੇ  ਜਲਦੀ ਨਾਲ ਲਿਫਾਫੇ ਚ ਪਾਏ...... ਤੇ ਦੂਰ ਪਾਣੀ  'ਚ ਤਰਦੇ ਜਾਂਦੇ ਨਾਰੀਅਲ  ਨੂੰ ਦੇਖ ਗੁੱਸੇ 'ਚ  ਬੁੜਬੁੜਾਇਆ "ਉਹ ਸ਼ੁਦਾਈ ਬਾਬਾ ਇਹਨੂੰ ਵੀ ਕਿਨਾਰੇ ਦੇ ਰੱਖਣ ਲਈ ਨਹੀਂ ਸੀ ਕਹਿ ਸਕਦਾ। ਬੱਚੇ ਖਾ ਲੈਂਦੇ ....ਤੇ ਫਿਰ ਲਿਫ਼ਾਫ਼ੇ ਵੱਲ ਦੇਖਦੇ ਹੀ ਮੁਸਕੁਰਾਇਆ, "ਆਹਾ! ਅੱਜ ਵੀ ਮੌਜਾਂ...... ਤੇ ਉਹ ਕਾਹਲੀ- ਕਾਹਲੀ  ਰਿਕਸ਼ਾ ਚਲਾ ਘਰ ਆਇਆ। ਗਲੀ 'ਚ ਖੇਡਦੇ ਬੱਚਿਆਂ ਨੂੰ ਉਸ ਨੇ ਮਠਿਆਈ ਵੰਡੀ ਤੇ ਘਰ ਅੰਦਰ ਵੜ ਪਤਨੀ ਨੂੰ ਆਵਾਜ਼ਾਂ ਮਾਰਨ ਲੱਗਾ। "ਭਾਪਾ .....ਬੜੇ ਖੁਸ਼ ਜੇ  ਨਾਲੇ ਮੰਮੀ ਤਾਂ ਮੰਦਿਰ ਗਈ ਹੈ ।" "ਲੈ ਪੁੱਤ ਮਠਿਆਈ ਖਾ।" " ਵਾਹ ਪਾਪਾ ! ਇੰਨਾ ਸਾਮਾਨ .....ਉਸ ਨੇ ਮਠਿਆਈ ਖਾਂਦੇ  ਕਿਹਾ।                                      "ਆਹੋ ਕਾਕਾ ਜਦ ਤਕ ਲੋਕ ਇਨ੍ਹਾਂ ਅਖੌਤੀ ਬਾਬਿਆਂ ਮਗਰ ਲੱਗ ਆਪਣਾ ਧਨ ਉਜਾੜਨੇ ਤਦ ਤਕ ਸਾਡੀ ਗਰੀਬਾਂ ਦੀ ਵੀ  ਚਾਂਦੀ ਆ।  ਉਂਝ ਤਾਂ ਦਸ ਰੁਪਏ ਨਹੀਂ ਦਿੰਦੇ ਆ ਲੋਕ ਸਾਨੂੰ ਗਰੀਬਾਂ ਨੂੰ।" "  ਲੈ ਫੜ ਸਾਂਭ ਸਾਮਾਨ ਮੰਮੀ ਨੂੰ ਦੇਈਂ।"       

   "ਪਾਪਾ ਤੁਸੀਂ ਕਿੱਥੇ ਚੱਲੇ ?" " ਪੁੱਤ ਡੇਰੇ ਦੇ ਬਾਹਰ ਖੜ੍ਹਦਾ ਜਾ ਕੇ ......ਅਗਲੀ ਅਸਾਮੀ ਲਈ....... ਤੇ ਦੋਵੇਂ ਪਿਓ- ਪੁੱਤ ਖਿੜ ਖਿੜਾ ਕੇ ਹੱਸ ਪਏ।                                       

 ਮਨਪ੍ਰੀਤ ਕੌਰ ਭਾਟੀਆ 

ਐਮ ਏ, ਬੀਐੱਡ  

 ਫਿਰੋਜ਼ਪੁਰ ਸ਼ਹਿਰ।

ਆਪਣਾ ਕੌਣ ✍️ ਹਰਪ੍ਰੀਤ ਕੌਰ ਸੰਧੂ

ਚੀਕੂ ਨੇ ਦਸਵੀਂ ਵਿਚ ਪੜ੍ਹਦਿਆਂ ਹੀ ਕੈਨੇਡਾ ਜਾ ਕੇ ਪੜ੍ਹਨ ਦਾ ਫੈਸਲਾ ਕਰ ਲਿਆ ਸੀ। ਮੰਮੀ ਡੈਡੀ ਨੂੰ ਵੀ ਕੋਈ ਇਤਰਾਜ਼ ਨਹੀਂ ਸੀ। ਉਹ ਤਾਂ ਬਸ ਚੀਕੂ ਨੂੰ ਖੁਸ਼ ਦੇਖਣਾ ਚਾਹੁੰਦੇ ਸੀ। ਬਾਰ੍ਹਵੀਂ ਦਾ ਨਤੀਜਾ ਆਉਂਦੇ ਹੀ ਚੀਕੂ ਦੀ ਟੋਰੰਟੋ ਦੀ ਯੂਨੀਵਰਸਿਟੀ ਵਿੱਚ ਏਡਮਿਸ਼ਨ ਹੋ ਗਈ। ਮੰਮੀ ਨੇ ਕਾਲਜ ਤੋ ਛੁੱਟੀਆਂ ਲੈ ਕੇ ਉਸਦੀ ਸ਼ੌਪਿੰਗ ਕਰਵਾ ਦਿੱਤੀ। ਡੈਡੀ ਨੇ ਵੀ ਆਪਣੀ ਲਾਡਲੀ ਨਾਲ ਸਮਾਂ ਬਿਤਾਉਣ ਲਈ ਬੈਂਕ ਤੋਂ ਛੁੱਟੀ ਲੈ ਲਈ।ਸਾਰੇ ਬਹੁਤ ਖੁਸ਼ ਸਨ, ਉਦਾਸ ਸੀ ਤਾਂ ਸਿਰਫ ਬੀਜੀ। ਬੀਜੀ ਨੂੰ ਆਪਣੀ ਪੋਤੀ ਦੇ ਦੂਰ ਜਾਣ ਦਾ ਗਮ ਸੀਂ ਤੇ ਕਿਤੇ ਅੰਦੇਸ਼ਾ ਵੀ ਦੀ ਕਿ ਉਸਦਾ ਬੁਢਾਪਾ ਇਕੱਲੇਪਨ ਵਿਚ ਰੁਲੇਗਾ।ਬੀਜੀ ਨੂੰ ਪਤਾ ਸੀ ਕਿ ਚੀਕੂ ਨੇ ਮੁੜਨਾ ਨਹੀਂ ਤੇ ਉਸਦੇ ਨੂੰਹ ਪੁੱਤ ਨੇ ਇਕੱਲੇ ਰਹਿਣਾ ਨਹੀਂ। ਇੱਕ ਨਾ ਇਕ ਦਿਨ ਉਹ ਵੀ ਚੀਕੂ ਕੋਲ ਚਲੇ ਜਾਣਗੇ। ਪਰ ਚੀਕੂ ਨੂੰ ਖੁਸ਼ ਦੇਖ ਬੀਜੀ ਖੁਸ਼ ਸੀ। ਬੁਢਾਪੇ ਵਿੱਚ ਪੋਤੇ ਪੋਤੀਆ ਦਾ ਪਿਆਰ ਸਾਰਾ ਖਾਲੀਪਨ ਭਰ ਦਿੰਦਾ ਹੈ। ਚੀਕੂ ਦੇ ਕੈਨੇਡਾ ਜਾਣ ਤੋਂ ਬਾਅਦ ਘਰ ਸੁੰਨ ਪਰ ਗਈ। ਜਿਵੇਂ ਘਰ ਦੀ ਰੌਣਕ ਹੀ ਚਲੀ ਗਈ। ਚੀਕੂ ਜਦੋਂ ਵੀ ਵੀਡਿਓ ਕਾਲ ਕਰਦੀ ਤਾਂ ਮੰਮੀ ਡੈਡੀ ਦੇ ਨਾਲ ਨਾਲ ਬੀਜੀ ਨਾਲ ਵੀ ਗੱਲ ਕਰਦੀ। ਘਰ ਵਿੱਚ ਇਕ ਮੁੰਡਾ ਕੰਮ ਕਰਨ ਤੇ ਬੀਜੀ ਦੀ ਦੇਖਭਾਲ ਕਰਨ ਲਈ ਰੱਖਿਆ ਸੀ। ਮਹੇਸ਼ ਸਾਰਾ ਦਿਨ ਬੀਜੀ ਨਾਲ ਗੱਲਾਂ ਕਰਦਾ ਰਹਿੰਦਾ। ਆਪਣੇ ਪਿੰਡ ਦੀਆਂ ਗੱਲਾਂ ਸੁਣਾਉਂਦਾ। ਬੀਜੀ ਦਾ ਉਸ ਨਾਲ ਪਿਆਰ ਪੈ ਗਿਆ। ਕੁਛ ਸਾਲ ਬਾਅਦ ਜਦੋਂ ਚੀਕੂ ਨੂੰ ਪੀ ਆਰ ਮਿਲ ਗਈ ਤਾਂ ਉਸਨੇ ਮੰਮੀ ਡੈਡੀ ਨੂੰ ਆਪਣੇ ਕੋਲ ਆਉਣ ਲਈ ਕਿਹਾ। ਪਰ ਦੋਵੇਂ ਜੀਅ ਬੀਜੀ ਕਰਕੇ ਨਾ ਗਏ। ਚੀਕੂ ਨੇ ਕੈਨੇਡਾ ਵਿੱਚ ਹੀ ਮੁੰਡਾ ਪਸੰਦ ਕਰ ਲਿਆ। ਮੁੰਡਾ ਬੰਗਾਲੀ ਸੀ। ਦੋਹਾਂ ਦੇ ਘਰਦਿਆਂ ਨੂੰ ਕੋਈ ਇਤਰਾਜ਼ ਨਹੀਂ ਸੀ।ਕੈਨੇਡਾ ਵਿੱਚ ਹੀ ਵਿਆਹ ਹੋਇਆ ਜੋ ਬੀਜੀ ਤੇ ਮਹੇਸ਼ ਨੇ ਆਨਲਾਈਨ ਦੇਖਿਆ। ਮੰਮੀ ਡੈਡੀ ਨੂੰ ਚੀਕੂ ਕੋਲ ਰੱਖਣਾ ਚਾਹੁੰਦੀ ਸੀ। ਬੀਜੀ ਨੇ ਵੀ ਬੱਚਿਆਂ ਦੀ ਖੁਸ਼ੀ ਦੇਖ ਉਹਨਾਂ ਨੂੰ ਰਿਟਾਇਰਮੈਂਟ ਤੋਂ ਬਾਦ ਜਾਂ ਲਈ ਕਿਹਾ। ਪੁੱਤ ਨੂੰ ਬੀਜੀ ਦਾ ਫ਼ਿਕਰ ਸੀ।ਓਹ ਪਿੱਛੇ ਬੀਜੀ ਕੋਲ ਰਿਹਾ। ਪਰ ਕੁਛ ਡਰ ਬਾਅਦ ਚੀਕੂ ਦੇ ਘਰ ਆਏ ਨਿੱਕੇ ਆਰਵ ਦੀ ਖਿੱਚ ਉਸਨੂੰ ਵੀ ਕੈਨੇਡਾ ਲੈ ਗਈ। ਬੀਜੀ ਦੀ ਸਾਂਭ ਸੰਭਾਲ ਲਈ ਮਹੇਸ਼ ਆਪਣੀ ਪਤਨੀ ਮੀਰਾ ਨੂੰ ਪਿੰਡੋ ਲੈ ਆਇਆ। ਬੀਜੀ ਨੂੰ ਬੇਸ਼ਕ ਮੁਸ਼ਕਿਲ ਲੱਗਾ ਪ੍ਰ ਕੋਈ ਚਾਰਾ ਨਹੀਂ ਸੀ। ਬਿਹਾਰ ਦੇ ਵਾਸੀ ਮਹੇਸ਼ ਤੇ ਮੀਰਾ ਹੀ ਹੁਣ ਉਹਨਾਂ ਦਾ ਪਰਿਵਾਰ ਸਨ।ਅਕਸਰ ਬੀਜੀ ਆਪਣੇ ਆਪ ਨੂੰ ਗੁਵਾਚਿਆ ਮਹਿਸੂਸ ਕਰਦੇ। ਸਾਰਾ ਘਰ ਮਹੇਸ਼ ਤੇ ਮੀਰਾ ਹੀ ਸੰਭਾਲਦੇ। ਬੀਜੀ ਤੋਂ ਹੁਣ ਜ਼ਿਆਦਾ ਤੁਰ ਫਿਰ ਨਾ ਹੋਣ ਕਰਕੇ ਉਹ ਆਪਣੇ ਕਮਰੇ ਚੋਣ ਬੀਜੀ ਦੇ ਨਾਲ ਵਾਲੇ ਕਮਰੇ ਵਿਚ ਆ ਗਏ। ਬੀਜੀ ਦੇ ਨੂੰਹ ਪੁੱਤ ਵੀਡਿਓ ਕਾਲ ਕਰ ਲੈਂਦੇ ਤੇ ਬੀਜੀ ਨੂੰ ਦੇਖ ਨਿਸਚਿੰਤ ਹੋ ਜਾਂਦੇ। ਬੀਜੀ ਦਾ ਅੰਦਰ ਖਾਲੀ ਹੋ ਗਿਆ ਸੀ। ਉਹ ਅਕਸਰ ਸੋਚਦੇ ਕਿਵੇਂ ਓਹਨਾਂ ਆਪਨੇ ਪਤੀ ਨਾਲ ਮਿਲ ਕੇ ਘਰ ਬਣਾਇਆ ਸੀ। ਉਦਾਸ ਹੋ ਜਾਂਦੇ ਸੋਚ ਦੇ ਕਿ ਇਸ ਵਿਚ ਕੌਣ ਰਹੇਗਾ? ਕਈ ਵਾਰ ਜਾਪਦਾ ਜਿਵੇਂ ਹੁਣ ਮਹੇਸ਼ ਤੇ ਮੀਰਾ ਹੀ ਓਹਨਾਂ ਦਾ ਪਰਿਵਾਰ ਹੋਵੇ। ਆਪਣੇ ਪਰਿਵਾਰ ਤੋਂ ਦੂਰੀ ਤੇ ਇਕੱਲੇਪਨ ਦਾ ਸੰਤਾਪ ਭੋਗਣਾ ਸੌਖਾ ਨਹੀਂ।ਇਕ ਦਿਨ ਪਤਾ ਨਹੀਂ ਕੀ ਸੋਚ ਬੀਜੀ ਨੇ ਮਹੇਸ਼ ਨੂੰ ਕਿਹਾ ਕਿ ਮੇਰੇ ਬਾਦ ਤੁਸੀਂ ਇਸੇ ਘਰ ਵਿਚ ਰਹਿਣਾ।ਮਹੇਸ਼ ਉਦਾਸ ਹੋ ਗਿਆ। ਉਸਨੂੰ ਬੀਜੀ ਵਿੱਚ ਹੀ ਆਪਣੀ ਮਾਂ ਦਿਸਦੀ ਸੀ। ਓਹ ਵੀ ਨਿੱਕਾ ਹੁੰਦਾ ਘਰੋ ਆ ਗਿਆ ਸੀ।ਉਸਨੇ ਬੀਜੀ ਦੀ ਸੇਵਾ ਆਪਣਿਆ ਤੋ ਵੀ ਵੱਧ ਕੀਤੀ ਸੀ। ਬੀਜੀ ਨੇ ਆਪਣੇ ਪੁੱਤ ਨੂੰ ਫ਼ੋਨ ਕਰਕੇ ਤਾਕੀਦ ਕੀਤੀ ਕਿ ਮੇਰੇ ਬਾਦ ਮਹੇਸ਼ ਇਸੇ ਘਰ ਵਿਚ ਰਹੇਗਾ। ਪੁੱਤ ਨੇ ਕਿਹਾ ਇੰਝ ਹੀ ਹੋਵੇਗਾ। ਇਸ ਗੱਲ ਤੋਂ ਕੁਝ ਦਿਨ ਬਾਅਦ ਬੀਜੀ ਤੇ ਆਪਣੇ ਕੋਲ ਜੀ ਪੈਸੇ ਸਨ ਮਹੇਸ਼ ਨੂੰ ਦੇ ਦਿੱਤੇ ਤੇ ਕਿਹਾ,"ਜੇਕਰ ਮੈਨੂੰ ਕੁਝ ਹੋ ਗਿਆ ਤਾਂ ਕਿਸੇ ਦਾ ਇੰਤਜ਼ਾਰ ਨਾ ਕਰੀਂ। ਤੂੰ ਮੇਰਾ ਪੁੱਤ ਹੈ। ਤੂੰ ਹੀ ਮੇਰਾ ਅੰਤਿਮ ਸੰਸਕਾਰ ਕਰਨਾ ਹੈ" ਮਹੇਸ਼ ਉਦਾਸ ਹੋ ਗਿਆ। ਓਹ ਸਾਰਾ ਦਿਨ ਬੀਜੀ ਦੇ ਨੇੜੇ ਹੀ ਰਹਿੰਦਾ।ਆਪਣੀ ਮਾਂ ਦੇ ਅਖੀਰਲੇ ਸਮੇਂ ਉਹ ਮਾਂ ਦੇ ਕੋਲ ਨਹੀਂ ਸੀ। ਪਰ ਬੀਜੀ ਨੂੰ ਓਹ ਆਖਰੀ ਸਮੇਂ ਇਕੱਲਾ ਨਹੀਂ ਛੱਡਣਾ ਚਾਹੁੰਦਾ ਸੀ। ਦੋ ਦਿਨ ਬਾਅਦ ਬੀਜੀ ਸਵਰਗਵਾਸ ਹੋ ਗਏ।ਬੀਜੀ ਦੀਆਂ ਅੰਤਿਮ ਰਸਮਾਂ ਮਹੇਸ਼ ਨੇ ਨਿਭਾਈਆਂ। ਬੀਜੀ ਦੇ ਨੂੰਹ ਪੁੱਤ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ।ਕੈਨੇਡਾ ਵਾਪਿਸ ਜਾਂ ਤੋਂ ਪਹਿਲਾਂ ਓਹਨਾਂ ਘਰ ਦੇ ਜ਼ਿੰਮੇਵਾਰੀ ਮਹੇਸ਼ ਤੇ ਮੀਰਾ ਨੂੰ ਸੌਂਪ ਦਿੱਤੀ।ਬੀਜੀ ਦੀ ਅੰਤਿਮ ਇੱਛਾ ਦਾ ਓਹਨਾਂ ਮਾਣ ਰੱਖਿਆ ਤੇ ਬੀਜੀ ਦਾ ਘਰ ਹਮੇਸ਼ਾ ਵੱਸਦਾ ਰਿਹਾ।

