You are here

   'ਦਸਹਿਰਾ' ਸ਼ਬਦ ਕਿਵੇਂ ਬਣਿਆ? (ਸ਼ਬਦਾਂ ਦੀ ਪਰਵਾਜ਼) ✍️ ਜਸਵੀਰ ਸਿੰਘ ਪਾਬਲਾ

 

                  'ਦਸਹਿਰਾ' ਸ਼ਬਦ ਦੇ ਸ਼ਬਦ-ਜੋੜਾਂ ਬਾਰੇ ਅਕਸਰ ਭੁਲੇਖਾ ਬਣਿਆ ਰਹਿੰਦਾ ਹੈ। ਬਹੁਤ ਘੱਟ ਲੋਕ ਇਸ ਨੂੰ 'ਦਸਹਿਰਾ' ਅਰਥਾਤ ਇਸ ਵਿਚਲੇ 'ਦ' ਅੱਖਰ ਨੂੰ ਮੁਕਤੇ ਦੇ ਤੌਰ 'ਤੇ ਲਿਖਦੇ ਹਨ, ਬਹੁਤੇ 'ਦ' ਨੂੰ ਅੌਂਕੜ ਪਾ ਕੇ  'ਦੁਸਹਿਰਾ' ਹੀ ਲਿਖਦੇ ਹਨ। ਅੱਜ ਤੋਂ ਕਾਫ਼ੀ ਸਮਾਂ ਪਹਿਲਾਂ ਜ਼ਰੂਰ ਇਸ ਨੂੰ 'ਦੁਸਹਿਰਾ' ਲਿਖਿਆ ਜਾਂਦਾ ਸੀ ਪਰ 'ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼' ਛਪਣ ਉਪਰੰਤ ਇਸ ਨੂੰ 'ਦਸਹਿਰਾ' ਲਿਖਣਾ ਹੀ ਇਸ ਦਾ ਸ਼ੁੱਧ ਸ਼ਬਦ-ਰੂਪ ਮੰਨਿਆ ਗਿਆ ਹੈ। ਹਿੰਦੀ ਵਿੱਚ ਵੀ ਇਸ ਨੂੰ ਦਸ਼ਹਿਰਾ' (ਦੱਦਾ ਮੁਕਤਾ) ਹੀ ਲਿਖਿਆ ਜਾਂਦਾ ਹੈ, 'ਦੁਸ਼ਹਿਰਾ' ਨਹੀਂ। ਇਸੇ ਤਰ੍ਹਾਂ ਅੰਗਰੇਜ਼ੀ ਵਾਲ਼ੇ ਵੀ ਇਸ ਨੂੰ ਅੰਗਰੇਜ਼ੀ ਦੇ 'a' ਅੱਖਰ ਨਾਲ਼ ਹੀ ਲਿਖਦੇ  ਹਨ, 'u' ਨਾਲ਼ ਨਹੀਂ।

        ਦਰਅਸਲ 'ਦਸਹਿਰਾ' ਸ਼ਬਦ ਸੰਸਕ੍ਰਿਤ ਮੂਲ ਦਾ ਹੈ ਅਤੇ ਇਹ ਸ਼ਬਦ 'ਦਸ+ਅਹਿਰ' ਸ਼ਬਦਾਂ ਤੋਂ  ਬਣਿਆ ਹੈ। ਇਸ ਵਿਚਲੇ 'ਅਹਿਰ' ਸ਼ਬਦ ਦਾ ਅਰਥ ਹੈ- ਦਿਨ। ਸੋ, 'ਦਸਹਿਰਾ' ਸ਼ਬਦ ਦੇ ਅਰਥ ਹੋਏ- ਦਸਵਾਂ ਦਿਨ (ਕੁਝ ਵਿਸ਼ੇਸ਼ ਪ੍ਰਕਾਰ ਦੀਆਂ ਧਾਰਮਿਕ ਮਰਯਾਦਾਵਾਂ ਨੂੰ ਨਿਭਾਉਣ ਉਪਰੰਤ ਆਇਆ ਦਸਵਾਂ ਦਿਨ ਜਾਂ ਇਹ ਕਹਿ ਲਓ ਕਿ ਕਿਸੇ ਧਾਰਮਿਕ ਪ੍ਰਕਿਰਿਆ ਉਪਰੰਤ ਦਸਵੇਂ ਦਿਨ ਨੂੰ ਮਨਾਇਆ ਜਾਣ ਵਾਲ਼ਾ ਤਿਉਹਾਰ)। ਕੁਝ ਲੋਕ ਇਸ ਸ਼ਬਦ ਦੇ ਅਰਥ 'ਦਸ ਸਿਰਾਂ ਨੂੰ ਹਰਨ ਵਾਲ਼ਾ' ਦੇ ਤੌਰ 'ਤੇ ਵੀ ਕਰਦੇ ਹਨ।

