ਸੰਪਾਦਕੀ

ਸ਼ਬਦਾਂ ਦੀ ਪਰਵਾਜ਼ ✍️ ਜਸਵੀਰ ਸਿੰਘ ਪਾਬਲਾ

ਅੰਗਰੇਜ਼ੀ ਦਾ 'ਐਕਸਲ' (Axle) ਅਤੇ ਪੰਜਾਬੀ ਦਾ 'ਮੰਜਾ' ਸ਼ਬਦ ਕਿਵੇਂ ਬਣੇ?

           ('ਅਖਾੜਾ' ਸ਼ਬਦ ਦੇ ਪਰਿਪੇਖ ਵਿੱਚ)

       ਪਿਛਲੇ ਲੇਖ ਵਿੱਚ ਅਸੀਂ ਦੇਖਿਆ ਹੈ ਕਿ 'ਅਖਾੜਾ' ਸ਼ਬਦ, ਦੋ ਸ਼ਬਦਾਂ: ਅਕਸ਼ਿ ਅਤੇ ਵਾਟ ਦੇ ਮੇਲ਼ ਨਾਲ਼ ਬਣਿਆ ਹੈ ਪਰ ਅਕਸ਼ਵਾਟ  (ਅਕਸ਼+ਵਾਟ ) ਸ਼ਬਦ ਦੇ ਅਰਥ ਸ਼ਤਰੰਜ ਦੀ ਖੇਡ ਹਨ। ਅਕਸ਼ਵਾਟ ਵਿਚਲੇ ਪਹਿਲੇ ਸ਼ਬਦ ਅਕਸ਼ ਬਾਰੇ ਦੱਸਿਆ ਗਿਆ ਸੀ ਕਿ ਇਸ ਸ਼ਬਦ ਦੇ ਕਈ ਅਰਥ ਹਨ, ਜਿਨ੍ਹਾਂ ਵਿੱਚੋਂ ਇੱਕ ਅਰਥ ਸ਼ਤਰੰਜ ਦੀ ਖੇਡ ਨਾਲ਼ ਸੰਬੰਧਿਤ ਪਾਸੇ ਤੋਂ ਇਲਾਵਾ ਕਿਸੇ ਗੱਡੀ/ਗੱਡੇ ਜਾਂ ਵਾਹਨ ਆਦਿ ਦਾ ਧੁਰਾ ਵੀ ਹਨ। 

           ਪੁਰਾਤਨ ਸਮਿਆਂ ਵਿੱਚ ਆਵਾਜਾਈ ਲਈ ਗੱਡੀਆਂ ਜਾਂ ਗੱਡੇ ਆਦਿ ਹੀ ਵਰਤੇ ਜਾਇਆ ਕਰਦੇ ਸਨ, ਆਧੁਨਿਕ ਵਾਹਨਾਂ ਦਾ ਸਮਾਂ ਤਾਂ ਬਹੁਤ ਬਾਅਦ ਵਿੱਚ ਆਇਆ ਹੈ। ਗੱਡਿਆਂ ਤੋਂ ਵੀ ਪਹਿਲਾਂ ਮਨੁੱਖ ਪੈਦਲ ਜਾਂ ਵੱਧ ਤੋਂ ਵੱਧ ਕਿਸੇ ਪਸੂ, ਜਿਵੇਂ ਘੋੜਿਆਂ ਆਦਿ ਦੀਆਂ ਪਿੱਠਾਂ 'ਤੇ ਬੈਠ ਕੇ ਹੀ ਸਫ਼ਰ ਕਰਿਆ ਕਰਦਾ ਸੀ। 

        ਸੋ, ਉਹ ਚੀਜ਼ ਜਿਸ ਦੁਆਲ਼ੇ ਕਿਸੇ ਗੱਡੀ ਜਾਂ ਗੱਡੇ ਆਦਿ ਦੇ ਦੋਵੇਂ ਪਹੀਏ ਘੁੰਮਿਆ ਕਰਦੇ ਸਨ, ਨੂੰ ਧੁਰੀ ਆਖਿਆ ਜਾਂਦਾ ਸੀ। ਸੰਸਕ੍ਰਿਤ ਵਿੱਚ ਇਸੇ ਸ਼ਬਦ ਲਈ ਧੁਰੀ ਜਾਂ ਧੁਰੇ ਦੇ ਨਾਲ਼-ਨਾਲ਼ 'ਅਕਸ਼' ਸ਼ਬਦ ਵੀ ਵਰਤਿਆ ਜਾਂਦਾ ਰਿਹਾ ਹੈ। ਇਹਨਾਂ ਦੋਂਹਾਂ ਸ਼ਬਦਾਂ- ਅਕਸ਼ ਅਤੇ ਅੰਗਰੇਜ਼ੀ ਦੇ ਐਕਸਲ ਦੀਆਂ ਧੁਨੀਆਂ, ਬਣਤਰ, ਉਚਾਰਨ ਅਤੇ ਅਰਥਾਂ ਵਿੱਚ ਬਹੁਤ ਸਮਾਨਤਾ ਹੈ। ਇਸ ਦਾ ਕਾਰਨ ਇਹ ਹੈ ਕਿ ਇਹਨਾਂ ਦੋਂਹਾਂ ਭਾਸ਼ਾਵਾਂ ਦਾ ਪਿਛੋਕੜ ਮੁਢਲੀ ਆਰੀਆ ਭਾਸ਼ਾ ਨਾਲ਼ ਜੁੜਿਆ ਹੋਇਆ ਹੈ। ਈਰਾਨ ਦੀ ਮੂਲ ਭਾਸ਼ਾ ਫ਼ਾਰਸੀ ਸਮੇਤ ਇਹ ਦੋਵੇਂ ਭਾਸ਼ਾਵਾਂ ਅਰਥਾਤ ਸੰਸਕ੍ਰਿਤ ਅਤੇ ਅੰਗਰੇਜ਼ੀ ਵੀ ਆਰੀਆਨ ਭਾਸ਼ਾ-ਪਰਿਵਾਰ ਨਾਲ਼ ਹੀ ਸੰਬੰਧਿਤ ਹਨ। ਵੱਖ-ਵੱਖ ਆਰੀਅਨ ਭਾਸ਼ਾ-ਪਰਿਵਾਰ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਦੇ ਅਨੇਕਾਂ ਸ਼ਬਦਾਂ ਦੀ ਸਾਂਝ ਦਾ ਮੁੱਖ ਕਾਰਨ ਇਹਨਾਂ ਭਾਸ਼ਾਵਾਂ ਦਾ ਇਹ ਪਿਛੋਕੜ ਹੋਣਾ ਹੀ ਹੈ। ਐਕਸਲ (Axle) ਸ਼ਬਦ ਵਾਂਗ ਸੰਸਕ੍ਰਿਤ ਭਾਸ਼ਾ ਤੋਂ ਆਏ ਇਸੇ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਸ਼ਬਦ ਹਨ ਜਿਹੜੇ ਰੂਪ ਅਤੇ ਅਰਥਾਂ ਪੱਖੋਂ ਆਪਸ ਵਿੱਚ ਕਾਫ਼ੀ ਮੇਲ਼ ਖਾਂਦੇ ਹਨ। ਉਦਾਹਰਨ ਦੇ ਤੌਰ 'ਤੇ ਇੱਥੇ ਕੁਝ ਸ਼ਬਦ ਦੇਖੇ ਜਾ ਸਕਦੇ ਹਨ:

ਉਕਸ਼ਨ੍ (उक्षन्)= ਸਾਨ੍ਹ, ਔਕਸ (Ox)=ਬਲ਼ਦ; ਔਕਸਨ (Oxen)= ਬਲ਼ਦਾਂ ਅਤੇ ਬੈਲ/ ਬੁੱਲ (Bull) ਸ਼ਬਦਾਂ ਦੀ ਆਪਸੀ ਸਾਂਝ:

         ਪੰਜਾਬੀ ਦੇ 'ਸਾਨ੍ਹ' ਸ਼ਬਦ ਨੂੰ ਹਿੰਦੀ ਵਿੱਚ ਸਾਂਢ (साँड़) ਆਖਿਆ ਜਾਂਦਾ ਹੈ ਜੋਕਿ ਮੂਲ ਰੂਪ ਵਿੱਚ ਸੰਸਕ੍ਰਿਤ ਦੇ ਉਕਸ਼ ਜਾਂ ਉਕਸ਼ਨ੍ ( उक्षन् ) ਸ਼ਬਦ ਤੋਂ ਬਣਿਆ ਹੋਇਆ ਹੈ। ਅੰਗਰੇਜ਼ੀ ਵਿੱਚ ਇਸੇ ਨੂੰ ਹੀ ਔਕਸ (Ox) ਆਖਿਆ ਜਾਂਦਾ ਹੈ ਅਤੇ ਇਸ ਦਾ ਬਹੁਵਚਨ ਰੂਪ "ਉਕਸ਼ਾਣ" (Oxen) ਹੈ। ਇਹ ਸਾਰੇ ਸ਼ਬਦ ਇੱਕ ਹੀ ਭਾਸ਼ਾ, ਮੂਲ ਆਰੀਅਨ ਭਾਸ਼ਾ ਤੋਂ ਆਏ ਹੋਏ ਹਨ। ਦਰਅਸਲ ਸੰਸਕ੍ਰਿਤ ਦੇ ਉਕਸ਼ਨ ਸ਼ਬਦ ਵਿਚਲੀ ਉ ਧੁਨੀ ਇੱਥੇ ਅੰਗਰੇਜ਼ੀ ਵਿੱਚ ਆ ਕੇ ਔ (O) ਧੁਨੀ ਵਿੱਚ ਬਦਲ ਗਈ ਹੈ ਅਤੇ ਕਸ਼ੈ ਅੱਖਰ ਅੰਗਰੇਜ਼ੀ ਦੇ ਐਕਸ (X) ਅੱਖਰ ਵਿੱਚ ਬਦਲ ਗਿਆ ਹੈ। ਅੰਗਰੇਜ਼ੀ ਦੇ ਬਹੁਵਚਨ ਸ਼ਬਦ ਵਾਲ਼ੇ ਰੂਪ ਔਕਸਨ (Oxen) ਵਿੱਚ ਤਾਂ ਸੰਸਕ੍ਰਿਤ ਦੇ ਉਕਸ਼/ ਉਕਸ਼ਨ/ਉਕਸ਼ਾਣ ਵਾਲ਼ੀ ਐੱਨ (N)ਦੀ ਧੁਨੀ ਵੀ ਸ਼ਾਮਲ ਹੈ। ਸ਼ਾਇਦ ਸੰਸਕ੍ਰਿਤ ਜਾਂ ਮੁਢਲੀ ਆਰੀਆ ਭਾਸ਼ਾ ਦੇ ਅਜਿਹੇ ਪ੍ਰਭਾਵ ਕਾਰਨ ਹੀ ਅੰਗਰੇਜ਼ੀ ਦੇ ਔਕਸ (Ox) ਸ਼ਬਦ ਦਾ ਬਹੁਵਚਨ ਬਣਾਉਣ ਸਮੇਂ ਰਵਾਇਤੀ s ਜਾਂ es ਅੱਖਰਾਂ ਦੀ ਥਾਂ en ਅੱਖਰਾਂ ਦੀ ਵਰਤੋਂ ਕੀਤੀ ਗਈ ਹੈ। ਸ਼ਾਇਦ ਇਸੇ ਕਾਰਨ ਹੀ ਅੰਗਰੇਜ਼ੀ ਭਾਸ਼ਾ ਵਾਲ਼ਿਆਂ ਨੇ ਮੁੱਢ-ਕਦੀਮੀ ਪਰੰਪਰਾ ਅਨੁਸਾਰ ਲਿਖੇ ਆ ਰਹੇ ਇਸ ਔਕਸਨ (oxen) ਸ਼ਬਦ ਦੇ ਇਸੇ ਰੂਪ ਨੂੰ ਹੀ ਬਰਕਰਾਰ ਰੱਖਿਆ ਹੈ। ਇਸੇ ਤਰ੍ਹਾਂ ਜਿਵੇਂਕਿ ਉੱਪਰ ਦੱਸਿਆ ਗਿਆ ਹੈ, ਹਿੰਦੀ/ਪੰਜਾਬੀ ਸ਼ਬਦਾਂ ਨਾਲ਼ ਸੰਬੰਧਿਤ ਬੈਲ (ਬਲ਼ਦ) ਸ਼ਬਦ ਅੰਗਰੇਜ਼ੀ ਦੇ ਬੁੱਲ (Bull) ਵਿੱਚ ਬਦਲ ਗਿਆ ਹੈ।  

                ਸਾਡੀਆਂ ਦੇਸੀ ਭਾਸ਼ਾਵਾਂ ਦੇ ਕੁਝ ਸ਼ਬਦ ਸਾਡੇ ਜੀਵਨ ਵਿੱਚ ਏਨੇ ਮਹੱਤਵਪੂਰਨ ਮੁੱਦਿਆਂ ਨਾਲ਼ ਸੰਬੰਧਿਤ ਹੁੰਦੇ ਹਨ ਅਤੇ ਸਾਡੇ ਨਿਤਾਪ੍ਰਤੀ ਦੇ ਜੀਵਨ ਨਾਲ਼ ਸੰਬੰਧਿਤ ਪ੍ਮੁੱਖ ਭੂਮਿਕਾਵਾਂ ਨਿਭਾਉਣ ਨਾਲ਼ ਜੁੜੇ ਹੋਏ ਹੁੰਦੇ ਹਨ ਕਿ ਉਹਨਾਂ ਵਿਚਲੇ ਕੁਝ ਅੱਖਰ ਜਾਂ ਧੁਨੀਆਂ ਵੀ ਉਸ ਸ਼ਬਦ ਦੇ ਅਰਥਾਂ ਨੂੰ ਵੱਖ-ਵੱਖ ਸ਼ਬਦਾਂ ਵਿੱਚ ਰੂਪਮਾਨ ਕਰ ਰਹੀਆਂ ਜਾਪਦੀਆਂ ਹਨ। ਅਜਿਹੇ ਹੀ ਸ਼ਬਦਾਂ ਵਿੱਚੋਂ ਇੱਕ ਸ਼ਬਦ ਹੈ- ਸੰਸਕ੍ਰਿਤ ਭਾਸ਼ਾ ਦਾ ਸ਼ਬਦ ਅਕਸ਼ਿ ਅਰਥਾਤ ਅੱਖ। ਅਕਸ਼ਿਵਾਟ ਸ਼ਬਦ ਵਿੱਚ ਤਾਂ ਪੂਰੇ 'ਅਕਸ਼ਿ' ਸ਼ਬਦ ਦੀ ਹੀ ਵਰਤੋਂ ਕਰ ਲਈ ਗਈ ਹੈ। ਪਿਛਲੇ ਲੇਖ ਵਿੱਚ "ਦੇਖਣ ਵਾਲ਼ੇ" ਜਾਂ "ਦਰਸ਼ਕ" ਸ਼ਬਦਾਂ ਦੀ ਵਾਰ-ਵਾਰ ਵਰਤੋਂ ਹੋਈ ਹੈ। ਇਹਨਾਂ ਦੋਂਹਾਂ ਸ਼ਬਦਾਂ ਵਿੱਚ ਖ (ਦੇਖਣ) ਅਤੇ ਸ਼ (ਦਰਸ਼ਕ) ਧੁਨੀਆਂ ਦੇ ਅਰਥ ਅੱਖਾਂ (ਅਕਸ਼ਿ) ਦੁਆਰਾ ਦੇਖਣ ਦੀ ਪ੍ਰਕਿਰਿਆ ਨਾਲ਼ ਹੀ ਸੰਬੰਧਿਤ ਹਨ। ਦੇਖ/ਦੇਖਣ ਸ਼ਬਦਾਂ ਵਿੱਚ ਖ ਦੀ ਧੁਨੀ ਕਸ਼ੈ (क्ष) ਧੁਨੀ ਦੇ ਖ ਧੁਨੀ ਵਿੱਚ ਬਦਲ ਜਾਣ ਕਾਰਨ ਹੋਂਦ ਵਿੱਚ ਆਈ ਹੈ ਅਤੇ ਦਰਸ਼ਕ ਸ਼ਬਦ ਵਿੱਚ ਸ਼ ਦੀ ਧੁਨੀ ਕਸ਼ੈ (ਕ+ਸ਼ੈ) ਅੱਖਰ ਵਿੱਚ ਸ਼ਾਮਲ ਸ਼ ਧੁਨੀ ਦੀ ਪ੍ਰਤਿਨਿਧਤਾ ਕਰ ਰਹੀ ਹੈ ਤੇ ਇਹ ਧੁਨੀ ਇੱਥੇ ਅਕਸ਼ਿ (ਅੱਖ) ਦੇ ਅਰਥਾਂ ਨੂੰ ਹੀ ਰੂਪਮਾਨ ਕਰ ਰਹੀ ਹੈ। ਇਸ ਲਈ ਦਰਸ਼ਕ ਸ਼ਬਦ ਵਿਚਲੀ ਸ਼ (ਅਕਸ਼ਿ ਵਿਚਲੀ ਸ਼ ਧੁਨੀ ਤੋਂ ਆਈ) ਧੁਨੀ ਦੇ ਅਰਥ ਵੀ ਇੱਥੇ "ਦੇਖਣ" ਸ਼ਬਦ ਵਿਚਲੀ ਖ ਧੁਨੀ ਦੇ ਅਰਥਾਂ ਵਾਂਗ ਅੱਖ ਹੀ ਹਨ। ਦਿਸ, ਦਿਸਦਾ, ਦਰਸਾਉਣਾ ਆਦਿ ਸ਼ਬਦਾਂ ਵਿੱਚ ਅਕਸ਼ਿ ਵਿਚਲੀ ਸ਼ ਦੀ ਧੁਨੀ ਲੋਕ-ਉਚਾਰਨ ਅਨੁਸਾਰ ਪੰਜਾਬੀ ਵਿੱਚ ਆ ਕੇ ਸ ਵਿੱਚ ਬਦਲ ਗਈ ਹੈ।

'ਮੰਚ' ਅਤੇ 'ਮੰਜਾ' ਸ਼ਬਦ ਕਿਵੇਂ ਬਣੇ?

           ਇਸ ਲੇਖ ਵਿੱਚ ਇੱਕ ਹੋਰ ਸ਼ਬਦ 'ਮੰਚ' ਜਾਂ 'ਰੰਗ-ਮੰਚ' ਦਾ ਜ਼ਿਕਰ ਵੀ  ਆਇਆ ਹੈ। 'ਮੰਚ' ਸ਼ਬਦ ਦਾ ਇਸ ਸ਼ਬਦ ਵਿਚਲੀਆਂ ਧੁਨੀਆਂ ਦੇ ਅਰਥਾਂ ਦੇ ਆਧਾਰ 'ਤੇ ਅਰਥ ਹੈ- ਕਿਸੇ ਥਾਂ ਦਾ ਉਹ ਭਾਗ ਜਿਸ ਨੂੰ ਧਰਤੀ ਦੇ ਪੱਧਰ ਤੋਂ ਰਤਾ ਉੱਚਾ ਚੁੱਕ ਕੇ ਬਣਾਇਆ ਗਿਆ ਹੋਵੇ (ਤਾਂਜੋ ਉਸ ਉੱਤੇ ਕੀਤੀਆਂ ਜਾਣ ਵਾਲ਼ੀਆਂ ਸਰਗਰਮੀਆਂ ਨੂੰ ਦੂਰ-ਦੂਰ ਤੱਕ ਬੈਠੇ ਲੋਕ ਅਸਾਨੀ ਨਾਲ਼ ਦੇਖ ਸਕਣ)। ਬਾਅਦ ਵਿੱਚ ਇਸੇ ਮੰਚ ਉੱਤੇ ਨਾਟਕ/ਡਰਾਮੇ ਆਦਿ ਕੀਤੇ ਜਾਣ ਕਾਰਨ ਇਸ ਨੂੰ ਰੰਗ-ਮੰਚ ਦਾ ਨਾਂ ਵੀ ਦੇ ਦਿੱਤਾ ਗਿਆ। ਦਿਲਚਸਪ ਗੱਲ ਇਹ ਹੈ ਕਿ ਇਸੇ ਮੰਚ ਸ਼ਬਦ ਤੋਂ ਹੀ ਪੰਜਾਬੀ ਭਾਸ਼ਾ ਦੇ ਇੱਕ ਅਹਿਮ ਸ਼ਬਦ 'ਮੰਜਾ' ਨੇ ਵੀ ਜਨਮ ਲਿਆ ਹੈ ਕਿਉਂਕਿ ਮੰਜਾ ਵੀ ਮੰਚ ਵਾਂਗ ਰਤਾ ਉੱਚਾ ਚੁੱਕ ਕੇ ਹੀ ਬਣਾਇਆ ਜਾਂਦਾ ਹੈ। ਇਸੇ ਕਾਰਨ ਸ਼ਬਦ-ਕੋਸ਼ਾਂ ਅਨੁਸਾਰ ਮੰਜਾ ਸ਼ਬਦ ਦੀ ਵਿਉਤਪਤੀ ਵੀ ਮੰਚ ਸ਼ਬਦ ਤੋਂ ਹੀ ਹੋਈ ਦੱਸੀ ਗਈ ਹੈ। 

ਅਕਸ਼/ਅਕਸ਼ਿ ਸ਼ਬਦਾਂ ਦੇ ਅਰਥਾਂ ਵਿੱਚ ਸਿਹਾਰੀ ਦੀ ਭੂਮਿਕਾ:

      ਹੁਣ ਤੱਕ ਅਸੀਂ ਦੇਖ ਹੀ ਚੁੱਕੇ ਹਾਂ ਕਿ ਅਕਸ਼ ਅਤੇ ਅਕਸ਼ਿ ਸ਼ਬਦਾਂ ਦੇ ਅਰਥਾਂ ਵਿੱਚ ਕੀ ਅੰਤਰ ਹੈ। ਇਹ ਅੰਤਰ ਅਕਸ਼ਿ ਸ਼ਬਦ ਵਿੱਚ ਲੱਗੀ ਹੋਈ ਸਿਹਾਰੀ (....ਬੱਸ ਰੱਤੀ ਕੁ ਫ਼ਰਕ ਮਰੋੜੀ ਦਾ" ਅਨੁਸਾਰ) ਹੀ ਪਾ ਰਹੀ ਹੈ। ਬਿਨਾਂ ਸਿਹਾਰੀ ਤੋਂ ਇਸ ਸ਼ਬਦ ਦੇ ਅਰਥ ਹਨ- ਗੱਡੀ/ਗੱਡੇ ਦਾ ਧੁਰਾ ਆਦਿ ਅਤੇ ਸਿਹਾਰੀ ਨਾਲ਼- ਅੱਖ ਜਾਂ ਮਨੁਖ ਦੀ ਦੇਖਣ-ਪ੍ਰਕਿਰਿਆ। ਇਸ ਤੋਂ ਸਿੱਧ ਹੁੰਦਾ ਹੈ ਕਿ ਸੰਸਕ੍ਰਿਤ ਮੂਲ ਦੀਆਂ ਹਿੰਦ-ਆਰੀਆਈ ਭਾਸ਼ਾਵਾਂ ਵਿੱਚ ਹਰ ਧੁਨੀ ਦਾ ਅਪਣਾ ਮਹੱਤਵ ਹੈ ਅਤੇ ਉਸ ਦੇ ਕੋਈ ਨਾ ਕੋਈ ਅਰਥ ਜ਼ਰੂਰ ਹੁੰਦੇ ਹਨ। ਕਈ ਵਾਰ ਤਾਂ ਅਜਿਹਾ ਵੀ ਹੁੰਦਾ ਹੈ ਕਿ ਇੱਕ ਹੀ ਸ਼ਬਦ ਦੇ ਦੋ ਜਾਂ ਕਈ ਵਾਰ ਤਿੰਨ ਜਾਂ ਚਾਰ ਅਰਥ ਵੀ ਹੁੰਦੇ ਹਨ। ਅਜਿਹੇ ਸ਼ਬਦਾਂ ਨੂੰ ਬਹੁਅਰਥਕ ਸ਼ਬਦ ਵੀ ਆਖਿਆ ਜਾਂਦਾ ਹੈ, ਜਿਵੇਂ: ਉੱਤਰ, ਘੜੀ, ਗੱਡੀ, ਨਿਰਮਾਣ ਆਦਿ। ਇਸ ਦਾ ਕਾਰਨ ਵੀ ਹਰ ਧੁਨੀ/ਅੱਖਰ ਦੇ ਇੱਕ, ਦੋ ਜਾਂ ਕਈ ਵਾਰ ਇਸ ਤੋਂ ਵੀ ਵੱਧ ਅਰਥਾਂ ਦਾ ਹੋਣਾ ਹੀ ਹੈ। ਅਕਸ਼ ਅਤੇ ਅਕਸ਼ਿ ਸ਼ਬਦਾਂ ਦੀ ਸ਼ਬਦ-ਬਣਤਰ/ਸ਼ਬਦਕਾਰੀ ਵਿੱਚ ਵੀ ਕਸ਼ੈ ਅੱਖਰ ਦੇ ਦੋ ਤੋਂ ਵੱਧ ਅਰਥ ਅਤੇ ਸਿਹਾਰੀ ਦੇ ਆਪਣੇ ਇੱਕ ਵਿਸ਼ੇਸ਼ ਅਰਥ ਹੀ ਅੰਤਰ ਪਾ ਰਹੇ ਹਨ (ਵਿਸਤ੍ਰਿਤ ਵੇਰਵਾ ਕਿਸੇ ਵੱਖਰੇ ਲੇਖ ਵਿੱਚ)।

         ਅੰਤ ਵਿੱਚ ਇਹੋ ਹੀ ਆਖਿਆ ਜਾ ਸਕਦਾ ਹੈ ਕਿ ਅਖਾੜਾ ਸ਼ਬਦ ਭਾਵੇਂ ਅਕਸ਼ਿਵਾਟ ਤੋਂ ਬਣਿਆ ਹੋਵੇ ਤੇ ਭਾਵੇਂ ਅਕਸ਼ਾਰ ('ਮਹਾਨ ਕੋਸ਼' ਅਨੁਸਾਰ) ਸ਼ਬਦ ਤੋਂ, ਇਹਨਾਂ ਵਿੱਚ ਅੱਖ ਸ਼ਬਦ ਦੇ ਅਰਥ ਅਕਸ਼ਿ ਸ਼ਬਦ ਤੋਂ ਹੀ ਆਏ ਹਨ ਜਿਸ ਦੀ ਬਦੌਲਤ ਅਖਾੜਾ ਸ਼ਬਦ ਦਾ ਸੰਬੰਧ ਮੰਚ ਦੇ ਨਾਲ਼-ਨਾਲ਼ ਉਪਰੋਕਤ ਅਨੁਸਾਰ ਦਰਸ਼ਕਾਂ (ਦੇਖਣ ਵਾਲ਼ਿਆਂ) ਨਾਲ਼ ਵੀ ਜੁੜਿਆ ਹੋਇਆ ਹੈ ਕਿਉਂਕਿ ਦਰਸ਼ਕ ਸ਼ਬਦ ਵੀ ਅਕਸ਼ਿ (ਅੱਖ) ਤੋਂ ਹੀ ਬਣਿਆ ਹੋਇਆ ਹੈ। ਇਸ ਤੋਂ ਬਿਨਾਂ 'ਦਰਸ਼ਕ' ਸ਼ਬਦ ਵਿੱਚ ਪਿਛੇਤਰ ਦੇ ਰੂਪ ਵਿੱਚ ਲੱਗੀ ਹੋਈ 'ਕ' ਧੁਨੀ ਦੇ ਅਰਥ ਹਨ- ਵਾਲ਼ਾ, ਕਰਨ ਵਾਲ਼ਾ (ਕਰਤਰੀ ਨਾਂਵ ਬਣਾਉਣ ਵਾਲ਼ਾ); ਜਿਵੇਂ: ਚਾਲਕ (ਚਲਾਉਣ ਵਾਲ਼ਾ), ਅਧਿਆਪਕ (ਅਧਿਆਪਨ ਕਰਨ ਵਾਲ਼ਾ), ਸੰਪਾਦਕ (ਸੰਪਾਦਨ ਕਰਨ ਵਾਲ਼ਾ), ਲੇਖਕ (ਲਿਖਣ ਵਾਲ਼ਾ) ਆਦਿ। 

     ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ 'ਅਕਸ਼ਿਵਾਟ' ਸ਼ਬਦ ਵਿਚਲੇ ਦੋ ਸ਼ਬਦਾਂ-  ਅਕਸ਼ਿ (ਅੱਖ) ਅਤੇ ਵਾਟ (ਮੰਚ/ਘੇਰਾ) ਸ਼ਬਦਾਂ ਦੀ ਸ਼ਮੂਲੀਅਤ ਤੋਂ ਬਗ਼ੈਰ ਅਖਾੜਾ ਸ਼ਬਦ ਦੇ ਅਰਥ ਮੁਕੰਮਲ ਹੋ ਹੀ ਨਹੀਂ ਸਕਦੇ; ਘੱਟੋ-ਘੱਟ ਅਖਾੜਾ (ਅਕਸ਼ਿਵਾਟ) ਸ਼ਬਦ ਦੇ ਅਰਥ ਹਿੰਦੀ ਭਾਸ਼ਾ ਦੇ ਇੱਕ ਨਿਰੁਕਤਕਾਰ ਜਿਸ ਦਾ ਹਵਾਲਾ ਪਿਛਲੇ ਲੇਖ ਵਿੱਚ ਦਿੱਤਾ ਗਿਆ ਹੈ, ਦੇ ਅਨੁਸਾਰ "ਸ਼ਤਰੰਜ ਦੀ ਖੇਡ ਦਾ ਅਖਾੜਾ" ( ! ) ਤਾਂ ਬਿਲਕੁਲ ਹੀ ਨਹੀਂ ਹਨ। ਅਕਸ਼ਵਾਟ (ਸ਼ਤਰੰਜ ਜਾਂ ਪਾਸਿਆਂ ਦੀ ਖੇਡ) ਸ਼ਬਦ ਦੇ ਅਰਥ ਹੋਰ ਹਨ ਅਤੇ ਅਕਸ਼ਿਵਾਟ (ਅਖਾੜਾ) ਸ਼ਬਦ ਦੇ ਹੋਰ। ਦਰਅਸਲ ਸਮੇਂ ਦੇ ਬੀਤਣ ਨਾਲ਼ 'ਅਕਸ਼ਿਵਾਟ' ਸ਼ਬਦ ਵਿਚਲੀ ਸਿਹਾਰੀ ਹੁਣ ਇਸ ਵਿੱਚੋਂ ਅਲੋਪ ਹੋ ਚੁੱਕੀ ਹੈ ਜਿਸ ਕਾਰਨ ਉਪਰੋਕਤ ਲੇਖਕ ਇੱਕ ਬਹੁਤ ਵੱਡੇ ਭੁਲੇਖੇ ਦਾ ਸ਼ਿਕਾਰ ਹੋ ਗਿਆ ਹੈ।

                      .................

ਜਸਵੀਰ ਸਿੰਘ ਪਾਬਲਾ,

ਲੰਗੜੋਆ, ਨਵਾਂਸ਼ਹਿਰ।

ਫ਼ੋਨ ਨੰ. 98884-03052.

ਉੱਚੀ ਸੁੱਚੀ ਸੋਚ ✍️ ਮਨਜੀਤ ਕੌਰ ਧੀਮਾਨ

ਚੱਲ ਅੱਜ ਤੈਨੂੰ ਕਿਤੇ ਘੁੰਮਾਂ ਕੇ ਲਿਆਉਂਦਾ ਹਾਂ। ਤੂੰ ਵੀ ਕਹੇਂਗੀ ਕਿ ਕਿੱਦਾਂ ਦਾ ਘਰਵਾਲ਼ਾ ਮਿਲ਼ ਗਿਆ। ਹਨੀਮੂਨ ਤਾਂ ਦੂਰ ਦੀ ਗੱਲ ਕਿਤੇ ਨੇੜੇ ਤੇੜੇ ਵੀ ਘੁੰਮਾਉਣ ਨਹੀਂ ਲੈ ਕੇ ਗਿਆ। ਮਨਪ੍ਰੀਤ ਨੇ ਕੁੱਝ ਕੁ ਜਕਦਿਆਂ ਆਪਣੀ ਨਵੀਂ ਨਵੇਲੀ ਘਰਵਾਲ਼ੀ ਨੂੰ ਕਿਹਾ।

           ਨਹੀਂ, ਨਹੀਂ,ਜੀ । ਏਹੋ ਜਿਹੀ ਤਾਂ ਕੋਈ ਗੱਲ ਨਹੀਂ ਹੈ। ਜਦੋਂ ਤੁਹਾਡੇ ਕੋਲ ਸਮਾਂ ਹੋਇਆ ਓਦੋਂ ਘੁੰਮ ਆਵਾਂਗੇ। ਕੰਮ ਵੀ ਜ਼ਰੂਰੀ ਹੈ। ਮੈਂ ਬਿਲਕੁੱਲ ਠੀਕ ਹਾਂ। ਤੁਸੀਂ ਮੇਰੀ ਫ਼ਿਕਰ ਨਾ ਕਰੋ।

ਪਤਨੀ ਗੁਰਪ੍ਰੀਤ ਨੇ ਪਿਆਰ ਨਾਲ਼ ਕਿਹਾ।

         ਓਹ,ਦਰਅਸਲ ਵਿਆਹ ਵਿੱਚ ਬਜ਼ਟ ਤੋਂ ਕੁੱਝ ਵਧੇਰੇ ਹੀ ਖਰਚਾ ਹੋ ਗਿਆ ਤੇ ਏਸੇ ਕਰਕੇ ਮੈਂ ਹਨੀਮੂਨ ਲਈ ਕੋਈ ਵਧੀਆ ਯੋਜਨਾ ਨਹੀਂ ਬਣਾ ਸਕਿਆ। ਉੱਤੋਂ ਕੰਮ ਤੋਂ ਵੀ ਕਾਫ਼ੀ ਛੁੱਟੀਆਂ ਹੋ ਗਈਆਂ ਤੇ ਜੇਕਰ ਹੁਣ ਛੁੱਟੀਆਂ ਲਵਾਂਗਾ ਤਾਂ ਤਨਖਾਹ 'ਚੋਂ ਕੁੱਝ ਪੱਲੇ ਨਹੀ ਪੈਣਾ। ਇਸ ਲਈ..... ਮਨਪ੍ਰੀਤ ਸ਼ਰਮਿੰਦਾ ਜਿਹਾ ਹੋ ਕੇ ਬੋਲਿਆ।

                  ਕੋਈ ਗੱਲ ਨਹੀਂ ਜੀ। ਤੁਸੀਂ ਹਜੇ ਮਨ ਲਗਾ ਕੇ ਕੰਮ ਕਰੋ। ਜਦੋਂ ਸੰਭਵ ਹੋਇਆ ਚੱਲ ਪਵਾਂਗੇ ਕਿਤੇ। ਵੈਸੇ ਕਿਤੇ ਜਾਣਾ ਕੋਈ ਜ਼ਰੂਰੀ ਵੀ ਨਹੀਂ ਹੈ। ਸੱਭ ਤੋਂ ਪਹਿਲਾਂ ਅਸੀਂ ਦੋਵਾਂ ਨੇ ਮਿਲ਼ ਕੇ ਘਰ ਦੀ ਸਾਰੀ ਜ਼ਿੰਮੇਵਾਰੀ ਸੰਭਾਲਣੀ ਹੈ। ਗੁਰਪ੍ਰੀਤ ਨੇ ਪਿਆਰ ਨਾਲ਼ ਕਿਹਾ। 

                 ਤੂੰ ਤਾਂ ਬਹੁਤ ਸਮਝਦਾਰ ਹੈਂ। ਪਰ ਫੇਰ ਵੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਤੇਰੇ ਸਾਰੇ ਸ਼ੌਂਕ ਤੇ ਸੁਪਨੇ ਪੂਰੇ ਕਰ ਸਕਾਂ। 'ਤੇ ਹਾਂ....! ਅੱਜ ਆਪਾਂ ਰਾਤ ਦੀ ਰੋਟੀ ਬਾਹਰ ਖਾ ਕੇ ਆਵਾਂਗੇ। ਤੂੰ ਤਿਆਰ ਰਹੀਂ। ਐਨਾ ਤਾਂ ਮੈਂ ਕਰ ਹੀ ਸਕਦਾ ਹਾਂ। ਮਨਪ੍ਰੀਤ ਦਾ ਮਨ ਖੁਸ਼ੀ ਨਾਲ਼ ਭਰ ਗਿਆ ਸੀ।

            ਜੀ, ਉਹ ਤਾਂ ਠੀਕ ਹੈ। ਪਰ ਤੁਹਾਨੂੰ ਮੇਰੀ ਪਸੰਦ ਦੀ ਜਗ੍ਹਾ ਤੇ ਚੱਲਣਾ ਪਵੇਗਾ। ਗੁਰਪ੍ਰੀਤ ਹੱਸਦੇ ਹੋਏ ਬੋਲੀ।

                  ਠੀਕ ਹੈ....... ਸੋਚਦਿਆਂ ਹੋਇਆਂ ਮਨਪ੍ਰੀਤ ਕੰਮ ਤੇ ਚਲਾ ਗਿਆ। ਪਤਾ ਨਹੀਂ ਗੁਰਪ੍ਰੀਤ ਕਿੱਥੇ ਜਾਣ ਲਈ ਕਹੇਗੀ! ਜੇ ਕਿਤੇ ਪੈਸੇ ਘੱਟ ਗਏ ਤਾਂ ਉਹ ਕੀ ਸੋਚੇਗੀ ਮੇਰੇ ਬਾਰੇ। ਇਹ ਸੋਚ ਕੇ ਉਸਨੇ ਇੱਕ ਦੋਸਤ ਤੋਂ ਕੁੱਝ ਰੁਪਏ ਉਧਾਰ ਫੜ ਲਏ।

                ਸ਼ਾਮ ਨੂੰ ਮਨਪ੍ਰੀਤ ਘਰ ਪਹੁੰਚਿਆ ਤਾਂ ਗੁਰਪ੍ਰੀਤ ਸੋਹਣਾ ਸੂਟ ਪਾ ਕੇ ਤਿਆਰ ਹੋ ਰਹੀ ਸੀ। ਤਿਆਰ ਹੋ ਕੇ ਦੋਵੇਂ ਬਾਹਰ ਨਿਕਲੇ ਤਾਂ ਮਨਪ੍ਰੀਤ ਨੇ ਪੁੱਛਿਆ, ਹਾਂਜੀ ਦੱਸੋ ਜਨਾਬ ਕਿੱਥੇ ਜਾਣਾ ਹੈ?

