ਸੰਪਾਦਕੀ

ਕਹਾਣੀ "ਮੈਂ ਔਤ ਨਹੀਂ ਮਰਨਾ ! " ✍ ਜਸਪਾਲ ਜੱਸੀ

ਸੁਖਪਾਲ ਨੇ ਆਪਣੇ ਮਿੱਤਰ ਬਿਕਰਮ ਨੂੰ ਬਹੁਤ ਦਿਨਾਂ ਬਾਅਦ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਬਿਕਰਮ ਨੇ ਉਸ ਨੂੰ ਅੱਜ ਨਹੀਂ, ਕਹਿ ਕੇ ਅਗਲੇ ਦਿਨ ਮਿਲਣ ਵਾਸਤੇ ਕਿਹਾ।ਪਾਲ ਦਾ ਫ਼ੋਨ 'ਤੇ ਹੀ ਰੁਆਸੀ ਜਿਹੀ ਆਵਾਜ਼ 'ਚ, ਸ਼ਿਕਵੇ ਨਾਲ ਅੱਗੋਂ ਸਵਾਲ ਸੀ, ਕੱਲ੍ਹ ਤਾਂ ਸਮਾਂ ਦੇ ਦੇਵੇਂ ਗਾ ? ਬਿਕਰਮ ਨੇ ਉਸਨੂੰ "ਹਾਂ" ਆਖਿਆ ਤੇ ਆਪਣੇ ਘਰ ਦਾ ਜਾਂ ਰੋਜ਼ ਗਾਰਡਨ ਆਉਣ ਦਾ ਸਮਾਂ ਨਿਸ਼ਚਿਤ ਕਰਨ ਨੂੰ ਕਿਹਾ। ਉਸਨੇ ਕਿਹਾ,"ਮੈਂ ਘਰ ਨਹੀਂ ਆਉਣਾ, ਮੈ ਕੱਲ੍ਹ ਪੰਜ ਵਜੇ ਰੋਜ਼ ਗਾਰਡਨ ਹੀ ਮਿਲਦਾ ਹਾਂ।"

ਬਿਕਰਮ ਨੇ ਫਿਰ ਇੱਕ ਵਾਰ ਉਸਨੂੰ ਕਿਹਾ," ਜੇ ਕੋਈ ਐਮਰਜੈਂਸੀ ਹੈ ਤਾਂ ਅੱਜ ਰਾਤ ਨੂੰ ਹੀ ਮਿਲ ਲੈਂਦੇ ਹਾਂ, ਘਰ ਹੀ ਆ ਜਾ" ਓਸ ਦਾ ਉੱਤਰ ਸੀ," ਨਹੀਂ ! ਕੱਲ੍ਹ ਸ਼ਾਮ 5 ਵਜੇ, ਤੇ ਫ਼ੋਨ ਬੰਦ ਕਰ ਦਿੱਤਾ।

ਬਿਕਰਮ ਸਾਰੀ ਰਾਤ ਸੋਚਦਾ ਰਿਹਾ, ਐਡਾ ਕੀ‌‌ ਜ਼ਰੂਰੀ ਕੰਮ ਹੋ ਸਕਦਾ ਹੈ ! ਜੋ ਫ਼ੋਨ 'ਤੇ ਨਹੀਂ ਦੱਸਿਆ ਜਾ ਸਕਦਾ । ਸੋਚਦਿਆਂ ਸੋਚਦਿਆਂ ਪਤਾ ਨਹੀਂ ਕਦੋਂ ਉਸ ਦੀ ਅੱਖ਼ ਲੱਗ ਗਈ। ਅਗਲਾ ਦਿਨ ਵੀ ਉਸਦਾ ਸਾਰਾ, ਬੇਚੈਨੀ 'ਚ ਹੀ ਨਿਕਲਿਆ, ਪਰ ਉਸ ਨੂੰ ਪਾਲ ਦੇ ਦਿਨ ਦਾ ਪਤਾ ਨਹੀਂ, ਦਿਨ ਕਿਵੇਂ ਲੰਘਿਆ ਹੋਣੈਂ।

ਅੱਜ ਪੰਜ ਵੀ ਵੱਜਣ 'ਚ ਨਹੀਂ ਆ ਰਹੇ ਬਿਕਰਮ ਸੋਚ ਰਿਹਾ ਸੀ,ਅੱਗੇ ਹਮੇਸ਼ਾਂ ਸਮਾਂ ਦੋੜਦਾ ਲਗਦਾ ਪਰ ਅੱਜ ਜਿਵੇਂ ਵਕਤ ਰੁਕ ਗਿਆ ਹੁੰਦਾ ਹੈ। ਉਸ ਦੀ ਪਤਨੀ ਨੇ ਦੁਪਹਿਰ ਦੇ ਖਾਣੇ ਸਮੇਂ ਪੁੱਛਿਆ," ਕੀ ਗੱਲ ਅੱਜ ਰੋਟੀ ਵੀ ਚੱਜ ਨਾਲ ਨਹੀਂ ਖਾਧੀ, ਕੋਈ ਗੱਲ ਹੈ ?

ਉਸ ਨੇ ਉਸ ਨੂੰ ਟਾਲ ਦਿੱਤਾ। ਮੋਬਾਇਲ ਫ਼ੋਨ ਦੀ ਘੜੀ ਵੱਲ ਦੇਖਿਆ, ਦੁਪਹਿਰ ਦੇ ਸਾਢੇ ਚਾਰ ਵੱਜ ਚੁੱਕੇ ਸਨ। ਉਸ ਨੇ ਪੈਂਟ ਸ਼ਰਟ ਪਾਈ ਤੇ ਪਤਨੀ ਨੂੰ ਜ਼ਰੂਰੀ ਕੰਮ ਕਹਿ ਕੇ ਐਕਟਿਵਾ ਸਟਾਰਟ ਕੀਤੀ ਤੇ ਰੋਜ਼ ਗਾਰਡਨ ਚਾਰ,ਪੰਜ ਮਿੰਟਾਂ ਵਿਚ ਹੀ ਪਹੁੰਚ ਗਿਆ।

ਟਾਈਮ ਅਜੇ 4 .35 ਹੋਏ ਸਨ। ਉਸ ਨੇ ਮੋਬਾਈਲ ਘੜੀ ਵੱਲ ਵੇਖ ਕੇ ਮੋਬਾਇਲ, ਫ਼ਿਰ ਜੇਬ ਵਿਚ ਪਾ ਲਿਆ।

ਪਾਲ ਅਜੇ ਵੀ ਨਹੀਂ ਆਇਆ ਸੀ। ਉਸ ਨੇ ਵਕਤ ਲੰਘਾਉਣ ਲਈ ਦਰੱਖ਼ਤਾਂ ਵੱਲ ਦੇਖਿਆ, ਪੰਛੀ ਵੀ ਧੁੱਪ ਦੇ ਡਰੋਂ ਦਰੱਖਤਾਂ ਦੇ ਪੱਤਿਆਂ ਦੀ ਛਾਂ 'ਚ ਸੁੰਗੜੇ ਬੈਠੇ ਸਨ। ਕੋਈ ਟਾਵਾਂ-ਟਾਵਾਂ ਪੰਛੀ ਬੋਲ ਰਿਹਾ ਸੀ।

ਥੋੜ੍ਹਾ ਦੂਰ ਨਜ਼ਰ ਦੁੜਾਈ ਕੁਝ ਆਸ਼ਕ ਕਿਸਮ ਦੇ ਮੁੰਡੇ ਕੁੜੀਆਂ, ਧੁੱਪ ਵਿਚ ਮਟਰ-ਗਸ਼ਤੀ ਕਰਦੇ ਨਜ਼ਰ ਆਏ। ਬਿਕਰਮ ਰੋਜ਼ ਗਾਰਡਨ ਦਾ ਗੇੜਾ ਲਾਉਂਦਾ ਹੋਇਆ, ਕੰਟੀਨ ਵੱਲ ਚਲਾ ਗਿਆ ਜਿਹੜੀ ਕਾਫ਼ੀ ਸਮੇਂ ਤੋਂ ਬੰਦ ਪਈ ਸੀ। ਮੋਬਾਈਲ ਇੱਕ ਵਾਰ ਫ਼ੇਰ ਜੇਬ ਚੋਂ ਕੱਢਿਆ, 4.50 ਹੋਏ ਸਨ।10 ਮਿੰਟ ਇੰਤਜ਼ਾਰ ਮਤਲਬ ਦਸ ਸਾਲ।

ਦੂਰ ਬੈਠਾ ਇੱਕ ਪ੍ਰੇਮੀ ਜੋੜਾ ਬਿਕਰਮ ਨੂੰ ਧੁੱਪ ਵਿਚ ਘੁੰਮਦੇ ਨੂੰ ਦੇਖ ਰਿਹਾ ਸੀ। ਉਸ ਨੂੰ ਆਪਣੀ ਪਿੱਠ ਪਿੱਛੇ ਕੋਈ ਕਦਮ ਚਾਲ ਸੁਣਾਈ ਦਿੱਤੀ।

ਇਹ ਕੋਈ ਵੀਹ ਕੁ ਸਾਲਾਂ ਦਾ ਲੜਕਾ ਸੀ । ਉਸ ਨੇ ਆਉਂਦਿਆਂ ਹੀ ਬਿਕਰਮ ਦੇ ਪੈਰੀਂ ਹੱਥ ਲਾਏ।

ਸਰ ! ਸ਼ਾਇਦ ਤੁਸੀਂ ਮੈਨੂੰ ਪਹਿਚਾਣਿਆ ਨਹੀਂ !

ਮੈਂ ਤੁਹਾਡਾ ਪੁਰਾਣਾ ਵਿਦਿਆਰਥੀ "ਮਾਣਕ" ਹਾਂ। ਬਿਕਰਮ ਨੇ ਉਸ ਨੂੰ ਅਸ਼ੀਰਵਾਦ ਦਿੱਤਾ ਤੇ ਉਹ ਇੱਕ ਦੋ ਮਿੰਟ ਗੱਲਾਂ ਕਰ ਕੇ ਚਲਾ ਗਿਆ।

ਫ਼ੋਨ ਦੀ ਘੰਟੀ ਵੱਜੀ,

ਨੰਬਰ ਦੇਖਿਆ, "ਪਾਲ" ਦਾ ਸੀ।

"ਹਾਂ ਪਾਲ !" 

ਉਸ ਦਾ ਅੱਗੋਂ ਸਵਾਲ ਸੀ,"

"ਕਿੱਥੇ ਖੜ੍ਹੇ ਹੋ ?

ਆ ਵੀ ਗਏ ਜਾਂ ਨਹੀਂ ?"

"ਤੂੰ ਕੰਟੀਨ ਵੱਲ ਆ ਜਾ, ਮੈਂ ਓਧਰ ਹੀ ਖੜ੍ਹਾ,ਤੇਰੀ ਇੰਤਜ਼ਾਰ ਕਰ ਰਿਹਾ ਹਾਂ।"ਬਿਕਰਮ ਨੇ ਫ਼ੋਨ 'ਤੇ ਹੀ ਪਾਲ ਨੂੰ ਕਿਹਾ।

ਪਾਲ ਇੱਕ,ਦੋ ਮਿੰਟਾਂ 'ਚ ਹੀ ਕੰਟੀਨ ਵੱਲ ਆ ਗਿਆ।

ਉਹ ਥੱਕਿਆ,ਟੁੱਟਿਆ,ਚਿਹਰੇ ਤੋਂ ਨਿਰਾਸ਼ ਲੱਗ ਰਿਹਾ ਸੀ। ਭਾਵੇਂ ਬਿਕਰਮ ਉਸ ਨੂੰ ਗਰਮ ਜੋਸ਼ੀ ਨਾਲ ਮਿਲਿਆ ਪਰ ਪਾਲ ਦੀ ਗਲਵੱਕੜੀ ਵਿਚ ਕੋਈ ਜੋਸ਼ ਨਹੀਂ ਸੀ।

ਉਹ ਦੋਵੇਂ ਦਰੱਖ਼ਤ ਥੱਲੇ, ਇੱਕ ਬੈਂਚ 'ਤੇ ਬੈਠ ਗਏ।

"ਬਿਕਰਮ ਯਾਰ ! ਮੈਂ ਤੈਨੂੰ ਦੁਪਹਿਰ ਵੇਲੇ ਤਕਲੀਫ਼ ਦਿੱਤੀ।

ਮੈਂ ਕੁਝ ਦਿਨਾਂ ਤੋਂ ਸੌਂ ਨਹੀਂ ਸਕਿਆ।" ਪਾਲ ਨੇ ਕਿਹਾ।

ਬਿਕਰਮ ਨੇ ਉਸ ਨੂੰ ਪੁੱਛਿਆ,"  ਇਹੋ ਜਿਹੀ ਕਿਹੜੀ ਗੱਲ ਹੋ ਗਈ ?

ਕੋਈ ਪੈਸੇ-ਟਕੇ ਦੀ ਜ਼ਰੂਰਤ ਹੈ, ਜਾਂ ਕੋਈ ਤੰਗ ਕਰਦੈ ?

"ਨਹੀਂ ਯਾਰ ! ਇਸ ਤਰ੍ਹਾਂ ਦਾ ਕੁਝ ਵੀ ਨਹੀਂ, ਤੇਰੇ ਸਾਹਮਣੇ ਹੀ ਰਿਟਾਇਰ ਹੋਏ ਹਾਂ, ਤੇਰੀ ਭਰਜਾਈ ਤੇ ਮੈਨੂੰ ਸਰਕਾਰ ਨੇ ਰਿਟਾਇਰਮੈਂਟ 'ਤੇ ਕਰੋੜ ਰੁਪਏ ਤੋਂ ਜ਼ਿਆਦਾ ਦਿੱਤੈ।

ਪਰ ਉਹ ਸਾਡੇ ਕਿਸੇ ਕੰਮ ਦਾ ਨਹੀਂ ।"

ਬਿਕਰਮ ਨੇ ਪੁੱਛਿਆ ਕੀ ਕੰਮ ਦਾ ਨਹੀਂ ?"

ਕਹਿੰਦਾ," ਪੈਸਾ।"

ਬਿਕਰਮ ਦੀ ਹੈਰਾਨੀ ਹੋਰ ਵਧ ਗਈ।

"ਤੇਰਾ ਪੁੱਤਰ ਤੇ ਨੂੰਹ ਤਾਂ ਠੀਕ ਹਨ?" ਉਸ ਨੇ ਪੁੱਛਿਆ।

"ਉਹ ਤਾਂ ਠੀਕ ਹਨ,ਕਈ ਦਿਨਾਂ ਦੇ ਮਿਲਣ ਆਏ ਹੋਏ ਸੀ। ਪਿਛਲੇ ਹਫ਼ਤੇ ਵਾਪਸ ਚਲੇ ਗਏ ਹਨ। ਜੋ ਗੱਲ ਉਹ ਕਹਿ ਕੇ ਗਏ ਹਨ, ਮੇਰੀ ਬਰਦਾਸ਼ਤ ਤੋਂ ਬਾਹਰ ਹੋ ਗਈ।"

ਬਿਕਰਮ ਨੇ ਫ਼ਿਰ ਪੁੱਛਿਆ," ਕੋਈ ਲੜਾਈ ਝਗੜਾ ਹੋਇਆ?"

"ਨਹੀਂ ਯਾਰ! "

"ਫ਼ੇਰ ਨਿਰਾਸ਼ਾ ਤੇ ਉਦਾਸੀ ਦਾ ਕਾਰਨ?"

ਉਹ ਦੋਵੇਂ ਜਣੇ ਕਹਿੰਦੇ," ਅਸੀਂ ਕੋਈ ਬੱਚਾ ਪੈਦਾ ਨਹੀਂ ਕਰਨਾ। ਅਸੀਂ ਬੱਚੇ ਦੀ ਪਰਵਰਿਸ਼ ਨਹੀਂ ਕਰ ਸਕਦੇ।"

ਫ਼ਿਰ ਤੂੰ ਕੀ ਕਿਹਾ ?

ਮੈਂ ਕਿਹਾ," ਤੁਹਾਡੇ ਵਿਆਹ ਨੂੰ ਸੱਤ ਸਾਲ ਹੋ ਗਏ। ਹੁਣ ਤੱਕ ਸਾਨੂੰ ਦਾਦਾ,ਦਾਦੀ ਬਣ ਜਾਣਾ ਚਾਹੀਦਾ ਸੀ। ਉਹਨਾਂ ਨੇ ਜਦੋਂ ਤੋੜ ਕੇ ਜਵਾਬ ਦਿੱਤਾ ਕਿ ਅਸੀਂ ਬੱਚਾ ਪੈਦਾ ਨਹੀਂ ਕਰਨਾ। ਮੈਨੂੰ ਆਪਣੀ ਜ਼ਿੰਦਗੀ ਦੇ ਸੁਪਨੇ ਅਧੂਰੇ ਰਹਿੰਦੇ ਜਾਪੇ।

ਮੈਂ ਉਹਨਾਂ ਨੂੰ ਪੁੱਛਿਆ," ਬੱਚਾ ਪੈਦਾ ਨਾ ਕਰਨ ਦਾ ਕਾਰਨ।

ਜੇ ਨਹੀਂ ਹੁੰਦਾ ਤਾਂ, ਅੱਜ ਕੱਲ੍ਹ ਇਲਾਜ਼ ਸੰਭਵ ਹੈ। 

ਪਰ ਉਹਨਾਂ ਨੇ ਕਿਹਾ," ਅਸੀਂ ਬੱਚਾ ਨਹੀਂ ਪਾਲ ਸਕਦੇ, ਸਾਡੇ ਕੋਲ ਨੌਕਰੀ ਸਮੇਂ 'ਚ ਵਕਤ ਨਹੀਂ। ਮੈਂ ਉਹਨਾਂ ਨੂੰ ਕਿਹਾ," ਜੰਮਣਾ ਤੁਹਾਡਾ ਫ਼ਰਜ਼ ਹੈ ਤੇ ਪਾਲਣਾ ਸਾਡਾ, ਪਰ ਉਹਨਾਂ ਨੇ ਸਾਡੇ ਦੋਵਾਂ ਜੀਆਂ ਦੀ ਗੱਲ ਵੱਲ ਕੋਈ ਤਵੱਜੋਂ ਨਹੀਂ ਦਿੱਤੀ।

ਇਹ ਗੱਲ ਮੇਰੀ ਬਰਦਾਸ਼ਤ ਤੋਂ ਬਾਹਰ ਹੋ ਗਈ।

ਬਿਕਰਮ-ਯਾਰ ! 

" ਮੈਂ ਆਪਣੇ ਬੱਚਿਆਂ ਵੱਲੋਂ ਔਤ ਨਹੀਂ ਮਰਨਾ ਚਾਹੁੰਦਾ।"

ਮੇਰੇ ਪੁੱਤਰ ਤੋਂ ਬਾਅਦ ਮੇਰਾ ਵੰਸ਼ ਖ਼ਤਮ ਹੋ ਜਾਵੇਗਾ। ਮੇਰਾ ਪੁੱਤਰ ਔਤ ਕਹਾਵੇਗਾ। ਮੇਰਾ ਇਸ ਦੁਨੀਆਂ ਤੋਂ ਨਾਮੋ ਨਿਸ਼ਾਨ ਮਿਟ ਜਾਵੇਗਾ।‌‌ ਮੇਰੇ ਨਾਮ ਨਾਲ ਅੱਗੇ ਵਧ ਰਹੀ ਮੇਰੀ ਕੁਲ ਖ਼ਤਮ ਹੋ ਜਾਵੇਗੀ।

ਮੈਂ ਭਾਵੇਂ ਔਤ ਨਾ ਮਰਾ ਪਰ ਮੇਰਾ ਪੁੱਤਰ ਔਤ ਕਹਾਵੇਗਾ।

ਹੁਣ ਤੂੰ ਹੀ ਕੋਈ ਹੱਲ ਦੱਸ !

ਮੈਂ ਪਾਲ ਦੀਆਂ ਗੱਲਾਂ ਸੁਣ ਕੇ ਆਪ ਹੈਰਾਨ ਪ੍ਰੇਸ਼ਾਨ ਹੋ ਗਿਆ। ਮੈਂ ਇਸ ਦਾ ਹੱਲ ਕੀ ਦੱਸ ਸਕਦਾ ਹਾਂ। ਜਾਂ ਤਾਂ ਤੂੰ ਉਹਨਾਂ ਦੇ ਹੁੰਦੇ ਮੈਨੂੰ ਬੁਲਾ ਲੈਂਦਾ, ਮੈਂ ਤੇ ਤੇਰੀ ਭਰਜਾਈ ਆ ਕੇ ਉਹਨਾਂ ਦੋਵਾਂ ਨੂੰ ਸਮਝਾ ਦਿੰਦੇ।

ਪਰ ਹੁਣ ਤਾਂ ਤੂੰ ਕਹਿ ਰਿਹੈਂ ,ਉਹ ਚਲੇ ਗਏ।

ਨਹੀਂ ਯਾਰ ! ਤੂੰ ਲੇਖਕ ਹੈਂ, ਸਭ ਦੀਆਂ ਸਮੱਸਿਆਵਾਂ ਲਿਖਦੈਂ ਤੇ ਉਹਨਾਂ ਦੇ ਹੱਲ ਵੀ ਦੱਸਦੈਂ। ਤੇਰੇ ਕੋਲ ਆਸ ਦੀ ਕਿਰਨ ਲੈ ਕੇ ਆਇਆ ਹਾਂ, ਤੂੰ ਹੀ ਇਸ ਦਾ ਹੱਲ ਕਰ ਸਕਦੈਂ।

ਬਸ ਮੈਂ ਤੈਨੂੰ ਆਪਣੇ ਦਿਲ ਦੀ ਗੱਲ ਦੱਸ ਦਿੱਤੀ,

" ਮੈਂ ਇਸ ਦੁਨੀਆਂ ਤੋਂ ਆਪਣੇ ਬੱਚੇ ਦੇ ਬੱਚੇ ਲਈ, ਔਤ ਨਹੀਂ ਜਾਣਾ ਚਾਹੁੰਦਾ!" 

ਬਿਕਰਮ ਦਾ ਧਿਆਨ ਇੱਕ-ਦਮ ਆਪਣੇ ਪੁੱਤਰ ਅਤੇ ਆਪਣੀ ਨੂੰਹ ਵੱਲ ਗਿਆ।

ਜਿਹੜੇ ਪੰਜਾਬ ਤੋਂ ਬਾਹਰ ਪ੍ਰਾਈਵੇਟ ਸੈਕਟਰ ਵਿਚ ਨੌਕਰੀ ਕਰਦੇ ਸੀ। ਜਿਨ੍ਹਾਂ ਦੀ ਸ਼ਾਦੀ ਹੋਏ ਨੂੰ ਵੀ ਸੱਤ ਸਾਲ ਹੋ ਚੁੱਕੇ ਸਨ ਪਰ ਜਾਣ ਬੁੱਝ ਕੇ ਬੱਚਾ ਪੈਦਾ ਨਹੀਂ ਕਰ ਰਹੇ ਸਨ। ਬਿਕਰਮ ਤੇ ਉਸਦੀ ਪਤਨੀ ਦੇ ਵਾਰ-ਵਾਰ ਸਮਝਾਉਣ 'ਤੇ ਵੀ ਇਸ ਗੱਲ ਵੱਲ ਧਿਆਨ ਨਹੀਂ ਦੇ ਰਹੇ ਸੀ। ਜੇ ਬਿਕਰਮ ਤੇ ਉਸ ਦੀ ਪਤਨੀ ਬੱਚੇ ਨਾਲ ਸਬੰਧਤ ਕੋਈ ਗੱਲ ਕਰਦੇ ਤਾਂ ਉਹ ਇਹ ਕਹਿ ਕੇ ਟਾਲ ਦੇਂਦੇ ਅਜੇ ਸਾਨੂੰ ਬੱਚੇ ਦੀ ਜ਼ਰੂਰਤ ਨਹੀਂ ਜਦੋਂ ਲੋੜ ਮਹਿਸੂਸ ਹੋਈ ਪੈਦਾ ਕਰ ਲਵਾਂਗੇ। ਬਿਕਰਮ ਤੇ ਉਸ ਦੀ ਪਤਨੀ ਹਾਰ ਕੇ ਰਹਿ ਜਾਂਦੇ।

ਪਰ ਅੱਜ ਜਦੋਂ ਪਾਲ ਨੇ ਕਿਹਾ," ਯਾਰ ਬਿਕਰਮ! ਮੈਂ ਆਪਣੇ ਪੁੱਤਰ ਵੱਲੋਂ ਔਤ ਨਹੀਂ ਮਰਨਾ ਚਾਹੁੰਦਾ।"

ਬਿਕਰਮ ਦਾ ਵੀ ਇੱਕ ਵਾਰ ਤਾਂ ਅੰਦਰ ਵਲੂੰਧਰਿਆ ਗਿਆ।

ਵੰਸ਼, ਕੁਲ,ਔਤ ਵਰਗੇ ਸ਼ਬਦ ਉਸਨੂੰ ਵੀ ਯਾਦ ਆਏ ਪਰ ਇੱਕ ਦਮ ਉਸ ਦਾ ਖ਼ਿਆਲ, ਗੁਰੂ ਗੋਬਿੰਦ ਸਿੰਘ, ਉਹਨਾਂ ਦੇ ਸਾਹਿਬਜ਼ਾਦਿਆਂ ਤੇ ਭਗਤ ਸਿੰਘ ਹੋਰਾਂ ਵੱਲ ਚਲਾ ਗਿਆ।

 ਉਹਨਾਂ ਦੀ ਵੀ ਤਾਂ ਅੱਗੋਂ ਵੰਸ਼, ਕੁਲ, ਨਹੀਂ ਚੱਲੀ‌ !

ਕੀ ਲੋਕ ਉਹਨਾਂ ਨੂੰ ਯਾਦ ਨਹੀਂ ਕਰਦੇ ?

ਸੁਖਪਾਲ ਨੇ ਬਿਕਰਮ ਨੂੰ ਸੋਚਦਿਆਂ ਦੇਖਿਆ, ਉਸ ਨੂੰ ਲੱਗ ਰਿਹਾ ਸੀ ਕਿ ਬਿਕਰਮ ਉਸ ਦੀ ਮੁਸੀਬਤ ਦਾ ਕੋਈ ਹੱਲ ਲੱਭ ਰਿਹਾ ਹੈ।

ਕੀ ਸੋਚ ਰਿਹੈਂ ਯਾਰ ! 

ਕੀ ਮਿਲਿਆ

ਮੇਰੀ ਸਮੱਸਿਆ ਦਾ ਕੋਈ ਹੱਲ !

"ਦੇਖ ਪਾਲ ਸਿਆਂ ! ਇਹ ਗੱਲ ਅਸੀਂ ਆਪਣੇ ਮਨ 'ਚ ਬਿਠਾਈ ਹੋਈ ਹੈ। ਕੁਲ,ਵੰਸ਼ ਔਤ ਵਰਗੀਆਂ ਗੱਲਾਂ ਕੁਝ ਨਹੀਂ ਹੁੰਦੀਆਂ। ਤੂੰ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਸਾਹਿਬਜ਼ਾਦਿਆਂ ਬਾਰੇ ਸੁਣਿਐਂ ਨਾ ? ਉਹ ਸਾਰੇ ਦੇਸ਼, ਕੌਮ ਲਈ ਸ਼ਹੀਦ ਹੋ ਗਏ ਸੀ, ਉਹਨਾਂ ਦੇ ਅੱਗੋਂ ਵੰਸ਼ ਦਾ ਨਾਮ ਸੁਣਿਐਂ ? ਨਹੀਂਂ ਨਾ।

ਤੂੰ ਭਗਤ ਸਿੰਘ ਦਾ ਨਾਮ ਸੁਣਿਐਂ ?

"ਸੁਣਿਐਂ ।"

ਤੈਨੂੰ ਪਤਾ ਹੈ ਕਿ ਭਗਤ ਸਿੰਘ ਨੇ ਤਾਂ ਮੰਗਨੀ ਕਰਵਾ ਕੇ ਅਜੇ ਵਿਆਹ ਵੀ ਨਹੀਂ ਸੀ ਕਰਵਾਇਆ। ਉਹ ਵੀ ਦੇਸ਼ ਲਈ ਸ਼ਹੀਦ ਹੋ ਗਿਆ। 

ਚੰਗੇ ਲੋਕਾਂ ਨੂੰ ਵੰਸ਼,ਕੁਲ ਜਿਹੇ ਸ਼ਬਦਾਂ ਦੀ ਕੋਈ ਲੋੜ ਨਹੀਂ।

ਤੂੰ ਦੱਸ ! ਇਹਨਾਂ ਚੱਕਰਾਂ ਵਿਚ ਕਿਉ ਪਿਆ ਹੈ ? ਬਸ ਤੂੰ ਦੁਨੀਆਂ 'ਤੇ ਕੋਈ ਅਜਿਹਾ ਕੰਮ ਕਰ ਕੇ ਜਾਹ,ਤਾਂ ਜੋ ਤੈਨੂੰ ਦੁਨੀਆਂ ਯੁਗਾਂ ਯੁਗਾਂਤਰਾਂ ਤੱਕ ਯਾਦ ਰੱਖੇ। 

"ਫ਼ੇਰ ਮੈਂ ਕੀ ਕਰ ਸਕਦਾਂ ?"

ਤੂੰ ਤੇ ਭਰਜਾਈ ਅੱਜ ਤੋਂ ਹੀ ਲੋਕਾਂ ਦੀ ਸੇਵਾ ਵਿਚ ਜੁਟ ਜਾਓ। ਆਪਣੇ ਸਾਰੇ ਪੈਸੇ ਦਾ ਟਰੱਸਟ ਬਣਾ ਕੇ ਗਰੀਬ ਬੱਚਿਆਂ ਦੀ ਪੜ੍ਹਾਈ ਲਿਖਾਈ, ਗਰੀਬ ਬੱਚੀਆਂ ਦੀ ਸ਼ਾਦੀ ਤੇ ਬਜ਼ੁਰਗ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੋ ਜਾਓ। ਜਿੰਨੀ ਦੇਰ ਦੁਨੀਆਂ ਰਹੇਗੀ ਓਨੀ ਦੇਰ ਤੁਹਾਡਾ ਨਾਮ ਚਲਦਾ ਰਹੇਗਾ। ਪਾਲ ਦੇ ਜਿਵੇਂ ਗੱਲ ਟਿਕਾਣੇ 'ਤੇ ਲੱਗ ਗਈ ਸੀ। ਉਸ ਦੀਆਂ ਅੱਖਾਂ ਵਿਚ ਇੱਕ ਨਵੀਂ ਕਿਸਮ ਦੀ ਆਸ਼ਾ ਦੀ ਕਿਰਨ ਦਿਖਾਈ ਦੇ ਰਹੀ ਸੀ। ਉਸਦੇ ਚੇਹਰੇ 'ਤੇ ਮੁੜ ਕੇ ਰੌਣਕ ਪਰਤ ਆਈ ਸੀ। ਉਸ ਨੇ ਬਿਕਰਮ ਦਾ ਹੱਥ ਚੁੰਮਿਆ ਤੇ ਉਸ ਦੇ ਹੱਥ ਨੂੰ ਹੱਥ ਵਿਚ ਫੜ ਕੇ ਰੋਜ਼ ਗਾਰਡਨ ਤੋਂ ਬਾਹਰ ਆ ਗਿਆ। ਹੁਣ ਉਸ ਦੀ ਚਾਲ ਦੇਖਣ ਵਾਲੀ ਸੀ। ਉਸ ਨੂੰ ਲੱਗ ਰਿਹਾ ਸੀ ਕਿ ਮੈਂ ਦੁਨੀਆਂ ਤੋਂ ਔਤ ਨਹੀਂ ਜਾਵਾਂਗਾ।

(ਜਸਪਾਲ ਜੱਸੀ)

ਭ੍ਰਿਸ਼ਟਾਚਾਰ ਦੀ ਮਾਰ ✍️ ਮਨਜੀਤ ਕੌਰ ਧੀਮਾਨ

ਜੇਕਰ ਕਿਸੇ ਨੂੰ ਪੁੱਛਿਆ ਜਾਵੇ ਕਿ ਦੇਸ਼ ਦਾ ਸੱਭ ਤੋਂ ਵੱਡਾ, ਸਸਤਾ ਤੇ ਭਰੋਸੇਯੋਗ ਹਸਪਤਾਲ਼ ਕਿਹੜਾ ਹੈ ਤਾਂ ਜਵਾਬ ਮਿਲ਼ੇਗਾ ਪੀ.ਜੀ.ਆਈ.ਚੰਡੀਗੜ੍ਹ।ਵਾਕਿਆ ਹੀ ਬਹੁਤ ਵੱਡਾ, ਨਵੀਆਂ ਤਕਨੀਕਾਂ ਤੇ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਨਾਲ਼ ਭਰਪੂਰ ਹੈ ਇਹ ਹਸਪਤਾਲ਼।ਇੱਥੇ ਹਰ ਤਰ੍ਹਾਂ ਦੀ ਬੀਮਾਰੀ ਲਈ ਅਲੱਗ-ਅਲੱਗ ਹਸਪਤਾਲ਼ ਹਨ।ਇਥੇ ਹਰ ਬੀਮਾਰੀ ਦਾ ਇਲਾਜ਼ ਸੰਭਵ ਹੈ।ਦੂਜੀ ਗੱਲ ਹੈ ਡਾਕਟਰਾਂ ਦੀ ਮਿਹਨਤ ਤੇ ਲਗਨ ਕਿ ਵਾਹ ਲਗਦਿਆਂ ਕਿਸੇ ਨੂੰ ਮਰਨ ਨਹੀਂ ਦਿੰਦੇ।

                  ਹੁਣ ਗੱਲ ਇਹ ਹੈ ਕਿ ਦੁਨੀਆਂ ਭਰ ਤੋਂ ਲੋਕ ਇਸ ਹਸਪਤਾਲ਼ ਵਿੱਚ ਆ ਕੇ ਇਲਾਜ਼ ਕਰਵਾਉਂਦੇ ਹਨ।ਪਰ ਏਥੇ ਜਾ ਕੇ ਹੋਣ ਵਾਲੀ ਖੇਚਲ਼ ਤੇ ਖੱਜਲ ਖੁਆਰੀ ਕਰਕੇ ਬਹੁਤ ਸਾਰੇ ਲੋਕ ਇਸ ਤੋਂ ਕੰਨੀਂ ਕਤਰਾਉਂਦੇ ਹਨ। ਕਈ ਵਾਰੀ ਲੋਕ ਧੱਕੇ ਖਾ ਖਾ ਕੇ ਇੰਨਾ ਥੱਕ ਜਾਂਦੇ ਹਨ ਕਿ ਇਲਾਜ਼ ਪੂਰਾ ਹੀ ਨਹੀਂ ਕਰਵਾਉਂਦੇ।

                     ਵੈਸੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਅਜਿਹੇ ਬਹੁਤ ਸਾਰੇ ਕਾਰਨ ਹਨ ਜਿਹਨਾਂ ਕਰਕੇ ਆਮ ਲੋਕ ਅਤੇ ਡਾਕਟਰ ਜਾਂ ਸਟਾਫ਼ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਅੱਜਕਲ ਹਰ ਚੀਜ਼ ਅੱਪਡੇਟ ਹੁੰਦੀ ਹੈ ਤੇ ਕੀ ਪੀ.ਜੀ. ਆਈ. ਹਸਪਤਾਲ਼ ਨੂੰ ਅੱਪਡੇਟ ਨਹੀਂ ਕੀਤਾ ਜਾ ਸਕਦਾ? ਬੇਸ਼ੱਕ ਹੁਣ ਫ਼ੋਨ ਤੇ ਮਿਲਣ ਦਾ ਸਮਾਂ ਮਿਲ਼ ਜਾਂਦਾ ਹੈ, ਰਜਿਸਟ੍ਰੇਸ਼ਨ ਹੋ ਜਾਂਦੀ ਹੈ। ਪਰ ਆਮ ਲੋਕਾਂ ਨੂੰ ਇਹਨਾਂ ਸਹੂਲਤਾਂ ਦਾ ਪਤਾ ਹੀ ਨਹੀਂ ਤੇ ਨਾ ਹੀ ਉਹਨਾਂ ਨੂੰ ਫ਼ੋਨ ਜਾਂ ਕੰਪਿਊਟਰ ਚਲਾਉਣਾ ਆਉਂਦਾ ਹੈ।

                     ਸੱਭ ਤੋਂ ਪਹਿਲਾਂ ਮੈਂ ਆਪਣਾ ਤਜ਼ੁਰਬਾ ਸਾਂਝਾ ਕਰਨਾ ਚਾਹਾਂਗੀ ਤੇ ਉਸ ਤੋਂ ਬਾਅਦ ਹੋਰ ਵੀ ਵਿਚਾਰ ਵਟਾਂਦਰਾ ਕਰਾਂਗੇ।

