ਸੰਪਾਦਕੀ

" ਵਿਰਸੇ ਦੀਆਂ ਗੱਲਾਂ"✍️ ਜਸਵੀਰ ਸ਼ਰਮਾਂ ਦੱਦਾਹੂਰ  

ਕੱਚੇ ਘਰ ਸੀ ਤੇ ਪੱਕੇ ਵਿਸ਼ਵਾਸ ਸੀ।

ਭਾਵੇਂ ਪੈਸੇ ਦੀ ਵੀ ਓਸ ਸਮੇਂ ਘਾਟ ਸੀ।

ਨਾ ਲੱਗੇ ਮੇਨ ਗੇਟ ਹੁੰਦੇ ਸੀ----

ਇੱਕੋ ਮੁਖੀ ਸੀਘਾ ਸਾਰੇ ਪਰਿਵਾਰ ਦਾ, ਨਾਂ ਘਰਾਂ ਚ ਕਲੇਸ਼ ਹੁੰਦੇ ਸੀ ----ਇੱਕੋ---

 

ਗੱਲ ਕਰਕੇ ਨਹੀਂ ਸੀ ਕੋਈ ਮੁੱਕਰਦਾ।

ਪੂਰਾ ਖਰਾ  ਸੀ  ਜ਼ੁਬਾਨ ਤੇ  ਉੱਤਰਦਾ।

ਧੀਆਂ ਭੈਣਾਂ ਦੀਆਂ ਇੱਜ਼ਤਾਂ ਵੀ ਸੇਫ ਸੀ, ਓਹ ਬੰਦੇ ਕਿੰਨੇ ਨੇਕ ਹੁੰਦੇ ਸੀ ----

ਇੱਕੋ ਮੁਖੀ ਸੀਘਾ ----

 

ਕਵਾਰੀ ਕੁੜੀ ਨਾ ਸ਼ੁਕੀਨੀ ਦੀ ਸ਼ਕੀਨ ਸੀ

ਸਾਦੀ ਜ਼ਿੰਦਗੀ ਚ ਲੱਗਦੀ ਹਸੀਨ ਸੀ।

ਮੇਕਅੱਪ ਦੀ ਜ਼ਰੂਰਤ ਨਾਂ ਪੈਂਦੀ,ਚਮਕਦੇ ਫੇਸ ਹੁੰਦੇ ਸੀ------

ਇੱਕੋ ਮੁਖੀ ਸੀਘਾ -----

 

ਭਾਵੇਂ ਅੱਜ ਬੰਦਾ ਕਰ ਗਿਆ ਤਰੱਕੀਆਂ।

ਪਰ ਅੱਖਾਂ  ਉੱਤੇ  ਬੰਨ੍ਹੀ  ਬੈਠਾ  ਪੱਟੀਆਂ।

ਦੁੱਖ ਦਿੰਦਾ ਨਹੀ ਸੀ ਓਦੋਂ ਕੋਈ ਆਪਣਾ,ਨਾ ਦਿਲਾਂ ਵਿੱਚ ਸ਼ੇਕ ਹੁੰਦੇ ਸੀ--

 ਇੱਕੋ ਮੁਖੀ ਸੀਘਾ ----

 

ਦੱਦਾਹੂਰੀਆ ਜ਼ਮਾਨਾ ਅੱਖੀਂ ਵੇਖਿਆ।

ਪੈਸੇ ਖ਼ਾਤਰ ਜ਼ਮੀਰ ਨਹੀਂ ਸੀ ਵੇਚਿਆ।

ਅੱਜ ਵਾਂਗ ਨਹੀਂ ਸੀ ਸਾਧੂਆਂ ਦੇ ਰੂਪਾਂ ਵਿੱਚ, ਚੋਰਾਂ ਵਾਲੇ ਭੇਸ ਹੁੰਦੇ ਸੀ ---

ਇੱਕੋ ਮੁਖੀ ਸੀਘਾ ਸਾਰੇ ਪਰਿਵਾਰ ਦਾ,

ਨਾ ਘਰਾਂ ਚ ਕਲੇਸ਼ ਹੁੰਦੇ ਸੀ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਨੇ ਸ਼ਾਨਦਾਰ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ  

ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਵੱਲੋਂ ਸ਼ਾਨਦਾਰ ਉਪਰਾਲਾ ਕਰਦੇ ਹੋਏ ‘ਵਿਸਾਖੀ ਦੇ ਤਿਉਹਾਰ’ ਅਤੇ ‘ਡਾ. ਬੀ. ਆਰ. ਅੰਬੇਦਕਰ ਜੀ‘ ਦੇ 131ਵੇਂ ਜਨਮ ਦਿਨ ਨੂੰ ਸਮਰਪਿਤ ਮਿਤੀ 14 ਅਪ੍ਰੈਲ 2022 (ਵੀਰਵਾਰ) ਨੂੰ ਇੱਕ ਅੰਤਰਰਾਸ਼ਟਰੀ ਆਨਲਾਈਨ ਕਵੀ ਦਰਬਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਹ ਅੰਤਰਰਾਸ਼ਟਰੀ ਕਵੀ ਦਰਬਾਰ ਪ੍ਰੋਗਰਾਮ ਸਭਾ ਦੇ ਸਰਪ੍ਰਸਤ/ਡਾਇਰੈਕਟਰ ਡਾ. ਨਿਰਮਲ ਕੌਸ਼ਿਕ, ਚੇਅਰਮੈਨ/ਮੁੱਖ ਪ੍ਰਬੰਧਕ ਪ੍ਰੋ.ਬੀਰ ਇੰਦਰ ਸਰਾਂ ਅਤੇ ਪ੍ਰਧਾਨ/ਪ੍ਰਬੰਧਕ ਸ਼ਿਵਨਾਥ ਦਰਦੀ ਦੀ ਯੋਗ ਅਗਵਾਈ ਵਿੱਚ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ । ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸੁੰਦਰਪਾਲ ਰਾਜਾਸਾਂਸੀ ਅਤੇ ਵਿਸ਼ੇਸ਼ ਮਹਿਮਾਨ ਸ਼ਾਇਰ ਭੱਟੀ ਤੇ ਆਸ਼ਾ ਸ਼ਰਮਾ ਸਨ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਰਪ੍ਰਸਤ ਡਾ. ਨਿਰਮਲ ਕੌਸ਼ਿਕ ਅਤੇ ਚੇਅਰਮੈਨ ਪ੍ਰੋ.ਬੀਰ ਇੰਦਰ ਸਰਾਂ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਹਾਜ਼ਰ ਸਾਰੇ ਕਵੀ ਸਹਿਬਾਨ ਨੂੰ 'ਜੀਓ ਆਇਆਂ' ਆਖਿਆ ।
ਇਸ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਕਵੀ ਸਾਹਿਬਾਨ ਨੇ ਭਾਗ ਲਿਆ ਬਾਕਮਾਲ ਰਚਨਾਵਾਂ ਦੀ ਪੇਸ਼ਕਾਰੀ ਕੀਤੀ ਗਈ । ਮੁੱਖ ਮਹਿਮਾਨ ਸੁੰਦਰਪਾਲ ਰਾਜਾਸਾਂਸੀ ਅਤੇ ਵਿਸ਼ੇਸ਼ ਮਹਿਮਾਨ ਸ਼ਾਇਰ ਭੱਟੀ ਤੇ ਆਸ਼ਾ ਸ਼ਰਮਾ, ਡਾ. ਨਿਰਮਲ ਕੌਸ਼ਿਕ, ਪ੍ਰੋ. ਬੀਰ ਇੰਦਰ ਸਰਾਂ, ਸ਼ਿਵਨਾਥ ਦਰਦੀ, ਰਜਨੀਸ਼ ਭੱਟੀ, ਪ੍ਰੀਤਮਾ ਦਿੱਲੀ, ਨਰਾਇਣ ਸਿੰਘ ਮੰਘੇੜਾ, ਰਮਾ ਰਾਮੇਸ਼ਵਰੀ, ਗੁਰਬਚਨ ਸਿੰਘ, ਜਗਦੀਸ਼ ਕੌਰ ਇਲਾਹਾਬਾਦ, ਰਣਧੀਰ ਸਿੰਘ ਮਾਹਲਾ, ਗੁਰਸਾਹਿਬ ਸਿੰਘ ਤੇਜੀ, ਹੀਰਾ ਸਿੰਘ ਤੂਤ, ਸਿਕੰਦਰ ਚੰਦਭਾਨ, ਜਸਵੀਰ ਫ਼ੀਰਾ, ਕੁਲਵਿੰਦਰ ਵਿਰਕ, ਮਾਸਟਰ ਲਖਵਿੰਦਰ ਸਿੰਘ, ਗਗਨ ਫੂਲ, ਸੁਖਜਿੰਦਰ ਮੁਹਾਰ, ਸਤਪਾਲ ਕੌਰ ਮੋਗਾ, ਜਸਵਿੰਦਰ ਸਿੰਘ ਫਰੀਦਕੋਟੀਆ, ਵਤਨਵੀਰ ਵਤਨ, ਹਰਫ਼ ਰਾਜਨ, ਕਿਰਨਜੀਤ ਕੌਰ, ਮਨਜਿੰਦਰ ਸਿੰਘ ਹਠੂਰ, ਮਾਹੀ ਸਿੱਧੂ ਤੋਂ ਇਲਾਵਾ ਵਿਦਿਆਰਥੀਆਂ ਕਵੀਆਂ  ਜਸਵਿੰਦਰ ਸਿੰਘ ਮਾਨ, ਪਰਵਿੰਦਰ ਸਿੰਘ , ਸਾਗਰ ਸ਼ਰਮਾ ਆਦਿ ਨੇ ਆਪਣੀਆਂ ਰਚਨਾਵਾਂ ਦੀ ਖੂਬਸੂਰਤ ਪੇਸ਼ਕਾਰੀ ਕਰਕੇ ਵਾਹ ਵਾਹ ਖੱਟੀ । ਇਸ ਪ੍ਰੋਗਰਾਮ ਦੇ ਸੰਚਾਲਕ ਦੀ ਭੂਮਿਕਾ ਪ੍ਰੋ. ਬੀਰ ਇੰਦਰ ਸਰਾਂ ਨੇ ਖੂਬਸੂਰਤ ਅੰਦਾਜ਼ ਨਾਲ ਨਿਭਾਈ ਜੋ ਕਿ ਕਾਬਿਲ-ਏ-ਤਾਰੀਫ਼ ਸੀ । ਅੰਤ ਵਿੱਚ ਪ੍ਰਧਾਨ ਸ਼ਿਵਨਾਥ ਦਰਦੀ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਤੇ ਸ਼ਾਮਿਲ ਹੋਏ ਸਾਰੇ ਕਵੀ ਸਾਹਿਬਾਨਾਂ ਦਾ ਧੰਨਵਾਦ ਕਰਦਿਆਂ ਸਭਾ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ, ਉਹਨਾਂ ਦੱਸਿਆ ਕਿ ਏਸੇ ਮਹੀਨੇ ਦੇ ਅੰਤ ਵਿੱਚ ਸਭਾ ਵੱਲੋਂ ਸਾਂਝਾ ਕਾਵਿ-ਸੰਗ੍ਰਹਿ ‘ ਕਲਮਾਂ ਦੇ ਰੰਗ’ ਲੋਕ-ਅਰਪਣ ਕੀਤਾ ਜਾਂ ਰਿਹਾ ਹੈ । ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਵਾਲੇ ਸਾਰੇ ਕਵੀ ਸਾਹਿਬਾਨ ਨੂੰ ਸ਼ਾਨਦਾਰ ਸਨਮਾਨ ਪੱਤਰ ਵੀ ਜਾਰੀ ਕੀਤੇ ਗਏ ।    
      ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਵੱਲੋਂ ਕਰਵਾਏ ਗਏ ਇਸ ਅੰਤਰਰਾਸ਼ਟਰੀ ਕਵੀ ਦਰਬਾਰ ਪ੍ਰੋਗਰਾਮ ਦੀ ਸਾਹਿਤਕ ਖੇਤਰ ਵਿੱਚ ਕਾਫ਼ੀ ਪ੍ਰਸੰਸਾ ਹੋ ਰਹੀ ਹੈ ।

 

ਸਮਰਪਿਤ ਡਾ: ਅੰਬੇਦਕਰ ਨੂੰ - ਅੰਬੇਦਕਰ ਅਤੇ ਸਾਈਮਨ ਕਮਿਸ਼ਨ ✍️ ਸੁਖਦੇਵ ਸਲੇਮਪੁਰੀ

3 ਫਰਵਰੀ,1928 ਵਿਚ ਜਦੋਂ ਸਰ ਜੌਹਨ ਸਾਈਮਨ ਦੀ ਅਗਵਾਈ ਹੇਠ 7 ਮੈਂਬਰੀ ਇਕ ਕਮਿਸ਼ਨ ਜਿਸ ਵਿਚ ਮੈਂਬਰ ਪਾਰਲੀਮੈਂਟ ਸ਼ਾਮਲ ਸਨ, ਭਾਰਤ ਆਇਆ  ਤਾਂ ਉਸ ਦਾ ਥਾਂ-ਥਾਂ 'ਤੇ ਕਾਂਗਰਸ ਦੀ ਅਗਵਾਈ ਹੇਠ   ਡੱਟਕੇ ਵਿਰੋਧ ਕੀਤਾ ਗਿਆ ਅਤੇ 'ਸਾਈਮਨ ਕਮਿਸ਼ਨ ਵਾਪਸ ਜਾਓ' ਦੇ ਨਾਅਰੇ ਲਗਾਏ ਗਏ। ਪਰ ਇਹ ਕਮਿਸ਼ਨ ਭਾਰਤ ਕਿਉਂ ਆਇਆ ਸੀ? , ਕੀ ਵੇਖਣ ਆਇਆ ਸੀ? , ਕੀ ਕਰਨ ਆਇਆ ਸੀ? ਦੇ ਬਾਰੇ ਵਿੱਚ ਸਾਡੇ ਇਤਿਹਾਸ ਪੜ੍ਹਾਉਣ ਦੀ ਬਜਾਏ ਲੁਕੋ ਕੇ ਰੱਖਿਆ ਗਿਆ ਹੈ।
ਡਾ ਭੀਮ ਰਾਓ ਅੰਬੇਦਕਰ ਜਦੋਂ ਵਿਦੇਸ਼ ਤੋਂ ਪੜ੍ਹ ਕੇ ਭਾਰਤ ਆਏ ਤਾਂ ਉਹ ਬੜੌਦਾ ਵਿਖੇ ਨੌਕਰੀ ਕਰਨ ਲੱਗ ਪਏ, ਜਿਥੇ ਉਨ੍ਹਾਂ ਨਾਲ ਕੰਮ ਕਰ ਰਹੇ ਉੱੱਚ ਜਾਤੀ ਦੇ ਬ੍ਰਾਹਮਣਵਾਦੀ ਲੋਕਾਂ ਵਲੋਂ ਜਾਤੀਗਤ ਭੇਦ ਭਾਵ ਸ਼ੁਰੂ ਕਰ ਦਿੱਤਾ ਗਿਆ, ਜਿਸ ਤੋਂ ਤੰਗ ਆ ਕੇ ਉਹ 11 ਦਿਨ ਬਾਅਦ ਹੀ ਨੌਕਰੀ ਛੱਡ ਕੇ ਮੁੰਬਈ ਆ ਗਏ ਅਤੇ ਉਨ੍ਹਾਂ ਨੇ ਹਜਾਰਾਂ ਸਾਲਾਂ ਤੋਂ ਮਨੂੰਵਾਦੀਆਂ ਦੇ ਜੁਲਮ ਦਾ ਸ਼ਿਕਾਰ ਹੋ ਰਹੇ ਦੱਬੇ ਕੁਚਲੇ ਮੂਲ-ਨਿਵਾਸੀਆਂ ਜਿਨ੍ਹਾਂ ਨੂੰ ਮਨੂੰਵਾਦੀਆਂ ਵਲੋਂ ਸ਼ੂਦਰ ਦਾ ਨਾਂ ਦਿੱਤਾ ਗਿਆ ਹੈ, ਨੂੰ ਜੀਣ ਲਈ ਅਧਿਕਾਰ ਦਿਵਾਉਣ ਦੀ ਠਾਣ ਲਈ। ਉਨ੍ਹਾਂ ਨੇ ਅੰਗਰੇਜ ਸਰਕਾਰ ਨੂੰ ਵਾਰ ਵਾਰ ਪੱਤਰ ਲਿਖ ਕੇ ਦੱਸਿਆ ਕਿ ਭਾਰਤ ਵਿਚ ਮਨੂੰਵਾਦੀ ਲੋਕਾਂ ਵਲੋਂ ਸ਼ੂਦਰਾਂ  ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ, ਜਿਸ ਕਰਕੇ ਉਹ ਲੋਕ ਪਸ਼ੂਆਂ ਨਾਲੋਂ ਵੀ ਘਟੀਆ ਜਿੰਦਗੀ ਬਤੀਤ ਕਰਨ ਲਈ ਮਜਬੂਰ ਹਨ ਕਿਉਂਕਿ ਛੱਪੜਾਂ ਵਿਚ ਕੁੱਤੇ  ਵੜ ਸਕਦੇ ਹਨ, ਨਹਾ ਸਕਦੇ ਹਨ , ਪਰ ਨਫਰਤ ਦੇ ਚੱਲਦਿਆਂ ਸ਼ੂਦਰਾਂ ਨੂੰ ਪਾਣੀ ਪੀਣ ਤੋਂ ਵੀ ਮਨਾਹੀ । ਡਾ ਅੰਬੇਦਕਰ ਵਲੋਂ ਭੇਜੇ ਗਏ ਸ਼ੂਦਰਾਂ ਦੀ ਜਿੰਦਗੀ ਨਾਲ ਦਰਦ ਭਰੇ ਪੱਤਰਾਂ ਨੂੰ ਵੇਖ ਕੇ ਅੰਗਰੇਜ ਹਕੂਮਤ ਦੰਗ ਰਹਿ ਗਈ , ਜਿਸ ਪਿੱਛੋਂ ਸੱਚ ਜਾਣਨ ਲਈ ਅੰਗਰੇਜ ਹਕੂਮਤ ਵਲੋਂ 8 ਨਵੰਬਰ, 1927 ਨੂੰ  ਸਰ ਜੌਹਨ ਸਾਈਮਨ ਦੀ ਅਗਵਾਈ ਹੇਠ ਸਾਈਮਨ ਕਮਿਸ਼ਨ ਦਾ ਗਠਨ ਕੀਤਾ ਗਿਆ ਅਤੇ ਫਿਰ ਕਮਿਸ਼ਨ ਨੂੰ 3 ਫਰਵਰੀ, 1928 ਨੂੰ ਭਾਰਤ ਦੌਰੇ 'ਤੇ ਭੇਜਿਆ ਗਿਆ। ਕਮਿਸ਼ਨ ਦੇ ਦੌਰੇ ਨੂੰ ਰੱਦ ਕਰਵਾਉਣ ਲਈ  ਕਾਂਗਰਸ ਦੇ ਆਗੂਆਂ ਵਲੋਂ ਸਾਈਮਨ ਕਮਿਸ਼ਨ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਗਿਆ, ਕਿਉਂਕਿ  ਕਾਂਗਰਸ ਨੂੰ ਜਦੋਂ ਇਹ ਪਤਾ ਲੱਗਾ ਕਿ ਇਹ ਕਮਿਸ਼ਨ ਭਾਰਤ ਦੇ ਹਜਾਰਾਂ ਸਾਲ ਤੋਂ ਲਤਾੜੇ ਮੂਲ-ਨਿਵਾਸੀਆਂ ਦੀ ਜਿੰਦਗੀ ਦੀ ਸਹੀ ਤਸਵੀਰ ਅੰਗਰੇਜ਼ ਹਕੂਮਤ ਅੱਗੇ ਪੇਸ਼ ਕਰੇਗਾ, ਦੇ ਪਿੱਛੋਂ ਅੰਗਰੇਜ਼ ਹਕੂਮਤ ਉਨ੍ਹਾਂ ਦੇ ਜੀਵਨ ਵਿਚ ਬਦਲਾਅ ਲਿਆਉਣ ਲਈ ਅਧਿਕਾਰ ਦੇ ਦੇਵੇਗੀ। ਮੂਲ-ਨਿਵਾਸੀਆਂ ਨੂੰ ਅਧਿਕਾਰ ਦੇਣ ਤੋਂ ਰੋਕਣ ਲਈ 1927 ਵਿਚ ਕਾਂਗਰਸ  ਵਲੋਂ ਮਦਰਾਸ ਵਿਚ ਵਿਸ਼ੇਸ਼ ਇਜਲਾਸ ਬੁਲਾ ਕੇ ਫੈਸਲਾ ਕੀਤਾ ਗਿਆ ਕਿ ਜਦੋਂ ਵੀ ਸਾਈਮਨ ਕਮਿਸ਼ਨ ਭਾਰਤ ਆਵੇਗਾ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ। ਕਾਂਗਰਸ ਵਲੋਂ ਲਏ ਗਏ ਫੈਸਲੇ ਅਨੁਸਾਰ ਜਦੋਂ ਸਾਈਮਨ ਕਮਿਸ਼ਨ ਭਾਰਤ ਪੁੱਜਿਆ ਤਾਂ ਕੋਲਕਾਤਾ, ਲਾਹੌਰ, ਲਖਨਊ, ਵਿਜੇਵਾੜਾ ਅਤੇ ਪੂਨਾ ਸਮੇਤ ਦੇਸ਼ ਦੇ ਵੱਖ ਵੱਖ ਥਾਵਾਂ 'ਤੇ ਜਿਥੇ ਜਿਥੇ ਕਮਿਸ਼ਨ ਗਿਆ, ਦਾ  ਉਥੇ ਉਥੇ ਜਾ ਕੇ ਕਾਂਗਰਸੀਆਂ ਅਤੇ ਹਿੰਦੂ ਮਹਾ ਸਭਾ /ਆਰ ਐਸ ਐਸ ਦੇ ਕਾਰਕੁੰਨਾਂ ਵਲੋਂ ਕਾਲੇ ਝੰਡੇ ਦਿਖਾ ਕੇ  ਵਿਰੋਧ ਕਰਦਿਆਂ 'ਗੋ ਬੈਕ' ਦੇ ਨਾਅਰੇ ਲਗਾਏ ਗਏ। ਇਸੇ ਦੌਰਾਨ ਜਦੋਂ ਸਾਈਮਨ ਕਮਿਸ਼ਨ ਲਾਹੌਰ ਪਹੁੰਚਿਆ ਤਾਂ ਮਨੂੰਵਾਦੀਆਂ ਵਲੋਂ ਕਮਿਸ਼ਨ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਇਕ ਨਾਟਕ ਖੇਡਿਆ ਗਿਆ। ਇਸ ਨਾਟਕ ਅਧੀਨ  ਮਨੂੰਵਾਦੀਆਂ ਵਲੋਂ ਕਮਿਸ਼ਨ ਅੱਗੇ ਇਸ ਗੱਲ ਦੀ ਪੇਸ਼ਕਾਰੀ ਕੀਤੀ ਗਈ ਕਿ ਮਨੂੰਵਾਦੀਆਂ ਵਲੋਂ ਸ਼ੂਦਰਾਂ ਨਾਲ ਕੋਈ ਵੀ ਪੱਖਪਾਤ ਨਹੀਂ ਕੀਤਾ ਜਾਂਦਾ। ਖੇਡੇ ਗਏ ਨਾਟਕ ਅਧੀਨ ਮਨੂੰਵਾਦੀ ਲੋਕਾਂ ਨੇ ਸ਼ੂਦਰਾਂ ਨੂੰ ਆਪਣੇ ਨਾਲ  ਬਿਠਾ ਕੇ ਖਾਣਾ ਖੁਆਇਆ ਗਿਆ, ਪਰ ਬਾਅਦ ਵਿਚ ਆਪਣੀ ਸ਼ੁੱਧਤਾ ਲਈ ਘਰਾਂ ਵਿਚ ਜਾ ਕੇ ਗਾਂ ਦੇ ਪਿਸ਼ਾਬ ਨਾਲ ਇਸ਼ਨਾਨ ਕੀਤਾ ਗਿਆ ।  ਮਨੂੰਵਾਦੀਆਂ ਦੇ ਪਾਖੰਡ ਭਰੇ ਨਾਟਕ ਦਾ ਪਰਦਾਫਾਸ਼ ਕਰਨ ਡਾ: ਅੰਬੇਦਕਰ  ਸਾਈਮਨ ਕਮਿਸ਼ਨ ਨੂੰ ਆਪਣੇ ਸਾਥੀਆਂ ਸਮੇਤ ਇਕ ਪਿੰਡ ਵਿਚ ਲੈ ਗਏ , ਜਿੱਥੇ ਇਕ ਛੱਪੜ ਵਿਚ  ਕੁੱਤੇ ਆਪਣੇ ਸੁਭਾਅ ਅਨੁਸਾਰ ਤਾਂ ਨਹਾ ਰਹੇ ਸਨ, ਪਰ ਜਦੋਂ ਇੱਕ ਅਖੌਤੀ ਸ਼ੂਦਰ ਨੂੰ ਛੱਪੜ ਵਿਚ ਪਾਣੀ ਪੀਣ ਲਈ ਭੇਜਿਆ ਗਿਆ ਤਾਂ ਉਥੇ ਖੜ੍ਹੇ ਮਨੂੰਵਾਦੀਆਂ ਦੇ ਹਜੂਮ ਨੇ ਸ਼ੂਦਰ ਸਮੇਤ ਕਮਿਸ਼ਨ ਦੇ ਮੈਂਬਰਾਂ ਅਤੇ ਡਾ: ਅੰਬੇਦਕਰ ਉਪਰ ਜਾਨਲੇਵਾ ਹਮਲਾ ਕਰ ਦਿੱਤਾ, ਅਤੇ ਉਨ੍ਹਾਂ ਨੂੰ ਆਪਣੀ ਜਾਨ ਬਚਾਉਣ ਲਈ  ਭੱਜ ਕੇ ਮੁਸਲਿਮ ਬਸਤੀ ਵਿਚ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ।
ਮਨੂੰਵਾਦੀਆਂ ਦੇ ਸਖਤ ਵਿਰੋਧ ਦੇ ਬਾਵਜੂਦ ਵੀ ਡਾ: ਅੰਬੇਦਕਰ ਨੇ ਲਾਹੌਰ ਵਿਚ ਕਮਿਸ਼ਨ ਨੂੰ ਸ਼ੂਦਰਾਂ ਦੀ ਤਰਸਯੋਗ ਹਾਲਤ ਬਾਰੇ 400 ਸਫਿਆਂ ਦਾ ਇਕ ਮੰਗ ਪੱਤਰ ਦਿੱਤਾ ਗਿਆ ਕਿ ਭਾਰਤ ਵਿਚ ਮਨੁੱਖ ਮਨੁੱਖ ਤੋਂ ਛੂਆ-ਛੂਤ ਕਰਕੇ ਨਫਰਤ ਕਰਦਾ। ਜਿਸ ਉਪਰ ਅੰਗਰੇਜ ਸਰਕਾਰ ਵਲੋਂ ਸਮੀਖਿਆ ਕਰਨ ਉਪਰੰਤ ਸ਼ੂਦਰਾਂ ਨੂੰ ਜਿਉਣ ਲਈ ਕੁਝ ਹੱਕ ਦੇਣ ਲਈ 1930 ਵਿਚ ਕਮਿਊਨਿਲ ਅਵਾਰਡ ਪਾਸ ਕੀਤਾ ਗਿਆ।
ਸਾਡੇ ਇਤਿਹਾਸ ਵਿਚ ਸਾਈਮਨ ਕਮਿਸ਼ਨ ਦਾ  ਵਿਰੋਧ ਕਰਨ ਬਾਰੇ ਤਾਂ ਪੜ੍ਹਾਇਆ ਜਾ ਰਿਹਾ ਹੈ ਪਰ, ਇਹ ਕਿਤੇ ਵੀ ਪੜ੍ਹਾਇਆ ਨਹੀਂ ਜਾਂਦਾ ਕਿ  ਸਾਈਮਨ ਕਮਿਸ਼ਨ ਸ਼ੂਦਰਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਦੀ ਸਮੀਖਿਆ ਕਰਨ ਲਈ ਆਇਆ ਸੀ, ਪਰ ਦੇਸ਼ ਦੇ ਮਨੂੰਵਾਦੀ ਵਿਚਾਰਧਾਰਾ ਵਾਲੇ ਲੋਕ ਉਨ੍ਹਾਂ ਨੂੰ ਅਧਿਕਾਰ ਦੇਣ ਦੇ ਹੱਕ ਵਿਚ ਨਹੀਂ ਸਨ, ਜਿਸ ਕਰਕੇ ਸਾਈਮਨ ਕਮਿਸ਼ਨ ਦਾ ਵਿਰੋਧ ਕੀਤਾ ਗਿਆ ਸੀ। ਇਤਿਹਾਸ ਵਿਚ ਇਹ ਵੀ ਨਹੀਂ ਪੜ੍ਹਾਇਆ ਜਾਂਦਾ ਕਿ ਚੌਧਰੀ ਸਰ ਛੋਟੂਰਾਮ  ਓ.ਬੀ.ਸੀ. ਪੰਜਾਬ ਦੇ ਜਾਟ, ਮੂਲਨਿਵਾਸੀਆਂ ਵਲੋਂ ਡਾ: ਅੰਬੇਦਕਰ ਅਤੇ ਪੱਛੜੀਆਂ ਸ਼੍ਰੇਣੀਆਂ ਵਲੋਂ ਸ਼ਿਵ ਦਿਆਲ ਚੌਰਸੀਆ (ਉੱਤਰ ਪ੍ਰਦੇਸ਼) ਸਮੇਤ ਅਨੇਕਾਂ ਮੂਲਨਿਵਾਸੀਆਂ ਦੀਆਂ ਸੰਸਥਾਵਾਂ ਦੇ ਆਗੂਆਂ
ਵਲੋਂ ਕਮਿਸ਼ਨ ਦਾ ਸੁਆਗਤ ਕੀਤਾ ਗਿਆ ਸੀ।  
ਜਾਣਕਾਰੀ ਅਨੁਸਾਰ 1917 ਵਿੱਚ ਅੰਗਰੇਜ਼ ਹਕੂਮਤ ਦੁਆਰਾ ਸਾਊਥ ਬਰੋ ਕਮਿਸ਼ਨ ਨਾਮਕ ਇੱਕ ਕਮੇਟੀ ਬਣਾਈ ਗਈ ਸੀ, ਜਿਸ ਨੇ ਭਾਰਤ ਦੇ ਸ਼ੂਦਰ ਅਤੇ ਅਤਿ ਸ਼ੂਦਰ ਦੇ ਲੋਕਾਂ ਦੀ ਪਛਾਣ ਕਰਕੇ ਜਿਨ੍ਹਾਂ ਨੂੰ ਹੁਣ ਅਨੁਸੂਚਿਤ ਜਾਤੀਆਂ, ਜਨ-ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ (ਮੂਲ-ਨਿਵਾਸੀ) ਕਿਹਾ ਜਾਂਦਾ ਹੈ, ਦੇ ਬਾਰੇ ਅੰਗਰੇਜ ਹਕੂਮਤ ਨੂੰ ਰਿਪੋਰਟ  ਦਿੱਤੀ ਸੀ ਕਿ ਉਕਤ ਵਰਗ ਹਰ ਖੇਤਰ ਵਿੱਚ ਹਿੰਦੂਆਂ ਨਾਲੋਂ ਵੱਖਰੇ ਹਨ, ਉਨ੍ਹਾਂ ਦਾ ਜੀਵਨ ਪਸ਼ੂਆਂ ਨਾਲੋਂ ਵੀ ਮਾੜਾ ਹੈ ਅਤੇ ਉਨ੍ਹਾਂ ਨੂੰ ਮਨੂੰਵਾਦੀਆਂ ਵਲੋਂ ਸਦੀਆਂ ਤੋਂ ਮਨੁੱਖੀ ਅਧਿਕਾਰਾਂ ਤੋਂ ਵੰਚਿਤ ਕਰਕੇ ਰੱਖਿਆ ਹੋਇਆ ਹੈ।
 ਅੰਗਰੇਜ ਹਕੂਮਤ ਸਮਝ ਚੁੱਕੀ ਸੀ ਕਿ ਭਾਰਤ ਦੇ ਬਹੁਗਿਣਤੀ ਲੋਕਾਂ ਜਿਨ੍ਹਾਂ ਵਿਚ ਸ਼ੂਦਰ ਅਤੇ ਅਤਿ ਸ਼ੂਦਰ ਸ਼ਾਮਲ ਸਨ, ਦੇ ਪ੍ਰਤੀ ਮਨੂੰਵਾਦੀ ਲੋਕਾਂ ਦਾ ਨਿਆਂਇਕ ਚਰਿੱਤਰ ਸ਼ੁੱਧ ਨਹੀਂ ਹੈ। ਸ਼ੂਦਰਾਂ ਪ੍ਰਤੀ ਮਨੂੰਵਾਦੀਆਂ ਦੇ ਘਿਰਣਾਵਾਦੀ ਚਰਿੱਤਰ
 ਨੂੰ ਭਾਪਦਿਆਂ 10 ਸਾਲਾਂ ਬਾਅਦ 1927 ਵਿਚ ਸਾਈਮਨ ਕਮਿਸ਼ਨ ਦਾ ਗਠਨ ਕੀਤਾ ਗਿਆ ਅਤੇ ਉਹ ਕਮਿਸ਼ਨ ਫਿਰ 1928 ਵਿਚ  ਭਾਰਤ ਵਿੱਚ  ਆਇਆ ਤਾਂ ਜੋ ਸ਼ੂਦਰਾਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ ਉਨ੍ਹਾਂ ਦੀ ਅਬਾਦੀ ਅਨੁਸਾਰ ਵੱਖ-ਵੱਖ ਖੇਤਰਾਂ ਵਿੱਚ ਨੁਮਾਇੰਦਗੀ ਦਿੱਤੀ ਜਾ ਸਕੇ । ਸਾਈਮਨ ਕਮਿਸ਼ਨ ਦਾ ਗਠਨ  ਵੇਖ ਕੇ ਦੇਸ਼ ਦੇ ਮਨੂੰਵਾਦੀ ਵਿਚਾਰਧਾਰਾ ਵਾਲੇ ਲੋਕਾਂ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ ਸੀ , ਕਿਉਂਕਿ ਇਸ ਵਿਚ ਕਿਸੇ ਵੀ ਮਨੂੰਵਾਦੀ ਨੂੰ ਸ਼ਾਮਲ ਨਹੀਂ  ਸੀ ਕੀਤਾ ਗਿਆ , ਜਿਸ ਕਰਕੇ ਕਮਿਸ਼ਨ ਦਾ ਡੱਟਕੇ ਵਿਰੋਧ ਕੀਤਾ ਗਿਆ। ਜਦਕਿ ਡਾ. ਅੰਬੇਦਕਰ ਵੱਖ-ਵੱਖ ਥਾਵਾਂ 'ਤੇ ਕਮਿਸ਼ਨ ਨਾਲ  ਦੌਰੇ 'ਤੇ ਨਾਲ ਗਏ। ਇਸ ਦੌਰਾਨ ਸਾਈਮਨ ਕਮਿਸ਼ਨ ਨੂੰ ਭਾਰਤ ਵਿੱਚ ਜਾਤੀ ਪ੍ਰਣਾਲੀ ਦੇ ਜ਼ਮੀਨੀ ਪੱਧਰ ਬਾਰੇ ਸਹੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਲੰਡਨ ਸ਼ਹਿਰ ਵਿੱਚ ਗੋਲਮੇਜ਼ ਕਾਨਫਰੰਸਾਂ ਹੋਈਆਂ ਜਿਥੇ ਡਾ: ਅੰਬੇਦਕਰ ਨੇ ਸ਼ੂਦਰਾਂ ਦੀ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ  ਸਦੀਆਂ ਤੋਂ  ਉਨ੍ਹਾਂ ਨੂੰ ਪੜ੍ਹਨ ਅਤੇ ਲਿਖਣ ਸਮੇਤ ਹਰ ਤਰ੍ਹਾਂ ਦੇ ਮਨੁੱਖੀ ਅਧਿਕਾਰਾਂ/ਹੱਕਾਂ ਤੋਂ ਵਾਂਝੇ ਰੱਖਿਆ ਗਿਆ ਹੈ। ਡਾ ਅੰਬੇਦਕਰ ਦੀਆਂ ਦਲੀਲਾਂ ਸੁਣਨ ਤੋਂ ਬਾਅਦ  ਦਲਿਤ ਵਰਗ ਨੂੰ ਦੂਸਰੇ ਲੋਕਾਂ ਦੇ ਬਰਾਬਰ ਵੋਟ ਦਾ ਅਧਿਕਾਰ ਮਿਲਿਆ, ਪਰ ਕਾਂਗਰਸ ਸ਼ੂਦਰਾਂ ਨੂੰ ਅਧਿਕਾਰ ਦੇਣ ਦੇ ਹੱਕ ਵਿਚ ਨਹੀਂ ਸੀ , ਜਿਸ ਕਰਕੇ ਮਹਾਤਮਾ ਗਾਂਧੀ ਨੇ ਅਧਿਕਾਰਾਂ ਦੇ ਵਿਰੋਧ ਵਿੱਚ ਮਰਨ ਵਰਤ ਰੱਖ ਲਿਆ , ਜਿਸ ਕਰਕੇ ਦਲਿਤਾਂ ਨੂੰ ਮਿਲੇ ਦੋ ਵੋਟਾਂ ਦੇ ਅਧਿਕਾਰਾਂ ਵਿੱਚੋਂ ਇੱਕ ਵੋਟ ਦਾ ਅਧਿਕਾਰ ਖਤਮ ਹੋ ਗਿਆ।
ਡਾ ਅੰਬੇਦਕਰ ਸੰਸਾਰ ਦੇ ਗਿਣੇ ਚੁਣੇ ਵਿਦਵਾਨਾਂ ਵਿਚੋਂ ਇਕ ਸਨ, ਜਿਨ੍ਹਾਂ ਨੇ ਭਾਰਤੀ ਸੰਵਿਧਾਨ ਦੀ ਸਿਰਜਣਾ ਕਰਦਿਆਂ ਭਾਰਤ ਨੂੰ ਵੱਖ ਵੱਖ ਫੁੱਲਾਂ ਦਾ ਇਕ ਖੂਬਸੂਰਤ ਗੁਲਦਸਤਾ ਬਣਾ ਕੇ ਰੱਖ ਦਿੱਤਾ। ਇਹ ਭਾਰਤੀ ਸੰਵਿਧਾਨ ਦੀ ਦੇਣ ਹੀ ਹੈ ਕਿ ਅਜਾਦੀ ਦੇ 75 ਸਾਲ ਬੀਤ ਜਾਣ ਦੇ ਬਾਵਜੂਦ ਵੀ ਭਾਰਤ ਇੱਕ ਮੁੱਠੀ ਵਿੱਚ ਬੰਦ ਹੈ।
ਦੇਸ਼ ਦੇ ਮਨੂੰਵਾਦੀ ਲੋਕਾਂ ਵਲੋਂ ਅਕਸਰ ਇਹ ਗੱਲ ਪ੍ਰਚਾਰੀ ਜਾਂਦੀ ਹੈ ਕਿ ਡਾ ਅੰਬੇਦਕਰ ਕੇਵਲ ਦਲਿਤਾਂ ਦੇ ਆਗੂ ਹਨ, ਜੋ ਬਿਲਕੁਲ ਗਲਤ ਹੈ। ਡਾ ਅੰਬੇਦਕਰ ਦੇਸ਼ ਦੇ ਸਮੂਹ ਵਰਗਾਂ ਦੇ ਨੇਤਾ ਸਨ। ਉਨ੍ਹਾਂ ਨੇ ਮਨੂਸਿਮਰਤੀ ਨੂੰ ਸਾੜਦਿਆਂ ਆਖਿਆ ਸੀ ਕਿ ਇਹ ਸਮਾਜ ਵਿਚ ਵੰਡੀਆਂ ਪਾ ਰਹੀ ਹੈ, ਜਿਸ ਕਰਕੇ ਕਰੋੜਾਂ ਮੂਲਨਿਵਾਸੀਆਂ ਅਤੇ ਔਰਤਾਂ ਦੀ ਜਿੰਦਗੀ ਨਰਕ ਬਣੀ ਹੋਈ ਹੈ। ਉਨ੍ਹਾਂ ਨੇ ਜਿਥੇ ਸ਼ੂਦਰਾਂ ਨੂੰ ਪੜ੍ਹਨ - ਲਿਖਣ ਸਮੇਤ ਮਨੁੱਖੀ ਜੀਵਨ ਜਿਊਣ ਦੇ ਅਧਿਕਾਰ ਲੈ ਕੇ ਦਿੱਤੇ ਉਥੇ ਔਰਤਾਂ ਨੂੰ ਵੀ ਮਰਦਾਂ ਦੇ ਬਰਾਬਰ ਦੇ ਅਧਿਕਾਰ ਲੈ ਕੇ ਦਿੱਤੇ, ਜਿਸ ਕਰਕੇ ਅੱਜ ਦੇਸ਼ ਦੀਆਂ ਔਰਤਾਂ ਪ੍ਰਧਾਨਮੰਤਰੀ ਅਤੇ ਰਾਸ਼ਟਰਪਤੀ ਦੇ ਅਹੁਦਿਆਂ ਤੱਕ ਪਹੁੰਚ ਗਈਆਂ ਹਨ। ਰਿਜਰਵ ਬੈਂਕ ਆਫ ਇੰਡੀਆ ਡਾ ਅੰਬੇਦਕਰ ਦੀ ਦੇਣ ਹੈ। ਉਹ ਕੇਵਲ ਭਾਰਤੀ ਸੰਵਿਧਾਨ ਦੇ ਹੀ ਨਿਰਮਾਤਾ ਨਹੀਂ ਹਨ, ਬਲਕਿ  ਉਨ੍ਹਾਂ ਨੂੰ 'ਨਵ-ਭਾਰਤ ਦੇ ਨਿਰਮਾਤਾ' ਵੀ ਕਿਹਾ ਜਾਂਦਾ ਹੈ। ਉਹ ਸੰਸਾਰ ਭਰ ਵਿੱਚ 'ਗਿਆਨ ਦਾ ਪ੍ਰਤੀਕ' ਹਨ। ਉਹ ਦੇਸ਼ ਦੇ ਕਰੋੜਾਂ ਮੂਲਨਿਵਾਸੀਆਂ ਅਤੇ ਭਾਰਤੀ ਔਰਤਾਂ ਦੇ 'ਮੁਕਤੀ ਦਾਤਾ' ਹਨ।
ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵਲੋਂ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਦੀ ਤਸਵੀਰ ਪੰਜਾਬ ਸਰਕਾਰ ਦੇ ਹਰੇਕ ਦਫਤਰ ਵਿਚ ਲਗਵਾਉਣ ਲਈ ਜੋ ਪਹਿਲ ਕਦਮੀ ਕੀਤੀ ਹੈ, ਦੇ ਸਦਕਾ ਸੁੱਤੇ ਲੋਕਾਂ ਨੂੰ ਜਾਗ ਆਵੇਗੀ ਅਤੇ ਉਨ੍ਹਾਂ ਨੂੰ ਪਤਾ ਲੱਗੇਗਾ ਕਿ 'ਡਾ ਅੰਬੇਦਕਰ ਸੰਸਾਰ ਵਿੱਚ ਗਿਆਨ ਦਾ ਪ੍ਰਤੀਕ ਹਨ।'
ਕੰਲੋਬੀਆ ਸਰਕਾਰ ਵੀ ਵਧਾਈ ਦੀ ਪਾਤਰ ਹੈ, ਜਿਸ ਨੇ ਡਾ:ਅੰਬੇਦਕਰ ਦਾ ਜਨਮ ਦਿਹਾੜਾ ਮਨਾਉਣ ਲਈ ਅਪ੍ਰੈਲ ਮਹੀਨਾ ਨੂੰ ' ਦਲਿਤ ਮਹੀਨਾ' ਦੇ ਤੌਰ 'ਤੇ ਮਨਾਉਣ ਦਾ ਫੈਸਲਾ ਕੀਤਾ ਹੈ।
ਸੁਖਦੇਵ ਸਲੇਮਪੁਰੀ
09780620233
14 ਅਪ੍ਰੈਲ, 2022

"ਸਤਿਕਾਰਿਤ ਪੰਜਾਬੀਓ ਬਹੁਤ ਦੇਰ ਲੱਗੇਗੀ ਪੰਜਾਬ ਨੂੰ ਸੁਧਾਰਨ ਲਈ" ✍️  ਜਸਵੀਰ ਸ਼ਰਮਾਂ ਦੱਦਾਹੂਰ

"ਸਤਿਕਾਰਿਤ ਪੰਜਾਬੀਓ ਬਹੁਤ ਦੇਰ ਲੱਗੇਗੀ ਪੰਜਾਬ ਨੂੰ ਸੁਧਾਰਨ ਲਈ"

ਆਮ ਆਦਮੀ ਪਾਰਟੀ ਵੱਲੋਂ ਖੋਲੀਆਂ ਜਾ ਰਹੀਆਂ ਨੇ ਹੌਲੀ ਹੌਲੀ ਪਰਤਾਂ

 

ਜੇਕਰ ਪਿਛਲੇ ਸੱਤਰ ਪਝੱਤਰ ਸਾਲਾਂ ਦੀਆਂ ਸਰਕਾਰਾਂ ਦੀ ਗੱਲ ਕਰੀਏ ਤਾਂ ਓਨਾਂ ਦੇ ਕਾਰਜ ਕਾਲ ਦੌਰਾਨ ਜੇਕਰ ਕੁੱਝ ਨਾ ਕੁੱਝ ਸੂਬਿਆਂ ਅਤੇ ਦੇਸ਼ ਵਿੱਚ ਵਧੀਆ ਕਾਰਜ ਹੋਏ ਹੋਣਗੇ,ਪਰ ਇਸ ਦੇ ਇਵਜ਼ ਵਿੱਚ ਦੇਸ਼ ਸੂਬਿਆਂ ਅਤੇ ਖਾਸ ਕਰਕੇ ਆਮ ਲੋਕਾਂ ਲਈ ਅਤਿਅੰਤ ਘਿਨਾਉਣੇ ਕਾਰਜਾਂ ਦੀ ਸੂਚੀ ਵੀ ਬਹੁਤ ਲੰਬੀ ਹੈ।ਕਿਸ ਤਰ੍ਹਾਂ ਪੰਜਾਬ ਸੂਬੇ ਦੀਆਂ ਸਾਰੀਆਂ ਹੀ ਹੁਣ ਤੱਕ ਆਈਆਂ ਸਰਕਾਰਾਂ ਨੇ ਆਮ ਪਬਲਿਕ ਨੂੰ ਬਹੁਤ ਹੀ ਬੁਰੀ ਤਰ੍ਹਾਂ ਲੁੱਟਿਆ ਕੁੱਟਿਆ ਅਤੇ ਜਲੀਲ ਕੀਤਾ ਹੈ। ਸਰਕਾਰੀ ਹਰ ਅਦਾਰੇ ਵਿੱਚ ਲੁੱਟ ਘਸੁੱਟ, ਰਿਸ਼ਵਤਖੋਰੀ ਬੇਈਮਾਨੀ ਚਹੇਤਿਆਂ ਨੂੰ ਪਹਿਲ ਦੇਣੀ, ਧਾਂਦਲੀਆਂ ਦਾ ਜੋਰ ਹੁਣ ਤੱਕ ਪੂਰੀ ਚਰਮ ਸੀਮਾ ਤੇ ਰਿਹਾ ਹੈ,ਜਿਸ ਨੂੰ ਹਰ ਪੰਜਾਬੀ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਆਪਣੇ ਹੱਡਾਂ ਤੇ ਹੰਢਾ ਰਿਹਾ ਹੈ। ਜਿਥੇ ਨਸ਼ਿਆਂ ਨੇ ਜਵਾਨੀ ਦਾ ਘਾਣ ਕੀਤਾ ਹੈ, ਓਥੇ ਜਵਾਨੀ ਦਾ ਬਾਹਰ ਜਾਣ ਦੇ ਰੁਝਾਨ ਵਿਚ ਵੀ ਸਮੇਂ ਦੀਆਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਹੀ ਜ਼ਿੰਮੇਵਾਰ ਹਨ।ਇਸ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਨਸ਼ਿਆਂ ਦੀ ਤਸੱਕਰੀ ਵੀ ਸਰਕਾਰਾਂ ਦੀ ਮਿਲੀ ਭੁਗਤ ਨਾਲ ਹੀ ਸੰਭਵ ਹੁੰਦੀ ਹੈ,ਜਿਸ ਦੇ ਸਮੇਂ ਸਮੇਂ ਤੇ ਠੋਸ ਸਬੂਤ ਵੀ ਮਿਲਦੇ ਰਹੇ ਹਨ,ਓਹ ਗੱਲ ਅਲੈਹਿਦਾ ਹੈ ਕਿ ਸਿਆਸਤ ਭਾਰੂ ਕਰਕੇ ਕਿਸੇ ਤੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ। ਜੇਕਰ ਆਪਾਂ ਪੰਜਾਬ ਸੂਬੇ ਦੀ ਹੀ ਗੱਲ ਕਰੀਏ ਤਾਂ ਇਥੇ ਖਾਸ ਕਰਕੇ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ, ਅਮੀਰਾਂ ਲਈ ਕਾਨੂੰਨ ਕੁੱਝ ਹੋਰ ਤੇ ਗਰੀਬਾਂ ਲਈ ਕੁੱਝ ਹੋਰ।ਇਸ ਦਾ ਸੰਤਾਪ ਦਾਸ ਵੀ ਹੰਢਾ ਚੁੱਕਾ ਹੈ।ਆਮ ਜਨਤਾ ਇਨ੍ਹਾਂ ਉਪਰੋਕਤ ਗੱਲਾਂ ਤੋਂ ਪੂਰੀ ਤਰ੍ਹਾਂ ਅੱਕ ਚੁੱਕੀ ਕਰਕੇ ਹੀ ਇਨ੍ਹਾਂ ਰਵਾਇਤੀ ਪਾਰਟੀਆਂ ਨੂੰ ਇਸ ਵਾਰ ਭਾਵ ਵਿਧਾਨ ਸਭਾ ਦੀਆਂ ਦੋ ਹਜ਼ਾਰ ਬਾਈ ਦੀਆਂ ਚੋਣਾਂ ਵਿੱਚ ਬਾਹਰ ਦਾ ਰਸਤਾ ਵਿਖਾਇਆ ਹੈ।ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ ਹੈ ਅਤੇ ਆਈ ਵੀ ਬੜੇ ਧੜੱਲੇ ਨਾਲ ਹੈ, ਇਤਹਾਸਕ ਜਿੱਤ ਦਰਜ ਕਰਵਾਈ ਹੈ ਲੋਕਾਂ ਨੇ ਇਸ ਨਵੀਂ ਪਾਰਟੀ ਨੂੰ ਤੇ ਇਸ ਤੋਂ ਲੋਕਾ ਨੂੰ ਬਹੁਤ ਆਸਾਂ ਵੀ ਹਨ ਤੇ ਇਨ੍ਹਾਂ ਨੇ ਲੋਕ ਭਲਾਈ ਦੇ ਕਾਰਜ ਕਰਨੇ ਸ਼ੁਰੂ ਕੀਤੇ ਕਰਕੇ ਹੀ ਰਵਾਇਤੀ ਪਾਰਟੀਆਂ ਨੂੰ ਢਿੱਡ ਪੀੜਾਂ ਕੁੱਝ ਜ਼ਿਆਦਾ ਹੀ ਲੱਗ ਗਈਆਂ ਹਨ। ਜਿਹੜੇ ਮੁੱਦੇ ਇਨਾਂ ਰਵਾਇਤੀ ਪਾਰਟੀਆਂ ਦੇ ਆਪਦੇ ਰਾਜ ਦੌਰਾਨ ਜਿਉਂ ਦੇ ਤਿਉਂ ਖੜ੍ਹੇ ਸਨ ਹੁਣ ਇਨ੍ਹਾਂ ਨੂੰ ਕੁੱਝ ਜ਼ਿਆਦਾ ਹੀ ਦਿੱਸਣ ਲੱਗ ਪਏ ਹਨ।

       ਕਿਤੇ ਪੱਗ ਦੀ ਗੱਲ ਹੁੰਦੀ ਹੈ, ਕਿਤੇ ਪੈਂਸਨਾਂ ਕਰਕੇ ਟੈਂਸ਼ਨ ਹੋਈ ਪਈ ਐ ਕਿਤੇ ਐਸ ਵਾਈ ਐਲ ਨਹਿਰ ਦੇ ਮੁੱਦੇ ਦੀ ਗੱਲ ਕਰਦੇ ਨੇ, ਕਿਧਰੇ ਅਮਨ ਅਮਾਨ ਦੀ ਸਥਿਤੀ ਤੇ ਸਵਾਲ ਉਠਾਏ ਜਾਂਦੇ ਹਨ, ਕਿਤੇ ਨਸ਼ਿਆਂ ਦੀ ਗੱਲ ਹੁੰਦੀ ਹੈ, ਇਨ੍ਹਾਂ ਨੂੰ ਪੁੱਛਣ ਵਾਲਾ ਕੋਈ ਹੋਵੇ,ਕਿ ਇਹ ਮੁੱਦੇ ਤੁਸੀਂ ਆਪੋ ਆਪਣੇ ਰਾਜ ਸਮੇਂ ਕਿਉਂ ਨਹੀਂ ਸੁਧਾਰਨ ਦੀ ਕੋਸ਼ਿਸ਼ ਕੀਤੀ? ਹੁਣ ਜੇਕਰ ਲੋਕਾਂ ਨੂੰ ਇਸ ਆਮ ਆਦਮੀ ਪਾਰਟੀ ਸਰਕਾਰ ਤੋਂ ਕੁੱਝ ਆਸਾਂ ਉਮੀਦਾਂ ਹਨ ਤਾਂ ਢੁੱਚਾਂ ਡਾਹ ਰਹੇ ਹਨ,ਕੰਮ ਹੀ ਨਹੀਂ ਕਰਨ ਦਿੱਤਾ ਜਾਂਦਾ। ਆਖਿਰ ਉਲਝੀ ਹੋਈ ਤਾਣੀ ਨੂੰ ਸੁਲਝਾਉਣ ਲਈ ਸਮਾਂ ਤਾਂ ਲੱਗੇਗਾ ਹੀ।

         ਪੰਜਾਬ ਦੇ ਮਸਲਿਆਂ ਦੀ ਗੱਲ ਕਰੀਏ ਤਾਂ ਤਾਣਾ ਪੇਟਾ ਹੀ ਉਲਝਿਆ ਹੋਇਆ ਹੈ, ਗੈਂਗਸਟਰ ਮਾਮਲੇ,ਹਰ ਮਹਿਕਮੇ ਵਿੱਚ ਹੇਰਾਫੇਰੀਆਂ,ਸਰਕਾਰੀ ਕੋਠੀਆਂ ਖਾਲੀ ਕਰਨ ਵਾਲੇ ਸਾਬਕਾ ਮੰਤਰੀਆਂ ਵੱਲੋਂ ਸਮਾਨ ਪੂਰਾ ਨਾ ਦੇਣਾ, ਸਕੂਲਾਂ ਵੱਲੋਂ ਲੁੱਟ ਘਸੁੱਟ, ਅੱਜ ਕੱਲ੍ਹ ਪੀ ਟੀ ਸੀ ਚੈਨਲ ਦਾ ਮਾਮਲਾ ਪੂਰਾ ਸੁਰਖੀਆਂ ਵਿੱਚ ਹੈ, ਹੋਰ ਤਾਂ ਹੋਰ ਮੰਤਰੀਆਂ ਦੇ ਸਰਕਾਰੀ ਡਰਾਈਵਰ ਹੀ ਅੱਡਿਆਂ ਚੋਂ ਆ ਕੇ ਉਗਰਾਹੀ ਕਰ ਜਾਂਦੇ ਹਨ,ਕੀ ਬਣੂੰ ਦੋਸਤੋ ਪੰਜਾਬ ਦਾ, ਜੇਕਰ ਸੱਭ ਕੁੱਝ ਗਿਨਣ ਲੱਗੀਏ ਤਾਂ ਬਹੁਤ ਵੱਡੀ ਲਿਸਟ ਨਾਲ ਲੇਖ ਵੀ ਬਹੁਤ ਵੱਡਾ ਬਣਦਾ ਜਾਵੇਗਾ, ਵੈਸੇ ਜਿਥੇ ਜਿਹੜੇ ਸੂਬੇ ਵਿੱਚ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਕੋਈ ਕਾਨੂੰਨ ਨਹੀਂ ਇਥੋਂ ਤੱਕ ਕਿ ਜੱਜ ਸਾਹਿਬ ਵੀ ਵਿਕ ਜਾਂਦੇ ਹੋਣ ਓਥੇ ਜਨਤਾ ਨੂੰ ਕਿਵੇਂ ਨਿਆਂ ਮਿਲਣ ਦੀ ਉਮੀਦ ਰੱਖੀ ਜਾ ਸਕਦੀ ਹੈ?