               " ਗੁਰਦੁਆਰੇ।" ਗੁਰਪ੍ਰੀਤ ਸ਼ਾਂਤ ਚਿੱਤ ਹੋ ਕੇ ਬੋਲੀ।

                ਹੈਂ! ਗੁਰੂਦੁਵਾਰੇ..?

ਮਨਪ੍ਰੀਤ ਨੇ ਹੈਰਾਨੀ ਨਾਲ ਕਿਹਾ।

               ਹਾਂਜੀ, ਗੁਰੂਦਵਾਰੇ। ਅਸੀਂ ਵਿਆਹ ਤੋਂ ਬਾਅਦ ਪਹਿਲੀ ਵਾਰ ਬਾਹਰ ਜਾ ਰਹੇ ਹਾਂ। ਇਸ ਲਈ ਸੱਭ ਤੋਂ ਪਹਿਲਾਂ ਅਸੀਂ ਗੁਰੂਦਵਾਰੇ ਮੱਥਾ ਟੇਕਣ ਜਾਵਾਂਗੇ। ਤੇ ਉੱਥੇ ਹੀ ਅੰਮ੍ਰਿਤ ਵਰਗਾ ਲੰਗਰ ਛਕਾਂਗੇ। ਮੇਰੀ ਤਾਂ ਇਹੀ ਇੱਛਾ ਹੈ, ਬਾਕੀ ਜਿਵੇਂ ਤੁਹਾਡੀ ਮਰਜ਼ੀ। ਗੁਰਪ੍ਰੀਤ ਨੇ ਹੱਥ ਜੋੜ ਕੇ ਤੇ ਅੱਖਾਂ ਬੰਦ ਕਰਕੇ ਕਿਹਾ।

               ਵਾਹ...! ਐਡੀ ਉੱਚੀ ਸੁੱਚੀ ਸੋਚ। ਮਨਪ੍ਰੀਤ ਨੇ ਐਨਾ ਹੀ ਕਿਹਾ। ਹੁਣ ਉਹ  ਮੋਟਸਾਈਕਲ ਸਟਾਰਟ ਕਰਕੇ ਸਾਰੀਆਂ ਫ਼ਿਕਰਾਂ ਤੇ ਸੋਚਾਂ ਤੋਂ ਮੁਕਤ ਹੋ ਕੇ ਗੁਰਪ੍ਰੀਤ ਨਾਲ ਗੁਰੂਦੁਆਰੇ ਵੱਲ ਚੱਲ ਪਿਆ।

 

ਮਨਜੀਤ ਕੌਰ ਧੀਮਾਨ,ਸ਼ੇਰਪੁਰ, ਲੁਧਿਆਣਾ , ਸੰ:9464633059

ਜ਼ਿੰਦਗੀ ਤੇ ਨੇਕੀ ✍️ ਹਰਪ੍ਰੀਤ ਕੌਰ ਸੰਧੂ

ਜ਼ਿੰਦਗੀ ਇਨ੍ਹੀਂ ਸੌਖੀ ਵੀ ਨਹੀਂ ਜਿੰਨ੍ਹੀ ਲੱਗਦੀ ਹੈ ਤੇ ਇਨ੍ਹੀ ਔਖੀ ਵੀ ਨਹੀਂ ਜਿੰਨ੍ਹੀ ਮਹਿਸੂਸ ਹੁੰਦੀ ਹੈ। ਇਸਦਾ ਸੌਖਾ ਜਾਂ ਔਖਾ ਹੋਣਾ ਤੁਹਾਡੇ ਤੇ ਨਿਰਭਰ ਹੈ।ਤੁਹਾਡਾ ਜ਼ਿੰਦਗੀ ਪ੍ਰਤੀ ਨਜ਼ਰੀਆ ਕੀ ਹੈ ਇਹ ਮਹੱਤਵਪੂਰਨ ਹੈ।ਜਿਵੇਂ ਤੁਸੀਂ ਸੋਚਦੇ ਹੋ ਉਸੇ ਤਰ੍ਹਾਂ ਦੀ ਜ਼ਿੰਦਗ਼ੀ ਹੋ ਜਾਂਦੀ ਹੈ। ਖੁੱਲ ਕੇ ਜੀਓ ਤਾਂ ਜ਼ਿੰਦਗੀ ਖੁਸ਼ਗਵਾਰ ਹੈ। ਨੱਪ ਨੂੰੜ ਕੇ ਜੀਓ ਤਾਂ ਪਲ ਵੀ ਔਖਾ ਲੰਘਦਾ ਹੈ।ਕਿਸੇ ਨੂੰ ਗਿਲਾਸ ਅੱਧਾ ਖਾਲੀ ਦਿੱਸਦਾ ਹੈ ਤੇ ਕਿਸੇ ਨੂੰ ਅੱਧਾ ਭਰਿਆ।ਬਸ ਨਜ਼ਰੀਏ ਦੀ ਗੱਲ ਹੈ।ਜਦੋਂ ਤੁਸੀਂ ਕਿਸੇ ਨੂੰ ਤਕਲੀਫ਼ ਦਿੰਦੇ ਹੋ ਤਾਂ ਆਪ ਵੀ ਖੁਸ਼ ਨਹੀਂ ਰਹਿੰਦੇ। ਸਿੱਧਾ ਹਿਸਾਬ ਹੈ ਜੋ ਤੁਸੀਂ ਦੂਜਿਆਂ ਨੂੰ ਦੇਵੋਗੇ ਉਹ ਦੋਗੁਣਾ ਹੋ ਕੇ ਤੁਹਾਨੂੰ ਮਿਲੇਗਾ। ਬਸ ਚੰਗਾ ਕਰੋ ਤੇ ਖੁਸ਼ ਰਹੋ। ਕਰਮਾਂ ਦਾ ਹਿਸਾਬ ਕੁਦਰਤ ਆਪ ਕਰਦੀ ਹੈ।ਤੁਸੀਂ ਆਪਣਾ ਕੰਮ ਕਰੋ।ਦੂਜਿਆਂ ਨਾਲ ਓਹੋ ਜਿਹਾ ਵਿਹਾਰ ਕਰੋ ਹੋ ਤੁਸੀਂ ਚਾਹੁੰਦੇ ਹੋ ਕਿ ਦੂਜੇ ਤੁਹਾਡੇ ਨਾਲ ਕਰਨ। ਇੱਕ ਬੱਚਾ ਇੰਗਲੈਂਡ ਦੇ ਇਕ ਪਿੰਡ ਵਿੱਚ ਅੱਗ ਵਿੱਚ ਘਿਰਿਆ ਹੋਇਆ ਸੀ। ਇੱਕ ਕਿਸਾਨ ਨੇ ਉਸਨੂੰ ਬਚਾ ਲਿਆ। ਜਦੋਂ ਉਹ ਬੱਚੇ ਨੂੰ ਘਰ ਛੱਡਣ ਗਿਆ ਤਾਂ ਬੱਚੇ ਦੇ ਪਿਤਾ ਸਰ ਚਰਚਿਲ ਨੇ ਉਸਨੂੰ ਪੈਸੇ ਦੇਣੇ ਚਾਹੇ। ਕਿਸਾਨ ਨੇ ਪੈਸੇ ਲੈਣ ਤੋ ਨਾਂਹ ਕਰ ਦਿੱਤੀ। ਉਸਨੇ ਕਿਹਾ ਕਿ ਮੱਦਦ ਕਰਨਾ ਚਾਹੁੰਦੇ ਹੋ ਤਾਂ ਮੇਰੇ ਬੱਚੇ ਨੂੰ ਪੜ੍ਹਾ ਦਿਓ। ਸਰ ਚਰਚਿਲ ਮੰਨ ਗਏ। ਉਹ ਬੱਚਾ ਵੱਡਾ ਹੋ ਕੇ ਅਲੈਗਜੈਂਡਰ ਫਲੇਮਿੰਗ ਬਣਿਆ ਜਿਸ ਨੇ ਪੈਂਸਿਲਿਨ ਦੀ ਖੋਜ ਕੀਤੀ। ਉਸਦੀ ਇਸ ਦਵਾ ਨੇ ਸਿਰ ਵਿੰਸਟਨ ਚਰਚਿਲ ਦੀ ਜਾਨ ਬਚਾਈ ਜੀ ਕਿ ਸਰ ਚਰਚਿਲ ਦਾ ਬੇਟਾ ਸੀ ਜਿਸਨੇ ਉਸਦੀ ਪੜ੍ਹਾਈ ਦਾ ਖਰਚਾ ਚੁੱਕਿਆ ਸੀ। ਚੰਗਿਆਈ ਘੁੰਮ ਕੇ ਵਾਪਿਸ ਆਉਂਦੀ ਹੈ। ਸੋ ਨੇਕ ਕੰਮ ਕਰੋ ਤੇ ਖੁਸ਼ ਰਹੋ।

 

ਹਰਪ੍ਰੀਤ ਕੌਰ ਸੰਧੂ

ਸ਼ਬਦਾਂ ਦੀ ਪਰਵਾਜ (  'ਅਖਾੜਾ' ਸ਼ਬਦ ਕਿਵੇਂ ਬਣਿਆ? ) ✍️ ਜਸਵੀਰ ਸਿੰਘ ਪਾਬਲਾ

 'ਅਖਾੜਾ' ਸ਼ਬਦ ਕਿਵੇਂ ਬਣਿਆ?

      (ਸਾਡੀ ਮੌਜੂਦਾ ਨਿਰੁਕਤਕਾਰੀ ਦੇ ਸੰਦਰਭ ਵਿੱਚ)

           ਦੇਖਣ ਵਿੱਚ ਆਇਆ ਹੈ ਕਿ ਸਾਡੇ ਹੁਣ ਤੱਕ ਦੇ ਬਹੁਤੇ ਨਿਰੁਕਤਕਾਰ ਸ਼ਬਦਾਂ ਦਾ ਖੁਰਾ-ਖੋਜ ਲੱਭਣ ਸਮੇਂ ਸ਼ਬਦਾਂ ਦੇ ਮੂਲ ਤੱਕ ਪਹੁੰਚਦਿਆਂ-ਪਹੁੰਚਦਿਆਂ ਅਕਸਰ ਦਿਸ਼ਾਹੀਣ ਹੋ ਜਾਂਦੇ ਹਨ ਅਤੇ ਇੱਕ ਵਿਸ਼ੇਸ਼ ਹੱਦ ਤੋਂ ਪਾਰ ਜਾਣ ਵਿੱਚ ਲਗ-ਪਗ ਅਸਫਲ ਹੀ ਰਹਿੰਦੇ ਹਨ ਤੇ ਭਟਕਣ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੀ ਹਾਲਤ ਵਿੱਚ ਉਹ ਅੱਕੀਂ-ਪਲ਼ਾਹੀਂ ਹੱਥ-ਪੈਰ ਮਾਰਦੇ ਦਿਖਾਈ ਦਿੰਦੇ ਹਨ। ਇਸ ਦਾ ਇੱਕ ਵੱਡਾ ਕਾਰਨ ਹੈ: .ਧੁਨੀਆਂ ਦੇ ਅਰਥਾਂ ਦੀ ਅਣਹੋਂਦ। ਅਜਿਹੇ ਸ਼ਬਦਾਂ ਵਿੱਚੋਂ ਹੀ ਇੱਕ ਸ਼ਬਦ ਹੈ- ਅਖਾੜਾ। ਅੱਜ ਦੇਖਦੇ ਹਾਂ ਕਿ ਸਾਡੇ ਅਜੋਕੇ ਨਿਰੁਕਤਕਾਰ ਇਸ ਸ਼ਬਦ ਦੀ ਨਿਰੁਕਤਕਾਰੀ ਨੂੰ ਕਿਵੇਂ ਅੰਜਾਮ ਦੇ ਰਹੇ ਹਨ ਅਤੇ ਮੂਲ ਰੂਪ ਵਿੱਚ ਇਸ ਸ਼ਬਦ ਦੀ ਸ਼ਬਦਕਾਰੀ ਸਾਡੇ ਵੱਡੇ-ਵਡੇਰਿਆਂ ਵੱਲੋਂ ਕਿਵੇਂ ਕੀਤੀ ਗਈ ਹੈ? 

        ਅਖਾੜਾ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਦੋ ਸ਼ਬਦਾਂ-  ਅਕਸ਼+ਵਾਟ (अक्ष+वाट) ਸ਼ਬਦਾਂ ਤੋਂ ਹੋਂਦ ਵਿੱਚ ਆਇਆ ਹੈ। ਸੰਸਕ੍ਰਿਤ-ਕੋਸ਼ਾਂ ਅਨੁਸਾਰ ਇਸ ਸ਼ਬਦ ਦੇ ਪਹਿਲੇ ਭਾਗ "ਅਕਸ਼" ਦੇ ਕੁੱਲ ਪੰਦਰਾਂ ਦੇ ਕਰੀਬ ਅਰਥ ਦੱਸੇ ਗਏ ਹਨ ਜਿਨ੍ਹਾਂ ਵਿੱਚੋਂ ਪ੍ਰਮੁੱਖ ਹਨ- ਗੱਡੀ ਦੀ ਧੁਰੀ ਜਾਂ ਧੁਰਾ, ਤੱਕੜੀ ਦੀ ਡੰਡੀ, ਰੁਦਰਾਕਸ਼, ਗਿਆਨ, ਚੌਸਰ ਜਾਂ ਸ਼ਤਰੰਜ ਦਾ ਪਾਸਾ ਜਾਂ ਪਾਸ਼ਾ (ਸੰਸਕ੍ਰਿਤ ਦੇ 'ਪਾਸ਼ਕ' ਸ਼ਬਦ ਤੋਂ ਬਣਿਆ ), ਗਰੁੜ, ਕਨੂੰਨੀ ਕਾਰਜ-ਵਿਧੀ (ਮੁਕੱਦਮਾ) ਆਦਿ। ਇਸ ਪ੍ਰਕਾਰ ਇੱਥੇ ਕਿਧਰੇ ਵੀ "ਅਕਸ਼ਵਾਟ" ਸ਼ਬਦ ਦੇ ਅਰਥ ਸ਼ਤਰੰਜ ਦਾ 'ਅਖਾੜਾ' ਨਹੀਂ ਦਿੱਤੇ ਗਏ ਹਨ, ਹਾਂ ਇਸ ਵਿਚਲੇ ਇੱਕ ਸ਼ਬਦ ਅਕਸ਼ ਦੇ ਅਰਥ 'ਸ਼ਤਰੰਜ ਦਾ ਪਾਸਾ' (ਲੱਕੜੀ ਦਾ ਟੁਕੜਾ ਜਿਸ ਉੱਤੇ ਦੋ ਤੋਂ ਛੇ ਤੱਕ ਦੇ ਨਿਸ਼ਾਨ ਜਾਂ ਬਿੰਦੀਆਂ ਉੱਕਰੀਆਂ ਹੋਈਆਂ ਹੁੰਦੀਆਂ ਹਨ) ਅਤੇ ਇਸੇ ਸ਼ਬਦ ਦੇ ਅਰਥ-ਵਿਸਤਾਰ ਵਜੋਂ ਅਕਸ਼ਵਾਟ (अक्ष:वाट:) ਸ਼ਬਦ ਦੇ ਅਰਥ "ਜੂਆਖ਼ਾਨਾ" ਜਾਂ "ਜੂਏ ਦੀ ਮੇਜ਼" ਜ਼ਰੂਰ ਦਿੱਤੇ ਗਏ ਹਨ। ਪਰ ਇਸ ਦੇ ਬਾਵਜੂਦ ਸਾਡਾ ਵਰਤਮਾਨ ਸਮੇਂ ਦਾ ਹਿੰਦੀ ਭਾਸ਼ਾ ਦਾ ਇੱਕ ਨਿਰੁਕਤਕਾਰ 'ਅਖਾੜਾ' ਸ਼ਬਦ ਦੀ ਨਿਰੁਕਤੀ ਨੂੰ ਮਨ-ਚਿਤਵੇ ਢੰਗ ਨਾਲ਼ ਇਸ ਪ੍ਰਕਾਰ ਦਰਸਾ ਰਿਹਾ ਹੈ: ਅਕਸ਼ਵਾਟ: >ਅੱਖਾਡਾਅ (अक्खाडअ) > ਅਖਾੜਾ ਅਰਥਾਤ ਉਸ ਅਨੁਸਾਰ ਇਹ ਸ਼ਬਦ ਪਹਿਲਾਂ ਅਕਸ਼ਵਾਟ ਤੋਂ 'ਅੱਖਾਡਅ' ਅਤੇ ਫਿਰ ਅੱਖਾਡਅ ਤੋਂ 'ਅਖਾੜਾ' ਵਿੱਚ ਤਬਦੀਲ ਹੋਇਆ ਹੈ। ਇਸ ਪ੍ਰਕਾਰ ਉਸ ਅਨੁਸਾਰ "ਅਖਾੜਾ" ਸ਼ਬਦ ਪਹਿਲਾਂ ਜੂਏ ਜਾਂ ਸ਼ਤਰੰਜ ਦੀ ਖੇਡ ਨਾਲ਼ ਹੀ ਸੰਬੰਧਿਤ ਸੀ ਪਰ ਹੌਲ਼ੀ-ਹੌਲ਼ੀ ਇਹ ਸ਼ਬਦ ਰੰਗ-ਮੰਚ ਜਾਂ ਘੋਲ਼/ਕੁਸ਼ਤੀਆਂ ਆਦਿ ਲਈ ਵੀ ਵਰਤਿਆ ਜਾਣ ਲੱਗਿਆ।

        ਇਸ ਤੋਂ ਉਲਟ ਸੰਸਕ੍ਰਿਤ-ਕੋਸ਼ਾਂ ਅਨੁਸਾਰ ਅਖਾੜਾ ਸ਼ਬਦ ਵੀ ਭਾਵੇਂ ਅਕਸ਼ਵਾਟ ਸ਼ਬਦ ਤੋਂ ਹੀ ਬਣਿਆ ਹੈ ਪਰ ਇਹ ਸ਼ਬਦ 'ਅਕਸ਼' ਅਰਥਾਤ 'ਪਾਸਾ' ਦੇ ਅਰਥਾਂ ਤੋਂ ਨਹੀਂ ਸਗੋਂ 'ਅਕਸ਼ਿ' ਸ਼ਬਦ ਤੋਂ ਬਣਿਆ ਹੋਇਆ ਹੈ ਜਿਸ ਦੇ ਅਰਥ "ਅੱਖ" ਹਨ। ਇਸ ਲਈ ਇਸ ਸ਼ਬਦ ਦੇ ਅਰਥ ਉਪਰੋਕਤ ਲੇਖਕ ਦੁਆਰਾ ਚਿਤਵੇ ਹੋਏ ਅਰਥਾਂ ਅਨੁਸਾਰ 'ਸ਼ਤਰੰਜ ਦਾ ਪਾਸਾ' ਨਹੀਂ ਹਨ ਸਗੋਂ ਇੱਥੇ ਇਸ ਸ਼ਬਦ ਦੇ ਅਰਥ "ਅੱਖ" ਹਨ। ਸੰਸਕ੍ਰਿਤ ਵਿਚਲੀ 'ਕਸ਼ੈ' (क्ष) ਅੱਖਰ ਦੀ ਧੁਨੀ ਅਕਸਰ ਪੰਜਾਬੀ ਵਿੱਚ ਆ ਕੇ 'ਖ'  ਦੀ ਧੁਨੀ ਵਿੱਚ ਬਦਲ ਜਾਂਦੀ ਹੈ। ਇਸ ਪ੍ਰਕਾਰ ਸੰਸਕ੍ਰਿਤ ਭਾਸ਼ਾ ਦੇ ਅਕਸ਼ਿਵਾਟ (ਪ੍ਰਚਲਿਤ ਰੂਪ ਅਕਸ਼ਵਾਟ) ਤੋਂ ਬਣੇ ਅਖਾੜਾ ਸ਼ਬਦ ਵਿੱਚ ਅੱਖ ਤੋਂ ਭਾਵ ਹੈ: ਸੰਬੰਧਿਤ ਸਥਾਨ ਦੇ ਆਲ਼ੇ-ਦੁਆਲ਼ੇ ਬੈਠ ਕੇ ਰੰਗ-ਮੰਚ 'ਤੇ ਹੋਣ ਵਾਲ਼ੇ ਪ੍ਰਕਾਰਜ ਨੂੰ "ਦੇਖਣ ਵਾਲ਼ੇ ਲੋਕ" ਅਰਥਾਤ "ਦਰਸ਼ਕ"। ਇਸ ਪ੍ਰਕਾਰ ਇਹ ਸ਼ਬਦ ''ਅਕਸ਼ਿਵਾਟ' ਤੋਂ ਅਕਸ਼ਵਾਟ ਦੇ ਰੂਪ ਵਿੱਚ ਬਦਲਿਆ ਹੈ ਅਰਥਾਤ ਸਮੇਂ ਦੇ ਗੇੜ ਨਾਲ਼ ਜਾਂ ਲੋਕ-ਉਚਾਰਨ ਵਿੱਚ ਸੁਖੈਨਤਾ ਲਿਆਉਣ ਦੀ ਖ਼ਾਤਰ ਇਸ ਵਿੱਚੋਂ ਸਿਹਾਰੀ ਦੀ ਮਾਤਰਾ ਅਲੋਪ ਹੋ ਗਈ ਹੈ ਜਾਂ ਵਿਦਵਾਨਾਂ ਦੁਆਰਾ ਬਾਅਦ ਵਿੱਚ ਅਲੋਪ ਕਰ ਦਿੱਤੀ ਗਈ ਹੈ। ਇਸ ਦਾ ਇੱਕ ਸਬੂਤ ਇਹ ਹੈ ਕਿ 'ਸੰਸਕ੍ਰਿਤ ਭਾਸ਼ਾ ਦੇ ਪ੍ਰਸਿੱਧ ਪੰਜਾਬੀ ਵਿਦਵਾਨ 'ਡਾ. ਸ਼ਿਆਮ ਦੇਵ ਪਾਰਾਸ਼ਰ' (ਸੰਸਕ੍ਰਿਤ ਤਥਾ ਪੰਜਾਬੀ ਕੇ ਸੰਬੰਧ) ਅਨੁਸਾਰ ਵੀ ਪੰਜਾਬੀ ਦਾ "ਅਖਾੜਾ" ਸ਼ਬਦ ਸੰਸਕ੍ਰਿਤ ਭਾਸ਼ਾ ਦੇ 'ਅਕਸ਼ਵਾਟ' ਸ਼ਬਦ ਤੋਂ ਹੀ ਬਣਿਆ ਹੈ। ਅਕਸ਼ਵਾਟ ਵਿਚਲੇ ਦੂਜੇ ਸ਼ਬਦ 'ਵਾਟ' ਦੇ ਅਰਥ ਹਨ- ਵਾੜ, ਘੇਰਾ ਜਾਂ ਕਿਸੇ ਕਰਤੱਬ ਨੂੰ ਕਰਨ ਵਾਲ਼ੇ ਕਲਾਕਾਰਾਂ ਜਾਂ ਖਿਡਾਰੀਆਂ ਆਦਿ ਦੁਆਰਾ ਕਿਸੇ ਜਗ੍ਹਾ ਦਾ ਘੇਰਿਆ ਹੋਇਆ ਕੁਝ ਭਾਗ।

       ਪਰ ਹਿੰਦੀ ਭਾਸ਼ਾ ਦੇ ਨਿਰੁਕਤਕਾਰ ਜਿਸ ਦਾ ਜ਼ਿਕਰ ਇਸ ਲੇਖ ਦੇ ਸ਼ੁਰੂ ਵਿੱਚ ਕੀਤਾ ਗਿਆ ਹੈ, ਦਾ ਮੱਤ ਇਹ ਹੈ ਕਿ ਅਖਾੜਾ ਸ਼ਬਦ 'ਅਕਸ਼' ਸ਼ਬਦ ਦੇ ਉੱਪਰ ਦੱਸੇ ਗਏ ਅਰਥਾਂ ਵਿਚਲੇ ਇੱਕ ਅਰਥ, "ਚੌਸਰ ਜਾਂ ਸ਼ਤਰੰਜ ਦਾ ਪਾਸਾ" ਦੇ ਅਰਥਾਂ ਤੋਂ ਵਿਕਸਿਤ ਹੋਇਆ ਹੈ। ਉਸ ਅਨੁਸਾਰ ਉਹ ਥਾਂ ਜਿੱਥੇ ਪੁਰਾਤਨ ਸਮਿਆਂ ਦੇ ਕੁਝ ਲੋਕ ਇਕੱਠੇ ਹੋ ਕੇ ਸ਼ਤਰੰਜ ਦੀ ਖੇਡ ਖੇਡਿਆ ਕਰਦੇ ਸਨ, ਤੋਂ ਵਿਕਸਿਤ ਹੋ ਕੇ ਹੌਲ਼ੀ-ਹੋਲ਼ੀ ਮੌਜੂਦਾ ਸਮੇਂ ਦੇ ਸ਼ਬਦ 'ਅਖਾੜਾ' ਦੇ ਅਰਥਾਂ ਵਿੱਚ ਤਬਦੀਲ ਹੋਇਆ ਹੈ ਤੇ ਫਿਰ ਬਾਅਦ ਵਿੱਚ ਇਹੋ ਸ਼ਬਦ ਹੋਰ ਖੇਡਾਂ /ਕੁਸ਼ਤੀਆਂ ਜਾਂ ਰੰਗ-ਮੰਚ ਆਦਿ ਨਾਲ਼ ਵੀ ਜੋੜਿਆ ਜਾਣ ਲੱਗਾ। 

        ਮੇਰੀ ਜਾਚੇ  ਉਹਨਾਂ ਦੀ ਇਹ ਦਲੀਲ ਉੱਕਾ ਹੀ ਨਿਰਮੂਲ ਹੈ ਕਿਉਂਕਿ ਸ਼ਤਰੰਜ ਦੀ ਖੇਡ ਕਦੇ ਵੀ ਲੋਕਾਂ ਵਿੱਚ ਏਨੀ ਹਰਮਨ-ਪਿਆਰੀ ਨਹੀਂ ਰਹੀ ਕਿ ਪੁਰਾਤਨ ਸਮਿਆਂ ਦੇ ਆਮ ਲੋਕ ਵੀ ਇਹ ਖੇਡ ਖੇਡਦੇ ਹੋਣਗੇ ਜਾਂ ਬਹੁਤੇ ਲੋਕ ਇਸ ਖੇਡ ਨੂੰ ਖੇਡਦਿਆਂ ਦੇਖਣ ਲਈ ਜਾਇਆ ਵੀ ਕਰਦੇ ਹੋਣਗੇ ਜਾਂ ਇਸ ਖੇਡ  ਦਾ ਨਾਂ ਤੱਕ ਵੀ ਜਾਣਦੇ ਹੋਣਗੇ। ਇਸ ਦੇ ਉਲਟ ਇਹ ਖੇਡ ਤਾਂ ਵਧੇਰੇ ਕਰਕੇ ਅਮੀਰ ਲੋਕਾਂ ਜਾਂ ਰਾਜੇ-ਰਜਵਾੜਿਆਂ ਤੱਕ ਹੀ ਸੀਮਿਤ ਰਹੀ ਹੈ ਜਦਕਿ 'ਅਖਾੜਾ' ਸ਼ਬਦ ਸਾਡੇ ਪੁਰਾਤਨ ਸੱਭਿਆਚਾਰ ਨਾਲ਼ ਸੰਬੰਧਿਤ ਇੱਕ ਅਜਿਹਾ ਸ਼ਬਦ ਹੈ ਜਿਸ ਤੋਂ ਸਾਡੇ ਆਮ ਲੋਕ ਵੀ ਪਿਛਲੇ ਹਜ਼ਾਰਾਂ ਸਾਲਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹਨ ਅਤੇ ਉਹ ਜਾਣਦੇ ਸਨ ਕਿ ਅਖਾੜਾ ਕੀ ਹੁੰਦਾ ਹੈ ਤੇ ਇਸ ਵਿੱਚ ਕਿਹੜੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਜਾਂ ਕਿਹੋ-ਜਿਹੇ ਕਰਤੱਬ ਦਿਖਾਏ ਜਾਂਦੇ ਹਨ ਅਤੇ ਇਹਨਾਂ ਨੂੰ ਦੇਖਣ ਵਾਲ਼ੇ ਲੋਕ ਕੌਣ ਹੁੰਦੇ ਹਨ ਅਤੇ ਉਹ ਕਿੱਥੇ ਬੈਠ ਕੇ ਅਖਾੜੇ ਵਿੱਚ ਹੋ ਰਹੀਆਂ ਇਹਨਾਂ ਗਤੀਵਿਧੀਆਂ ਦਾ ਅਨੰਦ ਮਾਣਦੇ ਹਨ। 

          ਸੋ, ਜਾਪਦਾ ਹੈ ਕਿ ਉਪਰੋਕਤ ਹਿੰਦੀ ਭਾਸ਼ਾ ਦਾ ਨਿਰੁਕਤਕਾਰ ਇੱਥੇ ਇੱਕ ਬਹੁਤ ਵੱਡੀ ਗ਼ਲਤ-ਫ਼ਹਿਮੀ ਦਾ ਸ਼ਿਕਾਰ ਹੋ ਗਿਆ ਹੈ ਤੇ ਧੱਕੇ ਨਾਲ਼ ਹੀ "ਅਕਸ਼ਵਾਟ" ਸ਼ਬਦ ਦੇ ਮੂਲ ਅਰਥਾਂ ਨੂੰ ਜੂਏ ਦੀ ਖੇਡ ਨਾਲ਼ ਸੰਬੰਧਿਤ ਕਰ ਕੇ ਦਰਸਾ ਰਿਹਾ ਹੈ। ਦਰਅਸਲ 'ਅਕਸ਼ਵਾਟ' ਇੱਕ ਦੋ-ਅਰਥੀ ਸ਼ਬਦ ਹੈ ਪਰ ਸੰਬੰਧਿਤ ਲੇਖਕ ਇਸ ਸ਼ਬਦ ਦੇ 'ਜੂਏਖ਼ਾਨੇ' ਵਾਲ਼ੇ ਕੇਵਲ ਇੱਕ ਅਰਥ ਹੀ ਦਰਸਾ ਰਿਹਾ ਹੈ ਤੇ ਇਸ ਦੇ ਰੰਗ-ਮੰਚ ਜਾਂ ਸਟੇਜ ਵਾਲ਼ੇ ਅਰਥਾਂ ਨੂੰ ਵੀ ਉਹ ਇਸ ਦੇ 'ਜੂਏਖ਼ਾਨੇ' ਵਾਲ਼ੇ ਅਰਥਾਂ ਤੋਂ ਹੀ ਉਪਜਿਆ ਹੋਇਆ ਦੱਸ ਰਿਹਾ ਹੈ।  

