111ਵੇਂ ਦਿਨ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਵਲੋਂ ਜੂਨ 84 ਦੇ ਘੱਲੂਘਾਰੇ ਦੇ ਸਬੰਧ ‘ਚ ਪੰਥਕ ਇਕੱਠ ਕੀਤਾ

ਮਾ: ਦਰਸ਼ਨ ਸਿੰਘ ਰਕਬਾ, ਡਾ: ਇਕਬਾਲ ਸਿੰਘ ਮਾਂਗਟ, ਡਾ: ਜਸਵੰਤ ਸਿੰਘ, ਸਰਪੰਚ ਜਗਦੇਵ ਸਿੰਘ, ਮਾ: ਮੁਕੰਦ ਸਿੰਘ, ਬੀਬੀ ਪਰਮਜੀਤ ਕੌਰ ਨੇ ਪਾਈ ਵਿਚਾਰਾਂ ਦੀ ਸ਼ਾਂਝ
ਸਾ: ਫੌਜੀ ਬਾਪੂ ਧੰਨ ਸਿੰਘ ਪੰਧੇਰ ਨੇ ਸਾਬਕਾ ਫੌਜੀਆਂ ਦੇ ਜੱਥੇ ਸਮੇਤ ਭਰੀ ਹਾਜ਼ਰੀ
ਮੁੱਲਾਂਪੁਰ  ਦਾਖਾ,11 ਜੂਨ (ਸਤਵਿੰਦਰ  ਸਿੰਘ ਗਿੱਲ)- ਸ੍ਰ: ਜਸਪਾਲ ਸਿੰਘ ਹੇਰਾਂ ਦੀ ਪ੍ਰੇਰਣਾ ਅਤੇ ਸਹਿਯੋਗੀਆਂ ਨਾਲ, ਅੱਜ ਇਕ ਸੌ  ਗਿਆਰਾਂ ਦਿਨਾਂ ਤੋਂ ਜੰਗ-ਏ-ਅਜ਼ਾਦੀ ਦੇ ਬਾਲਾ ਜਰਨੈਲ ਗਦਰੀ ਬਾਬਾ ਕਰਤਾਰ ਸਿੰਘ ਸਰਾਭਾ ਦੇ ਜਨਮ ਭੋਏਂ ਵਿਚਲੇ ਮੁੱਖ ਚੌਰਾਸਤੇ ਸਥਿੱਤ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਅਤੇ ਹਲਵਾਰਾ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਅੰਤਰਰਾਜੀ ਹਵਾਈ ਅੱਡਾ ਰੱਖਣ, ਕੌਮੀ ਸ਼ਹੀਦ ਦਾ ਦਰਜ਼ਾ ਦਿਵਾਉਣ ਵਰਗੀਆਂ ਮੰਗਾਂ ਲਈ ਰੋਜਾਨਾਂ ਭੁੱਖ ਹੜਤਾਲ ‘ਤੇ ਬੈਠਦੇ ਜੁਝਾਰੂ ਬਿਰਤੀ ਦੇ ਧਾਰਨੀ ਬਲਦੇਵ ਸਿੰਘ ‘ਦੇਵ ਸਰਾਭਾ’ ਅਤੇ ਉਨ੍ਹਾਂ ਦੇ ਸਹਿਯੋਗੀ ਮਾਸਟਰ ਦਰਸ਼ਨ ਸਿੰਘ ‘ਰਕਬਾ’ ਵਲੋਂ ਸਹਿਯੋਗੀਆਂ ਨਾਲ ਜੂਨ 1984 ਦੇ ਘੱਲੂਘਾਰੇ ‘ਚ ਸ਼ਹੀਦ ਹੋਣ ਵਾਲਿਆਂ ਦੀ ਯਾਦ ‘ਚ ਸਮਾਗਮ ਕੀਤਾ।