            ਅੱਜ ਅੱਠ ਅਪ੍ਰੈਲ ਨੂੰ  ਦੈਨਿਕ ਭਾਸਕਰ ਹਿੰਦੀ ਅਖ਼ਬਾਰ ਦੀ ਸੁਰਖੀ ਵੇਖ ਕੇ ਤਾਂ ਜਿਵੇਂ ਪੈਰਾਂ ਹੇਠੋਂ ਮਿੱਟੀ ਹੀ ਨਿਕਲ ਗਈ। ਮਾਨਯੋਗ ਜਗਵਿੰਦਰ ਜੀਤ ਸਿੰਘ ਡਵੀਜ਼ਨਲ ਡਿਪਟੀ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਦਫ਼ਤਰ ਜਲੰਧਰ ਵੱਲੋਂ ਪੰਜਾਬ ਦੇ ਸਿਰਫ਼ ਅੱਠ ਜ਼ਿਲ੍ਹਿਆਂ ਦਾ ਖੁੱਲ੍ਹਾ ਚਿੱਠਾ ਧਾਂਦਲੀਆਂ ਦਾ ਛਾਪਿਆ ਹੈ ਜਿਨ੍ਹਾਂ ਵਿੱਚ ਦਸ ਹਜ਼ਾਰ ਪੰਜ ਸੌ ਛਿੱਤਰ ਏਕੜ ਪੰਚਾਇਤੀ ਜ਼ਮੀਨ ਤੇ ਵਿਭਾਗ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਇਸ ਮੇਨ ਪੇਜ ਦੀ ਮੋਟੀ ਸੁਰਖੀ ਤੇ ਕਿਥੇ ਕਿਥੇ ਅਤੇ ਕੀਹਦੀ ਕੀਹਦੀ ਮਿਲੀ ਭੁਗਤ ਨਾਲ ਅਤੇ ਕੀਹਦਾ ਕੀਹਦਾ ਕਬਜ਼ਾ ਹੈ ਬਕਾਇਦਾ ਜਨਤਕ ਤੌਰ ਤੇ ਨੰਗਾ ਕੀਤਾ ਗਿਆ ਹੈ। ਸੋਲਾਂ ਮਹੀਨਿਆਂ ਵਿਚ ਹਰ ਮਹਿਕਮੇ ਨੂੰ ਚੌਵੀ ਪੱਤਰ ਲਿਖੇ ਹੋਏ ਹਨ ਪਰ ਕਾਰਵਾਈ ਕਿਸੇ ਇੱਕ ਤੇ ਵੀ ਨਹੀਂ ਹੋਈ।ਚਾਰ ਮਾਮਲਿਆਂ ਵਿੱਚ ਵੱਡੇ ਵੱਡਿਆਂ ਦੇ ਨਾਮ ਜਿਥੇ ਜਨਤਕ ਕੀਤੇ ਗਏ ਹਨ ਓਥੇ ਕਿਹੜੇ ਸ਼ਹਿਰ ਵਿੱਚ ਕਿੰਨੀ ਜ਼ਮੀਨ ਸਿਆਸੀ ਦਬਾਅ ਕਾਰਨ ਦੱਬੀ ਹੋਈ ਹੈ ਪੂਰਾ ਵੇਰਵਾ ਲਿਖਿਆ ਹੋਇਆ ਹੈ। ਮਾਨਯੋਗ ਡਿਪਟੀ ਡਾਇਰੈਕਟਰ ਸਾਹਿਬ ਨੇ ਅਫ਼ਸਰਸ਼ਾਹੀ ਨੂੰ ਤਾੜਨਾ ਕਰਦਿਆਂ ਕਿਹਾ ਹੈ ਕਿ ਅਫਸਰਾਂ ਨੂੰ ਜਵਾਬ ਦੇਣਾ ਹੋਵੇਗਾ। ਸ਼ਾਬਾਸ਼ ਦੇਣੀ ਬਣਦੀ ਹੈ ਸਤਿਕਾਰ ਯੋਗ ਡਿਪਟੀ ਡਾਇਰੈਕਟਰ ਸਾਹਿਬ ਜੀ ਨੂੰ।ਕੀ ਪਿਛਲੀਆਂ ਸਰਕਾਰਾਂ ਵੇਲੇ ਓਨਾਂ ਦੀਆਂ ਅੱਖਾਂ ਮੀਚੀਆਂ ਹੋਈਆਂ ਸਨ?ਉਂਝ ਆਪਾਂ ਸਾਰੇ ਕਹਿੰਦੇ ਹਾਂ ਕਿ ਚੰਗੇ ਦਿਨ ਆਉਣ। ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਚੰਗੇ ਦਿਨ ਆਉਣ ਦੀ ਘੱਟ ਹੀ ਉਮੀਦ ਹੈ, ਹਾਂ ਇਸ ਤੋਂ ਮਾੜੇ ਬੇਸ਼ੱਕ ਆ ਜਾਣ।

            ਵੈਸੇ ਹੀ ਮਹਿੰਗਾਈ ਨੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ ਚੱਲੋ ਓਹ ਤਾਂ ਸੈਂਟਰ ਸਰਕਾਰ ਦੀਆਂ ਪਾਲਸੀਆਂ ਹੋਣਗੀਆਂ,ਪਰ ਜਿਹੜੇ ਪੰਜਾਬ ਵਿੱਚ ਕੁੰਡਲੀਏ ਸੱਪਾਂ ਨੇ ਇਸ ਮਾਇਆ ਰਾਣੀ ਨੂੰ ਆਧਾਰ ਬਣਾ ਕੇ ਉੱਪਰ ਕੁੰਡਲੀ ਮਾਰੀ ਹੋਈ ਹੈ,ਇਸ ਤੋਂ ਨਿਜਾਤ ਦਿਵਾਓ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ।ਤੁਹਾਡੇ ਤੋਂ ਪੰਜਾਬੀ ਭਾਈਚਾਰੇ ਨੂੰ ਬਹੁਤ ਵੱਡੀਆਂ ਆਸਾਂ ਹਨ।ਇਹ ਸਭਨਾਂ ਨੂੰ ਭਲੀਭਾਂਤ ਪਤਾ ਹੈ ਕਿ ਕੋਈ ਵੀ ਚੀਜ਼ ਦੁਨੀਆਂ ਵਿੱਚ ਸਥਿਰਿ ਰਹਿਣ ਵਾਲੀ ਨਹੀਂ ਹੈ, ਇਸੇ ਤਰ੍ਹਾਂ ਸਰਕਾਰਾਂ ਵੀ ਕਦੇ ਸਥਿਰ ਨਹੀਂ ਰਹਿੰਦੀਆਂ ਇਤਿਹਾਸ ਗਵਾਹ ਹੈ।ਪਰ ਜੋ ਇਨਸਾਨ ਦੁਨੀਆਂ ਵਿੱਚ ਚੰਗੇ ਕਾਰਜ,ਭਾਵ ਲੋਕਾਈ ਦੀ ਭਲਾਈ ਲਈ ਕਰ ਜਾਂਦੇ ਨੇ ਓਨਾਂ ਦੀਆਂ ਯਾਦਾਂ ਹਰ ਸਮੇਂ ਲੋਕਾਂ ਦੇ ਦਿਲਾਂ ਵਿੱਚ ਰਹਿੰਦੀਆਂ ਹਨ।ਇੱਕੋ ਇੱਕ ਨਿਮਰਤਾ ਸਹਿਤ ਬੇਨਤੀ ਹੈ ਕਿ ਭਾਵੇਂ ਕੋਈ ਕਰੋੜ ਪਤੀ ਹੈ, ਭਾਵੇਂ ਅਰਬ ਚਾਹੇ ਖਰਬ ਪਤੀ ਹੋਣ ਇੱਕ ਵਾਰ ਸਭਨਾਂ ਨੂੰ ਟੰਗ ਦਿਓ,ਇਹੀ ਸਮੁੱਚੇ ਪੰਜਾਬੀ ਭਾਈਚਾਰੇ ਦੀ ਤੁਹਾਥੋਂ ਮੰਗ ਹੈ। ਇਨ੍ਹਾਂ ਲੋਕਾਂ ਨੂੰ ਇਹ ਜ਼ਰੂਰ ਪਤਾ ਲੱਗਣਾ ਚਾਹੀਦਾ ਹੈ ਕਿ ਹੁਣ ਲੋਕ ਸੁੱਤੇ ਨਹੀਂ ਜਾਗ ਉੱਠੇ ਹਨ ਅਤੇ ਤੁਹਾਡੀਆਂ ਚੌਧਰਾਂ ਨੂੰ ਮਿੱਟੀ ਵਿੱਚ ਮਿਲਾ ਕੇ ਹੀ ਦਮ ਲੈਣਗੇ। ਤਾਂ ਹੀ ਕਿਤੇ ਪੰਜਾਬ ਵਾਸੀ ਰੱਜਵੀਂ ਰੋਟੀ ਖਾ ਸਕਣਗੇ।ਮਾਨ ਸਾਹਿਬ ਰਮਤੇ ਰਮਤੇ ਚਲੋ ਪਰ ਚਲਦੇ ਜਾਓ,ਬੜੇ ਰੋੜੇ ਆਉਣਗੇ ਅਤੇ ਸਿਆਸੀ ਵਿਰੋਧੀ ਧਿਰਾਂ ਰੋੜੇ ਖਿਲਾਰਨਗੀਆਂ ਵੀ ਬਹੁਤ,ਪਰ ਪਰਵਾਹ ਨਾ ਕਰਿਓ ਇਸ ਸਮੇਂ ਸਾਰਾ ਪੰਜਾਬ ਇੱਕ ਪਰਿਵਾਰ ਦੀ ਤਰ੍ਹਾਂ ਤੁਹਾਡੇ ਨਾਲ ਖੜਾ ਹੈ, ਹਾਂ ਇੱਕ ਗੱਲ ਕਿਤੇ ਕੋਈ ਨਜਾਇਜ਼ ਹੀ ਨਾ ਰਗੜਿਆ ਜਾਵੇ, ਵੈਸੇ ਤੁਸੀਂ ਬਹੁਤ ਵਧੀਆ ਢੰਗ ਨਾਲ ਚੱਲ ਰਹੇ ਹੋਂ, ਵਾਹਿਗੁਰੂ ਤੁਹਾਨੂੰ ਬਲ ਬਖ਼ਸ਼ੇ, ਤੁਸੀਂ ਆਪਣੇ ਕੀਤੇ ਵਾਅਦਿਆਂ ਨੂੰ ਬਾਖੂਬੀ ਪੂਰੇ ਕਰ ਸਕੋਂ, ਚੱਲਣਾ ਠਰੰਮ੍ਹੇ ਸੰਜਮ ਸਹਿਣਸ਼ੀਲਤਾ ਨਾਲ ਹੀ, ਵਿਰੋਧੀਆਂ ਨੂੰ ਭਰੋਸੇ ਵਿੱਚ ਲੈਣ ਲਈ ਵੀ ਪੂਰਾ ਤਾਣ ਲਾਉਣਾ ਹੈ,ਇਸ ਵਿੱਚ ਜਿਥੇ ਆਮ ਆਦਮੀ ਪਾਰਟੀ ਦੀ ਭਲਾਈ ਹੈ ਓਥੇ ਸਮੁੱਚੇ ਪੰਜਾਬ ਵਾਸੀਆਂ ਦਾ ਵੀ ਭਲਾ ਹੀ ਹੋਵੇਗਾ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

“ਭਾਰਤ ਰਤਨ ਬਾਬਾ ਸਾਹਿਬ” ਡਾਕਟਰ ਭੀਮ ਰਾਓ ਅੰਬੇਦਕਰ ✍️  ਪ੍ਰੋ.ਗਗਨਦੀਪ ਕੌਰ ਧਾਲੀਵਾਲ ਕੁਰੜ ਬਰਨਾਲਾ

“ਭਾਰਤ ਰਤਨ ਬਾਬਾ ਸਾਹਿਬ” ਭਾਰਤੀ ਸੰਵਿਧਾਨ ਦੇ ਪਿਤਾ ਦਲਿਤ ਨੇਤਾ,ਕਾਨੂੰਨ ਮੰਤਰੀ ——ਡਾਕਟਰ ਭੀਮ ਰਾਓ ਅੰਬੇਦਕਰ (14 ਅਪ੍ਰੈਲ 1891 - 6 ਦਸੰਬਰ 1956)
ਡਾ. ਭੀਮ ਰਾਓ ਅੰਬੇਦਕਰ ਭਾਰਤ ਰਤਨ ਬਾਬਾ ਸਾਹਿਬ ਇਕ ਸਮਾਜ ਸੁਧਾਰਕ, ਦਲਿਤ ਰਾਜ ਨੇਤਾ ਹੋਣ ਦੇ ਨਾਲ ਵਿਸ਼ਵ ਪੱਧਰੀ ਕਾਨੂੰਨੀ ਮਾਹਿਰ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਸਨ। ਇਸ ਤੋਂ ਇਲਾਵਾ ਅਰਥ-ਸ਼ਾਸ਼ਤਰੀ,ਰਾਜਨੀਤੀਵਾਨ ਅਤੇ ਸਮਾਜ ਸੁਧਾਰਕ ਸੀ ਜਿਸ ਨੇ ਦਲਿਤ ਬੋਧੀ ਲਹਿਰ ਨੂੰ ਪ੍ਰੇਰਿਤ ਕੀਤਾ ਅਤੇ ( ਬਹੁਜਨ) ਨਾਲ ਹੁੰਦੇ ਸਮਾਜਿਕ ਭੇਦਭਾਵ ਦੇ ਖਿਲਾਫ ਪ੍ਰਚਾਰ ਕੀਤਾ, ਜਦਕਿ ਔਰਤਾਂ ਅਤੇ ਕਿਰਤ ਦੇ ਅਧਿਕਾਰਾਂ ਦਾ ਸਮਰਥਨ ਵੀ ਕੀਤਾ। ਡਾ. ਭੀਮ ਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੂ ਪਿੰਡ 'ਚ ਇਕ ਗਰੀਬ ਪਰਿਵਾਰ 'ਚ ਹੋਇਆ ਸੀ। ਉਹ ਆਪਣੇ ਮਾਂ-ਬਾਪ ਦੀ 14ਵੀਂ ਸੰਤਾਨ ਸਨ। ਉਨ੍ਹਾਂ ਦਾ ਪਰਿਵਾਰ ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲੇ 'ਚ ਸਥਿਤ ਅੰਬਾਵਡੇ ਨਗਰ ਨਾਲ ਸਬੰਧਿਤ ਸੀ। ਉਨ੍ਹਾਂ ਦੇ ਬਚਪਨ ਦਾ ਨਾਂ ਰਾਮਜੀ ਸਕਪਾਲ ਸੀ। ਉਹ ਹਿੰਦੂ ਮਹਾਰ ਜਾਤੀ ਦੇ ਸਨ ਜੋ 'ਅਛੂਤ' ਕਹੇ ਜਾਂਦੇ ਸਨ। ਉਨ੍ਹਾਂ ਦੀ ਜਾਤੀ ਨਾਲ ਸਮਾਜਿਕ ਅਤੇ ਆਰਥਿਕ ਰੂਪ ਤੋਂ ਡੂੰਘਾ ਭੇਦਭਾਵ ਕੀਤਾ ਜਾਂਦਾ ਸੀ। ਇਕ ਅਛੂਤ ਪਰਿਵਾਰ 'ਚ ਜਨਮ ਲੈਣ ਕਾਰਨ ਉਨ੍ਹਾਂ ਨੂੰ ਬਚਪਨ 'ਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਪਿਆ। ਉਹ ਆਜ਼ਾਦ ਭਾਰਤ ਦਾ ਪਹਿਲਾ ਕਾਨੂੰਨ ਅਤੇ ਨਿਆਂ ਮੰਤਰੀ ਭਾਰਤੀ ਸੰਵਿਧਾਨ ਦਾ ਨਿਰਮਾਤਾ ਅਤੇ ਭਾਰਤ ਗਣਤੰਤਰ ਦਾ ਮੋਢੀ ਪਿਤਾ ਸੀ। ਭਾਰਤ ਅਤੇ ਹੋਰ ਕਿਤੇ, ਉਸਨੁੰ ਅਕਸਰ ਬਾਬਾ ਸਾਹਿਬ ਮਰਾਠੀ ਅਤੇ ਹਿੰਦੀ ਵਿਚ ਭਾਵ "ਆਦਰਯੋਗ ਪਿਤਾ" ਕਹਿੰਦੇ ਸਨ। ਸੰਨ 1906 'ਚ ਜਦੋਂ ਉਹ 15 ਸਾਲਾਂ ਦੇ ਸਨ, ਉਨ੍ਹਾਂ ਦਾ ਵਿਆਹ ਰਮਾਬਾਈ ਨਾਲ ਕਰ ਦਿੱਤਾ ਗਿਆ, ਜਿੰਨਾਂ ਦੀ ਉਮਰ ਉਦੋ 9 ਸਾਲਾਂ ਦੀ ਸੀ ।
1907 ਵਿਚ, ਉਸਨੇ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ । 1912 ਤੱਕ, ਉਸਨੇ ਬੰਬਈ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਵਿਚ ਆਪਣੀ ਡਿਗਰੀ ਪ੍ਰਾਪਤ ਕੀਤੀ। 1915 'ਚ ਉਨ੍ਹਾਂ ਨੇ ਇਕਨਾਮਿਕਸ, ਸਮਾਜ ਸ਼ਾਸਤਰ, ਫਿਲਾਸਫੀ ਅਤੇ ਮਾਨਵ ਸ਼ਾਸਤਰ ਦੀ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਨੇ ਆਪਣਾ ਪਹਿਲਾਂ ਥੀਸਸ Ancient Indian Commerce ਪੂਰਾ ਕੀਤਾ। 1916 'ਚ ਦੂਜਾ ਥੀਸਸ National Dividend of India ਪੂਰਾ ਕੀਤਾ ਅਤੇ ਇਕਨਾਮਿਕਸ 'ਚ ਪੀ. ਐੱਚ. ਡੀ. ਦੀ ਡਿਗਰੀ ਹਾਸਲ ਕੀਤੀ। ਉਹਨਾ ਨੇ 1920 ਵਿਚ, ਉਹਨਾ ਨੇ ਕੋਲਹਪੁਰ ਦੇ ਸ਼ਾਹੂ ,ਸ਼ਾਹੂ ਚੌਥੇ , ਦੀ ਸਹਾਇਤਾ ਨਾਲ ਮੁੰਬਈ ਵਿਚ ਹਫ਼ਤਾਵਾਰੀ ਮੂਕਨਾਇਕ ਦਾ ਪ੍ਰਕਾਸ਼ਨ ਸ਼ੁਰੂ ਕੀਤਾ। 1921 'ਚ ਉਨ੍ਹਾਂ ਨੇ ਐੱਮ. ਐੱਸ. ਸੀ. ਅਤੇ 1922 'ਚ ਬੈਰਿਸਟਰ-ਐਟ-ਲਾਅ ਦੀ ਡਿਗਰੀ ਹਾਸਲ ਕੀਤੀ। 1923 'ਚ ਉਨ੍ਹਾਂ ਨੇ ਥੀਸਸ The Problem of the Rupee : its origin and its solution ਪੂਰਾ ਕੀਤਾ ਅਗਲੇ ਸਾਲ ਉਹ ਐੱਲਫਿੰਸਟਨ ਕਾਲਜ ਵਿਚ ਦਾਖਲ ਹੋ ਗਿਆ।ਆਪਣੀ ਪੁਸਤਕ 'ਦਿ ਬੁੱਧਾ ਐਂਡ ਹਿਸ ਧਾਮਾ' ਵਿੱਚ, ਜਦੋਂ ਉਸਨੇ ਆਪਣੀ ਅੰਗਰੇਜ਼ੀ ਚੌਥੀ ਮਿਆਦ ਦੀ ਪ੍ਰੀਖਿਆ ਪਾਸ ਕੀਤੀ, ਤਾਂ ਉਸ ਦੇ ਭਾਈਚਾਰੇ ਦੇ ਲੋਕ ਜਸ਼ਨ ਮਨਾਉਣ ਚਾਹੁੰਦੇ ਸਨ ਕਿਉਂਕਿ ਉਹ ਸਮਝਦੇ ਸਨ ਕਿ ਉਹ "ਮਹਾਨ ਉਚਾਈਆਂ" ਤੇ ਪਹੁੰਚ ਚੁੱਕੇ ਹਨ । ਬੰਬਈ ਹਾਈ ਕੋਰਟ ਵਿਚ ਕਾਨੂੰਨ ਦਾ ਅਭਿਆਸ ਕਰਦੇ ਸਮੇਂ, ਉਹਨਾਂ ਨੇ ਅਛੂਤਾਂ ਨੂੰ ਸਿੱਖਿਆ ਨੂੰ ਉਤਸ਼ਾਹਤ ਕਰਨ ਅਤੇ ਉਨ੍ਹਾਂ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ। ਉਹਨਾ ਦਾ ਪਹਿਲਾ ਸੰਗਠਿਤ ਯਤਨ ਕੇਂਦਰੀ ਸੰਸਥਾ ਬਹਿਸ਼ਕ੍ਰਿਤ ਹਿਤਕਾਰਨੀ ਸਭਾ ਦੀ ਸਥਾਪਨਾ ਕਰਨਾ ਸੀ, ਜਿਸਦਾ ਮਕਸਦ ਸਿੱਖਿਆ ਅਤੇ ਸਮਾਜਿਕ-ਆਰਥਿਕ ਸੁਧਾਰ ਨੂੰ ਉਤਸ਼ਾਹਿਤ ਕਰਨਾ ਸੀ, ਅਤੇ ਨਾਲ ਹੀ "ਦਲਿਤਾਂ ਦੀ ਭਲਾਈ" ਕਰਨਾ ਸੀ।ਦਲਿਤ ਹੱਕਾਂ ਦੀ ਰੱਖਿਆ ਲਈ ਉਹਨਾਂ ਨੇ ਪੰਜ ਅਖਬਾਰਾਂ- ਮੂਕਨਾਕ (1920), ਬਹਿਸ਼ੀਕ੍ਰਿਤ ਭਾਰਤ (1924), ਸਮਤਾ (1928), ਜਨਤਾ (1930) ਅਤੇ ਪ੍ਰਬੁੱਧਾ ਭਾਰਤ (1956) ਦੀ ਸ਼ੁਰੂਆਤ ਕੀਤੀ।1927 ਦੇ ਅਖੀਰ ਵਿੱਚ ਇੱਕ ਸੰਮੇਲਨ ਵਿੱਚ ਅੰਬੇਦਕਰ ਨੇ ਜਾਤੀਗਤ ਭੇਦਭਾਵ ਅਤੇ "ਛੂਤ-ਛਾਤ" ਲਈ ਵਿਚਾਰਧਾਰਾ ਨੂੰ ਸਹੀ ਠਹਿਰਾਉਣ ਲਈ, ਕਲਾਸਿਕ ਹਿੰਦੂ ਪਾਠ, (ਮੰਨੂੰ ਸਮ੍ਰਿਤੀ -ਮਨੂ ਦੇ ਨਿਯਮ) ਨੂੰ ਜਨਤਕ ਤੌਰ ਤੇ ਨਿੰਦਾ ਕੀਤੀ, ਅਤੇ ਉਸਨੇ ਰਸਮੀ ਰੂਪ ਵਿੱਚ ਪ੍ਰਾਚੀਨ ਲਿਖਤ ਦੀਆਂ ਕਾਪੀਆਂ ਸਾੜ ਦਿੱਤੀਆਂ। 25 ਦਸੰਬਰ 1927 ਨੂੰ, ਉਸਨੇ ਮੰਨੂੰ ਸਮ੍ਰਿਤੀ ਦੀਆਂ ਕਾਪੀਆਂ ਸਾੜਨ ਲਈ ਹਜ਼ਾਰਾਂ ਪੈਰੋਕਾਰਾਂ ਦੀ ਅਗਵਾਈ ਕੀਤੀ।ਇਸ ਤਰ੍ਹਾਂ ਹਰ ਸਾਲ 25 ਦਸੰਬਰ ਨੂੰ ਮੰਨੂੰ ਸਿਮ੍ਰਤੀ ਦਹਿਨ ਦਿਵਸ (ਮਨੂਸਮ੍ਰਿਤੀ ਬਰਨਿੰਗ ਡੇ) ਦੇ ਤੌਰ ਤੇ ਅੰਬੇਦਕਰਿਤਾਂ ਅਤੇ ਦਲਿਤਾਂ ਦੁਆਰਾ ਮਨਾਇਆ ਜਾਂਦਾ ਹੈ।
1930 ਵਿਚ ਅੰਬੇਦਕਰ ਨੇ ਤਿੰਨ ਮਹੀਨਿਆਂ ਦੀ ਤਿਆਰੀ ਪਿੱਛੋਂ ਕਾਲਰਾਮ ਮੰਦਿਰ ਅੰਦੋਲਨ ਸ਼ੁਰੂ ਕੀਤਾ।1932 ਵਿੱਚ ਕਮਿਊਨਲ ਐਵਾਰਡ ਵਿਚ "ਦਬੇ ਵਰਗਾਂ" ਲਈ ਇਕ ਵੱਖਰੇ ਚੋਣ ਹਲਕੇ ਦੀ ਸਥਾਪਨਾ ਦਾ ਐਲਾਨ ਕੀਤਾ। ਜਲਦ ਹੀ, ਕਾਂਗਰਸ ਦੇ ਸਿਆਸਤਦਾਨਾਂ ਜਿਵੇਂ ਕਿ ਮਦਨ ਮੋਹਨ ਮਾਲਵੀਆ,ਪਾਲਵਣਕਰ ਬਾਲੂ ਨੇ ਯਰਵਾੜਾ ਵਿਖੇ ਅੰਬੇਦਕਰ ਅਤੇ ਉਸਦੇ ਸਮਰਥਕਾਂ ਨਾਲ ਸਾਂਝੀ ਮੀਟਿੰਗ ਕੀਤੀ।25 ਸਤੰਬਰ 1932 ਨੂੰ, ਪੂਨਾ ਪੈਕਟ ਨਾਮ ਦੇ ਸਮਝੌਤੇ ਤੇ ਅੰਬੇਦਕਰ (ਹਿੰਦੂਆਂ ਵਿੱਚ ਦੱਬੇ ਕੁਚਲੇ ਲੋਕਾਂ ਵੱਲੋਂ) ਅਤੇ ਮਦਨ ਮੋਹਨ ਮਾਲਵੀਆ (ਦੂਜੇ ਹਿੰਦੂਆਂ ਵੱਲੋਂ) ਵਿਚਕਾਰ ਹਸਤਾਖਰ ਕੀਤੇ ਗਏ ਸਨ। 29 ਅਗਸਤ ਨੂੰ, ਉਹਨਾਂ ਨੂੰ ਸੰਵਿਧਾਨ ਡਰਾਫਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਭਾਰਤ ਦਾ ਨਵਾਂ ਸੰਵਿਧਾਨ ਲਿਖਣ ਲਈ ਸੰਵਿਧਾਨ ਸਭਾ ਦੁਆਰਾ ਨਿਯੁਕਤ ਕੀਤਾ ਗਿਆ।
ਅੰਬੇਡਕਰ ਇੱਕ ਬੁੱਧੀਮਾਨ ਸੰਵਿਧਾਨਕ ਮਾਹਰ ਸੀ, ਜਿਸ ਨੇ 60 ਦੇਸ਼ਾਂ ਦੇ ਸੰਵਿਧਾਨ ਦੀ ਪੜ੍ਹਾਈ ਕੀਤੀ ਸੀ। ਅੰਬੇਦਕਰ ਨੂੰ "ਭਾਰਤ ਦੇ ਸੰਵਿਧਾਨ ਦਾ ਪਿਤਾ" ਮੰਨਿਆ ਗਿਆ ਹੈ।ਸੰਵਿਧਾਨ ਸਭਾ ਵਿੱਚ, ਡਰਾਫਟ ਕਮੇਟੀ ਦੇ ਇੱਕ ਮੈਂਬਰ, ਟੀ.ਟੀ. ਕ੍ਰਿਸ਼ਮਾਚਾਰੀ ਨੇ ਕਿਹਾ,"ਅੰਤ ਵਿੱਚ ਸੰਵਿਧਾਨ ਖਰੜੇ ਦਾ ਭਾਰ ਡਾ. ਅੰਬੇਦਕਰ ਉੱਤੇ ਆ ਗਿਆ ਅਤੇ ਮੈਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਸਨੇ ਇਸ ਕਾਰਜ ਨੂੰ ਅਜਿਹੇ ਤਰੀਕੇ ਨਾਲ ਪੂਰਾ ਕੀਤਾ ਜੋ ਕਿ ਬਿਨਾਂ ਸ਼ੱਕ ਸ਼ਲਾਘਾਯੋਗ ਹੈ ਅਸੀਂ ਉਸ ਲਈ ਧੰਨਵਾਦੀ ਹਾਂ। ਨਾਸਿਕ ਵਿਖੇ 13 ਅਕਤੂਬਰ 1935 ਨੂੰ ਰੈਲੀ ਨੂੰ ਸੰਬੋਧਨ ਕੀਤਾ।
1936 ਵਿੱਚ ਅਜ਼ਾਦ ਲੇਬਰ ਪਾਰਟੀ ਦਾ ਨਿਰਮਾਣ ਹੋਇਆ। ਉਨਾਂ ਲੇਬਰ ਮਨਿਸਟਰ ਦੇ ਤੌਰ ਤੇ ਕੰਮ ਵੀ ਕੀਤਾ। ਫਿਰ 1939 ਈ. ਤੋਂ 1945 ਈ. ਦੇ ਕਾਰਜਕਾਲ ਦੌਰਾਨ ਕਈ ਕਿਤਾਬਾਂ ਦਾ ਪ੍ਰਕਾਸ਼ਨ ਵੀ ਕੀਤਾ। 15 ਅਗਸਤ 1947 ਨੂੰ ਭਾਰਤ ਅਜ਼ਾਦ ਹੋ ਗਿਆ। ਸਰਕਾਰ ਵਿੱਚ ਆਪ ਨੇ ਲਾਅ ਮਨਿਸਟਰ ਦਾ ਆਹੁਦਾ ਸੰਭਾਲਿਆ। 29 ਅਗਸਤ ਨੂੰ ਬਾਬਾ ਸਾਹਿਬ ਨੂੰ ਸੰਵਿਧਾਨਿਕ ਡਰਾਫਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਭਾਰਤੀ ਸੰਵਿਧਾਨ ਦਾ ਨਿਰਮਾਣ ਵੀ ਬਾਬਾ ਸਾਹਿਬ ਨੇ ਹੀ ਕੀਤਾ।
ਡਾ. ਅੰਬੇਡਕਰ ਨੇ ਕਿਹਾ, ''ਮੈਂ ਮਹਿਸੂਸ ਕਰਦਾ ਹਾਂ ਕਿ ਸੰਵਿਧਾਨ ਆਦਰਸ਼, ਲਚਕੀਲਾ ਹੈ ਪਰ ਨਾਲ ਹੀ ਇਹ ਇੰਨਾ ਮਜ਼ਬੂਤ ਹੈ ਕਿ ਦੇਸ਼ ਨੂੰ ਸ਼ਾਂਤੀ ਅਤੇ ਜੰਗ ਦੋਹਾਂ ਸਮੇਂ ਜੋੜ ਕੇ ਰੱਖ ਸਕੇ। ਅਸਲ 'ਚ ਮੈਂ ਕਹਿ ਸਕਦਾ ਹਾਂ ਕਿ ਜੇਕਰ ਕਦੇ ਕੁਝ ਗਲਤ ਹੋਇਆ ਤਾਂ ਇਸ ਦਾ ਕਾਰਨ ਇਹ ਨਹੀਂ ਹੋਵੇਗਾ ਕਿ ਸਾਡਾ ਸੰਵਿਧਾਨ ਖਰਾਬ ਸੀ ਬਲਕਿ ਇਸ ਦਾ ਇਸਤੇਮਾਲ ਕਰਨ ਵਾਲਾ ਮਨੁੱਖ ਵੀ ਗਲਤ ਸੀ।''
ਫਿਰ 26 ਨਵੰਬਰ 1949 ਨੂੰ ਇਸ ਸੰਵਿਧਾਨ ਨੂੰ ਵਿਧਾਨ ਸਭਾ ਵਲੋਂ ਅਪਣਾ ਲਿਆ ਗਿਆ।ਬਾਬਾ ਸਾਹਿਬ ਅੰਬੇਦਕਰ ਨੇ ਕੋਲੰਬੀਆ ਯੂਨੀਵਰਸਿਟੀ ਅਤੇ ਲੰਡਨ ਸਕੂਲ ਆਫ ਇਕਨਾਮਿਕਸ ਵਿੱਚੋਂ ਅਰਥ ਸ਼ਾਸਤਰ ਵਿਚ ਡਾਕਟਰੇਟ ਪ੍ਰਾਪਤ ਕੀਤੀ ਅਤੇ ਕਾਨੂੰਨ, ਅਰਥ ਸ਼ਾਸਤਰ ਅਤੇ ਰਾਜਨੀਤਕ ਵਿਗਿਆਨ ਵਿਚ ਖੋਜ ਲਈ ਇਕ ਵਿਦਵਾਨ ਦੇ ਰੂਪ ਵਿਚ ਪ੍ਰਸਿੱਧੀ ਹਾਸਲ ਕੀਤੀ ਸੀ। ਆਪਣੇ ਸ਼ੁਰੂਆਤੀ ਕਰੀਅਰ ਵਿੱਚ, ਉਹ ਇੱਕ ਅਰਥ-ਸ਼ਾਸਤਰੀ, ਪ੍ਰੋਫੈਸਰ ਅਤੇ ਵਕੀਲ ਸਨ। 1955 'ਚ ਉਨ੍ਹਾਂ ਨੇ ਭਾਰਤੀ ਬੋਧ ਮਹਾਸਭਾ ਦੀ ਸਥਾਪਨਾ ਕੀਤੀ। 14 ਅਕਤੂਬਰ, 1956 ਨੂੰ ਨਾਗਪੁਰ 'ਚ ਅੰਬੇਡਕਰ ਨੇ ਆਪਣੇ ਲੱਖਾਂ ਪੈਰੋਕਾਰਾਂ ਨਾਲ ਜਨਤਕ ਸਮਾਰੋਹ 'ਚ ਇਕ ਬੋਧ ਭਿਕਸ਼ੂ ਤੋਂ ਬੁੱਧ ਧਰਮ ਦੀ ਦੀਕਸ਼ਾ ਲਈ।
1956 ਵਿਚ, ਓਹਨਾਂ ਨੇ ਧੱਮਾ ਕ੍ਰਾਂਤੀ ਦੀ ਸ਼ੁਰੂਆਤ ਕਰਦੇ ਹੋਏ ਬੁੱਧ ਧਰਮ ਧਾਰਨ ਕਰ ਲਿਆ। ਓਹਨਾਂ ਦੇ ਨਾਲ ਲੱਖਾਂ ਦੀ ਤਾਦਾਦ ਵਿੱਚ ਬਹੁਜਨ ਨੇ ਬੁੱਧ ਧਰਮ ਸਵੀਕਾਰ ਕੀਤਾ।
ਉਸ ਸਮੇਂ ਅੰਬੇਦਕਰ ਨੇ 22 ਚੁੱਕੀਆਂ ਸਨ, ਜਿਹੜੀਆਂ ਉਨ੍ਹਾਂ ਨੇ ਬੁੱਧ ਧਰਮ ਧਾਰਣ ਕਰਨ ਸਮੇਂ 15 ਅਕਤੂਬਰ 1956 ਨੂੰ ਆਪਣੇ ਮੰਨਣ ਵਾਲਿਆਂ ਲਈ ਨਿਰਧਾਰਿਤ ਕੀਤੀਆਂ ਸਨ । ਡਾ.ਜੀ ਡਾਇਬਟੀਜ਼ ਦੇ ਰੋਗ ਤੋਂ ਪੀੜਤ ਸਨ। ਫਿਰ 6 ਦਸੰਬਰ 1956 ਨੂੰ ਆਪਣੇ ਦਿੱਲੀ ਵਾਲੇ ਨਿਵਾਸ ਸਥਾਨ ਤੇ ਉਨਾਂ ਦਾ ਸਵਰਗਵਾਸ ਹੋ ਗਿਆ। ਉਨਾਂ ਨੇ ਭਾਰਤੀ ਸਮਾਜ ਲਈ ਜੋ ਕੁਰਬਾਨੀਆਂ ਦਿੱਤੀਆਂ ਹਨ ਉਹ ਨਾ-ਭੁੱਲਣਯੋਗ ਹਨ। ਉਨਾਂ ਨੇ ਆਪਣਾ ਸਾਰਾ ਜੀਵਨ ਸਮਾਜ ਭਲਾਈ ਦੇ ਲੇਖੇ ਲਾ ਦਿੱਤਾ। ਅੱਜ ਵੀ 14 ਅਪ੍ਰੈਲ ਦਾ ਹਰ ਸਾਲ ਦਾ ਦਿਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਦੇ ਤੌਰ ਤੇ ਮਨਾਇਆ ਜਾਂਦਾ ਹੈ।
1990 ਵਿਚ ਬਾਬਾ ਸਾਹਿਬ ਅੰਬੇਦਕਰ ਨੂੰ ਮਰਨ ਉਪਰੰਤ ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ‘ਭਾਰਤ ਰਤਨ’ ਦਿੱਤਾ ਗਿਆ। ਜਾਣਕਾਰਾਂ ਦਾ ਮੰਨਣਾ ਹੈ ਕਿ ਡਾ. ਭੀਮ ਰਾਓ ਅੰਬੇਦਕਰ ਕਰੀਬ 9 ਭਾਸ਼ਾਵਾਂ ਦੇ ਮਾਹਿਰ ਅਤੇ 32 ਡਿਗਰੀਆਂ ਹਾਸਲ ਕਰ ਚੁੱਕੇ ਸਨ। ਨੋਬਲ ਪੁਰਸਕਾਰ ਜਿੱਤਣ ਵਾਲੇ ਅਮਿਤ੍ਰਯ ਸੇਨ ਅਰਥ-ਸ਼ਾਸਤਰ 'ਚ ਬਾਬਾ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਸਨ। ਬਾਬਾ ਸਾਹਿਬ ਪੇਸ਼ੇ ਤੋਂ ਵਕੀਲ ਤਾਂ ਸਨ ਅਤੇ ਨਾਲ ਹੀ ਉਹ 2 ਸਾਲ ਲਈ ਮੁੰਬਈ ਦੇ ਲਾਅ ਕਾਲਜ ਦੇ ਪ੍ਰਿੰਸੀਪਲ ਅਹੁਦੇ 'ਤੇ ਵੀ ਨਿਯੁਕਤ ਕੀਤੇ ਗਏ ਸਨ। ਅਮਰੀਕਾ ਵਰਗੇ ਦੇਸ਼ 'ਚ ਉਨ੍ਹਾਂ ਬਾਰੇ ਸਕੂਲਾਂ, ਕਾਲਜਾਂ 'ਚ ਜਾਣਕਾਰੀ ਦਿੱਤੀ ਜਾਂਦੀ ਹੈ। ਅੰਬੇਦਕਰ ਦੀ ਵਿਰਾਸਤ ਵਿੱਚ ਪ੍ਰਸਿੱਧ ਸਭਿਆਚਾਰ ਵਿੱਚ ਕਈ ਯਾਦਗਾਰਾਂ ਅਤੇ ਸਮਾਰਕ ਸ਼ਾਮਲ ਹਨ।
ਅਸਿਸਟੈਂਟ ਪ੍ਰੋ.ਗਗਨਦੀਪ ਕੌਰ ਧਾਲੀਵਾਲ ਕੁਰੜ ਬਰਨਾਲਾ
ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੁਕੇਸ਼ਨ ਕਾਲਜ ਬਰੇਟਾ।

ਆਓ ਜਾਣੀਏ ਵਿਸਾਖੀ ਦੇ ਤਿਉਹਾਰ ਦੀ ਬਹੁਪੱਖੀ ਮਹਾਨਤਾ✍️ ਪ੍ਰੋ. ਗਗਨਦੀਪ ਕੌਰ ਧਾਲੀਵਾਲ ਬਰਨਾਲਾ

ਪੰਜਾਬ ਵਿਚ ਬਹੁਤ ਸਾਰੇ ਤਿਉਹਾਰ, ਮੇਲੇ ਮਨਾਏ ਜਾਂਦੇ ਹਨ ਪਰ ਵਿਸਾਖੀ ਦਾ ਤਿਉਹਾਰ ਉਨ੍ਹਾਂ ਵਿਚੋਂ ਇਕ ਹੈ। ਇਹ 13 ਅਪ੍ਰੈਲ ਨੂੰ ਵਿਸਾਖ ਦੀ ਸੰਗਰਾਂਦ ਵਾਲੇ ਦਿਨ ਮਨਾਇਆ ਜਾਂਦਾ ਹੈ। ਇਸਦਾ ਸੰਬੰਧ ਇਤਿਹਾਸਿਕ,ਧਾਰਮਿਕ ,ਸੱਭਿਆਚਾਰਕ ਆਰਥਿਕ ਪੱਖ ਨਾਲ ਹੈ। ਇਸ ਦੀ ਮਹਾਨਤਾ ਬਹੁਪੱਖੀ ਹੈ । ਜੇਕਰ ਪੰਜਾਬੀ ਵਿਰਸੇ ਦੇ ਤਿਉਹਾਰ ਤੇ ਝਾਤ ਮਾਰੀਏ ਤਾਂ ਪੰਜਾਬੀ ਵਿਰਸੇ ਵਿਚ ਵਿਸਾਖੀ ਦਾ ਤਿਉਹਾਰ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ। ਵਿਸਾਖੀ ਦੇਸਾਂ ਵਿਦੇਸ਼ਾਂ ਵਿਚ, ਭਾਰਤ ਦੇ ਹੋਰ ਕਈ ਹਿੱਸਿਆਂ ਵਿਚ ਅਤੇ ਸਾਰੇ ਪੰਜਾਬ ਵਿਚ ਬਹੁਤ ਲੋਕਪ੍ਰਿਆ ਹੈ। ਬੇਸ਼ੱਕ ਹੋਰ ਕਈ ਤਿਉਹਾਰ ਹਨ ਪਰ ਵਿਸਾਖੀ ਦੀ ਆਪਣੀ ਵੱਖਰੀ ਹੀ ਪਛਾਣ ਹੈ। ਤਿਉਹਾਰ ਕਿਸੇ ਦੇਸ਼ ਜਾਂ ਕੌਮ ਦਾ ਧਾਰਮਿਕ ਜਾਂ ਇਤਿਹਾਸਕ ਵਿਰਸਾ ਹੁੰਦਾ ਹੈ।

ਵਿਸਾਖੀ ਨਾਮ ਵਸਾਖ ਤੋਂ ਬਣਿਆ ਹੈ— ਪੰਜਾਬ ਅਤੇ ਹਰਿਆਣੇ ਦੇ ਕਿਸਾਨ ਸਰਦੀਆਂ ਦੀ ਫਸਲ ਕੱਟ ਲੈਣ ਤੋਂ ਬਾਅਦ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਂਦੇ ਹਨ। ਇਸ ਲਈ ਵਿਸਾਖੀ ਪੰਜਾਬ ਅਤੇ ਆਸ-ਪਾਸ ਦੇ ਪ੍ਰਦੇਸਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ।ਇਹ ਖ਼ਰੀਫ਼ ਦੀ ਫਸਲ ਦੇ ਪੱਕਣ ਦੀ ਖੁਸ਼ੀ ਦਾ ਪ੍ਰਤੀਕ ਹੈ।

ਤਿਉਹਾਰ ਦੇ ਵੱਖ—ਵੱਖ ਨਾਂ-ਕੇਰਲ ਵਿੱਚ ਇਹ ਤਿਉਹਾਰ ਵਿਸ਼ੁ ਕਹਾਂਦਾ ਹੈ। ਇਸ ਦਿਨ ਨਵੇਂ, ਕੱਪੜੇ ਖਰੀਦੇ ਜਾਂਦੇ ਹਨ, ਆਤਿਸ਼ਬਾਜੀ ਹੁੰਦੀ ਹੈ ਅਤੇ ਵਿਸ਼ੁ ਕਾਨੀ ਸਜਾਈ ਜਾਂਦੀ ਹੈ। ਇਸ ਵਿੱਚ ਫੁੱਲ, ਫਲ, ਅਨਾਜ, ਬਸਤਰ, ਸੋਨਾ ਆਦਿ ਸਜਾਏ ਜਾਂਦੇ ਹਨ ਅਤੇ ਸੁਬ੍ਹਾ ਜਲਦੀ ਇਸ ਦੇ ਦਰਸ਼ਨ ਕੀਤੇ ਜਾਂਦੇ ਹੈ। ਇਸ ਦਰਸ਼ਨ ਨਾਲ ਨਵੇਂ ਸਾਲ ਵਿੱਚ ਸੁੱਖ-ਸਮ੍ਰਿੱਧੀ ਦੀ ਕਾਮਨਾ ਕੀਤੀ ਜਾਂਦੀ ਹੈ। ਬੰਗਾਲ ਵਿੱਚ ਇਹ ਤਿਉਹਾਰ ਨਭ ਬਰਸ਼ ਦੇ ਨਾਮ ਨਾਲ ਮਨਾਂਦੇ ਹਨ।

ਸਭਿਆਚਾਰਕ ਮਹੱਤਤਾ —ਇਹ ਤਿਉਹਾਰ ਹਾੜੀ ਦੀ ਫਸਲ (ਭਾਵ ਕਣਕ) ਪੱਕਣ ਦੀ ਖ਼ੁਸ਼ੀ ਵਿਚ ਮਨਾਇਆ ਜਾਂਦਾ ਹੈ। ਇਸ ਨੂੰ ਕਿਸਾਨਾਂ ਦਾ ਮੇਲਾ’ ਵੀ ਕਿਹਾ ਜਾਂਦਾ ਹੈ। ਇਸ ਦਿਨ ਕਿਸਾਨ ਖ਼ੁਸ਼ੀਆਂ ਮਨਾਉਂਦੇ, ਭੰਗੜੇ ਪਾਉਂਦੇ ਤੇ ਮੇਲੇ ਮਨਾਉਂਦੇ ਹਨ।
ਵਿਸਾਖੀ ਦਾ ਤਿਓਹਾਰ ਪੰਜਾਬ ਲਈ ਸਿਰਫ ਧਾਰਮਿਕ ਅਹਿਮੀਅਤ ਹੀ ਨਹੀਂ ਰੱਖਦਾ ਸਗੋਂ ਇਸ ਦੀ ਆਰਥਿਕ ਤੌਰ ‘ਤੇ ਵੀ ਕਾਫੀ ਅਹਿਮੀਅਤ ਹੈ।

ਆਰਥਿਕ ਮਹੱਤਤਾ —ਆਰਥਿਕ ਮਹੱਤਤਾ ਆਰਥਿਕ ਪੱਖ ਵਿਚਾਰਿਏ ਤਾਂ ਸਾਡੇ ਜਿਹਨ ਵਿਚ ਸ਼ਰਬਤੀ ਦਾਣਿਆਂ ਨਾਲ ਲੱਦੀਆਂ ਕਣਕਾਂ ਝੂਮਦੀਆਂ ਦਿਸਦੀਆਂ ਹਨ। ਕਿਸਾਨ ਦੀ ਛੇ ਮਹੀਨਿਆਂ ਦੀ ਮਿਹਨਤ ਨਾਲ ਪੁੱਤਾਂ ਵਾਂਗ ਪਾਲੀਆਂ ਇਹ ਕਣਕਾਂ ਕਟਾਈ ਲਈ ਤਿਆਰ ਹੁੰਦੀਆਂ ਹਨ। ਕਿਸਾਨ ਦੀਆਂ ਅੱਖਾਂ ਵਿਚ ਸਜੋਏ ਉਦਾਸ ਜਿਹੇ ਖੁਸ਼ੀਆਂ ਭਰੇ ਸੁਪਨੇ ਪੂਰੇ ਹੋਣ ਦਾ ਵੇਲਾ ਆ ਗਿਆ ਹੁੰਦਾ ਹੈ। ਮਸ਼ੀਨੀ ਯੁੱਗ ਕਰਕੇ ਕਣਕਾਂ ਦੀ ਕਟਾਈ-ਗਹਾਈ ਸਿਰਫ ਕੁਝ ਦਿਨਾਂ ਵਿਚ ਹੀ ਪੂਰੀ ਹੋ ਜਾਂਦੀ ਹੈ। ਕਈ ਵਾਰ ਕਿਸਾਨ ਆੜ੍ਹਤੀਆਂ ਨਾਲ ਹਿਸਾਬ ਕਰਕੇ ਖਾਲੀ ਪੱਲਾ ਝਾੜਦਾ ਘਰ ਆ ਜਾਂਦਾ ਹੈ। ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਆਪਣੇ ਬੱਚਿਆਂ ਦਾ ਢਿੱਡ ਵੀ ਨਹੀਂ ਭਰ ਸਕਦਾ। ਕਰਜਾਈ ਹੁੰਦੇ ਦੇ ਵੀ ਪੈਰ ਢੋਲ ਦੇ ਡਗੇ ਤੇ ਥਿਰਕਣ ਲੱਗਦੇ ਹਨ ਅਤੇ ਹਾਣੀਆਂ ਨਾਲ ਭੰਗੜੇ ਅਤੇ ਬੋਲੀਆਂ ਪਾ ਕੇ ਗ਼ਮਾਂ ਨੂੰ ਭੁਲਾਕੇ ਖੁਸ਼ੀਆਂ ਮਨਾਉਣ ਦੀ ਕੋਸ਼ਿਸ਼ ਕਰਦਾ ਹੈ।
ਇਸ ਦਿਨ ਹੀ ਪੰਜਾਬ ਵਿਚ ਰਸਮੀ ਤੌਰ ‘ਤੇ ਕਣਕ ਦੀ ਵਾਢੀ ਸ਼ੁਰੂ ਹੁੰਦੀ ਹੈ। ਖੇਤਾਂ ਵਿੱਚ ਸੋਨੇ ਰੰਗੀਆਂ, ਲਹਿਰਾਉਂਦੀਆਂ, ਪੱਕੀਆਂ ਕਣਕਾਂ ਦੇਖ ਕੇ ਕਿਸਾਨ ਆਪਣੀ ਮਿਹਨਤ ਦੇ ਮੁੱਲ ਨੂੰ ਪੈਂਦਾ ਦੇਖਦੇ ਹਨ।
“ਆਈ ਵਿਸਾਖੀ ਆਈ ਵਿਸਾਖੀ,
ਖੁਸ਼ੀਆਂ ਨਾਲ ਲਿਆਈ ਵਿਸਾਖੀ”
ਪੰਜਾਬੀ ਕਵੀ ਧਨੀ ਰਾਮ ਚਾਤ੍ਰਿਕ ਨੇ ‘ਵਿਸਾਖੀ ਦਾ ਮੇਲਾ’ ਕਵਿਤਾ ਵਿੱਚ ਪੰਜਾਬ ਦੀਆਂ ਫ਼ਸਲਾਂ ਅਤੇ ਸੱਭਿਆਚਾਰ ਦੇ ਰੰਗ ਨੂੰ ਇੰਝ ਬਿਆਨ ਕੀਤਾ ਹੈ।
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਸੰਮਾਂ ਵਾਲੀ ਡਾਗਾਂ ਉੱਤੇ ਤੇਲ ਲਾਇਕੇ,
ਕੱਛੇਮਾਰ ਵੰਝਲੀ ਅਨੰਦ ਛਾ ਗਿਆ, …।
ਵਿਸਾਖੀ ਦਾ ਤਿਉਹਾਰ ਕੇਵਲ ਪੰਜਾਬ ‘ਚ ਹੀ ਨਹੀਂ ਸਗੋਂ ਦੇਸ਼ਾਂ ਵਿਦੇਸ਼ਾਂ ‘ਚ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ।ਇਸ ਦਿਨ ਪੰਜਾਬ ਦੇ ਵੱਖ-ਵੱਖ ਇਲਾਕਿਆ ‘ਚ ਮੇਲੇ ਲੱਗਦੇ ਹਨ ਅਤੇ ਅਤੇ ਲੋਕ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਸਮੇਤ ਇਹਨਾਂ ਮੇਲਿਆਂ ਦਾ ਅਨੰਦ ਮਾਣਦੇ ਹਨ।ਇਸ ਦਿਨ ਪੰਜਾਬ ਦਾ ਪਰੰਪਰਾਗਤ ਨਾਚ ਭੰਗੜਾ ਅਤੇ ਗਿੱਧਾ ਕੀਤਾ ਜਾਂਦਾ ਹੈ।

ਧਾਰਮਿਕ ਮਹੱਤਤਾ —-ਇਸ ਦਿਨ 13 ਅਪ੍ਰੈਲ 1699 ਈ. ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ।1699 ਵਿਚ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਚ ਇਕ ਮਹਾਨ ਸਭਾ ਬੁਲਾਈ ਸੀ, ਇਸ ਸਭਾ ਵਿਚ ਵੱਖ-ਵੱਖ ਥਾਵਾਂ ਤੋਂ ਲਗਭਗ 80 ਹਜ਼ਾਰ ਸਿੱਖ ਇਕੱਠੇ ਹੋਏ। ਜਦੋਂ ਸਭਾ ਸ਼ੁਰੂ ਹੋਈ ਤਾਂ ਗੁਰੂ ਸਾਹਿਬ ਨੇ ਮਿਆਨ ਵਿਚੋਂ ਤਲਵਾਰ ਕੱਢਦੇ ਹੋਏ ਕਿਹਾ, ਹੈ ਕੋਈ ਅਜਿਹਾ ਸਿੱਖ ਜੋ ਧਰਮ ਲਈ ਆਪਣੇ ਪ੍ਰਾਣਾਂ ਦਾ ਬਲਿਦਾਨ ਦੇ ਸਕੇ। ਇਹ ਸੁਣ ਕੇ ਸਭਾ ਸ਼ਾਂਤ ਹੋ ਗਈ ਅਤੇ ਪੰਜ ਸਿੱਖ ਵਾਰੋ ਵਾਰੀ ਉੱਠੇ ਅਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਆਪਣਾ ਆਪ ਸੌਂਪ ਦਿੱਤਾ।
ਗੁਰੂ ਸਾਹਿਬ ਨੇ ਉਹਨਾਂ ਪੰਜਾ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਦੀ ਪਦਵੀ ਦਿੱਤੀ ਅਤੇ ਬਾਅਦ ਵਿਚ ਉਹਨਾਂ ਪਾਸੋਂ ਆਪ ਅੰਮ੍ਰਿਤ ਛਕਿਆ। ਖਾਲਸੇ ਦੀ ਸਥਾਪਨਾ ਕਰ ਕੇ ਗੁਰੂ ਸਾਹਿਬ ਨੇ ਇਕ ਨਵਾਂ ਪੰਥ ਸਿਰਜਿਆ ਅਤੇ ਜਾਤ-ਪਾਤ, ਰੰਗ-ਭੇਦ ਆਦਿ ਦੇ ਵਿਤਕਰੇ ਨੂੰ ਖਤਮ ਕਰ ਦਿੱਤਾ। ਗੁਰੂ ਸਾਹਿਬ ਨੇ ਅੰਮ੍ਰਿਤ ਛਕਾਉਣ ਤੋਂ ਬਾਅਦ ਮਰਦਾਂ ਦੇ ਨਾਂਅ ਪਿੱਛੇ ‘ਸਿੰਘ’ ਅਤੇ ਔਰਤਾਂ ਦੇ ਨਾਂਅ ਪਿੱਛੇ ‘ਕੌਰ’ ਲਗਾਉਣ ਦਾ ਹੁਕਮ ਦਿੱਤਾ। ਅੰਮ੍ਰਿਤ ਛਕਾਉਣ ਤੋਂ ਬਾਅਦ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰਾ ਹਰ ਸਿੱਖ ਦੀ ਪੋਸ਼ਾਕ ਦਾ ਜ਼ਰੂਰੀ ਹਿੱਸਾ ਬਣ ਗਿਆ। ਇਸ ਦਿਨ ਇਸ ਦਿਨ ਲੋਕ ਗੁਰੂ ਘਰਾਂ ‘ਚ ਮੱਥਾ ਟੇਕਦੇ ਹਨ ਅਤੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਪੰਜਾਬ ਦੇ ਵੱਖ-ਵੱਖ ਗੁਰੂ ਘਰਾਂ ‘ਚ ਧਾਰਮਿਕ ਸਮਾਗਮ ਅਤੇ ਨਗਰ ਕੀਰਤਨ ਵੀ ਸਜਾਏ ਜਾਂਦੇ ਹਨ। ਜਿਸ ‘ਚ ਵੱਡੀ ਗਿਣਤੀ ‘ਚ ਸੰਗਤਾਂ ਸ਼ਿਰਕਤ ਕਰਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਦਿਨ ਦਸਤਾਰ ਦਿਵਸ ਵੀ ਮਨਾਇਆ ਜਾਂਦਾ ਹੈ।

ਇਤਿਹਾਸਕ ਮਹੱਤਤਾ—13 ਅਪ੍ਰੈਲ 1919 ਦੀ ਵਿਸਾਖੀ ਨੂੰ ਜਲਿਆਂਵਾਲੇ ਬਾਗ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਨਿਹੱਥੇ ਭਾਰਤੀਆਂ ਨੂੰ ਜਨਰਲ ਡਾਇਰ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਇਸ ਸਾਕੇ ਵਿਚ ਲਗਭਗ 20,000 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਬੱਚੇ, ਔਰਤਾਂ, ਬਜ਼ੁਰਗ ਆਦਿ ਸ਼ਾਮਿਲ ਸਨ।

ਇਸ ਦਿਨ ਮੁੱਖ ਕੰਮ-

ਇਸ ਦਿਨ ਪੰਜਾਬ ਦਾ ਪਰੰਪਰਾਗਤ ਨਾਚ ਭੰਗੜਾ ਅਤੇ ਗਿੱਧਾ ਪਾਇਆ ਜਾਂਦਾ ਹੈ।
ਸ਼ਾਮ ਨੂੰ ਅੱਗ ਦੇ ਆਸ-ਪਾਸ ਇੱਕਠੇ ਹੋਕੇ ਲੋਕ ਨਵੀਂ ਫਸਲ ਦੀਆਂ ਖੁਸ਼ੀਆਂ ਮਨਾਉਂਦੇ ਹਨ।

ਹਿੰਦੂਆਂ ਲਈ ਇਹ ਤਿਉਹਾਰ ਨਵਵਰਸ਼ ਦੀ ਸ਼ੁਰੁਆਤ ਹੈ—ਹਿੰਦੂ ਇਸਨੂੰ ਇਸਨਾਨ, ਭੋਗ ਲਗਾਕੇ ਅਤੇ ਪੂਜਾ ਕਰ ਕੇ ਮਨਾਉਂਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਹਜਾਰਾਂ ਸਾਲ ਪਹਿਲਾ ਦੇਵੀ ਗੰਗਾ ਇਸ ਦਿਨ ਧਰਤੀ ਉੱਤੇ ਉਤਰੀ ਸਨ। ਉਨ੍ਹਾਂ ਦੇ ਸਨਮਾਨ ਵਿੱਚ ਹਿੰਦੂ ਧਰਮਾਵਲੰਬੀ ਪਾਰੰਪਰਕ ਪਵਿੱਤਰ ਇਸਨਾਨ ਲਈ ਗੰਗਾ ਕੰਡੇ ਇਕੱਠੇ ਹੁੰਦੇ ਹਨ।