 

ਹਰਪ੍ਰੀਤ ਕੌਰ ਸੰਧੂ

ਛੱਬੀ ਜਨਵਰੀ ‘ਤੇ ਵਿਸ਼ੇਸ਼ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ।ਭਾਰਤ ਵਾਸੀਆਂ ਨੂੰ ਆਪਣੇ ਦੇਸ਼ ‘ਤੇ ਮਾਣ ਹੈ। ਸਕੂਲਾਂ ਕਾਲਜਾਂ ਵਿੱਚ ਹਰ 26 ਜਨਵਰੀ ਨੂੰ ਇਹ ਦਿਵਸ ਧੂਮ-ਧਾਮ ਨਾਲ ਮਨਾਇਆਂ ਜਾਂਦਾ ਹੈ।ਸੁਤੰਤਰਤਾ ਦੇ ਬਾਅਦ 26 ਜਨਵਰੀ 1950 ਨੂੰ ਭਾਰਤ ਇਕ ਗਣਤੰਤਰਵਾਦੀ ਦੇਸ਼ ਬਣ ਗਿਆ ਸੀ। ਭਾਰਤ ਦੀ ਸਾਰੀ ਸੱਤਾ ਦੇਸ਼ਵਾਸੀਆਂ ਦੇ ਹੱਥ ਵਿਚ ਦੇ ਦਿੱਤੀ ਗਈ ।ਸਾਰੀ ਜਨਤਾ ਇਸ ਸ਼ਕਤੀ ਨੂੰ ਪ੍ਰਾਪਤ ਕਰਕੇ ਦੇਸ਼ ਦੀ ਅਸਲੀ ਸ਼ਾਸਕ ਬਣ ਗਈ। ਇਸ ਦਿਨ ਕਾਨੂੰਨ ਦੇ ਰਾਜ ਦੀ ਸ਼ੁਰੂਆਤ ਹੋਈ। 26 ਜਨਵਰੀ ਨੂੰ ਰਾਸ਼ਟਰੀ ਦਿਨ ਦਾ ਦਰਜਾ ਵੀ ਹਾਸਲ ਹੈ। ਹਰ ਸਾਲ ਇਸ ਦਿਨ ਨੂੰ ਬੜੇ ਉਤਸਾਹ ਨਾਲ ਮਨਾਇਆ ਜਾਂਦਾ ਹੈ।ਗਵਰਨਰ ਜਨਰਲ ਦੀ ਥਾਂ ਰਾਸ਼ਟਰਪਤੀ ਦੇਸ਼ ਦਾ ਮੁੱਖ ਨੇਤਾ ਚੁਣਿਆ ਗਿਆ। 26 ਜਨਵਰੀ ਦਾ ਦਿਨ ਹਰ ਸਾਲ ਸਾਨੂੰ ਆਪਣੇ ਕਰੱਤਵ ਦੀ ਯਾਦ ਦਿਵਾਉਂਦਾ ਹੈ। ਭਾਰਤ ਵਾਸੀ ਇਸ ਦਿਨ ਖੁਸ਼ੀ ਨਾਲ ਨੱਚ ਉੱਠਦੇ ਹਨ। ਇਸ ਮਹਾਨ ਰਾਸ਼ਟਰੀ ਤਿਉਹਾਰ ਨੂੰ ਬੜੇ ਸਮਾਰੋਹ ਨਾਲ ਮਨਾਇਆ ਜਾਂਦਾ ਹੈ।
ਗਣਤੰਤਰ ਦਿਵਸ ਸਾਡਾ ਕੌਮੀ ਤਿਉਹਾਰ ਹੈ।ਇਹ ਤਿਉਹਾਰ ਹਿੰਦੂ ,ਮੁਸਲਿਮ ,ਸਿੱਖ ,ਇਸਾਈ ਰਲ ਕੇ ਮਨਾਉਂਦੇ ਹਨ ।
ਭਾਰਤ ਨੂੰ ਸੁਤੰਤਰ ਕਰਾਉਣ ਲਈ ਦੇਸ਼ ਵਾਸੀਆਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ।ਕਿੰਨੇ ਦੇਸ ਭਗਤਾਂ ਨੇ ਫਾਂਸੀਆਂ ਤੇ ਤਖ਼ਤੇ ਚੁੰਮੇ, ਕਿੰਨਿਆਂ ਨੇ ਜੇਲ੍ਹਾਂ ਵਿੱਚ ਦਮ ਤੋੜ ਦਿੱਤਾ ।ਬਹੁਤ ਲੋਕ ਲਾਠੀਆਂ ਦੇ ਸ਼ਿਕਾਰ ਹੋਏ।ਇਹਨਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਕਰਕੇ ਹੀ ਭਾਰਤ ਦੇਸ਼ ਅਜ਼ਾਦ ਹੋਇਆ।
26 ਜਨਵਰੀ, 1930 ਨੂੰ ਹੀ ਦੇਸ਼ ਦੇ ਨੇਤਾ ਸ੍ਰੀ ਜਵਾਹਰ ਲਾਲ ਨਹਿਰੂ ਜੀ ਨੇ ਰਾਵੀ ਦੇ ਕਿਨਾਰੇ ਕੌਮੀ ਝੰਡਾ ਲਹਿਰਾਉਂਦੇ ਹੋਏ ਘੋਸ਼ਣਾ ਕੀਤੀ ਸੀ ਕਿ ਅਸੀਂ ਪੂਰਨ ਸਵਾਰਾਜ ਦੀ ਮੰਗ ਕਰਦੇ ਹਾਂ। ਇਸ ਮੰਗ ਦੀ ਪੂਰਤੀ ਲਈ ਸਾਨੂੰ ਲਗਾਤਾਰ ਸਤਾਰਾਂ ਵਰ੍ਹੇ ਅੰਗਰੇਜ਼ੀ ਸਰਕਾਰ ਨਾਲ ਲੜਨਾ ਪਿਆ। ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ।ਇਹ ਸੰਵਿਧਾਨ ਦੇਸ਼ ਵਿਚ ਲਾਗੂ ਕਰ ਕੇ ਡਾਕਟਰ ਰਾਜਿੰਦਰ ਪ੍ਰਸ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣੇ।
ਸੰਵਿਧਾਨ ਸਭਾ ਦੇ ਮੈਂਬਰ ਭਾਰਤ ਦੇ ਸੂਬਿਆਂ ਦੀਆਂ ਸਭਾਵਾਂ ਦੇ ਚੁਣੇ ਗਏ ਮੈਂਬਰਾਂ ਵਲੋਂ ਚੁਣੇ ਗਏ ਸਨ। ਡਾ. ਭੀਮ ਰਾਓ ਅੰਬੇਡਕਰ, ਜਵਾਹਰ ਲਾਲ ਨਹਿਰੂ, ਡਾ. ਰਜਿੰਦਰ ਪ੍ਰਸਾਦ, ਸਰਦਾਰ ਵਲੱਭ ਭਾਈ ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ ਇਸ ਸਭਾ ਦੇ ਮੁੱਖ ਮੈਂਬਰ ਸਨ। ਸੰਵਿਧਾਨ ਨਿਰਮਾਣ 'ਚ ਕੁੱਲ 22 ਕਮੇਟੀਆਂ ਸਨ, ਜਿਸ 'ਚ ਡਰਾਫਟਿੰਗ ਕਮੇਟੀ ਸਭ ਤੋਂ ਪ੍ਰਮੁੱਖ ਅਤੇ ਮਹੱਤਵਪੂਰਣ ਕਮੇਟੀ ਸੀ ਅਤੇ ਇਸ ਕਮੇਟੀ ਦਾ ਕਾਰਜ ਸੰਪੂਰਣ ਸੰਵਿਧਾਨ ਲਿਖਣਾ ਤੇ ਨਿਰਮਾਣ ਕਰਨਾ ਸੀ। ਡਰਾਫਟਿੰਗ ਕਮੇਟੀ ਦੇ ਪ੍ਰਧਾਨ ਡਾ. ਭੀਮਰਾਓ ਅੰਬੇਡਕਰ ਸਨ। ਡਾ. ਅੰਬੇਡਕਰ ਨੂੰ ਸੰਵਿਧਾਨ ਦਾ ਪਿਤਾ ਵੀ ਕਿਹਾ ਜਾਂਦਾ ਹੈ।ਦੁਨੀਆ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ 2 ਸਾਲ, 11 ਮਹੀਨੇ 18 ਦਿਨ 'ਚ ਤਿਆਰ ਹੋਇਆ। ਸੰਵਿਧਾਨ ਸਭਾ ਦੇ ਪ੍ਰਧਾਨ ਡਾ. ਰਜਿੰਦਰ ਪ੍ਰਸਾਦ ਨੂੰ 26 ਨਵੰਬਰ 1949 ਨੂੰ ਭਾਰਤ ਦਾ ਸੰਵਿਧਾਨ ਸੌਂਪਿਆ ਗਿਆ, ਇਸ ਲਈ 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਰੂਪ 'ਚ ਹਰ ਸਾਲ ਮਨਾਇਆ ਜਾਂਦਾ ਹੈ। ਸੰਵਿਧਾਨ ਸਭਾ ਨੇ ਸੰਵਿਧਾਨ ਨਿਰਮਾਣ ਦੇ ਸਮੇਂ ਕੁੱਲ 114 ਦਿਨ ਬੈਠਕ ਕੀਤੀ ਸੀ। 308 ਮੈਂਬਰਾਂ ਨੇ 24 ਜਨਵਰੀ 1950 ਨੂੰ ਸੰਵਿਧਾਨ ਦੀਆਂ ਦੋ ਹੱਥਲਿਖਤ ਕਾਪੀਆਂ 'ਤੇ ਦਸਤਖਤ ਕੀਤੇ। ਇਸ ਦੇ ਦੋ ਦਿਨ ਬਾਅਦ ਸੰਵਿਧਾਨ 26 ਜਨਵਰੀ ਨੂੰ ਇਹ ਦੇਸ਼ ਭਰ 'ਚ ਲਾਗੂ ਹੋ ਗਿਆ। 26 ਜਨਵਰੀ ਦਾ ਮਹੱਤਵ ਬਣਾਏ ਰੱਖਣ ਲਈ ਇਸ ਦਿਨ ਸੰਵਿਧਾਨ ਸਭਾ ਦੁਆਰਾ ਪ੍ਰਵਾਨਿਤ ਸੰਵਿਧਾਨ 'ਚ ਭਾਰਤ ਦੇ ਗਣਤੰਤਰ ਰੂਪ ਨੂੰ ਮਾਨਤਾ ਦਿੱਤੀ ਗਈ।
ਇਹ ਤਿਉਹਾਰ ਆਪਸੀ ਏਕਤਾ ਦਾ ਪ੍ਰਤੀਤ ਹੋਣ ਦੇ ਨਾਲ ਨਾਲ ਸ਼ਹੀਦਾਂ ਦੀ ਯਾਦ ਦਿਵਾਉਂਦਾ ਹੈ।
ਦਿੱਲੀ ਵਿਚ ਇਹ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਰਾਸ਼ਟਰਪਤੀ ਜਲ, ਥਲ ਅਤੇ ਹਵਾਈ ਤਿੰਨਾਂ ਸੈਨਾਵਾਂ ਤੋਂ ਸਲਾਮੀ ਲੈਂਦੇ ਹਨ। ਇਸ ਸਮਾਰੋਹ ਵਿਚ ਤਿੰਨਾਂ ਸੈਨਾਵਾਂ ਦੀ ਪਰੇਡ ਦੇ ਇਲਾਵਾ ਸੰਸਕ੍ਰਿਤੀ ਦੇ ਪ੍ਰੋਗਰਾਮ ਵੀ ਹੁੰਦੇ ਹਨ। ਦੇਸ਼ ਦੇ ਹਰ ਛੋਟੇ ਵੱਡੇ ਸ਼ਹਿਰ ਵਿਚ ਇਸ ਦਿਨ ਕੌਮੀ ਝੰਡੇ ਲਹਿਰਾਏ ਜਾਂਦੇ ਹਨ।