                     ਮੇਰੀ ਮੰਮੀ ਜੋ ਬੀਮਾਰ ਹਨ,2019 ਵਿੱਚ ਟੈਸਟ ਕਰਾਉਣ ਤੇ ਪਤਾ ਲਗਿਆ ਕਿ ਉਹਨਾਂ ਦੇ ਦਿਲ ਦਾ ਇੱਕ ਵਾਲਵ ਖ਼ਰਾਬ ਹੈ, ਉਸਦਾ ਅਪਰੇਸ਼ਨ ਹੋਵੇਗਾ। ਮੈਂ ਬਹੁਤ ਘਬਰਾ ਗਈ ਕਿਉਂਕਿ ਮੇਰੇ ਪੇਕਿਆਂ ਵਿੱਚ ਸਿਰਫ਼ ਮੰਮੀ ਡੈਡੀ ਹੀ ਹਨ, ਉਹਨਾਂ ਦੀ ਦੇਖਭਾਲ ਕਰਨ ਵਾਲ਼ਾ ਕੋਈ ਨਹੀਂ ਹੈ। ਮੇਰੇ ਦੋ ਭਰਾ,ਜੋ ਜਵਾਨ ਸਨ ਉਹ ਰੱਬ ਨੂੰ ਪਿਆਰੇ ਹੋ ਗਏ ਸਨ। ਹੁਣ ਸਿਰਫ਼ ਮੈਂ ਹੀ ਉਹਨਾਂ ਦੀ ਸੰਭਾਲ਼ ਕਰ ਰਹੀ ਹਾਂ।ਪਰ ਮੈਂ ਵੀ ਨੌਕਰੀਪੇਸ਼ਾ ਹਾਂ ਤੇ ਪ੍ਰਾਈਵੇਟ ਨੌਕਰੀ ਕਰਕੇ ਜ਼ਿਆਦਾ ਵਕਤ ਨਹੀਂ ਕੱਢ ਸਕਦੀ। ਇਸ ਤੋਂ ਇਲਾਵਾ ਆਪਣੇ ਸਹੁਰੇ ਘਰ ਆਪਣੇ ਦੂਜੇ ਪਰਿਵਾਰ ਦੀ ਵੀ ਜਿੰਮੇਵਾਰੀ ਹੈ।ਪਰ ਮਾਂ ਤਾਂ ਆਖ਼ਰ ਮਾਂ ਹੁੰਦੀ ਹੈ ਤੇ ਮੈਂ ਪਤੀ ਨਾਲ਼ ਸਲਾਹ ਕਰਕੇ ਫ਼ੈਸਲਾ ਕੀਤਾ ਕਿ ਮੈਂ ਆਪਣੀ ਮੰਮੀ ਦਾ ਇਲਾਜ਼ ਪੀ.ਜੀ.ਆਈ ਵਿਖੇ ਹੀ ਕਰਵਾਵਾਂਗੀ। ਇਹ ਸੋਚ ਕੇ ਮੈਂ ਇਲਾਜ਼ ਸ਼ੁਰੂ ਕਰਵਾ ਦਿੱਤਾ। ਬਹੁਤ ਧੱਕੇ ਖਾਧੇ, ਬਹੁਤ ਛੁੱਟੀਆਂ ਵੀ ਲਈਆਂ ਕਿਸੇ ਤਰ੍ਹਾਂ ਇਲਾਜ਼ ਚਲਦਾ ਰਿਹਾ ਪਰ ਮਾੜੀ ਕਿਸਮਤ ਨੂੰ ਇਲਾਜ਼ ਦੌਰਾਨ ਹੀ ਉਦੋਂ ਕਰੋਨਾ ਦਾ ਕਹਿਰ ਟੁੱਟ ਪਿਆ। ਖ਼ੈਰ ਦੋ ਸਾਲ ਘਰਾਂ ਵਿੱਚ ਹੀ ਕੈਦ ਹੋ ਗਏ। ਉਸ ਵੇਲ਼ੇ ਡਰਦਿਆਂ ਨੇ ਮਾਂ ਨੂੰ ਕਦੇ ਬਾਹਰ ਹੀ ਨਹੀਂ ਕੱਢਿਆ ਕਿ ਕਿਤੇ ਉਹਨਾਂ ਦੀ ਤਕਲੀਫ ਹੋਰ ਨਾ ਵੱਧ ਜਾਵੇ। ਜਦੋਂ ਉਹਨਾਂ ਦੇ ਦਰਦ ਹੁੰਦਾ ਤਾਂ ਗੋਲੀ ਖਵਾ ਦਿੰਦੇ ਸਾਂ।

                   ਉਸ ਤੋਂ ਬਾਅਦ ਇਲਾਜ਼ ਫ਼ੇਰ ਸ਼ੁਰੂ ਕਰਵਾਇਆ। ਪੈਸੇ ਦੀ ਪਰੇਸ਼ਾਨੀ ਤਾਂ ਹਰੇਕ ਨੂੰ ਹੋਈ ਤੇ ਸਾਨੂੰ ਵੀ ਹੋਣੀ ਹੀ ਸੀ। ਕਿਸੇ ਤਰ੍ਹਾਂ ਉਹਨਾਂ ਦਾ ਆਇਉਸ਼ਮਾਨ ਦਾ ਕਾਰਡ ਬਣ ਗਿਆ। ਚਲੋ ਦਿਲ ਨੂੰ ਤਸੱਲੀ ਹੋ ਗਈ ਕਿ ਹੁਣ ਮੈਂ ਆਪਣੀ ਮਾਂ ਦਾ ਇਲਾਜ਼ ਕਰਵਾ ਲਵਾਂਗੀ।ਡਾਕਟਰ ਸਾਹਿਬ ਨੇ ਵੀ ਖ਼ਰਚੇ ਦੇ ਪ੍ਰਬੰਧ ਬਾਰੇ ਪੁੱਛਿਆ। ਜਦੋਂ ਮੈਂ ਕਾਰਡ ਬਾਰੇ ਜਾਣਕਾਰੀ ਦਿੱਤੀ ਤਾਂ ਉਹਨਾਂ ਕਿਹਾ ਕਿ ਠੀਕ ਹੈ। ਇਸ ਕਾਰਡ ਤੋਂ ਇਲਾਜ਼ ਹੋ ਜਾਵੇਗਾ। ਬੱਸ ਕੁੱਝ ਟੈਸਟਾਂ ਦੇ ਪੈਸੇ ਲੱਗਣਗੇ। ਮੈਂ ਉਹ ਪੈਸੇ ਭਰ ਦਿੱਤੇ ਤੇ ਟੈਸਟ ਵੀ ਹੋ ਗਏ। ਉਸਤੋਂ ਬਾਅਦ ਅਪਰੇਸ਼ਨ ਦੀ ਤਾਰੀਕ ਦੇ ਦਿੱਤੀ ਗਈ ਅਤੇ ਵਿੱਚ ਵਿੱਚ ਆਉਂਦੇ ਰਹਿਣ ਲਈ ਕਿਹਾ ਗਿਆ ਕਿਉਂਕਿ ਤਾਰੀਕ ਕਾਫ਼ੀ ਲੰਬੀ ਮਿਲ਼ੀ ਸੀ। ਮੈਂ ਮੰਮੀ ਨੂੰ ਤਸੱਲੀ ਦਿੱਤੀ ਕਿ ਚਲੋ ਕੋਈ ਨਹੀਂ ਜਿੱਥੇ ਪਹਿਲਾਂ ਐਨਾ ਇੰਤਜ਼ਾਰ ਕੀਤਾ ਹੁਣ ਇੰਨਾ ਕੁ ਹੋਰ ਸਹੀ।

                ਮੈਨੂੰ ਪੂਰਾ ਯਕੀਨ ਵੀ ਸੀ ਕਿ ਏਥੇ ਤਾਂ ਰੱਬ ਵਰਗੇ ਡਾਕਟਰ ਹਨ। ਮੇਰੀ ਮਾਂ ਦਾ ਇਲਾਜ਼ ਬਹੁਤ ਹੀ ਵਧੀਆ ਹੋਵੇਗਾ।ਪਰ ਮੇਰੀਆਂ ਉਮੀਦਾਂ ਤੇ ਓਦੋਂ ਪਾਣੀ ਫ਼ਿਰ ਗਿਆ ਜਦੋਂ ਜਿਸ ਤਰੀਕ ਨੂੰ ਦਾਖ਼ਲ ਹੋਣਾ ਸੀ  ਉਹਨਾਂ ਨੂੰ ਦਾਖ਼ਲ ਨਹੀਂ ਕੀਤਾ ਗਿਆ। ਸਗੋਂ ਬੈੱਡ ਨਹੀਂ ਹੈ, ਕਹਿ ਕੇ ਵਾਪਸ ਭੇਜ ਦਿੱਤਾ ਗਿਆ। ਫ਼ਿਰ ਸ਼ੁਰੂ ਹੋਇਆ ਹੋਰ ਵੀ ਭੱਜਦੌੜ ਦਾ ਸਿਲਸਿਲਾ। ਕਈ ਵਾਰ ਗਏ, ਮਜਬੂਰੀਆਂ ਦੱਸੀਆਂ। ਪਰ ਮਿਲ਼ਿਆ ਕੀ....? ਬੱਸ ਤਰੀਕ ਤੇ ਤਰੀਕ। ਫ਼ਿਰ ਕਿਸੇ ਨੇ ਕਿਹਾ ਕਿ ਤੁਸੀਂ ਸਿਫਾਰਸ਼ ਪਵਾਓ ਤਾਂ ਗੱਲ ਬਣਨੀ ਹੈ। ਹੁਣ ਸਿਫਾਰਸ਼ ਕਿੱਥੋਂ ਲਿਆਵਾਂ! ਚਲੋ ਕਿਸੇ ਤਰ੍ਹਾਂ ਡੀਨ ਸਾਹਿਬ ਦੇ ਨਾਲ਼ ਤੇ ਡਾਕਟਰ ਸਾਹਿਬ ਨਾਲ਼ ਗੱਲਬਾਤ ਕਰਵਾਈ ਕਿਸੇ ਨੇ। ਪਰ ਨਤੀਜਾ ਕੋਈ ਵੀ ਨਹੀਂ ਨਿਕਲਿਆ। ਫ਼ਿਰ ਮੈਨੂੰ ਇੱਕ ਫ਼ੋਨ ਆਇਆ ਕਿ ਪੀ.ਜੀ.ਆਈ ਤਾਂ ਬੈਡ ਨਹੀਂ ਮਿਲ਼ ਰਿਹਾ ਕਿਉਂਕਿ ਤੁਸੀਂ ਕਾਰਡ ਤੋਂ ਇਲਾਜ਼ ਕਰਵਾਉਣਾ ਹੈ ਤੇ ਇਸ ਸਮੇਂ ਕਾਰਡ ਵਾਲਿਆਂ ਦਾ ਉਹ ਇਲਾਜ਼ ਨਹੀਂ ਕਰ ਰਹੇ। ਪਰ 34 ਸੈਕਟਰ ਵਿੱਚ ਇੱਕ ਹਸਪਤਾਲ਼ ਹੈ ਜਿੱਥੇ ਤੁਹਾਡਾ ਕਾਰਡ ਚੱਲ ਜਾਵੇਗਾ ਤੇ ਉੱਥੇ ਪੀ.ਜੀ.ਆਈ ਦੇ ਡਾਕਟਰ ਹੀ ਇਲਾਜ਼ ਕਰਨਗੇ ਤੇ ਕਾਰਡ ਵਿੱਚੋਂ ਸਾਢੇ ਚਾਰ ਲੱਖ ਰੁਪਏ (ਜੋ ਕਿ ਪੀ.ਜੀ.ਆਈ. 'ਚ ਡੇਢ ਲੱਖ ਦੱਸੇ ਗਏ ਸਨ) ਕੱਟ ਜਾਣਗੇ ਤੇ ਇਸ ਤੋਂ ਇਲਾਵਾ 70-80 ਹਜ਼ਾਰ ਰੁਪਏ ਨਗਦ ਲੱਗਣਗੇ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ।ਜਿਸ ਹਸਪਤਾਲ਼ 'ਚ ਲੋਕਾਂ ਨੂੰ ਰੱਬ ਦਿੱਖਦੇ ਹਨ ,ਉਸ ਦੀ ਆੜ੍ਹ ਵਿੱਚ ਐਡਾ ਵੱਡਾ ਭ੍ਰਿਸ਼ਟਾਚਾਰ ਵੀ ਚੱਲ ਰਿਹਾ ਹੈ। ਸੋਚ ਰਹੀ ਹਾਂ ਮੈਂ ਕਿੰਨਾ ਭਰੋਸਾ ਕਰਕੇ ਇੱਥੇ ਇਲਾਜ਼ ਸ਼ੁਰੂ ਕਰਵਾਇਆ ਸੀ। ਆਪਣੀ ਮਜ਼ਬੂਰੀ ਤੇ ਬੇਵਸੀ ਦੱਸਣ ਦੇ ਬਾਵਜੂਦ ਵੀ ਕਿਸੇ ਨੇ ਸਾਥ ਨਹੀਂ ਦਿੱਤਾ।

                ਹੁਣ ਗੱਲ ਕਰਦੇ ਹਾਂ,ਪੰਜਾਬ ਦੇ ਵਿੱਚ ਫੈਲੇ ਭ੍ਰਿਸ਼ਟਾਚਾਰ ਦੀ।

      ਹਰ ਜਗ੍ਹਾ ਬੱਸ ਇੱਕੋ ਮਾਰ,

     ਭ੍ਰਿਸ਼ਟਾਚਾਰ, ਭ੍ਰਿਸ਼ਟਾਚਾਰ।

      ਕਿੰਝ ਭਲਾ ਫ਼ਿਰ ਮੁੜੇਗੀ,

       ਜੀਵਨ ਦੀ ਰੁੱਸੀ ਬਹਾਰ। 

                      ਸੋ ਇਹ ਸਾਡੇ ਦੇਸ਼ ਦਾ ਦੁਖਾਂਤ ਹੈ ਕਿ ਐਡੇ ਵੱਡੇ ਤੇ ਭਰੋਸੇਯੋਗ ਹਸਪਤਾਲ਼ ਦਾ ਇਹ ਹਾਲ ਹੈ। ਇਸ ਤੋਂ ਇਲਾਵਾ ਉੱਥੇ ਆਮ ਲੋਕ ਸਸਤਾ ਇਲਾਜ਼ ਕਰਵਾਉਣ ਲਈ ਜਾਂਦੇ ਹਨ ਪਰ ਉਹਨਾਂ ਨੂੰ ਬਹੁਤ ਪ੍ਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ। ਵੈਸੇ ਜੇ ਸਾਡੇ ਦੇਸ਼ ਵਿੱਚ ਵੀ ਬਾਹਰਲੇ ਦੇਸ਼ਾਂ ਵਾਂਗ ਹਰ ਚੀਜ਼ ਦਾ ਕੋਈ ਸਿਸਟਮ ਬਣਾਇਆ ਜਾਵੇ ਤਾਂ ਇਹਨਾਂ ਮੁਸ਼ਕਲਾਂ ਦਾ ਹੱਲ ਹੋ ਸਕਦਾ ਹੈ। ਇਸ ਨਾਲ਼ ਸਮਾਂ ਵੀ ਬੱਚ ਸਕਦਾ ਹੈ ਤੇ ਪੈਸੇ ਦੀ ਬੇਵਜ੍ਹਾ ਹੁੰਦੀ ਬਰਬਾਦੀ ਵੀ ਰੋਕੀ ਜਾ ਸਕਦੀ ਹੈ। ਨਿੱਜੀ ਹਸਪਤਾਲਾਂ ਵਿੱਚ ਐਡੀ ਭੀੜ ਨਹੀਂ ਹੁੰਦੀ ਪਰ ਸਰਕਾਰੀ ਹਸਪਤਾਲ਼ ਵਿੱਚ ਪੈਰ ਰੱਖਣਾ ਔਖਾ ਹੁੰਦਾ ਹੈ। ਮੰਨਿਆਂ ਕਿ ਸਰਕਾਰੀ ਹਸਪਤਾਲਾਂ ਵਿੱਚ ਲੋਕ ਜ਼ਿਆਦਾ ਜਾਂਦੇ ਹਨ ਪਰ ਸਿਸਟਮ ਤਾਂ ਬਣਾਏ ਜਾ ਹੀ ਸਕਦੇ ਹਨ। ਇਹ ਜ਼ਰੂਰੀ ਨਹੀਂ ਕਿ ਗ਼ਰੀਬ ਬੰਦੇ ਨੂੰ ਇਲਾਜ਼ ਲਈ ਠੋਕਰਾਂ ਹੀ ਖਾਣੀਆਂ ਪੈਣ। ਆਪਣਾ ਕੰਮ ਕਾਰ ਛੱਡ ਹਸਪਤਾਲਾਂ ਦੇ ਧੱਕੇ ਖਾਣੇ ਪੈਣ। ਅੱਜ ਸਾਡਾ ਦੇਸ਼ ਬਹੁਤ ਸਾਰੇ ਬੇਫਜੂਲ ਮੁੱਦਿਆਂ ਵਿੱਚ ਉਲਝਿਆ ਹੋਇਆ ਹੈ। ਸੁਧਾਰ ਵੱਲ ਕੋਈ ਵੱਧਣਾ ਹੀ ਨਹੀਂ ਚਾਹੁੰਦਾ। ਮੈਂ ਦਾਅਵਾ ਕਰਦੀ ਹਾਂ ਕਿ ਜੇ ਐਹੋ ਜਿਹੇ ਭ੍ਰਿਸਟਾਚਾਰ ਜੜ੍ਹ ਤੋਂ ਮੁੱਕ ਜਾਣ ਤਾਂ ਸਾਡਾ ਇਹ ਦੇਸ਼ ਤੇ ਸਾਡਾ ਪੰਜਾਬ ਮੁੜ ਗੁਲਾਬ ਦੇ ਫੁੱਲ ਵਾਂਗ ਖਿੜ ਜਾਣਗੇ।

                ਮੇਰਾ ਮਕਸਦ ਕਿਸੇ ਨੂੰ ਬਦਨਾਮ ਕਰਨਾ ਨਹੀਂ ਸਗੋਂ ਸੱਚਾਈ ਸਾਹਮਣੇ ਰੱਖਣੀ ਹੈ। ਅੱਗੇ ਸੱਭ ਦੇ ਆਪੋ ਆਪਣੇ ਵਿਚਾਰ ਤੇ ਆਪੋ ਆਪਣੀ ਸੋਚ।

 

ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ  ਸੰ:9464633059

ਅਭੁੱਲ ਯਾਦ ✍ ਕੁਲਵਿੰਦਰ ਕੁਮਾਰ ਬਹਾਦਰਗੜ੍ਹ

 ਦੋ ਸਾਲ ਪਹਿਲਾ ਮੇਰਾ ਜਨਮਦਿਨ ਸ਼ਨੀਵਾਰ ਦਾ ਸੀ। ਮੈਂ ਨਹਾਂ ਕੇ ਤਿਆਰ ਹੋ ਕੇ ਮੰਦਰ ਮੱਥਾ ਟੇਕਣ ਗਿਆ। ਪਰ ਜਦ ਘਰ ਨੂੰ ਵਾਪਸ ਆ ਰਿਹਾ ਸੀ ਤਾਂ ਮੈਂ ਬਾਜ਼ਾਰ ਵਿੱਚ ਚਲਾ ਗਿਆ। 

                   ਮੈਂ ਇਕ ਦੁਕਾਨ ਤੋ 100 ਪੀਸ ਬਰੈੱਡ ਕੇਕ ਲਏ ਅਤੇ  ਫਿਰ ਪਿੰਗਲਵਾੜੇ ਚਲਾ ਗਿਆ। ਮੈਂ ਦਫ਼ਤਰ ਉਥੇ ਮੌਜੂਦ ਆਧਿਕਾਰੀ ਨੂੰ ਬੇਨਤੀ ਕੀਤੀ ਕਿ ਅੱਜ ਮੇਰਾ ਜਨਮਦਿਨ ਹੈ ਅਤੇ ਮੈਂ ਪਿੰਗਲਵਾੜੇ ਵਿੱਚ ਰਹਿਣ ਵਾਲੇ ਹਰ ਰੱਬ ਦੇ ਬੰਦੇ ਲਈ ਕੇਕ ਲੈ ਕੇ ਆਇਆ ਹਾਂ, ਮੈਂ ਆਪਣੀ ਖੁਸ਼ੀ ਉਹਨਾਂ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ।

                             ਆਧਿਕਾਰੀ ਬਹੁਤ ਖੁਸ਼ ਹੋਏ ਅਤੇ ਮੈਨੂੰ ਜਨਮਦਿਨ ਦੀਆ ਮੁਬਾਰਕਾਂ ਦਿੱਤੀਆ ਅਤੇ ਮੈਨੂੰ ਕਿਹਾ," ਤੁਸੀ ਆਪ ਹੀ ਸਾਰਿਆ ਨੂੰ ਕੇਕ ਵੰਡ ਦਿਉ "।

           ਫਿਰ ਮੈਂ ਸਾਰਿਆ ਨੂੰ ਕੇਕ ਵੰਡੇ ਅਤੇ ਉਹਨਾਂ ਨੂੰ ਖੁਸ਼ ਦੇਖਕੇ, ਮੈਨੂੰ ਜੋ ਖੁਸ਼ੀ ਮਿਲੀ ਉਹ ਬੜੀ ਅਭੁੱਲ ਸੀ।

 

 ਕੁਲਵਿੰਦਰ ਕੁਮਾਰ ਬਹਾਦਰਗੜ੍ਹ 

          9914482924

ਮਾਂ ਦਿਵਸ ਤੇ ਖ਼ਾਸ "ਸ਼ਹਿਦ ਨਾਲੋਂ ਮਿੱਠੀ, ਮਾਂ ਦੀ ਮਮਤਾ" ✍ ਬਲਦੇਵ ਸਿੰਘ ਬੇਦੀ

ਮਾਂ, ਜਿਸ ਨੂੰ ਰੱਬ ਦਾ ਦੂਜਾ ਰੂਪ ਵੀ ਕਿਹਾ ਜਾਂਦਾ ਹੈ। ਰੱਬ ਨੂੰ ਤਾਂ ਅਸੀਂ ਕਦੇ ਨਹੀਂ ਵੇਖਿਆ, ਪਰ ਮਾਂ ਜਨਮ ਤੋਂ ਹੀ ਸਾਡੇ ਨਾਲ ਹੁੰਦੀ ਹੈ ਉਹ ਸਾਡੀ ਜਨਮਦਾਤੀ ਹੈ। ਇਸ ਲਈ ਮਾਂ ਤਾਂ ਰੱਬ ਤੋਂ ਵੀ ਉੱਚੀ ਤੇ ਵੱਡੀ ਹੋਈ। ਹਰ ਪ੍ਰਾਣੀ ਦੀ ਇਕ ਹੀ ਜਨਮਦਾਤੀ ਹੁੰਦੀ ਹੈ ਤੇ ਉਹ ਸਿਰਫ਼ ਮਾਂ ਹੁੰਦੀ ਹੈ। ਜਿੱਥੇ ਮਾਂ ਹੁੰਦੀ ਹੈ ਉੱਥੇ ਮਮਤਾ ਵੀ ਹੁੰਦੀ ਹੈ। ਦੁਨਿਆ ਵਿਚ ਸ਼ਹਿਦ ਨਾਲੋਂ ਵੀ ਮਿੱਠੀ ਤੇ ਉੱਤਮ ਵਸਤੂ ਮਾਂ ਦੀ ਮਮਤਾ ਹੈ। ਜਿਸ ਦੀ ਕਦਰ ਕਰਨਾ ਹਰ ਇੱਕ ਮਨੁੱਖ ਦਾ ਫ਼ਰਜ਼ ਬਣਦਾ ਹੈ।

ਮਾਂ ਕੇਵਲ ਮਾਂ ਹੀ ਨਹੀਂ ਸਗੋਂ ਬੱਚੇ ਦੀ ਪਹਿਲੀ ਗੁਰੂ ਵੀ ਹੁੰਦੀ ਹੈ, ਜਿਸ ਤੋਂ ਗ੍ਰਹਿਣ ਕੀਤੀ ਮੁੱਢਲੀ ਸਿੱਖਿਆ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਵਿੱਚੋਂ ਲੰਘਦਿਆਂ ਬੱਚਿਆਂ ਦਾ ਮਾਰਗ ਦਰਸ਼ਨ ਕਰਦੀ ਰਹਿੰਦੀ ਹੈ। ਮਾਂ ਵੱਲੋਂ ਦਿੱਤੀ ਗਈ ਸਹੀ ਸਿੱਖਿਆ ਬੱਚਿਆਂ ਨੂੰ ਚੰਗਾ ਨਾਗਰਿਕ ਬਣਨ `ਚ ਵੀ ਮਦਦ ਕਰਦੀ ਹੈ। ਮਾਂ ਆਪਣੇ ਨਿੱਜੀ ਸੁੱਖਾਂ ਨੂੰ ਤਿਆਗ ਕੇ ਪੂਰਾ ਜੀਵਨ ਆਪਣੇ ਬੱਚਿਆਂ ਦੇ ਬਚਪਨ ਤੇ ਉਨ੍ਹਾਂ ਦੇ ਭਵਿੱਖ ਨੂੰ ਸੰਵਾਰਨ ਲਈ ਲਾ ਦਿੰਦੀ ਹੈ ਅਤੇ ਉਸ ਦੇ ਆਪਣੇ ਸੁਪਨੇ ਆਪਣੇ ਬੱਚਿਆਂ ਨਾਲ ਜੁੜੇ ਰਹਿੰਦੇ ਹਨ। ਬੱਚਾ ਮਾਂ ਕੋਲੋਂ ਬਹੁਤ ਕੁਝ ਸਿੱਖਦਾ ਹੈ। 

ਬੱਚਾ ਪਹਿਲਾ ਸ਼ਬਦ ਵੀ ਮਾਂ ਹੀ ਬੋਲਦਾ ਹੈ। ਬੱਚੇ ਦੀ ਸ਼ਖਸ਼ੀਅਤ ਤੇ ਬਹੁਤਾ ਪ੍ਰਭਾਵ ਉਸ ਦੀ ਮਾਂ ਦਾ ਹੀ ਹੁੰਦਾ ਹੈ ਤੇ ਉਸ ਦਾ ਵਿਕਾਸ ਵੀ ਉਸ ਦੀ ਮਾਂ ਦੀ ਸ਼ਖਸ਼ੀਅਤ ’ਤੇ ਨਿਰਭਰ ਕਰਦਾ ਹੈ। ਆਮ ਤੌਰ 'ਤੇ ਕੁਝ ਲੋਕ ਇਹ ਕਹਿ ਦਿੰਦੇ ਹਨ ਕਿ ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ, ਪਰ ਕੋਈ ਵੀ ਮਾਂ ਨਹੀਂ ਚਾਹੁੰਦੀ ਕਿ ਉਸ ਦਾ ਪੁੱਤਰ ਚੋਰ ਬਣੇ ਅਤੇ ਨਾਹੀਂ ਕੋਈ ਮਾਂ ਆਪਣੇ ਚੋਰ ਪੁੱਤਰ ਨੂੰ ਕਦੇ ਵੀ ਚੋਰ ਮੰਨਣ ਲਈ ਤਿਆਰ ਹੋਵੇਗੀ ਕਿਉਂਕਿ ਉੱਥੇ ਉਸ ਦੀ ਮਮਤਾ ਭਾਰੀ ਪੈ ਜਾਂਦੀ ਹੈ। ਮਾਂ ਦਾ ਮਮਤਾ ਨਾਲ ਸਿੱਧਾ ਸਬੰਧ ਹੈ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ਮਾਂ ਦਾ ਰਿਸ਼ਤਾ ਸਭ ਰਿਸ਼ਤਿਆਂ ਨਾਲੋਂ ਉੱਤਮ, ਪਵਿੱਤਰ ਅਤੇ ਰੱਬ ਦੀ ਨੇੜਤਾ ਦਾ ਸਬੂਤ ਹੁੰਦਾ ਹੈ। ਭਾਵ, ਰੱਬ ਦਾ ਦੂਜਾ ਨਾਂ ਹੀ ਮਾਂ ਹੈ। ਆਪਣੀ ਔਲਾਦ ਨੂੰ ਦੁਨੀਆ ਵਿਖਾਉਣ ਵਾਲੀ ਮਾਂ ਵਰਗੀ ਸ਼ਾਇਦ ਹੀ ਕੋਈ ਦੂਜੀ ਮਿਸਾਲ ਦੁਨੀਆਂ ਵਿੱਚ ਹੋਵੇ। ਸਾਰੇ ਰਿਸ਼ਤਿਆਂ ਵਿਚੋਂ ਇਕੋ ਇਕ ਅਨੋਖਾ ਤੇ ਵਿਲੱਖਣ ਰਿਸ਼ਤਾ ਮਾਂ ਦਾ ਹੀ ਹੁੰਦਾ ਹੈ, ਜੋ ਸਾਰੇ ਕਸ਼ਟ ਅਤੇ ਤਕਲੀਫਾਂ ਹੰਢਾ ਕੇ ਦੁਨੀਆ ਭਰ ਦੇ ਸੁੱਖ ਆਪਣੀ ਔਲਾਦ ਵਾਸਤੇ ਪੈਦਾ ਕਰਦਾ ਹੀ ਰਹਿੰਦਾ ਹੈ। ਮਾਂ ਆਪਣੀ ਔਲਾਦ ਦੀ ਹਰ ਰਮਜ਼ ਨੂੰ ਪਛਾਣਦੀ ਹੈ। ਤਾਂ ਹੀ ਕਹਿੰਦੇ ਹਨ, ਗੂੰਗੇ ਦੀਆਂ ਰਮਜ਼ਾਂ ਗੂੰਗੇ ਦੀ ਮਾਂ ਹੀ ਜਾਣੇ। ਮਾਂ ਦੀ ਸਾਰੀ ਦੁਨੀਆਂ ਉਸ ਦੀ ਔਲਾਦ ਹੀ ਹੁੰਦੀ ਹੈ। ਮਾਂ ਦੇ ਦਿਲੋਂ ਆਪਣੀ ਔਲਾਦ ਲਈ ਹਮੇਸ਼ਾ ਅਸੀਸਾਂ ਹੀ ਨਿਕਲਦੀਆਂ ਹਨ। ਮਾਂ ਦੀ ਮਮਤਾ ਤਾਂ ਉਸ ਰੁੱਖ ਦੀ ਤਰ੍ਹਾਂ ਹੁੰਦੀ ਹੈ ਜੋ ਸਭ ਨੂੰ ਛਾਂ ਦਿੰਦਾ ਹੈ ਪਰ ਆਪ ਧੁੱਪਾਂ ਸਹਿੰਦਾ ਹੈ। ਮਾਂ ਦੀ ਮਮਤਾ ਹੀ ਔਲਾਦ ਨੂੰ ਜ਼ਿੰਦਗੀ ਦੀਆਂ ਧੁੱਪਾਂ ਅਤੇ ਝੱਖੜਾਂ ਤੋਂ ਬਚਾਉਂਦੀ ਹੈ। ਇਹ ਸੱਚ ਹੈ ਕਿ ਮਾਂ ਦੀ ਬੁੱਕਲ ਤੋਂ ਬਿਨਾਂ ਬੱਚਿਆਂ ਦਾ ਇੱਕ ਦਿਨ ਤਾਂ ਕੀ ਇੱਕ ਸਾਹ ਵੀ ਪੂਰਾ ਨਹੀਂ ਹੋ ਸਕਦਾ। ਮਾਂ ਰੱਬ ਦੀ ਦਿੱਤੀ ਉਹ ਅਣਮੁੱਲੀ ਦਾਤ ਹੈ ਜਿਸ ਦੀ ਤੁਲਨਾ ਹਮੇਸ਼ਾ ਕੁਦਰਤ ਨਾਲ ਹੁੰਦੀ ਹੈ। ਅਸਲ 'ਚ ਵੇਖਿਆ ਜਾਵੇ ਤਾਂ ਦੋਹਾਂ ਦੇ ਸੁਭਾਅ ਵੀ ਇੱਕੋ ਜਿਹੇ ਹੁੰਦੇ ਹਨ, ਦੋਵੇਂ ਦੇਣਾ ਜਾਣਦੇ ਹਨ ਲੈਣਾ ਨਹੀਂ। ਦੋਹਾਂ ਤੋਂ ਬਿਨਾਂ ਸਾਡਾ ਕੋਈ ਵਜੂਦ ਨਹੀਂ। ਭਾਵੇਂ ਅੱਜ ਮਹੁੱਬਤ ਕਰਨ ਲਈ ਸਾਰਾ ਜ਼ਮਾਨਾ ਹੈ ਪਰ ਪਿਆਰ ਸ਼ਬਦ ਦੀ ਅਸਲੀ ਸ਼ੁਰੂਆਤ ਮਾਂ ਤੋਂ ਹੀ ਹੁੰਦੀ ਹੈ।  

ਸਾਡੇ ਲਈ ਹਰ ਦਿਨ ਮਾਂ ਦੀ ਹੀ ਦੇਣ ਹੈ,ਪਰ ਫਿਰ ਵੀ ਇੱਕ ਖਾਸ ਤਰ੍ਹਾਂ ਨਾਲ ਮਾਂ ਨੂੰ ਯਾਦ ਕਰਨ ਲਈ, ਮਾਂ ਵਲੋਂ ਦਿੱਤੀ ਗਈ ਸਾਨੂੰ ਅਣਮੋਲ ਜਿੰਦਗੀ 'ਚੋ ਸਾਲ ਦਾ ਇੱਕ ਦਿਨ ਪੂਰੀ ਤਰ੍ਹਾਂ ਸਮਰਪਤ ਕਰਨ ਲਈ ‘ਮਾਂ ਦਿਵਸ' ਬਣਾਇਆ ਗਿਆ, ਜੋਕਿ ਮਈ ਮਹੀਨੇ ਦੂਸਰੇ ਐਤਵਾਰ ਨੂੰ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਗਰ ਬੱਚਿਆਂ ਦਾ ਪੂਰਾ ਜੀਵਣ ਵੀ ਮਾਂ ਨੂੰ ਸਮਰਪਿਤ ਹੋ ਕੇ ਲੰਘ ਜਾਵੇ ਤਾਂ ਵੀ ਉਸਦਾ ਕਰਜ਼ ਨਹੀਂ ਚੁਕਾਇਆ ਜਾ ਸਕਦਾ। 

ਬਲਦੇਵ ਸਿੰਘ ਬੇਦੀ

ਜਲੰਧਰ

ਸਭ ਰਿਸ਼ਤਿਆਂ ‘ਚੋਂ ਸਿਰਫ ਮਾਂ ਦਾ ਰਿਸ਼ਤਾ ਹੀ ਸਭ ਤੋਂ ਸੱਚਾ ਹੈ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

ਦੋਸਤੋਂ ਮਾਂ ਸ਼ਬਦ ਮੂੰਹੋਂ ਨਿਕਲਦੇ ਹੀ ਦਿਲ ਨੂੰ ਬਹੁਤ ਪਿਆਰਾ ਲੱਗਦਾ ਹੈ ਤੇ ਦਿਲ ਨੂੰ ਸਕੂਨ ਜਿਹਾ ਮਿਲ ਜਾਂਦਾ ਹੈ।ਜਿੰਨੀ ਨਿੱਘ ਤੇ ਮਿਠਾਸ ਮਾਂ ਸ਼ਬਦ ਵਿੱਚ ਭਰੀ ਹੈ ਸਾਇਦ ਦੁਨੀਆਂ ਦੀ ਹੋਰ ਕਿਸੇ ਵੀ ਚੀਜ ਵਿੱਚ ਨਹੀਂ ਮਿਲਦੀ।ਮਾਂ ਦਾ ਪਿਆਰ ਕਦੇ ਵੀ ਮਾਪਿਆ ਨਹੀਂ ਜਾ ਸਕਦਾ।ਮਾਂ ਦੇ ਪਿਆਰ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ।ਮਾਂ ਲਾਡ ਪਿਆਰ ਕਰਦੀ ਹੈ ਰੀਝਾਂ ਤੇ ਸੱਧਰਾਂ ਨਾਲ ਬੱਚੇ ਦਾ ਪਾਲਣ ਪੋਸਣ ਕਰਦੀ ਹੈ।ਇੱਕ ਮਾਂ ਹੀ ਹੈ ਜੋ ਆਪਣੀ ਕੁੱਖ ਵਿੱਚ ਬੱਚੇ ਨੂੰ ਨੌ ਮਹੀਨੇ ਰੱਖ ਕੇ ਦੁੱਖ ਝੱਲ ਕੇ ਫਿਰ ਜਨਮ ਦਿੰਦੀ ਹੈ।ਮਾਂ ਬੱਚੇ ਨੂੰ ਪੇਟ ਵਿੱਚ ਰੱਖ ਕੇ ਆਪਣੇ ਖ਼ੂਨ ਨਾਲ ਪਾਲ ਕੇ ਜਨਮ ਦਿੰਦੀ ਹੈ । ਮਾਂ ਆਪ ਗਿੱਲੀ ਥਾਂ ਤੇ ਪੈ ਕੇ ਬੱਚਿਆਂ ਨੂੰ ਸੁੱਕੀ ਥਾਂ ਤੇ ਪਾਉਂਦੀ ਹੈ ।ਦੋਸਤੋਂ ਚਾਹੇ ਘਰ ਵਿੱਚ ਸਾਰੇ ਮੈਂਬਰ ਹੋਣ ਪਰ ਮਾਂ ਨਾ ਹੋਵੇ ਤਾਂ ਘਰ ਖਾਲ਼ੀ ਜਾਪਦਾ ਹੈ ਭਾਵ ਘਰ ਵੱਢ ਖਾਣ ਨੂੰ ਪੈਂਦਾ ਹੈ।ਸਿਆਣੇ ਕਹਿੰਦੇ ਹਨ ਕਿ ਧੀਆਂ ਦੇ ਪੇਕੇ ਤਾਂ ਮਾਂ ਨਾਲ ਹੀ ਹੁੰਦੇ ਹਨ।ਮਾਂ ਕਦੇ ਵੀ ਆਪਣੇ ਬੱਚਿਆਂ ਦੇ ਲੱਗੀ ਸੱਟ ਨਹੀਂ ਝੱਲ ਸਕਦੀ।ਮਾਂ ਦੇ ਪੈਰ੍ਹਾਂ ਵਿੱਚ ਜੰਨਤ ਦਾ ਨਜ਼ਾਰਾ ਹੁੰਦਾ ਹੈ।ਇਹ ਓਹੀ ਲੋਕ ਮਾਣਦੇ ਹਨ ਜੋ ਮਾਂ ਦਾ ਸਤਿਕਾਰ ਕਰਕੇ ਉਸਦੀ ਕਦਰ ਕਰਦੇ ਹਨ ਤੇ ਮਾਂ ਦਾ ਆਸ਼ਿਰਵਾਦ ਪ੍ਰਾਪਤ ਕਰਦੇ ਹਨ।ਉਦਾਹਰਨ ਵਜੋਂ ਇਬਰਾਹਿਮ ਲਿੰਕਨ ਨੇ ਕਿਹਾ ਹੈ ਕਿ

” ਮੈਂ ਅੱਜ ਜੋ ਕੁੱਝ ਵੀ ਹਾਂ ਜਾ ਬਣ ਸਕਦਾ ਹਾਂ।”ਉਹ ਸਿਰਫ ਆਪਣੀ ਮਾਂ ਕਰਕੇ ਹੀ ਹਾਂ।ਮਾਂ ਦਾ ਪਿਆਰ ਨਸੀਬਾਂ ਵਾਲਿਆਂ ਨੂੰ ਮਿਲਦਾ ਹੈ।ਮਾਂ ਤਾਂ ਰੱਬ ਦਾ ਦੂਜਾ ਰੂਪ ਹੈ।ਪੰਜਾਬੀ ਮਸਹੂਰ ਗਾਇਕ ਕੁਲਦੀਪ ਮਾਣਕ ਨੇ ਆਪਣੇ ਗੀਤ ਵਿੱਚ ਮਾਂ ਬਾਰੇ ਸੱਚ ਕਿਹਾ ਹੈ-

ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ ।ਹਰਭਜਨ ਮਾਨ ਦੇ ਗੀਤ ਵਿੱਚ ਵੀ ਮਾਂ ਬਾਰੇ ਬਹੁਤ ਪਿਆਰੇ ਸ਼ਬਦ ਕਹੇ ਹਨ-

ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ ਪਰਛਾਵਾਂ

ਮਾਂਏ ਤੇਰੇ ਵੇਹੜੇ ਵਿਚ ਰੱਬ ਵਸਦਾ 

ਤੈਥੋਂ ਪਲ ਵੀ ਦੂਰ ਨਾ ਜਾਵਾਂ।

ਇੱਕ ਮਾਂ ਹੀ ਹੈ ਜਿਸਦਾ ਦੇਣਾ ਕੋਈ ਨਹੀਂ ਦੇ ਸਕਦਾ। ਮਾਂ ਸਾਡੇ ਲਈ ਬਹੁਤ ਕੁੱਝ ਕਰਦੀ ਹੈ ਸਾਡੀ ਖੁਸ਼ੀ ਲਈ ਆਪ ਦੁੱਖ ਸਹਾਰਦੀ ਹੈ।ਅਸੀਂ ਕਿੰਨੀ ਮਰਜੀ ਕੋਸ਼ਿਸ਼ ਕਰ ਲਈਏ ਪਰ ਮਾਂ ਦਾ ਕਰਜ਼ਾ ਕਦੇ ਨਹੀਂ ਚੁਕਾ ਸਕਦੇ। ਮਾਂ ਦੀ ਮਮਤਾ ਹਮੇਸ਼ਾ ਨਿਰ-ਸਵਾਰਥ ਹੁੰਦੀ ਹੈ।ਦੋਸਤੋਂ ਇਸ ਦੁਨੀਆਂ ਦੇ ਜਿੰਨੇ ਵੀ ਰਿਸ਼ਤੇ ਹਨ ਸਭ ਮਤਲਬੀ ਹਨ ਸਿਰਫ ਮਾਂ ਦਾ ਰਿਸ਼ਤਾ ਹੀ ਅਜਿਹਾ ਹੈ ਜੋ ਬਿਨਾਂ ਮਤਲਬ ਲਾਲਚ ਦੇ ਹੈ।ਮਾਂ ਦਾ ਰਿਸ਼ਤਾ ਹੀ ਸਭ ਤੋਂ ਸੱਚਾ ਹੈ।ਕਿਸੇ ਸਾਇਰ ਨੇ ਸਹੀ ਕਿਹਾ ਹੈ ਕਿ —

ਮਾਂ ਦੇ ਲਈ ਸੱਭ ਨੂੰ ਛੱਡ ਦਿਓ... 

ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ

ਮਾਂ ਕਦੇ ਵੀ ਕਿਸੇ ਵੀ ਚੀਜ ਏਥੋਂ ਤੱਕ ਕਿ ਪਿਆਰ ਦਾ ਵੀ ਦਿਖਾਵਾ ਨਹੀਂ ਕਰਦੀ।ਮਾਂ ਤਾਂ ਮਾਂ ਹੀ ਹੁੰਦੀ ਹੈ ਮਾਂ ਨਾਲ ਹੀ ਸਾਰਾ ਕੁੱਝ ਚੰਗਾ ਲੱਗਦਾ ਹੈ।ਜੋ ਲੋਕ ਮਾਂ ਦੀ ਕਦਰ ਕਰਦੇ ਹਨ ਉਹ ਹਮੇਸ਼ਾ ਖੁਸ਼ ਰਹਿੰਦੇ ਹਨ।ਜਦੋਂ ਕਿਸੇ ਇਨਸਾਨ ਨੂੰ ਸਾਰੀ ਦੁਨੀਆਂ ਬੇਗਾਨਾ ਕਰ ਦਿੰਦੀ ਹੈ।ਭਾਵ ਦੁਰਕਾਰ ਦਿੰਦੀ ਹੈ ਤਾਂ ਇੱਕ ਮਾਂ ਹੀ ਹੈ ਜੋ ਉਸਨੂੰ ਸਹਾਰਾ ਦਿੰਦੀ ਹੈ ਗੱਲ ਨਾਲ ਲਾਉਂਦੂ ਹੈ। ਦੋਸਤੋਂ ਸਭ ਤੋਂ ਅਨਮੋਲ ,ਸਦੀਵੀ ,ਅਨੋਖਾ ਰਿਸ਼ਤਾ ਮਾਂ ਦਾ ਹੁੰਦਾ ਹੈ ।ਮਾਂ ਦਾ ਪਿਆਰ ਰਿਸ਼ਤਾ ਅਜਿਹਾ ਹੁੰਦਾ ਹੈ ਜੋ ਹਰ ਇੱਕ ਮਨੁੱਖ ਚਾਹੁੰਦਾ ਹੈ ਕਿ ਮਾਂ ਕਦੇ ਨਾ ਵਿਛੜੇ ,ਮਾਂ ਦਾ ਪਿਆਰ ਕਦੇ ਨਾ ਖੁੱਸੇ। ਦੁਨੀਆਂ ਦੀਆਂ ਸਭ ਚੀਜ਼ਾਂ ‘ਚੋਂ ਇੱਕ ਸਿਰਫ ਮਾਂ ਦਾ ਪਿਆਰ ਹੀ ਸੱਚਾ ਹੈ

ਮੈਂ ਇਹੋ ਦੁਆ ਕਰਦੀ ਹਾਂ ਕਿ ਦੁਨੀਆਂ ਦੀ ਹਰ ਇੱਕ ਮਾਂ ਹਮੇਸ਼ਾ ਖੁਸ਼ ਰਹੇ ਤੇ ਕਦੇ ਵੀ ਮਾਂ ਨੂੰ ਕੋਈ ਤੱਤੀ ਵਾਹ ਨਾ ਲੱਗੇ।ਦੁਨੀਆਂ ਦੀ ਹਰ ਮਾਂ ਲਈ ਮੇਰੀ ਕਲਮ ਚੋਂ ਇੱਕ ਸ਼ਾਇਰ —

 

ਮਾਂ ਸ਼ਬਦ ਹੋਵੇ ਮੇਰੀ ਕਲਮ ਦੀ ਨੁੱਕਰੇ ,

ਬੱਸ ਮਾਂ ਖੁਸ਼ ਰਹੇ ਇਹੋ ਹੀ ਉੱਕਰੇ ।

ਮਾਂ ਦੇ ਹਿੱਸੇ ਦੇਵੀ ਹਰ ਸੁੱਖ ਮੇਰਾ ,

ਮਾਂ ਦੀ ਅੱਖ ਚੋਂ ਕਦੇ ਵੀ ਹੰਝੂ ਨਾ ਨੁੱਚੜੇ।

ਗਗਨ ਮਾਂ ਦੇ ਪੈਰ੍ਹੀ ਹੀ ਜੰਨਤ ਹੈ ,

ਰੱਬਾ ਇਹ ਜੰਨਤ ਕਦੇ ਨਾ ਉੱਜੜੇ ।

 

ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ।

ਝਲੂਰ ਬਰਨਾਲਾ ।

ਮਾਂ ਦੀ ਮਮਤਾ ✍️ ਸੰਦੀਪ ਦਿਉੜਾ

                         ਇੱਕ ਦਿਨ ਮੈਂ, ਮੇਰੀ ਪਤਨੀ ਅਤੇ ਮੇਰਾ ਇੱਕ ਖਾਸ ਮਿੱਤਰ ਉਸੇ ਦੀ ਹੀ ਕਾਰ ਰਾਹੀਂ ਲੁਧਿਆਣੇ ਇੱਕ ਪਰਿਵਾਰਿਕ ਫੰਕਸ਼ਨ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਸੀ। 

     ਨਵੀਆਂ ਚੌੜੀਆਂ ਸੜਕਾਂ ਅਤੇ ਉੱਚੇ ਉੱਚੇ ਪੁੱਲਾਂ ਨੂੰ ਦੇਖ ਕੇ ਇੰਝ ਲੱਗ ਰਿਹਾ ਸੀ ਜਿਵੇਂ ਅਸੀਂ ਬਾਹਰਲੇ ਦੇਸ਼ ਵਿੱਚ ਹੋਈਏ। ਅਣਗਿਣਤ ਕਾਰਾਂ ਸੜਕ ਦੇ ਉੱਤੇ ਇੱਧਰੋ ਉਧਰੋ ਤੇ ਉਧਰੋ ਇੱਧਰੋ ਤੇਜ਼ ਰਫਤਾਰ ਵਿੱਚ ਭੱਜ ਰਹੀਆਂ ਸਨ। ਕਾਰਾਂ ਦੀ ਗਿਣਤੀ ਤੇ ਰਫਤਾਰ ਹੀ ਮੈਨੂੰ ਬਾਹਰਲੇ ਦੇਸ਼ ਦੀ ਤਰ੍ਹਾਂ ਕਹਿਣ ਲਈ ਮਜਬੂਰ ਕਰ ਰਹੀ ਹੈ। ਭਾਵੇਂ ਅਜੇ ਸੜਕਾਂ ਉੱਥੋ ਵਰਗੀਆਂ ਨਹੀਂ ਹਨ ਪਰ ਵਹੀਕਲਾਂ ਦੀ ਗਿਣਤੀ ਉਸੇ ਤਰ੍ਹਾਂ ਹੀ ਭਾਰਤ ਵਿੱਚ ਵੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। 

         ਅਚਾਨਕ ਮੇਰੀ ਨਜ਼ਰ ਥੋੜ੍ਹੀ ਦੂਰੀ ਤੇ ਖੱਬੇ ਪਾਸੇ ਪਈ। ਮੈਂ ਦੇਖਿਆ ਕਿ ਇੱਕ ਛੋਟਾ ਜਿਹਾ ਕਤੂਰਾ ਕਿਸੇ ਵਹੀਕਲ ਦੇ ਨਾਲ ਟੱਕਰ ਖਾਹ ਕੇ ਖੱਬ ਪਾਸੇ ਡਿੱਗਿਆ ਪਿਆ ਸੀ। ਸ਼ਾਇਦ ਕੁਝ ਦੇਰ ਪਹਿਲਾਂ ਹੀ ਉਸਨੂੰ ਇਹ ਟੱਕਰ ਲੱਗੀ ਹੋਣੀ ਹੈ। ਕਤੂਰਾ ਬਿਨਾਂ ਕਿਸੇ ਹਿੱਲਜੁੱਲ ਦੇ ਸੜਕ ਉੱਤੇ ਪਿਆ ਸੀ ਪਰ ਉਸਦੀ ਮਾਂ ਉਸਦੇ ਕੋਲ ਬਿਨਾਂ ਰੁਕੇ ਹੀ ਭੌਕੀ ਜਾ ਰਹੀ ਸੀ। ਜਿਵੇਂ ਆਪਣੇ ਬੱਚੇ ਨੂੰ ਸਮਝਾ ਰਹੀ ਹੋਵੇ ਕਿ ਚੱਲ ਬੱਚੇ ਸੜਕ ਉੱਤੇ ਬਹੁਤ ਭੀੜ ਹੈ ਕਿਤੇ ਕੋਈ ਅਣਹੋਣੀ ਨਾ ਹੋ ਜਾਵੇ। 

        ਉਸਦੇ ਦਿਲ ਡਰ ਤਾਂ ਸੜਕ ਉੱਤੇ ਸੱਚ ਹੋਇਆਂ ਪਿਆ ਸੀ। ਉਹ ਕਦੇ ਉਸਨੂੰ ਹਿਲਾਉਣ ਦੀ ਕੋਸ਼ਿਸ਼ ਕਰਦੀ, ਕਿਤੇ ਮੂੰਹ ਨਾਲ ਖਿੱਚਣ ਦੀ ਅਤੇ ਕਦੇ ਉਸਦੇ ਆਸੇ ਪਾਸੇ ਚੱਕਰ ਕੱਟਣ ਲੱਗ ਜਾਂਦੀ ਤੇ ਫ਼ਿਰ ਭੌਕਣ ਲੱਗ ਜਾਂਦੀ। ਪਰ ਉਹ ਬੇਜਾਨ ਉਸੇ ਤਰ੍ਹਾਂ ਹੀ ਸੜਕ ਉੱਤੇ ਪਿਆ ਹੁੰਦਾ ਹੈ। 

               ਨੇੜਲੇ ਹੀ ਖੇਤਾਂ ਵਿੱਚ ਕੰਮ ਕਰ ਰਹੇ ਕੁਝ ਬੰਦਿਆਂ ਨੇ ਉਸਨੂੰ ਉੱਥੋ ਦੂਰ ਭਜਾਉਣ ਦੀ ਕੋਸ਼ਿਸ਼ ਕੀਤੀ ਕਿਤੇ ਇਹ ਵੀ ਕਿਸੇ ਵਹੀਕਲ ਦੇ ਥੱਲ੍ਹੇ ਹੀ ਨਾ ਆ ਜਾਵੇ। ਪਰ ਇੱਕ ਉਹ ਸੀ ਜੋ ਜਾਣ ਦੀ ਥਾਂ ਤੇ ਉਹਨਾਂ ਉੱਤੇ ਵੀ ਭੌਕਣ ਲੱਗ ਪਈ। ਉਹਨਾਂ ਨੇ ਦੂਰੋਂ ਪੱਥਰ ਮਾਰਿਆਂ ਤਾਂ ਉਹ ਡਰਦੇ ਮਾਰੇ ਉੱਥੋਂ ਭੱਜ ਗਈ। ਹੁਣ ਉਹ ਪਿੱਛੇ ਮੁੜ ਮੁੜ ਕੇ ਹੀ ਦੇਖਦੀ ਜਾ ਰਹੀ ਸੀ। ਜਿਵੇਂ ਉਹਨਾਂ ਨੂੰ ਆਖ ਰਹੀ ਹੋਵੇ ਕਿ ਮੈਨੂੰ ਮੇਰੇ ਲਾਡਲੇ ਦਾ ਆਖਰੀ ਵਾਰ ਚਿਹਰਾ ਤਾਂ ਦੇਖ ਲੈਣ ਦਿਉ। ਉਸ ਦੇ ਦਿਲ ਦੀਆਂ ਭਾਵਨਾਵਾਂ ਨੂੰ ਕੋਈ ਵੀ ਨਹੀਂ ਸੀ ਸਮਝ ਪਾ ਰਿਹਾ। ਸੜਕ ਉੱਤੇ ਉਸੇ ਹੀ ਤਰ੍ਹਾਂ ਤੇਜ਼ੀ ਰਫਤਾਰ ਨਾਲ ਵਹੀਕਲ ਆ ਤੇ ਜਾ ਰਹੇ ਸਨ। ਉਸ ਦੀਆਂ ਭਾਵਨਾਵਾਂ ਜਾਂ ਮਾਂ ਦੀ ਮਮਤਾ ਨੂੰ ਸਮਝਣ ਵਾਲਾ ਕੋਈ ਵੀ ਨਹੀਂ ਸੀ ਕਿਉਂਕਿ ਅਸੀਂ ਸਾਰੇ ਇਨਸਾਨ ਹਾਂ ਜੋ ਅੱਜਕੱਲ੍ਹ ਤੇਜ਼ ਰਫਤਾਰ ਮਸ਼ੀਨੀ ਯੁੱਗ ਵਿੱਚ ਮਸ਼ੀਨ ਹੀ ਬਣ ਕੇ ਰਹਿ ਗਏ ਹਾਂ।

                        ਸੰਦੀਪ ਦਿਉੜਾ

                     8437556667

ਮਾਂ ਦਿਵਸ ਤੇ ਵਿਸ਼ੇਸ਼ ✍️ ਪੂਜਾ ਰਤੀਆ

ਦੁਨੀਆਂ ਭਰ ਵਿੱਚ ਮਾਂ ਦਿਵਸ ਮਨਾਇਆ ਜਾਂਦਾ ਹੈ। ਲੜਕਾ ਅਤੇ ਲੜਕੀ ਲਈ ਮਾਂ ਦਾ ਮਹੱਤਵ ਬਰਾਬਰ ਹੁੰਦਾ ਹੈ। ਦੋਨਾਂ ਦੀ ਜ਼ਿੰਦਗੀ ਮਾਂ ਬਿਨਾਂ ਅਧੂਰੀ ਹੈ। ਇੱਕ ਮਾਂ ਹੋਣ ਦੇ ਨਾਤੇ ਔਰਤ ਹੋਰ ਵੀ ਕਈ ਰਿਸ਼ਤੇ ਨਿਭਾਉਂਦੀ ਹੈ ਜਿਵੇਂ - ਬੇਟੀ,ਨੂੰਹ,ਪਤਨੀ ਆਦਿ। ਪਰ ਕੀ ਸਿਰਫ਼ ਮਾਂ ਦਿਵਸ ਤੇ ਹੀ ਮਾਂ ਨਾਲ਼ ਫੋਟੋਆ, ਸ਼ਾਇਰੀ ਯਾਦ ਆਉਂਦੀ ਹੈ।ਅਗਲੇ ਦਿਨ ਹੀ ਮਾਂ ਪ੍ਰਤੀ ਜੋ ਸਾਡੇ ਫਰਜ਼ ਨੇ ਉਹ ਅਸੀਂ ਭੁੱਲ ਜਾਂਦੇ ਹਾਂ।ਇਸਦਾ ਮਤਲਬ ਤਾਂ ਮਾਂ ਦਾ ਸਿਰਫ਼ ਇਕ ਦਿਨ ਹੀ ਹੋਇਆ।
ਮੇਰੇ ਹਿਸਾਬ ਨਾਲ ਮਾਂ ਦਿਵਸ ਦਾ ਦਿਨ ਭਟਕੇ ਹੋਏ ਇਨਸਾਨਾਂ ਨੂੰ ਸਹੀ ਰਾਹ ਦੇਣਾ ਹੈ ਕਿ ਉਸਦੇ ਜੋ ਫਰਜ਼ ਹਨ ਨਿਭਾਵੇ।ਅਸੀਂ ਅੱਜ ਕੱਲ੍ਹ ਦੇਖਦੇ ਹਾਂ ਬਿਰਧ ਆਸ਼ਰਮ ਹਰ ਸ਼ਹਿਰ ਵਿੱਚ ਹਨ ਕੀ ਉੱਥੇ ਮਾਵਾਂ ਨਹੀਂ?ਜਦੋਂ ਅਸੀਂ ਆਪਣੇ ਮਾਂ - ਬਾਪ ਨੂੰ ਉੱਥੇ ਛੱਡ ਕੇ ਆਉਂਦੇ ਹਾਂ ਓਦੋਂ ਸਾਡੇ ਮਾਂ ਦਿਵਸ ਕਿੱਥੇ ਹੁੰਦੇ ਹਨ? 
ਇਹ ਮਾਂ ਦਿਵਸ ਤਾਂ ਮਨਾਇਆ ਜਾਂਦਾ ਹੈ ਕਿ ਜੋ ਮਾਂ ਆਪਣੀ ਸਾਰੀ ਜ਼ਿੰਦਗੀ ਆਪਣੇ ਘਰ ਅਤੇ ਬੱਚਿਆਂ ਨੂੰ ਸਮਰਪਿਤ ਕਰਦੀ ਹੈ ਕਦੇ ਉਸ ਲਈ ਵੀ ਦਿਨ ਹੋਏ ਕਿ ਜਿਸ ਦਿਨ ਉਹ ਆਪਣੀ ਜ਼ਿੰਦਗੀ ਦਾ ਅਹਿਮ ਪਲ ਮਨਾ ਸਕੇ। ਤੁਸੀਂ ਦੇਖਦੇ ਹੋਵੋਂਗੇ ਕਿ ਕਈ ਘਰਾਂ ਵਿੱਚ ਕੇਕ ਕੱਟ ਕੇ, ਸ਼ੂਟ ਦੇ ਕੇ ਜਾਂ ਜੋ ਚੀਜ਼ ਮਾਂ ਨੂੰ ਪਸੰਦ ਹੁੰਦੀ ਹੈ ਉਹ ਦੇ ਕੇ,ਮਾਂ ਸ਼ਰਮਾਉਂਦੀ ਵੀ ਹੈ ਅਤੇ ਅੰਦਰੋ ਅੰਦਰੀ ਖੁਸ਼ੀ ਮਾਰੇ ਭੁੱਬਾ ਵੀ ਉਛਾਲੇ ਮਾਰ ਰਹੀਆਂ ਹੁੰਦੀਆਂ ਹਨ।ਪਰ ਮਾਂ ਨੂੰ ਇਨ੍ਹਾਂ ਸਭ ਚੀਜਾਂ ਨਾਲੋਂ ਇੱਕ ਚੰਗਾ ਇਨਸਾਨ ਬਣ ਕੇ ਦਿਖਾਵੋ ਤਾਂ ਕੇ ਪੂਰੇ ਸਮਾਜ ਵਿੱਚ ਨਜ਼ਰਾ ਚੁੱਕ ਕੇ ਤੁਰ ਸਕੇ,ਨਾ ਕੇ ਨਸ਼ਿਆ ਜਾਂ ਸਮਾਜਿਕ ਬੁਰਾਈਆਂ ਨੂੰ ਅਪਣਾ ਕੇ ਉਨ੍ਹਾਂ ਦਾ ਸਿਰ ਝੁਕਾਓ।
ਫਿਰ ਹਰ ਦਿਨ ਹੀ ਉਸ ਲਈ ਅਤੇ  ਤੁਹਾਡੇ ਲਈ ਮਾਂ ਦਿਵਸ ਹੋਵੇਗਾ।
ਸਭ ਤੋਂ ਪਹਿਲਾ ਮੇਰੀ ਭਾਰਤ ਮਾਂ ਅਤੇ ਪੂਰੇ ਭਾਰਤ ਵਿੱਚ ਰਹਿ ਰਹੀਆਂ ਮਾਤਾਵਾਂ ਨੂੰ ਸ਼ੁਭਕਾਮਨਾਵਾਂ।
ਪੂਜਾ
ਸ਼ਹਿਰ - ਰਤੀਆ (ਹਰਿਆਣਾ)
9815591967

ਸ਼ਬਦਾਂ ਦੀ ਪਰਵਾਜ਼ ✍️ ਜਸਵੀਰ ਸਿੰਘ ਪਾਬਲਾ

ਪੰਜਾਬੀ ਸ਼ਬਦਾਵਲੀ ਵਿੱਚ 'ਪ' ਧੁਨੀ ਦੇ ਅਰਥ: ਭਾਗ 1.

             ਪੰਜਾਬੀ ਸ਼ਬਦਾਵਲੀ ਵਿੱਚ ਹਰ ਧੁਨੀ ਦੇ ਅਰਥ ਹਨ ਅਤੇ ਧੁਨੀਆਂ ਦੇ ਅਰਥਾਂ ਨੂੰ ਪ੍ਰਮੁੱਖ ਰੱਖ ਕੇ ਹੀ ਸ਼ਬਦਾਂ ਵਿੱਚ ਲੋੜ ਅਨੁਸਾਰ ਉਹਨਾਂ ਦੀ ਵਰਤੋਂ ਕੀਤੀ ਗਈ ਹੈ। ਇਸ ਸੰਬੰਧ ਵਿੱਚ ਇਸ ਗੱਲ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਿਆ ਗਿਆ ਹੈ ਕਿ ਹਰ ਸ਼ਬਦ ਦੇ ਅਰਥਾਂ ਨੂੰ ਤੋੜ ਚੜ੍ਹਾਉਣ ਲਈ ਕਿਸੇ ਪੱਖੋਂ ਵੀ ਕੋਈ ਘਾਟ ਨਾ ਰਹੇ। ਸ਼ਬਦਾਂ ਨੂੰ ਨੀਝ ਨਾਲ਼ ਦੇਖਿਆਂ ਪਤਾ ਲੱਗਦਾ ਹੈ ਕਿ ਹਰ ਸ਼ਬਦ ਵਿੱਚ ਧੁਨੀਆਂ ਨੂੰ ਏਨੀ ਨਿਪੁੰਨਤਾ ਨਾਲ਼ ਬੀੜਿਆ ਗਿਆ ਹੈ ਕਿ ਕੋਈ ਅੱਖਰ ਤਾਂ ਕੀ ਸਗੋਂ ਕਿਸੇ ਲਗ ਜਾਂ ਲਗਾਖਰ ਤੱਕ ਦੀ ਵੀ ਬਿਨਾਂ ਲੋੜ ਤੋਂ ਵਰਤੋਂ ਨਹੀਂ ਕੀਤੀ ਗਈ। ਇਸ ਲੇਖ ਵਿੱਚ ਪੇਸ਼ ਹੈ ਪੰਜਾਬੀ ਸ਼ਬਦਾਵਲੀ ਵਿੱਚ 'ਪ' ਧੁਨੀ ਦੇ ਅਰਥ ਅਤੇ ਇਸ ਦੀ ਵਰਤੋਂ ਸੰਬੰਧੀ ਕੁਝ ਮਹੱਤਵਪੂਰਨ ਤੱਥ।

        'ਸ਼ਬਦਾਂ ਦੀ ਪਰਵਾਜ਼': ਭਾਗ-2 ਵਿੱਚ 'ਪਹਿਰ/ਦੁਪਹਿਰ' ਸ਼ਬਦਾਂ ਦੀ ਵਿਉਤਪਤੀ ਬਾਰੇ ਵਿਚਾਰ ਕਰਦਿਆਂ 'ਪ' ਧੁਨੀ ਨਾਲ਼ ਬਣੇ ਕੁਝ ਸ਼ਬਦਾਂ, ਜਿਵੇਂ: ਪਹਿਰ, ਦੁਪਹਿਰ, ਪੰਛੀ, ਪੰਖ, ਪੱਖ, ਪਾਸਾ, ਪਰ ਆਦਿ ਦਾ ਜ਼ਿਕਰ ਆਇਆ ਸੀ। ਇਸ ਭਾਗ ਵਿੱਚ ਦੱਸਿਆ ਗਿਆ ਸੀ ਕਿ ਇਹਨਾਂ ਸਾਰੇ ਸ਼ਬਦਾਂ ਵਿੱਚ ਆਏ 'ਪ' ਅੱਖਰ ਦੇ ਅਰਥ; ਦੋ ਦੂਜਾ, ਦੂਜੇ ਆਦਿ ਹਨ। ਦੂਜੀ ਗੱਲ ਇਹ ਕਿ ਪ ਧੁਨੀ ਨਾਲ਼ ਬਣੇ ਕੁਝ ਸ਼ਬਦਾਂ ਨਾਲ਼ ਸੰਬੰਧਿਤ ਚੀਜ਼ਾਂ ਦੇ ਇੱਕੋ-ਜਿਹੇ ਦੋ ਜਾਂ ਦੋ ਤੋਂ ਵੱਧ ਪੱਖ ਜਾਂ ਪਾਸੇ ਹੁੰਦੇ ਹਨ; ਮਿਸਾਲ ਦੇ ਤੌਰ 'ਤੇ ਪੰਖ ਸ਼ਬਦ ਵਿਚਲੇ ਪ ਅੱਖਰ ਦਾ ਭਾਵ ਹੈ- ਦੋ (ਪੰਖ); ਪੰਨਾ (ਸਫ਼ਾ) ਅਰਥਾਤ ਇੱਕ ਵਰਕੇ ਜਾਂ ਕਾਗ਼ਜ਼ ਦੇ ਦੋ ਪਾਸੇ ਜਾਂ ਕਿਸੇ ਕਿਤਾਬ ਜਾਂ ਕਾਪੀ ਆਦਿ ਦੇ ਬਹੁਤ ਸਾਰੇ (ਦੋ ਤੋਂ ਵੱਧ) ਪੰਨੇ ਅਤੇ ਪਹਿਰ ਸ਼ਬਦ ਵਿਚਲੇ ਪ+ਅਹਿਰ (ਦੋ/ਦੂਜਾ/ਦੂਜੇ + ਦਿਨ) ਦਾ ਭਾਵ ਹੈ- ਦਿਨ ਦੇ ਵੱਖ-ਵੱਖ ਬਰਾਬਰ ਭਾਗਾਂ ਵਿਚਲੇ ਅੱਠ ਪਹਿਰਾਂ (ਦੋ ਤੋਂ ਵੱਧ) ਵਿੱਚੋਂ ਇੱਕ ਪਹਿਰ। ਪਰ ਉਸ ਲੇਖ ਦਾ ਵਿਸ਼ਾ ਕਿਉਂਕਿ ਕੇਵਲ ਦਸਹਿਰਾ, ਪਹਿਰ ਜਾਂ ਦੁਪਹਿਰ ਆਦਿ ਸ਼ਬਦਾਂ ਤੱਕ ਹੀ ਸੀਮਿਤ ਸੀ ਇਸ ਲਈ ਉਸ ਲੇਖ ਵਿੱਚ ਉਪਰੋਕਤ ਵਿਸ਼ੇ ਨਾਲ਼ ਸੰਬੰਧਿਤ ਕੇਵਲ ਕੁਝ ਇਕ ਸ਼ਬਦਾਂ ਦੀ ਹੀ ਵਿਆਖਿਆ ਕੀਤੀ ਜਾ ਸਕਦੀ ਸੀ। ਇਸ ਲੇਖ ਵਿੱਚ ਵੀ ਬੇਸ਼ੱਕ 'ਪ' ਧੁਨੀ ਦੀ ਸ਼ਮੂਲੀਅਤ ਵਾਲ਼ੇ ਸਾਰੇ ਸ਼ਬਦਾਂ ਦਾ ਜ਼ਿਕਰ ਤਾਂ ਸੰਭਵ ਨਹੀਂ ਪਰ ਫਿਰ ਵੀ ਕੋਸ਼ਸ਼ ਕੀਤੀ ਗਈ ਹੈ ਕਿ ਅਜਿਹੇ ਸ਼ਬਦਾਂ ਦਾ ਜ਼ਿਕਰ ਜ਼ਰੂਰ ਕੀਤਾ ਕੀਤਾ ਜਾਵੇ ਜਿਨ੍ਹਾਂ ਦੀ ਵਰਤੋਂ ਸਾਡੀ ਰੋਜ਼ਮੱਰਾ ਦੀ ਬੋਲੀ ਵਿੱਚ ਅਕਸਰ ਕੀਤੀ ਜਾਂਦੀ ਹੈ ਤਾਂਜੋ ਇਹ ਸਪਸ਼ਟ ਹੋ ਸਕੇ ਕਿ ਧੁਨੀਆਂ ਦੇ ਬਾਕਾਇਦਾ ਅਰਥ ਹੁੰਦੇ ਹਨ ਅਤੇ ਹਰ ਸ਼ਬਦ ਵਿੱਚ ਹਰ ਧੁਨੀ ਦਾ ਕੋਈ ਨਾ ਕੋਈ ਅਰਥ ਹੁੰਦਾ ਹੈ। ਹਾਂ, ਧੁਨੀਆਂ ਦੀਆਂ ਕਲਾਵਾਂ ਕਾਰਨ ਇਹਨਾਂ ਦੇ ਅਰਥਾਂ ਵਿੱਚ ਕਦੇ-ਕਦਾਈਂ ਥੋੜ੍ਹੀ-ਬਹੁਤ ਤਬਦੀਲੀ ਜ਼ਰੂਰ ਹੋ ਸਕਦੀ ਹੈ ਪਰ ਇਹ ਤਬਦੀਲੀਆਂ ਇਹਨਾਂ ਦੇ ਸੁਭਾਵਾਂ ਦਾ ਇੱਕ ਅਨਿੱਖੜਵਾਂ ਅੰਗ ਹੁੰਦੀਆਂ ਹਨ; ਇਹੋ ਤਬਦੀਲੀਆਂ ਕਿਸੇ ਸ਼ਬਦ ਦੇ ਦੋ ਜਾਂ ਦੋ ਤੋਂ ਵੱਧ ਅਰਥ ਹੋਣ ਦਾ ਆਧਾਰ, ਕਾਰਨ ਜਾਂ ਸਬਬ ਵੀ ਬਣਦੀਆਂ ਹਨ ਜਾਂ ਇਹ ਕਹਿ ਲਓ ਕਿ ਇਹ ਤਬਦੀਲੀਆਂ ਕਿਸੇ ਸ਼ਬਦ ਦੇ ਇੱਕ ਤੋਂ ਵੱਧ ਅਰਥ ਹੋਣ ਦਾ ਖ਼ੁਲਾਸਾ ਵੀ ਕਰਦੀਆਂ ਹਨ।

       ਸੋ, ਪ ਧੁਨੀ ਦੇ ਅਰਥ ਤਾਂ ਉੱਪਰ ਦੱਸ ਹੀ ਦਿੱਤੇ ਗਏ ਹਨ- ਦੋ, ਦੂਜਾ ਜਾਂ ਦੂਜੇ ਆਦਿ। ਲੇਖ ਦੇ ਅਗਲੇ ਭਾਗ ਵਿੱਚ ਇਹ ਸਿੱਧ ਕਰਨ ਦੀ ਕੋਸ਼ਸ਼ ਕੀਤੀ ਜਾਵੇਗੀ ਕਿ ਪੰਜਾਬੀ ਦੇ ਹਰ ਸ਼ਬਦ (ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਤੋਂ ਆਏ) ਵਿੱਚ ਪ ਧੁਨੀ ਦੇ ਅਰਥ: ਦੋ ਜਾਂ ਦੂਜਾ ਆਦਿ ਹੀ ਹਨ ਅਤੇ ਇਹ ਕਿ ਸ਼ਬਦ ਧੁਨੀਆਂ ਦੇ ਮੇਲ਼ ਤੋਂ ਹੀ ਬਣੇ ਹਨ ਅਤੇ ਪ ਧੁਨੀ ਦੇ ਅਰਥਾਂ ਵਾਂਗ ਹਰ ਧੁਨੀ ਦੇ ਆਪੋ-ਆਪਣੇ, ਵੱਖੋ-ਵੱਖਰੇ ਅਰਥ ਹੁੰਦੇ ਹਨ। 

