You are here

6 ਤੋਂ 8 ਮਾਰਚ ਤੱਕ ਹੋਲੇ-ਮਹੱਲੇ ਤੇ ਵਿਸ਼ੇਸ਼

ਚੜ੍ਹਦੀ ਕਲਾ ਦਾ ਪ੍ਰਤੀਕ-ਹੋਲਾ ਮਹੱਲਾ
ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਸ਼ਸਤਰ ਅਤੇ ਯੁੱਧ ਵਿੱਦਿਆ ਵਿੱਚ ਨਿਪੁੰਨ ਕਰਨ ਲਈ ਚੇਤ ਵਦੀ ਇੱਕ ਨੂੰ ਮਸਨੂਈ ਜੰਗ ਦੀ ਰੀਤ ਚਲਾਈ। ਪੈਦਲ, ਘੋੜ-ਸਵਾਰ ਤੇ ਸ਼ਸ਼ਤਰਧਾਰੀ ਸਿੰਘਾਂ ਦੇ ਦੋ ਦਲ ਬਣਾ ਕੇ ਪ੍ਰਧਾਨ ਸਿੰਘਾਂ ਦੀ ਅਗਵਾਈ ਹੇਠ ਇੱਕ ਖ਼ਾਸ ਥਾਂ ’ਤੇ ਕਬਜ਼ਾ ਕਰਨ ਲਈ ਹਮਲਾ ਕਰਨਾ। ਕਲਗ਼ੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਆਪ ਇਸ ਮਸਨੂਈ ਜੰਗ (ਮੱਹਲਾ) ਦਾ ਕਰਤੱਵ ਦੇਖਦੇ ਅਤੇ ਦੋਵੇਂ ਦਲਾਂ ਨੂੰ ਸ਼ੁੱਭ ਸਿੱਖਿਆ ਦਿੰਦੇ ਜੋ ਦਲ ਕਾਮਯਾਬ ਹੋ ਜਾਂਦਾ, ਉਸ ਨੂੰ ਦੀਵਾਨ ਵਿੱਚ ਸਿਰੋਪਾ ਬਖ਼ਸ਼ਦੇ ਸਨ।
ਗੁਰਮਤਿ ਮਾਰਤੰਡ ਅਨੁਸਾਰ ਯੁੱਧ ਵਿੱਦਿਆ ਦੇ ਅਭਿਆਸ ਨੂੰ ਨਿੱਤ ਨਵਾਂ ਰੱਖਣ ਵਾਸਤੇ ਕਲਗ਼ੀਧਰ ਪਾਤਸ਼ਾਹ ਦੀ ਚਲਾਈ ਹੋਈ ਰੀਤੀ ਅਨੁਸਾਰ ਚੇਤ ਵਦੀ ਇੱਕ ਨੂੰ ਸਿੱਖਾਂ ਵਿੱਚ ਹੋਲਾ ਮਹੱਲਾ ਹੁੰਦਾ ਹੈ। ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸੰਬੰਧ ਨਹੀਂ। ਮਹੱਲਾ ਇੱਕ ਪ੍ਰਕਾਰ ਦੀ ਮਸਨੂਈ ਲੜਾਈ ਹੈ। ਪੈਦਲ ਅਰ ਅਸ਼ਵਾਰ ਸ਼ਸਤਰਧਾਰੀ ਸਿੰਘ ਦੋ ਪਾਰਟੀਆਂ ਬਣਾ ਕੇ ਇੱਕ ਖ਼ਾਸ ਹਮਲੇ ਦੀ ਥਾਂ ਉੱਤੇ ਹਮਲਾ ਕਰਦੇ ਹਨ ਅਰ ਅਨੇਕ ਪ੍ਰਕਾਰ ਦੇ ਕਰਤੱਵ ਦਿਖਾਉਂਦੇ ਹਨ ਪਰ ਅਸੀਂ ਸਾਲ ਪਿੱਛੋਂ ਕੇਵਲ ਇਹ ਰਸਮ ਨਾਮ-ਮਾਤਰ ਕਰ ਛੱਡਦੇ ਹਾਂ। ਲਾਭ ਕੁਝ ਨਹੀਂ ਉਠਾਉਂਦੇ।