ਪ੍ਰੋ.ਗਗਨਦੀਪ ਕੌਰ ਧਾਲੀਵਾਲ ।

ਆਓ ਜਾਣਦੇ ਹਾਂ ਫ਼ਾਹਿਯਾਨ ਬਾਰੇ ✍️ ਪੂਜਾ ਰਤੀਆ

ਫ਼ਾਹਿਯਾਨ ਇਕ ਚੀਨੀ ਯਾਤਰੀ ਸੀ। ਉਹ ਪਿੰਗਯਾਂਗ ਦਾ ਵਸਨੀਕ ਸੀ, ਜੋ ਅਜੋਕੇ ਸ਼ਾਂਸੀ ਸੂਬੇ ਵਿੱਚ ਹੈ। ਉਸ ਨੇ ਛੋਟੀ ਉਮਰ ਵਿਚ ਹੀ ਸੰਨਿਆਸ ਲੈ ਲਿਆ ਸੀ। ਉਸਨੇ ਆਪਣਾ ਜੀਵਨ ਬੁੱਧ ਧਰਮ ਦੇ ਆਦਰਸ਼ਾਂ ਦਾ ਪਾਲਣ ਅਤੇ ਪ੍ਰਚਾਰ ਕਰਨ ਵਿੱਚ ਬਿਤਾਇਆ। ਚੰਦਰਗੁਪਤ ਦੂਜੇ ਦੇ ਰਾਜ ਵਿੱਚ ਵਿੱਚ ਉਹ ਭਾਰਤ ਆਇਆ। ਜਦੋਂ ਉਹ ਯਾਤਰਾ ਲਈ ਤੁਰਿਆ ਤਾਂ ਕਾਫ਼ੀ ਸਾਥੀ ਉਸ ਨਾਲ ਸਨ ਪਰ ਕਠਿਨ ਰਸਤਿਆਂ ਅਤੇ ਪਰਬਤਾਂ ਨੂੰ ਪਾਰ ਕਰਨ ਵਿੱਚ ਕਈ ਸਾਥੀ ਉਸ ਨੂੰ ਛੱਡ ਕੇ ਵਾਪਸ ਚਲੇ ਗਏ।ਫ਼ਾਹਿਯਾਨ ਨਾਲ ਸਿਰਫ਼ ਇਕ ਸਾਥੀ ਤਾਓ ਚੇਂਗ ਰਹਿ ਗਿਆ। 
  ਉਸਨੇ ਭਾਰਤ ਦੇ ਵੱਖ ਵੱਖ ਨਗਰਾਂ ਅਤੇ ਬੋਧੀ ਤੀਰਥ ਅਸਥਾਨਾਂ ਦੀ ਯਾਤਰਾ ਕੀਤੀ। ਯਾਤਰਾ ਲਈ ਉਸਨੂੰ 15 ਸਾਲ ਲੱਗੇ। ਭਾਵੇਂ ਉਹ ਬੋਧੀ ਗਿਆਨ ਇਕੱਠਾ ਕਰਨ ਆਇਆ ਸੀ ਪਰ ਉਸਨੇ ਉਸ ਸਮੇਂ ਦੇ ਰਾਜੇ ਚੰਦਰਗੁਪਤ ਦੂਜੇ  ਦੇ ਰਾਜ, ਧਾਰਮਿਕ, ਰਾਜਨੀਤਿਕ, ਸਮਾਜਿਕ ਅਵਸਥਾ ਬਾਰੇ ਜਾਣਕਾਰੀ ਦਿੱਤੀ।
    ਫ਼ਾਹਿਯਾਨ ਨੂੰ ਯਾਤਰਾ ਦੌਰਾਨ ਪਾਟਲੀਪੁੱਤਰ ਵਿੱਚ ਜੋਂ ਵਧੀਆ ਲੱਗਿਆ ਅੱਖੀਂ ਡਿੱਠਾ ਉਸਦਾ ਵਿਰਤਾਂਤ ਦਿੱਤਾ ਜਿਵੇਂ - ਪਾਟਲੀਪੁੱਤਰ ਦੇ ਦੋ ਮੱਠ, ਅਸ਼ੋਕ ਦਾ ਮਹਿਲ, ਬੋਧੀਆ ਵਲੋਂ ਕੱਢਿਆ ਜਾਂਦਾ ਜਲੂਸ ਆਦਿ। ਉਸਨੇ ਲਿਖਿਆ ਹੈ ਕਿ ਇਥੋਂ ਦੇ ਲੋਕ ਧਨੀ ਅਤੇ ਦਾਨੀ ਸਨ।
ਉਸਨੇ ਰਾਜੇ ਦੁਆਰਾ ਕੀਤੇ ਯੋਗ ਪ੍ਰਬੰਧ ਦੀ ਸ਼ਲਾਘਾ ਕੀਤੀ।
ਅੰਤ ਬੁੱਢਾ ਹੋ ਕੇ ਵੀ ਉਹ ਆਪਣੇ ਪਵਿੱਤਰ ਨਿਸ਼ਾਨੇ ਵੱਲ ਵਧਦਾ ਰਿਹਾ। ਚਿਏਨ ਕਾਂਗ (ਨਾਨਕਿੰਗ) ਪਹੁੰਚ ਕੇ ਉਹ ਬੋਧੀ ਗ੍ਰੰਥਾਂ ਦੇ ਅਨੁਵਾਦ ਦੇ ਕੰਮ ਵਿਚ ਜੁਟ ਗਿਆ। ਹੋਰ ਵਿਦਵਾਨਾਂ ਦੇ ਨਾਲ ਮਿਲ ਕੇ, ਉਸਨੇ ਬਹੁਤ ਸਾਰੇ ਗ੍ਰੰਥਾਂ ਦਾ ਅਨੁਵਾਦ ਕੀਤਾ, ਜਿਵੇਂ ਪਰਿਨਿਰਵਾਨਸੂਤਰ ਅਤੇ ਮਹਾਸੰਗਿਕਾ ਵਿਨਯਾ ਦਾ ਚੀਨੀ ਅਨੁਵਾਦ। ਉਸ ਨੇ ‘ਫਾਉ-ਕੂਓ ਥੀ’ ਭਾਵ ‘ਬੌਧ ਦੇਸ਼ਾਂ ਦਾ ਲੇਖਾ ਜੋਖਾ’ ਸਿਰਲੇਖ ਨਾਲ ਲਿਖੀ ਸਵੈ-ਜੀਵਨੀ ਏਸ਼ੀਆਈ ਦੇਸ਼ਾਂ ਦੇ ਇਤਿਹਾਸ ਦੇ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਹੈ। ਦੁਨੀਆਂ ਦੀਆਂ ਕਈ ਭਾਸ਼ਾਵਾਂ ਵਿੱਚ ਇਸ ਦਾ ਅਨੁਵਾਦ ਹੋਇਆ ਹੈ।
ਫ਼ਾਹਿਯਾਨ ਦੁਆਰਾ ਲਿਖੇ ਗਏ ਬਿਰਤਾਂਤ ਸਮਕਾਲੀ ਸਨ।ਜੋਂ   
ਇਤਿਹਾਸਕਾਰ ਲਈ ਭਰੋਸੇਯੋਗ ਸਰੋਤ ਵੀ ਸਨ।