        ਸਭ ਤੋਂ ਪਹਿਲਾਂ ਪੇਸ਼ ਹੈ ਇੱਕ ਦੋ-ਅੱਖਰੀ ਸ਼ਬਦ: ਪਰ। ਪੰਜਾਬੀ ਵਿੱਚ ਪਰ ਸ਼ਬਦ ਦੇ ਤਿੰਨ ਅਰਥ ਹਨ। ਇਸ ਸ਼ਬਦ ਵਿੱਚ 'ਪ' ਧੁਨੀ ਸ਼ਾਮਲ ਹੋਣ ਕਾਰਨ ਸੰਸਕ੍ਰਿਤ ਮੂਲ ਵਾਲ਼ੇ ਸ਼ਬਦ 'ਪਰ' ਦਾ ਪਹਿਲਾ ਅਰਥ ਹੈ; ਦੂਜਾ, ਪਰਾਇਆ, ਗ਼ੈਰ, ਅਜਨਬੀ ਅਾਦਿ, ਜਿਵੇਂ: ਪਰਦੇਸ, ਪਰਉਪਕਾਰ ਪਰਲੋਕ ਅਾਦਿ। ਇਸੇ ਮੂਲ ਦਾ ਹੋਣ ਕਾਰਨ ਹੀ ਇਸ ਸ਼ਬਦ ਨੂੰ ਲਗ-ਪਗ ਇਹਨਾਂ ਹੀ ਅਰਥਾਂ (ਦੂਜਾ, ਦੂਜੇ ਅਾਦਿ) ਵਿੱਚ ਇੱਕ ਯੋਜਕ (ਦੋ ਸਾਮਾਨ ਜਾਂ ਸਾਧਾਰਨ ਵਾਕਾਂ ਨੂੰ ਜੋੜਨ ਵਾਲ਼ਾ) ਦੇ ਤੌਰ 'ਤੇ ਵੀ ਵਰਤਿਆ ਜਾਂਦਾ ਹੈ, ਜਿਵੇਂ: "ਉਹ ਸਕੂਲ ਗਿਆ ਪਰ ਛੇਤੀ ਹੀ ਘਰ ਮੁੜ ਆਇਆ।"  ਇਸ ਵਾਕ ਵਿੱਚ ਦੋ ਗੱਲਾਂ ਹੋਣ ਬਾਰੇ ਦੱਸਿਆ ਦੱਸਿਆ ਗਿਆ ਹੈ- ਪਹਿਲੀ ਗੱਲ "ਉਸ ਦੇ ਸਕੂਲ ਜਾਣ ਦੀ" ਹੈ ਤੇ ਦੂਜੀ ਗੱਲ "ਉਸ ਦੇ ਘਰ ਮੁੜ ਆਉਣ ਦੀ" ਹੈ। ਇਹਨਾਂ ਦੋਂਹਾਂ ਵਾਕਾਂ ਨੂੰ ਜੋੜਨ ਵਾਲ਼ਾ ਯੋਜਕ (ਸਮਾਨ ਯੋਜਕ) 'ਪਰ' ਹੈ ਜੋਕਿ ਇੱਥੇ "ਦੂਜੀ ਗੱਲ" ਬਾਰੇ ਜਾਣਕਾਰੀ ਦੇ ਰਿਹਾ ਹੈ। ਸਪਸ਼ਟ ਹੈ ਕਿ ਇਸ ਸ਼ਬਦ ਦੇ ਅਜਿਹੇ ਅਰਥਾਂ ਦਾ ਕਾਰਨ ਇਸ ਵਿੱਚ ਪ ਧੁਨੀ  ਦਾ ਸ਼ਾਮਲ ਹੋਣਾ ਹੀ ਹੈ। ਇਸੇ ਸ਼ਬਦ ਪਰ ਦੇ ਤੀਸਰੇ ਅਰਥ ਹਨ- ਖੰਭ। ਇਹ ਸ਼ਬਦ ਫ਼ਾਰਸੀ ਭਾਸ਼ਾ ਦਾ ਹੈ ਅਤੇ ਇਸੇ ਤੋਂ ਹੀ ਫ਼ਾਰਸੀ ਭਾਸ਼ਾ ਦੇ ਪਰਿੰਦਾ (ਪਰਾਂ ਵਾਲ਼ੇ), ਪਰੀ, ਪਰਵਾਨਾ, ਪਰਵਾਜ਼ ਆਦਿ ਸ਼ਬਦ ਬਣੇ ਹਨ।

        ਜੇਕਰ ਧੁਨੀਆਂ ਦੀਆਂ ਕਲਾਵਾਂ ਦੀ ਗੱਲ ਕੀਤੀ ਜਾਵੇ ਤਾਂ ਉਪਰੋਕਤ ਅਨੁਸਾਰ ਸੰਸਕ੍ਰਿਤ ਮੂਲ ਵਾਲ਼ੇ ਸ਼ਬਦ 'ਪਰ' ਦੇ ਦੋ ਅਰਥ ਹਨ ਜਦ ਕਿ ਇਸ ਵਿੱਚ ਕੋਈ ਧੁਨੀ ਵੀ ਨਹੀਂ ਬਦਲੀ ਗਈ। ਜੇਕਰ 'ਪਰ' ਦੇ 'ਰਾਰੇ' 'ਤੇ 'ਲਾਂ' ਲਾ ਦੇਈਏ ਤਾਂ ਇਸ ਤੋਂ ਬਣੇ ਸ਼ਬਦ 'ਪਰੇ' ਦੇ ਅਰਥ ਹੋ ਜਾਣਗੇ: ਦੂਰ ਜਾਂ ਦੂਜੀ ਥਾਂ 'ਤੇ। ਇਸੇ ਤਰ੍ਹਾਂ ਜੇਕਰ ਇਸ (ਪਰ) ਦੇ ਵਿਚਕਾਰ ਇੱਕ ਮਧੇਤਰ (ਆ ਜਾਂ ਕੰਨਾ) ਲਾ ਦਿੱਤਾ ਜਾਵੇ ਤਾਂ ਸ਼ਬਦ 'ਪਾਰ' ਦਾ ਰੂਪ ਧਾਰ ਲਵੇਗਾ ਅਤੇ ਉਸ ਦੇ ਅਰਥ ਹੋ ਜਾਣਗੇ: ਕਿਸੇ ਥਾਂ ਜਾਂ ਚੀਜ਼ ਦੇ ਦੂਜੇ ਪਾਸੇ; ਜਿਵੇਂ: ਦਰਿਆਓਂ ਜਾਂ ਨਦੀਓਂ ਪਾਰ ਅਾਦਿ। ਆਰ-ਪਾਰ ਸ਼ਬਦ-ਜੁੱਟ ਵਿੱਚ ਵੀ 'ਆਰ' ਦਾ ਅਰਥ ਹੈ ਇਸ ਪਾਸੇ ਜਾਂ ਉਰਲੇ ਪਾਸੇ ਅਤੇ ਪਾਰ ਦਾ ਅਰਥ ਹੈ- ਦੂਜੇ ਪਾਸੇ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ 'ਪਾਰ' ਸ਼ਬਦ ਦਰਅਸਲ ਬਣਿਆ ਹੀ 'ਆਰ' ਸ਼ਬਦ ਦੇ ਮੂਹਰੇ ਪ ਦੀ ਧੁਨੀ ਲਾਉਣ ਨਾਲ਼  ਹੈ। ਇਸ ਤੋਂ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਕਿ ਪ ਧੁਨੀ ਦੇ ਅਰਥ ਦੋ ਜਾਂ ਦੂਜਾ ਹੋਣ ਕਾਰਨ ਹੀ ਇਸ ਧੁਨੀ ਨੂੰ ਇੱਕ ਨਵਾਂ ਸ਼ਬਦ ਪਾਰ (ਪ+ਆਰ) ਬਣਾਉਣ ਲਈ ਵਰਤਿਆ ਗਿਆ ਹੈ। ਇਸ ਪ੍ਰਕਾਰ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਵੇਂ-ਜਿਵੇਂ ਸ਼ਬਦਾਂ ਵਿੱਚ ਧੁਨੀਆਂ ਬਦਲਦੀਆਂ ਹਨ, ਤਿਵੇਂ-ਤਿਵੇਂ ਸ਼ਬਦਾਂ ਦੇ ਅਰਥ ਵੀ ਬਦਲ ਰਹੇ ਹਨ। ਸੋ, ਸਪਸ਼ਟ ਹੈ ਕਿ ਹਰ ਧੁਨੀ ਦਾ ਅਰਥ ਹੁੰਦਾ ਹੈ ਅਤੇ ਸਾਰੇ ਸ਼ਬਦ ਬਣੇ ਹੀ ਧੁਨੀਆਂ ਦੇ ਅਜਿਹੇ ਅਰਥਾਂ ਦੇ ਆਧਾਰ 'ਤੇ ਹਨ।

     ਪਰੰਪਰਾ ਸ਼ਬਦ ਦੇ ਕੋਸ਼ਗਤ ਅਰਥ ਹਨ: ਰਹੁ-ਰੀਤ, ਰਿਵਾਜ, ਰਵਾਇਤ ਪਰਿਪਾਟੀ ਆਦਿ ਪਰ ਜੇਕਰ ਇੱਕ ਧੁਨੀ-ਸਮੂਹ ਵਜੋਂ ਇਸ ਦੇ ਅਰਥ ਦੇਖਣੇ ਹੋਣ ਕਿ ਇਹ ਸ਼ਬਦ ਬਣਾਉਣ ਲਈ ਅਰਥਾਂ ਪੱਖੋਂ ਕਿਹੜੀਆਂ ਧੁਨੀਆਂ ( ਪ+ਰ+ਮ+ਪ+ਰ+ਆ ਜਾਂ ਕੰਨਾ) ਦੀ ਚੋਣ ਤੇ ਵਰਤੋਂ ਕਿਵੇਂ ਤੇ ਕਿਉਂ ਕੀਤੀ ਗਈ ਹੈ ਤਾਂ ਸਾਰੀ ਗੱਲ ਸਹਿਜੇ ਹੀ ਸਪਸ਼ਟ ਹੋ ਜਾਂਦੀ ਹੈ ਕਿ ਉਹ ਚੀਜ਼ ਜਾਂ ਪ੍ਰਕਿਰਿਆ ਜੋ ਭੂਤਕਾਲ ਤੋਂ ਸ਼ੁਰੂ ਹੋ ਕੇ ਸਾਡੇ ਤੱਕ ਪਹੁੰਚੀ ਹੋਵੇ (ਪਹਿਲੇ ਪ ਦੇ ਅਰਥ) ਅਤੇ ਉਸੇ ਹੀ ਪ੍ਰਾਰੂਪ ਵਿੱਚ ਵਰਤਮਾਨ ਸਮੇਂ ਤੋਂ ਭਵਿਖ (ਦੂਜੇ ਪ ਦੇ ਅਰਥ) ਵੱਲ ਜਾ ਰਹੀ ਹੋਵੇ; ਉਸੇ ਨੂੰ ਹੀ 'ਪਰੰਪਰਾ' ਕਿਹਾ ਜਾਂਦਾ ਹੈ। ਜ਼ਾਹਰ ਹੈ ਕਿ ਇਸ ਸ਼ਬਦ ਨੂੰ ਅਰਥਗਤ ਤੌਰ 'ਤੇ ਜਾਇਜ਼ ਠਹਿਰਾਉਣ ਲਈ ਮੁਢਲੇ ਸ਼ਬਦਕਾਰਾਂ ਨੂੰ ਦੋ ਪੱਪੇ (ਪ ਅੱਖਰ) ਦਰਕਾਰ ਸਨ। ਇਸੇ ਕਾਰਨ ਇਸ ਦੇ ਬਹੁਤ ਹੀ ਕਰੀਬੀ ਅਰਥਾਂ ਵਾਲ਼ੇ ਸ਼ਬਦ 'ਪਰਿਪਾਟੀ' (ਰੀਤ, ਦਸਤੂਰ, ਚਾਲ, ਪਰੰਪਰਾ, ਸਿਲਸਿਲਾ) ਵਿੱਚ ਵੀ ਦੋ ਪੱਪਿਆਂ ਦੀ ਹੀ ਵਰਤੋਂ ਕੀਤੀ ਗਈ ਹੈ। ਇੱਥੇ ਵੀ ਪਹਿਲੇ ਪ ਦਾ ਇਸ਼ਾਰਾ ਭੂਤਕਾਲ ਵੱਲ ਅਤੇ ਦੂਜੇ ਪ ਦਾ ਇਸ਼ਾਰਾ ਭਵਿਖਤਕਾਲ ਵੱਲ ਹੀ ਹੈ। ਇਸ ਤੋਂ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਕਿ ਧੁਨੀਆਂ ਦੇ ਬਾਕਾਇਦਾ ਅਰਥ ਹੁੰਦੇ ਹਨ ਅਤੇ ਸ਼ਬਦ ਸਿਰਜਣ ਦੀ ਪ੍ਰਕਿਰਿਆ ਵਿੱਚ ਧੁਨੀਆਂ ਮਹਿਜ਼ ਖ਼ਾਨਾਪੂਰਤੀ ਲਈ ਹੀ ਨਹੀਂ ਹੁੰਦੀਆਂ।

       ਇਸ ਤੋਂ ਬਿਨਾਂ ਪ ਤੇ ਰ  ਅੱਖਰਾਂ ਦੇ ਮੇਲ਼ ਤੋਂ ਬਣੇ ਤਿੰਨ ਸਜਾਤੀ ਅਗੇਤਰਾਂ; ਪਰ (ਪਰਾਇਆ, ਓਪਰਾ, ਦੂਜਾ) ਪਰਿ (ਆਲ਼ੇ-ਦੁਆਲ਼ੇ) ਅਤੇ ਪ੍ਰ    (ਦੂਰ-ਦੂਰ ਤੱਕ) ਦੀ ਉਦਾਹਰਨ ਪਾਠਕ ਪਿਛਲੇ ਲੇਖ (ਭਾਗ ਤਿੰਨ) ਵਿੱਚ ਦੇਖ ਹੀ ਚੁੱਕੇ ਹਨ ਕਿ ਪ ਤੇ ਰ ਦੀਆਂ ਮੂਲ ਧੁਨੀਆਂ ਸਾਂਝੀਆਂ ਹੋਣ ਦੇ ਬਾਵਜੂਦ ਬਾਕੀ ਧੁਨੀਆਂ ਅਤੇ ਉਹਨਾਂ ਦੀਆਂ ਕਲਾਵਾਂ ਰਲ਼ ਕੇ ਕਿਵੇਂ ਸ਼ਬਦ-ਰਚਨਾ ਵਿੱਚ ਆਪੋ-ਆਪਣੇ ਅਹਿਮ ਕਿਰਦਾਰ ਨਿਭਾ ਰਹੀਆਂ ਹਨ। ਇੱਕ ਝਲਕ:

   'ਪਰਨਾਲਾ' (ਸੰਸਕ੍ਰਿਤ ਵਿੱਚ: 'ਪ੍ਰਣਾਲ') ਸ਼ਬਦ ਵਿਚਲੇ 'ਪ' ਦੀ ਧੁਨੀ ਹੀ ਇਸ ਦੇ ਅਰਥਾਂ (ਛੱਤ ਉੱਪਰਲੇ ਪਾਣੀ ਨੂੰ "ਦੂਜੀ ਥਾਂ" 'ਤੇ ਸੁੱਟਣ ਵਾਲ਼ਾ) ਨੂੰ ਸਾਕਾਰ ਕਰ ਰਹੀ ਹੈ। ਪਰਾਹੁਣਾ (ਹਿੰਦੀ: ਪਾਹੁਨਾ) ਸ਼ਬਦ ਦੇ ਅਰਥ ਹਨ: ਰਿਸ਼ਤੇਦਾਰ ਜਾਂ ਮਿੱਤਰ ਆਦਿ ਭਾਵ ਕੋਈ ਦੂਜਾ ਵਿਅਕਤੀ ਜੋ ਥੋੜ੍ਹੀ ਦੇਰ ਲਈ ਘਰ ਆਇਆ ਹੋਵੇ। ਇਸ ਸ਼ਬਦ ਦੇ ਅਜਿਹੇ ਅਰਥਾਂ ਨੂੰ ਅੰਜਾਮ ਦੇਣ ਵਾਲ਼ੀ ਮੁੱਖ ਧੁਨੀ ਪ ਅਤੇ ਉਸ ਦੇ ਉਪਰੋਕਤ ਅਰਥ ਹੀ ਹਨ। ਮੂਲ ਰੂਪ ਵਿੱਚ 'ਪ੍ਰ' (ਅਰਥ: ਦੂਰ ਦੂਰ ਤੱਕ) ਅਗੇਤਰ ਤੋਂ ਬਣੇ ਸ਼ਬਦ 'ਪ੍ਰੇਤ' ਵਿੱਚ ਵੀ 'ਪ' ਦੀ ਧੁਨੀ ਹੀ ਇਸ ਦੇ ਅਰਥਾਂ ਨੂੰ ਸੰਪੂਰਨਤਾ ਦੇ ਰਹੀ ਹੈ-

 ਮਰ ਮੁੱਕ ਚੁੱਕੇ ਅਰਥਾਤ ਆਪਣੇ ਜੀਵਨ ਦੇ ਦੂਜੇ ਪਾਰ (ਪ ਧੁਨੀ ਦੇ ਅਰਥ) ਜਾ ਚੁੱਕੇ ਮਨੁੱਖ ਦੀ ਰੂਹ, ਭੂਤ ਜਿੰਨ ਆਦਿ। 'ਭੂਤ' ਸ਼ਬਦ ਦੇ ਵੀ ਇਸ ਵਿਚਲੀਆਂ ਧੁਨੀਆਂ ਅਨੁਸਾਰ ਇਹੋ ਹੀ ਅਰਥ ਹਨ।

      ਇਸੇ ਤਰ੍ਹਾਂ ਪ੍ਰਾਂਤ ਜਾਂ ਪ੍ਰਦੇਸ਼ ਦਾ ਅਰਥ ਹੈ- ਕਿਸੇ ਦੇਸ ਦਾ ਦੂਰ-ਦੂਰ (ਦੂਜੇ ਸਿਰੇ ਤੱਕ) ਦਾ ਇਲਾਕਾ। ਇਹ ਸ਼ਬਦ ਵੀ ਪ੍ਰ ਅਗੇਤਰ (ਅਰਥ= ਦੂਰ-ਦੂਰ ਤੱਕ) ਤੋਂ ਹੀ ਬਣਿਆ ਹੋਇਆ ਹੈ ਜਿਸ ਵਿੱਚ ਪ ਧੁਨੀ ਦੇ ਅਰਥ ਵੀ ਸ਼ਾਮਲ ਹਨ। ਇਸੇ ਤਰ੍ਹਾਂ 'ਪਰਦੇਸ' ਸ਼ਬਦ ਭਾਵੇਂ ਪਰ ਅਗੇਤਰ ਤੋਂ ਹੀ ਬਣਿਆ ਹੈ ਪਰ ਇਸ ਦੇ ਅਰਥ ਇਸ ਵਿੱਚ ਪ ਧੁਨੀ ਦੇ ਹੋਣ ਕਾਰਨ ਹੀ ਦੂਜਾ ਜਾਂ ਪਰਾਇਆ ਅਾਦਿ ਹਨ।

          'ਪ੍ਰਵਾਹ' (ਧਾਰਾ) ਸ਼ਬਦ 'ਪ੍ਰ+ਵਾਹ' ਸ਼ਬਦਾਂ ਦੇ ਮੇਲ਼ ਤੋਂ ਬਣਿਆ ਹੈ।ਇਸ ਵਿਚਲੇ ਪ੍ਰ ਅਗੇਤਰ ਦੇ ਅਰਥ ਉੱਪਰ ਲਿਖੇ ਅਨੁਸਾਰ ਹੀ ਹਨ: ਦੂਰ ਦੂਰ ਤੱਕ/ਦੂਜੀ ਥਾਂ ਤੱਕ ਗਿਆ ਜਾਂ ਫੈਲਿਆ ਹੋਇਆ; 'ਵਾਹ' ਸ਼ਬਦ 'ਵਹਿ' ਧਾਤੂ ਤੋਂ ਬਣਿਆ ਹੈ ਜਿਸ ਦੇ ਅਰਥ ਹਨ: ਵਹਿਣਾ, ਵਗਣਾ ਅੱਗੇ ਵੱਲ ਵਧਣਾ। ਸੋ, ਉਹ ਧਾਰਾ (ਪਾਣੀ ਜਾਂ ਰੀਤੀ ਰਿਵਾਜ ਆਦਿ ਦੀ) ਜੋ ਪਿੱਛੇ ਤੋਂ ਲੈ ਕੇ ਹੁਣ ਤੱਕ ਤੁਰੀ/ਚੱਲੀ ਆ ਰਹੀ ਹੋਵੇ ਅਤੇ ਬਦਸਤੂਰ ਅੱਗੇ ਵੱਲ ਵਧ (ਵਹਿ) ਰਹੀ ਹੋਵੇ, ਉਸ ਨੂੰ 'ਪ੍ਰਵਾਹ' ਕਿਹਾ ਜਾਂਦਾ ਹੈ। ਦੂਜਾ 'ਪਰਵਾਹ' (ਫ਼ਾਰਸੀ=ਪਰਵਾ) ਸ਼ਬਦ ਜਿਸ ਦੇ ਅਰਥ ਹਨ: ਧਿਆਨ, ਤਵੱਜੋ, ਚਿੰਤਾ, ਫ਼ਿਕਰ; ਫਾਰਸੀ ਭਾਸ਼ਾ ਦਾ ਹੈ ਅਤੇ ਇਸ ਨੂੰ ਪੂਰੇ ਰਾਰੇ ਨਾਲ਼ ਹੀ ਲਿਖਿਆ ਜਾਣਾ ਹੈ। ਮੂਲ ਰੂਪ ਵਿੱਚ ਇਹ ਸ਼ਬਦ  ਹਾਹੇ ਤੋਂ ਬਿਨਾਂ 'ਪਰਵਾ' ਹੀ ਹੈ ਪਰ ਪੰਜਾਬੀ/ਹਿੰਦੀ ਵਿੱਚ ਲੋਕ-ਉਚਾਰਨ ਕਾਰਨ ਇਸ ਵਿੱਚ ਹ ਦੀ ਧੁਨੀ ਜੁੜਨ ਕਰਕੇ ਇਸ ਦਾ ਤਦਭਵ ਰੂਪ 'ਪਰਵਾਹ' ਹੋ ਗਿਆ ਹੈ।  

      ਪਿਆਰ ਸ਼ਬਦ ਜੋ ਕਿ ਪ ਧੁਨੀ ਤੇ  ਇਸ ਦੇ ਅਰਥਾਂ ਤੋਂ ਹੀ ਬਣਿਆ ਹੈ, ਅੱਗੋਂ ਸੰਸਕ੍ਰਿਤ ਦੇ ਪ੍ਰਿਯ ਸ਼ਬਦ ਤੋਂ ਬਣਿਆ ਹੈ। ਪ੍ਰਿਯ ਸ਼ਬਦ ਤੋਂ ਹੀ ਪੀਆ (ਪ੍ਰੇਮੀ/ਪਤੀ) ਸ਼ਬਦ ਹੋਂਦ ਵਿੱਚ ਆਇਆ ਹੈ। ਪ੍ਰੀਤ ਅਤੇ ਪ੍ਰੀਤਮ ਆਦਿ ਸ਼ਬਦ ਵੀ ਪ ਧੁਨੀ ਦੇ ਅਰਥਾਂ ਤੇ ਹੀ ਆਧਾਰਿਤ ਹਨ। ਇਹਨਾਂ ਸਾਰੇ ਸ਼ਬਦਾਂ ਵਿੱਚ ਪ ਧੁਨੀ ਦੀ ਵਰਤੋਂ ਕਿਸੇ 'ਦੂਜੇ ਨਾਲ਼' (ਪ ਧੁਨੀ ਦੇ ਅਰਥ) ਨੇੜਤਾ ਵਾਲ਼ੇ ਸੰਬੰਧ (ਯ ਧੁਨੀ ਦੇ ਅਰਥ) ਪ੍ਰਗਟਾਉਣ ਲਈ ਕੀਤੀ ਗਈ ਹੈ। 

     'ਪੈਰ' ਸ਼ਬਦ ਵੀ ਸੰਸਕ੍ਰਿਤ ਮੂਲਿਕ ਸ਼ਬਦ ਹੈ ਜੋਕਿ ਪ ਧੁਨੀ ਤੋਂ ਹੀ ਬਣਿਆ ਹੈ। ਪ ਧੁਨੀ ਦੇ ਅਰਥਾਂ ਅਨੁਸਾਰ ਇਸ ਸ਼ਬਦ ਦੇ ਅਰਥ ਵੀ ਦੂਜੇ ਪਾਸੇ ਜਾਣ ਜਾਂ ਅੱਗੇ ਵੱਲ ਜਾਣ ਵਾਲ਼ੇ ਹੀ ਹਨ: ਸਾਡੇ ਸਰੀਰ ਦਾ ਉਹ ਭਾਗ ਜੋ ਸਾਨੂੰ ਅੱਗੇ ਵੱਲ ਲਿਜਾਂਦਾ ਹੈ। ਇਸੇ ਕਾਰਨ ਹੀ ਸੰਸਕ੍ਰਿਤ ਭਾਸ਼ਾ ਦੇ ਸ਼ਬਦ 'ਪਦ' (ਪੈਰ) ਵਿੱਚ ਵੀ ਪ ਧੁਨੀ ਨੂੰ ਸ਼ਾਮਲ ਕੀਤਾ ਗਿਆ ਹੈ। ਇਸੇ ਪਦ ਤੋਂ ਹੀ ਪੈਦਲ (ਪਦ ਸ਼ਬਦ ਵਿੱਚ ਮਧੇਤਰ ਦੁਲਾਵਾਂ ਅਤੇ ਅੱਖਰ ਲ ਜੋੜ ਕੇ) ਸ਼ਬਦ ਹੋਂਦ ਵਿੱਚ ਆਇਆ ਹੈ। ਅੰਗਰੇਜ਼ੀ ਦਾ 'ਪੈਡਲ' ਸ਼ਬਦ ਵੀ ਇਸੇ ਹੀ ਸ਼ਬਦ ਪਦ ਤੋਂ ਬਣਿਆ ਦਿਖਾਈ ਦਿੰਦਾ ਹੈ। ਯਾਦ ਰਹੇ ਕਿ ਅੰਗਰੇਜ਼ੀ ਵਿੱਚ ਦ ਦੀ ਧੁਨੀ ਹੀ ਨਹੀਂ ਹੈ। ਫ਼ਾਰਸੀ ਭਾਸ਼ਾ ਵਿੱਚ ਵੀ ਪੈਰ ਨੂੰ ਪਾਵ ਆਖਿਆ ਜਾਂਦਾ ਹੈ। ਪੀਲਪਾਵਾ (ਹਾਥੀ ਦੇ ਪੈਰ ਵਰਗਾ) ਸ਼ਬਦ ਇਸੇ ਪਾਵ ਸ਼ਬਦ ਤੋਂ ਹੀ ਹੋਂਦ ਵਿੱਚ ਆਇਆ ਹੈ। 'ਪਯਾਨ' (ਠੀਕਰਿ ਫੋਰਿ ਦਿਲੀਸ ਸਿਰਿ ਪ੍ਰਭ ਪੁਰ ਕੀਆ ਪਯਾਨ॥) ਸ਼ਬਦ; ਜਿਸ ਦਾ ਅਰਥ ਹੈ- ਗਮਨ, ਰਵਾਨਗੀ ਯਾਤਰਾ; ਵੀ ਪ ਧੁਨੀ ਨਾਲ਼ ਹੀ ਬਣਿਆ ਹੈ। ਇਸੇ ਤਰ੍ਹਾਂ ਸੰਸਕ੍ਰਿਤ ਮੂਲ ਦੇ ਸ਼ਬਦ (ਪਲਾਇਨ, ਦੌੜ ਜਾਣਾ, ਟਿਭ ਜਾਣਾ, ਉਡਾਰੀ ਮਾਰ ਜਾਣਾ) ਵਿੱਚ ਵੀ ਇੱਕ ਥਾਂ ਤੋਂ ਦੂਜੀ ਥਾਂ ਨੂੰ ਭੱਜ ਜਾਣ ਦੇ ਅਰਥ ਇਸ ਵਿਚਲੀ ਪ ਧੁਨੀ ਦੇ ਕਾਰਨ ਹੀ ਆਏ ਹਨ।

          ਸੰਸਕ੍ਰਿਤ ਭਾਸ਼ਾ ਦਾ 'ਪੰਥ' ਅਤੇ ਇਸੇ ਤੋਂ ਬਣਿਆ ਸ਼ਬਦ 'ਪੰਧ' ਅਰਥਾਤ ਵਾਟ ਜਾਂ ਰਸਤਾ (ਜੋ ਦੂਜੀ ਥਾਂ ਵੱਲ ਲਿਜਾਂਦਾ ਹੋਵੇ) ਵੀ 'ਪ' ਧੁਨੀ ਤੇ ਇਸ ਦੇ ਅਜਿਹੇ ਅਰਥਾਂ ਤੋਂ ਹੀ ਬਣੇ ਹੋਏ ਸ਼ਬਦ ਹਨ। ਪੰਜਾਬੀ ਦਾ 'ਪੈਂਡਾ' (ਰਸਤਾ, ਰਾਹ, ਸਫ਼ਰ) ਸ਼ਬਦ ਵੀ ਪ ਧੁਨੀ ਨਾਲ਼ ਹੀ ਬਣਿਆ ਹੋਇਆ ਹੈ। 'ਪੁੱਜਣਾ' ਜਾਂ 'ਪਹੁੰਚਣਾ' ਆਦਿ ਸ਼ਬਦਾਂ ਦੇ ਅਰਥ (ਦੂਜੀ ਥਾਂ 'ਤੇ ਚਲੇ ਜਾਣਾ) ਵੀ 'ਪ' ਧੁਨੀ ਦੀ ਹੀ ਦੇਣ ਹਨ। ਹਿੰਦੀ ਦਾ ਪੜੌਸੀ ਸ਼ਬਦ ਜਿਸ ਦਾ ਭਾਵ ਗੁਆਂਢੀ ਹੈ; ਵੀ ਪ ਧੁਨੀ ਤੋਂ ਹੀ ਬਣਿਆ ਹੈ; ਇਸੇ ਲਈ ਇਸ ਦੇ ਅਰਥ- ਨਾਲ ਲੱਗਦੇ/ਕੋਲ਼-ਕੋਲ਼ ਦੇ "ਦੂਜੇ ਘਰ" ਹਨ। 'ਗੁਆਂਢ' ਸ਼ਬਦ ਦੇ ਵੀ ਇਸ ਵਿਚਲੀਆਂ ਧੁਨੀਆਂ ਪੱਖੋਂ ਲਗ-ਪਗ ਇਹੋ ਹੀ ਅਰਥ ਹਨ। 

            ਇਹਨਾਂ ਤੋਂ ਬਿਨਾਂ ਪਿਤਾ, ਪੁੱਤਰ, ਪਿੱਤਰ, ਪਿੱਤਰੀ, ਪਿਤਾਮਾ,ਪਿਓ, ਪੋਤਰਾ ਆਦਿ ਨੇੇੜੇ ਦੇ ਸਾਰੇ ਪੈਤਰਿਕ ਰਿਸ਼ਤਿਆ਼ ਨੂੰ ਦਰਸਾਉਣ ਵਾਲ਼ੇ ਸ਼ਬਦ ਵੀ 'ਪ' ਧੁਨੀ ਨਾਲ਼ ਹੀ ਬਣੇ ਹੋਏ ਹਨ। ਇਹ ਸਾਰੇ ਸ਼ਬਦ ਪਿਓ, ਪੁੱਤਰਾਂ ਅਤੇ ਪੋਤਰਿਆਂ, ਪੜਪੋਤਰਿਆਂ ਆਦਿ ਰਿਸ਼ਤਿਆਂ ਸੰਬੰਧੀ ਦੱਸਦੇ ਹਨ ਕਿ ਇਹ ਰਿਸ਼ਤੇ "ਦੂਜੀ ਥਾਂ" ਵਾਲ਼ੇ ਹਨ; ਪਿਤਾ ਦਾ ਪੁੱਤਰ ਨਾਲ ਰਿਸ਼ਤਾ ਅਤੇ ਪੁੱਤਰ ਦਾ ਪਿਤਾ ਨਾਲ਼ ਰਿਸ਼ਤਾ ਦੂਜੀ ਥਾਂ ਵਾਲ਼ਾ ਹੀ ਹੁੰਦਾ ਹੈ। ਜਿੱਥੋਂ ਤੱਕ ਪਿੱਤਰਾਂ ਅਤੇ ਪੋਤਰਿਆਂ ਨਾਲ਼ ਰਿਸ਼ਤੇ ਵਾਲੀ ਗੱਲ ਹੈ ਇਸ ਰਿਸ਼ਤੇ ਬਾਰੇ ਵੀ ਪ ਦੀ ਧੁਨੀ ਹੀਂ ਦੱਸ ਰਹੀ ਹੈ: ਜਿਹੜਾ ਦੋ ਜਾਂ ਦੋ ਤੋਂ ਵੱਧ ਪੀੜ੍ਹੀਆਂ ਦੀ ਦੂਰੀ 'ਤੇ ਚਲੇ ਗਿਆ ਹੋਵੇ, ਉਸ ਨੂੰ ਪੋਤਰਾ, ਪਿੱਤਰ, ਪਿੱਤਰੀ ਜਾਂ ਪੈਤਰਿਕ ਆਦਿ ਹੀ ਕਿਹਾ ਜਾ ਸਕਦਾ ਹੈ। ਹਿੰਦ-ਯੂਰਪੀ ਭਾਸ਼ਾ ਪਰਿਵਾਰ ਨਾਲ਼ ਸੰਬੰਧਿਤ ਹੋਣ ਕਾਰਨ ਧੁਨੀਆਂ ਦੇ ਅਰਥਾਂ ਦੀ ਇਹ ਸਾਂਝ ਕਈ ਵਾਰ ਫ਼ਾਰਸੀ ਜਾਂ ਅੰਗਰੇਜ਼ੀ ਆਦਿ ਭਾਸ਼ਾਵਾਂ ਵਿੱਚ ਵੀ ਦ੍ਰਿਸ਼ਟੀਗੋਚਰ ਹੋ ਜਾਂਦੀ ਹੈ, ਜਿਵੇਂ: ਫ਼ਾਰਸੀ ਵਿੱਚ ਪਿਤਾ= ਪਿਦਰ; ਅੰਗਰੇਜ਼ੀ ਵਿੱਚ ਮਾਪੇ= parents ਆਦਿ।

        ਹੁਣ 'ਪ' ਧੁਨੀ ਨਾਲ਼ ਬਣਨ ਵਾਲ਼ੇ ਕੁਝ ਅਜਿਹੇ ਸ਼ਬਦਾਂ ਵੱਲ ਨਜ਼ਰ ਮਾਰਦੇ ਹਾਂ ਜਿਨ੍ਹਾਂ ਤੋਂ ਨਾ ਕੇਵਲ ਪ ਧੁਨੀ ਦੇ ਅਰਥ ਹੀ ਸਪਸ਼ਟ ਹੁੰਦੇ ਹਨ ਸਗੋਂ ਪਿਛਲੇ ਲੇਖਾਂ ਵਿੱਚ ਦੱਸੀਆਂ ਧੁਨੀਆਂ ਦੀਆਂ ਕਲਾਵਾਂ ਸੰਬੰਧੀ ਗੱਲ ਵੀ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ:

         ਸੰਸਕ੍ਰਿਤ ਕੋਸ਼ਾਂ ਅਨੁਸਾਰ ਇਸ ਭਾਸ਼ਾ ਦੀਆਂ 'ਪ' ਅਤੇ 'ਤ' ਧੁਨੀਆਂ ਤੋਂ ਬਣੇ ਸ਼ਬਦ 'ਪਤ' ਦੇ ਦੋ ਪ੍ਰਮੁੱਖ ਅਰਥਾਂ ਵਿੱਚੋਂ ਪਹਿਲਾ ਹੈ- ਉੱਡਣਾ/ ਉੱਪਰ ਵੱਲ ਜਾਣਾ ਅਤੇ ਦੂਜਾ- ਡਿਗਣਾ ਅਰਥਾਤ ਹੇਠਾਂ ਵੱਲ ਆਉਣਾ। ਅਜਿਹਾ ਕਿਉਂ ਹੈ? ਅਜਿਹਾ ਕੇਵਲ ਧੁਨੀਆਂ ਦੀਆਂ ਕਲਾਵਾਂ ਕਰਕੇ ਹੀ ਹੈ। ਸ਼ਬਦਕਾਰੀ ਵਿੱਚ ਵਾਪਰਦੀਆਂ ਇਹੋ-ਜਿਹੀਆਂ ਕਲਾਵਾਂ ਕਾਰਨ ਹੀ ਵਿਦਵਾਨਾਂ ਅਤੇ ਭਾਸ਼ਾ-ਵਿਗਿਆਨੀਆਂ ਵੱਲੋਂ ਅੱਜ ਤੱਕ ਧੁਨੀਆਂ ਦੇ ਇਸ ਵਿਲੱਖਣ ਵਰਤਾਰੇ ਨੂੰ ਸਮਝਣ ਦੀ ਬਜਾਏ ਇੱਕ ਹਊਆ ਬਣਾ ਕੇ ਪੇਸ਼ ਕੀਤਾ ਜਾਂਦਾ ਰਿਹਾ ਹੈ। ਜਿਵੇਂਕਿ ਹੁਣ ਤੱਕ ਸਪਸ਼ਟ ਹੋ ਹੀ ਚੁੱਕਿਆ ਹੈ ਕਿ ਪ ਧੁਨੀ ਦਾ ਅਰਥ ਹੈ- ਦੂਜੀ ਥਾਂ ਵੱਲ ਜਾਣਾ/ਅੱਗੇ ਵੱਲ ਜਾਣਾ; ਪ ਧੁਨੀ ਦੇ ਇਹਨਾਂ ਅਰਥਾਂ  ਅਨੁਸਾਰ ਜੇਕਰ ਕੋਈ ਚੀਜ਼ ਹੇਠੋਂ ਉੱਪਰ ਵੱਲ ਨੂੰ ਜਾਂਦੀ ਹੈ ਤਾਂ ਵੀ ਉਹ ਦੂਜੀ ਥਾਂ ਵੱਲ ਹੀ ਵਧ ਰਹੀ ਹੁੰਦੀ ਹੈ ਅਤੇ ਜੇਕਰ ਉੱਪਰੋਂ ਹੇਠਾਂ ਵੱਲ ਆਉਂਦੀ ਹੈ ਤਾਂ ਵੀ ਉਹ ਇੱਕ ਥਾਂ ਤੋਂ ਦੂਜੀ ਥਾਂ (ਅੱਗੇ) ਵੱਲ ਹੀ ਵਧ ਰਹੀ ਹੁੰਦੀ ਹੈ। 'ਪਤ' ਸ਼ਬਦ ਦੇ ਦੋ ਅਰਥ ਹੋਣ ਦਾ ਇਹੋ ਹੀ ਕਾਰਨ ਹੈ। ਸ਼ਬਦਕਾਰੀ ਵਿੱਚ ਅੱਖਰਾਂ ਦੀਆਂ ਕਲਾਵਾਂ ਦੇ ਨਾਲ਼-ਨਾਲ਼ ਲਗਾਂ-ਮਾਤਰਾਵਾਂ ਦੇ ਅਰਥ ਅਤੇ ਕਲਾਵਾਂ ਵੀ ਅਸਰ-ਅੰਦਾਜ਼ ਹੁੰਦੀਆਂ ਹਨ।