ਮੇਲੇ ਦੀਆਂ ਰੌਣਕਾਂ : ਇਸ ਦਿਨ ਥਾਂ-ਥਾਂ ‘ਤੇ ਮੇਲੇ ਲਗਦੇ ਹਨ। ਮੇਲੇ ਵਿਚ ਬਹੁਤ ਭੀੜ ਹੁੰਦੀ ਹੈ। ਕਈ ਤਰਾਂ ਦੀਆਂ ਦੁਕਾਨਾਂ ਸਜੀਆਂ ਹੁੰਦੀਆਂ ਹਨ। ਖ਼ਾਸ ਤੌਰ ਤੇ ਸ੍ਰੀ ਅਨੰਦਪੁਰ ਸਾਹਿਬ ਵਿਚ ਵਿਸਾਖੀ ਦੇ ਮੇਲੇ ਦੀਆਂ ਰੌਣਕਾਂ ਬਹੁਤ ਜ਼ਿਆਦਾ ਹੁੰਦੀਆਂ ਹਨ।ਇਸ ਦਿਨ ਲੋਕ ਮਠਿਆਈਆਂ ਵੀ ਖਰੀਦਦੇ ਹਨ।

ਦੀਵਾਨ ਲੱਗਣੇ : ਇਸ ਦਿਨ ਗੁਰਦੁਆਰਿਆਂ ਵਿਚ ਭਾਰੀ ਦੀਵਾਨ ਲਗਦੇ ਹਨ। ਢਾਡੀ ਸਿੰਘ ਯੋਧਿਆਂ ਦੀਆਂ ਵਾਰਾਂ ਗਾਉਂਦੇ ਹਨ। ਇਸ ਮੌਕੇ ‘ਤੇ ਨੇਤਾ ਵੀ ਆਪਣੀਆਂ ਰਾਜਨੀਤਕ ਕਾਨਫ਼ਰੰਸਾਂ ਕਰਦੇ ਹਨ, ਭਾਸ਼ਣ ਦਿੰਦੇ ਹਨ। ਅੱਜ-ਕੱਲ੍ਹ ਦੇ ਮੇਲੇ, ਤਿਉਹਾਰ ਤਾਂ ਸਿਆਸਤ ਦੀ ਭੇਟ ਚੜ੍ਹੇ ਹੋਏ ਹਨ।

ਬਿਕਰਮੀ ਸੰਮਤ ਦੀ ਸ਼ੁਰੂਆਤ : ਇਸ ਦਿਨ ਦੀ ਖ਼ਾਸ ਤੇ ਮਹੱਤਵਪੂਰਨ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਦਿਨ ਬਿਕਰਮੀ ਸੰਮਤ ਸ਼ੁਰੂ ਹੁੰਦਾ ਹੈ। ਖ਼ਾਲਸਾ ਸੰਮਤ ਵਿਚ ਇਸ ਨੂੰ ਸਾਲ ਦਾ ਪਹਿਲਾ ਮਹੀਨਾ ਗਿਣਿਆ ਗਿਆ ਹੈ। ਇਸ ਦੇ ਨਾਲ ਗਰਮੀ ਦੀ ਰੁੱਤ ਅਰੰਭ ਹੋ ਜਾਂਦੀ ਹੈ।
ਆਓ ਅਸੀਂ ਪ੍ਰਣ ਕਰੀਏ ਕਿ ਰਲ ਮਿਲਕੇ ਪਿਆਰ ਨਾਲ ਦੁੱਖ-ਸੁੱਖ ਸਾਂਝੇ ਕਰੀਏ ਤਾਂ ਜੋ ਤਿਉਹਾਰ ਦੀ ਖੁਸ਼ੀ ਆਪਣਿਆਂ ਦੇ ਸੰਗ ਦੂਣੀ ਚੌਣੀ ਹੋ ਜਾਵੇ। ਵਿਸਾਖੀ ਦਾ ਤਿਉਹਾਰ ਗਿੱਧੇ ਅਤੇ ਭੰਗੜੇ ਤੋਂ ਬਿਨਾਂ ਅਧੂਰਾ ਮੰਨਿਆਂ ਜਾਂਦਾ ਹੈ। ਇਹ ਤਿਉਹਾਰ ਸਾਨੂੰ ਯਾਦ ਕਰਵਾਈ ਰੱਖਦੇ ਹਨ ਕਿ ਸਾਡਾ ਪੁਰਾਤਣ ਵਿਰਸਾ ਕਿਹੋ ਜਿਹਾ ਸੀ ਅਸੀਂ ਉਨਾਂ ਸਮਿਆਂ ਨੂੰ ਯਾਦ ਰੱਖੀਏ ਕਿਤੇ ਅਸੀਂ ਤੇਜ਼ ਰਫਤਾਰ ਜ਼ਿੰਦਗੀ ਵਿਚ ਆਪਸੀ ਭਾਈਚਾਰਾ, ਮਿਲਵਰਤਨ ਤੇ ਅਪਨਤ ਨੂੰ ਭੁਲਾ ਨਾ ਦੇਈਏ।ਰੱਬ ਅੱਗੇ ਇਹੋ ਅਰਦਾਸ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰਾਂ ਵਿਸਾਖੀ ਦੇ ਮੇਲੇ ਲੱਗਦੇ ਰਹਿਣ ਤੇ ਗਿੱਧੇ ਤੇ ਭੰਗੜੇ ਪੈਂਦੇ ਰਹਿਣ।
ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ ਕੁਰੜ ਬਰਨਾਲਾ 
ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੁਕੇਸਨਲ ਕਾਲਜ ਬਰੇਟਾ 

ਵਿਆਹ ਦੀ ਵਰ੍ਹੇਗੰਢ ਦੀਆਂ ਮੁਬਾਰਕਾਂ  

ਫਲਾਂਇੰਗ ਅਫ਼ਸਰ ਸ. ਦਲਜੀਤ ਸਿੰਘ ਜਗਪਾਲ ਅਤੇ ਸ੍ਰੀਮਤੀ ਕੁਲਦੀਪ ਕੌਰ ਜਗਪਾਲ ਵਾਸੀ ਨਵੀਂ ਆਬਾਦੀ ਅਕਾਲਗੜ੍ਹ, ਜ਼ਿਲਾ ਲੁਧਿਆਣਾ ਨੇ ਆਪਣੇ ਵਿਆਹ ਦੀ 54ਵੀਂ ਵਰੇਗੰਢ ਮਨਾਈ ।

 

ਪੱਤਰਕਾਰ ਜਗਰੂਪ ਸਿੰਘ ਸੁਧਾਰ  

ਆਖਿਰ ਕਿਉਂ ✍️ ਜਸਵਿੰਦਰ ਸ਼ਾਇਰ "ਪਪਰਾਲਾ,"

ਰੱਬ ਦਾ ਦਿੱਤਾ ਮੇਰੇ ਕੋਲ ਸਭ ਕੁੱਝ ਏ
ਧੰਨ ਦੌਲਤ ਐਸ਼ ਇੱਜਤ ਮੁਹੱਬਤ ਪਿਆਰ
ਫੇਰ ਵੀ ਪਤਾ ਨਹੀਂ ਕਿਉਂ
ਮੈਨੂੰ ਇਕੱਲਾਪਨ ਜਾਪਦਾ ਹੈ
 ਕਈ ਵਾਰ ਤਾਂ ਮੈਨੂੰ ਲੱਗਦਾ ਏ
ਕੀ ਮੈਂ ਬਿਲਕੁਲ ਅਧੂਰਾ ਹਾਂ
ਤੇ ਕਈ ਵਾਰ ਮੈਂ ਸੋਚਦਾ ਹਾਂ
ਕਿ ਮੈਂ ਟੁੱਟ ਚੁੱਕਿਆ ਹਾਂ
ਪਤਾ ਨਹੀਂ ਕਿਉਂ ਸਾਰਾ ਜੱਗ
ੳਪਰਾ ੳਪਰਾ ਜਾਪਦਾ ਏ
ਮੇਰੀ ਤਾਂ ਬਿਲਕੁਲ ਸਮਝ ਨਹੀਂ ਆਉਂਦਾ
ਮੈਂ ਬਣਿਆ ਰਹਿੰਦਾ ਹਰ ਵੇਲੇ
ਜਮਾਂ ਪਾਗਲਾ ਦੀ ਤਰ੍ਹਾਂ
ਕੋਈ ਮੈਨੂੰ "ਸ਼ਾਇਰ "ਆਖਦਾ
ਕੋਈ ਮੈਨੂੰ ਪਾਗਲ ਕਹਿ ਬੁਲਾਉਂਦਾ
ਕਈ ਵਾਰ ਦਿਲ ਨੇ ਪੁੱਛਿਆ ਮੈਥੋਂ
ਆਖਿਰ ਇਹ ਸਭ  ।ਕਿਉਂ ਕਹਿੰਦੇ ਨੇ ।

ਜਸਵਿੰਦਰ ਸ਼ਾਇਰ "ਪਪਰਾਲਾ,"
9996568220

ਵਿਰਸਾ {ਗੱਲਾਂ ਦਾ ਕੜਾਹ} ✍️ ਰਮੇਸ਼ ਕੁਮਾਰ ਜਾਨੂੰ

ਵਿਰਸਾ ਵਿਰਸਾ ਕਰਦਾ ਪਿਆ ਏਂ
     ਵਿਰਸੇ ਨੂੰ ਅਪਣਾ ਕੇ ਵੇਖ
ਵਿਰਸੇ ਦੀ ਇਸ ਬਾਜੀ ਦੇ ਵਿੱਚ
     ਖੁਦ ਨੂੰ ਵੀ ਅਜ਼ਮਾ ਕੇ ਵੇਖ।।
 
ਏ-ਸੀ ਲਾ ਕੇ ਬਹਿਣ ਵਾਲਿਆ
     ਛਾਵੇਂ ਮੰਜਾ ਡਾਹ ਕੇ ਵੇਖ
ਸਾਰੀ ਰਾਤ ਹੀ ਬੱਚਿਆਂ ਖਾਤਿਰ
     ਪੱਖੀ ਜਰਾ ਘੁਮਾ ਕੇ ਵੇਖ।।

ਸਵਾਦਾਂ ਦੀ ਇਸ ਦੁਨੀਆਂ ਦੇ ਵਿੱਚ
     ਮਿੱਸੀ ਰੋਟੀ ਖਾ ਕੇ ਵੇਖ
ਗੈਸ ਸਿਲੰਡਰ ਛੱਡ ਕੇ ਰੋਟੀ
     ਚੁੱਲੇ ਉੱਤੇ ਪਕਾ ਕੇ ਵੇਖ।।

ਰੇਸ਼ਮੀ ਸੂਟ ਤੂੰ ਚੁਣ-ਚੁਣ ਪਾਵੇਂ
     ਚਰਖੇ ਤੇ ਤੰਦ ਪਾ ਕੇ ਵੇਖ
ਗੱਡੀਆਂ ਦੇ ਵਿੱਚ ਘੁੰਮਦਾ ਫਿਰਦੈਂ
     ਟਾਂਗਾ ਜਰਾ ਚਲਾ ਕੇ ਵੇਖ।।
 
ਟਰੈਕਟਰ ਉੱਤੇ ਟੌਹਰ ਵਿਖਾਵੇਂ
     ਹੱਲ ਬਲਦਾਂ ਨਾਲ ਵਾਹ ਕੇ ਵੇਖ
ਮੋਟਰ ਚਲਾ ਕੇ ਸੌਂ ਜਾਨਾਂ ਏਂ
     ਖੂਹ ਦੀ ਗੇੜੀ ਲਾ ਕੇ ਵੇਖ।।

ਦਸ ਵਜੇ ਤੂੰ ਦਫਤਰ ਜਾਵੇਂ
     ਸੂਰਜ ਜਰਾ ਜਗਾ ਕੇ ਵੇਖ
ਆਇਲਟ ਛੱਡ ਕੇ ਦਾਤੀ ਫੜ ਲੋ
     ਬੱਚਿਆਂ ਨੂੰ ਸਮਝਾ ਕੇ ਵੇਖ।।

ਵੀਡੀਓ ਕਾਲਾਂ ਫੋਨ ਤੇ ਕਰਦੈਂ
     ਹੁਣ ਵੀ ਚਿੱਠੀ ਪਾ ਕੇ ਵੇਖ
ਸਬਮਰਸੀਬਲ ਦੀ ਮੋਟਰ ਪੁੱਟ ਕੇ
     ਨਲਕਾ ਜਰਾ ਲਵਾ ਕੇ ਵੇਖ।।

ਘਰ ਵਿੱਚ ਪੋਟੀ ਅੱਜਕਲ ਕਰਦੈਂ
     ਪੈਲੀ ਬੰਨੇ ਜਾ ਕੇ ਵੇਖ
 ਰੁੱਖ ਲਗਾਉਣ ਦੀ ਰੌਲੀ ਪਾਵੇਂ
     ਆਪ ਵੀ ਇੱਕ ਉੱਘਾ ਕੇ ਵੇਖ।।

ਫੁੱਲ ਤੂੰ ਲਾ ਕੇ ਫੁੱਲਿਆ ਫਿਰਦੈਂ
     ਬੋਹੜ ਤੇ ਪਿੱਪਲ ਦਿੱਤੇ ਵੇਚ
ਰੁੱਖ ਤੂੰ ਵੱਡ ਕੇ ਕੋਠੀ ਪਾ ਲਈ
     ਕਿੰਨੇ ਛੱਡੇ ਗਿਣਾ ਕੇ ਵੇਖ।।

ਚਾਰ ਕੁ ਜੀਅ ਤੇ ਦਸ ਕਮਰੇ ਨੇ
     ਇੱਕੋ ਕਮਰਾ ਪਾ ਕੇ ਵੇਖ
ਸਾਰੇ ਘਰ ਵਿੱਚ ਜਗ-ਮਗ ਕੀਤੀ
     ਦੀਵਾ ਫੇਰ ਜਗਾ ਕੇ ਵੇਖ।।
 
ਮਿੱਟੀ ਦੇ ਘਰ ਕਿੰਨੇ ਚੰਗੇ
     ਪੱਕਿਆਂ ਨੂੰ ਤੂੰ ਢਾਹ ਕੇ ਵੇਖ
ਮੀਂਹ ਨਾਲ ਕੋਠੇ ਚੋਂਦੇ ਜਿੱਥੇ
     ਜਿੰਦਗੀ ਉੱਥੇ ਬਿਤਾ ਕੇ ਵੇਖ।।

ਵਿਰਸਾ ਜਿੱਥੇ ਅੱਜ ਵੀ ਰਹਿੰਦਾ
     ਵਿਰਸਾ ਉੱਥੇ ਜਾ ਕੇ ਵੇਖ
ਰੱਬ ਤੈਨੂੰ ਵੀ ਵਿਰਸਾ ਦੇਵੇ
     ਵਿਰਸਾ ਫੇਰ ਹੰਢਾ ਕੇ ਵੇਖ।।
 
'ਰਮੇਸ਼' ਵੇ ਵਿਰਸਾ ਮਾੜਾ ਨਹੀਂ ਸੀ
     ਅੱਜ ਦੇ ਗੀਤ ਵੀ ਗਾ ਕੇ ਵੇਖ
'ਜਾਨੂੰ' ਅੱਜ ਹੈ ਤੇਰਾ ਵਿਰਸਾ
     ਇਹਨੂੰ ਵੀ ਗਲ ਲਾਕੇ ਵੇਖ।।
      
      ਲੇਖਕ-ਰਮੇਸ਼ ਕੁਮਾਰ ਜਾਨੂੰ
     ਫੋਨ ਨੰ:-98153-20080

ਮਿੱਠਾ ਜ਼ਹਿਰ ✍️ ਜਸਵਿੰਦਰ ਸ਼ਾਇਰ "ਪਪਰਾਲਾ "

ਢਲੇ ਸੂਰਜ ਦੀ ਧੁੱਪ ਤੋਂ ਅਸੀਂ ਕੀ ਲੈਣਾ
ਅੱਧੀ ਲੰਘ ਗਈ
ਅੱਧੀ ਰਹਿ ਗਈ ਜੋ
ਅੱਧੀ ਖਿੱਚ ਧਰੂਹ ਕੇ ਜੀ ਲੈਣਾ
ਮੁੱਖੋਂ
ਕਦੇ ਤੂੰ ਆਖਣਾ ਨਹੀਂ
ਤੂੰ ਮੈਨੂੰ ਆਪਣਾ
ਅਸਾਂ ਜੀਭ ਨੂੰ ਬੁੱਲ੍ਹਾਂ ਨੂੰ ਸੀ ਲੈਣਾ
ਪਾਸੇ ਮਾਰਕੇ
ਉਮਰ ਦੀ ਰਾਤ ਲੰਘੂ
ਮਿੱਠਾ ਜ਼ਹਿਰ
ਜੁਦਾਈ ਦਾ ਪੀ ਲੈਣਾ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

"ਰਾਜਨੀਤੀ ਹੋਗੀ ਗੰਧਲੀ" ✍️ ਜਸਵੀਰ ਸ਼ਰਮਾਂ ਦੱਦਾਹੂਰ

ਰਾਜਨੀਤੀ ਗੰਧਲੀ ਹੋ ਗਈ ਭਾਰਤ ਦੇਸ਼ ਦੀ ਹੈ,

ਦੀਨ ਈਮਾਨ ਨਾ ਰਿਹਾ ਕੋਈ ਸਿਆਸੀਆਂ ਦਾ।

ਸਿਆਸਤ ਤੋਂ ਪਹਿਲਾਂ ਜਦੋਂ ਲੋਕਾਂ ਵਿੱਚ ਵਿਚਰਦੇ ਨੇ,

ਅਹਿਸਾਸ ਕਰਵਾ ਜਾਂਦੇ ਮਿੱਠੀਆਂ ਗੱਲਾਂ ਖਾਸੀਆਂ ਦਾ।

ਦਬਦਬਾ ਬਣਾ ਕੇ ਜ਼ਮੀਨਾਂ ਤੇ ਕਰਨ ਕਬਜ਼ੇ,

ਰੋਣਾ ਸੁਣਦਾ ਨਹੀਂ ਕੋਈ ਇਥੇ ਪ੍ਰਵਾਸੀਆਂ ਦਾ।

ਸਿਆਸੀ ਕੁਰਸੀ ਤੇ ਬੈਠ ਪਿਛੋਕੜ ਨੂੰ ਭੁੱਲ ਜਾਂਦੇ,

ਆਖਿਰ ਭੋਗਣਾ ਪੈਣਾ ਹੈ ਦੁੱਖ ਚੁਰਾਸੀਆਂ ਦਾ।

ਮਹਿਲ ਕੋਠੀਆਂ ਜ਼ਮੀਨਾਂ ਧੜਾਧੜ ਬਣਾਂਵਦੇ ਨੇ,

ਰੱਖਣ ਕਾਨੂੰਨ ਨੂੰ ਰਖੇਲ ਬਣਾ ਕੇ ਜੀ।

ਜਿਹੜੇ ਦੇਸ਼ ਚ ਫ਼ੈਸਲੇ ਦਹਾਕਿਆਂ ਤੋਂ ਪਏ ਪੈਂਡਿੰਗ,

ਕੀ ਕਰੂਗਾ ਕੋਈ ਰੌਲਾ ਓਥੇ ਫਿਰ ਪਾ ਕੇ ਜੀ?

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਕੌੜੀਆਂ ਯਾਦਾਂ, ਬਣੀਆਂ ਮਿੱਠੀਆਂ! ✍️ ਸਲੇਮਪੁਰੀ ਦੀ ਚੂੰਢੀ

 ਸੋਸ਼ਲ ਮੀਡੀਆ ਗਰੁੱਪ ਵਿਚ ਮੇਰੇ ਨਾਲ ਜੁੜੇ ਇਕ ਸੋਸ਼ਲ ਮੀਡੀਆ ਦੋਸਤ ਵਲੋਂ ਇਕ ਬੱਚੇ ਦੀ ਤਸਵੀਰ ਭੇਜੀ ਗਈ, ਜਿਸ ਨੂੰ ਵੇਖ ਕੇ ਮੈਨੂੰ ਆਪਣਾ ਬਚਪਨ ਯਾਦ ਆ ਗਿਆ।
ਮੈਂ ਪੰਜਵੀਂ ਜਮਾਤ ਪਾਸ ਕਰਨ ਪਿੱਛੋਂ ਜਿਲ੍ਹਾ ਲੁਧਿਆਣਾ ਦੇ ਮਸ਼ਹੂਰ ਪਿੰਡ ਹੰਬੜਾਂ ਵਿਚ ਸਥਾਪਿਤ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਜੋ ਮੇਰੇ ਸਮੇਂ ਹਾਈ ਸਕੂਲ ਸੀ , ਦੇ ਵਿੱਚ ਛੇਵੀਂ ਜਮਾਤ ਵਿਚ ਪੜ੍ਹ ਰਿਹਾ ਸੀ । ਗਰਮੀਆਂ ਦੀ ਰੁੱਤ ਸੀ, ਮਈ ਮਹੀਨਾ ਸੀ, ਦੁਪਹਿਰ ਵੇਲੇ ਜਦੋਂ ਸਕੂਲ ਤੋਂ ਛੁੱਟੀ ਹੋਈ ਤਾਂ ਮੈਂ ਹੰਬੜਾਂ ਤੋਂ ਆਪਣੇ ਪਿੰਡ ਸਲੇਮਪੁਰ ਆਉਣ ਲਈ ਅੱਡੇ 'ਤੇ ਖੜ੍ਹਾ ਸੀ, ਮੇਰੇ ਪੈਰ ਨੰਗੇ ਸਨ, ਧਰਤੀ ਗਰਮੀ ਨਾਲ ਸੜ ਰਹੀ ਸੀ, ਮੈਂ ਆਪਣੇ ਪੈਰਾਂ ਨੂੰ ਸੜਨ ਤੋਂ ਬਚਾਉਣ ਲਈ ਕਦੀ ਸੱਜਾ ਪੈਰ ਖੱਬੇ ਪੈਰ ਉਪਰ ਤੇ ਕਦੀ ਖੱਬਾ ਪੈਰ, ਸੱਜੇ ਪੈਰ ਉਪਰ ਰੱਖ ਕੇ ਆਪਣੇ ਪੈਰਾਂ ਨੂੰ ਸੜਨ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਸੀ । ਬੱਸ ਦੀ ਉਡੀਕ ਕਰਦਿਆਂ ਮੈਨੂੰ ਉਥੇ ਅੱਧਾ ਘੰਟਾ ਹੋ ਗਿਆ ਸੀ, ਗਰਮੀ ਨਾਲ ਸੜ ਰਹੀ ਧਰਤੀ ਨੇ ਮੇਰੇ ਨੰਗੇ ਪੈਰਾਂ ਨੂੰ ਲੂਅ ਕੇ ਰੱਖ ਦਿੱਤਾ ਸੀ, ਪੈਰ ਅੱਗ ਵਾਂਗ ਲਾਲ ਹੋ ਚੁੱਕੇ ਸਨ। ਬੱਸ ਅੱਡੇ ਕੋਲ (ਜਿਥੇ  ਬੈਠਣ ਲਈ ਨਾ ਤਾਂ ਪਹਿਲਾਂ ਥਾਂ ਸੀ ਅਤੇ ਨਾ ਹੀ ਕੋਈ ਛੱਤ ਸੀ) ਇੱਕ ਚਾਹ ਦੀ ਦੁਕਾਨ ਸੀ, ਦੇ ਵਿੱਚ ਚਾਹ ਪੀ ਰਹੇ ਫਰਿਸ਼ਤਾ ਰੂਪੀ ਇੱਕ ਇਨਸਾਨ ਨੇ ਮੇਰੇ ਵਲ ਵੇਖਿਆ ਤੇ ਮੇਰੇ ਕੋਲ ਆ ਕੇ ਮੇਰੀ ਬਾਂਹ ਫੜੀ, ਪਰ ਮੈਂ ਡਰ ਗਿਆ, ਕਿਉਂਕਿ ਮੈਂ ਉਸ ਇਨਸਾਨ ਨੂੰ ਜਾਣਦਾ ਹੀ ਨਹੀਂ ਸੀ, ਪਰ ਉਹ ਮੈਨੂੰ ਖਿੱਚ ਕੇ ਆਪਣੇ ਨਾਲ ਲੈ ਕੇ ਇਕ ਦੁਕਾਨ ਵਿਚ ਵੜ ਗਿਆ ਅਤੇ ਦੁਕਾਨਦਾਰ ਨੂੰ ਆਖਣ ਲੱਗਾ ਕਿ 'ਇਸ ਮੁੰਡੇ ਦੇ ਮੇਚ ਦੀਆਂ ਚੱਪਲਾਂ ਕੱਢੋ ਅਤੇ ਪੈਰਾਂ ਵਿਚ ਪਾ ਦਿਓ! ਦੁਕਾਨਦਾਰ ਨੇ ਮੇਰੇ ਪੈਰਾਂ ਵਲ ਵੇਖਦਿਆਂ ਸਹੀ ਅੰਦਾਜ਼ੇ ਨਾਲ ਚੱਪਲਾਂ ਕੱਢੀਆਂ ਅਤੇ ਮੇਰੇ ਪੈਰਾਂ ਵਿਚ ਪਾ ਦਿੱਤੀਆਂ। ਚੱਪਲਾਂ ਪਾਉਣ ਤੋਂ ਬਾਅਦ ਮੈਂ ਉਥੇ ਹੀ ਖੜ੍ਹਾ ਰਿਹਾ, ਅਤੇ ਸੋਚ ਰਿਹਾ ਸਾਂ ਕਿ 'ਮੇਰੇ ਕੋਲ ਤਾਂ ਇੱਕ ਪੈਸਾ ਵੀ ਨਹੀਂ, ਮੈਂ ਚੱਪਲਾਂ ਦੀ ਕੀਮਤ ਕਿਵੇਂ ਅਦਾ ਕਰਾਂਗਾ, ਮੈਂ ਸੋਚਾਂ ਦੇ ਦਰਿਆ ਵਿਚ ਡੁੱਬ ਚੁੱਕਿਆ ਸੀ, ਮੇਰਾ ਸਰੀਰ ਕੰਬ ਰਿਹਾ ਸੀ', ਦੁਕਾਨ ਉਪਰ ਖੜ੍ਹਿਆਂ ਖੜ੍ਹਿਆਂ ਮੇਰੇ ਪਿੰਡ ਨੂੰ ਆਉਣ ਵਾਲੀ ਬੱਸ ਵੀ ਲੰਘ ਗਈ ਸੀ, ਹੁਣ ਮੈਂ ਕਿਵੇਂ ਜਾਵਾਂਗਾ, ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਹੁਣ ਕੀ ਕਰਾਂ?, ਬਾਹਰ ਸੂਰਜ ਮਘ ਰਿਹਾ ਸੀ, ਧਰਤੀ ਸੜ ਰਹੀ ਸੀ ?'
 ਮੇਰੇ ਹਾਵ-ਭਾਵ ਵੇਖਦਿਆਂ ਉਸ ਭੱਦਰ ਪੁਰਸ਼ ਨੇ ਮੇਰੇ ਸਿਰ 'ਤੇ ਹੱਥ ਰੱਖ ਕੇ ਕਿਹਾ,' ਕਾਕਾ ਆਪਣੇ ਘਰ ਨੂੰ ਜਾਹ, ਮੈਂ ਆਪੇ ਪੈਸੇ ਦੇ ਦੇਵਾਂਗਾ।'
ਉਸ ਫਰਿਸ਼ਤਿਆਂ ਵਰਗੇ ਇਨਸਾਨ ਨੇ ਜਿਉਂ ਹੀ ਮੈਨੂੰ ਦੁਕਾਨ ਤੋਂ ਘਰ ਜਾਣ ਲਈ ਕਿਹਾ, ਮੈਂ ਦੱਬੇ ਜਿਹੇ ਪੈਰੀਂ ਤਿੱਖੜ ਦੁਪਹਿਰ ਹੋਣ ਦੇ ਬਾਵਜੂਦ ਵੀ ਮੈਂ ਆਪਣੇ ਪਿੰਡ ਨੂੰ ਪੈਦਲ ਹੀ ਤੁਰ ਪਿਆ, ਬੱਸ ਲੰਘ ਚੁੱਕੀ ਸੀ, ਪਰ ਅੱਜ ਮੈਨੂੰ ਪਿੰਡ ਵਲ ਪੈਦਲ ਆਉਂਦਿਆਂ ਤੇ ਘਰ ਤੱਕ ਪਹੁੰਚਦਿਆਂ ਰਤਾ ਜਿੰਨੀ ਵੀ ਗਰਮੀ ਮਹਿਸੂਸ ਨਹੀਂ ਹੋਈ ਸੀ। ਦੂਸਰੇ ਦਿਨ ਜਦੋਂ ਮੈਂ ਸਕੂਲ ਗਿਆ ਤਾਂ ਮੇਰੇ ਇਕ ਜਮਾਤੀ ਨੇ ਦੱਸਿਆ ਕਿ 'ਤੈਨੂੰ ਜਿਸ ਇਨਸਾਨ ਨੇ ਚੱਪਲਾਂ ਲੈ ਕੇ ਦਿੱਤੀਆਂ ਸਨ, ਉਸ ਦਾ ਨਾਂ 'ਕਰਤਾਰ ਸਿੰਘ ਹੈ'। ਮੈਨੂੰ ਅੱਜ ਵੀ ਉਹ ਫਰਿਸ਼ਤਿਆਂ ਵਰਗਾ ਇਨਸਾਨ ਯਾਦ ਹੈ, ਜਿਸ ਨੂੰ ਭੁੱਲਾਂਗਾ ਵੀ ਨਹੀਂ!
ਗੱਲ ਸੋਸ਼ਲ ਮੀਡੀਆ ਗਰੁੱਪ  ਵਿਚ ਸ਼ਾਮਲ ਇਕ ਦੋਸਤ ਵਲੋਂ ਭੇਜੀ ਗਈ ਤਸਵੀਰ ਦੀ ਕਰ ਰਿਹਾ ਸਾਂ, ਉਸ ਤਸਵੀਰ ਨੂੰ ਵੇਖ ਕੇ ਜਿਥੇ ਮੈਨੂੰ ਮੇਰਾ ਬਚਪਨ ਯਾਦ ਆਇਆ ਤਾਂ ਮੈਨੂੰ ਮੇਰੇ ਸਰਕਾਰੀ ਕਾਲਜ (ਲੜਕੇ) ਲੁਧਿਆਣਾ ਦੇ ਦਿਨ ਵੀ ਯਾਦ ਆ ਗਏ ਹਨ, ਕਿ ਮੇਰੇ ਕੋਲ ਕੱਪੜੇ ਵੀ ਨਹੀਂ ਸਨ ਹੁੰਦੇ, ਐਤਵਾਰ ਨੂੰ ਘੰਟਾ ਘਰ ਕਬਾੜੀਏ ਪੁਰਾਣੇ ਕੱਪੜਿਆਂ ਦੀਆਂ ਫੜ੍ਹੀਆਂ ਲਗਾ ਕੇ ਕੱਪੜੇ ਵੇਚਦੇ ਸਨ , ਹੁਣ ਵੀ ਵੇਚਦੇ ਹਨ, ਘਰ ਵਿਚ ਅੱਤ ਦੀ ਗਰੀਬੀ ਹੋਣ ਕਰਕੇ ਉਥੋਂ  ਪੁਰਾਣੇ ਕੱਪੜੇ ਖ੍ਰੀਦ ਕੇ ਪਾਉਂਦਾ ਸੀ, ਫਿਰ ਪੜ੍ਹਨ ਲਈ ਆਉਂਦਾ ਸੀ!'
ਅੱਜ ਜਿਸ ਬੱਚੇ ਦੀ ਤਸਵੀਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ, ਬਿਲਕੁਲ ਮੇਰੀ ਹੱਡੀ-ਬੀਤੀ ਨੂੰ ਦਰਸਾਉਂਦੀ, ਸੱਚ ਬੋਲਦੀ ਤਸਵੀਰ ਹੈ!
-ਸੁਖਦੇਵ ਸਲੇਮਪੁਰੀ (09780620233) 8 ਅਪ੍ਰੈਲ, 2022.