           ਭਾਸ਼ਾ-ਮਾਹਰਾਂ ਅਨੁਸਾਰ ਸੰਸਕ੍ਰਿਤ ਨਾਲ਼ ਸੰਬੰਧਿਤ ਸ਼ਬਦ 'ਅਹਿਰ' ਦੀ ਮੌਜੂਦਗੀ ਸਾਡੀਆਂ ਕੁਝ ਹੋਰ ਦੇਸੀ ਭਾਸ਼ਾਵਾਂ ਦੇ ਸ਼ਬਦਾਂ, ਜਿਵੇਂ: ਸਪਤਾਹ ਅਾਦਿ ਵਿੱਚ ਵੀ ਝਲਕਦੀ ਹੈ। ਉਹਨਾਂ ਅਨੁਸਾਰ ਇਹ ਸ਼ਬਦ ਵੀ 'ਸਪਤ+ਅਹਿਰ' ਸ਼ਬਦਾਂ ਤੋਂ ਹੀ ਬਣਿਆ ਹੈ ਜਿਸ ਦੇ ਅਰਥ ਹਨ- 'ਸੱਤ ਦਿਨਾਂ ਵਾਲ਼ਾ' ਜਾਂ 'ਸਮੇਂ ਦੀ ਉਹ ਇਕਾਈ ਜਿਸ ਵਿੱਚ ਸੱਤ ਦਿਨ ਸ਼ਾਮਲ ਹੋਣ'। ਇਸ ਵਿਚਲੀ 'ਰ' ਧੁਨੀ ਲੋਕ-ਉਚਾਰਨ ਵਿੱਚ ਸੁਖੈਨਤਾ ਦੀ ਖ਼ਾਤਰ ਬਾਅਦ ਵਿੱਚ ਲੁਪਤ ਹੋਈ ਹੈ। ਇਹਨਾਂ ਹੀ ਅਰਥਾਂ ਵਾਲ਼ਾ ਫ਼ਾਰਸੀ ਭਾਸ਼ਾ ਦਾ ਸ਼ਬਦ, 'ਹਫ਼ਤਾ' ਸਾਡੇ ਹੀ ਭਾਸ਼ਾ-ਪਰਿਵਾਰ (ਅਾਰੀਅਨ ਭਾਸ਼ਾ-ਪਰਿਵਾਰ) ਦਾ ਹੋਣ ਕਾਰਨ ਇਸ ਦਾ ਬਹੁਤ ਨਜ਼ਦੀਕੀ ਸ਼ਬਦ ਹੈ। ਇਸ ਭਾਸ਼ਾ ਵਿੱਚ 'ਹਫ਼ਤ' ਸ਼ਬਦ ਦੇ ਅਰਥ ਹਨ- ਸੱਤ। ਇਸੇ ਕਾਰਨ 'ਹਫ਼ਤਾ' ਸ਼ਬਦ ਦੇ ਅਰਥ ਵੀ 'ਸਪਤਾਹ' ਵਾਲ਼ੇ ਹੀ ਹਨ- ਸੱਤ ਦਿਨਾਂ ਦਾ ਸਮੂਹ।

         ਇਸੇ ਪ੍ਰਕਾਰ ਸੰਸਕ੍ਰਿਤ ਮੂਲ ਵਾਲ਼ਾ ਇੱਕ ਹੋਰ ਸ਼ਬਦ ਹੈ-'ਅਹਿਨਿਸ'।   ਇਸ ਦੀ ਵਰਤੋਂ ਗੁਰਬਾਣੀ ਵਿੱਚ ਵੀ ਕਈ ਵਾਰ ਕੀਤੀ ਮਿਲ਼ਦੀ ਹੈ, ਜਿਵੇਂ: "ਸੁ ਕਹੁ ਟਲ ਗੁਰੁ ਸੇਵੀਅੈ ਅਹਿਨਿਸਿ ਸਹਜਿ ਸੁਭਾਇ।। ਦਰਸਨ ਪਰਸਿਅੈ ਗੁਰੂ ਕੈ ਜਨਮ ਮਰਣ ਦੁਖੁ ਜਾਇ।।" ਇਸ ਸ਼ਬਦ (ਅਹਿਨਿਸ) ਦੇ ਅਰਥ ਹਨ- ਦਿਨ-ਰਾਤ। ਇਹ ਸ਼ਬਦ ਵੀ ਭਾਵੇਂ 'ਅਹਿਰ+ਨਿਸ' ਸ਼ਬਦਾਂ ਦੇ ਯੋਗ ਤੋਂ ਹੀ ਬਣਿਆ ਹੈ ਪਰ ਇਸ ਵਿਚਲਾ 'ਰਾਰਾ' ਅੱਖਰ ਵੀ ਅੱਜ ਸਮੇਂ ਦੇ ਗੇੇੜ ਨਾਲ਼ ਇਸ ਵਿੱਚੋਂ ਲੋਪ ਹੋ ਚੁੱਕਿਆ ਹੈ।