         ਸੰਸਕ੍ਰਿਤ ਭਾਸ਼ਾ ਵਿੱਚ ਨਾਟਕ ਦੀ ਪਰੰਪਰਾ ਹਜ਼ਾਰਾਂ ਸਾਲ ਪੁਰਾਣੀ ਹੈ। ਇਸੇ ਕਾਰਨ ਭਰਤ ਮੁਨੀ ਨੂੰ ਸੰਸਕ੍ਰਿਤ-ਨਾਟਕ ਦਾ ਪਿਤਾਮਾ ਕਿਹਾ ਜਾਂਦਾ ਹੈ। ਜ਼ਾਹਰ ਹੈ ਕਿ ਨਾਟਕ ਉਸ ਸਮੇਂ ਜਾਂ ਉਸ ਤੋਂ ਵੀ ਪਹਿਲੇ ਸਮਿਆਂ ਤੋਂ ਹੀ ਖੇਡਿਆ ਜਾਂਦਾ ਰਿਹਾ ਹੋਵੇਗਾ ਅਤੇ ਆਮ ਲੋਕਾਂ ਦੁਆਰਾ ਦੇਖਿਆ ਵੀ ਜਾਂਦਾ ਰਿਹਾ ਹੋਵੇਗਾ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਉਹਨਾਂ ਸਮਿਆਂ ਵਿੱਚ ਮਨੋਰੰਜਨ ਦੇ ਸਾਧਨ ਵੀ ਬਹੁਤ ਹੀ ਘੱਟ ਹੋਇਆ ਕਰਦੇ ਸਨ। 

         ਇਸ ਪ੍ਰਕਾਰ ਅਕਸ਼ਿ (ਅੱਖ) ਸ਼ਬਦ ਦੇ ਇਹਨਾਂ ਅਰਥਾਂ ਅਨੁਸਾਰ ਅਕਸ਼ਵਾਟ ਸ਼ਬਦ ਦੇ ਅਰਥ ਹੋਏ- ਉਹ ਸਟੇਜ/ਰੰਗ-ਮੰਚ/ਨਿਰਧਾਰਿਤ ਕੀਤੀ ਗਈ ਥਾਂ ਜਿਸ ਦੇ ਦੁਆਲ਼ੇ ਬੈਠ ਕੇ ਦਰਸ਼ਕ ਦੰਗਲ਼, ਘੋਲ਼ ਜਾਂ ਨਾਟਕ ਆਦਿ ਦੇਖਿਆ ਕਰਦੇ ਸਨ।ਭਾਸ਼ਾ-ਵਿਭਾਗ, ਪੰਜਾਬ ਦੇ ਕੋਸ਼ਾਂ ਵਿੱਚ ਵੀ ਅਖਾੜਾ ਸ਼ਬਦ ਦੇ ਕੇਵਲ ਤਿੰਨ ਅਰਥ ਹੀ ਦੱਸੇ ਗਏ ਹਨ- 

੧. ਪਹਿਲਵਾਨਾਂ ਦੇ ਘੁਲ਼ਨ, ਦੰਗਲ਼ ਜਾਂ ਕਸਰਤ ਕਰਨ ਦੀ ਥਾਂ ਜਾਂ ਪਿੜ।

੨. ਰੰਗ-ਭੂਮੀ, ਸਟੇਜ, ਜਿੱਥੇ ਨਾਟਕ ਖੇਡਿਆ ਜਾਵੇ।

੩. ਸਾਧੂ-ਸੰਪਰਦਾ ਦੀ ਕੋਈ ਮੰਡਲੀ ਜਾਂ ਡੇਰਾ।    

         ਪੰਜਾਬੀ ਦੇ ਪ੍ਰਸਿੱਧ ਨਿਰੁਕਤਕਾਰ ਸ੍ਰੀ ਜੀ.ਐੱਸ. ਰਿਆਲ ਜੀ ਨੇ ਵੀ ਆਪਣੇ 'ਨਿਰੁਕਤ ਕੋਸ਼' ਵਿੱਚ ਇਸ ਸ਼ਬਦ  ਦੇ ਉਪਰੋਕਤ ਤਿੰਨ ਅਰਥ ਹੀ ਦੱਸੇ ਹਨ। 

        ਤੀਜੇ, ਭਾਈ ਕਾਨ੍ਹ ਸਿੰਘ ਨਾਭਾ ਦੇ 'ਮਹਾਨ ਕੋਸ਼' ਅਨੁਸਾਰ ਤਾਂ ਇਹ ਸ਼ਬਦ ਬਣਿਆ ਹੀ ਸੰਸਕ੍ਰਿਤ ਭਾਸ਼ਾ ਦੇ ਅਕਸ਼ਾਰਾ (अक्षारा=ਅਕਸ਼ਿ+ਆਰਾ) ਸ਼ਬਦ ਤੋਂ ਹੈ ਜਿਸ ਵਿੱਚ 'ਅਕਸ਼ਿ' ਸ਼ਬਦ ਦੀ ਹੋਂਦ ਅਤੇ ਅਰਥ ਪ੍ਰਤੱਖ ਤੌਰ 'ਤੇ ਦਿਖਾਈ ਦਿੰਦੇ ਹਨ ਅਰਥਾਤ  ਅਕਸ਼ਿ+ਆਰਾ (ਦੇਖਿਆ ਜਾਣ ਵਾਲ਼ਾ ਭਾਵ ਕੋਈ ਖੇਡ-ਤਮਾਸ਼ਾ/ਦੰਗਲ਼/ਨਾਟਕ ਆਦਿ)। ਅਕਸ਼ਿ ਸ਼ਬਦ ਦੀ ਸਿਹਾਰੀ ਅਕਸ਼ਿਵਾਟ ਸ਼ਬਦ ਵਾਂਗ ਇਸ ਵਿੱਚੋਂ ਵੀ ਅਲੋਪ ਹੋ ਚੁੱਕੀ ਹੈ। ਸ਼ਾਇਦ ਇਹੋ ਹੀ ਕਾਰਨ ਹੈ ਕਿ ਉਪਰੋਕਤ ਦੋਂਹਾਂ ਕੋਸ਼ਾਂ ਦੇ ਨਾਲ਼-ਨਾਲ਼ 'ਮਹਾਨ ਕੋਸ਼' ਵਿੱਚ ਵੀ ਚੌਸਰ ਜਾਂ ਸ਼ਤਰੰਜ ਦੀ ਖੇਡ ਨਾਲ਼ ਸੰਬੰਧਿਤ ਕੋਈ ਵੀ ਅਰਥ ਦਰਜ ਨਹੀਂ ਹਨ।

         ਸੋ, ਉਪਰੋਕਤ ਅਨੁਸਾਰ ਕਿਸੇ ਵੀ ਸ਼ਬਦ ਦੀ ਵਿਉਤਪਤੀ/ਨਿਰੁਕਤਕਾਰੀ ਨੂੰ ਸਮਝਣ ਲਈ ਸਾਨੂੰ ਆਪਣੇ ਪੁਰਾਤਨ ਸਮਾਜ ਦੀ ਰਹਿਣੀ-ਬਹਿਣੀ, ਆਰਥਿਕ, ਸਮਾਜਿਕ ਅਤੇ ਸੱਭਿਆਚਾਰਿਕ ਪੱਖਾਂ ਆਦਿ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇਸ ਤੋਂ ਬਿਨਾਂ ਅਖਾੜਾ ਸ਼ਬਦ ਦੀ ਵਿਉਤਪਤੀ ਨਿਰਧਾਰਿਤ ਕਰਨ ਸਮੇਂ ਅਖਾੜਾ (ਅਕਸ਼+ਵਾਟ) ਸ਼ਬਦ ਵਿਚਲੇ 'ਵਾਟ' ਸ਼ਬਦ ਦੇ ਅਰਥ ਜਾਣਨੇ ਵੀ ਬਹੁਤ ਜ਼ਰੂਰੀ ਹਨ ਜਿਸ ਤੋਂ  ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਕਿ ਅਖਾੜਾ ਸ਼ਬਦ ਕਿਵੇਂ ਹੋਂਦ ਵਿੱਚ ਆਇਆ ਹੈ। 

       'ਵਾਟ' ਸ਼ਬਦ ਸੰਸਕ੍ਰਿਤ ਦੇ ਹੀ 'ਵਟ੍' ਧਾਤੂ ਤੋਂ ਬਣਿਆ ਹੋਇਆ ਸ਼ਬਦ ਹੈ ਜਿਸ ਦੇ ਅਰਥ ਹਨ- ਘੇਰਾ ਪਾਉਣਾ ਜਾਂ ਘੇਰੇ ਵਿੱਚ ਲੈਣਾ। ਇਸ ਪ੍ਰਕਾਰ  ਸੰਸਕ੍ਰਿਤ ਭਾਸ਼ਾ ਦੇ ਵਾਟ ਸ਼ਬਦ ਦੇ ਅਰਥ ਹਨ- ਵਾੜ, ਘੇਰਾ, ਘੇਰੀ ਹੋਈ ਥਾਂ; ਉਹ ਥਾਂ ਜਿਸ ਦੀ ਘੇਰਾਬੰਦੀ ਜਾਂ ਹੱਦਬੰਦੀ ਕੀਤੀ ਗਈ ਹੋਵੇ।  ਵਾੜਾ (ਪਸੂਆਂ ਦਾ) ਸ਼ਬਦ ਵੀ ਇਸੇ ਵਾਟ ਜਾਂ ਵਾੜ ਸ਼ਬਦ ਤੋਂ ਹੀ ਬਣਿਆ ਹੈ ਕਿਉਂਕਿ ਪਸੂਆਂ ਦੀ ਹਿਫ਼ਾਜ਼ਤ ਲਈ ਸੰਬੰਧਿਤ ਥਾਂ ਦੇ ਆਲ਼ੇ-ਦੁਆਲ਼ੇ ਪੁਰਾਤਨ ਲੋਕ ਸੰਘਣੀ ਵਾੜ ਹੀ ਕਰਿਆ ਕਰਦੇ ਸਨ ਜਾਂ ਕੱਚੀਆਂ ਕੰਧਾਂ ਉਸਾਰ ਲਿਆ ਕਰਦੇ ਸਨ। ਉਸ ਵਾੜ ਦੇ ਅੰਦਰ ਘਿਰੀ ਹੋਈ ਜਗ੍ਹਾ ਨੂੰ ਹੀ ਵਾੜਾ ਆਖਿਆ ਜਾਂਦਾ ਸੀ। ਸਮੇਂ ਦੇ ਨਾਲ਼-ਨਾਲ਼ ਇਸ ਵਾੜ ਜਾਂ ਵਾੜੇ ਦੇ ਰੂਪ ਅਤੇ ਆਕਾਰ ਆਦਿ ਵੀ ਬਦਲਦੇ ਗਏ। 

         ਹੁਣ ਦੇਖਦੇ ਹਾਂ ਕਿ ਵਾਟ ਸ਼ਬਦ ਵਿਚਲੀ ਟ ਦੀ ਧੁਨੀ ੜ ਦੀ ਧੁਨੀ ਵਿੱਚ ਕਿਵੇਂ ਬਦਲੀ ਹੈ? ਇਸ ਦਾ ਕਾਰਨ ਇਹ ਹੈ ਕਿ ਸੰਸਕ੍ਰਿਤ ਵਿੱਚ ੜ ਨਾਂ ਦੀ ਕੋਈ ਧੁਨੀ ਜਾਂ ਅੱਖਰ ਹੀ ਨਹੀਂ ਹੈ। ਇਸ ਲਈ ਆਮ ਤੌਰ 'ਤੇ ਕਈ ਵਾਰ ਟ, ਡ ਅਤੇ ਰ ਆਦਿ ਧੁਨੀਆਂ ਪੰਜਾਬੀ/ਹਿੰਦੀ ਭਾਸ਼ਾਵਾਂ ਵਿੱਚ ਆ ਕੇ ੜ ਵਿੱਚ ਬਦਲ ਜਾਂਦੀਆਂ  ਹਨ, ਜਿਵੇਂ: ਵਟ (वट:) ਤੋਂ ਬੋਹੜ, ਪੀਰ (ਸੰਸਕ੍ਰਿਤ) ਤੋਂ ਪੀੜ (ਦੁੱਖ), ਪੇਡਾ (ਸੰ.) ਤੋਂ ਪੇੜ (ਰੁੱਖ), ਘਟ (ਸੰ.) ਤੋਂ ਘੜਾ; ਘਟਿਕਾ ਤੋਂ ਘੜੀ (24 ਮਿੰਟ ਦਾ ਸਮਾਂ), ਘੋਟ (घोट:) ਜਾਂ ਘੋਟਕ (घोटक:) ਤੋਂ ਘੋੜਾ, ਸ਼ਕਟ (शक‍ट) ਤੋਂ ਛਕੜਾ, ਨਾਡਿ (नाडि:) ਤੋੰ ਨਾੜੀ (ਕਣਕ ਦੀ ਨਾੜ) ਆਦਿ।

        ਉਪਰੋਕਤ ਢੰਗ ਨਾਲ਼ ਬਣਾਏ ਗਏ ਅਖਾੜਿਆਂ ਦੇ ਤਿੰਨ ਜਾਂ ਚਾਰੇ ਪਾਸੇ ਨਾਟਕ ਆਦਿ ਦੇ ਦ੍ਰਿਸ਼ਾਂ ਨੂੰ ਦੇਖਣ ਲਈ ਦਰਸ਼ਕਾਂ ਦੇ ਬੈਠਣ ਲਈ ਥਾਂ ਵੀ ਉਪਲਬਧ ਕਰਵਾਈ ਗਈ ਹੁੰਦੀ ਸੀ। ਸੋ, ਮੂਲ ਮੁੱਦਾ ਇਹ ਹੈ ਕਿ ਅਕਸ਼ ਜਾਂ ਅਕਸ਼ਿ ਸ਼ਬਦ ਦੇ ਅਰਥ ਇੱਥੇ ਕਿਸੇ ਕਿਸਮ ਦੀ ਚੌਸਰ ਜਾਂ ਸ਼ਤਰੰਜ ਆਦਿ ਨਾਲ਼ ਸੰਬੰਧਿਤ ਨਹੀਂ ਹਨ ਸਗੋਂ ਇਸ ਦਾ ਅਰਥ ਹੈ- ਦੇਖਣ ਵਾਲ਼ੇ ਅਰਥਾਤ ਇੱਕ ਵਿਸ਼ੇਸ਼ ਮੰਚ ਅਤੇ ਉਸ ਦੇ ਆਲ਼ੇ-ਦੁਆਲ਼ੇ ਬੈਠੇ ਹੋਏ ਦਰਸ਼ਕ। ਇਸ ਪ੍ਰਕਾਰ ਅਕਸ਼ਿ (ਦੇਖਣ ਵਾਲ਼ੇ) ਅਤੇ ਵਾਟ (ਮੰਚ) ਸ਼ਬਦਾਂ ਅਤੇ ਉਹਨਾਂ ਦੇ ਅਰਥਾਂ ਨੂੰ ਇਕੱਠਿਆਂ ਕਰ ਕੇ ਹੀ ਅਕਸ਼ਿਵਾਟ/ਅਕਸ਼ਵਾਟ ਸ਼ਬਦ ਦੇ ਅਰਥ ਸੰਪੂਰਨ ਹੁੰਦੇ ਹਨ। 

        ਅਖਾੜੇ ਦੇ ਸੰਬੰਧ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਕਈ ਵਾਰ ਕਿਸੇ ਸੁੱਕੇ ਹੋਏ ਛੱਪੜ ਦੇ ਵਿਚਕਾਰ ਵੀ ਇਹ ਖੇਡ-ਤਮਾਸ਼ੇ ਜਾਂ ਨਾਟਕ ਆਦਿ ਕਰਵਾ ਦਿੱਤੇ ਜਾਇਆ ਕਰਦੇ ਸਨ ਤੇ ਇਸ ਪ੍ਰਕਾਰ ਛੱਪੜ ਨੂੰ ਹੀ ਇੱਕ ਬਣੇ-ਬਣਾਏ ਸਟੇਡੀਅਮ ਦਾ ਰੂਪ ਦੇ ਦਿੱਤਾ ਜਾਂਦਾ ਸੀ। ਛੱਪੜ ਦੇ ਵਿਚਕਾਰ ਮੰਚ ਲਈ ਜਗ੍ਹਾ ਨਿਰਧਾਰਿਤ ਕਰ ਦਿੱਤੀ ਜਾਂਦੀ ਸੀ ਅਤੇ ਦਰਸ਼ਕ ਉਸ ਦੇ ਆਲ਼ੇ-ਦੁਆਲ਼ੇ ਬੈਠ ਕੇ ਨਾਟਕ ਜਾਂ ਖੇਡ-ਤਮਾਸ਼ਿਆਂ ਆਦਿ ਦਾ ਅਨੰਦ ਮਾਣਦੇ ਸਨ।  

           ਧੁਨੀਆਂ ਦੇ ਅਰਥਾਂ ਦੀ ਅਣਹੋਂਦ ਕਾਰਨ ਆਮ ਤੌਰ 'ਤੇ ਦੇਖਣ ਵਿੱਚ ਆਇਆ ਹੈ ਕਿ ਬਹੁਤੇ ਨਿਰੁਕਤਕਾਰ ਸ਼ਬਦਾਂ ਦੇ ਪਿਛੋਕੜ ਨੂੰ ਫਰੋਲ਼ਦਿਆਂ ਅਕਸਰ ਉਹਨਾਂ ਦਾ ਸੰਬੰਧ ਕਿਸੇ ਅਜਿਹੀ ਚੀਜ਼ ਜਾਂ ਸ਼ਬਦ ਆਦਿ ਨਾਲ਼ ਜੋੜ ਦਿੰਦੇ ਹਨ ਜਿਸ ਦਾ ਉਸ ਦੇ ਪ੍ਰਚਲਿਤ ਅਰਥਾਂ ਨਾਲ਼ ਦੂਰ-ਦੂਰ ਤੱਕ ਵੀ ਕੋਈ ਵਾਹ-ਵਾਸਤਾ ਨਹੀਂ ਹੁੰਦਾ। ਫਿਰ ਆਪਣੇ ਸ਼ਬਦਾਂ ਦੀ ਚਾਸ਼ਨੀ ਰਾਹੀਂ ਆਪਣੀ ਕਹੀ ਹੋਈ ਗੱਲ ਨੂੰ ਸਹੀ ਸਿੱਧ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਜਾਂਦੀ ਸੀ। ਅਖਾੜਾ ਸ਼ਬਦ ਨੂੰ ਹੀ ਜੇਕਰ ਦੇਖਿਆ ਜਾਵੇ ਤਾਂ ਇਸ ਦੇ ਵਿਆਪਕ ਜਾਂ ਪ੍ਰਚਲਿਤ ਅਰਥਾਂ ਦਾ ਸ਼ਤਰੰਜ ਦੀ ਖੇਡ ਨਾਲ਼ ਕੀ ਸੰਬੰਧ ਹੈ? ਸ਼ਤਰੰਜ ਦੀ ਖੇਡ ਖੇਡਣ ਲਈ ਥਾਂ ਘੇਰਨ ਜਾਂ ਅਖਾੜਾ ਬਣਾਉਣ ਦੀ ਕੀ ਲੋੜ ਹੈ? ਉਹ ਤਾਂ ਕਿਸੇ ਵੀ ਸਥਾਨ ਜਾਂ ਕਮਰੇ ਆਦਿ ਵਿੱਚ ਬੈਠ ਕੇ ਬੜੀ ਅਸਾਨੀ ਨਾਲ਼ ਖੇਡੀ ਜਾ ਸਕਦੀ ਹੈ। 

       ਗੁਰਬਾਣੀ ਵਿੱਚ ਵੀ 'ਅਖਾੜਾ' ਸ਼ਬਦ ਦੀ ਵਰਤੋਂ ਅਨੇਕਾਂ ਵਾਰ ਕੀਤੀ ਗਈ ਹੈ। ਗੁਰੂ ਸਾਹਿਬਾਨ ਨੇ ਤਾਂ ਇਸ ਸਾਰੀ ਦੁਨੀਆ ਨੂੰ ਹੀ ਇੱਕ ਵਿਸ਼ਾਲ ਰੰਗ-ਮੰਚ ਦਾ ਦਰਜਾ ਦਿੱਤਾ ਹੋਇਆ ਹੈ:

        ਤੁਝ ਬਿਨੁ ਦੂਜਾ ਅਵਰੁ ਨਾ ਕੋਈ

        ਸਭੁ ਤੇਰਾ ਖੇਲੁ ਅਖਾੜਾ ਜੀਉ॥

             ਜੇਕਰ ਪੰਜਾਬੀ ਦੇ ਉਪਰੋਕਤ ਤਿੰਨੇ ਕੋਸ਼ਾਂ ਨਾਲ਼ ਸੰਬੰਧਿਤ ਅਖਾੜਾ ਸ਼ਬਦ ਦੇ ਅਰਥਾਂ ਨੂੰ ਵੀ ਵਾਚ ਲਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹ ਸਾਰੇ ਅਖਾੜੇ ਨਿਸ਼ਚਿਤ ਸੀਮਾ/ਦਾਇਰੇ ਦੇ ਅੰਦਰ ਹੀ ਲੱਗਦੇ ਸਨ, ਚਾਹੇ ਇਹ ਕੁਸ਼ਤੀਆਂ/ਘੋਲ਼ਾਂ/ਛਿੰਝਾਂ ਆਦਿ ਦਾ ਅਖਾੜਾ ਹੋਵੇ, ਚਾਹੇ ਨਕਲਾਂ ਜਾਂ ਰਾਸ (ਰਾਸ-ਲੀਲ੍ਹਾ) ਆਦਿ ਦਾ ਅਤੇ ਚਾਹੇ ਨਾਟਕ/ਡਰਾਮੇ ਜਾਂ ਰੰਗ-ਮੰਚ ਆਦਿ ਦਾ। ਸਾਧੂ-ਮੰਡਲੀਆਂ ਵੀ ਇੱਕ ਵਿਸ਼ੇਸ਼ ਹੱਦਬੰਦੀ ਦੇ ਅੰਦਰ ਹੀ ਰਿਹਾ  ਕਰਦੀਆਂ ਸਨ। ਫ਼ਰਕ ਕੇਵਲ ਏਨਾ ਹੈ ਕਿ ਨਾਟਕ/ਰੰਗ-ਮੰਚ ਅਤੇ ਗਵੱਈਆਂ ਦੇ ਅਖਾੜੇ ਆਮ ਤੌਰ 'ਤੇ ਕਲਾਕਾਰਾਂ ਦੇ ਸਟੇਜ 'ਤੇ ਦਾਖ਼ਲੇ ਲਈ ਇੱਕ ਪਾਸਿਓਂ ਦਰਸ਼ਕਾਂ ਲਈ ਬੰਦ ਹੁੰਦੇ ਹਨ ਅਤੇ ਬਾਕੀ ਤਿੰਨਾਂ ਪਾਸਿਆਂ ਤੋਂ ਖੁੱਲ੍ਹੇ ਹੁੰਦੇ ਸਨ। ਇਸ ਤੋਂ ਬਿਨਾਂ ਬਾਕੀ ਅਖਾੜੇ (ਦੰਗਲ਼/ਕੁਸ਼ਤੀਆਂ ਆਦਿ ਦੇ) ਚਹੁੰਆਂ ਪਾਸਿਆਂ ਤੋਂ ਹੀ ਖੁੱਲ੍ਹੇ ਹੀ ਹੁੰਦੇ ਸਨ। 

       ਸੰਸਕ੍ਰਿਤ-ਕੋਸ਼ਾਂ ਅਨੁਸਾਰ "ਸ਼ਤਰੰਜ ਦੀ ਖੇਡ" ਲਈ ਇੱਕ ਵੱਖਰਾ ਸ਼ਬਦ 'ਅਕਸ਼ਵਤੀ' ਵੀ ਵਰਤਿਆ ਜਾਂਦਾ ਸੀ। ਇਹਨਾਂ ਅਨੁਸਾਰ ਇਸ ਸ਼ਬਦ (ਅਕਸ਼ਵਤੀ) ਦੇ ਅਰਥ ਹਨ: ਇੱਕ ਖੇਲ, ਪਾਸੇ ਵਾਲ਼ਾ ਖੇਲ, ਜੂਏ ਦਾ ਖੇਲ। ਸੋ, ਅਕਸ਼ਵਤੀ ਸ਼ਬਦ ਦੇ ਇਹਨਾਂ ਅਰਥਾਂ ਅਨੁਸਾਰ ਸਪਸ਼ਟ ਹੈ ਕਿ ਪਾਸਿਆਂ ਵਾਲ਼ਾ ਜਾਂ ਸ਼ਤਰੰਜ ਦਾ / ਜੂਏ ਦਾ ਖੇਲ ਹੋਰ ਹੈ ਅਤੇ ਅਖਾੜੇ ਦੀਆਂ ਖੇਡਾਂ ਨਾਲ਼ ਸੰਬੰਧਿਤ ਸ਼ਬਦ ਹੋਰ। 

      ਇਸ ਲਈ ਸਾਨੂੰ 'ਅਕਸ਼ਵਾਟ' ਸ਼ਬਦ ਦੇ ਦੋ ਵੱਖੋ-ਵੱਖਰੇ ਅਰਥਾਂ (ਸ਼ਤਰੰਜ/ਪਾਸਿਆਂ ਦੀ ਖੇਡ ਅਤੇ ਅਖਾੜਾ) ਨੂੰ ਆਪਸ ਵਿੱਚ ਰਲ਼ਗੱਡ ਨਹੀਂ ਕਰਨਾ ਚਾਹੀਦਾ ਅਤੇ ਇਹਨਾਂ ਨੂੰ ਇਸ ਵਿਚਲੇ 'ਅਕਸ਼' ਜਾਂ 'ਅਕਸ਼ਿ' ਸ਼ਬਦਾਂ ਦੇ ਦੋ ਵੱਖੋ-ਵੱਖਰੇ ਅਰਥਾਂ ਦੇ ਸੰਦਰਭ ਵਿੱਚ ਹੀ ਸਮਝਣ ਅਤੇ ਵਾਚਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ।

                     ................

ਜਸਵੀਰ ਸਿੰਘ ਪਾਬਲਾ, 

ਲੰਗੜੋਆ, ਨਵਾਂਸ਼ਹਿਰ।

ਫ਼ੋਨ ਨੰ. 98884-03052.

ਸਕੂਨ (ਕਹਾਣੀ ) ✍️ ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

ਗਿਆਨ ਚੰਦ ਦਾ ਪਿਤਾ ਮੋਹਣ ਲਾਲ  ਸਰਕਾਰੀ ਤੌਰ ਤੇ ਇੱਕ ਜ਼ਲਾਦ ਵਜੋਂ ਕੰਮ ਕਰਦੇ ਹੋਏ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ, ਪਰਿਵਾਰ ਵਿੱਚ ਪੁੱਤਰ ਗਿਆਨ ਚੰਦ, ਤਿੰਨ ਛੋਟੀਆਂ ਧੀਆਂ ਅਤੇ ਪਤਨੀ ਮੋਹਣ ਲਾਲ ਉੱਪਰ ਹੀ ਨਿਰਭਰ ਸਨ। ਗਿਆਨ ਚੰਦ ਨੇ ਹਾਲੇ ਪੰਦਰਾਂ ਬਸੰਤ ਹੀ ਦੇਖੇ ਸਨ ਇੱਕ ਦਿਨ ਅਚਾਨਕ ਉਸਦੇ ਪਿਤਾ ਮੋਹਣ ਲਾਲ ਦੇ ਦਿਲ ਦੀ ਧੜਕਣ ਸਦਾ ਲਈ ਰੁੱਕ ਗਈ।

     ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ, ਗਿਆਨ ਚੰਦ ਦੀ ਨੋਵੀਂ ਜਮਾਤ ਦੀ ਪੜ੍ਹਾਈ ਵਿੱਚ ਹੀ ਛੁੱਟ ਗਈ ਸੀ , ਸਰਕਾਰ ਵੱਲੋਂ ਹੁਕਮ ਹੋਇਆ ਜਦੋਂ ਤੱਕ ਗਿਆਨ ਚੰਦ ਬਾਲਗ਼ ਨਹੀਂ ਹੋ ਜਾਂਦਾ ਪਿਤਾ ਦੀ ਥਾਂ ਤੇ ਨੌਕਰੀ ਨਹੀਂ ਦਿੱਤੀ ਜਾ ਸਕਦੀ, ਮੋਹਣ ਲਾਲ ਦੀ ਮੌਤ ਤੋਂ ਬਾਅਦ ਜੋ ਪੈਸੇ ਸਰਕਾਰ ਵੱਲੋਂ ਮਿਲੇ ਸਨ ਪਰਿਵਾਰ ਉਸ ਉਪਰ ਨਿਰਭਰ ਹੋ ਕੇ ਰਹਿ ਗਿਆ ਸੀ ਤੇ ਜਦੋਂ ਤੱਕ ਗਿਆਨ ਚੰਦ ਬਾਲਗ਼ ਹੋਇਆ ਉਹ ਪੈਸੇ ਵੀ ਖੂੰਜੇ ਲੱਗ ਗਏ ਸਨ, ਪਰਿਵਾਰ ਦਾ ਗੁਜ਼ਰ ਬਸ਼ਰ ਮੁਸ਼ਕਿਲ ਹੋ ਗਿਆ ਸੀ।

    ਫੇਰ ਇੱਕ ਦਿਨ  ਸਰਕਾਰੇ ਦਰਬਾਰੇ ਅਸਰ ਰਸੂਖ ਰੱਖਣ ਵਾਲੇ ਇਕ ਪਿੰਡ ਵਾਸੀ ਤਾਈਂ ਗਿਆਨ ਚੰਦ ਦੀ ਮਾਂ ਨੇ ਪਹੁੰਚ ਕੀਤੀ, ਉਸ ਵੱਲੋਂ ਕੋਸ਼ਿਸ਼ ਕਰਨ ਤੇ ਗਿਆਨ ਚੰਦ ਨੂੰ ਪਿਤਾ ਦੀ ਥਾਂ ਤੇ ਜ਼ਲਾਦ ਦਾ ਕੰਮ ਕਰਨ ਲਈ ਸਰਕਾਰ ਵੱਲੋਂ ਆਰਡਰ ਹੋ ਗਿਆ ਸੀ, ਗਿਆਨ ਚੰਦ ਨਾ ਚਾਹੁੰਦੇ ਹੋਏ ਵੀ ਪਿਤਾ ਦੇ ਵਿਰਾਸਤੀ ਕੰਮ ਨੂੰ ਪਰਿਵਾਰ ਦੀ ਮਜਬੂਰੀ ਦੇਖ ਜ਼ਲਾਦ ਦੀ ਨੌਕਰੀ ਕਰਨ ਲੱਗਿਆ, ਭੁੱਖਾ ਮਰਦਾ ਕਰਦਾ ਵੀ ਕਿਉਂ ਨਾ? ਛੋਟੀਆਂ ਭੈਣਾਂ ਜਵਾਨ ਹੋ ਰਹੀਆਂ ਸਨ ਉਹਨਾਂ ਦੀ ਪੜ੍ਹਾਈ ਦੇ ਨਾਲ ਨਾਲ ਵਿਆਹ ਦੀ ਜ਼ਿੰਮੇਵਾਰੀ ਵੀ ਗਿਆਨ ਚੰਦ ਦੇ ਉੱਪਰ ਹੀ ਸੀ।

     ਦਿਨ ਬੀਤਦੇ ਗਏ ਗਿਆਨ ਚੰਦ ਦੀਆਂ ਭੈਣਾਂ ਵਿਆਹ ਤੋਂ ਬਾਅਦ ਆਪੋ ਆਪਣੇ ਘਰ ਖੁਸ਼ ਸਨ, ਗਿਆਨ ਚੰਦ ਨੇ ਵਿਆਹ ਨਾ ਕਰਵਾਇਆ ਤੇ ਬੁੱਢੜੀ ਮਾਂ ਦੀ ਸੇਵਾ ਵਿੱਚ ਰੁੱਝਿਆ ਰਹਿੰਦਾ, ਜਦੋਂ ਕਦੇ ਕਿਸੇ ਨੂੰ ਫਾਂਸੀ ਦੀ ਸੁਣਾਈ ਜਾਂਦੀ  ਤਾਂ ਗਿਆਨ ਚੰਦ ਦਾ ਮਨ ਬੜਾ ਦੁੱਖੀ ਹੁੰਦਾ ਸੀ ,  ਹੁਣ ਤਾਂ ਇਸ ਕੰਮ ਨੂੰ ਕਰਦਿਆਂ ਗਿਆਨ ਚੰਦ ਨੂੰ ਵੀਹ ਵਰ੍ਹੇ ਬੀਤ ਗਏ ਸਨ, ਇਹਨਾਂ ਵੀਹ ਵਰਿਆਂ ਵਿੱਚ ਗਿਆਨ ਚੰਦ ਦੇ ਹੱਥੋਂ ਜ਼ਲਾਦ ਵੱਜੋਂ ਤਿੰਨ ਮੁਜ਼ਰਿਮ ਸਰਕਾਰ ਦੇ ਹੁਕਮਾਂ ਤੇ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ, ਪਰ ਹਰ ਵਾਰੀ ਗਿਆਨ ਚੰਦ ਜਦੋਂ ਮੁਜਰਿਮ ਦੇ  ਗਲ਼ ਵਿੱਚ ਫਾਂਸੀ ਦਾ ਰੱਸਾ ਪਾਉਂਦਾ ਤਾਂ ਗਿਆਨ ਚੰਦ ਦਾ ਮਨ ਵਿਚਲਤ ਹੋ ਜਾਂਦਾ ਸੀ ,  ਕਈ ਕਈ ਰਾਤਾਂ ਫਾਂਸੀ ਦੇ ਰੱਸੇ ਤੇ ਝੂਲਦੇ ਇਨਸਾਨ ਦੀ ਦੇਹ  ਸੋਣ ਲੱਗਿਆਂ ਗਿਆਨ ਚੰਦ ਦੀਆਂ ਅੱਖਾਂ ਮੂਹਰੇ ਆਉਂਦੀ ਰਹਿੰਦੀ ਸੀ । 

   ਪਰ ਅੱਜ ਜਦੋਂ ਸਰਕਾਰ ਦੇ ਹੁਕਮਾਂ ਤੇ ਇੱਕ ਦਰਿੰਦੇ (ਜਿਸ ਨੇ ਇੱਕ ਨਾਬਾਲਗ ਲੜਕੀ ਨੂੰ ਹਵਸ਼ ਦਾ ਸ਼ਿਕਾਰ ਬਣਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ) ਨੂੰ ਗਿਆਨ ਚੰਦ ਦੇ ਹੱਥੋਂ ਫਾਂਸੀ ਦਿੱਤੀ ਗਈ ਤਾਂ ਗਿਆਨ ਚੰਦ ਦੇ ਮਨ ਨੂੰ ਬੜਾ ਸਕੂਨ ਮਿਲਿਆ ।

ਗਿਆਨ ਚੰਦ  ਡਿਊਟੀ ਪੂਰੀ ਕਰ ਜਦੋਂ ਘਰ ਨੂੰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੇ ਇੱਕ ਹਲਵਾਈ ਦੀ ਦੁਕਾਨ ਤੋਂ ਲੱਡੂ ਲੈ ਲਏ ਤੇ ਸੋਚਿਆ ਅੱਜ ਮਾਂ ਦਾ ਇਹਨਾਂ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਵਾਂ ਗਾ। ਗਿਆਨ ਚੰਦ ਜਦੋਂ ਘਰ ਬਹੁੜਿਆ ਤਾਂ ਗਿਆਨ ਚੰਦ ਦੇ ਚਿਹਰੇ ਤੇ ਰੌਣਕ ਝਲਕਦੀ ਦੇਖ ਮਾਂ ਨੇ ਸਵਾਲ ਕੀਤਾ , ਅੱਜ ਬੜਾ ਖੁਸ਼ ਹੈਂ ਪੁੱਤਰ ...ਕੀ ਲੱਭ ਗਿਆ ਤੈਨੂੰ..?