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ ਉੱਪਰ ਮੈਂ ਕੀ ਸੋਚਦਾ ਹਾਂ ✍️ ਅਮਨਜੀਤ ਸਿੰਘ ਖਹਿਰਾ

ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਬਿਆਨ ਨੁੰ ਅਸੀਂ ਕਿਸ ਨਜ਼ਰੀਏ ਨਾਲ ਦੇਖੀਏ ? ਇਹ ਜੋ ਅੱਜ ਸਾਡੇ ਪੰਜਾਬ ਵਾਸੀਆਂ ਦੇ ਜਾਂ ਦੁਨੀਆਂ ਵਿੱਚ ਵਸਣ ਵਾਲੇ ਸਿੱਖਾਂ ਦੇ ਮਨਾਂ ਦੇ ਸਵਾਲ ਹਨ । ਪਰ ਇਨ੍ਹਾਂ ਸੁਆਲਾਂ ਦਾ ਜਵਾਬ ਅਸੀਂ ਕਿਸ ਤੋਂ ਮੰਗੀਏ ਕੋਈ ਨਜ਼ਰ ਨਹੀਂ ਆਉਂਦਾ ਇਸ ਦਾ ਸਹੀ ਜਵਾਬ ਦੇਣ ਵਾਲ਼ਾ ! ਚਲੋ ਇਸ ਗੱਲ ਦੇ ਉੱਪਰ ਤਾਂ ਅੱਜ ਸਾਨੂੰ ਮਿੱਟੀ ਪਾਉਣ ਦਾ ਹੀ ਫ਼ਾਇਦਾ ਪਰ ਆਪਣੇ ਮਨ ਨੂੰ ਸਮਝਾਉਣਾ ਬੜਾ ਔਖਾ । 

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਫਰ ਕਰਨਾ ਮੈਂ ਸਮਝਦਾ ਹਾਂ ਕਿ ਇਕ ਬਹੁਤ ਹੀ ਵਧੀਆ ਕਿਸੇ ਵੀ ਦੁਨੀਆਂ ਵਿੱਚ ਵਸਣ ਵਾਲੇ ਅਤੇ ਸਿੱਖ ਧਰਮ ਨੂੰ ਮੰਨਣ ਵਾਲੇ ਗੁਰੂ ਸਾਹਿਬਾਨਾਂ ਵਿੱਚ ਆਸਥਾ ਰੱਖਣ ਵਾਲੇ ਉਸ ਵਿਅਕਤੀ ਦੀਆਂ ਭਾਵਨਾਵਾਂ ਨੂੰ ਦਰਸਾਉਂਦਾ ਹੈ । ਇਸ ਬਿਆਨ ਤੋਂ ਇੱਕ ਹੋਰ ਵੀ ਗੱਲ ਬੜੇ ਚੰਗੇ ਤਰੀਕੇ ਨਾਲ ਸਪਸ਼ਟ ਹੋ ਜਾਂਦੀ ਹੈ ਕਿ ਇਕ  ਗੁਰੂ ਸਾਹਿਬਾਨਾਂ ਵਿੱਚ ਆਸਥਾ ਰੱਖਣ ਵਾਲਾ ਵਿਅਕਤੀ  ਕਿੰਨਾ ਸਤਿਕਾਰ ਅਤੇ ਪਿਆਰ ਆਪਣੇ ਮਨ ਵਿੱਚ ਰੱਖਦਾ ਹੈ ਚਾਹੇ ਉਹ ਕਿਸੇ ਵੀ ਸੀਟ ਤੇ ਉੱਪਰ ਬਿਰਾਜਮਾਨ ਕਿਉਂ ਨਾ ਹੋਵੇ । 

 ਮੁੱਖ ਮੰਤਰੀ ਦੇ ਬਿਆਨ ਤੋਂ ਤੁਰੰਤ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਬਿਆਨ ਆਉਂਦਾ ਹੈ  । ਜੋ ਬਿਆਨ ਮੈਂ ਸਮਝਦਾ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖਾਂ ਦੀ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਦੇ ਪ੍ਰਬੰਧ ਚਲਾਉਂਦੀ ਹੈ ਤੇ ਸਿੱਖੀ ਦੀ ਤਰਜਮਾਨੀ ਕਰਦੀ ਹੈ  ਉਸ ਨੂੰ ਉਸ ਦੇ ਰੁਤਬੇ ਨੂੰ ਬਹੁਤ ਛੋਟਾ ਕਰਦਾ । ਮੈਂ ਕੀ ਸੋਚਦਾ ਹਾਂ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮੰਗਾਂ ਹਨ ਜਿਨ੍ਹਾਂ ਵੱਲ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਅਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੱਕ ਬਣਦਾ ਹੈ ਕਿ ਉਹ ਸਰਕਾਰ ਦਾ ਉਨ੍ਹਾਂ ਮੰਗਾਂ ਵੱਲ ਧਿਆਨ ਦਿਵਾਏ ਅਤੇ ਉਨ੍ਹਾਂ ਮੰਗਾਂ ਦਾ ਹੱਲ ਕਰਵਾਵੇ । ਪਰ ਇਸ ਬਿਆਨ ਨੂੰ ਇਕ ਪੱਖ ਤੋਂ ਮੈ ਬਿਲਕੁਲ ਸਹੀ ਨਹੀਂ  ਸਮਝਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਿਉਂ ਆਪਣੇ ਆਪ ਨੂੰ ਐਂਟੀ ਸਰਕਾਰ ਜਾਂ ਐਂਟੀ ਮੁੱਖ ਮੰਤਰੀ ਦੇ ਤੌਰ ਤੇ ਪੇਸ਼ਕਰ ਦਾ ਹੈ  । ਇਸ ਤੋਂ ਬਹੁਤ ਸਾਰੇ ਸੁਆਲ ਆਪ ਮੁਹਾਰੇ ਦੁਨੀਆਂ ਵਿੱਚ ਵਸਣ ਵਾਲੇ ਗੁਰੂ ਨਾਨਕ ਨਾਮਲੇਵਾ ਲੋਕਾਂ ਦੇ ਮਨਾਂ ਤੇ ਉੱਠਣੇ ਸੁਭਾਵਿਕ ਹਨ । ਇਸ ਬਿਆਨ ਦਾ ਨਤੀਜਾ ਕੀ ਹੋਵੇਗਾ  ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਅੱਜ ਲੋਕਾਂ ਨੂੰ ਇਸ ਬਿਆਨ ਪ੍ਰਤੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਨ  ਸੋਸ਼ਲ ਮੀਡੀਆ ਉੱਪਰ ਇਕ ਦੂਜੇ ਨੂੰ ਭੰਡਣ ਦਾ ਵਧੀਆ ਮੌਕਾ ਮਿਲ ਗਿਆ  ।

ਅਮਨਜੀਤ ਸਿੰਘ ਖਹਿਰਾ  (ਅਡੀਟਰ ਜਨ ਸ਼ਕਤੀ )      

ਗੁਰਨਾਮ ਭੁੱਲਰ ਅਤੇ ਸੋਨਮ ਬਾਜਵਾ ਸਟਾਰਰ ਫਿਲਮ  'ਮੈਂ ਵਿਆਹ ਨੀ ਕਰੌਣਾ ਤੇਰੇ ਨਾਲ' ਦਾ ਪ੍ਰੀਮੀਅਰ ਜ਼ੀ 5 'ਤੇ 15 ਅਪ੍ਰੈਲ ਨੂੰ

ਭਾਰਤ ਦੇ ਸਭ ਤੋਂ ਵੱਡੇ ਘਰੇਲੂ ਓਟੀਟੀ ਪਲੇਟਫਾਰਮ, ਜ਼ੀ 5 ਨੇ ਹਾਲ ਹੀ ਵਿੱਚ ਪੰਜਾਬੀ-ਭਾਸ਼ਾ ਦੀ ਸਮੱਗਰੀ ਵਿੱਚ ਆਪਣੀ ਸ਼ੁਰੂਆਤ ਕੀਤੀ ਹੈ ਅਤੇ 'ਰੱਜ  ਕੇ ਵੇਖੋ' ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਜੋ ਜ਼ੀ ਸਟੂਡੀਓਜ਼ ਤੋਂ ਸਿੱਧੇ ਥੀਏਟਰ ਦੇ ਸਿਰਲੇਖਾਂ ਦਾ ਪ੍ਰੀਮੀਅਰ ਕਰਨ ਦਾ ਵਾਅਦਾ ਕਰਦੀ ਹੈ। ਜ਼ੀ 5 'ਤੇ ਪੁਆੜਾ , ਜਿੰਨੇ ਜੰਮੇ   ਸਾਰੇ ਨਿਕੰਮੇ, ਅਤੇ ਕਿਸਮਤ 2 ਦੇ ਪ੍ਰੀਮੀਅਰ ਤੋਂ ਬਾਅਦ, ਓਟੀਟੀ ਪਲੇਟਫਾਰਮਾਂ ਦੇ ਦਰਸ਼ਕ ਇੱਕ ਟ੍ਰੀਟ ਲਈ ਤਿਆਰ ਹਨ ਕਿਉਂਕਿ ਬਹੁਤ ਸਫਲ 'ਮੈਂ ਵਿਆਹ ਨੀ ਕਰੌਣਾ ਤੇਰੇ ਨਾਲ' ਹੁਣ ਸਾਰਿਆਂ ਲਈ ਆਸਾਨੀ ਨਾਲ ਉਪਲਬਧ ਹੋਵੇਗਾ।

15 ਅਪ੍ਰੈਲ 2022 ਨੂੰ, ਵਿਸਾਖੀ ਦਾ ਜਸ਼ਨ ਮਨਾਓ ਤੇ ਤੁਹਾਡੀਆਂ ਟੈਲੀਵਿਜ਼ਨ ਸਕ੍ਰੀਨਾਂ 'ਤੇ ਗੁਰਨਾਮ ਭੁੱਲਰ ਅਤੇ ਸੋਨਮ ਬਾਜਵਾ ਨੂੰ 'ਮੈਂ ਵਿਆਹ ਨੀ ਕਰੌਣਾ ਤੇਰੇ ਨਾਲ' ਫਿਲਮ ਵਿਚ ਦੇਖੋ। ਇਹ ਸਿਰਫ਼ ਇੱਕ ਫ਼ਿਲਮ ਨਹੀਂ ਬਲਕਿ ਦੋ ਦਿਲਾਂ, ਮੰਨਤ ਅਤੇ ਪੂਰਨ ਮੀਤ ਦੀ ਮੁਲਾਕਾਤ ਦੀ ਪ੍ਰੇਮ ਕਹਾਣੀ ਹੈ। ਫਿਲਮ ਵਿੱਚ ਇੱਕ ਸ਼ਾਨਦਾਰ ਡਰਾਮੇ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਹਨ, ਜਿਸ ਵਿੱਚ ਉੱਚ ਪੱਧਰ ਦਾ ਸੰਗੀਤ, ਭਾਵਨਾਵਾਂ, ਰੋਮਾਂਸ ਅਤੇ ਅਦਾਕਾਰੀ ਸ਼ਾਮਲ ਹੈ।
'ਮੈਂ ਵਿਆਹ ਨੀ ਕਰੌਣਾ ਤੇਰੇ ਨਾਲ' ਇੱਕ  ਦੇਸੀ ਕੁੜੀ ਸੋਨਮ ਬਾਜਵਾ ਉਰਫ ਮੰਨਤ ਅਤੇ ਸ਼ਹਿਰੀ ਪੇਂਡੂ NRI ਗੁਰਨਾਮ ਭੁੱਲਰ ਉਰਫ ਪੂਰਨ ਮੀਤ ਦੀ ਕਹਾਣੀ ਹੈ, ਜੋ ਜ਼ਿਆਦਾਤਰ ਪੰਜਾਬ ਦੀਆਂ ਖੂਬਸੂਰਤ ਥਾਵਾਂ 'ਤੇ ਸ਼ੂਟ ਕੀਤੀ ਗਈ  ਹੈ।

ਨਿਰਦੇਸ਼ਕ ਅਤੇ ਲੇਖਕ ਰੁਪਿੰਦਰ ਇੰਦਰਜੀਤ ਨੇ ਕਿਹਾ, “ਮੈਂ ਫਿਲਮ ਨੂੰ ਇੰਨਾ ਪਿਆਰ ਅਤੇ ਪ੍ਰਸ਼ੰਸਾ ਦੇਣ ਲਈ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਮੰਨਤ ਅਤੇ ਪੂਰਨ ਦੀ ਪ੍ਰੇਮ ਕਹਾਣੀ ਨੇ ਸਾਰੇ ਦਰਸ਼ਕਾਂ ਵਿੱਚ ਪਿਆਰ ਦੀ ਖੁਸ਼ਬੂ ਫੈਲਾ ਦਿੱਤੀ ਹੈ, ਜਿਸ ਨੂੰ ਆਸਾਨੀ ਨਾਲ ਮਹਿਸੂਸ ਕੀਤਾ ਜਾ ਸਕਦਾ ਹੈ। ਅਸੀਂ ਇੱਕ ਯਾਦਗਾਰੀ ਫਿਲਮ ਬਣਾਉਣਾ ਚਾਹੁੰਦੇ ਸੀ ਜੋ ਲੋਕਾਂ ਦੇ ਨਾਲ ਰਹੇ। ਜੇਕਰ ਤੁਸੀਂ 'ਮੈ ਵਿਆਹ ਨੀ ਕਰਾਉਣਾ ਤੇਰੇ ਨਾਲ' ਨਹੀਂ ਦੇਖੀ ਤਾ ਹੁਣ ਤੁਸੀਂ ਇਸਨੂੰ ਵਿਸਾਖੀ ਤੇ ਦੇਖੋ ਜ਼ੀ 5 'ਤੇ।”
ਗੁਰਨਾਮ ਭੁੱਲਰ ਨੇ ਆਪਣਾ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ, “ਮੈਂ ਇਸ ਫਿਲਮ ਨੂੰ ਲੈ ਕੇ ਉਤਸਾਹਿਤ ਸੀ ਜਦੋਂ ਤੋਂ ਮੈਂ ਸਕ੍ਰਿਪਟ ਪੜ੍ਹੀ ਸੀ ਅਤੇ ਅੱਜ ਵੀ, ਬਾਕਸ ਆਫਿਸ 'ਤੇ ਸਫਲ ਹੋਣ ਤੋਂ ਬਾਅਦ, ਮੈਂ ਇਸ ਪਰਿਵਾਰਕ ਮਨੋਰੰਜਨ ਲਈ ਓਨਾ ਹੀ ਉਤਸ਼ਾਹਿਤ ਹਾਂ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਮਿਲ ਕੇ ਇਸ ਫਿਲਮ ਨੂੰ ਦੇਖੋਗੇ ਅਤੇ ਇਸ ਨੂੰ ਸਫਲਤਾ ਤੋਂ ਅੱਗੇ ਵਧਾਓਗੇ।"
ਖੂਬਸੂਰਤ ਅਭਿਨੇਤਰੀ, ਸੋਨਮ ਬਾਜਵਾ ਨੇ ਕਿਹਾ, "ਬਾਕਸ ਆਫਿਸ 'ਤੇ ਸਾਨੂੰ ਮਿਲੇ ਪਿਆਰ ਨੇ ਸਾਨੂ ਬਹੁਤ ਖੁਸ਼ੀ ਦਿੱਤੀ ਹੈ ਅਤੇ ਮੈਨੂੰ ਉਮੀਦ ਹੈ ਕਿ ਜ਼ੀ 5 'ਤੇ ਇਸ ਦੇ ਪ੍ਰੀਮੀਅਰ ਤੋਂ ਬਾਅਦ ਪਿਆਰ ਜਾਰੀ ਰਹੇਗਾ।ਜ਼ੀ 5 'ਤੇ ‘ਮੈਂ ਵਿਆਹ ਨੀ ਕਰੌਣਾ ਤੇਰੇ ਨਾਲ’ ਦੇਖੋ!
ਹਰਜਿੰਦਰ ਸਿੰਘ

ਪੰਜਾਬੀ ਫ਼ਿਲਮ  'ਨੀਂ ਮੈਂ ਸੱਸ ਕੁੱਟਣੀ’ ਦੇ  ਟਾਈਟਲ ਟ੍ਰੈਕ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ  

ਇਸ ਮਹੀਨੇ 29 ਅਪ੍ਰੈਲ ਨੂੰ ਰਿਲੀਜ ਹੋ ਰਹੀ ਪੰਜਾਬੀ ਫ਼ਿਲਮ  ‘ਨੀਂ ਮੈਂ ਸੱਸ ਕੁੱਟਣੀ’ ਦੇ ਟਾਈਟਲ ਟ੍ਰੈਕ ਨੇ ਰਿਕਾਰਡ ਕਾਇਮ ਕੀਤਾ ਹੈ। ਇਸ ਗੀਤ ਨੂੰ 24 ਘੰਟਿਆਂ ਵਿੱਚ 1 ਕਰੋੜ ਤੋਂ ਵੱਧ ਦਰਸ਼ਕਾਂ ਨੇ ਦੇਖਿਆ ਹੈ। ਸੋਸ਼ਲ ਮੀਡੀਆ ‘ਤੇ ਇਹ ਗੀਤ ਲਗਾਤਾਰ ਸ਼ੇਅਰ ਅਤੇ ਟਰੈਂਡ ਹੋ ਰਿਹਾ ਹੈ। ਇਸ ਗੀਤ ਨੇ ਦਰਸ਼ਕਾਂ ਵਿੱਚ ਫ਼ਿਲਮ ਪ੍ਰਤੀ ਉਤਸੁਕਤਾ ਹੋਰ ਵਧਾ ਦਿੱਤੀ ਹੈ। 

   ਬਨਵੈਤ ਫ਼ਿਲਮਜ਼ ਅਤੇ ਸਚਿਨ-ਅੰਕੁਸ਼ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਇਸ ਟਾਈਟਲ ਟ੍ਰੈਕ ਨੂੰ ਬਾਲੀਵੁੱਡ ਦੀ ਨਾਮਵਰ ਗਾਇਕਾ ਸੁਨਿਧੀ ਚੌਹਾਨ ਨੇ ਗਾਇਆ ਹੈ। ਇਹ ਗੀਤ ਧਰਮਵੀਰ ਭੰਗੂ ਨੇ ਲਿਖਿਆਂ ਹੈ ਜਦਕਿ ਮਿਊਜ਼ਿਕ ਆਰ ਸ਼ਾਨ ਨੇ ਤਿਆਰ ਕੀਤਾ ਹੈ। 

ਨੂੰਹ-ਸੱਸ ਦੇ ਰਿਸ਼ਤੇ ਦੁਆਲੇ ਬਣੀ ਇਹ ਫ਼ਿਲਮ ਕਾਮੇਡੀ ਅਤੇ ਰੁਮਾਂਸ ਦਾ ਸੁਮੇਲ ਹੈ ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦਾ ਦਮ ਰੱਖਦੀ ਹੈ। ਪ੍ਰਵੀਨ ਕੁਮਾਰ ਵੱਲੋਂ ਡਾਇਰੈਕਟਰ ਕੀਤੀ ਇਸ ਫ਼ਿਲਮ ਵਿੱਚ ਮਹਿਤਾਬ ਵਿਰਕ, ਤਨਵੀ ਨਾਗੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਅਨੀਤਾ ਦੇਵਗਣ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਨਿਸ਼ਾ ਬਾਨੋ, ਅਕਿਸ਼ਤਾ ਸ਼ਰਮਾ,ਤਰਸੇਮ ਪੌਲ,ਦਿਲਾਵਰ ਸਿੱਧੂ,ਮਨਜੀਤ ਕੌਰ ਔਲਖ, ਸੰਨੀ ਗਿੱਲ, ਰਵਿੰਦਰ ਮੰਡ, ਡੌਲੀ ਸਿੰਘ ਅਤੇ ਸਤਿੰਦਰ ਕੌਰ ਸਮੇਤ ਕੁਝ ਨਵੇਂ ਚਿਹਰਿਆਂ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਫਿਲਮ ਦੇ ਬਾਕੀ ਗੀਤ ਵੀ ਇਸੇ ਤਰ੍ਹਾਂ ਦਰਸ਼ਕਾਂ ਦੀ ਪਸੰਦ ਬਣਨਗੇ। ਫਿਲਮ ਦਾ ਟੇਲਰ ਛੇਤੀ ਰਿਲੀਜ ਕੀਤਾ ਜਾ ਰਿਹਾ ਹੈ।

ਹਰਜਿੰਦਰ ਸਿੰਘ  

ਦਾਦੀ ਨੇ ਕਣਕ ਨੂੰ ਹੱਥੀ ਵੱਢ-ਵੱਢ ਕੇ ਰੱਖੀ ਜਾਣਾ ਤੇ ਮੈਂ ਚੁੱਕ-ਚੁੱਕ ਕੇ ਭਰੇ ਬਣਾਈ ਜਾਣੇ - ✍️ ਪ੍ਰੋ.ਗਗਨਦੀਪ ਕੌਰ ਧਾਲੀਵਾਲ

ਦੋਸਤੋਂ ਅੱਜ-ਕੱਲ ਹੱਥੀ ਕਣਕ ਵੱਢਣ ਦਾ ਰਿਵਾਜ ਅਲੋਪ ਹੋ ਚੁੱਕਾ ਹੈ।ਕਣਕ ਪੰਜਾਬ ਦੀ ਮੁੱਖ ਅਨਾਜ ਫ਼ਸਲ ਹੈ ।ਕਣਕ ਹਾੜ੍ਹੀ ਦੀ ਫ਼ਸਲ ਹੈ।ਨਵੰਬਰ ਦਾ ਪਹਿਲਾ ਪੰਦਰ੍ਹਵਾੜਾ ਕਣਕ ਲਈ ਬਹੁਤ ਢੁੱਕਵਾਂ ਮੰਨਿਆ ਜਾਂਦਾ ਹੈ।ਅਕਤੂਬਰ ਦੇ ਚੌਥੇ ਹਫਤੇ ਤੇ ਨਵੰਬਰ ਮਹੀਨੇ ਤੱਕ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ।ਇਹ ਫ਼ਸਲ ਕਿਸਾਨ ਦੀ ਜਿੰਦ ਜਾਨ ਹੁੰਦੀ ਹੈ ।ਕਹਿੰਦੇ ਹਨ ਕਿ ਕਿਸਾਨ ਨੇ ਕਣਕ ਨੂੰ ਪੁੱਤਾਂ ਵਾਂਗ ਪਾਲਿਆ ਹੁੰਦਾ ਹੈ ਜੇ ਕਿਤੇ ਪੱਕੀ ਫ਼ਸਲ ਉੱਤੇ ਮੀਂਹ ਵਰ ਜਾਵੇ ਜਾਂ ਅੱਗ ਲੱਗ ਜਾਵੇ ਤਾਂ ਕਿਸਾਨ ਦਾ ਕਲ਼ੇਜਾ ਨਿਕਲ ਜਾਂਦਾ ਹੈ ਉਹ ਧਾਹਾਂ ਮਾਰ ਮਾਰ ਰੋਂਦਾ ਹੈ ।ਪੁੱਤਾਂ ਵਾਂਗ ਪਾਲ ਕੇ ਫ਼ਸਲ ਦਾ ਉੱਜੜ ਜਾਣਾ ਕਿਹੜਾ ਸੌਖੀ ਗੱਲ ਹੈ। ਕਣਕ ਅਨਾਜ ਆਟਾ ਬਣਾਉਣ ਲਈ ਵਰਤੀ ਜਾਂਦੀ ਹੈ।ਸਾਰਾ ਸੰਸਾਰ ਇਸ ਰਾਹੀਂ ਹੀ ਪੇਟ ਭਰਦਾ ਹੈ।ਕਣਕ ਅਪ੍ਰੈਲ ਦੇ ਮਹੀਨੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ।ਇਸ ਸਮੇਂ ਕਿਸਾਨ ਬਹੁਤ ਖੁਸ਼ ਹੁੰਦਾ ਹੈ ਕਿਉਂਕਿ ਉਸਦੀ ਪਾਲੀ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ।ਵਿਸਾਖੀ ਦਾ ਤਿਉਹਾਰ ਹਾੜੀ ਦੀ ਫ਼ਸਲ (ਭਾਵ ਕਣਕ) ਪੱਕਣ ਦੀ ਖ਼ੁਸ਼ੀ ਵਿਚ ਮਨਾਇਆ ਜਾਂਦਾ ਹੈ।
ਇਸ ਨੂੰ ਕਿਸਾਨਾਂ ਦਾ ਮੇਲਾ’ ਵੀ ਕਿਹਾ ਜਾਂਦਾ ਹੈ। ਇਸ ਦਿਨ ਕਿਸਾਨ ਖ਼ੁਸ਼ੀਆਂ ਮਨਾਉਂਦੇ, ਭੰਗੜੇ ਪਾਉਂਦੇ ਹਨ। ਖੇਤਾਂ ਵਿੱਚ ਸੋਨੇ ਰੰਗੀਆਂ, ਲਹਿਰਾਉਂਦੀਆਂ, ਪੱਕੀਆਂ ਕਣਕਾਂ ਦੇਖ ਕੇ ਕਿਸਾਨ ਖੁਸ਼ ਹੁੰਦੇ ਹਨ ਅਤੇ ਆਪਣੀ ਮਿਹਨਤ ਦੇ ਮੁੱਲ ਨੂੰ ਪੈਂਦਾ ਦੇਖਦੇ ਹਨ।ਕਿਸਾਨ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੋਇਆ ਧਨੀ ਰਾਮ ਚਾਤ੍ਰਿਕ ਦਾ ਇਹ ਗੀਤ ਬਹੁਤ ਪ੍ਰਸਿੱਧ ਹੈ :
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦੇ ਹਿਸਾਬ ਕੱਟ ਕੇ,
ਪੱਗ ਝੱਗਾ ਚਾਦਰਾ ਨਵਾਂ ਸਿਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਵਿਸਾਖੀ ਦਾ ਤਿਉਹਾਰ ਆਉਣ ‘ਤੇ ਹੀ ਹਾੜ੍ਹੀ ਦੀ ਫਸਲ ਦੀ ਕਟਾਈ (ਵਾਢੀ)ਸ਼ੁਰੂ ਹੋ ਜਾਂਦੀ ਹੈ। ਕਿਸਾਨ ਦੀ ਛੇ ਮਹੀਨਿਆਂ ਦੀ ਮਿਹਨਤ ਨਾਲ ਪੁੱਤਾਂ ਵਾਂਗ ਪਾਲੀਆਂ ਇਹ ਕਣਕਾਂ ਕਟਾਈ ਲਈ ਤਿਆਰ ਹੁੰਦੀਆਂ ਹਨ। ਕਿਸਾਨ ਦੀਆਂ ਅੱਖਾਂ ਵਿਚ ਸਜੋਏ ਉਦਾਸ ਜਿਹੇ ਖੁਸ਼ੀਆਂ ਭਰੇ ਸੁਪਨੇ ਪੂਰੇ ਹੋਣ ਦਾ ਵੇਲਾ ਆ ਗਿਆ ਹੁੰਦਾ ਹੈ।
ਦੋਸਤੋ ਇਹ ਕਣਕ ਵੱਢਣ ਲਈ ਪਹਿਲਾ ਦਾਤਰੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਸਨ ਪਰ ਅੱਜ ਕੱਲ ਬਹੁਤ ਘੱਟ ਦੇਖਣ ਨੂੰ ਮਿਲਣਗੀਆਂ। ਦਾਤਰੀ ਦੀ ਵਰਤੋਂ ਕਣਕ ਵੰਡਣ ਲਈ ਵੀ ਕੀਤੀ ਜਾਂਦੀ ਹੈ।ਕਿਉਂਕਿ ਦਾਤਰੀ ਦਾ ਬਲੇਡ ਵਕਰਾਕਾਰ ਹੁੰਦਾ ਹੈ, ਜਿਸਦਾ ਦਾ ਅੰਦਰਲਾ ਭਾਗ ਤੇਜ਼ ਧਾਰ ਵਾਲਾ ਹੁੰਦਾ ਹੈ। ਇਸਨੂੰ ਚਲਾਉਣ ਨਾਲ ਫਸਲਾਂ ਕੱਟੀਆਂ ਜਾਂਦੀਆਂ ਹਨ।ਇਹਨਾਂ ਸੰਦਾਂ ਦੀ ਵਰਤੋਂ ਹੁਣ ਘੱਟ ਹੋ ਗਈ ਹੈ।ਹੁਣ ਦਾਤਰੀ ਨਾਲ ਕਣਕ ਬਹੁਤ ਘੱਟ ਵੱਢੀ ਜਾਂਦੀ ਹੈ।ਮਸ਼ੀਨਾਂ ਨੇ ਹੁਣ ਇੰਨਾਂ ਸੰਦਾਂ ਦੀ ਥਾਂ ਲੈ ਲਈ ਹੈ ।ਮੈਨੂੰ ਯਾਦ ਹੈ ਜਦੋਂ ਅਸੀਂ ਨਿੱਕੇ-ਨਿੱਕੇ ਹੁੰਦੇ ਸੀ ਤਾਂ ਪਹਿਲਾ ਸਾਰਾ -ਸਾਰਾ ਪਰਿਵਾਰ ਕਣਕ ਵੱਢਣ ਲਈ ਖੇਤ ਵੱਲ ਜਾਂਦਾ ਸੀ ।ਸੁਆਣੀਆਂ ਦੁਪਹਿਰ ਦੀ ਰੋਟੀ ਸਵੇਰੇ ਹੀ ਲਾਕੇ ਬੰਨ੍ਹ ਲੈਂਦੀਆਂ ਸਨ।ਮੇਰੀ ਦਾਦੀ ਮਾਂ ਗੁੜ ,ਅਚਾਰ ਤੇ ਚਟਨੀ ਨਾਲ ਰੋਟੀ ਬੰਨ੍ਹ ਦਿੰਦੀ ਸੀ।ਅਸੀਂ ਸਾਰੇ ਬੱਚੇ ਨਾਲ ਚਲੇ ਜਾਂਦੇ ਸੀ।ਦਾਦੀ ਸਾਨੂੰ ਸਾਰਿਆਂ ਨੂੰ ਰੋਟੀ ਉੱਪਰ ਅਚਾਰ ਗੁੜ ਧਰ ਕੇ ਲੱਸੀ ਨਾਲ ਰੋਟੀ ਦਿੰਦੀ ਸੀ।ਸੱਚ ਜਾਣਿਓ ਉਹ ਰੋਟੀ ਇੰਨੀ ਸੁਆਦ ਹੁੰਦੀ ਸੀ ਕਿ ਦਿਲ ਕਰਦਾ ਹੁੰਦਾ ਸੀ ਹੋਰ ਖਾਈ ਜਾਵਾ।ਉਹ ਰੋਟੀ ਅੱਜ ਥਾਲਾਂ ਵਿੱਚ ਪਰੋਸੀ ਰੋਟੀ ਤੋਂ ਕਿਤੇ ਜ਼ਿਆਦਾ ਵਧੀਆਂ ਹੁੰਦੀ ਸੀ।ਜਦੋਂ ਪਰਿਵਾਰ ਦੇ ਮੈਂਬਰ ਹੱਥੀ ਕਣਕ ਵੱਢਣੀ ਸ਼ੁਰੂ ਕਰ ਦਿੰਦੇ ਸੀ ਅਸੀਂ ਨਾਲ ਵੱਢਣ ਦੀ ਜਿੱਦ ਕਰਨਾ।ਯਾਦ ਹੈ ਮੇਰੇ ਪਾਪਾ ਨੇ ਮੈਨੂੰ ਇੱਕ ਛੋਟੀ-ਜਿਹੀ ਦਾਤਰੀ ਲਿਆ ਕੇ ਦਿੱਤੀ ਸੀ।ਮੈ ਹਰ ਰੋਜ ਉਹ ਨਾਲ ਲੈਕੇ ਜਾਣੀ ਹੁੰਦੀ ਸੀ।ਹਾੜੀ ਵੱਢਣ ਦਾ ਏਨਾ ਚਾਅ ਹੁੰਦਾ ਸੀ ਕਿ ਇੱਕ ਵਾਰ ਮੇਰੇ ਪੈਰ ਹੇਠਾ ਕਰਚਾ ਵੱਜਿਆ ਜੋ ਕਿ ਕਾਫ਼ੀ ਸਮਾਂ ਠੀਕ ਨਹੀ ਹੋਇਆ ਸੀ।ਕਰਚਾ ਉਹ ਹੁੰਦਾ ਹੈ ਜੋ ਫਸਲ ਵੱਢਣ (ਕਟਾਈ)ਤੋ ਬਾਅਦ ਮੁੱਢ ਬੱਚਦਾ ਹੈ।ਫਿਰ ਮੈਨੂੰ ਘਰ ਛੱਡ ਜਾਂਦੇ ਸੀ ਮੇਰਾ ਦਿਲ ਇਹੋ ਕਰੀ ਜਾਣਾ ਕਿ ਮੈਂ ਕਣਕ ਨੂੰ ਵੱਢਦਿਆਂ ਦੇਖਾਂ।ਪਰ ਦੋਸਤੋ ਹੁਣ ਕੰਬਾਇਨਾਂ ਨੇ ਹੱਥੀ ਵਾਢੀ ਦਾ ਰਿਵਾਜ ਅਲੋਪ ਕਰ ਦਿੱਤਾ ਹੈ।ਹੁਣ ਤਾਂ ਕੋਈ ਟਾਵਾਂ -ਟਾਵਾਂ ਘਰ ਹੀ ਹੱਥੀ ਕਣਕ ਵੱਢਦਾ ਹੈ।ਯਾਦ ਹੈ ਜਦੋਂ ਕਣਕ ਨੂੰ ਹੱਥੀ ਵੱਢਦੇ ਸਨ ਉਸਦੇ ਢੇਰ ਲਾਕੇ ਭਰੇ ਬਣਾਏ ਜਾਂਦੇ ਸੀ ਫਿਰ ਉਹਨਾਂ ਵਿੱਚੋਂ ਹਡੰਬਿਆਂ ਰਾਹੀ ਕਣਕ ਤੇ ਤੂੜੀ ਕੱਢੀ ਜਾਦੀ ਸੀ।ਮਸ਼ੀਨੀ ਯੁੱਗ ਕਰਕੇ ਅੱਜ ਕੱਲ ਖੇਤੀ ਵੀ ਮਸ਼ੀਨੀ ਹੋ ਗਈ ਹੈ। ਬਿਜਾਈ ਤੋਂ ਲੈਕੇ ਕਟਾਈ ਤੱਕ।ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ।ਸੱਚ ਜਾਣਿਓ ਉਸ ਸਮੇਂ ਜੋ ਨਜ਼ਾਰਾ (ਅਹਿਸਾਸ) ਹਾੜ੍ਹੀ ਦੀ ਫਸਲ ਨੂੰ
ਹੱਥੀ ਕਣਕ ਵੱਢ ਕੇ ਆਉਂਦਾ ਸੀ ਅੱਜ ਕੱਲ੍ਹ ਉਹ ਇਹਨਾਂ ਮਸ਼ੀਨੀ ਯੰਤਰਾਂ ਵਿੱਚ ਕਿੱਥੇ ਹੈ।

ਅਸਿਸਟੈਂਟ ਪ੍ਰੋ.ਗਗਨਦੀਪ ਕੌਰ ਧਾਲੀਵਾਲ ।
ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੁਕੇਸ਼ਨਲ ਕਾਲਜ ਬਰੇਟਾ 

ਇੱਕ ਕਹਾਵਤ ਹੈ ਕਿ, "ਬਾਜ਼ ਦੇ ਬੱਚੇ ਬਨੇਰਿਆਂ ਤੇ ਉੱਡਣਾ ਨਹੀਂ ਸਿੱਖਦੇ" ✍️ ਹਰਨਰਾਇਣ ਸਿੰਘ ਮੱਲੇਆਣਾ

ਜਿਸ ਉਮਰ ਵਿਚ ਬਾਕੀ ਪੰਛੀਆਂ ਦੇ ਬੱਚੇ ਚਹਿਕਣਾ ਸਿੱਖਦੇ ਹਨ ਉਸ ਉਮਰ ਵਿਚ ਇੱਕ ਮਾਦਾ ਬਾਜ਼ ਅਪਣੇ ਨੰਨੇ ਬੱਚੇ ਨੂੰ ਪੰਜਿਆਂ ਵਿਚ ਫੜ ਕੇ ਬਹੁਤ ਉਚਾਈ ਤੇ ਉਡੱ ਜਾਂਦੀ ਹੈ। ਪੰਛੀਆਂ ਦੇ ਵਿਚ ਅਜਿਹੀ ਸਖ਼ਤ ਸਿਖਲਾਈ ਕਿਸੇ ਵਿੱਚ ਨਹੀਂ ਹੁੰਦੀ।
ਮਾਦਾ ਬਾਜ਼ ਅਪਣੇ ਨੰਨੇ ਬੱਚੇ ਨੂੰ ਅਪਣੇ ਪੰਜਿਆਂ ਵਿਚ ਜਕੜ ਕੇ ਲਗਭੱਗ 12 ਕਿਲੋਮੀਟਰ ਉਚਾਈ ਤੇ ਲੈ ਜਾਂਦੀ ਹੈ। ਇੰਨੀ ਉਚਾਈ ਤੇ ਅਕਸਰ ਜਹਾਜ਼ ਉਡਿਆ ਕਰਦੇ ਹਨ ਅਤੇ ਇਹ ਦੂਰੀ ਤਹਿ ਕਰਨ ਵਿਚ ਮਾਦਾ ਬਾਜ਼ 7 --9 ਮਿੰਟ ਦਾ ਸਮਾਂ ਲੈਂਦੀ ਹੈ।
ਇਥੋਂ ਸ਼ੁਰੂ ਹੁੰਦੀ ਹੈ ਉਸ ਨੰਨ੍ਹੇ ਬੱਚੇ ਦੀ ਕਠਿਨ ਪ੍ਰੀਖਿਆ । ਉਸ ਨੂੰ ਇਹ ਦੱਸਿਆ ਜਾਵੇ ਗਾ ਕੇ ਤੂੰ ਕਿਸ ਲਈ ਪੈਦਾ ਹੋਇਆ ਹੈ ? ਤੇਰੀ ਦੁਨੀਆਂ ਕੀ ਹੈ ? ਤੇਰੀ ਉਚਾਈ ਕੀ ਹੈ ? ਤੇਰਾ ਧਰਮ ਬਹੁਤ ਉੱਚਾ ਹੈ ਅਤੇ ਫਿਰ ਮਾਦਾ ਬਾਜ਼ ਉਸਨੂੰ ਪੰਜਿਆਂ ਵਿਚੋਂ ਛੱਡ ਦਿੰਦੀ ਹੈ। ਉਪਰ ਤੋਂ ਥੱਲੇ ਧਰਤੀ ਵੱਲ ਆਉਂਦੇ ਸਮੇਂ ਲਗਭੱਗ 2 ਕਿਲੋਮੀਟਰ ਤੱਕ ਉਸ ਨੰਨ੍ਹੇ ਬੱਚੇ ਨੂੰ ਕੋਈ ਸਮਝ ਨਹੀਂ ਆਉਂਦੀ ਕਿ ਉਸ ਨਾਲ ਕੀ ਹੋ ਰਿਹਾ ਹੈ।  7 ਕਿਲੋਮੀਟਰ ਦੇ ਅੰਦਰ ਆ ਜਾਣ ਤੋਂ ਬਾਅਦ ਉਸ ਨੰਨ੍ਹੇ ਬੱਚੇ ਦੇ ਖੰਭ ਜੋ ਕਜਾਇਨ ਨਾਲ ਚਿਪਕੇ ਹੁੰਦੇ ਹਨ ਖੁੱਲਣ ਲਗਦੇ ਹਨ ।ਲਗਭੱਗ 9 ਕਿਲੋਮੀਟਰ ਹੇਠਾਂ ਆਉਣ ਤੇ ਉਸਦੇ ਖੰਭ ਪੂਰੇ ਖੁੱਲ੍ਹ ਜਾਂਦੇ ਹਨ । ਇਹ ਜ਼ਿੰਦਗੀ ਦਾ ਪਹਿਲਾ ਸਮਾਂ ਹੁੰਦਾ ਹੈ ਜਦੋਂ ਬਾਜ਼ ਦਾ ਬੱਚਾ ਖੰਭ ਫੜ ਫੜਾਉਂਦਾ ਹੈ।
       ਇਸ ਸਮੇਂ ਇਹ ਧਰਤੀ ਤੋਂ ਤਕਰੀਬਨ  3000 ਮੀਟਰ ਦੂਰ ਹੈ ਪਰੰਤੂ ਇਹ ਉੱਡਣਾ ਨਹੀਂ ਸਿੱਖਿਆ । ਹੁਣ ਇਹ ਧਰਤੀ ਦੇ ਬਿਲਕੁਲ ਨੇੜੇ ਆ ਜਾਂਦਾ ਹੈ। ਹੁਣ ਉਸਦੀ ਧਰਤੀ ਤੋਂ ਦੂਰੀ ਸਿਰਫ  700--800 ਮੀਟਰ ਹੁੰਦੀ ਹੈ ਪਰੰਤੂ ਉਸਦੇ ਖੰਭ ਇਨੇ ਮਜ਼ਬੂਤ ਨਹੀਂ ਹੋਏ ਕਿ ਉਹ ਉੱਡ ਸਕੇ।ਧਰਤੀ ਤੋਂ ਤਕਰੀਬਨ  400_500 ਮੀਟਰ ਦੂਰੀ ਤੇ ਆ ਕੇ ਉਸ ਨੂੰ ਲਗਦਾ ਹੈ ਕਿ ਹੁਣ ਮੇਰਾ ਅੰਤਿਮ ਸਮਾਂ ਆ ਗਿਆ ਹੈ । ਫਿਰ ਅਚਾਨਕ ਇੱਕ ਪੰਜਾ ਆ ਕੇ ਅਪਣੀ ਪਕੜ ਵਿਚ ਲੈ ਲੈਂਦਾ ਹੈ ਅਤੇ ਆਪਣੇ ਖੰਭਾਂ ਦੇ ਵਿਚਕਾਰ ਸਮੋਂ ਲੈਂਦਾ ਹੈ। ਇਹ ਪੰਜਾ ਉਸਦੀ ਮਾਂ ਦਾ ਹੁੰਦਾ ਹੈ ਅਤੇ ਇਹ ਸਿਖਲਾਈ ਉਸਦੀ ਲਗਾਤਾਰ ਚਲਦੀ ਰਹਿੰਦੀ ਹੈ ਜਦੋਂ ਤੱਕ ਇਹ ਉੱਡਣਾ ਸਿੱਖ ਨਹੀਂ ਲੈਂਦਾ। ਇਹ ਸਿਖਲਾਈ ਇੱਕ ਕਮਾਂਡੋ ਦੀ ਤਰ੍ਹਾਂ ਹੁੰਦੀ ਹੈ ਫਿਰ ਜਾ ਕੇ ਦੁਨੀਆਂ ਨੂੰ ਇੱਕ ਬਾਜ਼ ਮਿਲਦਾ ਹੈ। ਇਹ ਅਪਣੇ ਤੋਂ  10 ਗੁਣਾ ਭਾਰੇ ਦਾ ਸ਼ਿਕਾਰ ਕਰ ਲੈਂਦਾ ਹੈ ।
ਬੇਸ਼ੱਕ ਅਪਣੇ ਬੱਚਿਆਂ ਨੂੰ ਅਪਣੇ ਨਾਲ ਚਿਪਕਾ ਕੇ ਰੱਖੋ,ਪਰ ਉਸ ਨੂੰ ਦੁਨੀਆਂ ਦੀਆਂ ਮੁਸਕਲਾਂ ਦਾ ਸਾਹਮਣਾ ਕਰਨ ਦਿਓ। ਉਹਨਾਂ ਨਾਲ ਜੂਝਣਾ ਸਿਖਾਓ
...ਗਮਲੇ ਦੇ ਪੌਦੇ ਅਤੇ ਜੰਗਲ ਦੇ ਪੌਦੇ ਵਿੱਚ ਬਹੁਤ ਫਰਕ ਹੁੰਦਾ ਹੈ।

-ਹਰਨਰਾਇਣ ਸਿੰਘ ਮੱਲੇਆਣਾ

"ਮੁੱਖ ਮੰਤਰੀ ਪੰਜਾਬ ਦੇ ਧਿਆਨ ਹਿੱਤ" ✍️ ਜਸਵੀਰ ਸ਼ਰਮਾਂ ਦੱਦਾਹੂਰ

ਮਾਨ ਸਾਹਿਬ ਆਮ ਤੋਂ ਖ਼ਾਸ ਲੋਕਾਂ ਨੇ ਤੁਹਾਨੂੰ ਬਣਾ ਦਿੱਤਾ ਹੈ,ਮਸਲੇ ਹੱਲ ਕਰਨ ਦੇ ਨਾਲ ਨਾਲ ਦਾਮਨ ਵੀ ਬਚਾਇਓ

ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਸ੍ਰ ਭਗਵੰਤ ਮਾਨ ਜੀ ਕਿ ਤੁਹਾਡੀ ਹਲੀਮੀ ਤੁਹਾਡੇ ਜਜ਼ਬੇ, ਤੁਹਾਡੇ ਸਬਰ ਅਤੇ ਅੱਠ ਸਾਲ ਦੀ ਮਿਹਨਤ ਰੰਗ ਲਿਆਈ ਹੈ। ਤੁਸੀਂ ਜਿਵੇਂ ਆਪਣੀ ਗਾਇਕੀ ਅਤੇ ਕਮੇਡੀ ਦੇ ਦੌਰ ਵਿੱਚ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ ਨਿਰਸੰਦੇਹ ਬਿਲਕੁਲ ਇਸੇ ਤਰ੍ਹਾਂ ਹੀ ਤੁਸੀਂ ਸਿਆਸਤ ਵਿੱਚ ਵੀ ਹਾਲੇ ਤੱਕ ਆਪਣੇ ਦਾਮਨ ਨੂੰ ਬਿਲਕੁਲ ਚਿੱਟੀ ਚਾਦਰ ਵਾਂਗ ਹੀ ਸੰਭਾਲ ਰੱਖਿਆ ਹੈ,ਜਿਸ ਨੂੰ ਲੁਕਾਈ ਅੱਛੀ ਤਰ੍ਹਾਂ ਜਾਣਦੀ ਹੈ, ਇਸੇ ਕਰਕੇ ਹੀ ਪੰਜਾਬੀ ਭਾਈਚਾਰੇ ਨੇ ਤੁਹਾਨੂੰ ਆਪਣੀਆਂ ਪਲਕਾਂ ਤੇ ਬਿਠਾਇਆ ਹੈ,ਉਸ ਦਾ ਨਤੀਜਾ ਸੱਭ ਦੇ ਸਾਹਮਣੇ ਹੈ। ਜੇਕਰ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ ਓਦੋਂ ਤੋਂ ਲੈਕੇ ਅੱਜ ਤੱਕ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਇਹ ਦਸ ਮਾਰਚ ਵੀਹ ਸੌ ਬਾਈ ਵਾਲਾ ਦਿਨ ਇਤਹਾਸਕ ਹੋ ਨਿਬੜਿਆ ਹੈ,ਜੇ ਮੈਂ ਗਲਤ ਨਾ ਹੋਵਾਂ ਤਾਂ ਸੰਨ ਸੰਤਾਲੀ ਤੋਂ ਲੈਕੇ ਬਾਈ ਤੱਕ ਐਨਾ ਵੱਡਾ ਬਹੁਮਤ ਕਿਸੇ ਵੀ ਰਵਾਇਤੀ ਜਾਂ ਖੇਤਰੀ ਪਾਰਟੀ ਦੇ ਹਿੱਸੇ ਅੱਜ ਤੱਕ ਨਹੀਂ ਆਇਆ ਜੋ ਆਮ ਆਦਮੀ ਪਾਰਟੀ ਦੇ ਹਿੱਸੇ ਆਇਆ ਹੈ।ਇਸ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਨੇ ਵੀ ਇਤਹਾਸਕ ਜਿੱਤ ਦਿੱਲੀ ਵਿੱਚ ਦਰਜ ਕੀਤੀ, ਜਦੋਂ ਇੱਕ ਵਾਰ ਅਸਤੀਫੇ ਤੋਂ ਬਾਅਦ ਵੀ ਸੱਤਰ ਚੋਂ ਸਤਾਹਠ ਸੀਟਾਂ ਲੈਕੇ ਦਿੱਲੀ ਫਤਿਹ ਕੀਤੀ।ਮਾਨ ਸਾਹਿਬ ਦੇਸ਼ ਦੀ ਸਿਆਸਤ ਬਹੁਤ ਗੰਧਲੀ ਹੋ ਚੁੱਕੀ ਹੈ ਜਿਸ ਦਾ ਤੁਹਾਨੂੰ ਭਲੀਭਾਂਤ ਪਤਾ ਹੈ।ਇਸ ਨੂੰ ਸਹੀ ਲਾਈਨ ਤੇ ਲਿਆਉਣ ਅਤੇ ਲੱਗੇ ਦਾਗਾਂ ਨੂੰ ਧੋਣ ਲਈ ਬਹੁਤ ਸਮਾਂ, ਬਹੁਤ ਦਲੇਰੀ ਹੌਸਲੇ ਅਤੇ ਹਿੰਮਤ ਦੇ ਨਾਲ ਨਾਲ ਸਹਿਣਸ਼ੀਲਤਾ ਦੀ ਬਹੁਤ ਲੋੜ ਹੈ, ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਸਮੁੱਚੀ ਪਾਰਟੀ ਨੂੰ ਇਹ ਬਲ ਬਖ਼ਸ਼ੇ।

          ਪੰਜਾਬ ਦੇ ਉਲਝੇ ਹੋਏ ਮਸਲੇ ਜਿਨ੍ਹਾਂ ਤੋਂ ਆਪ ਬਹੁਤ ਚੰਗੀ ਤਰ੍ਹਾਂ ਵਾਕਫ ਹੋਂ ਅਤੇ ਸੱਭ ਤੋਂ ਜ਼ਿਆਦਾ ਪ੍ਰਭਾਵਿਤ ਢੰਗ ਨਾਲ ਲੋਕ ਸਭਾ ਵਿੱਚ ਉਠਾਉਂਦੇ ਰਹੇ ਹੋਂ ਓਹ ਵੀ ਸਾਨੂੰ ਸਭਨਾਂ ਨੂੰ ਪਤਾ ਹੈ। ਹੁਣ ਇਹ ਜੋ ਸੇਜ ਆਪ ਜੀ ਨੂੰ ਕੁੱਲ ਆਵਾਮ ਨੇ ਸੌਂਪੀ ਹੈ ਇਹ ਮਖਮਲੀ ਨਹੀਂ ਇਹ ਕੰਡਿਆਂ ਵਾਲੀ ਸੇਜ ਹੈ। ਵਿਰੋਧੀਆਂ ਅਤੇ ਸ਼ਰੀਕਾਂ ਦੀਆਂ ਗੱਲਾਂ ਦਾ ਕਿਵੇਂ ਸਾਹਮਣਾ ਕਰਨਾ ਹੈ ਇਸ ਦੀ ਵੀ ਤੁਹਾਨੂੰ ਕੋਈ ਭੁੱਲ ਨਹੀਂ ਹੈ।ਕੋਹ ਨਾਂ ਚੱਲੀ ਬਾਬਾ ਤਿਹਾਈ ਵਾਲੀ ਗੱਲ ਬਾਤ ਤਾਂ ਸ਼ੁਰੂ ਵੀ ਹੋ ਚੁੱਕੀ ਹੈ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ,ਜਿਸ ਦੀ ਮੀਡੀਆ ਵਿੱਚ ਆਮ ਚਰਚਾ ਹੈ, ਕਿ ਕੇਜਰੀਵਾਲ ਸਾਹਿਬ ਦੇ ਪੈਰੀਂ ਹੱਥ ਕਿਉਂ ਲਾਏ ਦਿੱਲੀ ਪਹੁੰਚ ਕੇ ਭਗਵੰਤ ਮਾਨ ਨੇ,ਇਹ ਗੱਲ ਮਨਜਿੰਦਰ ਸਿੰਘ ਸਿਰਸਾ ਨੇ ਮੀਡੀਆ ਵਿੱਚ ਕੀਤੀ ਹੈ ਜਦੋਂ ਕਿ ਈ ਡੀ ਦੇ ਛਾਪਿਆਂ ਤੋਂ ਬਚਣ ਲਈ ਓਹ ਖੁਦ ਮੋਦੀ ਸਾਹਿਬ ਦੀ ਛਤਰੀ ਹੇਠ ਲੁਕਿਆ ਹੋਇਆ ਹੈ,ਇਹ ਵੀ ਪਤਾ ਲੱਗਾ ਹੈ ਕਿ ਕੇਜਰੀਵਾਲ ਦੀਵਾਨ ਟੋਡਰ ਮੱਲ ਦੀ ਅੰਸ਼ ਚੋਂ ਨੇ ਜਿਨ੍ਹਾਂ ਨੇ ਗੁਰਸਿੱਖੀ ਲਈ ਕੀ ਕੁੱਝ ਕੀਤਾ ਹੈ ਜਿਸ ਨੂੰ ਕੁੱਲ ਲੁਕਾਈ ਕਦੇ ਵੀ ਨਹੀਂ ਭੁਲਾ ਸਕਦੀ, ਇੱਕ ਵੱਡੇ ਭਾਈ ਦੇ ਜੇ ਛੋਟਾ ਭਰਾ ਪੈਰੀਂ ਹੱਥ ਲਾਉਂਦਾ ਵੀ ਹੈ ਤਾਂ ਉਸ ਨੂੰ ਐਨੀ ਨਫ਼ਰਤ ਕਿਉਂ? ਜਦੋਂ ਕਿ ਇਹ ਸੱਭ ਸਾਡੇ ਪੁਰਖਿਆਂ ਦੀ ਸਾਨੂੰ ਦੇਣ ਹੈ,ਇਸ ਲਈ ਹੀ ਕਹਿਣਾ ਪਿਆ ਕਿ ਛੱਜ ਤਾਂ ਬੋਲੇ ਛਾਣਨੀ ਕੀ ਬੋਲੇ। ਖੈਰ ਕੁੱਝ ਵੀ ਹੋਵੇ ਕਹਿਣ ਦਾ ਭਾਵ ਕਿ ਇੱਕ ਉਦਾਹਰਣ ਹੈ" ਸ਼ਰੀਕ ਘਰ ਵਿੱਚ ਬੇਦੀ ਨਹੀਂ ਗੱਡਦੇ ਉਂਝ ਕਸਰ ਕੋਈ ਨੀ ਛੱਡਦੇ"ਬਿਲਕੁਲ ਵਿਰੋਧੀਆਂ ਦੇ ਝਾਂਸੇ ਵਿੱਚ ਅਤੇ ਗੱਲਾਂ ਵਿੱਚ ਨਹੀਂ ਆਉਣਾ ਬਲਕਿ ਹਾਥੀ ਵਾਲੀ ਚਾਲ ਚਲਦੇ ਰਹੋ, ਪੰਜਾਬੀਆਂ ਨਾਲ ਕੀਤੇ ਵਾਅਦੇ ਹੌਲੀ ਹੌਲੀ ਪੂਰੇ ਕਰਦੇ ਰਹੋ।ਤੁਹਾਡਾ ਹਰਾ ਪਿੰਨ ਬੇਰੁਜ਼ਗਾਰੀ, ਨਸ਼ਿਆਂ, ਪੁਲਿਸ ਪ੍ਰਸ਼ਾਸਨ ਦੇ ਖੁੱਲ੍ਹੇ ਲਗਾਮ,ਸਿਹਤ ਸਹੂਲਤਾਂ, ਮੁਲਾਜ਼ਮਾਂ, ਬੁਢਾਪੇ, ਵਿਦੇਸ਼ਾਂ ਵਿੱਚ ਜਾਂਦੀ ਜਵਾਨੀ ਨੂੰ ਬਚਾਉਣ ਅਤੇ ਬੇਘਰਿਆਂ ਦੇ ਸਿਰ ਢਕਣ ਲਈ ਸਦਾ ਚਲਦਾ ਰਹੇ। ਤੁਸੀਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਲਈ ਆਪਣੇ ਹੱਥ ਆਈ ਤਾਕਤ ਨੂੰ ਪੰਜਾਬੀ ਭਾਈਚਾਰੇ ਨੂੰ ਸਮਰਪਿਤ ਕਰਦੇ ਰਹੋਂ ਇਹੇ ਕਾਮਨਾ ਕਰਦੇ ਹਾਂ।