ਮੇਰਾ ਅਧਿਐਨ:

      ਉਪਰੋਕਤ ਸ਼ਬਦਾਂ ਤੋਂ ਬਿਨਾਂ ਮੇਰੀ ਜਾਚੇ 'ਪਹਿਰ' (ਪ+ਅਹਿਰ)/ਸੰਸਕ੍ਰਿਤ ਵਿੱਚ 'ਪ੍ਰਹਿਰ' ਸ਼ਬਦ ਵੀ 'ਅਹਿਰ' ਸ਼ਬਦ ਤੋਂ ਹੀ ਬਣੇ ਹਨ। ਫ਼ਾਰਸੀ ਭਾਸ਼ਾ ਵਿੱਚ ਵੀ ਇਹ ਸ਼ਬਦ ਇਹਨਾਂ ਹੀ ਅਰਥਾਂ ਵਿੱਚ 'ਪਹਿਰ' ਦੇ ਤੌਰ 'ਤੇ ਹੀ ਦਰਜ ਹੈ। ਪਹਿਰ/ਪ੍ਰਹਿਰ ਸ਼ਬਦਾਂ ਵਿੱਚ 'ਪ' / 'ਪ੍ਰ' ਧੁਨੀਆਂ ਦੇ ਅਰਥ ਹਨ- ਇੱਕ ਤੋਂ ਵੱਧ ਅਰਥਾਤ ਦੋ, ਦੂਜੇ, ਬਹੁਤੇ ਭਾਗਾਂ ਜਾਂ ਦੂਰ-ਦੂਰ ਤੱਕ ਗਿਆ ਹੋਇਆ ਆਦਿ। ਇਸ ਪ੍ਰਕਾਰ 'ਪਹਿਰ' ਸ਼ਬਦ ਦੇ ਅਰਥ ਹੋਏ - ਇੱਕ ਤੋਂ ਵੱਧ ਭਾਗਾਂ (ਅੱਠ ਪਹਿਰਾਂ) ਵਿੱਚ ਵੰਡੇ ਹੋਏ ਦਿਨ ਦਾ ਇੱਕ ਹਿੱਸਾ ਅਰਥਾਤ ਇੱਕ ਪਹਿਰ। ਬਿਲਕੁਲ ਉਸੇ ਤਰ੍ਹਾਂ ਜਿਵੇਂ: 'ਪ' ਧੁਨੀ ਨਾਲ਼ ਬਣੇ ਤੇ ਇਹਨਾਂ ਹੀ ਅਰਥਾਂ ਵਾਲ਼ੇ 'ਪੱਖ' ਸ਼ਬਦ ਦੇ ਅਰਥ ਹਨ- ਕਿਸੇ ਗੱਲ ਨੂੰ ਸਮਝਣ ਲਈ ਉਸ ਨਾਲ਼ ਸੰਬੰਧਿਤ ਘੱਟੋ-ਘੱਟ ਦੋ ਜਾਂ ਦੋ ਤੋਂ ਵੱਧ ਸੰਦਰਭ ਜਾਂ ਉਹਨਾਂ ਵਿੱਚੋਂ ਇੱਕ ਸੰਦਰਭ। ਇਸੇ ਤਰ੍ਹਾਂ ਪੰਛੀ ਦੇ 'ਪੰਖ' (ਖੰਭ) ਵੀ ਕਿਉਂਕਿ ਇੱਕ ਤੋਂ ਵੱਧ ਅਰਥਾਤ ਦੋ ਹੀ ਹੁੰਦੇ ਹਨ ਜਿਸ ਕਾਰਨ ਇਸ ਸ਼ਬਦ ਦੇ ਅਰਥ ਸਪਸ਼ਟ ਕਰਨ ਲਈ 'ਪੰਖ' ਸ਼ਬਦ ਵਿੱਚ ਵੀ 'ਪ' ਧੁਨੀ ਦਾ ਹੀ ਇਸਤੇਮਾਲ ਕੀਤਾ ਗਿਆ ਹੈ। ਇਸੇ ਕਾਰਨ 'ਪੰਖ' ਸ਼ਬਦ ਦਾ ਸੰਕਲਪ 'ਦੋ ਖੰਭਾਂ' ਤੋਂ ਹੀ ਹੈ। ਜੇਕਰ ਕਿਸੇ ਪੰਛੀ ਦੇ ਦੋ ਵਿੱਚੋਂ ਕਿਸੇ ਇੱਕ ਪੰਖ ਦਾ ਜ਼ਿਕਰ ਕਰਨਾ ਹੋਵੇ ਤਾਂ ਉਸ ਨਾਲ਼ ਸ਼ਬਦ 'ਇੱਕ' (ਜਿਵੇਂ: ਇੱਕ ਪੰਖ) ਜਾਂ ਸੱਜਾ/ਖੱਬਾ ਪੰਖ ਲਿਖਣਾ ਪਵੇਗਾ। ਸ਼ਾਇਦ 'ਪ' ਧੁਨੀ ਦੇ ਉਪਰੋਕਤ ਅਰਥਾਂ ਕਾਰਨ ਹੀ ਫ਼ਾਰਸੀ ਭਾਸ਼ਾ ਵਿੱਚ ਵੀ 'ਪੰਖ' ਸ਼ਬਦ ਦਾ ਨਾਮਕਰਨ 'ਪਰ' (ਖੰਭ) ਦੇ ਤੌਰ 'ਤੇ ਕੀਤਾ ਗਿਆ ਹੈ ਅਤੇ 'ਪਰਾਂ' ਕਾਰਨ ਹੀ ਪੰਛੀ ਨੂੰ ਵੀ 'ਪਰਿੰਦਾ' ਆਖਿਆ ਜਾਂਦਾ ਹੈ।

