ਨਾਮ ਦੇ ਪਿੱਛੇ ਗੋਤ ਲੱਗੇ ਸਿੰਘ ਤੇ ਕੌਰ ਕਿਉਂ ਨਹੀਂ ? ✍ ਗੌਰਵ ਧੀਮਾਨ

ਸਵੇਰ ਦੀ ਅਖ਼ਬਾਰ ਪੜ੍ਹ ਰਿਹਾ ਸੀ ਅਚਾਨਕ ਉਸ ਵਿੱਚ ਕੁਝ ਐੱਨ.ਆਰ.ਆਈ ਦਿਖਾਈ ਦਿੱਤੇ ਜਿਹਨਾਂ ਦੇ ਨਾਮ ਪਿੱਛੇ ਸਿੰਘ ਬਿਲਕੁੱਲ ਵੀ ਨਜਰ ਨਹੀਂ ਆ ਰਿਹਾ ਸੀ। ਮੈ ਹੈਰਾਨ ਸੀ ਪੰਜਾਬ ਦੀ ਧਰਤੀ ਤੋਂ ਜਨਮ ਲੈ ਕੇ ਦੂਜੇ ਦੇਸ਼ ਜਾ ਵੱਸਣਾ ਫਿਰ ਨਾਮ ਦੇ ਪਿੱਛੇ ਸਿੰਘ ਨਾ ਲਗਾਉਣਾ। ਇਹ ਗੱਲ ਬੜੀ ਹੈਰਾਨ ਕਰਨ ਵਾਲੀ ਉਦੋਂ ਦੇਖੀ ਮੈ ਜਦੋਂ ਨਾਲ ਦੇ ਗੁਆਂਢੀ ਦੇ ਨਾਮ ਪਿੱਛੇ ਵੀ ਸਿੰਘ ਨਾ ਲੱਗਾ ਵੇਖਿਆ। ਉਸਦਾ ਦਾ ਨਾਂ ਵੀ ਗੁਰਪਾਲ ਸੰਧੂ ਸੀ। ਮੈ ਫਿਰ ਹੈਰਾਨ ਹਾਂ ਕਿ ਸਿੰਘ ਕਿੱਥੇ ਹੈ ਤੇ ਨਾਮ ਪਿੱਛੇ ਸਿੰਘ ਕਿਉਂ ਨਹੀਂ ਲਗਾ ਰਹੇ। ਇਸ ਚਰਚਾ ਨੇ ਮੇਰੇ ਮਨ ਨੂੰ ਬੜੀ ਠੇਸ ਪਹੁੰਚਾਈ ਹੈ। ਅੱਜ ਕੱਲ੍ਹ ਦੀਆਂ ਹਰ ਅਖ਼ਬਾਰਾਂ ਦੇ ਵਿਸ਼ੇ ਵਿੱਚ ਸੰਧੂ,ਸਿੱਧੂ,ਗਿੱਲ,ਰਾਮਗੜ੍ਹੀਆ ਤੇ ਬਰਾੜ ਵਰਗੇ ਨਾਮ ਹਰ ਇੱਕ ਦੇ ਨਾਮ ਪਿੱਛੇ ਜੁੜੇ ਹਨ। ਆਓ ਜਾਣੀਏ ਕਿਉਂ ਇੰਝ ਹੋ ਰਿਹਾ ਹੈ ਤੇ ਕੀ ਕਾਰਨ ਹੋ ਸਕਦਾ ਹੈ।
           ਅਜੋਕਾ ਦੌਰ ਜੋ ਗੁਰੂਆਂ ਪੀਰਾਂ ਦੀ ਧਰਤੀ ਰਿਹਾ ਹੈ। ਕਲਗੀਧਰ ਪਾਤਸ਼ਾਹ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਤੇ ਪੰਜ ਪਿਆਰੇ ਸਿੰਘ ਸਜਾਏ ਸੀ ਜਿਹਨਾਂ ਦੇ ਨਾਮ ਪਿੱਛੇ ਸਿੰਘ ਲੱਗਦਾ ਸੀ। ਉਹ ਦੌਰ ਪਾਤਸ਼ਾਹ ਜੀ ਦੇ ਆਰੰਭ ਵਿੱਚ ਹੀ ਸ਼ੁਰੂ ਹੋਇਆ ਸੀ। ਹਰ ਸਿੱਖ ਆਪਣੇ ਨਾਮ ਪਿੱਛੇ ਸਿੰਘ ਤੇ ਕੌਰ ਲਗਾ ਕੇ ਸਿੱਖ ਕਹਾਉਂਦਾ ਹੈ। ਸਿੱਖ ਕੌਮ ਦਾ ਸਿੰਘ ਤੇ ਕੌਰ ਲੱਗਣ ਦਾ ਮਨਸੂਬਾ ਇਹ ਦਰਸਾਉਂਦਾ ਸੀ ਕਿ ਉਹ ਸਿੱਖ ਹਨ। ਸਿੱਖ ਕੌਮ ਦੇ ਧਰਮਾਂ ਵਾਲੇ ਲੋਕ ਸਿਰਫ਼ ਗੁਰੂ ਕੀ ਹਜੂਰੀ ਵਿੱਚ ਰਹਿਣਾ ਪਸੰਦ ਕਰਦੇ ਹਨ ਤੇ ਉਹਨਾਂ ਦੇ ਅਸੂਲਾਂ ਮੁਤਾਬਿਕ ਜਿੰਦਗੀ ਨੂੰ ਜਿਊਂਦੇ ਹਨ। ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਰ ਸਿੰਘ ਤਿਆਰ ਕੀਤੇ ਜਿਹਨਾਂ ਵਿੱਚ ਸਿੱਖ ਕੌਮ ਦਾ ਸਾਰੀ ਉਮਰ ਸਿੰਘ ਤੇ ਕੌਰ ਕਹਾਉਣਾ ਲਿਖਿਆ।
            ਅੱਜ ਦੀ ਪੀੜ੍ਹੀ ਕਿਸ ਰਾਹ ਵੱਲ ਜਾ ਰਹੀ ਹੈ ਇਸਦਾ ਕਾਰਨ ਅੱਜ ਦਾ ਦੌਰ ਤੇ ਬਦਲਣ ਵਾਲਾ ਕਲਚਰ ਹੈ। ਜਿੱਥੇ ਸਿੰਘ ਤੇ ਕੌਰ ਨਾਮ ਨੂੰ ਹਟਾ ਕੇ ਉਸਦੇ ਪਿੱਛੇ ਕਲਚਰ ਦੇ ਮੁਤਾਬਿਕ ਸੰਧੂ,ਸਿੱਧੂ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਹਰ ਸਿੱਖ ਆਪਣੀ ਜਾਣ ਪਹਿਚਾਣ ਨੂੰ ਸੋਹਣੇ ਢੰਗ ਨਾਲ ਪੇਸ਼ ਕਰਨ ਲਈ ਸਿੰਘ ਲਿਖਿਆ ਹਟਾ ਰਿਹਾ ਹੈ ਤੇ ਸੰਧੂ,ਸਿੱਧੂ ਵਰਗੇ ਨਾਮ ਜੜ੍ਹ ਰਿਹਾ ਹੈ। ਜਿਸ ਨਾਲ ਉਸਨੂੰ ਇਹ ਲੱਗਦਾ ਹੈ ਮੇਰੇ ਨਾਮ ਤੋਂ ਸੋਹਣਾ ਨਾਮ ਕਿਸੇ ਦਾ ਨਹੀਂ। ਨਾਮ ਦੇ ਪਿੱਛੇ ਗੋਤਰ ਦਾ ਲੱਗਣਾ ਗਲਤ ਨਹੀਂ ਪਰ ਪੂਰੇ ਨਾਮ ਦੇ ਵਿੱਚ ਸਿੰਘ ਦਾ ਨਾ ਦਿਖਣਾ ਬੜੀ ਅਜੀਬ ਗੱਲ ਹੈ। ਗੁਰੂਆਂ ਦੇ ਸਿਖਾਏ ਨਿਯਮ ਕਿੱਥੇ ਗਏ ? ਗੁਰੂਆਂ ਦੇ ਸਜਾਏ ਸਿੰਘ ਕਿੱਥੇ ਗਏ ? ਸਵਾਲ ਤਾਂ ਸਿਰਫ਼ ਇਹ ਹੈ ਨਾਮ ਦੇ ਪਿੱਛੇ ਸਿੰਘ ਹੀ ਕਿਉਂ ਨਹੀਂ ?
