ਮਾਂ ਨਾਲ ਵਾਅਦਾ (ਮਿੰਨੀ ਕਹਾਣੀ) ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ

                ਮਾਂ ਦੇ ਸਸਕਾਰ ਤੋਂ ਬਾਅਦ ਅੱਜ ਤੀਜੇ ਦਿਨ ਸੁਜਾਤਾ ਦੀ ਮਾਂ ਦਾ ਭੋਗ ਸੀ। ਉਹ  ਮਸਾਂ ਹੀ ਗੁਰਦੁਆਰਾ ਸਾਹਿਬ ਪਹੁੰਚੀ।ਮੱਥਾ ਟੇਕਦਿਆਂ ਗੁਰੂ ਜੀ ਦੇ ਚਰਨਾਂ 'ਚ ਪਈ ਮਾਂ ਦੀ ਤਸਵੀਰ ਦੇਖਦਿਆਂ ਉਸ ਦੀ ਭੁੱਬ  ਨਿਕਲ ਗਈ ਤੇ ਉਹ ਆਪਣੇ ਆਪ ਨੂੰ ਕਾਬੂ ਕਰਦੀ ਇੱਕ ਨੁੱਕਰ ਤੇ ਜਾ ਬੈਠੀ। ਰਾਗੀਆਂ ਵੱਲੋਂ ਵੈਰਾਗਮਈ ਕੀਰਤਨ ਚੱਲ ਰਿਹਾ ਸੀ। ਉਸਦੇ  ਹੰਝੂ ਰੁਕ ਨਹੀਂ ਰਹੇ ਸਨ।

           ਉਸਨੇ ਦੇਖਿਆ ਉਸਦੀਆਂ ਚਾਰੇ ਭਰਜਾਈਆਂ ਵੰਨ- ਸੁਵੰਨੇ ਸੂਟਾਂ 'ਚ ਮੈਚਿੰਗ ਲਿਪਸਟਿਕ ਲਾਈ ਉਸਦੇ  ਕੋਲ ਹੀ ਬੈਠੀਆਂ ਸਨ। ਪਿੱਛੇ ਬੈਠੇ ਰਿਸ਼ਤੇਦਾਰ ਤੇ ਹੋਰ ਲੋਕ ਆਪਣੀਆਂ ਗੱਲਾਂ ਵਿਚ ਮਸ਼ਰੂਫ ਹਨ। ਬਿਲਕੁਲ ਪਿੱਛੇ ਬੈਠੀਆਂ ਔਰਤਾਂ  ਤਾਂ ਗੱਲਾਂ ਕਰਦੀਆਂ ਹੱਸ ਵੀ ਰਹੀਆਂ ਸਨ।

          ਇਨੇ ਨੂੰ ਸਟੇਜ ਤੇ ਬੁਲਾਰੇ ਭਾਸ਼ਣ ਦੇਣ ਲੱਗੇ। ਸੁਜਾਤਾ ਸਭ ਦੀਆਂ ਗੱਲਾਂ ਧਿਆਨ ਨਾਲ ਸੁਣ ਰਹੀ ਸੀ। ਬੁਲਾਰੇ ਆਲੇ-ਦੁਆਲੇ ਦੀਆਂ ਗੱਲਾਂ ਕਰਦੇ ਉਸਦੇ ਭਰਾਵਾਂ ਦੀਆਂ ਸਿਫਤਾਂ ਦੇ ਪੁਲ ਬੰਨ੍ਹ ਰਹੇ ਸਨ। ਜਿਸਨੂੰ ਸੁਣ- ਸੁਣ ਕੇ ਸਭ ਤੋਂ ਅੱਗੇ ਬੈਠੇ ਉਸਦੇ  ਚਾਰੇ ਭਰਾ ਖ਼ੁਸ਼ ਨਜ਼ਰ ਆ ਰਹੇ ਸਨ। ਪਰ ਉਸਦੀ  ਮਾਂ ਬਾਰੇ ਕੋਈ ਕੁਝ ਨਹੀਂ ਬੋਲ ਰਿਹਾ ਸੀ। ਸੁਜਾਤਾ ਦਾ ਦਿਲ ਕੀਤਾ ਕਿ ਉਹ ਹੁਣੇ ਉੱਠ  ਕੇ ਭਾਸ਼ਣ ਦੇਣ ਵਾਲੇ ਤੋਂ ਮਾਈਕ ਖੋਹ ਲਵੇ ਤੇ ਚੀਕ- ਚੀਕ ਕੇ ਸਾਰੀ ਸੰਗਤ ਨੂੰ ਦੱਸੇ ਕਿ ਸਾਡੇ ਪਿਓ ਦੇ ਮਰਨ ਤੋਂ ਬਾਅਦ ਕਿਵੇਂ ਸਾਡੀ ਮਾਂ ਨੇ ਮਿਹਨਤ- ਮੁਸ਼ੱਕਤ ਕਰ -ਕਰਕੇ ਸਾਨੂੰ ਪੰਜ ਭੈਣਾਂ ਭਰਾਵਾਂ ਨੂੰ ਪਾਲ਼ਿਆ, ਪੜ੍ਹਇਆ ਤੇ ਸਾਡੇ ਵਿਆਹ ਕੀਤੇ। ਹਰ ਪਲ , ਹਰ ਕਦਮ‌ ਤੇ ਉਸਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ। ਪਰ...... ਉਹ ਚਾਹ ਕੇ ਵੀ ਕੁਝ ਨਾ ਬੋਲ ਸਕੀ।

