ਸੰਪਾਦਕੀ

ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ✍️ ਜਸਬੀਰ ਸਿੰਘ ਭਾਕੜ ਪੀਟਰਬਰੋ ਯੂ ਕੇ

ਹਰ ਸਾਲ ਦੀ ਤਰ੍ਹਾਂ ਜੂਨ ਮਹੀਨੇ ਦਾ ਪਹਿਲਾ ਹਫਤਾ ਜਾ ਸਾਲ 1984 ਦੇ ਪਿਛਲੇ ਛੇ ਮਹੀਨੇ ਸਿੱਖ ਕੌਮ ਦੀ ਮਾਨਸਿਕਤਾ ਨੂੰ ਹਮੇਸ਼ਾ ਲਈ ਟੁੰਬਦੇ ਰਹਿਣਗੇ।
 ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਲੁਧਿਆਣਾ ਤੋਂ ਭਾਟ ਸਿੱਖਾਂ ਦੇ ਤਕਰੀਬਨ 500 ਸਿੱਖਾਂ ਦੇ ਜਥੇ ਨਾਲ ਸ਼ਾਇਦ 28/29 ਜੂਨ ਦੀ ਸਵੇਰ ਨੂੰ ਅਸੀਂ ਸ੍ਰੀ ਅੰਮ੍ਰਿਤਸਰ ਵਿਖੇ ਸ਼ਾਂਤਮਈ “ਧਰਮਯੁੱਧ” ਮੋਰਚੇ ਵਿੱਚ ਸ਼ਾਮਲ ਹੋਣ ਲਈ ਰੇਲ ਗੱਡੀ ਰਾਹੀਂ ਰਵਾਨਾ ਹੋਏ।
ਸ੍ਰੀ ਦਰਬਾਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਉਪਰੰਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਉਸ ਸਮੇਂ ਦੇ ਪ੍ਰਮੁੱਖ ਸਿੱਖ ਲੀਡਰਾਂ ਸੰਤ ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ ਅਤੇ ਅਨੇਕਾਂ ਹੋਰ ਬੁਲਾਰਿਆਂ ਦੇ ਵੀਚਾਰ ਸੁੱਣਨ ਚਲੇ ਗਏ। ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਅਨੇਕਾਂ ਵਾਰ  ਸਟੇਜ ਤੋ ਅਪੀਲਾਂ ਕਰਨ ਤੇ ਵੀ ਉਹ ਇਸ ਇੱਕਠ ਵਿੱਚ ਨਹੀਂ ਆਏ। ਸੰਤਾ ਦੀ ਲੋਕਪ੍ਰਿਯਤਾ ਇਤਨੀ ਜਿਆਦਾ ਸੀ ਕਿ ਬਹੁਤੇ ਲੋਕ, ਖਾਸ ਕਰਕੇ ਨੌਜਵਾਨ ਉਨ੍ਹਾਂ ਦੇ ਵਿਚਾਰਾਂ ਅਤੇ ਦਰਸ਼ਨਾਂ ਲਈ ਹੀ ਆਏ ਸਨ, ਪਰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਉਸ ਵੇਲੇ ਦੇ ਸਿੱਖ ਲੀਡਰਾਂ ਦੇ ਵੀਚਾਰਾ ਵਿਚ ਬਹੁਤ ਜਿਆਦਾ ਅੰਤਰ ਆ ਚੁੱਕਿਆ ਸੀ ਇਹੀ ਕਾਰਨ ਸੀ ਉਹ ਉਸ ਇਕੱਠ ਨੂੰ ਸੰਬੋਧਨ ਕਰਨ ਨਹੀਂ ਆਏ ਸਨ।
ਸੂਰਜ ਟਲਦੇ ਸਮੇਂ ਮੈਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਉਹਨਾਂ ਦੇ ਕੋਈ ਪੰਜਾਹ ਦੇ ਕਰੀਬ ਹਥਿਆਰਬੰਦ ਸਿੰਘਾਂ ਸੱਣੇ ਸ੍ਰੀ ਦਰਬਾਰ ਸਾਹਿਬ ਜੀ ਦੀ ਪ੍ਰਕਰਮਾ ਵਿੱਚ ਦਰਸ਼ਨ ਹੋਏ ਉਹ ਸੱਭ ਸੰਗਤਾਂ ਨੂੰ ਦੋਵੇਂ ਹੱਥ ਜੋੜ ਕੇ ਫਤਹਿ ਬੁਲਾ ਰਹੇ ਸਨ, ਹਾਲਾਂਕਿ ਦਰਬਾਰ ਸਾਹਿਬ ਦੇ ਬਾਹਰ ਟਾਂਵਾਂ-ਟਾਂਵਾਂ ਗੋਲੀ ਚੱਲਣ ਦੀ ਅਵਾਜ ਆ ਰਹੀ ਸੀ ਪਰ ਸੰਤਾ ਦੇ ਚੇਹਰੇ ਦਾ ਜਲੋਅ ਅਤੇ ਉਨ੍ਹਾਂ ਦੇ ਸਿੰਘਾਂ ਦੇ ਚੜਦੀਕਲਾ ਵਾਲੇ ਚਿਹਰੇ ਮੈਂ ਕਦੇ ਨਹੀਂ ਭੁੱਲ ਸਕਿਆ। ਉਸ ਸ਼ਾਮ ਧਰਮਯੁੱਧ ਮੋਰਚੇ ਲਈ ਗਿਰਫਤਾਰੀ ਦੇਣ ਵਾਲਾ ਆਖਰੀ ਜੱਥਾ ਸੀ। 
ਸ੍ਬੱਤ ਦਾ ਭਲਾ ਚਾਹੁਣ ਵਾਲੇ ਇਨਸਾਨਾਂ ਦੀ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਸਿੱਖ ਕੌਮ ਦੀ ਵਿਲੱਖਣ ਪਛਾਣ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ-ਢੇਰੀ ਕਰਨ ਦੀ ਸਿੱਖਾਂ ਦੇ ਆਪਣੇ ਹੀ ਦੇਸ਼ ਭਾਰਤ ਦੀ ਫੌਜ ਵਲੋਂ ਨਕਾਮ ਕੋਸ਼ਿਸ਼ ਕਰਨਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਮੋਜੂਦ ਮੱਠੀ ਭਰ ਸਿੰਘਾਂ ਵੱਲੋਂ ਭਾਰਤੀ ਫੌਜ ਦਾ ਡੱਟਕੇ ਕੀਤੇ ਮੁਕਾਬਲੇ ਨੂੰ ਕਦੀ ਨਹੀਂ ਭੁਲਾਇਆ ਜਾ ਸਕਦਾ। ਅਜਾਦ ਭਾਰਤ ਜਿਸ ਦੀ ਅਜਾਦੀ ਖਾਤਰ ਅਬਾਦੀ ਦੇ ਦੋ ਫੀਸਦ ਤੋਂ ਵੀ ਘੱਟ ਸਿੱਖਾ ਵਲੋਂ ਵਡਮੁੱਲਾ ਯੋਗਦਾਨ ਪਾਇਆ ਹੋਵੇ ਅਤੇ ਆਪਣੀ ਜਨਮ ਭੂਮੀ ਦ ਬਟਵਾਰਾ ਤੇ ਆਪਣੇ ਪਵਿੱਤਰ ਗੁਰਧਾਮਾਂ ਦਾ ਵੀਛੋੜਾ ਵੀ 1947 ਵਿਚ ਸਹਿਆ ਹੋਏ, ਆਪਣੇ ਉਸ ਦੇਸ਼ ਦੀ ਸਰਕਾਰ ਵਲੋਂ ਅਜਿਹਾ ਘੀਣੋਣਾ ਕਾਰਨਾਮਾ ਕਰਨਾ, ਕਈ ਦਿਨਾਂ ਤੱਕ ਕਰਫਿਊ ਲਗਾ ਗੁਲਾਮੀ ਵਾਲੀ ਸਥਿਤੀ ਪੈਦਾ ਕਰ ਕੇ ਸਿੱਖ ਗੁਰਧਾਮਾਂ ਦੀ ਬੇ ਅਦਬੀ ਕਰਨਾ, ਸਿੱਖਾਂ ਦਾ ਵੱਡੇ ਪੱਧਰ ਤੇ ਜਾਨੀ ਮਾਲੀ ਨੁਕਸਾਨ ਕਰਨਾ, ਅਤੇ ਫਿਰ ਕੀਤੇ ਦੀ ਮਾਫੀ ਵੀ ਨਾ ਮੰਗਣਾ ਇਥੋਂ ਤਕ ਕਿ ਆਉਣ ਵਾਲੀਆਂ ਸਰਕਾਰਾਂ ਵਲੋਂ ਵੀ, ਕਈ ਸਵਾਲ ਪੈਦਾ ਕਰਦਾ ਹੈ ਅਤੇ 
ਸਿੱਖਾ ਵਲੋਂ ਉਠਾਈ ਜਾਣ ਵਾਲੀ ਭਾਰਤ ਪਾਕਿਸਤਾਨ ਦਰਮਿਆਨ ਅਜਾਦ ਸਿੱਖ ਖਿੱਤੇ ਦੀ ਮੰਗ ਨੂੰ ਕਿਸੇ ਹੱਦ ਤੱਕ ਜਾਇਜ਼ ਠਹਿਰਾਉਦਾ ਹੈ ਜਿਥੇ ਉਹ ਅਜਾਦ ਫਿਜ਼ਾ ਵਿਚ ਮਹਿਫੂਜ ਰਹਿ ਕੇ ਜੀਵਨ ਬਤੀਤ ਕਰਨਾ ਚਾਹੀਦੇ ਹਨ।

ਉਸ ਵੇਲੇ ਦੇ ਕੁੱਝ ਨਕਸ਼ ਮੇਰੇ ਜਿਹਨ ਵਿਚੋਂ ਬਾਹਰ ਨਹੀਂ ਨਿਕਲ ਸਕੇ। ਇਕ ਮਾ ਵਲੋਂ ਬੇ-ਹਾਲ ਹੋ ਕੇ ਆਪਣੇ ਪੁੱਤਰ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਾਂ ਵਿਖੇ ਲੱਭਣਾ ਜੋ ਘਰੋ ਦੋੜਕੇ ਇਸ ਹਥਿਆਰਬੰਦ ਸੰਘਰਸ਼ ਵਿੱਚ ਆ ਸ਼ਾਮਲ ਹੋਇਆ ਸੀ। ਇੱਕ ਜਦੋਂ ਸਾਡਾ ਜੱਥਾ ਜੈਕਾਰੇ ਲਗਾਉਂਦਾ ਅਮ੍ਰਿਤਸਰ ਦੀਆਂ ਸੁੰਨਸਾਨ ਗਲੀਆਂ ਵਿੱਚੋ ਲੰਗ ਰਿਹਾ ਸੀ ਤਾਂ ਇੱਕ “ਮੋਨੇ” ਬਜੂਰਗ ਜੋ ਸ਼ਾਇਦ ਅਵਾਜ ਸੁਨਕੇ ਬੁਹੇ ਦੇ ਕੇਵਾੜ ਬੰਦ ਕਰ ਰਿਹਾ ਸੀ ਉਸ ਦੇ ਚਿਹਰੇ ਦੀ ਸਵਾਲਾਂ ਭਰੀ ਖਾਮੋਸ਼ੀ ਮੈਂ ਨਹੀਂ ਭੁੱਲ ਸਕਦਾ। ਕਾਸ਼ ਧਰਮਯੁੱਧ ਮੋਰਚੇ ਦੇ ਸੰਚਾਲਕਾਂ ਨੇ ਭਾਰਤ ਦੀ ਅਤੇ ਖਾਸ ਕਰਕੇ ਪੰਜਾਬ ਦੀ ਹਿੰਦੂ ਅਬਾਦੀ ਨੂੰ ਭਰੋਸੇ ਵਿੱਚ ਲੈਣ ਦਾ ਵਧੇਰੇ ਯਤਨ ਕੀਤਾ ਹੁੰਦਾ ਤਾਂ ਪੰਜਾਬ ਤੋਂ ਬਾਹਰ ਰਹਿਣ ਵਾਲੇ ਸਿੱਖਾਂ ਦਾ ਇੰਦਰਾ ਗਾਂਧੀ ਦੇ ਕਤਲ ਦੇ ਬਾਅਦ ਇੰਨਾ ਨੁਕਸਾਨ ਨਾ ਹੁੰਦਾ, ਪਰ ਉਦੋਂ ਦੇ ਸੰਚਾਰ ਮਾਧਿਅਮ ਅੱਜ ਵਰਗੇ ਨਹੀਂ ਸਨ ਅਤੇ ਜੋ ਹੈ ਵੀ ਸਨ ਉਹ ਵੀ ਉਸ ਵਕਤ ਦੀ ਸਰਕਾਰੀ ਸ਼ਹਿ ਤੇ ਸਿੱਖਾਂ ਖਿਲਾਫ ਦਿਨ ਰਾਤ ਜਹਿਰ ਉੱਗਲ ਰਹੇ ਸਨ। ਸਰਕਾਰ ਹਰ ਹੀਲੇ ਵਰਤ ਰਹੀ ਸੀ ਸਤਾ ਵਿੱਚ ਰਹਿਣ ਲਈ। ਸ਼ਹਿਰਾਂ ਦੇ ਕਈ ਹਿੰਦੂ ਵਪਾਰੀਆਂ ਨੇ ਨਿੱਤ ਦੇ ਕਰਫਿਊਆ ਤੋਂ ਤੰਗ ਆ ਕੇ ਆਪਣੇ ਵਪਾਰ ਦਿੱਲੀ ਜਾ ਭਾਰਤ ਦੇ ਹੋਰ ਸੂਬਿਆਂ ਵਿੱਚ ਤਬਦੀਲ ਕਰ ਲਏ ਸਨ। ਨੋਜਵਾਨ ਪੀੜੀ ਬੇਰੁਜ਼ਗਾਰੀ ਤੋਂ ਤੰਗ ਆ ਚੁੱਕੀ ਸੀ। 
ਇੱਕ ਵਾਕਿਆ ਉਸ ਸਮੇਂ ਮੇਰੇ ਚਾਚਾ ਜੀ ਜੁਗਿੰਦਰ ਸਿੰਘ ਜੀ ਪੰਡਿਤ ਨੇ ਕੁੱਝ ਦਿਨ ਪਹਿਲਾਂ ਹੀ ਦਸਿਆ ਸੀ ਕਿ ਸੰਤ ਜੀ ਭਾਵੇਂ ਕਿਸੇ ਵੇਲੇ ਖਰਵੇ ਬਚਨ ਬੋਲਦੇ ਹਨ ਪਰ ਜਦੋਂ ਉਹ ਸੰਤਾ ਦੀ ਹਾਜ਼ਰੀ ਵਿੱਚ ਸੰਗਤਾਂ ਨਾਲ ਸ੍ਰੀ ਦਰਬਾਰ ਸਾਹਿਬ ਜੀ ਦੀ ਲੰਗਰ ਦੀ ਇਮਾਰਤ ਦੀ ਛੱਤ ਉਤੇ ਬੈਠੇ ਸਨ ਤਾਂ ਇੱਕ ਹਿੰਦੂ ਵੀਰ ਸੰਤ ਜੀ ਨੂੰ ਮਿਲਣ ਲਈ ਦਰਬਾਰ ਸਾਹਿਬ ਲੰਗਰ ਹਾਲ ਦੀ ਛੱਤ ਤੇ ਆਪਣੀ ਬੇਟੀ ਨਾਲ ਪੰਹੁਚੀਆ ਅਤੇ ਉਹ ਕਹਿ ਰਿਹਾ ਸੀ ਕਿ ਉਸ ਦੀ ਇਸ ਬੇਟੀ ਨੂੰ ਉਸ ਦੇ ਸਹੁਰੇ ਤੰਗ ਪ੍ਰੇਸ਼ਾਨ ਕਰਦੇ ਹਨ ਅਤੇ ਹੋਰ ਦਹੇਜ ਲਿਆਉਣ ਲਈ ਕਿਹਾ ਹੈ, ਤਾਂ ਸੰਤਾ ਨੇ ਦੋ ਸਿੰਘਾਂ ਨੂੰ ਕਿਹਾ ਕਿ ਇਸ ਲੜਕੀ ਨੂੰ ਸਨਮਾਨ ਨਾਲ ਉਸਦੇ ਸਹੁਰੇ ਪਰਿਵਾਰ ਕੋਲ ਤੋਂਰ ਆਵੋ ਅਤੇ ਉਨ੍ਹਾਂ ਨੂੰ ਮੇਰਾ ਸੁਨੇਹਾ ਦੇਣਾ ਕਿ ਦਹੇਜ ਇਸ ਦੇ ਧਰਮ ਦੇ ਬਾਪ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਆਪ ਆ ਕੇ ਲੈ ਜਾਣ। ਸੰਤਾ ਪ੍ਰਤੀ ਵਿਸ਼ਵਾਸ ਆਮ ਲੋਕਾਂ ਖਾਸ ਕਰਕੇ ਸਿੱਖਾਂ ਵਿੱਚ ਭਾਰੀ ਹੋ ਚੁਕਿਆ ਸੀ ਅਤੇ ਸਰਕਾਰੀ ਲੋਕਤੰਤਰਿਕ ਪ੍ਰਣਾਲੀ ਨੂੰ ਜਾਣਬੁੱਝ ਕੇ ਕਮਜੋਰ ਕਰਕੇ ਇਹ ਮਹੋਲ ਸਰਕਾਰ ਵਲੋਂ ਸਿਰਜਿਆ ਜਾ ਰਿਹਾ ਸੀ ਇਸ ਸਾਰੇ ਘਟਨਾਕ੍ਰਮ ਨੂੰ ਅੰਜਾਮ ਦੇਣ ਲਈ। -----------
ਮੈਨੂੰ ਉਸ ਵੇਲੇ ਦੇ ਦੋ ਅਹਿਮ ਕਿਰਦਾਰ ਨਿਭਾਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਅਤੇ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੀ ਦੇਖਣ ਸੁਣਨ ਦਾ ਮੌਕਾ ਮਿਲਿਆ। ਇਹ ਲੜਾਈ ਦੇਖਣ ਨੂੰ ਭਾਵੇਂ ਪੰਜਾਬ ਦੇ ਪਾਣੀਆਂ ਦੀ, ਭਾਸ਼ਾ ਦੀ ਜਾ ਪੰਜਾਬੀ ਇਲਾਕਿਆਂ, ਚੰਡੀਗੜ੍ਹ ਵਗੈਰਾ ਦੀ ਦੱਸੀ ਜਾ ਰਹੀ ਹੈ ਪਰ ਅਸਲ ਵਿੱਚ ਇਹ ਟੱਕਰ ਦੋ ਤੱਖਤਾਂ, ਦੋ ਵੀਚਾਰਧਾਰਾ ਦੇ ਦਰਮਿਆਨ ਸੀ ਅਤੇ ਇਹ ਵੀ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਇੱਕ ਪਾਸੇ ਹਿੰਦੁਸਤਾਨ ਦੀ ਪਦਾਰਥਵਾਦੀ ਮੁਨਾਫਾ ਪ੍ਸਤ ਪੂੰਜੀਪਤੀਆਂ ਦੀ ਸ਼ਹਿ ਤੇ ਖੜ੍ਹੀ ਦਿੱਲੀ ਸਰਕਾਰ ਦਾ "ਤੱਖਤ" ਅਤੇ ਦੁਜੇ ਪਾਸੇ ਉਹਨਾਂ ਲਈ ਚਨੌਤੀ ਬੱਣ ਚੁੱਕੇ ਸਰਬੱਤ ਦੇ ਭਲੇ ਦੀ ਵੀਚਾਰ ਧਾਰਾ ਦੀ ਰਹਿਮੁਨਾਈ  ਕਰਨ ਵਾਲੇ ਇਕ ਅਕਾਲ ਪੁਰਖ ਦਾ "ਤੱਖਤ" ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਦ੍ਰਿੜ ਯਕੀਨ ਰੱਖਣ ਵਾਲੇ ਸਿੰਘ, ਜਿਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਜੀ ਦੀ ਸਰਬੱਤ ਦੇ ਭਲੇ ਦੀ ਵੀਚਾਰਧਾਰਾ ਦੀ ਗਵਾਹੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵਉੱਚਤਾ ਅੰਤ ਸਮੇਂ ਤੱਕ ਆਪਣੀ ਸ਼ਹਾਦਤ ਦੇ ਕੇ ਭਰੀ, ਸਾਡਾ ਉਹਨਾਂ ਸਮੂਹ ਸ਼ਹੀਦਾਂ ਨੂੰ ਕੋਟਨ-ਕੋਟ ਪ੍ਨਾਮ। 
ਜਸਬੀਰ ਸਿੰਘ ਭਾਕੜ ਪੀਟਰਬਰੋ ਯੂ ਕੇ

ਭਗਤ ਪੂਰਨ ਸਿੰਘ ਪਿੰਗਲਵਾੜਾ ਨੂੰ ਯਾਦ ਕਰਦਿਆਂ ✍️ ਸ.ਸੁਖਚੈਨ ਸਿੰਘ ਕੁਰੜ

4 ਜੂਨ 1904 ਨੂੰ ਛਿੱਬੂ ਮੱਲ ਅਤੇ ਮਹਿਤਾਬ ਕੌਰ ਦੇ ਘਰ ਪਿੰਡ ਰਾਜੇਵਾਲ ਰੇਹਣੋ, ਤਹਿਸੀਲ ਖੰਨਾ, ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਬੱਚੇ ਦਾ ਜਨਮ ਹੋਇਆ। ਜਿਸਦਾ ਨਾਂ ਰਾਮਜੀ ਦਾਸ ਰੱਖਿਆ ਗਿਆ । ਛਿੱਬੂ ਮੱਲ ਇੱਕ ਚੰਗੇ ਸ਼ਾਹੂਕਾਰ ਸਨ ਅਤੇ ਮਾਤਾ ਮਹਿਤਾਬ ਕੌਰ ਧਾਰਮਿਕ ਬਿਰਤੀ ਦੇ ਮਾਲਿਕ ਸਨ। ਉਨ੍ਹਾਂ ਨੇ ਰਾਮਜੀ ਦਾਸ ਨੂੰ ਬਚਪਨ ਵਿੱਚ ਅਨੇਕਾਂ ਮਹਾਂਪੁਰਸ਼ਾਂ ਦੀਆਂ ਸਾਖੀਆਂ ਸੁਣਾਈਆਂ ਜਿਨ੍ਹਾਂ ਦਾ ਪ੍ਰਭਾਵ ਰਾਮਜੀ ਦਾਸ ਦੇ ਜੀਵਨ ਉੱਪਰ ਅੱਗੇ ਜਾ ਕੇ ਬਹੁਤ ਪਿਆ।
ਮੁੱਢਲੀ ਵਿੱਦਿਆ ਉਨ੍ਹਾਂ ਨੇ ਪਿੰਡ ਦੇ ਸਰਕਾਰੀ ਸੀਨੀਅਰ ਸਕੂਲ ਖੰਨਾ ਤੋਂ ਪ੍ਰਾਪਤ ਕੀਤੀ। ਦਸਵੀਂ ਜਮਾਤ ਵਿੱਚ ਪੜ੍ਹਦਿਆਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਅਤੇ ਅਚਾਨਕ ਘਰ ਵਿੱਚ ਗ਼ਰੀਬੀ ਆ ਜਾਣ ਕਾਰਨ ਪੜ੍ਹਾਈ ਵੀ ਵਿਚਾਲੇ ਹੀ ਛੱਡਣੀ ਪਈ।
1923 ਵਿੱਚ ਰਾਮ ਜੀ ਦਾਸ ਨੇ ਲੁਧਿਆਣੇ ਜਦ ਦਸਵੀਂ ਦਾ ਇਮਤਿਹਾਨ ਦਿੱਤਾ ਤਾਂ ਉਹਨਾਂ ਦੇ ਜੀਵਨ ਵਿੱਚ ਇੱਕ ਘਟਨਾ ਘਟੀ, ਜਿਸ ਦੇ ਚੱਲਦਿਆਂ ਉਹਨਾਂ ਦਾ ਝੁਕਾਅ ਗੁਰੂ ਘਰ ਵੱਲ ਜ਼ਿਆਦਾ ਹੋ ਗਿਆ ਤੇ ਉਹ ਡੇਹਰਾ ਸਾਹਿਬ ਲਾਹੌਰ ਸੇਵਾ ਕਰਦੇ ਰਹੇ। ਇਸ ਸਮੇਂ ਦੌਰਾਨ ਉਹਨਾਂ ਨੇ ਸਿੱਖ ਧਰਮ ਵਿੱਚ ਪ੍ਰਵੇਸ਼ ਕਰ ਲਿਆ ਤੇ ਰਾਮ ਜੀ ਦਾਸ ਤੋਂ ‘ਪੂਰਨ ਸਿੰਘ’ ਬਣ ਗਏ।
ਉਹਨਾਂ ਨੇ 1924 ਈ: ਤੋਂ 1947 ਈਸਵੀ ਤੱਕ ਗੁਰਦੁਆਰਾ ਡੇਹਰਾ ਸਾਹਿਬ ਦੀ ਛਤਰ ਛਾਇਆ ਹੇਠ ਆਪਣਾ ਜੀਵਨ ਬਤੀਤ ਕੀਤਾ।
ਇਸ ਦੌਰਾਨ 1934 ਵਿੱਚ ਜਦੋਂ ਉਹ ਲਾਹੌਰ ਵਿਖੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਸੇਵਾ ਕਰਦੇ ਸਨ ਤਾਂ ਇੱਕ ਦਿਨ ਉਹਨਾਂ ਨੂੰ ਗੁਰਦੁਆਰੇ ਦੇ ਗੇਟ ਤੋਂ ਬਾਹਰ ਇੱਕ ਚਾਰ ਸਾਲ ਦਾ ਅਪਾਹਿਜ ਬੱਚਾ ਮਿਲਿਆ।
ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਬੱਚੇ ਨੂੰ ਭਗਤ ਜੀ ਦੇ ਹਵਾਲੇ ਕਰ ਕੇ ਆਖਿਆ, ”ਪੂਰਨ ਸਿੰਘ! ਤੂੰ ਅੱਜ ਤੋਂ ਇਸ ਬੱਚੇ ਦੀ ਸੇਵਾ-ਸੰਭਾਲ ਕਰ।” ਭਗਤ ਜੀ ਲਈ ਇਹ ਬੱਚਾ ਪਿਆਰ ਦਾ ਸੋਮਾ ਹੋ ਨਿਬੜਿਆ ਤੇ ਉਸ ਦਾ ਨਾਂ ‘ਪਿਆਰਾ ਸਿੰਘ’ ਹੋ ਗਿਆ। ਭਗਤ ਪੂਰਨ ਸਿੰਘ ਕਈ ਸਾਲ ਇਸ ਲਾਚਾਰ ਬੱਚੇ ਨੂੰ ਵੱਖ-ਵੱਖ ਥਾਵਾਂ ‘ਤੇ ਮੋਢਿਆਂ ‘ਤੇ ਚੁੱਕ ਕੇ ਫਿਰਦੇ ਰਹੇ ਕਿਉਂਕਿ ਉਸ ਵੇਲੇ ਉਨ੍ਹਾਂ ਕੋਲ ਕੋਈ ਪੱਕੀ ਜਗ੍ਹਾ ਨਹੀਂ ਸੀ।
1949 ਤੋਂ 1958 ਈ: ਤੱਕ ਭਗਤ ਪੂਰਨ ਸਿੰਘ ਨੇ ਫੁੱਟਪਾਥਾਂ, ਰੁੱਖਾਂ ਦੀ ਛਾਂਵੇਂ ਲਵਾਰਿਸਾਂ ਅਤੇ ਪੀੜਤ ਲੋਕਾਂ ਦੀ ਸੇਵਾ-ਸੰਭਾਲ ਕੀਤੀ। ਭਗਤ ਪੂਰਨ ਸਿੰਘ ਜੀ ਨੇ ਆਪਣਾ ਜ਼ਿਆਦਾਤਰ ਜੀਵਨ ਬਿਨਾਂ ਕਿਸੇ ਸਵਾਰਥ ਤੋਂ ਬਜ਼ੁਰਗਾਂ, ਬਿਮਾਰਾਂ ਅਤੇ ਬੇਆਸਰਿਆਂ ਨੂੰ ਸਮਰਪਿਤ ਕੀਤਾ। ਇਸ ਦੌਰਾਨ ਭਗਤ ਜੀ ਨੂੰ ਜੋ ਵੀ ਸਮਾਂ ਮਿਲਦਾ, ਉਹ ਵੱਖ-ਵੱਖ ਲਾਇਬ੍ਰੇਰੀਆਂ ਵਿਚ ਸਮਾਜ ਦੀਆਂ ਵੱਖ-ਵੱਖ ਸਮੱਸਿਆਵਾਂ ਦਾ ਅਧਿਐਨ ਕਰਦੇ ਅਤੇ ਉਨ੍ਹਾਂ ਦੇ ਦੁੱਖਾਂ ਦੇ ਹੱਲ ਬਾਰੇ ਸੋਚਦੇ।
ਇਸ ਦੌਰਾਨ ਸਮੇਂ ਦੀ ਲੋੜ ਸਮਝਦਿਆਂ 30 ਮਈ, 1955 ਨੂੰ ਭਗਤ ਜੀ ਨੇ 'ਪੂਰਨ ਪ੍ਰਿੰਟਿੰਗ ਪ੍ਰੈੱਸ' ਦੀ ਸਥਾਪਨਾ ਕੀਤੀ ਸੀ। 6 ਸਤੰਬਰ, 1957 ਨੂੰ ਉਨ੍ਹਾਂ ਨੇ ਰਜਿਸਟਰਾਰ ਆਫ ਕੰਪਨੀਜ਼, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਤੋਂ 'ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਅੰਮ੍ਰਿਤਸਰ' ਦੀ ਰਜਿਸਟ੍ਰੇਸ਼ਨ ਕਰਵਾਈ ਸੀ। 27 ਨਵੰਬਰ 1958 ਨੂੰ ਭਗਤ ਜੀ ਨੇ 16,964 ਰੁਪਏ ਵਿਚ ਮੌਜੂਦਾ ਪਿੰਗਲਵਾੜੇ ਵਾਲੀ ਥਾਂ (ਤਹਿਸੀਲਪੁਰਾ, ਜੀ. ਟੀ. ਰੋਡ, ਅੰਮ੍ਰਿਤਸਰ) ਖਰੀਦੀ ਜੋ ਕਿ ਬੇਆਸਰਿਆਂ ਲਈ ਆਸਰਾ ਬਣੀ।
ਮਾਣ ਸਨਮਾਨ:- ਭਗਤ ਪੂਰਨ ਸਿੰਘ ਜੀ ਨੂੰ ਭਾਰਤ ਸਰਕਾਰ ਵੱਲੋਂ 1981 ਵਿੱਚ ‘ਪਦਮਸ਼੍ਰੀ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 1984 ਵਿੱਚ ਦਰਬਾਰ ਸਾਹਿਬ 'ਤੇ ਹੋਏ ਹਮਲੇ ਦੀ ਘਟਨਾ ਦਾ ਭਗਤ ਪੂਰਨ ਸਿੰਘ ਦੇ ਸੇਵਾ ਭਾਵਨਾ ਵਾਲ਼ੇ ਮਨ ਨੂੰ ਗਹਿਰਾ ਸਦਮਾ ਪਹੁੰਚਿਆ ਜਿਸ ਦੇ ਰੋਸ ਵਜੋਂ ਭਗਤ ਪੂਰਨ ਸਿੰਘ ਨੇ 'ਪਦਮਸ਼੍ਰੀ' ਐਵਾਰਡ ਵਾਪਿਸ ਕਰ ਦਿੱਤਾ। ਉਨ੍ਹਾਂ ਨੂੰ 1990 ਵਿਚ ‘ਹਾਰਮਨੀ ਪੁਰਸਕਾਰ’, 1991 ਵਿੱਚ ‘ਰੋਗ ਰਤਨ ਪੁਰਸਕਾਰ’ ਅਤੇ 1991 ਵਿੱਚ ਹੀ ਭਾਈ ਘਨ੍ਹੱਈਆ ਐਵਾਰਡ ਨਾਲ਼ ਨਿਵਾਜਿਆ ਗਿਆ। ਪੰਜਾਬ ਵਿਰਾਸਤ ਸੰਸਥਾ ਸ਼ਿਕਾਗੋ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ।
ਭਗਤ ਪੂਰਨ ਸਿੰਘ ਪਿੰਗਲਵਾੜਾ ਨਾਂ ਪੜ੍ਹਦਿਆਂ ਸਾਡੇ ਮਨ ਵਿੱਚ ਉਹਨਾਂ ਦੀ ਸੇਵਾ ਭਾਵਨਾ ਦਾ ਖਿਆਲ ਆਉਂਦਿਆਂ ਸਿਰ ਝੁਕਦਾ ਪਰ ਇੱਥੇ ਉਹਨਾਂ ਦੀ ਸਾਹਿਤਕ ਰੁਚੀ ਦਾ ਜ਼ਿਕਰ ਕਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਜਿਵੇਂ ਅਸੀਂ ਜਾਣਦੇ ਹਾਂ ਕਿ ਭਗਤ ਪੂਰਨ ਸਿੰਘ ਦੇ ਜੀਵਨ ਦਾ ਮੂਲ ਸੰਕਲਪ ਮਾਨਵ ਭਲਾਈ ਸੀ। ਆਪਣੇ ਇਸ ਸੰਕਲਪ ਦੀ ਪੂਰਤੀ ਲਈ ਭਗਤ ਪੂਰਨ ਸਿੰਘ ਨੇ 23 ਦੇ ਕਰੀਬ ਪੁਸਤਕਾਂ ਤੇ ਕਿਤਾਬਚੇ ਪ੍ਰਕਾਸ਼ਿਤ ਕਰਵਾਏ ਜਿੰਨ੍ਹਾਂ ਵਿੱਚ ਸਾਹਿਤ ਦੇ ਵੱਖ-ਵੱਖ ਰੂਪ ਮੌਜੂਦ ਹਨ। ਭਗਤ ਪੂਰਨ ਸਿੰਘ ਨੇ ਸਭ ਤੋਂ ਵੱਧ ਨਿਬੰਧ ਰੂਪੀ ਸਾਹਿਤ ਵਿੱਚ ਆਪਣੇ ਸੰਦੇਸ਼ ਜਨ-ਸਾਧਾਰਨ ਤਕ ਪਹੁੰਚਾਏ।
ਭਗਤ ਪੂਰਨ ਸਿੰਘ ਦੇ ਸਾਰੇ ਸਾਹਿਤ ਨੂੰ ਸਮਝਿਆਂ ਉਹਨਾਂ ਦੀਆਂ ਰਚਨਾਵਾਂ ਦੇ ਵਿਸ਼ੇ ਵਾਤਾਵਰਣ, ਵਿਹਾਰਕ ਜੀਵਨ, ਸਿਹਤ, ਨੈਤਿਕਤਾ, ਵਰਤਮਾਨ ਅਤੇ ਭਵਿੱਖ ਨਾਲ ਜੁੜੇ ਹੋਏ ਮਿਲਦੇ ਹਨ। ਉਨ੍ਹਾਂ ਦੀਆਂ ਲਿਖਤਾਂ ਦਾ ਮੂਲ ਮਨੋਰਥ ਹੀ ਮਨੁੱਖੀ ਜਾਤੀ ਦੀ ਭਲਾਈ, ਰੱਖਿਆ ਤੇ ਵਾਤਾਵਰਣ ਸਬੰਧੀ ਸਮੱਸਿਆਵਾਂ ਦੇ ਵਿਸ਼ੇਸ਼ ਦ੍ਰਿਸ਼ਟੀ ਤੋਂ ਹੱਲ ਪੇਸ਼ ਕਰਨਾ ਹੈ।
ਉਨ੍ਹਾਂ ਦੇ ਲਿਖਣ ਦਾ ਢੰਗ ਨਿਵੇਕਲਾ ਸੀ। ਉਨ੍ਹਾਂ ਨੇ ਬਹੁਤ ਸਰਲ, ਸੰਖੇਪ ਅਤੇ ਮੁਲਵਾਨ ਸਾਹਿਤ ਸਿਰਜਣਾ ਕੀਤੀ। ਭਗਤ ਪੂਰਨ ਸਿੰਘ ਨੇ 6 ਮਾਰਚ 1957 ਨੂੰ ਪੂਰਨ ਪ੍ਰਿੰਟਿੰਗ ਪ੍ਰੈਸ ਦੀ ਸਥਾਪਨਾ ਕੀਤੀ ਸੀ। ਇੱਥੋਂ ਪ੍ਰਕਾਸ਼ਤ ਸਾਰਾ ਸਾਹਿਤ ਮੁਫਤ ਰੂਪ ਵਿੱਚ ਪਾਠਕਾਂ ਵਿੱਚ ਵੰਡਿਆਂ ਜਾਂਦਾ ਅਤੇ ਅੱਜ ਵੀ ਇਹ ਪਿਰਤ ਪਿੰਗਲਵਾੜਾ ਸੰਸਥਾ ਵਲੋਂ ਨਿਰੰਤਰ ਜਾਰੀ ਹੈ।
ਭਗਤ ਪੂਰਨ ਸਿੰਘ ਦੀ ਸੋਚ ਸੀ ਕਿ ਕੋਈ ਵੀ ਪਾਠਕ ਪੈਸੇ ਦੀ ਕਮੀ ਕਾਰਨ ਗਿਆਨ ਪ੍ਰਾਪਤੀ ਤੋਂ ਵਾਂਝਾ ਨਾ ਰਹੇ। ਉਨ੍ਹਾਂ ਨੇ ਆਪਣੀ ਕਲਮ ਰਾਹੀਂ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਦਾ ਉਪਰਾਲਾ ਕੀਤਾ।
ਨਿਸ਼ਕਾਮ ਸੇਵਾ ਕਰਦੇ ਹੋਏ ਉਹ 5 ਅਗਸਤ, 1992 ਨੂੰ ਸਰੀਰ ਤਿਆਗ ਗਏ। ਆਪਣੀ ਨਿਸ਼ਕਾਮ ਸੇਵਾ ਤੇ ਵਿਲੱਖਣ ਸਾਹਿਤ ਸਿਰਜਣਾ ਸਦਕਾ ਉਹ ਹਮੇਸ਼ਾ ਸਾਡੇ ਅੰਗ ਸੰਗ ਰਹਿਣਗੇ। ਅਜਿਹੀਆਂ ਮਹਾਨ ਰੂਹਾਂ ਨੂੰ ਯਾਦ ਕਰਦਿਆਂ, ਉਹਨਾਂ ਦੇ ਕੀਤੇ ਨੇਕ ਕਾਰਜਾਂ ਨੂੰ ਸਜਦੇ ਕਰਦਿਆਂ ਅੱਜ ਲੋੜ ਹੈ ਕਿ ਅਸੀਂ ਵੀ ਉਹਨਾਂ ਦੇ ਬਣਾਏ ਰਾਹਾਂ ਦੇ ਰਾਹੀ ਬਣੀਏ।
ਸ.ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ ( ਫ਼ਿਰੋਜ਼ਪੁਰ )