ਗਿਆਨ ਚੰਦ ਲੱਡੂਆਂ ਦਾ ਡੱਬਾ ਖੋਲ੍ਹ ਕੇ ਇੱਕ ਲੱਡੂ ਮਾਂ ਦੇ ਮੂੰਹ ਨੂੰ ਛੂਹਾਦਿਆਂ ਬੋਲਿਆ... ਮਾਂ ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ... ਮੈਂ ਅੱਜ ਇੱਕ ਹਵਸੀ ਦਰਿੰਦੇ ਨੂੰ ਮੌਤ ਦੇ ਘਾਟ ਉਤਾਰਿਆ ਹੈ ਜਿਸ ਨੇ ਇੱਕ ਬੱਚੀ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾ ਕੇ ਕਤਲ ਕਰ ਦਿੱਤਾ ਸੀ...

ਅੱਜ ਮੇਰੇ ਮਨ ਨੂੰ ਏਨਾ ਸਕੂਨ ਨਸੀਬ ਹੋਇਆ ਹੈ ਕਿ ਮੈਂ ਅੱਜ ਤੋਂ ਪਹਿਲਾਂ ਦੇ ਸਜ਼ਾ ਜ਼ਾਬਤਾ ਮੁਜਰਿਮਾਂ ਦੀਆਂ ਮੋਤਾਂ ਨੂੰ ਭੁੱਲ ਗਿਆ ਹਾਂ ਭਾਵੇਂ ਕਿ ਉਹ ਵੀ ਕਿਸੇ ਨਾ ਕਿਸੇ ਰੂਪ ਵਿੱਚ ਮੁਜਰਿਮ ਸਨ।

ਮੈਂ ਅੱਜ ਤੋਂ ਬਾਅਦ ਜ਼ਲਾਦ ਦੀ ਇਹ ਨੌਕਰੀ ਛੱਡ ਦੇਵਾਂਗਾ... ਹੁਣ ਮੇਰੀਆਂ ਭੈਣਾਂ ਆਪਣੇ ਆਪਣੇ ਘਰਾਂ ਵਿੱਚ ਖੁਸ਼ੀਆਂ ਮਾਣ ਰਹੀਆਂ ਹਨ... ਮੈਨੂੰ ਜ਼ਲਾਦ ਦੀ ਨੌਕਰੀ ਛੱਡਣ ਤੋਂ ਬਾਅਦ ਜੋ ਪੈਸੇ ਮਿਲਣ ਗੇ ਆਪਣੀ ਦੋਹਾਂ ਦੀ ਜ਼ਿੰਦਗੀ ਆਰਾਮ ਨਾਲ ਨਿਕਲ਼ ਜਾਵੇਗੀ। 

  ਅੱਜ ਗਿਆਨ ਚੰਦ ਨੂੰ ਸਕੂਨ ਵਿੱਚ ਦੇਖ ਮਾਂ ਪੁੱਤਰ ਦੇ ਇਸ ਫ਼ੈਸਲੇ ਤੋਂ ਬਹੁਤ ਖੁਸ਼ ਸੀ । ਗਿਆਨ ਚੰਦ ਰਾਤ ਦੀ ਰੋਟੀ ਖਾ ਕੇ ਜਦੋਂ ਮੰਜੇ ਤੇ ਲੇਟਿਆ ਤਾਂ ਗੂੜ੍ਹੀ ਨੀਂਦ ਨੇ ਉਸ ਨੂੰ ਆਪਣੇ ਆਗੋਸ਼ ਵਿੱਚ ਲੈ ਲਿਆ, ਪੋਹ ਫੱਟਦੇ ਹੀ  ਅੰਮ੍ਰਿਤ ਵੇਲੇ ਗਿਆਨ ਚੰਦ ਦੀ ਅੱਖ ਖੁੱਲ੍ਹ ਗਈ ਤੇ ਗਿਆਨ ਚੰਦ ਇਸ਼ਨਾਨ ਕਰ ਕੇ ਸਿੱਧਾ ਘਰ ਤੋਂ ਥੋੜ੍ਹੀ ਦੂਰ ਮੰਦਿਰ ਦੀ ਡਿਊੜੀ ਤੇ ਪਹੁੰਚਿਆ ਤੇ ਭਗਵਾਨ ਅੱਗੇ ਦੁਨੀਆਂ ਦੀਆਂ ਧੀਆਂ ਲਈ ਅਰਦਾਸ ਕਰ ਰਿਹਾ ਸੀ....

 ਨਿਰਮਲ ਸਿੰਘ ਨਿੰਮਾ

ਮੋਬਾ: 9914721831

ਸਤਿਕਾਰ ( ਮਿੰਨੀ ਕਹਾਣੀ )  ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ   

  "ਓਏ ਆਹ ਐਸ ਵੇਲੇ ਨਾਲੀ 'ਚ ਕੌਣ ਡਿੱਗਿਆ ਪਿਆ?"      "ਕੋਈ ਸ਼ਰਾਬੀ ਲੱਗਦੈ।" "ਚੱਲ ਬੰਤਿਆ ਦੇਖੀਏ ।"                 "ਉਹ ਰਾਮਿਆ ਆਹ ਤਾਂ ਆਪਣੇ  ਪਿੰਡ ਦੇ ਸਰਪੰਚ ਦਾ ਮੁੰਡਾ ਲੱਗਦੈ ।" "ਆਹੋ  ਉਹੀ ਏ ,ਚੱਲ ਛੱਡ ਆਈਏ ਇਹਨੂੰ ਘਰੇ।"        "ਰਹਿਣ ਦੇ ਰਾਮਿਆ, ਜੇ ਕਿੱਧਰੇ ਰਾਹ 'ਚ ਮਰ ਗਿਆ ਤਾਂ ਇਲਜ਼ਾਮ ਆਪਣੇ ਤੇ ਆਊ।" "ਚੱਲ ਤੇਰੀ ਮਰਜ਼ੀ ਯਾਰ।"           "ਉਹ ਤੈਨੂੰ ਯਾਦ ਏ ਬੰਤਿਆ, ਜਦ ਇਹ ਪੀਂਦਾ ਨਹੀਂ ਸੀ ਹੁੰਦਾ ਤਾਂ ਤੂੰ ਇਹਦੀ ਠਾਠ ਦੇਖ ਕੇ ਇਹਦੇ ਨਾਲ ਇੱਕ ਗੱਲ ਕਰਨ ਨੂੰ ਮੌਕਾ ਭਾਲਦਾ ਸੀ ਤੇ ਅੱਜ ਇਹਨੂੰ ਛੱਡਣ ਲਈ ਵੀ …...।"                 "ਓਏ ਰਾਮਿਆ, ਉਹ ਵੇਲਾ ਹੋਰ ਸੀ। ਹੁਣ ਤਾਂ ਇਹਨੂੰ ਕੁੱਤਾ ਵੀ ਮੂੰਹ ਨਾ ਮਾਰੇ ।" ਉਸ ਦੇ ਮੂੰਹੋਂ ਇਹ ਸੁਣ ਰਾਮੇ ਨੂੰ ਵੀ ਉਹਦੇ ਕੋਲ ਹੋਰ   ਖਲੋਣਾ ਅਪਮਾਨਿਤ ਜਿਹਾ ਲੱਗਾ ਤੇ ਉਹ ਛੇਤੀ ਨਾਲ ਬੰਤੇ ਨਾਲ ਅੱਗੇ ਹੋ ਤੁਰਿਆ।                                                

ਲੇਖਿਕਾ ਮਨਪ੍ਰੀਤ ਕੌਰ ਭਾਟੀਆ ,ਐਮ. ਏ ,ਬੀ .ਐੱਡ ।       ਫ਼ਿਰੋਜ਼ਪੁਰ ਸ਼ਹਿਰ।                                                         

ਪਿਆਰ ਵਾਲ਼ਾ ਮਹੀਨਾ ✍️ ਮਨਜੀਤ ਕੌਰ ਧੀਮਾਨ

   ਕਹਿੰਦੇ ਨੇ ਕਿ ਇਹ ਮਹੀਨਾ ਪਿਆਰ ਦਾ ਹੈ। ਇਨ੍ਹਾਂ ਦਿਨਾਂ ਨੂੰ ਪਿਆਰ ਨਾਲ਼ ਜੋੜਿਆ ਗਿਆ ਹੈ। ਕੋਈ ਹਗ ਡੇ, ਕੋਈ ਰੋਜ਼ ਡੇ, ਕੋਈ ਪ੍ਰਪੋਜ਼ ਡੇ ਆਦਿ। ਲੋਕੀ ਇੱਕ ਦੂਜੇ ਨਾਲ਼ ਪਿਆਰ ਦਾ ਇਜ਼ਹਾਰ ਕਰਦੇ ਹਨ। ਮੁਹੱਬਤਾਂ ਦਾ ਜ਼ਿਕਰ ਹੁੰਦਾ ਹੈ। ਕੋਈ ਤੋਹਫ਼ੇ ਦਿੰਦਾ ਹੈ ਤੇ ਕੋਈ ਜਿਉਂਦੇ ਫੁੱਲਾਂ ਦੀ ਕੁਰਬਾਨੀ ਦੇ ਕੇ ਪਿਆਰ ਜਤਾਉਂਦਾ ਹੈ।

          ਪਰ ਕੀ ਇਹੀ ਪਿਆਰ ਹੈ? ਇਸ ਪਿਆਰ ਨੂੰ ਹੀ ਸੱਚਾ ਪਿਆਰ ਕਹਿੰਦੇ ਹਨ?

          ਮੇਰੇ ਖ਼ਿਆਲ ਵਿੱਚ ...ਨਹੀਂ ! ਇਹ ਸੱਚਾ ਪਿਆਰ ਨਹੀਂ ਹੁੰਦਾ। ਸੱਚਾ ਪਿਆਰ ਤੋਹਫਿਆਂ ਤੇ ਫੁੱਲਾਂ ਦਾ ਮੁਹਤਾਜ਼ ਨਹੀਂ ਹੁੰਦਾ ਤੇ ਨਾ ਹੀ ਕੋਈ ਖ਼ਾਸ ਦਿਨ ਹੈ ਪਿਆਰ ਦਾ।      ਪਿਆਰ ਤਾਂ ਇੱਕ ਅਹਿਸਾਸ ਹੈ ਜੋ ਰੂਹਾਂ ਨੂੰ ਰਜਾਉਂਦਾ ਹੈ। ਇਹ ਤਾਂ ਇੱਕ ਜਾਦੂ ਹੈ ਜਿਹੜਾ ਜਿੰਦਗੀ ਨੂੰ ਨਵੀਂ ਨਰੋਈ ਬਣਾਉਂਦਾ ਹੈ ਚਾਹੇ ਕਿਸੇ ਵੀ ਉਮਰ 'ਚ ਹੋ ਜਾਵੇ। ਇਹ ਤਾਂ ਇੱਕ ਹੌਸਲਾ ਹੈ ਜਿਹੜਾ ਅੱਗੇ ਵਧਾਉਂਦਾ ਹੈ। ਇਹ ਤਾਂ ਇੱਕ ਤੰਮਨਾ ਹੈ, ਖੁਆਇਸ਼ ਹੈ ਜੋ ਪੂਰੀ ਨਾ ਵੀ ਹੋਵੇ ਪਰ ਆਸ ਨੂੰ ਜ਼ਿੰਦਾ ਰੱਖਦੀ ਹੈ। ਪਿਆਰ ਅਸਲੀਅਤ ਹੈ ਤੇ ਖ਼ਾਬ ਵੀ ਹੈ। ਪਿਆਰ ਚਾਹੇ ਇਨਸਾਨ ਨਾਲ਼ ਹੋਵੇ ਜਾਂ ਖ਼ੁਦਾ ਨਾਲ਼, ਇਹਦਾ ਨਸ਼ਾ ਵੱਖਰਾ ਹੀ ਹੁੰਦਾ ਹੈ। ਇਹਦੀ ਖ਼ੁਮਾਰੀ ਵਿੱਚ ਬੰਦਾ ਕੱਲਿਆਂ ਹੱਸਦਾ ਹੈ, ਰੋਂਦਾ ਹੈ, ਕਦੇ ਮਸਤੀ 'ਚ ਗਾਉਂਦਾ ਤੇ ਨੱਚਦਾ ਹੈ ਤੇ ਕਦੇ ਤ੍ਰਿਪਤੀ 'ਚ ਨਿਹਾਲ ਹੁੰਦਾ ਹੈ।

            ਪਿਆਰ ਜਿਸਮਾਂ ਦੀ ਜ਼ਰੂਰਤ ਨਹੀਂ ਬਲਕਿ ਰੂਹਾਂ ਦੀ ਪਿਆਸ ਹੈ। ਪਿਆਰ ਮਾਂ ਦਾ ਬੱਚੇ ਨਾਲ਼ ਹੈ, ਭੈਣ ਦਾ ਭਰਾ ਨਾਲ਼ ਹੈ, ਪਿਉ ਦਾ ਬੱਚਿਆਂ ਨਾਲ਼ ਹੈ, ਦੋਸਤ ਦਾ ਦੋਸਤ ਨਾਲ਼ ਹੈ, ਚੇਲੇ ਦਾ ਗੁਰੂ ਨਾਲ ਹੈ। ਪਿਆਰ ਕੋਈ ਸੀਮਿਤ ਨਦੀ ਨਹੀਂ ਹੈ ਸਗੋਂ ਵਿਸ਼ਾਲ ਸਮੁੰਦਰ ਹੈ।ਪਿਆਰ, ਇਸ਼ਕ ਹੈ, ਮੁਹੱਬਤ ਹੈ ਇਬਾਦਤ ਹੈ।

             ਪਿਆਰ ਕੀਤਾ ਨਹੀਂ ਜਾਂਦਾ ਆਪੇ ਹੋ ਜਾਂਦਾ ਹੈ। ਪਿਆਰ ਸਹੀ ਇਨਸਾਨ ਨਾਲ਼ ਹੋਵੇ ਤਾਂ ਜ਼ਿੰਦਗੀ ਸਫ਼ਲ ਹੋ ਜਾਂਦੀ ਹੈ ਤੇ ਰੱਬ ਨਾਲ਼ ਹੋਵੇ ਤਾਂ ਰੂਹ ਵੀ ਤਰ ਜਾਂਦੀ ਹੈ ਤੇ ਉਸ ਪਰਮਾਤਮਾ ਨਾਲ਼ ਇੱਕਮਿਕ ਹੋ ਕੇ ਸਦਾ ਲਈ ਓਸਦਾ ਹੀ ਹਿੱਸਾ ਬਣ ਜਾਂਦੀ ਹੈ।

 

ਮਨਜੀਤ ਕੌਰ ਧੀਮਾਨ,

ਸਪਰਿੰਗ ਡੇਲ ਪਬਲਿਕ ਸਕੂਲ,        

ਮਹਾਨ ਵਿਦਵਾਨ ਤੇ ਟੀਕਾਕਾਰ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਯਾਦ ਕਰਦਿਆਂ ✍️ ਸ. ਸੁਖਚੈਨ ਸਿੰਘ ਕੁਰੜ

ਪ੍ਰੋ.ਸਾਹਿਬ ਸਿੰਘ ਦਾ ਜਨਮ 16 ਫਰਵਰੀ 1892 ਨੂੰ ਭਾਈ ਹੀਰਾ ਨੰਦ ਦੇ ਦੇ ਘਰ ਪਿੰਡ ਫਤੇਵਾਲੀ ਜ਼ਿਲ੍ਹਾ ਸਿਆਲਕੋਟ ਵਿਖੇ ਮਾਤਾ ਨਿਹਾਲ ਦੇਵੀ ਦੀ ਕੁੱਖੋਂ ਹੋਇਆ। ਆਪ ਜੀ ਦੇ ਪਿਤਾ ਦੀ ਥਰਪਾਲ ਪਿੰਡ ਵਿੱਚ ਹੱਟੀ ਪਾਈ ਹੋਣ ਕਰਕੇ ਆਪ ਜੀ ਦਾ ਸਾਰਾ ਪਰਿਵਾਰ ਇੱਥੇ ਰਹਿਣ ਲੱਗਾ। ਪ੍ਰੋ.ਸਾਹਿਬ ਸਿੰਘ ਦਾ ਬਚਪਨ ਦਾ ਨਾਂ ਨੱਥੂ ਰਾਮ ਸੀ ਪਰ ਬਾਅਦ ਵਿੱਚ ਸਿੰਘ ਸਭਾ ਲਹਿਰ ਅਧੀਨ ਅੰਮ੍ਰਿਤ ਛਕਣ ਤੋਂ ਬਾਅਦ ਸਾਹਿਬ ਸਿੰਘ ਨਾਂ ਰੱਖਿਆ ਗਿਆ।

ਬਚਪਨ ਵਿੱਚ ਮੁਢਲੀ ਵਿੱਦਿਆ ਆਪ ਨੇ ਆਪਣੇ ਪਿੰਡ ਵਿੱਚ ਹੀ ਪ੍ਰਾਪਤ ਕੀਤੀ। ਪ੍ਰਾਇਮਰੀ ਸਕੂਲ ਰਈਏ ਵਿੱਚੋਂ ਪੰਜਵੀਂ ਪਾਸ ਕੀਤੀ। ਉਸ ਤੋਂ ਬਾਅਦ ਮਿਡਲ ਪੜ੍ਹਾਈ ਲਈ ਗੋਤਾ ਫਤਿਹਗੜ੍ਹ ਵਿਖੇ ਦਾਖਲਾ ਲਿਆ। ਮਿਡਲ ਸਕੂਲ ਦੀ ਪੜ੍ਹਾਈ ਚੰਗੇ ਅੰਕਾਂ ਨਾਲ਼ 1905 ਵਿੱਚ ਪਾਸ ਕਰ ਲਈ। ਉਸ ਤੋਂ ਬਾਅਦ ਆਪ ਨੇ ਸੰਸਕ੍ਰਿਤ ਵਿੱਚ ਵੀ ਚੰਗੀ ਵਿੱਦਿਆਂ ਪ੍ਰਾਪਤ ਕੀਤੀ।

ਇਸ ਦੌਰਾਨ ਹੀ 1905 ਵਿੱਚ ਆਪ ਜੀ ਦਾ ਵਿਆਹ ਦੁਰਗਾ ਨਾਲ਼ ਹੋਇਆ। ਜਿਸ ਨੇ ਆਪਣਾ ਨਾਂ ਆਗਿਆ ਕੌਰ ਰੱਖ ਲਿਆ ਸੀ। ਪਰ ਇਹ ਸਾਥ ਬਹੁਤਾ ਲੰਬਾ ਸਮਾਂ ਨਹੀਂ ਨਿਭਿਆ 1932 ਵਿੱਚ ਪਤਨੀ ਦੀ ਮੌਤ ਹੋ ਗਈ।

20 ਜੁਲਾਈ 1907 ਨੂੰ ਆਪ ਜੀ ਦੇ ਪਿਤਾ ਦੀ ਮੌਤ ਹੋਗੀ ਪਰ ਉਹਨਾਂ ਦੀ ਅੰਤਿਮ ਇੱਛਾ ਸੀ ਕਿ ਸਾਹਿਬ ਸਿੰਘ 10 ਜਮਾਤਾਂ ਜ਼ਰੂਰ ਪੜ੍ਹੇ। ਘਰੇ ਅੰਤਾਂ ਦੀ ਗ਼ਰੀਬੀ ਸੀ। ਆਪ ਜੀ ਦੀ ਵਿਧਵਾ ਭੂਆ ਰਾਧੀ ਨੇ ਆਪਣੀਆਂ ਟੂੰਬਾਂ ਗਹੀਣੇ ਰੱਖਕੇ ਆਪਣੇ ਭਰਾ ਦਾ ਸੁਪਨਾ ਆਪਣੇ ਭਤੀਜੇ ਨੂੰ ਦਸ ਪਾਸ ਕਰਾਕੇ ਪੂਰਾ ਕੀਤਾ।

ਪ੍ਰੋ.ਸਾਹਿਬ ਸਿੰਘ ਦੀ ਇਸ ਤੋਂ ਅੱਗੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੀ ਦਿਲੀਂ ਰੀਝ ਤੇ ਮਿਹਨਤ ਨਾਲ਼ ਅੱਗੇ ਵਧਣ ਦਾ ਜਨੂੰਨ ਸੀ। ਇਸ ਕੰਮ ਵਿੱਚ ਆਪ ਦੇ ਇੱਕ ਅਧਿਆਪਕ ਨੇ ਦਿਆਲ ਸਿੰਘ ਕਾਲਜ ਵਿੱਚ ਦਾਖਲ ਕਰਵਾ ਦਿੱਤਾ ਤੇ ਨਾਲ਼ ਅੱਧੀ ਫੀਸ ਮਾਫ ਕਰਵਾ ਦਿੱਤੀ ਤੇ ਖ਼ੁਦ ਕੋਲੋਂ ਜਿੰਨੀ ਵੀ ਮੱਦਦ ਹੁੰਦੀ ਕਰਦੇ ਰਹੇ। ਚੀਫ਼ ਖ਼ਾਲਸਾ ਦੀਵਾਨ ਨੇ ਆਪ ਨੂੰ 5 ਰੁਪੈ ਵਜ਼ੀਫਾ ਵੀ ਦੇਣਾ ਸ਼ੁਰੂ ਕੀਤਾ। ਆਪ ਨੇ 1913 ਵਿੱਚ ਦਿਆਲ ਸਿੰਘ ਕਾਲਜ ਲਾਹੌਰ ਤੋਂ ਪਹਿਲੇ ਦਰਜੇ ਵਿੱਚ ਐੱਫ ਏ ਪਾਸ ਕੀਤੀ। ਪ੍ਰੋ.ਗੁਲਬਹਾਰ ਸਿੰਘ ਨੇ ਵੀ ਆਪ ਜੀ ਦੀ ਕਾਫੀ ਮੱਦਦ ਕੀਤੀ। 1915 ਵਿੱਚ ਗੌਰਮਿੰਟ ਕਾਲਜ ਲਾਹੌਰ ਤੋਂ ਆਪ ਜੀ ਨੇ ਬੀ.ਏ ਪਾਸ ਕਰ ਲਈ। ਵੈਸੇ ਆਪ ਜੀ ਨੇ ਦੱਸਵੀਂ ਪਾਸ ਕਰਕੇ 1909 ਵਿੱਚ ਹੀ ਸੈਕਿੰਡ ਮਾਸਟਰ ਦੀ 15 ਰੂਪੈ ਤਨਖਾਹ 'ਤੇ ਮਿਡਲ ਸਕੂਲ ਸਾਂਗਲਾਂ ਵਿਖੇ ਨੌਕਰੀ ਕੀਤੀ। ਇਸ ਤੋਂ ਬਾਅਦ 1910 ਵਿੱਚ ਨੌਕਰੀ ਤੋਂ ਜਵਾਬ ਮਿਲ਼ਨ ਕਰਕੇ ਆਪ ਜੀ ਨੇ 20 ਰੂਪੈ ਮਹੀਨੇ 'ਤੇ ਡਾਕਖਾਨੇ ਵਿੱਚ ਕਲਰਕ ਦੀ ਨੌਕਰੀ ਕੀਤੀ। ਪਰ ਅੱਗੇ ਪੜ੍ਹਨ ਦੀ ਇੱਛਾ ਨੇ ਇੱਥੇ ਵੀ ਬਹੁਤਾ ਸਮਾਂ ਟਿਕਣ ਨਾ ਦਿੱਤਾ। ਜਿਵੇਂ ਪਹਿਲਾਂ ਗੱਲ ਕੀਤੀ ਕਿ ਆਪ ਜੀ ਨੇ 1915 ਵਿੱਚ ਬੀ.ਏ ਕੀਤੀ ਤਾਂ ਉਸ ਉਪਰੰਤ ਖਾਲਸਾ ਹਾਈ ਸਕੂਲ ਫਰੂਕਾ ਵਿੱਚ 75 ਰੂਪੈ ਮਹੀਨੇ ਦੀ ਨੌਕਰੀ ਕੀਤੀ। ਇੱਥੇ ਹੀ ਬੋਰਡਿੰਗ ਹਾਊਸ ਦੇ ਇੰਚਾਰਜ ਦੀ ਨਾਲ਼ ਸੇਵਾ ਨਿਭਾਉਣ ਬਦਲੇ ਆਪ ਜੀ ਨੂੰ 20 ਰੂਪੈ ਅਲੱਗ ਮਿਲ਼ਨ ਲੱਗੇ। ਇਸ ਦੌਰਾਨ ਹੀ ਆਪ ਨੇ ਆਪਣੇ ਪਿਛਲੇ ਸਾਰੇ ਕਰਜੇ ਉਤਾਰੇ। ਖਾਲਸਾ ਕਾਲਜ ਗੁੱਜਰਾਂਵਾਲਾ ਹੋਂਦ ਆਉਣ ਤੇ ਇੱਥੇ ਆਪ ਜੀ ਦਾ ਮੇਲ ਪ੍ਰਸਿੱਧ ਵਿਦਵਾਨ ਭਾਈ ਜੋਧ ਸਿੰਘ ਨਾਲ਼ ਹੋਇਆ,ਆਪ ਜੀ ਸੰਸਕ੍ਰਿਤ ਦੇ ਨਾਲ਼ ਗੁਰਬਾਣੀ ਖੋਜ ਤੇ ਸਿੱਖ ਧਰਮ ਅਧਿਐਨ ਤੇ ਕਾਰਜ ਅਰੰਭਿਆ।

ਆਪ ਜੀ ਨੇ 1920 ਦੇ ਦਹਾਕੇ ਵਿਚ ਗੁਰਦਵਾਰਾ ਸੁਧਾਰ ਲਹਿਰ ਵਿਚ ਹਿੱਸਾ ਲਿਆ। ਆਪ ਜੀ ਨੇ ਗੁਰੂ ਕੇ ਬਾਗ ਅਤੇ ਜੈਤੋ ਦੇ ਮੋਰਚੇ ਸਮੇਂ ਅਗਸਤ 1922 ਤੋਂ ਮਾਰਚ 1923 ਤੱਕ ਤੇ ਅਕਤੂਬਰ 1923 ਤੋਂ ਮਾਰਚ 1924 ਤੱਕ ਜੇਲ੍ਹ ਯਾਤਰਾ ਵੀ ਕੀਤੀ।

1921 ਵਿੱਚ ਆਪ ਜੀ ਨੇ ਪ੍ਰੋਫੈਸਰੀ ਛੱਡਕੇ ਸ਼੍ਰੋਮਣੀ ਕਮੇਟੀ ਵਿੱਚ ਮੀਤ ਪ੍ਰਧਾਨ ਦੇ ਆਹੁਦੇ ਤੇ ਕੰਮ ਕੀਤਾ ਤੇ 1927 ਵਿੱਚ ਇੱਥੋਂ ਵੀ ਅਸਤੀਫਾ ਦੇ ਕੇ ਮੁੜ ਗੁਜਰਾਂਵਾਲਾ ਕਾਲਜ ਵਿੱਚ ਨੌਕਰੀ ਕੀਤੀ। ਖਾਲਸਾ ਕਾਲਜ ਅੰਮ੍ਰਿਤਸਰ ਵੱਲੋਂ ਸੱਦੇ 'ਤੇ 1929 ਵਿੱਚ ਪਹੁੰਚੇ ਪਰ ਪਹਿਲਾਂ ਤੋਂ ਮੋਰਚਿਆਂ ਵਿੱਚ ਸਰਗਰਮੀਆਂ ਕਰਕੇ ਆਪ ਜੀ ਨੂੰ ਇੱਥੇ ਨਿਯੁਕਤੀ ਲਈ ਵਿਚਾਰਿਆ ਨਹੀਂ ਗਿਆ। ਇਸ ਤੋਂ ਬਾਅਦ ਸੁੰਦਰ ਸਿੰਘ ਮਜੀਠੀਆ ਨਾਲ਼ ਰਾਬਤਾ ਬਣਾਉਂਦਿਆਂ ਕਾਲਜ ਦੇ ਪ੍ਰਿੰਸੀਪਲ ਤੱਕ ਪਹੁੰਚ ਕਰਕੇ ਨਵੰਬਰ 1929 ਤੋਂ 1952 ਤੱਕ ਖਾਲਸਾ ਕਾਲਜ ਵਿੱਚ ਹੀ ਸੇਵਾ ਨਿਭਾਈ। ਇਸ ਉਪਰੰਤ ਲਗਪਗ 10 ਸਾਲ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਦੇ ਤੌਰ ਤੇ ਸੇਵਾ ਨਿਭਾਈ।

ਇਸ ਦੌਰਾਨ ਹੀ ਆਪ ਜੀ ਨੇ 1933 ਵਿੱਚ ਹੀ ਆਪਣਾ ਦੂਜਾ ਵਿਆਹ ਰਤਨ ਕੌਰ ਨਾਲ਼ ਕਰਵਾਇਆ। ਆਪ ਜੀ ਦੀ ਵਿਆਹੁਤਾ ਜ਼ਿੰਦਗੀ ਵਿੱਚ ਦੋਵਾਂ ਪਤਨੀਆਂ ਦੀ ਕੁੱਖੋਂ 6 ਲੜਕੇ 2 ਲੜਕੀਆਂ ਪੈਦਾ ਹੋਈਆਂ।

ਆਪਣੇ ਪੁੱਤਰ ਡਾ. ਦਲਜੀਤ ਸਿੰਘ ਨਾਲ਼ 1968 ਵਿੱਚ ਆਪ ਜੀ ਪਟਿਆਲੇ ਆਕੇ ਗੁਰਮਤਿ ਕਾਲਜ ਪਟਿਆਲੇ ਗੁਰਬਾਣੀ ਪੜ੍ਹਾਉਣ ਲੱਗੇ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪ ਜੀ ਨੂੰ 1971 ਵਿੱਚ ਡੀ ਲਿੱਟ ਦੀ ਡਿਗਰੀ ਦੇ ਕੇ ਮਾਣ ਬਖ਼ਸ਼ਿਆ। 

ਗੁਰਬਾਣੀ ਵਿਆਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ (ਦਸ ਜਿਲਦਾਂ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਹੈ।), ਜਾਪ ਸਾਹਿਬ, ਸਵੱਈਏ ਤੇ ਚੌਪਈ ਸਾਹਿਬ ਸਟੀਕ,ਆਦਿ ਬੀੜ ਬਾਰੇ,ਸਦਾਚਾਰਕ ਲੇਖ,ਸਰਬਤ ਦਾ ਭਲਾ,ਸਿੱਖ ਸਿਦਕੁ ਨ ਹਾਰੇ,ਸਿਮਰਨ ਦੀਆਂ ਬਰਕਤਾਂ ਤੇ ਹੋਰ ਲੇਖ,ਗੁਰ ਇਤਿਹਾਸ,ਗੁਰਬਾਣੀ ਤੇ ਇਤਿਹਾਸ ਬਾਰੇ,ਗੁਰਬਾਣੀ ਪ੍ਰਬੋਧ,ਗੁਰਮਤਿ ਪ੍ਰਚਾਰ,ਚਾਨਣ ਮੁਨਾਰੇ,ਧਰਮ ਤੇ ਸਦਾਚਾਰ,ਧਾਰਮਿਕ ਲੇਖ,ਪੰਜਾਬੀ ਸੁਹਜ ਪ੍ਰਕਾਸ਼,ਪੰਜਾਬੀ ਛੰਦ ਦੇ ਅਲੰਕਾਰ,ਬੁਰਾਈ ਦਾ ਟਾਕਰਾ,ਜੀਵਨ ਬਿਰਤਾਂਤ (ਪਹਿਲੇ ਗੁਰੂ ਤੋਂ ਦਸਵੇਂ ਗੁਰੂ ਤੱਕ) ਇਸ ਤੋਂ ਇਲਾਵਾ ਬਹੁਤ ਸਾਰੇ ਖੋਜ ਪੱਤਰ ਤੇ ਨਿਬੰਧ ਪੱਤਰ ਆਪ ਜੀ ਦੇ ਲਿਖੇ ਮਿਲ਼ਦੇ ਹਨ। ਸਿੱਖ ਧਰਮ,ਗੁਰਬਾਣੀ,ਟੀਕਾਕਾਰੀ ਤੇ ਗੁਰਬਾਣੀ ਵਿਆਕਰਨ ਆਪ ਜੀ ਦੇ ਕਾਰਜ ਖੇਤਰ ਦੇ ਮੁੱਖ ਵਿਸ਼ੇ ਰਹੇ ਹਨ।

ਗੁਰਬਾਣੀ ਵਿਆਕਰਣ ਆਪ ਜੀ ਨੇ 1932 ਵਿੱਚ ਪੂਰੀ ਕਰ ਲਈ ਸੀ ਇਸ ਬਦਲੇ ਆਪ ਨੂੰ 1000 ਰੂਪੈ ਇਨਾਮ ਵੀ ਮਿਲਿਆ ਸੀ।

ਗੁਰਬਾਣੀ ਵਿਆਕਰਣ ਦਾ ਅਰੰਭ ਵਰਣਬੋਧ ਨਾਲ਼ ਹੁੰਦਾ ਹੈ। ਜਿਸ ਵਿੱਚ ਉਚਾਰਨ ਸਥਾਨਾਂ ਆਦਿ ਦੇ ਨਿਯਮਾਂ ਬਾਰੇ ਦੱਸਿਆ ਗਿਆ ਹੈ।

ਦੂਜੇ ਭਾਗ ਵਿੱਚ ਵਾਕ ਅੰਗ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ। ਤੀਜੇ ਭਾਗ ਵਿੱਚ ਵਾਕ ਰਚਨਾ ਵਿਚਾਰ ਬਾਰੇ ਤੇ ਚੌਥੇ ਭਾਗ ਵਿੱਚ ਫੁਟਕਲ ਨਿਯਮਾਂ ਬਾਰੇ ਵਿਸਥਾਰ ਸਹਿਤ ਲਿਖਿਆ ਗਿਆ ਹੈ। ਇਸ ਭਾਗ ਵਿੱਚ ਹੀ ਪੰਜਾਬੀ ਮੁਹਾਵਰੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਦੇ ਪ੍ਰਯੋਗ ਬਾਰੇ ਵਿਚਾਰ ਕੀਤੀ ਗਈ ਹੈ।