         ਭੋਗ ਤੋਂ ਬਾਅਦ ਸਾਰੀ ਸੰਗਤ ਲੰਗਰ ਹਾਲ ਵੱਲ ਚਲੀ ਪਈ ਸੀ। ਸਾਰੇ ਆਪਸ ਵਿੱਚ ਗੱਲਾਂ ਕਰਦੇ ਤੁਰਦੇ- ਤੁਰਦੇ  ਹੱਸਦੇ ਜਾ ਰਹੇ ਸਨ। ਸੁਜਾਤਾ ਨੂੰ ਤਾਂ ਲੱਗ ਹੀ ਨਹੀਂ ਸੀ ਰਿਹਾ ਕਿ ਇਹ ਸਾਰੇ ਉਸਦੀ ਮਾਂ ਦੇ ਭੋਗ ਤੇ.....। ਸੁਜਾਤਾ ਵੀ ਬੋਝਲ ਕਦਮਾਂ ਨਾਲ ਲੰਗਰ ਹਾਲ ਵੱਲ ਚੱਲ ਪਈ।

         ਲੰਗਰ ਹਾਲ 'ਚ ਵੀ ਵਿਆਹ ਵਰਗਾ ਮਾਹੌਲ ਸੀ। ਮੇਜ਼ਾਂ ਤੇ ਖਾਣੇ ਦਾ ਪ੍ਰਬੰਧ ਸੀ ਤੇ ਲੋਕ ਕੁਰਸੀਆਂ ਤੇ ਬੈਠੇ ਖਾਣਾ ਖਾ ਰਹੇ ਸਨ। ਸੁਜਾਤਾ ਨੂੰ ਸਭ ਤੋਂ ਵੱਧ ਦੁੱਖ ਤਾਂ ਉਦੋਂ ਹੋਇਆ ਜਦ ਦੇਖਿਆ ਉਸਦੇ ਭਰਾ ਆਪਣੇ ਯਾਰਾਂ- ਮਿੱਤਰਾਂ ਨਾਲ ਖੜ੍ਹੇ ਹੱਸ ਰਹੇ ਸਨ। ਇਹ ਅੱਜ ਦੇ ਦਿਨ ਤਾਂ ਮਾਂ ਨੂੰ.......। ਤੇ ਭਰੇ ਮਨ ਨਾਲ ਸੁਜਾਤਾ ਬਿਨਾਂ ਲੰਗਰ ਖਾਧੇ ਹੀ ਗੁਰੂ ਮਹਾਰਾਜ ਦੇ ਚਰਨਾਂ 'ਚ ਪਈ ਮਾਂ ਦੀ ਤਸਵੀਰ ਲਾਗੇ ਆ ਬੈਠੀ। ਮਾਂ ਦੀ ਫੋਟੋ ਚੁੱਕ ਉਸਨੇ  ਜਿਉਂ ਹੀ ਛਾਤੀ ਨਾਲ ਲਾਈ ਉਸ ਦੀ ਭੁੱਬ ਨਿਕਲ ਗਈ। ' ਮਾਂ.... ਮਾਂ….! ਦੇਖ ਲੈ ਸਭ ਭੁੱਲ ਗਏ ਤੈਨੂੰ। ਤੈਨੂੰ ਕਹਿੰਦੀ ਸੀ ਨਾ ਮੈਂ, ਤੂੰ ਵੀ ਆਪਣੀ ਜ਼ਿੰਦਗੀ ਜੀਅ ਲੈ...ਪਰ ਨਹੀਂ... ਤੂੰ ਤਾਂ ਹਰ ਪਲ ਆਪਣੇ ਪੁੱਤਰਾਂ ਲਈ ਮਰਦੀ ਰਹੀ ਤੇ ਉਨ੍ਹਾਂ ਸਭ ਨੇ ਤੈਨੂੰ  ਵਿਸਾਰ ਵੀ ਦਿੱਤਾ।ਪਰ ਮੈਂ..... ਮੈਂ ….ਤੈਨੂੰ ਕਦੀ ਨਹੀਂ ਭੁੱਲ ਸਕਦੀ ਮਾਂ ।  ਤੇ ਨਾ ਹੀ ਤੇਰੀਆਂ ਕੁਰਬਾਨੀਆਂ ਨੂੰ। ਮੇਰੇ ਅੰਤਿਮ ਸਾਹ ਤੱਕ ਤੂੰ ਮੇਰੇ ਸੀਨੇ 'ਚ ਜੀਊਂਦੀ ਰਹੇਗੀ.... ਮੇਰੇ ਅੰਤਿਮ ਸਾਹ ਤੱਕ।' 

 

ਮਨਪ੍ਰੀਤ ਕੌਰ ਭਾਟੀਆ

ਫਿਰੋਜ਼ਪੁਰ ਸ਼ਹਿਰ