ਮੇਰੀ ਮੌਤ ਦਾ ਬਦਲਾ ਲੈ ਲਾ ਬਾਪੂ ✍️ ਰਮੇਸ਼ ਕੁਮਾਰ ਭਟਾਰਾ

ਕਾਂਗਰਸ ਪਾਰਟੀ ਵਲੋਂ ਹੁਣ 23ਜੂਨ ਨੂੰ ਸੰਗਰੂਰ ਪਾਰਲੀਮੈਂਟ ਸੀਟ ਦੀ ਹੋਂਣ ਜਾਂ ਰਹੀ ਜ਼ਿਮਨੀ ਚੋਣ ਵਿੱਚ, ਕਾਂਗਰਸ ਪਾਰਟੀ ਵਲੋਂ ਆਪਣਾ ਉਮੀਦਵਾਰ ਖੜਾ ਨਾ ਕਰੇ ਸੰਗੋ ਮਰਹੂਮ ਨੌਜਵਾਨ ਗਾਇਕ ਨੇਤਾ ਸਿੱਧੂ ਮੁਸੇਵਾਲ ਦੇ ਪਿਤਾ ਦੀ ਮਦਦ ਕਰਨੀ ਚਾਹੀਦੀ ਹੈ, ਅਗਰ ਨੌਜਵਾਨ ਮਰਹੂਮ ਗਾਇਕ ਸਿੱਧੂ ਮੂਲੇਵਾਲਾ ਦੇ ਬਾਪੂ ਜੀ ਆਜ਼ਾਦ ਚੋਣ ਲੜਦੇ ਹਨ* ਕੱਲ ਅਸੀਂ ਬਰਨਾਲਾ ਵਿਧਾਨ ਸਭਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਮੁਨੀਸ਼ ਬਾਂਸਲ ਪੁੱਤਰ ਆਲ ਇੰਡੀਆ ਕਾਂਗਰਸ ਪਾਰਟੀ ਦੇ ਖਜ਼ਾਨਚੀ ਮੇਰੇ ਪਰਮ ਮਿੱਤਰ ਪਵਨ ਕੁਮਾਰ ਬਾਂਸਲ ਸਾਬਕਾ ਕੈਂਦਰੀ ਮੰਤਰੀ ਦੇ ਨਾਲ ਬਹੁਤੇ ਕਾਂਗਰਸੀ ਵਰਕਰ ਆਗੂ ਨੌਜਵਾਨ ਮਰਹੂਮ ਗਾਇਕ ਨੇਤਾ ਸਿੱਧੂ ਮੁਸੇਵਾਲ ਦੇ ਪਿਤਾ ਜੀ ਕੋਲ ਇਸ ਦੁੱਖ ਦੀ ਘੜੀ ਦੇ ਸਮੇਂ ਅਫਸੋਸ ਕਰਨ ਪਿੰਡ ਮੁਸੇਵਾਲ ਗਏ ਸੀ, ਓਥੇ ਜਾਕੇ ਸਾਡੇ ਤੋਂ ਨੌਜਵਾਨ ਮਰਹੂਮ ਗਾਇਕ ਨੇਤਾ ਸਿੱਧੂ ਮੁਸੇਵਾਲ ਦੇ ਮਾਤਾ ਪਿਤਾ ਜੀ ਦਾ ਦੁੱਖ ਦੇਖਿਆ ਨਹੀਂ ਜਾ ਸਕਿਆ, ਮਰਹੂਮ ਨੌਜਵਾਨ ਗਾਇਕ *ਸਿੱਧੂ ਮੁਸੇਵਾਲ ਦੇ ਪਿਤਾ ਜੀ ਨੇ ਰੌਂਦੇ ਆ ਕੁਰਲਾਉਂਦੀਆਂ ਨੇ ਦੱਸਿਆ ਕਿ ਮੇਰਾ ਪੁੱਤ ਹਰ ਰੋਜ਼ ਸਵੇਰੇ ਸਵੇਰੇ ਮੈਨੂੰ ਆਵਾਜ਼ ਮਾਰਕੇ ਕਹਿੰਦਾ ਹੈ, ਬਾਪੂ ਮੇਰੀ ਮੌਤ ਦਾ ਬਦਲਾ ਲੈ ਲਾ ਬਾਪੂ* ਇਹ  ਦਸਦਿਆਂ ਹੋਏਆ ਨੇ *ਅਪਣੇ ਹੀ ਮੂੰਹ ਚੇਹਰੇ ਗੱਲਾਂ ਉਪਰ ਅਪਣੇ ਹੱਥਾਂ ਨਾਲ ਥੱਪੜ ਮਾਰਨ ਲੱਗ ਪੈਂਦੇ ਹਨ*, ਇਹ ਕਹਿੰਦੇ ਹੋਏ, *ਪਤਾ ਨਹੀਂ ਮੇਰੇ ਅੰਦਰ ਕਿਹੜੀ ਸਾਲੀ ਅੱਗ ਲੱਗੀ ਜਾਂਦੀ ਹੈ,*  ਮੁਨੀਸ਼ ਬਾਂਸਲ,  ਕੁਲਦੀਪ ਸਿੰਘ ਕਾਲਾ ਢਿੱਲੋਂ, ਲੱਕੀ ਪੱਖੋ, ਅਤੇ ਮੈਂ ਖੁਦ ਸਿੱਧੂ ਮੁਸੇਵਾਲ ਦੇ ਪਿਤਾ ਜੀ ਦੇ ਕੋਲ ਬੈਠੇ ਹੋਏ ਸੀ, *ਸਿੱਧੂ ਮੁਸੇਵਾਲ ਦੇ ਬਾਪੂ ਜੀ ਆਏ ਹੋਏ ਲੋਕਾਂ ਨੂੰ ਕਹਿੰਦੇ ਹਨ, ਮੇਰੇ ਪੁੱਤ ਦਾ ਭੋਗ ਤਾਂ ਆਪੇ ਪੈਂਦਾ ਰਹੂ, ਚਲੋ ਲੋਕੋ ਆਪਾਂ ਪਹਿਲਾਂ ਬਦਲਾ ਲਈਏ,* ਨਾਲ ਇਹ ਵੀ ਕਹਿੰਦੇ ਰਹੇ,*ਪਤਾ ਲੱਗ ਜਾਊ ਕਹਿੜਾ ਮੇਰੇ ਪੁੱਤਰ ਨਾਲ ਮੇਰੇ ਨਾਲ ਹਨ,* ਲੋਕਾਂ ਨੇ ਕਿਹਾ *ਬਾਪੂ ਆਪਾਂ ਨੂੰ ਆਜ਼ਾਦ ਖੜਣਾ ਚਾਹੀਦਾ ਹੈ*, ਸਿੱਧੂ ਮੁਸੇਵਾਲ ਦੇ ਬਾਪੂ ਨੇ ਕਿਹਾ ਸਾਰਿਆਂ ਪਾਰਟੀਆਂ ਮੇਰੇ ਪੁੱਤ ਦੀਆਂ ਮੇਰੀਆਂ ਹਨ,  ਪਰ ਮੈਨੂੰ ਬਹੁਤ ਦੁੱਖ ਹੁੰਦਾ ਹੈ *ਲੋਕੋ ਮੇਰੇ ਪੁੱਤ ਨੂੰ ਪਹਿਲਾਂ ਵੀ 7 ਵਾਰ ਜਾਣ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ* , ਇਹ *ਬਾਪ ਪੁਛਦਾ ਲੋਕੋ ਮੇਰੇ ਪੁੱਤ ਦੀ ਸਿਕੳਰਟੀ ਕਿਉਂ ਵਾਪਸ ਲਈ* ਅਤੇ *ਇਹ ਵੀ ਕਿਹਾ, ਪੁੱਤ ਦੇ ਸਿਵੇ ਦੀ ਰਾਖ ਨੂੰ ਮੈਂ ਅਪਣੇ ਮੱਥੇ ਤੇ ਲਾਕੇ ਸੌਂਹ ਖਾਧੀ ਹੈ ਪੁੱਤ ਮੈਂ ਤੇਰੀ ਮੌਤ ਦਾ ਬਦਲਾ ਲਵਾਂਗਾਂ,* *ਉਠੋ ਲੋਕੋ ਬਦਲਾ ਲੈਣ ਚੱਲੀਏ* ਓਥੇ ਹਾਜ਼ਰ ਬੈਠੇ ਖ਼ੜੇ ਸਿੱਧੂ ਮੁਸੇਵਾਲ ਦੇ ਸਾਕ ਸੰਬੰਧੀ ਰਿਸ਼ਤੇਦਾਰ, ਸਿੱਧੂ ਮੁਸੇਵਾਲ ਨੂੰ ਪਿਆਰ ਕਰਨ ਵਾਲੇ ਸਿੱਧੂ ਮੁਸੇਵਾਲ ਨੂੰ ਚਾਹੁਣ ਵਾਲੇ ਸਿੱਧੂ ਮੁਸੇਵਾਲ ਦੇ ਘਰ ਆਕੇ ਪਿੰਡ ਮੁਸੇਵਾਲ ਵਿੱਚ ਸਿੱਧੂ ਮੁਸੇਵਾਲ ਦੇ ਪਿਤਾ ਦੇ ਦੁੱਖ ਵਿੱਚ ਸ਼ਾਮਲ ਹੁੰਦੇ ਹੋਏ ਸਿੱਧੂ ਮੁਸੇਵਾਲ ਦੇ ਪਿਤਾ ਜੀ ਨੂੰ ਢਾਂਡਸ ਦਿੰਦੇ ਹਨ ਹੋਂਸਲਾ ਵਧਾਉਂਦੇ ਹਨ, *ਅਸੀਂ ਅਪਣੇ ਭਰੇ ਹੋਏ ਮੰਨ ਨਾਲ ਇਹ ਸਾਰਾ ਦੁੱਖ ਦਾਈ ਮੰਜ਼ਰ ਅਪਣੇ ਪਿੰਡੇ ਸ਼ਰੀਰਾਂ ਤੇ ਹੰਢਾਉਂਦੇ ਹੋਏ ਸ਼ਾਮ ਨੂੰ ਵਾਪਸ ਬਰਨਾਲਾ ਆ ਗਏ,* ਸੋ, ਮੈਂ ਓਥੇ, ਪਿੰਡ ਮੁਸੇਵਾਲ ਵਿੱਚ ਸਿੱਧੂ ਮੁਸੇਵਾਲ ਦੇ ਘਰ ਵਿੱਚ ਮੈਂ ਜੋ ਦੇਖਿਆ ਸੁਣਿਆ  ਹੈ, ਉਹ ਮੈਂ ਭਰੇ ਹੋਏ ਮੰਨ ਨਾਲ ਸਮਾਜ ਦੇ ਸਾਹਮਨੇ ਰੱਖ ਦਿੱਤਾ ਹੈ, *ਹੁਣ ਫੈਂਸਲਾ ਲੋਕਾਂ ਨੇ ਕਰਨਾ ਹੈ ਅਤੇ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਨੇ ਕਰਨਾ ਹੈ ਖਾਸ ਕਰਕੇ ਕਾਂਗਰਸ ਪਾਰਟੀ ਨੇ ਕਰਨਾ ਹੈ,* ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਪੰਜਾਬ 9815318924

ਆਓ ਸਾਂਭੀਏ ਰੁੱਖ ਤੇ ਪਰਿੰਦੇ ✍️ ਹਰਨਰਾਇਣ ਸਿੰਘ ਮੱਲੇਆਣਾ

ਹਰੜ ਦੇ ਦਰੱਖਤ ਹੇਠੋਂ ਸੁੱਕੇ ਪੱਤਿਆਂ ਨੂੰ ਸੰਭਰਦਿਆਂ ਇੱਕ ਨਿੱਕਾ ਜਿਹਾ ਚਿੱਟੇ ਰੰਗ ਦਾ ਆਂਡਾ ਬਹੁਕਰ ਨਾਲ ਦੂਰ ਜਾਹ ਰੁੜਿਆ ... ।
ਹਾਏ ਰੱਬਾ ! ਕਹਿ ਕੇ ਉਸ ਆੰਡੇ ਨੂੰ ਗੌਹੁ ਨਾਲ ਵੇਖਿਆ ਤੇ ਵਾਹਿਗੁਰੂ ਦਾ ਲੱਖ ਸ਼ੁਕਰ ਕੀਤਾ ਕੇ ਟੁੱਟਣੋਂ ਬਚ ਗਿਆ . .. !!
ਹਰੜ ਦੇ ਸੰਘਣੇ ਪੱਤਿਆਂ ਵਿੱਚ ਉਤਾਂਹ ਨੂੰ ਨਿਗਾਹ ਮਾਰੀ ਤਾਂ ਇੱਕ ਮੋਟੇ ਜਿਹੇ ਡੱਕਿਆਂ ਦਾ ਖਿੱਲਰਿਆ ਜਿਹਾ ਆਲ੍ਹਣਾ ਵੇਖਿਆ ... ਉਸ ਆਂਡੇ ਨੂੰ ਚੁੱਕ ਕੇ ਉਸ ਆਲਣੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਉਸ ਆਲ੍ਹਣੇ ਵਿੱਚ  ਹੋਰ ਆਂਡਾ ਦਿਸ ਗਿਆ ... ਨਿੱਕੀ ਜਿਹੀ ਕਾਲੀ ਚੁੰਝ ਵਾਲੀ ਚਿੜੀ , ਪਤਾ ਨਹੀਂ ਕਿੱਥੋਂ  ਆ ਟਪਕੀ ਤੇ ਆਵਦੀ ਸੁੰਦਰ ਮਨ ਨੂੰ ਮੋਹਣ ਵਾਲੀ ਆਵਾਜ਼ ਕੱਢਣ ਲੱਗੀ .. ਆਸੇ ਪਾਸੇ ਉੱਡਦੀ ਅਖੀਰ ਇੱਕ ਟਾਹਣੀ ਤੇ ਚੁੱਪ ਕਰ ਬੈਠ ਗਈ ... ਸ਼ਾਇਦ
ਉਸ ਨੇ ਹਮਦਰਦੀ ਨੂੰ ਸਮਝ ਲਿਆ ਜਾਂ ਬੇਵੱਸ ਚੁੱਪ ਹੋ ਗਈ ...ਮੈਂ ਉਹ ਆਂਡਾ ਵਿਰਲੇ ਜਿਹੇ ਡੱਕਿਆਂ ਵਿੱਚ ਮਸਾਂ ਟਿਕਦਾ ਕੀਤਾ .. ।
ਚਿੜੀ ਤੇ ਆਂਡਿਆਂ ਵਿਚਕਾਰ ਜੋ ਮੈਂ ਮਹਿਸੂਸ ਕੀਤਾ... ਉੱਥੇ ਉਸ ਅਕਾਲ ਪੁਰਖ ਦੀ ਰਚਨਾ ਅਤੇ ਅਜੀਬ ਵਰਤਾਰਾ ..,ਕਿਸੇ ਅਦਿੱਖ ਸ਼ਕਤੀ ਦਾ ਸਹਾਰਾ ਪ੍ਰਤੱਖ ਪ੍ਰਤੀਤ ਹੋਇਆ ... ।
ਦਰੱਖਤਾਂ ਦੇ ਪੱਤਿਆਂ ਦੀ ਛੱਤ ਹੇਠ ਮੀਂਹ ,ਝੱਖੜ ,ਠੰਡ , ਗਰਮੀ ਹਨੇਰੀ ਤੇ ਬੇੁਜ਼ਾਬਾਨੇ  ਪੰਛੀ ਕਿੰਝ ਬੱਚੇ  ਕੱਢਦੇ ਹਨ , ਪਾਲਦੇ ਹਨ , ਭੋਜਨ ਦੀ ਤਲਾ਼ਸ਼ ਕਰਦੇ ਹਨ ਤੇ ਜਿੰਦਾ ਰਹਿੰਦੇ ਹਨ....ਖਿਆਲੀ ਸਵਾਲ ਬਹੁਤ ਆਣ ਖੜੋਏ ...??
 ਸਾਡੇ ਕੋਲ ਅਨੇਕਾਂ ਸਹੂਲਤਾਂ ਖਾਣ-ਪੀਣ .. ਪਦਾਰਥ ਸਾਧਨ ਤੇ ਕੁਦਰਤੀ ਆਫਤਾਂ ਦਾ ਮੁਕਾਬਲਾ ਕਰਨ ਲਈ ਹਸਪਤਾਲ ,ਦਵਾਈਆਂ , ਵਹੀਕਲ ਪਤਾ ਨਹੀਂ ਕੀ ਕੁਝ ਹੈ ਪਰ ਅਸੀਂ ਫਿਰ ਵੀ ਉਸ ਅਕਾਲ ਪੁਰਖ ਦੀ ਰਜ਼ਾ  ਤੇ ਨਾਖੁਸ਼ ਭਟਕਣਾ ਵਾਲਾ ਜੀਵਨ ਬਤੀਤ ਕਰ ਰਹੇ ਹੈ... ।
ਮਨੁੱਖ ਦੀ ਪਦਾਰਥਾਂ ਦੀ ਦੌੜ ਨੇ ਸ਼ੈਤਾਨੀ ਆਤਮਾ ਦਾ ਰੂਪ ਧਾਰਨ ਕਰ ਲਿਆ ਹੈ ਤੇ ਦਿਨ ਰਾਤ ਬੇਚੈਨ ਹਿੱਲ੍ਹੇ ਹੋਏ ਦਿਮਾਗ ਵਾਲਿਆਂ ਵਾਂਗ ਭੱਜਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਉਹਨਾਂ ਬੇਜੁਬਾਨਿਆਂ , ਜੀਵ ਪਰਿੰਦਿਆ ਕੋਲ ਸਕੂਨ ਹੀ ਸਕੂਨ ਹੈ  .. ਉਸ ਸਿਰਜਹਾਰ ਦੇ ਭੈਅ ਵਿੱਚ ਹਨ ...ਸ਼ਾਤੀ ਵਿੱਚ ਰਹਿਕੇ ਹੱਦਾਂ ਸਰਹੱਦਾਂ ਤੋਂ ਬੇਪ੍ਰਵਾਹ ਮੌਜ ਆਨੰਦ ਵਿੱਚ ਹਨ ..!
ਸਾਰੀ ਕੁਦਰਤ ਉੱਤੇ ਮਨੁੱਖ ਨੇ ਕਬਜ਼ਾ ਕਰ ਖਿਲਵਾੜ ਕਰਨਾ ਸਿੱਖ ਲਿਆ ਹੈ ...ਹੋਰਜੀਵਾਂ  ਦੇ ਰੈਣ ਬਸੇਰੇ ਨੂੰ ਆਪਣੇ ਮਤਲਬ ਲਈ ਖਤਮ ਕਰਦਾ ਜਾ ਰਿਹਾ ਹੈ ..,ਜਦੋਂ ਕੇ ਉਸ ਸਿਰਜਣਹਾਰ ਨੇ ਇਹਨਾਂ ਨੂੰ ਵੀ ਬਰਾਬਰ ਦੇ ਹੱਕਦਾਰ ਬਣਾਇਆ ਹੈ ...।
ਹੋ ਸਕਦਾ ਹੈ , ਸਾਡੀ ਆਤਮਾ ਨੇ ਵੀ ਕਦੇ ਇਹਨਾਂ ਆਲ੍ਹਣਿਆਂ ਵਿੱਚ ਜੀਵਨ ਬਸਰ ਕੀਤਾ ਹੋਵੇ ਜਾਂ ਅਗਾੰਹ ਦੀ ਤਿਆਰੀ ਹੋਵੇ ਰੱਬ ਜਾਣਦਾ ਹੈ , ਪਰ .. ਅਸੀਂ ਮਖਮਲੀ ਪੁਸ਼ਾਕਾਂ ਵਾਲੇ , ਚਤੁਰ ਸਿਆਣੇ ਉਸ ਕਾਦਰ ਦੀ ਕੁਦਰਤ ਮੂਹਰੇ ਬਹੁਤ ਛੋਟੇ ਤੇ ਨਾ-ਸ਼ੁਕਰੇ ਲੱਗੇ ...ਜਿਹੜੇ ਉਸ ਸਿਰਜਣਹਾਰ  ਨੂੰ ਸਮਝ ਨਹੀਂ ਸਕੇ ਅਤੇ ਖੁਦ ਰੱਬ ਬਣ ਬੈਠੇ ਹਾਂ ....!!
 ਸਭ ਦਾ ਪਾਲਣਹਾਰ ਉਹ ਸਰਬ ਅਕਾਲ ਪੁਰਖ ਹੈ .. ਪਰ ਅਸੀਂ ਬੇਵਜ੍ਹਾ ਹੀ ਭਟਕਣਾ ਵਿੱਚ ਫਸੇ ਹੋਏ ਹਾਂ ...।
ਮਨ ਇਹੀ ਕਾਮਨਾ ਕਰਦਾ ਹੈ , ਐ  ਰੱਬਾ !
ਕਿਤ੍ਹੇ ਮਨੁੱਖ ਨੂੰ ਵੀ ਇਹਨਾਂ ਬੇਜ਼ੁਬਾਨ ਧਰਤੀ ਦੇ ਹੱਕਦਾਰ ਜਾਨਵਰਾਂ  ਪੰਛੀਆਂ ਜਿੰਨਾਂ ਸਬਰ ਸਿਦਕ ਦੇ.. ਅਸੀਂ ਵੀ ਇਹਨਾਂ ਵਾਂਗ ਸ਼ਾਤ ਚਿੱਤ ਰਹਿ  ਕੇ ਜੀਵਨ ਬਸਰ ਕਰਕੇ ਤੁਰਦੇ ਬਣੀਏ ...ਉਹਨਾਂ ਦੇ ਰਹਿਣ ਲਈ ਵੀ ਬਣਦਾ ਹੱਕ ਛੱਡੀਏ

-- ਹਰਨਰਾਇਣ ਸਿੰਘ ਮੱਲੇਆਣਾ

ਪ੍ਰਿੰਸੀਪਲ ਤੇਜਾ ਸਿੰਘ ਨੂੰ ਯਾਦ ਕਰਦਿਆਂ ✍️ ਸ. ਸੁਖਚੈਨ ਸਿੰਘ ਕੁਰੜ

ਜਨਮ ਤੇ ਪਰਿਵਾਰ:-
ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ ਰਾਵਲਪਿੰਡੀ (ਹੁਣ ਪਾਕਿਸਤਾਨ) ਦੇ ਅਡਿਆਲਾ ਪਿੰਡ ਵਿੱਚ 2 ਜੂਨ 1894 ਨੂੰ ਮਾਤਾ ਸੁਰੱਸਤੀ ਦੀ ਕੁੱਖੋਂ ਭਾਈ ਭਲਾਕਰ ਸਿੰਘ ਦੇ ਘਰ ਹੋਇਆ। ਪ੍ਰਿੰਸੀਪਲ ਤੇਜਾ ਸਿੰਘ ਦਾ ਮੁਢਲਾ ਨਾਮ ਤੇਜ ਰਾਮ ਸੀ। 18 ਸਾਲ ਦੀ ਉਮਰ ਵਿਚ ਆਪ ਦਾ ਵਿਆਹ ਧੰਨ ਕੌਰ ਨਾਲ ਹੋਇਆ।
ਮੁੱਢਲੀ ਸਿੱਖਿਆ ਤੇ ਉੱਚ ਸਿੱਖਿਆ:-
ਤੇਜ ਰਾਮ ਦੀ ਮੁੱਢਲੀ ਵਿਦਿਆ ਗੁਰਦੁਆਰੇ ਤੇ ਮਸੀਤ ਵਿੱਚੋਂ ਆਰੰਭ ਹੁੰਦੀ ਹੈ। ਆਪ ਨੇ ਮੌਲਵੀ ਕਲੀ ਮੁੱਲਾਂ ਤੋਂ ਉਰਦੂ ਤੇ ਫ਼ਾਰਸੀ ਸਿੱਖੀ। ਬਾਬਾ ਖੇਮ ਸਿੰਘ ਬੇਦੀ ਦੀ ਪ੍ਰੇਰਨਾ ਸਦਕਾ ਆਪ ਤੇਜ ਰਾਮ ਤੋਂ ਤੇਜਾ ਸਿੰਘ ਬਣੇ।
ਭਾਈ ਨਿਹਾਲ ਸਿੰਘ ਅਤੇ ਭਾਈ ਰਾਮ ਚੰਦ ਤੋਂ ਗੁਰਮੁਖੀ ਸਿੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਗੁਰਬਾਣੀ ਨਾਲ ਐਸੇ ਜੁੜੇ ਕਿ ਆਖਰੀ ਸਾਹ ਤੱਕ ਗੁਰਬਾਣੀ ਅਧਿਐਨ ਕਾਰਜਾਂ ਵਿਚ ਡਟੇ ਰਹੇ।
ਆਪ ਨੇ ਸੰਨ 1899 ਵਿਚ ਪ੍ਰਾਇਮਰੀ ਸਕੂਲ, ਢੱਲਾ ਵਿਚ ਦਾਖ਼ਲਾ ਲਿਆ ਤੇ 1902 ਵਿਚ ਪੰਜਵੀਂ ਪਾਸ ਕੀਤੀ। 1908 ਵਿਚ ਡਿਸਟ੍ਰਿਕਟ ਬੋਰਡ ਦੇ ਮਿਡਲ ਸਕੂਲ ਵਿਚ ਮਿਡਲ ਪਾਸ ਕੀਤੀ। 1910 ਵਿਚ ਖ਼ਾਲਸਾ ਕਾਲਜ ਸਕੂਲ ਅੰਮ੍ਰਿਤਸਰ ਤੋਂ ਮੈਟ੍ਰਿਕ ਪਾਸ ਕੀਤੀ।  1914 ਵਿੱਚ ਗਾਰਡਨ ਕਾਲਜ ਰਾਵਲ ਪਿੰਡੀ ਤੋਂ ਬੀ.ਏ. ਪਾਸ ਕੀਤੀ। 1917 ਵਿੱਚ ਆਪ ਨੇ ਅੰਗਰੇਜ਼ੀ ਦੀ ਐਮ.ਏ. ਪਾਸ ਕੀਤੀ।
ਰੁਜ਼ਗਾਰ ਦਾ ਸਫ਼ਰ:-
ਆਪ ਨੇ 1914 ਵਿੱਚ ਵੀਹ ਸਾਲ ਦੀ ਉਮਰ ਵਿਚ ਪ੍ਰੋਫੈਸਰੀ ਆਰੰਭ ਕੀਤੀ। ਆਪ 3 ਮਾਰਚ, 1919 ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਅੰਗਰੇਜ਼ੀ, ਇਤਿਹਾਸ ਅਤੇ ਧਰਮ-ਵਿਦਿਆ ਦੇ ਪ੍ਰੋਫੈਸਰ ਬਣ ਗਏ।
1923-24 ਦੌਰਾਨ ਜੇਲ ਯਾਤਰਾ ਸਮੇਂ ਮਾੜੇ ਖਾਣ-ਪੀਣ ਕਾਰਨ ਆਪਜੀ ਦੀ ਸਿਹਤ ਵਿੱਚ ਵਿਗਾੜ ਆਇਆ।
ਕਾਫੀ ਸਮੇਂ ਬਾਅਦ ਜਦ ਹੌਲ਼ੀ-ਹੌਲ਼ੀ ਸਿਹਤ ਠੀਕ ਹੋਣ ਲੱਗੀ ਤਾਂ
ਆਪ ਨੇ ਮੁੜ 1925 ਨੂੰ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿਚ ਪ੍ਰੋਫ਼ੈਸਰੀ ਸ਼ੁਰੂ ਕਰ ਦਿੱਤੀ।  1926 ਵਿਚ ਆਪ ਦੇ ਪਿਤਾ ਜੀ ਸੁਰਗਵਾਸ ਹੋ ਗਏ।  1945 ਈ. ਵਿੱਚ ਆਪ ਨੇ ਕਿਸੇ ਘਟਨਾ ਦੇ ਵਾਪਰ ਕਾਰਨ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਨੌਕਰੀ ਛੱਡ ਦਿੱਤੀ। 13 ਦਸੰਬਰ 1945 ਨੂੰ ਸ਼੍ਰੋਮਣੀ ਕਮੇਟੀ ਦੀ ਪੇਸ਼ਗੀ ‘ਤੇ ਖ਼ਾਲਸਾ ਕਾਲਜ ਬੰਬਈ ਵਿਖੇ ਪ੍ਰਿੰਸੀਪਲ ਦੀ ਪਦਵੀ ਦਾ ਕਾਰਜ ਸੰਭਾਲਿਆ ਅਤੇ 13 ਅਗਸਤ 1948 ਤੱਕ ਇਸ ਪਦਵੀ ’ਤੇ ਰਹਿਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ। 2 ਜਨਵਰੀ 1949 ਨੂੰ ਆਪ ਨੇ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ। 27 ਜੁਲਾਈ 1949 ਨੂੰ ਆਪ ਨੇ ਕਾਲਜ ਦੀ ਪ੍ਰਿੰਸੀਪਲ ਦੇ ਅਹੁਦੇ ਦੇ ਨਾਲ-ਨਾਲ ਮਹਿਕਮਾ ਪੰਜਾਬੀ ਦੇ ਸਕੱਤਰ ਤੇ ਡਾਇਰੈਕਟਰ ਬਣੇ ਤੇ ਦਸੰਬਰ 1951 ਨੂੰ ਪੈਪਸੂ ਦੀ ਨੌਕਰੀ ਤੋਂ ਰੀਟਾਇਰ ਹੋ ਗਏ। ਪ੍ਰੋਫ਼ੈਸਰੀ ਕਿੱਤਾ ਆਪ ਦਾ ਸ਼ੌਂਕ ਵਾਲਾ ਕਿੱਤਾ ਸੀ, ਜਿਸ ਕਰ ਕੇ ਆਪ ਨੇ ਇਸ ਕਿੱਤੇ ਨੂੰ ਬੜ੍ਹੀ ਲਗਨ ਅਤੇ ਤਨ ਦੇਹੀ ਨਾਲ ਨਿਭਾਇਆ।
ਸਾਹਿਤਕ ਸਫ਼ਰ:-
ਆਪ ਨੇ ਸੱਤਵੀਂ ਜਮਾਤ ਵਿਚ ਪੜ੍ਹਦਿਆਂ ਹੀ ਲਿਖਾਰੀ ਜੀਵਨ ਦੀ ਸ਼ੁਰੂਆਤ ਕਰ ਲਈ ਸੀ, ਉਸ ਸਮੇਂ ਆਪ ਨੇ ਚਿੱਤਰਕਾਰੀ ਉੱਤੇ ਇਕ ਕਿਤਾਬ ਲਿਖੀ। ਉਸ ਤੋਂ ਬਾਅਦ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਦਸਮੇਸ਼ ਜੀ ਦੀ ਅਦੁੱਤੀ ਸ਼ਖ਼ਸੀਅਤ ਉੱਤੇ ਇਕ ਅੰਗਰੇਜ਼ੀ ਨਾਟਕ ਲਿਖਿਆ, ਜੋ ਉਸ ਸਮੇਂ ਤਾਂ ਕਿਸੇ ਰਸਾਲੇ ਵਿਚ ਨਾ ਛਾਪਿਆ ਪਰ ਕੁਝ ਸਾਲਾਂ ਬਾਅਦ ਬਹੁਤ ਮਾਣ ਨਾਲ ‘ਸਿੱਖ ਰੀਵੀਊ’ ਦੇ ਵਿਚ ਛਪਿਆ। ਪ੍ਰਿੰਸੀਪਲ ਤੇਜਾ ਸਿੰਘ ਨੇ ਪੰਜਾਬੀ ਸਾਹਿਤ ਦੀ ਝੋਲੀ ਆਪਣੀਆਂ ਜੋ ਮਹਾਨ ਕਿਰਤਾਂ ਪਾਈਆਂ:-
ਗੁਰੂ ਨਾਨਕ ਸਾਹਿਬ ਦਾ ਮਿਸ਼ਨ (1914), ਸ੍ਰੀ ਗੁਰੂ ਗ੍ਰੰਥ ਵਿਚ ਸਬਦਾਂਤਕ ਲਗਾਂ ਮਾਤਰਾ ਦੇ ਗੁਝੇ ਭੇਦ (1925), ਜਪੁ ਜੀ ਸਟੀਕ (1925), ਪੰਜਾਬੀ ਸ਼ਬਦ ਜੋੜ (1929), ਪੰਜਾਬੀ ਭੌਰੇ (ਸ.ਸ. ਅਮੋਲ ਜੀ ਨਾਲ ਰਲ ਕੇ, 1932), ਚੋਣਵੀਂ ਪੰਜਾਬੀ ਕਵਿਤਾ (1933), ਨਵੀਨ ਪੰਜਾਬੀ ਪਿੰਗਲ (ਕਰਮ ਸਿੰਘ ਗੰਗਾ ਵਾਲੇ ਨਾਲ ਮਿਲ ਕੇ, 1935), ਸਿਲਵਰ ਜੁਬਲੀ ਬੁਕ (ਭਾਈ ਨਾਨਕ ਸਿੰਘ ਜੀ ਨਾਲ ਰਲ ਕੇ, 1935), ਆਸਾ ਦੀ ਵਾਰ ਸਟੀਕ (1938), ਸ਼ਬਦਾਰਥ ਸ੍ਰੀ ਗੁਰੂ ਗ੍ਰੰਥ (1941 ਚਾਰ ਜਿਲਦਾਂ; ਨਰਾਇਣ ਸਿੰਘ ਨਾਲ ਮਿਲ ਕੇ), ਨਵੀਆਂ ਸੋਚਾਂ (1941), ਸਹਿਜ ਸੁਭਾ (1942), ਸੰਸਾਰ ਦੇ ਆਗੂ (1942), ਸਾਹਿਤ ਦਰਸ਼ਨ (1942), ਸਭਿਆਚਾਰ (1946), ਸਿੱਖ ਧਰਮ (1952), ਆਰਸੀ (1952; ਸ੍ਵੈਜੀਵਨੀ), ਮਹਾਂ ਪੁਰਖ ਸੰਖੇਪ ਜੀਵਨੀਆਂ (1956), ਪੰਜਾਬੀ ਕਿਵੇਂ ਲਿਖੀਏ (1957), ਘਰ ਦਾ ਪਿਆਰ (1957), ਪ੍ਰਿੰ. ਤੇਜਾ ਸਿੰਘ ਦੇ ਚੋਣਵੇ ਲੇਖ (1957), ਸਿਮਰਤੀਆਂ (1958), ਗੁਸਲਖਾਨਾ ਤੇ ਹੋਰ ਲੇਖ (1961) ਆਪ ਜੀ ਦੀ ਇਹ ਸਾਹਿਤਕ ਦੇਣ ਪੰਜਾਬੀ ਮਾਂ-ਬੋਲੀ ਦੇ ਹਿੱਸੇ ਦਾ ਹਮੇਸ਼ਾਂ ਹੀ ਬਹੁਤ ਵੱਡਾ ਮਾਣ ਰਹੇਗੀ।
ਟਕਸਾਲੀ ਨਿਬੰਧ ਲਿਖਣ ਦੀ ਪਿਰਤ ਦੇ ਪਿਤਾਮਾ ਪ੍ਰਿੰਸੀਪਲ ਤੇਜਾ ਸਿੰਘ ਨੇ ਸਿੱਖ ਧਰਮ ਦੀ ਵਿਚਾਰਧਾਰਾ ਨੂੰ ਦੇਸਾਂ-ਵਿਦੇਸਾਂ ਵਿੱਚ ਪਹੁੰਚਾਉਣ ਖ਼ਾਤਰ ਅੰਗਰੇਜ਼ੀ ਵਿੱਚ ਵੀ ਸਿੱਖ ਧਰਮ ਨਾਲ ਸਬੰਧਤ ਕਈ ਕਿਤਾਬਾਂ ਵੀ ਲਿਖੀਆਂ। ਉਨ੍ਹਾਂ ਦੇ ਕੁਝ ਲੇਖ 1938 ਅਤੇ 1944 ਵਿੱਚ ਅੰਗਰੇਜ਼ੀ ਪੁਸਤਕਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤੇ ਗਏ। 1950 ਵਿਚ ਉਨ੍ਹਾਂ ਨੇ ਡਾ. ਗੰਡਾ ਸਿੰਘ ਦੇ ਸਹਿਯੋਗ ਨਾਲ ਸਿੱਖ ਧਰਮ ਦਾ ਸੰਖਿਪਤ ਇਤਿਹਾਸ ਲਿਖਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਗੁਰਬਾਣੀ ‘ਜਪੁ’, ‘ਆਸਾ ਕੀ ਵਾਰ’ ਅਤੇ ‘ਸੁਖਮਨੀ ਸਾਹਿਬ’ ਦਾ ਤਰਜਮਾ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਦੇ ਪ੍ਰਕਾਸ਼ਨ ਵਜੋਂ ‘ਸ਼ਬਦਾਰਥ’ ਪ੍ਰਿੰਸੀਪਲ ਤੇਜਾ ਸਿੰਘ ਦੁਆਰਾ ਕੀਤਾ ਗਿਆ ਅਜਿਹਾ ਮੁੱਖ ਕਾਰਜ ਸੀ ਜਿਸ ਨੂੰ ਪੂਰਾ ਕਰਨ ਵਿਚ ਪੰਜ ਸਾਲ 1936 ਤੋਂ 1941 ਦਾ ਸਮਾਂ ਲੱਗਿਆ।
ਵੱਖੋ-ਵੱਖ ਵਿਦਵਾਨਾਂ ਦੇ ਪ੍ਰਿੰਸੀਪਲ ਤੇਜਾ ਸਿੰਘ ਬਾਰੇ ਵਿਚਾਰ:-
ਹੀਰਾ ਸਿੰਘ ‘ਦਰਦ’ ਗਿਆਨੀ ਆਪ ਬਾਬਤ ਲਿਖਦੇ ਹਨ, “ਤੇਜਾ ਸਿੰਘ ਪੰਜਾਬੀ ਸਾਹਿੱਤ-ਬਗੀਚੇ ਨੂੰ ਆਪਣੇ ਲਹੂ-ਮੁੜ੍ਹਕੇ ਨਾਲ ਸਿੰਜ ਕੇ ਪਰਫੁੱਲਤ ਕਰਨ ਵਾਲਾ ਇੱਕ ਮਾਲੀ ਵੀ ਹੈ, ਤੇ ਇਸ ਦੇ ਫੁਲਾਂ ਦੀ ਮਹਿਕ ਵਿਚ ਮਸਤ ਹੋ ਜਾਣ ਵਾਲਾ ਭੌਰਾ ਵੀ।"
ਆਰਸੀ”ਆਪ ਜੀ ਦੀ ਸਵੈ-ਜੀਵਨੀ ਹੈ,ਇਸ ਪੁਸਤਕ ਬਾਰੇ ਪ੍ਰੋ.ਮੋਹਨ ਸਿੰਘ ਨੇ ਕਿਹਾ ਸੀ”ਕਿ ਇਹ ਜੀਵਨੀ ਇਤਿਹਾਸ ਵਾਂਗ ਗੰਭੀਰ ਅਤੇ ਨਾਵਲ ਵਾਂਗ ਸੁਆਦਲੀ ਹੈ “ ਸਵੈ –ਜੀਵਨੀ ਸਾਹਿਤ ਵਿੱਚ ਬਹੁਤ ਘੱਟ ਅਜਿਹੇ ਲੇਖਕ ਹਨ ,ਜਿੰਨ੍ਹਾਂ ਨੇ ਸਹੀ ਗੱਲ ਕੀਤੀ ਹੋਵੇ।
ਪ੍ਰੋ. ਕਿਰਪਾਲ ਸਿੰਘ ਕਸੇਲ ਆਪਣੀ ਸਵੈ-ਜੀਵਨੀ ‘ਪੌਣੀ ਸਦੀ ਦਾ ਸਫਰ’ ‘ਚ ਪ੍ਰਿੰਸੀਪਲ ਤੇਜਾ ਸਿੰਘ ਦੀਆਂ ਯਾਦਾਂ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ, “ਸਵਰਗਵਾਸੀ ਪ੍ਰਿੰਸੀਪਲ ਤੇਜਾ ਸਿੰਘ ਆਧੁਨਿਕ ਪੰਜਾਬੀ ਸਾਹਿਤ ਦੇ ਵਾਸਤਵਿਕ ਉਸਰੱਈਆਂ ਵਿਚੋਂ ਸਨ। ਉਨ੍ਹਾਂ ਨੇ ਆਪਣੇ ਜੀਵਨ ਵਿਚ ਬਹੁਤ ਸਾਰੇ ਨਵੇਂ ਪੰਜਾਬੀ ਲੇਖਕਾਂ ਅਤੇ ਕਵੀਆਂ ਨੂੰ ਉਤਸ਼ਾਹ ਦਿੱਤਾ।
ਆਪ ਬਾਰੇ ਪੰਜਾਬੀ ਸਾਹਿਤਕਾਰ ਅਕਸਰ ਕਿਹਾ ਕਰਦੇ ਸਨ: ਪਗੜੀ ਬੰਨ੍ਹਦਾ ਚੁਣ-ਚੁਣ। ਗੱਲਾਂ ਕਰਦਾ ਪੁਣ-ਪੁਣ।
ਪ੍ਰਿੰਸੀਪਲ ਤੇਜਾ ਸਿੰਘ ਨੇ ਤਿੰਨ ਦਹਾਕੇ ਪੰਜਾਬ ਦੀਆਂ ਸੱਭਿਆਚਾਰਕ ਅਤੇ ਸਾਹਿਤਕ ਸਰਗਰਮੀਆਂ ਦੀ ਪ੍ਰਧਾਨਗੀ ਕੀਤੀ। ਸਿੱਖ ਇਤਿਹਾਸ ਤੇ ਦਰਸ਼ਨ ਉਨ੍ਹਾਂ ਦੇ ਅਧਿਐਨ ਦੇ ਖ਼ਾਸ ਖੇਤਰ ਸਨ।
ਬੇਸ਼ੱਕ ਪੰਜਾਬੀ ਨਿਬੰਧ ਦਾ ਜਨਮ ਤੇਜਾ ਸਿੰਘ ਤੋਂ ਲਗਭਗ ਇੱਕ ਚੌਥਾਈ ਸਦੀ ਪਹਿਲਾਂ ਹੋ ਚੁੱਕਿਆ ਸੀ, ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਹੀ ਆਧੁਨਿਕ ਨਿਬੰਧ ਦਾ ਜਨਮਦਾਤਾ ਮੰਨਿਆ ਗਿਆ ਹੈ।
ਪ੍ਰਿੰਸੀਪਲ ਤੇਜਾ ਸਿੰਘ ਆਖਰੀ ਉਮਰ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਦਾ ਇੰਗਲਿਸ਼ ਵਿੱਚ ਉਲਥਾ ਕਰ ਰਹੇ ਸਨ। ਅਨੁਵਾਦ ਦੇ ਇਸ ਕਾਰਜ ਵਿਚ ਹਜੇ ਉਹ ਮਾਝ ਰਾਗ ਤੱਕ ਹੀ ਪਹੁੰਚੇ ਸਨ ਕਿ ਪਰਮਾਤਮਾ ਵੱਲੋਂ ਆਪ ਦੇ ਸਾਹਾਂ ਦਾ ਹਿਸਾਬ ਪੂਰਾ ਹੋ ਗਿਆ। ਆਪ 10 ਜਨਵਰੀ 1958 ਨੂੰ ਇਸ ਦੁਨੀਆਂ ਤੋਂ ਹਮੇਸ਼ਾਂ ਲਈ ਆਪਣੇ ਹਿੱਸੇ ਦੀ ਜੁੰਮੇਵਾਰੀ ਪੂਰਦਿਆਂ ਚਲੇ ਗਏ। ਪੰਜਾਬੀ ਸਾਹਿਤ ਤੇ ਸਿੱਖ ਇਤਿਹਾਸ ਵਿੱਚ ਆਪ ਜੀ ਦਾ ਨਾਂ ਹਮੇਸ਼ਾਂ ਸਤਿਕਾਰ ਵਜੋਂ ਜਾਣਿਆ ਜਾਵੇਗਾ। ਆਪ ਜੀ ਦੇ ਇਹ ਅਨੁਵਾਦ ਦੇ ਕਾਰਜ  ਨੂੰ ਬਾਅਦ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 1985 ਵਿਚ ‘ਪਵਿੱਤਰ ਗ੍ਰੰਥ’ ਸਿਰਲੇਖ ਹੇਠ ਪ੍ਰਕਾਸ਼ਿਤ ਕੀਤਾ ਗਿਆ।
ਸ. ਸੁਖਚੈਨ ਸਿੰਘ ਕੁਰੜ
(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ)ਸ
ਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ)ਫ਼ਿਰੋਜ਼ਪੁਰ)