ਪੂਜਾ ਰਤੀਆ
9815591967

21 ਜਨਵਰੀ,1925 ਸਿੱਖ ਗੁਰਦੁਆਰਾ ਬਿੱਲ ਦੇ ਖਰੜੇ ਨੂੰ ਛਾਪ ਕੇ ਪ੍ਰਕਾਸ਼ਤ ਕਰ ਦਿੱਤਾ ਗਿਆ 

9 ਜੁਲਾਈ 1925 ਵਾਲੇ ਦਿਨ, ਸਿੱਖ ਗੁਰਦੁਆਰਾ ਐਕਟ, ਸ਼ਿਮਲਾ ਇਜਲਾਸ ਵਿੱਚ ਪਾਸ ਕਰ ਦਿਤਾ ਗਿਆ ਸੀ।
ਇਸ ਦਿਨ ਸਿੱਖ ਗੁਰਦੁਆਰਾ ਐਕਟ ਅਸੈਂਬਲੀ ‘ਚ ਪੇਸ਼ ਕੀਤਾ ਗਿਆ ਸੀ।ਬਰਤਾਨਵੀਂ ਸਰਕਾਰ ਵੱਲੋ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਸੰਭਾਲ ਦੇ ਲਈ ਜਿਹੜਾ ਐਕਟ ਬਣਾਇਆ ਗਿਆ ਉਸ ਨੂੰ ਸਿੱਖ ਗੁਰਦੁਆਰਾ ਐਕਟ 1925 ਵਜੋਂ ਜਾਣਿਆਂ ਜਾਂਦਾ ਹੈ ਜਿਸ ਰਾਹੀ  ਭਾਰਤ ਦੇ ਕਾਨੂੰਨ ਮੁਤਾਬਿਕ ਭਾਰਤ ਵਿਚਲੇ ਸਾਰੇ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਸਿੱਖ ਸੰਗਤ ਵਲੋਂ ਚੁਣੀ ਹੋਈ ਕਮੇਟੀ ਸੰਭਾਲੇਗੀ।

