ਧਰਨਾ ਪ੍ਰਦਰਸ਼ਨ  ✍️ ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ ਧਰਨਾ ਪ੍ਰਦਰਸ਼ਨ ਪ੍ਰਸ਼ਾਸਨ ਦਾ ਧਿਆਨ ਖਿੱਚਣ ਲਈ ਮੁੱਖ ਸਰੋਤ ਬਣਿਆ ਚੁੱਕਿਆ ਹੈ, ਹੱਕਾ ਲਈ ਆਵਾਜ਼ ਬੁਲੰਦ ਕਰਨਾ ਕੋਈ ਮਾੜੀ ਗੱਲ ਨਹੀਂ ਹੈ, ਚੁੱਪ ਰਹਿਣਾ ਕਾਇਰਤਾ ਦੀ ਨਿਸ਼ਾਨੀ ਮੰਨੀ ਜਾਂਦੀ ਹੈ ਤੇ ਚੁੱਪ ਰਹਿ ਕੇ ਜ਼ੁਲਮ ਦੇ ਖਿਲਾਫ਼ ਜੰਗ ਵੀ ਨਹੀਂ ਜਿੱਤੀ ਜਾ ਸਕਦੀ, ਸੰਘਰਸ਼ ਕਰਨ ਨਾਲ ਹੀ ਮੁਕਾਮ ਤੇ ਪਹੁੰਚਿਆ ਜਾ ਸਕਦਾ ਹੈ.....

     ਥੋੜਾ ਸਮਾਂ ਪਿੱਛੇ ਝਾਤੀ ਮਾਰੀਏ ਤਾਂ ਸਾਡੇ ਦੇਸ਼ ਵਿੱਚ ਸਰਕਾਰ ਵੱਲੋਂ ਕਿਸਾਨਾਂ ਤੇ ਲਗਾਏ ਕਾਲ਼ੇ ਕਾਨੂੰਨਾਂ ਦੇ ਵਿਰੋਧ ਵਿੱਚ ਅੰਨਦਾਤਾ ਵੱਲੋਂ ਸੰਘਰਸ਼ਮਈ ਰਸਤਾ ਅਖ਼ਤਿਆਰ ਕੀਤਾ ਗਿਆ ਸੀ, ਹੋਲ਼ੀ ਹੋਲ਼ੀ ਇਸ ਕਿਸਾਨੀ ਸੰਘਰਸ਼ ਵੱਲ ਸਮਾਜਿਕ ਜਥੇਬੰਦੀਆਂ ਤੇ ਧਾਰਮਿਕ ਜਥੇਬੰਦੀਆਂ ਜੁੜਦੀਆਂ ਚਲੀਆਂ ਗਈਆਂ ਸਨ, ਦੇਸ਼ ਵਿੱਚ ਸਰਕਾਰ ਦੇ ਵਿਰੋਧ ਹੋ ਰਹੇ ਇਸ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨ ਲਈ ਵਿਦੇਸ਼ ਦੇ ਉਹ ਭਾਰਤੀ ਵੀ ਸਿੱਧੇ ਜਾਂ ਅਸਿੱਧੇ ਤੌਰ ਤੇ ਨਾਲ਼ ਜੁੜਦੇ ਚਲੇ ਗਏ ਸਨ ਜਿਹਨਾਂ ਨੂੰ ਸਰਕਾਰ ਵੱਲੋਂ ਕਿਸਾਨਾਂ ਤੇ ਥਾਪੇ ਕਾਲ਼ੇ ਕਾਨੂੰਨ ਗ਼ਲਤ ਲੱਗੇ, ਵਕੀਲਾਂ ਦੇ ਵਫ਼ਦ ਵੀ ਕਿਸਾਨੀ ਸੰਘਰਸ਼ ਨੂੰ ਹਮਾਇਤ ਕਰਨ ਲਈ ਅੱਗੇ ਆਏ ਸਨ... ਇੱਕ ਚੰਗੀ ਵਿਉਂਤ ਬੰਧੀ ਸਦਕਾ ਅਖੀਰ ਵਿੱਚ ਸਰਕਾਰ ਨੇ ਕਿਸਾਨਾਂ ਨਾਲ਼ ਆਪਣੀ ਸਹਿਮਤੀ ਜਤਾਈ ਤੇ ਕਾਲ਼ੇ ਕਾਨੂੰਨਾਂ ਨੂੰ ਵਾਪਸ ਲੈਣ ਦਾ ਹੁਕਮ ਜਾਰੀ ਕੀਤਾ ਸੀ....

    ਇਹ ਤਾਂ ਸੀ ਇੱਕ ਸ਼ਾਂਤਮਈ ਢੰਗ ਨਾਲ ਲਗਾਇਆ ਉਹ ਧਰਨਾ ਜਿਸਨੂੰ ਦੁਨੀਆਂ ਨੇ ਸਲਾਹਿਆ.... 