ਪੰਜਵੇਂ ਪਾਤਸ਼ਾਹ ਜੀ ਨੂੰ ਯਾਦ ਕਰਦਿਆਂ ✍️ ਸ. ਸੁਖਚੈਨ ਸਿੰਘ ਕੁਰੜ 

ਸਿੱਖ ਇਤਿਹਾਸ ਦੀ ਗੱਲ ਬਾਬੇ ਨਾਨਕ ਦੇ ਕਿਰਤ ਦੇ ਸਿਧਾਂਤ ਦੀ ਗੱਲ ਕਰਦਿਆਂ,ਬਾਬਰ ਨੂੰ ਲਲਕਾਰਦਿਆਂ ਅੱਗੇ ਤੁਰਦੀ-ਤੁਰਦੀ ਸ਼ਹਾਦਤ ਤੱਕ ਦਾ ਸਫ਼ਰ ਤੈਅ ਕਰਦੀ ਹੈ‌। ਗੁਰੂ ਨਾਨਕ ਜੀ ਆਪਣੀ ਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 53 ਤੇ ਸਿਰੀ ਰਾਗ ਵਿੱਚ ਲਿਖਦੇ ਹੋਏ "ਸ਼ਹੀਦ" ਨੂੰ ਪੀਰਾਂ ਪੈਗੰਬਰਾਂ ਦੀ ਪੰਕਤੀ ਵਿੱਚ ਖੜ੍ਹਾ ਕਰਦੇ ਹਨ।

ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ।।

ਸ਼ਹੀਦ ਅਤੇ ਸ਼ਹਾਦਤ ਦੋਵੇਂ ਅਰਬੀ ਭਾਸ਼ਾ ਦੇ ਸ਼ਬਦ ਹਨ। ਸ਼ਹੀਦ ਦਾ ਭਾਵ ਆਪਣੇ ਈਮਾਨ ਦੀ ਗਵਾਹੀ ਦੇਣ ਵਾਲ਼ਾ ਜਾਂ ਧਰਮ ਯੁੱਧ ਵਿਚ ਸ਼ਹੀਦ ਹੋਣ ਵਾਲ਼ਾ ਹੈ। ਇਹ ਪਵਿੱਤਰ ਸ਼ਬਦ ਹੈ ਜਿਸ ਵਿਚ ਨਿੱਜੀ ਲਾਲਸਾ ਲਈ ਕੋਈ ਥਾਂ ਨਹੀਂ। ਕਿਸੇ ਉਚੇ-ਸੁੱਚੇ ਉਦੇਸ਼ ਲਈ ਨਿਸ਼ਕਾਮ ਰਹਿ ਕੇ ਸਰੀਰ ਦੀ ਕੁਰਬਾਨੀ ਦੇਣ ਵਾਲ਼ਾ ਸ਼ਹੀਦ ਹੈ। ਸ਼ਹੀਦ ਆਪਣੇ ਵਿਸ਼ਵਾਸ ਦੀ ਗਵਾਹੀ ਸਿਦਕ ਨਾਲ ਭਰਮ ਭਉ ਤੋਂ ਰਹਿਤ ਹੋ ਕੇ ਦਿੰਦਾ ਹੈ।

ਭਾਈ ਗੁਰਦਾਸ ਦੀ ਆਪਣੀ ਤੀਜੀ ਵਾਰ ਦੀ ਅਠਾਰ੍ਹਵੀਂ ਪਉੜੀ ਵਿੱਚ ਸ਼ਹੀਦ ਸ਼ਬਦ ਬਾਰੇ ਲਿਖਦੇ ਹਨ:-

ਸਾਬਰੁ ਸਿਦਕਿ ਸਹੀਦੁ ਭਰਮ ਭਉ ਖੋਵਣਾ।।

ਭਾਵ ਉਹੀ ਸ਼ਹੀਦ ਅਖਵਾਉਣ ਦਾ ਹੱਕਦਾਰ ਹੈ ਜਿਸ ਵਿੱਚ ਸਬਰ,ਸਿਦਕ ਆਦਿ ਜਿਹੇ ਅਮੋਲਕ ਗੁਣ ਹੋਣ। 

ਇਹ ਉਪਰੋਕਤ ਗੁਣ ਬਾਬੇ ਨਾਨਕ ਦੀ ਸਿੱਖੀ ਵਿੱਚ ਸਮੇਂ ਤੇ ਹਾਲਾਤਾਂ ਦਾ ਸਫ਼ਰ ਤੈਅ ਕਰਦਿਆਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਖ਼ਸੀਅਤ ਦੇ ਹਾਣੀ ਹੋ ਨਿਬੜਦੇ ਹਨ। ਸਿੱਖ ਧਰਮ ਵਿੱਚ ਪਹਿਲੀ ਸ਼ਹਾਦਤ ਦਾ ਮਾਣ ਗੁਰੂ ਅਰਜਨ ਸਾਹਿਬ ਜੀ ਦੇ ਹਿੱਸੇ ਹੀ ਆਇਆ। 

ਸ਼ਾਂਤੀ ਦੇ ਪੁੰਜ, ਸੁਖਮਨੀ ਦੇ ਰਚੇਤਾ, ਬਾਣੀ ਦੇ ਬੋਹਿਥਾ, ਗੁਰੂ ਗ੍ਰੰਥ ਸਾਹਿਬ ਦੇ ਸੰਪਾਦਕ,ਹਰਿਮੰਦਰ ਸਾਹਿਬ ਤੇ ਤਰਨਤਾਰਨ ਸਾਹਿਬ ਦੇ ਸਿਰਜਣਹਾਰੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਦੇ ਸਪੁੱਤਰ ਗੁਰੂ ਅਰਜਨ ਸਾਹਿਬ ਜੀ ਦਾ ਜਨਮ 15 ਅਪ੍ਰੈਲ 1563 ਨੂੰ ਮਾਤਾ ਭਾਨੀ ਜੀ (ਜੋ ਕਿ ਗੁਰੂ ਅਮਰਦਾਸ ਜੀ ਦੇ ਬੇਟੀ ਸਨ) ਦੀ ਕੁੱਖੋਂ ਗੋਇੰਦਵਾਲ ਵਿਖੇ ਹੋਇਆ। ਗੁਰੂ ਅਰਜਨ ਸਾਹਿਬ ਦੇ ਭਰਾ ਬਾਬਾ ਪ੍ਰਿਥੀ ਚੰਦ ਤੇ ਬਾਬਾ ਮਹਾਂਦੇਵ ਸਨ। ਗੁਰੂ ਜੀ ਦਾ ਵੱਡਾ ਭਰਾ ਪ੍ਰਿਥੀ ਚੰਦ ਦੁਨਿਆਵੀਂ ਤੌਰ ਉਤੇ ਸਿਆਣਾ ਤੇ ਚਤੁਰ ਬੁੱਧੀ ਵਾਲਾ ਸੀ। ਜਿਸ ਦੀ ਦੀ ਅੱਖ ਸ਼ੁਰੂ ਤੋਂ ਹੀ ਗੁਰਗੱਦੀ ਉਤੇ ਸੀ। ਜਿਸਨੇ ਬਾਅਦ ਵਿੱਚ ਗੁਰੂ ਜੀ ਲਈ ਕਈ ਸਮੱਸਿਆਵਾਂ ਵੀ ਖੜ੍ਹੀਆਂ ਕੀਤੀਆਂ।

ਦੂਜੇ ਭਰਾ ਬਾਬਾ ਮਹਾਂਦੇਵ ਤਿਆਗੀ ਨਿਰਲੇਪ ਤੇ ਉਦਾਸੀ ਅਵਸਥਾ ਵਾਲੇ ਸਨ।

ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਬਚਪਨ ਦੇ ਮੁੱਢਲੇ ਗਿਆਰਾਂ ਸਾਲ ਆਪਣੇ ਨਾਨਾ ਗੁਰੂ ਅਮਰਦਾਸ ਜੀ ਦੀ ਛੱਤਰ ਛਾਇਆ ਹੇਠ ਬਿਤਾਏ। ਇਸ ਦੌਰਾਨ ਹੀ ਗੁਰੂ ਅਰਜਨ ਜੀ ਨੇ ਇਥੇ ਆਪਣੇ ਨਾਨਾ ਜੀ ਕੋਲੋਂ ਗੁਰਮੁਖੀ 'ਚ ਮੁਹਾਰਤ ਹਾਸਲ ਕੀਤੀ। ਇਸ ਸਮੇਂ ਹੀ ਗੁਰੂ ਅਮਰਦਾਸ ਜੀ ਨੇ ‘ਦੋਹਿਤਾ ਬਾਣੀ ਕਾ ਬੋਹਿਥਾ ਦਾ ਅਸ਼ੀਰਵਾਦ ਦਿੱਤਾ ਸੀ।

ਛੋਟੀ ਉਮਰੇ ਉਨ੍ਹਾਂ ਦੀ ਸੇਵਾ ਅਤੇ ਸਿਮਰਨ ਵਾਲੀ ਬਿਰਤੀ ਨੂੰ ਦੇਖਦਿਆਂ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਦੋਵਾਂ ਪੁੱਤਰਾਂ (ਪ੍ਰਿਥੀ ਚੰਦ ਅਤੇ ਮਹਾਂਦੇਵ) ਨੂੰ ਛੱਡ ਕੇ 1 ਸਤੰਬਰ 1581 ਈ. ਨੂੰ ਸ਼ੁਕਰਵਾਰ ਵਾਲੇ ਦਿਨ ਗੁਰੂ ਨਾਨਕ ਦੇਵ ਦੇ ਘਰ ਦਾ ਪੰਜਵਾਂ ਵਾਰਿਸ ਥਾਪ ਦਿੱਤਾ।

ਆਪ ਜੀ ਦਾ ਗੁਰੂ ਕਾਲ 1581 ਤੋਂ 1606 ਤੱਕ ਰਿਹਾ। ਇਸ ਦੌਰਾਨ ਆਪਣੇ ਸਿੱਖੀ ਦੇ ਵਿਕਾਸ ਵਿੱਚ ਮਹਾਨ ਕਾਰਜ ਕੀਤੇ। 

ਸਭ ਤੋਂ ਮਹਾਨ ਕਾਰਜ ਦੀ ਗੱਲ ਕਰੀਏ ਤਾਂ ਉਹ ਹੈ ਪਹਿਲੇ ਗੁਰੂ ਸਾਹਿਬਾਨ ਜੀ ਦੀ ਬਾਣੀ ਇੱਕਠੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਨਾ। ਆਦਿ ਗ੍ਰੰਥ ਦੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਨੇ 1601 ਈ. ਵਿੱਚ ਸ਼ੁਰੂ ਕੀਤੀ ਤੇ ਤਿੰਨ ਵਰ੍ਹਿਆ ਵਿੱਚ 1604 ਈ. ਨੂੰ ਸੰਪੂਰਨ ਹੋਈ। ਇਸਦੇ ਲਿਖਾਰੀ ਭਾਈ ਗੁਰਦਾਸ ਜੀ ਸਨ। ਅੱਜ ਕੱਲ੍ਹ ‘ਆਦਿ ਗ੍ਰੰਥ` ਨੂੰ ਕਰਤਾਰਪੁਰ ਵਿਖੇ ਸਥਾਪਿਤ ਕੀਤਾ ਹੋਇਆ ਹੈ।

ਗੁਰੂ ਗ੍ਰੰਥ ਸਾਹਿਬ ਮੱਧ ਕਾਲ ਦੀ ਸਭ ਤੋਂ ਮਹਾਨ ਅਧਿਆਤਮਕ ਰਚਨਾ ਹੈ। ਗੁਰੂ ਅਰਜਨ ਜੀ ਨੇ ਕੱਚੀ ਤੇ ਸੱਚੀ ਬਾਣੀ ਦਾ ਨਿਖੇੜ ਕਰਨ ਲਈ ਅਤੇ ਗੁਰੂਆਂ ਦੇ ਮਿਸ਼ਨ ਨੂੰ ਸਦੀਵਤਾ ਦੇਣ ਲਈ ਆਦਿ ਗ੍ਰੰਥ ਦੀ ਬੀੜ ਤਿਆਰ ਕਰਨ ਦਾ ਫ਼ੈਸਲਾ ਕੀਤਾ। 

ਗੁਰੂ ਗ੍ਰੰਥ ਸਾਹਿਬ ਦੀ ਸਾਹਿਤਕ ਮਹਾਨਤਾ ਦਾ ਜ਼ਿਕਰ ਕਰਦਾ ਹੋਇਆ ਡੰਕਨ ਗ੍ਰੀਨੀਲੀਜ਼ ਲਿਖਦਾ ਹੈ:- “ ਵਿਸ਼ਵ ਦੀਆਂ ਧਰਮ ਪੁਸਤਕਾਂ ਵਿਚੋਂ, ਸ਼ਾਇਦ ਹੀ ਕਿਸੇ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮਾਨ ਸਾਹਿਤਕ ਖ਼ੂਬਸੂਰਤੀ ਹੋਵੇ ਜਾਂ ਇਕ-ਰਸ ਅਨੁਭਵੀ, ਗਿਆਨ ਦੀ ਉੱਚਤਾ ਹੋਵੇ। ” 

ਪ੍ਰੋ. ਬ੍ਰਹਮਜਗਦੀਸ਼ ਅਨੁਸਾਰ “ਸ਼੍ਰੀ ਗੁਰੂ ਗ੍ਰੰਥ ਸਾਹਿਬ ਭਾਰਤ ਦੀ ਸਾਹਿਤਿਕ ਵਿਰਾਸਤ ਦਾ ਇੱਕ ਗੌਰਵਮਈ ਅਤੇ ਪ੍ਰਮਾਣਿਕ ਦਸਤਾਵੇਜ਼ ਹੈ। ਇਸ ਵਿੱਚ ਵੇਦਾਂ, ਉੱਪਨਿਸ਼ਦਾਂ, ਸਿਮ੍ਰਤੀਆਂ, ਸ਼ਾਸਤਰਾਂ, ਨਾਥ-ਬਾਣੀ, ਪੱਵਿਤਰ ਕੁਰਾਨ ਅਤੇ ਸੂਫੀ ਕਵਿਤਾ ਨਾਲ ਬੜਾ ਜੀਵੰਤ ਸੰਵਾਦ ਰਚਾਇਆ ਗਿਆ ਹੈ।” 

ਸ਼੍ਰੀ ਗੁਰੂ ਗ੍ਰੰਥ ਸਾਹਿਬ ਕਾਵਿ ਰੂਪਾਂ ਦੀ ਦ੍ਰਿਸ਼ਟੀ ਤੋਂ ਪੰਜਾਬੀ ਸਾਹਿਤ ਦਾ ਇੱਕ ਬਹੁਮੁੱਲਾ ਭੰਡਾਰ ਹੈ। ਹੋਰ ਕਿਸੇ ਵੀ ਧਾਰਮਿਕ ਗ੍ਰੰਥ ਵਿੱਚ ਏਨੇ ਕਾਵਿ ਰੂਪਾਂ ਦਾ ਪ੍ਰਯੋਗ ਨਹੀਂ ਮਿਲਦਾ। ਇਹਨਾਂ ਵਿਚੋਂ ਬਹੁਤ ਸਾਰੇ ਰੂਪ ਲੋਕ ਸਾਹਿਤ ਦੇ ਭੰਡਾਰ ਵਿਚੋਂ ਆਏ ਹਨ ਜਿਵੇਂ: - ਆਰਤੀ, ਅਲਾਹੁਣੀਆਂ, ਅੰਜਲੀਆਂ, ਸੋਹਿਲਾ, ਸੁਚਜੀ, ਕੁਚਜੀ, ਕਰਹਲੇ, ਰੁਤੀ, ਘੋੜੀਆਂ, ਬਾਰਾਂਮਾਹ, ਪੱਟੀ, ਪਹਿਰੇ, ਥਿਤੀ, ਦਿਨ ਰੈਣ, ਸੱਤ-ਵਾਰਾ, ਗਾਥਾ,ਬਿਰਹੜੇ, ਲਾਵਾਂ, ਡੱਖਣੇ ਅਦਿ ਸਾਮਿਲ ਸਨ। ਇੱਥੇ ਕੁਲ 55 ਕਾਵਿ ਰੂਪ ਵਰਤੇ ਗਏ ਹਨ। ਇਸੇ ਲੜੀ ਵਿੱਚ ਸੱਦ, ਕਾਫ਼ੀ, ਬਾਵਨਅੱਖਰੀ, ਵਾਰ,ਪਉੜੀ,ਛੰਤ, ਨੀਸਾਣ ਅਤੇ ਛਕਾਂ ਆਦਿ ਕਾਵਿ ਰੂਪ ਆ ਜਾਂਦੇ ਹਨ।

ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਪਾਤਸ਼ਾਹ ਜੀ ਬਾਣੀ ਨੂੰ ਸ਼ਾਮਲ ਕਰਦਿਆਂ 1708 ਈ. ਵਿੱਚ ਦੇਹ ਗੁਰੂ ਦੀ ਥਾਂ ਤੇ ਸ਼ਬਦ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦਿੱਤੀ ਅਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਥੇ ਸਿੱਖ ਧਰਮ ਦਾ ਪਵਿੱਤਰ ਗ੍ਰੰਥ ਹੈ ਉਥੇ ਨਾਲ ਹੀ ਇਸ ਗ੍ਰੰਥ ਨੂੰ ਗੁਰੂ ਦਾ ਦਰਜਾ ਵੀ ਪ੍ਰਾਪਤ ਹੈ। 

ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਾਹਿਬਾਨ,ਪੰਦਰਾਂ ਭਗਤਾਂ,ਗਿਆਰਾਂ ਭੱਟਾਂ ਤੇ 4 ਗੁਰਸਿੱਖਾਂ ਸਮੇਤ 36 ਰੱਬੀ ਰੂਹਾਂ ਦੀ ਰਚਨਾ 31 ਰਾਗਾਂ ਵਿੱਚ ਜੋ ਗੁਰਮਤਿ ਦੇ ਆਸ਼ੇ ਦੇ ਅਨੁਕੂਲ ਦਰਜ ਕੀਤੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਰਾਗਾਂ (30 ਰਾਗ) ਤੇ ਸਭ ਤੋਂ ਵੱਧ ਬਾਣੀ (2216 ਸ਼ਬਦ) ਰਚਨ ਦਾ ਮਾਣ ਵੀ ਗੁਰੂ ਅਰਜਨ ਸਾਹਿਬ ਜੀ ਦੇ ਹਿੱਸੇ ਹੀ ਆਇਆ ਹੈ। 

ਗੁਰੂ ਅਰਜਨ ਸਾਹਿਬ ਜੀ ਦੀਆਂ ਮੁੱਖ ਰਚਨਾਵਾਂ-ਸੁਖਮਨੀ,ਬਾਰਾਂਮਾਹ,ਬਾਵਨ ਅੱਖਰੀ, ਫੁਨਹੇ,ਮਾਰੂ ਡਖਣੇ,ਵਾਰਾਂ,ਥਿਤੀ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਅੱਜ ਆਪਾਂ ਇੱਥੇ ਗੁਰੂ ਸਾਹਿਬ ਦੀਆਂ ਪ੍ਰਮੁੱਖ ਬਾਣੀਆਂ ਨਾਲ਼ ਜਾਣ ਪਹਿਚਾਣ ਕਰਵਾਵਾਂਗੇ।

ਸੁਖਮਨੀ:-

ਸੁਖਮਨੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਾਹਕਾਰ ਰਚਨਾ ਹੈ। ਜਿਸ ਨੂੰ ਸਤਿਕਾਰ ਵਜੋਂ ਅਸੀਂ ਸੁਖਮਨੀ ਸਾਹਿਬ ਕਹਿੰਦੇ ਹਾਂ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 262 ਤੋਂ 296 ਉੱਤੇ ਅੰਕਤ ਹੈ। ਆਦਿ ਗ੍ਰੰਥ ਦੇ 35 ਵੱਡੇ ਪੰਨਿਆ 'ਤੇ ਦਰਜ 'ਸੁਖਮਨੀ' ਆਦਿ ਗ੍ਰੰਥ ਵਿਚਲੀਆਂ ਬਾਣੀਆਂ 'ਚੋਂ ਸਭ ਤੋਂ ਲੰਮੀ ਬਾਣੀ ਹੈ। ਗੁਰਮਤਿ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਗੁਰੂ ਅਰਜਨ ਜੀ ਨੇ ਸੁਖਮਨੀ ਦੀ ਇਹ ਬਾਣੀ 'ਰਾਮਸਰ' ਦੇ ਸਥਾਨ ਉੱਤੇ ਬੈਠ ਕੇ ਅੰਦਾਜ਼ਨ 1601-02 ਵਿੱਚ ਮੁਕੰਮਲ ਕੀਤੀ। ਇਸ ਦੀਆਂ ਕੁੱਲ 24 ਅਸ਼ਟਪਦੀਆਂ ਹਨ। ਹਰ ਅਸ਼ਟਪਦੀ ਦੇ ਅਰੰਭ ਵਿੱਚ ਇੱਕ ਸ਼ਲੋਕ ਅੰਕਿਤ ਹੈ, ਜਿਸ ਵਿੱਚ ਉਸ ਅਸ਼ਟਪਦੀ ਦਾ ਸਾਰ ਦਿੱਤਾ ਗਿਆ ਹੈ। ਹਰ ਅਸ਼ਟਪਦੀ ਵਿੱਚ 8 ਪਉੜੀਆਂ(ਬੰਦ) ਅਤੇ ਹਰ ਪਊੜੀ ਵਿੱਚ 10 ਤੁਕਾਂ ਹਨ। ਇਸ ਦੀਆਂ 1977 ਤੁਕਾਂ ਹਨ।

ਬਾਰਾਂਮਾਹ:-

ਗੁਰੂ ਸਾਹਿਬ ਦੁਆਰਾ ਬਾਰਾਂਮਾਹ ਦੀ ਰਚਨਾ ਇਕ ਅਨਮੋਲ ਕਿਰਤ ਹੋ ਨਿੱਬੜੀ ਹੈ। ਵੱਡੀ ਗੱਲ ਗੁਰੂ ਸਾਹਿਬ ਨੇ ਬਾਰਾਂਮਾਹ ਦੀ ਰਚਨਾ ਮਾਝ ਰਾਗ ਵਿਚ ਕੀਤੀ। ਸਿਰੀਰਾਗੁ ਤੋਂ ਬਾਅਦ ਮਾਝ ਦੂਸਰਾ ਮੁੱਖ ਰਾਗ ਹੈ।

ਇਸ ਰਾਗ ਨੂੰ ਦਰਦ ਅਤੇ ਵੇਦਨਾ ਦਾ ਰਾਗ ਮੰਨਿਆ ਜਾਂਦਾ ਹੈ।

ਇਹ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 133 ਤੋਂ 136 ਤੱਕ ਦਰਜ ਕੀਤੀ ਹੋਈ ਹੈ। ਬਾਰਾਂਮਾਹ ਬਾਰ੍ਹਾਂ ਮਹੀਨਿਆਂ ਦੇ ਸੰਦਰਭ ਵਿੱਚ ਲਿਖੀ ਗਈ ਲੋਕ-ਕਾਵਿ ਰਚਨਾ ਹੈ। ਇਸ ਰਚਨਾ ਦਾ ਮੁੱਖ ਧੁਰਾ ਕੁਦਰਤ ਹੈ। ਰਾਗ ਮਾਝ ਵਿੱਚ ਲਿਖਿਆ ਬਾਰਾਂਮਾਹ ਗੁਰੂ ਅਰਜਨ ਜੀ ਦੀ ਸ੍ਰੇਸ਼ਟ ਰਚਨਾ ਹੈ। ਗੁੁਰੂ ਗ੍ਰੰਥ ਸਾਹਿਬ ਵਿੱਚ ਸਿਰਫ਼ ਦੋ ਹੀ ਬਾਰਹਮਾਹ ਦਰਜ ਹਨ। ਗੁਰੂ ਅਰਜਨ ਸਾਹਿਬ ਰਚਿਤ ਬਾਰਾਂਮਾਹ ਵਿੱਚ ਪੰਜਾਬੀ ਦੀ ਪ੍ਰਧਾਨਤਾ ਹੈ। ਬਾਰਾਂਮਾਹ ਮਾਝ ਦਾ ਵਿਸ਼ਾ ਅਧਿਆਤਮਕ ਹੈ। ਗੁਰੂ ਅਰਜਨ ਸਾਹਿਬ ਜੀ ਨੇ ਉਪਦੇਸ਼ਾਤਮਕ ਆਸ਼ੇ ਨੂੰ ਇਸ ਵਿੱਚ ਮੁੱਖ ਰੱਖਿਆ ਹੈ।

ਬਾਵਨ ਅੱਖਰੀ:- 

ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਇਹ ਬਾਣੀ 'ਦੇਵ ਨਾਗਰੀ' ਲਿਪੀ ਦੀ ਵਰਣਮਾਲ ਦੇ ਅੱਖਰਾਂ ਦੇ ਆਧਾਰ ਤੇ 'ਆਦਿ ਗ੍ਰੰਥ' ਦੇ 'ਗਉੜੀ' ਰਾਗ ਵਿੱਚ ਅੰਗ 250 ਤੋਂ 262 ਤੇ ਅੰਕਿਤ ਹੈ। ਇਸ ਬਾਣੀ ਦੀਆਂ 55 ਪਉੜੀਆਂ ਹਨ ਤੇ ਹਰ ਇੱਕ ਪਉੜੀ ਨਾਲ ਇੱਕ ਸਲੋਕ ਅੰਕਿਤ ਹੈ।

ਵਾਰਾਂ:-

ਗੁਰਬਾਣੀ ਵਿੱਚ ਅਧਿਆਤਮਿਕ ਵਾਰਾਂ ਦਾ ਚਿਤਰਣ ਮਿਲਦਾ ਹੈ। ਗੁਰੂ ਨਾਨਕ ਸਾਹਿਬ ਤੋਂ ਹੀ ਇਹਨਾਂ ਦੀ ਰਚਨਾ ਹੋਣੀ ਸ਼ੁਰੂ ਹੋ ਗਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 22 ਅਧਿਆਤਮਿਕ ਵਾਰਾਂ ਦਰਜ ਹਨ। ਅਸਲ ਵਿੱਚ ਗੁਰੂ ਸਾਹਿਬਾਨ ਨੇ ਇਸ ਲੋਕ-ਕਾਵਿ ਰੂਪ ਵਿੱਚ ਬਾਣੀ ਦੀ ਰਚਨਾ ਕਰਕੇ ਸਮੁੱਚੀ ਲੋਕਾਈ ਨੂੰ ਇੱਕ ਸਾਝਾਂ ਸੰਦੇਸ਼ ਦੇਣ ਦਾ ਉਪਰਾਲਾ ਕੀਤਾ। ਗੁਰੂ ਅਰਜਨ ਸਾਹਿਬ ਨੇ ਵੀ ਹੋਰ ਬਾਣੀ ਦੇ ਨਾਲ-ਨਾਲ ਛੇ ਵਾਰਾਂ ਦੀ ਰਚਨਾ ਵੀ ਕੀਤੀ, ਜਿਸ ਵਿੱਚ ਉਹਨਾਂ ਪਰਮਾਤਮਾ ਦੀ ਸਿਫ਼ਤ ਸਲਾਹ ਤੇ ਪੂਰਨ ਗੁਰਸਿੱਖ ਦੀ ਪਰਿਭਾਸ਼ਾ ਦਰਸਾਉਣ ਦਾ ਵਡੇਰਾ ਯਤਨ ਕੀਤਾ। ਗੁਰੂ ਸਾਹਿਬ ਦੁਆਰਾ ਰਚਿਤ ਇਹਨਾਂ ਛੇ ਵਾਰਾਂ ਦਾ ਵੇਰਵਾ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਵੱਖ-ਵੱਖ ਰਾਗਾਂ ਅਧੀਨ ਮਿਲਦਾ ਹੈ। ਉਹਨਾਂ ਨੇ ਰਾਗ ਗਉੜੀ, ਰਾਗ ਗੁਜਰੀ, ਰਾਗ ਜੈਤਸਰੀ, ਰਾਗ ਰਾਮਕਲੀ, ਰਾਮ ਮਾਰੂ, ਅਤੇ ਰਾਗ ਬਸੰਤ ਵਿੱਚ ਬਾਣੀ ਰਚੀ। ਆਪ ਜੀ ਦੀਆਂ ਵਾਰਾਂ ਦੀ ਸਭ ਤੋਂ ਅਹਿਮ ਗੱਲ ਇਹ ਹੈ ਕਿ ਜਿੱਥੇ ਬਾਕੀ ਗੁਰੂ ਸਾਹਿਬਾਨਾਂ ਦੀਆਂ ਵਾਰਾਂ ਵਿੱਚ ਸ਼ਾਮਲ ਸ਼ਲੋਕ ਉਹਨਾਂ ਦੇ ਆਪਣੇ ਵੀ ਹਨ ਅਤੇ ਦੂਸਰੇ ਗੁਰੂਆਂ ਦੇ ਵੀ ਸ਼ਲੋਕ ਹਨ। ਉਥੇ ਗੁਰੂ ਅਰਜਨ ਸਾਹਿਬ ਜੀ ਦੀਆਂ ਵਾਰਾਂ ਦੇ ਸ਼ਲੋਕ ਆਪਣੇ ਹੀ ਹਨ।

ਡਖਣੇ:-

ਲਹਿੰਦੀ ਬੋਲੀ ਭਾਵ ਮੁਲਤਾਨ, ਸਾਹੀਵਾਲ ਦੇ ਇਲਾਕੇ ਦੀ ਬੋਲੀ ਵਿੱਚ ਲਿਖਿਆ ਸਲੋਕ ‘ਡੱਖਣਾ’ ਕਹਾਉਂਦਾ ਹੈ। ਇਸ ਵਿੱਚ ਵਧੇਰੇ ਕਰ ਕੇ ‘ਦ’ ਦੀ ਥਾਂ ‘ਡ’ ਵਰਤਿਆ ਜਾਂਦਾ ਹੈ। ਗੁਰੂ ਅਰਜਨ ਸਾਹਿਬ ਨੇ ਮਾਰੂ ਰਾਗ ਵਿੱਚ ‘ਡਖਣੇ’ ਸਿਰਲੇਖ ਹੇਠ ਉਚਾਰਨ ਕੀਤੇ ਜੋ ਕਿ ਇਸੇ ਰਾਗ ਦੀ ਵਾਰ ਨਾਲ ਜੋੜ ਦਿੱਤੇ ਗਏ ਹਨ। ਸਿਰੀ ਰਾਗ ਦੇ ਛੰਤਾਂ ਨਾਲ ਵੀ ਪੰਜ ਸ਼ਬਦ ‘ਡਖਣੇ’ ਸਲੋਕਾਂ ਦੇ ਰੂਪ ਵਿੱਚ ਅੰਕਿਤ ਕੀਤੇ ਹੋਏ ਮਿਲਦੇ ਹਨ।

ਥਿਤੀ:- 

ਦੇਸੀ ਤਿਥੀਆਂ ਦੇ ਅਧਾਰ ਤੇ ਲਿਖੀ ਕਾਵਿ-ਰਚਨਾ 'ਥਿਤੀ' ਕਹਾਉਂਦੀ ਹੈ। ਗੁਰੂ ਅਰਜਨ ਦੇਵ ਜੀ ਦੀ ਥਿਤੀ ਬਾਣੀ 17 ਪਉੜੀਆਂ ਵਿੱਚ ਸਲੋਕਾਂ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 296-300 ਤੱਕ ਦਰਜ ਹੈ। ਇਸ ਬਾਣੀ ਰਚਨਾ ਦਾ ਕੇਂਦਰੀ ਭਾਵ ਸਾਧਸੰਗਤਿ ਵਿਚ ਮਿਲਕੇ ਹਰ ਪਲ ਪਰਮਾਤਮਾ ਦਾ ਜਸ ਹਰ ਰੋਜ਼ ਗਾਇਨ ਕਰਨ ਦੀ ਤਾਕੀਦ ਕੀਤੀ ਗਈ ਹੈ।

ਗੁਰਮਤਿ ਕਾਵਿ ਧਾਰਾ ਵਿੱਚ ਜਿੱਥੇ ਗੁਰੂ ਅਰਜਨ ਸਾਹਿਬ ਜੀ ਨੇ ਪੰਜਾਬੀ ਸਾਹਿਤ ਦੀ ਝੋਲੀ ਵੱਡਮੁੱਲੀ ਸੇਵਾ ਦਿੱਤੀ ਉੱਥੇ ਆਪਣੇ ਗੁਰੂ ਕਾਲ ਦੌਰਾਨ ਕਈ ਅਸਥਾਨ ਹਰਿਮੰਦਰ ਸਾਹਿਬ ਦੀ ਉਸਾਰੀ, ਤਰਨਤਾਰਨ ਸ਼ਹਿਰ ਦੇ ਸਥਾਪਨਾ, ਕਰਤਾਰਪੁਰ ਤੇ ਹਰਗੋਬਿੰਦਪੁਰ ਦੇ ਨੀਂਹ, ਲਹੌਰ ਵਿੱਚ ਬਾਉਲੀ ਦਾ ਨਿਰਮਾਣ, ਛੇਹਰਟਾ ਸਾਹਿਬ ਆਦਿ ਵੀ ਬਣਾਏ ਜੋ ਕਿ ਸਮਾਜਿਕ ਤੇ ਰਾਜਨੀਤਕ ਪੱਖ ਤੋਂ ਸਿੱਖੀ ਦੇ ਵਿਕਾਸ ਵਿੱਚ ਵਿਸ਼ੇਸ਼ ਮਹੱਤਵ ਰੱਖਦੇ ਹਨ।

ਜਿਵੇਂ ਜਿਵੇਂ ਗੁਰੂ ਸਾਹਿਬ ਜੀ ਦੀ ਸ਼ਖ਼ਸੀਅਤ ਤੇ ਉਹਨਾਂ ਦੇ ਯਤਨਾਂ ਸਦਕਾ ਸਿੱਖ ਧਰਮ ਦਾ ਵਿਕਾਸ ਹੋ ਰਿਹਾ ਸੀ, ਉਵੇਂ-ਉਵੇਂ ਆਲ਼ੇ- ਦੁਆਲ਼ੇ ਵਿਰੋਧ ਕਰਨ ਵਾਲੀਆਂ ਧਿਰਾਂ ਵੀ ਖੜ੍ਹੀਆਂ ਹੋ ਰਹੀਆਂ ਸਨ,ਜਿੰਨ੍ਹਾਂ ਵਿੱਚ ਪ੍ਰਿਥੀਏ ਦਾ ਗੁਰਗੱਦੀ ਨੂੰ ਲੈਕੇ ਵਿਰੋਧ, ਕੁੱਝ ਕੁ ਕੱਟੜ ਮੁਸਲਮਾਨਾਂ ( ਸ਼ੇਖ ਫੈਜ਼ੀ ਸਰਹਿੰਦੀ) ਦਾ ਵਿਰੋਧ,ਬ੍ਰਾਹਮਣਾਂ ਦਾ ਵਿਰੋਧ, ਲਹੌਰ ਦੇ ਦੀਵਾਨ ਚੰਦੂ ਸ਼ਾਹ ਦਾ ਵਿਰੋਧ ਤੇ ਸਭ ਤੋਂ ਵੱਡੀ ਜਹਾਂਗੀਰ ਦੀ ਕੱਟੜਤਾ ਸੀ। ਅਖੀਰ ਜਹਾਂਗੀਰ ਦੇ ਪੁੱਤਰ ਖ਼ੁਸਰੋ ਦੀ ਮਦਦ ਕਰਨ ਦੇ ਦੋਸ ਵਿੱਚ ਗੁਰੂ ਸਾਹਿਬ ਜੀ ਨੂੰ ਗਿਰਫ਼ਤਾਰ ਕਰਕੇ ਅਣਮਨੁੱਖੀ ਤਸੀਹੇ ਦਿੰਦਿਆਂ 30 ਮਈ 1606 ਈ ਵਿੱਚ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਸਿੱਖ ਧਰਮ ਵਿੱਚ ਇੱਥੋਂ ਸ਼ਹਾਦਤਾਂ ਦੀ ਸ਼ੁਰੂਆਤ ਹੁੰਦੀ ਹੈ, ਇਹੋ 'ਸ਼ਹਾਦਤ' ਅੱਗੇ ਮੀਰੀ-ਪੀਰੀ ਦਾ ਸਿਧਾਂਤ ਬਖ਼ਸ਼ਦੀ ਹੋਈ ਖਾਲਸੇ ਰਾਜ ਨੂੰ ਜਨਮ ਦਿੰਦੀ ਹੋਈ ਵੱਡੇ ਸਾਹਿਬਜ਼ਾਦਿਆਂ ਨੂੰ ਜੰਗ ਦੇ ਮੈਦਾਨ ਤੋਰਦੀ ਹੈ ਤੇ ਛੋਟੇ ਸਾਹਿਬਜ਼ਾਦਿਆਂ ਨੀਂਹਾਂ ਵਿੱਚ ਖੜ੍ਹਨ ਦਾ ਹੌਂਸਲਾ ਬਖ਼ਸ਼ਦੀ ਹੈ।

ਸ. ਸੁਖਚੈਨ ਸਿੰਘ ਕੁਰੜ 

(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ) 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

ਸਿੱਖ ਧਰਮ ਵਿੱਚ ਪਹਿਲੀ ਸ਼ਹਾਦਤ ਦੇਣ ਵਾਲੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ 