ਡਾ: ਭਾਈ ਵੀਰ ਸਿੰਘ ਅਨੁਸਾਰ ਮਹੱਲਾ ਸ਼ਬਦ ਤੋਂ ਭਾਵ ਹੈ ਮਯ+ਹੱਲਾ ਭਾਵ ਬਣਾਉਟੀ ਹੱਲਾ। ਹੋਲਾ-ਮਹੱਲਾ ਦੀ ਪਰੰਪਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਿਕਰਮੀ ਸੰਮਤ 1757, ਸੰਨ 1700 ਈ: ਚੇਤ ਵਦੀ 1 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲੋਹਗੜ੍ਹ ਦੇ ਸਥਾਨ ਤੇ ਚਲਾਈ। ਹੋਲਾ-ਮਹੱਲਾ ਸੰਬੰਧੀ ਇੱਕ ਵਿਸ਼ੇਸ਼ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਸਿੱਖ ਧਰਮ ਨਾਲ ਸੰਬੰਧਿਤ ਇਤਿਹਾਸਕ ਦਿਹਾੜੇ ਵੱਖ-ਵੱਖ ਧਰਮ ਅਸਥਾਨਾਂ ਵਿਖੇ ਮਨਾਏ ਜਾਂਦੇ ਹਨ ਪਰ ਹੋਲਾ-ਮਹੱਲਾ ਵਿਸ਼ੇਸ਼ ਤੌਰ ’ਤੇ ਸ਼੍ਰੀ ਅਨੰਦਪੁਰ ਸਾਹਿਬ ਨਾਲ ਹੀ ਸੰਬੰਧਿਤ ਹੈ। ਉਂਝ ਇਹ ਤਿਉਹਾਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਡੇਰਾ ਸੰਤ ਨਿਸ਼ਚਲ ਸਿੰਘ ਥੜ੍ਹਾ ਸਾਹਿਬ ਜੋੜੀਆਂ ਯਮੁਨਾ ਨਗਰ ਹਰਿਆਣਾ, ਗੁਰਦੁਆਰਾ ਪਾਤਸ਼ਾਹੀ ਦਸਵੀਂ ਪਾਉੂਂਟਾ ਸਾਹਿਬ (ਹਿਮਾਚਲ ਪ੍ਰਦੇਸ਼), ਤਖ਼ਤ ਸੱਚ-ਖੰਡ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ, ਗੁਰਦੁਆਰਾ ਗੋਦਾਵਰੀ ਸਰ ਢਿਲਵਾਂ ਕਲਾਂ ਨੇੜੇ ਕੋਟਕਪੂਰਾ (ਫ਼ਰੀਦਕੋਟ), ਪਿੰਡ ਬੇਗ਼ਮਪੁਰਾ ਠੱਟਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਵੀ ਬੜੀ ਸ਼ਰਧਾ, ਪੇ੍ਰਮ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਅਜਿਹੇ ਮਨਮੋਹਣੇ ਸਮੇਂ ਸੰਗਤਾਂ ਦੂਰ-ਦੁਰੇਡੇ ਤੋਂ ਵਹੀਰਾਂ ਘੱਤ ਕੇ ਇਹਨਾਂ ਅਸਥਾਨਾਂ ’ਤੇ ਮਸਤਕ ਨਿਵਾਉਣ ਪਹੁੰਚਦੀਆਂ ਹਨ। ਸਾਈਕਲਾਂ, ਸਕੂਟਰਾਂ, ਕਾਰਾਂ, ਟਰੈਕਟਰਾਂ, ਟਰਾਲੀਆਂ, ਟਰੱਕਾਂ, ਬੱਸਾਂ, ਰੇਲਗੱਡੀਆਂ ਰਾਹੀਂ ਬੇਅੰਤ ਸੰਗਤਾਂ ਵੱਖ-ਵੱਖ ਰਸਤਿਆਂ ਤੋਂ ਉਕਤ ਸਥਾਨਾਂ ਨੂੰ ਤੁਰੀਆਂ ਜਾਂਦੀਆਂ ਦਿੱਸਦੀਆਂ ਹਨ।