          ਅੱਜ ਦੇ ਸਮੇਂ ਹਰ ਤਰ੍ਹਾਂ ਦਾ ਸਿੱਖ ਆਪਣੇ ਆਪ ਨੂੰ ਵਧੇਰੇ ਚਾਨਣ ਪਾਉਂਦਾ ਨਜਰ ਅਾ ਰਿਹਾ ਹੈ ਜਿਵੇਂ ਬਾਹਰਲੀ ਦੁਨੀਆ ਰਹਿ ਕੇ ਬਹੁਤ ਸਾਰਾ ਧਨ ਦੌਲਤ ਇੱਕਠਾ ਕਰਕੇ ਪਿੰਡ ਵਾਪਸੀ ਪਰਤਦਾ ਹੈ ਤੇ ਘਰ ਵੱਡਾ ਬਣਾਉਂਦਾ ਹੈ। ਉਸ ਘਰ ਦੇ ਅੱਗੇ ਉਸਦਾ ਨਾਮ ਲਿਖਿਆ ਹੁੰਦਾ ਹੈ ਉਸਦੇ ਗੋਤ ਦੇ ਨਾਮ ਤੋਂ..ਜਿਸ ਨਾਲ ਉਸਨੂੰ ਇਹ ਲੱਗਦਾ ਹੈ ਕਿ ਮੈ ਸੰਧੂ,ਸਿੱਧੂ ਆਪਣੀ ਮਿਹਨਤ ਨਾਲ ਖੜ੍ਹਾ ਉਤਰਿਆ ਹਾਂ। ਸਿੱਖ ਆਪਣੀ ਪਹਿਚਾਣ ਸਿੰਘ ਲਗਾ ਕੇ ਨਹੀਂ ਕਰਦਾ ਸਿੱਖ ਆਪਣੀ ਪਹਿਚਾਣ ਹਮੇਸ਼ਾ ਗੋਤ ਜਾਂ ਜਾਤ ਲਗਾ ਕੇ ਕਰਦਾ ਹੈ। ਸਾਡੇ ਗੁਰੂਆਂ ਨੇ ਪ੍ਰਮਾਤਮਾ ਇੱਕ ਹੈ ਦੱਸਿਆ ਹੈ ਤੇ ਸਿੱਖ ਰਾਜ ਵਿੱਚ ਇਹ ਪਹਿਲ ਕਿਉਂ ਨਹੀਂ ਕਿ ਗੁਰੂਆਂ ਦੇ ਸੱਚ ਬਚਨ ਵਿੱਚ ਨਾਮ ਦੇ ਪਿੱਛੇ ਸਿੰਘ ਦਾ ਲੱਗਣਾ ਕਿਉਂ ਨਹੀਂ। ਇਸ ਧਰਤੀ ' ਤੇ ਗੁਰੂ ਸਾਹਿਬਾਨ ਆਏ ਉਹਨਾਂ ਦੇ ਨਾਮ ਪਿੱਛੇ ਸਿੰਘ ਹੀ ਸਾਜੇ ਨਜਰ ਆਏ ਤੇ ਸਿੱਖਾਂ ਦੇ ਵਧੇਰੇ ਦਲ ਵੀ ਸਿੰਘ ਦੇ ਨਾਮ ਨਾਲ ਹੀ ਜਾਣੇ ਗਏ।
            ਬਾਬਾ ਦੀਪ ਸਿੰਘ ਜੀ ਵੀ ਸਿੰਘ ਦੇ ਨਾਮ ਵਜੋਂ ਪਹਿਚਾਣੇ ਗਏ। ਗੁਰੂ ਘਰ ਦੀ ਹਜੂਰੀ ਵਿੱਚ ਜੋ ਵੀ ਸਿੱਖ ਕੌਮ ਦੇ ਨਾਮ ਤੋਂ ਜਾਣਿਆ ਗਿਆ ਉਸਦੇ ਨਾਮ ਪਿੱਛੇ ਸਿੰਘ ਲੱਗਾ ਨਜਰ ਆਇਆ ਸੀ ਤੇ ਹੁਣ ਦਾ ਜੋ ਵੇਲਾ ਚੱਲ ਰਿਹਾ ਉਸ ਵਿੱਚ ਸਿੰਘ ਦਾ ਨਜਰ ਆਉਣਾ ਬੰਦ ਹੋ ਗਿਆ ਹੈ। ਹਰ ਸਿੱਖ ਦੀ ਗੱਲ ਨਹੀਂ ਕਰ ਰਿਹਾ ਸਿਰਫ਼ ਉਹ ਸਿੱਖ ਬਾਰੇ ਗੱਲ ਕਰ ਰਿਹਾ ਹਾਂ ਜਿਹਨਾਂ ਦੇ ਨਾਮ ਪਿੱਛੇ ਸਿੰਘ ਲੱਗਦਾ ਹੈ ਪਰ ਉਹ ਨਹੀਂ ਲਗਾ ਰਹੇ। ਜਿਸ ਦਾ ਦੁੱਖ ਹਰ ਸਿੱਖ ਕੌਮ ਨੂੰ ਹੋਵੇਗਾ ਜੋ ਆਪਣੇ ਨਾਮ ਪਿੱਛੇ ਸਿਰਫ਼ ਗੋਤਰ ਲਗਾਉਣਾ ਪਸੰਦ ਕਰਦੇ ਸਿੰਘ ਨਹੀਂ।
            ਪਹਿਚਾਣ ਇਨਸਾਨ ਦੀ ਕਾਬਲੀਅਤ ਤੇ ਦਿਆਲਤਾ ਨਾਲ ਹੁੰਦੀ ਹੈ ਨਾਂ ਕਿ ਗੋਤਰ ਦੇ ਮੁਕਾਬਲਿਆਂ ਨਾਲ...ਇਹ ਮੁਕਾਬਲਾ ਕਦੋਂ ਤੱਕ ਇੰਝ ਚੱਲੇਗਾ। ਨਾਮ ਦੇ ਪਿੱਛੇ ਸਿੰਘ ਤੇ ਕੌਰ ਨਾ ਲੱਗਣਾ ਇੱਕ ਮੁਕਾਬਲਾ ਵੀ ਹੈ। ਜਿਸ ਵਿੱਚ ਸਿਰਫ਼ ਇਹ ਦਿਖਾਇਆ ਜਾਂਦਾ ਹੈ ਕਿ ਮੈ ਸੰਧੂ ਹਾਂ ਤੇ ਮੇਰਾ ਰੁੱਤਬਾ ਸਿੱਧੂ ਗੋਤ ਨਾਲੋਂ ਕਈ ਗੁਣਾ ਉੱਚਾ ਹੈ। ਇੰਝ ਕਿਉਂ ਕਰ ਰਹੇ ਹੋ। ਸਿੱਖ ਕੌਮ ਦੇ ਵਾਰਿਸ ਹੋ ਕੇ ਮੁਕਾਬਲੇ ਕਰ ਰਹੇ ਹੋ। ਤੁਸੀ ਸਿਰਫ਼ ਸਿੰਘ ਹੋ ਨਾ ਕਿ ਧਰਮੀ ਖਿਲਾਫ਼ ਬਗ਼ਾਵਤ ਕਰਨ ਵਾਲੇ ਲੋਕ...! ਲੋਕਾਂ ਦੇ ਭੜਕਾਊ ਬਿਆਨ ਕੁਝ ਇਸ ਤਰ੍ਹਾਂ ਹੁੰਦੇ ਹਨ ਕਿ ਫਲਾਣੇ ਦੇ ਕਾਕੇ ਨੇ ਵਧੇਰੇ ਚੰਨ ਚਾੜਤਾ,ਫ਼ਲਾਣੇ ਨੇ ਘਰ ਉੱਚਾ ਕਰ ਲਿਆ... ਕੀ ਇਹ ਸੱਚ ਨਹੀਂ ਕਿ ਨਾਮ ਦੇ ਪਿੱਛੇ ਸਿੰਘ ਹਟਾ ਕੇ ਗੋਤ ਦੇ ਨਾਲ ਮੁਕਾਬਲਾ ਕਰ ਰਹੇ ਹੋ।
           ਆਜਾਦੀ ਪੰਜਾਬ ਨੂੰ ਇੰਝ ਨਹੀਂ ਮਿਲੀ ਸੀ। ਪੰਜਾਬ ਦੇ ਸੂਰਬੀਰ ਯੋਧੇ ਭਗਤ ਸਿੰਘ ਵਰਗੇ ਸੂਰਮੇ ਸੀ ਜਿਹਨਾਂ ਦੇ ਨਾਮ ਪਿੱਛੇ ਸਿੰਘ ਹੀ ਰਿਹਾ ਕੋਈ ਗੋਤ ਨਹੀਂ ਸੀ ਲੱਗਾ। ਜਿਹਨਾਂ ਦੇ ਸਮਾਂ ਬਦਲਿਆ ਤੇ ਸੋਚ ਬਦਲੀ ਸਿਰਫ਼ ਉਹਨਾਂ ਦੇ ਨਾਮ ਅੱਗੇ ਸਿੰਘ ਨਹੀਂ ਲੱਗਾ। ਇੱਕ ਸਿੱਖ ਹੋਣ ਦਾ ਦਾਅਵਾ ਉਦੋਂ ਹੀ ਹੁੰਦਾ ਹੈ ਜਦੋਂ ਉਸਦੇ ਨਾਮ ਅੱਗੇ ਸਿੰਘ ਵੀ ਸ਼ਾਮਲ ਹੋ। ਇੱਕ ਸਰਦਾਰ ਭਾਈ ਸਾਹਿਬ ਜੀ ਗੁਰੂ ਘਰ ਆਏ। ਗੁਰੂ ਸਾਹਿਬ ਘਰ ਰਹਿੰਦੇ ਪਾਠੀ ਜੀ ਨੇ ਆਖਿਆ,' ਹੋਰ ਸਿੰਘ ਸਾਹਿਬ ਜੀ ਠੀਕ ਓ! ' ਬੜੀ ਨਿਮਰਤਾ ਨਾਲ ਸਿੰਘ ਆਖ ਬੁਲਾਇਆ। ਬੜਾ ਮਨ ਨੂੰ ਸਕੂਨ ਮਿਲਿਆ ਪਰ ਜਦੋਂ ਉਸ ਸਿੱਖ ਦਾ ਨਾਮ ਪੁੱਛਿਆ ਗਿਆ ਤਾਂ ਅੱਗੋਂ ਜਵਾਬ ਆਇਆ,' ਜਗਤਾਰ ਸੰਧੂ ਉਰਫ਼ ਸ਼ਮਸ਼ੇਰ ਸੰਧੂ ਦਾ ਪੁੱਤ ਹਾਂ।'
           ਇਸ ਤੋਂ ਅਸੀ ਹੁਣ ਕੀ ਜਾਣਾਂਗੇ ਕਿ ਸਿੱਖ ਕੌਮ ਵਿੱਚੋਂ ਸਿੰਘ ਖ਼ਤਮ ਹੁੰਦੇ ਜਾ ਰਹੇ ਹਨ ਜਿਹਨਾਂ ਦੇ ਨਾਮ ਪਿੱਛੇ ਸਿੰਘ ਨਜਰੀ ਆਉਂਦਾ ਹੀ ਨਹੀਂ। ਇਹ ਗੱਲ ਵੇਖਣ ਤੇ ਸੁਣਨ ਵਿੱਚ ਬੜੀ ਅਜੀਬ ਹੈ ਪਰ ਇਹ ਸੱਚ ਹੈ। ਜਿੱਥੇ ਸਿੰਘ ਦਾ ਹੋਣਾ ਜਰੂਰੀ ਹੈ ਉੱਥੇ ਨਾਮ ਪਿੱਛੇ ਸਿੰਘ ਦਾ ਲੱਗਣਾ ਵੀ ਜਰੂਰੀ ਹੈ। ਸਾਡੇ ਗੁਰੂਆਂ ਨੇ ਸਾਨੂੰ ਜੋ ਦਾਤ ਬਖਸ਼ੀ ਹੈ ਸਾਨੂੰ ਉਸ ਉੱਤੇ ਚੱਲਣਾ ਚਾਹੀਦਾ ਹੈ। ਗੋਤਰ ਨੂੰ ਵੋਟਾਂ ਦੇ ਮੁਕਾਬਲੇ ਨਾ ਬਣਾਓ। ਸਿੱਖ ਕੌਮ ਦੇ ਰਾਜ ਨੂੰ ਨਾ ਖ਼ਤਮ ਹੋਣ ਦਿਓ। ਅੱਜ ਕੱਲ੍ਹ ਦੇ ਬੱਚੇ ਆਪਣੇ ਨਾਮ ਦੇ ਅੱਗੇ ਲੱਗੇ ਸਿੰਘ ਨੂੰ ਹਟਾ ਦਿੰਦੇ ਹਨ ਤੇ ਕਹਿੰਦੇ ਹਨ,' ਗੁਰਪ੍ਰੀਤ ਬਰਾੜ ਹਾਂ,ਦੂਜਾ ਬੱਚਾ ਆਖੇ..ਮੈ ਸੁੱਖਪਾਲ ਸਿੱਧੂ ਹਾਂ। ਇਹ ਸਭ ਕੀ ਹੈ ?
          ਸਾਫ਼ ਸਾਫ਼ ਨਜਰੀ ਆ ਰਿਹਾ ਹੈ ਅਸੀ ਸਮੇਂ ਦੇ ਚੱਕਰਵਿਊ ਵਾਂਗ ਚੱਲ ਰਹੇ ਹਾਂ ਤੇ ਸਿੱਖ ਧਰਮ ਦਾ ਨਾਮ ਭੁੱਲ ਰਹੇ ਹਾਂ। ਸਿੰਘ ਨਾਮ ਨਾ ਲੱਗਣਾ ਵਧੇਰੇ ਤਰ੍ਹਾਂ ਦੇ ਸੰਦੇਸ਼ ਦਿੰਦਾ ਹੈ ਜਿਹਨਾਂ ਵਿੱਚ ਈਰਖਾ,ਸਵੈ - ਸ਼ਕਤੀਮਾਨ,ਉੱਚ ਰੁੱਤਬਾ ਦਰਸਾਉਂਦਾ ਹੈ ਜਿਹਨਾਂ ਨਾਲ ਸਿੱਖ ਕੌਮ ਦਾ ਅੱਧਾ ਸਿੱਖ ਬਿਖੜ੍ਹ ਕੇ ਰਹਿ ਗਿਆ ਹੈ। ਹਰ ਸਿੱਖ ਦੇ ਕੌਮੀ ਨੂੰ ਸਮਝਣਾ ਚਾਹੀਦਾ ਹੈ ਕਿ ਨਾਮ ਪਿੱਛੇ ਸਿੰਘ ਨਾ ਲੱਗਣਾ ਤੁਹਾਡੇ ਆਪਸੀ ਭਾਈਚਾਰੇ ਦਾ ਕੀ ਨੁਕਸਾਨ ਹੈ। ਸਿੱਖ ਕੌਮ ਨੂੰ ਏਕਤਾ ਬਣਾਏ ਰੱਖਣ ਦੀ ਵਧੇਰੇ ਜਰੂਰਤ ਹੈ। ਜਿਹਨਾਂ ਦੇ ਨਾਮ ਸਿੰਘ ਦੀ ਥਾਂ ਕੁਝ ਹੋਰ ਲੱਗ ਰਹੇ ਹਨ ਉਹਨਾਂ ਨੂੰ ਇਸ ਬਾਰੇ ਜਰੂਰ ਸੋਚਣਾ ਚਾਹੀਦਾ ਹੈ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