ਸਿੱਖਾਂ ਦੇ ਪੰਜਵੇ ਗੁਰੂ ਅਤੇ ਪਹਿਲੇ ਸ਼ਹੀਦ ਸਿੱਖ ਗੁਰੂ ਸਨ।
ਗੁਰ ਅਰਜਨ ਦਾ ਜਨਮ 15 ਅਪ੍ਰੈਲ, 1563 ਈ.ਨੂੰ ਗੋਇੰਦਵਾਲ
ਸਾਹਿਬ ਵਿਖੇ ਹੋਇਆ।
ਚੌਥੇ ਗੁਰੂ ਰਾਮਦਾਸ ਅਤੇ ਬੀਬੀ ਭਾਨੀ ਦੇ ਘਰ ਹੋਇਆ । ਗੁਰੂ ਰਾਮਦਾਸ ਜੀ ਸੋਢੀ ਜਾਤੀ ਦੇ ਖੱਤਰੀ ਸਨ।ਉਹਨਾਂ ਦੀ ਮਾਤਾ ਧਾਰਮਿਕ ਵਿਚਾਰਾਂ ਵਾਲੀ ਸੀ।ਗੁਰੂ ਜੀ ਜਦੋਂ ਛੋਟੇ ਸਨ ਤਾਂ ਉਹਨਾਂ ਦੇ ਨਾਨਾ ਜੀ ਗੁਰੂ ਅਮਰਦਾਸ ਜੀ ਨੇ ਇਹ ਭਵਿੱਖ ਬਾਣੀ ਕੀਤੀ ਕਿ
“ਮੇਰਾ ਇਹ ਦੋਹਤਾ ਬਾਣੀ ਦਾ ਬੋਹਿਥਾ ਹੋਵੇਗਾ”
ਅਰਥਾਤ ਮੇਰਾ ਇਹ ਦੋਹਤਾ ਮਾਨਵ ਜਾਤੀ ਨੂੰ ਸਰੀਰ ਰੂਪੀ ਭਵ ਸਾਗਰ ਤੋਂ ਪਾਰ ਉਤਾਰਣ ਲਈ ਬਾਣੀ ਦਾ ਸੰਪਾਦਨ ਕਰੇਗਾ। ਗੁਰੂ ਜੀ ਸ਼ਾਂਤੀ ਦੇ ਪੁੰਜ ,ਨਿਮਰ ਸੁਭਾਅ ਦੇ ਮਾਲਕ,ਅਤੇ ਬਾਣੀ ਦੇ ਬੋਹਿਥੁ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ
ਗੁਰੂ ਜੀ ਦਾ ਵਿਆਹ ਮੌ ਪਿੰਡ (ਤਹਿਸੀਲ ਫਿਲੌਰ) ਦੇ ਵਸਨੀਕ ਸ੍ਰੀ ਕਿਸ਼ਨ ਚੰਦ ਜੀ ਦੀ ਸਪੁੱਤਰੀ ਮਾਤਾ ਗੰਗਾ ਜੀ ਨਾਲ ਹੋਇਆ, ਉਸ ਵੇਲੇ ਆਪ ਜੀ ਦੀ ਉਮਰ 16 ਸਾਲ ਦੀ ਸੀ। ਬਾਬਾ ਬੁੱਢਾ ਜੀ ਦੇ ਵਰਦਾਨ ਨਾਲ ਮਾਤਾ ਗੰਗਾ ਜੀ ਦੀ ਕੁੱਖੋਂ 9 ਜੂਨ 1595 ਨੂੰ ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪੁੱਤਰ ਦਾ ਜਨਮ ਹੋਇਆ ਸੀ।ਪ੍ਰਿਥੀ ਚੰਦ ,ਮਹਾਂ ਦੇਵ ਗੁਰੂ ਜੀ ਦੇ ਭਰਾ ਸਨ। 1 ਸਤੰਬਰ 1581 ਨੂੰ ਜੋਤੀ ਜੋਤਿ ਸਮਾਉਣ ਵੇਲੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ, ਬਾਬਾ ਬੁੱਢਾ ਸਾਹਿਬ ਜੀ ਹੱਥੋਂ ਗੁਰਿਆਈ ਦਾ ਤਿਲਕ ਬਖਸ਼ਿਸ਼ ਕੀਤਾ ਅਤੇ ਆਪ ਚੌਥੇ ਗੁਰੂ ਉਸੇ ਦਿਨ ਹੀ ਜੋਤੀ ਜੋਤਿ ਸਮਾ ਗਏ। ਉਸ ਵਕਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਮਰ 18 ਸਾਲ ਦੀ ਸੀ। ਦਸਤਾਰਬੰਦੀ ਦੀ ਰਸਮ ਤੋਂ ਬਾਅਦ ਆਪ ਜੀ ਅਕਤੂਬਰ ਮਹੀਨੇ ਸ੍ਰੀ ਅੰਮ੍ਰਿਤਸਰ ਆ ਗਏ। ਗੁਰੂ ਸਾਹਿਬ ਜੀ ਨੇ 1588ਈ:ਜਾਂ 1589ਈ: (ਮਾਘੀ ਵਾਲੇ ਦਿਨ) ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਦਾ ਪਵਿੱਤਰ ਕੰਮ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ (ਪੂਰਾ ਨਾਮ ਮੁਅਈਨ-ਉਲ-ਅਸਲਾਮ) ਤੋਂ ਕਰਵਾਇਆ। ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਰਖਵਾਉਣ ਦਾ ਗੁਰੂ ਸਾਹਿਬ ਦਾ ਮੰਤਵ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦੇਣਾ ਸੀ।ਹਰਮਿੰਦਰ ਸਾਹਿਬ ਦੀ ਉਸਾਰੀ 1601ਈ:ਵਿੱਚ ਸੰਪੂਰਨ ਹੋਈ ।ਅੰਮ੍ਰਿਤਸਰ ਸਿੱਖਾਂ ਦਾ ਮੱਕਾ ਅਤੇ ਗੁਰੂ ਕਾਸ਼ੀ ਬਣ ਗਿਆ।
ਇਸ ਮੰਦਰ ਦੀ ਯਾਤਰਾ ਦਾ ਫਲ 68 ਤੀਰਥ -ਸਥਾਨਾਂ ਦੀ ਯਾਤਰਾ ਦੇ ਮਹਾਤਮ ਦੇ ਬਰਾਬਰ ਹੈ।1590 ਈ.ਵਿੱਚ ਤਰਨਤਾਰਨ ਸ਼ਹਿਰ ਦੀ ਨੀਂਹ ਰੱਖੀ ਗਈ ਸੀ। 1593 ਈ.ਵਿੱਚ ਨਵੇਂ ਸ਼ਹਿਰ ਦੀ ਨੀਂਹ ਰੱਖੀ ਜਿਸਦਾ ਨਾਂ ਕਰਤਾਰਪੁਰ ਅਰਥਾਤ ਈਸ਼ਵਰ ਦਾ ਸ਼ਹਿਰ ਰੱਖਿਆ।ਇੱਥੇ ਗੁਰੂ ਜੀ ਨੇ ਗੰਗਾ ਸਰ ਖੂਹ ਖੁਦਵਾਇਆ ।ਮਾਤਾ ਗੰਗਾ ਜੀ ਦੇ ਨਾਮ ’ਤੇ ਇਹ ਖੂਹ ਲਗਵਾਇਆ। 1594 ਈਃ ਨੂੰ ਆਪ ਜੀ ਨੇ ਗੁਰੂ ਕੀ ਵਡਾਲੀ ਨੂੰ ਧਰਮ ਪ੍ਰਚਾਰ ਹਿਤ ਪੱਕਾ ਟਿਕਾਣਾ ਬਣਾਇਆ, ਇਥੇ ਹੀ ਛੇਵੇਂ ਗੁਰੂ ਸਾਹਿਬ ਦਾ ਜਨਮ ਹੋਇਆ। ਇਨ੍ਹਾਂ ਹੀ ਸਾਲਾਂ ਵਿੱਚ ਸੋਕਾ ਪੈ ਜਾਣ ਕਾਰਨ ਜਨਤਾ ਦੀ ਲੋੜ ਨੂੰ ਮੁੱਖ ਰੱਖ ਕੇ ਆਪ ਜੀ ਨੇ ਦੋ-ਹਰਟੇ, ਚਾਰ-ਹਰਟੇ ਖੂਹ ਲਗਵਾਏ। ਗੁਰੂ ਕੀ ਵਡਾਲੀ ਦੇ ਪੱਛਮ ਵੱਲ ਛੇ-ਹਰਟਾ ਖੂਹ (ਜਿੱਥੇ ਗੁਰਦੁਆਰਾ ਛੇਹਰਟਾ ਸਾਹਿਬ ਹੈ) ਲਗਵਾਇਆ। ਡੱਬੀ ਬਾਜ਼ਾਰ ਵਿੱਚ ਇੱਕ ਬਾਉਲੀ ਦਾ ਨਿਰਮਾਣ ਕਰਵਾਇਆ। 1598 ਵਿੱਚ ਹੀ ਅਕਬਰ ਬਾਦਸ਼ਾਹ ਗੋਇੰਦਵਾਲ ਵਿਖੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ।ਉਸ ਨੇ ਗੁਰੂ ਜੀ ਵਲੌਂ ਲਾਹੌਰ ਕਾਲ ਸਮੇਂ ਪੀੜਤ ਲੋਕਾਂ ਦੀ ਸੇਵਾ ਲਈ ਸ਼ੁਕਰਾਨਾ ਕੀਤਾ।ਗੁਰੂ ਜੀ ਨੇ ਮਸੰਦ ਪ੍ਰਥਾ ਦਾ ਸੰਗਠਨ ਕੀਤਾ।ਗੁਰੂ ਜੀ ਨੇ 1604 ਵਿੱਚ ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਕੀਤਾ । ਇਹ ਮਹਾਨ ਗ੍ਰੰਥ ਤਿਆਰ ਕੀਤਾ ਜਿਸ ਵਿੱਚ 36 ਮਹਾਂਪੁਰਸ਼ਾਂ ਦੀ ਬਾਣੀ ਅੰਕਿਤ ਕੀਤੀ ਜਿਨ੍ਹਾਂ ਵਿੱਚ ਛੇ ਗੁਰੂ ਸਾਹਿਬਾਨ ਦੀ ਬਾਣੀ, 976 ਗੁਰੂ ਨਾਨਕ ਦੇਵ ਜੀ ,62 ਅੰਗਦ ਦੇਵ ਜੀ,907 ਗੁਰੂ ਅਮਰਦਾਸ ਜੀ,679 ਗੁਰੂ ਰਾਮ ਦਾਸ ਜੀ 2216 ਗੁਰੂ ਅਰਜਨ ਦੇਵ ਜੀ ਦੇ ਸ਼ਬਦ ਦਿੱਤੇ ਗਏ ਹਨ।15 ਭਗਤਾਂ , 11 ਭੱਟਾਂ ਅਤੇ ਚਾਰ ਗੁਰੂ ਘਰ ਦੇ ਸਿੱਖਾਂ ਦੀ ਬਾਣੀ ਦਾ ਸੰਗ੍ਰਹਿ ਤਿਆਰ ਕੀਤਾ। ਇਸ ਸੇਵਾ ਲਈ ਭਾਈ ਗੁਰਦਾਸ ਜੀ ਨੇ ਆਪਣੀ ਲੇਖਣੀ ਦੁਆਰਾ ਮਹਾਨ ਯੋਗਦਾਨ ਪਾਇਆ। ਗੁਰੂ ਸਾਹਿਬ ਜੀ ਨੇ ਆਪਣੀ ਦੇਖ ਰੇਖ ਹੇਠ ਜਿਲਦ ਸਾਜ ਕੀਤੀ ਅਤੇ 30 ਅਗਸਤ 1604 ਨੂੰ ਇਸ ਇਲਾਹੀ ਗ੍ਰੰਥ ਦਾ ਪਹਿਲੀ ਵਾਰ ਦਰਬਾਰ ਸਾਹਿਬ ਅੰਦਰ ਪ੍ਰਕਾਸ਼ ਕੀਤਾ ਗਿਆ, ਬਾਬਾ ਬੁੱਢਾ ਜੀ ਨੇ ਪ੍ਰਥਮ ਗ੍ਰੰਥੀ ਦੇ ਤੌਰ ’ਤੇ ਪਹਿਲਾ ਹੁਕਮਨਾਮਾ ਲਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਵੀ ਬਹੁਤ ਸਾਰੀ ਬਾਣੀ ਦਾ ਉਚਾਰਣ ਕੀਤਾ। ਆਪ ਦੀਆਂ ਰਚਨਾਵਾਂ ਵਿੱਚੋਂ ਸੁਖਮਨੀ ਅਤੇ ਬਾਰਹ ਮਾਹ ਮਾਝ ਰਾਗ ਨੂੰ ਉਚਾਰਿਆ, ਜਿਸ ਨੂੰ ਸੁਣਿਆ ਅਤੇ ਪੜ੍ਹਿਆ ਜਾਂਦਾ ਹੈ । ਬਾਵਨ ਅੱਖਰੀ, ਥਿਤੀ ਅਤੇ ਰੁਤੀ ਵੀ ਵੱਡ-ਆਕਾਰੀ ਰਚਨਾਵਾਂ ਹਨ।ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਮੁੱਖ ਕਾਰਨ ਸਮਰਾਟ ਜਹਾਂਗੀਰ ਦੀ ਧਾਰਮਿਕ ਕੱਟੜਤਾ ਸੀ ।ਉਹ ਆਪਣੇ ਧਰਮ ਤੋ ਬਿੰਨਾਂ ਕਿਸੇ ਹੋਰ ਧਰਮ ਬਾਰੇ ਗੱਲ ਸਹਿਣ ਨਹੀਂ ਕਰ ਸਕਦਾ ਸੀ।ਸਰਹਿੰਦ ਦੇ ਨਕਸਬੰਦੀਆਂ ,ਜਿੰਨਾਂ ਦਾ ਮੁਖੀ ਸ਼ੇਖ ਅਹਿਮਦ ਸੀ ।ਨੇ ਵੀ ਗੁਰੂ ਸਾਹਿਬ ਨਾਲ ਈਰਖਾ ਕਰਦੇ ਹੋਏ ਮੁਗਲ ਬਾਦਸ਼ਾਹ ਨੂੰ ਉਹਨਾਂ ਦੇ ਵਿਰੁੱਧ ਉਕਸਾਇਆ ।ਦੀਵਾਨ ਚੰਦਰ ਸ਼ਾਹ ਨੇ ਵੀ ਬਾਦਸ਼ਾਹ ਦੇ ਕੰਨ ਭਰੇ ।ਗੁਰੂ ਜੀ ਦੀ ਸ਼ਹੀਦੀ ਦਾ ਅਸਲ ਕਾਰਨ ਇਹ ਬਣਿਆਂ ਕਿ ਗੁਰੂ ਜੀ ਨਰਾਜਕੁਨਾਰ ਖੁਸਰੋ ਦੀ ਸਹਾਇਤਾ ਕੀਤੀ ਸੀ ।ਮੁਗਲ ਬਾਦਸ਼ਾਹ ਨੇ ਗੁਰੂ ਜੀ ‘ਤੇ ਰਾਜਾ ਖੁਸਰੋ ਦੀ ਸਹਾਇਤਾ ਦਾ ਇਲਜਾਮ ਲਾ ਕੇ ਉਹਨਾਂ ਉੱਤੇ ਦੋ ਲੱਖ ਰੁਪਏ ਜੁਰਮਾਨਾ ਕਰ ਦਿੱਤਾ ।ਜਦੋਂ ਗੁਰੂ ਜੀ ਨੇ ਜੁਰਮਾਨਾ ਦੇਣ ਤੋ ਇਨਕਾਰ ਕਰ ਦਿੱਤਾ ਤਾਂ ਉਨਾਂ ਨੂੰ ਬੰਦੀ ਬਣਾ ਲਿਆ ਗਿਆ। ਗੁਰੂ ਸਾਹਿਬ ਨੂੰ ਤੱਤੀ ਤਵੀ ’ਤੇ ਬਿਠਾ ਕੇ ਸੀਸ ’ਤੇ ਤੱਤੀ ਰੇਤ ਪਾਈ ਗਈ ਅਤੇ ਬਾਅਦ ਵਿੱਚ ਉਬਲਦੇ ਪਾਣੀ ਦੀ ਦੇਗ ਵਿੱਚ ਪਾਇਆ ਗਿਆ। ਪਰ ਗੁਰੂ ਸਾਹਿਬ ਨੇ ‘ਤੇਰਾ ਕੀਆ ਮੀਠਾ ਲਾਗੇ ' ਦੀ ਧੁਨੀ ਜਾਰੀ ਰੱਖੀ।ਮਈ 1606 ਈਂ. ਵਿੱਚ ਸ਼ਹੀਦ ਕਰ ਦਿੱਤਾ ਗਿਆ।ਸਿੱਖ ਧਰਮ ਵਿੱਚ ਗੁਰੂ ਅਰਜਨ ਦੇਵ ਜੀ ਸ਼ਹਾਦਤ ਦੇਣ ਵਾਲੇ ਪਹਿਲੇ ਸ਼ਹੀਦ ਗੁਰੂ ਸਨ।

ਮੱਧ ਏਸ਼ੀਆ ਦਾ ਮਹਾਨ ਸ਼ਾਸ਼ਕ - ਮਹਿਮੂਦ ਗਜ਼ਨਵੀ ✍️ ਪੂਜਾ ਰਤੀਆ

9ਵੀ ਅਤੇ 10ਵੀ ਸਦੀ ਵਿੱਚ ਮੱਧ ਏਸ਼ੀਆ ਵਿਚ ਤੁਰਕਾਂ ਦੀ ਸ਼ਕਤੀ ਦਾ ਉਥਾਨ ਹੋਇਆ। ਉਨ੍ਹਾਂ ਦਾ ਪਹਿਲਾ ਪ੍ਰਸਿੱਧ ਸ਼ਾਸ਼ਕ ਮਹਿਮੂਦ ਗਜ਼ਨਵੀ ਸੀ।ਜਿਸਨੇ ਭਾਰਤ ਉੱਪਰ 17ਹਮਲੇ ਕੀਤੇ ਅਤੇ ਭਾਰਤ ਦੀ ਧਨ ਦੌਲਤ ਖੂਬ ਲੁੱਟੀ।
ਮਹਿਮੂਦ ਗਜ਼ਨਵੀ ਦਾ ਜਨਮ 2ਨਵੰਬਰ 971ਈ.ਨੂੰ ਗਜ਼ਨੀ ਅਫ਼ਗ਼ਾਨਿਸਤਾਨ ਵਿਚ ਹੋਇਆ।ਉਸਦਾ ਪੂਰਾ ਨਾਮ ਅਬੁਲ ਕਾਸਿਮ ਮਹਿਮੂਦ ਸੀ। ਉਸਦਾ ਪਿਤਾ ਸੁਬੁਕਤਗੀਨ ਗਜ਼ਨੀ ਦਾ ਹਾਕਮ ਸੀ। ਉਸਦੀ ਮਾਤਾ ਜ਼ਬੁਲਸਤਾਨ ਦੇ ਅਮੀਰ ਦੀ ਪੁੱਤਰੀ ਸੀ। ਇਸ ਲਈ ਮਹਿਮੂਦ ਗਜ਼ਨਵੀ ਨੂੰ 'ਮਹਿਮੂਦ ਜ਼ਬੁਲੀ' ਵੀ ਕਿਹਾ ਜਾਂਦਾ ਹੈ। ਖਲੀਫ਼ਾ ਤੋਂ ਮਨਜ਼ੂਰੀ ਲੈ ਕੇ ਉਹ ਗਜ਼ਨੀ ਦਾ ਹਾਕਮ ਬਣਿਆ। ਖਲੀਫ਼ਾ ਨੇ ਗਜ਼ਨਵੀ ਨੂੰ ਅਮੀਰ ਉਲ ਮਿਲੱਤ ਅਤੇ ਯਮੀਨਉੱਦੁਲਾ ਦੇ ਖਿਤਾਬ ਬਖ਼ਸ਼ੇ।ਇਸ ਸਮੇਂ ਤੋਂ ਹੀ ਮਹਿਮੂਦ ਗਜ਼ਨਵੀ ਦੇ ਵੰਸ਼ ਨੂੰ ਯਾਮਿਨੀ ਵੰਸ਼ ਕਿਹਾ ਜਾਣ ਲੱਗਾ।
1000ਈ. ਤੋਂ ਲੈ ਕੇ 1026 ਈਸਵੀ.ਤਕ ਮਹਿਮੂਦ ਨੇ ਭਾਰਤ ਉੱਤੇ 17ਹਮਲੇ ਕੀਤੇ। ਜਿਨ੍ਹਾਂ ਵਿੱਚੋ ਸੋਮਨਾਥ ਦਾ ਪ੍ਰਸਿੱਧ ਮੰਦਿਰ ਉਪਰ ਹਮਲਾ ਸੀ।ਜਿੱਥੇ ਖੂਬ ਲੁੱਟਮਾਰ ਕੀਤੀ। ਸੋਮਨਾਥ ਦੀ ਜਿੱਤ ਮਹਿਮੂਦ ਦਾ ਮਹਾਨ ਸੈਨਿਕ ਕਾਰਨਾਮਾ ਸੀ।ਇਸ ਨਾਲ ਉਸਦੇ ਸਨਮਾਨ ਵਿੱਚ ਵਾਧਾ ਹੋਇਆ ਅਤੇ ਇਸਲਾਮ ਦੇ ਇਤਿਹਾਸ ਵਿੱਚ ਉਸਦੇ ਨਾਂ ਨੂੰ ਅਮਰ ਕਰ ਦਿੱਤਾ। ਪੰਜਾਬ  ਗਜ਼ਨੀ ਸਾਮਰਾਜ ਦਾ ਹਿੱਸਾ ਬਣ ਗਿਆ ਸੀ। ਇਨ੍ਹਾਂ ਹਮਲਿਆਂ ਨੇ ਭਾਰਤ ਵਿੱਚ ਮੁਸਲਿਮ ਰਾਜ ਸਥਾਪਿਤ ਕਰਨ ਦਾ ਰਸਤਾ ਸਾਫ਼ ਕਰ ਦਿੱਤਾ ਸੀ ਕਿਉੰਕਿ ਭਾਰਤੀ ਸ਼ਾਸ਼ਕਾ ਨੇ ਮਹਿਮੂਦ  ਦਾ ਵਿਰੋਧ ਕਰਨ ਦੀ ਬਜਾਇ ਅਧੀਨਤਾ ਸਵੀਕਾਰ ਕਰ ਲਈ।
ਮਹਿਮੂਦ ਗਜ਼ਨਵੀ ਕੱਟੜ ਸੁੰਨੀ ਮੁਸਲਮਾਨ ਸੀ।ਜਿਸਨੇ ਹਮਲਿਆਂ ਦੌਰਾਨ ਹਿੰਦੂਆਂ ਉਪਰ ਅਤਿਆਚਾਰ ਕੀਤੇ।
ਉਸਨੇ ਆਪਣੀ ਸੈਨਾ ਸਕਤੀਸ਼ਾਲੀ ਤੇ ਯੋਗ ਸੰਗਠਿਤ ਕੀਤੀ ਅਤੇ ਉਨ੍ਹਾਂ ਨੂੰ ਵੱਖ ਵੱਖ ਸ਼ਾਸ਼ਤਰਾਂ ਦੀ ਸਿਖਲਾਈ ਦਿੱਤੀ।ਜਿਸ ਕਰਕੇ 17ਹਮਲਿਆਂ ਵਿੱਚੋਂ ਉਸਨੂੰ ਇਕ ਵੀ ਹਾਰ ਦਾ ਮੂੰਹ ਨਹੀਂ ਦੇਖਣਾ ਪਿਆ।ਭਾਵੇਂ ਉਹ ਮਹਾਨ ਜੇਤੂ ਸੀ ਪਰ ਉਸਨੇ ਲੋਕਾਂ ਦੀ ਭਲਾਈ ਵਲ ਕੋਈ ਧਿਆਨ ਨਹੀਂ ਦਿੱਤਾ ਜਿਸ ਕਰਕੇ ਉਸਦਾ ਰਾਜ ਸਥਾਈ ਤੌਰ ਤੇ ਸਥਾਪਿਤ ਨਾ ਹੋ ਸਕਿਆ।
ਮਹਿਮੂਦ ਵਿਦਵਾਨਾ ਦਾ ਸਰਪ੍ਰਸਤ ਸੀ। *ਅਲਬੇਰੁਨੀਉਸਦੇ ਦਰਬਾਰ ਦਾ ਮਹਾਨ ਕਵੀ ਸੀ।ਉਸਨੇ ਕਿਤਾਬ ਉੱਲ ਹਿੰਦ ਦੀ ਰਚਨਾ ਕੀਤੀ। *ਫਿਰਦੌਸੀ* ਇਕ ਹੋਰ ਮਹਾਨ ਕਵੀ ਸੀ ਜਿਸਨੇ ਸ਼ਾਹਨਾਮਾਅਤੇ ਯੂਸਫ਼ ਵ ਜ਼ੁਲੈਖ਼ਾ ਨਾਮਕ ਮਹਾਨ ਗ੍ਰੰਥ ਲਿਖੇ।ਇਸ ਤੋਂ ਇਲਾਵਾ ਉਤਬੀ, ਬਹਾਕੀ, ਅਨਸਾਰੀ, ਅਸਜੁਦੀ ਅਤੇ ਫਾਰਾਬੀ ਹੋਰ ਕਵੀ ਸਨ।
ਮਹਿਮੂਦ ਕਲਾ ਪ੍ਰੇਮੀ ਵੀ ਸੀ।ਉਸਨੇ ਬਹੁਤ ਸਾਰੇ ਮਦਰੱਸੇ ਅਤੇ ਮਸਜਿਦਾਂ ਬਣਵਾਈਆਂ ਜਿਨ੍ਹਾਂ ਵਿੱਚੋਂ ਗਜ਼ਨੀ ਦੀ ਜਾਮਾ ਮਸਜਿਦ ਤੇ ਯੂਨੀਵਰਸਿਟੀ ਸਭ ਤੋਂ ਪ੍ਰਸਿੱਧ ਹੈ।ਇਸਨੂੰ ਸਵਰਗੀ ਦੁਲਹਨ ਅਤੇ ਪੂਰਬ ਦਾ ਅਸਚਰਜ ਕਿਹਾ ਜਾਂਦਾ ਸੀ। ਮਹਿਮੂਦ ਨੇ ਬੰਧ ਏ ਸੁਲਤਾਨ ਨਾਮਕ ਪੁਲ, ਇਕ ਅਜਾਇਬ ਘਰ, ਇਕ ਪੁਸਤਕਾਲਾ ਆਦਿ ਉਸਾਰੀ ਕਰਵਾਈ।ਇਸ ਤਰ੍ਹਾਂ ਮਹਿਮੂਦਦੇ ਰਾਜ ਕਾਲ ਵਿੱਚ ਇਸਲਾਮੀ ਸੰਸਕ੍ਰਿਤੀ ਦਾ ਸਭ ਤੋਂ ਪ੍ਰਸਿੱਧ ਕੇਂਦਰ ਬਣ ਗਿਆ।
ਜਦੋਂ ਆਪਣੇ ਆਖਰੀ ਹਮਲੇ ਦੌਰਾਨ ਮਹਿਮੂਦ ਨੇ ਸਿੰਧ ਪ੍ਰਦੇਸ਼ਾ ਦੇ ਜੱਟਾਂ ਉਪਰ 1026-27 ਈ.ਵਿੱਚ ਚੜਾਈ ਕੀਤੀ।ਉਸਨੇ ਜੱਟਾਂ ਨੂੰ ਬੁਰੀ ਤਰ੍ਹਾਂ ਹਰਾਇਆ।ਇਸ ਦੇ ਤਿੰਨ ਸਾਲਾਂ ਮਗਰੋਂ 30ਅਪ੍ਰੈਲ 1030ਈ. ਨੂੰ ਮਹਾਨ ਯੋਧਾ ਦੀ ਮੌਤ ਹੋ ਗਈ ਅਤੇ ਮਹਿਮੂਦ ਨੂੰ ਗਜ਼ਨੀ ਵਿੱਚ ਦਫ਼ਨਾਇਆ ਗਿਆ।
ਪੂਜਾ9815591967

ਬਾਤਾਂ ਵਿਰਸੇ ਦੀਆਂ ✍️ ਜਸਵੀਰ ਸ਼ਰਮਾਂ ਦੱਦਾਹੂਰ

ਬਚਪਨ ਦੀਆਂ ਤਾਂ ਗੱਲਾਂ ਈ ਹੋਰ ਸਨ ਸਕੂਲਾਂ ਦੇ ਬੱਚੇ ਹੀ ਬਣ ਜਾਂਦੇ ਸਨ ਕਮਾਂਡੋ ਫੋਰਸ 

ਕੋਈ ਸੱਤਰ ਜਾਂ ਅੱਸੀ ਦੇ ਦਹਾਕਿਆਂ ਦੇ ਦਰਮਿਆਨ ਦੀ ਗੱਲ ਹੋਵੇਗੀ, ਜਦੋਂ ਸਾਡੇ ਕੋਲ ਦਰੀ ਦੇ ਬਸਤੇ,ਟਾਟ ਵਾਲੀ ਬੋਰੀ ਥੱਲੇ ਵਿਛਾਉਣ ਲਈ,ਕਾਨੇ ਦੀ ਜਾ ਨੜੇ ਦੀ ਕਲਮ,ਟੀਨ ਦੀ ਰਬੜ ਦੇ ਢੱਕਣ ਵਾਲੀ ਦਵਾਤ ਇੱਕ ਕ਼ਾਇਦਾ ਅਤੇ ਇੱਕ ਫੱਟੀ ਹੁੰਦੀ ਸੀ।ਇਹ ਸਾਰਾ ਕੁਝ ਹੀ ਦਰੀ ਦੇ ਜਾਂ ਟਾਟ ਦੀ ਬਣੀ ਬੋਰੀ ਦੇ ਬਣਾਏ ਹੋਏ ਝੋਲੇ ਵਿੱਚ ਹੀ ਹੁੰਦਾ ਸੀ,ਕੋਈ ਜਮੈਟਰੀ ਬਕਸ ਜਾ ਕੋਈ ਅਲੱਗ ਤੋਂ ਡੱਬਾ ਵਗੈਰਾ ਨਹੀ ਸੀ ਹੁੰਦਾ ਜੀਹਦੇ ਵਿੱਚ ਟੁੱਟਣ ਤੋਂ ਬਚਾ ਕੇ ਕਲਮ ਜਾ ਸਿਆਹੀ ਵਾਲੀ ਦਵਾਤ ਪਾਈ ਹੁੰਦੀ ਸੀ। ਕਦੇ ਕਦੇ ਤਾਂ ਸਿਆਹੀ ਝੋਲੇ ਵਿੱਚ ਡੁੱਲ ਜਾਣੀ ਤੇ ਕਲਮ ਦਾ ਮੂੰਹ ਵੀ ਟੁੱਟ ਜਾਂਦਾ ਸੀ,ਫਿਰ ਤੁਹਾਨੂੰ ਪਤਾ ਈ ਆ ਕੀ ਹੋਣਾ,ਸਾਰਾ ਕੁੱਝ ਰੰਗ ਬਿਰੰਗਾ ਤਾਂ ਹੁੰਦਾ ਈ ਸੀ,ਨਾਲੇ ਸਾਰਾ ਸਾਰਾ ਦਿਨ ਆੜੀ ਬਣਕੇ ਡੋਬ੍ਹਾ ਦੇ ਦੇ,ਆਪਦੀ ਕਲ਼ਮ ਵੀ ਦੇ,ਵੇਖ ਲਾ ਫਿਰ ਕੋਈ ਨੀ ਤੈਨੂੰ ਨਾ ਕਿਤੇ ਲੋੜ ਪਊਗੀ ਮੇਰੇ ਤਾਈਂ ਦੇ ਦੇ ਯਾਰ ਵੀਰ ਬਣਕੇ ਇਉਂ ਵੀ ਕਰਦੇ ਰਹਿੰਦੇ ਸਾਂ।ਮਾਸਟਰ ਜੀ ਵੱਲੋਂ ਤੇ ਘਰ ਆ ਕੇ ਘਰਦਿਆਂ ਵੱਲੋਂ ਜੋ ਤਿੰਨ ਮੇਲ ਦਾ ਪ੍ਰਸ਼ਾਦ ਮਿਲਦਾ ਸੀ ਜੀਹਦੇ ਨਾਲ ਮੋਢੇ ਤਿੰਨ ਦਿਨ ਦਰਦ ਕਰਨੋਂ ਨਹੀਂ ਸੀ ਹਟਦੇ,ਓਹ ਅਲਹਿਦਾ ਹੁੰਦਾ ਸੀ,ਘਰ ਦਿਆਂ ਦੇ ਹੁਕਮ ਵੀ ਨਵਾਬਾਂ ਵਾਲੇ ਹੁੰਦੇ ਸੀ, ਵਾਪਸੀ ਤੇ ਰਸਤੇ ਵਿੱਚ ਪੈਂਦੇ ਖੇਤੋਂ ਚਰੀ ਦੀ ਪੰਡ,ਗਾਚੇ ਦੀ ਪੰਡ ਜਾਂ ਫਿਰ ਬਰਸੀਮ ਦੀ ਪੰਡ ਰੁੱਤ ਮੁਤਾਬਿਕ,ਵੀ ਡੰਗਰਾਂ ਵਾਸਤੇ ਲਿਆਉਣੀ ਹੁੰਦੀ ਸੀ,ਸਾਡੇ ਆਪਣੇ ਕੋਲ ਜ਼ਮੀਨ ਘੱਟ ਸੀ ਤੇ ਹਰਾ ਚਾਰਾ ਰੁੱਤ ਮੁਤਾਬਿਕ ਮੁੱਲ ਲਈਦਾ ਸੀ, ਤੇ ਲੈਂਦੇ ਵੀ ਓਧਰ ਈ ਸਨ ਘਰਦੇ ਜਿੱਧਰੋਂ ਸਕੂਲ ਆਉਣਾ ਜਾਣਾ ਹੁੰਦਾ ਸੀ, ਇਉਂ ਓਹਨਾਂ ਵੱਲੋਂ ਤਾਂ ਇੱਕ ਪੰਥ ਦੋ ਕਾਜ ਵਾਲੀ ਗੱਲ ਠੀਕ ਸੀ,ਪਰ ਜੋ ਮੇਰੇ ਨਾਲ ਵਾਪਰਦੀ ਸੀ ਓਹ ਮੈਂ ਈ ਜਾਣਦਾ ਹਾ, ਵੈਸੇ ਇਸ ਤਰ੍ਹਾਂ ਮੈਨੂੰ ਯਾਦ ਹੈ ਕਈਆਂ ਨਾਲ ਵਾਪਰਦਾ ਸੀ।

         ਖ਼ੈਰ ਜਦੋਂ ਸਕੂਲ ਪਹੁੰਚਣਾ ਤਾਂ ਸੱਭ ਤੋਂ ਪਹਿਲਾਂ ਬਹੁਕਰਾਂ ਫੜ੍ਹਕੇ ਸਕੂਲ ਦੀ ਸਫ਼ਾਈ, ਦਰੱਖਤਾਂ ਦੇ ਪੱਤੇ ਇਕੱਠੇ ਕਰਕੇ ਇੱਕ ਪਾਸੇ ਰੱਖ ਕੇ ਅੱਗ ਲਾਉਣੀ।ਕਈ ਕਈ ਸਕੂਲਾਂ ਵਿਚ ਤਾਂ ਟੋਏ ਪੱਟ ਕੇ ਕੂੜਾ ਕਰਕਟ ਥੱਲੇ ਦੱਬਿਆ ਜਾਂਦਾ ਸੀ।ਫਿਰ ਨਲਕਿਆਂ ਤੋਂ ਪਾਣੀ ਪੀਂਦਿਆਂ ਸਾਰੇ ਕੱਪੜੇ ਭਿਉਂ ਲੈਣੇ, ਫਿਰ ਮਾਸਟਰਾਂ ਨੇ ਨਾਂ ਲੈ ਲੈ ਕੇ ਖੜੇ ਕਰਕੇ ਕੱਲੇ ਕੱਲੇ ਦੀ ਹਾਜਰੀ ਲਾਉਣੀ। ਜੀਹਨੇ ਗੈਰ ਹਾਜਰ ਹੋਣਾ ਓਹਦੀ ਸ਼ਾਮਤ ਆ ਜਾਂਦੀ ਸੀ। ਓਹਨਾਂ ਸਮਿਆਂ ਵਿੱਚ ਅਸੀਂ ਸਕੂਲਾਂ ਵਿੱਚ ਅਜੋਕੀ ਕਮਾਂਡੋ ਜਿਨ੍ਹਾਂ ਕੰਮ ਦਿੰਦੇ ਸੀ ਮਾਸਟਰਾਂ ਨੂੰ,ਓਹ ਗੱਲ ਵੱਖਰੀ ਹੈ ਕਿ ਅਜੋਕੀ ਪੀੜ੍ਹੀ ਨੇ ਤਾਂ ਕਾਹਦਾ ਮੰਨਣਾ ਹੈ,ਪਰ ਮੇਰੇ ਹਾਣੀ ਸਾਥੀ ਬਿਲਕੁਲ ਇਹ ਜਾਣਦੇ ਨੇ ਕਿ ਇਹ ਸਚਾਈ ਹੈ।ਜਿਹੜਾ ਬੱਚਾ ਗੈਰਹਾਜ਼ਰ ਹੋਣਾ ਮਾਸਟਰ ਜੀ ਨੇ ਭੇਜ ਦੇਣਾ ਫਿਰ ਸਾਨੂੰ ਪੰਜ ਸੱਤ ਜਾਣਿਆ ਨੂੰ ਕਿ ਲਿਆਓ ਓਹਨੂੰ ਜਾਕੇ,ਜੇ ਭਲਾਮਾਣਸ ਬਣ ਕੇ ਨਾ ਆਇਆ ਤਾਂ ਫਿਰ ਘਸੀਟ ਕੇ ਲਿਆਇਓ। ਅਸੀਂ ਤਾਂ ਪਹਿਲਾਂ ਈ ਮਾਣ ਨਹੀਂ ਸੀ ਹੁੰਦੇ ਤੇ ਜਦੋਂ ਮਾਸਟਰ ਜੀ ਨੇ ਕਹਿਣਾ ਫਿਰ ਅਸੀਂ ਸ਼ੇਰ ਬਣ ਕੇ ਕਮਾਂਡੋ ਦਾ ਕੰਮ ਕਰਦੇ ਸਾਂ, ਬਿਨਾਂ ਹਥਿਆਰਾਂ ਤੋਂ (ਬਿਲਕੁਲ ਫੋਟੋ ਵਾਂਗੂੰ) ਜਦੋਂ ਕਿਸੇ ਮੇਰੇ ਵਰਗੇ ਦੇ ਘਰ ਪੂਰੀ ਕਾਨਵਾਈ ਸਮੇਤ ਕਮਾਂਡੋ ਫੌਜਾਂ ਨੇ ਪਹੁੰਚਣਾ ਤਾਂ ਜੇਕਰ ਓਹਨੂੰ ਸਾਡੇ ਸਾਥੀ ਨੂੰ ਕੋਈ ਬੁਖਾਰ ਨਮੂਨੀਆਂ ਜਾ ਹੋਰ ਤਕਲੀਫ਼ ਹੋਣੀ ਫਿਰ ਤਾਂ ਹੋ ਜਾਂਦਾ ਸੀ ਬਚਾਅ, ਤੇ ਜੇ ਹੁੰਦਾ ਸੀ ਓਹਦਾ ਫਰਲੋ ਦਾ ਇਰਾਦਾ ਫਿਰ ਨਹੀਂ ਸੀ ਹੁੰਦੀ ਓਹਦੀ ਖੈਰ, ਫਿਰ ਤਾਂ ਚੱਕ ਕੇ ਘਸੀਟ ਕੇ ਜਾਂ ਪਿਆਰ ਨਾਲ ਵੱਡੇ ਘਰ (ਭਾਵ ਮਾਸਟਰ ਸਾਹਮਣੇ) ਸਕੂਲ ਚ ਆ ਕੇ ਹੀ ਖਹਿੜਾ ਛੁੱਟਦਾ ਸੀ, ਤੇ ਇਉਂ ਮੇਰੇ ਨਾਲ ਵੀ ਕਈ ਵਾਰ ਹੋਇਆ ਸੀ, ਕਿਉਂਕਿ ਇੱਕੋ ਇੱਕ ਤਿੰਨ ਭੈਣਾਂ ਦਾ ਭਾਈ ਕਰਕੇ ਥੋੜਾ ਜ਼ਿਆਦਾ ਹੀ ਲਾਡਲਾ ਸਾਂ,ਇਸ ਕਰਕੇ ਕਮਾਂਡੋ ਦੇ ਅੜਿੱਕੇ ਆਇਆ ਈ ਰਹਿੰਦਾ ਸੀ। ਘਰਦਿਆਂ ਵੱਲੋਂ ਵੀ ਕਮਾਂਡੋ ਵਾਲਿਆਂ ਨੂੰ ਹੱਲਾਸ਼ੇਰੀ ਮਿਲ ਜਾਂਦੀ ਸੀ। ਤੇ ਫਿਰ ਦੋਨੋਂ ਛੱਡ ਕੇ ਤਿੰਨੋਂ ਪਾਸਿਓਂ ਹੀ ਤਿੰਨ ਮੇਲਦਾ ਪ੍ਰਸ਼ਾਦ ਮਿਲਦਾ ਸੀ।

            ਉਸ ਤੋਂ ਬਾਅਦ ਥੋੜਾ ਬਹੁਤਾ ਚਿਰ ਪੜਾਈ ਕਰਕੇ, ਫੱਟੀਆਂ ਲਿਖਣੀਆਂ ਮਾਸਟਰ ਜੀ ਨੂੰ ਜਾਂ ਭੈਣ ਜੀ ਨੂੰ ਵਿਖਾਉਣੀਆਂ ਚੈੱਕ ਕਰਵਾਉਣੀਆਂ ਤੇ ਪੋਚ ਕੇ ਧੁੱਪੇ ਸੁੱਕਣ ਲਈ ਰੱਖ ਦੇਣੀਆਂ, ਫਿਰ ਮਾਸਟਰਾਂ ਦੀਆਂ ਸਿਫਾਰਸ਼ਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਸੀ, ਜਿਨ੍ਹਾਂ ਦੇ ਘਰ ਲੱਸੀ ਹੁੰਦੀ ਓਧਰੋਂ ਮਾਸਟਰ ਜੀ ਨੇ ਲੱਸੀ ਮੰਗਵਾ ਲੈਣੀ, ਕਿਸੇ ਨੇੜੇ ਘਰ ਵਾਲੇ ਤੋਂ ਚਾਹ ਦਾ ਹੁਕਮ ਵੀ ਵਜਾਉਣਾ ਪੈਂਦਾ ਸੀ, ਇਸੇ ਤਰ੍ਹਾਂ ਕਿਸੇ ਤੋਂ ਮੂਲੀਆਂ ਕਿਸੇ ਤੋਂ ਸਾਗ ਦੇ ਹੁਕਮ ਵੀ ਪੂਰੇ ਕਰਨੇ ਪੈਂਦੇ ਸਨ। ਖ਼ੈਰ ਦੋਸਤੋ ਵੇਲੇ ਚੰਗੇ ਸਨ ਮਰੂੰ ਮਰੂੰ ਕੋਈ ਨਹੀਂ ਸੀ ਕਰਦਾ ਮਾਸਟਰਾਂ ਦੀ ਇਜ਼ਤ ਸਤਿਕਾਰ ਵੀ ਪੂਰਾ ਹੁੰਦਾ ਸੀ। ਬਹੁਤ ਬਹੁਤ ਦੇਰ ਓਹਨਾਂ ਸਮਿਆਂ ਵਿੱਚ ਮਾਸਟਰਾਂ ਦੀਆਂ ਬਦਲੀਆਂ ਵੀ ਨਹੀਂ ਹੋਇਆ ਕਰਦੀਆਂ ਸੀ। ਹਾਂ ਜੇਕਰ ਕਿਸੇ ਮਾਸਟਰ ਦੀ ਕਿਸੇ ਕਿਸਮ ਦੀ ਕੋਈ ਤਰੱਕੀ ਹੋਣੀ ਫਿਰ ਤਾਂ ਭਲਾਂ ਥੋੜਾ ਬਹੁਤਾ ਸਮਾਂ ਕੋਈ ਮਾਸਟਰ ਬਦਲਿਆ ਹੋਵੇ ਨਹੀਂ ਤਾਂ ਪੂਰੀ ਪੂਰੀ ਸਰਵਿਸ ਇੱਕੋ ਸਕੂਲ ਵਿੱਚ ਕਰ ਲੈਂਦੇ ਸਨ ਓਹਨਾਂ ਸਮਿਆਂ ਦੇ ਮਾਸਟਰ ਸਾਹਿਬਾਨ। ਪੜਾਈਆਂ ਵਧੀਆ ਸਨ ਇਜ਼ਤ ਸਤਿਕਾਰ ਕਰਨਾ, ਜ਼ਿਆਦਾ ਮਹਿੰਗਾਈ ਦੇ ਜ਼ਮਾਨੇ ਵੀ ਨਹੀ ਸਨ ਔਰਗੈਨਿਕ ਫਸਲਾਂ ਸਨ, ਗੱਲ ਕੀ ਦੋਸਤੋ ਇਹ ਰੰਗਲੇ ਅਤੇ ਫ਼ਸਲਾਂ ਨਾਲ ਲਹਿਲਹਾਉਂਦੇ ਪੰਜਾਬ ਦੀਆਂ ਨੇ।

            ਜੇਕਰ ਓਨਾਂ ਸਮਿਆਂ ਦੇ ਨਾਲ ਅਜੋਕੇ ਸਮਿਆਂ ਦੀ ਤੁਲਨਾ ਕਰੀਏ ਤਾਂ ਜ਼ਮੀਨ ਅਸਮਾਨ ਦਾ ਅੰਤਰ ਆ ਚੁੱਕਾ ਹੈ,ਨਾ ਤਾਂ ਓਹੋ ਜਿਹੇ ਮਾਸਟਰ ਰਹਿ ਗਏ ਨਾ ਹੀ ਓਹੋ ਜਿਹੇ ਅਜੋਕੇ ਬੱਚੇ ਹੀ ਰਹੇ ਅੰਤਾਂ ਦੀ ਮਹਿੰਗਾਈ, ਕੀਟਨਾਸ਼ਕ ਦਵਾਈਆਂ ਨਾਲ ਪਲੀਆਂ ਫਸਲਾਂ ਖਾਰੇ ਪਾਣੀ ਗੱਲ ਕੀ ਸੱਭ ਕੁੱਝ ਹੀ ਬਦਲ ਚੁੱਕਿਆ ਹੈ।