          ਪਹਿਰ ਤੋਂ ਹੀ ਦੁਪਹਿਰ (ਦੋ+ਪਹਿਰ) ਸ਼ਬਦ ਬਣਿਆ ਹੈ ਜਿਸ ਦੇ ਅਰਥ ਹਨ-  ਉਹ ਸਮਾਂ ਜਦੋਂ ਦਿਨ ਦੇ ਦੋ ਪਹਿਰ ਬੀਤ ਚੁੱਕੇ ਹੋਣ। ਦਿਨ-ਰਾਤ ਦੇ ਕੁੱਲ ਅੱਠ ਪਹਿਰ ਮੰਨੇ ਗਏ ਹਨ ਅਤੇ ਹਰ ਪਹਿਰ ਤਿੰਨ ਘੰਟੇ ਦਾ ਹੈ। ਜ਼ਾਹਰ ਹੈ ਕਿ ਸਮੇਂ ਦੀ ਇਸ ਪ੍ਰਕਾਰ ਦੀ ਵੰਡ ਅਨੁਸਾਰ ਇਹ ਸਮਾਂ ਦਿਨ ਦੇ ਅੱਧ-ਵਿਚਕਾਰ ਅਰਥਾਤ ਜਦੋਂ ਸੂਰਜ ਸਿਖਰ 'ਤੇ ਹੋਵੇਗਾ; ਵਾਲ਼ਾ ਹੀ ਹੋਵੇਗਾ।

         ਕਈ ਨਿਰੁਕਤਕਾਰ 'ਪਹਿਰ' , ਪ੍ਰਹਾਰ (ਸੱਟ ਜਾਂ ਚੋਟ ਮਾਰਨੀ) ਤੇ 'ਪਹਿਰਾ' (ਚੌਕੀਦਾਰੀ ਜਾਂ ਰਖਵਾਲੀ) ਸ਼ਬਦਾਂ ਦੀ ਵਿਉਤਪਤੀ ਦਾ ਸ੍ਰੋਤ ਇੱਕ ਹੀ ਮੰਨਦਿਆਂ, ਇਹਨਾਂ ਸ਼ਬਦਾਂ ਦੇ ਅਰਥਾਂ ਨੂੰ ਧੱਕੇ ਨਾਲ਼ ਹੀ ਰਲ਼ਗੱਡ ਕਰਨ ਦੀ ਕੋਸ਼ਸ਼ ਕਰਦੇ ਹਨ ਜੋਕਿ ਸਹੀ ਨਹੀਂ ਹੈ। ਇਹਨਾਂ ਸ਼ਬਦਾਂ ਦੀ ਵਿਉਤਪਤੀ ਅਲੱਗ-ਅਲੱਗ ਸ੍ਰੋਤਾਂ ਤੋਂ ਹੋਈ ਹੈ। 'ਪਹਿਰਾ' ਸ਼ਬਦ ਦਾ ਅਰਥ ਰਾਖੀ ਜਾਂ ਚੌਕੀਦਾਰੀ/ਪਹਿਰੇਦਾਰੀ ਨਾਲ਼ ਸੰਬੰਧਿਤ ਹੈ। ਇਸੇ ਕਾਰਨ ਅੰਗਰੇਜ਼ੀ ਵਿੱਚ ਪਹਿਰੇਦਾਰ ਨੂੰ 'watchman' ਕਿਹਾ ਜਾਂਦਾ ਹੈ ਜਦਕਿ 'ਪਹਿਰ' ਦਾ ਅਰਥ ਸਮੇਂ ਜਾਂ ਸਮੇਂ ਦੀ ਵੰਡ ਨਾਲ਼ ਹੈ।