ਉਘੇ ਸਿੱਖ ਚਿੰਤਕ ਮਾਸਟਰ ਦਰਸ਼ਨ ਸਿੰਘ ਰਕਬਾ ਨੇ ਸਮਾਗਮ ‘ਚ ਵਿਚਾਰਾਂ ਦੀ ਸਾਂਝ ਪਾਉਦਿਆਂ ਗਰਮ ਸੁਰਾਂ ਨੂੰ  ਬੋਲਾਂ ‘ਚ ਰੱਖਦਿਆਂ ਕਿਹਾ ਕਿ ਜੂਨ ਮਹੀਨੇ ਦਾ ਪਹਿਲਾ ਹਫਤਾ ਸਿੱਖ ਸਮਾਜ ਲਈ ਜਜ਼ਬਾਤਾਂ ਦੇ ਹੜ੍ਹ ਵਾਂਗੂੰ ਹਰ ਵਰ੍ਹੇ ਆਉਦਾ ਹੈ, ਪਰ ਕੌਮ ਦੇ ਆਗੂਆਂ ਦੀ ਭਵਿੱਖ ਦੀਆਂ ਚਣੌਤੀਆਂ ਵਲੋਂ ਕੀਤੀਆਂ ਗਲਤੀਆਂ/ਅਣਗਹਿਲੀਆਂ ਨੇ ਅੱਜ ਦੇ ਦਿਨ ਵਿਖਾਂ ਦਿੱਤੇ। ਉਨ੍ਹਾਂ ਕਿਹਾ ਜੇਲ੍ਹਾਂ ‘ਚ ਬੰਦ ਸਿੰਘਾਂ ਪ੍ਰਤੀ ਕੌਮੀ ਆਗੂਆਂ ਦੀ ਨੀਅਤ, ਕਹਿਣੀ ਤੇ ਕਥਨ ਵਿਚਲੇ ਅੰਤਰ ਦਾ ਅਸਲ ਕਾਰਣ ਹੀ ਹੈ।ਕਾਸ਼! ਉਨ੍ਹਾਂ ਇਸ ਪਾਸੇ ਸੰਜੀਦਗੀ ਤੇ ਕਾਨੂੰਨੀ ਪੱਖਾਂ ਤੋਂ ਹਰ ਸੰਭਵ ਕੋਸ਼ਿਸ਼ ਕੀਤੀ ਹੁੰਦੀ। ਭਾ: ਮਹਿੰਦਰ ਸਿੰਘ ਕਥਾ ਵਾਚਕ ਲੁਧਿਆਣਾ ਨੇ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਸਿੱਖਾਂ ਦੇ ਰਿਸ਼ਤੇ ਵਿਸ਼ੇ ‘ਤੇ ਵਿਚਾਰ ਸਾਝੇ ਕੀਤੇ।ਮੋਰਚੇ ਦੀ ਅਗਵਾਈ ਕਰਨ ਵਾਲੇ ਸ੍ਰ: ਬਲਦੇਵ ਸਿੰਘ ‘ਦੇਵ ਸਰਾਭਾ’  ਨੇ ਜੂਨ 1984 ਨੂੰ ਯਾਦ ਕਰਦਿਆਂ ਉਦਾਸ ਦਿਲਾਂ ਦੀਆਂ ਬਰੂਹਾਂ ‘ਤੇ ਨਿਰਣਾਇਕ ਦੌਰ ‘ਚ ਦਾਖਲੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਵਿਚਾਰਾਂ ਸਾਝੀਆਂ ਕਰਦਿਆਂ ਸਥਾਨਕ ਪ੍ਰਸ਼ਾਸ਼ਨ ਨੂੰ ਮੋਰਚੇ ਦੇ ਅਸਲ ਪੱਖਾਂ ਦੀ ਰਿਪੋਰਟ ਸੂਬਾ ਤੇ ਕੇਂਦਰ ਸਰਕਾਰਾਂ ਤੱਕ ਪਹੁਚਾਉਣ ਲਈ ਕਹਿੰਦਿਆਂ ਸਪੱਸ਼ਟ ਕੀਤਾ ਕਿ ਉਹ ਸ਼ਾਂਤਮਈ ਰੂਪ ‘ਚ ਕੌਮੀ ਫਰਜ਼ ਨਿਭਾਂਉਦਿਆਂ ਹੱਕੀ ਮੰਗਾਂ ਲਈ ਭੁੱਖ ਹੜਤਾਲ ‘ਤੇ ਬੈਠਦੇ ਹਨ। ਸਾਡਾ ਅਸਲ ਮੁੱਦਾ ਆਪਣੀ ਅਵਾਜ਼ ਸਰਕਾਰ ਦੇ ਬੋਲ਼ੇ ਕੰਨਾਂ ਤੱਕ ਪਹੁੰਚਾਉਣਾ ਹੈ, ਨਾ ਕਿ ਕਿਸੇ ਸੜਕ ‘ਤੇ ਧਰਨਾ ਦੇ ਕੇ ਕਿਸੇ ਰਾਹਗੀਰ ਨੂੰ ਕਸ਼ਟ ਦੇਣਾ।ਭਾਈ ਮੁਕੰਦ ਸਿੰਘ ਚੌਕੀਮਾਨ ਅਤੇ ਬੀਬੀ ਪਰਮਜੀਤ ਕੌਰ ਹੰਬੜਾਂ ਨੇ ਕੌਮੀ ਮਸਲਿਆਂ ਨੂੰ ਜਜ਼ਬਾਤੀ ਸੁਰਾਂ ‘ਚ ਸਾਝਾ ਕੀਤਾ, ਜਦਕਿ ਭਾਈ ਮਨਜੀਤ ਸਿੰਘ, ਭਾਈ ਦਵਿੰਦਰ ਸਿੰਘ ਭਨੋਹੜ ਅਤੇ ਭਾਈ ਚਰਨਜੀਤ ਸਿੰਘ ਸਰਾਭਾ ਨੇ ਦੇਵ ਸਰਾਭਾ ਵਲੋਂ ਸ੍ਰ: ਹੇਰਾਂ ਦੀ ਗਤੀਸ਼ੀਲ ਅਗਵਾਈ ਹੇਠ ਲਾਏ ਮੋਰਚੇ ਨੂੰ ਹਰ-ਪੱਖ ਤੋਂ ਸਹਿਯੋਗ ਦਿੰਦੇ ਰਹਿਣ ਦਾ ਭਰੋਸਾ ਦਿੱਤਾ। ਸਟੇਜ਼ ਸੰਚਾਲਨ ਦੀ ਅਹਿਮ ਜਿਮੇਵਾਰੀ ਸਾ: ਸਰਪੰਚ ਜਗਤਾਰ ਸਿੰਘ ਸਰਾਭਾ ਨੇ ਨਿਭਾਉਦਿਆਂ 111 ਦਿਨਾਂ ਦੇ ਸ਼ਾਂਤਮਈ ਭੁੱਖ ਹੜਤਾਲ ਮੋਰਚੇ ਦੀ ਕਈ ਪਹਿਲੂਆਂ ਨੂੰ ਸਾਂਝੇ ਕਰਦਿਆਂ ਸਪੱਸ਼ਟ ਕੀਤਾ ਕਿ 5 ਸਹਿਯੋਗੀਆਂ ਨਾਲ ਭੁੱਖ ਹੜਤਾਲ ਦੀ ਅਰੰਭਤਾ ਅਤੇ ਅੱਜ ਮਿਲ ਰਹੇ ਸਹਿਯੋਗ ਬਦੌਲਤ ਤਪਦੀ ਜੇਠ ਮਹੀਨੇ ਦੀ ਦੁਪਿਹਰ ‘ਚ ਵੀ ਦ੍ਰਿੜਤਾ ਨਾਲ ਸ਼ਾਂਤੀ ਦਾ ਸੋਮਾ ਵਰਤਦਾ ਰਿਹਾ ਹੈ।