ਇਸ ਤੋਂ ਇਲਾਵਾ ਪ੍ਰੋ.ਸਾਹਿਬ ਸਿੰਘ ਨੇ ਗੁਰਬਾਣੀ ਦੀ ਟੀਕਾਕਾਰੀ ਲਈ ਆਪਣੀ ਜ਼ਿੰਦਗੀ ਦੇ ਅਨਮੁੱਲੇ ਵਰ੍ਹੇ ਲੇਖੇ ਲਾਏ। ਉਹਨਾਂ ਲਗਾਤਾਰ ਮਿਹਨਤ ਤੇ ਸਬਰ ਨਾਲ਼ ਚੱਲਦਿਆਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ-10 ਜਿਲਦਾਂ ਦਾ ਮਹਾਨ ਕਾਰਜ ਕੀਤਾ,ਉਹ ਆਪਣੇ ਆਪ ਵਿੱਚ ਹੀ ਮਹਾਨ ਕਾਰਜ ਹੋ ਨਿੱਬੜਿਆ। ਆਪ ਜੀ ਨੇ ਆਪਣੀ ਟੀਕਾ ਵਿਧੀ ਵਿੱਚ ਕਿਸੇ ਪ੍ਰਕਾਰ ਦੀ ਵੀ ਸ਼ੰਕਾ ਦੀ ਗੁਜਾਇਸ਼ ਨਹੀਂ ਰਹਿਣ ਦਿੱਤੀ। ਆਪ ਜੀ ਦੀ ਟੀਕਾਕਾਰੀ ਦਾ ਵਿਸ਼ੇਸ਼ ਗੁਣ ਸੰਜਮ ਸੀ, ਜੋ ਟੀਕਾਕਾਰੀ ਦੀ ਇੱਕ ਵਿਸ਼ੇਸ਼ ਲੋੜ ਵੀ ਹੈ। ਇਸ ਤੋਂ ਇਲਾਵਾ ਦਲੀਲ ਨਾਲ਼ ਆਪਣਾ ਪੱਖ ਰੱਖਣਾ ਵੀ ਆਪ ਜੀ ਦਾ ਵਿਸ਼ੇਸ਼ ਗੁਣ ਸੀ। ਆਪ ਨੇ ਜੋ ਕਾਰਜ ਕੀਤਾ ਇੱਕ ਭਾਸ਼ਾ ਵਿਗਿਆਨੀ ਤੇ ਵਿਆਕਰਣਵੇਤਾ ਦੇ ਨਜ਼ਰੀਏ ਤੋਂ ਕੀਤਾ। ਆਪ ਨੇ ਸ਼ਰਧਾ ਪੱਖ ਕਿਤੇ ਵੀ ਭਾਰੂ ਨਹੀਂ ਪੈਣ ਦਿੱਤਾ ਸਗੋਂ ਵਿਗਿਆਨਕ ਪੱਖ ਤੋਂ ਸਹੀ ਨਿਯਮਾਂ ਨੂੰ ਹੀ ਅਪਣਾਇਆ।

ਆਪ ਜੀ ਨੇ ਜਿੱਥੇ ਪਹਿਲੇ ਗੁਰੂ ਤੋਂ ਦਸਵੇਂ ਗੁਰੂ ਤੱਕ ਜੀਵਨੀਆਂ ਲਿਖਣ ਵੇਲ਼ੇ ਵੀ ਤਰਕ ਅਧਾਰਤ ਕਾਰਜ ਕੀਤਾ। ਉੱਥੇ ਨਾਲ਼ ਹੀ ਬਾਬਾ ਫ਼ਰੀਦ,ਭਾਈ ਗੁਰਦਾਸ, ਸਤਾ ਬਲਵੰਡ, ਭਗਤ ਨਾਮਦੇਵ ਆਦਿ ਬਾਰੇ ਵੀ ਚੰਗੀ ਤਰ੍ਹਾਂ ਪੜਚੋਲ ਕਰਕੇ ਲਿਖਿਆ। ਗੁਰ ਇਤਿਹਾਸ ਲਿਖਣ ਲੱਗਿਆਂ ਆਪ ਨੇ ਕਰਾਮਾਤੀ ਅੰਸ਼ਾਂ ਵਾਲੀਆਂ ਘਟਨਾਵਾਂ ਨੂੰ ਇੱਕ ਪਾਸੇ ਹੀ ਰੱਖਿਆ। ਪ੍ਰੋ.ਸਾਹਿਬ ਸਿੰਘ ਜੀ ਨੇ ਆਪਣੇ ਜੀਵਨ ਕਾਲ ਵਿੱਚ 121 ਦੇ ਕਰੀਬ ਲੇਖ ਲਿਖੇ। ਆਪ ਨੇ ਸਵੈ-ਜੀਵਨੀ 'ਮੇਰੀ ਜੀਵਨ ਕਹਾਣੀ' ਲਿਖੀ ਜਿਸ ਵਿੱਚ ਆਪਣੀ ਜ਼ਿੰਦਗੀ ਦੇ ਸਾਰੇ ਪੱਖ ਬਿਲਕੁਲ ਨੰਗੇ ਸੱਚ ਲਿਖੇ। ਪ੍ਰੋ.ਸਾਹਿਬ ਸਿੰਘ ਜੀ ਦੀ ਮਹਾਨ ਸ਼ਖ਼ਸੀਅਤ ਬਾਰੇ ਜਿੰਨ੍ਹਾਂ ਵੀ ਲਿਖ ਸਕੀਏ ਉਹਨਾਂ ਹੀ ਥੋੜ੍ਹਾ ਕਿਉਂਕਿ ਉਹਨਾਂ ਨੇ ਜੋ ਕਾਰਜ ਕੀਤਾ ਉਹ ਕਿਸੇ ਸੰਸਥਾ ਦੇ ਕੀਤੇ ਕਾਰਜ ਤੋਂ ਵੀ ਵੱਡਾ ਹੈ। ਅਜਿਹੇ ਮਹਾਨ ਕਾਰਜ ਪਿੱਛੇ ਜੋ ਜਨੂੰਨ ਭਾਈ ਸਾਹਿਬ ਦੇ ਮਨ ਵਿੱਚ ਸੀ ਇਹ ਸਭ ਉਸ ਦੀ ਬਦੌਲਤ ਹੀ ਹੋਇਆ। 

ਪ੍ਰੋ.ਪ੍ਰੀਤਮ ਸਿੰਘ ਨੇ ਆਪ ਜੀ ਨੂੰ ‘ਗੁਰੂ ਗ੍ਰੰਥ ਸਾਹਿਬ ਦਾ ਪਾਣਿਨੀ’ ਕਹਿ ਕੇ ਵਡਿਆਉਂਦੇ ਹਨ।

ਪ੍ਰੋ. ਸਾਹਿਬ ਸਿੰਘ ਜੀ ਦਾ ਸਾਰਾ ਜੀਵਨ ਬਹੁਤ ਸਾਦਾ ਗੁਰਮਤਿ ਅਨੁਸਾਰ ਹੀ ਰਿਹਾ। ਇੱਕ ਵਾਰ ਪੰਜਾਬ ਐਜੂਕੇਸ਼ਨ ਬੋਰਡ ਨੇ ਪ੍ਰੋ.ਸਾਹਿਬ ਸਿੰਘ ਜੀ ਨਾਲ ਸੰਪਰਕ ਕੀਤਾ ਕਿ ਉਹ ਪੰਜਾਬੀ ਵਿਆਕਰਣ ਬਣਾ ਕੇ ਦੇਣ,ਜਿਸ ਦੇ ਬਦਲੇ ਵਿੱਚ ਉਹਨਾਂ ਦੀ ਮਿਹਨਤ ਵਜੋਂ ਬੋਰਡ ਉਹਨਾਂ ਨੂੰ 20000 ਰੁਪਏ ਦੇਵੇਗਾ ਪਰ ਭਾਈ ਸਾਹਿਬ ਨੇ ਇਹ ਕਹਿ ਇਨਕਾਰ ਕਰ ਦਿੱਤਾ ਕਿ "ਮੇਰੇ ਪਾਸ ਜੋ ਸਮਾਂ ਹੈ ਉਸ ਦਾ ਇਕ ਇਕ ਪਲ ਗੁਰੂ ਲਈ ਹੈ,ਵਿਆਕਰਣਾਂ ਲਿਖ ਪੈਸੇ ਕਮਾਉਣ ਲਈ ਹੋਰ ਬਥੇਰੇ ਨੇ.." ਆਪ ਜੀ ਨੇ ਗੁਰੂ ਪ੍ਰਤਿ ਸਮਰਪਿਤ ਹੋਕੇ ਹੀ 29 ਅਕਤੂਬਰ 1977 ਤੱਕ ਆਪਣੀ ਸਾਰੀ

ਜ਼ਿੰਦਗੀ ਬਿਤਾਈ। ਪ੍ਰੋ. ਸਾਹਿਬ ਸਿੰਘ ਆਪਣੇ ਕੀਤੇ ਮਹਾਨ ਕਾਰਜਾਂ ਸਦਕਾ ਰਹਿੰਦੀ ਦੁਨੀਆਂ ਤੱਕ ਯਾਦ ਰਹਿਣਗੇ। ਲੋੜ ਹੈ ਉਹਨਾਂ ਦੀ ਮਹਾਨ ਸ਼ਖ਼ਸੀਅਤ ਤੋਂ ਉਹਨਾਂ ਦੀ ਜੀਵਨੀ ਤੋਂ ਉਹਨਾਂ ਦੇ ਚੰਗੇ ਗੁਣਾਂ ਨੂੰ ਮਨ ਵਿੱਚ ਵਸਾਈਏ। 

ਸ.ਸੁਖਚੈਨ ਸਿੰਘ ਕੁਰੜ

(ਪੰਜਾਬੀ ਅਧਿਆਪਕ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ

ਆਪਣਾ ਖਿਆਲ ਰੱਖੋ ( ਮਿੰਨੀ ਕਹਾਣੀ ) ✍️ ਹਰਪ੍ਰੀਤ ਕੌਰ ਸੰਧੂ

ਦੋਸਤੋ ਸੱਚ ਦੱਸਿਓ ਕਿੰਨਾ ਸਮਾਂ ਆਪਣੇ ਆਪ ਨਾਲ ਬਿਤਾਇਆ ਅੱਜ? ਯਕੀਨ ਨਾਲ ਕਹਿ ਸਕਦੀ ਹਾਂ ਕਿ ਘਰੇਲੂ, ਸਮਾਜਿਕ ਤੇ ਕੰਮ ਦੀਆਂ ਜ਼ਿੰਮਵਾਰੀਆਂ ਵਿਚੋਂ ਆਪਣੇ ਆਪ ਲਈ ਸਮਾਂ ਹੀ ਨਹੀਂ ਬਚਿਆ ਹੋਣਾ।ਸਭ ਦਾ ਇਹੀ ਹਾਲ ਹੈ। ਪਰ ਕਿ ਤੁਹਾਨੂੰ ਪਤਾ ਹੈ ਕਿ ਤੁਹਾਡਾ ਅਸਲੀ ਸਾਥੀ ਕੌਣ ਹੈ? ਤੁਹਾਡਾ ਮਨ ਤੇ ਤੁਹਾਡਾ ਸਰੀਰ। ਇਹ ਦੋਵੇਂ ਤੰਦਰੁਸਤ ਤੇ ਆਪਸੀ ਤਾਲਮੇਲ ਵਿੱਚ ਹੋਣ ਤਾਂ ਹੀ ਤੁਸੀਂ ਜਿੰਦਗੀ ਦਾ ਮਜ਼ਾ ਲੈ ਸਕਦੇ ਹੋ।ਸਰੀਰ ਦੀ ਸੁੰਦਰਤਾ ਵੱਲ ਸਭ ਧਿਆਨ ਦਿੰਦੇ ਹਨ ਪਰ ਮਨ ਵੱਲ ਨਹੀਂ। ਮਨ ਦਾ ਤੰਦਰੁਸਤ ਹੋਣਾ ਜ਼ਰੂਰੀ ਹੈ। ਜ਼ਰਾ ਜਿੰਨਾ ਮਾਨਸਿਕ ਤਵਾਜ਼ਨ ਵਿਗੜਿਆ ਤੇ ਤੁਹਾਡੇ ਆਪਣੇ ਵੀ ਤੁਹਾਡੇ ਤੋਂ ਕਿਨਾਰਾ ਕਰਨ ਲੱਗਦੇ ਹਨ।ਅਸੀਂ ਕਾਰ ਲੈਂਦੇ ਹੀ ਉਸਦੀ ਪਹਿਲੀ ਸਰਵਿਸ ਦੀ ਤਾਰੀਕ ਯਾਦ ਕਰ ਲੈਂਦੇ ਹਾਂ। ਫਿਰ ਹਰ ਛੇ ਮਹੀਨੇ ਬਾਅਦ ਪਹਿਲਾਂ ਤੋਂ ਹੀ ਕਹਿਣ ਲੱਗਦੇ ਹਾਂ ਕਿ ਫਲਾਨੇ ਦਿਨ ਕਾਰ ਦੀ ਸਰਵਿਸ ਕਰਵਾਉਣੀ ਹੈ।ਪੈਸੇ ਪਹਿਲਾਂ ਤਿਆਰ ਰੱਖਦੇ ਹਾਂ, ਕੰਮ ਤੋਂ ਛੁੱਟੀ ਲੈਂਦੇ ਹਾਂ ਤੇ ਫਿਰ ਕਾਰ ਦੀ ਸਰਵਿਸ ਕਰਵਾਉਂਦੇ ਹਾਂ। ਕਾਰ ਜਦੋਂ ਮਰਜ਼ੀ ਬਦਲੀ ਵੀ ਜਾ ਸਕਦੀ ਹੈ ਪਰ ਸਰੀਰ ਤੇ ਮਨ ਬਦਲੇ ਨਹੀਂ ਜਾਂਦੇ ਨਾ ਹੀ ਨਵੇਂ ਖਰੀਦੇ ਜਾ ਸਕਦੇ।ਸਰੀਰ ਤੇ ਮਨ ਦਾ ਖਿਆਲ ਵੀ ਇਸੇ ਸ਼ਿੱਦਤ ਨਾਲ ਕਰਨਾ ਚਾਹੀਦਾ ਹੈ।ਆਪਣੇ ਆਪ ਨੂੰ ਸਮਾਂ ਦਿਓ।ਦਿਨ ਵਿਚ ਕੁਝ ਸਮਾਂ ਆਪਣੇ ਆਪ ਬਿਤਾਓ।ਆਪਣੀ ਸਿਹਤ ਦਾ ਖਿਆਲ ਰੱਖੋ। ਸਾਰਾ ਜ਼ੋਰ ਕੱਪੜੇ ਗਹਿਣੇ ਤੇ ਹੋਰ ਦਿਖਾਵੇ ਤੇ ਨਾ ਲਾ ਕੇ ਕੁਝ ਚੰਗਾ ਖਾਓ ਪੀਓ ਵੀ।ਸੋਹਣਾ ਬੰਦਾ ਤਾਂ ਹੀ ਲੱਗਦਾ ਹੈ ਜੇਕਰ ਤੰਦਰੁਸਤ ਹੋਵੇ।ਠੀਕ ਇਸੇ ਤਰ੍ਹਾਂ ਮਨ ਦੀ ਤੰਦਰੁਸਤੀ ਚਿਹਰੇ ਤੇ ਰੌਣਕ ਲਿਆਉਂਦੀ ਹੈ।ਮਨ ਖ਼ੁਸ਼ ਹੋਵੇ ਤਾਂ ਹੀ ਚਿਹਰੇ ਤੇ ਖੁਸ਼ੀ ਆਉਂਦੀ ਹੈ।ਅੰਦਰੂਨੀ ਚਮਕ ਦੀ ਖੁਸ਼ੀ ਹੀ ਹੋਰ ਹੁੰਦੀ ਹੈ। ਦੁਨੀਆਂ ਦਾ ਮਹਿੰਗੇ ਤੋਂ ਮਹਿੰਗਾ ਮੇਕਅੱਪ ਵੀ ਉਸ ਦਾ ਮੁਕਾਬਲਾ ਨਹੀਂ ਕਰ ਸਕਦਾ।ਮਾਨਸਿਕ ਤੌਰ ਤੇ ਤੰਦਰੁਸਤ ਹੋਣਾ ਜ਼ਰੂਰੀ ਹੈ।ਜ਼ਰੂਰੀ ਹੈ ਕਿ ਮਨੁੱਖ ਆਪਣੇ ਆਪ ਨੂੰ ਵੀ ਤਰਜੀਹ ਦੇਵੇ।ਖੁਸ਼ੀ ਕੋਈ ਮਹਿੰਗੀ ਚੀਜ਼ ਨਹੀਂ।ਖੁਸ਼ਗਵਾਰ ਜ਼ਿੰਦਗੀ ਹੈ ਮੰਤਰ ਬਸ ਇਹ ਹੈ ਕਿ ਕਿਸੇ ਤੋਂ ਜਿਆਦਾ ਉਮੀਦ ਨਾ ਰੱਖੋ, ਆਪਣੀਆਂ ਜਰੂਰਤਾਂ ਵਿੱਤ ਮੁਤਾਬਿਕ ਰੱਖੋ। ਆਪਣੇ ਆਪ ਲਈ ਕਦੀ ਛੁੱਟੀ ਲਓ। ਆਪਣੀ ਖੁਸ਼ੀ ਲਈ ਕੁਝ ਸਮਾਂ ਆਪਣੇ ਆਪ ਨਾਲ ਬਿਤਾਓ।ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਆਪਣੇ ਆਪ ਨੂੰ ਨਜ਼ਰਅੰਦਾਜ਼ ਨਾ ਕਰੋ।ਇਹ ਸੱਚ ਹੈ ਕਿ ਸਭ ਦਾ ਖਿਆਲ ਰੱਖਣਾ ਚਾਹੀਦਾ ਹੈ ਪਰ ਆਪਣੇ ਆਪ ਪ੍ਰਤੀ ਵੀ ਤੁਹਾਡਾ ਫ਼ਰਜ਼ ਹੈ।ਦੁਨੀਆ ਵਿੱਚ ਤੁਹਾਡੇ ਲਈ ਤੁਸੀਂ ਹੀ ਸਭ ਤੋਂ ਮਹੱਤਪੂਰਨ ਹੋ। ਤੁਸੀਂ ਹੋ ਤਾਂ ਹੀ ਬਾਕੀ ਸਭ ਕੁਝ ਹੈ।

ਹਰਪ੍ਰੀਤ ਕੌਰ ਸੰਧੂ

ਸ਼ਰੀਫ ਕੁੜੀ  ( ਮਿੰਨੀ ਕਹਾਣੀ ) ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ

 ' ਸੋਨੂੰ••••••।' ਰਸੀਵਰ  ਚੁੱਕਦੇ ਹੀ ਉਸ ਦੀ  ਆਵਾਜ  ਕੰਨਾਂ ਵਿਚ  ਪੈਦੇ ਹੀ ਮੀਨੂੰ ਦੇ  ਪੱਬ ਧਰਤੀ  ਤੇ  ਨੱਚ ਉਠੇ  ਤੇ ਉਹ  ਬੋਲੀ, "ਪਤਾ  ਮੈਂ ਤੇਨੂੰ  ਕਿੰਨਾ  ਯਾਦ  ਕਰ  ਰਹੀ  ਸੀ.... ।"  "ਸੱਚੀ .....!

ਇਹ ਤਾਂ ਦਸ ਅੱਜ  ਕੀ ਕਰ  ਰਹੀ ਹੈ ?"

"ਕੁਝ ਨਹੀ ......।"

       "ਫਿਰ  ਮਿਲਣ ਆਜਾ ਪਲੀਜ਼......ਤੈਨੂੰ ਦੇਖਣ  ਲਈ  ਦਿਲ ਤੜਪ  ਰਿਹਾ .....।"

  "ਪਰ ਸੋਨੂੰ .....ਅੱਜ ਸੰਡੇ ......ਪਾਪਾ ਵੀ ਘਰ ......।"

" ਮੈਨੂੰ ਨਹੀ ਪਤਾ ..... ਇੱਧਰ  ਮੇਰੀ  ਹਾਲਤ  ਮਾੜੀ  ਹੇ ਰਹੀ  ਹੈ  ਤੇ ਤੂੰ ......।"

" ਅੱਛਾ  ਦਸ ਫਿਰ ਕਿੱਥੇ .........?" ਆਪਣੇ  ਰੱਬ ਵਰਗੇ ਪ੍ਰੇਮੀ  ਨੂੰ ਨਾਰਾਜ਼ ਹੁੰਦਿਆ  ਦੇਖ ਮੀਨੂੰ ਬੋਲੀ ।

"ਸਾਡੇ  ਘਰ .......ਅੱਜ  ਇਥੇ  ਕੋਈ  ਨਹੀ......ਸਾਰੇ  ਜਰੂਰੀ  ਕੰਮ  ਗਏ ਨੇ।"

" ਠੀਕ ਹੈ ।" ਕਹਿੰਦੇ  ਮੀਨੂੰ ਨੇ ਕਿਤਾਬਾਂ ਚੁੱਕ ਸਹੇਲੀ  ਦੇ ਘਰ  ਜਾਣ  ਦਾ ਬਹਾਨਾ  ਬਣਾ  ਸੋਨੂੰ ਦੇ ਘਰ  ਆ ਗਈ।

        ਮੀਨੂੰ ਦੀ  ਰੂਹ  ਖਿੜੀ  ਹੋਈ ਸੀ ।ਪਿਆਰ  ਦੀਆਂ ਸੁਭਾਵਕ  ਗੱਲਾਂ ਕਰਦੇ- ਕਰਦੇ  ਉਹ  ਕਦੋਂ ਇਕ ਦੂਜੇ ਦੀਆਂ  ਬਾਹਵਾਂ ਵਿਚ  ਸਮਾ ਗਏ ਤੇ  ਪਿਆਰ  ਦੇ ਸਭ ਹੱਦ  ਬੰਨੇ  ਟੱਪ  ਗਏ  ਉਹਨਾਂ ਨੂੰ ਪਤਾ  ਵੀ  ਨਾ ਲਗਾ।

      ਹੋਸ਼ ਵਿਚ  ਪਰਤਦਿਆਂ ਮੀਨੂੰ ਗੱਚ ਭਰਦਿਆਂ ਬੋਲੀ,"ਸੋਹਣਿਆ .....ਮੈਂ......ਮੈਂ .....ਤੈਨੂੰ ਸੱਚਾ ਪਿਆਰ  ਕਰਦੀ  ਹਾਂ.......ਵੇਖੀ ਕਿਤੇ  ਮੈਨੂੰ ਧੋਖਾ  ਨਾ ਦੇ ਦੇਵੀਂ ......ਮੈਂ ਤਾਂ ਅੱਜ  ਪਿਆਰ  ਵਿਚ  ਤੈਨੂੰ ਸਭ ਕੁਝ ......।" ਤੇ ਉਹ  ਉਸ ਦੇ  ਗਲੇ ਲੱਗ  ਉੱਚੀ ਉੱਚੀ  ਰੋ ਪਈ । 

         "ਮੈਂ ਵੀ  ਤੈਨੂੰ ਬਹੁਤ  ਪਿਆਰ  ਕਰਦਾ  ਹਾਂ।" ਸੋਨੂੰ ਉਸ  ਦੇ ਹੰਝੂ  ਪੁੰਝਦਿਆਂ  ਬੋਲਿਆ । 

          ਬਹੁਤ  ਵਕਤ  ਹੋਇਆ  ਦੇਖ  ਮੀਨੂੰ ਕਿਤਾਬਾਂ ਚੁੱਕ ਛੇਤੀ  ਨਾਲ  ਘਰ  ਚਲੀ  ਗਈ । ਉਸ ਦੇ  ਜਾਂਦੇ  ਹੀ ਅਚਾਨਕ  ਸੋਨੂੰ ਦਾ ਖਾਸ  ਦੋਸਤ ਸ਼ੰਮੀ  ਉਸਨੂੰ ਮਿਲਣ ਆ ਗਿਆ। ਕਮਰੇ ਦੀ  ਹਾਲਤ  ਵੇਖਦੇ ਹੀ ਉਹ ਮਸਕੜੀ  ਹਾਸੀ  ਹੱਸਦਿਆਂ ਬੋਲਿਆ , "ਕਮਾਲ ਹੋ ਗਈ  ਯਾਰ......ਅੱਜ ਫੇਰ ...! ਕਿੰਨੇ  ਚ....?" "ਨਹੀ  ਯਾਰ ......ਉਹ ਤਾਂ ਮੇਰੀ ਦੋਸਤ  ਸੀ......ਮੀਨੂੰ।"

        "ਕੀ•••••?"

"ਮੀਨੂੰ ! ਯਾਰ,ਯਾਰ.....ਉਹ ਤਾਂ ਬੜੀ ਸ਼ਰੀਫ ਕੁੜੀ ਐ। ਤੂੰ......ਤੂੰ ਕਿਤੇ ਉਸ ਨਾਲ  ਪਿਆਰ ......?" ਸ਼ਮੀ ਹੈਰਾਨ ਹੋਇਆ ਪੁੱਛਣ ਲੱਗਾ।

" ਹੂੰ ....ਪਿਆਰ ਉਹ ਵੀ ਇਹਦੇ ਨਾਲ.... ਜਿਸ ਨੇ .....। ਪਿਆਰ  ਤੇ  ਵਿਆਹ  ਤਾਂ ਮੈਂ ਕਿਸੇ ਸ਼ਰੀਫ ਕੁੜੀ ਨਾਲ ਹੀ ਕਰੂੰ।"  ਸੋਨੂੰ ਸ਼ਰਾਰਤ ਭਰੇ ਲਹਿਜ਼ੇ  ਨਾਲ ਬੋਲਿਆ ਤੇ  ਮੁਸਕਰਾਹਟ ਬਿਖੇਰਿਆ ਦੋਵੇਂ  ਠਹਾਕੇ ਲਗਾ  ਕੇ ਉੱਚੀ- ਉੱਚੀ  ਹੱਸ ਪਏ ।

ਲੇਖਿਕਾ ਮਨਪ੍ਰੀਤ ਕੌਰ ਭਾਟੀਆ 

ਐਮ .ਏ ,ਬੀ .ਐੱਡ । ਫ਼ਿਰੋਜ਼ਪੁਰ ਸ਼ਹਿਰ ।

ਰੱਬ ਵਰਗੇ ਸਾਡੇ ਮਾਪੇ ✍️ ਜਸਪਾਲ ਸਿੰਘ ਮਹਿਰੋਕ

ਖੂਨ ਦੇ ਰਿਸ਼ਤਿਆਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਆਪਣੀ ਅਹਿਮੀਅਤ ਹੁੰਦੀ ਹੈ। ਜਨਮ ਤੋਂ ਲੈ ਕੇ ਮਰਨ ਤੱਕ ਤਰ੍ਹਾਂ-ਤਰ੍ਹਾਂ ਦੇ ਰਿਸ਼ਤੇ ਸਾਡੀ ਜ਼ਿੰਦਗੀ ਵਿਚ ਬਣਦੇ ਹੀ ਰਹਿੰਦੇ ਹਨ। ਸੰਸਾਰ ਵਿੱਚ ਭੈਣ, ਭਰਾ, ਚਾਚੇ, ਤਾਏ, ਭੂਆ,ਮਾਸੀ, ਮਾਮੇ, ਅਨੇਕਾਂ ਹੀ ਰਿਸ਼ਤੇ ਹਨ। ਪਰ ਮਾਤਾ ਪਿਤਾ ਦਾ ਰਿਸ਼ਤਾ ਜ਼ਿੰਦਗੀ ਦੇ ਵਿੱਚ ਆਪਣੀ ਅਲੱਗ ਹੀ ਵਿਲੱਖਣ ਛਾਪ ਛੱਡਣ ਵਾਲਾ ਰਿਸ਼ਤਾ  ਹੈ।  ਸੰਸਾਰ ਵਿੱਚ ਸਮੇਂ-ਸਮੇਂ ਅਨੇਕਾਂ ਹੀ ਰਿਸ਼ੀ-ਮੁਨੀਆ, ਪੀਰ-ਪੈਗੰਬਰਾ, ਦੇਵੀ-ਦੇਵਤਿਆਂ, ਗੁਰੂਆਂ- ਚੇਲਿਆਂ ਨੇ ਜਨਮ ਲਿਆ ਹੈ। ਇਤਿਹਾਸ ਗਵਾਹ ਹੈ ਕੀ ਇਨ੍ਹਾਂ ਸਾਰਿਆਂ ਨੇ ਮਾਤਾ ਪਿਤਾ ਦੇ ਰਿਸ਼ਤੇ ਨੂੰ ਰੱਬ ਦੇ ਰੂਪ ਦੇ ਬਰਾਬਰ ਮੰਨਿਆ ਹੈ।

ਪੁਰਾਣੇ ਸਮੇਂ ਵਿੱਚ ਪਰਿਵਾਰ ਵੱਡੇ ਹੁੰਦੇ ਸਨ ਉਸ ਸਮੇਂ ਮਾਂ-ਪਿਓ ਕੋਲ 10 ਤੋਂ 12 ਬੱਚੇ ਹੁੰਦੇ ਸਨ। ਇਹ ਸਾਰੇ ਬੱਚੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਦੇ ਸਨ ਅਤੇ ਕਹਿਣਾ ਵੀ ਮੰਨਦੇ ਸਨ। ਉਸ ਸਮੇਂ ਜ਼ਿਆਦਾ ਪੜ੍ਹਾਈਆਂ ਨਹੀਂ ਹੁੰਦੀਆਂ ਸਨ। ਅਤੇ ਇਹ ਬੱਚੇ ਆਪਣੇ ਮਾਤਾ ਪਿਤਾ ਦੇ ਕੰਮ ਕਾਰ ਵਿਚ ਉਨ੍ਹਾਂ ਦੀ ਮਦਦ ਕਰਦੇ ਸਨ। ਉਸ ਸਮੇਂ ਮਾਤਾ ਪਿਤਾ ਦੇ ਕਹਿਣ ਤੇ ਇੱਕ ਭਰਾ ਦੇ ਕੱਪੜੇ ਹੀ ਪੰਜ- ਸੱਤ ਭਰਾ ਵਾਰੋ ਵਾਰੀ ਪਾਇਆ ਕਰਦੇ ਸਨ। ਉਸ ਸਮੇਂ ਆਮਦਨ ਦੇ ਸਾਧਨ ਬਹੁਤ ਘੱਟ ਹੁੰਦੇ ਸਨ। ਅੱਜ ਦਾ ਸਮਾਂ ਬਿਲਕੁਲ ਹੀ ਉਲਟ ਹੈ। ਹੁਣ ਹਰ ਇਕ ਘਰ ਵਿਚ ਮਾਤਾ ਪਿਤਾ ਕੋਲ ਇੱਕ ਜਾਂ ਦੋ ਬੱਚੇ ਹਨ। ਇਹ ਬੱਚੇ ਪੜ੍ਹ ਕੇ ਡਿਗਰੀਆਂ ਤਾਂ ਕਰ ਗਏ ਹਨ  ਪਰ ਪਹਿਲਾਂ ਵਾਲਾ ਸਤਿਕਾਰ ਅੱਜ ਕੱਲ ਦੇ ਬੱਚਿਆਂ ਵਿੱਚ ਮਾਤਾ ਪਿਤਾ ਪ੍ਰਤੀ ਨਹੀਂ ਹੈ। ਇਹ ਬੱਚੇ ਦਿਨ ਵਿਚ ਤਿੰਨ ਤੋਂ ਚਾਰ ਤਰ੍ਹਾਂ ਦੇ ਕੱਪੜੇ ਸਵੇਰ ਤੋਂ ਸ਼ਾਮ ਤੱਕ ਪਾਉਣ ਦੀ ਮੰਗ ਕਰਦੇ ਹਨ। ਕਿਉਂਕਿ ਹੁਣ ਅੱਜਕੱਲ੍ਹ ਵਿਖਾਵੇ ਦਾ ਸਮਾਂ ਹੈ।

ਹਿੰਦੂ ਧਰਮ ਵਿੱਚ ਪੁਰਾਣੇ ਸਮੇਂ ਵਿੱਚ ਅਯੁੱਧਿਆ ਦੇ ਰਾਜਾ ਦਸਰਥ ਦੇ ਕਹਿਣ ਤੇ ਉਨ੍ਹਾਂ ਦੇ ਪੁੱਤਰ ਸ੍ਰੀ ਰਾਮ ਚੰਦਰ ਜੀ ਨੇ ਚੌਦਾਂ ਸਾਲਾਂ ਦਾ ਬਨਵਾਸ ਕੱਟਿਆ ਸੀ। ਅਤੇ ਰਾਜਾ ਦਸ਼ਰਥ ਨੇ ਆਪਣੇ ਪੁੱਤਰ ਸ੍ਰੀ ਰਾਮ ਦੇ ਬਜੋਗ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ ਸਨ। ਇਸੇ ਤਰ੍ਹਾਂ ਰਾਜਾ ਦਸਰਥ ਦਾ ਭਾਣਜਾ ਅਤੇ ਆਪਣੇ ਮਾਪਿਆਂ ਦਾ ਆਗਿਆਕਾਰੀ ਪੁੱਤਰ ਸ਼ਰਵਣ ਵੀ ਆਪਣੇ ਮਾਪਿਆਂ ਨੂੰ ਧਾਰਮਿਕ ਸੰਸਥਾਵਾਂ ਦੀ ਯਾਤਰਾ ਕਰਵਾਉਂਦੇ ਹੋਏ ਰਾਜਾ ਦਸ਼ਰਥ ਦੇ ਹੱਥੋ ਰਾਤ ਦੇ ਹਨੇਰੇ ਵਿੱਚ ਛੱਡੇ ਤੀਰ ਕਾਰਨ ਆਪਣੇ ਪ੍ਰਾਣ ਤਿਆਗ ਗਿਆ ਸੀ। ਸ਼ਰਵਣ ਨੇ ਆਪਣੇ ਅੰਨੇ ਮਾਪਿਆਂ ਨੂੰ ਇਕ ਵਹਿੰਗੀ ਵਿੱਚ ਬਿਠਾ ਕੇ, ਉਸ ਵਹਿੰਗੀ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ, ਪੈਦਲ ਤੁਰ ਕੇ ਇੱਕ ਆਗਿਆਕਾਰੀ ਪੁੱਤਰ ਹੋਣ ਦੇ ਨਾਤੇ ਤੀਰਥ ਸਥਾਨਾਂ ਦੇ ਦਰਸ਼ਨ ਕਰਵਾਏ ਸਨ। ਇਸੇ ਤਰ੍ਹਾਂ ਸਿੱਖ ਇਤਿਹਾਸ ਵਿੱਚ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਨੇ ਆਪਣੇ ਪਿਤਾ ਜੀ ਤੋ ਸਿੱਖੀ ਧਰਮ ਦਾ ਉਪਦੇਸ਼ ਪ੍ਰਾਪਤ ਕੀਤਾ। ਉਨ੍ਹਾਂ ਨੇ ਸਿੱਖੀ ਧਰਮ ਨਾ ਛੱਡਿਆ ਅਤੇ ਆਪਣੇ ਪਿਤਾ ਜੀ ਦੇ ਕੀਤੇ ਪ੍ਰਵਚਨਾਂ ਅਨੁਸਾਰ ਲੋੜ ਪੈਣ ਤੇ ਸਿੱਖ ਧਰਮ ਲਈ ਸ਼ਹੀਦ ਹੋ ਗਏ। ਅੱਜ ਕੱਲ ਤਾਂ ਹਰ ਇਕ ਘਰ ਵਿਚ ਕਾਰ ਅਤੇ ਮੋਟਰਸਾਈਕਲ ਵਗੈਰਾ ਹਨ। ਸੋ ਅੱਜ ਕੱਲ  ਦੇ ਬੱਚੇ ਉਹਨਾਂ ਨੂੰ ਆਪਣੇ ਨੇੜੇ ਦੇ ਗੁਰਦੁਆਰੇ ਅਤੇ ਮੰਦਰਾਂ ਵਿੱਚ ਆਪਣੇ ਵਹੀਕਲ ਤੇ ਨਾਲ ਲੈ ਕੇ ਜਾਣ ਤੇ ਸ਼ਰਮ ਜਿਹੀ ਮਹਿਸੂਸ ਕਰਦੇ ਹਨ ਅਤੇ ਵਿਚਾਰੇ ਮਾਪੇ ਆਪ ਹੌਲੀ ਹੌਲੀ ਪੈਦਲ ਚਲ ਕੇ ਮੰਦਰਾਂ ਅਤੇ ਗੁਰਦੁਆਰਿਆਂ ਦੇ ਦਰਸ਼ਨ ਕਰਦੇ ਹਨ।