         ਉਪਰੋਕਤ ਪਤ ਸ਼ਬਦ ਤੋਂ ਅਨੇਕਾਂ ਸ਼ਬਦ ਬਣੇ ਹਨ। ਪਤੰਗਾ (ਸੰਸਕ੍ਰਿਤ: ਪਤੰਗ) ਸ਼ਬਦ ਜਿਸ ਦੇ ਦੋ ਅਰਥ ਹਨ- ਕਾਗ਼ਜ਼ ਦੀ ਗੁੱਡੀ ਅਤੇ ਭਮੱਕੜ ਜਾਂ ਪਰਵਾਨਾ (ਕੀਟ-ਪਤੰਗ/ਪਤੰਗਾ)। ਇਹ ਸ਼ਬਦ ਪਤ+ਅੰਗ ਸ਼ਬਦਾਂ ਤੋਂ ਨਹੀਂ ਸਗੋਂ ਪ+ਤ+ਙ+ਗ ਧੁਨੀਆਂ ਤੋਂ ਬਣਿਆ ਹੈ। ਟਿੱਪੀ ਇੱਥੇ ਙ ਧੁਨੀ ਦੀ ਪ੍ਰਤੀਕ ਹੈ ਅਤੇ ਉਸੇ ਦੇ ਹੀ ਅਰਥ ਦੇ ਰਹੀ ਹੈ। ਗ ਧੁਨੀ ਦੇ ਇੱਕ ਅਰਥ ਹਨ- ਜਾਣਾ, ਅੱਗੇ ਵਧਣਾ। ਸੋ, ਪਤੰਗ ਸ਼ਬਦ ਵਿਚਲੀਆਂ ਇਹਨਾਂ ਧੁਨੀਆਂ ਦੇ ਅਰਥਾਂ ਅਨੁਸਾਰ ਇਸ ਦੇ ਅਰਥ ਬਣੇ- ਉੱਪਰ ਵੱਲ/ਦੂਜੀ ਥਾਂ ਵੱਲ ਉੱਡਣ ਵਾਲ਼ਾ/ਜਾਣ ਵਾਲ਼ਾ। 'ਪਤ' ਸ਼ਬਦ ਦੇ ਦੋ ਅਰਥ ਹੋਣ ਕਾਰਨ ਇਹ ਦੋਵੇਂ ਉੱਪਰ ਵੱਲ ਵੀ ਜਾਂਦੇ ਹਨ ਅਤੇ ਹੇਠਾਂ ਵੱਲ ਵੀ ਆਉਂਦੇ ਹਨ।ਫ਼ਾਰਸੀ ਭਾਸ਼ਾ ਵਿੱਚ ਵੀ ਕਾਗ਼ਜ਼ ਦੀ ਗੁੱਡੀ ਨੂੰ ਪਤੰਗ ਹੀ ਆਖਿਆ ਜਾਂਦਾ ਹੈ ਪੱਤਣ (ਦਰਿਆ ਦਾ ਕਿਨਾਰਾ) ਸ਼ਬਦ ਵੀ ਇਹਨਾਂ ਹੀ ਧੁਨੀਆਂ ਤੋਂ ਬਣਿਆ ਹੈ- ਦਰਿਆ ਦੀ ਉਹ ਥਾਂ ਜਿੱਥੋਂ ਚੱਲ ਕੇ ਦਰਿਆ ਦੇ ਦੂਜੇ ਪਾਸੇ/ਪਾਰ ਪਹੁੰਚਿਆ ਜਾ ਸਕੇ। ਪਤਾਲ (ਸੰਸਕ੍ਰਿਤ=ਪਾਤਾਲ) ਸ਼ਬਦ ਵੀ ਪਤ (ਹੇਠਾਂ ਵੱਲ ਡਿਗਣਾ) ਸ਼ਬਦ ਵਿੱਚ ਕੰਨਾ ਵਧੇਤਰ ਅਤੇ 'ਆਲ' ਪਿਛੇਤਰ ਲਾ ਕੇ ਹੀ ਬਣਿਆ ਹੋਇਆ ਹੈ।

      ਪੱਤਾ (ਸੰਸਕ੍ਰਿਤ ਵਿੱਚ ਪੱਤਰ ਜਾਂ ਪਤਰਮ) ਸ਼ਬਦ ਵੀ ਇਸੇ 'ਪਤ' ਸ਼ਬਦ ਦੀ ਹੀ ਦੇਣ ਹੈ- ਹੇਠਾਂ/ਦੂਜੀ ਥਾਂ ਡਿਗਣ ਵਾਲ਼ਾ (ਦਰਖ਼ਤ ਨਾਲ਼ੋਂ ਟੁੱਟ ਕੇ)। ਇਸ ਪ੍ਰਕਾਰ ਸਪਸ਼ਟ ਹੈ ਕਿ 'ਪਤਨ' ਗਿਰਾਵਟ ਵੱਲ ਜਾਣਾ ਸ਼ਬਦ ਵੀ ਇਸੇ 'ਪਤ' ਸ਼ਬਦ ਤੋਂ ਹੀ ਬਣਿਆ ਹੋਇਆ ਹੈ। ਪੱਤਰ ਸ਼ਬਦ ਦੇ ਦੋ ਅਰਥ ਹਨ: ਪਹਿਲਾ ਸ਼ਬਦ ਪੱਤਰ (ਚਿੱਠੀ ਜਾਂ ਖ਼ਤ) ਜੋਕਿ ਇੱਕ ਸਥਾਨ ਤੋਂ ਅਗਲੇ/ਦੂਜੇ ਦੂਜਿਆਂ) ਸਥਾਨ/ਸਥਾਨਾਂ ਤੱਕ ਦੀ ਯਾਤਰਾ ਕਰਦਾ ਹੈ, ਵੀ ਇਹਨਾਂ ਹੀ ਧੁਨੀਆਂ ਦੀ ਉਪਜ ਹੈ। ਦੂਜੇ ਅਰਥਾਂ ਵਾਲਾ ਪੱਤਰ (ਕਾਗ਼ਜ਼-ਪੱਤਰ) ਸ਼ਬਦ ਵੀ ਇਸੇ ਹੀ ਧੁਨੀ ਪ ਤੋਂ ਬਣਿਆ ਹੈ ਜਿਸ ਦਾ ਭਾਵ ਹੈ- ਦੋ ਪੰਨਿਆਂ/ਸਫ਼ਿਆਂ ਵਾਲ਼ਾ ਅਰਥਾਤ ਜਿਸ ਦੇ ਦੋ ਪਾਸੇ ਹੋਣ। ਯਾਦ ਰਹੇ ਕਿ ਪੱਤਾ, ਪਤੰਗ (ਗੁੱਡੀ), ਪੱਤਰਾ ਅਾਦਿ ਸ਼ਬਦਾਂ ਵਿੱਚ ਵੀ ਇਹ ਦੋਵੇਂ ਅਰਥ ਕੰਮ ਕਰ ਰਹੇ ਹਨ। ਪਤਾ (ਥਾਂ-ਟਿਕਾਣਾ) ਸ਼ਬਦ ਵੀ ਇਸੇ ਪ ਧੁਨੀ ਦੇ ਕਾਰਨ ਹੀ ਬਣਿਆ ਹੈ ਜਿਸ ਤੋਂ ਭਾਵ ਹੈ ਕਿਸੇ ਦੂਜੇ ਦੇ ਨਿਵਾਸ-ਸਥਾਨ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਜਾਂ ਅਜਿਹੀ ਜਾਣਕਾਰੀ ਆਪਣੇ ਬਾਰੇ ਕਿਸੇ ਦੂਜੇ ਨੂੰ ਦੇਣੀ। 

       ਲਸਣ ਦੀਆਂ ਗੰਢੀਆਂ ਵਿਚਲੀਆਂ ਤੁਰੀਆਂ ਨੂੰ ਪ ਧੁਨੀ ਦੇ ਅਰਥਾਂ ਕਾਰਨ ਹੀ ਪੋਥੀਆਂ ਕਿਹਾ ਜਾਂਦਾ ਹੈ: ਉਹ ਗੰਢੀਆਂ ਜਿਨ੍ਹਾਂ ਵਿੱਚ ਦੋ ਤੋਂ ਵੱਧ ਅਰਥਾਤ ਬਹੁਤ ਸਾਰੀਆਂ ਪੋਥੀਆਂ ਇਕੱਠੀਆਂ ਜੁੜੀਆਂ ਹੋਣ। ਪਲਟਣਾ ਸ਼ਬਦ ਵਿੱਚ ਵੀ ਪ ਧੁਨੀ ਹੋਣ ਕਾਰਨ ਇਸ ਦੇ ਅਰਥ ਸਿੱਧੇ ਤੋਂ ਦੂਜੇ ਅਰਥਾਤ ਪੁੱਠੇ (ਪੁੱਠੇ ਸ਼ਬਦ ਵੀ ਪ ਧੁਨੀ ਦੇ ਅਰਥਾਂ ਤੋਂ ਬਣਿਆ ਸ਼ਬਦ ਹੈ) ਪਾਸੇ ਵੱਲ ਉਲਟ ਜਾਣਾ ਹੈ। ਇਸੇ ਤਰ੍ਹਾਂ 'ਪਲ਼ਸੇਟਾ' ਸ਼ਬਦ ਦੇ ਅਰਥ ਵੀ ਲੇਟਿਆਂ-ਲੇਟਿਆਂ ਪਾਸਾ (ਦੂਜਾ ਪਾਸਾ=ਪ ਧੁਨੀ ਦੇ ਅਰਥ) ਬਦਲਣਾ ਹਨ। ਕੁਝ ਲੋਕਾਂ ਦਾ ਵਿਚਾਰ ਹੈ ਕਿ ਇਹ ਸ਼ਬਦ ਪੱਸਲ਼ੀਆਂ ਤੋਂ ਬਣਿਆ ਹੈ ਜੋਕਿ ਪੂਰੀ ਤਰ੍ਹਾਂ ਨਿਰਾਧਾਰ, ਤੁੱਕੇਬਾਜ਼ੀ ਅਤੇ ਨਿਰੀ ਕਿਆਸ-ਅਰਾਈ ਹੈ। ਕਾਗ਼ਜ਼ਾਂ ਦੇ ਮੁੱਠੇ ਜਾਂ ਮੋਟੀ ਤਹਿ ਨੂੰ ਵੀ ਇਸ ਵਿੱਚ ਪ ਧੁਨੀ ਸ਼ਾਮਲ ਹੋਣ ਕਾਰਨ ਹੀ 'ਪੁਲੰਦਾ' (ਦੂਜੀ ਥਾਂ/ਕਾਗ਼ਜ਼ ਰੱਖ-ਰੱਖ ਕੇ ਹੇਠਾਂ ਤੋਂ ਉੱਪਰ ਤੱਕ ਲਿਆਂਦਾ ਹੋਇਆ) ਆਖਦੇ ਹਨ।

        ਪਰਤ (ਚਾੜ੍ਹਨਾ) ਵਿੱਚ ਵੀ ਪ ਧੁਨੀ ਦੇ ਅਰਥ ਹੀ ਕੰਮ ਕਰ ਰਹੇ ਹਨ- ਦੂਜੇ ਸਿਰੇ ਤੱਕ (ਹੇਠੋਂ ਉੱਪਰ ਤੱਕ) ਚਾੜ੍ਹੀ ਹੋਈ ਪਤਲੀ ਜਾਂ ਮੋਟੀ ਤਹਿ। ਹਲਤ-ਪਲਤ ਸ਼ਬਦ-ਜੁੱਟ ਵਿਚਲੇ 'ਪਲਤ' (ਹਲਤੁ ਪਲਤੁ ਦੁਇ ਲੇਹੁ ਸਵਾਰਿ॥) ਅਤੇ 'ਪਰਲੋਕ' ਸ਼ਬਦਾਂ ਵਿੱਚ ਵੀ ਪ ਦੀ ਧੁਨੀ ਹੋਣ ਕਾਰਨ ਇਹਨਾਂ ਸ਼ਬਦਾਂ ਦੇ ਅਰਥ: ਦੂਜਾ ਲੋਕ ਜਾਂ ਦੂਜੀ ਦੁਨੀਆ (ਇਸ ਦੁਨੀਆ ਤੋਂ ਅਲੱਗ) ਹਨ। 

          'ਅਲਪ' (ਥੋੜ੍ਹਾ, ਘੱਟ, ਕੁਝ) ਸ਼ਬਦ ਵਿਚਲੀ ਪ ਦੀ ਧੁਨੀ ਦੀ ਵਰਤੋਂ ਕਿਸੇ ਚੀਜ਼ ਦੀ ਮਾਤਰਾ ਨੂੰ ਦੂਜੀ ਪੱਧਰ 'ਤੇ ਲਿਆਉਣ ਅਰਥਾਤ ਘਟਾਉਣ ਦੇ ਕਾਰਨ ਹੀ ਕੀਤੀ ਗਈ ਹੈ। ਇਸੇ ਤਰ੍ਹਾਂ ਲੁਪ, ਲੁਪਤ, ਲੋਪ, ਅਲੋਪ ਆਦਿ ਸ਼ਬਦਾਂ ਵਿੱਚ ਪ ਧੁਨੀ ਦੀ ਵਰਤੋਂ ਵੀ ਇਸ ਕਾਰਨ ਕੀਤੀ ਗਈ ਹੈ ਤਾਂਕਿ ਇਹ ਦੱਸਿਆ ਜਾ ਸਕੇ ਕਿ ਸੰਬੰਧਿਤ ਚੀਜ਼ ਦ੍ਰਿਸ਼ ਤੋਂ ਲਾਂਭੇ (ਪ ਧੁਨੀ ਦੇ ਅਰਥ=ਦੂਜੀ ਥਾਂ 'ਤੇ) ਜਾ ਚੁੱਕੀ ਹੈ। ਉੱਪਰ ਸ਼ਬਦ ਵਿੱਚ ਪ ਧੁਨੀ ਦੇ ਅਰਥ ਹਨ- ਕਿਸੇ ਚੀਜ਼ ਦਾ ਹੇਠਾਂ ਤੋਂ ਦੂਜੀ ਥਾਂ (ਉਤਾਂਹ) ਵੱਲ ਚਲੇ ਜਾਣਾ (ਇਸ ਵਿੱਚ 'ਉ' ਧੁਨੀ ਦੇ ਅਰਥ ਵੀ ਸ਼ਾਮਲ ਹਨ) ਹਨ ਕਿਉਂਕਿ ਹੇਠਾਂ ਦਾ ਵਿਰੋਧੀ ਸ਼ਬਦ ਉੱਪਰ ਹੀ ਹੁੰਦਾ ਹੈ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ 'ਪ' ਧੁਨੀ ਦਾ ਅਰਥ ਪ੍ਰਮੁੱਖ ਤੌਰ 'ਤੇ ਕਿਸੇ ਚੀਜ਼ ਦੀ ਮੌਜੂਦਾ ਥਾਂ ਤੋਂ ਦੂਜੀ ਥਾਂ 'ਤੇ ਜਾਣ ਵਾਲ਼ੇ ਹੀ ਹਨ। ਇਹ ਦੂਜੀ ਥਾਂ ਭਾਵੇਂ ਅੱਗੇ ਵਾਲ਼ੀ ਹੋਵੇ ਤੇ ਭਾਵੇਂ ਪਿੱਛੇ ਵਾਲ਼ੀ; ਹੇਠਾਂ ਵਾਲ਼ੀ ਹੋਵੇ,ਭਾਵੇਂ ਉੱਪਰ ਵਾਲ਼ੀ; ਬੀਤ ਚੁੱਕੇ ਸਮੇਂ ਦੀ ਹੋਵੇ ਤੇ ਭਾਵੇਂ ਆਉਣ ਵਾਲ਼ੇ ਸਮੇਂ ਦੀ; ਇਤਿਆਦਿ।                    ----(ਚੱਲਦਾ)।

                            ....................

ਨੋਟ: ਸਾਰਥਕ ਸੁਝਾਵਾਂ ਦਾ ਸੁਆਗਤ ਹੈ ਜੀ।

ਜਸਵੀਰ ਸਿੰਘ ਪਾਬਲਾ, ਲੰਗੜੋਆ (ਨਵਾਂਸ਼ਹਿਰ)।

ਆਦਤ ✍️ ਹਰਪ੍ਰੀਤ ਕੌਰ ਸੰਧੂ

ਜ਼ਿੰਦਗੀ ਸੋਹਣੀ ਲੰਘ ਰਹੀ ਸੀ। ਉਹ ਪਤਾ ਨਹੀਂ ਕਿੱਥੋਂ ਇੱਕ ਵਾ ਵਰੋਲੇ ਵਾਂਗ ਆਇਆ ਤੇ ਸਭ ਕੁਝ ਖਲਾਰ ਕੇ ਚਲਾ ਗਿਆ। ਇਹ ਅਕਸਰ ਵਾਪਰਦਾ ਹੈ ਕਹਿਣਾ ਸੌਖਾ ਹੈ ਪਰ ਸਭ ਕੁਝ ਨੂੰ ਫੇਰ ਤੋਂ ਥਾਂ ਸਿਰ ਕਰਨਾ ਇਨ੍ਹਾਂ ਆਸਾਨ ਨਹੀਂ। ਜ਼ਿੰਦਗੀ ਵਿੱਚ ਸਭ ਤੋਂ ਸੌਖਾ ਹੈ ਕਿਸੇ ਦੀ ਆਦਤ ਪੈ ਲੈਣਾ ਤੇ ਸਭ ਤੋਂ ਔਖਾ ਹੈ ਕਿਸੇ ਦੀ ਆਦਤ ਚੋ ਨਿਕਲਣਾ। ਹਾਂ! ਉਹ ਆਦਤ ਹੀ ਤਾਂ ਬਣ ਗਿਆ ਸੀ। ਵੇਲੇ ਕੁਵੇਲੇ ਉਸ ਦਾ ਫੋਨ ਆਉਣਾ ਤੇ ਲੰਬਾ ਸਮਾਂ ਗੱਲ ਬਾਤ ਕਰਨੀ। ਦੁਨੀਆ ਦੇ ਹਰ ਮਸਲੇ ਤੇ ਬਹਿਸ ਤੇ ਅਜੀਬ ਜਿਹੀ ਕੈਫ਼ੀਅਤ ਨਾਲ ਦਿਲ ਦਿਮਾਗ ਦੀਆਂ ਗੱਲਾਂ। ਕੋਈ ਕੁਝ ਵੀ ਕਹੇ ਗੱਲਾਂ ਰੂਹ ਦੀ ਖੁਰਾਕ ਹੁੰਦਿਆਂ। ਗੱਲਾਂ ਰਾਹੀ ਲੋਕ ਦਿਲ ਤੱਕ ਪਹੁੰਚ ਜਾਂਦੇ।ਆਦਤ ਜਿਹੀ ਪੈ ਜਾਂਦੀ ਗੱਲ ਕਰਨ ਦੀ। ਫਿਰ ਜਿਸ ਦਿਨ ਗੱਲ ਨਾ ਹੋਵੇ ਕੁਝ ਖਾਲੀ ਜਿਹਾ ਲੱਗਦਾ। ਜਿਵੇਂ ਰੋਟੀ ਖਾ ਕੇ ਵੀ ਭੁੱਖ ਮਹਿਸੂਸ ਹੋਣਾ। ਅਸਲ ਵਿੱਚ ਸਾਨੂੰ ਪਿਆਰ ਤੇ ਆਦਤ ਇੱਕੋ ਜਿਹੇ ਲੱਗਦੇ। ਕਈ ਵਾਰ ਕਿਸੇ ਦੀ ਆਦਤ ਪੈ ਜਾਂਦੀ ਤੇ ਅਸੀਂ ਉਸ ਨੂੰ ਪਿਆਰ ਸਮਝ ਲੈਂਦੇ। ਇਹੀ ਤਾਂ ਹੋਇਆ ਕਿ ਉਸ ਦੀ ਆਦਤ ਪੈ ਗਈ ਸੀ। ਜਿਸ ਦਿਨ ਗੱਲ ਨਾ ਹੁੰਦੀ ਭੁੱਖ ਜਿਹੀ ਮਹਿਸੂਸ ਹੁੰਦੀ ਰਹਿੰਦੀ। ਕਹਿੰਦੇ ਨੇ ਬੰਦੇ ਨੂੰ ਅਫ਼ੀਮ ਦਾ ਨਸ਼ਾ ਲੱਗ ਜਾਵੇ ਤਾਂ ਅਫ਼ੀਮ ਨਾ ਮਿਲਣ ਤੇ ਤੋਟ ਲੱਗ ਜਾਂਦੀ ਇਹ ਗੱਲਾਂ ਤੇ ਆਦਤ ਤੇ ਵੀ ਲਾਗੂ ਹੁੰਦੀ। ਉਸਦਾ ਕਸੂਰ ਸਿਰਫ ਇਹ ਹੈ ਕਿ ਉਹ ਆਦਤ ਬਣ ਗਿਆ। ਹੁਣ ਜਦੋਂ ਉਹ ਨਹੀਂ ਹੈ ਤਾਂ ਮਨ ਤੋ ਇਹ ਤੋਟ ਸਹਿ ਨਹੀਂ ਹੁੰਦੀ। ਬਿਨਾਂ ਕਦੀ ਮਿਲੇ ਵੀ ਕੋਈ ਤੁਹਾਡੇ ਕਿੰਨਾ ਨਜ਼ਦੀਕ ਆ ਜਾਂਦਾ ਹੈ ਕਿ ਤੁਹਾਡੀ ਜ਼ਿੰਦਗੀ ਉਸ ਨੂੰ ਧੂਰੀ ਸਮਝ ਉਸ ਦੁਆਲੇ ਘੁੰਮਣ ਲੱਗਦੀ ਹੈ। ਉਸਦੀ ਅਣਹੋਂਦ ਵਿੱਚ ਸਭ ਖਾਲੀ ਜਿਹਾ ਮਹਿਸੂਸ ਹੁੰਦਾ। ਸ਼ਾਇਦ ਉਹ ਜਿੱਥੇ ਵੀ ਹੈ ਇਹੀ ਮਹਿਸੂਸ ਕਰਦਾ ਹੋਵੇ। ਦੁਨੀਆਂ ਵਿੱਚ ਬਹੁਤ ਲੋਕ ਮਿਲਦੇ ਹਨ ਤੇ ਕੋਈ ਇੱਕ ਦੂਜੇ ਵਰਗਾ ਨਹੀਂ ਹੁੰਦਾ। ਹਰ ਕੋਈ ਆਪਣੇ ਆਪ ਵਿੱਚ ਖਾਸ ਹੁੰਦਾ ਹੈ। ਅਜਿਹੇ ਸ਼ਖਸ਼ ਭੁੱਲ ਕੇ ਵੀ ਨਹੀਂ ਭੁੱਲਦੇ।

(ਕੁਝ ਅਜਿਹੇ ਆਪਣਿਆ ਨੂੰ ਸਮਰਪਿਤ ਜੋ ਇਸ ਦੁੱਖ ਵਿੱਚੋ ਗੁਜ਼ਰੇ ਹਨ)

ਹਰਪ੍ਰੀਤ ਕੌਰ ਸੰਧੂ

 ਡਾ ਭੀਮ ਰਾਓ ਅੰਬੇਡਕਰ "ਦਲਿਤਾਂ ਦੇ ਮਸੀਹਾ " ✍️ ਰਜਵਿੰਦਰ ਪਾਲ ਸ਼ਰਮਾ

    ਮਨੁ ਸਮਰਿਤੀ ਦੇ ਅਨੁਸਾਰ ਸਮਾਜ਼ ਦੀ ਵੰਡ ਚਾਰ ਵਰਗਾਂ ਵਿੱਚ ਕੀਤੀ ਗਈ ਸੀ ਜਿਸ ਦੇ ਅਨੁਸਾਰ ਸਭ ਤੋਂ ਉੱਚਾ ਵਰਗ ਵਿੱਚ ਬ੍ਰਾਹਮਣ ਫਿਰ ਖੱਤ੍ਰੀ ਉਸ ਤੋਂ ਬਾਅਦ ਵੈਸ਼ ਅਤੇ ਅੰਤ ਵਿੱਚ ਸ਼ੂਦਰ ਸ਼ਾਮਿਲ ਸਨ। ਬ੍ਰਾਹਮਣ ਨੂੰ ਸਭ ਤੋਂ ਉੱਚਾ ਦਰਜਾ ਪ੍ਰਾਪਤ ਸੀ ਅਤੇ ਸ਼ੂਦਰ ਨੂੰ ਸਭ ਤੋਂ ਨੀਵਾਂ ਸਮਝਿਆ ਜਾਂਦਾ ਸੀ। ਖੂਹਾਂ ਤੋਂ ਪਾਣੀ ਲੈਣਾ, ਸਕੂਲਾਂ ਵਿੱਚ ਜਾਣਾ , ਮੰਦਿਰਾਂ, ਮਸਜਿਦਾਂ  ਵਿੱਚ ਸ਼ੂਦਰਾਂ ਦੇ ਜਾਣ ਦੀ ਪਾਬੰਦੀ ਸੀ।ਜੇਕਰ ਕੋਈ ਸ਼ੂਦਰ ਕਿਸੇ ਬ੍ਰਾਹਮਣ ਦੇ ਮੱਥੇ ਵੀ ਲੱਗਣ ਜਾਂਦਾਂ ਤਾਂ ਇਸ ਨੂੰ ਪਾਪ ਸਮਝਿਆ ਜਾਂਦਾ। ਸ਼ੂਦਰਾਂ ਦੀ ਹਾਲਤ ਪਸ਼ੂਆਂ ਤੋਂ ਵੀ ਮਾੜੀ ਸੀ ਜਿੱਥੋਂ ਪਸ਼ੂ ਪਾਣੀ ਪੀਂਦੇ ਉਸ ਜਗ੍ਹਾ ਤੋਂ ਸ਼ੂਦਰ ਪੀਣ ਲਈ ਪਾਣੀ ਭਰਦੇ। ਸ਼ੂਦਰਾਂ ਦੀ ਹਾਲਤ ਨੂੰ ਸੁਧਾਰਨ ਅਤੇ ਉਹਨਾਂ ਨੂੰ ਨਵੀਨ ਵਰਗ ਦੇ ਬਰਾਬਰ ਹੱਕ ਦਿਵਾਉਣ ਵਿੱਚ ਡਾ ਭੀਮ ਰਾਓ ਅੰਬੇਦਕਰ ਜੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।ਉਹ ਦਲਿਤਾਂ ਦੇ ਮਸੀਹੇ ਵਜੋਂ ਜਾਣੇ ਜਾਂਦੇ ਹਨ 

ਡਾ ਭੀਮ ਰਾਓ ਅੰਬੇਡਕਰ ਜੀ ਇੱਕ ਵਿਅਕਤੀ ਨਹੀਂ ਸਗੋਂ ਖ਼ੁਦ ਵਿਚ ਪੂਰਾ ਭਾਰਤ ਸਨ। ਦਲਿਤਾਂ ਦੀ ਮੁਹਾਰ ਜਾਤ ਵਿੱਚ ਜਨਮ ਲੈਣ ਵਾਲੇ ਅੰਬੇਡਕਰ ਨੇ ਪੂਰਾ ਜੀਵਨ ਦਲਿਤਾਂ ਦੇ ਲੇਖੇ ਲਾਇਆ। ਇਹਨਾਂ ਨੂੰ ਬਾਬਾ ਸਾਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੂ ਵਿਚ ਹੋਇਆ। ਇਹਨਾਂ ਦੇ ਪਿਤਾ ਜੀ ਰਾਮਜੀ ਮਾਲੋ ਜੀ ਸਕਪਾਲ ਅਤੇ ਮਾਤਾ ਭੀਮਾਜੀ ਸਕਪਾਲ ਸਨ। ਭੀਮ ਰਾਓ ਦੇ ਪਿਤਾ ਫ਼ੌਜ ਵਿੱਚ ਸਨ ਅਤੇ ਉਹਨਾਂ ਨੂੰ ਵੱਖ ਵੱਖ ਖੇਤਰਾਂ ਵਿੱਚ ਰਹਿਣਾ ਪੈਂਦਾ ਸੀ।ਇਸੇ ਕਰਕੇ ਭੀਮ ਰਾਓ ਦੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਸ਼ੁਰੂ ਕੀਤੀ।

ਮੁੱਢਲੀ ਸਿੱਖਿਆ ਤੇ ਸਕੂਲ -ਸਕੂਲ ਦੇ ਵਿੱਚ ਸਕੂਲ ਦੇ ਪ੍ਰਬੰਧਕਾਂ ਦੁਆਰਾ ਭੀਮ‌ਰਾਉ ਨਾਲ ਹਰ ਦਿਨ ਦੁਰ ਵਿਵਹਾਰ ਕੀਤਾ ਜਾਂਦਾ। ਜਮਾਤ ਵਿਚ ਉਹਨਾਂ ਨੂੰ ਬੈਠਣ ਦੀ ਇਜਾਜ਼ਤ ਨਹੀਂ ਸੀ ਹੁੰਦੀ ਇਸ ਕਰਕੇ ਸਾਰਾ ਦਿਨ ਜਮਾਤ ਵਿੱਚੋਂ ਬਾਹਰ ਬੈਠ ਕੇ ਹੀ ਸਾਰੀ ਪੜ੍ਹਾਈ ਕਰਨੀ ਪੈਂਦੀ।ਪਾਣੀ ਪੀਣ ਦੇ ਸਮੇਂ ਚਪੜਾਸੀ ਉਹਨਾਂ ਨੂੰ ਪਾਣੀ ਪਿਆਉਂਦਾ ਜਿਸ ਦਿਨ ਚਪੜਾਸੀ ਸਕੂਲ ਨਾ ਆਉਂਦਾ ਤਾਂ ਭੀਮ ਰਾਓ ਪੂਰੇ ਦਿਨ ਬਿਨਾਂ ਪਾਣੀ ਤੋਂ ਪਿਆਸਾ ਰਹਿੰਦਾ।No peon No water

ਭੀਮ ਰਾਉ ਨੇ ਮੁੱਢਲੀ ਸਿੱਖਿਆ ਚੰਗੇ ਨੰਬਰਾਂ ਨਾਲ ਪਾਸ ਕੀਤੀ।ਪੂਰੇ ਦਲਿਤ ਸਮੂਹਾਂ ਵਿੱਚ ਖੁਸ਼ੀ ਦਾ ਮਾਹੌਲ ਸੀ।ਭੀਮ ਰਾਓ ਪਹਿਲਾਂ ਦਲਿਤ ਵਿਦਿਆਰਥੀ ਸੀ ਜਿਸਨੇ ਮੁੱਢਲੀ ਸਿੱਖਿਆ ਪੂਰੀ ਕੀਤੀ।ਪਰ ਹੁਣ ਇੱਕ ਹੋਰ ਮੁਸ਼ਿਕਲ ਪੈਦਾ ਹੋਈ।ਭੀਮ ਰਾਓ ਵਲਾਇਤ ਵਿੱਚ ਜਾ ਕੇ ਉੱਚ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੇ ਸਨ ਪਰ ਉਹਨਾਂ ਕੋਲ ਇੰਨੇਂ ਪੈਸੈ ਨਹੀਂ ਸਨ ਕਿ ਉਹ ਵਿਦੇਸ਼ ਜਾ ਕੇ ਪੜ੍ਹ ਸਕਦੇ।

ਬੜੌਦਾ ਸਿਆਸਤ ਦੇ ਰਾਜਾ ਗਾਇਕਵਾੜ ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਵਜੀਫਾ ਦੇ ਕੇ ਵਿਦੇਸ਼ ਭੇਜਦੇ ਸਨ।ਭੀਮ ਰਾਓ ਅੰਬੇਦਕਰ ਨੇ ਦੇਰ ਨਾ ਕਰਦਿਆਂ ਬੜੌਦਾ ਦੇ ਰਾਜੇ ਨਾਲ ਮੁਲਾਕਾਤ ਕੀਤੀ। ਗਾਇਕਵਾੜ ਦੇ ਪੁੱਛੇ ਸਵਾਲਾਂ ਦਾ ਭੀਮ ਰਾਓ ਨੇ ਆਪਣੀ ਤੀਖਣ ਬੁੱਧੀ ਰਾਹੀਂ ਬਹੁਤ ਤਸੱਲੀਬਖ਼ਸ਼ ਜਵਾਬ ਦਿੱਤੇ। ਮਹਾਰਾਜਾ ਭੀਮ ਰਾਉ ਤੇ ਬਹੁਤ ਖੁਸ਼ ਸਨ ਪਰ ਉਹਨਾਂ ਨੇ ਇਹ ਸ਼ਰਤ ਵੀ ਰੱਖੀ ਕਿ ਵਾਪਸ ਆ ਕੇ ਉਹਨਾਂ ਕੋਲ ਨੌਕਰੀ ਕਰਨੀ ਹੋਵੇਗੀ। ਅੰਬੇਡਕਰ ਰਾਜ਼ੀ ਹੋ ਗਏ ਅਤੇ ਵਿਦੇਸ਼ ਪੜ੍ਹਾਈ ਕਰਨ ਲਈ ਚਲੇ ਗਏ। ਉਹਨਾਂ ਨੇ ਕੋਲੰਬੀਆ ਯੂਨੀਵਰਸਿਟੀ,ਲੰਡਨ ਸਕੂਲ ਆਫ ਇਕਨਾਮਿਕਸ,ਲੰਡਨ ਲਾਅ ਕਾਲਜ ਤੋਂ ਪੜ੍ਹਾਈ ਕੀਤੀ।ਧਰਮ ਵਿਗਿਆਨ, ਰਾਜਨੀਤਕ ਸ਼ਾਸਤਰ, ਸਮਾਜ਼ ਵਿਗਿਆਨ,ਅਰਥ ਵਿਗਿਆਨ, ਇਤਿਹਾਸ, ਫਿਲਾਸਫੀ ਦਾ ਡੂੰਘਾ ਅਧਿਐਨ ਕੀਤਾ।ਉਹ ਜ਼ਿਆਦਤਰ ਸਮਾਂ ਆਪਣਾ ਲਾਇਬ੍ਰੇਰੀ ਵਿੱਚ ਗੁਜ਼ਾਰਦੇ।ਪੜਨ ਵਿੱਚ ਉਹ ਇੰਨੇ ਮਗਨ ਹੋ ਜਾਂਦੇ ਕਿ ਉਹ ਖਾਣਾ ਵੀ ਭੁੱਲ ਜਾਂਦੇ। ਬਜ਼ਾਰ ਜਾਂਦੇ ਆਪਣੇ ਨਾਲ ਢੇਰ ਸਾਰੀਆਂ ਕਿਤਾਬਾਂ ਲੈ ਕੇ ਆਉਂਦੇ।ਇਹ ਸਿਲਸਿਲਾ ਇਸ ਤਰ੍ਹਾਂ ਹੀ ਜਾਰੀ ਰਹਿੰਦਾ।

ਵਿਆਹੁਤਾ ਜੀਵਨ- ਭੀਮ ਰਾਉ ਨੇ ਪਹਿਲਾਂ ਵਿਆਹ ਰਾਮਾਬਾਈ ਅੰਬੇਡਕਰ ਅਤੇ ਦੂਜਾ ਉਸ ਦੀ ਮੌਤ ਤੋਂ ਬਾਅਦ ਸਵੀਤਬਾਈ ਅੰਬੇਡਕਰ ਨਾਲ ਕਰਵਾਇਆ।