            ਸੋ ਦੋਸਤੋ ਗੱਲ ਹੁੰਦੀ ਹੈ ਸਮੇਂ ਸਮੇਂ ਦੀ ਇਹ ਫੋਟੋ ਕਿਸੇ ਦੋਸਤ ਵੱਲੋਂ ਦਾਸ ਨੂੰ ਭੇਜੀ ਸੀ, ਤੇ ਇਸ ਨੂੰ ਵੇਖ ਕੇ ਹੀ ਇਹ ਸਾਰਾ ਲੇਖ ਵਾਲਾ ਸੀਨ ਤੇ ਸਮਾਂ ਯਾਦ ਆ ਗਿਆ ਜੋ ਤੁਹਾਡੀ ਕਚਹਿਰੀ ਵਿੱਚ ਹਾਜਰ ਹੈ,ਕਈ ਹਾਣ ਪਰਵਾਣ ਦੇ ਦੋਸਤਾਂ ਨਾਲ ਇਹ ਸੱਭ ਕੁੱਝ ਵਾਪਰਦਾ ਵੀ ਰਿਹਾ ਹੋਵੇਗਾ ਤੇ ਕਈਆਂ ਨਾਲ ਜੇ ਨਹੀਂ ਵੀ ਵਾਪਰਿਆ ਤਾਂ ਯਾਦ ਜ਼ਰੂਰ ਆਇਆ ਹੋਵੇਗਾ।(ਫੋਟੋ ਇਹ ਉਧਾਰੀ ਹੈ ਭਾਵ ਪਤਾ ਨਹੀਂ ਕਿਹੜੇ ਦੋਸਤ ਦੀ ਕਲਪਨਾ ਹੈ ਪਰ ਹੈ ਕਮਾਲ ਦੀ ਓਸ ਦਾ ਵੀ ਦਿਲੋਂ ਸਤਿਕਾਰ ਜੀ, ਮੈਨੂੰ ਮੇਰੇ ਵਟਸਐਪ ਸਾਥੀ ਕੋਲੋਂ ਆਈ ਸੀ)ਲਿਖਤ ਆਪਣੀ ਹੱਡ ਬੀਤੀ ਕਹਾਣੀ ਹੈ ਜੀ। ਕਦੇ ਕਦਾਈਂ ਇਹੋ ਜਿਹੀਆਂ ਲਿਖਤਾਂ ਲਿਖਣ ਨੂੰ ਵੀ ਦਿਲ ਕਰ ਆਉਂਦਾ ਹੈ ਤਾਂ ਕਿ ਬਚਪਨ ਵਿੱਚ ਇੱਕ ਗੇੜਾ ਮਾਰ ਆਈਏ, ਤੇ ਕਈ ਦੋਸਤ ਹੋਰ ਵੀ ਆਪਣੇ ਅਨੁਭਵ ਓਸ ਸਮੇਂ ਨੂੰ ਯਾਦ ਕਰਕੇ ਤੇ ਇਹੋ ਜਿਹੇ ਲੇਖ ਪੜ੍ਹਕੇ ਦਾਸ ਨਾਲ ਜ਼ਰੂਰ ਸਾਂਝੇ ਵੀ ਕਰਦੇ ਹਨ।

(ਨੋਟ: ਫੋਟੋ ਵਿੱਚ ਬੱਚਿਆਂ ਦੀ ਕਮਾਂਡੋ ਫੋਰਸ ਬਿਨਾਂ ਹਥਿਆਰਾਂ ਤੋਂ ਆਪਣੀ ਲਾਈ ਡਿਊਟੀ ਨੂੰ ਅੰਜਾਮ ਦੀ ਰਹੀ ਹੈ। ਫੋਟੋ ਕਿਸੇ ਦੋਸਤ ਵੱਲੋਂ ਆਈ ਸੀ,ਜਿਸ ਦੇ ਵੀ ਦਿਮਾਗ ਦੀ ਕਲਪਨਾ ਹੈ ਉਸ ਦੀ ਕਲਾ ਨੂੰ ਸਲਾਮ)

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਆਂਡਿਆਂ ਦਾ ਵਪਾਰੀ ਬਣ ਕੇ ਆ ਰਿਹੈ ਐਮੀ ਵਿਰਕ

ਐਮੀ ਵਿਰਕ ਪੰਜਾਬੀ ਸਿਨਮੇ ਦਾ ਸਟਾਰ ਕਲਾਕਾਰ ਹੈ ਜਿਸਨੇ ਲਗਾਤਾਰ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਤਾਜ਼ਾ ਰਿਲੀਜ਼ ਫ਼ਿਲਮ ‘ਸੌਂਕਣ-ਸੌਂਕਣੇ’ ਦੀ ਬੇਮਿਸਾਲ ਸਫ਼ਲਤਾ ਤੋਂ ਬਾਅਦ ਹੁਣ ਐਮੀ ਵਿਰਕ ਆਪਣੀ ਚਹੇਤੀ ਅਦਾਕਾਰਾ ਸੋਨਮ ਬਾਜਵਾ ਨਾਲ ਨਵੀਂ ਫ਼ਿਲਮ ‘ਸ਼ੇਰ ਬੱਗਾ’ ਲੈ ਕੇ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਰਾਹੀਂ ਐਮੀ ਤੇ ਸੋਨਮ ਇੱਕ ਸਾਲ ਬਾਅਦ ਇਕੱਠੇ ਪਰਦੇ ’ਤੇ ਨਜ਼ਰ ਆਉਣਗੇ।

ਲੇਖਕ ਨਿਰਦੇਸ਼ਕ ਜਗਦੀਪ ਸਿੱਧੂ ਦੀ ਇਹ ਫ਼ਿਲਮ ਉਸਦੀਆਂ ਪਹਿਲੀਆਂ ਫ਼ਿਲਮਾਂ ਤੋਂ ਬਹੁਤ ਹਟਕੇ ਇੱਕ ਨਵੇਂ ਵਿਸ਼ੇ ਅਧਾਰਤ ਹੈ। ਬੀਤੇ ਦਿਨੀਂ ‘ਸ਼ੇਰ ਬੱਗਾ’ ਦਾ ਟਰੇਲਰ ਰਿਲੀਜ਼ ਹੋਇਆ ਹੈ ਜਿਸ ਵਿੱਚ ਐਮੀ ਵਿਰਕ ਬਹੁਤ ਹੀ ਭੋਲਾ ਭਾਲਾ, ਸਾਫ਼ ਦਿਲ ਵਿਖਾਇਆ ਗਿਆ ਹੈ। ਪਿੰਡੋਂ ਵਿਦੇਸ਼ ਆ ਕੇ ਵੀ ਉਸ ਨੂੰ ਬਾਹਰਲੀ ‘ਹਵਾ’ ਨਹੀਂ ਲੱਗਦੀ। ਇਸੇ ਭੋਲੇਪਣ ਕਰਕੇ ਉਸਦੀ ਜਿੰਦਗੀ ਵਿੱਚ ਸੋਨਮ ਬਾਜਵਾ ਆਉਂਦੀ ਹੈ ਜਿਸ ਨਾਲ ਫ਼ਿਲਮ ਦੀ ਕਹਾਣੀ ਨਵੇਂ ਮੋੜ ਲੈਂਦੀ ਹੋਈ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੀ ਹੈ। ਪਿੰਡ ਦੇ ਹਾਣੀ ਮੁੰਡੇ ਉਸਦੇ ਭੋਲੇਪਣ ਦਾ ਅਕਸਰ ਹੀ ਮਜ਼ਾਕ ਉਡਾਉਂਦੇ ਰਹਿੰਦੇ ਸੀ ਇਸੇ ਕਰਕੇ ਉਹ ਵੱਖ-ਵੱਖ ਵਿਦੇਸ਼ੀ ਕੁੜੀਆਂ ਨਾਲ ਆਕਸ਼ਿਤ ਫੋਟੋਆਂ ਖਿੱਚਵਾ ਕੇ ਪਿੰਡ ਦੇ ਹਾਣੀਆਂ ਵਿੱਚ ਨੰਬਰ ਬਣਾਉਣ ਲਈ ਭੇਜਦਾ ਹੈ ਪਰ ਇਸ ਚੱਕਰ ’ਚ ਪੈ ਕੇ ਉਸਦੀ ਜ਼ਿੰਦਗੀ ਹੋਰ ਹਾਸੇ ਦਾ ਤਮਾਸ਼ਾ ਬਣ ਜਾਂਦੀ ਹੈ ਜਦ ਸੋਨਮ ਬਾਜਵਾ ਗਰਭਵਤੀ ਹੋ ਜਾਂਦੀ ਹੈ ਪਰ ਉਹ ਬੱਚਾ ਰੱਖਣਾ ਨਹੀਂ ਚਾਹੁੰਦੀ..ਜਦਕਿ ਐਮੀ ਆਪਣੇ ‘ਸ਼ੇਰ ਬੱਗੇ’ ਨੂੰ ਦੁਨੀਆ ਵਿਖਾਉਂਣੀ ਚਾਹੁੰਦਾ ਹੈ। ਅਖੀਰ ਇੱਕ ਸਮਝੋਤੇ ਤਹਿਤ ਉਹ ਸਹਿਮਤ ਹੋ ਜਾਂਦੀ ਹੈ। ਐਮੀ ਆਪਣੇ ਭੋਲੇ ਮਾਪਿਆਂ ਤੋਂ ‘ਆਂਡਿਆਂ’ ਦਾ ਵਪਾਰ ਕਰਨ ਬਹਾਨੇ ਪੈਸੇ

ਮੰਗਵਾਉਂਦਾ ਹੈ ਪਰ ਸੋਨਮ ਦੀ ਪ੍ਰੈਗਨੈਂਸੀ ਵਾਲੀ ਅਸਲ ਕਹਾਣੀ ਨਹੀਂ ਦੱਸਦਾ। ਐਮੀ ਅਤੇ ਸੋਨਮ ਵੱਖ-ਵੱਖ ਘਰਾਂ ਵਿੱਚ ਰਹਿਣ ਦਾ ਫੈਸਲਾ ਕਰਦੇ ਹਨ ਅਤੇ ਬੱਚਾ ਐਮੀ ਦੇ ਘਰ ਜਾਵੇਗਾ ਇਹ ਤਹਿ ਕਰਦੇ ਨੇ, ਪਰ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ 9 ਮਹੀਨਿਆਂ ਦੇ ਸਮੇਂ ਦੌਰਾਨ, ਐਮੀ ਅਤੇ ਸੋਨਮ ਚੰਗਾ ਸਮਾਂ ਬਤੀਤ ਕਰਨਗੇ ਅਤੇ ਉਹ ਇੱਕ ਦੂਜੇ ਵੱਲ ਆਕਰਸ਼ਿਤ ਹੋਣਗੇ ਅਤੇ ਬੱਚੇ ਲਈ ਭਾਵਨਾਵਾਂ ਵੀ ਪੈਦਾ ਹੋਣਗੀਆਂ.. ਹੁਣ ਪ੍ਰਸ਼ੰਸ਼ਕ ਇਹ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿ ਜਦੋਂ ਬੱਚਾ ਯਾਨੀ ‘ਸ਼ੇਰ ਬੱਗਾ ’ ਉਨ੍ਹਾਂ ਦੀ ਜ਼ਿੰਦਗੀ ’ਚ ਆਵੇਗਾ ਤਾਂ ਐਮੀ ਅਤੇ ਸੋਨਮ ਇਕੱਠੇ ਹੋਣਗੇ ਜਾਂ ਨਹੀਂ। ਸ਼ੇਰ ਬੱਗਾ ਦੀ ਅਸਾਧਾਰਨ ਪ੍ਰੇਮ ਕਹਾਣੀ ਦੇ ਟਰੇਲਰ ਨੂੰ ਖੂਬਸੂਰਤ ਟਿੱਪਣੀਆਂ ਤੇ ਬਹੁਤ ਪਿਆਰ ਮਿਲ ਰਿਹਾ ਹੈ।

ਫਿਲਮ ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਤੋਂ ਇਲਾਵਾ ਦੀਪ ਸਹਿਗਲ, ਨਿਰਮਲ ਰਿਸ਼ੀ, ਸਵ. ਕਾਕਾ ਕੌਤਕੀ, ਬਨਿੰਦਰ ਬੰਨੀ, ਜਸਨੀਤ ਕੌਰ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਦਲਜੀਤ ਥਿੰਦ ਅਤੇ ਐਮੀ ਵਿਰਕ ਨੇ ਇਸ ਫ਼ਿਲਮ ਦਾ ਨਿਰਮਾਣ ਕੀਤਾ ਹੈ। ‘ਕਿਸਮਤ’,‘ਛੜਾ’ ਤੇ ‘ਸੁਪਨਾ’ ਫ਼ਿਲਮਾਂ ਦੇ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਨੇ ‘ਸ਼ੇਰ ਬੱਗਾ’ ਨੂੰ ਬਹੁਤ ਹੀ ਖੂਬਸੁਰਤੀ ਨਾਲ ਲਿਿਖਆ ਤੇ ਨਿਰਦੇਸ਼ਿਤ ਕੀਤਾ ਹੈ। ਇਸ ਫ਼ਿਲਮ ਨੂੰ ‘ਥਿੰਦ ਮੋਸ਼ਨ ਫਿਲਮਜ਼’ ਤੇ ਵਾਈਟ ਹਿੱਲ ਸਟੂਡੀਓ ਵੱਲੋਂ ਦੇਸ਼ ਵਿਦੇਸ਼ਾਂ ਦੇ ਸਿਨੇਮਾ-ਘਰਾਂ ਵਿੱਚ 10 ਜੂਨ 2022 ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।

ਹਰਜਿੰਦਰ ਸਿੰਘ ਜਵੰਦਾ 94638 28000

 ਸਿਵਿਆਂ ਦੀ ਅੱਗ ✍️ ਸਲੇਮਪੁਰੀ ਦੀ ਚੂੰਢੀ

- ਨਸ਼ਿਆਂ ਦੀ 

ਅੱਗ ਠੱਲ੍ਹ ਕੇ

ਬੇ-ਮੌਸਮੇ 

ਸਿਵਿਆਂ ਦੀ ਅੱਗ

 ਠੱਲ੍ਹੀਏ!

  ਚੁੱਲ੍ਹੇ ਹੋ ਰਹੇ ਠੰਡੇ! 

ਠੰਡੇ ਚੁੱਲ੍ਹਿਆਂ 'ਚ 

ਅੱਗ ਬਾਲੀਏ! 

ਭਾਂਬੜ ਬਣ ਬਣ 

ਬਲਦੀਆਂ ਕਰੂੰਬਲਾਂ! 

ਕਰੂੰਬਲਾਂ ਨੂੰ ਬਚਾਲੀਏ! 

-ਸੁਖਦੇਵ ਸਲੇਮਪੁਰੀ 

09780620233 

28 ਮਈ, 2022.

ਸਮਰਪਿਤ ਮੂਸੇਵਾਲਾ ਨੂੰ ✍️ ਸਲੇਮਪੁਰੀ ਦੀ ਚੂੰਢੀ

- ਰੰਗਲੀ ਦੁਨੀਆ ਵਿਚ ਵਿਚਰਦਿਆਂ ਜਿੰਦਗੀ ਵਿੱਚ ਕੁੱਝ ਅਜਿਹੀਆਂ ਘਟਨਾਵਾਂ /ਦੁਰਘਟਨਾਵਾਂ ਵਾਪਰ ਜਾਂਦੀਆਂ ਹਨ, ਜਿਨ੍ਹਾਂ ਦੇ ਜਖਮ ਡੂੰਘੇ ਹੁੰਦੇ ਹਨ, ਜਖਮ ਭਾਵੇਂ ਛੋਟਾ ਹੋਵੇ, ਭਾਵੇਂ ਵੱਡਾ ਹੋਵੇ ਦਰਦ ਦਿੰਦਾ ਹੈ, ਪੀੜਾ ਦਿੰਦਾ ਹੈ । ਸਬੱਬੀਂ ਜਾਂ ਗਿਣ-ਮਿਥਕੇ ਜਿੰਦਗੀ ਦੇ ਰਾਹ ਵਿੱਚ ਆਈਆਂ ਘਟਨਾਵਾਂ /ਦੁਰਘਟਨਾਵਾਂ ਮਾਨਸਿਕ, ਸਰੀਰਕ, ਪਰਿਵਾਰਕ, ਸਮਾਜਿਕ ਅਤੇ ਆਰਥਿਕ ਤੌਰ 'ਤੇ ਦਰਦ ਦਿੰਦੀਆਂ ਹਨ , ਪੀੜਾ ਵਧਾਉਂਦੀਆਂ ਹਨ। 

ਜਿਹੜੇ ਲੋਕ ਕਿਸੇ ਦਾ ਦਰਦ ਨਹੀਂ ਸਮਝਦੇ, ਦਰਦ ਨਹੀਂ ਵੰਡਾਉਂਦੇ, ਉਹੀ ਦੂਜੇ ਨੂੰ ਦਰਦ ਦਿੰਦੇ ਹਨ।  ਕਈ ਵਾਰ ਦਰਦ ਦੇਣ ਵਾਲੇ ਲੋਕ  ਸਾਹਮਣੇ ਅਤੇ ਕਈ ਪਰਦੇ ਦੇ ਪਿੱਛੇ ਆ ਕੇ ਦਰਦ ਦਿੰਦੇ ਹਨ। ਦਰਦ ਦੀ ਕਿਸਮ ਕੋਈ ਵੀ ਹੋਵੇ, ਕੋਈ ਵੀ ਪੱਧਰ ਹੋਵੇ ਹਰ ਦਰਦ, ਦਰਦ ਦਿੰਦਾ ਹੈ। ਕਈ ਮਨੁੱਖਾਂ ਨੂੰ ਦਰਦ ਸਹਿਣ ਦੀ ਆਦਤ ਪੈ ਜਾਂਦੀ ਹੈ , ਕਈ ਮਨੁੱਖ ਦਰਦ ਨੂੰ ਕੌੜੀ ਦਵਾਈ ਸਮਝ ਕੇ ਪੀ ਜਾਂਦੇ ਹਨ, ਕਈਆਂ ਨੂੰ ਦਰਦ ਪੀ ਜਾਂਦਾ ਹੈ , ਦਰਦ ਨਿਗਲ ਜਾਂਦਾ ਹੈ। ਕਈ ਮਨੁੱਖ ਦਰਦਾਂ ਨੂੰ ਫੁੱਲਾਂ ਦੀ ਕੰਬਲੀ ਸਮਝ ਕੇ ਆਪਣੇ ਮਨ ਅਤੇ ਤਨ ਉਪਰ ਬੁੱਕਲ ਮਾਰ ਕੇ ਗੁੰਮ-ਸੁੰਮ ਹੋ ਕੇ ਤੁਰੇ ਫਿਰਦੇ ਹਨ। 

ਉਂਝ ਦਰਦਾਂ ਦੇ ਵੀ ਸਾਹ ਹੁੰਦੇ, ਹੌਲੀ ਹੌਲੀ ਮੁੱਕ ਜਾਂਦੇ ਨੇ, ਕਈ ਦਰਦਾਂ ਦੇ ਵਿੱਚ ਸੁੱਕ ਜਾਂਦੇ ਨੇ!

 ਜਿਹੜਾ ਮਨੁੱਖ 

ਦਰਦ ਨੂੰ ਹੰਢਾਉਂਦਾ ਹੈ, ਉਹੀ ਦਰਦ ਨੂੰ ਪ੍ਰਭਾਸ਼ਿਤ ਕਰ ਸਕਦਾ।

 ਦਰਦ ਮਨੁੱਖ ਨੂੰ ਬੁੱਤ ਬਣਾ ਦਿੰਦਾ ਹੈ।

ਕਿਸੇ ਦੇ ਮੂੰਹ ਨੂੰ ਜਹਿਰ ਪਿਆਲਾ ਲਾ ਦਿੰਦਾ ਹੈ।

ਕਿਸੇ ਦੇ ਗਲ ਵਿਚ ਰੱਸੀ

ਪਾ ਦਿੰਦਾ ਹੈ।

ਦਰਦਾਂ ਦੀ ਸੋਚ, ਦਰਦਾਂ ਦੇ ਖਿਆਲ ਸਮੁੰਦਰੋਂ ਡੂੰਘੇ, ਅਕਾਸ਼ੋੰ ਉੱਚੇ ਹੁੰਦੇ ਹਨ।

ਲੱਖ ਦਿਲਾਸੇ ਦੇਣ 'ਤੇ ਦਰਦਾਂ ਦੀਆਂ ਸੱਟਾਂ ਦੇ ਜਖਮ ਤੇ ਫਿਰ ਜਖਮਾਂ ਦੇ ਨਿਸ਼ਾਨ ਨਹੀਂ ਮਿੱਟਦੇ,ਇਹ ਸਦਾ ਹੀ ਜਿਉਂ ਦੀ ਤਿਉਂ ਰਹਿੰਦੇ ਨੇ! 

ਦਰਦ ਤਾਂ ਦਰਦ ਹੁੰਦਾ ਹੈ, ਦਰਦ ਨੂੰ ਵੇਖਿਆ ਨਹੀਂ, ਮਹਿਸੂਸਿਆ ਜਾਂਦਾ ਹੈ। 

-ਸੁਖਦੇਵ ਸਲੇਮਪੁਰੀ

09780620233

29 ਮਈ 2022.

ਸ਼ਗੂਫ਼ਿਆਂ ਦੀ ਰਾਣੀ ਸੁਲਤਾਨਾ ਬੇਗਮ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

ਪੰਜਾਬੀ ਲੋਕ-ਧਾਰਾ ਪਰਿਵਾਰ ਦੀ ਮਾਂ 'ਸ਼ਗੂਫ਼ਿਆਂ ਦੀ ਰਾਣੀ ਸੁਲਤਾਨਾ ਬੇਗਮ' ਦੇ ਤੁਰ ਜਾਣ ‘ਤੇ ਵਿਸ਼ੇਸ਼:-
ਜਬ ਲਿਖੀ ਹੋਈ ਨਸ਼ੀਬ ਮੇਂ ਖ਼ਾਨਾਬਦੋਸ਼ੀ ਏ ਸੁਲਤਾਨ,
ਨਾ ਜਾਨੇ ਕਹਾ-ਕਹਾ ਅਰਮਾਨੋਂ ਕੀ ਕਬਰ ਛੋੜ ਆਏ।
ਕਾਲੇ ਰੰਗ ਦਾ ਗੁਲਾਬ ਕੋਈ ਨਾ
ਜ਼ਿੰਦਗੀ ਸੀ ਚਾਰ ਦਿਨ ਦੀ
ਅਸਾਂ ਰੱਖਿਆ ਹਿਸਾਬ ਕੋਈ ਨਾ।
ਆਪਣੀਆਂ ਉਪਰੋਕਤ ਸਤਰਾਂ ਨੂੰ ਸੱਚ ਕਰਦੀ ਹੋਈ ਸ਼ਗੂਫ਼ਿਆਂ ਦੀ ਰਾਣੀ ਸੁਲਤਾਨਾ ਬੇਗਮ ਅੱਜ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਸੰਨ 1947 ਦੇ ਬਟਵਾਰੇ ਨੇ ਉਸ ਸਮੇਂ ਉਨ੍ਹਾਂ ਦੀ ਜਾਇਦਾਦ, ਪਰਿਵਾਰਾਂ ਨੂੰ ਉਨ੍ਹਾਂ ਦੀ ਧਰਤੀ 'ਤੇ ਉਹਨਾਂ ਨੂੰ ਆਪਣਿਆਂ ਤੋਂ ਖੋਹ ਲਿਆ ਸੀ। ਉਸ ਸਮੇਂ ਇਸ ਵੰਡ ਦਾ ਸ਼ਿਕਾਰ ਹੋਇਆ ਸੁਲਤਾਨਾ ਬੇਗਮ ਦਾ ਪਰਿਵਾਰ ਉਨ੍ਹਾਂ ਵਿੱਚੋਂ ਇੱਕ ਸੀ। ਆਪਣਿਆ ਦੇ ਖੋ ਜਾਣ ਦਾ ਦਰਦ ਸੁਲਤਾਨਾ ਬੇਗਮ ਦੀਆਂ ਅੱਖਾਂ ਵਿੱਚ ਸਾਫ਼ ਝਲਕਦਾ ਸੀ। ਬੇਗਮ ਜੀ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਤੋਂ ਪੀ .ਐਚ .ਡੀ ਕਰਨ ਵਾਲੀ ਪਹਿਲੀ ਮੁਸਲਿਮ ਔਰਤ ਸੀ।ਜਦੋਂ ਵੀ ਉਹ ਕਦੇ ਮੈਨੂੰ ਮਿਲਦੇ ਸੀ ਇੱਕ ਵੱਡੀ ਭੈਣ ਦੀ ਤਰ੍ਹਾਂ ਪਿਆਰ ਦਿੰਦੇ ਸਨ।ਬੜੇ ਹੱਸਮੁੱਖ ਚਿਹਰੇ ਨਾਲ ਮਿਲਦੇ ਸਨ। ਹੱਸਮੁੱਖ ਚਿਹਰੇ ਨੂੰ ਦੇਖ ਕੇ ਕੋਈ ਕਿਵੇਂ ਅੰਦਾਜਾ ਲਗਾ ਸਕਦਾ ਸੀ ਕਿ ਉਨ੍ਹਾਂ ਦੇ ਦਿਲ ਅੰਦਰ ਦਰਦ ਦਾ ਸਮੁੰਦਰ ਸਮੋਇਆ ਹੋਇਆ ਸੀ। ਕਈ ਵਾਰ ਸੁਲਤਾਨਾ ਬੇਗਮ ਜੀ ਨਾਲ ਗੱਲ ਹੋਈ ਪ੍ਰੋਗਰਾਮਾਂ ਵਿੱਚ ਮਿਲਦੇ ਰਹਿੰਦੇ ਸੀ। 8 ਮਾਰਚ
2020 ਨੂੰ ਮੇਰੀ ਉਹਨਾਂ ਨਾਲ ਆਖਰੀ ਮੁਲਾਕਾਤ ਪਟਿਆਲ਼ੇ ਵਿਖੇ ਮਹਿਲਾ ਕਾਵਿ ਮੰਚ ਪੰਜਾਬ ਇਕਾਈ ਦੇ ਸਲਾਨਾ ਸਮਾਗਮ ਵਿੱਚ ਹੋਈ ਸੀ। ਉਸ ਦਿਨ ਹੀ ਮਹਿਲਾ ਕਾਵਿ ਮੰਚ ਪੰਜਾਬ ਇਕਾਈ ਵੱਲੋਂ ਉਹਨਾਂ ਨੂੰ ਵਿਸ਼ੇਸ਼ ਸਨਮਾਨ ਵੀ ਦਿੱਤਾ ਗਿਆ ਸੀ। ਉਹ ਹਮੇਸ਼ਾ ਹੀ ਨੇਕ ਸਲਾਹ ਦਿੰਦੇ ਸਨ। ਗ਼ਮ ਕਦੇ ਵੀ ਚਿਹਰੇ ‘ਤੇ ਨਹੀਂ ਸਨ ਲੈਕੇ ਆਉਂਦੇ। ਕਈ ਵਾਰ ਮੁਲਾਕਾਤ ਵਿੱਚ ਉਹਨਾਂ ਦੱਸਿਆ ਸੀ ਕਿ ਸੰਨ ਸੰਤਾਲੀ ਵਿੱਚ ਉਸਦਾ ਦਾਦਕਾ ਪਰਿਵਾਰ ਬਹਾਦਰਗੜ੍ਹ ਵਿੱਚ ਰਹਿ ਗਿਆ ਸੀ ਤੇ ਨਾਨਕਾ ਪਰਿਵਾਰ ਪਾਕਿਸਤਾਨ ਚਲਾ ਗਿਆ ਸੀ। 1947 ਦੇ ਬਟਵਾਰੇ ਤੋਂ ਸੁਲਤਾਨਾ ਬੇਗਮ ਜੀ ਦੀ ਕਹਾਣੀ ਨੇ ਜਨਮ ਲਿਆ ਹੈ। ਸੰਨ ਸੰਤਾਲੀ ਦੇ ਬਟਵਾਰੇ ਤੋਂ ਪਹਿਲਾ ਬੇਗਮ ਜੀ ਦੀ ਮਾਤਾ ਦਾ ਵਿਆਹ ਅਪ੍ਰੈਲ ਮਹੀਨੇ ਵਿੱਚ ਉਹਨਾਂ ਦੇ ਅੱਬੂ ਨਾਲ ਹੋਇਆ ਸੀ। ਸੁਲਤਾਨਾ ਬੇਗਮ ਦੇ ਅੱਬੂ ਮਾਲਵਾ ਸਿਨੇਮਾ ਵਿੱਚ ਕੰਮ ਕਰਦੇ ਸਨ। ਅਗਸਤ ਵਿੱਚ ਜਦੋਂ ਮੁਲਕ ਨੂੰ ਦੋ ਹਿੱਸਿਆ ਵਿੱਚ ਵੰਡਿਆਂ ਗਿਆ ਸੀ ਤਾਂ ਉਹਨਾਂ ਦਾ ਦਾਦਕਾ ਪਰਿਵਾਰ ਬਹਾਦਗੜ੍ਹ ਸੀ ਤੇ ਅੰਮੀ ਪੇਕੇ ਘਰ ਪਟਿਆਲ਼ੇ ਗਈ ਹੋਈ ਸੀ। ਦਾਦਕਾ ਘਰ ਪਾਕਿਸਤਾਨ ਚਲਾ ਗਿਆ ਸੀ ਪਰ ਅੰਮੀ ਪਾਕਿਸਤਾਨ ਨਾ ਜਾ ਸਕੀ। ਬਾਅਦ ਵਿੱਚ ਚਿਰੰਜੀ ਲਾਲ ਨਾਂ ਦੇ ਹਿੰਦੂ ਵਿਅਕਤੀ ਨੇ ਉਹਨਾਂ ਨੂੰ 1948 ਵਿੱਚ ਉੱਥੇ ਪਹੁੰਚਾ ਦਿੱਤਾ ਸੀ। ਉਸ ਸਮੇਂ ਬੇਗਮ ਜੀ ਦੇ ਦਾਦਕਾ ਪਰਿਵਾਰ ਵਿੱਚ ਦਾਦਾ-ਦਾਦੀ ,ਭੂਆ,ਦੋ ਚਾਚੇ ਸਨ।ਬੇਗਮ ਜੀ ਦਾ ਨਾਨਕਾ ਪਰਿਵਾਰ ਸੀਟਾਂ ਵਾਲਾ ਰਹਿੰਦਾ ਸੀ। ਜਦੋਂ ਬੇਗਮ ਦੀ ਮਾਤਾ ਪਾਕਿਸਤਾਨ ਪਹੁੰਚੀ ਤਾਂ ਉਸਦੇ ਅੱਬੂ ਨੇ ਉਸਨੂੰ ਅਲੱਗ ਕਿਰਾਏ ਦਾ ਕਮਰਾ ਲੈਕੇ ਰਹਿਣ ਲਈ ਦੇ ਦਿੱਤਾ ਸੀ। ਕੁੱਝ ਸਮੇਂ ਬਾਅਦ ਬੇਗਮ ਦੇ ਚਾਚਾ ਜੀ ਦੇ ਦੱਸਣ ‘ਤੇ ਉਸਦੀ ਅੰਮੀ ਨੂੰ ਪਤਾ ਲੱਗਿਆ ਕਿ ਉਸਦੇ ਅੱਬੂ ਦਾ ਇੱਕ ਹੋਰ ਪਰਿਵਾਰ ਵੀ ਹੈ। ਉਹ ਅੰਬਾਲੇ ਫਿਲਮਾਂ ਦੇ ਕੰਮ ਲਈ ਆਉਂਦੇ ਜਾਂਦੇ ਰਹਿੰਦੇ ਸਨ। ਕੁੱਝ ਦਿਨ ਏਥੇ ਰਹਿੰਦੇ ਸਨ ਕੁੱਝ ਦਿਨ ਦੂਜੇ ਪਰਿਵਾਰ ਨਾਲ ਰਹਿੰਦੇ ਸਨ। ਬੇਗਮ ਜੀ ਦੇ ਅੰਮੀ ਇਹ ਖ਼ਬਰ ਸੁਣ ਕੇ ਵਾਪਿਸ ਪਟਿਆਲ਼ੇ ਆ ਗਏ ਸਨ। ਉਹ ਗਰਭਵਤੀ ਸਨ।ਜਦੋਂ ਪਟਿਆਲ਼ੇ ਉਹ ਆਪਣੇ ਭਰਾ ਕੋਲ ਆਏ ਤਾਂ ਉਹਨਾਂ ਨੇ ਰੱਖਣ ਤੋ ਮਨਾ ਕਰ ਦਿੱਤਾ ਸੀ। ਸਾਇਦ ਉਹਨਾਂ ਦੀ ਕੋਈ ਮਜ਼ਬੂਰੀ ਹੋਵੇਗੀ। ਬੇਗਮ ਜੀ ਦੇ ਅੰਮੀ ਫਿਰ ਚਿਰੰਜੀ ਲਾਲ ਜੀ ਕੋਲ ਮਦਦ ਲਈ ਗਏ। ਉਹਨਾਂ ਨੇ ਉਸਨੂੰ ਆਪਣੀ ਧੀ ਬਣਾ ਲਿਆ ਸੀ। ਉਹਨਾਂ ਦੀ ਮਾਂ ਨੇ ਬੇਗਮ ਦੇ ਜਨਮ ਤੋਂ ਬਾਅਦ ਪੜ੍ਹਾਈ ਕਰਕੇ ਫਿਰ ਨਰਸਿੰਗ ਦੀ ਟ੍ਰੇਨਿੰਗ ਲੈ ਕੇ ਨੌਕਰੀ ਕੀਤੀ। ਜਦੋਂ ਬੇਗਮ ਦਾ ਜਨਮ ਹੋਇਆਂ ਤਾਂ ਚਿਰੰਜੀ ਲਾਲ ਨੇ ਉਸਨੂੰ ਕਾਨੂੰਨੀ ਤੌਰ ‘ਤੇ ਆਪਣੀ ਧੀ ਬਣਾ ਲਿਆ। ਕਾਗ਼ਜ਼ੀ ਕਾਨੂੰਨੀ ਨਿਯਮਾਂ ਵਿੱਚ ਬੇਗਮ ਜੀ ਦੀ ਮਾਤਾ ਦਾ ਨਾਂ ਕਮਲਾ ਦੇਵੀ ਤੇ ਪਿਤਾ ਜੀ ਦਾ ਨਾਂ ਪੰਡਿਤ ਚਿਰੰਜੀ ਲਾਲ ਹੈ। ਬੇਗਮ ਜੀ ਦੇ ਨਾਲ ਇੱਕ ਹੋਰ ਕਹਾਣੀ ਜੁੜੀ ਹੋਈ ਹੈ ਬੇਗਮ ਜੀ ਜੱਟ ਜਿਊਂਣਾ ਮੌੜ ਦੀ ਪੜਦੋਹਤੀ ਹੈ। ਬੇਗਮ ਜੀ ਨੇ ਇੱਕ ਵਾਰ ਦੱਸਿਆ ਸੀ ਕਿ ਉਹਨਾਂ ਦੇ ਨਾਨਕੇ ਪਰਿਵਾਰ ਨੂੰ ਡਾਕੂਆਂ ਦਾ ਪਰਿਵਾਰ ਕਿਹਾ ਜਾਦਾ ਸੀ। ਜਿਊਂਣਾ ਮੌੜ ਬੇਗਮ ਜੀ ਦਾ ਪੜਨਾਨਾ ਸੀ ।1969 ਵਿੱਚ ਬੇਗਮ ਜੀ ਦਾ ਰੋਕਾ ਇੱਕ ਮੁਸਲਿਮ ਪਰਿਵਾਰ ਮਲੇਰਕੋਟਕਲਾ ਵਿਖੇ ਹੋਇਆਂ ਸੀ ।ਪਰ ਬੇਗਮ ਜੀ ਸੁਤੰਤਰ ਖਿਆਲਾਂ ਦੇ ਸਨ। 1975 ਵਿੱਚ ਬੇਗਮ ਜੀ ਇੰਡੀਅਨ ਪੰਜਾਬ ਯੂਨੀਵਰਸਿਟੀ ਥੀਏਟਰ ਵਿੱਚ ਸਨ। ਉਸ ਸਮੇਂ ਅਵਤਾਰ ਸਿੰਘ ਈਵਨਿੰਗ ਕਾਲਜ ਵਿੱਚ ਭੰਗੜੇ ਵਿੱਚ ਸਨ। ਬੇਗਮ ਜੀ ਵੀ ਗਿੱਧੇ ਦੇ ਕੈਪਟਨ ਵੀ ਸੀ । ਡਾ. ਜਗਤਾਰ ਸਿੰਘ ਜੀ ਦੇ ਸਹਿਯੋਗ ਨਾਲ ਬੇਗਮ ਜੀ ਦਾ ਵਿਆਹ ਰਾਜਪੂਤ ਪਰਿਵਾਰ ਵਿੱਚ ਅਵਤਾਰ ਸਿੰਘ ਨਾਲ ਹੋਇਆ।ਬੇਗਮ ਜੀ ਮੁਸਲਮਾਨ ਪਰਿਵਾਰ ਦੀ ਧੀ,ਹਿੰਦੂ ਪਰਿਵਾਰ ਵਿੱਚ ਪੜ੍ਹੀ ਤੇ ਸਿੱਖ ਪਰਿਵਾਰ ਵਿੱਚ ਵਿਆਹੀ ਗਈ । ਸਹੁਰੇ ਪਰਿਵਾਰ ਵਿੱਚ ਉਹਨਾਂ ਦਾ ਨਾਂ ਵੀ ਨਹੀਂ ਬਦਲਿਆ ਗਿਆ।ਅਵਤਾਰ ਸਿੰਘ ਜੀ ਨੇ ਬੇਗਮ ਜੀ ਨਾਲ ਰਿਸ਼ਤਾ ਨਿਭਾਉਣ ਖਾਤਿਰ ਆਪਣਾ ਘਰ ਤੱਕ ਛੱਡ ਦਿੱਤਾ ਸੀ ।ਇਹ ਦੋਨੋ ਹੀ ਬੜੇ ਮਜਾਕੀਆ ਸੁਭਾਅ ਦੇ ਸਨ। ਬੇਗਮ ਜੀ ਉਹਨਾਂ ਨੂੰ ਤਾਰੀ ਤੇ ਅਵਤਾਰ ਜੀ ਉਹਨਾਂ ਨੂੰ ਕਾਲੋ ਕਹਿ ਕੇ ਬੁਲਾਉਂਦੇ ਸਨ। ਬੇਗਮ ਜੀ ਦੇ ਤਿੰਨ ਬੱਚੇ-ਦੋ ਬੇਟੀਆਂ ਤੇ ਇੱਕ ਬੇਟਾ ਹੈ । ਵੱਡੀ ਬੇਟੀ ਦਾ ਵਿਆਹ ਕ੍ਰਿਸ਼ਚਨ ਪਰਿਵਾਰ ਵਿੱਚ ਤੇ ਛੋਟੀ ਬੇਟੀ ਦਾ ਵਿਆਹ ਹਿੰਦੂ ਪਰਿਵਾਰ ਵਿੱਚ ਹੋਇਆ ।ਇਹ ਪਰਿਵਾਰ ਦੀ ਇੱਕ ਮਿਸਾਲ ਹੈ । ਜੋ ਜਾਤ-ਪਾਤ ਨੂੰ ਖਤਮ ਕਰਦੀ ਹੈ। ਬੇਗਮ ਜੀ ਦਾ ਪੋਤਰਾ ਵੀ ਉਹਨਾਂ ਨੂੰ ਬੇਗਮ ਦਾਦੀ ਕਹਿ ਕੇ ਬੁਲਾਉਂਦਾ ਹੈ।
“ਬੇਗਮ ਜੀ ਇੱਕ ਵਾਰ ਆਪਣੇ ਪਰਿਵਾਰ ਨੂੰ ਮਿਲਣ ਲਈ ਲਾਹੌਰ ਪਾਕਿਸਤਾਨ ਵੀ ਗਈ ।ਇੱਕ ਵਾਰ 1993 ਈ. ਵਿੱਚ ਇੱਕ ਜਥਾ ਜਾ ਰਿਹਾ ਸੀ ਬੇਗਮ ਜੀ ਨੇ ਟੌਹੜਾ ਸਾਹਿਬ ਜੀ ਨੂੰ ਚਿੱਠੀ ਲਿਖੀ ਕਿ ਉਹ ਪਾਕਿਸਤਾਨ ਜਾਣਾ ਚਾਹੁੰਦੀ ਹੈ ਤਾਂ ਟੌਹੜਾ ਸਾਹਿਬ ਜੀ ਨੇ ਕਿਹਾ ਤੂੰ ਕਿਵੇਂ ਜਾ ਸਕਦੀ ਏ ਮੁਸਲਿਮ ਹੈ ਤਾਂ ਬੇਗਮ ਜੀ ਨੇ ਜਵਾਬ ਦਿੱਤਾ ਹਾਂ ਮੈਂ ਨਹੀਂ ਜਾ ਸਕਦੀ ਮੈ ਮੁਸਲਿਮ ਹਾਂ ,ਸੰਤ ਮੀਆਂ ਮੀਰ ਦਾ ਜ਼ਿਕਰ ਨਾ ਕਰੋ ,ਪੀਰ ਬੱਧੂ ਸ਼ਾਹ ਦਾ ਜ਼ਿਕਰ ਨਾ ਕਰੋ ,ਬਾਬਾ ਫਰੀਦ ਜੀ ਦੇ ਸਲੋਕਾਂ ਦਾ ਜ਼ਿਕਰ ਨਾ ਕਰੋ।”
ਇਹ ਸੁਣ ਕੇ ਟੌਹੜਾ ਸਾਹਿਬ ਜੀ ਨੇ ਹੁਕਮ ਦੇ ਦਿੱਤਾ। ਕੁੱਝ ਸਮੇਂ ਬਾਅਦ ਬੇਗਮ ਜੀ ਦਾ ਵੀਜ਼ਾ ਲੱਗ ਗਿਆ ਸੀ।ਉਹ ਲਾਹੌਰ ਪਹੁੰਚ ਗਏ ਸਨ।ਉਹਨਾਂ ਨੂੰ ਕੋਈ ਨਾ ਮਿਲਿਆਂ। ਉਹ ਪਟਿਆਲ਼ੇ ਵਾਪਿਸ ਆ ਗਏ ਸਨ।ਕੁੱਝ ਸਮਾਂ ਪਹਿਲਾ ਅਪਰੈਲ ਵਿੱਚ ਭਾਸ਼ਾ ਵਿਭਾਗ ਦੇ ਆਡੀਟੋਰੀਅਮ ਵਿਖੇ ਗਿਆਨਦੀਪ ਸਾਹਿਤ ਸਾਧਨਾ ਮੰਚ ਵੱਲੋਂ ਸਾਹਿਤਕ ਸਮਾਗਮ ਕਰਵਾਇਆ ਗਿਆ ਸੀ ਜਿਸ ਵਿੱਚ ਸ਼ਾਇਰਾ ਡਾ. ਸੁਲਤਾਨਾ ਬੇਗਮ ਦੀ ਪੁਸਤਕ ‘ਸ਼ਗੂਫ਼ੇ’ ਦਾ ਲੋਕ ਅਰਪਣ ਕੀਤਾ ਗਿਆ ਸੀ। ਸੁਲਤਾਨਾ ਬੇਗਮ ਜੀ ਨੇ ਇਸ ਤੋਂ ਇਲਾਵਾ ਰੁਸਵਾਈਆਂ ,ਗੁਲਜਾਂਰਾਂ ਪੁਸਤਕਾਂ ਵੀ ਲਿਖੀਆਂ ।ਬੇਗਮ ਜੀ ਕਾਲਜ ਦੇ ਸਮੇਂ ਤੋ ਹੀ ਲਿਖਦੀ ਸੀ। ਫ਼ੈਸਟੀਵਲਾਂ ਵਿੱਚ ਕਵਿਤਾਵਾਂ, ਡੀਬੇਟ ਵਿੱਚ ਹਿੱਸਾ ਲੈਂਦੀ ਸੀ । ਉਸ ਸਮੇਂ ਪੰਜਾਬ ਦੀ ਉਰਦੂ ਦੀ ਬੈਸਟ ਸਪੀਕਰ ਸੀ ।ਉਸ ਸਮੇਂ ਪੰਜਾਬੀ ਡਿਪਾਰਟਮੈਂਟ ਨੇ ਸਕਾਲਰਸ਼ਿਪ ਵੀ ਦਿੱਤੀ ਸੀ ।ਸੁਲਤਾਨਾ ਬੇਗਮ ਜੀ ਦੇ ਸਾਹਿਤਕ ਸਫ਼ਰ ਵਿੱਚੋਂ ਉਨ੍ਹਾਂ ਦੀਆਂ ਪੁਸਤਕਾਂ ਵਿੱਚੋਂ ਕੁੱਝ ਟੱਪੇ ‘ਤੇ ਸ਼ਾਇਰ ਇਸ ਤਰ੍ਹਾਂ ਹਨ-
ਥੋੜ੍ਹੇ ਰਹਿ ਗਏ ਨੇ ਸ਼ਾਹ ਮਾਹੀਆ
ਲਾਰਿਆਂ ‘ਚ ਲੰਘੀ ਜ਼ਿੰਦਗੀ
ਨਹੀਂ ਜੀਣ ਦੀ ਚਾਹ ਮਾਹੀਆ
ਮੋੜੇ ਪਿੱਛੇ ਨੂੰ ਪਾ ਮਾਹੀਆ
ਰੋਗ ਇਸ਼ਕੇ ਦੇ ਅਵੱਲੇ ਨੇ
ਤੁਰ ਜਾਂਦੇ ਯਾਰ ਛੱਡ ਕੇ
ਹੱਥੀ ਰਹਿ ਜਾਂਦੇ ਛੱਲੇ ਨੇ
ਕਾਲੇ ਰੰਗ ਦਾ ਗੁਲਾਬ ਕੋਈ ਨਾ
ਜ਼ਿੰਦਗੀ ਸੀ ਚਾਰ ਦਿਨ ਦੀ
ਅਸਾਂ ਰੱਖਿਆ ਹਿਸਾਬ ਕੋਈ ਨਾ।
ਅੱਜ ਸ਼ਗੂਫ਼ਿਆਂ ਦੀ ਰਾਣੀ ਸੁਲਤਾਨਾ ਬੇਗਮ ,ਪੰਜਾਬੀ ਸੁਲਤਾਨਾ ਬੇਗਮ ਜੀ 28 ਮਈ 2022 ਈ: ਨੂੰ ਸਭ ਨੂੰ ਛੱਡ ਕੇ ਚਲੇ ਗਏ ਹਨ।ਯੂਨੀਵਰਸਿਟੀ ਪਟਿਆਲ਼ਾ ਤੋਂ ਪੀ .ਐਚ .ਡੀ ਕਰਨ ਵਾਲੀ ਪਹਿਲੀ ਮੁਸਲਿਮ ਔਰਤ ,ਪੰਜਾਬੀ ਲੋਕ-ਧਾਰਾ ਪਰਿਵਾਰ ਦੀ ਮਾਂ ਦੇ ਤੁਰ ਜਾਣ ਦਾ ਬਹੁਤ ਅਫ਼ਸੋਸ ਹੈ । ਸਾਹਿਤ ਤੇ ਸਾਂਝੇ ਪੰਜਾਬ ਦੀਆਂ ਸਾਂਝਾਂ ਨਾਲ਼ ਮੋਹ ਰੱਖਣ ਵਾਲ਼ੀ ਅੱਜ ਹਰ ਇੱਕ ਅੱਖ ਨਮ ਹੈ।
ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ

ਫੋਟੋ  ਪੰਜਾਬੀ ਲੋਕ- ਧਾਰਾ ਪਰਿਵਾਰ ਦੀ ਮਾਂ ਸ਼ਗੂਫਿਆਂ ਦੀ ਰਾਣੀ ਸੁਲਤਾਨਾ ਬੇਗਮ ਦੇ ਨਾਲ ਪ੍ਰੋ ਗਗਨਦੀਪ ਕੌਰ ਝਲੂਰ

ਗੁਰੂ ਅਰਜਨ ਸਾਹਿਬ ਜੀ ਨੂੰ ਯਾਦ ਕਰਦਿਆਂ ✍️ ਸ. ਸੁਖਚੈਨ ਸਿੰਘ ਕੁਰੜ 

ਸਿੱਖ ਇਤਿਹਾਸ ਦੀ ਗੱਲ ਬਾਬੇ ਨਾਨਕ ਦੇ ਕਿਰਤ ਦੇ ਸਿਧਾਂਤ ਦੀ ਗੱਲ ਕਰਦਿਆਂ,ਬਾਬਰ ਨੂੰ ਲਲਕਾਰਦਿਆਂ ਅੱਗੇ ਤੁਰਦੀ-ਤੁਰਦੀ ਸ਼ਹਾਦਤ ਤੱਕ ਦਾ ਸਫ਼ਰ ਤੈਅ ਕਰਦੀ ਹੈ‌। ਗੁਰੂ ਨਾਨਕ ਜੀ ਆਪਣੀ ਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 53 ਤੇ ਸਿਰੀ ਰਾਗ ਵਿੱਚ ਲਿਖਦੇ ਹੋਏ "ਸ਼ਹੀਦ" ਨੂੰ ਪੀਰਾਂ ਪੈਗੰਬਰਾਂ ਦੀ ਪੰਕਤੀ ਵਿੱਚ ਖੜ੍ਹਾ ਕਰਦੇ ਹਨ।

ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ।।

ਸ਼ਹੀਦ ਅਤੇ ਸ਼ਹਾਦਤ ਦੋਵੇਂ ਅਰਬੀ ਭਾਸ਼ਾ ਦੇ ਸ਼ਬਦ ਹਨ। ਸ਼ਹੀਦ ਦਾ ਭਾਵ ਆਪਣੇ ਈਮਾਨ ਦੀ ਗਵਾਹੀ ਦੇਣ ਵਾਲ਼ਾ ਜਾਂ ਧਰਮ ਯੁੱਧ ਵਿਚ ਸ਼ਹੀਦ ਹੋਣ ਵਾਲ਼ਾ ਹੈ। ਇਹ ਪਵਿੱਤਰ ਸ਼ਬਦ ਹੈ ਜਿਸ ਵਿਚ ਨਿੱਜੀ ਲਾਲਸਾ ਲਈ ਕੋਈ ਥਾਂ ਨਹੀਂ। ਕਿਸੇ ਉਚੇ-ਸੁੱਚੇ ਉਦੇਸ਼ ਲਈ ਨਿਸ਼ਕਾਮ ਰਹਿ ਕੇ ਸਰੀਰ ਦੀ ਕੁਰਬਾਨੀ ਦੇਣ ਵਾਲ਼ਾ ਸ਼ਹੀਦ ਹੈ। ਸ਼ਹੀਦ ਆਪਣੇ ਵਿਸ਼ਵਾਸ ਦੀ ਗਵਾਹੀ ਸਿਦਕ ਨਾਲ ਭਰਮ ਭਉ ਤੋਂ ਰਹਿਤ ਹੋ ਕੇ ਦਿੰਦਾ ਹੈ।

ਭਾਈ ਗੁਰਦਾਸ ਦੀ ਆਪਣੀ ਤੀਜੀ ਵਾਰ ਦੀ ਅਠਾਰ੍ਹਵੀਂ ਪਉੜੀ ਵਿੱਚ ਸ਼ਹੀਦ ਸ਼ਬਦ ਬਾਰੇ ਲਿਖਦੇ ਹਨ:-

ਸਾਬਰੁ ਸਿਦਕਿ ਸਹੀਦੁ ਭਰਮ ਭਉ ਖੋਵਣਾ।।

ਭਾਵ ਉਹੀ ਸ਼ਹੀਦ ਅਖਵਾਉਣ ਦਾ ਹੱਕਦਾਰ ਹੈ ਜਿਸ ਵਿੱਚ ਸਬਰ,ਸਿਦਕ ਆਦਿ ਜਿਹੇ ਅਮੋਲਕ ਗੁਣ ਹੋਣ। 

ਇਹ ਉਪਰੋਕਤ ਗੁਣ ਬਾਬੇ ਨਾਨਕ ਦੀ ਸਿੱਖੀ ਵਿੱਚ ਸਮੇਂ ਤੇ ਹਾਲਾਤਾਂ ਦਾ ਸਫ਼ਰ ਤੈਅ ਕਰਦਿਆਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਖ਼ਸੀਅਤ ਦੇ ਹਾਣੀ ਹੋ ਨਿਬੜਦੇ ਹਨ। ਸਿੱਖ ਧਰਮ ਵਿੱਚ ਪਹਿਲੀ ਸ਼ਹਾਦਤ ਦਾ ਮਾਣ ਗੁਰੂ ਅਰਜਨ ਸਾਹਿਬ ਜੀ ਦੇ ਹਿੱਸੇ ਹੀ ਆਇਆ। 

ਸ਼ਾਂਤੀ ਦੇ ਪੁੰਜ, ਸੁਖਮਨੀ ਦੇ ਰਚੇਤਾ, ਬਾਣੀ ਦੇ ਬੋਹਿਥਾ, ਗੁਰੂ ਗ੍ਰੰਥ ਸਾਹਿਬ ਦੇ ਸੰਪਾਦਕ,ਹਰਿਮੰਦਰ ਸਾਹਿਬ ਤੇ ਤਰਨਤਾਰਨ ਸਾਹਿਬ ਦੇ ਸਿਰਜਣਹਾਰੇ  ਚੌਥੇ ਪਾਤਸ਼ਾਹ ਗੁਰੂ ਰਾਮਦਾਸ ਦੇ ਸਪੁੱਤਰ ਗੁਰੂ ਅਰਜਨ ਸਾਹਿਬ ਜੀ ਦਾ ਜਨਮ 15 ਅਪ੍ਰੈਲ 1563 ਨੂੰ ਮਾਤਾ ਭਾਨੀ ਜੀ (ਜੋ ਕਿ ਗੁਰੂ ਅਮਰਦਾਸ ਜੀ ਦੇ ਬੇਟੀ ਸਨ) ਦੀ ਕੁੱਖੋਂ ਗੋਇੰਦਵਾਲ ਵਿਖੇ ਹੋਇਆ। ਗੁਰੂ ਅਰਜਨ ਸਾਹਿਬ ਦੇ ਭਰਾ ਬਾਬਾ ਪ੍ਰਿਥੀ ਚੰਦ ਤੇ ਬਾਬਾ ਮਹਾਂਦੇਵ ਸਨ। ਗੁਰੂ ਜੀ ਦਾ ਵੱਡਾ ਭਰਾ ਪ੍ਰਿਥੀ ਚੰਦ ਦੁਨਿਆਵੀਂ ਤੌਰ ਉਤੇ ਸਿਆਣਾ ਤੇ ਚਤੁਰ ਬੁੱਧੀ ਵਾਲਾ ਸੀ। ਜਿਸ ਦੀ ਦੀ ਅੱਖ ਸ਼ੁਰੂ ਤੋਂ ਹੀ ਗੁਰਗੱਦੀ ਉਤੇ ਸੀ। ਜਿਸਨੇ ਬਾਅਦ ਵਿੱਚ ਗੁਰੂ ਜੀ ਲਈ ਕਈ ਸਮੱਸਿਆਵਾਂ ਵੀ ਖੜ੍ਹੀਆਂ ਕੀਤੀਆਂ।

ਦੂਜੇ ਭਰਾ ਬਾਬਾ ਮਹਾਂਦੇਵ ਤਿਆਗੀ ਨਿਰਲੇਪ ਤੇ ਉਦਾਸੀ ਅਵਸਥਾ ਵਾਲੇ ਸਨ।

ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਬਚਪਨ ਦੇ ਮੁੱਢਲੇ ਗਿਆਰਾਂ ਸਾਲ ਆਪਣੇ ਨਾਨਾ ਗੁਰੂ ਅਮਰਦਾਸ ਜੀ ਦੀ ਛੱਤਰ ਛਾਇਆ ਹੇਠ ਬਿਤਾਏ। ਇਸ ਦੌਰਾਨ ਹੀ ਗੁਰੂ ਅਰਜਨ ਜੀ ਨੇ ਇਥੇ ਆਪਣੇ ਨਾਨਾ ਜੀ ਕੋਲੋਂ ਗੁਰਮੁਖੀ 'ਚ ਮੁਹਾਰਤ ਹਾਸਲ ਕੀਤੀ। ਇਸ ਸਮੇਂ ਹੀ ਗੁਰੂ ਅਮਰਦਾਸ ਜੀ ਨੇ ‘ਦੋਹਿਤਾ ਬਾਣੀ ਕਾ ਬੋਹਿਥਾ ਦਾ ਅਸ਼ੀਰਵਾਦ ਦਿੱਤਾ ਸੀ।

ਛੋਟੀ ਉਮਰੇ ਉਨ੍ਹਾਂ ਦੀ ਸੇਵਾ ਅਤੇ ਸਿਮਰਨ ਵਾਲੀ ਬਿਰਤੀ ਨੂੰ ਦੇਖਦਿਆਂ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਦੋਵਾਂ ਪੁੱਤਰਾਂ (ਪ੍ਰਿਥੀ ਚੰਦ ਅਤੇ ਮਹਾਂਦੇਵ) ਨੂੰ ਛੱਡ ਕੇ 1 ਸਤੰਬਰ 1581 ਈ. ਨੂੰ ਸ਼ੁਕਰਵਾਰ ਵਾਲੇ ਦਿਨ ਗੁਰੂ ਨਾਨਕ ਦੇਵ ਦੇ ਘਰ ਦਾ ਪੰਜਵਾਂ ਵਾਰਿਸ ਥਾਪ ਦਿੱਤਾ।

ਆਪ ਜੀ ਦਾ ਗੁਰੂ ਕਾਲ 1581 ਤੋਂ 1606 ਤੱਕ ਰਿਹਾ। ਇਸ ਦੌਰਾਨ ਆਪਣੇ ਸਿੱਖੀ ਦੇ ਵਿਕਾਸ ਵਿੱਚ ਮਹਾਨ ਕਾਰਜ ਕੀਤੇ। 

ਸਭ ਤੋਂ ਮਹਾਨ ਕਾਰਜ ਦੀ ਗੱਲ ਕਰੀਏ ਤਾਂ ਉਹ ਹੈ ਪਹਿਲੇ ਗੁਰੂ ਸਾਹਿਬਾਨ ਜੀ ਦੀ ਬਾਣੀ ਇੱਕਠੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਨਾ। ਆਦਿ ਗ੍ਰੰਥ ਦੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਨੇ 1601 ਈ. ਵਿੱਚ ਸ਼ੁਰੂ ਕੀਤੀ ਤੇ ਤਿੰਨ ਵਰ੍ਹਿਆ ਵਿੱਚ 1604 ਈ. ਨੂੰ ਸੰਪੂਰਨ ਹੋਈ। ਇਸਦੇ ਲਿਖਾਰੀ ਭਾਈ ਗੁਰਦਾਸ ਜੀ ਸਨ। ਅੱਜ ਕੱਲ੍ਹ ‘ਆਦਿ ਗ੍ਰੰਥ` ਨੂੰ ਕਰਤਾਰਪੁਰ ਵਿਖੇ ਸਥਾਪਿਤ ਕੀਤਾ ਹੋਇਆ ਹੈ।

ਗੁਰੂ ਗ੍ਰੰਥ ਸਾਹਿਬ ਮੱਧ ਕਾਲ ਦੀ ਸਭ ਤੋਂ ਮਹਾਨ ਅਧਿਆਤਮਕ ਰਚਨਾ ਹੈ। ਗੁਰੂ ਅਰਜਨ ਜੀ ਨੇ ਕੱਚੀ ਤੇ ਸੱਚੀ ਬਾਣੀ ਦਾ ਨਿਖੇੜ ਕਰਨ ਲਈ ਅਤੇ ਗੁਰੂਆਂ ਦੇ ਮਿਸ਼ਨ ਨੂੰ ਸਦੀਵਤਾ ਦੇਣ ਲਈ ਆਦਿ ਗ੍ਰੰਥ ਦੀ ਬੀੜ ਤਿਆਰ ਕਰਨ ਦਾ ਫ਼ੈਸਲਾ ਕੀਤਾ। 

ਗੁਰੂ ਗ੍ਰੰਥ ਸਾਹਿਬ ਦੀ ਸਾਹਿਤਕ ਮਹਾਨਤਾ ਦਾ ਜ਼ਿਕਰ ਕਰਦਾ ਹੋਇਆ ਡੰਕਨ ਗ੍ਰੀਨੀਲੀਜ਼ ਲਿਖਦਾ ਹੈ:- “ ਵਿਸ਼ਵ ਦੀਆਂ ਧਰਮ ਪੁਸਤਕਾਂ ਵਿਚੋਂ, ਸ਼ਾਇਦ ਹੀ ਕਿਸੇ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮਾਨ ਸਾਹਿਤਕ ਖ਼ੂਬਸੂਰਤੀ ਹੋਵੇ ਜਾਂ ਇਕ-ਰਸ ਅਨੁਭਵੀ, ਗਿਆਨ ਦੀ ਉੱਚਤਾ ਹੋਵੇ। ” 

ਪ੍ਰੋ. ਬ੍ਰਹਮਜਗਦੀਸ਼ ਅਨੁਸਾਰ “ਸ਼੍ਰੀ ਗੁਰੂ ਗ੍ਰੰਥ ਸਾਹਿਬ ਭਾਰਤ ਦੀ ਸਾਹਿਤਿਕ ਵਿਰਾਸਤ ਦਾ ਇੱਕ ਗੌਰਵਮਈ ਅਤੇ ਪ੍ਰਮਾਣਿਕ ਦਸਤਾਵੇਜ਼ ਹੈ। ਇਸ ਵਿੱਚ ਵੇਦਾਂ, ਉੱਪਨਿਸ਼ਦਾਂ, ਸਿਮ੍ਰਤੀਆਂ, ਸ਼ਾਸਤਰਾਂ, ਨਾਥ-ਬਾਣੀ, ਪੱਵਿਤਰ ਕੁਰਾਨ ਅਤੇ ਸੂਫੀ ਕਵਿਤਾ ਨਾਲ ਬੜਾ ਜੀਵੰਤ ਸੰਵਾਦ ਰਚਾਇਆ ਗਿਆ ਹੈ।” 

ਸ਼੍ਰੀ ਗੁਰੂ ਗ੍ਰੰਥ ਸਾਹਿਬ ਕਾਵਿ ਰੂਪਾਂ ਦੀ ਦ੍ਰਿਸ਼ਟੀ ਤੋਂ ਪੰਜਾਬੀ ਸਾਹਿਤ ਦਾ ਇੱਕ ਬਹੁਮੁੱਲਾ ਭੰਡਾਰ ਹੈ। ਹੋਰ ਕਿਸੇ ਵੀ ਧਾਰਮਿਕ ਗ੍ਰੰਥ ਵਿੱਚ ਏਨੇ ਕਾਵਿ ਰੂਪਾਂ ਦਾ ਪ੍ਰਯੋਗ ਨਹੀਂ ਮਿਲਦਾ। ਇਹਨਾਂ ਵਿਚੋਂ ਬਹੁਤ ਸਾਰੇ ਰੂਪ ਲੋਕ ਸਾਹਿਤ ਦੇ ਭੰਡਾਰ ਵਿਚੋਂ ਆਏ ਹਨ ਜਿਵੇਂ: - ਆਰਤੀ, ਅਲਾਹੁਣੀਆਂ, ਅੰਜਲੀਆਂ, ਸੋਹਿਲਾ, ਸੁਚਜੀ, ਕੁਚਜੀ, ਕਰਹਲੇ, ਰੁਤੀ, ਘੋੜੀਆਂ, ਬਾਰਾਂਮਾਹ, ਪੱਟੀ, ਪਹਿਰੇ, ਥਿਤੀ, ਦਿਨ ਰੈਣ, ਸੱਤ-ਵਾਰਾ, ਗਾਥਾ,ਬਿਰਹੜੇ, ਲਾਵਾਂ, ਡੱਖਣੇ ਅਦਿ ਸਾਮਿਲ ਸਨ। ਇੱਥੇ ਕੁਲ 55 ਕਾਵਿ ਰੂਪ ਵਰਤੇ ਗਏ ਹਨ। ਇਸੇ ਲੜੀ ਵਿੱਚ ਸੱਦ, ਕਾਫ਼ੀ, ਬਾਵਨਅੱਖਰੀ, ਵਾਰ,ਪਉੜੀ,ਛੰਤ, ਨੀਸਾਣ ਅਤੇ ਛਕਾਂ ਆਦਿ ਕਾਵਿ ਰੂਪ ਆ ਜਾਂਦੇ ਹਨ।

ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਪਾਤਸ਼ਾਹ ਜੀ ਬਾਣੀ ਨੂੰ ਸ਼ਾਮਲ ਕਰਦਿਆਂ 1708 ਈ. ਵਿੱਚ ਦੇਹ ਗੁਰੂ ਦੀ ਥਾਂ ਤੇ ਸ਼ਬਦ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦਿੱਤੀ ਅਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਥੇ ਸਿੱਖ ਧਰਮ ਦਾ ਪਵਿੱਤਰ ਗ੍ਰੰਥ ਹੈ ਉਥੇ ਨਾਲ ਹੀ ਇਸ ਗ੍ਰੰਥ ਨੂੰ ਗੁਰੂ ਦਾ ਦਰਜਾ ਵੀ ਪ੍ਰਾਪਤ ਹੈ। 

ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਾਹਿਬਾਨ,ਪੰਦਰਾਂ ਭਗਤਾਂ,ਗਿਆਰਾਂ ਭੱਟਾਂ ਤੇ 4 ਗੁਰਸਿੱਖਾਂ ਸਮੇਤ 36 ਰੱਬੀ ਰੂਹਾਂ ਦੀ ਰਚਨਾ 31 ਰਾਗਾਂ ਵਿੱਚ ਜੋ ਗੁਰਮਤਿ ਦੇ ਆਸ਼ੇ ਦੇ ਅਨੁਕੂਲ ਦਰਜ ਕੀਤੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਰਾਗਾਂ (30 ਰਾਗ) ਤੇ ਸਭ ਤੋਂ ਵੱਧ ਬਾਣੀ (2216 ਸ਼ਬਦ) ਰਚਨ ਦਾ ਮਾਣ ਵੀ ਗੁਰੂ ਅਰਜਨ ਸਾਹਿਬ ਜੀ ਦੇ ਹਿੱਸੇ ਹੀ ਆਇਆ ਹੈ। 

ਗੁਰੂ ਅਰਜਨ ਸਾਹਿਬ ਜੀ ਦੀਆਂ ਮੁੱਖ ਰਚਨਾਵਾਂ-ਸੁਖਮਨੀ,ਬਾਰਾਂਮਾਹ,ਬਾਵਨ ਅੱਖਰੀ, ਫੁਨਹੇ,ਮਾਰੂ ਡਖਣੇ,ਵਾਰਾਂ,ਥਿਤੀ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਅੱਜ ਆਪਾਂ ਇੱਥੇ ਗੁਰੂ ਸਾਹਿਬ ਦੀਆਂ ਪ੍ਰਮੁੱਖ ਬਾਣੀਆਂ ਨਾਲ਼ ਜਾਣ ਪਹਿਚਾਣ ਕਰਵਾਵਾਂਗੇ।

ਸੁਖਮਨੀ:-

ਸੁਖਮਨੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਾਹਕਾਰ ਰਚਨਾ ਹੈ। ਜਿਸ ਨੂੰ ਸਤਿਕਾਰ ਵਜੋਂ ਅਸੀਂ ਸੁਖਮਨੀ ਸਾਹਿਬ ਕਹਿੰਦੇ ਹਾਂ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 262 ਤੋਂ 296 ਉੱਤੇ ਅੰਕਤ ਹੈ। ਆਦਿ ਗ੍ਰੰਥ ਦੇ 35 ਵੱਡੇ ਪੰਨਿਆ 'ਤੇ ਦਰਜ 'ਸੁਖਮਨੀ' ਆਦਿ ਗ੍ਰੰਥ ਵਿਚਲੀਆਂ ਬਾਣੀਆਂ 'ਚੋਂ ਸਭ ਤੋਂ ਲੰਮੀ ਬਾਣੀ ਹੈ। ਗੁਰਮਤਿ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਗੁਰੂ ਅਰਜਨ ਜੀ ਨੇ ਸੁਖਮਨੀ ਦੀ ਇਹ ਬਾਣੀ 'ਰਾਮਸਰ' ਦੇ ਸਥਾਨ ਉੱਤੇ ਬੈਠ ਕੇ ਅੰਦਾਜ਼ਨ 1601-02 ਵਿੱਚ ਮੁਕੰਮਲ ਕੀਤੀ। ਇਸ ਦੀਆਂ ਕੁੱਲ 24 ਅਸ਼ਟਪਦੀਆਂ ਹਨ। ਹਰ ਅਸ਼ਟਪਦੀ ਦੇ ਅਰੰਭ ਵਿੱਚ ਇੱਕ ਸ਼ਲੋਕ ਅੰਕਿਤ ਹੈ, ਜਿਸ ਵਿੱਚ ਉਸ ਅਸ਼ਟਪਦੀ ਦਾ ਸਾਰ ਦਿੱਤਾ ਗਿਆ ਹੈ। ਹਰ ਅਸ਼ਟਪਦੀ ਵਿੱਚ 8 ਪਉੜੀਆਂ(ਬੰਦ) ਅਤੇ ਹਰ ਪਊੜੀ ਵਿੱਚ 10 ਤੁਕਾਂ ਹਨ। ਇਸ  ਦੀਆਂ 1977 ਤੁਕਾਂ ਹਨ।

ਬਾਰਾਂਮਾਹ:-

ਗੁਰੂ ਸਾਹਿਬ ਦੁਆਰਾ ਬਾਰਾਂਮਾਹ ਦੀ ਰਚਨਾ ਇਕ ਅਨਮੋਲ ਕਿਰਤ ਹੋ ਨਿੱਬੜੀ ਹੈ। ਵੱਡੀ ਗੱਲ ਗੁਰੂ ਸਾਹਿਬ ਨੇ ਬਾਰਾਂਮਾਹ ਦੀ ਰਚਨਾ ਮਾਝ ਰਾਗ ਵਿਚ ਕੀਤੀ। ਸਿਰੀਰਾਗੁ ਤੋਂ ਬਾਅਦ ਮਾਝ ਦੂਸਰਾ ਮੁੱਖ ਰਾਗ ਹੈ।

ਇਸ ਰਾਗ ਨੂੰ ਦਰਦ ਅਤੇ ਵੇਦਨਾ ਦਾ ਰਾਗ ਮੰਨਿਆ ਜਾਂਦਾ ਹੈ।

ਇਹ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 133 ਤੋਂ 136 ਤੱਕ ਦਰਜ ਕੀਤੀ ਹੋਈ ਹੈ। ਬਾਰਾਂਮਾਹ ਬਾਰ੍ਹਾਂ ਮਹੀਨਿਆਂ ਦੇ ਸੰਦਰਭ ਵਿੱਚ ਲਿਖੀ ਗਈ ਲੋਕ-ਕਾਵਿ ਰਚਨਾ ਹੈ। ਇਸ ਰਚਨਾ ਦਾ ਮੁੱਖ ਧੁਰਾ ਕੁਦਰਤ ਹੈ। ਰਾਗ ਮਾਝ ਵਿੱਚ ਲਿਖਿਆ ਬਾਰਾਂਮਾਹ ਗੁਰੂ ਅਰਜਨ ਜੀ ਦੀ ਸ੍ਰੇਸ਼ਟ ਰਚਨਾ ਹੈ। ਗੁੁਰੂ ਗ੍ਰੰਥ ਸਾਹਿਬ ਵਿੱਚ ਸਿਰਫ਼ ਦੋ ਹੀ ਬਾਰਹਮਾਹ ਦਰਜ ਹਨ। ਗੁਰੂ ਅਰਜਨ ਸਾਹਿਬ ਰਚਿਤ ਬਾਰਾਂਮਾਹ ਵਿੱਚ ਪੰਜਾਬੀ ਦੀ ਪ੍ਰਧਾਨਤਾ ਹੈ। ਬਾਰਾਂਮਾਹ ਮਾਝ ਦਾ ਵਿਸ਼ਾ ਅਧਿਆਤਮਕ ਹੈ। ਗੁਰੂ ਅਰਜਨ ਸਾਹਿਬ ਜੀ ਨੇ ਉਪਦੇਸ਼ਾਤਮਕ ਆਸ਼ੇ ਨੂੰ ਇਸ ਵਿੱਚ ਮੁੱਖ ਰੱਖਿਆ ਹੈ।

ਬਾਵਨ ਅੱਖਰੀ:- 

ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਇਹ ਬਾਣੀ 'ਦੇਵ ਨਾਗਰੀ' ਲਿਪੀ ਦੀ ਵਰਣਮਾਲ ਦੇ ਅੱਖਰਾਂ ਦੇ ਆਧਾਰ ਤੇ 'ਆਦਿ ਗ੍ਰੰਥ' ਦੇ 'ਗਉੜੀ' ਰਾਗ ਵਿੱਚ ਅੰਗ 250 ਤੋਂ 262 ਤੇ ਅੰਕਿਤ ਹੈ। ਇਸ ਬਾਣੀ ਦੀਆਂ 55 ਪਉੜੀਆਂ ਹਨ ਤੇ ਹਰ ਇੱਕ ਪਉੜੀ ਨਾਲ ਇੱਕ ਸਲੋਕ ਅੰਕਿਤ ਹੈ।

ਵਾਰਾਂ:-

ਗੁਰਬਾਣੀ ਵਿੱਚ ਅਧਿਆਤਮਿਕ ਵਾਰਾਂ ਦਾ ਚਿਤਰਣ ਮਿਲਦਾ ਹੈ। ਗੁਰੂ ਨਾਨਕ ਸਾਹਿਬ ਤੋਂ ਹੀ ਇਹਨਾਂ ਦੀ ਰਚਨਾ ਹੋਣੀ ਸ਼ੁਰੂ ਹੋ ਗਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 22 ਅਧਿਆਤਮਿਕ ਵਾਰਾਂ ਦਰਜ ਹਨ। ਅਸਲ ਵਿੱਚ ਗੁਰੂ ਸਾਹਿਬਾਨ ਨੇ ਇਸ ਲੋਕ-ਕਾਵਿ ਰੂਪ ਵਿੱਚ ਬਾਣੀ ਦੀ ਰਚਨਾ ਕਰਕੇ ਸਮੁੱਚੀ ਲੋਕਾਈ ਨੂੰ ਇੱਕ ਸਾਝਾਂ ਸੰਦੇਸ਼ ਦੇਣ ਦਾ ਉਪਰਾਲਾ ਕੀਤਾ। ਗੁਰੂ ਅਰਜਨ ਸਾਹਿਬ ਨੇ ਵੀ ਹੋਰ ਬਾਣੀ ਦੇ ਨਾਲ-ਨਾਲ ਛੇ ਵਾਰਾਂ ਦੀ ਰਚਨਾ ਵੀ ਕੀਤੀ, ਜਿਸ ਵਿੱਚ ਉਹਨਾਂ ਪਰਮਾਤਮਾ ਦੀ ਸਿਫ਼ਤ ਸਲਾਹ ਤੇ ਪੂਰਨ ਗੁਰਸਿੱਖ ਦੀ ਪਰਿਭਾਸ਼ਾ ਦਰਸਾਉਣ ਦਾ ਵਡੇਰਾ ਯਤਨ ਕੀਤਾ। ਗੁਰੂ ਸਾਹਿਬ ਦੁਆਰਾ ਰਚਿਤ ਇਹਨਾਂ ਛੇ ਵਾਰਾਂ ਦਾ ਵੇਰਵਾ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਵੱਖ-ਵੱਖ ਰਾਗਾਂ ਅਧੀਨ ਮਿਲਦਾ ਹੈ। ਉਹਨਾਂ ਨੇ ਰਾਗ ਗਉੜੀ, ਰਾਗ ਗੁਜਰੀ, ਰਾਗ ਜੈਤਸਰੀ, ਰਾਗ ਰਾਮਕਲੀ, ਰਾਮ ਮਾਰੂ, ਅਤੇ ਰਾਗ ਬਸੰਤ ਵਿੱਚ ਬਾਣੀ ਰਚੀ। ਆਪ ਜੀ ਦੀਆਂ ਵਾਰਾਂ ਦੀ ਸਭ ਤੋਂ ਅਹਿਮ ਗੱਲ ਇਹ ਹੈ ਕਿ ਜਿੱਥੇ ਬਾਕੀ ਗੁਰੂ ਸਾਹਿਬਾਨਾਂ ਦੀਆਂ ਵਾਰਾਂ ਵਿੱਚ ਸ਼ਾਮਲ ਸ਼ਲੋਕ ਉਹਨਾਂ ਦੇ ਆਪਣੇ ਵੀ ਹਨ ਅਤੇ ਦੂਸਰੇ ਗੁਰੂਆਂ ਦੇ ਵੀ ਸ਼ਲੋਕ ਹਨ। ਉਥੇ ਗੁਰੂ ਅਰਜਨ ਸਾਹਿਬ ਜੀ ਦੀਆਂ ਵਾਰਾਂ ਦੇ ਸ਼ਲੋਕ ਆਪਣੇ ਹੀ ਹਨ।

ਡਖਣੇ:-

ਲਹਿੰਦੀ ਬੋਲੀ ਭਾਵ ਮੁਲਤਾਨ, ਸਾਹੀਵਾਲ ਦੇ ਇਲਾਕੇ ਦੀ ਬੋਲੀ ਵਿੱਚ ਲਿਖਿਆ ਸਲੋਕ ‘ਡੱਖਣਾ’ ਕਹਾਉਂਦਾ ਹੈ। ਇਸ ਵਿੱਚ ਵਧੇਰੇ ਕਰ ਕੇ ‘ਦ’ ਦੀ ਥਾਂ ‘ਡ’ ਵਰਤਿਆ ਜਾਂਦਾ ਹੈ। ਗੁਰੂ ਅਰਜਨ ਸਾਹਿਬ ਨੇ ਮਾਰੂ ਰਾਗ ਵਿੱਚ ‘ਡਖਣੇ’ ਸਿਰਲੇਖ ਹੇਠ ਉਚਾਰਨ ਕੀਤੇ ਜੋ ਕਿ ਇਸੇ ਰਾਗ ਦੀ ਵਾਰ ਨਾਲ ਜੋੜ ਦਿੱਤੇ ਗਏ ਹਨ। ਸਿਰੀ ਰਾਗ ਦੇ ਛੰਤਾਂ ਨਾਲ ਵੀ ਪੰਜ ਸ਼ਬਦ ‘ਡਖਣੇ’ ਸਲੋਕਾਂ ਦੇ ਰੂਪ ਵਿੱਚ ਅੰਕਿਤ ਕੀਤੇ ਹੋਏ ਮਿਲਦੇ ਹਨ।

ਥਿਤੀ:- 

ਦੇਸੀ ਤਿਥੀਆਂ ਦੇ ਅਧਾਰ ਤੇ ਲਿਖੀ ਕਾਵਿ-ਰਚਨਾ 'ਥਿਤੀ' ਕਹਾਉਂਦੀ ਹੈ। ਗੁਰੂ ਅਰਜਨ ਦੇਵ ਜੀ ਦੀ ਥਿਤੀ ਬਾਣੀ 17 ਪਉੜੀਆਂ ਵਿੱਚ ਸਲੋਕਾਂ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 296-300 ਤੱਕ ਦਰਜ ਹੈ। ਇਸ ਬਾਣੀ ਰਚਨਾ ਦਾ ਕੇਂਦਰੀ ਭਾਵ ਸਾਧਸੰਗਤਿ ਵਿਚ ਮਿਲਕੇ ਹਰ ਪਲ ਪਰਮਾਤਮਾ ਦਾ ਜਸ ਹਰ ਰੋਜ਼ ਗਾਇਨ ਕਰਨ ਦੀ ਤਾਕੀਦ ਕੀਤੀ ਗਈ ਹੈ।

ਗੁਰਮਤਿ ਕਾਵਿ ਧਾਰਾ ਵਿੱਚ ਜਿੱਥੇ ਗੁਰੂ ਅਰਜਨ ਸਾਹਿਬ ਜੀ ਨੇ ਪੰਜਾਬੀ ਸਾਹਿਤ ਦੀ ਝੋਲੀ ਵੱਡਮੁੱਲੀ ਸੇਵਾ ਦਿੱਤੀ ਉੱਥੇ ਆਪਣੇ ਗੁਰੂ ਕਾਲ ਦੌਰਾਨ ਕਈ ਅਸਥਾਨ ਹਰਿਮੰਦਰ ਸਾਹਿਬ ਦੀ ਉਸਾਰੀ, ਤਰਨਤਾਰਨ ਸ਼ਹਿਰ ਦੇ ਸਥਾਪਨਾ, ਕਰਤਾਰਪੁਰ ਤੇ ਹਰਗੋਬਿੰਦਪੁਰ ਦੇ ਨੀਂਹ, ਲਹੌਰ ਵਿੱਚ ਬਾਉਲੀ ਦਾ ਨਿਰਮਾਣ, ਛੇਹਰਟਾ ਸਾਹਿਬ ਆਦਿ ਵੀ ਬਣਾਏ ਜੋ ਕਿ ਸਮਾਜਿਕ ਤੇ ਰਾਜਨੀਤਕ ਪੱਖ ਤੋਂ ਸਿੱਖੀ ਦੇ ਵਿਕਾਸ ਵਿੱਚ ਵਿਸ਼ੇਸ਼ ਮਹੱਤਵ ਰੱਖਦੇ ਹਨ।

