ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ✍️ ਜਸਬੀਰ ਸਿੰਘ ਭਾਕੜ ਪੀਟਰਬਰੋ ਯੂ ਕੇ

ਹਰ ਸਾਲ ਦੀ ਤਰ੍ਹਾਂ ਜੂਨ ਮਹੀਨੇ ਦਾ ਪਹਿਲਾ ਹਫਤਾ ਜਾ ਸਾਲ 1984 ਦੇ ਪਿਛਲੇ ਛੇ ਮਹੀਨੇ ਸਿੱਖ ਕੌਮ ਦੀ ਮਾਨਸਿਕਤਾ ਨੂੰ ਹਮੇਸ਼ਾ ਲਈ ਟੁੰਬਦੇ ਰਹਿਣਗੇ।
 ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਲੁਧਿਆਣਾ ਤੋਂ ਭਾਟ ਸਿੱਖਾਂ ਦੇ ਤਕਰੀਬਨ 500 ਸਿੱਖਾਂ ਦੇ ਜਥੇ ਨਾਲ ਸ਼ਾਇਦ 28/29 ਜੂਨ ਦੀ ਸਵੇਰ ਨੂੰ ਅਸੀਂ ਸ੍ਰੀ ਅੰਮ੍ਰਿਤਸਰ ਵਿਖੇ ਸ਼ਾਂਤਮਈ “ਧਰਮਯੁੱਧ” ਮੋਰਚੇ ਵਿੱਚ ਸ਼ਾਮਲ ਹੋਣ ਲਈ ਰੇਲ ਗੱਡੀ ਰਾਹੀਂ ਰਵਾਨਾ ਹੋਏ।
ਸ੍ਰੀ ਦਰਬਾਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਉਪਰੰਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਉਸ ਸਮੇਂ ਦੇ ਪ੍ਰਮੁੱਖ ਸਿੱਖ ਲੀਡਰਾਂ ਸੰਤ ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ ਅਤੇ ਅਨੇਕਾਂ ਹੋਰ ਬੁਲਾਰਿਆਂ ਦੇ ਵੀਚਾਰ ਸੁੱਣਨ ਚਲੇ ਗਏ। ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਅਨੇਕਾਂ ਵਾਰ  ਸਟੇਜ ਤੋ ਅਪੀਲਾਂ ਕਰਨ ਤੇ ਵੀ ਉਹ ਇਸ ਇੱਕਠ ਵਿੱਚ ਨਹੀਂ ਆਏ। ਸੰਤਾ ਦੀ ਲੋਕਪ੍ਰਿਯਤਾ ਇਤਨੀ ਜਿਆਦਾ ਸੀ ਕਿ ਬਹੁਤੇ ਲੋਕ, ਖਾਸ ਕਰਕੇ ਨੌਜਵਾਨ ਉਨ੍ਹਾਂ ਦੇ ਵਿਚਾਰਾਂ ਅਤੇ ਦਰਸ਼ਨਾਂ ਲਈ ਹੀ ਆਏ ਸਨ, ਪਰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਉਸ ਵੇਲੇ ਦੇ ਸਿੱਖ ਲੀਡਰਾਂ ਦੇ ਵੀਚਾਰਾ ਵਿਚ ਬਹੁਤ ਜਿਆਦਾ ਅੰਤਰ ਆ ਚੁੱਕਿਆ ਸੀ ਇਹੀ ਕਾਰਨ ਸੀ ਉਹ ਉਸ ਇਕੱਠ ਨੂੰ ਸੰਬੋਧਨ ਕਰਨ ਨਹੀਂ ਆਏ ਸਨ।