ਸੰਵਿਧਾਨ ਦਾ ਖਰੜਾ ਅਤੇ ਸੰਵਿਧਾਨ ਨਿਰਮਾਤਾ - ਭਾਰਤ ਦੇ ਸੁਤੰਤਰਤਾ ਸੰਗਰਾਮ ਦੌਰਾਨ ਉਹ ਕਈ ਵਾਰ ਜੇਲ੍ਹ ਗਏ।ਗੋਲ ਮੇਜ਼ ਕਾਨਫਰੰਸਾਂ ਵਿੱਚ ਉਹਨਾਂ ਦਾ ਭਾਸ਼ਣ ਅਤੇ ਪੂਨਾ ਐਕਟ ਅੱਜ ਵੀ ਤਰੋਤਾਜ਼ਾ ਹਨ। ਅਜ਼ਾਦੀ ਤੋਂ ਬਾਅਦ ਦੇਸ਼ ਨੂੰ ਇੱਕ ਲੜੀ ਵਿੱਚ ਪੁਰਾਉਣ ਲਈ ਦੇਸ਼ ਨੂੰ ਗਣਤੰਤਰ ਬਣਾਉਣ ਲਈ ਭਾਰਤ ਦੇ ਆਪਣੇ ਸੰਵਿਧਾਨ ਦੀ ਲੋੜ ਮਹਿਸੂਸ ਕੀਤੀ ਗਈ ।ਭਾਰਤ ਸੰਵਿਧਾਨ ਨੂੰ ਤਿਆਰ ਕਰਨ ਲਈ ਜਿਹੜੀ ਸੰਵਿਧਾਨ ਕਮੇਟੀ ਬਣਾਈ ਗਈ ਭੀਮ ਰਾਉ ਅੰਬੇਡਕਰ ਨੂੰ ਉਸ ਦਾ ਪ੍ਰਧਾਨ ਬਣਾਇਆ ਗਿਆ।ਬਾਬਾ ਸਾਹਿਬ ਨੇ ਇੰਗਲੈਂਡ, ਫਿਨਲੈਂਡ, ਅਮਰੀਕਾ, ਨਿਊਜ਼ੀਲੈਂਡ ਆਦਿ ਵੱਖ ਵੱਖ ਦੇਸ਼ਾਂ ਦੇ ਸੰਵਿਧਾਨਾਂ ਦਾ ਗਹਿਰਾ ਅਧਿਐਨ ਕੀਤਾ। ਸਖ਼ਤ ਮਿਹਨਤ ਦੇ ਨਾਲ 2 ਸਾਲ 11 ਮਹੀਨਿਆਂ ਅਤੇ 18 ਦਿਨਾਂ ਵਿੱਚ ਸੰਵਿਧਾਨ ਤਿਆਰ ਕੀਤਾ ਜਿਸ ਨੂੰ 26 ਨਵੰਬਰ 1949 ਨੂੰ ਅਪਣਾਇਆ ਗਿਆ ਅਤੇ 26 ਜਨਵਰੀ 1950 ਨੂੰ ਲਾਗੂ ਹੋਇਆ। ਉਹਨਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਉਹਨਾਂ ਨੂੰ ਕਾਨੂੰਨ ਮੰਤਰੀ ਬਣਾਇਆ ਗਿਆ।6 ਦਸੰਬਰ 1956 ਨੂੰ ਉਹਨਾਂ ਦੀ ਮੌਤ ਤੋਂ ਬਾਅਦ ਮਰਨ ਉਪਰੰਤ ਉਹਨਾਂ ਨੂੰ ਦੇਸ਼ ਦੇ ਸਰਵ ਉੱਚ ਇਨਾਮ ਭਾਰਤ ਰਤਨ ਦੁਆਰਾ ਸਨਮਾਨਿਤ ਕੀਤਾ ਗਿਆ। ਬਾਬਾ ਸਾਹਿਬ ਨੇ ਦਲਿਤਾਂ ਦੇ ਨਾਲ ਨਾਲ ਔਰਤਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ।ਵੋਟ ਪਾਉਣ ਦੇ ਅਧਿਕਾਰ ਤੋਂ ਲੈਕੇ, ਮੰਦਿਰਾਂ ਵਿੱਚ ਨਵੀਨ ਵਰਗ ਦੇ ਬਰਾਬਰ ਬੈਠ ਕੇ ਪੂਜਾ ਕਰਨੀ, ਲੜਕਿਆਂ ਦੇ ਬਰਾਬਰ ਸਿੱਖਿਆ ਪ੍ਰਾਪਤ ਕਰਨੀ ਉਹਨਾਂ ਦੁਆਰਾ ਕੀਤੇ ਮਹਾਨ ਕਾਰਜਾਂ ਵਿੱਚ ਸ਼ਾਮਲ ਹਨ। ਦਲਿਤਾਂ ਦੀ ਅੰਧਕਾਰ ਵਿੱਚੋਂ ਗੁਜ਼ਰ ਰਹੀ ਜ਼ਿੰਦਗੀ ਵਿੱਚ ਰੌਸ਼ਨੀ ਲਿਆਉਣ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਣ ਵਿੱਚ ਪਾਏ ਵਡਮੁੱਲੇ ਯੋਗਦਾਨ ਕਰਕੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

                     ਰਜਵਿੰਦਰ ਪਾਲ ਸ਼ਰਮਾ

                    ਪਿੰਡ ਕਾਲਝਰਾਣੀ

                    ਡਾਕਖਾਨਾ ਚੱਕ ਅਤਰ ਸਿੰਘ ਵਾਲਾ

                   ਤਹਿ ਅਤੇ ਜ਼ਿਲ੍ਹਾ-ਬਠਿੰਡਾ

                   ਮੋਬਾਇਲ 7087367969

ਪੰਜਾਬ ਦੇ ਹਾਲਾਤ ✍ ਕੁਲਵਿੰਦਰ ਕੁਮਾਰ ਬਹਾਦਰਗੜ੍ਹ

        ਪਿੰਡ ਦੀ ਸੱਥ ਵਿੱਚ ਰੌਣਕ ਲੱਗੀ ਹੋਈ ਸੀ। ਦੀਪਾ ਇਕੱਲਾ ਬੈਠਾ ਅਖਬਾਰ ਪੜ੍ਹ ਰਿਹਾ ਸੀ।
       "ਉਏ ਦੀਪਿਆ ਸਾਰਾ ਦਿਨ ਅਖਬਾਰ ਵਿੱਚ ਫੋਟੋਆ ਹੀ ਦੇਖਦਾ ਰਹਿਣਾ, ਕਦੇ ਸਾਨੂੰ ਵੀ ਕੋਈ ਖਬਰ ਪੜ੍ਹ ਕੇ ਸੁਣਾ ਦੀਆ ਕਰ ਆਪਣੇ ਪੰਜਾਬ ਦੀ", ਬਾਬੇ ਕੈਲੇ ਨੇ ਕਿਹਾ।
       ਦੀਪਾ ਬੋਲਿਆ, " ਬਾਬਾ ਜੀ ਹੁਣੇ ਸੁਣਾ ਦਿੰਦਾ ਹਾ। ਇੱਕ ਪੁੱਤ ਨੇ ਜਮੀਨ ਲਈ ਆਪਣੇ ਬਾਪ ਦੇ ਗੋਲੀ ਮਾਰੀ, ਪੇਪਰਾਂ ਵਿੱਚ ਨੰਬਰ ਘੱਟ ਆਉਣ ਤੇ ਕੁੜੀ ਨੇ ਫਾਹਾ ਲਿਆ, 17 ਸਾਲ ਦੇ ਮੁੰਡੇ ਦੀ ਨਸ਼ੇ ਦੀ ੳਵਰ ਡੋਜ ਲੈਣ ਕਾਰਨ ਮੌਤ, ਨੌਕਰੀਆ ਨਾ ਮਿਲਣ ਕਾਰਨ ਮੁੰਡੇ-ਕੁੜੀਆ ਨੇ ਸ਼ਹਿਰ ਵਿੱਚ ਲਾਏ ਧਰਨੇ, ਵਿਦੇਸ਼ ਜਾਣ ਵਾਲਿਆ ਦੀ ਗਿਣਤੀ ਤੇਜੀ ਨਾਲ ਵਧੀ, ਰਾਹ ਜਾਂਦੀ ਬਜੁਰਗ ਔਰਤ ਦੀਆ ਕੰਨਾ ਦੀਆ ਵਾਲੀਆ ਖਿੱਚ ਕੇ ਭੱਜੇ ਮੋਟਰਸਾਈਕਲ ਸਵਾਰ, ਖੇਤਾਂ ਵਿੱਚ ਲਾਈ ਅੱਗ ਦੇ ਧੂੰਏ ਕਾਰਨ ਸਕੂਲ ਦੀ ਬੱਸ ਦਾ ਹੋਇਆ ਐਕਸੀਡੈਂਟ ਬੱਚੇ ਹੋਏ ਜ਼ਖ਼ਮੀ।

ਖਬਰਾਂ ਸੁਣ ਕੇ ਸੱਥ ਵਿੱਚ ਸੰਨਾਟਾ ਛਾਅ ਗਿਆ।

ਕੁਲਵਿੰਦਰ ਕੁਮਾਰ ਬਹਾਦਰਗੜ੍ਹ
          9914481924 

ਵਿਸਾਖੀ ਮੇਲੇ ਦੀ ਇੱਕ ਯਾਦ ✍️ ਪ੍ਰੋ. ਨਵ ਸੰਗੀਤ ਸਿੰਘ

ਇਹ ਗੱਲ ਕਰੀਬ 50 ਸਾਲ ਪੁਰਾਣੀ ਹੈ। ਅਸੀਂ ਉਦੋਂ ਗੋਨਿਆਨਾ ਮੰਡੀ (ਬਠਿੰਡਾ) ਵਿਖੇ ਰਹਿੰਦੇ ਸਾਂ। ਪਿਤਾ ਜੀ ਸਰਕਾਰੀ ਸਕੂਲ ਵਿੱਚ ਅਧਿਆਪਕ ਸਨ। ਮੈਂ ਚੌਥੀ ਜਮਾਤ ਵਿੱਚ ਅਤੇ ਮੇਰਾ ਭਰਾ ਪੰਜਵੀਂ ਵਿੱਚ ਪੜ੍ਹਦੇ ਸਾਂ। ਮੇਰੇ ਪਿਤਾ ਹਰ ਸਾਲ ਵਿਸਾਖੀ ਦੇ ਮੇਲੇ ਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਸੇਵਾ ਲਈ ਜਾਂਦੇ ਸਨ। ਉਹ ਆਪਣੇ ਨਾਲ ਸਾਨੂੰ, ਪਰਿਵਾਰ ਦੇ ਮੈਂਬਰਾਂ ਨੂੰ, ਵੀ ਲੈ ਕੇ ਜਾਂਦੇ ਸਨ। ਉਨ੍ਹੀਂ ਦਿਨੀਂ ਪਿੰਡਾਂ ਤੋਂ ਲੋਕੀਂ ਸਾਈਕਲਾਂ ਤੇ‌ ਮੇਲੇ ਆਇਆ ਕਰਦੇ ਸਨ। ਸਾਈਕਲ ਸੰਭਾਲਣ ਦੀ ਸੇਵਾ ਪਿਤਾ ਜੀ ਕਰਦੇ। ਉਨ੍ਹਾਂ ਦਾ ਨਾਂ ਵੀ ਸ਼੍ਰੋਮਣੀ ਕਮੇਟੀ ਦੇ ਇਸ਼ਤਿਹਾਰਾਂ ਵਿੱਚ ਲਿਖਿਆ ਹੁੰਦਾ ਸੀ। ਅਸੀਂ ਤਿੰਨ ਉਥੇ ਰੁਕਦੇ। ਨਾਲੇ ਦਰਸ਼ਨ ਇਸ਼ਨਾਨ ਕਰਦੇ, ਨਾਲੇ ਸੇਵਾ। ਯਾਨੀ ਨਾਲੇ ਪੁੰਨ ਨਾਲੇ ਫ਼ਲੀਆਂ। ਪਿਤਾ ਜੀ ਨੇ ਆਪਣਾ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਬਾਰੇ ਇੱਕ ਭਾਸ਼ਣ ਸਾਨੂੰ ਤਿਆਰ ਕਰਵਾਇਆ ਸੀ। ਇਹ ਭਾਸ਼ਣ ਅਸੀਂ ਇਥੇ ਤਖ਼ਤ ਸਾਹਿਬ ਵਿਖੇ ਹੋਣ ਵਾਲੇ ਸਮਾਗਮ ਵਿੱਚ ਪੜ੍ਹਿਆ ਕਰਦੇ ਸਾਂ। ਪਰ ਸਮਾਂ ਲੈਣ ਲਈ ਬਹੁਤ ਮਿਹਨਤ ਕਰਨੀ ਪੈਂਦੀ। ਪਿਤਾ ਜੀ ਹੀ ਸਾਨੂੰ ਸਮਾਂ ਲੈ ਕੇ ਦਿੰਦੇ ਸਨ। ਸਾਡਾ ਭਾਸ਼ਣ ਪੜ੍ਹਨ ਦਾ ਤਰੀਕਾ ਬਿਲਕੁਲ ਨਵਾਂ ਤੇ ਵੱਖਰਾ ਸੀ। ਇਸਦੀ ਇੱਕ ਪੰਕਤੀ ਮੈਂ ਤੇ ਅਗਲੀ ਪੰਕਤੀ ਮੇਰਾ ਭਰਾ ਪੜ੍ਹਦਾ। ਜ਼ਬਾਨੀ ਯਾਦ ਕੀਤੇ ਇਸ ਭਾਸ਼ਣ ਨੂੰ ਅਸੀਂ ਵਿਸ਼ੇਸ਼ ਸੰਕੇਤਾਂ/ਇਸ਼ਾਰਿਆਂ ਦੀ ਮਦਦ ਨਾਲ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੇ। ਵਿੱਚ-ਵਿੱਚ ਕਵਿਤਾ ਦੀਆਂ ਪੰਕਤੀਆਂ ਨੂੰ ਅਸੀਂ ਗਾ ਕੇ ਅਤੇ ਇਕੱਠੇ ਸੁਰਤਾਲ ਨਾਲ ਸੁਣਾਉਂਦੇ। ਪੰਜ ਤੋਂ ਸੱਤ ਮਿੰਟ ਦੇ ਇਸ ਭਾਸ਼ਣ ਨੂੰ ਸੰਗਤਾਂ ਇਕਾਗਰਚਿੱਤ ਅਤੇ ਅਚੰਭੇ ਨਾਲ ਸੁਣਦੀਆਂ। ਛੋਟੀ ਉਮਰ ਦੇ ਬੱਚਿਆਂ ਵੱਲੋਂ ਬਿਨਾਂ ਥਿੜਕੇ, ਬਿਨਾਂ ਡੋਲਿਆਂ, ਬਿਨਾਂ ਭੁੱਲਿਆਂ ਪੇਸ਼ ਕੀਤਾ ਇਹ ਭਾਸ਼ਣ ਸੰਗਤ ਉੱਤੇ ਜਾਦੂਈ ਅਸਰ ਪਾਉਂਦਾ ਤੇ ਉਹ ਇਨਾਮ ਵਜੋਂ ਨੋਟਾਂ ਦਾ ਮੀਂਹ ਵਰ੍ਹਾ ਦਿੰਦੇ। ਨੋਟ ਤਾਂ ਭਾਵੇਂ ਉਦੋਂ ਦੋ-ਦੋ, ਪੰਜ-ਪੰਜ ਦੇ ਹੀ ਹੁੰਦੇ ਸਨ, ਕਦੇ ਕੋਈ ਪੰਜਾਹ ਜਾਂ ਸੌ ਦਾ ਨੋਟ ਵੀ ਇਨਾਮ ਵਜੋਂ ਦੇ ਦਿੰਦਾ। ਅੱਜ ਵੀ ਜਦੋਂ ਵਿਸਾਖੀ ਦਾ ਤਿਉਹਾਰ ਆਉਂਦਾ ਹੈ, ਤਾਂ ਮੈਨੂੰ ਇਹ ਘਟਨਾ ਸ਼ਿੱਦਤ ਨਾਲ ਯਾਦ ਆਉਂਦੀ ਹੈ, ਜਿਸਨੂੰ ਹੁਣ ਮੈਂ ਆਪਣੇ ਪਰਿਵਾਰ (ਪਤਨੀ ਤੇ ਬੇਟੀ) ਨਾਲ ਸਾਂਝੀ ਕਰਕੇ ਪੁਰਾਣੇ ਸਮੇਂ ਵਿੱਚ ਪਹੁੰਚ ਜਾਂਦਾ ਹਾਂ।

ਪ੍ਰੋ. ਨਵ ਸੰਗੀਤ ਸਿੰਘ - ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015. 

ਪੰਜਾਬ ਦੇ ਹਾਲਾਤ ✍ ਕੁਲਵਿੰਦਰ ਕੁਮਾਰ ਬਹਾਦਰਗੜ੍ਹ

         ਪਿੰਡ ਦੀ ਸੱਥ ਵਿੱਚ ਰੌਣਕ ਲੱਗੀ ਹੋਈ ਸੀ। ਦੀਪਾ ਇਕੱਲਾ ਬੈਠਾ ਅਖਬਾਰ ਪੜ੍ਹ ਰਿਹਾ ਸੀ।
       "ਉਏ ਦੀਪਿਆ ਸਾਰਾ ਦਿਨ ਅਖਬਾਰ ਵਿੱਚ ਫੋਟੋਆ ਹੀ ਦੇਖਦਾ ਰਹਿਣਾ, ਕਦੇ ਸਾਨੂੰ ਵੀ ਕੋਈ ਖਬਰ ਪੜ੍ਹ ਕੇ ਸੁਣਾ ਦੀਆ ਕਰ ਆਪਣੇ ਪੰਜਾਬ ਦੀ", ਬਾਬੇ ਕੈਲੇ ਨੇ ਕਿਹਾ।
       ਦੀਪਾ ਬੋਲਿਆ, " ਬਾਬਾ ਜੀ ਹੁਣੇ ਸੁਣਾ ਦਿੰਦਾ ਹਾ। ਇੱਕ ਪੁੱਤ ਨੇ ਜਮੀਨ ਲਈ ਆਪਣੇ ਬਾਪ ਦੇ ਗੋਲੀ ਮਾਰੀ, ਪੇਪਰਾਂ ਵਿੱਚ ਨੰਬਰ ਘੱਟ ਆਉਣ ਤੇ ਕੁੜੀ ਨੇ ਫਾਹਾ ਲਿਆ, 17 ਸਾਲ ਦੇ ਮੁੰਡੇ ਦੀ ਨਸ਼ੇ ਦੀ ੳਵਰ ਡੋਜ ਲੈਣ ਕਾਰਨ ਮੌਤ, ਨੌਕਰੀਆ ਨਾ ਮਿਲਣ ਕਾਰਨ ਮੁੰਡੇ-ਕੁੜੀਆ ਨੇ ਸ਼ਹਿਰ ਵਿੱਚ ਲਾਏ ਧਰਨੇ, ਵਿਦੇਸ਼ ਜਾਣ ਵਾਲਿਆ ਦੀ ਗਿਣਤੀ ਤੇਜੀ ਨਾਲ ਵਧੀ, ਰਾਹ ਜਾਂਦੀ ਬਜੁਰਗ ਔਰਤ ਦੀਆ ਕੰਨਾ ਦੀਆ ਵਾਲੀਆ ਖਿੱਚ ਕੇ ਭੱਜੇ ਮੋਟਰਸਾਈਕਲ ਸਵਾਰ, ਖੇਤਾਂ ਵਿੱਚ ਲਾਈ ਅੱਗ ਦੇ ਧੂੰਏ ਕਾਰਨ ਸਕੂਲ ਦੀ ਬੱਸ ਦਾ ਹੋਇਆ ਐਕਸੀਡੈਂਟ ਬੱਚੇ ਹੋਏ ਜ਼ਖ਼ਮੀ।

ਖਬਰਾਂ ਸੁਣ ਕੇ ਸੱਥ ਵਿੱਚ ਸੰਨਾਟਾ ਛਾਅ ਗਿਆ।

 ਕੁਲਵਿੰਦਰ ਕੁਮਾਰ ਬਹਾਦਰਗੜ੍ਹ
          9914481924 

   ਕਰੋਨਾ ਦੀ ਚਿਤਾਵਨੀ ✍️ ਰਜਵਿੰਦਰ ਪਾਲ ਸ਼ਰਮਾ

 

               ਕੇਂਦਰੀ ਸਿਹਤ ਮੰਤਰੀ ਦੁਆਰਾ ਕਰੋਨਾ ਦੇ ਸਬ ਵੈਰੀਂਅਟ ਦੇ ਵਧ ਰਹੇ ਫੈਲਾਅ ਨੂੰ ਰੋਕਣ ਲਈ ਸਿਹਤ ਕਰਮਚਾਰੀਆਂ ਅਤੇ ਲੋਕਾਂ ਨੂੰ ਜਾਗਰੂਕ ਹੁੰਦੇ ਹੋਏ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।ਕਰੋਨਾ ਦੇ ਕੇਸਾਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ ਅਤੇ ਇਹ ਹਜੇ ਤੱਕ ਪੂਰੀ ਤਰ੍ਹਾਂ ਸਰਗਰਮ ਹੈ।ਕਰੋਨਾ ਤੋਂ ਬਚਾਅ ਲਈ ਮੁੱਢਲੀਆ ਸਾਵਧਾਨੀਆਂ ਵਿੱਚ ਵਾਰ ਵਾਰ ਹੱਥ ਧੋਣੇ,ਦੋ ਗਜ਼ ਦੀ ਦੂਰੀ ਬਣਾਕੇ ਰੱਖਣੀ ਅਤੇ ਵੈਕਸੀਨ ਲਗਵਾਉਣਾ ਸ਼ਾਮਿਲ ਹੈ।ਇਸ ਦੇ ਵਧ ਰਹੇ ਫੈਲਾਅ ਨੂੰ ਰੋਕਣ ਲਈ ਜਾਗਰੂਕਤਾ ਅਤੇ ਸਾਵਧਾਨੀਆਂ ਹੀ ਇੱਕੋ ਇੱਕ ਰਾਹ ਹਨ ਜਿਸ ਦੁਆਰਾ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

                       ਰਜਵਿੰਦਰ ਪਾਲ ਸ਼ਰਮਾ

                       ਪਿੰਡ ਕਾਲਝਰਾਣੀ

                     ਡਾਕਖਾਨਾ ਚੱਕ ਅਤਰ ਸਿੰਘ ਵਾਲਾ

                     ਤਹਿ ਅਤੇ ਜ਼ਿਲ੍ਹਾ-ਬਠਿੰਡਾ

                    ਮੋਬਾਇਲ 7087367969

ਚੋਰੀ ਕੱਖ ਦੀ ਮਾੜੀ ਤੇ ਲੱਖ ਦੀ ਵੀ (ਬੇਬੇ ਦੀਆਂ ਬਾਤਾਂ) ✍️ ਰਣਬੀਰ ਸਿੰਘ ਪ੍ਰਿੰਸ

                      ਸਕੂਲ ਦੀ ਘੰਟੀ ਵੱਜਦਿਆਂ ਹੀ ਬੱਚਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਵੱਖ ਵੱਖ ਅਵਾਜ਼ਾਂ ਆ ਰਹੀਆਂ ਸਨ, ਉੱਚੀ ਸੁਰ ਵਿੱਚ ਅੱਧੀ ਛੁੱਟੀ ਸਾਰੀ ਘੋੜੇ ਦੀ ਸਵਾਰੀ, ਛੁੱਟੀ ਬਈ ਛੁੱਟੀ ਘੁਮਿਆਰਾਂ ਦੀ ਗਧੀ ਕੁੱਟੀ। ਤਾਂ ਅਚਾਨਕ ਗੋਗੀ ਨੇ ਆ ਰਾਣੂੰ ਨੂੰ ਕਿਹਾ ਆ ਯਾਰ ਚੱਲੀਏ ।ਕਿੱਥੇ? ਰਾਣੂੰ ਪੁੱਛਿਆ।ਗੋਗੀ ਜੀਤੂ ਬੱਕਰੀਆਂ ਵਾਲ਼ੇ ਦੀਆਂ ਅੰਬੀਆਂ ਤੋੜ ਲਿਆਈਏ।ਤੇ ਅੱਜ ਉਹ ਹੈ ਵੀ ਨਹੀਂ ਸ਼ਹਿਰ ਜਾਂਦਾ ਮੈਂ ਅੱਖੀਂ ਵੇਖਿਆ। ਰਾਣੂੰ ਨਾ ਯਾਰ ਗੋਗੀ ਮੈਂ ਨਹੀਂ ਆਉਣਾ।ਗੋਗੀ ਕੀ ਗੱਲ ? ਓ ਯਾਰ ਬੇਬੇ ਲੜੂ। ਓਹ ਯਾਰ ਤੇਰੀ ਬੇਬੇ ਨੂੰ ਕੀ ਪਤਾ ਲੱਗਣਾ। ਆ ਆਪਾਂ ਚੱਲਦੇ ਹਾਂ।ਰਾਣੂੰ ਨਾ ਯਾਰ ਬੇਬੇ  ਲੜੂ। ਓਹ ਬੇਬੇ ਦਾ ਕੀ ਹੈ! ਨਹੀਂ ਮੇਰੀ ਬੇਬੇ ਆਂਦੀ ਹੈ ਕਿ ਪੁੱਤ ਚੋਰੀ ਨਹੀਂ ਕਰਨੀ। ਚੋਰੀ ਕਰਨਾ ਪਾਪ ਹੁੰਦੈ। ਓਏ ਯਾਰ ਤੇਰੀ ਬੇਬੇ ਤਾਂ ਐਵੇਂ ਯੱਬਲੀਆਂ ਮਾਰਦੀ ਰਹਿੰਦੀ ਏ।ਖਾਣ ਪੀਣ ਦੀ ਕੋਈ ਚੋਰੀ ਨਹੀਂ ਹੁੰਦੀ। ਨਾ ਯਾਰ ਗੋਗੀ ਮੇਰੀ ਬੇਬੇ ਯੱਬਲੀਆਂ ਨਹੀਂ ਮਾਰਦੀ। ਸੱਚੀਆਂ ਗੱਲਾਂ ਕਰਦੀ ਏਂ । ਤੇ ਨਾਲ਼ੇ ਮੇਰੀ ਬੇਬੇ ਐਨੀਂ ਵੀ ਮਾੜੀ ਨਹੀਂ। ਖ਼ਰਾ ਸੋਨਾ! ਖ਼ਰਾ ਸੋਨਾ! ਤੇ ਮੇਰੀ ਬੇਬੇ ਦੀਆਂ ਬਾਤਾਂ ਵੀ ਕਿਆ ਬਾਤਾਂ ਨੇ। ਤੇ ਹਰ ਪਲ਼ ਸੱਚ ਬੋਲਦੀ ਹੈ।ਗੋਗੀ ਉਹ ਛੱਡ ਯਾਰ",ਤੂੰ ਤਾਂ ਐਵੇਂ ਸੰਤਾਂ ਮਹਾਤਮਾਂ ਵਾਂਗੂੰ ਪ੍ਰਵਚਨ ਕਰਨ ਲੱਗ ਜਾਨਾਂ ।ਆ ਚੱਲਦੇ ਹਾਂ, ਅੰਬੀਆਂ ਤੋੜਦੇ ਹਾਂ। ਸਵਾਦ ਲੈ ਲੈ ਕੇ!ਚਟਕਾਰੇ ਲਾ ਲਾ ਕੇ ਖਾਵਾਂਗੇ। ਨਾ ਯਾਰ ਗੋਗੀ ਮੈਂ ਨਹੀਂ ਆਉਣਾ,। ਓਏ ਜਾਹ ਯਾਰ, ਮੈਂ ਚੱਲਿਆ। ਤੂੰ ਚੱਲਿਆ ਤਾਂ ਕੋਈ ਗੱਲ ਨਹੀ। ਤੂੰ ਜਾਹ!ਪਰ ਮੈਂ ਨਹੀਂ ਆਉਣਾ। ਉਹ ਤੇਰੀ ਬੇਬੇ ਦੀਆਂ ਗੱਲਾਂ ਵੀ ਕੋਈ ਗੱਲਾਂ ਨੇ , ਰਾਣੂੰ ਮੇਰੀ ਬੇਬੇ ਦੀਆਂ ਗੱਲਾਂ ਤਾਂ ਗੱਲਾਂ ਹੀ ਨੇ ਮਿੱਤਰਾਂ। ਠੀਕ ਹੈ ਮੈਂ ਚੱਲਿਆ । ਠੀਕ ਹੈ ਯਾਰ ਕਹਿ ਕੇ ਰਾਣੂੰ ਘਰ ਵੱਲ ਤੇ ਗੋਗੀ ਜੀਤੂ ਬੱਕਰੀਆਂ ਵਾਲ਼ੇ ਦੀਆਂ ਅੰਬੀਆਂ ਵੱਲ ਨੂੰ ਹੋ ਤੁਰਿਆ।

                       ਘਰ ਪਹੁੰਚਦਿਆਂ ਹੀ ਮਾਂ ਨੇ ਪੁੱਛਿਆ ਕੀ ਗੱਲ ਪੁੱਤ ਰਾਣੂੰ ? ਐਦਾਂ ਮੂੰਹ ਬਣਾਇਆ,ਕੁਝ ਨਹੀਂ ਬੇਬੇ ਆਹ ਗੋਗੀ ਦੀ ਸੁਣ ਲਓ,ਹਰ ਰੋਜ਼ ਜੀਤੂ ਬੱਕਰੀਆਂ ਵਾਲ਼ੇ ਦੀਆਂ ਅੰਬੀਆਂ ਤੋੜ ਲੈਂਦਾ ਤੇ ਅੱਜ ਮੈਨੂੰ ਵੀ ਆਂਦਾ ਸੀ, ਕਿ ਆ ਚੱਲੀਏ, ਮੈਂ ਉਹਨੂੰ ਕਿਹਾ ਕਿ ਨਹੀਂ ਭਰਾਵਾ, ਚੋਰੀ ਕਰਨਾ ਪਾਪ ਹੈ। ਇਹ ਮੈਂ ਨਹੀਂ ਮੇਰੀ ਬੇਬੇ ਆਂਦੀ ਐ , ਤੇ ਗੋਗੀ ਕਹਿੰਦਾ ਤੇਰੀ ਬੇਬੇ ਯੱਬਲੀਆਂ ਮਾਰਦੀ ਐ। ਮੈਂ ਕਿਹਾ ਕਿ ਨਹੀਂ, ਮੇਰੀ ਬੇਬੇ ਦੀਆਂ ਗੱਲਾਂ ਬੜੀਆਂ ਸੋਹਣੀਆਂ ਤੇ ਸੁਚੱਜੀਆਂ ਹੁੰਦੀਐਂ। ਅੱਛਾ ਪੁੱਤ! ਫੇਰ ਤੇਰਾ ਦਿਲ ਨਹੀਂ ਕੀਤਾ ਅੰਬੀਆਂ ਖਾਣ ਨੂੰ? ਨਹੀਂ ਮਾਂ ਦਿਲ ਤਾਂ ਕਰਦਾ ਸੀ, ਪਰ ਤੇਰੀ ਸਿੱਖਿਆ ਮੈਨੂੰ ਵਾਰ- ਵਾਰ ਚੇਤੇ ਆਉਂਦੀ ਸੀ। ਪੁੱਤ ਕਿਹੜੀ ਸਿੱਖਿਆ?ਆ ਬੇਬੇ ਤੂੰ ਕਹਿੰਦੀ ਸੀ ਨਾ ਕਿ ਚੋਰੀ ਕੱਖ ਦੀ ਮਾੜੀ ਤੇ ਚੋਰੀ ਲੱਖ ਦੀ ਵੀ ਮਾੜੀ। ਤੇ ਬੇਬੇ ਨੇ ਘੁੱਟ ਕੇ ਰਾਣੂੰ ਨੂੰ ਗਲਵੱਕੜੀ ਦੇ ਵਿੱਚ ਲੈ ਲਿਆ। ਤੇ ਬੋਝੇ ਚੋਂ ਕੱਢ ਕੇ ਦੋ ਅੰਬੀਆਂ ਫੜਾ ਦਿੱਤੀਆਂ ਕੇ ਲੈ ਮੇਰਾ ਪੁੱਤ ਇਹਨਾਂ ਨੂੰ ਖਾਹ। ਤੇ ਰਾਣੂੰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।

ਰਣਬੀਰ ਸਿੰਘ ਪ੍ਰਿੰਸ

ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ ਸੰਗਰੂਰ 148001 - 9872299613

"ਅੰਬ ਤੇ ਬਾਖੜੀਆਂ " ✍️ ਬਲਰਾਜ ਚੰਦੇਲ ਜੰਲਧਰ

ਰੇਨੂ ਇੱਕ ਮੱਧਵਰਗੀ ਪਰਿਵਾਰ ਨਾਲ ਸੰਬਧਿਤ ਕੁੜੀ ਸੀ।ਸੋਹਣਾ ਪਿਆਰ ਭਰਿਆ ਪਰਿਵਾਰ, ਪਤੀ ਦੋ ਬੱਚੇ। 

ਦਫ਼ਤਰ ਵਿੱਚ ਨੌਕਰੀ ਲੱਗੀ ਹੋਈ ਸੀ।ਘਰੋਂ ਦਫ਼ਤਰ ਤੇ ਦਫ਼ਤਰੋਂ ਘਰ ।ਮਿੱਠ ਬੋਲੜੀ ਸੀ ਪਰ ਗੱਲ ਘੱਟ ਕਰਦੀ ਸੀ । ਸਾਦਗੀ ਦੀ ਮੂਰਤ ਪਰ ਪਲੀਜ਼ਿੰਗ ਪਰਸਨੈਲਟੀ ਦੀ ਮਾਲਿਕ ਸੀ। ਜਦੋ ਕੋਈ ਉਸਦੀ ਤਾਰੀਫ਼  ਕਰਦਾ  ਤਾਂ ਨਾਲ ਦੀਆਂ ਸਾਥਣਾਂ ਅੰਦਰੋਂ ਅੰਦਰੀ ਖਾਰ ਖਾਂਦੀਆਂ  ਸੀ।

ਚਾਹ ਦੇ ਵਕਤ ਸਾਰੇ ਕਰਮਚਾਰੀ  ਕੰਟੀਨ ਵਿੱਚ ਚਾਹ ਪੀਣ  ਆਉਦੇ ਸੀ।

ਇਕ ਦਿਨ  ਉਹ ਚਾਹ ਪੀਣ ਲਈ ਬੈਠੀ ਹੀ ਸੀ ਕਿ  ਨਾਲ ਕੰਮ ਕਰਦੇ ਇੱਕ ਕਰਮਚਾਰੀ ਨਰਿੰਦਰ  ਨੇ ਬੜੀ ਹਲੀਮੀ ਨਾਲ ਕਿਹਾ "ਮੈਡਮ ਜੀ ਇੱਥੇ ਬਹਿਕੇ  ਤੁਹਾਡੇ ਨਾਲ ਚਾਹ ਪੀ ਸਕਦਾ?"

ਚਾਹ ਪੀਣ ਦੇ ਵਕਤ ਅਕਸਰ  ਸਾਰੀਆਂ ਮੈਡਮਾਂ ਇਕੱਠੀਆਂ ਹੋ ਜਾਦੀਆ ਸਨ।

ਇਹ ਮੈਡਮ  ਰੇਨੂ ਕਦੇ ਕਿਸੇ ਨੂੰ ਉਡੀਕਦੀ ਨਹੀਂ ਸੀ ,ਜਦ ਮਨ ਕਰਨਾ ਇਕੱਲਿਆਂ ਵੀ ਕੰਟੀਨ ਵਿੱਚ ਆਕੇ ਚਾਹ ਦਾ ਕੱਪ ਪੀ ਲੈਂਦੀ ਸੀ। ਰੇਨੂ ਨੇ ਨਰਿੰਦਰ ਵਲ ਦੇਖਿਆ ਤੇ ਕਿਹਾ ਕਿਉਂ ਨਹੀਂ, "ਬੈਠੋ ਬੈਠੋ ਇਹ ਦਫ਼ਤਰ ਦੀ ਕੰਟੀਨ ਹੈ ਕੋਈ ਵੀ ਬੈਠ ਸਕਦਾ।"

ਚਾਹ ਆਗਈ, ਪੀਂਦਿਆ ਪੀਂਦਿਆ ਆਪਸੀ ਜਾਣ ਪਹਿਚਾਣ ਹੋਣ ਲੱਗ ਪਈ।

ਤੁਸੀਂ ਕਿੱਥੋਂ ਦੇ ਹੋ?

ਪਤਨੀ ਕੀ ਕਰਦੀ ਆ?

ਕਿੰਨੇ ਭੈਣ ਭਾਈ ਆ?

ਕਿੰਨੀ ਦੇਰ ਹੋ ਗਈ ਵਿਆਹ ਨੂੰ?

ਕਿਨੇ ਬੱਚੇ ਆ?