ਜਿਵੇਂ ਜਿਵੇਂ ਗੁਰੂ ਸਾਹਿਬ ਜੀ ਦੀ ਸ਼ਖ਼ਸੀਅਤ ਤੇ ਉਹਨਾਂ ਦੇ ਯਤਨਾਂ ਸਦਕਾ ਸਿੱਖ ਧਰਮ ਦਾ ਵਿਕਾਸ ਹੋ ਰਿਹਾ ਸੀ, ਉਵੇਂ-ਉਵੇਂ ਆਲ਼ੇ- ਦੁਆਲ਼ੇ ਵਿਰੋਧ ਕਰਨ ਵਾਲੀਆਂ ਧਿਰਾਂ ਵੀ ਖੜ੍ਹੀਆਂ ਹੋ ਰਹੀਆਂ ਸਨ,ਜਿੰਨ੍ਹਾਂ ਵਿੱਚ ਪ੍ਰਿਥੀਏ ਦਾ ਗੁਰਗੱਦੀ ਨੂੰ ਲੈਕੇ ਵਿਰੋਧ, ਕੁੱਝ ਕੁ ਕੱਟੜ ਮੁਸਲਮਾਨਾਂ ( ਸ਼ੇਖ ਫੈਜ਼ੀ ਸਰਹਿੰਦੀ) ਦਾ ਵਿਰੋਧ,ਬ੍ਰਾਹਮਣਾਂ ਦਾ ਵਿਰੋਧ, ਲਹੌਰ ਦੇ ਦੀਵਾਨ ਚੰਦੂ ਸ਼ਾਹ ਦਾ ਵਿਰੋਧ ਤੇ ਸਭ ਤੋਂ ਵੱਡੀ ਜਹਾਂਗੀਰ ਦੀ ਕੱਟੜਤਾ ਸੀ। ਅਖੀਰ ਜਹਾਂਗੀਰ ਦੇ ਪੁੱਤਰ ਖ਼ੁਸਰੋ ਦੀ ਮਦਦ ਕਰਨ ਦੇ ਦੋਸ ਵਿੱਚ ਗੁਰੂ ਸਾਹਿਬ ਜੀ ਨੂੰ ਗਿਰਫ਼ਤਾਰ ਕਰਕੇ ਅਣਮਨੁੱਖੀ ਤਸੀਹੇ ਦਿੰਦਿਆਂ 30 ਮਈ 1606 ਈ ਵਿੱਚ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਸਿੱਖ ਧਰਮ ਵਿੱਚ ਇੱਥੋਂ ਸ਼ਹਾਦਤਾਂ ਦੀ ਸ਼ੁਰੂਆਤ ਹੁੰਦੀ ਹੈ, ਇਹੋ 'ਸ਼ਹਾਦਤ' ਅੱਗੇ ਮੀਰੀ-ਪੀਰੀ ਦਾ ਸਿਧਾਂਤ ਬਖ਼ਸ਼ਦੀ ਹੋਈ ਖਾਲਸੇ ਰਾਜ ਨੂੰ ਜਨਮ ਦਿੰਦੀ ਹੋਈ ਵੱਡੇ ਸਾਹਿਬਜ਼ਾਦਿਆਂ ਨੂੰ ਜੰਗ ਦੇ ਮੈਦਾਨ ਤੋਰਦੀ ਹੈ ਤੇ ਛੋਟੇ ਸਾਹਿਬਜ਼ਾਦਿਆਂ ਨੀਂਹਾਂ ਵਿੱਚ ਖੜ੍ਹਨ ਦਾ ਹੌਂਸਲਾ ਬਖ਼ਸ਼ਦੀ ਹੈ।

ਸ. ਸੁਖਚੈਨ ਸਿੰਘ ਕੁਰੜ 

(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ) 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

 

28 ਮਈ 1414 ਖਿਜਰ ਖਾਂ ਨੇ ਦਿੱਲੀ ‘ਤੇ ਅਧਿਕਾਰ ਕਰ ਕੇ ਸੱਯਦ ਵੰਸ਼ ਦੀ ਨੀਂਹ ਰੱਖੀ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

ਸੱਯਦ ਖ਼ਾਨਦਾਨ ਦਿੱਲੀ ਸਲਤਨਤ ਦਾ ਚੌਥਾ ਖ਼ਾਨਦਾਨ ਸੀ, ਜਿਸਦਾ ਕਾਰਜਕਾਲ 1414 ਤੋਂ 1451 ਤੱਕ ਰਿਹਾ। ਉਸਨੇ ਤੁਗਲਕ ਵੰਸ਼ ਦੇ ਬਾਅਦ ਰਾਜ ਦੀ ਸਥਾਪਨਾ ਕੀਤੀ।
ਇਹ ਪਰਿਵਾਰ ਸੱਯਦ ਜਾਂ ਮੁਹੰਮਦ ਦੀ ਸੰਤਾਨ ਮੰਨਿਆ ਜਾਂਦਾ ਹੈ। ਦਿੱਲੀ ਸਲਤਨਤ ਦੀ ਕੇਂਦਰੀ ਲੀਡਰਸ਼ਿਪ ਤੈਮੂਰ ਦੇ ਲਗਾਤਾਰ ਹਮਲਿਆਂ ਕਾਰਨ ਪੂਰੀ ਤਰ੍ਹਾਂ ਨਿਰਾਸ਼ ਹੋ ਗਈ ਸੀ ਅਤੇ ਇਸਨੂੰ 1398 ਤੱਕ ਲੁੱਟ ਲਿਆ ਗਿਆ ਸੀ। ਇਸ ਤੋਂ ਬਾਅਦ ਉਥਲ-ਪੁਥਲ ਦੇ ਸਮੇਂ, ਜਦੋਂ ਕੋਈ ਕੇਂਦਰੀ ਅਧਿਕਾਰ ਨਹੀਂ ਸੀ, ਸੱਯਦ ਨੇ ਦਿੱਲੀ ਵਿਚ ਆਪਣੀ ਸ਼ਕਤੀ ਦਾ ਵਿਸਥਾਰ ਕੀਤਾ। ਇਸ ਵੰਸ਼ ਦੇ ਚਾਰ ਵੱਖ-ਵੱਖ ਸ਼ਾਸਕਾਂ ਨੇ 37 ਸਾਲਾਂ ਤੱਕ ਦਿੱਲੀ ਸਲਤਨਤ ਦੀ ਅਗਵਾਈ ਕੀਤੀ।
ਇਸ ਖ਼ਾਨਦਾਨ ਦੀ ਸਥਾਪਨਾ ਖ਼ਿਜ਼ਰ ਖ਼ਾਨ ਦੁਆਰਾ ਕੀਤੀ ਗਈ ਸੀ ਜਿਸ ਨੂੰ ਤੈਮੂਰ ਦੁਆਰਾ ਮੁਲਤਾਨ (ਪੰਜਾਬ ਖੇਤਰ) ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ। ਖਿਜ਼ਰ ਖਾਨ ਨੇ 28 ਮਈ 1414 ਈ.ਵਿੱਚ ਖ਼ਿਜ਼ਰ ਖਾਂ ਨੇ ਦਿੱਲੀ ‘ਤੇ ਅਧਿਕਾਰ ਕਰ ਲਿਆ ਸੀ ।ਉਸ ਤੋਂ ਬਾਅਦ ਸੱਯਦ ਵੰਸ਼ ਦੀ ਨੀਂਹ ਰੱਖੀ ਸੀ ।ਉਸਨੇ 1421 ਈ.ਤੱਕ ਦਿੱਲੀ ‘ਤੇ ਸ਼ਾਸਨ ਕੀਤਾ ਸੀ। ਪਰ ਉਹ ਸੁਲਤਾਨ ਅਤੇ ਪਹਿਲੇ ਤੈਮੂਰ ਦੀ ਉਪਾਧੀ ਪ੍ਰਾਪਤ ਕਰਨ ਦੇ ਯੋਗ ਨਹੀਂ ਸੀ ਅਤੇ ਉਸਦੀ ਮੌਤ ਤੋਂ ਬਾਅਦ ਉਸਦਾ ਉੱਤਰਾਧਿਕਾਰੀ ਸ਼ਾਹਰੁਖ ਮਿਰਜ਼ਾ (ਤੈਮੂਰ ਦਾ ਪੋਤਾ) ਤੈਮੂਰਦ ਰਾਜਵੰਸ਼ ਦਾ ਰਯਤ-ਏ-ਆਲਾ (ਜ਼ਾਲਮ) ਰਿਹਾ।ਖਿਜ਼ਰ ਖਾਨ ਦੀ ਮੌਤ ਤੋਂ ਬਾਅਦ, 20 ਮਈ 1421 ਨੂੰ, ਉਸਦੇ ਪੁੱਤਰ ਮੁਬਾਰਕ ਖਾਨ ਨੇ ਸੱਤਾ ਸੰਭਾਲੀ ਅਤੇ ਆਪਣੇ ਆਪ ਨੂੰ ਆਪਣੇ ਸਿੱਕਿਆਂ 'ਤੇ ਮੁਈਜ਼ੂਦੀਨ ਮੁਬਾਰਕ ਸ਼ਾਹ ਦੇ ਰੂਪ ਵਿੱਚ ਉਕਰਿਆ।
ਮੁਬਾਰਕ ਸ਼ਾਹ 1421-1434 ਈ.ਤੱਕ ਸ਼ਾਸਕ ਰਿਹਾ।ਮੁਹੰਮਦ ਸ਼ਾਹ 1434-1445 ਤੱਕ ਗੱਦੀ ‘ਤੇ ਰਿਹਾ।ਇਸ ਤੋਂ ਬਾਅਦ ਆਲਮ ਸ਼ਾਹ 1445-1451 ਈ.ਤੱਕ ਸ਼ਾਸਨ ਕਰਦਾ ਰਿਹਾ ਸੀ।ਇਹ ਸਾਰੇ ਸ਼ਾਸਕ ਬਹੁਤ ਕਮਜ਼ੋਰ ਤੇ ਅਯੋਗ ਸਾਬਿਤ ਹੋਏ ਸਨ।ਇਹ ਦਿੱਲੀ ਦੀ ਵਿਗੜਦੀ ਹਾਲਤ ਨੂੰ ਸੰਭਾਲ ਨਾ ਸਕੇ।ਇਸ ਲਈ ਸੱਯਦ ਵੰਸ਼ ਦਾ ਅੰਤ ਹੋ ਗਿਆ ।

ਅਸਿਸਟੈਂਟ ਪ੍ਰੋਫੈਸਰ ਗਗਨਦੀਪ ਕੌਰ ਧਾਲੀਵਾਲ

ਜਦੋਂ ਘੱਲੂਘਾਰੇ ਵਰਤਦੇ ਹਨ ਤਦ ਉਸ ਸਮੇਂ ਜ਼ੁਲਮ ਦੀ ਇੰਤਹਾ ਸਿਖਰਾਂ ਦੀ ਹੁੰਦੀ ਹੈ ✍️ਪਰਮਿੰਦਰ ਸਿੰਘ ਬਲ 

ਕੌਮਾਂ ਤੇ ਢਾਹੇ ਗਏ ਦੁਖਾਂਤਾਂ ਤੇ ਸੰਕਟਾਂ ਸਮੇ ਜਦੋਂ ਘੱਲੂਘਾਰੇ ਵਰਤਦੇ ਹਨ ਤਦ ਉਸ ਸਮੇਂ ਜ਼ੁਲਮ ਦੀ ਇੰਤਹਾ ਸਿਖਰਾਂ ਦੀ ਹੁੰਦੀ ਹੈ । ਜ਼ੁਲਮ ਦਾ ਮੁਕਾਬਲਾ ਕਰਦੇ ਸਮੇਂ ਜੂਝਣ ਵਾਲੇ ਲੋਕਾਂ ਦੀ ਕੁਰਬਾਨੀ , ਸ਼ਹਾਦਤਾਂ ਦਾ ਇਮਤਿਹਾਨ ਹੁੰਦਾ ਹੈ , ਜਿਸ ਸਮੇਂ ਸੁਰਮੇ ਲੋਕ ਹੀ ਪਰਖ ਤੇ ਉੱਤਰਦੇ ਅਤੇ ਆਪਣੇ ਸਿਰਾਂ ਦਾ ਬਲੀਦਾਨ ਦੇ ਕੇ ਕੌਮ ਦੀ ਇਤਿਹਾਸਕ ਗ਼ੈਰਤ ਨੂੰ ਬਰਕਰਾਰ ਰੱਖਦੇ ਹਨ । ਸਤਾਰਵੀਂ ਸਦੀ ਦੇ ਉਪਰੰਤ ਸਿੱਖ ਕੌਮ , ਖ਼ਾਲਸਾ ਪੰਥ ਦੇ ਰੂਪ ਵਿੱਚ ਅਨੇਕਾਂ ਔਖੇ ਸਮਿਆਂ ਵਿੱਚੋਂ ਲੰਘਦੀ ਰਹੀ । ਉਸ ਸਮੇਂ ਸਿੱਖਾਂ ਤੇ ਘੱਲੂਘਾਰੇ ਵਰਤੇ , ਜ਼ਿਹਨਾਂ ਨੂੰ ਕੌਮ ਛੋਟਾ ਘੱਲੂਘਾਰਾ ਅਤੇ ਵੱਡੇ ਘੱਲੂਘਾਰੇ ਦੇ ਨਾਮ ਨਾਲ ਯਾਦ ਕਰਦੀ ਹੋਈ ਸਿਜਦਾ ਕਰਦੀ ਅੱਜ ਤੱਕ ਉਹਨਾਂ ਕੁਰਬਾਨੀਆਂ ਨੂੰ ਯਾਦ ਕਰਦੀ ਹੈ । ਲੇਕਿਨ  ਇਤਿਹਾਸ ਦੇ ਇਹਨਾਂ ਸੁਨਹਿਰੀ ਸ਼ਹਾਦਤ ਦੇ ਪੰਨਿਆਂ ਨਾਲ ਕਦੇ ਘਾਟ /ਵਾਧ ਨਹੀਂ ਹੋਣ ਦਿੱਤੀ । ਅੱਜ ਦੇ ਸਮੇ ਦਾ ਬੀਤਿਆ 1984 ਦਾ ਘੱਲੂਘਾਰਾ ਅਜਿਹੀ ਹੀ ਦੁਖਾਂਤ ਤੇ ਸੰਕਟ ਦੀ ਦਾਸਤਾਨ ਹੈ ਜੋ “ਇੰਦਰਾ” ਖ਼ਾਨਦਾਨ ਦੇ ਕਾਂਗਰਸੀ ਰਾਜ ਦਾ ਸਿੱਖਾਂ ਉੱਤੇ ਅਸਹਿ ਤੇ ਅਕਹਿ ਤੌਰ ਤੇ ਢਾਹਿਆ ਜ਼ੁਲਮ ਹੈ । ਅਫ਼ਸੋਸ ਕੁਝ ਭੁੱਲੜ ਤੇ ਗੁਮਰਾਹ ਹੋਏ ਲੋਕਾਂ ਨੇ ਕਲਰਕੀ ਕਿਸਮ ਦੇ ਲੀਡਰਾਂ ਦੇ ਢਹੇ ਚੜ ਕੇ ਇਸ ਨੂੰ “ਬੈਟਲ ਆਫ ਅੰਮ੍ਰਿਤਸਰ “ ਦਾ ਨਾਮ ਦੇ ਕੇ ਛੁਟਿਆਉਣ ਦੀ ਕੋਝੀ ਕੋਸ਼ਿਸ਼ ਕੀਤੀ ਹੈ । ਇਹ ਕੌਮ ਵਿਰੋਧੀ ਇਕ ਸ਼ਾਜਿਸ਼ ਤੇ ਢੌਂਗ ਹੈ । ਜੋ ਅਕਸਰ ਦਫ਼ਤਰੀ ਕਰਮਚਾਰੀ ਲੋਕ ਕਰਦੇ ਹੀ ਰਹਿੰਦੇ ਹਨ । ਅਸੀਂ ਇਸ ਕਦਮ ਦੀ ਪੁਰ-ਜ਼ੋਰ ਨਿੰਦਾ ਕਰਦੇ ਹਾਂ ਅਤੇ ਖ਼ਾਲਸਾ ਪੰਥ ਨੂੰ ਅਪੀਲ ਕਰਦੇ ਹਾਂ ਕਿ ਅਜਿਹੇ ਸਰਕਾਰੀ ਏਜੰਟਾਂ ਤੋਂ ਬੱਚਿਆਂ ਜਾਏ , ਜੋ ਕੌਮ ਦਾ ਇਤਿਹਾਸ ਵਿਗਾੜ ਰਹੇ ਹਨ । ਜੂਨ 1984 ਦਾ ਘੱਲੂਘਾਰਾ , ਹਮੇਸ਼ਾ ਘੱਲੂਘਾਰੇ ਦੇ ਤੌਰ ਤੇ ਹੀ ਜਾਣਿਆ ਜਾਵੇਗਾ, ਇਸੇ ਤਰਾਂ ਸਿੱਖ ਕੌਮ ਯਾਦ ਕਰੇਗੀ  ।ਕੋਈ ਇੰਦਰਾ ਭਗਤ ਜਾ ਸਰਕਾਰੀ ਅਦਾਰੇ ਦੇ ਕਰਮਚਾਰੀ ਏਜੰਟ ਇਸ ਨੂੰ ਕੋਈ ਨਵਾਂ ਨਾਮ ਦੇਣ ਦੀ ਜੁਰਅਤ ਨਾ ਕਰਨ । ਦੇਸ਼ ਬਦੇਸ਼ ਦੇ ਸਿੱਖਾਂ ਨੂੰ ਅਜਿਹੀ ਗਲਤ ਕਿਸਮ ਦੀ ਢੁੱਚਰ ਬਾਜ਼ੀ ਦਾ ਸ਼ਿਕਾਰ ਨਾ ਬਣਾਉਣ , ਜੋ ਕੌਮ ਦੇ ਮਾਣ ਸਤਿਕਾਰ ਤੇ ਅਜਿਹੀ ਸੱਟ ਮਾਰਦਾ ਹੋਵੇ , ਕਿ ਲੋਕ ਜ਼ੁਲਮ ਦੀ ਅਸਲੀਅਤ ਤੋਂ ਗੁਮਰਾਹ ਹੋਣ । ਜੂਨ 1984 ਦਾ ਘੱਲੂਘਾਰਾ ,ਕੀ ਸਿਰਫ਼ ਅੰਮਿ੍ਰਤਸਰ ਵਿੱਚ ਹੀ ਵਾਪਰਿਆ ਸੀ ? , ਸਾਰੇ ਪੰਜਾਬ , ਭਾਰਤ ਭਰ , ਨਵੰਬਰ 1984 ਦੀ ਦਿੱਲੀ ਵਿੱਚ ਕੀ ਕੀ ਪਾਪ ਦਾ ਜ਼ੁਲਮ ਹੋਇਆ ? ਨਾ ਸਿੱਖ ਭੁੱਲੇ ਅਤੇ ਨਾ ਹੀ ਦੇਖਣ ਵਾਲੀ ਦੁਨੀਆ ਭੁੱਲੀ । ਅਸੀ ਆਸ ਕਰਦੇ ਹਾਂ ਕਿ ਸਿੱਖਾਂ ਦੀਆਂ ਸ਼ਹਾਦਤਾਂ ਤੇ ਕੁਰਬਾਨੀਆਂ ਨੂੰ ਇਸੇ ਤਰਾਂ ਯਾਦ ਕੀਤਾ ਜਾਵੇ। ਅਗਰ ਕੋਈ  - ਸਿੱਖ ਵਿਰੋਧੀ ਅੰਸ਼ ਉੱਪਰ ਦੱਸੇ ਢੰਗ ਰਾਹੀਂ ਇਤਿਹਾਸ ਨੂੰ ਤੋੜ ਮਰੋੜ ਕਰਨ ਦੀ ਕੋਸ਼ਿਸ਼ ਕਰੇਗਾ ਤਦ ਉਸ ਦਾ ਪ੍ਰਚੰਡ ਵੀ ਸੰਗਤਾਂ ਸਾਹਮਣੇ ਰੱਖਿਆ ਜਾਵੇਗਾ । —— ਪਰਮਿੰਦਰ ਸਿੰਘ ਬਲ ਯੂ ਕੇ । emai : psbal46@gmail.com

ਬਲਬਨ ਦੀ ਲਹੂ ਅਤੇ ਲੋਹੇ ਦੀ ਨੀਤੀ ✍️ ਪੂਜਾ ਰਤੀਆ 

ਗਿਆਸੂਦੀਨ ਬਲਬਨ ਉਸਦਾ ਅਸਲੀ ਨਾਮ ਬਹਾਉਦੀਬਹਾਉਦੀਨ ਸੀ।ਉਸਦੇ ਸਮੇਂ ਦਿੱਲੀ ਸਲਤਨਤ ਦਾ ਸ਼ਾਸ਼ਕ ਨਾਸਿਰ ਉੱਦੀਨ ਮਹਿਮੂਦ ਸੀ। ਬਲਬਨ ਉਸਦਾ ਮੰਤਰੀ ਸੀ। ਮਹਿਮੂਦ ਧਾਰਮਿਕ ਵਿਚਾਰਾਂ ਵਾਲਾ ਸ਼ਾਸਕ ਸੀ। ਇਸ ਲਈ ਰਾਜ ਦੀਆਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਬਲਬਨ ਦੁਆਰਾ ਕੀਤੀ ਜਾਣ ਲੱਗੀ।
ਮਹਿਮੂਦ ਦੀ ਮੌਤ ਤੋਂ ਬਾਅਦ ਬਲਬਨ ਆਪ ਸੁਲਤਾਨ ਬਣ ਗਿਆ।ਉਸਨੇ 1266 ਈ.ਤੋਂ 1286ਤੱਕ ਰਾਜ ਕੀਤਾ।ਬਲਬਨ ਤੁਰਕਾਂ ਦੇ ਅਲਬਾਰੀ ਕਬੀਲੇ ਨਾਲ ਸੰਬੰਧ ਰੱਖਦਾ ਸੀ।ਉਹ
ਇਲਤੁਤਮਿਸ਼ ਦਾ ਦਾਸ ਸੀ।ਇਲਤੁਤਮਿਸ਼ ਨੇ ਉਸਨੂੰ ਚਾਲੀਸ ਦਾ ਮੈਂਬਰ ਬਣਾ ਦਿੱਤਾ ਸੀ। ਰਜ਼ੀਆ ਦੇ ਸਮੇਂ ਬਲਬਨ ਅਮੀਰ ਏ ਸ਼ਿਕਾਰ ਪਦ ਤੇ ਨਿਯੁਕਤ ਸੀ। ਬਹਿਰਾਮ ਸ਼ਾਹ ਨੇ ਬਲਬਨ ਨੂੰ ਰਿਵਾੜੀ ਅਤੇ ਹਾਂਸੀ ਦੀਆਂ ਜਾਗੀਰਾਂ ਦਿੱਤੀਆਂ। ਅਲਾਉਦੀਨ ਮਾਸੂਦ ਨੇ ਬਲਬਨ ਨੂੰ ਅਮੀਰ ਏ ਹਾਜਿਬ ਦੇ ਪਦ ਤੇ ਨਿਯੁਕਤ ਕੀਤਾ ਅਤੇ ਨਾਸਿਰ ਉੱਦੀਨ ਮਹਿਮੂਦ ਸਮੇਂ ਇਹ ਪ੍ਰਧਾਨ ਮੰਤਰੀ ਰਿਹਾ।ਇਸ ਤਰ੍ਹਾਂ ਬਲਬਨ ਨੇ ਇਨ੍ਹਾਂ ਸੁਲਤਾਨਾਂ ਅਧੀਨ ਕੰਮ ਕਰਕੇ ਪ੍ਰਸਿੱਧੀ ਹਾਸਿਲ ਕੀਤੀ।ਉਸਦਾ ਮੰਤਰੀ ਦੇ ਰੂਪ ਵਿਚ ਅੰਤਿਮ ਤੇ ਸਭ ਤੋਂ ਮਹੱਤਵਪੂਰਨ ਕੰਮ ਮੰਗੋਲਾ ਦਾ ਟਾਕਰਾ ਕਰਨਾ ਸੀ।
ਬਲਬਨ ਦਾਸ ਵੰਸ਼ ਦਾ ਸਭ ਤੋਂ ਮਹਾਨ ਸੁਲਤਾਨ ਮੰਨਿਆ ਜਾਂਦਾ ਹੈ ਕਿਉੰਕਿ ਉਸਨੇ ਵੀਹ ਸਾਲਾਂ ਵਿੱਚ ਅਜਿਹੇ ਕੰਮ ਕੀਤੇ ਜੋ ਕਿਸੇ ਵੀ ਦਾਸ ਵੰਸ਼ ਦੇ ਸੁਲਤਾਨ ਨੇ ਨਹੀਂ ਕੀਤੇ। ਜਦੋਂ ਬਲਬਨ ਰਾਜ ਗੱਦੀ ਉੱਪਰ ਬੈਠਾ ਤਾਂ ਉਸਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਿਵੇਂ - ਸਾਮਰਾਜ ਵਿੱਚ ਅਸ਼ਾਂਤੀ,ਲੋਕਾਂ ਦੇ ਮਨਾਂ ਵਿੱਚ ਸੁਲਤਾਨਾਂ ਦਾ ਡਰ ਨਾ ਹੋਣਾ,
ਮਿਊਆ ਦੀ ਸ਼ਕਤੀ ਦਾ ਵਧਣਾ, ਡਾਕੂਆਂ ਦੇ ਜੁਲਮਾਂ ਦਾ ਵਧਣਾ, ਰਾਜਪੂਤ ਸਰਦਾਰਾ ਦਾ ਵਿਰੋਧੀ ਹੋਣਾ,ਬੰਗਾਲ ਦਾ ਸੁਤੰਤਰ ਹੋਣਾ, ਮੰਗੋਲਾ ਦੇ ਹਮਲੇ,ਚਾਲੀਸ ਦੀ ਸ਼ਕਤੀ ਦਾ ਵਧਣਾ, ਅਸੰਗਠਿਤ ਰਾਜ ਪ੍ਰਬੰਧ ਆਦਿ। ਅਜਿਹੇ ਹਾਲਾਤ ਵਿੱਚ ਬਲਬਨ ਨੇ ਸਾਮਰਾਜ ਦੇ ਦੁਸ਼ਮਣਾ ਦਾ ਖਾਤਮਾ ਕਰਨ ਅਤੇ ਸ਼ਾਂਤੀ ਵਿਵਸਥਾ ਸਥਾਪਿਤ ਕਰਨ ਲਈ ਬੜੀ ਕਠੋਰ ਨੀਤੀ ਅਪਣਾਈ। ਜਿਸਨੂੰ "ਲਹੂ ਅਤੇ ਲੋਹੇ ਦੀ ਨੀਤੀ" ਕਿਹਾ ਜਾਂਦਾ ਸੀ।ਇਸ ਨੀਤੀ ਦਾ ਭਾਵ ਸੀ ਕਿ ਸ਼ਕਤੀਸ਼ਾਲੀ ਰਾਜ ਸਥਾਪਿਤ ਕਰਨ ਲਈ ਦੁਸ਼ਮਣਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਖੂਨ ਦੀਆ ਨਦੀਆ ਵਹਾ ਦਿੱਤੀਆ ਜਾਣ, ਉਨ੍ਹਾਂ ਦੇ ਪਰਿਵਾਰਾਂ ਦਾ ਖਾਤਮਾ ਕੀਤਾ ਜਾਵੇ, ਉਨ੍ਹਾਂ ਦੇ ਘਰ ਤੇ ਕਿਲ੍ਹੇ ਤਬਾਹ ਕਰ ਦਿੱਤੇ ਜਾਣ।ਬਲਬਨ ਦੀ ਇਹ ਨੀਤੀ ਪੂਰਣ ਤੌਰ ਤੇ ਸਫ਼ਲ ਰਹੀ।ਉਸਨੇ ਇਸ ਨੀਤੀ ਦੁਬਾਰਾ ਇਕ ਮਜ਼ਬੂਤ ਅਤੇ ਸ਼ਕਤੀਸ਼ਾਲੀ ਰਾਜ ਸਥਾਪਿਤ ਕਰ ਦਿੱਤਾ।
ਬਲਬਨ ਨੇ ਇਲਤੁਤਮਿਸ਼ ਦੁਬਾਰਾ ਸਥਾਪਤ ਕੀਤਾ ਚਾਲੀਸ ਜਾਂ ਚਾਲੀ ਤੁਰਕੀ ਸਰਦਾਰਾ ਦੇ ਗੁੱਟ ਦਾ ਖਾਤਮਾ ਕਰ ਦਿੱਤਾ। ਕਿਉੰਕਿ ਇਸਦੀ ਸ਼ਕਤੀ ਵਧਣ ਨਾਲ ਸਾਮਰਾਜ ਵਿੱਚ ਅਸ਼ਾਂਤੀ ਫੈਲ ਗਈ ਸੀ।ਉਸਨੇ ਜਿਲ ਉਲਾਹ( ਅੱਲਾਹ ਦਾ ਪਰਛਾਵਾਂ) ਦਾ ਖਿਤਾਬ ਧਾਰਨ ਕੀਤਾ ਅਤੇ ਆਪਣੇ ਸਿੱਕਿਆ ਉਪਰ ਬਗ਼ਦਾਦ ਦੇ ਸਵ. ਖਲੀਫ਼ਾ ਦਾ ਨਾਮ ਵੀ ਲਿਖਵਾਇਆ ਜਿਸ ਨਾਲ ਮੁਸਲਮਾਨ ਲੋਕਾਂ ਵਿੱਚ ਉਸਦੀ ਇੱਜ਼ਤ ਵੱਧ ਗਈ।
ਇਸ ਤੋਂ ਇਲਾਵਾ ਬਲਬਨ ਨਿਆਂ ਪ੍ਰੇਮੀ ਸ਼ਾਸ਼ਕ ਸੀ।ਉਹ ਊਚ ਨੀਚ ਦਾ ਭੇਦ ਭਾਵ ਨਹੀਂ ਰੱਖਦਾ ਸੀ। ਸਾਮਰਾਜ ਵਿੱਚ ਸ਼ਾਂਤੀ ਕਾਇਮ ਕਰਨ ਲਈ ਉਸਨੇ ਜਾਸੂਸ ਵਿਵਸਥਾ ਸਥਾਪਿਤ ਕੀਤੀ, ਸ਼ਕਤੀਸ਼ਾਲੀ ਸੈਨਾ ਦਾ ਸੰਗਠਨ ਕੀਤਾ,ਸੁੰਦਰ ਦਰਬਾਰ ਅਤੇ ਸ਼ਰਾਬ ਪੀਣ ਦੀ ਮਨਾਹੀ, ਜੂਆ ਖੇਡਣਾ, ਰਿਸ਼ਵਖੋਰੀ ਤੇ ਰੋਕ ਆਦਿ ਸ਼ਲਾਘਾਯੋਗ ਕੰਮ ਕੀਤੇ।
 ਸਜਦਾ (ਜਾਂ ਸਿਜਦਾ) ਅਤੇ ਪਾਈਬੋਸ ਇੱਕ ਪ੍ਰਕਾਰ ਦੀ ਪ੍ਰਥਾ ਸੀ ਜੋ ਗਿਆਸੁਦੀਨ ਬਲਬਨ ਦੁਆਰਾ ਸ਼ੁਰੂ ਕੀਤੀ ਗਈ ਸੀ।ਸਜਦਾ ਅਤੇ ਪਾਬੋਸ ਫਾਰਸੀ ਪ੍ਰਥਾਵਾ ਸਨ।ਸਜਦਾ ਦਾ ਅਰਥ ਹੈ ਸੁਲਤਾਨ ਦੇ ਪ੍ਰਭਾਵ ਨੂੰ ਸਵੀਕਾਰ ਕਰਨ ਲਈ ਗੋਡੇ ਟੇਕ ਕੇ ਬਾਦਸ਼ਾਹ ਅੱਗੇ ਝੁਕਣਾ ਅਤੇ ਪਾਬੋਸ ਦਾ ਅਰਥ ਹੈ ਸੁਲਤਾਨ ਦੇ ਪੈਰਾਂ ਨੂੰ ਚੁੰਮਣਾ ਅਤੇ ਉਸਦੀ ਸ਼ਕਤੀ ਦੀ ਕਦਰ ਕਰਨਾ। ਪਾਬੋਸ ਦੀ ਸ਼ੁਰੂਆਤ ਪਰਸ਼ੀਆ (ਇਰਾਨ) ਤੋਂ ਹੋਈ ਸੀ ਜਿੱਥੇ ਇੱਕ ਵਿਅਕਤੀ ਨੂੰ ਸੁਲਤਾਨ ਅੱਗੇ ਝੁਕਣਾ ਪੈਂਦਾ ਸੀ ਅਤੇ ਉਸਦੇ ਪੈਰ ਚੁੰਮਣੇ ਪੈਂਦੇ ਸਨ। ਉਸਨੇ ਇਰਾਨੀ ਰੀਤੀ ਰਿਵਾਜ਼ਾਂ ਨੂੰ ਗ੍ਰਹਿਣ ਕੀਤਾ।ਆਪਣੇ ਦਰਬਾਰ ਨੂੰ ਇਰਾਨੀ ਢੰਗ ਨਾਲ ਸਜਾਇਆ ਅਤੇ ਇਰਾਨੀ ਤਿਉਹਾਰ ਨੌਰੋਜ਼  ਮਨਾਉਣ ਲੱਗਾ।ਇਰਾਨੀ ਰਵਾਇਤਾ ਦਾ ਬਲਬਨ ਤੇ ਇਨ੍ਹਾਂ ਪ੍ਰਭਾਵ ਪਿਆ ਕਿ ਉਸਨੇ ਆਪਣੇ ਪੋਤਿਆ ਦੇ ਨਾਮ ਵੀ ਇਰਾਨੀ ਬਾਦਸ਼ਾਹਾਂ ਦੇ ਨਾਂ ਤੇ ਰੱਖ ਦਿੱਤੇ ਜਿਵੇਂ - ਕੈਕੁਬਾਦ, ਕੈ ਖੁਸਰੋ ਆਦਿ।
ਬਲਬਨ ਵਿਦਵਾਨਾ ਦਾ v ਸਰਪ੍ਰਸਤ ਸੀ। ਅਮੀਰ ਖੁਸਰੋ ਅਤੇ ਅਮੀਰ ਹਸਨ ਉਸਦੇ ਕਾਲ ਦੇ ਪ੍ਰਸਿੱਧ ਕਵੀ ਸਨ।1286 ਵਿੱਚ ਬਲਬਨ ਦੀ ਮੌਤ ਹੋ ਗਈ।ਕੁਤੁਬ ਮੀਨਾਰ ਦੇ ਪਿੱਛੇ ਮਹਿਰੌਲੀ, ਦਿੱਲੀ ਵਿੱਚ ਬਲਬਨ ਦੀ ਕਬਰ ਹੈ। ਇਸਨੂੰ ਬਲਬਨ ਨੇ ਆਪਣੇ ਜੀਵਨ ਕਾਲ ਦੌਰਾਨ ਬਣਾਇਆ ਸੀ। ਉਹ ਇਸਨੂੰ "ਦਾਰੁਲ ਅਮਾਨ "ਭਾਵ  ਨਿਆਂ ਦਾ ਦਰਵਾਜ਼ਾ ਕਹਿੰਦੇ ਸਨ।
ਇਸ ਤਰ੍ਹਾਂ ਬਲਬਨ ਨੇ ਤਾਨਾਸ਼ਾਹੀ ਰਾਜ ਸਥਾਪਿਤ ਕੀਤਾ।ਉਸਨੇ ਲੋਕ ਭਲਾਈ ਕੰਮ ਘੱਟ ਕੀਤੇ। ਉਸਦੀਆਂ ਨੀਤੀਆਂ ਸਿਰਫ ਲੋਕਾਂ ਦੇ ਮਨਾਂ ਵਿਚ ਡਰ ਪੈਦਾ ਕਰਨ ਦੀਆ ਸਨ।
ਇਸ ਤੋਂ ਇਲਾਵਾ ਬਲਬਨ ਭਾਵੇਂ ਕਠੋਰ ਸੀ ਪਰ ਉਹ ਮਹਾਨ ਯੋਧਾ ਅਤੇ ਯੋਗ ਸ਼ਾਸ਼ਕ ਸੀ।ਜਿਸਨੇ ਨਵੇਂ ਮੁਸਲਿਮ ਰਾਜ ਨੂੰ ਨਸ਼ਟ ਹੋਣ ਤੋਂ ਬਚਾਇਆ।ਜਿਸ ਕਰਕੇ ਉਸਨੂੰ ਮੱਧ ਕਾਲੀਨ ਭਾਰਤ ਦੇ ਇਤਿਹਾਸ ਵਿੱਚ ਉੱਚਾ ਸਥਾਨ ਪ੍ਰਾਪਤ ਹੈ।
ਪੂਜਾ 9815591967
ਰਤੀਆ

ਵਿਰੋਧੀਆਂ ਤੇ ਤਾਂ ਸਾਰੇ ਈ ਕਰਦੇ ਨੇ ਕੀ ਕਦੇ ਆਪਣਿਆਂ ਤੇ ਕੀਤੀ ਹੈ ਇਹੋ ਜਿਹੀ ਭਾਵ ਭਗਵੰਤ ਮਾਨ ਵਰਗੀ ਕਾਰਵਾਈ ?

