ਰੇਨੂੰ ਦੀ ਇੱਕ ਨਵੇਂ ਬਣੇ ਗਰਲਜ਼ ਕਾਲਜ ਵਿੱਚ ਲੈਕਚਰਾਰ ਵਜੋਂ ਨਿਯੁਕਤੀ ਹੋਈ ਤਾਂ ਉਹਦੇ ਬਾਰੇ ਸਾਰਿਆਂ ਦੀ ਜ਼ਬਾਨ ਤੇ ਇੱਕੋ ਗੱਲ ਸੀ ਕਿ ਉਹ ਸਥਾਨਕ ਐਮਐਲਏ ਦੀ ਭਤੀਜੀ ਹੈ। ਇਸੇਲਈ ਉਹਦੀ ਸਿਲੈਕਸ਼ਨ ਹੋਈ ਹੈ, ਨਹੀਂ ਤਾਂ ਉਸਤੋਂ ਚੰਗੇ ਹੋਰ ਕੈਂਡੀਡੇਟ ਵੀ ਸਨ।
ਕਾਲਜ ਦੇ ਸਾਰੇ ਕਰਮਚਾਰੀ ਉਸਦਾ ਸਤਿਕਾਰ ਕਰਦੇ, ਭਾਵੇਂ ਉਹ ਉੱਥੇ ਸਭ ਤੋਂ ਜੂਨੀਅਰ ਸੀ। ਹੋਰ ਤਾਂ ਹੋਰ ਪ੍ਰਿੰਸੀਪਲ ਵੀ ਉਸ ਨਾਲ ਵਧੀਆ ਵਿਹਾਰ ਕਰਦੀ ਕਿ ਕਦੇ ਐਮਐਲਏ ਦੀ ਲੋੜ ਪੈ ਸਕਦੀ ਹੈ। ਕਾਲਜ ਦੀ ਹੀ ਇੱਕ ਸੀਨੀਅਰ ਅਧਿਆਪਕਾ ਸਰੋਜ, ਜੋ ਰੇਨੂੰ ਦੇ ਵਿਭਾਗ ਦੀ ਮੁਖੀ ਵੀ ਸੀ, ਨੇ ਇੱਕ ਦਿਨ ਸਟਾਫ਼ ਨੂੰ ਦੱਸਿਆ, "ਜੇ ਇਹ ਐਮਐਲਏ ਦੀ ਭਤੀਜੀ ਹੁੰਦੀ ਤਾਂ ਇਹਨੇ ਇਸੇ ਕਾਲਜ ਵਿੱਚ ਲੱਗਣਾ ਸੀ? ਇਹ ਤਾਂ ਯੂਨੀਵਰਸਿਟੀ 'ਚ ਸਿਲੈਕਟ ਹੋ ਸਕਦੀ ਸੀ। ਅਸਲ ਗੱਲ ਇਹ ਹੈ ਕਿ ਇਹ ਐਮਐਲਏ ਦੇ ਪਿਤਾ ਨੂੰ ਦੂਰੋਂ-ਪਾਰੋਂ ਮਾੜਾ-ਮੋਟਾ ਜਾਣਦੀ ਹੈ, ਬੱਸ ਇਸੇ ਨਾਲ ਇਹਦਾ 'ਤੁੱਕਾ' ਲੱਗ ਗਿਆ।"
ਹੁਣ ਸਾਰੇ ਰੇਨੂੰ ਤੋਂ ਡਰਨ ਦੀ ਥਾਂ ਉਹਨੂੰ ਚੁਭਣ ਵਾਲੀਆਂ ਨਜ਼ਰਾਂ ਨਾਲ ਵੇਖਣ ਲੱਗੇ।
ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.