ਹਰ ਰੋਜ ਚਾਹ ਪੀਣ ਬੈਠਿਆਂ ਇਹ ਸਾਰੀਆਂ ਗੱਲਾਂ ਸਾਂਝੀਆ ਹੋਣ ਲੱਗੀਆਂ। 

ਗੱਲਾ ਗੱਲਾ ਵਿੱਚ ਨਰਿੰਦਰ ਨੇ ਦੱਸਿਆ ਕਿ ਉਸਦੀ ਕੋਈ ਭੈਣ  ਨਹੀਂ ।

ਰੇਨੂ ਕਹਿੰਦੀ ਤੁਸੀਂ ਬਹੁਤ ਲੱਕੀ ਹੋ,ਬੜਾ ਕੁੱਝ ਕਰਨਾ ਪੈਂਦਾ, ਬੜੀਆਂ ਜਿੰਮੇਵਾਰੀਆ ਹੁੰਦੀਆਂ ਭੈਣਾਂ ਦੀਆਂ। ਨਰਿੰਦਰ ਨੂੰ ਗੁੱਸਾ ਲੱਗਿਆ ਕਹਿੰਦਾ ਇੰਝ ਨਾ ਕਹੋ ਮੈ ਤਾਂ ਬਹੁਤ  ਅਨਲੱਕੀ  ਹਾਂ।  ਰੇਨੂ ਕਹਿੰਦੀ ਕੋਈ ਨਹੀਂ ਤੁਹਾਡੀ ਇਹ ਕਮੀ ਅਸੀਂ ਪੂਰੀ ਕਰ  ਦਿੰਨੇ ਆਂ ਤੇ ਤੁਹਾਨੂੰ ਲੱਕੀ ਬਣਾ ਦਿੰਦੇ ਹਾਂ। 

ਨਰਿੰਦਰ ਕਹਿੰਦਾ ਨਹੀਂ ਨਹੀਂ ਮੈਡਮ ਜੀ  ਇਹ ਨਹੀਂ ਹੋ ਸਕਦਾ ਮੈਂ ਕਿਸੇ ਨੂੰ ਭੈਣ ਨਹੀਂ  ਬਣਾ ਸਕਦਾ। ਮੈਨੂੰ ਜਿੰਦਗੀ ਦਾ ਬਹੁਤ  ਮਾੜਾ ਤਜ਼ਰਬਾ ਹੈ।

ਮੇਰੀ ਮਾਂ ਨਹੀਂ ਸੀ ਇੱਕ  ਪੜੋਸੀ ਔਰਤ ਮੇਰੀ  ਮਾਂ ਬਣ ਗਈ ਸੀ।ਉਹ ਮੈਨੂੰ ਬਹੁਤ ਪਿਆਰ ਕਰਨ ਲੱਗ ਪਈ ਸੀ। ਉਸਦੀ ਧੀ ਵੀ  ਮੈਂਨੂੰ ਭਰਾਵਾਂ ਵਾਂਗ ਪਿਆਰ ਕਰਦੀ ਸੀ।ਮੈਂ ਅਪਣੇ ਆਪ ਨੂੰ  ਬਹੁਤ ਖੁਸ਼ਕਿਸਮਤ ਸਮਝਣ ਲੱਗ ਪਿਆ ਸੀ। ਫਿਰ ਉਸ ਭੈਣ ਦਾ ਵਿਆਹ ਹੋ ਗਿਆ।ਭੈਣ ਦਾ ਘਰ ਵਾਲਾ   ਮੇਰੀ ਉਸ ਮਾਂ ਬਣੀ ਔਰਤ ਨੂੰ ਤਾਨੇ ਦੇਣ ਲੱਗ ਪਿਆ। ਤੁਸੀਂ ਘਰ ਵਿੱਚ ਮੁਸ਼ਟੰਡਾ ਪਾਲ ਰੱਖਿਆ ਹੈ।ਮੇਰਾ ਉਸ ਘਰ ਵਿੱਚ ਤੇ ਉਸ ਭੈਣ ਦੇ ਘਰ ਜਾਣਾ ਮੁਸ਼ਕਿਲ ਹੋ ਗਿਆ।ਮੇਰਾ ਦਿਲ ਦੁੱਖੀ ਹੋ ਗਿਆ।  ਉਸਤੋਂ ਬਾਦ ਮੈਂ ਕਿਸੇ ਨੂੰ  ਮਾਂ ਜਾ ਭੈਣ ਨਹੀਂ ਬਣਾਇਆ। 

 ਰੇਨੂੰ ਨੇ ਕਿਹਾ ,  ਠੀਕ ਹੈ ਜਿਵੇਂ ਤੁਹਾਡੀ ਮਰਜੀ । ਮੇਰੇ ਅਪਣੇ ਭਰਾ ਤਾਂ  ਹੈਗੇ ਆ ਪਰ ਮੈਨੂੰ ਕਿਸੇ ਨੂੰ ਭਰਾ ਕਹਿਣ ਵਿੱਚ ਕੋਈ ਇਤਰਾਜ਼ ਨਹੀਂ।

ਇਸ ਤਰਾਂ ਵਕਤ ਬੀਤਦਾ ਗਿਆ ਤੇ ਸਾਂਝਾ ਵਧਦੀਆਂ ਗਈਆਂ। ਨਰਿੰਦਰ ਬੀਮਾਰ ਹੋ ਗਿਆ ਤੇ ਹਸਪਤਾਲ ਵਿੱਚ ਸੀ ।

ਇੱਕ ਦਿਨ ਰੇਨੂ ਅਪਣੇ ਪਤੀ ਨਾਲ ਅਪਣੇ ਪੇਕੇ ਘਰ ਭਾਈ ਦੂਜ ਦਾ ਤਿਉਹਾਰ ਮਨਾ ਕੇ ਆ ਰਹੀ ਸੀ ।ਰਸਤੇ ਵਿੱਚ ਨਰਿੰਦਰ ਨੂੰ ਦੇਖਣ ਚਲੀ ਗਈ।ਨਰਿੰਦਰ ਦੀ ਪਤਨੀ ਨਾਲ ਵੀ ਮੁਲਾਕਾਤ ਹੋਈ। ਰੇਨੂ ਨੇ ਨਰਿੰਦਰ ਦੇ ਗੁੱਟ ਤੇ ਲਾਲ ਮੌਲੀ ਬੰਨੀ ਤੇ ਭਾਈਦੂਜ ਦਾ ਟਿੱਕਾ ਲਾ ਦਿੱਤਾ। ਰੇਨੂ ਬੜੀ ਖੁਸ਼ ਸੀ। ਨਰਿੰਦਰ ਵੀ ਰੇਨੂ  ਨੂੰ ਬੜਾ ਮੋਹ ਜਿਤਾਉਦਣ  ਲੱਗ ਪਿਆ । ਉਹ ਅਕਸਰ ਇਹ ਗੱਲ  ਦੁਹਰਾਉਂਦਾ ਰਹਿੰਦਾ ਕਿ ਮੈਰਾ ਤੇਰੇ ਨਾਲ ਰੂਹ ਦਾ ਰਿਸ਼ਤਾ ਹੈ ।

 ਦੇਖ ਰੇਨੂ ਰੂਹ ਦੇ ਰਿਸ਼ਤੇ, ਦੁਨਿਆਵੀ ਰਿਸ਼ਤਿਆਂ ਤੋ ਕਿਤੇ ਉੱਪਰ ਹੁੰਦੇ ਆ।ਮੈਨੂੰ  ਤੇ ਤੈਨੂੰ ਦੇਖ ਕੇ ਕਵਿਤਾਵਾਂ ਔੜਣ ਲੱਗ ਪੈੰਦੀਆ।ਰੇਨੂੰ ਨੂੰ ਸੁਣ ਕੇ ਹਾਸਾ ਆ ਜਾਂਦਾ। ਹੋਲੀ ਹੋਲੀ ਨਰਿੰਦਰ ਘਰਦੇ ਦੁੱਖ ਸੁੱਖ ਸਾਂਝੇ ਕਰਨ ਲੱਗ ਪਿਆ। ਘਰਾਂ ਵਿੱਚ ਆਪਸੀ ਆਉਣ ਜਾਣ ਵਧ ਗਿਆ। 

ਪਰ ਉਹ ਦਿਲੋਂ ਰੇਨੂ ਨੂੰ ਭੈਣ ਮੰਨਣ ਤੇ ਇਨਕਾਰੀ ਰਿਹਾ।ਰੇਨੂੰ ਨੂੰ ਸਮਝ ਨਹੀਂ  ਲੱਗੀ।  ਉੰਝ  ਉਹ ਬਹੁਤ ਅਪਣਾਪਣ ਦਿਖਾਉਂਦਾ ਸੀ। ਇੱਕ ਦਿਨ ਉਸਨੇ ਦੱਸਿਆ ਕਿ ਉਹ

ਬਹੁਤ ਦੁਖੀ ਰਹਿੰਦਾ ਹੈ।ਉਸਦਾ ਅਪਣੀ  ਪਤਨੀ ਨਾਲ ਬਹੁਤ ਝਗੜਾ ਰਹਿੰਦਾ ਹੈ।ਰਾਤ ਨੂੰ ਸ਼ਰਾਬ ਪੀਕੇ ਸੜਕਾਂ ਤੇ ਘੁਮਦਾ ਰਹਿੰਦਾ ਹੈ।ਰੱਬ ਜਾਣੇ ਉਹ ਸੱਚ ਕਹਿੰਦਾ ਸੀ ਜਾਂ ਝੂਠ।

ਰੇਨੂ ਨੂੰ ਇਹ ਸਭ ਸੁਣਕੇ ਬਹੁਤ ਦੁੱਖ ਲੱਗਿਆ। ਉਦੋਂ ਮੁਬਾਇਲ ਨਹੀਂ ਸੀ ਹੁੰਦੇ।ਮੋਹ ਭਿੱਜੀ ਰੇਨੂ ਨੇ ਇਕ  ਹਿਦਾਅਤਾਂ ਭਰੀ ਚਿੱਠੀ  ਲਿਖ ਕੇ ੳਸਦੇ ਘਰ ਪੋਸਟ ਕਰ ਦਿੱਤੀ ,ਜਿਵੇਂ ਉਹ ਅਪਣੇ ਭਰਾ ਭਰਜਾਈਆਂ ਵਿੱਚ  ਹੋਏ ਝਗੜਿਆਂ ਵੇਲੇ ਕਰਦੀ ਸੀ। ਪੇਕੇ ਘਰ ਉਸਦੀ ਬਹੁਤ ਪੁੱਛ ਸੀ। ਸਾਰੇ ਉਸਦੀ ਗੱਲ ਮੰਨਦੇ ਸੀ।

ਰੇਨੂ ਦੀ ਚਿੱਠੀ ਨੇ ਨਰਿੰਦਰ ਦੇ ਘਰ ਕਲੇਸ਼ ਪਾ ਦਿੱਤਾ। 

ਨਰਿੰਦਰ ਨੇ ਆਕੇ ਰੇਨੂ ਨੂੰ ਦੱਸਿਆ। ਰੇਨੂ ਕਹਿੰਦੀ  ਮੈਨੂੰ ਕੀ ਪਤਾ ਸੀ ਮੈਨੂੰ ਗੁੱਸਾ ਆਇਆ ਮੈਂ ਡਾਂਟ ਦਿੱਤਾ। ਨਰਿੰਦਰ ਨੇ ਰੇਨੂ ਨੂੰ  ਇੱਕ ਕਾਗਜ ਤੇ ਕੁੱਝ ਲਿਖਕੇ  ਕਾਪੀ ਕਰ ਕੇ ਦੇਣ  ਲਈ ਕਿਹਾ। ਇਹ ਇੱਕ  ਚਿੱਠੀ ਦੀ ਤਰ੍ਹਾਂ ਸੀ ਜੋ  ਮੇਰੇ ਭਾਈ ਸਾਹਿਬ ਤੋਂ ਸ਼ੁਰੂ ਹੋਕੇ ਤੁਹਾਡੀ ਭੈਣ ਵਲੋਂ, ਤੇ ਖਤਮ ਸੀ। ਇਹ  ਚਿੱਠੀ ੳਸ ਨੇ ਅਪਣੀ ਪਤਨੀ  ਨੂੰ  ਸਫ਼ਾਈ ਵਝੋਂ ਦੇਣੀ ਸੀ। ਹੁਣ ਰੇਨੂ ਨੂੰ ਅਪਣੇ ਆਪ ਤੇ ਬਹੁਤ ਗੁੱਸਾ ਆ ਰਿਹਾ ਸੀ। ਹੁਣ ਉਸਨੂੰ ਦਫ਼ਤਰ ਦੇ ਕਰਮਚਾਰੀਆਂ ਵਲੋਂ ਤੇ ਉਸਦੀ ਪਤਨੀ ਦੀਆਂ ਟਾਂਚਾ ਲਾ ਲਾ ਕੇ ਕੀਤੀਆਂ ਗੱਲਾ ਸਮਝ  ਆਉਣ ਲੱਗੀਆਂ।  ਉਹ  ਨਰਿੰਦਰ ਦੇ ਮੋਹ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਨ ਲੱਗ ਪਈ।ਉਸਨੂੰ ਇਸ ਵਿੱਚ  ਬਹੁਤ ਵਕਤ ਲੱਗਿਆ,  ਜੋ ੳਸ ਲਈ ਬਹੁਤ ਪੀੜਾ ਦਾਇਕ ਸੀ।ਬਹੁਤ ਸਮਾਂ ਬੀਤ ਜਾਣ  ਤੋਂ ਬਾਅਦ ੳਸਨੂੰ ਪਤਾ ਲੱਗਿਆ ਕਿ ਨਰਿੰਦਰ ਉਸ  ਨਾਲ ਤਾ ਬੜਾ ਮੋਹ ਪਿਆਰ ਜਤਾਉਂਦਾ ਸੀ ਪਰ   ਅਪਣੀ ਪਤਨੀ ਤੇ ਅਪਣੇ ਸਾਥੀ ਦੋਸਤਾਂ ਨਾਲ ੳਸ ਰੂਹ ਦੇ ਰਿਸ਼ਤੇ ਵਾਰੇ ਬਹੁਤ ਅਲੱਗ ਤਰ੍ਹਾਂ ਦੀ ਚਰਚਾ ਕਰਦਾ ਸੀ। 

ਰੇਨੂ ਅਕਸਰ ਸੋਚਦੀ ਜੇ ਅੰਬਾ ਦੀ ਭੁੱਖ ਬਾਖੜੀਆਂ ਨਾਲ ਲੱਥ ਜਾਵੇ ਤਾਂ ਲੋਕੀ ਅੰਬਾ ਨੂੰ ਕਿਉਂ ਰੋਣ।

ਪਰ ਭੈੜੀਏ ਤੇਰੇ ਕੋਲ ਤਾਂ ਅਪਣੇ ਅੰਬ ਵੀ ਹੈਗੇ ਸੀ।

 

ਬਲਰਾਜ ਚੰਦੇਲ ਜੰਲਧਰ

ਹੜ੍ਹ ਦੀ ਕਰੋਪੀ ✍️ ਪ੍ਰੋ. ਨਵ ਸੰਗੀਤ ਸਿੰਘ

ਸਾਰਾ ਦਿਨ ਰੁਕ ਰੁਕ ਕੇ ਮੀਂਹ ਪੈਂਦਾ ਰਿਹਾ ਸੀ। ਰਾਤੀਂ ਸਾਢੇ ਬਾਰਾਂ ਕੁ ਵਜੇ ਗੁਰਦੁਆਰੇ ਦੇ ਸਪੀਕਰ ਤੋਂ ਐਲਾਨ ਹੋਇਆ ਕਿ ਲਾਗਲੀ ਨਦੀ ਦਾ ਬੰਨ੍ਹ ਟੁੱਟ ਗਿਆ ਹੈ ਤੇ ਪਾਣੀ ਇਸੇ ਇਲਾਕੇ ਵੱਲ ਵੱਧ ਰਿਹਾ ਹੈ, ਇਸਲਈ ਸੁਰੱਖਿਅਤ ਥਾਂਵਾਂ ਤੇ ਚਲੇ ਜਾਓ। ਘਰ ਵਿੱਚ ਉਦੋਂ ਜਵਾਨ ਬੇਟਾ ਅਤੇ ਬਜ਼ੁਰਗ ਮਾਪੇ ਸਨ। ਪਿਤਾ ਨੇ ਬੇਟੇ ਨੂੰ ਜਗਾ ਕੇ ਸਾਰੇ ਹਾਲਾਤ ਤੋਂ ਜਾਣੂ ਕਰਵਾਇਆ ਤਾਂ ਬੇਟੇ ਨੇ ਮਾਪਿਆਂ ਨੂੰ ਗੁਆਂਢੀਆਂ ਦੇ ਬਣੇ ਚੁਬਾਰੇ ਵਿੱਚ ਭੇਜ ਦਿੱਤਾ, ਜਿੱਥੇ ਪਹਿਲਾਂ ਤੋਂ ਹੀ ਪੰਜ ਪਰਿਵਾਰ ਹੋਰ ਆਏ ਬੈਠੇ ਸਨ। ਪਾਣੀ ਦਾ ਵਹਾਅ ਏਨਾ ਤੇਜ਼ ਹੋ ਗਿਆ ਕਿ ਘਰ 'ਚ ਪਈਆਂ ਸਾਰੀਆਂ ਚੀਜ਼ਾਂ ਰੁੜ੍ਹਨ ਲੱਗੀਆਂ। ਫਰਿਜ, ਸੋਫਾ, ਬੈੱਡ, ਟਰੰਕ, ਮੇਜ਼ ਅਤੇ ਰਸੋਈ ਦੀ ਸ਼ੈਲਫ਼ ਤੇ ਪਏ ਭਾਂਡਿਆਂ ਤੱਕ ਪਾਣੀ ਚਲਾ ਗਿਆ। ਬੇਟੇ ਨੇ ਦਰਵਾਜ਼ਾ ਬੰਦ ਕਰਕੇ ਪਾਣੀ ਦੇ ਵਹਾਅ ਨੂੰ ਰੋਕਣ ਦੀ ਅਸਫਲ ਕੋਸ਼ਿਸ਼ ਕੀਤੀ। ਉੱਤੋਂ ਬਜ਼ੁਰਗ ਮਾਪੇ ਬੇਟੇ ਨੂੰ ਉੱਪਰ ਆਉਣ ਨੂੰ ਲਗਾਤਾਰ ਆਵਾਜ਼ਾਂ ਮਾਰ ਰਹੇ ਸਨ। ਪਰ ਉੱਤੇ ਜਾਣ ਲਈ ਪੌੜੀਆਂ ਨਾ ਹੋਣ ਕਰਕੇ ਬੇਟਾ ਹੇਠਾਂ ਹੀ ਰਿਹਾ। ਉਹਨੇ ਖ਼ੁਦ ਨੂੰ ਪਾਣੀ ਵਿੱਚ ਰੁੜ੍ਹਨ ਤੋਂ ਬਚਾਉਣ ਲਈ ਇੱਕ ਮੇਜ਼ ਤੇ ਖੜ੍ਹੇ ਹੋ ਕੇ ਉਪਰਲੇ ਛੱਤ ਵਾਲੇ ਪੱਖੇ ਨੂੰ ਹੱਥ ਪਾ ਲਿਆ। ਬਜ਼ੁਰਗਾਂ ਨੂੰ ਬੇਟੇ ਦੀ ਚਿੰਤਾ ਸਤਾ ਰਹੀ ਸੀ। ਉਨ੍ਹਾਂ ਨੇ ਗੁਆਂਢੀਆਂ ਦੇ ਦੋ ਮੁੰਡਿਆਂ ਨੂੰ ਹੇਠਾਂ ਜਾ ਕੇ ਬੇਟੇ ਦੀ ਖਬਰ ਲੈਣ ਲਈ ਭੇਜਿਆ। ਉਨ੍ਹਾਂ ਨੇ ਉੱਤੋਂ ਹੀ ਪਾਣੀ ਵਿੱਚ ਛਾਲ ਮਾਰੀ ਤੇ ਕਿਵੇਂ ਨਾ ਕਿਵੇਂ ਬਜ਼ੁਰਗਾਂ ਦੇ ਬੇਟੇ ਨੂੰ ਉਤਾਂਹ ਲੈ ਆਏ। ਇਲਾਕੇ ਦੇ ਲੋਕਾਂ ਦੀ ਜਾਨ ਤਾਂ ਬਚ ਗਈ ਸੀ ਪਰ ਜੋ ਕੀਮਤੀ ਸਮਾਨ ਬਰਬਾਦ ਹੋਇਆ, ਉਹਦੀ ਭਰਪਾਈ ਕਦੇ ਨਾ ਹੋ ਸਕੀ।

                  

ਪ੍ਰੋ. ਨਵ ਸੰਗੀਤ  ਸਿੰਘ  

ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302

(ਬਠਿੰਡਾ) 9417692015.

ਚਿੜੀਆਘਰ ਦੀ ਮਨੋਰੰਜਕ ਯਾਤਰਾ   ✍️ ਪ੍ਰੋ. ਨਵ ਸੰਗੀਤ ਸਿੰਘ

13 ਅਪ੍ਰੈਲ 1977 : ਸਥਾਪਨਾ ਦਿਵਸ                             

ਕੁਝ ਵਰ੍ਹੇ ਪਹਿਲਾਂ ਮੈਂ ਆਪਣੀ ਬੇਟੀ ਰੂਹੀ ਸਿੰਘ ਨੂੰ ਛੁੱਟੀਆਂ ਵਿੱਚ ਛੱਤਬੀੜ ਚਿਡ਼ੀਆਘਰ ਲਿਜਾਣ ਦਾ ਪ੍ਰੋਗਰਾਮ ਬਣਾਇਆ। ਅਸੀਂ ਪਰਿਵਾਰ ਦੇ ਤਿੰਨ ਜੀਅ ਪਹਿਲਾਂ ਬੱਸ ਰਾਹੀਂ ਤਲਵੰਡੀ ਸਾਬੋ ਤੋਂ ਪਟਿਆਲੇ ਗਏ ਤੇ ਇੱਕ ਰਾਤ ਪੰਜਾਬੀ  ਯੂਨੀਵਰਸਿਟੀ ਦੇ ਵਾਰਿਸ ਭਵਨ 'ਚ ਬਿਤਾਈ। ਅਗਲੇ ਦਿਨ ਸਵੇਰੇ ਸਵਾ 10 ਵਜੇ ਬੱਸ ਲੈ ਕੇ ਪੌਣੇ 12 ਵਜੇ ਪਿੰਡ ਛੱਤ ਪੁੱਜੇ। ਅੱਗੋਂ ਇੱਕ ਆਟੋ ਰਾਹੀਂ ਅਸੀਂ ਚਿੜੀਆਘਰ ਪਹੁੰਚ ਗਏ।     ਇਸ ਚਿੜੀਆਘਰ ਦਾ ਪੂਰਾ ਨਾਂ 'ਮਹਿੰਦਰ ਚੌਧਰੀ ਜ਼ੂਆਲੋਜੀਕਲ ਪਾਰਕ' ਹੈ। ਇੱਥੇ ਇਹ ਦੱਸਣਾ ਲਾਹੇਵੰਦ ਹੋਵੇਗਾ ਕਿ ਇਸ ਜ਼ੂਆਲੋਜੀਕਲ ਪਾਰਕ ਦਾ ਉਦਘਾਟਨ ਪੰਜਾਬ ਦੇ ਤਤਕਾਲੀ ਗਵਰਨਰ ਸ੍ਰੀ ਮਹਿੰਦਰ ਮੋਹਨ ਚੌਧਰੀ ਨੇ 13 ਅਪ੍ਰੈਲ 1977 ਈ. ਨੂੰ ਕੀਤਾ ਸੀ। ਇਹ ਚਿੜੀਆਘਰ ਪਿੰਡ ਛੱਤ ਤੋਂ ਤਿੰਨ ਕਿਲੋਮੀਟਰ, ਚੰਡੀਗੜ੍ਹ ਤੋਂ ਵੀਹ ਕਿਲੋਮੀਟਰ ਅਤੇ ਪਟਿਆਲੇ ਤੋਂ ਪਚਵੰਜਾ ਕਿਲੋਮੀਟਰ ਦੂਰੀ ਤੇ ਹੈ। 202 ਏਕੜ ਵਿੱਚ ਫੈਲੇ ਇਸ ਚਿੜੀਆਘਰ ਵਿੱਚ 369 ਥਣਧਾਰੀ ਜੀਵ, 400 ਪੰਛੀ, 20 ਰੀਂਘਣ ਵਾਲੇ ਜੀਵ ਹਨ। ਉੱਤਰੀ ਭਾਰਤ ਵਿੱਚ ਸਭ ਤੋਂ ਵੱਡੇ ਇਸ ਜ਼ੂਆਲੋਜੀਕਲ ਪਾਰਕ ਵਿੱਚ ਲਾਇਨ ਸਫ਼ਾਰੀ ਇਸ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ। ਇੱਥੇ ਰਾਇਲ ਬੰਗਾਲੀ ਟਾਈਗਰ, ਵ੍ਹਾਈਟ ਟਾਈਗਰ, ਏਸ਼ੀਅਨ ਐਲੀਫੈਂਟ, ਹਿੱਪੋਪੋਟੇਮੱਸ, ਇੰਡੀਅਨ ਗੈਜ਼ੇਲ, ਸਾਂਬਰ, ਈਮੂ, ਏਸ਼ੀਆਟਿਕ ਲਾਇਨ, ਬੈਬੂਨ, ਲਾਇਨ ਟੇਲਡ ਮੈਕਾਕੂ, ਇੰਡੀਅਨ ਲੈਪਰਡ, ਜੈਗੁਆਰ, ਹਿਮਾਲਿਅਨ ਬਲੈਕ ਬੀਅਰ, ਸਲਾਥ ਬੀਅਰ, ਜ਼ੈਬਰਾ, ਚਿੰਪੈਂਜ਼ੀ, ਬਲੂ ਬੁੱਲ, ਬਲੈਕ ਬੱਕ, ਗੌਰ, ਬੰਗਾਲ ਫੌਕਸ, ਪੌਰਕੁਪਾਇਨ, ਘੜਿਆਲ, ਮੱਗਰ ਕਰੋਕੋਡਾਈਲ, ਇੰਡੀਅਨ ਪਾਈਥਾਨ, ਸਿਵੇਟ ਕੈਟ, ਗੋਰਾਲ, ਸਮੂਥ ਕੋਟਿਡ ਓਟੱਰ, ਜੈਕਾਲ, ਸਾਰਸ ਕਰੇਨ ਅਤੇ ਪੇਂਟਿਡ ਸਟਾਰਕ ਆਦਿ ਜਾਨਵਰ ਮੌਜੂਦ ਹਨ। ਇਸ ਪਾਰਕ ਵਿਚ ਜਾਨਵਰਾਂ ਅਤੇ ਪੰਛੀਆਂ ਦੀਆਂ 88 ਅਜਿਹੀਆਂ ਜਾਤੀਆਂ ਹਨ, ਜੋ ਬਹੁਤ ਦੁਰਲੱਭ ਹਨ ਤੇ ਜਿਨ੍ਹਾਂ ਦਾ ਵਜੂਦ ਹੁਣ ਖ਼ਤਰੇ ਦੀ ਹੱਦ ਵਿਚ ਪ੍ਰਵੇਸ਼ ਕਰ ਚੁੱਕਾ ਹੈ।     ਚਿੜੀਆਘਰ ਦੇ ਆਸਪਾਸ ਦਾ ਵਾਤਾਵਰਣ, ਸਾਰੇ ਪਾਸੇ ਸੰਘਣੇ ਸੰਘਣੇ ਰੁੱਖ, ਮੀਂਹ ਵਾਲਾ ਮੌਸਮ, ਦੂਰੋਂ ਆ ਰਹੀਆਂ ਮੋਰਾਂ ਦੀਆਂ ਆਵਾਜ਼ਾਂ ਨੂੰ ਰੂਹੀ ਨੇ ਆਪਣਾ ਸਮਾਰਟ ਫੋਨ ਕੱਢ ਕੇ ਇਨ੍ਹਾਂ ਪਲਾਂ ਨੂੰ ਕੈਮਰੇ ਵਿੱਚ ਬੰਦ ਕੀਤਾ। ਟਿਕਟ ਕਾਊਂਟਰ ਦੇ ਨੇੜੇ ਬਣੇ ਹੋਟਲ ਤੋਂ ਪੈਟੀਜ਼ ਖਾ ਕੇ ਅਸੀਂ ਅੰਦਰ ਜਾਣ ਲਈ ਤਿੰਨ ਟਿਕਟਾਂ ਖਰੀਦੀਆਂ। ਉੱਥੇ ਬਾਰਾਂ ਸਾਲ ਤੱਕ ਦੇ ਬੱਚਿਆਂ ਲਈ 25 ਰੁਪਏ ਅਤੇ ਵੱਡਿਆਂ ਲਈ 60 ਰੁਪਏ ਪ੍ਰਤੀ ਟਿਕਟ ਦਾਖਲਾ ਸੀ। ਅਸੀਂ ਕਿਉਂਕਿ ਤਿੰਨੇ ਵੱਡੇ ਜਣੇ ਸਾਂ, ਇਸ ਲਈ 180 ਰੁਪਏ ਦੀਆਂ ਤਿੰਨ ਟਿਕਟਾਂ ਲੈ ਕੇ ਅਸੀਂ ਚਿੜੀਆਘਰ ਦੇ ਅੰਦਰ ਦਾਖਲ ਹੋਏ। ਸੋਮਵਾਰ ਦੀ ਛੁੱਟੀ ਤੋਂ ਇਲਾਵਾ ਇਹ ਚਿਡ਼ੀਆਘਰ ਹਰ ਰੋਜ਼ ਸਵੇਰੇ ਨੌਂ ਵਜੇ ਤੋਂ ਸ਼ਾਮੀ ਪੌਣੇ ਪੰਜ ਵਜੇ ਤੱਕ ਯਾਤਰੀਆਂ ਲਈ ਖੁੱਲ੍ਹਾ ਰਹਿੰਦਾ ਹੈ।     ਐਂਟਰੀ ਦਰਵਾਜ਼ੇ ਤੇ ਗੇਟਕੀਪਰ ਨੇ ਸਾਡੀਆਂ ਟਿਕਟਾਂ ਚੈੱਕ ਕੀਤੀਆਂ ਅਤੇ ਸਭ ਤੋਂ ਪਹਿਲਾਂ ਸੱਜੇ ਪਾਸੇ ਸਾਨੂੰ ਇਕ ਟਾਈਗਰ   ਨੇ ਦਰਸ਼ਨ ਦਿੱਤੇ, ਜੋ ਕਿ ਬਹੁਤ ਹੀ ਵਿਸ਼ਾਲ ਖੁੱਲ੍ਹੀ ਥਾਂ ਵਿੱਚ ਘੁੰਮ-ਫਿਰ ਰਿਹਾ ਸੀ। ਆਸਪਾਸ ਦੀ ਥਾਂ ਤੇ ਤਾਰਾਂ ਲੱਗੀਆਂ ਹੋਈਆਂ ਸਨ ਅਤੇ ਦਰਸ਼ਕਾਂ ਤੇ ਟਾਈਗਰ ਵਿਚਕਾਰਲੀ ਥਾਂ ਤੇ ਇੱਕ ਲੰਮੀ ਡੂੰਘੀ ਖਾਈ ਪੁੱਟੀ ਹੋਈ ਸੀ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਤੋਂ ਬਚਾਅ ਹੋ ਸਕੇ। ਇੱਥੇ ਬੇਟੀ ਨੇ ਬਹੁਤ ਸਾਰੀਆਂ ਫੋਟੋਆਂ ਅਤੇ ਸੈਲਫੀਆਂ ਲਈਆਂ, ਜਿਨ੍ਹਾਂ ਵਿੱਚ ਟਾਈਗਰ ਵੀ ਮੌਜੂਦ ਸੀ। ਹੋਰ ਯਾਤਰੀ ਵੀ ਇਹੋ ਕੁਝ ਕਰ ਰਹੇ ਸਨ। ਉਨ੍ਹਾਂ ਨਾਲ ਆਏ ਛੋਟੇ ਬੱਚੇ ਟਾਈਗਰ ਨੂੰ ਜੀਂਦਾ-ਜਾਗਦਾ ਆਪਣੇ ਸਾਹਮਣੇ ਵੇਖ ਕੇ ਖੂਬ ਉਤਸ਼ਾਹਿਤ ਸਨ। ਰੂਹੀ ਵੀ ਟਾਈਗਰ ਨੂੰ ਵੇਖ ਕੇ ਬਹੁਤ ਖ਼ੁਸ਼ ਹੋਈ- "ਹੈਲੋ ਟਾਈਗਰ! ਕੈਸੇ ਹੋ?... ਅੱਛਾ ਅੱਛਾ, ਘੂਮੀ ਕਰ ਰਹੇ ਹੋ... ਠੀਕ ਹੈ... ਫਿਰ ਮਿਲਤੇ ਹੈਂ..." ਰੂਹੀ ਅਕਸਰ ਜਦੋਂ ਮੂਡ ਵਿੱਚ ਹੁੰਦੀ ਹੈ ਤਾਂ ਉਹ ਹਿੰਦੀ ਵਿਚ ਬੋਲਣਾ ਪਸੰਦ ਕਰਦੀ ਹੈ।     ਚਿੜੀਆਘਰ ਵਿਚ ਯਾਤਰੀਆਂ ਲਈ ਫੈਰੀਜ਼ (ਬੈਟਰੀ ਨਾਲ ਚੱਲਣ ਵਾਲੀਆਂ ਗੱਡੀਆਂ) ਦਾ ਵੀ ਪ੍ਰਬੰਧ ਸੀ। ਆਮ ਕਰਕੇ ਇਨ੍ਹਾਂ ਉੱਤੇ ਬਜ਼ੁਰਗ ਜਾਂ ਬੱਚੇ ਹੀ ਬੈਠਦੇ ਸਨ। ਪਰ ਕੋਈ ਵੀ ਯਾਤਰੀ ਕਿਰਾਇਆ ਦੇ ਕੇ ਇਨ੍ਹਾਂ ਤੇ ਬੈਠ ਕੇ ਚਿੜੀਆਘਰ ਦੀ ਸੈਰ ਕਰ ਸਕਦਾ ਸੀ। ਬੇਟੀ ਰੂਹੀ ਨੂੰ ਤਾਂ ਪੈਦਲ ਤੁਰਨਾ ਹੀ ਚੰਗਾ ਲੱਗਦਾ ਸੀ। ਇਸ ਲਈ ਅਸੀਂ ਸਾਰਿਆਂ ਨੇ ਤੁਰ-ਫਿਰ ਕੇ ਹੀ ਚਿਡ਼ੀਆਘਰ ਵੇਖਣ ਦਾ ਮਨ ਬਣਾਇਆ।      ਉੱਚੇ-ਲੰਮੇ ਦਰਖਤਾਂ ਨਾਲ ਸਜਿਆ ਇਹ ਸੰਘਣਾ ਕੁਦਰਤੀ ਵਾਤਾਵਰਨ ਪੰਛੀਆਂ ਤੇ ਜਾਨਵਰਾਂ ਲਈ ਤਾਂ ਢੁੱਕਵਾਂ ਹੈ ਹੀ, ਯਾਤਰੂਆਂ ਨੂੰ ਵੀ ਬਹੁਤ ਆਕਰਸ਼ਿਤ ਕਰਦਾ ਹੈ। ਰਮਣੀਕ ਤੇ ਸੁਹਾਵਣਾ ਮੌਸਮ ਹੋਣ ਕਰਕੇ ਸਾਰੇ ਹੀ ਜਾਨਵਰ ਤੇ ਪੰਛੀ ਆਪੋ- ਆਪਣੇ ਘੁਰਨਿਆਂ, ਗੁਫਾਵਾਂ ਤੇ ਆਲ੍ਹਣਿਆਂ 'ਚੋਂ ਬਾਹਰ ਆ ਕੇ ਵਿਚਰ ਰਹੇ ਸਨ ਤੇ ਬਾਹਰੋਂ ਆਏ ਦਰਸ਼ਕ ਤੇ ਯਾਤਰੀ ਇਨ੍ਹਾਂ ਨੂੰ ਵੇਖ ਕੇ ਖੂਬ ਆਨੰਦ ਮਾਣ ਰਹੇ ਸਨ। ਰੂਹੀ ਨੇ ਘੁੰਮ-ਫਿਰ ਕੇ ਬਾਂਦਰ, ਲੰਗੂਰ, ਹਾਥੀ, ਘੜਿਆਲ, ਮਗਰਮੱਛ, ਹਿਰਨ, ਮੋਰ, ਬਾਰਾਂਸਿੰਗਾ, ਸ਼ੁਤਰਮੁਰਗ ਆਦਿ ਦੇ ਨਾਲ-ਨਾਲ ਵੰਨ-ਸੁਵੰਨੇ ਪੰਛੀਆਂ, ਖ਼ਤਰਨਾਕ ਜ਼ਹਿਰੀਲੇ ਸੱਪਾਂ (ਜੋ ਸ਼ੀਸ਼ੇ ਦੇ ਕਮਰਿਆਂ ਵਿੱਚ ਬੰਦ ਸਨ), ਨਿਸ਼ਾਚਰ (ਰਾਤ ਨੂੰ ਜਾਗਣ ਵਾਲੇ ਪੰਛੀ ਤੇ ਜਾਨਵਰ), ਜਿਨ੍ਹਾਂ ਨੂੰ ਹਨ੍ਹੇਰੇ ਕਮਰਿਆਂ ਵਿੱਚ ਰੱਖਿਆ ਹੋਇਆ ਸੀ (ਉੱਲੂ, ਸੇਹ, ਚਮਗਿੱਦੜ, ਗਿੱਦੜ ਆਦਿ) ਨੂੰ ਪੂਰੀ ਦਿਲਚਸਪੀ ਅਤੇ ਮਜ਼ੇ ਨਾਲ ਵੇਖਿਆ। ਹਰ ਥਾਂ, ਹਰ ਪੰਛੀ/ ਜਾਨਵਰ ਦੀ ਉਹਨੇ ਫੋਟੋ ਲਈ ਅਤੇ ਆਪਣੀਆਂ ਵੀ ਵੱਖ-ਵੱਖ ਅੰਦਾਜ਼ ਵਿਚ ਖੂਬ ਫੋਟੋਆਂ ਲਈਆਂ।     ਉੱਥੇ ਉਨ੍ਹੀਂ ਦਿਨੀਂ ਪ੍ਰਬੰਧਕੀ ਕਾਰਨਾਂ ਕਰਕੇ ਸ਼ੇਰ-ਸਫਾਰੀ ਬੰਦ ਸੀ, ਇਸ ਲਈ ਸ਼ੇਰ ਵੇਖਣ ਦਾ ਸ਼ੌਕ ਪੂਰਾ ਨਹੀਂ ਹੋ ਸਕਿਆ। ਚਿੜੀਆਘਰ ਵਿਚ ਥਾਂ-ਥਾਂ ਤੇ ਉਥੋਂ ਦੇ ਕਰਮਚਾਰੀ ਘੁੰਮ-ਫਿਰ ਰਹੇ ਸਨ, ਤਾਂ ਜੋ ਕਿਸੇ ਇਕ ਥਾਂ ਤੇ ਹੋਣ ਵਾਲੇ ਇਕੱਠ ਨੂੰ ਰੋਕਿਆ ਜਾ ਸਕੇ ਅਤੇ ਯਾਤਰੀ ਕਿਸੇ ਜੀਵ-ਜੰਤੂ ਨੂੰ ਬੇਵਜ੍ਹਾ ਤੰਗ-ਪ੍ਰੇਸ਼ਾਨ ਨਾ ਕਰਨ। ਚਿੜੀਆਘਰ ਵਿੱਚ ਥੋੜ੍ਹੀ- ਥੋੜ੍ਹੀ ਦੂਰੀ ਤੇ ਪੀਣ ਵਾਲਾ ਠੰਡਾ, ਸਾਫ਼ ਤੇ ਆਰ.ਓ. ਦਾ ਪਾਣੀ; ਸੈਲਾਨੀਆਂ ਦੇ ਬੈਠਣ ਲਈ ਵਧੀਆ ਹੱਟਸ/ ਥਾਵਾਂ; ਖਾਣ ਪੀਣ ਲਈ ਚੰਗੇ ਹੋਟਲਾਂ ਦਾ ਪ੍ਰਬੰਧ ਸੀ। ਆਈਸਕ੍ਰੀਮ, ਛੋਲੇ ਭਟੂਰੇ, ਪੌਪਕੌਰਨ, ਕੋਲਡ ਡ੍ਰਿੰਕਸ ਆਦਿ ਚੀਜ਼ਾਂ ਦਾ ਲੁਤਫ਼ ਉਠਾਉਣ ਦੇ ਨਾਲ-ਨਾਲ ਅਸੀਂ ਚਿੜੀਆਘਰ ਦੇ ਪੰਛੀਆਂ ਤੇ ਜਾਨਵਰਾਂ ਦੀ ਭਰਪੂਰ ਜਾਣਕਾਰੀ ਹਾਸਲ ਕੀਤੀ। ਇੱਥੇ ਹਰ ਪੰਛੀ/ ਜਾਨਵਰ ਦੀ ਰਿਹਾਇਸ਼ ਮੂਹਰੇ ਇਕ ਤਖ਼ਤੀ ਉੱਤੇ ਉਹਦਾ ਆਮ ਨਾਂ,ਵਿਗਿਆਨਕ ਨਾਂ, ਖਾਣ-ਪੀਣ, ਉਮਰ, ਲਿੰਗ ਅਤੇ ਦੇਸ਼/ ਸਥਾਨ ਬਾਰੇ ਵਿਸਤ੍ਰਿਤ ਜਾਣਕਾਰੀ ਲਿਖੀ ਹੋਈ ਸੀ।      ਕਰੀਬ ਸਵਾ ਚਾਰ ਵਜੇ ਤੱਕ (ਪੂਰੇ ਚਾਰ ਘੰਟੇ) ਸਾਰਾ ਚਿਡ਼ੀਆਘਰ ਘੁੰਮਣ ਪਿੱਛੋਂ ਅਸੀਂ ਬਾਹਰ ਆ ਗਏ। ਅਸੀਂ ਸਾਰੇ ਹੀ ਹੁਣ ਥੋੜ੍ਹੀ-ਥੋੜ੍ਹੀ ਥਕਾਵਟ ਮਹਿਸੂਸ ਕਰ ਰਹੇ ਸਾਂ। ਅਸੀਂ ਇੱਕ ਹੋਟਲ ਤੋਂ ਕੁਝ ਸਨੈਕਸ ਲਏ ਅਤੇ ਮੈਂਗੋ ਜੂਸ ਪੀਤਾ। ਸਾਢੇ ਛੇ ਵਜੇ ਤੱਕ ਅਸੀਂ ਵਾਪਸ ਪਟਿਆਲੇ ਆ ਗਏ। ਪਰ ਹੁਣ ਤਲਵੰਡੀ ਸਾਬੋ ਨਹੀਂ ਸੀ ਜਾਇਆ ਜਾ ਸਕਦਾ। ਇਸ ਲਈ ਯੂਨੀਵਰਸਿਟੀ ਦੇ ਗੈਸਟ ਹਾਊਸ ਵਿੱਚ ਰਾਤ ਬਿਤਾ ਕੇ ਅਗਲੇ ਦਿਨ ਆਪਣੇ ਘਰ ਆ ਗਏ।     ਰਾਹ ਵਿੱਚ ਅਤੇ ਉਸ ਤੋਂ ਅਗਲੇ ਕਈ ਦਿਨ ਰੂਹੀ ਇਸ ਮਨੋਰੰਜਕ ਯਾਤਰਾ (ਚਿੜੀਆਘਰ ਦੀ ਸੈਰ) ਦੀਆਂ ਗੱਲਾਂ ਕਰਦੀ ਰਹੀ। ਇਹ ਸੈਰ-ਸਫ਼ਰ ਸਾਡੇ ਜੀਵਨ ਦੀ ਇੱਕ ਅਭੁੱਲ ਯਾਦ ਬਣ ਚੁੱਕਾ ਹੈ, ਜਿਸ ਬਾਰੇ ਅਸੀਂ ਅਕਸਰ ਗੱਲਾਂ ਕਰਦੇ ਰਹਿੰਦੇ ਹਾਂ।                             