ਮਾਘੀ ਸ਼੍ਰੀ ਮੁਕਤਸਰ ਸਾਹਿਬ ਮੇਲੇ ਵਾਂਗ ਹੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਆਰੰਭ ਹੋਣ ਤੋਂ ਮਹੀਨਾ ਭਰ ਪਹਿਲਾਂ ਹੀ ਗੁਰੂ ਦੀਆਂ ਲਾਡਲੀਆਂ ਫ਼ੌਜਾਂ, ਨਿਹੰਗ ਸਿੰਘਾਂ ਦੇ ਦਲ ਘੋੜਿਆਂ ’ਤੇ ਸਵਾਰ ਹੋ ਕੇ ਨਗਾਰੇ ਵਜਾਉਂਦੇ, ਸ਼ਸਤਰਾਂ -ਬਸਤਰਾਂ ਵਿੱਚ ਸਜੇ ਹੋਏ ਅਨੰਦਪੁਰ ਸਾਹਿਬ ਵਿਖੇ ਪਹੁੰਚਦੇ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਣਾ ਤੋਂ 19 ਸਾਲ ਪਹਿਲਾਂ ਹੀ 1680 ਈ: ਤੋਂ ਸਿੱਖਾਂ ਨੂੰ ਹੋਲੇ-ਮਹੱਲੇ ਦੇ ਪੁਰਬ ਤੇ ਸ਼ਸਤਰ ਅਭਿਆਸ ਕਰਵਾਉਣੇ ਆਰੰਭ ਕਰ ਦਿੱਤੇ ਸਨ।
ਅਸ ਕਿ੍ਰਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ॥
ਸੈਫ ਸਰੋਹੀ ਸੈਰਥੀ ਯਹੈ ਹਮਾਰੈ ਪੀਰ॥
(ਦਸਮ ਗ੍ਰੰਥ ਸਾਹਿਬ ਜੀ, ਅੰਗ 717)

ਹੋਲਾ-ਮਹੱਲੇ ਦਾ ਸ਼ਸਤਰ ਵਿੱਦਿਆ ਤੇ ਖ਼ਾਲਸੇ ਦੀ ਚੜ੍ਹਦੀ ਕਲਾ ਨਾਲ ਕਿੰਨਾ ਗੂੜ੍ਹਾ ਸੰਬੰਧ ਹੈ। ਇਹ ਗੱਲ ਕਵੀ ਨਿਹਾਲ ਸਿੰਘ ਨੇ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਵਿੱਚ ਪੰਨਾ 283 ’ਤੇ ਇੰਝ ਸਪਸ਼ਟ ਕੀਤੀ ਹੈ।
ਕੜਛਾ ਢਾਲ ਕਟਾਰਾ ਤੇਗਾ ਕੜਛਾ ਦੇਗਾ ਗੋਲਾ ਹੈ।
ਛਕਾ ਪ੍ਰਸ਼ਾਦ ਸਜਾ ਦਸਤਾਰਾ ਅਰੁ ਕਰ ਦੋਨਾ ਟੋਲਾ ਹੈ।
ਸੁਭਟ ਸੁਚਾਲਾ ਅਰੁ ਲਖ ਬਾਹਾ ਕਲਗਾ ਸਿੰਘ ਸੁਚੋਲਾ ਹੈ।
ਅਪਰ ਮੁਛਹਿਰਾ ਦਾੜ੍ਹਾ ਜੈਸੇ, ਤੈਸੇ ਬੋਲਾ ਹੋਲਾ ਹੈ।  

 ਹੋਲੀ ਬਾਰੇ ਕਿਹਾ ਜਾਂਦਾ ਹੈ ਕਿ ਇਸ ਦਿਨ ਰਾਜਾ ਹਰਨਾਖਸ਼ ਨੇ ਭਗਤ ਪ੍ਰਹਿਲਾਦ ਨੂੰ ਆਪਣੀ ਭੈਣ ਹੋਲਿਕਾ ਦੀ ਗੋਦੀ ਵਿੱਚ ਬਿਠਾ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਹੋਲਿਕਾ ਨੂੰ ਵਰ ਸੀ ਕਿ ਉਹ ਅੱਗ ਵਿੱਚ ਨਹੀਂ ਸੜ ਸਕਦੀ ਪਰ ਹੋਲਿਕਾ ਸੜ ਗਈ, ਪ੍ਰਹਿਲਾਦ ਬਚ ਗਿਆ। ਉਸ ਦਿਨ ਤੋਂ ਹੀ ਹੋਲੀ ਦਾ ਤਿਉਹਾਰ ਪੂਰੇ ਭਾਰਤ ਵਿੱਚ ਹਰ ਸਾਲ ਮਨਾਇਆ ਜਾਣ ਲੱਗ ਪਿਆ ਪਰ ਅੱਜ ਹੋਲੀ ਦਾ ਤਿਉਹਾਰ ਗੰਦ-ਮੰਦ ਵਰਸਾਉਣ, ਗਾਲੀ-ਗਲੋਚ, ਲੜਾਈ-ਝਗੜੇ, ਸ਼ਰਾਬ ਪੀਣ, ਜੂਆ ਖੇਡਣ ਅਤੇ ਸ਼ੂਦਰਾਂ ਦੀ ਬੇਇੱਜ਼ਤੀ ਕਰਨਾ ਆਦਿ ਬਣ ਗਿਆ ਹੈ। ਗੁਰਬਾਣੀ ਵਿੱਚ ਹੋਲੀ ਬਾਰੇ ਇਸ ਤਰ੍ਹਾਂ ਦਰਜ ਹੈ।
ਆਜੁ ਹਮਾਰੈ ਬਨੇ ਫਾਗ॥
ਪ੍ਰਭੁ ਸੰਗੀ ਮਿਲਿ ਖੇਲਨ ਲਾਗ॥
ਹੋਲੀ ਕੀਨੀ ਸੰਤ ਸੇਵ॥
ਰੰਗੁ ਲਾਗਾ ਅਤਿ ਲਾਲ ਦੇਵ॥
(ਬਸੰਤ ਮਹੱਲਾ 5 ਘਰੁ 1, ਅੰਗ 1180)

ਭਾਈ ਨੰਦ ਲਾਲ ਗ੍ਰੰਥਾਵਲੀ ਸੰਪਾਦਕ ਡਾ: ਗੰਡਾ ਸਿੰਘ ਵਿੱਚ ਪੰਨਾ 58-59 ਤੇ ਹੋਲੀ ਬਾਰੇ ਇਸ ਤਰ੍ਹਾਂ ਅੰਕਿਤ ਹੈ।
ਗੁਲਿ ਹੋਲੀ ਬਬਾਗਿ ਦਹਿਰ ਬੂ ਕਰਦ
ਲਬਿ ਚੂੰ ਗੁੰਚਾ ਰਾ ਫਰਖੰਦਾ ਖ਼ੂ ਕਰਦ।
ਗੁਲਾਬੋ ਅੰਬਰੋ ਮਸ਼ਕੋ ਅਬੇਰੀ
ਚੂ ਬਾਰਾਨਿ ਬਾਰਿਸ਼ ਅਜ਼ ਸੂ ਬਸੂ ਕਰਦ।
ਜਹੇ ਪਿਚਕਾਰੀਏ ਪੁਰ ਜ਼ਅਰਫਾਨੀ
ਕਿ ਹਰ ਬੇਰੰਗ ਰਾ ਖ਼ੁਸ਼ਰੰਗੋ ਬੂ ਕਰਦ।
ਗੁਲਾਲਿ ਅਫ਼ਸਾਨੀਇ ਦਸਤਿ ਮੁਬਾਰਿਕ
ਜ਼ਮੀਨੋ ਆਸਮਾਂ ਰਾ ਸੁਰਖਰੂ ਕਰਦ।
ਦੋ ਆਲਮ ਗਸ਼ਤ ਰੰਗੀ ਅਜ਼ ਤੁਫੈਲਸ਼
ਚੂ ਸ਼ਾਹਮ ਜਾਮਾ ਰੰਗੀਨ ਦਰ ਗੁਲੂ ਕਰਦ।