 ਇਸ ਵਿੱਚ ਵੀ ਕੋਈ ਦੋ ਰਾਇ ਨਹੀਂ ਹੁੰਦੀ ਕਿ ਜਦੋਂ ਕੋਈ ਵੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਉਸ ਵਿੱਚ ਖੱਬਿਓਂ ਸੱਜਿਓਂ ਕੁੱਝ ਕੁ ਸ਼ਰਾਰਤੀ ਅਨਸਰ ਜਾਂ ਕਹਿ ਲਈਏ ਕਿ ਕਾਲੀਆਂ ਭੇਡਾਂ ਵੀ ਲੁੱਕ ਛੁੱਪ ਕੇ ਆ ਵੜਦੀਆਂ ਹਨ,ਸੋ ਓਨਾਂ ਤੋਂ ਵੀ ਬਹੁਤ ਸੁਚੇਤ ਰਹਿਣ ਦੀ ਅਤਿਅੰਤ ਲੋੜ ਹੈ। ਪਾਰਟੀ ਦੇ ਵਿੱਚ ਹੀ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਹਨ,ਇਸ ਲਈ ਫੂਕ ਫੂਕ ਕੇ ਪੈਰ ਰੱਖਣੇ। ਤੁਸੀਂ ਸ਼ਹੀਦਾਂ ਦੇ ਸੁਪਨਿਆਂ ਦੇ ਭਾਰਤ ਲਈ ਆਪਣੀ ਵਚਨਬੱਧਤਾ ਦੁਹਰਾਉਂਦੇ ਰਹੇ ਹੋਂ,ਉਸ ਤੇ ਖਰੇ ਉਤਰਨਾ। ਤੁਸੀਂ ਪੁਰਾਤਨ ਪੰਜਾਬ ਦੀ ਗੱਲ ਕਰਦੇ ਰਹੇ ਹੋਂ, ਚੇਤੇ ਰੱਖਣਾ, ਤੁਸੀਂ ਪਿੰਡਾਂ ਚੋਂ, ਵਾਰਡਾਂ ਚੋਂ ਸ਼ਹਿਰਾਂ ਚੋਂ ਪੰਜਾਬ ਦੀ ਸਿਆਸਤ ਚਲਾਉਣ ਦੀ ਗੱਲ ਸਟੇਜਾਂ ਤੋਂ ਸਾਂਝੀ ਕਰਦੇ ਰਹੇ ਹੋਂ, ਚੇਤਿਆਂ ਚ ਵਸਾ ਕੇ ਰੱਖਣਾ, ਤੁਸੀਂ ਹਰ ਵੱਡੀ ਉਮਰ ਵਾਲੀ ਬੀਬੀ ਨੂੰ ਮਾ ਕਿਹਾ ਹੈ,ਹਰ ਬਰਾਬਰ ਦੀ ਨੂੰ ਭੈਣ ਅਤੇ ਹਮ ਉਮਰ ਨੂੰ ਭਰਾ ਕਿਹਾ ਹੈ, ਬਜ਼ੁਰਗਾਂ ਨੂੰ ਬਾਪੂ ਕਿਹਾ ਹੈ, ਬੱਚਿਆਂ ਨੂੰ ਹਿੱਕ ਨਾਲ ਲਾਉਂਦੇ ਰਹੇ ਹੋਂ।ਇਹ ਸਾਰੀਆਂ ਗੱਲਾਂ ਲੋਕਾਂ ਦੇ ਚੇਤਿਆਂ ਚ ਵਸੀਆਂ ਹੋਈਆਂ ਹਨ ਕਿਤੇ ਭੁੱਲ ਨਾ ਜਾਣਾ।ਹਰ ਇਨਸਾਨ ਦੀ ਗੱਲ ਸੁਨਣਾ ਅਤੇ ਓਹਨਾਂ ਨੂੰ  ਹੱਲ ਕਰਨ ਦੀਆਂ ਗੱਲਾਂ ਤੁਹਾਡੇ ਮੈਨੀਫੈਸਟੋ ਦਾ ਹਿੱਸਾ ਹੈ, ਚੇਤਿਆਂ ਵਿੱਚ ਰੱਖਣ ਦੀ ਅਤਿਅੰਤ ਲੋੜ ਹੈ। ਆਪਦੇ ਵਾਂਗੂੰ ਆਪਣੇ ਮੰਤਰੀ ਮੰਡਲ ਵਿੱਚ ਕੋਸ਼ਿਸ਼ ਕਰਿਓ ਵਧੀਆ ਇਨਸਾਨ ਤੁਹਾਡੇ ਵਰਗੀ ਸੋਚ ਰੱਖਣ ਵਾਲੇ ਹੀ ਜੇ ਹੋਣਗੇ ਤਾਂ ਤੁਸੀਂ (ਭਾਰਤ ਹੈ ਵਾਂਗ ਮੁੰਦਰੀ, ਵਿੱਚ ਨਗ ਪੰਜਾਬ ਦਾ)ਵਾਲੀ ਤੁੱਕ ਜੋ ਤੁਸੀਂ ਅਕਸਰ ਸਟੇਜਾਂ ਤੋਂ ਸਾਂਝੀ ਕਰਦੇ ਰਹੇ ਹੋਂ ਓਸ ਤੇ ਖਰੇ ਉੱਤਰ ਸਕਦੇ ਹੋ।

             ਭਗਵੰਤ ਮਾਨ ਸਾਹਿਬ ਮੈਂ ਆਪ ਨੂੰ ਤੇ ਆਪਦੀ ਸਮੁੱਚੀ ਪਾਰਟੀ ਨੂੰ ਬਹੁਤ ਹੀ ਭਾਗਾਂ ਵਾਲੀ ਸਮਝਦਾ ਹਾਂ ਕਿਉਂਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਵਿੱਚ ਛੇ ਡਾਕਟਰ, ਗਿਆਰਾਂ ਵਕੀਲ,ਦੋ ਗਾਇਕ,ਦੋ ਗੀਤਕਾਰ, ਤਿੰਨ ਪ੍ਰਫੈਸਰ,ਦੋ ਪ੍ਰਿੰਸੀਪਲ,ਦੋ ਅਧਿਆਪਕ,ਸੱਤ ਮਜ਼ਦੂਰ,ਛੇ ਇੰਜਨੀਅਰ,ਇੱਕੀ ਕਿਸਾਨੀ ਕਿੱਤੇ ਨਾਲ ਸਬੰਧਤ, ਨੌਂ ਵਪਾਰੀ,ਪੰਜ ਖਿਡਾਰੀ,ਦੋ ਪੁਲਿਸ ਮਹਿਕਮੇ ਦੇ ਵੀਰ ਐਮ ਐਲ ਏ ਬਨਾਏ ਹਨ ਸਮੁੱਚੇ ਪੰਜਾਬੀ ਭਾਈਚਾਰੇ ਨੇ।ਇਸ ਤੋਂ ਵੱਧ ਖੁਸ਼ੀ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ, ਅਤੇ ਆਮ ਆਦਮੀ ਪਾਰਟੀ ਆਪਾਂ ਹੋਰ ਕਿਸ ਨੂੰ ਕਹਿ ਸਕਦੇ ਹਾਂ?

               ਸਾਰੇ ਪੰਜਾਬ ਦੀ ਤੰਦ ਨਹੀਂ ਤਾਣੀ ਉਲਝੀ ਹੋਈ ਹੈ ਇਸ ਨੂੰ ਸੁਲਝਾਉਣ ਲਈ ਬਹੁਤ ਮਿਹਨਤ ਦੀ ਲੋੜ ਹੈ,ਜੋ ਤੁਸੀਂ ਪਿਛਲੇ ਅੱਠ ਸਾਲਾਂ ਤੋਂ ਕਰ ਰਹੇ ਹੋਂ ਸ਼ੇਰ ਬਣਿਓਂ ਹੁਣ ਉਸ ਤੋਂ ਦੁੱਗਣੀ ਨਹੀਂ ਬਲਕਿ ਕਈ ਗੁਣਾਂ ਵੱਧ ਮਿਹਨਤ ਦੀ ਲੋੜ ਪੈਣੀ ਹੈ,ਡਰਿਓ ਨਾ ਘਬਰਾਇਓ ਨਾ ਚਲਦੇ ਰਹਿਣਾ ਏਂ, ਖੜਿਆ ਹੋਇਆ ਤਾਂ ਪਾਣੀ ਵੀ ਮੁਸ਼ਕ ਮਾਰਨ ਲੱਗ ਪੈਂਦਾ ਹੈ, ਵਾਹਿਗੁਰੂ ਤੁਹਾਨੂੰ ਬਲ ਬਖ਼ਸ਼ੇ, ਤੁਸੀਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਵੋਂ, ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰੋਂ, ਸੂਬੇ ਨੂੰ ਆਤਮਨਿਰਭਰਤਾ ਵੱਲ ਲੈ ਜਾਓਂ ਇਹੀ ਸੱਚੇ ਦਿਲੋਂ ਕਾਮਨਾ ਹੈ,ਪਰ ਸਹਿਣਸ਼ੀਲਤਾ ਅਤਿਅੰਤ ਜ਼ਰੂਰੀ ਹੈ।

ਜਸਵੀਰ ਸ਼ਰਮਾਂ ਦੱਦਾਹੂਰ,ਸ੍ਰੀ ਮੁਕਤਸਰ ਸਾਹਿਬ ,95691-49556

  ਇਤਿਹਾਸ ਬਾਰੇ ਜਾਣਕਾਰੀ (ਪੰਜਾਬ ਦੇ ਇਤਿਹਾਸਿਕ ਸੋਮੇ ) ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਪ੍ਰਸ਼ਨ-1.ਪੰਜਾਬ ਦੇ ਇਤਿਹਾਸ ਦੇ ਮੁੱਖ ਸੋਮੇ ਕਿਹੜੇ ਹਨ?
(ੳ) ਭੱਟ ਵਹੀਆਂ (ਅ) ਖਾਲਸਾ ਦਰਬਾਰ ਰਿਕਾਰਡ (ੲ)ਇਤਿਹਾਸਿਕ ਭਵਨ (ਸ) ਚਿੱਤਰ ,ਸਿੱਕੇ (ਹ) ਉਪਰੋਕਤ ਸਾਰੇ
ਪ੍ਰਸ਼ਨ-2.ਪੰਜਾਬ ਦੇ ਇਤਿਹਾਸ ਲਈ ਸਭ ਤੋਂ ਮਹੱਤਵਪੂਰਨ ਤੇ ਬਹੁਮੁੱਲਾ ਸੋਮਾ ਕਿਹੜਾ ਹੈ ?
(ੳ)ਗੁਰਸੋਭਾ (ਅ)ਗਿਆਨ ਰਤਨਾਵਲੀ (ੲ)ਭਾਈ ਗੁਰਦਾਸ ਦੀਆਂ ਵਾਰਾਂ (ਸ) ਆਦਿ ਗ੍ਰੰਥ ਸਾਹਿਬ ਜੀ
ਪ੍ਰਸ਼ਨ-3.ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਦੋਂ ਕੀਤਾ ਸੀ?
(ੳ)1600 ਅ) 1603 (ੲ) 1604 (ਸ)1605
ਪ੍ਰਸ਼ਨ -4. ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਿਸਨੇ ਕੀਤਾ ਸੀ?
(ੳ)ਭਾਈ ਮਨੀ ਸਿੰਘ (ਅ) ਭਾਈ ਗੁਰਦਿੱਤਾ (ੲ) ਭਾਈ ਗੁਰਦਾਸ (ਸ) ਸੈਨਾਪਤ
ਪ੍ਰਸ਼ਨ-5. ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਦੋਂ ਕੀਤਾ ਗਿਆ ਸੀ?
ੳ)1665 (ਅ) 1675 (ੲ) 1721 (ਸ) 1725
ਪ੍ਰਸ਼ਨ -6.ਭਾਈ ਗੁਰਦਾਸ ਜੀ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ ?
(ੳ) 35 (ਅ) 39 (ੲ) 40 ( ਸ) 45
ਪ੍ਰਸ਼ਨ-7.ਦਸਮ ਗ੍ਰੰਥ ਸਾਹਿਬ ਜੀ ਕਿੰਨੇ ਗ੍ਰੰਥਾਂ ਦਾ ਸੰਗ੍ਰਹਿ ਹੈ?
(ੳ) 12 (ਅ)15 (ੲ)16 ( ਸ)18
ਪ੍ਰਸ਼ਨ-8.ਹੁਕਮਨਾਮੇ ਤੋਂ ਕੀ ਭਾਵ ਹੈ ?
(ੳ)ਅਭੁੱਲ ਪੱਤਰ (ਅ) ਆਗਿਆ ਪੱਤਰ (ੲ) ਦੋਨੋਂ ( ਸ) ਕੋਈ ਨਹੀਂ
ਪ੍ਰਸ਼ਨ -9.ਗੁਰੂ ਤੇਗ ਬਹਾਦਰ ਜੀ ਦੇ ਕਿੰਨੇ ਹੁਕਮਨਾਮੇ ਪ੍ਰਾਪਤ ਹੋਏ ਹਨ?
(ੳ) 23 (ਅ) 25 (ੲ) 95 (ਸ) 100
ਪ੍ਰਸ਼ਨ -10.ਸ੍ਰੀ ਗੁਰਸੋਭਾ ਦਾ ਰਚਨਾਕਾਰ ਕੌਣ ਹੈ ?
(ੳ) ਸੰਤੋਖ ਸਿੰਘ (ਅ) ਸੈਨਾਪਤ (ੲ) ਰਤਨ ਸਿੰਘ ਭੰਗੂ(ਸ)ਕੋਈ ਨਹੀਂ
ਪ੍ਰਸ਼ਨ-11.ਬੰਸਾਵਲੀ ਨਾਮਾ ਦੀ ਰਚਨਾ ਕਿਸਨੇ ਕੀਤੀ ਸੀ?
(ੳ) ਸੰਤੋਖ ਸਿੰਘ (ਅ) ਕੇਸਰ ਸਿੰਘ ਛਿੱਬੜ (ੲ) ਰਤਨ ਸਿੰਘ ਭੰਗੂ(ਸ)ਕੋਈ ਨਹੀਂ ਟਰ
ਪ੍ਰਸ਼ਨ-12.ਭੱਟ ਵਹੀਆਂ ਦੀ ਖੋਜ ਕਿਸਨੇ ਕੀਤੀ ?
ੳ) ਗਣੇਸ ਦਾਸ ਵਡੇਹਰਾ (ਅ) ਗਿਆਨੀ ਗਿਰਜਾ ਸਿੰਘ (ੲ) ਰਤਨ ਸਿੰਘ ਭੰਗੂ (ਸ)ਕੋਈ ਨਹੀਂ
ਪ੍ਰਸ਼ਨ -13.ਉਮਦਤ-ਉਤ -ਤਵਾਰੀਖ ਦਾ ਲੇਖਕ ਕੌਣ ਸੀ ?
ੳ) ਗਣੇਸ ਦਾਸ ਵਡੇਹਰਾ (ਅ) ਗਿਆਨੀ ਗਿਰਜਾ ਸਿੰਘ (ੲ)ਸੋਹਣ ਲਾਲ ਸੂਰੀ (ਸ)ਕੋਈ ਨਹੀਂ
ਪ੍ਰਸ਼ਨ-14.ਪ੍ਰਾਚੀਨ ਪੰਥ ਪ੍ਰਕਾਸ਼ ਦੀ ਰਚਨਾ ਕਿਸਨੇ ਕੀਤੀ ?
ੳ) ਗਣੇਸ ਦਾਸ ਵਡੇਹਰਾ (ਅ) ਰਤਨ ਸਿੰਘ ਭੰਗੂ(ੲ) ਗਿਆਨੀ ਗਿਰਜਾ ਸਿੰਘ (ਸ)ਕੋਈ ਨਹੀਂ
ਪ੍ਰਸ਼ਨ-15.ਸਿੱਖਾਂ ਦੀ ਭਗਤ ਮਾਲਾ ਪੁਸਤਕ ਦੀ ਰਚਨਾ ਕਿਸਨੇ ਕੀਤੀ?
ੳ) ਸੰਤੋਖ ਸਿੰਘ (ਅ) ਸੈਨਾਪਤ (ੲ) ਰਤਨ ਸਿੰਘ ਭੰਗੂ(ਸ)ਭਾਈ ਮਨੀ ਸਿੰਘ
ਪ੍ਰਸ਼ਨ-16. ਅਕਬਰਨਾਮਾ ਅਤੇ ਆਇਨ ਏ ਅਕਬਰ ਦੀ ਰਚਨਾ ਕਿਸਨੇ ਕੀਤੀ?
ੳ)ਡਾ.ਮਰੇ (ਅ) ਮੈਲਕੋਮ (ੲ)ਅਬੁਲ ਫ਼ਜ਼ਲ(ਸ)ਭਾਈ ਮਨੀ ਸਿੰਘ
ਪ੍ਰਸ਼ਨ-17.ਜੰਗਨਾਮਾ ਦੀ ਰਚਨਾ ਕਿਸਨੇ ਕੀਤੀ?
ੳ)ਡਾ.ਮਰੇ (ਅ) ਮੈਲਕੋਮ (ੲ)ਅਬੁਲ ਫ਼ਜ਼ਲ (ਸ)ਕਾਜੀ ਨੂਰ ਮੁਹੰਮਦ
ਪ੍ਰਸ਼ਨ -18.ਸਕੈਚ ਆਫ ਸਿੱਖਜ ਦਾ ਲੇਖਕ ਕੌਣ ਸੀ ?
ੳ) ਮੈਲਕੋਮ (ਅ) ਡਾ.ਮਰੇ (ੲ)ਅਬੁਲ ਫ਼ਜ਼ਲ (ਸ)ਕਾਜੀ ਨੂਰ ਮੁਹੰਮਦ
ਪ੍ਰਸ਼ਨ-19. ਤੁਜਕ ਏ ਬਾਬਰੀ ਦੀ ਰਚਨਾ ਕਿਸਨੇ ਕੀਤੀ?
ੳ)ਡਾ.ਮਰੇ (ਅ)ਬਾਬਰ (ੲ)ਅਬੁਲ ਫ਼ਜ਼ਲ(ਸ)ਭਾਈ ਮਨੀ ਸਿੰਘ
ਪ੍ਰਸ਼ਨ-20.ਮੁੰਤਖਿਬ ਉਲ ਲੁਬਾਬ ਕਿਸ ਦਾ ਰਚਿਤ ਗ੍ਰੰਥ ਹੈ?
ੳ) ਖਾਫੀ ਖਾਂ (ਅ) ਰਤਨ ਸਿੰਘ ਭੰਗੂ (ੲ) ਗਿਆਨੀ ਗਿਰਜਾ ਸਿੰਘ (ਸ)ਕੋਈ ਨਹੀਂ

ਉੱਤਰ ਮਾਲਾ -1. ਹ 2. ਸ 3. ੲ 4. ੳ 5. ੲ 6. ਅ 7. ਸ 8.ਅ 9.ੳ 10.ਅ 11. ਅ 12. ਅ 13. ੲ 14.ਅ 15.ਸ 16.ੲ
17.ਸ 18.ੳ 19.ਅ 20.ੳ

ਤਿਆਰ ਕਰਤਾ -ਅਸਿਸਟੈਂਟ ਪ੍ਰੋ.ਗਗਨਦੀਪ ਕੌਰ ਧਾਲੀਵਾਲ, ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੂਕੇਸ਼ਨ ਕਾਲਜ ਬਰੇਟਾ ।- 9988933161 

29 ਮਾਰਚ 1849 ਦਾ ਇਤਿਹਾਸ (ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ) ✍️.  ਅਮਨਜੀਤ ਸਿੰਘ ਖਹਿਰਾ

29 ਮਾਰਚ 1849 ਵਾਲਾ ਦਿਨ ਪੰਜਾਬ ਦੇ ਲੋਕ ਕਦੇ ਨਹੀਂ ਭੁੱਲ ਸਕਦੇ। ਇਸ ਦਿਨ ਲਾਰਡ ਡਲਹੌਜ਼ੀ ਨੇ ਪੰਜਾਬ ਉਪਰ ਕਬਜ਼ੇ ਦਾ ਐਲਾਨ ਜਾਰੀ ਕੀਤਾ ਸੀ। ਇਸ ਦਿਨ ਲਾਰਡ ਡਲਹੌਜ਼ੀ ਦਾ ਵਿਦੇਸ਼ ਸਕੱਤਰ, ਹੈਨਰੀ ਮੀਅਰਜ਼ ਇਲੀਅਟ, ਛੋਟੀ ਉਮਰ ਦੇ ਮਹਾਰਾਜਾ ਦਲੀਪ ਸਿੰਘ ਦੇ ਇਕ ਦਸਤਾਵੇਜ਼ ਉੱਪਰ ਦਸਤਖਤ ਲੈਣ ਲਈ ਲਾਹੌਰ ਪਹੁੰਚਿਆ ਸੀ। ਇਸ ਮਕਸਦ ਲਈ ਲਾਹੌਰ ਦੇ ਕਿਲ੍ਹੇ ਵਿੱਚ ਇੱਕ ਵਿਸ਼ੇਸ਼ ਦਰਬਾਰ ਆਯੋਜਿਤ ਕੀਤਾ ਗਿਆ ਸੀ। ਬ੍ਰਿਟਿਸ਼ ਫੌਜਾਂ ਦੇ ਜਰਨੈਲ, ਬਾਲ ਮਹਾਰਾਜੇ ਦਲੀਪ ਸਿੰਘ ਦੇ ਸੱਜੇ ਪਾਸੇ ਅਤੇ ਉਸਦੇ ਬੇਸਹਾਰਾ ਅਤੇ ਬੇਬੱਸ ਸਰਦਾਰ ਖੱਬੇ ਪਾਸੇ ਖੜੇ ਸਨ। ਉਸਦੀ ਬੇਵੱਸ ਮਾਂ ਰਾਣੀ ਜਿਂੰਦਾਂ, ਗੈਰਕਾਨੂੰਨੀ ਅਤੇ ਗੈਰ ਇਖਲਾਕੀ ਨਜ਼ਰਬੰਦੀ ਅਧੀਨ ਸੀ ਅਤੇ ਗੈਰਹਾਜ਼ਰ ਸੀ।

ਖਿਡੌਣਿਆਂ ਨਾਲ ਖੇਡਣ ਦੀ ਉਮਰ ਵਾਲੇ ਮਹਾਰਾਜਾ ਦਲੀਪ ਸਿੰਘ ਨੇ ਸੌਖਿਆਂ ਹੀ, ਬਿਨਾ ਕਿਸੇ ਉਜ਼ਰ ਤੋਂ, ਹੈਨਰੀ ਮੀਅਰਜ਼ ਇਲੀਅਟ ਵਲੋਂ ਪੇਸ਼ ਕੀਤੇ ਦਸਤਾਵੇਜ਼ ਉੱਪਰ ਆਪਣੇ ਦਸਤਖਤ ਕਰ ਦਿੱਤੇ ਅਤੇ ਪੰਜਾਬ ਦੇ ਰਾਜ ਅਤੇ ਤਖਤ ਤੋਂ ਆਪਣਾ ਦਾਅਵਾ ਛੱਡ ਕੇ ਇੰਗਲੈਂਡ ਦੀ ਮਹਾਰਾਣੀ ਦੀ ਅਧੀਨਗੀ ਕਬੂਲ ਕਰ ਲਈ। ਹੈਨਰੀ ਮੀਅਰਜ਼ ਇਲੀਅਟ ਵੱਲੋਂ ਦਰਬਾਰ ਵਿੱਚ ਮਹਾਰਾਜੇ ਦੇ ਦਸਖਤਾਂ ਵਾਲਾ ਇਹ ਦਸਤਾਵੇਜ਼ ਉੱਚੀ ਅਵਾਜ਼ ਵਿੱਚ ਪੜ੍ਹ ਕੇ ਸੁਣਾਇਆ ਗਿਆ। ਇਸ ਦਸਤਾਵੇਜ਼ ਰਾਹੀਂ ਦੇਸ ਪੰਜਾਬ ਬ੍ਰਿਟਿਸ਼ ਰਾਜ ਦਾ ਹਿੱਸਾ ਬਣ ਗਿਆ ਸੀ। ਇਸਤੋਂ ਤੁਰੰਤ ਬਾਅਦ ਹੀ ਲਾਹੌਰ ਦੇ ਕਿਲ੍ਹੇ ਉੱਪਰੋਂ ਖਾਲਸਾਈ ਨਿਸ਼ਾਨ ਉਤਾਰ ਕੇ ਯੂਨੀਅਨ ਜੈਕ ਝੁਲਾ ਦਿੱਤਾ ਗਿਆ। ਅੰਗਰੇਜ਼ੀ ਮਿਲਟਰੀ ਬੈਂਡ ਵੱਲੋਂ ਜੇਤੂ ਅਤੇ ਜਸ਼ਨ ਵਾਲੀਆਂ ਧੁਨਾਂ ਵਜਾਈਆਂ ਗਈਆਂ ਅਤੇ ਕੁਝ ਦਿਨਾਂ ਬਾਅਦ ਹੀ ਬਾਲਕ ਮਹਾਰਾਜੇ ਨੂੰ ਇੰਗਲੈਂਡ ਭੇਜ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਧਰਮ ਨਿਰਪੱਖਤਾ ਦੀ ਮਿਸਾਲ ਸੀ। ਜਿਸ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਆਧਾਰ ਤੇ ਉੱਚੀਆਂ ਪ੍ਰਸਾਸ਼ਨਕ ਪਦਵੀਆਂ ਹਾਸਲ ਸਨ।

ਅੰਗਰੇਜ਼ਾਂ ਦੇ ਅਧੀਨ ਆਉਂਦਿਆਂ ਹੀ, ਪੰਜਾਬੀ ਕੌਮ ਨੂੰ ਹਿੰਦੂਆਂ ਸਿੱਖਾਂ ਮੁਸਲਮਾਨਾਂ ਵਿਚ ਫਾੜਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਹਰ ਘਰ ਵਿਚ ਪੰਜਾਬੀ ਦੇ ਕਾਇਦੇ ਦਿੱਤੇ ਜਾਂਦੇ ਸਨ ਤਾਂ ਜੋ ਲੋਕ ਪੜ੍ਹਨ ਲਿਖਣ ਦੇ ਸਮਰੱਥ ਹੋ ਸਕਣ। ਅੰਗਰੇਜ਼ ਸਰਕਾਰ ਵੱਲੋਂ ਇਹ ਕਾਇਦੇ ਇੱਕਠੇ ਕਰਵਾ ਕੇ ਸੜਵਾ ਦਿੱਤੇ ਗਏ। ਇਤਿਹਾਸਕ ਗੁਰਦਵਾਰਿਆਂ ਦੇ ਪ੍ਰਬੰਧ ਨੂੰ ਡਿਪਟੀ ਕਮਿਸ਼ਨਰਾਂ ਅਤੇ ਪਿੱਠੂ ਮਹੰਤਾਂ ਦੇ ਅਧੀਨ ਕਰ ਦਿੱਤਾ ਗਿਆ। ਗੁਰਦਵਾਰਿਆਂ ਵਿਚ ਜਾਤਪਾਤ ਨੂੰ ਉਤਸ਼ਾਹਿਤ ਕੀਤਾ ਗਿਆ ਜਿਸ ਕਰਕੇ ਗੁਰਧਾਮਾਂ ਵਿਚ ਅਨੇਕਾਂ ਕੁਰੀਤੀਆਂ ਆ ਗਈਆਂ ਅਤੇ ਇਨ੍ਹਾਂ ਵਿਚ ਸੁਧਾਰ ਲਿਆਉਣ ਦੀ ਮਨਸ਼ਾ ਅਧੀਨ, ਜਨਤਕ ਮੂਵਮੈਂਟ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੌਂਦ ਵਿਚ ਆਈ।

ਹੁਣ ਵੀ ਸਾਡੀ ਬੋਲੀ ਅਤੇ ਇਤਹਾਸ ਵਿਚ ਵਿਗਾੜ ਪੈਦਾ ਕਰਨ ਦੇ ਯਤਨ ਹੋ ਰਹੇ ਹਨ - ਸਾਨੂੰ ਸੁਚੇਤ ਅਤੇ ਇਕ-ਮੁੱਠ ਰਹਿਣ ਦੀ ਜ਼ਰੂਰਤ ਹੈ।

ਅਮਨਜੀਤ ਸਿੰਘ ਖਹਿਰਾ