ਅਸਲੀਅਤ ( ਮਿੰਨੀ ਕਹਾਣੀ  ) ✍️ ਪ੍ਰੋ. ਨਵ ਸੰਗੀਤ ਸਿੰਘ

ਕੁਝ ਵਰ੍ਹੇ ਪਹਿਲਾਂ ਗਰਮੀਆਂ ਵਿੱਚ ਪਰਿਵਾਰ ਨਾਲ ਇੱਕ ਠੰਢੇ ਰਾਜ ਵਿੱਚ ਜਾਣ ਦਾ ਮੌਕਾ ਮਿਲਿਆ। ਉੱਥੋਂ ਦੇ ਲੋਕਾਂ ਦੀ ਆਓ-ਭਗਤ ਵੇਖ ਕੇ ਦਿਲ ਬਾਗ਼ੋ-ਬਾਗ਼ ਹੋ ਗਿਆ। ਅਸੀਂ ਜਿੱਥੇ ਵੀ ਜਾਂਦੇ, ਉੱਥੋਂ ਦੇ ਬਾਸ਼ਿੰਦੇ ਸਾਡੀ ਬਰਾਦਰੀ ਦੀ ਸ਼ਾਨ ਵਿੱਚ ਖ਼ੂਬ ਕਸੀਦੇ ਪੜ੍ਹਦੇ। ਅਸੀਂ ਉਨ੍ਹਾਂ ਦੀ ਮਹਿਮਾਨ-ਨਵਾਜ਼ੀ ਤੋਂ ਬਹੁਤ ਪ੍ਰਭਾਵਿਤ ਹੋਏ। ਵਾਪਸ ਆਪਣੇ ਰਾਜ ਵਿੱਚ ਪਰਤਿਆ ਤਾਂ ਕਲਾਸ ਵਿੱਚ ਵਿਦਿਆਰਥੀਆਂ ਨੂੰ ਉਸ ਰਾਜ ਦੇ ਵਾਸੀਆਂ ਦੀ ਮਿਲਵਰਤਣ ਤੇ ਸਦਭਾਵਨਾ ਬਾਰੇ ਢੇਰ ਸਾਰੀਆਂ ਗੱਲਾਂ ਦੱਸੀਆਂ। ਇੱਕ ਦਿਨ ਇਵੇਂ ਹੀ ਕੁਝ ਦੋਸਤਾਂ ਨਾਲ ਉਸ ਵਿਸ਼ੇਸ਼ ਰਾਜ ਬਾਰੇ ਗੱਲਾਂ ਕਰਦਿਆਂ ਮੈਂ ਫੇਰ ਉੱਥੋਂ ਦੇ ਲੋਕਾਂ ਦੀਆਂ ਸਿਫ਼ਤਾਂ ਕੀਤੀਆਂ ਤਾਂ ਨਾਲ ਬੈਠੇ ਗੁਰਪ੍ਰੀਤ ਨੇ ਵਿਅੰਗਾਤਮਕ ਹਾਸਾ ਹੱਸਦਿਆਂ ਕਿਹਾ, "ਤੁਹਾਡਾ ਵਹਿਮ ਹੀ ਹੈ ਪ੍ਰੋਫ਼ੈਸਰ ਸਾਬ! ਅਸਲ ਵਿੱਚ ਉਹ ਸਾਰੇ ਹੀ ਟੂਰਿਸਟਾਂ ਦੀ ਕਦਰ ਕਰਦੇ ਹਨ ਤੇ ਉਹ ਵੀ ਇਸਲਈ ਕਿ ਉਨ੍ਹਾਂ ਦੀ ਆਰਥਿਕਤਾ ਸੈਲਾਨੀਆਂ ਤੇ ਹੀ ਨਿਰਭਰ ਹੈ।" ਮੇਰੇ ਵੱਲੋਂ ਹੋਰ ਪੁੱਛਣ ਤੇ ਉਹਨੇ ਦੱਸਿਆ ਕਿ "ਮੈਨੂੰ ਪੰਜ-ਛੇ ਵਾਰ ਉੱਥੇ ਜਾਣ ਦਾ ਮੌਕਾ ਮਿਲਿਆ ਹੈ ਤੇ ਮੈਂ ਉਨ੍ਹਾਂ ਨੂੰ ਨੇੜੇ ਤੋਂ ਵੇਖਿਐ। ਉਹ ਹਰ ਯਾਤਰੀ ਨੂੰ ਗਲਵੱਕੜੀ 'ਚ ਲੈਂਦੇ ਨੇ ਤੇ ਪਿੱਛੋਂ ਜਦੋਂ ਹੋਰ ਫਿਰਕੇ ਦੇ ਬੰਦੇ ਨੂੰ ਮਿਲਦੇ ਨੇ ਤਾਂ ਪਹਿਲਾਂ ਮਿਲੇ ਵਿਅਕਤੀ ਦੀ ਛੋਹ ਨੂੰ ਕੱਪੜਿਆਂ ਤੋਂ ਝਾੜਦੇ ਹੋਏ ਅਗਲੇ ਨਾਲ ਬਗਲਗੀਰ ਹੋ ਜਾਂਦੇ ਨੇ...।" ਹੁਣ ਮੈਂ ਦੁਬਿਧਾ ਵਿੱਚ ਸਾਂ, ਅਸਲੀਅਤ ਜਾਣਨ ਪਿੱਛੋਂ...।

ਪ੍ਰੋ. ਨਵ ਸੰਗੀਤ ਸਿੰਘ 

 ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ- 151302 (ਬਠਿੰਡਾ) 9417692015.