20 ਫ਼ਰਵਰੀ 1921 ਵਾਲੇ ਦਿਨ , ਨਨਕਾਣਾ ਸਾਹਿਬ ਵਿਖੇ ਮਹੰਤ ਨਰੈਣੂ ਵੱਲੋਂ ਸਿੱਖਾਂ ਦੇ ਕਤਲੇਆਮ ਤੋਂ ਬਾਅਦ ਸਿਖਾਂ ਦੀ ਇਹ ਮੰਗ ਜੋਰ ਪਕੜ ਚੁੱਕੀ ਸੀ, ਕੇ ਹੁਣ ਇੰਨ੍ਹਾਂ ਮਹੰਤਾਂ ਦੀ ਜਗ੍ਹਾ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਸਿੱਖਾਂ ਵੱਲੋਂ ਸੰਭਾਲਿਆ ਜਾਵੇ ਗਾ।
ਸੋ 14 ਮਾਰਚ 1921 ਵਾਲੇ ਦਿਨ ਮੀਆਂ ਫ਼ਜ਼ਲ ਹੁਸੈਨ ਨੇ ਬਰਤਾਨਵੀਂ ਹਕੂਮਤ ਵਲੋਂ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਸੰਭਾਲ ਦੇ ਲਈ  ਇਕ ਪ੍ਰਬੰਧਕ ਕਮੇਟੀ ਬਣਾਉਣ ਸਬੰਧੀ, ਪੰਜਾਬ ਕੌਂਸਲ ਵਿਚ ਇਕ ਮਤਾ ਪੇਸ਼ ਕੀਤਾ।ਇਸ ਮਤੇ ਰਾਹੀਂ  ਧਰਮ ਅਸਥਾਨਾਂ ਦੇ ਪ੍ਰਬੰਧ ਲਈ ਸਰਕਾਰ ਨੂੰ ਇਕ ਬਿਲ ਦਾ ਖਰੜਾ ਤਿਆਰ ਕਰਣ ਦੀ ਅਪੀਲ ਕੀਤੀ ਗਈ। ਇਸ ਦੇ ਨਾਲ ਗਵਰਨਰ ਜਨਰਲ ਵਿਲੀਅਮ ਮੈਲਕਮ ਹੈੱਲੇ ਨੂੰ ਬੇਨਤੀ ਕੀਤੀ ਗਈ ਕਿ ਉਨ੍ਹਾਂ ਵਲੋਂ  ਇਕ ਆਰਡੀਨੈਂਸ ਜਾਰੀ ਕੀਤਾ ਜਾਵੇ ਜਿਸ ਰਾਹੀਂ ਧਰਮ ਅਸਥਾਨਾਂ ਦੇ ਪ੍ਰਬੰਧ ਦੇ ਸਿਸਟਮ ਨੂੰ ਠੀਕ ਕੀਤਾ ਜਾ ਸਕੇ।
ਪਰ ਕੌਂਸਲ ਵਿਚ ਹਿੰਦੂ ਅਤੇ ਮੁਸਲਿਮ ਮੈਂਬਰਾਂ ਨੂੰ ਵੀ ਇਸ ਕਮਿਸ਼ਨ ਦਾ ਮੈਂਬਰ ਬਣਾਏ ਜਾਣ ਦੀ ਮੰਗ ਰੱਖ ਦਿੱਤੀ ਗਈ ਜਿਸ ਕਾਰਣ ਸਿੱਖ ਮੈਂਬਰਾਂ ਨੇ ਇਸ ਮਤੇ ਦੇ ਲਫ਼ਜ਼ਾਂ ਨੂੰ ਪ੍ਰਵਾਨਗੀ ਨਾ ਦੇਂਦਿਆਂ ਹੋਇਆ ਇਸ ਮਤੇ ਦਾ ਵਿਰੋਧ ਕੀਤਾ ਅਤੇ ਵੋਟਾਂ ਨਾ ਪਾਉਣ ਦਾ ਫੈਸਲਾ ਕੀਤਾ। ਪਰ ਫੇਰ ਵੀ ਗ਼ੈਰ-ਸਿੱਖਾਂ ਦੀਆਂ ਬਹੁਗਿਣਤੀ ਵੋਟਾਂ ਕਾਰਣ ਮਤਾ ਪਾਸ ਹੋ ਗਿਆ ਅਤੇ ਇੰਜ ਅਪ੍ਰੈਲ, 1921 ਵਿਚ ਫ਼ਜ਼ਲ ਹੁਸੈਨ ਨੇ ਗੁਰਦੁਆਰਾ ਬਿਲ ਨੂੰ ਪੰਜਾਬ ਕੌਂਸਲ ਵਿਚ ਪੇਸ਼ ਕਰ ਦਿੱਤਾ।
ਇਸ ਬਿਲ ਦੇ ਮੁਤਾਬਕ ਜਿਸ ਗੁਰਦੁਆਰਾ ਅਸਥਾਨ ਦੇ ਪੁਜਾਰੀ ਜਾਂ ਜਾਇਦਾਦ ਸਬੰਧੀ ਪੜਤਾਲ ਕਰਨ ਤੋਂ ਬਾਅਦ ਸਰਕਾਰ ਆਪਣੇ ਵਲੋਂ ਨਿਸ਼ਚਿਤ ਤਸੱਲੀ ਵਿੱਚ ਹੋਵੇਗੀ, ਉਸ ਨੂੰ ਗੁਰਦੁਆਰਾ ਕਰਾਰ ਦਿਤਾ ਜਾਵੇਗਾ, ਅਤੇ ਜੇ ਸਰਕਾਰ ਦੀ ਤਸੱਲੀ ਨਹੀਂ ਹੋਵੇ ਗੀ ਤਾਂ ਝਗੜੇ ਵਾਲੀ ਥਾਂ ਮੰਨ ਲਿਆ ਜਾਵੇਗਾ, ਪਰ ਕਿਉਂਕਿ  ਸਿੱਖ ਮੈਂਬਰਾਂ ਨੇ ਇਸ ਮਤੇ ਅਤੇ ਬਿਲ ਦਾ ਵਿਰੋਧ ਕੀਤਾ ਸੀ ਇਸ ਕਾਰਣ ਆਖਰ ਇਹ ਬਿਲ ਸਿਲੈਕਟ ਕਮੇਟੀ ਨੂੰ ਭੇਜ ਦਿਤਾ ਗਿਆ। ਇਸ ਵਿੱਚ ਕਮੇਟੀ ਮੈਂਬਰਾਂ ਨੇ ਇੱਕ ਨੋਟ ਲਿਖ ਦਿੱਤਾ ਕੇ  ‘ਸਿੱਖ ਗੁਰਦੁਆਰੇ ਉਹ ਅਸਥਾਨ ਹਨ ਜਿਥੇ ਸਿੱਖਾਂ ਦਾ ਕਬਜ਼ਾ ਹੈ ਜਾਂ ਗੁਰੂ ਸਾਹਿਬਾਨਾਂ ਦਾ ਅਸਥਾਨ ਹੈ ਨਾਕਿ ਉਹ ਜਿਸ ਨੂੰ ਕਿ ਸਰਕਾਰੀ ਕਮਿਸ਼ਨ ਮਨਜ਼ੂਰ ਕਰੇ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਗੁਰਦੁਆਰਾ ਬੋਰਡ, ਸਿੱਖ ਮੈਂਬਰਾਂ ਦੀ ਮਰਜ਼ੀ ਨਾਲ ਚੁਣਿਆ ਜਾਵੇ ਗਾ ਅਤੇ ਖ਼ਰਚ ਗੁਰਦੁਆਰਾ ਫ਼ੰਡ ਵਿੱਚੋਂ ਨਹੀਂ ਹੋਵੇ ਗਾ।
ਪਰ ਅਪ੍ਰੈਲ 1921 ਨੂੰ ਸ਼੍ਰੋਮਣੀ ਕਮੇਟੀ ਨੇ ਇਸ ਬਿਲ ਨੂੰ ਵੀ ਨਾ-ਤਸੱਲੀਬਖ਼ਸ਼ ਕਰਾਰ ਦੇ ਕੇ ਇੱਕ ਕਿਸਮ ਦੇ ਨਾਲ ਨਾਮਨਜੂਰ ਕਰ ਦਿਤਾ।
ਫੇਰ 16 ਅਪ੍ਰੈਲ 1921 ਵਾਲੇ ਦਿਨ ਇਸ ਬਿਲ ਦਾ ਖਰੜਾ ਮੁੜ ਦੁਬਾਰਾ ਪੇਸ਼ ਕੀਤਾ ਗਿਆ ਜੋ ਕੇ 9 ਮਈ 1921 ਤਕ ਮੁਲਤਵੀ ਹੋ ਗਿਆ।
23 ਅਪ੍ਰੈਲ 1921 ਵਾਲੇ ਦਿਨ ਸਰਕਾਰ ਵਲੋਂ ਇਕ ਕਾਨਫ਼ਰੰਸ ਸੱਦੀ ਗਈ ਜਿਸ ਵਿਚ ਲਾਲਾ ਗਨਪਤ ਰਾਏ ਅਤੇ ਰਾਜਾ ਨਰਿੰਦਰ ਨਾਥ, ਮਹੰਤਾਂ ਦੇ ਨੁਮਾਇੰਦਿਆਂ ਅਤੇ ਉਨ੍ਹਾਂ ਦੇ ਵਕੀਲਾਂ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਇਸ ਕਾਨਫਰੰਸ ਵਿੱਚ ਕੁਝ ਕੌਂਸਲਰ ਅਤੇ ਕੁਝ ਵਜ਼ੀਰਾਂ ਤੋਂ ਇਲਾਵਾ ਹੋਰ ਮੁਖੀ ਸਖਸ਼ੀਅਤਾਂ ਵੀ ਹਾਜ਼ਰ ਸਨ। ਇਸ ਕਾਨਫਰੰਸ ਵਿੱਚ ਸਿੱਖ ਮੁਖੀਆਂ ਦੇ ਨਾਲ ਤਿੰਨ ਗੱਲਾਂ ‘ਤੇ ਸਹਿਮਤੀ ਬਣ ਗਈ।
ਜਿਸ ਮੁਤਾਬਿਕ ਚੰਗੇ ਇਖ਼ਲਾਕ ਤੇ ਚੰਗੇ ਕਿਰਦਾਰ ਵਾਲੇ ਮਹੰਤ ਹੀ ਗੁਰਦੁਆਰਾ ਅਸਥਾਨਾਂ' ਤੇ ਰਹਿ ਸਕਣਗੇ। ਗੁਰੂਦੁਆਰਾ ਸਾਹਿਬਾਨਾਂ ਦਾ ਪ੍ਰਬੰਧ, ਪੰਥਕ ਕਮੇਟੀ ਹੀ ਕਰੇਗ਼ੀ।
ਆਮਦਨ ਅਤੇ ਖ਼ਰਚ ਦਾ ਹਿਸਾਬ ਸੰਗਤ ਨੂੰ ਜਨਤਕ ਤੌਰ ਤੇ ਦਸਣਾ ਲਾਜ਼ਮੀਂ ਹੋਵੇਗਾ।
26 ਅਪ੍ਰੈਲ 1921 ਵਾਲੇ ਦਿਨ ਇਸ ਬਿੱਲ ਸਬੰਧੀ ਮੁੜ ਦੁਬਾਰਾ ਮੀਟਿੰਗ ਹੋਈ ਅਤੇ ਇਸ ਵਿਚ ਮਹੰਤਾਂ ਦੇ ਨੁਮਾਇੰਦਿਆਂ ਲਾਲਾ ਗਨਪਤ ਰਾਏ ਅਤੇ ਰਾਜਾ ਨਰਿੰਦਰ ਨਾਥ ਨੇ 1920 ਵਾਲੀ ਮਰਿਆਦਾ ਹੀ ਜਾਰੀ ਰੱਖਣ ਦੀ ਮੰਗ ਕਰ ਦਿੱਤੀ,ਜਿਸ ਨੂੰ ਸਿੱਖਾਂ ਵੱਲੋਂ ਪਹਿਲਾਂ ਹੀ ਨਾਮਨਜੂਰ ਕਰ ਦਿੱਤਾ ਗਿਆ ਸੀ।ਇਸ ਵਿੱਚ, ਗੁਰਦੁਆਰਾ ਬੋਰਡ ਦੇ ਦੋ-ਤਿਹਾਈ ਮੈਂਬਰ ਸਿੱਖ ਹੋਣ ਗੇ ਅਤੇ ਬਾਕੀ ਦੇ ਮੈਂਬਰ ਦੂਜੇ ਧਰਮਾਂ ਦੇ ਵਿੱਚੋਂ ਲਏ ਜਾਣ ਦੀ ਗਲ ਸੀ ਅਤੇ ਨਾਲ ਹੀ ਇਸ ਵਿੱਚ ਇਹ ਵੀ ਧਾਰਾ ਸੀ, ਕੇ ਕਮੇਟੀ ਦਾ ਪ੍ਰਧਾਨ ਵੀ ਸਰਕਾਰ ਹੀ ਬਣਾਵੇਗੀ। ਸਿੱਖਾਂ ਨੂੰ ਇਹ ਮਨਜੂਰ ਨਹੀਂ ਸੀ ਅਤੇ ਇਨ੍ਹਾਂ ਕਾਰਨਾਂ ਕਰ ਕੇ ਇਹ ਮੀਟਿੰਗ ਵੀ ਬਿਨਾਂ ਨਤੀਜੇ ਦੇ ਅਸਫ਼ਲ ਹੋ ਗਈ।
7 ਨਵੰਬਰ,1922 ਵਾਲੇ ਦਿਨ ਫ਼ਜ਼ਲ ਹੁਸੈਨ ਨੇ ਸੋਧਿਆ ਹੋਇਆ ਨਵਾਂ ਗੁਰਦੁਆਰਾ ਬਿਲ ਪੰਜਾਬ ਕੌਂਸਲ ਅੱਗੇ ਪੇਸ਼ ਕੀਤਾ। ਹੁਣ ਇਸ ਬਿਲ ਨੂੰ ਬਣਾਉਣ ਵਾਲੀ ਕਮੇਟੀ ਵਿਚ ਪੰਜ ਸਿੱਖ ਮੈਂਬਰ ਵੀ ਸ਼ਾਮਲ ਸਨ ਪਰ ਇਨ੍ਹਾ ਵਿਚੋਂ ਚਾਰ ਕਮੇਟੀ ਮੈਂਬਰਾਂ ਦੇ ਨਾਵਾਂ ਦਾ ਜਿਉਂ ਹੀ ਐਲਾਨ ਹੋਇਆ ਉਸੇ ਵੇਲੇ ਪੰਜਵੇਂ ਮੈਬਰ ਸਰਦਾਰ ਹਰਦਿਤ ਸਿੰਘ ਬੇਦੀ, ਨੇ ਅਸਤੀਫ਼ਾ ਦੇ ਦਿਤਾ ਸੀ। ਇਹ ਅਸਤੀਫ਼ਾ ਦੋ ਦਿਨ ਪਹਿਲਾਂ ਹੀ 5 ਨਵੰਬਰ 1922 ਵਾਲੇ ਦਿਨ ਦੇ ਦਿੱਤਾ ਗਿਅਾ ਸੀ,ਇੰਜ ਇਹ ਬਿਲ ਅਪਣੇ ਜਨਮ ਤੋਂ ਪਹਿਲਾਂ ਹੀ ਖ਼ਤਮ ਹੋ ਗਿਆ।
25 ਨਵੰਬਰ 1924 ਵਾਲੇ ਦਿਨ ਇਸ ਐਕਟ ਨੂੰ ਬਣਾਉਣ ਦੇ ਲਈ ਪੰਜਾਬ ਕੌਂਸਲ ਦੇ ਸਿੱਖ ਮੈਂਬਰਾਂ ਦੀ ਇਕ ਕਮੇਟੀ ਬਣਾਈ ਗਈ, ਜਿਸ ਵਿਚ, ਸਰਬ ਸਰਦਾਰ ਜੋਧ ਸਿੰਘ, ਨਾਰਾਇਣ ਸਿੰਘ ਵਕੀਲ, ਤਾਰਾ ਸਿੰਘ ਮੋਗਾ, ਮੰਗਲ ਸਿੰਘ ਅਤੇ ਗੁਰਬਖ਼ਸ਼ ਸਿੰਘ ਅੰਬਾਲਾ, ਮੈਂਬਰ ਲਏ ਗਏ।
ਤਜ਼ਵੀਜ ਇਹ ਹੋਈ ਕਿ ਇਹ ਮੈਂਬਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਤਤਕਾਲੀ ਡਿਪਟੀ ਕਮਿਸ਼ਨਰ ਅਤੇ ਲਾਹੌਰ ਦੇ ਤਤਕਾਲੀ ਡਿਪਟੀ ਕਮਿਸ਼ਨਰ ਦੇ ਨਾਲ ਮਿਲ ਕੇ ਗੁਰਦੁਆਰਾ ਐਕਟ ਬਣਾਉਣ ਦੇ ਲਈ ਆਪਸੀ ਸਹਿਮਤੀ ਬਨਾਉਣ ਗੇ ਜੋ ਸਭ ਨੂੰ ਪ੍ਰਵਾਨ ਹੋਵੇ।
ਦੋ ਕਾਨੂੰਨਦਾਨ ਕੰਵਰ ਦਲੀਪ ਸਿੰਘ ਬੈਰਿਸਟਰ ਅਤੇ ਬੈਰਿਸਟਰ ਮਿਸਟਰ ਬੀਜ਼ਲੇ ਇੰਨ੍ਹਾਂ ਨੂੰ, ਬਿਲ ਦੇ ਸੋਧ ਦੇ ਲਈ ਕਾਨੂੰਨੀ ਮਦਦ ਦੇਣ ਗੇ।ਗੁਰਦੁਆਰਾ ਬਿਲ ਦੇ ਇਸ ਅਹਿਮ ਨੁਕਤੇ 'ਤੇ ਵਿਚਾਰ ਹੋਣੀ ਸੀ, ਕੇ ਸਿੱਖ ਗੁਰਦੁਆਰਾ ਸਾਹਿਬਾਨ ਕਿਹੜੇ ਹਨ ਅਤੇ ਇਨ੍ਹਾਂ ਗੁਰਦੁਆਰਾ ਸਾਹਿਬਾਨਾਂ ਦਾ ਇੰਤਜ਼ਾਮ ਕਿਵੇਂ ਅਤੇ ਕੌਣ ਕਰੇਗਾ?
ਆਖਰ ਇਸ ਕਮੇਟੀ ਦੀਆਂ 29 ਨਵੰਬਰ 1924 ਤੋਂ ਲੈਕੇ  21 ਜਨਵਰੀ*1925 ਤੱਕ ਹੋਈਆਂ ਮੀਟਿੰਗਾਂ ਤੋਂ ਬਾਅਦ,ਬਿਲ ਦਾ ਬਿਕਾਇਦਾ ਖਰੜਾ ਛਾਪ ਦਿਤਾ ਗਿਆ। ਇਸ ਬਿਲ ਸਬੰਧੀ ਖਰੜੇ ਦੀਆਂ ਕਾਪੀਆਂ ਨਾਲੋ ਨਾਲ ਲਾਹੌਰ ਕਿਲ੍ਹੇ ਵਿਚ ਨਜਰਬੰਦ ਅਕਾਲੀ ਆਗੂਆਂ ਨੂੰ ਪੁੱਜਦੀਆਂ ਕੀਤੀਆਂ ਜਾਂਦੀਆਂ ਸਨ।
21 ਜਨਵਰੀ 1925 ਵਾਲੇ ਦਿਨ ਇਸ ਬਿਲ ਦੇ ਖਰੜੇ ਨੂੰ ਛਾਪ ਕੇ ਪ੍ਰਕਾਸ਼ਤ ਕਰ ਦਿੱਤਾ ਗਿਆ।27 ਅਪ੍ਰੈਲ, 1925 ਵਾਲੇ ਦਿਨ ਇਹ ਬਿਲ ਜਨਰਲ ਹਾਊਸ ਵਿਚ ਰਖਿਆ ਗਿਆ।ਜਿਸ ਵਿੱਚ ਸ਼੍ਰੋਮਣੀ ਕਮੇਟੀ ਨੇ ਆਪਣੇ ਵਲੋਂ ਕੁਝ ਤਰਮੀਮਾਂ ਪੇਸ਼ ਕੀਤੀਆਂ, ਜਿਵੇਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ  ਅਤੇ ਸ੍ਰੀ ਕੇਸਗੜ੍ਹ ਸਾਹਿਬ ਦਾ ਪ੍ਰਬੰਧ ਵੀ ਸ਼੍ਰੋਮਣੀ ਕਮੇਟੀ ਕੋਲ ਹੀ ਹੋਵੇਗਾ।
ਦੂਸਰਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਵਿੱਚ ਸਿੱਖ ਬੀਬੀਆਂ ਨੂੰ ਵੀ ਵੋਟ ਪਾਉਣ ਦਾ ਪੂਰਾ ਹੱਕ ਹੋਵੇਗਾ।