             ਸ਼ਾਇਦ 'ਪ' ਧੁਨੀ ਦੇ ਉਪਰੋਕਤ ਅਰਥਾਂ ਕਾਰਨ ਹੀ ਅੰਗਰੇਜ਼ੀ ਵਿੱਚ ਵੀ ਸਮੇਂ ਦੀ ਇੱਕ ਵਿਸ਼ੇਸ਼ ਪ੍ਰਕਾਰ ਦੀ ਵੰਡ ਨੂੰ 'period' ਕਿਹਾ ਜਾਂਦਾ ਹੈ ਤੇ ਜੋੜੇ ਨੂੰ 'pair' ਕਿਹਾ ਜਾਂਦਾ ਹੈ; ਕਿਸੇ ਸਮੂਹ ਦੇ ਇੱਕ ਹਿੱਸੇ ਨੂੰ 'part',  'portion' ਜਾਂ 'piece' ਕਿਹਾ ਜਾਂਦਾ ਹੈ ਅਤੇ ਦੋ ਜਾਂ ਵਧੇਰੇ ਚੀਜ਼ਾਂ ਦੀ ਆਪਸੀ ਸਮਾਨਤਾ ਨੂੰ 'parity' ਕਿਹਾ ਜਾਂਦਾ ਹੈ। ਅਜਿਹਾ ਮਹਿਜ਼ ਅਚਾਨਕ ਜਾਂ ਮੌਕਾ-ਮੇਲ਼ ਹੋਣ ਦੇ ਕਾਰਨ ਹੀ ਨਹੀਂ ਸਗੋਂ ਸਾਡੀਆਂ ਬੋਲੀਆਂ (ਆਰੀਅਨ ਭਾਸ਼ਾ-ਪਰਿਵਾਰ) ਦੀ ਆਪਸੀ ਪੁਰਾਤਨ ਸਾਂਝ ਦੇ ਕਾਰਨ ਹੀ ਸੰਭਵ ਹੋ ਸਕਿਆ ਹੈ।

           ਉਪਰੋਕਤ ਸ਼ਬਦਾਂ ਤੋਂ ਬਿਨਾਂ ਜਿਹੜੇ ਕੁੁਝ ਹੋਰ ਸ਼ਬਦ 'ਅਹਿਰ' ਸ਼ਬਦ ਨਾਲ਼ ਸੰਬੰਧਿਤ ਹੋ ਸਕਦੇ ਹਨ, ਉਹ ਹਨ- ਦਿਹਾੜੀ, ਦਿਨ-ਦਿਹਾਰ ਵਿਚਲਾ 'ਦਿਹਾਰ' ਅਤੇ ਇੱਥੋਂ ਤੱਕ ਕਿ 'ਤਿਉਹਾਰ' ('ਅਹਿਰ' ਸ਼ਬਦ ਵਿੱਚ ਮਧੇਤਰ 'ਆ' ਜਾਂ 'ਕੰਨਾ' ਲਾ ਕੇ ਬਣਿਆ) ਸ਼ਬਦ ਵੀ 'ਅਹਿਰ' ਸ਼ਬਦ ਤੋਂ ਹੀ ਬਣੇ ਦਿਖਾਈ ਦਿੰਦੇ ਹਨ ਪਰ ਇਹਨਾਂ ਤੇ ਇਹੋ-ਜਿਹੇ ਕੁਝ ਹੋਰ ਸ਼ਬਦਾਂ ਬਾਰੇ ਵਿਸਤ੍ਰਿਤ ਚਰਚਾ ਕਿਸੇ ਅਗਲੇ ਲੇਖ ਵਿੱਚ।

                             ...................

ਜਸਵੀਰ ਸਿੰਘ ਪਾਬਲਾ,

ਲੰਗੜੋਆ, ਨਵਾਂਸ਼ਹਿਰ।

ਸੰਪਰਕ: 98884-03052.