ਅੱਜਕਲ੍ਹ ਜ਼ਿਆਦਾ ਪੜ੍ਹੇ-ਲਿਖੇ ਹੋਣ ਕਾਰਨ ਬੱਚੇ ਆਪਣੇ ਮਾਤਾ ਪਿਤਾ ਵਲ ਧਿਆਨ ਘੱਟ ਦੇ ਰਹੇ ਹਨ। ਉਹ ਟੈਲੀਵਿਜ਼ਨ ਅਤੇ ਮੋਬਾਇਲ ਤੇ ਹੀ ਵਿਅਸਤ ਰਹਿੰਦੇ ਹਨ। ਬੱਚੇ  ਆਪਣੇ ਅਲੱਗ ਕਮਰੇ ਵਿੱਚ ਰਹਿਣਾ ਹੀ ਪਸੰਦ ਕਰਦੇ ਹਨ। ਪਹਿਲੇ ਸਮੇਂ ਵਿਚ ਮਾਪੇ ਆਪਣੀ ਔਲਾਦ ਦੇ ਵਿਆਹ ਆਪ ਕਰਦੇ ਸਨ। ਪਰ ਅਜੋਕੇ ਸਮੇਂ ਵਿੱਚ ਬੱਚੇ ਪੜ੍ਹਦੇ ਪੜ੍ਹਦੇ ਆਪਣੇ ਪ੍ਰੇਮ ਵਿਆਹ ਕਰਵਾ ਜਾਂਦੇ ਹਨ ਅਤੇ ਵਿਚਾਰੇ ਮਾਪਿਆਂ ਦੇ ਅਰਮਾਨ ਧਰੇ ਧਰਾਏ ਹੀ ਰਹਿ ਜਾਂਦੇ ਹਨ। ਏਥੇ ਹੀ ਨਹੀਂ ਜਦੋਂ ਕਿਸੇ ਦੇ ਧੀ ਪੁੱਤ ਦਾ ਮੈਰਿਜ ਪੈਲਸ ਦੇ ਵਿਚ ਵਿਆਹ  ਹੁੰਦਾ ਹੈ ਤਾਂ ਉਹ ਪੁੱਤਰ ਆਪਣੇ ਬੁਢੇ ਮਾਂ ਪਿਉ ਨੂੰ ਆਪਣੇ ਘਰ ਦੀ ਰਾਖੀ ਰੱਖਣ ਲਈ ਆਪਣੇ ਬਜ਼ੁਰਗ ਮਾਂ ਬਾਪ ਨੂੰ ਘਰ ਹੀ ਛੱਡ ਜਾਂਦੇ ਹਨ ਅਤੇ ਆਪਣੇ ਧੀ-ਪੁੱਤ ਦਾ ਵਿਆਹ ਬਿਨਾਂ ਦਾਦੇ ਦਾਦੀ ਤੋ ਮੈਰਿਜ ਪੈਲੇਸ ਵਿਚ ਕਰਕੇ ਸ਼ਾਮ ਨੂੰ ਵਾਪਿਸ ਘਰੇ ਆਉਂਦੇ ਹਨ।

ਇੱਥੇ ਹੀ ਨਹੀਂ ਇਕ ਸਾਖੀ ਦੇ ਵਿਚ ਇੱਕ ਪੁੱਤਰ ਆਪਣੇ ਬਜ਼ੁਰਗ ਬੀਮਾਰ ਪਿਉ ਨੂੰ ਆਪਣੀ ਪਤਨੀ ਦੇ ਕਹਿਣ ਤੇ ਨਦੀ ਦੇ ਵਿੱਚ ਸੁੱਟਣ ਲਈ ਚਲਾ ਜਾਂਦਾ ਹੈ। ਜਦੋਂ ਉਹ ਨਦੀ ਦੇ ਵਿੱਚ ਆਪਣੇ ਪਿਉ ਨੂੰ ਸੁੱਟਣ ਲਗਦਾ ਹੈ ਤਾਂ ਬਜ਼ੁਰਗ ਪਿਓ ਕਹਿੰਦਾ ਹੈ ਕੀ ਪੁੱਤਰ ਮੈਨੂੰ ਏਥੇ ਨਾ ਸੁਟ ਮੈਨੂੰ ਥੋੜ੍ਹਾ ਜਿਹਾ ਅੱਗੇ ਕਰ ਕੇ ਸੁੱਟ, ਕਿਉਂਕਿ ਜਿੱਥੇ ਤੂੰ ਮੈਨੂੰ ਸੁੱਟ ਰਿਹਾ ਹੈ ਇਥੇ ਮੈਂ ਆਪਣੇ ਬਜ਼ੁਰਗ ਬੀਮਾਰ ਪਿਓ ਨੂੰ ਸੁੱਟਿਆ ਸੀ, ਇਸੇ ਤਰਾਂ ਤੇਰਾ ਪੁੱਤ ਵੀ ਤੈਨੂੰ ਇਸ ਤੋਂ ਅੱਗੇ ਕਰਕੇ ਸੁੱਟੇਗਾ। ਇਹ ਸੁਣ ਕੇ ਉਹ ਪੁੱਤਰ ਆਪਣੇ ਬਿਮਾਰ ਪਿਓ ਨੂੰ ਵਾਪਸ ਲਿਆਂਦਾ ਹੈ ਅਤੇ ਸਾਰਾ ਕੁਝ ਆਪਣੀ ਪਤਨੀ ਨੂੰ ਦਸਦਾ ਹੈ। ਉਹਨਾਂ ਨੂੰ ਡਰ ਪੈ ਜਾਂਦਾ ਹੈ ਕੀ ਕਿਤੇ ਭਵਿੱਖ ਵਿਚ ਸਾਡਾ ਪੁੱਤਰ ਵੀ ਸਾਡੇ ਨਾਲ ਇੰਝ ਹੀ ਨਾ ਕਰੇ। ਇਸ ਤਰ੍ਹਾਂ ਉਹ ਆਪਣੇ ਬਜ਼ੁਰਗ ਦੀ ਸੇਵਾ ਕਰਨ ਲੱਗ ਜਾਂਦੇ ਹਨ।

ਅਜੋਕੇ ਯੁੱਗ ਵਿੱਚ ਜਿੱਥੇ ਮਾਂ-ਬਾਪ ਆਪਣੇ ਧੀ ਅਤੇ ਪੁੱਤਰਾਂ ਨੂੰ ਅਣਥੱਕ ਮਿਹਨਤ ਕਰਕੇ ਪੜ੍ਹਾਉਂਦੇ ਅਤੇ ਲਿਖਾਉਂਦੇ ਹਨ ਉਥੇ ਔਲਾਦ ਨੂੰ ਵੀ ਚਾਹੀਦਾ ਹੈ ਆਪਣੇ ਮਾਤਾ ਪਿਤਾ ਦਾ ਕੰਮ ਦੇ ਵਿਚ ਹੱਥ ਵਟਾਉਣ ਅਤੇ ਖੂਬ ਮਨ ਲਗਾ ਕੇ ਪੜ੍ਹਾਈ ਕਰਨ, ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨ, ਉਨ੍ਹਾਂ ਨੂੰ ਬਣਦਾ ਸਨਮਾਨ ਦੇਣ, ਬਜ਼ੁਰਗ ਮਾਪਿਆਂ ਨੂੰ ਸਮੇਂ ਤੇ ਦਵਾਈ-ਬੂਟੀ ਕਰਵਾਉਣ, ਲੋੜ ਪੈਣ ਤੇ ਉਨ੍ਹਾਂ ਨੂੰ ਕੱਪੜਾ ਲੀੜਾ ਦੇਣ, ਆਪਣੇ ਮਾਪਿਆਂ ਦਾ ਕਹਿਣਾ ਮੰਨਣ।  ਸੰਸਾਰ ਵਿੱਚ ਬਾਈਬਲ, ਕੁਰਾਨ, ਗੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਇਹ ਹੀ ਉਪਦੇਸ਼ ਦਿੰਦੇ ਹਨ ਕਿ ਇਨਸਾਨ ਨੂੰ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਬਣਦਾ ਵੀ ਹੈ ਕਿਉਂਕਿ ਮਾਤਾ ਪਿਤਾ ਨੇ ਜਨਮ ਦੇ ਕੇ ਸਾਨੂੰ ਇਹ ਸੰਸਾਰ ਵਿਖਾਇਆ ਹੈ ਅਤੇ ਜ਼ਿੰਦਗੀ ਦਾ ਹਾਣੀ ਬਣਾਇਆ ਹੈ। ਇਸ ਲਈ ਮਾਪੇ ਸੱਚਮੁੱਚ ਹੀ ਰੱਬ ਦਾ ਦੂਸਰਾ ਰੂਪ ਹੁੰਦੇ ਹਨ ‌।

 

ਜਸਪਾਲ ਸਿੰਘ ਮਹਿਰੋਕ 

ਸਨੌਰ (ਪਟਿਆਲਾ)

ਮੋਬਾਈਲ 6284347188

ਧਰਮ ਦੇ ਠੇਕੇਦਾਰ ( ਲੇਖ ) ✍️ ਮਨਜੀਤ ਕੌਰ ਧੀਮਾਨ

ਧਰਮ ਦੇ ਠੇਕਦਾਰਾਂ ਨੇ ਸਾਨੂੰ ਹਮੇਸ਼ਾਂ ਤੋਂ ਹੀ ਡਰਾ ਕੇ ਰੱਖਿਆ ਹੈ। ਇਸ ਡਰ ਦੀ ਵਜ੍ਹਾ ਨਾਲ਼ ਅਸੀਂ ਕਦੇ ਵੀ ਉਹਨਾਂ ਦੇ ਖ਼ਿਲਾਫ਼ ਆਵਾਜ਼ ਨਹੀਂ ਉਠਾਉਂਦੇ। ਪਰ ਧਰਮ ਹੈ ਕੀ? ਇਹ ਸਾਨੂੰ ਕਦੇ ਸਮਝ ਨਹੀਂ ਆਇਆ। ਸਾਰੀ ਜ਼ਿੰਦਗੀ ਅਸੀਂ ਮੰਦਿਰ, ਮਸਜ਼ਿਦ, ਗੁਰੂਦਵਾਰੇ ਤੇ ਚਰਚ ਆਦਿ ਦੇ ਚੱਕਰ ਕੱਢਦੇ ਰਹਿੰਦੇ ਹਾਂ ਪਰ ਰੱਬ ਦੇ ਬਾਰੇ ਕੁੱਝ ਵੀ ਪਤਾ ਨਹੀਂ ਕਰ ਪਾਉਂਦੇ।     ਸਾਡੀਆਂ ਇਹਨਾਂ ਉਲਝਣਾਂ ਨੂੰ ਦੂਰ ਕਰਨ ਲਈ ਇਸ ਧਰਤੀ ਤੇ ਵੱਡੇ-ਵੱਡੇ ਪੀਰ, ਪੈਗੰਬਰ,ਗੁਰੂ ਆਏ, ਜਿਹਨਾਂ ਨੇ ਸਾਨੂੰ ਸੱਚ ਦਾ ਗਿਆਨ ਦਿੱਤਾ ਪਰ ਮਸਲਾ ਹੋਰ ਵੀ ਉਲਝ ਗਿਆ। ਅਸੀਂ ਇਹਨਾਂ ਗੁਰੂ, ਪੀਰਾਂ ਦੀਆਂ ਕਹੀਆਂ ਗੱਲਾਂ ਤੇ ਚੱਲਣ ਦੀ ਬਜਾਇ ਇਹਨਾਂ ਨੂੰ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ। ਹੋਰ ਤਾਂ ਹੋਰ ਅਸੀਂ ਇਹਨਾਂ ਦੇ ਨਾਮ ਤੇ ਨਵੇਂ- ਨਵੇਂ ਥਾਂ ਬਣਾ ਦਿੱਤੇ ਤੇ ਇਹਨਾਂ ਦੀ ਪੂਜਾ ਸ਼ੁਰੂ ਕਰ ਦਿੱਤੀ। ਉਹ ਸਾਰੀ ਜ਼ਿੰਦਗੀ ਸਾਨੂੰ ਜੀਵਨ ਦੇ ਅਸਲੀ ਮਕਸਦ ਬਾਰੇ ਉਪਦੇਸ਼ ਦਿੰਦੇ ਰਹੇ ਤੇ ਸਾਡੇ ਕੰਨਾਂ ਤੇ ਜੂੰ ਨਾ ਸਰਕੀ।

             ਅੱਜ ਅਸੀਂ ਕੀ ਕਰ ਰਹੇ ਹਾਂ? ਮੰਦਿਰ ਵਿੱਚ ਪੰਡਿਤ ਜੀ ਦੀ ਪੂਰੀ ਦਾਦਾਗਿਰੀ ਹੁੰਦੀ ਹੈ ਤੇ ਗੁਰੁਦਵਾਰੇ ਵਿੱਚ ਭਾਈ ਸਾਹਿਬ ਦੀ, ਇਸੇ ਤਰ੍ਹਾਂ ਮਸਜ਼ਿਦ 'ਚ ਮੁੱਲਾ, ਕਾਜ਼ੀ ਤੇ ਚਰਚ ਵਿੱਚ ਪਾਦਰੀ। ਆਮ ਲੋਕਾਂ ਨਾਲ਼ ਇਹਨਾਂ ਦਾ ਵਿਵਹਾਰ ਹੀ ਅਜੀਬ ਹੁੰਦਾ ਹੈ। ਹਰ ਕੋਈ ਆਪੋ-ਆਪਣੇ ਅਸੂਲ ਬਣਾਈ ਬੈਠਾ ਹੈ। ਇੰਝ ਲਗਦਾ ਹੈ ਜਿਵੇਂ ਇਹਨਾਂ ਧਰਮ ਦੇ ਠੇਕੇਦਾਰਾਂ ਨੇ ਗੁਰੂ ਘਰਾਂ ਤੇ ਕਬਜ਼ਾ ਕਰ ਲਿਆ ਹੋਵੇ। ਗੁਰੂ ਸਾਹਿਬ ਕਿੰਨਾ ਕੁੱਝ ਸਮਝ ਕੇ ਗਏ। ਬਾਣੀ ਲਿੱਖ ਕੇ ਗਏ ਤਾਂ ਕਿ ਅਸੀਂ ਭਟਕੀਏ ਨਾ। ਪਰ ਯਾਦ ਕੀਹਨੂੰ ਹੈ ਕਿ ਗੁਰੂ ਸਾਹਿਬ ਦੇ ਹੁਕਮ ਕੀ ਹਨ?

            ਅੱਜ ਇੱਥੇ ਕੁੱਝ ਮਿੱਠੇ ਕੌੜੇ ਅਨੁਭਵਾਂ ਨੂੰ ਸਾਂਝੇ ਕਰਨ ਲੱਗੀ ਹਾਂ। ਅੱਜ ਗੱਲ ਕਰਦੇ ਹਾਂ ਗੁਰੂਦਵਾਰਾ ਸਾਹਿਬ ਜੀ ਦੀ। ਸਾਡੇ ਗੁਰੂ ਸਾਹਿਬਾਨ ਨੇ ਹਰਿਮੰਦਿਰ ਸਾਹਿਬ ਬਣਵਾਇਆ ਤੇ ਚਾਰ ਦਰਵਾਜ਼ੇ ਰੱਖੇ। ਇਸਤੋਂ ਪਤਾ ਚੱਲਦਾ ਹੈ ਕਿ ਉਹਨਾਂ ਦੀ ਸੋਚ ਕਿੱਡੀ ਵੱਡੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਖ਼ਾਲਸਾ ਸਿਰਜਿਆ। ਕੁਰਬਾਨੀਆਂ ਕੀਤੀਆਂ ਤੇ ਸ਼ਹੀਦੀਆਂ ਪਾਈਆਂ। ਉਹਨਾਂ ਨੇ ਕਦੇ ਊਚ-ਨੀਚ ਨਹੀਂ ਕੀਤੀ। ਸੱਭਨਾਂ ਨੂੰ ਪਿਆਰ ਬਖਸ਼ਿਆ। ਸ੍ਰੀ ਗੁਰੂ ਅਮਰਦਾਸ ਜੀ ਨੂੰ ਮਿਲਣ ਅਕਬਰ ਬਾਦਸ਼ਾਹ ਆਇਆ ਤਾਂ ਉਹਦੇ ਲਈ ਕੋਈ ਖ਼ਾਸ ਪ੍ਰਬੰਧ ਨਹੀਂ ਕੀਤੇ ਗਏ, ਸਗੋਂ ਉਹਨੂੰ ਵੀ ਪੰਗਤ ਵਿੱਚ ਬੈਠਣਾ ਪਿਆ ਅਤੇ ਲੰਗਰ ਛੱਕਣਾ ਪਿਆ। ਉਹਨਾਂ ਨੇ ਕੋਈ ਬੀ.ਆਈ.ਪੀ ਕਲਚਰ ਸ਼ੁਰੂ ਨਹੀਂ ਕੀਤਾ। ਉਹਨਾਂ ਲਈ ਸੱਭ ਬਰਾਬਰ ਸਨ।

                ਪਰ ਉਹਨਾਂ ਦੀਆਂ ਸਾਰੀਆਂ ਸਿੱਖਿਆਵਾਂ ਨੂੰ ਇੱਕ ਪਾਸੇ ਰੱਖ ਕੇ ਅੱਜ ਅਸੀਂ ਹੋਰ ਹੀ ਪਾਸੇ ਤੁਰ ਪਏ ਹਾਂ। ਕਈ ਗੁਰੂਦਵਾਰਿਆਂ ਵਿੱਚ ਅੱਜਕਲ੍ਹ ਸੇਵਾਦਾਰ ਦਾ ਗੁੱਸੇ ਵਾਲ਼ਾ ਮੂੰਹ ਵੇਖ ਕੇ ਹੀ ਸੰਗਤ ਡਰ ਜਾਂਦੀ ਹੈ। ਬਾਬਾ ਨਾਨਕ ਜੀ ਨੇ ਵੀਹ ਰੁਪਿਆ ਦਾ ਜਿਹੜਾ ਲੰਗਰ ਸ਼ੁਰੂ ਕੀਤਾ ਸੀ ਉਹ ਅੱਜ ਵੀ ਚੱਲ ਰਿਹਾ ਹੈ। ਇਸ ਕਰਕੇ ਬਹੁਤ ਸਾਰੇ ਲੋਕ ਸਿਰਫ਼ ਲੰਗਰ ਛੱਕਣ ਗੁਰੂਦਵਾਰਾ ਸਾਹਿਬ ਆਉਂਦੇ ਹਨ। ਉਹਨਾਂ ਨੂੰ ਸਿੱਖੀ ਸਿਧਾਂਤਾਂ ਦਾ ਨਹੀਂ ਪਤਾ ਉਹਨਾਂ ਨੂੰ ਤਾਂ ਬੱਸ ਇਹ ਪਤਾ ਹੈ ਕਿ ਇੱਥੇ ਢਿੱਡ ਭਰਕੇ ਖਾ ਸਕਦੇ ਹਾਂ ਪਰ ਸਾਡੇ ਮਹਾਨ ਸੇਵਾਦਾਰ ਉਹਨਾਂ ਨੂੰ ਘੂਰੀਆਂ ਵੱਟਦੇ ਹਨ। ਕਈ ਤਾਂ ਝਈਆਂ ਲੈ-ਲੈ ਇੰਝ ਪੈਂਦੇ ਹਨ, ਜਿਵੇਂ ਉਹਨਾਂ ਵਿਚਾਰਿਆਂ ਨੇ ਇੱਥੇ ਪੈਰ ਧਰ ਕੇ ਗ਼ਲਤੀ ਕਰ ਲਈ ਹੋਵੇ। ਓਏ! ਸਿਰ ਢੱਕੋ, ਤੁਹਾਨੂੰ ਪਤਾ ਨਹੀਂ ਲੱਗਦਾ, ਕਿਵੇਂ ਨੰਗੇ ਸਿਰ ਬੂਥਾ ਚੁੱਕੀ ਆਉਂਦੇ ਹਨ, ਆਦਿ ਸ਼ਬਦਾਵਲੀ ਵਰਤੀ ਜਾਂਦੀ ਹੈ।

             ਇੱਕ ਦਿਨ ਗੁਰੂਦਵਾਰਾ ਸਾਹਿਬ ਵਿਖੇ ਇੱਕ ਸੇਵਾਦਾਰ ਦੇਖਿਆ ਜਿਹੜਾ ਨੰਗੇ ਸਿਰ ਭੈਣਾਂ ਵੀਰਾਂ ਨੂੰ ਖਿੱਝ ਰਿਹਾ ਸੀ, ਹਾਲਾਂਕਿ ਉਹ ਸਿਰ ਢੱਕ ਹੀ ਰਹੇ ਸਨ। ਓਹਨੇ ਆਪਣੇ ਸਾਥੀ ਨੂੰ ਕਿਹਾ ਕਿ ਜੇਕਰ ਗੇਟ ਤੇ ਮੇਰੇ ਵਰਗਾ ਖੜ੍ਹਾ ਹੋਵੇ ਤਾਂ ਫੇਰ ਦੱਸਾਂ, ਮੈਂ ਇਹਨਾਂ ਨੂੰ। ਮੇਰਾ ਦਿਲ ਕੀਤਾ ਕਿ ਮੈਂ ਉਸ ਵੀਰ ਨੂੰ ਪੁੱਛਾਂ ਕਿ ਫ਼ੇਰ ਤੂੰ ਕੀ ਕਰੇਗਾਂ। ਕੀ ਤੂੰ ਇਸ ਸਰਬ ਸਾਂਝੇ ਘਰ ਵਿੱਚ ਉਹਨਾਂ ਨੂੰ ਆਉਣ ਤੋਂ ਰੋਕ ਦੇਵੇਂਗਾ ਜਾਂ ਇਹਨਾਂ ਦੇ ਡਾਂਗ ਮਾਰੇਂਗਾ? ਪਰ ਪਤਾ ਨਹੀਂ ਕਿਉਂ ਮੈਥੋਂ ਕੁੱਝ ਕਹਿ ਨਾ ਹੋਇਆ ਪਰ ਦਿਲ ਬਹੁਤ ਦੁਖਿਆ। ਕਿਉਂਕਿ ਮੈਂ ਵੀ ਸਿੱਖ ਧਰਮ ਦੀ ਧੀ ਹਾਂ। ਬੇਸ਼ੱਕ ਮੈਂ ਅੰਮ੍ਰਿਤ ਨਹੀਂ ਛਕਿਆ ਤੇ ਮੇਰਾ ਵਿਆਹ ਵੀ ਦੂਸਰੇ ਧਰਮ ਵਿੱਚ ਹੋਇਆ ਹੈ। ਪਰ ਮੇਰੇ ਪੇਕੇ ਸਿੱਖ ਹਨ, ਮੈਂ ਸ਼ੁਰੂ ਤੋਂ ਗੁਰੂਦਵਾਰਾ ਸਾਹਿਬ ਗਈ ਹਾਂ ਤੇ ਅੱਜ ਵੀ ਜਾਂਦੀ ਹਾਂ। ਮੇਰੇ ਸਹੁਰੇ ਪਰਿਵਾਰ ਨੇ ਮੇਰੇ ਤੇ ਕਦੇ ਕੋਈ ਪਾਬੰਦੀ ਨਹੀਂ ਲਗਾਈ। ਇਸ ਤੋਂ ਇਲਾਵਾ ਖ਼ੁਦ ਮੇਰੇ ਪਤੀ ਵੀ ਮੇਰੇ ਨਾਲ਼ ਗੁਰੂਦਵਾਰੇ ਜਾਂਦੇ ਹਨ ਪਰ ਕਈ ਥਾਈਂ ਭਾਈ ਸਾਹਿਬਾਨ ਦਾ ਬੁਰਾ ਵਿਵਹਾਰ ਵੇਖ ਕੇ ਅਕਸਰ ਮੈਂ ਸ਼ਰਮਿੰਦਾ ਹੋ ਜਾਂਦੀ ਹਾਂ। ਇੱਕ ਦਿਨ ਮੇਰੀ ਇੱਕ ਸਹਿਕਰਮੀ ਜੋ ਕਿ ਦਿੱਲੀ ਤੋਂ ਹੈ, ਮੈਨੂੰ ਕਹਿਣ ਲੱਗੀ ਕਿ ਦਿੱਲੀ ਵਿੱਚ ਗੁਰੂਦਵਾਰਾ ਸਾਹਿਬ ਜਾਓ ਤਾਂ ਉਹ ਬੜੇ ਪਿਆਰ ਨਾਲ਼ ਸਿਰ ਢੱਕਣ ਨੂੰ ਕਹਿੰਦੇ ਹਨ, ਬੁਰਾ ਨਹੀਂ ਲਗਦਾ। ਪਰ ਇੱਥੇ ਪੰਜਾਬ ਵਿੱਚ ਇੱਕ ਦਿਨ ਮੈਂ ਗੁਰੂਦਵਾਰਾ ਸਾਹਿਬ ਗਈ ਤਾਂ ਉਹ ਬੜੇ ਗੁੱਸੇ ਨਾਲ ਬੋਲ਼ੇ ਤੇ ਮੈਨੂੰ ਇੰਨਾ ਬੁਰਾ ਲੱਗਿਆ ਕਿ ਮੈਂ ਬਿਨਾਂ ਲੰਗਰ ਛਕਿਆਂ ਹੀ ਵਾਪਸ ਆ ਗਈ।ਉਹ ਹਿੰਦੀ ਬੋਲਦੀ ਹੈ ਤੇ ਉਹਨੇ ਹਿੰਦੀ ਵਿਚ ਹੀ ਮੈਨੂੰ ਇਹ ਸੱਭ ਦੱਸਿਆ। ਇਹ ਸੁਣ ਕੇ ਮੇਰੇ ਦਿਲ 'ਚੋਂ ਹੂਕ ਨਿੱਕਲੀ ਕਿ ਮੇਰੇ ਸਤਿਗੁਰ ਦੇ ਘਰ ਤੋਂ ਕਿਵੇਂ ਕੋਈ ਭੁੱਖਾ ਮੁੜ ਗਿਆ। ਇਸੇ ਤਰ੍ਹਾਂ ਮੇਰੇ ਜਾਣਕਾਰ ਹਨ ਜੋ ਕਿ ਬਾਬਾ ਬਾਲਕ ਨਾਥ ਜੀ ਨੂੰ ਮੰਨਦੇ ਹਨ ਤੇ ਇੱਕ ਦਿਨ ਉਹ ਪੈਦਲ ਯਾਤਰਾ ਤੇ ਨਿਕਲ਼ੇ। ਰਾਸਤੇ ਵਿੱਚ ਜਦੋਂ ਰਾਤ ਹੋ ਜਾਂਦੀ ਤਾਂ ਉਹ ਕਿਤੇ ਰੁੱਕ ਕੇ ਅਰਾਮ ਕਰ ਲੈਂਦੇ ਸਨ। ਇੱਕ ਦਿਨ ਉਹ ਬਾਲਮੀਕੀ ਭਵਨ ਵਿੱਚ ਰੁੱਕੇ ਜਿੱਥੇ ਬੜੇ ਆਦਰ ਸਤਿਕਾਰ ਨਾਲ ਉਹਨਾਂ ਨੂੰ ਰਿਹਾਇਸ਼ ਤੇ ਖਾਣਾ ਮਿਲ਼ਿਆ, ਉਹ ਬੜੇ ਖੁਸ਼ ਹੋਏ ਪਰ ਦੂਜੀ ਰਾਤ ਉਹ ਇੱਕ ਗੁਰੂਦਵਾਰਾ ਸਾਹਿਬ ਵਿਖੇ ਰੁੱਕੇ ਜਿੱਥੇ ਉਹਨਾਂ ਨਾਲ਼ ਚੰਗਾ ਵਿਵਹਾਰ ਨਹੀਂ ਹੋਇਆ। ਭਾਈ ਜੀ ਨੇ ਉਹਨਾਂ ਦੇ ਹੱਥ ਵਿੱਚ ਝੰਡਾ ਵੇਖ ਕੇ ਕੁੱਝ ਅਪਸ਼ਬਦ ਬੋਲੇ। ਉਹ ਬੜੇ ਪਰੇਸ਼ਾਨ ਹੋਏ ਪਰ ਉਸ ਥਾਂ ਕੋਈ ਹੋਰ ਠਹਿਰਨ ਵਾਲ਼ੀ ਜਗ੍ਹਾ ਨਹੀਂ ਸੀ ਇਸ ਕਰਕੇ ਉਹ ਮਜ਼ਬੂਰੀ ਵੱਸ ਉੱਥੇ ਰੁੱਕ ਗਏ। ਪਰ ਉਹ ਮਾੜਾ ਵਿਹਾਰ ਉਹ ਕਦੇ ਨਹੀਂ ਭੁੱਲਦੇ।

               ਏਸੇ ਤਰ੍ਹਾਂ ਇੱਕ ਦਿਨ ਮੈਂ ਆਪਣੇ ਪਤੀ ਤੇ ਬੱਚੇ ਨਾਲ਼ ਗੁਰੂ ਘਰ ਗਈ। ਠੰਡ ਬਹੁਤ ਸੀ ਤੇ ਅਸੀਂ ਸੱਭ ਨੇ ਸਿਰਾਂ ਤੇ ਟੋਪੀਆਂ (ਸਰਦੀ ਵਾਲੀਆਂ) ਲਈਆਂ ਹੋਈਆਂ ਸਨ। ਲੰਗਰ ਹਾਲ ਵਿੱਚ ਵੜ੍ਹਦਿਆਂ ਹੀ ਇੱਕ ਭਾਈ ਜੀ ਨੇ ਮੇਰੇ ਪਤੀ ਨੂੰ ਗੁੱਸੇ ਨਾਲ ਕਿਹਾ ਕਿ ਏਥੇ ਟੋਪੀ ਨਹੀਂ ਲੈਣੀ, ਰੁਮਾਲ ਬੰਨ੍ਹੋ। ਇਹਨਾਂ ਨੇ ਮੁਸਕਰਾ ਕੇ ਟੋਪੀ ਉਤਾਰੀ ਤੇ ਰੁਮਾਲ ਬੰਨ੍ਹ ਲਿਆ। ਮੈਥੋਂ ਰਿਹਾ ਨਾ ਗਿਆ।ਮੈਂ ਭਾਈ ਜੀ ਨੂੰ ਪੁੱਛਿਆ ਕਿ ਟੋਪੀ ਤਾਂ ਸਰਦੀ ਤੋਂ ਬਚਣ ਲਈ ਹੈ ਤੇ ਇਹ ਕਿਉਂ ਨਹੀਂ ਪਹਿਨ ਸਕਦੇ? ਉਹਨਾਂ ਨੇ ਕਿਹਾ ਕਿ ਓਹ ਸਾਹਮਣੇ ਲਿਖ ਕੇ ਲਗਾਇਆ ਗਿਆ ਹੈ। ਉਹ ਦੇਖ਼ ਲਓ। ਮੈਂ ਪੁੱਛਿਆ ਕਿ ਇਹ ਕਿਸਨੇ ਲਿਖਿਆ ਹੈ ਤਾਂ ਕਹਿੰਦੇ, ਕਮੇਟੀ ਨੇ। ਮੈਂ ਕਿਹਾ ਕਿ ਗੁਰੂ ਘਰ ਸਿਰ ਢੱਕਣਾ ਜ਼ਰੂਰੀ ਹੈ ਪਰ ਗਰਮ ਟੋਪੀ ਨਾਲ਼ ਪੂਰਾ ਸਿਰ ਢੱਕਿਆ ਹੋਇਆ ਸੀ ਜਦਕਿ ਰੁਮਾਲ ਨਾਲ ਅੱਧਾ ਸਿਰ ਨੰਗਾ ਰਹਿ ਜਾਂਦਾ ਹੈ ਤੇ ਦੂਜਾ ਹੋਰ ਔਰਤਾਂ ਤੇ ਬੱਚਿਆਂ ਨੇ ਵੀ ਟੋਪੀਆਂ ਨਾਲ਼ ਸਿਰ ਢੱਕੇ ਹੋਏ ਹਨ, ਤੁਸੀਂ ਉਹਨਾਂ ਨੂੰ ਕੁੱਝ ਨਹੀਂ ਕਿਹਾ। ਤਾਂ ਭਾਈ ਜੀ ਬੇਬੱਸ ਹੋ ਗਏ ਤੇ ਗੱਲ ਟਾਲ਼ ਕੇ ਪਾਸੇ ਹੋ ਗਏ। 

           ਮੈਨੂੰ ਨਹੀਂ ਲੱਗਦਾ ਕਿ ਕਿਤੇ ਵੀ ਗੁਰੂ ਸਾਹਿਬ ਨੇ ਗਰਮ ਟੋਪੀ ਪਹਿਨਣ ਤੋਂ ਮਨਾਹੀ ਕੀਤੀ ਹੈ।

            ਮੈਂ ਮੰਨਦੀ ਹਾਂ ਕਿ ਸਿੱਖ ਧਰਮ ਦੇ ਕੁੱਝ ਅਸੂਲ ਹਨ, ਸਿਧਾਂਤ ਹਨ। ਪਰ ਗੁਰੂ ਸਾਹਿਬ ਨੇ ਤਾਂ ਹਰ ਇੱਕ ਨੂੰ ਗਲ਼ ਨਾਲ਼ ਲਗਾਇਆ ਸੀ। ਦੂਜੀ ਗੱਲ ਇਹ ਕਿ ਇਹ ਅਸੂਲ ਸਿੱਖਾਂ ਲਈ ਹਨ ਹਰ ਇੱਕ ਬੰਦੇ ਨੂੰ ਇਹਨਾਂ ਬਾਰੇ ਜਾਣਕਾਰੀ ਨਹੀਂ ਹੁੰਦੀ। ਹਾਂ, ਜੇਕਰ ਅਸੀਂ ਚਾਹੁੰਦੇ ਹਾਂ ਕਿ ਗੁਰੂ ਸਾਹਿਬ ਦੇ ਇਹਨਾਂ ਅਸੂਲਾਂ ਨੂੰ ਸਾਰੇ ਮੰਨਣ ਤਾਂ ਫ਼ੇਰ ਪਿਆਰ ਨਾਲ ਸਮਝਾਈਏ। ਖਾਊਂ-ਵੱਢੂ ਕਰਾਂਗੇ ਤਾਂ ਅਗਲਾ ਮੁੜ ਕੇ ਗੁਰੂ ਘਰ ਵੜਨ ਤੋਂ ਹੀ ਗੁਰੇਜ਼ ਕਰੇਗਾ।

              ਇੱਕ ਹੋਰ ਗੱਲ ਕਰਨਾ ਚਾਹੁੰਦੀ ਹਾਂ ਕਿ ਮੈਂ ਕਿਸੇ ਵੀ ਧਰਮ ਦੇ ਖ਼ਿਲਾਫ਼ ਨਹੀਂ ਹਾਂ ਤੇ ਨਾ ਹੀ ਕਿਸੇ ਦੀ ਬੁਰਾਈ ਕਰਦੀ ਹਾਂ ਕਿਉਂਕਿ ਧਰਮ ਕੋਈ ਵੀ ਮਾੜਾ ਨਹੀਂ ਹੈ। ਸਿਰਫ਼ ਧਰਮ ਦੇ ਠੇਕੇਦਾਰ ਸਾਡੇ ਮਨਾਂ ਵਿੱਚ ਫ਼ਰਕ ਪਾਉਂਦੇ ਹਨ।

                  ਅੱਜਕਲ੍ਹ ਡੇਰਿਆਂ ਬਾਰੇ ਬੜਾ ਮਾੜਾ ਚੰਗਾ ਬੋਲਿਆ ਜਾਂਦਾ ਹੈ ਜਾਂ ਇਸਾਈ ਧਰਮ ਬਾਰੇ। ਅਖੇ ਇਹ ਲੋਕਾਂ ਨੂੰ ਭਰਮਾਂ ਰਹੇ ਹਨ ਤੇ ਆਪਣੇ ਧਰਮ ਵੱਲ ਖਿੱਚ ਪਾ ਰਹੇ ਹਨ। ਪਰ ਇਸ ਬਾਰੇ ਕਾਫ਼ੀ ਜਾਂਚ ਕੀਤੀ ਤੇ ਨਤੀਜਾ ਇਹ ਨਿਕਲਿਆ ਕਿ ਇਹਨਾਂ ਥਾਵਾਂ ਤੇ ਲੋਕਾਂ ਨੂੰ ਪਿਆਰ ਤੇ ਸਤਿਕਾਰ ਮਿਲ਼ ਰਿਹਾ ਹੈ। ਬਹੁਤ ਸਾਰੀਆਂ ਸਹੂਲਤਾਂ ਵੀ ਮਿਲਦੀਆਂ ਹਨ। ਅਸੀਂ ਆਮ ਦੇਖਦੇ ਹਾਂ ਕਿ ਈਸਾਈਆਂ ਦੇ ਬੱਚਿਆਂ ਨੂੰ ਚੰਗੇ ਸਕੂਲਾਂ ਵਿੱਚ ਸਿੱਖਿਆ ਅਤੇ ਸਹੂਲਤਾਂ ਮੁਫ਼ਤ ਮਿਲਦੀਆਂ ਹਨ। ਬਾਕੀ ਰਹੀ ਡੇਰਿਆਂ ਦੀ ਗੱਲ ਤਾਂ ਇਹ ਵੀ ਆਮ ਗੱਲ ਹੈ ਕਿ ਕਈ ਥਾਵਾਂ ਤੇ ਲੋਕਾਂ ਨੂੰ ਰੱਜਵਾਂ ਪਿਆਰ,ਸਤਿਕਾਰ ਤੇ ਅਪਣੱਤ ਮਿਲ਼ਦੀ ਹੈ।ਸੇਵਾਦਾਰ ਹੱਥ ਜੋੜ ਕੇ ਖੜ੍ਹੇ ਹੁੰਦੇ ਹਨ ਤੇ ਜੇਕਰ ਕੁੱਝ ਕਹਿਣਾ ਵੀ ਹੋਵੇ ਤਾਂ ਹੱਥ ਜੋੜ ਕੇ ਬੇਨਤੀ ਕਰਦੇ ਹਨ। ਤੇ ਫ਼ੇਰ ਭਾਵੇਂ ਕੋਈ ਕਿੰਨਾ ਵੀ ਅਮੀਰ ਜਾਂ ਗ਼ਰੀਬ ਹੋਵੇ ਕੋਈ ਫ਼ਰਕ ਨਹੀਂ ਪੈਂਦਾ। ਫਿਰ ਜਿੱਥੇ ਐਨਾ ਪਿਆਰ ਸਤਿਕਾਰ ਮਿਲ਼ੇ ਉੱਥੇ ਬੰਦਾ ਕਿਉਂ ਨਹੀਂ ਜਾਵੇਗਾ? 