ਇਝ 7 ਮਈ,1925  ਵਾਲੇ ਦਿਨ ਇਸ ਬਿਲ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵਲੋਂ ਮਨਜ਼ੂਰ ਕਰਕੇ ਸਿਲੈਕਟ ਕਮੇਟੀ ਕੋਲ ਭੇਜ ਦਿੱਤਾ ਗਿਆ ਅਤੇ 2 ਮਹੀਨੇ ਮਗਰੋਂ, 9 ਜੁਲਾਈ 1925 ਵਾਲੇ ਦਿਨ ਇਹ ਬਿਲ ਸ਼ਿਮਲਾ ਇਜਲਾਸ ਵਿਚ ਪਾਸ ਕਰ ਦਿਤਾ ਗਿਆ।
28 ਜੁਲਾਈ 1925 ਵਾਲੇ ਦਿਨ ਪੰਜਾਬ ਦੇ ਰਾਜਪਾਲ ਨੇ ਸਿੱਖ ਗੁਰਦੁਆਰਾ ਐਕਟ ਨੂੰ ਆਪਣੀ ਸਹਿਮਤੀ ਦੇ ਦਿੱਤੀ।
 ਇੰਝ " ਸਿੱਖ ਗੁਰਦਵਾਰਾ ਐਕਟ 1925" ਤੇ ਗਵਰਨਰ ਸਰ ਵਿਲੀਅਮ ਮੈਲਕਮ ਹੈੱਲੇ ਵਲੋਂ ਦਸਤਖ਼ਤ ਕਰਨ ਦੇ ਨਾਲ ਇਹ ਬਿੱਲ, ਐਕਟ ਬਣ ਗਿਆ।
ਭੁੱਲਾਂ ਦੀ ਖਿਮਾ ਬਖਸ਼ੋ ਜੀ।
ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀ।

ਮੋਬਾਈਲ ਤੇ ਜ਼ਿੰਦਗ਼ੀ ✍️ ਹਰਪ੍ਰੀਤ ਕੌਰ ਸੰਧੂ

ਮੋਬਾਈਲ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਔਖਾ ਬਣਾ ਦਿੱਤਾ ਹੈ। ਅਸੀਂ ਸਭ ਕੁਝ ਜਲਦੀ ਚਾਹੁੰਦੇ ਹਾਂ। ਪਹਿਲਾਂ ਅਸੀਂ ਕਿਸੇ ਨਾਲ ਗੱਲ ਕਰਨ ਦੀ ਉਡੀਕ ਕਰਦੇ ਸੀ। ਜੇ ਅਸੀਂ ਗੁੱਸੇ ਵਿਚ ਸੀ ਤਾਂ ਜਦੋਂ ਅਸੀਂ ਮਿਲਦੇ ਹਾਂ ਤਾਂ ਗੁੱਸਾ ਖਤਮ ਹੋ ਗਿਆ ਸੀ. ਹੁਣ ਅਸੀਂ ਜੋ ਕੁਝ ਸਾਡੇ ਮੂੰਹੋਂ ਨਿਕਲਦਾ ਹੈ, ਉਸਨੂੰ ਬੁਲਾਉਂਦੇ ਹਾਂ ਅਤੇ ਫੂਕ ਦਿੰਦੇ ਹਾਂ। ਇਸ ਨੇ ਰਿਸ਼ਤੇ ਨੂੰ ਔਖਾ ਬਣਾ ਦਿੱਤਾ ਹੈ। ਜ਼ਰਾ ਕਲਪਨਾ ਕਰੋ ਕਿ ਜੇਕਰ ਇੱਕ ਔਰਤ ਦਾ ਆਪਣੇ ਪਤੀ ਨਾਲ ਝਗੜਾ ਹੁੰਦਾ ਹੈ, ਤਾਂ ਉਹ ਆਂਢ-ਗੁਆਂਢ ਦੇ ਕਿਸੇ ਦੋਸਤ ਨਾਲ ਗੱਲ ਕਰਨ ਲਈ ਸਵੇਰ ਤੱਕ ਇੰਤਜ਼ਾਰ ਕਰਦੀ ਸੀ ਅਤੇ ਉਸਦੇ ਮਾਤਾ-ਪਿਤਾ ਨੂੰ ਮਿਲਣ ਦੀ ਉਡੀਕ ਕਰਦੀ ਸੀ। ਜਦੋਂ ਤੱਕ ਉਸ ਨੂੰ ਇਸ ਬਾਰੇ ਗੱਲ ਕਰਨ ਦਾ ਮੌਕਾ ਮਿਲਿਆ, ਦੋਵੇਂ ਆਮ ਵਾਂਗ ਹੋ ਗਏ ਸਨ।