ਸੂਰਜ ਟਲਦੇ ਸਮੇਂ ਮੈਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਉਹਨਾਂ ਦੇ ਕੋਈ ਪੰਜਾਹ ਦੇ ਕਰੀਬ ਹਥਿਆਰਬੰਦ ਸਿੰਘਾਂ ਸੱਣੇ ਸ੍ਰੀ ਦਰਬਾਰ ਸਾਹਿਬ ਜੀ ਦੀ ਪ੍ਰਕਰਮਾ ਵਿੱਚ ਦਰਸ਼ਨ ਹੋਏ ਉਹ ਸੱਭ ਸੰਗਤਾਂ ਨੂੰ ਦੋਵੇਂ ਹੱਥ ਜੋੜ ਕੇ ਫਤਹਿ ਬੁਲਾ ਰਹੇ ਸਨ, ਹਾਲਾਂਕਿ ਦਰਬਾਰ ਸਾਹਿਬ ਦੇ ਬਾਹਰ ਟਾਂਵਾਂ-ਟਾਂਵਾਂ ਗੋਲੀ ਚੱਲਣ ਦੀ ਅਵਾਜ ਆ ਰਹੀ ਸੀ ਪਰ ਸੰਤਾ ਦੇ ਚੇਹਰੇ ਦਾ ਜਲੋਅ ਅਤੇ ਉਨ੍ਹਾਂ ਦੇ ਸਿੰਘਾਂ ਦੇ ਚੜਦੀਕਲਾ ਵਾਲੇ ਚਿਹਰੇ ਮੈਂ ਕਦੇ ਨਹੀਂ ਭੁੱਲ ਸਕਿਆ। ਉਸ ਸ਼ਾਮ ਧਰਮਯੁੱਧ ਮੋਰਚੇ ਲਈ ਗਿਰਫਤਾਰੀ ਦੇਣ ਵਾਲਾ ਆਖਰੀ ਜੱਥਾ ਸੀ। 
ਸ੍ਬੱਤ ਦਾ ਭਲਾ ਚਾਹੁਣ ਵਾਲੇ ਇਨਸਾਨਾਂ ਦੀ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਸਿੱਖ ਕੌਮ ਦੀ ਵਿਲੱਖਣ ਪਛਾਣ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ-ਢੇਰੀ ਕਰਨ ਦੀ ਸਿੱਖਾਂ ਦੇ ਆਪਣੇ ਹੀ ਦੇਸ਼ ਭਾਰਤ ਦੀ ਫੌਜ ਵਲੋਂ ਨਕਾਮ ਕੋਸ਼ਿਸ਼ ਕਰਨਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਮੋਜੂਦ ਮੱਠੀ ਭਰ ਸਿੰਘਾਂ ਵੱਲੋਂ ਭਾਰਤੀ ਫੌਜ ਦਾ ਡੱਟਕੇ ਕੀਤੇ ਮੁਕਾਬਲੇ ਨੂੰ ਕਦੀ ਨਹੀਂ ਭੁਲਾਇਆ ਜਾ ਸਕਦਾ। ਅਜਾਦ ਭਾਰਤ ਜਿਸ ਦੀ ਅਜਾਦੀ ਖਾਤਰ ਅਬਾਦੀ ਦੇ ਦੋ ਫੀਸਦ ਤੋਂ ਵੀ ਘੱਟ ਸਿੱਖਾ ਵਲੋਂ ਵਡਮੁੱਲਾ ਯੋਗਦਾਨ ਪਾਇਆ ਹੋਵੇ ਅਤੇ ਆਪਣੀ ਜਨਮ ਭੂਮੀ ਦ ਬਟਵਾਰਾ ਤੇ ਆਪਣੇ ਪਵਿੱਤਰ ਗੁਰਧਾਮਾਂ ਦਾ ਵੀਛੋੜਾ ਵੀ 1947 ਵਿਚ ਸਹਿਆ ਹੋਏ, ਆਪਣੇ ਉਸ ਦੇਸ਼ ਦੀ ਸਰਕਾਰ ਵਲੋਂ ਅਜਿਹਾ ਘੀਣੋਣਾ ਕਾਰਨਾਮਾ ਕਰਨਾ, ਕਈ ਦਿਨਾਂ ਤੱਕ ਕਰਫਿਊ ਲਗਾ ਗੁਲਾਮੀ ਵਾਲੀ ਸਥਿਤੀ ਪੈਦਾ ਕਰ ਕੇ ਸਿੱਖ ਗੁਰਧਾਮਾਂ ਦੀ ਬੇ ਅਦਬੀ ਕਰਨਾ, ਸਿੱਖਾਂ ਦਾ ਵੱਡੇ ਪੱਧਰ ਤੇ ਜਾਨੀ ਮਾਲੀ ਨੁਕਸਾਨ ਕਰਨਾ, ਅਤੇ ਫਿਰ ਕੀਤੇ ਦੀ ਮਾਫੀ ਵੀ ਨਾ ਮੰਗਣਾ ਇਥੋਂ ਤਕ ਕਿ ਆਉਣ ਵਾਲੀਆਂ ਸਰਕਾਰਾਂ ਵਲੋਂ ਵੀ, ਕਈ ਸਵਾਲ ਪੈਦਾ ਕਰਦਾ ਹੈ ਅਤੇ 
ਸਿੱਖਾ ਵਲੋਂ ਉਠਾਈ ਜਾਣ ਵਾਲੀ ਭਾਰਤ ਪਾਕਿਸਤਾਨ ਦਰਮਿਆਨ ਅਜਾਦ ਸਿੱਖ ਖਿੱਤੇ ਦੀ ਮੰਗ ਨੂੰ ਕਿਸੇ ਹੱਦ ਤੱਕ ਜਾਇਜ਼ ਠਹਿਰਾਉਦਾ ਹੈ ਜਿਥੇ ਉਹ ਅਜਾਦ ਫਿਜ਼ਾ ਵਿਚ ਮਹਿਫੂਜ ਰਹਿ ਕੇ ਜੀਵਨ ਬਤੀਤ ਕਰਨਾ ਚਾਹੀਦੇ ਹਨ।

ਉਸ ਵੇਲੇ ਦੇ ਕੁੱਝ ਨਕਸ਼ ਮੇਰੇ ਜਿਹਨ ਵਿਚੋਂ ਬਾਹਰ ਨਹੀਂ ਨਿਕਲ ਸਕੇ। ਇਕ ਮਾ ਵਲੋਂ ਬੇ-ਹਾਲ ਹੋ ਕੇ ਆਪਣੇ ਪੁੱਤਰ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਾਂ ਵਿਖੇ ਲੱਭਣਾ ਜੋ ਘਰੋ ਦੋੜਕੇ ਇਸ ਹਥਿਆਰਬੰਦ ਸੰਘਰਸ਼ ਵਿੱਚ ਆ ਸ਼ਾਮਲ ਹੋਇਆ ਸੀ। ਇੱਕ ਜਦੋਂ ਸਾਡਾ ਜੱਥਾ ਜੈਕਾਰੇ ਲਗਾਉਂਦਾ ਅਮ੍ਰਿਤਸਰ ਦੀਆਂ ਸੁੰਨਸਾਨ ਗਲੀਆਂ ਵਿੱਚੋ ਲੰਗ ਰਿਹਾ ਸੀ ਤਾਂ ਇੱਕ “ਮੋਨੇ” ਬਜੂਰਗ ਜੋ ਸ਼ਾਇਦ ਅਵਾਜ ਸੁਨਕੇ ਬੁਹੇ ਦੇ ਕੇਵਾੜ ਬੰਦ ਕਰ ਰਿਹਾ ਸੀ ਉਸ ਦੇ ਚਿਹਰੇ ਦੀ ਸਵਾਲਾਂ ਭਰੀ ਖਾਮੋਸ਼ੀ ਮੈਂ ਨਹੀਂ ਭੁੱਲ ਸਕਦਾ। ਕਾਸ਼ ਧਰਮਯੁੱਧ ਮੋਰਚੇ ਦੇ ਸੰਚਾਲਕਾਂ ਨੇ ਭਾਰਤ ਦੀ ਅਤੇ ਖਾਸ ਕਰਕੇ ਪੰਜਾਬ ਦੀ ਹਿੰਦੂ ਅਬਾਦੀ ਨੂੰ ਭਰੋਸੇ ਵਿੱਚ ਲੈਣ ਦਾ ਵਧੇਰੇ ਯਤਨ ਕੀਤਾ ਹੁੰਦਾ ਤਾਂ ਪੰਜਾਬ ਤੋਂ ਬਾਹਰ ਰਹਿਣ ਵਾਲੇ ਸਿੱਖਾਂ ਦਾ ਇੰਦਰਾ ਗਾਂਧੀ ਦੇ ਕਤਲ ਦੇ ਬਾਅਦ ਇੰਨਾ ਨੁਕਸਾਨ ਨਾ ਹੁੰਦਾ, ਪਰ ਉਦੋਂ ਦੇ ਸੰਚਾਰ ਮਾਧਿਅਮ ਅੱਜ ਵਰਗੇ ਨਹੀਂ ਸਨ ਅਤੇ ਜੋ ਹੈ ਵੀ ਸਨ ਉਹ ਵੀ ਉਸ ਵਕਤ ਦੀ ਸਰਕਾਰੀ ਸ਼ਹਿ ਤੇ ਸਿੱਖਾਂ ਖਿਲਾਫ ਦਿਨ ਰਾਤ ਜਹਿਰ ਉੱਗਲ ਰਹੇ ਸਨ। ਸਰਕਾਰ ਹਰ ਹੀਲੇ ਵਰਤ ਰਹੀ ਸੀ ਸਤਾ ਵਿੱਚ ਰਹਿਣ ਲਈ। ਸ਼ਹਿਰਾਂ ਦੇ ਕਈ ਹਿੰਦੂ ਵਪਾਰੀਆਂ ਨੇ ਨਿੱਤ ਦੇ ਕਰਫਿਊਆ ਤੋਂ ਤੰਗ ਆ ਕੇ ਆਪਣੇ ਵਪਾਰ ਦਿੱਲੀ ਜਾ ਭਾਰਤ ਦੇ ਹੋਰ ਸੂਬਿਆਂ ਵਿੱਚ ਤਬਦੀਲ ਕਰ ਲਏ ਸਨ। ਨੋਜਵਾਨ ਪੀੜੀ ਬੇਰੁਜ਼ਗਾਰੀ ਤੋਂ ਤੰਗ ਆ ਚੁੱਕੀ ਸੀ। 
ਇੱਕ ਵਾਕਿਆ ਉਸ ਸਮੇਂ ਮੇਰੇ ਚਾਚਾ ਜੀ ਜੁਗਿੰਦਰ ਸਿੰਘ ਜੀ ਪੰਡਿਤ ਨੇ ਕੁੱਝ ਦਿਨ ਪਹਿਲਾਂ ਹੀ ਦਸਿਆ ਸੀ ਕਿ ਸੰਤ ਜੀ ਭਾਵੇਂ ਕਿਸੇ ਵੇਲੇ ਖਰਵੇ ਬਚਨ ਬੋਲਦੇ ਹਨ ਪਰ ਜਦੋਂ ਉਹ ਸੰਤਾ ਦੀ ਹਾਜ਼ਰੀ ਵਿੱਚ ਸੰਗਤਾਂ ਨਾਲ ਸ੍ਰੀ ਦਰਬਾਰ ਸਾਹਿਬ ਜੀ ਦੀ ਲੰਗਰ ਦੀ ਇਮਾਰਤ ਦੀ ਛੱਤ ਉਤੇ ਬੈਠੇ ਸਨ ਤਾਂ ਇੱਕ ਹਿੰਦੂ ਵੀਰ ਸੰਤ ਜੀ ਨੂੰ ਮਿਲਣ ਲਈ ਦਰਬਾਰ ਸਾਹਿਬ ਲੰਗਰ ਹਾਲ ਦੀ ਛੱਤ ਤੇ ਆਪਣੀ ਬੇਟੀ ਨਾਲ ਪੰਹੁਚੀਆ ਅਤੇ ਉਹ ਕਹਿ ਰਿਹਾ ਸੀ ਕਿ ਉਸ ਦੀ ਇਸ ਬੇਟੀ ਨੂੰ ਉਸ ਦੇ ਸਹੁਰੇ ਤੰਗ ਪ੍ਰੇਸ਼ਾਨ ਕਰਦੇ ਹਨ ਅਤੇ ਹੋਰ ਦਹੇਜ ਲਿਆਉਣ ਲਈ ਕਿਹਾ ਹੈ, ਤਾਂ ਸੰਤਾ ਨੇ ਦੋ ਸਿੰਘਾਂ ਨੂੰ ਕਿਹਾ ਕਿ ਇਸ ਲੜਕੀ ਨੂੰ ਸਨਮਾਨ ਨਾਲ ਉਸਦੇ ਸਹੁਰੇ ਪਰਿਵਾਰ ਕੋਲ ਤੋਂਰ ਆਵੋ ਅਤੇ ਉਨ੍ਹਾਂ ਨੂੰ ਮੇਰਾ ਸੁਨੇਹਾ ਦੇਣਾ ਕਿ ਦਹੇਜ ਇਸ ਦੇ ਧਰਮ ਦੇ ਬਾਪ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਆਪ ਆ ਕੇ ਲੈ ਜਾਣ। ਸੰਤਾ ਪ੍ਰਤੀ ਵਿਸ਼ਵਾਸ ਆਮ ਲੋਕਾਂ ਖਾਸ ਕਰਕੇ ਸਿੱਖਾਂ ਵਿੱਚ ਭਾਰੀ ਹੋ ਚੁਕਿਆ ਸੀ ਅਤੇ ਸਰਕਾਰੀ ਲੋਕਤੰਤਰਿਕ ਪ੍ਰਣਾਲੀ ਨੂੰ ਜਾਣਬੁੱਝ ਕੇ ਕਮਜੋਰ ਕਰਕੇ ਇਹ ਮਹੋਲ ਸਰਕਾਰ ਵਲੋਂ ਸਿਰਜਿਆ ਜਾ ਰਿਹਾ ਸੀ ਇਸ ਸਾਰੇ ਘਟਨਾਕ੍ਰਮ ਨੂੰ ਅੰਜਾਮ ਦੇਣ ਲਈ। -----------