                  ਸੋਚਣ ਦੀ ਲੋੜ ਇਹ ਹੈ ਕਿ ਸਾਡੇ ਸਿੱਖ ਭਾਈਚਾਰੇ ਕੋਲ਼ ਨਾ ਤਾਂ ਧੰਨ ਦੀ ਕਮੀ ਹੈ ਅਤੇ ਨਾ ਹੀ ਮਿਠਾਸ ਸੀ। ਸਤਿਗੁਰ ਸ਼੍ਰੀ ਗੁਰੂ ਅਰਜਨ ਦੇਵ ਜੀ ਲਿਖਦੇ ਹਨ:

  ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ।।

 ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ।।

               ਅਫ਼ਸੋਸ ਇਹ ਹੈ ਕਿ ਐਡੀ ਮਿੱਠੀ ਬਾਣੀ ਪੜ੍ਹਦੇ ਸੁਣਦੇ ਹੋਏ ਵੀ ਅਸੀਂ ਮਿਠਾਸ ਨਹੀਂ ਵੰਡਦੇ ਤੇ ਛੋਟੇ ਵੱਡੇ, ਊਚ-ਨੀਚ ਦੇ ਚੱਕਰਾਂ ਵਿੱਚ ਪਏ ਹੋਏ ਹਾਂ। ਜਿਵੇਂ ਅਸੀਂ ਹਰ ਜਗ੍ਹਾ ਲੰਗਰ ਲਗਾਉਂਦੇ ਹਾ ਉਵੇਂ ਹੀ ਅਸੀਂ ਸਿੱਖਿਆ ਅਤੇ ਹੋਰ ਸਹੂਲਤਾਂ ਵੀ ਦੇ ਸਕਦੇ ਹਾਂ। ਇਹਦਾ ਸਿੱਖਾਂ ਨੂੰ ਵੀ ਫ਼ਾਇਦਾ ਹੋਵੇਗਾ ਤੇ ਹੋਰ ਧਰਮਾਂ ਦੇ ਲੋਕ ਵੀ ਸਿੱਖ ਧਰਮ ਦੀ ਮਹਾਨਤਾ ਕਰਕੇ ਨਾਲ਼ ਜੁੜਨਗੇ।

          ਸਿੱਖ ਧਰਮ ਬਹੁਤ ਮਹਾਨ ਧਰਮ ਹੈ।ਇਹ ਸਿੱਖੀ ਸਿਰ ਦੇ ਕੇ ਮਿਲ਼ੀ ਹੈ। ਬੜੀਆਂ ਕੁਰਬਾਨੀਆਂ ਕੀਤੀਆਂ ਹਨ ਸਾਡੇ ਪਾਤਸ਼ਾਹ ਸਤਗੁਰਾਂ ਨੇ। ਅੱਜ ਵੀ ਇਸ ਧਰਮ ਨੂੰ ਦੇਸ਼ ਵਿਦੇਸ਼  ਵਿੱਚ ਬਹੁਤ ਮਾਣ ਸਤਿਕਾਰ ਮਿਲਦਾ ਹੈ। ਬੱਸ ਜੇ ਅਸੀਂ ਕੁੱਝ ਕੁ ਕਮੀਆਂ ਦੂਰ ਕਰ ਲਈਏ ਤਾਂ ਲੋਕ ਸਾਡੇ ਨਾਲ਼ ਜੁੜਨਗੇ, ਟੁੱਟਣਗੇ ਨਹੀਂ।

             ਅਖ਼ੀਰ ਮੈਂ ਇਹ ਜ਼ਰੂਰ ਕਹਾਂਗੀ ਕਿ ਮੈਂ ਕਿਸੇ ਧਰਮ ਦੇ ਵਿਰੁੱਧ ਨਹੀਂ ਹਾਂ ਤੇ ਨਾ ਹੀ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਮੇਰਾ ਕੋਈ ਮਕਸਦ ਹੈ।ਮੈਂ ਸਿਰਫ਼ ਧਰਮ ਦੇ ਅਸਲੀ ਮਾਇਨੇ ਸਮਝ ਕੇ ਆਪਸੀ ਪਿਆਰ ਤੇ ਸਾਂਝ ਵਧਾਉਣ ਲਈ ਬੇਨਤੀ ਕੀਤੀ ਹੈ। ਤੇ ਜਿਹੜੇ ਲੋਕ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਜਾਂ ਰੱਬ ਦੇ ਦੂਤ ਸਮਝਦੇ ਹਨ ਉਹਨਾਂ ਨੂੰ ਆਮ ਲੋਕਾਂ ਨਾਲ਼ ਨਰਮੀ ਤੇ ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ।ਗੁਰਬਾਣੀ ਸਿਰਫ਼ ਪੜ੍ਹ ਕੇ ਨਹੀਂ ਅਮਲ ਵਿੱਚ ਅਪਣਾਈ ਜਾਵੇ ਤਾਂ ਸਾਰੇ ਦੁੱਖ ਕਲੇਸ਼ ਤੇ ਮੁਸੀਬਤਾਂ ਖ਼ਤਮ ਹੋ ਸਕਦੀਆਂ ਹਨ।

    ਭੁੱਲ ਚੁੱਕ ਮੁਆਫ।

 

ਮਨਜੀਤ ਕੌਰ ਧੀਮਾਨ,ਸ਼ੇਰਪੁਰ, ਲੁਧਿਆਣਾ  ਸੰ:9464633059

 ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਦੀ ਸ਼ਹੀਦੀ ‘ਤੇ ਵਿਸ਼ੇਸ਼ -10 ਫ਼ਰਵਰੀ 1846 ਈ.

    

  1. ਸ. ਸ਼ਾਮ ਸਿੰਘ ਅਟਾਰੀ ਵਾਲਾ ਕੌਣ ਸੀ ?- ਸਿੱਖ ਫੌਜ ਵਿੱਚ ਜਰਨੈਲ ਸੀ
  2. ਕਿੰਨੇ ਸਾਲ ਦੀ ਉਮਰ ਵਿੱਚ ਸ. ਸ਼ਾਮ ਸਿੰਘ ਅਟਾਰੀਵਾਲਾ ਵੀ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਭਰਤੀ ਹੋਏ ਸਨ?-18 ਸਾਲ ਦੀ ਉਮਰ ਵਿੱਚ
  3. ਸ. ਸ਼ਾਮ ਸਿੰਘ ਅਟਾਰੀ ਵਾਲੇ ਦਾ ਜਨਮ ਕਦੋਂ ਹੋਇਆ ਸੀ?-1785 ਈ.
  4. ਕਿਸਨੇ ਸ. ਸ਼ਾਮ ਸਿੰਘ ਅਟਾਰੀਵਾਲਾ ਨੂੰ ਸਿੱਖ ਰਾਜ ਦੇ ਬਚਾਅ ਲਈ ਕਮਾਂਡ ਸੰਭਾਲਣ ਲਈ ਕਿਹਾ ਸੀ?-ਮਹਾਰਾਣੀ ਜਿੰਦ ਕੌਰ ਨੇ
  5. ਸ. ਸ਼ਾਮ ਸਿੰਘ ਅਟਾਰੀਵਾਲਾ ਦੇ ਪਿਤਾ ਦਾ ਨਾਮ ਕੀ ਸੀ?-ਨਿਹਾਲ ਸਿੰਘ 
  6. ਸ. ਸ਼ਾਮ ਸਿੰਘ ਦੇ ਪਿਤਾ ਨਿਹਾਲ ਸਿੰਘ ਕਿਸਦੀ ਫੌਜ ਵਿੱਚ ਕਮਾਂਡਰ ਸਨ ?-ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਫ਼ੌਜ ਵਿੱਚ
  7. ਸ. ਸ਼ਾਮ ਸਿੰਘ ਅਟਾਰੀਵਾਲਾ ਦੀ ਮਾਤਾ ਦਾ ਨਾਮ ਕੀ ਸੀ?-ਮਾਤਾ ਸ਼ਮਸ਼ੇਰ ਕੌਰ 
  8. ਸ. ਸ਼ਾਮ ਸਿੰਘ ਅਟਾਰੀ ਵਾਲੇ ਦੇ ਪੁੱਤਰਾਂ ਦੇ ਨਾਮ ਦੱਸੋ?-ਸ.ਠਾਕਰ ਸਿੰਘ ਤੇ ਕਾਨ੍ਹਾ ਸਿੰਘ
  9. ਸ. ਸ਼ਾਮ ਸਿੰਘ ਅਟਾਰੀ ਵਾਲੇ ਦੀ ਪੁੱਤਰੀ ਦਾ ਨਾਮ ਕੀ ਸੀ?-ਨਾਨਕੀ  
  10. ਸ. ਸ਼ਾਮ ਸਿੰਘ ਅਟਾਰੀ ਵਾਲੇ ਦੀ ਪੁੱਤਰੀ ਨਾਨਕੀ ਦਾ ਵਿਆਹ ਕਿਸ ਨਾਲ ਹੋਇਆ ਸੀ?-ਕੰਵਰ ਨੌਨਿਹਾਲ ਸਿੰਘ ਨਾਲ 
  11. ਕੰਵਰ ਨੌਨਿਹਾਲ ਸਿੰਘ ਕਿਸਦੇ ਪੋਤਰੇ ਸਨ?-ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ 
  12. ਮੁਲਤਾਨ ਅਤੇ ਕਸ਼ਮੀਰ ਦੀ ਲੜਾਈ ਵਿੱਚ ਬਹਾਦਰੀ  ਦਿਖਾਉਣ ਤੋਂ ਬਾਅਦ ਮਹਾਰਾਜਾ ਸਾਹਿਬ ਨੇ ਸ.ਸ਼ਾਮ ਸਿੰਘ ਅਟਾਰੀ ਵਾਲਾ ਨੂੰ ਇਨਾਮ ਵਜੋਂ ਕੀ ਦਿੱਤਾ ਸੀ?-ਹੀਰਿਆਂ ਦੀ ਜੜੀ ਕਲਗੀ 
  13. ਮੁਲਤਾਨ ਦੀ ਲੜਾਈ ਕਦੋਂ ਲੜੀ ਗਈ ਸੀ?-1818 ਈ.
  14. ਸਭਰਾਉਂ ਦੀ ਲੜਾਈ ਕਦੋਂ ਹੋਈ?-10 ਫਰਵਰੀ, 1846 ਈ. 
  15. ਸ.ਸ਼ਾਮ ਸਿੰਘ ਅਟਾਰੀ ਵਾਲੇ ਨੇ ਖ਼ਾਲਸਾ ਫ਼ੌਜ ਨੂੰ ਲੜਾਈ ਵਿੱਚ ਲਲਕਾਰ ਕੇ ਕੀ ਕਿਹਾ ਸੀ? -‘‘ਜਿੱਤੋ ਜਾਂ ਸ਼ਹੀਦ ਹੋ ਜਾਓ।’
  16. ਸ. ਸ਼ਾਮ ਸਿੰਘ ਅਟਾਰੀ ਵਾਲਾ ਦੇ ਸੀਨੇ ਵਿੱਚ ਕਿੰਨੀਆਂ ਗੋਲ਼ੀਆਂ ਲੱਗੀਆਂ ਸਨ?-7 ਗੋਲ਼ੀਆਂ
  17. ਸ. ਸ਼ਾਮ ਸਿੰਘ ਅਟਾਰੀ ਵਾਲਾ ਕਦੋਂ ਸ਼ਹੀਦ ਹੋਏ ਸਨ?-10 ਫਰਵਰੀ 1846
  18. ਸ. ਸ਼ਾਮ ਸਿੰਘ ਅਟਾਰੀ ਵਾਲਾ ਕਿਹੜੀ ਲੜਾਈ ਵਿੱਚ ਸ਼ਹੀਦ ਹੋਏ ਸਨ?-ਸਭਰਾਉਂ ਦੀ ਲੜਾਈ
  19. ਸ.ਸ਼ਾਮ ਸਿੰਘ ਅਟਾਰੀ ਵਾਲੇ ਦੀ ਲੋਥ ਲੈ ਜਾਣ ਦੀ ਆਗਿਆ ਕਿਸਨੇ ਦਿੱਤੀ ਸੀ?-ਅੰਗਰੇਜੀ ਕਮਾਂਡਰ-ਇਨ-ਚੀਫ ਲਾਰਡ ਹਿਊਗਫ 
  20. ਸ. ਸ਼ਹੀਦ ਸ਼ਾਮ ਅਟਾਰੀ ਵਾਲੇ  ਦਾ ਸਸਕਾਰ ਕਿੱਥੇ ਕੀਤਾ ਗਿਆ ਸੀ?-ਪਿੰਡ ਅਟਾਰੀ ਵਿੱਚ 
  21. ਸ. ਸ਼ਹੀਦ ਸ਼ਾਮ ਅਟਾਰੀ ਵਾਲੇ  ਦਾ ਸਸਕਾਰ ਕਦੋਂ ਅਤੇ ਕਿਸਦੀ ਚਿਖਾ ਦੇ ਨੇੜੇ ਕੀਤਾ ਗਿਆ ਸੀ ?-12 ਫਰਵਰੀ, 1846 ਨੂੰ ਉਹਨਾਂ ਦੀ ਪਤਨੀ ਦੀ ਚਿਖਾ ਨੇੜੇ

 

 

    ਪ੍ਰੋ. ਗਗਨਦੀਪ ਕੌਰ ਧਾਲੀਵਾਲ 

ਸੇਵਾ ਦਾ ਫ਼ਲ....(ਕਹਾਣੀ) ✍️ ਮਨਜੀਤ ਕੌਰ ਧੀਮਾਨ

ਸੰਗੀਤਾ, ਆਹ ਬਾਬਾ ਜੀ ਲਈ ਇੱਕ ਕੱਪ ਚਾਹ ਬਣਾਈਂ। ਪਤੀ ਸੰਜੀਵ ਨੇ ਆਵਾਜ਼ ਮਾਰੀ।

       ਪਰ ਮੈਂ ਤਾਂ ਦਫ਼ਤਰ ਜਾ ਰਹੀ ਹਾਂ। ਕਿਰਪਾ ਕਰਕੇ ਤੁਸੀਂ ਆਪ ਹੀ ਬਣਾ ਲਓ। ਨਹੀਂ ਤਾਂ ਮੈਨੂੰ ਦੇਰ ਹੋ ਜਾਣੀ ਹੈ। ਸੰਗੀਤਾ ਨੇ ਸਕੂਟਰੀ ਚਾਲੂ ਕਰਦਿਆਂ ਕਿਹਾ।

         ਤੇਰਾ ਦਫ਼ਤਰ ਮੇਰੀ ਗੱਲ ਨਾਲੋਂ ਜਿਆਦਾ ਜ਼ਰੂਰੀ ਹੈ! ਸੰਜੀਵ ਨੇ ਗੁੱਸੇ ਨਾਲ ਚਾਹ ਬਣਾਉਣ ਲਈ ਭਾਂਡਾ ਚੁੱਕਦਿਆਂ ਕਿਹਾ।

           ਬਾਹਰ ਬੈਠਾ ਬਾਬਾ ਮੰਦ ਮੰਦ ਮੁਸਕਾਇਆ।

          ਓ ਹੋ! ਐਵੇਂ ਨਾ ਗੁੱਸਾ ਕਰਿਆ ਕਰੋ। ਤੁਹਾਨੂੰ ਪਤਾ ਕਿ ਮੇਰੇ ਦਫ਼ਤਰ ਵਿੱਚ ਸਖ਼ਤੀ ਬਹੁਤ ਹੈ। ਦੋ ਮਿੰਟ ਦੇਰ ਹੋ ਜਾਵੇ ਤਾਂ ਛੱਤੀ ਗੱਲਾਂ ਸੁਣਨੀਆਂ ਪੈਂਦੀਆਂ ਤੇ ਉੱਤੋਂ ਗੱਲ-ਗੱਲ ਤੇ ਤਨਖ਼ਾਹ 'ਚੋਂ ਕਟੋਤੀ ਕਰ ਲੈਂਦੇ ਹਨ। ਕਹਿ ਕੇ ਸੰਗੀਤਾ ਚਲੀ ਗਈ।

               ਅੱਜ ਤੁਸੀਂ ਘਰ ਹੀ ਹੋ? ਗਏ ਨੀਂ ਕੰਮ ਤੇ? ਸ਼ਾਮ ਨੂੰ ਸੰਗੀਤਾ ਆਈ ਤਾਂ ਸੰਜੀਵ ਨੂੰ ਘਰ ਦੇਖ਼ ਕੇ ਪੁੱਛਿਆ ,ਪਰ ਉਹਨੇ ਕੋਈ ਜਵਾਬ ਨਾ ਦਿੱਤਾ। ਸੰਗੀਤਾ ਨੇ ਕਈ ਵਾਰ ਬੁਲਾਇਆ ਪਰ ਉਹ ਨਾ ਬੋਲਿਆ। ਸੰਗੀਤਾ ਨੂੰ ਸਵੇਰ ਵਾਲ਼ੀ ਗੱਲ ਯਾਦ ਆਈ। ਉਹ ਹੈਰਾਨ ਹੋ ਗਈ ਕਿ ਇੰਨੀ ਛੋਟੀ ਜਿਹੀ ਗੱਲ ਦਾ ਉਹਨੇ ਐਡਾ ਗੁੱਸਾ ਕੀਤਾ ਹੋਇਆ। ਖ਼ੈਰ ਉਹ ਉੱਠ ਕੇ ਰਸੋਈ ਵਿੱਚ ਸਬਜ਼ੀ ਬਣਾਉਣ ਲੱਗ ਪਈ। ਸਬਜ਼ੀ ਬਣਾ ਕੇ ਓਹਨੇ ਚਾਹ ਬਣਾਈ ਤੇ ਲੈ ਕੇ ਅੰਦਰ ਸੰਜੀਵ ਕੋਲ਼ ਆ ਬੈਠੀ।

            ਚਾਹ ਪੀ ਲਓ, ਓਹਨੇ ਕੱਪ ਸੰਜੀਵ ਵੱਲ ਵਧਾਇਆ। ਪਰ ਓਹਨੇ ਫੜਿਆ ਨਾ ਤੇ ਗੁੱਸੇ ਵਿੱਚ ਮੂੰਹ ਘੁੰਮਾ ਲਿਆ।

           ਜਦੋਂ ਸੰਗੀਤਾ ਨੇ ਦੁਬਾਰਾ ਕਿਹਾ ਤਾਂ ਉਹ ਭੜਕ ਕੇ ਬੋਲਿਆ, ਸਵੇਰੇ ਤਾਂ ਚਾਹ ਬਣਾ ਨਹੀਂ ਹੋਈ ਤੈਥੋਂ। ਹੁਣ ਵੀ ਰਹਿਣ ਦਿੰਦੀ..........! ਹੂੰਅ......! ਮੇਰਾ ਕੰਮ ਮੰਦਾ ਚੱਲਦਾ ਤੇ ਮੈਨੂੰ ਕਿਸੇ ਪੰਡਿਤ ਨੇ ਕਿਹਾ ਕਿ ਗਰੀਬ-ਗੁਰਬੇ ਦੀ ਸੇਵਾ ਕਰਿਆ ਕਰ। ਏਸੇ ਲਈ ਉਸ ਬਾਬੇ ਨੂੰ ਚਾਹ ਪੀਣ ਲਈ ਬਿਠਾਇਆ ਸੀ। ਸੰਜੀਵ ਨੇ ਗੁੱਸੇ ਵਿੱਚ ਹੀ ਭੇਦ ਖੋਲਿਆ।

            ਸੰਗੀਤਾ ਹਲਕਾ ਜਿਹਾ ਮੁਸਕਰਾਈ ਤੇ ਬੋਲੀ ਸੇਵਾ ਕਰਨੀ ਤਾਂ ਬਹੁਤ ਚੰਗੀ ਗੱਲ ਹੈ। ਪਰ ਇਸ ਤਰ੍ਹਾਂ ਦੀ ਸੇਵਾ ਆਪ ਕਰੀਦੀ ਹੈ। ਤੇ ਦੂਜੀ ਗੱਲ ਸੇਵਾ ਲਾਲਚ ਤੇ ਇੱਛਾ-ਮੁਕਤ ਹੋ ਕੇ ਕਰਨੀ ਚਾਹੀਦੀ ਹੈ। ਤੇ ਨਾਲ਼ੇ ਸੇਵਾ ਪਿੱਛੇ ਘਰ ਵਿੱਚ ਕਲੇਸ਼ ਵੀ ਨਹੀਂ ਪਾਉਣਾ ਚਾਹੀਦਾ।ਤੁਹਾਨੂੰ ਪਤਾ ਕਿ ਮੇਰੇ ਕੋਲ ਉਸ ਵਕਤ ਸਮਾਂ ਨਹੀਂ ਸੀ। ਜੇਕਰ ਤੁਸੀਂ ਚਾਹ ਬਣਾ ਕੇ ਪਿਲਾ ਦਿੱਤੀ ਤਾਂ ਕੀ ਹੋ ਗਿਆ? ਹਰ ਵੇਲ਼ੇ ਔਰਤ ਦੀ ਮਜ਼ਬੂਰੀ ਨੂੰ ਮਰਦ ਦੀ ਮਰਦਾਨਗੀ ਦਾ ਸਵਾਲ ਨਹੀਂ ਬਣਾ ਲਈਦਾ। ਕਹਿ ਕੇ ਸੰਗੀਤਾ ਖ਼ਾਲੀ ਕੱਪ ਚੁੱਕ ਕੇ ਰਸੋਈ ਵੱਲ ਤੁਰ ਗਈ ਤੇ ਸੰਜੀਵ ਵੀ ਉਹਦੇ ਮਗਰ-ਮਗਰ ਮਦਦ ਕਰਨ ਲਈ ਚੱਲ ਪਿਆ। ਉਹਦੀ ਮਰਦਾਂਨਗੀ ਹੁਣ ਕੁੱਝ ਢਿੱਲੀ ਜੋ ਪੈ ਗਈ ਸੀ।

 

ਮਨਜੀਤ ਕੌਰ ਧੀਮਾਨ,ਸ਼ੇਰਪੁਰ, ਲੁਧਿਆਣਾ  -ਸੰ:9464633059

ਅੰਦਰਲਾ ਇਨਸਾਨ ✍️ ਮਨਜੀਤ ਕੌਰ ਧੀਮਾਨ

ਸੰਤੋਸ਼ ਦੇਵੀ..! ਦਫ਼ਤਰ ਦੇ ਅੰਦਰੋਂ ਆਵਾਜ਼ ਆਈ ਤਾਂ ਦਫ਼ਤਰ ਵਿੱਚ ਕੰਮ ਕਰਨ ਵਾਲ਼ੀ ਸੰਤੋਸ਼ ਅੰਦਰ ਚਲੀ ਗਈ।

       ਆਹ ਲਓ ਆਂਟੀ ਜੀ, ਤੁਹਾਡੀ ਇਸ ਮਹੀਨੇ ਦੀ ਤਨਖ਼ਾਹ। ਕਹਿ ਕੇ ਕਲਰਕ ਮੁੰਡੇ ਨੇ ਇੱਕ ਪੈਕੇਟ ਫੜਾ ਦਿੱਤਾ।

          ਪਰ.... ਪਰ.....! ਸੰਤੋਸ਼ ਦੇ ਬੁੱਲ੍ਹ ਕੁੱਝ ਕਹਿਣ ਲਈ ਹਿੱਲੇ।

          ਪਰ-ਪੁਰ, ਹਜੇ ਕੁੱਝ ਨਹੀਂ। ਤਨਖ਼ਾਹ ਵਧਾਉਣ ਦੀ ਗੱਲ ਤੁਸੀਂ ਬੌਸ ਨਾਲ਼ ਕਰਿਓ। ਹਜੇ ਮੇਰੇ ਕੋਲ ਬਿਲਕੁੱਲ ਸਮਾਂ ਨਹੀਂ। ਤੁਸੀਂ ਕਿਰਪਾ ਕਰਕੇ ਜਾਓ। ਹਜੇ ਮੈਂ ਬਾਕੀ ਕਰਮਚਾਰੀਆਂ ਨੂੰ ਵੀ ਤਨਖ਼ਾਹ ਦੇਣੀ ਹੈ। ਕਲਰਕ ਮੁੰਡੇ ਨੇ ਬਿਨਾਂ ਉਹਦੇ ਵੱਲ ਦੇਖਿਆ ਕਿਹਾ।

             ਸੰਤੋਸ਼ ਨੇ ਇੱਕ ਵਾਰ ਫ਼ੇਰ ਪੈਕੇਟ ਵੱਲ ਦੇਖਿਆ ਤੇ ਪੈਕੇਟ ਉੱਥੇ ਹੀ ਰੱਖ ਕੇ ਬਾਹਰ ਵੱਲ ਤੁਰ ਪਈ।

              ਆਂਟੀ, ਆਹ ਪੈਕੇਟ ਤਾਂ ਲੈ ਕੇ ਜਾਓ। ਮੁੰਡੇ ਨੇ ਆਵਾਜ਼ ਮਾਰੀ।

                ਹੁਣ ਸੰਤੋਸ਼ ਨੇ ਅਣਮੰਨੇ ਜਿਹੇ ਮਨ ਨਾਲ਼ ਪੈਕੇਟ ਚੁੱਕਿਆ ਤੇ ਕਾਹਲ਼ੀ ਨਾਲ਼ ਬਾਹਰ ਆ ਗਈ।

              ਕੀ ਹੋਇਆ? ਐਨੀ ਪਰੇਸ਼ਾਨ ਕਿਉਂ ਹੈ? ਤਨਖ਼ਾਹ ਮਿਲਣ ਤੇ ਲੋਕੀ ਖੁਸ਼ ਹੁੰਦੇ ਪਰ ਤੂੰ ਤਾਂ ਦੁੱਖੀ ਹੋ ਗਈ ਏਂ! ਨਾਲ਼ ਵਾਲ਼ੀ ਸਹੇਲੀ ਰਜਨੀ ਨੇ ਪੁੱਛਿਆ।

              ਉਹ ਤਾਂ ਸੱਭ ਠੀਕ ਹੈ ਪਰ..... ਸੰਤੋਸ਼ ਗੱਲ ਕਰਦੀ- ਕਰਦੀ ਚੁੱਪ ਕਰ ਗਈ।

              ਪਰ!....ਪਰ ਕੀ? ਦੱਸ ਤਾਂ ਸਹੀ, ਗੱਲ ਕੀ ਹੈ? ਰਜਨੀ ਨੇ ਜ਼ੋਰ ਪਾਇਆ।

              ਗੱਲ ਇਹ ਹੈ ਕਿ ਇਹ ਤਨਖ਼ਾਹ ਮੇਰੀ ਨਹੀਂ ਹੈ। ਸੰਤੋਸ਼ ਨੇ ਮਨ ਪੱਕਾ ਕਰਕੇ ਇੱਕਦਮ ਕਿਹਾ।

                ਹੈਂ...!ਤੇਰੀ ਨਹੀਂ? ਮਤਲਬ ਇਹ ਕਿਸੇ ਹੋਰ ਦੀ ਤਨਖ਼ਾਹ ਹੈ? ਪਰ ਕੀਹਦੀ? ਮੈਨੂੰ ਕੁੱਝ ਸਮਝ ਨਹੀਂ ਆ ਰਹੀ। ਤੂੰ ਚੰਗੀ ਤਰ੍ਹਾਂ ਦੱਸ। ਰਜਨੀ ਸੋਚਾਂ ਵਿੱਚ ਪੈ ਗਈ।

             ਓ... ਹੋ! ਕੀ ਹੋ ਗਿਆ ਤੈਨੂੰ? ਤੈਨੂੰ ਚੰਗਾ ਭਲਾ ਪਤਾ ਕਿ ਪਿੱਛਲੇ ਮਹੀਨੇ ਮੈਂ ਛੁੱਟੀ 'ਤੇ ਗਈ ਸੀ। ਤੇ ਇਹ ਪਿੱਛਲੇ ਮਹੀਨੇ ਦੀ ਹੀ ਤਨਖ਼ਾਹ ਹੈ। ਹੁਣ ਤੂੰ ਹੀ ਦੱਸ ਕਿ ਇਹ ਮੇਰੀ ਕਿਵੇਂ ਹੋਈ? ਸੰਤੋਸ਼ ਨੇ ਇੱਕੋ ਸਾਹੇ ਕਹਿ ਦਿੱਤਾ।

                ਅੱਛਾ! ਤਾਂ ਇਹ ਗੱਲ ਹੈ। ਤੂੰ ਵੀ ਨਾ ਬੱਸ ਕਮਲ਼ੀ ਹੈਂ। ਓਦਾਂ ਹਮੇਸ਼ਾਂ ਖਰਚੇ ਤੋਂ ਤੰਗ ਰਹਿੰਦੀ ਏ ਤੇ ਹੁਣ ਜੇ ਬੌਸ ਨੇ ਭੁਲੇਖ਼ੇ ਨਾਲ਼ ਤਨਖ਼ਾਹ ਦੇ ਹੀ ਦਿੱਤੀ ਤਾਂ ਤੈਨੂੰ ਕੀ ਹੈ? ਤੂੰ ਮਜ਼ੇ ਕਰ ਤੇ ਹਾਂ ਮੈਨੂੰ ਪਾਰਟੀ ਜ਼ਰੂਰ ਦੇਣੀ ਹੈ, ਸਮਝੀ! ਰਜਨੀ ਨੇ ਹੱਸਦਿਆਂ ਕਿਹਾ।

            ਰਜਨੀ ਦੀ ਗੱਲ ਸੁਣ ਕੇ ਸੰਤੋਸ਼ ਚੁੱਪ ਕਰ ਗਈ ਤੇ ਆਪਣੇ ਕੰਮ ਵਿੱਚ ਰੁੱਝ ਗਈ।         ਛੁੱਟੀ ਵੇਲ਼ੇ ਸੰਤੋਸ਼ ਨੇ ਅਚਾਨਕ ਉਹ ਪੈਕੇਟ ਆਪਣੇ ਪਰਸ ਵਿੱਚੋਂ ਕੱਢਿਆ ਤੇ ਅੰਦਰ ਜਾ ਕੇ ਕਲਰਕ ਮੁੰਡੇ ਨੂੰ ਸੋਪਦਿਆਂ ਕਿਹਾ, ਇਸ ਮਹੀਨੇ ਮੈਂ ਛੁੱਟੀ ਤੇ ਸੀ। ਸ਼ਾਇਦ ਗਲਤੀ ਨਾਲ ਤੁਸੀਂ ਮੈਨੂੰ ਤਨਖਾਹ ਦੇ ਦਿੱਤੀ ਹੈ। ਕਹਿ ਕੇ ਬਿਨਾਂ ਜਵਾਬ ਉਡੀਕੇ ਸੰਤੋਸ਼ ਬਾਹਰ ਨਿਕਲ਼ ਗਈ।