ਦੂਜਾ ਗੰਭੀਰ ਮੁੱਦਾ ਇਹ ਮੈਸੇਜ ਸਿਸਟਮ ਹੈ। ਅਸੀਂ ਇੱਕ ਵੱਖਰੇ ਮੂਡ ਵਿੱਚ ਕੁਝ ਲਿਖਦੇ ਹਾਂ ਜੋ ਇਸ ਨੂੰ ਪੜ੍ਹਦਾ ਹੈ ਉਹ ਇਸਨੂੰ ਆਪਣੇ ਮੂਡ ਦੇ ਅਨੁਸਾਰ ਸਮਝਦਾ ਹੈ. ਆਪਸੀ ਤਾਲਮੇਲ ਸਪੱਸ਼ਟ ਨਹੀਂ ਹੈ ਅਤੇ ਇਹ ਸਾਡੇ ਸਬੰਧਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਫਿਰ ਗੱਲ ਕਰਦੇ ਸਮੇਂ ਅਸੀਂ ਕਠੋਰ ਸ਼ਬਦਾਂ ਦੀ ਵਰਤੋਂ ਕਰਨ ਤੋਂ ਝਿਜਕਦੇ ਹਾਂ ਪਰ ਲਿਖਦੇ ਸਮੇਂ ਅਸੀਂ ਪ੍ਰਵਾਹ ਨਹੀਂ ਕਰਦੇ ਅਤੇ ਕਈ ਵਾਰ ਬਾਅਦ ਵਿੱਚ ਪਛਤਾਉਂਦੇ ਹਾਂ। ਪਰ ਨੁਕਸਾਨ ਉਦੋਂ ਤੱਕ ਹੋ ਜਾਂਦਾ ਹੈ।

ਤੀਸਰਾ ਮਾਨਸਿਕ ਤੌਰ 'ਤੇ ਅਸੀਂ ਹਮੇਸ਼ਾ ਚਲਦੇ ਰਹਿੰਦੇ ਹਾਂ। ਜਦੋਂ ਅਸੀਂ ਕੁਝ ਬਹੁਤ ਮਹੱਤਵਪੂਰਨ ਕਰਨ ਦੇ ਵਿਚਕਾਰ ਹੁੰਦੇ ਹਾਂ ਤਾਂ ਇੱਕ ਕਾਲ ਮੂਡ ਨੂੰ ਬਦਲ ਦਿੰਦੀ ਹੈ। ਗੜਬੜ ਨੂੰ ਸੰਭਾਲਣ ਲਈ ਬਹੁਤ ਜ਼ਿਆਦਾ ਹੈ।

ਸਮੂਹ ਵਿੱਚ ਬੈਠ ਕੇ ਵੀ ਹਰ ਕੋਈ ਆਪਣੇ ਮੋਬਾਈਲ ਵਿੱਚ ਰੁੱਝਿਆ ਹੋਇਆ ਹੈ। Ppl ਖਾਸ ਕਰਕੇ ਨੌਜਵਾਨ ਘੱਟ ਹੀ ਗੱਲ ਕਰਦੇ ਹਨ. ਅਸੀਂ ਗੱਲਬਾਤ ਗੁਆ ਰਹੇ ਹਾਂ। ਸਾਡੇ ਪਰਿਵਾਰਕ ਬੰਧਨ ਸਾਡੇ ਸੰਚਾਰ ਕਾਰਨ ਹੀ ਬਹੁਤ ਮਜ਼ਬੂਤ ​​ਸਨ। ਪਰ ਹੁਣ ਹਰ ਕੋਈ ਗੱਲ ਕਰਨ ਦੀ ਬਜਾਏ ਗੱਲਬਾਤ ਵਿੱਚ ਰੁੱਝਿਆ ਹੋਇਆ ਹੈ।

ਮੋਬਾਈਲ ਦੀ ਜ਼ਿਆਦਾ ਵਰਤੋਂ ਨੇ ਸਾਨੂੰ ਮਸ਼ੀਨੀ ਬਣਾ ਦਿੱਤਾ ਹੈ। ਅਸੀਂ ਮਨੁੱਖੀ ਸੰਪਰਕ ਨੂੰ ਗੁਆ ਰਹੇ ਹਾਂ। ਅਸੀਂ ਮੋਬਾਈਲ ਨਾਲ ਸਭ ਕੁਝ ਕਰਦੇ ਹਾਂ ਭਾਵੇਂ ਇਹ ਖਰੀਦਦਾਰੀ ਕਰਨਾ ਜਾਂ ਭੋਜਨ ਆਰਡਰ ਕਰਨਾ। ਅਸੀਂ ਉੱਠਦੇ ਹਾਂ ਅਤੇ ਸਭ ਤੋਂ ਪਹਿਲਾਂ ਆਪਣਾ ਮੋਬਾਈਲ ਚੁੱਕਣਾ ਹੁੰਦਾ ਹੈ। ਸੌਣ ਤੋਂ ਪਹਿਲਾਂ ਆਖਰੀ ਕੰਮ ਅਸੀਂ ਆਪਣੇ ਮੋਬਾਈਲ ਨੂੰ ਚੈੱਕ ਕਰਨਾ ਹੈ।

ਅਸੀਂ ਹੱਥ ਵਿੱਚ ਮੋਬਾਈਲ ਲੈ ਕੇ ਸੈਰ ਕਰਨ ਜਾਂਦੇ ਹਾਂ। ਅਸੀਂ ਇਸਨੂੰ ਕੈਮਰਾ, ਕੈਲਕੁਲੇਟਰ, ਘੜੀ ਅਤੇ ਲਗਭਗ ਹਰ ਚੀਜ਼ ਦੇ ਤੌਰ ਤੇ ਵਰਤਦੇ ਹਾਂ। ਮੋਬਾਈਲ ਨਾਲ ਅਸੀਂ ਸਿਰਫ਼ ਤਸਵੀਰਾਂ ਲੈ ਰਹੇ ਹਾਂ ਅਤੇ ਪਲ ਦਾ ਆਨੰਦ ਨਹੀਂ ਮਾਣ ਰਹੇ ਹਾਂ। ਅਸੀਂ ਸ਼ਮਸ਼ਾਨਘਾਟ ਨੂੰ ਵੀ ਨਹੀਂ ਬਖਸ਼ਦੇ। ਉੱਥੇ ਵੀ ਅਸੀਂ ਲਾਸ਼ ਦੀਆਂ ਤਸਵੀਰਾਂ ਕਲਿੱਕ ਕਰਦੇ ਹਾਂ ਅਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਾਂ।

ਸਾਡੀ ਗੱਲਬਾਤ ਦਾ ਮੁੱਖ ਮੁੱਦਾ ਸੋਸ਼ਲ ਮੀਡੀਆ ਹੈ। ਕਿਸ ਨੇ ਸਾਨੂੰ ਬਲਾਕ ਕੀਤਾ, ਕੌਣ ਸਾਡੀ ਪੋਸਟ ਨੂੰ ਪਸੰਦ ਕਰਦਾ ਹੈ ਇਹ ਸਾਡੀ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਮੁੱਦੇ ਹਨ।

ਅਸੀਂ ਬਹੁਤ ਕੁਝ ਗੁਆ ਲਿਆ ਹੈ। ਸਾਨੂੰ ਬੱਚਿਆਂ ਲਈ ਦੋਸਤੀ ਬਣਾਉਣ ਲਈ ਚਿਟ ਚੈਟ, ਛੋਟੀਆਂ ਦਲੀਲਾਂ, ਆਂਢ-ਗੁਆਂਢ ਦੀਆਂ ਖੇਡਾਂ ਦੀ ਲੋੜ ਹੈ।

ਸਾਨੂੰ ਸਮਾਜਿਕ ਰਹਿਣ ਲਈ ਮੋਬਾਈਲ ਦੀ ਵਰਤੋਂ ਨੂੰ ਸੀਮਤ ਕਰਨ ਦੀ ਲੋੜ ਹੈ। ਸਾਨੂੰ ਗੱਲਬਾਤ ਨੂੰ ਜ਼ਿੰਦਾ ਰੱਖਣ ਦੀ ਲੋੜ ਹੈ। ਸਾਨੂੰ ਸੰਦੇਸ਼ ਦੇਣ ਦੀ ਬਜਾਏ ਵਿਅਕਤੀਗਤ ਤੌਰ 'ਤੇ ਇੱਕ ਦੂਜੇ ਲਈ ਮੌਜੂਦ ਹੋਣ ਦੀ ਲੋੜ ਹੈ।

ਆਓ ਇਸਨੂੰ ਅਜ਼ਮਾਈਏ।

ਹਰਪ੍ਰੀਤ ਕੌਰ ਸੰਧੂ