ਸਮਰਪਿਤ ਮੂਸੇਵਾਲਾ ਨੂੰ ✍️ ਸਲੇਮਪੁਰੀ ਦੀ ਚੂੰਢੀ

- ਰੰਗਲੀ ਦੁਨੀਆ ਵਿਚ ਵਿਚਰਦਿਆਂ ਜਿੰਦਗੀ ਵਿੱਚ ਕੁੱਝ ਅਜਿਹੀਆਂ ਘਟਨਾਵਾਂ /ਦੁਰਘਟਨਾਵਾਂ ਵਾਪਰ ਜਾਂਦੀਆਂ ਹਨ, ਜਿਨ੍ਹਾਂ ਦੇ ਜਖਮ ਡੂੰਘੇ ਹੁੰਦੇ ਹਨ, ਜਖਮ ਭਾਵੇਂ ਛੋਟਾ ਹੋਵੇ, ਭਾਵੇਂ ਵੱਡਾ ਹੋਵੇ ਦਰਦ ਦਿੰਦਾ ਹੈ, ਪੀੜਾ ਦਿੰਦਾ ਹੈ । ਸਬੱਬੀਂ ਜਾਂ ਗਿਣ-ਮਿਥਕੇ ਜਿੰਦਗੀ ਦੇ ਰਾਹ ਵਿੱਚ ਆਈਆਂ ਘਟਨਾਵਾਂ /ਦੁਰਘਟਨਾਵਾਂ ਮਾਨਸਿਕ, ਸਰੀਰਕ, ਪਰਿਵਾਰਕ, ਸਮਾਜਿਕ ਅਤੇ ਆਰਥਿਕ ਤੌਰ 'ਤੇ ਦਰਦ ਦਿੰਦੀਆਂ ਹਨ , ਪੀੜਾ ਵਧਾਉਂਦੀਆਂ ਹਨ। 

ਜਿਹੜੇ ਲੋਕ ਕਿਸੇ ਦਾ ਦਰਦ ਨਹੀਂ ਸਮਝਦੇ, ਦਰਦ ਨਹੀਂ ਵੰਡਾਉਂਦੇ, ਉਹੀ ਦੂਜੇ ਨੂੰ ਦਰਦ ਦਿੰਦੇ ਹਨ।  ਕਈ ਵਾਰ ਦਰਦ ਦੇਣ ਵਾਲੇ ਲੋਕ  ਸਾਹਮਣੇ ਅਤੇ ਕਈ ਪਰਦੇ ਦੇ ਪਿੱਛੇ ਆ ਕੇ ਦਰਦ ਦਿੰਦੇ ਹਨ। ਦਰਦ ਦੀ ਕਿਸਮ ਕੋਈ ਵੀ ਹੋਵੇ, ਕੋਈ ਵੀ ਪੱਧਰ ਹੋਵੇ ਹਰ ਦਰਦ, ਦਰਦ ਦਿੰਦਾ ਹੈ। ਕਈ ਮਨੁੱਖਾਂ ਨੂੰ ਦਰਦ ਸਹਿਣ ਦੀ ਆਦਤ ਪੈ ਜਾਂਦੀ ਹੈ , ਕਈ ਮਨੁੱਖ ਦਰਦ ਨੂੰ ਕੌੜੀ ਦਵਾਈ ਸਮਝ ਕੇ ਪੀ ਜਾਂਦੇ ਹਨ, ਕਈਆਂ ਨੂੰ ਦਰਦ ਪੀ ਜਾਂਦਾ ਹੈ , ਦਰਦ ਨਿਗਲ ਜਾਂਦਾ ਹੈ। ਕਈ ਮਨੁੱਖ ਦਰਦਾਂ ਨੂੰ ਫੁੱਲਾਂ ਦੀ ਕੰਬਲੀ ਸਮਝ ਕੇ ਆਪਣੇ ਮਨ ਅਤੇ ਤਨ ਉਪਰ ਬੁੱਕਲ ਮਾਰ ਕੇ ਗੁੰਮ-ਸੁੰਮ ਹੋ ਕੇ ਤੁਰੇ ਫਿਰਦੇ ਹਨ। 

ਉਂਝ ਦਰਦਾਂ ਦੇ ਵੀ ਸਾਹ ਹੁੰਦੇ, ਹੌਲੀ ਹੌਲੀ ਮੁੱਕ ਜਾਂਦੇ ਨੇ, ਕਈ ਦਰਦਾਂ ਦੇ ਵਿੱਚ ਸੁੱਕ ਜਾਂਦੇ ਨੇ!

 ਜਿਹੜਾ ਮਨੁੱਖ 

ਦਰਦ ਨੂੰ ਹੰਢਾਉਂਦਾ ਹੈ, ਉਹੀ ਦਰਦ ਨੂੰ ਪ੍ਰਭਾਸ਼ਿਤ ਕਰ ਸਕਦਾ।

 ਦਰਦ ਮਨੁੱਖ ਨੂੰ ਬੁੱਤ ਬਣਾ ਦਿੰਦਾ ਹੈ।

ਕਿਸੇ ਦੇ ਮੂੰਹ ਨੂੰ ਜਹਿਰ ਪਿਆਲਾ ਲਾ ਦਿੰਦਾ ਹੈ।

ਕਿਸੇ ਦੇ ਗਲ ਵਿਚ ਰੱਸੀ

ਪਾ ਦਿੰਦਾ ਹੈ।

ਦਰਦਾਂ ਦੀ ਸੋਚ, ਦਰਦਾਂ ਦੇ ਖਿਆਲ ਸਮੁੰਦਰੋਂ ਡੂੰਘੇ, ਅਕਾਸ਼ੋੰ ਉੱਚੇ ਹੁੰਦੇ ਹਨ।

ਲੱਖ ਦਿਲਾਸੇ ਦੇਣ 'ਤੇ ਦਰਦਾਂ ਦੀਆਂ ਸੱਟਾਂ ਦੇ ਜਖਮ ਤੇ ਫਿਰ ਜਖਮਾਂ ਦੇ ਨਿਸ਼ਾਨ ਨਹੀਂ ਮਿੱਟਦੇ,ਇਹ ਸਦਾ ਹੀ ਜਿਉਂ ਦੀ ਤਿਉਂ ਰਹਿੰਦੇ ਨੇ! 

ਦਰਦ ਤਾਂ ਦਰਦ ਹੁੰਦਾ ਹੈ, ਦਰਦ ਨੂੰ ਵੇਖਿਆ ਨਹੀਂ, ਮਹਿਸੂਸਿਆ ਜਾਂਦਾ ਹੈ। 

-ਸੁਖਦੇਵ ਸਲੇਮਪੁਰੀ

09780620233

29 ਮਈ 2022.