ਭਾਵ:- ਹੋਲੀ ਦੇ ਫੁੱਲਾਂ ਨੇ ਜ਼ਮਾਨੇ ਦੇ ਬਾਗ਼ ਨੂੰ ਮਹਿਕ ਨਾਲ ਭਰ ਦਿੱਤਾ, ਬੰਦ ਕਲੀ ਵਰਗੇ ਹੋਠਾਂ ਨੂੰ ਸੁਭਾਗੀ ਤਬੀਅਤ ਵਾਲਾ ਬਣਾ ਦਿੱਤਾ। ਉਸ ਨੇ ਮੀਂਹ ਦੇ ਪਾਣੀ ਵਾਂਗ ਗੁਲਾਬ, ਅੰਬਰ, ਮੁਸ਼ਕ ਤੇ ਅਬੀਰ ਨੂੰ ਸਾਰੇ ਪਾਸੇ ਖਿਲਾਰ ਦਿੱਤਾ। ਕੇਸਰ ਭਰੀ ਪਿਚਕਾਰੀ ਦਾ ਕੀ ਕਹਿਣਾ? ਕਿ ਉਸ ਨੇ ਹਰ ਬੰਦ-ਰੰਗ ਨੂੰ ਵੀ ਰੰਗੀਨ ਤੇ ਸੁਗੰਧਿਤ ਕਰ ਦਿੱਤਾ। ਉਸ ਦੇ ਮੁਬਾਰਕ ਹੱਥਾਂ ਦੇ ਗੁਲਾਲ ਛਿੜਕੜ ਨੇ ਧਰਤ ਅਸਮਾਨ ਨੂੰ ਲਾਲੋ-ਲਾਲ ਕਰ ਦਿੱਤਾ। ਉਸ ਦੀ ਕਿਰਪਾ ਦੁਆਰਾ ਦੋਵੇਂ ਦੁਨੀਆਂ ਰੰਗੀਨ ਹੋ ਗਈਆਂ। ਉਸ ਨੇ ਸ਼ਾਹਾਂ ਵਾਂਗ ਮੇਰੇ ਗਲ ਵਿੱਚ ਰੰਗੀਨ ਕੱਪੜੇ ਪਵਾ ਦਿੱਤੇ।
ਹੋਲੀ ਹੀ ਇੱਕ ਅਜਿਹਾ ਤਿਉਹਾਰ ਹੈ, ਜਿਸ ਦਿਨ ਲੋਕ ਆਪਣੇ ਪੁਰਾਣੇ ਜਾਂ ਹੰਢੇ ਹੋਏ ਕੱਪੜੇ ਕੱਢ ਕੇ ਪਾਉਂਦੇ ਹਨ। ਉਹਨਾਂ ਦੇ ਚਿਹਰਿਆਂ ਤੇ ਰੌਣਕ ਅਤੇ ਖ਼ੁਸ਼ੀ ਦੁਗਣੀ-ਚੌਗੁਣੀ ਝਲਕਦੀ ਹੁੰਦੀ ਹੈ, ਜਿੱਥੇ ਇਹ ਰੰਗ ਆਪਣੀ ਮਹਿਕ ਨਾਲ ਲੋਕਾਂ ਦੇ ਚਿਹਰੇ ਖਿੜਾਉਂਦੇ ਹਨ, ਉੱਥੇ ਇਹਨਾਂ ਰੰਗਾਂ ਵਿੱਚ ਰੰਗੇ ਲੋਕ ਧਰਮਾਂ, ਜਾਤਾਂ, ਗੋਤਾਂ, ਮਜ਼੍ਹਬਾਂ ਤੇ ਅਮੀਰੀ-ਗ਼ਰੀਬੀ ਦੇ ਭੇਦ-ਭੁਲਾ ਕੇ ਇੱਕ ਦੂਜੇ ਨੂੰ ਗਲ ਨਾਲ ਲਾਉਂਦੇ ਹਨ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਦੇ ਤਿਉਹਾਰ ਨੂੰ ਹੋਲੇ-ਮਹੱਲੇ ਦੇ ਰੂਪ ਵਿੱਚ ਮਨਾਉਣ ਦੇ ਆਦੇਸ਼ ਦਿੱਤੇ। ਗੁਰੂ ਜੀ ਨੇ ਜਦੋਂ ਹੋਲੇ-ਮਹੱਲੇ ਨੂੰ ਵੀਰਤਾਂ ਦੇ ਤਿਉਹਾਰ ਦਾ ਰੂਪ ਦੇ ਕੇ ਪ੍ਰਚਲਿਤ ਕੀਤਾ ਤਾਂ ਸਾਰੇ ਹੀ ਸਿੰਘ ਇਸ ਉਤਸਵ ਵਿੱਚ ਬੜੇ ਜੋਸ਼ ਤੇ ਸੱਜ-ਧੱਜ ਨਾਲ ਸ਼ਾਮਿਲ ਹੋਏ।
