You are here

ਗ਼ਦਰੀ ਬਾਬਾ ਭਾਨ ਸਿੰਘ ਸੁਨੇਤ ਦੇ ਸ਼ਹੀਦੀ ਦਿਨ ਤੇ ਮਸ਼ਾਲਾਂ ਬਾਲਕੇ ਰੱਖਣ ਦਾ ਹੋਕਾ

ਗ਼ਦਰੀ ਬਾਬਾ ਭਾਨ ਸਿੰਘ ਸੁਨੇਤ ਦੇ ਸ਼ਹੀਦੀ ਦਿਨ ਤੇ ਮਸ਼ਾਲਾਂ ਬਾਲਕੇ ਰੱਖਣ ਦਾ ਹੋਕਾ ਦਿੱਤਾ ਅਤੇ 10 ਮਾਰਚ ਨੂੰ ਇਹਨਾਂ ਦੀ ਕੁਰਬਾਨੀ ਨੂੰ ਦਰਸਾਉਂਦੀ ਕਿਤਾਬ ‘ਦਾਸਤਾਨ ਕਾਲੇ ਪਾਣੀਆਂ ਦੇ ਸ਼ਹੀਦ’ ਦੀ ਹੋਵੇਗੀ ਲੋਕ ਅਰਪਣ
ਲੁਧਿਆਣਾ, 3 ਮਾਰਚ (ਜਨ ਸ਼ਕਤੀ ਨਿਊਜ਼ ਬਿਊਰੋ )
 ਗ਼ਦਰ ਪਾਰਟੀ ਦੇ ਯੋਧੇ ਕਾਲ਼ੇ ਪਾਣੀਆਂ ਦੇ ਸ਼ਹੀਦ ਗ਼ਦਰੀ ਬਾਬਾ ਭਾਨ ਸਿੰਘ ਸੁਨੇਤ ਦੇ ਸ਼ਹੀਦੀ ਦਿਹਾੜੇ 2 ਮਾਰਚ ਨੂੰ ਸਥਾਨਕ ‘ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ’ ਵੱਲੋਂ ਮਸ਼ਾਲਾਂ ਬਾਲ ਕੇ ਆਕਾਸ਼ ਗੁੰਜਾਉ ਨਾਅਰਿਆਂ ਨਾਲ ਸ਼ਹੀਦ ਬਾਬਾ ਭਾਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ।
ਇਸ ਦੌਰਾਨ ਇਕੱਠ ਨੂੰ ਸਭਾ ਦੇ ਪ੍ਰਧਾਨ ਐਡਵੋਕੇਟ ਹਰਪ੍ਰੀਤ ਜ਼ੀਰਖ ਅਤੇ ਜਨਰਲ ਸਕੱਤਰ ਰਾਕੇਸ਼ ਆਜ਼ਾਦ ਨੇ ਸੰਬੋਧਨ ਕਰਦਿਆਂ ਸ਼ਹੀਦ ਬਾਬਾ ਭਾਨ ਸਿੰਘ ਦੀ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਪਾਏ ਯੋਗਦਾਨ ਅਤੇ ਕੁਰਬਾਨੀ ਬਾਰੇ ਨੌਜਵਾਨਾਂ ਨੂੰ ਦੱਸਦਿਆਂ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਸਮਾਜ ਵਿੱਚ ਉਸਾਰੂ ਕਾਰਜਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਮੌਜੂਦਾ ਸਮੇਂ ਵਿੱਚ ਕੇਂਦਰ ਦੀ ਆਰ ਐਸ ਐਸ/ ਭਾਜਪਾ ਸਰਕਾਰ ਦੇਸ਼ ਵਿੱਚ ਫਿਰਕੂ ਤਾਕਤਾਂ ਨੂੰ ਸ਼ਹਿ ਦੇ ਕੇ ਮੁਸਲਮਾਨਾਂ , ਦਲਿਤਾਂ ਅਤੇ ਘੱਟ-ਗਿਣਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀ ਹੈ। ਮੌਜੂਦਾ ਸਰਕਾਰ ਧਰਮ ਦੇ ਨਾਮ ਤੇ ਲੋਕਾਂ ਨੂੰ ਆਪਸ ਚ ਵੰਡ ਕੇ ਲੋਕਾਂ ਤੇ ਲਗਾਤਾਰ ਆਰਥਿਕ ਹਮਲੇ ਤੇਜ਼ ਕਰ ਰਹੀ ਹੈ ਤੇ ਸਰਕਾਰੀ ਅਦਾਰਿਆਂ ਅਤੇ ਜਲ ਜੰਗਲ ਜ਼ਮੀਨ ਨੂੰ ਅਡਾਨੀ/ਅੰਬਾਨੀ ਵਰਗੇ ਪੂੰਜੀਪਤੀ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚ ਰਹੀ ਹੈ। ਦੇਸ਼ ਵਿੱਚ ਨੌਜਵਾਨ ਬੇਰੁਜ਼ਗਾਰੀ ਦੀ ਦਲਦਲ ਵਿੱਚ ਲਗਾਤਾਰ ਧਸਦਾ ਜਾ ਰਿਹਾ ਹੈ। ਉਚੇਰੀ ਤੇ ਮਿਆਰੀ ਸਿੱਖਿਆ ਲਗਾਤਾਰ ਮਹਿੰਗੀ ਹੋ ਰਹੀ ਹੈ ਤੇ ਗ਼ਰੀਬ/ਮੱਧਵਰਗੀ ਵਿਦਿਆਰਥੀਆਂ ਤੋਂ ਦੂਰ ਹੁੰਦੀ ਜਾ ਰਹੀ ਹੈ। ਨੌਜਵਾਨ ਘੋਰ ਨਿਰਾਸ਼ਾ ਚੋਂ ਗੁਜ਼ਰ ਰਿਹਾ ਹੈ ਜਿਸ ਕਾਰਣ ਉਹ ਨਸ਼ਿਆਂ ਵੱਲ, ਗੈਂਗਵਾਰ ਵੱਲ ਧੱਕਿਆ ਜਾ ਰਿਹਾ ਹੈ ਜਾਂ ਵਿਦੇਸ਼ਾਂ ਵਿੱਚ ਧੱਕੇ ਖਾਣ ਲਈ ਮਜਬੂਰ ਹੋ ਰਿਹਾ ਹੈ। ਦੇਸ਼ ਦਾ ਮਜ਼ਦੂਰ ਤੇ ਕਿਸਾਨ ਗੰਭੀਰ ਸੰਕਟ ਦਾ ਸ਼ਿਕਾਰ ਹੋ ਕੇ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ ਬੁਲਾਰਿਆਂ ਨੇ ਕਿਹਾ ਅਜਿਹੇ ਸਮੇਂ ਵਿੱਚ ਸਭਾ ਇਹ ਸਮਝ ਰੱਖਦੀ ਹੈ ਕਿ ਨੌਜਵਾਨਾਂ ਨੂੰ ਅਤੇ ਤਮਾਮ ਸਤਾਏ ਹੋਏ ਵਰਗਾਂ ਨੂੰ ਇਨ੍ਹਾਂ ਸ਼ਹੀਦਾਂ ਗਦਰੀ ਬਾਬਿਆਂ ਦੇ ਸੰਘਰਸ਼ਾਂ ਤੋਂ ਸਿੱਖਦੇ ਹੋਏ ਚੰਗੇ ਅਤੇ ਲੁੱਟ ਰਹਿਤ ਸਮਾਜ ਦੀ ਸਿਰਜਣਾ ਲਈ ਗਦਰੀਆਂ ਦੇ ਸੁਫਨੇ ਪੂਰੇ ਕਰਨ ਲਈ ਲਗਾਤਾਰ ਸੰਘਰਸ਼ ਕਰਦੇ ਰਹਿਣਾ ਚਾਹੀਦਾ ਹੈ। ਇਸ ਦੌਰਾਨ ਇਕੱਠ ਨੇ ਬੀਤੇ ਦਿਨੀ ਦਿੱਲੀ ਵਿਖੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਖੇ ਜਮਹੂਰੀ ਵਿਦਿਆਰਥੀ ਜੱਥੇਬੰਦੀਆਂ ਉੱਤੇ ਏਬੀਵੀਪੀ ਵੱਲੋਂ ਗੁੰਡਾ ਅੰਸਰਾਂ ਨਾਲ ਮਿਲ ਕੇ ਹਮਲੇ ਦੀ ਜ਼ੋਰਦਾਰ ਨਿਖੇਦੀ ਕੀਤੀ।
ਸ਼ਹੀਦ ਬਾਬਾ ਭਾਨ ਸਿੰਘ ਵੱਲੋਂ ਕਾਲੇ ਪਾਣੀ (ਅੰਡੇਮਾਨ) ਦੀ ਸੈਲੂਲਰ ਜੇਲ੍ਹ ਵਿੱਚ ਕੈਦ ਕੱਟਦਿਆਂ ਦਿੱਤੀ ਸ਼ਹੀਦੀ ਨੂੰ ਦਰਸਾਉਂਦੀ ਕਿਤਾਬ  ‘ਦਾਸਤਾਨ ਕਾਲੇ ਪਾਣੀ ਜੇਲ੍ਹ ਦੇ ਸ਼ਹੀਦ ਗ਼ਦਰੀ ਭਾਨ ਸਿੰਘ ਸੁਨੇਤ’ 10 ਮਾਰਚ ਨੂੰ ਕੀਤੇ ਜਾ ਰਹੇ ਵਿਸ਼ੇਸ਼ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਜਾਵੇਗੀ। ਇਸ ਕਿਤਾਬ ਵਿੱਚ ਦਰਜ ਸਮੱਗਰੀ ਜਿਸ ਵਿੱਚ ਵੱਖ ਵੱਖ ਖੋਜਕਾਰਾਂ ਵੱਲੋਂ ਉਸ ਮੌਕੇ ਮੌਜੂਦ ਦ੍ਰਸ਼ਕ ਗ਼ਦਰੀਆਂ ਦੇ ਹਵਾਲਿਆਂ ਨੂੰ ਉੱਘੇ ਚਿੰਤਕ ਬਲਬੀਰ ਲੌਂਗੋਵਾਲ ਜੀ ਵੱਲੋਂ ਸੰਪਾਦਿਤ ਕੀਤਾ ਗਿਆ ਹੈ।
ਉਪਰੋਕਤ ਸ਼ਰਧਾਂਲੀ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸਭਾ ਦੇ ਜਗਜੀਤ ਗੁੜ੍ਹੇ ਕੁਲਵਿੰਦਰ ਸਿੰਘ, ਪ੍ਰਤਾਪ ਸਿੰਘ, ਅੰਮ੍ਰਿਤਪਾਲ ਸਿੰਘ, ਰਜੀਵ ਕੁਮਾਰ, ਜੈ ਪਾਲ ਸਿੰਘ, ਸ਼ਿਵਮ, ਅਰੁਣ ਕੁਮਾਰ ਆਦਿ ਹਾਜ਼ਰ ਸਨ ।