 ਪ੍ਰੋ. ਨਵ ਸੰਗੀਤ ਸਿੰਘ  

ਪੋਸਟਗ੍ਰੈਜੂਏਟ ਪੰਜਾਬੀ ਵਿਭਾਗ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ)  9417692015. 

ਆਪਣੇ ਬੱਚੇ ✍️ ਹਰਪ੍ਰੀਤ ਕੌਰ ਸੰਧੂ

ਸਕੂਲ ਤੋਂ ਘਰ ਪਹੁੰਚਦਿਆਂ ਹੀ ਮੈਂ ਪਰਸ ਰੱਖ ਰਸੋਈ ਵੱਲ ਹੋ ਗਈ। ਫੁਲਕਾ ਲਾਹੁੰਦਿਆਂ ਬੀਜੀ ਨੇ ਕਿਹਾ,' ਪੁੱਤ ਤੇਰਾ ਫੋਨ ਵੱਜੀ ਜਾਂਦਾ, ਮੈਂ ਕਿਹਾ,' ਤੁਸੀਂ ਗਰਮ ਗਰਮ ਰੋਟੀ ਖਾਓ।ਇਹ ਤਾਂ ਐਵੈ ਵੱਜੀ ਜਾਂਦਾ।' ਪਰ ਜਦੋਂ ਲਗਾਤਾਰ ਤਿੰਨ ਚਾਰ ਵਾਰ ਫੋਨ ਦੀ ਘੰਟੀ ਵੱਜੀ ਤਾਂ ਮੈਂ ਦੇਖਿਆ ਪ੍ਰਿੰਸੀਪਲ ਮੈਡਮ ਦਾ ਫੋਨ ਸੀ। ਮੈਂ ਹੱਥ ਧੋ ਫਟਾਫਟ ਫੋਨ ਕੀਤਾ। ਮੈਡਮ ਪ੍ਰੇਸ਼ਾਨ ਜਿਹੇ ਬੋਲੇ,' ਤੁਹਾਡੀ ਕਲਾਸ ਦੀ ਅਸੀਸ ਘਰ ਨਹੀਂ ਪਹੁੰਚੀ। ਓਹਦੇ ਘਰ ਤੋਂ ਤਿੰਨ ਫੋਨ ਆ ਚੁੱਕੇ ਨੇ।' ਮੈਂ ਤੁਰੰਤ ਦਸਿਆ ਕਿ ਅਸੀਸ ਤਾਂ ਅੱਜ ਸਕੂਲ ਆਈ ਹੀ ਨਹੀਂ। ਹੁਣ ਮੈਨੂੰ ਵੀ ਫ਼ਿਕਰ ਹੋਣ ਲੱਗਾ।

ਮੈਂ ਮੈਡਮ ਨੂੰ ਕਿਹਾ ਕਿ ਮੈਂ ਹੀ ਉਸਦੇ ਘਰ ਗੱਲ ਕਰਦੀ ਹਾਂ।ਫੋਨ ਅਸੀਸ ਦੀ ਮਾਂ ਨੇ ਚੁੱਕਿਆ।ਉਹਨਾਂ ਕਿਹਾ ਕਿ ਅਸੀਸ ਅਜੇ ਘਰ ਨਹੀਂ ਪਹੁੰਚੀ ਤੇ ਉਸਦੇ ਨਾਲ ਦੇ ਸਾਰੇ ਬੱਚੇ ਘਰ ਆ ਗਏ ਹਨ। ਮੈਂ ਜਦੋਂ ਓਹਨਾਂ ਨੂੰ ਦਸਿਆ ਕਿ ਅਸੀਸ ਅੱਜ ਸਕੂਲ ਹੀ ਨਹੀਂ ਆਈ ਤਾਂ ਉਹ ਹੋਰ ਵੀ ਪ੍ਰੇਸ਼ਾਨ ਹੋ ਗਏ। ਉਹਨਾਂ ਮੁਤਾਬਿਕ ਅਸੀਸ ਸਕੂਲ ਲਈ ਤਿਆਰ ਹੋ, ਕਿਤਾਬਾਂ ਲੈ ਘਰੋ ਸਕੂਲ ਲਈ ਗਈ ਸੀ। ਮੇਰਾ ਮਨ ਕਿਸੇ ਅਣਹੋਣੀ ਦੇ ਡਰ ਨਾਲ ਕੰਬ ਉੱਠਿਆ। ਮੈਂ ਉਹਨਾਂ ਨੂੰ ਉਸਦੀਆਂ ਸਹੇਲੀਆਂ ਤੋਂ ਪਤਾ ਕਰਨ ਸੀ ਸਲਾਹ ਦਿੱਤੀ।

ਕਲਾਸ ਰਜਿਸਟਰ ਵਿੱਚ ਅੱਜ ਅਸੀਸ ਦੀ ਗੈਰ ਹਾਜ਼ਰੀ ਲੱਗੀ ਹੋਈ ਸੀ। ਇਸ ਗੱਲ ਨੇ ਵੀ ਮੈਨੂੰ ਹੌਂਸਲਾ ਦਿੱਤਾ। ਅਸੀਸ ਹੁਸ਼ਿਆਰ ਤੇ ਸਾਊ ਕੁੜੀ ਸੀ। ਕਿਸੇ ਗਲਤ ਹਰਕਤ ਦੀ ਉਮੀਦ ਮੈਨੂੰ ਉਸ ਤੋਂ ਨਹੀਂ ਸੀ। ਫਿਰ ਮੈਂ ਉਸਦੀਆਂ ਸਹੇਲੀਆਂ ਨੂੰ ਫੋਨ ਕੀਤਾ ਤਾਂ ਪਤਾ ਲੱਗਾ ਕੀ ਆਸੀਸ ਕੁਝ ਦਿਨਾਂ ਤੋਂ ਕਾਫ਼ੀ ਪ੍ਰੇਸ਼ਾਨ ਸੀ। ਉਸਦੇ ਮੰਮੀ ਦਾ ਫੋਨ ਆ ਗਿਆ ਕਿ ਉਹ ਕਿਸੇ ਸਹੇਲੀ ਦੇ ਨਾਲ ਨਹੀਂ ਹੈ। ਮੈਂ ਉਹਨਾਂ ਤੋਂ ਪੁੱਛਿਆ ਕਿ ਅਸੀਸ ਕੁਝ ਪ੍ਰੇਸ਼ਾਨ ਤਾਂ ਨਹੀਂ ਸੀ? ਇਸ ਗੱਲ ਦਾ ਉਹਨਾਂ ਕੋਈ ਜਵਾਬ ਨਾ ਦਿੱਤਾ।

ਰਾਤ ਬੀਤ ਗਈ। ਪਰ ਬਹੁਤ ਲੰਬੀ ਰਾਤ ਸੀ। ਮੇਰਾ ਮਨ ਅਸੀਸ ਕਰਕੇ ਪ੍ਰੇਸ਼ਾਨ ਸੀ। ਉਸਦੇ ਮਾਪਿਆਂ ਨੇ ਪੁਲਿਸ ਨਾਲ ਵੀ ਰਾਬਤਾ ਬਣਾਇਆ ਸੀ।ਪੁਲਿਸ ਨੇ ਵੀ ਕੁਝ ਸਮਾਂ ਇੰਤਜ਼ਾਰ ਕਰਨ ਦੀ ਸਲਾਹ ਦਿੱਤੀ ਸੀ। ਅਗਲੇ ਦਿਨ ਸਕੂਲ ਜਾਂਦਿਆ ਹੀ ਮੈਂ ਅਸੀਸ ਦੀਆਂ ਸਹੇਲੀਆਂ ਨੂੰ ਬੁਲਾ ਲਿਆ। ਸਵਾਲ ਜਵਾਬ ਨਾਲ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਤੇ ਕੋਈ ਪ੍ਰੇਮ ਸੰਬੰਧ ਦਾ ਚੱਕਰ ਤਾਂ ਨਹੀਂ। ਅਜਿਹਾ ਕੁਝ ਕਿਸੇ ਨੂੰ ਪਤਾ ਨਹੀਂ ਸੀ 

ਅਸੀਸ ਸਮਝਦਾਰ ਤੇ ਸੰਵੇਦਨਸ਼ੀਲ ਬੱਚੀ ਸੀ ਇਸੇ ਕਰਕੇ ਚਿੰਤਾ ਵੀ ਜ਼ਿਆਦਾ ਸੀ। ਅਸੀਸ ਦੀ ਇਕ ਸਹੇਲੀ ਨੇ ਦੱਸਿਆ ਕਿ ਅਸੀਸ ਦੇ ਪਿਤਾ ਨਸ਼ੇ ਦੇ ਆਦੀ ਸਨ ਤੇ ਘਰ ਵਿੱਚ ਬਹੁਤ ਤਨਾਵ ਰਹਿੰਦਾ ਸੀ ਜਿਸ ਕਰਕੇ ਉਹ ਪ੍ਰੇਸ਼ਾਨ ਰਹਿੰਦੀ ਸੀ। ਪਿਤਾ ਦਾ ਮਾਂ ਤੇ ਹੱਥ ਚੁੱਕਣਾ ਉਸ ਤੋਂ ਬਰਦਾਸ਼ਤ ਨਾ ਹੁੰਦਾ। ਮੈਨੂੰ ਅਸੀਸ ਦੀ ਹੋਰ ਫ਼ਿਕਰ ਹੋਣ ਲੱਗੀ।ਉਸ ਲੜਕੀ ਨੇ ਅਸੀਸ ਦਾ ਮੋਬਾਈਲ ਨੰਬਰ ਦਸਿਆ। ਪ੍ਰਿੰਸੀਪਲ ਮੈਡਮ ਦਾ ਭਰਾ ਪੁਲਿਸ ਅਧਿਕਾਰੀ ਸੀ। ਮੈਡਮ ਨੇ ਉਸਦੀ ਮੱਦਦ ਨਾਲ ਅਸੀਸ ਦਾ ਪਤਾ ਕਰਵਾਉਣ ਦਾ ਸੋਚਿਆ। ਸਾਰੀ ਗੱਲ ਉਹਨਾਂ ਪੁਲਿਸ ਨੂੰ ਦੱਸੀ ਤੇ ਇਸ ਨੂੰ ਗੁਪਤ ਰੱਖਣ ਦਾ ਵਾਦਾ ਵੀ ਲਿਆ।

ਮਨ ਬਹੁਤ ਪ੍ਰੇਸ਼ਾਨ ਸੀ। ਨਾ ਸਕੂਲ ਵਿੱਚ ਮਨ ਲਗਿਆ ਨਾ ਘਰ ਆ ਕੇ। ਪਤੀ ਤੇ ਬੱਚੇ ਬਾਰ ਬਾਰ ਪੁੱਛ ਰਹੇ ਸੀ ਪ੍ਰੇਸ਼ਾਨੀ ਦਾ ਕਾਰਣ। ਕੀ ਦੱਸਦੀ। ਆਪਣੀ ਬੱਚਿਆ ਵਰਗੀ ਅਸੀਸ ਬਾਰੇ ਦੱਸਣ ਦਾ ਮਨ ਹੀ ਨਹੀਂ ਸੀ। ਬੀਜੀ ਨੂੰ ਪਤਾ ਸੀ। ਉਹ ਵੀ ਹੌਲੀ ਜਿਹੀ ਕਈ ਵਾਰ ਪੁੱਛ ਚੁੱਕੇ ਸਨ ਕਿ ਕੁਝ ਪਤਾ ਲੱਗਾ ਕਿ ਨਹੀਂ।

ਸਭ ਤੋਂ ਜਿਆਦਾ ਦੁੱਖ ਇਸ ਗੱਲ ਦਾ ਸੀ ਕਿ ਕਈ ਅਧਿਆਪਕਾਂ ਨੇ ਅਸੀਸ ਬਾਰੇ ਗਲਤ ਸ਼ਬਦ ਇਸਤੇਮਾਲ ਕੀਤੇ। ਰੀਤ ਮੈਡਮ ਦਾ ਕਹਿਣਾ ਕਿਸੇ ਯਾਰ ਨਾਲ ਭੱਜ ਗਈ ਹੋਣੀ ਬੜਾ ਚੁੱਭਿਆ ਸੀ।ਅਸੀਂ ਕਿਸੇ ਦੇ ਧੀ ਭੈਣ ਬਾਰੇ ਬਿਨਾਂ ਸੋਚੇ ਸਮਝੇ ਕੁਝ ਵੀ ਬੋਲ ਦਿੰਦੇ ਹਾਂ। ਇਕ ਔਰਤ ਦੀ ਇਸ ਸੋਚ ਤੇ ਮੈਨੂੰ ਸ਼ਰਮ ਆ ਰਹੀ ਸੀ। ਧੀਆਂ ਭੈਣਾਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ। ਕੁਝ ਪੁਰਸ਼ ਤੇ ਇਸਤਰੀ ਅਧਿਆਪਕਾਂ ਦਾ ਮੁਸਕੜੀ ਹੱਸਣਾ ਵੀ ਮੈਨੂੰ ਚੁੱਭ ਰਿਹਾ ਸੀ। ਕਿਉਂ ਸਾਨੂੰ ਕਿਸੇ ਬੱਚੀ ਵਿੱਚ ਆਪਣੀ ਬੱਚੀ ਨਜ਼ਰ ਨਹੀਂ ਆਉਂਦੀ 

ਧਿਆਨ ਫੋਨ ਵਿੱਚ ਹੀ ਦੀ।ਪ੍ਰਿੰਸੀਪਲ ਮੈਡਮ ਦਾ ਫੋਨ ਆਇਆ ਕਿ ਅਸੀਸ ਮਿਲ ਗਈ ਹੈ ਤੇ ਮਹਿਲਾ ਪੁਲਿਸ ਉਸਨੂੰ ਲੈ ਕੇ ਆ ਰਹੀ ਹੈ। ਅਸੀਸ ਦਿੱਲੀ ਬਸ ਅੱਡੇ ਤੋਂ ਮਿਲੀ ਸੀ। ਮੈਂ ਤੁਰੰਤ ਅਸੀਸ ਦੇ ਘਰ ਵੱਲ ਤੁਰ ਪਈ। ਮਨ ਵਿੱਚ ਕਈ ਉਤਾਰ ਚੜਾ ਆ ਰਹੇ ਸੀ।ਅਸੀਸ ਨੂੰ ਲੈ ਕੇ ਮਹਿਲਾ ਪੁਲਿਸ ਉਸਦੇ ਘਰ ਪਹੁੰਚ ਗਈ। ਮੈਨੂੰ ਵੇਖਦਿਆਂ ਹੀ ਅਸੀਸ ਮੇਰੇ ਗੱਲ ਨਾਲ ਲੱਗ ਰੋਣ ਲੱਗ ਪਈ। ਮੈਂ ਉਸਨੂੰ ਚੁੱਪ ਕਰਵਾਇਆ।

ਮਹਿਲਾ ਹਵਾਲਦਾਰ ਨੇ ਦੱਸਿਆ ਕਿ ਇਹ ਬਦਹਵਾਸ ਦਿੱਲੀ ਬਸ ਸਟੈਂਡ ਤੇ ਖੜੀ ਸੀ। ਇਸ ਕੋਲ ਇਕ ਸਹੇਲੀ ਦਾ ਪਤਾ ਸੀ ਜਿਸਨੇ ਇਸ ਨਾਲ ਫੋਨ ਤੇ ਗੱਲ ਕੀਤੀ ਸੀ। ਅਸੀਸ ਨੇ ਦੱਸਿਆ ਕਿ ਉਹ ਪਿਤਾ ਦੇ ਵਿਹਾਰ ਤੋਂ ਪ੍ਰੇਸ਼ਾਨ ਸੀ । ਨੀਨਾ ਹੋ ਪਹਿਲਾਂ ਉਸਦੇ ਘਰ ਕੋਲ ਰਹਿੰਦੀ ਸੀ ਤੇ ਹੁਣ ਦਿੱਲੀ ਵਿਆਹੀ ਗਈ ਸੀ ਤੇ ਉਸਨੂੰ ਆਪਣੇ ਕੋਲ ਆ ਜਾਣ ਨੂੰ ਕਿਹਾ। ਅਸੀਸ ਉਥੇ ਜਾ ਆਪਣੇ ਪੈਰਾਂ ਤੇ ਖੜੇ ਹੋ ਕੇ ਮਾਂ ਨੂੰ ਨਾਲ ਲੈ ਜਾਣਾ ਚਾਹੁੰਦੀ ਸੀ । ਨੀਨਾ ਨੇ ਅਸੀਸ ਦੀ ਪ੍ਰੇਸ਼ਾਨੀ ਸਮਝ ਉਸਨੂੰ ਕੰਮ ਦਵਾਉਣ ਦਾ ਵਾਦਾ ਕੀਤਾ ਸੀ।

ਮੈਨੂੰ ਅਸੀਸ ਦਾ ਦਰਦ ਮਹਿਸੂਸ ਹੋ ਰਿਹਾ ਸੀ। ਹੁਣ ਅਸੀਸ ਦੀ ਮਾਂ ਵੀ ਫੁੱਟ ਫੁੱਟ ਤੋਂ ਲੱਗੀ। ਉਸ ਦਸਿਆ ਕਿ ਪਿਤਾ ਮਰ ਕੁੱਟ ਕਰਦਾ ਤੇ ਅਸੀਸ ਨੂੰ ਬੋਝ ਦੱਸਦਾ। ਇਹ ਸਭ ਨੇ ਅਸੀਸ ਨੂੰ ਤੋੜ ਦਿੱਤਾ ਸੀ। ਨਿਆਣ ਬੁੱਧੀ ਵਿੱਚ ਉਸਨੇ ਦਿੱਲੀ ਆਪਣੀ ਸਹੇਲੀ ਕੋਲ ਜਾਂ ਦਾ ਫੈਸਲਾ ਕਰ ਲਿਆ। ਮੈਂ ਅਸੀਸ ਨੂੰ ਬਹੁਤ ਪਿਆਰ ਨਾਲ ਸਮਝਾਇਆ। ਪ੍ਰਿੰਸੀਪਲ ਮੈਡਮ ਨਾਲ ਗੱਲ ਕਰ ਅਸੀਸ ਦੀ ਮਾਂ ਨੂੰ ਸਕੂਲ ਵਿੱਚ ਮਿਡ ਡੇਅ ਮੀਲ ਵਿੱਚ ਹੈਲਪਰ ਲਗਵਾਉਣ ਦਾ ਵਾਦਾ ਕੀਤਾ। ਅਸੀਸ ਦੀਆਂ ਅੱਖਾਂ ਚੋ ਪਰਲ ਪਰਲ ਹੰਝੂ ਵਹਿ ਰਹੇ ਸੀ। ਮੈਂ ਉਸਨੂੰ ਘੁੱਟ ਕੇ ਨਾਲ ਲਾਇਆ ਤੇ ਹੌਂਸਲਾ ਦਿੱਤਾ।

ਘਰ ਆਉਂਦਿਆ ਮੈਂ ਸੋਚ ਰਹੀ ਸੀ ਕਿ ਘਰੇਲੂ ਜੀਵਨ ਦੀਆਂ ਪ੍ਰੇਸ਼ਾਨੀਆਂ ਬੱਚਿਆਂ ਤੇ ਕਿੰਨਾ ਅਸਰ ਪਾਉਂਦੀਆਂ ਹਨ।ਉਹਨਾਂ ਅਧਿਆਪਕਾਂ ਤੇ ਵੀ ਗੁੱਸਾ ਆ ਰਿਹਾ ਸੀ ਜੋ ਬਿਨਾਂ ਸੱਚ ਜਾਣੇ ਅਸੀਸ ਦੀ ਕਿਰਦਾਰਕੁਸ਼ੀ ਕਰ ਰਹੇ ਸੀ।ਸੋਚ ਰਹੀ ਸੀ ਸਾਨੂੰ ਸੰਵੇਦਨਸ਼ੀਲਤਾ ਨਾਲ ਆਪਣੇ ਵਿਦਆਰਥੀਆਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਚਾਹੀਦਾ ਹੈ ਤੇ ਓਹਨਾਂ ਦੀ ਮੱਦਦ ਕਰਨੀ ਚਾਹੀਦੀ ਹੈ। ਇਕ ਅਧਿਆਪਕ ਆਮ ਆਦਮੀ ਵਾਂਗ ਵਰਤਾਓ ਨਹੀਂ ਕੇ ਸਕਦਾ। ਇਸ ਤਰ੍ਹਾਂ ਹੀ ਓਹ ਸਮਾਜ ਨੂੰ ਸੇਧ ਦੇ ਸਕਦਾ ਹੈ। ਜ਼ਰੂਰਤ ਹੈ ਇਹਨਾਂ ਬੱਚਿਆਂ ਨੂੰ ਆਪਣੇ ਬੱਚੇ ਸਮਝਣ ਦੀ।

 

ਹਰਪ੍ਰੀਤ ਕੌਰ ਸੰਧੂ

ਪਿਆਰੇ ਰੱਬ ਜੀ ✍️ ਪਰਵੀਨ ਕੌਰ ਸਿੱਧੂ

ਪਿਆਰੇ ਰੱਬ ਜੀ,

ਸਤਿ ਸ੍ਰੀ ਅਕਾਲ।

ਕੀ ਗੱਲ ਹੋ ਗਈ ਹੈ,? ਅਸੀਂ ਏਨੀਆਂ ਅਰਦਾਸਾਂ ਕਰ ਰਹੇ ਹਾਂ,ਪਰ ਤੁਸੀਂ ਫਿਰ ਵੀ ਸਾਡੀ ਸੁਣ‌ ਨਹੀਂ ਰਹੇ ਹੋ। ਇਸ ਬੇਮੌਸਮੀ ਬਰਸਾਤ ਨਾਲ ਮੇਰਾ ਬਹੁਤ ਨੁਕਸਾਨ ਹੋ ਗਿਆ ਹੈ। ਮੇਰੀਆਂ ਰੀਝਾਂ, ਮੇਰੇ ਸੁਪਨੇ ਬਰਸਾਤ ਵਿੱਚ ਰੁੜ ਗਏ ਹਨ। ਗੜ੍ਹਿਆਂ ਦੇ ਹੇਠ ਮੇਰੇ ਬੱਚਿਆਂ ਦੀਆਂ ਨਿੱਕੀਆਂ-ਨਿੱਕੀਆਂ ਖ਼ਵਾਹਿਸ਼ਾ ਦੱਬੀਆਂ ਗਈਆ ਹਨ। 

ਤੁਹਾਨੂੰ ਕੀ ਦੱਸਾਂ... , ਇਸ ਫ਼ਸਲ ਤੋਂ ਮੈਂ ਕਿੰਨੀਆਂ ਆਸਾਂ ਲਗਾਈਆਂ ਹੋਈਆਂ ਹੁੰਦੀਆਂ ਹਨ। ਮੇਰੇ ਬੱਚਿਆਂ ਦੀ ਪੜ੍ਹਾਈ ਦੇ ਖ਼ਰਚੇ ਮੈਂ ਕਿਥੋਂ ਕਰਨੇ ਹਨ? ਦਿੱਡ ਦੀ ਭੁੱਖ ਤਾਂ ਰੋਜ਼ ਮਾਰਦੀ ਹੈ। ਰੋਜ਼ ਦੀਆਂ ਲੋੜਾਂ ਮੇਰਾ ਲੱਕ ਤੋੜ ਦਿੰਦੀਆਂ ਹਨ। ਜਵਾਨ ਧੀ ਦਾ ਫ਼ਿਕਰ ਸਤਾਉਂਦਾ ਹੈ। ਬੁੱਢੇ ਮਾਂ ਬਾਪ ਦੀ ਦਵਾਈ ਲਈ ਬੇਬੱਸ ਹੋ ਜਾਂਦਾ ਹਾਂ। ਘਰਵਾਲੀ ਦੀਆਂ ਰੀਝਾਂ ਪੂਰੀਆਂ  ਕਰਨ ਦਾ ਤਾਂ ਸਵਾਲ ਹੀ ਪੈਂਦਾ ਨਹੀਂ ਹੁੰਦਾ। ਵਿਚਾਰੀ ਚੁੱਪ-ਚੁਪ ਭਾਣਾ ਮੰਨ ਕੇ‌ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਜ਼ਿੰਦਗੀ ਦੇ ਦਿਨ ਕੱਟੀ ਜਾਂਦੀ ਹੈ। ਰੀਝਾਂ ਦੀ ਪਟਾਰੀ ਪਤਾ ਨਹੀਂ ਕਿਹੜੇ ਸੰਦੂਕ ਵਿੱਚ ਪਾ ਕੇ ਤਾਲਾ ਮਾਰ ਕੇ ਚਾਬੀ ਮਜ਼ਬੂਰੀਆਂ ਦੇ ਗਹਿਰੇ ਸਾਗਰ ਵਿੱਚ ਸੁੱਟ ਦਿੱਤੀ ਹੈ ਉਸ ਨੇ.. 

ਮੇਰੀ ਤਾਂ ਕੋਈ ਮਦਦ ਕਰਕੇ ਵੀ ਖੁਸ਼ ਨਹੀਂ ਹੈ। ਮੈਂ ਜਰਨਲ ਕੈਟਾਗਰੀ ਨਾਲ ਸਬੰਧਤ ਹੋਣ ਕਰਕੇ ਸਭ ਇਹੀ ਕਹਿੰਦੇ ਅਤੇ ਸਮਝਦੇ ਹਨ ਕਿ ਮੈਨੂੰ ਕਿਸੇ ਮਦਦ ਦੀ ਜ਼ਰੂਰਤ ਨਹੀਂ ਹੈ। ਮੇਰੀ ਆਰਥਕ ਹਾਲਤ ਬਹੁਤ ਖਸਤਾ ਹੈ। ਕਾਸ਼! ਇਥੇ ਹਰੇਕ ਦੀ ਆਰਥਿਕ ਸਥਿਤੀ ਵੇਖੀ ਜਾਂਦੀ। ਜਾਤਾਂ ਅਤੇ ਧਰਮਾਂ ਦੇ ਰੌਲਿਆਂ ਤੋਂ ਉੱਪਰ ਉੱਠ ਕੇ ਮਨੁੱਖ ਨੂੰ ਮਨੁੱਖ ਸਮਝਦਾ ਅਤੇ ਲੋੜਵੰਦ ਦੀ ਮਦਦ ਕਰਦਾ‌। 

ਜੇਕਰ ਫ਼ਸਲ ਚੰਗੀ ਹੋ ਜਾਵੇ ਤਾਂ ਮੈਨੂੰ ਰੇਟ ਸਹੀ ਨਹੀਂ ਮਿਲਦਾ। ਮੇਰੀਆਂ ਫ਼ਰਿਆਦਾਂ ਦੀ ਅਵਾਜ਼ ਤੁਹਡੇ ਤੱਕ ਕਿਉਂ ਨਹੀਂ ਪਹੁੰਚਦੀ ਹੈ? ਮੈਂ ਹਮੇਸ਼ਾ ਇਹੀ ਕਹਿੰਦਾ ਹਾਂ ਕਿ ਮੈਂ ਫ਼ਸਲ ਮੰਡੀ ਵਿੱਚ ਸੁੱਟ ਕੇ ਆਇਆ ਹਾਂ। ਬਹੁਤ ਘੱਟ ਲੋਕ ਹਨ ਜੋ ਕਹਿਣ ਕਿ ਮੰਡੀ ਵਿੱਚ ਫ਼ਸਲ ਵੇਚ ਕੇ ਆਏ ਹਾਂ। ਮੇਰੀ ਤ੍ਰਾਸਦੀ ਹੈ ਕਿ ਮੈਂ ਕਿਸਾਨ ਹਾਂ, ਕਿਰਤੀ ਹਾਂ। ਉਝ ਕਹਿਣ ਨੂੰ ਮੈਂ ਅੰਨ ਦਾਤਾ ਹਾਂ, ਪਰ ਮੇਰੀ ਹਾਲਤ ਫ਼ਕੀਰਾਂ ਵਰਗੀ ਹੈ। ਹਮੇਸ਼ਾ ਲੁਟਾਉਂਦਾ ਹੀ ਰਿਹਾ ਹਾਂ। ਸਬਰ ਕਰਦਾ ਰਿਹਾ ਹਾਂ। ਪਰ ਕਦੀ-ਕਦੀ ਸਬਰ ਦੇ ਬੰਨ੍ਹ ਟੁੱਟ ਜਾਂਦੇ ਹਨ। ਮੈਥੋਂ ਆਪਣੇ ਬੱਚਿਆਂ ਦੀਆਂ ਲੋੜਾਂ ਜਦੋਂ ਪੂਰੀਆਂ ਨਹੀਂ ਹੁੰਦੀਆਂ ਤਾਂ ਮੈਂ ਖੁਦਕੁਸ਼ੀ ਦਾ ਰਾਹ ਵੀ ਚੁਣਦਾ ਹਾਂ। 

ਮੈਨੂੰ ਪਤਾ ਇਹ ਸਹੀ ਨਹੀਂ ਹੈ, ਪਰ ਮੈਂ ਰੋਜ਼- ਰੋਜ਼ ਮਰਨ ਨਾਲੋਂ ਇਕੋ ਦਿਨ ਹੀ ਮਰ ਜਾਂਦਾ ਹਾਂ। ਮੈਨੂੰ ਪਤਾ ਇਹ ਸਹੀ ਨਹੀਂ ਹੈ, ਪਰ ਮੈਂ ਵੀ ਤਾਂ ਇਨਸਾਨ ਹਾਂ.... ਟੁੱਟ ਹੀ ਜਾਂਦਾ ਹੈ। ਰੱਬ ਜੀ ਤੁਸੀਂ ਹੀ ਮੇਰੇ 'ਤੇ ਤਰਸ ਕਰਿਆ ਕਰੋ। ਬੇਮੌਸਮੀ ਬਰਸਾਤ ਕਰਕੇ ਮੇਰੀ ਫ਼ਸਲ ਬਰਬਾਦ ਨਾ ਕਰਿਆ ਕਰੋ। ਮੇਰੇ ਵੀ ਸੁਪਨੇ ਹਨ, ਮੇਰੀਆਂ ਵੀ ਰੀਝਾਂ ਹਨ। ਮੇਰੀਆਂ ਦੁਆਵਾਂ ਵਿੱਚ ਕੀ ਕਮੀ ਰਹਿ ਜਾਂਦੀ ਹੈ ਕਿ ਤੁਸੀਂ ਮੇਰੀ ਗੱਲ ਮੰਨਦੇ ਨਹੀਂ ਹੋ? ਸਾਫ਼ ਦਿਲ ਕਿਵੇਂ ਦਾ ਹੁੰਦਾ ਹੈ.... ਸਮਝ ਨਹੀਂ ਆਉਂਦੀ। ਰੱਬ ਜੀ ਮੈਂ ਤੁਹਾਡਾ ਆਪਣਾ ਕਿਸਾਨ ਪੁੱਤ ਹਾਂ। ਮੈਂ ਆਪਣਾ ਦਰਦ ਕਿਸ ਨੂੰ ਸੁਣਾਵਾਂ। ਸੋਚਿਆ ਚਿੱਠੀ ਹੀ ਲਿਖ ਦੇਵਾਂ।  ਮੇਰੇ 'ਤੇ ਅਤੇ ਸਾਰੀ ਸ੍ਰਿਸ਼ਟੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਜੀ। ਬਹੁਤ ਸਤਿਕਾਰ ਜੀਉ।

      ਪਰਵੀਨ ਕੌਰ ਸਿੱਧੂ 

        814653620