42ਵੇਂ ਦਿਨ ਵੀ ਲੱਗਾ ਧਰਨਾ ਪੀੜ੍ਹਤਾ 36ਵੇਂ ਦਿਨ ਵੀ ਬੈਠੀ ਭੁੱਖ ਹੜਤਾਲ ਰਹੀ 'ਤੇ

9 ਮਈ ਨੂੰ ਹਲਕਾ ਵਿਧਾਇਕ ਦੇ ਘਰ ਅੱਗੇ ਬੈਠਣ ਦਾ ਫੈਸਲਾ
ਜਗਰਾਉਂ 4 ਮਈ ( ਮਨਜਿੰਦਰ ਗਿੱਲ ) ਜੇਕਰ ਭਗਵੰਤ ਮਾਨ ਸਰਕਾਰ ਨੇ ਕੁਲਵੰਤ ਕੌਰ ਕਤਲ਼ ਕੇਸ ਵਿੱਚ ਪੀੜ੍ਹਤ ਗਰੀਬ ਪਰਿਵਾਰ ਨੂੰ ਇਨਸਾਫ਼ ਨਾਂ ਦਿੱਤਾ ਤਾਂ ਪਿੰਡ-ਪਿੰਡ ਕਿਸਾਨਾਂ-ਮਜ਼ਦੂਰਾਂ ਵਲੋਂ ਨਾਂ ਸਿਰਫ਼ ਸਰਕਾਰੀ ਨੁਮਾਇੰਦਿਆਂ ਦਾ ਵਿਰੋਧ ਕੀਤਾ ਜਾਵੇਗਾ ਸਗੋਂ ਸਰਕਾਰ ਦਾ ਲੋਕ ਪੱਖੀ ਹੋਣ ਦਾ ਮਖੌਟਾ ਲਾਹ ਚੁਰਾਹੇ 'ਚ ਨੰਗਾ ਵੀ ਕੀਤਾ ਜਾਵੇਗਾ। ਇਹ ਦਾਅਵਾ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਪੋਨਾ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖੌਤਰ ਸਿੰਘ ਨੇ 16 ਸਾਲ ਪਹਿਲਾਂ ਸਿਟੀ ਥਾਣੇ 'ਚ ਮਾਂ-ਧੀ ਦੀ ਕੀਤੀ ਕੁੱਟਮਾਰ ਤੇ ਕਰੰਟ ਲਗਾਉਣ ਨਾਲ ਮਰੀ ਕੁਲਵੰਤ ਕੌਰ ਸਬੰਧੀ ਦਰਜ ਮੁਕੱਦਮਾ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰਾਏਕੋਟ ਰੋਡ 'ਤੇ ਥਾਣੇ ਮੂਹਰੇ ਲੱਗੇ ਅਣਮਿਥੇ ਸਮੇਂ ਦੇ ਧਰਨੇ ਦੇ 42ਵੇੰ ਦਿਨ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ । ਅੱਜ ਦੇ ਧਰਨੇ ਵਿੱਚ ਵੀ ਪੀੜ੍ਹਤ ਮਾਤਾ 35ਵੇਂ ਦਿਨ ਵੀ ਦੋਸ਼ੀ ਡੀ.ਅੈਸ.ਪੀ., ਅੈਸ.ਆਈ. ਤੇ ਸਰਪੰਚ ਦੀ ਗ੍ਰਿਫਤਾਰੀ ਲਈ ਭੁੱਖ ਹੜਤਾਲ 'ਤੇ ਬੈਠੀ ਰਹੀ। ਅੱਜ ਧਰਨਾਕਾਰੀਆਂ ਵਲੋਂ ਅੱਜ ਪਹਿਲਾਂ ਥਾਣੇ ਮੂਹਰੇ ਇਕੱਠੇ ਹੋ ਕੇ ਰੈਲ਼ੀ ਕੀਤੀ ਫਿਰ ਸੰਘਰਸ਼ ਨੂੰ ਤਿੱਖਾ ਕਰਨ ਲਈ ਇੱਕ ਮੀਟਿੰਗ ਕੀਤੀ ਗਈ। ਅੱਜ ਦੀ ਰੈਲ਼ੀ ਤੇ ਮੀਟਿੰਗ ਤੋਂ ਬਾਦ ਪ੍ਰੈਸ ਨਾਲ ਗੱਲ ਕਿਰਤੀ ਕਿਸਾਨ ਯੂਨੀਅਨ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਬੀਕੇਯੂ(ਡਕੌਂਦਾ) ਦੇ ਇੰਦਰਜੀਤ ਸਿੰਘ ਧਾਲੀਵਾਲ, ਏਟਕ ਆਗੂ ਜਗਦੀਸ਼ ਸਿੰਘ ਕਾਉੰਕੇ, ਕੇਕੇਯੂ ਯੂਥ ਵਿੰਗ ਜਿਲ੍ਹਾ ਕਨਵੀਨਰ ਮਨੋਹਰ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ਼) ਦੇ ਆਗੂ ਬਲਦੇਵ ਸਿੰਘ ਫੌਜ਼ੀ ਨੇ ਕਿਹਾ ਸੰਯੁਕਤ ਕਿਸਾਨ ਮੋਰਚੇ ਦੇ ਸਾਂਝੇ ਪ੍ਰੋਗਰਾਮ ਮੁਤਾਬਕ 9 ਮਈ ਨੂੰ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਕਿਸਾਨੀ ਮੰਗਾਂ ਸਬੰਧੀ ਮੰਗ ਪੱਤਰ ਸੋੰਪਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਕਿਸਾਨ ਮਜ਼ਦੂਰ ਧਰਨੇ ਵਾਲੇ ਸਥਾਨ 'ਤੇ ਸਵੇਰੇ ਇਕੱਠੇ ਹੋਣਗੇ ਫਿਰ ਕਾਫਲ਼ੇ ਦੇ ਰੂਪ ਵਿੱਚ ਵਿਧਾਇਕਾ ਦੇ ਘਰ ਵੱਲ ਚਾਲ਼ੇ ਪਾਉਣਗੇ। ਅੱਜ ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਸਕੱਤਰ ਸਾਧੂ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ, ਦਰਸ਼ਨ ਸਿੰਘ ਧਾਲੀਵਾਲ ਨੇ ਵੀ ਸੰਬੋਧਨ ਕੀਤਾ ਤੇ ਕੁਲਵੰਤ ਕੌਰ ਰਸੂਲਪੁਰ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਇੱਕ ਵੱਖਰੇ ਬਿਆਨ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ ਜਗਰਾਉਂ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਨੇ ਕਿਹਾ 9 ਮਈ ਨੂੰ ਕਿਸਾਨਾਂ-ਮਜ਼ਦੂਰਾਂ ਸਮੇਤ ਵੱਡੀ ਗਿਣਤੀ ਵਿੱਚ ਮਾਰਚ ਕਰਦੇ ਹੋਏ  ਅੈਮ.ਅੈਲ਼.ਏ. ਜਗਰਾਉਂ ਬੀਬੀ ਸਰਬਜੀਤ ਕੌਰ ਨੂੰ ਕੁਲਵੰਤ ਕੌਰ ਕਤਲ਼ ਕੇਸ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਮਿਲਿਆ ਜਾਵੇਗਾ ਅਤੇ ਲੋੜ ਅਨੁਸਾਰ ਅਗਲਾ ਪ੍ਰੋਗਰਾਮ ਤਹਿ ਕੀਤਾ ਜਾਵੇਗਾ। ਸੰਘਰਸ਼ੀਲ਼ ਆਗੂਆਂ ਨੇ ਇਹ ਵੀ ਕਿਹਾ ਕਿ 14 ਮਈ ਨੂੰ ਸੰਘਰਸ਼ ਨੂੰ ਵਿਸ਼ਾਲ ਕਰਨ ਲਈ ਇਕ ਵਿਸ਼ਾਲ ਮੋਟਰ ਸਾਇਕਲ ਮਾਰਚ ਕੱਢਿਆ ਜਾਵੇਗਾ। ਇਹ ਮਾਰਚ ਧਰਨਾ ਸਥਾਨ ਤੋਂ ਸ਼ੁਰੂ ਹੋ ਕੇ ਸ਼ਹਿਰ ਵਿਚ ਤੇ ਆਲੇ ਦੁਆਲੇ ਦੇ ਪਿੰਡਾਂ ਚੋਂ ਹੁੰਦਾ ਹੋਇਆ ਪਿੰਡ ਸਰਾਭੇ ਜਾ ਕੇ ਖਤਮ ਹੋਵੇਗਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਉਥੇ ਬੈਠੇ ਧਰਨਾਕਾਰੀਆਂ ਦੀ ਹਮਾਇਤ ਕਰੇਗਾ।ਅੱਜ ਦੇ ਧਰਨੇ ਵਿੱਚ ਸੁਖਦੇਵ ਸਿੰਘ ਮਾਣੂੰਕੇ, ਰਾਮਤੀਰਥ ਸਿੰਘ, ਜਗਸੀਰ ਸਿੰਘ ਢਿੱਲੋਂ, ਜੱਥੇਦਾਰ ਬੰਤਾ ਸਿੰਘ ਡੱਲਾ, ਹਰੀ ਸਿੰਘ ਚਚਰਾੜੀ, ਗੁਰਚਰਨ ਸਿੰਘ ਬਾਬੇ ਕਾ, ਹਰਜਿੰਦਰ ਕੌਰ, ਕਮਲਜੀਤ ਕੌਰ ਆਦਿ ਵੀ ਹਾਜ਼ਰ ਸਨ।