ਜਦੋਂ ਤੋਂ ਆਮ ਆਦਮੀ ਪਾਰਟੀ ਸਰਕਾਰ ਭਾਰੀ ਬਹੁਮਤ ਨਾਲ ਸੱਤਾ ਵਿੱਚ ਆਈ ਹੈ ਓਸੇ ਦਿਨ ਤੋਂ ਹੀ ਅਲੱਗ ਅਲੱਗ ਚਰਚਾਵਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਵਿਰੋਧੀਆਂ ਦਾ ਤਾਂ ਆਪਾਂ ਸਭਨਾਂ ਨੂੰ ਪਤਾ ਹੈ ਕਿ ਕੀ ਰੀਐਕਸ਼ਨ ਕਰਨਾ ਹੁੰਦਾ ਹੈ ਹਰ ਕੰਮ ਵਿੱਚ,ਓਹ ਕਿਸੇ ਤੋਂ ਵੀ ਗੁੱਝਾ ਨਹੀਂ ਹੈ। ਆਪਣਿਆਂ ਵੱਲੋਂ ਵੀ ਲਗਾਤਾਰ ਚਰਚਾਵਾਂ ਦਾ ਬਾਜ਼ਾਰ ਗਰਮ ਰਹਿੰਦਾ ਹੈ,ਕਿ ਵਾਕਿਆ ਹੀ ਜੇਕਰ ਕੋਈ ਸਰਕਾਰ ਇਮਾਨਦਾਰ ਆਈ ਹੈ ਤਾਂ ਓਹ ਇਹੀ ਈ ਭਾਵ ਆਮ ਆਦਮੀ ਪਾਰਟੀ ਹੀ ਹੈ,ਖੈਰ ਇਹ ਵੀ ਕਹਾਵਤ ਹੈ ਕਿ ਘੁਮਿਆਰੀ ਤਾਂ ਹਮੇਸ਼ਾ ਆਪਣਾ ਹੀ ਭਾਂਡਾ ਸਲਾਹੁੰਦੀ ਹੈ।ਪਰ ਜੇਕਰ ਸਲਾਹੁਣਯੋਗ ਭਾਂਡਾ ਹੋਵੇਗਾ ਤਾਂ ਹੀ ਸਲਾਹਿਆ ਜਾਵੇਗਾ,ਜੇ ਪਾਣੀ ਪਾਉਂਦਿਆਂ ਸਾਰ ਹੀ ਭਾਂਡਾ ਚਿਓਣ ਲੱਗ ਪਏ ਤਾਂ ਕੌਣ ਸਲਾਹੂ, ਜੇਕਰ ਕੋਈ ਕੋਲ ਖੜ੍ਹਾ ਹੋਵੇਗਾ ਤਾਂ ਓਹ ਧਨੇਸੜੀ ਵੀ ਦੇਣ ਲੱਗਿਆਂ ਦੇਰ ਨਹੀਂ ਲਾਊਗਾ।

         ਖ਼ੈਰ ਜਦੋਂ ਦੀ ਮਾਨ ਸਾਹਿਬ ਦੀ ਸਰਕਾਰ ਭਾਰੀ ਬਹੁਮਤ ਨਾਲ ਸੱਤਾ ਵਿੱਚ ਆਈ ਹੈ ਓਦੋਂ ਤੋਂ ਲੈਕੇ ਹੀ ਬਹੁਤ ਵਧੀਆ ਜੱਗੋਂ ਨਿਆਰੇ ਫੈਸਲੇ ਲਏ ਜਾ ਰਹੇ ਹਨ,ਜਿਸ ਕਾਰਨ ਜੇਕਰ ਕਹਿ ਲਈਏ ਕਿ ਵਿਰੋਧੀਆਂ ਦੀ ਬੋਲਤੀ ਬੰਦ ਹੋ ਗਈ ਹੈ  ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।ਜੋ ਅੱਜ ਤੱਕ ਪਝੰਤਰ ਸਾਲਾਂ ਤੋਂ ਕਿਸੇ ਵੀ ਸਰਕਾਰ ਤੋਂ ਨਹੀਂ ਹੋਏ ਓਹ ਇਤਹਾਸਕ ਫੈਸਲੇ ਕਰ ਵਿਖਾਏ ਮਾਨ ਸਾਹਿਬ ਨੇ। ਇੱਕ ਪੈਂਸ਼ਨ, ਨਜਾਇਜ਼ ਕਬਜ਼ੇ ਛੁਡਵਾਉਣੇ,ਜਲਦੀ ਦਿੱਲੀ ਏਅਰਪੋਰਟ ਤੇ ਸਰਕਾਰੀ ਬੱਸਾਂ ਦੀ ਇੰਟਰੀ, ਹੁਣੇ ਹੁਣੇ ਪੰਜਾਬੀ ਭਾਸ਼ਾ ਵਿਚ ਵਿਗਿਆਨ ਦੀ ਪੜਾਈ ਸਕੂਲ਼ਾਂ ਵਿੱਚ ਕਰਵਾਉਣ ਦੀ ਤਿਆਰੀ, ਨੌਕਰੀਆਂ ਦੀਆਂ ਵਕੈਂਸੀਆਂ,ਨਸ਼ਿਆਂ ਤੇ ਕਾਬੂ ਪਾਉਣ ਲਈ ਖੁਦ ਆਪ ਕੁੱਦਣਾ,ਵੀ ਆਈ ਪੀ ਸਕਿਊਰਟੀ ਵਾਪਸ ਲੈਣੀ, ਕਿਸਾਨਾਂ ਦੀਆਂ ਜਾਇਜ਼ ਮੰਗਾਂ ਓਨਾਂ ਕੋਲ ਜਾ ਕੇ ਜੱਫੀਆਂ ਪਾਕੇ ਵਧੀਆ ਮਹੌਲ ਚ ਗੱਲਬਾਤ ਰਾਹੀਂ ਮੰਨਣੀਆਂ, ਪਝੰਤਰ ਮਹੱਲਾ ਕਲਿਨਿਕ ਜਲਦੀ ਖੋਲ੍ਹਣੇ, ਇੱਕ ਸੌ ਸਤਾਰਾਂ ਸਮਾਰਟ ਸਕੂਲ ਜਲਦੀ ਖੋਲ੍ਹਣੇ ਆਦਿ। ਬਹੁਤ ਹੈਰਾਨੀ ਹੁੰਦੀ ਹੈ ਕਿ ਇਹੋ ਜਿਹੇ ਇਤਿਹਾਸਕ ਫੈਸਲੇ ਸਿਰਫ਼ ਦੋ ਮਹੀਨਿਆਂ ਵਿੱਚ ਲੈਣਾ ਇੱਕ ਮੀਲ ਪੱਥਰ ਨਹੀਂ? ਓਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਸਰਕਾਰ ਦੀਆਂ ਇਨ੍ਹਾਂ ਉਪਲੱਬਧੀਆਂ ਨੂੰ ਜੱਗ ਜ਼ਾਹਰ ਕਰਨ ਦੀ ਬਜਾਏ ਇਨ੍ਹਾਂ ਨੂੰ ਲਕੋ ਕੇ ਸਿਆਸੀ ਰੋਟੀਆਂ ਸੇਕਣ ਦੀ ਰੌਂ ਵਿੱਚ ਹਨ।

         ਗੱਲ ਕਰਦੇ ਆਂ ਹੁਣੇ ਹੁਣੇ ਸਿਹਤ ਮੰਤਰੀ ਵਿਜੇ ਸਿੰਗਲਾ ਸਾਹਿਬ ਦਾ ਭ੍ਰਿਸ਼ਟਾਚਾਰ ਵਿੱਚ ਲਿਪਤ ਹੋਇਆਂ ਨੂੰ ਰੰਗੇ ਹੱਥੀਂ ਪਕੜਨਾ ਤੇ ਫਿਰ ਬਰਖਾਸਤ ਕਰਨਾ ਤੇ ਫਿਰ ਆਪ ਹੀ ਗ੍ਰਿਫਤਾਰ ਕਰਵਾਉਣਾ?ਯਾਰ ਜਿਨੀ ਵੀ ਇਸ ਗੱਲ ਦੀ ਸ਼ਲਾਘਾ ਕੀਤੀ ਜਾਵੇ ਓਨੀ ਹੀ ਥੋੜੀ ਹੈ। ਭਾਵੇਂ ਵਿਰੋਧੀਆਂ ਵੱਲੋਂ ਭਾਵੇਂ ਆਪਣਿਆਂ ਵੱਲੋਂ, ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ ਓਦੋਂ ਤੋਂ ਲੈਕੇ ਹੁਣ ਤੱਕ ਹੋਰ ਰਾਜਾਂ ਦਾ ਤਾਂ ਪਤਾ ਨਹੀਂ ਪਰ ਪੰਜਾਬ ਵਿਚ ਇਹ ਪਹਿਲੀ ਵਾਰ ਇੱਕ ਇਤਹਾਸਕ ਗੱਲ ਹੋਈ ਆ,ਹੋਰ ਬਦਲਾਅ ਕੀਹਨੂੰ ਕਿਹਾ ਜਾਵੇਗਾ ਪੰਜਾਬ ਵਾਸੀਓ, ਇੱਕ ਪਹਿਲੀ ਸਰਕਾਰ ਸੀ ਓਹਦੇ ਵਿੱਚ ਸ਼ਰੇਆਮ ਵਿਦਿਆਰਥੀਆਂ ਦੇ ਵਜ਼ੀਫ਼ੇ ਖਾਧੇ ਗਏ ਸਨ,ਕੀ ਕੋਈ ਕਾਰਵਾਈ ਹੋਈ ਸੀ,ਇਹ ਗੱਲ ਤਾਂ ਜੱਗ ਜਾਹਿਰ ਹੈ? ਸ਼ਾਬਾਸ਼ ਭਗਵੰਤ ਮਾਨ ਸਾਹਿਬ ਜੀ ਨਹੀਂ ਰੀਸਾਂ ਤੁਹਾਡੀਆਂ, ਅਕਸਰ ਤੁਸੀਂ ਸਿਆਸਤ ਦੀ ਗੁੜ੍ਹਤੀ ਕਿਸ ਤੋਂ ਲਈ ਹੈ, ਅਰਵਿੰਦ ਕੇਜਰੀਵਾਲ ਸਾਹਿਬ ਤੋਂ, ਓਨਾਂ ਦੇ ਪਦ ਚਿੰਨ੍ਹਾਂ ਤੇ ਚਲਦਿਆਂ ਤੁਹਾਨੂੰ ਤੁਹਾਡੇ ਆਪਣੇ ਮਿਸ਼ਨ ਤੋਂ ਕੋਈ ਵੀ ਮਾਈ ਦਾ ਲਾਲ ਨਹੀਂ ਰੋਕ ਸਕਦਾ। ਅੱਜ ਅਰਵਿੰਦ ਕੇਜਰੀਵਾਲ ਸਾਹਿਬ ਦੇ ਵੀ ਪਿਆਰ ਮੁਹੱਬਤ ਦੇ ਅਥਰੂ ਵੇਖੇ ਗਏ, ਓਨਾਂ ਨੂੰ ਤੁਹਾਡੇ ਤੇ ਮਾਣ ਹੈ, ਤੁਸੀਂ ਓਨਾਂ ਦੀ ਸੋਚ ਤੇ ਪਹਿਰਾ ਦੇ ਕੇ ਇੱਕ ਸੱਚੇ ਦੋਸਤ, ਇੱਕ ਸੱਚੇ ਸਿਖਿਆਰਥੀ, ਇੱਕ ਸੱਚੇ ਸੇਵਕ ਦਾ ਜੋ ਰੋਲ ਅਦਾ ਕੀਤਾ ਹੈ ਉਸ ਨੂੰ ਸਦਾ ਸਿਜਦਾ ਹੈ।ਆਮ ਵਿਰੋਧੀ ਪਾਰਟੀਆਂ ਦੇ ਮੂੰਹੋਂ ਇਹ ਸੁਣ ਰਹੇ ਹਾਂ ਕਿ ਹੁਣ ਪੰਜਾਬ ਸਰਕਾਰ ਦਿੱਲੀ ਤੋਂ ਚੱਲੇਗੀ,ਕੀ ਕਿਸੇ ਤੋਂ ਕੋਈ ਚੰਗੀ ਗੱਲ ਚੰਗੀ ਰਾਇ ਪੰਜਾਬ ਤੇ ਪੰਜਾਬੀਅਤ ਦੀ ਭਲਾਈ ਲਈ ਹੋਵੇ ਤਾਂ ਓਸ ਨੂੰ ਲੈ ਲੈਣ ਵਿੱਚ ਹਰਜ ਵੀ ਕੀ ਹੈ, ਜੇਕਰ ਕੋਈ ਗੱਲ ਚੰਗੀ ਨਹੀਂ ਲਗਦੀ ਤਾਂ ਓਹਨੂੰ ਛੱਡ ਦਿਓ।ਪਰ ਵਿਰੋਧੀਆਂ ਨੇ ਤਾਂ ਟੰਗਾਂ ਹੀ ਆੜਾਉਣੀਆਂ ਹੁੰਦੀਆਂ ਨੇ ਸੋ ਬਹੁਤੇ ਅੜਾ ਵੀ ਰਹੇ ਨੇ, ਅਤੇ ਕੲਈ ਵਿਰੋਧੀਆਂ ਵੱਲੋਂ ਵੀ ਭਗਵੰਤ ਮਾਨ ਦੇ ਕੰਮਾਂ ਦੇ ਸੋਹਲੇ ਗਾਏ ਜਾ ਰਹੇ ਹਨ,ਆਹ ਹੁਣੇ ਹੁਣੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਗਏ ਸੁਨੀਲ ਜਾਖੜ ਸਾਹਿਬ ਨੇ ਭਗਵੰਤ ਮਾਨ ਦੇ ਕੰਮਾਂ ਦੀ ਰੱਜ ਕੇ ਤਾਰੀਫ ਕੀਤੀ ਹੈ, ਹੋਰ ਵੀ ਅਨੇਕਾਂ ਵਿਰੋਧੀਆਂ ਨੇ ਭਗਵੰਤ ਮਾਨ ਦੇ ਕੰਮਾਂ ਦੀ ਤਾਰੀਫ਼ ਕੀਤੀ ਹੈ ਕਰਨੀ ਵੀ ਚਾਹੀਦੀ ਹੈ ਜੋ ਇਨਸਾਨ ਚੰਗਾ ਕੰਮ ਕਰਦਾ ਹੈ ਉਸ ਦੇ ਮੋਢੇ ਨਾਲ ਮੋਢਾ ਜੇਕਰ ਨਹੀਂ ਲਾ ਸਕਦੇ ਤਾਂ ਘੱਟੋ ਘੱਟ ਮੂੰਹੋਂ ਚੰਗੇ ਕੰਮਾਂ ਨੂੰ ਸਲਾਹੁਣਾ ਹਰ ਇੱਕ ਦਾ ਫਰਜ਼ ਹੈ।ਹੁਣ ਇੱਕ ਹੋਰ ਨਵਾਂ ਸ਼ੋਸ਼ਾ ਸੁਨਣ ਨੂੰ ਮਿਲਿਆ ਹੈ ਕਿ ਪਹਿਲਾਂ ਚੰਡੀਗੜ੍ਹ ਤੇ ਮੋਹਾਲੀ ਵਿਚੋਂ ਨਜਾਇਜ਼ ਕਬਜ਼ੇ ਛੁਡਾਓ ਤਾਂ ਮੰਨਾਂਗੇ, ਓਹ ਭਲਿਓ ਮਾਣਸੋ ਕੋਈ ਸਮਾਂ ਤਾਂ ਦਿਓ ਕੋਹ ਨਾ ਚੱਲੀ ਬਾਬਾ ਤਿਹਾਈ।ਦੋ ਮਹੀਨੇ ਦਾ ਸਮਾਂ ਹੋਇਆ ਹੈ ਤੇ ਕੰਮ ਹੋ ਰਹੇ ਨੇ, ਜਦੋਂ ਮੁਹਾਲੀ ਤੇ ਚੰਡੀਗੜ੍ਹ ਵਿਚੋਂ ਕਬਜ਼ੇ ਛੁਡਾ ਲਏ ਮੰਨਣਾ ਤੁਸੀਂ ਫਿਰ ਵੀ ਨਹੀਂ।

           ਪਰ ਮਾਨ ਸਾਹਿਬ ਜੀ ਜੋ ਇਸ ਸਮੇਂ ਲੁਕਾਈ ਦੇ ਮੂੰਹ ਤੇ ਗੱਲ ਹੈ ਓਹ ਇਹ ਆ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਨੂੰ ਹੌਲੀ ਹੌਲੀ ਪੂਰਾ ਕਰ ਰਹੇ ਹੋਂ, ਬਹੁਤ ਵਧੀਆ ਗੱਲ ਹੈ ਤੁਹਾਡੇ ਤੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਮਾਣ ਹੈ ਭਾਵੇਂ ਕੋਈ ਦੇਸ਼ ਵਿੱਚ ਹੈ ਜਾਂ ਵਿਦੇਸ਼ ਵਿੱਚ,ਪਰ ਸੱਭ ਤੋਂ ਪਹਿਲਾਂ ਨਸ਼ਿਆਂ ਨੂੰ ਜ਼ਰੂਰ ਠੱਲ ਪਾਓ ਕਿਉਂਕਿ ਹਰ ਪੰਜਾਬ ਦਾ ਭਲਾ ਚਾਹੁਣ ਵਾਲਿਆਂ ਵੱਲੋਂ ਤੁਹਾਨੂੰ ਸਨਿਮਰ ਇਹੀ ਬੇਨਤੀ ਹੈ,ਬਾਕੀ ਕੰਮ ਬੇਸ਼ੱਕ ਥੋੜਾ ਰੁਕ ਕੇ ਕਰ ਲੈਣੇ ਪਰ ਨਸ਼ਿਆਂ ਨੂੰ ਸੱਭ ਤੋਂ ਪਹਿਲਾਂ ਰੋਕੋ। ਘਰਾਂ ਦੇ ਘਰ ਤਬਾਹ ਹੋਈ ਜਾ ਰਹੇ ਹਨ, ਵਸਦੇ ਘਰ ਉਜੜ ਰਹੇ ਹਨ, ਤੁਸੀਂ ਪੰਜਾਬ ਦੇ ਹਿਤੈਸ਼ੀ ਹੋਂ ਇਸ ਵਿੱਚ ਕਿਸੇ ਵੀ ਪੰਜਾਬੀ ਨੂੰ ਰਤਾ ਭਰ ਵੀ ਸ਼ੱਕ ਨਹੀਂ, ਤੁਸੀਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੋਂ ਇਸ ਵਿੱਚ ਵੀ ਕੋਈ ਦੋ ਰਾਇ ਨਹੀਂ ਹੈ, ਤੁਸੀਂ ਅਕਸਰ ਸਟੇਜਾਂ ਤੋਂ ਬੋਲਦੇ ਹੋਂ ਕਿ ਨੀਤ ਚ ਖੋਟ ਨਾ ਹੋਵੇ ਤਾਂ ਕੋਈ ਵੀ ਕੰਮ ਕਦੇ ਔਖਾ ਨਹੀਂ ਹੁੰਦਾ। ਬਿਲਕੁਲ ਸੱਚ ਹੈ।ਬੱਸ ਪੰਜਾਬੀਆਂ ਵੱਲੋਂ ਇੱਕੋ ਇੱਕ ਇਹੀ ਅਪੀਲ ਹੈ ਕਿ ਨਿਧੜਕ ਹੋ ਕੇ ਆਪਣੇ ਕੀਤੇ ਵਾਅਦਿਆਂ ਨੂੰ ਪੂਰੇ ਕਰਦੇ ਚੱਲੋ ਪੰਜਾਬ ਤੇ ਪੰਜਾਬੀ ਸਦਾ ਤੁਹਾਡੇ ਨਾਲ ਨੇ। ਪਹਿਲਾਂ ਜਿਹਾ ਹਸਦਾ ਵਸਦਾ ਪੰਜਾਬ ਇੱਕ ਦਿਨ ਦੁਬਾਰਾ ਜ਼ਰੂਰ ਬਣੇਗਾ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ‘ਤੇ ਵਿਸ਼ੇਸ਼ - 27 ਮਈ 1964 ਈ.  ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

ਭਾਰਤੀ ਗਣਰਾਜ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਸੰਸਾਰ ਦੇ ਇੱਕ ਮਹਾਨ ਨੇਤਾ ਸਨ।ਉਹ ਫਿਰਕੂ ਭੇਦ ਭਾਵ ਦੇ ਕੱਟੜ ਵਿਰੋਧੀ ,ਇੱਕ ਉੱਘੇ ਕੌਮੀ ਨੇਤਾ ਅਤੇ ਪ੍ਰਸਿੱਧ ਲੇਖਕ ਵੀ ਹਨ।ਗੁਲਜ਼ਾਰੀ ਲਾਲ ਨੰਦਾ ਦੇ ਕਥਨ ਅਨੁਸਾਰ ,”ਪੰਡਤ ਜਵਾਹਰ ਲਾਲ ਨਹਿਰੂ ਭਾਰਤ ਮਾਂ ਦੀ ਅਵਾਜ਼ ਸਨ ਅਤੇ ਉਸ ਦੇ ਆਦਰਸ਼ਾਂ ਅਤੇ ਉਦੇਸ਼ਾਂ ਦੇ ਸੂਚਕ ਸਨ।”ਰਾਜਨੀਤੀਵਾਨ, ਰਾਜਨੇਤਾ ਅਤੇ ਭਾਰਤੀ ਅਜ਼ਾਦੀ ਅੰਦੋਲਨ ਦੇ ਇੱਕ ਅਹਿਮ ਆਗੂ ਸਨ। ਉਹਨਾਂ ਨੂੰ 1947 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੁਆਰਾ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਚੁਣਿਆ ਗਿਆ ਸੀ। 27 ਮਈ 1964 ਨੂੰ ਆਪਣੀ ਮੌਤ ਤੱਕ ਇਸ ਅਹੁਦੇ ਤੇ ਬਣੇ ਰਹੇ। ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ 1889ਈ.ਨੂੰ ਇਲਾਹਾਬਾਦ ਵਿਖੇ ਹੋਇਆ।ਪਿਤਾ ਦਾ ਨਾਂ ਮੋਤੀ ਲਾਲ ਨਹਿਰੂ ਅਤੇ ਮਾਤਾ ਦਾ ਨਾਂ ਸਵਰੂਪ ਰਾਣੀ ਸੀ।ਆਪ ਦੇ ਪਿਤਾ ਜੀ ਧਨਾਢ ਵਕੀਲ ਸਨ। ਜਵਾਹਰ ਲਾਲ ਨਹਿਰੂ ਨੇ ਦੁਨੀਆ ਦੇ ਸਭ ਤੋਂ ਉੱਤਮ ਸਕੂਲਾਂ ਅਤੇ ਵਿਸ਼ਵਵਿਦਿਆਲਿਆਂ ਵਿੱਚ ਸਿੱਖਿਆ ਪ੍ਰਾਪਤ ਕੀਤੀ ਸੀ। ਉਹਨਾਂ ਨੇ ਆਪਣੀ ਸਕੂਲੀ ਸਿੱਖਿਆ ਹੈਰੋ ਤੋਂ ਅਤੇ ਕਾਲਜ ਦੀ ਸਿੱਖਿਆ ਟਰਿੰਟੀ ਕਾਲਜ ,ਲੰਡਨ ਤੋਂ ਪੂਰੀ ਕੀਤੀ ਸੀ। ਇਸਦੇ ਬਾਅਦ ਉਹਨਾਂ ਨੇ ਆਪਣੀ ਲਾਅ ਦੀ ਡਿਗਰੀ ਕੈਂਬਰਿਜ ਯੂਨੀਵਰਸਿਟੀ ਤੋਂ ਪੂਰੀ ਕੀਤੀ। ਜਵਾਹਰ ਲਾਲ ਨਹਿਰੂ 1912 ਵਿੱਚ ਭਾਰਤ ਪਰਤੇ ਅਤੇ ਵਕਾਲਤ ਸ਼ੁਰੂ ਕੀਤੀ। 1916 ਵਿੱਚ ਉਹਨਾਂ ਦੀ ਵਿਆਹ ਨਾਲ ਹੋਇਆ। 1916 ਵਿੱਚ ਉਹਨਾਂ ਦੀ ਵਿਆਹ ਕਮਲਾ ਨਹਿਰੂ ਨਾਲ ਹੋਇਆ। 1917 ਵਿੱਚ ਜਵਾਹਰ ਲਾਲ ਨਹਿਰੂ ਹੋਮ ਰੂਲ ਲੀਗ ਵਿੱਚ ਸ਼ਾਮਿਲ ਹੋ ਗਏ। ਜਵਾਹਰ ਲਾਲ ਨਹਿਰੂ ਨੇ 1920 - 1922 ਵਿੱਚ ਨਾ ਮਿਲਵਰਤਨ ਅੰਦੋਲਨ ਵਿੱਚ ਸਰਗਰਮ ਹਿੱਸਾ ਲਿਆ ਅਤੇ ਇਸ ਦੌਰਾਨ ਪਹਿਲੀ ਵਾਰ ਗਿਰਫਤਾਰ ਕੀਤੇ ਗਏ। ਕੁੱਝ ਮਹੀਨਿਆਂ ਦੇ ਬਾਅਦ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। 1928 - 29 ਵਿੱਚ, ਕਾਂਗਰਸ ਦੇ ਸਲਾਨਾ ਇਜਲਾਸ ਦਾ ਪ੍ਰਬੰਧ ਮੋਤੀਲਾਲ ਨਹਿਰੂ ਦੀ ਪ੍ਰਧਾਨਗੀ ਵਿੱਚ ਕੀਤਾ ਗਿਆ। ਦਸੰਬਰ 1929 ਵਿੱਚ, ਕਾਂਗਰਸ ਦਾ ਸਲਾਨਾ ਇਜਲਾਸ ਲਾਹੌਰ ਵਿੱਚ ਕੀਤਾ ਗਿਆ ਜਿਸ ਵਿੱਚ ਜਵਾਹਰ ਲਾਲ ਨਹਿਰੂ ਕਾਂਗਰਸ ਪਾਰਟੀ ਦੇ ਪ੍ਰਧਾਨ ਚੁਣੇ ਗਏ। ਇਸ ਅਜਲਾਸ ਦੇ ਦੌਰਾਨ ਇੱਕ ਮਤਾ ਪਾਸ ਕੀਤਾ ਗਿਆ, ਜਿਸ ਵਿੱਚ ਪੂਰਨ ਸਵਰਾਜ ਦੀ ਮੰਗ ਕੀਤੀ ਗਈ। 26 ਜਨਵਰੀ 1930 ਨੂੰ ਲਾਹੌਰ ਵਿੱਚ ਜਵਾਹਰ ਲਾਲ ਨਹਿਰੂ ਨੇ ਆਜਾਦ ਭਾਰਤ ਦਾ ਝੰਡਾ ਫਹਰਾਇਆ। ਨਹਿਰੂ ਕਾਂਗਰਸ ਦੇ ਪ੍ਰਧਾਨ ਪਦ ਲਈ 1936 ਅਤੇ 1937 ਵਿੱਚ ਚੁਣੇ ਗਏ ਸਨ। 1947 ਵਿੱਚ ਉਹ ਆਜਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ। ਉਹਨਾਂ ਨੂੰ ਸਾਲ 1955 ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। 27 ਮਈ 1964 ਨੂੰ ਜਵਾਹਰ ਲਾਲ ਨਹਿਰੂ ਨੂੰ ਦਿਲ ਦਾ ਦੌਰਾ ਪਿਆ ਜਿਸ ਵਿੱਚ ਉਹਨਾਂ ਦੀ ਮੌਤ ਹੋ ਗਈ।ਪੰਡਿਤ ਜਵਾਹਰਲਾਲ ਨਹਿਰੂ ਦੇ ਦੇਹਾਂਤ ’ਤੇ ਅਟਲ ਬਿਹਾਰੀ ਵਾਜਪਾਈ ਦੇ ਮਨੋਭਾਵ ਇਸ ਦਾ ਪ੍ਰਗਟਾਵਾ ਕਰਦੇ ਹਨ "ਇਕ ਸੁਪਨਾ ਸੀ ਜੋ ਅਧੂਰਾ ਰਹਿ ਗਿਆ, ਇੱਕ ਗੀਤ ਸੀ ਜੋ ਗੂੰਗਾ ਹੋ ਗਿਆ, ਇੱਕ ਲੋਅ ਸੀ ਜੋ ਅਨੰਤ ਵਿੱਚ ਲੀਨ ਹੋ ਗਈ। ਸੁਪਨਾ ਸੀ ਅਜਿਹੇ ਇੱਕ ਸੰਸਾਰ ਦਾ ਜੋ ਭੈਅ ਤੇ ਭੁੱਖ ਤੋਂ ਰਹਿਤ ਹੋਵੇਗਾ, ਗੀਤ ਸੀ ਇੱਕ ਅਜਿਹੇ ਮਹਾਂਕਾਵਿ ਦਾ ਜਿਸ ਵਿੱਚ ਗੀਤਾਂ ਦੀ ਗੂੰਜ ਅਤੇ ਗੁਲਾਬ ਦੀ ਮਹਿਕ ਸੀ। ਲੌਅ ਸੀ ਅਜਿਹੇ ਦੀਪਕ ਦੀ ਜੋ ਰਾਤ ਭਰ ਜਲਦਾ ਰਿਹਾ, ਹਰੇਕ ਹਨੇਰੇ ਨਾਲ ਲੜਦਾ ਰਿਹਾ ਅਤੇ ਸਾਨੂੰ ਰਸਤਾ ਦਿਖਾ ਕੇ, ਇੱਕ ਸਵੇਰ ਨਿਰਵਾਣ ਨੂੰ ਪ੍ਰਾਪਤ ਹੋ ਗਏ। ਮੌਤ ਅਟੱਲ ਹੈ, ਸਰੀਰ ਨਾਸ਼ਵਾਨ ਹੈ। ਖਰੇ ਸੋਨੇ ਦੀ ਜਿਸ ਦੇਹ ਨੂੰ ਅਸੀਂ ਚਿਤਾ ’ਤੇ ਚੜ੍ਹਾ ਕੇ ਆਏ ਹਾਂ ਉਸ ਦਾ ਨਾਸ਼ ਨਿਸ਼ਚਿਤ ਸੀ। ਪਰ ਕੀ ਇਹ ਜ਼ਰੂਰੀ ਸੀ ਕਿ ਮੌਤ ਇੰਨੀ ਚੋਰੀ ਛਿਪੇ ਆਉਂਦੀ? ਜਦੋਂ ਸੰਗੀ ਸਾਥੀ ਸੌਂ ਰਹੇ ਸੀ, ਜਦੋਂ ਪਹਿਰੇਦਾਰ ਬੇਖ਼ਬਰ ਸਨ, ਸਾਡੀ ਜ਼ਿੰਦਗੀ ਦਾ ਇੱਕ ਬੇਸ਼ਕੀਮਤੀ ਖ਼ਜ਼ਾਨਾ ਲੁੱਟਿਆ ਗਿਆ। ਭਾਰਤਮਾਤਾ ਇਸ ’ਤੇ ਸੋਗਵਾਰ ਹੈ। ਉਸ ਦਾ ਸਭ ਤੋਂ ਲਾਡਲਾ ਰਾਜਕੁਮਾਰ ਖੋ ਗਿਆ ਹੈ। ਮਾਨਵਤਾ ਅੱਜ ਗ਼ਮਗੀਨ ਹੈ। ਉਸ ਦਾ ਪੁਜਾਰੀ ਸੌਂ ਗਿਆ ਹੈ। ਸ਼ਾਂਤੀ ਅੱਜ ਅਸ਼ਾਂਤ ਹੈ-ਉਸ ਦਾ ਪਹਿਰੇਦਾਰ ਚਲਿਆ ਗਿਆ ਹੈ। ਦਲਿਤਾਂ ਦਾ ਸਹਾਰਾ ਛੁੱਟ ਗਿਆ ਹੈ। ਜਨ ਜਨ ਦੀ ਅੱਖ ਦਾ ਤਾਰਾ ਟੁੱਟ ਗਿਆ ਹੈ। ਰੰਗਮੰਚ ਦਾ ਪਰਦਾ ਡਿੱਗ ਗਿਆ ਹੈ।ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣੀ ਆਖਰੀ ਖਾਹਿਸ਼ ਵਿੱਚ ਇਸ ਤਰ੍ਹਾਂ ਲਿਖਿਆ ਹੈ-“ਮੈਨੂੰ ਭਾਰਤੀ ਜਨਤਾ ਪਾਸੋਂ ਇੰਨਾਂ ਪ੍ਰੇਮ ਅਤੇ ਪਿਆਰ ਮਿਲਿਆ ਕਿ ਮੈਂ ਉਸ ਦਾ ਇੱਕ ਅੰਸ਼ ਦਾ ਵੀ ਮੁੱਲ ਨਹੀਂ ਚੁਕਾ ਸਕਦਾ ਸਕਦਾ।
ਪ੍ਰੋ.ਗਗਨਦੀਪ ਕੌਰ ਧਾਲੀਵਾਲ

ਭਾਰਤ ਦੀ ਪਹਿਲੀ ਅਤੇ ਆਖਰੀ ਮੁਸਲਿਮ ਮਹਿਲਾ ਸੁਲਤਾਨ- ਰਜ਼ੀਆ ਬੇਗ਼ਮ ✍️ ਪੂਜਾ ਰਤੀਆ

 ਰਜ਼ੀਆ ਸੁਲਤਾਨਾ ਮੁਸਲਿਮ ਅਤੇ ਤੁਰਕੀ ਦੇ ਇਤਿਹਾਸ ਵਿੱਚ ਪਹਿਲੀ ਮਹਿਲਾ ਸ਼ਾਸਕ ਸੀ। ਰਜੀਆ ਦਾ ਜਨਮ 1205ਈ.ਨੂੰ ਬਦਾਯੂੰ ਵਿੱਚ ਹੋਇਆ।ਉਹ ਇਲਤੁਤਮਿਸ਼ ਦੀ ਪੁੱਤਰੀ ਸੀ।ਉਸਦੀ ਮਾਤਾ ਦਾ ਨਾਮ ਕੁਤੁਬ ਬੇਗਮ ਸੀ। ਰਜੀਆ ਦਾ ਪੂਰਾ ਨਾਮ ਰਜਿਆ ਅਲ - ਦਿਨ, ਸ਼ਾਹੀ ਨਾਮ “ਜਲਾਲਾਤ ਉਦ - ਦਿਨ ਰਜਿਆ”ਅਤੇ  ਇਤਿਹਾਸ ਵਿੱਚ ਜਿਸਨੂੰ ਆਮ ਤੌਰ ਤੇ: “ਰਜ਼ੀਆ ਸੁਲਤਾਨ” ਜਾਂ “ਰਜਿਆ ਸੁਲਤਾਨਾ”ਜਾਂ ਰਜ਼ੀਆ ਬੇਗ਼ਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਦਿੱਲੀ ਸਲਤਨਤ ਦੀ ਸੁਲਤਾਨ ਸੀ ।ਰਜ਼ੀਆ ਦੇ ਆਪਣੇ ਸਿੱਕੇ ਉਸ ਨੂੰ ਸੁਲਤਾਨ ਜਲਾਲਤ ਅਲ-ਦੁਨੀਆ ਵਾਲ-ਦੀਨ ਜਾਂ ਅਲ-ਸੁਲਤਾਨ ਅਲ-ਮੁਆਜ਼ਮ ਰਜ਼ੀਅਤ ਅਲ-ਦੀਨ ਬਿੰਤ ਅਲ-ਸੁਲਤਾਨ ਕਹਿੰਦੇ ਹਨ। ਉਸਨੇ 1236-1240ਤਕ ਰਾਜ ਕੀਤਾ।
ਇਲਤੁਤਮਿਸ਼ ਪਹਿਲਾ ਹਾਕਮ ਸੀ ਜਿਸਨੇ ਇਕ ਇਸਤਰੀ ਨੂੰ ਉੱਤਰਾਧਿਕਾਰੀ ਘੋਸ਼ਿਤ ਕੀਤਾ ਸੀ।
ਪਰ ਉਸਦੀ ਮੌਤ ਪਿੱਛੋਂ ਤੁਰਕੀ ਸਰਦਾਰਾ ਨੇ ਉਸਦੇ ਵੱਡੇ ਪੁੱਤਰ ਰੁਕਨ ਉਦ ਦੀਨ ਫ਼ਿਰੋਜ਼ ਸ਼ਾਹ ਨੂੰ ਗੱਦੀ ਉੱਪਰ ਬਿਠਾ ਦਿੱਤਾ।ਪਰ ਉਹ ਅਯੋਗ ਸ਼ਾਸਕ ਸਿੱਧ ਹੋਇਆ।
10ਨਵੰਬਰ 1236ਈ.ਨੂੰ ਰਜ਼ੀਆ ਸੁਲਤਾਨ ਦੀ ਤਾਜਪੋਸ਼ੀ ਰਸਮ ਹੋਈ।ਰਜ਼ੀਆ ਪਰਦਾ ਪ੍ਰਥਾ ਛੱਡ ਕੇ ਮਰਦਾਂ ਵਾਂਗ ਅਦਾਲਤ ਵਿਚ ਜਾਂਦੀ ਸੀ।ਰਜ਼ੀਆ ਦੀ ਸਰਕਾਰੀ ਕੰਮ ਵਿੱਚ ਰੁਚੀ ਆਪਣੇ ਪਿਤਾ ਦੇ ਸਮੇਂ ਤੋਂ ਹੀ ਸੀ। ਗੱਦੀ ਸੰਭਾਲਣ ਤੋਂ ਬਾਅਦ, ਰਜ਼ੀਆ ਨੇ ਰੀਤੀ-ਰਿਵਾਜਾਂ ਦੇ ਉਲਟ ਸਿਪਾਹੀਆਂ ਦੇ ਕੋਟ ਅਤੇ ਮਰਦਾਂ ਵਾਂਗ ਪਗੜੀ ਪਹਿਨਣ ਦੀ ਚੋਣ ਕੀਤੀ। ਸਗੋਂ ਬਾਅਦ ਵਿੱਚ ਬਿਨਾਂ ਪਰਦਾ ਪਹਿਣੇ ਜੰਗ ਵਿੱਚ ਸ਼ਾਮਲ ਹੋ ਗਈ। ਰਜ਼ੀਆ ਨੇ ਪਰਦਾ ਪ੍ਰਥਾ ਨੂੰ ਤਿਆਗ ਦਿੱਤਾ ਅਤੇ ਮਰਦਾਂ ਵਾਂਗ ਚੋਗਾ (ਕੁਰਤਾ) (ਕਾਬਾ), ਕੁਲਾਹ (ਟੋਪੀ) ਪਹਿਨ ਕੇ ਦਰਬਾਰ ਵਿੱਚ ਖੁੱਲ੍ਹੇ ਮੂੰਹ ਨਾਲ ਜਾਣਾ ਸ਼ੁਰੂ ਕਰ ਦਿੱਤਾ।ਰਜ਼ੀਆ ਆਪਣੀ ਸਿਆਸੀ ਸਮਝ ਅਤੇ ਨੀਤੀਆਂ ਨਾਲ ਫੌਜ ਅਤੇ ਆਮ ਜਨਤਾ ਦਾ ਖਿਆਲ ਰੱਖਦੀ ਸੀ। ਉਹ ਦਿੱਲੀ ਦੀ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਬਣ ਗਈ।
ਰਜ਼ੀਆ ਦੇ ਸਿੱਕੇ ਚਾਂਦੀ ਅਤੇ ਬਿਲੋਨ  ਵਿੱਚ ਪਾਏ ਜਾਂਦੇ ਹਨ। ਬਿਲੋਨ ਇਕ ਬਹੁਮਤ ਇੱਕ ਕੀਮਤੀ ਧਾਤ (ਆਮ ਤੌਰ 'ਤੇ ਚਾਂਦੀ, ਪਰ ਸੋਨਾ ਵੀ) ਦਾ ਇੱਕ ਧਾਤੂ ਸਮੱਗਰੀ (ਜਿਵੇਂ ਕਿ ਤਾਂਬਾ) ਦੇ ਨਾਲ ਇੱਕ ਮਿਸ਼ਰਤ ਹੈ। ਇਹ ਮੁੱਖ ਤੌਰ 'ਤੇ ਸਿੱਕੇ, ਮੈਡਲ ਅਤੇ ਟੋਕਨ ਸਿੱਕੇ ਬਣਾਉਣ ਲਈ ਵਰਤਿਆ ਜਾਂਦਾ ਹੈ।ਬੰਗਾਲ ਸ਼ੈਲੀ ਦਾ ਸੋਨੇ ਦਾ ਸਿੱਕਾ ਵੀ ਜਾਣਿਆ ਜਾਂਦਾ ਹੈ। ਚਾਂਦੀ ਦੇ ਸਿੱਕੇ ਬੰਗਾਲ ਅਤੇ ਦਿੱਲੀ ਦੋਵਾਂ ਤੋਂ ਜਾਰੀ ਕੀਤੇ ਗਏ ਸਨ। ਸ਼ੁਰੂ ਵਿੱਚ ਉਸਨੇ ਆਪਣੇ ਪਿਤਾ ਇਲਤੁਮਿਸ਼ ਦੇ ਨਾਮ ਉੱਤੇ ਦਿੱਲੀ ਤੋਂ ਸਿੱਕੇ ਜਾਰੀ ਕੀਤੇ, ਜਿਸ ਵਿੱਚ ਨਸਰਤ ਜਾਂ ਨਾਸਿਰ ਦੀ ਮਾਦਾ ਉਪਾਧੀ ਦਾ ਹਵਾਲਾ ਦਿੱਤਾ ਗਿਆ।
ਜਦੋਂ ਉਸਨੇ ਰਾਜਗੱਦੀ ਸੰਭਾਲੀ ਤਾ ਉਸਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ।ਉਸ ਸਮੇਂ ਮੁਲਤਾਨ, ਹਾਂਸੀ, ਲਾਹੌਰ, ਬਦਾਯੂੰ ਆਦਿ ਸੂਬੇਦਾਰਾਂ ਨੇ ਵਿਦਰੋਹ ਕਰ ਦਿੱਤੇ ਪਰ ਰਜੀਆ ਨੇ ਕੂਟਨੀਤੀ ਨਾਲ ਇਨ੍ਹਾਂ ਨੂੰ ਦਬਾ ਦਿੱਤਾ।
ਮੰਨਿਆ ਜਾਂਦਾ ਹੈ ਕਿ ਮੁਸਲਮਾਨਾਂ ਨੂੰ  ਰਜ਼ੀਆ ਅਤੇ ਉਸ ਦੇ ਸਲਾਹਕਾਰ ਜਮਾਤ-ਉਦ-ਦੀਨ-ਯਾਕੂਤ ਦੇ ਇੱਕ ਹਬਸ਼ੀ ਨਾਲ ਗੂੜ੍ਹੇ ਰਿਸ਼ਤੇ ਨੂੰ ਪਸੰਦ ਨਹੀਂ ਕਰਦੇ ਸਨ।ਪਰ ਰਜ਼ੀਆ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ।
ਜਿਸ ਕਰਕੇ ਤੁਰਕੀ ਸਰਦਾਰ ਰਜੀਆ ਵਿਰੁੱਧ ਭੜਕ ਉੱਠੇ।ਰਜੀਆ ਨੇ ਲਾਹੌਰ ਦੇ ਵਿਦਰੋਹ ਨੂੰ ਤਾਂ ਦਬਾ ਦਿੱਤਾ ਪਰ ਜਦੋਂ ਉਹ ਬਠਿੰਡਾ ਦੇ ਸੂਬੇਦਾਰ ਮਲਿਕ ਅਲਤੂਨੀਆ ਦਾ ਵਿਦਰੋਹ ਦਬਾਉਣ ਲਈ ਵਧੀ ਤਾਂ ਉਹ ਹਾਰ ਗਈ। ਯਾਕੂਤ ਨੂੰ ਮਾਰ ਦਿੱਤਾ ਅਤੇ ਰਜੀਆ ਨੂੰ ਕੈਦੀ ਬਣਾ ਲਿਆ।
ਆਪਣੀ ਜਾਨ ਬਚਾਉਣ ਲਈ ਰਜੀਆ ਨੇ ਬੜੀ ਚਲਾਕੀ ਨਾਲ ਅਲਤੂਨੀਆ ਨਾਲ ਵਿਆਹ ਕਰਵਾ ਲਿਆ।ਤੁਰਕੀ ਸਰਦਾਰਾ ਨੂੰ ਰਜੀਆ ਦੇ ਇਹ ਕੰਮ ਵਧੀਆ ਨਹੀ ਲੱਗੇ।ਜਦੋਂ ਰਜੀਆ ਅਤੇ ਅਲਤੂਨੀਆ ਦਿੱਲੀ ਵੱਲ ਵਧੇ ਤਾਂ ਉਹਨਾਂ ਨੂੰ ਬਹਿਰਾਮ ਸ਼ਾਹ ਨੇ ਹਰਾ ਦਿੱਤਾ। ਦਿੱਲੀ ਤੋਂ ਜਦੋਂ ਉਹ ਕੈਂਥਲ ਗਏ ਤਾਂ ਰਜੀਆ ਅਤੇ ਅਲਤੂਨੀਆ ਦੋਨਾਂ ਨੂੰ 14 ਅਕਤੂਬਰ 1240ਈਸਵੀ ਨੂੰ ਮਾਰ ਦਿੱਤਾ ਗਿਆ।
ਰਜ਼ੀਆ ਦਾ ਮਕਬਰਾ ਪੁਰਾਣੀ ਦਿੱਲੀ ਦੇ ਤੁਰਕਮਾਨ ਗੇਟ ਨੇੜੇ ਮੁਹੱਲਾ ਬੁਲਬੁਲੀ ਖਾਨਾ ਵਿੱਚ ਸਥਿਤ ਹੈ।14ਵੀਂ ਸਦੀ ਦੇ ਯਾਤਰੀ ਇਬਨ ਬਤੂਤਾ ਨੇ ਜ਼ਿਕਰ ਕੀਤਾ ਹੈ ਕਿ ਰਜ਼ੀਆ ਦੀ ਕਬਰ ਤੀਰਥ ਸਥਾਨ ਬਣ ਗਈ ਸੀ।ਕਿਹਾ ਜਾਂਦਾ ਹੈ ਕਿ ਰਜ਼ੀਆ ਦੀ ਕਬਰ ਉਸ ਦੇ ਉੱਤਰਾਧਿਕਾਰੀ ਅਤੇ ਸੌਤੇਲੇ ਭਰਾ ਬਹਿਰਾਮ ਦੁਆਰਾ ਬਣਾਈ ਗਈ ਸੀ। ਇੱਕ ਹੋਰ ਕਬਰ, ਜਿਸਨੂੰ ਉਸਦੀ ਭੈਣ ਸ਼ਾਜ਼ੀਆ ਦੀ ਕਿਹਾ ਜਾਂਦਾ ਹੈ, ਉਸਦੀ ਕਬਰ ਦੇ ਕੋਲ ਸਥਿਤ ਹੈ। ਰਜ਼ੀਆ ਸੂਫ਼ੀ ਸੰਤ ਸ਼ਾਹ ਤੁਰਕਮਾਨ ਬਯਾਬਾਨੀ ਦੀ ਸ਼ਰਧਾਲੂ ਸੀ, ਅਤੇ ਜਿਸ ਜਗ੍ਹਾ ਉਸ ਨੂੰ ਦਫ਼ਨਾਇਆ ਗਿਆ ਸੀ ਉਸ ਨੂੰ ਉਸ ਦੀ ਧਰਮਸ਼ਾਲਾ (ਖਾਨਕਾਹ) ਕਿਹਾ ਜਾਂਦਾ ਹੈ।

ਪੂਜਾ 9815591967
ਰਤੀਆ