     ਪਰ ਜਦੋਂ ਬਿਨਾਂ ਕਿਸੇ ਸੁੱਚਜੀ ਵਿਉਂਤ ਦੇ ਕੋਈ ਧਰਨਾ ਪ੍ਰਦਰਸ਼ਨ ਵਿੱਢਿਆ ਜਾਂਦਾ ਹੈ ਤਾਂ ਉਸ ਨਾਲ ਸਰਕਾਰੀ ਤੰਤਰ ਦੇ ਨਾਲ ਨਾਲ ਆਮ ਜਨ ਜੀਵਨ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ.... ਦੇਸ਼ ਨੂੰ ਇਸ ਦੀ ਕੀਮਤ ਨੁਕਸਾਨ ਵਜੋਂ ਚੁਕਾਉਣੀ ਪੈਂਦੀ ਹੈ ਤੇ ਇਹ ਨੁਕਸਾਨ, ਜਾਨ ਮਾਲ ਤੋਂ ਲੈਕੇ ਵਿਦੇਸ਼ੀ ਤਾਕਤਾਂ ਦੇ ਹਾਵੀ ਹੋਣ ਦੇ ਰੂਪ ਵਿੱਚ ਹੁੰਦਾ ਹੈ....

   ਅਜੌਕੇ ਸਮੇਂ ਵਿੱਚ ਧਰਨਾ ਪ੍ਰਦਰਸ਼ਨ ਆਮ ਗੱਲ ਹੋ ਕੇ ਰਹਿ ਗਈ ਹੈ.... ਧਰਨੇ ਦੀ ਆੜ ਵਿੱਚ ਕੁੱਝ ਸ਼ਰਾਰਤੀ ਅਨਸਰ ਵੀ ਆ ਰਲਦੇ ਹਨ ਤੇ ਫਿਰਕੂ ਵਾਦ ਨੂੰ ਫੈਲਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ.... ਇਸਦੇ ਨਾਲ ਦੋਹਾਂ ਧਿਰਾਂ ਦਾ ਨੁਕਸਾਨ ਹੋਣ ਦਾ ਖ਼ਤਰਾ ਜ਼ਿਆਦਾ ਬਣਿਆ ਰਹਿੰਦਾ ਹੈ ਤੇ ਅਸਲ ਮੁੱਦੇ ਤੋਂ ਭਟਕ ਕੇ ਇੱਕ ਨਵਾਂ ਵਿਵਾਦ ਜਨਮ ਲੈ ਲੈਂਦਾ ਹੈ....

   ਜਦੋਂ ਕਿ ਧਰਨਾ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਲਗਾਇਆ ਜਾ ਸਕਦਾ ਹੈ.. ਬਿਨਾਂ ਕਿਸੇ ਨੂੰ ਨੁਕਸਾਨ ਪਹੁੰਚਾਇਆਂ... ਜਦੋਂ ਇੱਕ ਵਾਜਿਬ ਮੰਗ ਨੂੰ ਲੈਕੇ ਲਗਾਇਆ ਗਿਆ ਸ਼ਾਂਤਮਈ ਧਰਨਾ ਪ੍ਰਦਰਸ਼ਨ ਹੁੰਦਾ ਹੈ ਤਾਂ ਉਸ ਧਰਨਾ ਪ੍ਰਦਰਸ਼ਨ ਦੇ ਕਾਮਯਾਬ ਹੋਣ ਦੇ ਆਂਕੜੇ ਵੱਧ ਹੋ ਜਾਂਦੇ ਹਨ, ਅਜਿਹੇ ਧਰਨਾ ਪ੍ਰਦਰਸ਼ਨ ਵਿੱਚ ਸਰਕਾਰ ਅਤੇ ਮੰਗ ਕਰਨ ਵਾਲੇ ਦੋਹਾਂ ਧਿਰਾਂ ਦੇ ਨਾਲ਼ ਨਾਲ਼ ਦੇਸ਼ ਦੇ ਹਰ ਇੱਕ ਨਾਗਰਿਕ ਦਾ ਕੋਈ ਨੁਕਸਾਨ ਨਹੀਂ ਹੁੰਦਾ ਤੇ ਮਨਾਂ ਵਿੱਚ ਪਿਆਰ ਵੱਧਦਾ ਹੈ...

 ਸੋ ਸਹੀ ਤੇ ਸੁਚੱਜੇ ਢੰਗ ਨਾਲ ਪੇਸ਼ ਕੀਤੀ ਮੰਗ ਤੋਂ ਸਰਕਾਰ ਮੁਨੱਕਰ ਨਹੀਂ ਹੋ ਸਕਦੀ ਤੇ ਇੱਕ ਨਾ ਇੱਕ ਦਿਨ ਸਰਕਾਰ ਨੂੰ ਆਮ ਲੋਕਾਂ ਦੇ ਹਿੱਤ ਲਈ ਝੁੱਕਣਾ ਹੀ ਪੈਂਦਾ ਹੈ।

 ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)