                ਮੋੜ ਹੀ ਆਈ ਫ਼ੇਰ! ਚੈਨ ਆ ਗਿਆ ਹੁਣ? ਰਜਨੀ ਨੇ ਉਹਨੂੰ ਅੰਦਰੋਂ ਆਉਂਦਿਆਂ ਦੇਖ ਕੇ ਪੁੱਛਿਆ।

          ਬਿਲਕੁੱਲ ਆ ਗਿਆ! ਅੜੀਏ ਮੈਂ ਤਾਂ ਬਹੁਤ ਮਨਾਇਆ ਪਰ ਆਹ ਅੰਦਰਲਾ ਇਨਸਾਨ ਨਹੀਂ ਮੰਨਿਆ। ਕਹਿ ਕੇ ਸੰਤੋਸ਼ ਹੱਸਦਿਆਂ ਹੋਇਆਂ ਪਰਸ ਚੁੱਕ ਘਰ ਨੂੰ ਤੁਰ ਪਈ।

 

ਮਨਜੀਤ ਕੌਰ ਧੀਮਾਨ,                                                     ਸ਼ੇਰਪੁਰ, ਲੁਧਿਆਣਾ।                                ਸੰ:9464633059

ਪੱਥਰ ਬਨਾਮ ਹੀਰੇ (ਕਹਾਣੀ) ✍️ ਮਨਜੀਤ ਕੌਰ ਜੀਤ

ਸਾਰਾ ਪਰਿਵਾਰ ਹਸਪਤਾਲ ਵਿੱਚ ਇਕੱਠਾ ਹੋ ਗਿਆ ।ਰੇਖਾ ਨੂੰ ਅੰਦਰ ਗਏ ਕਾਫੀ ਸਮਾਂ ਹੋ ਗਿਆ ਸੀ।ਬਾਹਰ ਸਹੁਰਾ ਪਰਿਵਾਰ ਖੁਸ਼ ਸੀ ਕਿ ਚੈੱਕ ਕਰਵਾਇਆ ਹੋਇਆ ਹੈ ਪੱਕਾ ਪੁੱਤਰ ਹੀ ਹੋਵੇਗਾ ।ਡਾਕਟਰ ਨੇ ਪੂਰਾ ਭਰੋਸਾ ਦਿੱਤਾ ਸੀ।ਪੈਸੇ ਵੀ ਵੱਧ ਲਏ ਸੀ ਕਿ ਕਾਨੂੰਨ ਹੱਥ ਵਿੱਚ ਲੈ ਕੇ ਟੈਸਟ ਕਰਵਾਇਆ ਸੀ।ਪਰ ਰੇਖਾ ਨਾ ਖੁਸ਼ ਸੀ ਤੇ ਨਾ ਹੀ ਚਿੰਤਤ । ਨਵੇਂ ਕੱਪੜਿਆਂ ਵਿੱਚ ਲਿਪਟਿਆਂ ਬੱਚਾ ਫੜਨ ਲਈ ਕਿਸੇ ਨੂੰ ਅੰਦਰ ਬੁਲਾਇਆ ਤਾਂ ਰੇਖਾ ਦੀ ਸੱਸ ਲੱਛਮੀ ਮੂਹਰੇ ਆ ਗਈ ਤੇ ਪੁੱਛਿਆ ,”ਠੀਕ ਨੇ ਦੋਵੇਂ ਜੀ ।” ਨਰਸ ਨੇ ਹਾਂ ਜੀ ਕਿਹਾ ।ਪਰ ਉਸ ਨੇ ਕੋਈ ਸ਼ਗਨ ਲੈਣ ਦੀ ਗੱਲ ਨਾ ਕਰੀ ਤੇ ਚੁੱਪ ਕਰਕੇ ਬੱਚਾ ਫੜਾਉੰਦੇ ਕਿਹਾ ,”ਬਹੁਤ ਪਿਆਰੀ ਹੈ ਜੀ ,ਅੰਗੂਠਾ ਚੁੰਘਦੀ ਸੀ ।ਇਸ ਤਰਾਂ ਦੇ ਬੱਚੇ ਬੜੇ ਘੱਟ ਹੁੰਦੇ ਹਨ ਜੀ ।ਪੂਰੀ ਚੁਸਤ ਹੈ।”ਲੱਛਮੀ ਤਾਂ ਬਰਫ ਦੀ ਤਰਾਂ ਜੰਮ ਗਈ ਸੀ ਇਹ ਸਭ ਸੁਣ ਕੇ,ਕੁਝ ਨਾ ਬੋਲੀ ।ਨਰਸ ਨੂੰ ਪਰੇ ਕਰਕੇ ਕਹਿੰਦੀ ,ਟੈਸਟ ਕਰਵਾਇਆ ਸੀ ,ਉਹ ਤਾਂ ਲੜਕਾ ਦੱਸਦੇ ਸੀ ਕਿਤੇ ਤੁਸੀਂ ਬਦਲ ਤਾਂ ਨਹੀ ਦਿੱਤਾ । ਨਹੀਂ ਮਾਂ ਜੀ ਸਾਡੇ ਹਸਪਤਾਲ ਵਿੱਚ ਇਹ ਕੁਝ ਨਹੀ ਹੁੰਦਾ ।ਕਹਿ ਕੇ ਨਰਸ ਚੱਲੀ ਗਈ ।ਸਭ ਦੇ ਕੋਲ ਆ ਫਿਰ ਕਹਿੰਦੀ,” ਪੱਥਰ ਪੱਲੇ ਪੈ ਗਿਆ ,ਐਨੇ ਪੈਸੇ ਵੀ ਲਾਏ ,ਇਹ ਕੀ ਹੋ ਗਿਆ? ਪਰ ਰੇਖਾ ਆਪਣੀ ਧੀ ਨੂੰ ਦੇਖ ਕੇ ਹੰਝੂ ਕੇਰਦੀ ਸੋਚ ਰਹੀ ਸੀ ਜੇ ਉਸ ਦਿਨ ਡਾਕਟਰ ਨੂੰ ਮਿੰਨਤਾਂ ਕਰਕੇ ਰਿਪੋਰਟ ਬਦਲਣ ਲਈ ਨਾ ਕਹਿੰਦੀ ਤਾਂ ਮੈਂ ਮਾਂ ਦੀ ਥਾਂ ਤੇਰੀ ਕਾਤਿਲ ਹੋਣਾ ਸੀ ਧੀਏ।ਯੁੱਗ -ਯੁੱਗ ਜੀਓ ।”ਸੋਚਾਂ ਦੀ ਲੜੀ ਟੁੱਟ ਗਈ ਜਦੋਂ ਬੇਟੀ ਨੇ ਦਾਦੀ ਨੂੰ ਪੁੱਛਿਆ ਕਿ ਦਾਦੀ ਪੱਥਰ ਕੌਣ ਹੁੰਦਾ ? ਕਿੱਥੇ ਹੈ ਪੱਥਰ? ਕੁੜੀ ਦੇ ਆਉਣ ‘ਤੇ ਕਹਿੰਦੇ ਹੁੰਦੇ ਨੇ ਪੁੱਤ।ਅੱਛਾ ਦਾਦੀ ਮੈਂ ਵੀ ਪੱਥਰ ਹਾਂ  ।ਨਹੀਂ ਪੁੱਤ ,ਤੈਨੂੰ ਨਹੀਂ ਕਹਿੰਦੇ।ਅੱਛਾ ਦਾਦੀ ਮੈਂ ਸਮਝ ਗਿਆ ,ਛੋਟੀਆਂ ਕੁੜੀਆਂ ਨੂੰ ਕਹਿੰਦੇ ਹਨ। ਫਿਰ ਤੁਸੀਂ ,ਮੈਂ , ਭੂਆ ਕਿੱਧਰੋਂ ਹੀਰੇ ਹੋਏ। ਛੋਟੀ ਬੇਟੀ ਦੇ ਮੂੰਹੋਂ ਲੱਛਮੀ ਇਹ ਸ਼ਬਦ ਸੁਣ ਕੇ ਚੁੱਪ ਕਰ ਗਈ।

 

ਮਨਜੀਤ ਕੌਰ ਜੀਤ

ਦੁੱਧ ਦਾ ਸੜਿਆ ( ਮਿੰਨੀ ਕਹਾਣੀ) ✍️ ਮਹਿੰਦਰ ਸਿੰਘ ਮਾਨ

ਤਿੰਨ ਕੁ ਸਾਲ ਪਹਿਲਾਂ ਮੈਨੂੰ ਸਰਕਾਰੀ ਹਾਈ ਸਕੂਲ ਬਿੰਜੋਂ(ਹੁਸ਼ਿਆਰਪੁਰ) ਵਿੱਚ ਸਾਇੰਸ ਮਿਸਟਰੈਸ ਦੀ ਨੌਕਰੀ ਮਿਲ ਗਈ ਸੀ। ਮੇਰਾ ਤਿੰਨ ਸਾਲ ਦਾ ਪਰਖ ਕਾਲ ਦਾ ਸਮਾਂ ਬਿਨਾਂ ਕਿਸੇ ਰੁਕਾਵਟ ਤੋਂ ਪੂਰਾ ਹੋ ਗਿਆ ਸੀ। ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਪਣੇ ਪਤੀ ਨਾਲ ਸਲਾਹ ਕਰਕੇ ਮੈਂ ਆਪਣੇ ਘਰ ਵਿੱਚ ਅਖੰਡ ਪਾਠ ਕਰਵਾਉਣ ਦਾ ਫੈਸਲਾ ਕਰ ਲਿਆ। ਮੇਰੀ ਵੱਡੀ ਭੈਣ ਰੋਪੜ ਰਹਿੰਦੀ ਹੈ। ਉਸ ਦਾ ਪਤੀ ਇੱਥੇ ਪੁਲਿਸ ਮੈਨ ਲੱਗਾ ਹੋਇਆ ਸੀ। ਉਸ ਨੂੰ ਸ਼ਰਾਬ ਪੀਣ ਦੀ ਆਦਤ ਸੀ। ਸੁੱਕੀ ਸ਼ਰਾਬ ਪੀ ਕੇ ਉਸ ਦਾ ਮਿਹਦਾ ਖਰਾਬ ਹੋ ਗਿਆ ਸੀ। ਫਿਰ ਇੱਕ ਦਿਨ ਉਹ ਆਪਣੀ ਜਾਨ ਤੋਂ ਹੱਥ ਧੋ ਬੈਠਾ ਸੀ। ਤਰਸ ਦੇ ਆਧਾਰ ਤੇ ਉਸ ਦੇ ਮੁੰਡੇ ਮਨਜੀਤ  ਨੂੰ ਪੁਲਿਸ ਮੈਨ ਦੀ ਨੌਕਰੀ ਮਿਲ ਗਈ ਸੀ। ਅਖੰਡ ਪਾਠ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਮੈਂ ਸਵੇਰੇ, ਸਵੇਰੇ ਆਪਣੀ ਵੱਡੀ ਭੈਣ ਨੂੰ ਫੋਨ ਕਰਕੇ ਆਖਿਆ,"ਭੈਣ ਜੀ, ਅਸੀਂ ਆਪਣੇ ਘਰ ਅਖੰਡ ਪਾਠ ਕਰਵਾਣਾ ਆਂ। ਅਖੰਡ ਪਾਠ ਸਵੇਰ ਤੋਂ ਸ਼ੁਰੂ ਹੋ ਜਾਵੇਗਾ।ਤੁਸੀਂ ਤਿੰਨ ਦਿਨ ਸਾਡੇ ਨਾਲ ਰਲ ਕੇ ਸੇਵਾ ਕਰਨੀ ਆਂ।ਮਨਜੀਤ ਤਾਂ ਚਲੋ ਡਿਊਟੀ ਤੇ ਚਲੇ ਜਾਂਦਾ ਆ। ਉਹ ਭੋਗ ਵਾਲੇ ਦਿਨ ਆ ਜਾਵੇ।"

"ਬਿੰਦਰ ਤੈਨੂੰ ਮੇਰੇ ਘਰ ਦੇ ਹਾਲਾਤਾਂ ਦਾ ਪਤਾ ਈ ਆ। ਤੇਰੇ ਜੀਜੇ ਨੇ ਘਰ ਨੂੰ ਨਰਕ ਬਣਾਇਆ ਹੋਇਆ ਸੀ। ਹੁਣ ਮਨਜੀਤ ਨੂੰ ਨੌਕਰੀ ਮਿਲਣ ਤੇ ਸੁੱਖ ਦਾ ਸਾਹ ਆਇਆ ਆ।

ਮੈਨੂੰ ਇਸ ਦਾ ਪੂਰਾ ਧਿਆਨ ਰੱਖਣਾ ਪੈਂਦਾ ਆ। ਕਿਤੇ ਤੇਰੇ ਜੀਜੇ ਵਾਲੇ ਰਸਤੇ ਨਾ ਪੈ ਜਾਵੇ, ਮੈਂ ਇਸ ਨੂੰ ਘਰ ਕੱਲਾ ਨੀ ਛੱਡਦੀ। ਨਾਲੇ ਤੈਨੂੰ ਦੱਸਾਂ ਅਸੀਂ ਦੋਵੇਂ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਗੁਰੂ ਵਾਲੇ ਬਣ ਗਏ ਆਂ। ਅਸੀਂ ਦੋਵੇਂ ਮਾਂ -ਪੁੱਤ ਭੋਗ ਵਾਲੇ ਦਿਨ ਹੀ ਆਵਾਂਗੇ।"

ਮੈਨੂੰ ਆਪਣੀ ਵੱਡੀ ਭੈਣ ਦੀਆਂ ਗੱਲਾਂ ਵਿੱਚ ਵਜ਼ਨ ਲੱਗਾ ਤੇ ਆਖਿਆ," ਭੈਣ ਜੀ, ਕੋਈ ਗੱਲ ਨੀ। ਜਿੱਦਾਂ ਤੁਹਾਨੂੰ ਚੰਗਾ ਲੱਗਾ, ਉਦਾਂ ਕਰ ਲਿਉ।"

ਮਹਿੰਦਰ ਸਿੰਘ ਮਾਨ

ਸਲੋਹ ਰੋਡ

ਚੈਨਲਾਂ ਵਾਲੀ ਕੋਠੀ

ਨਵਾਂ ਸ਼ਹਿਰ-9915803554

ਸ਼ਰੀਫ  ਕੁੜੀ   (ਮਿੰਨੀ ਕਹਾਣੀ ) ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ

ਮਿੰਨੀ ਕਹਾਣੀ 

ਸ਼ਰੀਫ  ਕੁੜੀ  

   ' ਸੋਨੂੰ••••••।' ਰਸੀਵਰ  ਚੁੱਕਦੇ ਹੀ ਉਸ ਦੀ  ਆਵਾਜ  ਕੰਨਾਂ ਵਿਚ  ਪੈਦੇ ਹੀ ਮੀਨੂੰ ਦੇ  ਪੱਬ ਧਰਤੀ  ਤੇ  ਨੱਚ ਉਠੇ  ਤੇ ਉਹ  ਬੋਲੀ, "ਪਤਾ  ਮੈਂ ਤੇਨੂੰ  ਕਿੰਨਾ  ਯਾਦ  ਕਰ  ਰਹੀ  ਸੀ.... ।"  "ਸੱਚੀ .....!

ਇਹ ਤਾਂ ਦਸ ਅੱਜ  ਕੀ ਕਰ  ਰਹੀ ਹੈ ?"

"ਕੁਝ ਨਹੀ ......।"

       "ਫਿਰ  ਮਿਲਣ ਆਜਾ ਪਲੀਜ਼......ਤੈਨੂੰ ਦੇਖਣ  ਲਈ  ਦਿਲ ਤੜਪ  ਰਿਹਾ .....।"

  "ਪਰ ਸੋਨੂੰ .....ਅੱਜ ਸੰਡੇ ......ਪਾਪਾ ਵੀ ਘਰ ......।"

" ਮੈਨੂੰ ਨਹੀ ਪਤਾ ..... ਇੱਧਰ  ਮੇਰੀ  ਹਾਲਤ  ਮਾੜੀ  ਹੇ ਰਹੀ  ਹੈ  ਤੇ ਤੂੰ ......।"

" ਅੱਛਾ  ਦਸ ਫਿਰ ਕਿੱਥੇ .........?" ਆਪਣੇ  ਰੱਬ ਵਰਗੇ ਪ੍ਰੇਮੀ  ਨੂੰ ਨਾਰਾਜ਼ ਹੁੰਦਿਆ  ਦੇਖ ਮੀਨੂੰ ਬੋਲੀ ।

"ਸਾਡੇ  ਘਰ .......ਅੱਜ  ਇਥੇ  ਕੋਈ  ਨਹੀ......ਸਾਰੇ  ਜਰੂਰੀ  ਕੰਮ  ਗਏ ਨੇ।"

" ਠੀਕ ਹੈ ।" ਕਹਿੰਦੇ  ਮੀਨੂੰ ਨੇ ਕਿਤਾਬਾਂ ਚੁੱਕ ਸਹੇਲੀ  ਦੇ ਘਰ  ਜਾਣ  ਦਾ ਬਹਾਨਾ  ਬਣਾ  ਸੋਨੂੰ ਦੇ ਘਰ  ਆ ਗਈ।

        ਮੀਨੂੰ ਦੀ  ਰੂਹ  ਖਿੜੀ  ਹੋਈ ਸੀ ।ਪਿਆਰ  ਦੀਆਂ ਸੁਭਾਵਕ  ਗੱਲਾਂ ਕਰਦੇ- ਕਰਦੇ  ਉਹ  ਕਦੋਂ ਇਕ ਦੂਜੇ ਦੀਆਂ  ਬਾਹਵਾਂ ਵਿਚ  ਸਮਾ ਗਏ ਤੇ  ਪਿਆਰ  ਦੇ ਸਭ ਹੱਦ  ਬੰਨੇ  ਟੱਪ  ਗਏ  ਉਹਨਾਂ ਨੂੰ ਪਤਾ  ਵੀ  ਨਾ ਲਗਾ।

      ਹੋਸ਼ ਵਿਚ  ਪਰਤਦਿਆਂ ਮੀਨੂੰ ਗੱਚ ਭਰਦਿਆਂ ਬੋਲੀ,"ਸੋਹਣਿਆ .....ਮੈਂ......ਮੈਂ .....ਤੈਨੂੰ ਸੱਚਾ ਪਿਆਰ  ਕਰਦੀ  ਹਾਂ.......ਵੇਖੀ ਕਿਤੇ  ਮੈਨੂੰ ਧੋਖਾ  ਨਾ ਦੇ ਦੇਵੀਂ ......ਮੈਂ ਤਾਂ ਅੱਜ  ਪਿਆਰ  ਵਿਚ  ਤੈਨੂੰ ਸਭ ਕੁਝ ......।" ਤੇ ਉਹ  ਉਸ ਦੇ  ਗਲੇ ਲੱਗ  ਉੱਚੀ ਉੱਚੀ  ਰੋ ਪਈ । 

         "ਮੈਂ ਵੀ  ਤੈਨੂੰ ਬਹੁਤ  ਪਿਆਰ  ਕਰਦਾ  ਹਾਂ।" ਸੋਨੂੰ ਉਸ  ਦੇ ਹੰਝੂ  ਪੁੰਝਦਿਆਂ  ਬੋਲਿਆ । 

          ਬਹੁਤ  ਵਕਤ  ਹੋਇਆ  ਦੇਖ  ਮੀਨੂੰ ਕਿਤਾਬਾਂ ਚੁੱਕ ਛੇਤੀ  ਨਾਲ  ਘਰ  ਚਲੀ  ਗਈ । ਉਸ ਦੇ  ਜਾਂਦੇ  ਹੀ ਅਚਾਨਕ  ਸੋਨੂੰ ਦਾ ਖਾਸ  ਦੋਸਤ ਸ਼ੰਮੀ  ਉਸਨੂੰ ਮਿਲਣ ਆ ਗਿਆ। ਕਮਰੇ ਦੀ  ਹਾਲਤ  ਵੇਖਦੇ ਹੀ ਉਹ ਮਸਕੜੀ  ਹਾਸੀ  ਹੱਸਦਿਆਂ ਬੋਲਿਆ , "ਕਮਾਲ ਹੋ ਗਈ  ਯਾਰ......ਅੱਜ ਫੇਰ ...! ਕਿੰਨੇ  ਚ....?" "ਨਹੀ  ਯਾਰ ......ਉਹ ਤਾਂ ਮੇਰੀ ਦੋਸਤ  ਸੀ......ਮੀਨੂੰ।"

        "ਕੀ•••••?"

"ਮੀਨੂੰ ! ਯਾਰ,ਯਾਰ.....ਉਹ ਤਾਂ ਬੜੀ ਸ਼ਰੀਫ ਕੁੜੀ ਐ। ਤੂੰ......ਤੂੰ ਕਿਤੇ ਉਸ ਨਾਲ  ਪਿਆਰ ......?" ਸ਼ਮੀ ਹੈਰਾਨ ਹੋਇਆ ਪੁੱਛਣ ਲੱਗਾ।

" ਹੂੰ ....ਪਿਆਰ ਉਹ ਵੀ ਇਹਦੇ ਨਾਲ.... ਜਿਸ ਨੇ .....। ਪਿਆਰ  ਤੇ  ਵਿਆਹ  ਤਾਂ ਮੈਂ ਕਿਸੇ ਸ਼ਰੀਫ ਕੁੜੀ ਨਾਲ ਹੀ ਕਰੂੰ।"  ਸੋਨੂੰ ਸ਼ਰਾਰਤ ਭਰੇ ਲਹਿਜ਼ੇ  ਨਾਲ ਬੋਲਿਆ ਤੇ  ਮੁਸਕਰਾਹਟ ਬਿਖੇਰਿਆ ਦੋਵੇਂ  ਠਹਾਕੇ ਲਗਾ  ਕੇ ਉੱਚੀ- ਉੱਚੀ  ਹੱਸ ਪਏ ।

ਲੇਖਿਕਾ ਮਨਪ੍ਰੀਤ ਕੌਰ ਭਾਟੀਆ 

ਐਮ .ਏ ,ਬੀ .ਐੱਡ । ਫ਼ਿਰੋਜ਼ਪੁਰ ਸ਼ਹਿਰ ।

ਬੇਵੱਸ ਬਾਪ  ✍️ ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

ਕਾਕੂ ਦਾਤਣ ਕੁਰਲਾ ਕਰ ਕੇ ਵਿਹੜੇ ਵਿੱਚ ਡਾਹੇ ਮੰਜੇ ਤੇ ਆ ਕੇ ਬੈਠਾ ਹੀ ਸੀ....

ਮਿੰਦੋ ਨੇ ਚਾਹ ਦਾ ਗਲਾਸ ਲਿਆ ਕੇ ਕਾਕੂ ਨੂੰ ਫੜਾਉਂਦਿਆਂ ਕਿਹਾ.. ਸੁਣੋ ਜੀ ਅੱਜ ਸਵੇਰੇ ਸਵੇਰੇ ਤੁਹਾਨੂੰ ਖੁਸ਼ਖ਼ਬਰੀ ਸੁਣਾਉਂਦੀ ਹਾਂ...ਆਪਣੀ ਧੀ ਲਾਡੋ ਵਿਆਹ ਤੋਂ ਬਾਅਦ ਪਹਿਲੀ ਵਾਰ ਪੇਕੇ ਘਰ ਆ ਰਹੀ ਹੈ..  ਮੈਂ ਜਦੋਂ ਰਸੋਈ ਵਿੱਚ ਤੁਹਾਡੇ ਲਈ ਚਾਹ ‍ਅਤੇ ਕੰਮ ਤੇ ਨਾਲ ਲੈ ਜਾਣ ਲਈ ਰੋਟੀ ਬਣਾ ਰਹੀ ਸੀ ਤਾਂ ਲਾਡੋ ਦਾ ਫ਼ੋਨ ਆਇਆ ਸੀ ... ਕਹਿ ਰਹੀ ਸੀ ਪਿੰਡ ਆਉਣ ਵਾਲੀ ਪਹਿਲੀ ਬੱਸ ਚੜ੍ਹ ਕੇ ਹੀ ਅਸੀਂ ਦੋਵੇਂ ਘਰ ਆ ਰਹੇ ਹਾਂ... ਬੇਬੇ ਜੀ ਤੁਸੀਂ ਚਾਹ ਪਾਣੀ ਦੀ ਪੂਰੀ ਤਿਆਰੀ ਰੱਖਣਾ... ਨਾਲ਼ੇ ਬਾਪੂ ਨੂੰ ਕੰਮ ਤੋਂ ਅੱਜ ਛੁੱਟੀ ਕਰਵਾ ਦਿਓ.. ਬਾਪੂ ਨਾਲ ਬਹਿ ਕੇ ਗੱਲਾਂ ਕਰਨ ਨੂੰ ਬਹੁਤ ਦਿਲ ਕਰਦਾ ਹੈ ਮੇਰਾ...

    ਕਾਕੂ ਸ਼ਹਿਰ ਦੇ ਇੱਕ ਲਾਲੇ ਦੀ ਦੁਕਾਨ ਤੇ ਕੰਮ ਕਰਦਾ ਸੀ.... ਪਰਿਵਾਰ ਵਿੱਚ ਤਿੰਨ ਧੀਆਂ ਚੋਂ ਲਾਡੋ ਸਭ ਤੋਂ ਵੱਡੀ ਸੀ,   ਜਿਸ ਦੇ ਹਾਲੇ ਪੰਦਰਾਂ ਦਿਨ ਪਹਿਲਾਂ ਹੀ ਕਾਕੂ ਨੇ ਹੱਥ ਪੀਲ਼ੇ ਕਰ ਸਹੁਰੇ ਘਰ ਤੋਰਿਆ ਸੀ... ਵਿਆਹ ਤੇ ਖਰਚਾ ਵੀ ਹੈਸੀਅਤ ਤੋਂ ਵੱਧ ਹੋ ਗਿਆ ਸੀ.. ਕੁੱਝ ਪੈਸੇ ਜੋੜੇ ਹੋਏ ਸਨ, ਕੁੱਝ ਲਾਲੇ ਤੋਂ ਕਰਜ਼ੇ ਦੇ ਰੂਪ ਵਿੱਚ ਫੜੇ ਸਨ।     ਕਾਕੂ ਨੂੰ ਹੁਣ ਲਾਡੋ ਤੋਂ ਦੋ ਛੋਟੀਆਂ ਜਵਾਨ ਹੋ ਰਹੀਆਂ ਧੀਆਂ ਦੇ ਵਿਆਹ ਦੀ ਫ਼ਿਕਰ ਲੱਗ ਗਈ ਸੀ...ਘਰ ਵਿੱਚ ਕੋਈ ਹੋਰ ਕਾਮਾ ਨਾ ਹੋਣ ਕਾਰਣ ਬੁੱਢੜੇ ਮਾਪਿਆਂ ਦੀ ਦਵਾਈ ਦਾ ਖਰਚਾ ਵੀ ਕਾਕੂ ਨੂੰ ਆਪਣੀ ਤਨਖਾਹ ਵਿੱਚੋਂ ਹੀ ਕਰਨਾ ਪੈਂਦਾ ਸੀ ....ਜ਼ਿੰਦਗੀ ਇੱਕ ਬਲ਼ਦ ਵਾਲੇ ਗੱਡੇ ਵਾਂਗ ਹੋਲ਼ੀ ਹੋਲ਼ੀ ਅੱਗੇ ਵੱਧ ਰਹੀ ਸੀ।

      ਕਾਕੂ ਨੂੰ ਆਪਣੀ ਪਤਨੀ ਮਿੰਦੋਂ ਵੱਲੋਂ ਧੀ ਦੇ ਘਰ ਆਉਣ ਦੀ ਗੱਲ ਸੁਣ ਕੇ ਇੱਕ ਵਾਰ ਤਾਂ ਬਹੁਤ ਖੁਸ਼ੀ ਹੋਈ.. ਫੇਰ ਧੀ ਲਾਡੋ ਵੱਲੋਂ  ਛੁੱਟੀ ਕਰਨ ਦੀ ਗੱਲ ਕੀਤੀ ਸੋਚ ਕੇ ਅਚਾਨਕ ਕਾਕੂ ਦਾ ਮੂੰਹ ਲਟਕ ਗਿਆ ਸੀ...

ਕਾਕੂ ਸੋਚ ਰਿਹਾ ਸੀ ਧੀ ਦੀ ਖਵਾਇਸ਼ ( ਜੋ ਕਿ ਭਾਂਵੇ ਛੋਟੀ ਹੀ ਸੀ) ਪੂਰੀ ਕਰਦੇ ਹੋਏ ਅੱਜ ਦੀ ਛੁੱਟੀ ਕਰਾਂ... ਜਾਂ ਕੰਮ ਤੇ ਜਾ ਕੇ ਅੱਜ ਦੇ ਦਿਨ ਦੇ ਛਿੜੇ ਖਰਚੇ ਦਾ ਹਲ਼ ਕੱਢਾਂ...

ਕਾਕੂ ਮਜਬੂਰ ਤੇ ਬੇਵੱਸ ਸੀ...ਲਾਲੇ ਦੀ ਦੁਕਾਨ ਤੇ ਜਾਣਾ ਹੀ ਬੇਹਤਰ ਸਮਝਿਆ... ਤੇ ਆਪਣੀ ਪਤਨੀ ਮਿੰਦੋਂ ਨੂੰ ਸਮਝਾਉਣ ਲੱਗਿਆ ਤੂੰ ਘਰ ਰਹਿ ਕੇ ਧੀ ਲਾਡੋ ਤੇ ਜਵਾਈ ਰਾਜੇ ਦੀ ਖ਼ਿਦਮਤ ਕਰੀਂ... ਮੈਂ ਲਾਡੋ ਤੇ ਜਵਾਈ ਰਾਜੇ ਨੂੰ ਸ਼ਾਮੀਂ ਆ ਕੇ ਮਿਲ਼ ਲਵਾਂ ਗਾ...ਜੇ ਮੈਂ ਕੰਮ ਤੇ ਨਾ ਗਿਆ ਤਾਂ ਲਾਲੇ ਨੇ ਅੱਜ ਦੀ ਦਿਹਾੜੀ ਕੱਟ ਲੈਂਣੀ ਹੈ.. ਮੈਨੂੰ ਤਾਂ ਲਾਲੇ ਤੋਂ ਪਹਿਲਾਂ ਦਾ ਲਿਆ ਕਰਜ਼ਾ ਵੀ ਮੋੜਣ ਦੀ ਚਿੰਤਾ ਲੱਗੀ ਰਹਿੰਦੀ ਹੈ...

  ਕਾਕੂ ਮਜਬੂਰ ਸੀ , ਕਾਕੂ ਨੇ ਚਾਹ ਦਾ ਖ਼ਾਲੀ ਗਲਾਸ ਥੱਲੇ ਰੱਖਿਆ ਤੇ ਰੋਟੀ ਵਾਲਾ ਝੋਲਾ ਮਿੰਦੋ ਤੋਂ ਫੜ੍ਹ ਸਾਈਕਲ ਚੁੱਕ ਸ਼ਹਿਰ ਨੂੰ ਕੰਮ ਤੇ ਤੁਰ ਪਿਆ ਸੀ....

 ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ, ਪ੍ਰਧਾਨ ਭਾਈ ਘਨੱਈਆ ਜੀ ਸੇਵਾ ਸੋਸਾਇਟੀ ਖੰਨਾ)

ਮੋਬਾ:991472183

ਜੀਓ ਅਣਖ ਨਾਲ ✍️ ਹਰਪ੍ਰੀਤ ਕੌਰ ਸੰਧੂ

ਹਾਥੀ ਜਦੋਂ ਤੁਰਦਾ ਹੈ ਤਾਂ ਕੁਤੇ ਭੌਕਦੇ ਨੇ। ਕੁੱਤਿਆਂ ਦਾ ਕੰਮ ਹੈ ਭੌਕਣਾ। ਹਾਥੀ ਆਪਣੀ ਮਸਤ ਚਾਲ ਚਲਦਾ ਰਹਿੰਦਾ ਹੈ। ਓਹ ਕਦੇ ਵੀ ਕੁੱਤੇ ਦੀ ਪ੍ਰਵਾਹ ਨਹੀਂ ਕਰਦਾ।

ਚੀਤਾ ਸਭ ਤੋਂ ਤੇਜ਼ ਦੌੜਦਾ ਹੈ ਪਰ ਇਹ ਸਾਬਤ ਕਰਨ ਲਈ ਓਹ ਕੁੱਤਿਆਂ ਨਾਲ ਦੌੜ ਨਹੀਂ ਲਗਾਉਂਦਾ 

ਕਹਿੰਦੇ ਨੇ 

ਦੁਸ਼ਮਣ ਬਾਤ ਕਰੇ ਅਣਹੋਣੀ

ਇਹ ਆਮ ਹੁੰਦਾ ਹੈ। ਕਿਸੇ ਨੇ ਕਿਹਾ ਸੀ ਕਿ ਜਦੋਂ ਤੁਹਾਡੇ ਸ਼ਬਦਾ ਦੀ ਕੀਮਤ ਪੈਣ ਲੱਗੇ ਤਾਂ ਘੱਟ ਬੋਲਣਾ ਚਾਹੀਦਾ ਹੈ।

ਬਾਜ਼ ਦੇ ਉੱਤੇ ਬੈਠ ਕਾਂ ਜੇਕਰ ਓਹਦੇ ਢੂੰਗੇ ਮਾਰੇ ਤਾਂ ਬਾਜ਼ ਉਡਾਣ ਭਰਦਾ ਹੈ ਤੇ ਉਸ ਉਚਾਈ ਤੇ ਚਲਾ ਜਾਂਦਾ ਹੈ ਜਿੱਥੇ ਕਾਂ ਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ।

ਜ਼ਿੰਦਗੀ ਵਿੱਚ ਆਪਣਾ ਪੱਧਰ ਉੱਚਾ ਰੱਖੋ।ਜੇਕਰ ਤੁਸੀਂ ਹੈ ਪੱਥਰ ਮਾਰਨ ਵਾਲੇ ਦਾ ਜਵਾਬ ਦੇਣ ਲੱਗੇ ਤਾਂ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ। ਇਹਨਾਂ ਪੱਥਰਾਂ ਦਾ ਢੇਰ ਬਣਾ ਕੇ ਉਸ ਉਪਰ ਖੜੇ ਹੋ ਜਾਓ।

 

ਹਰਪ੍ਰੀਤ ਕੌਰ ਸੰਧੂ