ਮੈਨੂੰ ਉਸ ਵੇਲੇ ਦੇ ਦੋ ਅਹਿਮ ਕਿਰਦਾਰ ਨਿਭਾਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਅਤੇ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੀ ਦੇਖਣ ਸੁਣਨ ਦਾ ਮੌਕਾ ਮਿਲਿਆ। ਇਹ ਲੜਾਈ ਦੇਖਣ ਨੂੰ ਭਾਵੇਂ ਪੰਜਾਬ ਦੇ ਪਾਣੀਆਂ ਦੀ, ਭਾਸ਼ਾ ਦੀ ਜਾ ਪੰਜਾਬੀ ਇਲਾਕਿਆਂ, ਚੰਡੀਗੜ੍ਹ ਵਗੈਰਾ ਦੀ ਦੱਸੀ ਜਾ ਰਹੀ ਹੈ ਪਰ ਅਸਲ ਵਿੱਚ ਇਹ ਟੱਕਰ ਦੋ ਤੱਖਤਾਂ, ਦੋ ਵੀਚਾਰਧਾਰਾ ਦੇ ਦਰਮਿਆਨ ਸੀ ਅਤੇ ਇਹ ਵੀ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਇੱਕ ਪਾਸੇ ਹਿੰਦੁਸਤਾਨ ਦੀ ਪਦਾਰਥਵਾਦੀ ਮੁਨਾਫਾ ਪ੍ਸਤ ਪੂੰਜੀਪਤੀਆਂ ਦੀ ਸ਼ਹਿ ਤੇ ਖੜ੍ਹੀ ਦਿੱਲੀ ਸਰਕਾਰ ਦਾ "ਤੱਖਤ" ਅਤੇ ਦੁਜੇ ਪਾਸੇ ਉਹਨਾਂ ਲਈ ਚਨੌਤੀ ਬੱਣ ਚੁੱਕੇ ਸਰਬੱਤ ਦੇ ਭਲੇ ਦੀ ਵੀਚਾਰ ਧਾਰਾ ਦੀ ਰਹਿਮੁਨਾਈ  ਕਰਨ ਵਾਲੇ ਇਕ ਅਕਾਲ ਪੁਰਖ ਦਾ "ਤੱਖਤ" ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਦ੍ਰਿੜ ਯਕੀਨ ਰੱਖਣ ਵਾਲੇ ਸਿੰਘ, ਜਿਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਜੀ ਦੀ ਸਰਬੱਤ ਦੇ ਭਲੇ ਦੀ ਵੀਚਾਰਧਾਰਾ ਦੀ ਗਵਾਹੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵਉੱਚਤਾ ਅੰਤ ਸਮੇਂ ਤੱਕ ਆਪਣੀ ਸ਼ਹਾਦਤ ਦੇ ਕੇ ਭਰੀ, ਸਾਡਾ ਉਹਨਾਂ ਸਮੂਹ ਸ਼ਹੀਦਾਂ ਨੂੰ ਕੋਟਨ-ਕੋਟ ਪ੍ਨਾਮ। 
ਜਸਬੀਰ ਸਿੰਘ ਭਾਕੜ ਪੀਟਰਬਰੋ ਯੂ ਕੇ