ਵਿਦਵਾਨ ਡਾ: ਇਕਬਾਲ ਸਿੰਘ ਮਾਂਗਟ, ਡਾ: ਜਸਵੰਤ ਸਿੰਘ ਨੇ ਵੀ ਸ਼ੰਘਰਸ਼ ਦੇ ਕਾਰਣ ਅਤੇ ਜੂਝਣ ਵਾਲਿਆਂ ਦਾ ਜਜ਼ਬਾ ਵਿਸ਼ੇ ‘ਤੇ ਵਿਚਾਰ ਸਾਂਝੇ ਕੀਤੇ। ਬਾਪੂ ਧੰਨ ਸਿੰਘ ਪੰਧੇਰ ਭੁੱਟਾ ਦੇ ਨਾਲ ਸਹਿਯੋਗੀ ਸਾਬਕਾ ਫੌਜੀਆਂ ਦਾ ਜੱਥਾ ਵੀ ਆਪਣੀ ਹਾਜ਼ਰੀ ਲਗਵਾਉਣ ਲਈ ਵਿਸ਼ੇਸ਼ ਤੌਰ ‘ਤੇ ਆਇਆ। ਹੋਰਨਾ ਤੋਂ ਇਲਾਵਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਨਕੇ ਪਰਿਵਾਰ ਤੋਂ ਬਾਬਾ ਬੰਤਾ ਸਿੰਘ ਮਹੋਲੀ ਖੁਰਦ, ਰਾਜਵੀਰ ਸਿੰਘ ਲੋਹਟਬੱਧੀ,   ਹਰਬੰਸ ਸਿੰਘ ਦਿਓਲ, ਖੁਸ਼ਕਿਸਮਤ ਸਿੰਘ, ਗੁਰਦੇਵ ਸਿੰਘ ਬੋਪਾਰਾਏ (ਤਿਨੋ ਚੌਕੀਮਾਨ), ਅਮਰਜੀਤ ਸਿੰਘ ਸਰਾਭਾ, ਮੇਵਾ ਸਿੰਘ ਸਰਾਭਾ, ਬੀਬੀ ਮਨਜੀਤ ਕੌਰ ਦਾਖਾ, ਜਸਪ੍ਰੀਤ ਸਿੰਘ ਖਾਲਸਾ, ਨਿਹੰਗ ਸਿੰਘ ਬਾਬਾ ਰਛਪਾਲ ਸਿੰਘ ‘ਢੱਟ’, ਜਮੀਰ ਸਿੰਘ, ਜੋਰਾ ਸਿੰਘ, ਬਲਵੀਰ ਸਿੰਘ, ਮੋਹਨ ਸਿੰਘ ਮਨਜੀਤ ਸਿੰਘ, ਗੁਰਬਖਸ਼ ਸਿੰਘ, ਬਲਦਵੀਰ  ਚਰਨਜੀਤ ਸਿੰਘ, ਡਾ: ਕਰਤਾਰ ਸਿੰਘ, ਦਰਸ਼ਨ ਸਿੰਘ, ਮੇਵਾ ਸਿੰਘ, ਅਮਰਜੀਤ ਸਿੰਘ, ਮਾ: ਆਤਮਾ ਸਿੰਘ, ਸ੍ਰ: ਮੁਕੰਦ ਸਿੰਘ ਆਦਿ ਸਹਿਯੋਗੀਆਂ ਨੇ ਮੌਕੇ ਦੀਆਂ ਪ੍ਰਸਥੀਤੀਆਂ ਜਾਨਣ ‘ਤੇ ਜੋਰ ਦਿੱਤਾ। ਅੱਜ ਕਨੇਚ ਵਾਸੀ ਭਾਈ ਸ਼ੇਰ ਸਿੰਘ, ਤਰਲੋਚਨ ਸਿੰਘ, ਗੁਰਮੇਲ ਸਿੰਘ, ਕਮਿੱਕਰ ਸਿੰਘ ਆਦਿ ਅੱਜ ਬਲਦੇਵ ਸਿੰਘ ‘ਦੇਵ ਸਰਾਭਾ ਨਾਲ ਭੁੱਖ ਹੜਤਾਲ ‘ਤੇ ਬੈਠੇ। ਜਦ ਕਿ ਪੁੱਜੀਆਂ ਅਹਿਮ ਸ਼ਖਸ਼ੀਅਤਾਂ ਨੇ ਹਫਤੇ ‘ਚ ਇਕ ਦਿਨ ਸ਼ਨੀਵਾਰ ਨੂੰ ਇਸੇ ਤਰ੍ਹਾਂ ਦਾ ਪੰਥਕ ਇਕੱਠ ਕਰਨ ਦਾ ਮਤਾ ਪਾਸ ਕੀਤਾ।