ਪ੍ਰੀਖਿਆਵਾਂ ਦੇ ਮੱਦੇਨਜ਼ਰ - ਬੇਬੇ- ਬਾਪੂ ਦੀ ਸੋਚ (ਹੱਡ-ਬੀਤੀਆਂ) ✍️ ਰਣਬੀਰ ਸਿੰਘ ਪ੍ਰਿੰਸ

ਗੱਲ 1995 ਦੀ ਹੈ ਜਦੋਂ ਦਸਵੀਂ ਬੋਰਡ ਦੀ ਪ੍ਰੀਖਿਆ ਸ਼ੁਰੂ ਹੋਣ ਵਾਲ਼ੀ ਸੀ। ਘਰ ਸੁਭਾਵਿਕ ਹੀ ਗੱਲ ਚੱਲ ਪਈ ਕਿ ਪੇਪਰਾਂ ਦੀ ਤਿਆਰੀ ਕਿਵੇਂ ਹੈ, ਮੈਂ ਕਿਹਾ ਕਿ ਠੀਕ ਹੈ। ਕਹਿੰਦੇ ਪਾਸ- ਪੂਸ ਹੋ ਜਾਵੇਗਾ ਜਾ ਕਿਸੇ ਨੂੰ ਕਹੀਏ। ਮੈਂ ਕਿਹਾ ਹੋ ਜਾਵਾਂਗਾ।ਪਰ ਮਾਪਿਆਂ ਨੂੰ ਚਿੰਤਾ ਹੁੰਦੀ ਸੀ ਕਿ ਬੱਚੇ ਪੜ੍ਹ ਜਾਣ ਉਨ੍ਹਾਂ ਨੂੰ ਮੇਰੇ ਤੇ ਵਿਸ਼ਵਾਸ ਜਿਹਾ ਨਾ ਹੋਇਆ। ਮਾਪੇ ਮੇਰੇ ਭਾਵੇਂ ਕੋਰੇ ਅਨਪੜ੍ਹ ਸਨ ਪਰ ਸੋਚ ਪੱਖੋਂ ਕਿਸੇ ਜੱਜ ਵਕੀਲ ਤੋਂ ਘੱਟ ਨਹੀਂ ਸਨ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਬੀਬੀ (ਮਾਂ) ਨੇ ਸਕੂਲੋਂ ਆਉਂਦਿਆਂ ਹੀ ਬਸਤਾ ਚੈੱਕ ਕਰਨਾ।ਕੈਦਾ ਸੁਣਨਾ ਮੇਰਾ ਕੰਮ ਦੇਖਣਾ ਉਸ ਦੀ ਰੁਟੀਨ ਸੀ।ਪਾਪਾ ਦੀ ਸੋਚ ਵੀ ਸਿੱਖਿਆ ਪ੍ਰਤੀ ਇਹੋ ਸੀ।ਪਾਪਾ ਜੀ ਅੱਜ ਕੱਲ੍ਹ ਭਾਵੇਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਪਰ ਉਨ੍ਹਾਂ ਦੀ ਸੋਚ ਦੀ ਲੋਕ ਅੱਜ ਵੀ ਪ੍ਰਸੰਸਾ ਕਰਦੇ ਹਨ, ਕਿ ਔਖ਼ੇ ਵੇਲਿਆਂ ਵਿੱਚ ਵੀ ਸਾਰੇ ਬੱਚਿਆਂ ਨੂੰ ਕਿੰਨਾ ਸੋਹਣਾ ਪੜ੍ਹਾ ਗਿਆ। ਉਨ੍ਹਾਂ ਅਗਲੇ ਦਿਨ ਸ਼ਾਮੀ ਫੇਰ ਆ ਕੇ ਮੈਨੂੰ ਉਹੀ ਗੱਲ ਦੁਹਰਾਈ ਕਿ ਡਿਊਟੀ ਵਾਲ਼ੇ ਅਧਿਆਪਕ ਪਤਾ ਕਰ ਕਿ ਕੌਣ ਹਨ। ਅਸੀਂ ਕਹਿ ਦਿਆਂਗੇ। ਜਦੋਂ ਉਹ ਵਾਰ-ਵਾਰ ਮੈਨੂੰ ਕਹਿਣ ਲੱਗੇ ਤਾਂ ਮੈਂ ਇੱਕ ਹੀ ਗੱਲ ਕਹੀ ਕਿ ਪਾਪਾ ਮੈਂ ਆਪਣੀ ਮਿਹਨਤ ਦੇ ਸਿਰ ਤੇ ਪਾਸ ਹੋਵਾਂਗਾ। ਤੁਹਾਨੂੰ ਕਿਸੇ ਦੇ ਮਿੰਨਤਾਂ ਤਰਲੇ ਨਹੀਂ ਕਰਨ ਦਿਆਂਗਾ ਮੇਰੀ ਖ਼ਾਤਰ।ਜੇ ਮੇਰੀ ਸਿੱਖਿਆ ਕਰਕੇ ਤੁਹਾਡਾ ਸਿਰ ਕਿਸੇ ਅੱਗੇ ਸਿਫ਼ਾਰਸ਼ ਲਈ ਹੀ ਝੁਕ ਗਿਆ ਤਾਂ ਫੇਰ ਮੈਂ ਫੇਲ੍ਹ ਹੀ ਠੀਕ ਹਾਂ। ਅਜਿਹੀ ਸਿੱਖਿਆ ਦਾ ਕੀ ਫ਼ਾਇਦਾ।ਤਾਂ ਉਹ ਚੁੱਪ ਕਰ ਗਏ ਤੇ ਪੇਪਰਾਂ ਤੋਂ ਬਾਅਦ ਜਦੋਂ ਮੇਰਾ ਨਤੀਜਾ ਆਇਆ ਤਾਂ ਮੈਂ ਚੰਗੇ ਨੰਬਰ ਲੈ ਕੇ ਪਾਸ ਹੋਇਆ ਤੇ ਘਰ ਬੜਾ ਖ਼ੁਸ਼ੀ ਦਾ ਮਾਹੌਲ ਬੱਝਿਆ। ਬਾਪੂ ਕਹਿੰਦਾ ਦੱਸ ਪੁੱਤਰਾ ਆਪਣੀ ਹੈਸੀਅਤ ਮੁਤਾਬਿਕ ਕੀ ਦੇ ਸਕਦਾਂ। ਮੈਂ ਕਿਹਾ ਪਾਪਾ ਜੀ ਮੈਨੂੰ ਬੱਸ ਸਮਾਂ ਦੇ ਦਿਓ ਜਿੰਨਾ ਵੀ ਪੜ੍ਹ ਸਕਾਂ।ਤੇ ਅੱਜ ਬਾਪੂ ਦੇ ਦਿੱਤੇ ਉਸ ਸਮੇਂ ਤੇ ਸੋਚ ਦੀ ਬਦੌਲਤ ਇੱਕ ਅਧਿਆਪਕ ਦੇ ਪੇਸ਼ੇ ਵਜੋਂ ਸੇਵਾ ਨਿਭਾਅ ਰਿਹਾ ਹਾਂ। ਬੇਬੇ ਬਾਪੂ ਦੀ ਸੋਚ ਦੀ ਖੱਟੀ ਖਾ ਰਿਹਾ ਹਾਂ। ਬੱਚਿਆਂ ਨੂੰ ਮਿਹਨਤ ਤੇ ਲਗਨ ਨਾਲ਼ ਪੜ੍ਹਾ ਰਿਹਾ ਹਾਂ। ਜਦੋਂ ਵੀ ਕੋਈ ਪੜ੍ਹਾਇਆ ਬੱਚਾ ਆਪਣੇ ਪੈਰਾਂ ਸਿਰ ਹੋ ਕੇ ਮਿਲ਼ਦਾ ਲੱਗਦਾ ਜਿਵੇਂ ਬਾਪੂ ਦੀ ਸੋਚ ਨੂੰ ਹੋਰ ਉੱਚਾ ਕਰ ਦਿੱਤਾ।

 

ਰਣਬੀਰ ਸਿੰਘ ਪ੍ਰਿੰਸ

ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ

ਸੰਗਰੂਰ 9872299613