ਗੁਰੂ ਸਾਹਿਬ ਸਿੱਖਾਂ ਨੂੰ ਵੱਖ-ਵੱਖ ਰੰਗਾਂ ਦੇ ਪੁਸ਼ਾਕੇ ਪਾ ਕੇ ਦੋ ਹਿੱਸਿਆਂ ਵਿੱਚ ਵੰਡ ਦਿੰਦੇ। ਇੱਕ ਹਿੱਸਾ ਦੂਰ ਜੰਗਲ ਵਿੱਚ ਆਪਣਾ ਡੇਰਾ ਲਾਉਂਦਾ, ਦੂਜਾ ਉਹਨਾਂ ਉੱਤੇ ਹੱਲਾ ਬੋਲਦਾ, ਨਗਾਰਾ ਵੱਜਦਾ, ਸਿੰਘ ਘੋੜਿਆ ਉੱਤੇ ਸਵਾਰ ਹੋ ਕੇ ਸ਼ਸਤਰ ਲੈ ਕੇ ਮਾਰੋ-ਮਾਰ ਕਰਦੇ, ਦੂਜਿਆਂ ਉੱਤੇ ਹੱਲਾ ਬੋਲਦੇ। ਉਹ ਵੀ ਅੱਗੋਂ ਜੋਸ਼ ਬਹਾਦਰੀ ਨਾਲ ਇਹਨਾਂ ਦਾ ਮੁਕਾਬਲਾ ਕਰਦੇ। ਇਸ ਤਰ੍ਹਾਂ ਦੋ ਦਿਨ ਨਕਲੀ ਲੜਾਈਆਂ ਦਾ ਸਿਲਸਿਲਾ ਜਾਰੀ ਰਹਿੰਦਾ, ਤੀਜੇ ਦਿਨ ਮਹੱਲਾ ਕੱਢਿਆ ਜਾਂਦਾ। ਜਿਸ ਵਿੱਚ ਸਿੰਘ ਘੋੜ-ਸਵਾਰੀ ਤੇ ਸ਼ਸਤਰਾਂ ਦੇ ਕਰਤੱਵ ਦਿਖਾਉਂਦੇ। ਸਭ ਤੋਂ ਪਹਿਲਾਂ ਗੁਰੂ ਸਾਹਿਬ ਘੋੜਾ ਦੁੜਾਉਂਦੇ, ਤੀਰ ਨਾਲ ਦੇਗ ਨੂੰ ਭੋਗ ਲਾਉਣ ਕਾਰਨ ਇਹ ਕੜਾਹ-ਪ੍ਰਸ਼ਾਦ ਬਣ ਜਾਂਦਾ, ਸਮਾਪਤੀ ਸਮੇਂ ਸਿੰਘ ਰੱਜ-ਰੱਜ ਕੇ ਦੇਗ ਛਕਦੇ ਅਤੇ ਨਿਹਾਲ ਹੋ ਜਾਂਦੇ ਸਨ।
ਵਰਤਮਾਨ ਸਮੇਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਹ ਪ੍ਰੰਪਰਾ ਨਹੀਂ ਹੈ। ਪਹਿਲੇ ਦੋ ਦਿਨ ਤਾਂ ਵਿਸ਼ੇਸ਼ ਦੀਵਾਨ ਸਜਦੇ ਹਨ, ਪ੍ਰਸਿੱਧ ਰਾਗੀ, ਢਾਡੀ, ਪ੍ਰਚਾਰਕ ਗੁਰੂ ਜਸ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਹਨ। ਸਿਆਸੀ ਕਾਨਫਰੰਸਾਂ ਹੁੰਦੀਆਂ ਹਨ। ਆਖਰੀ (ਮਹੱਲੇ ਵਾਲੇ) ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਘਾਟੀ ਤੋਂ ਘਾਟੀ ਤੋਂ ਚਮਕਦੇ ਪਿੰਡੇ ਵਾਲੇ ਖੂਬਸੂਰਤ ਘੋੜਿਆਂ ਉੱਤੇ ਨਿਹੰਗ ਸਿੰਘ ਖਾਲਸਾਈ ਜਾਹੋ-ਜਲਾਲ ਨਾਲ ਵਾਹੋ-ਦਾਹੀ ਭੱਜੇ ਜਾਂਦੇ ਕਰਤੱਵ ਵਿਖਾਉਂਦੇ ਹਨ। ਸੰਗਤਾਂ ਹੋਲੇ-ਮਹੱਲੇ ਦਾ ਅਲੌਕਿਕ ਨਜ਼ਾਰਾ ਦੇਖ ਕੇ ਅਤਿ ਪ੍ਰਸੰਨ ਹੁੰਦੀਆ ਹਨ।
ਕਰਨੈਲ ਸਿੰਘ ਐੱਮ.ਏ. ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ,
ਲੁਧਿਆਣਾ।