ਦਾਦੀ ਨੇ ਕਣਕ ਨੂੰ ਹੱਥੀ ਵੱਢ-ਵੱਢ ਕੇ ਰੱਖੀ ਜਾਣਾ ਤੇ ਮੈਂ ਚੁੱਕ-ਚੁੱਕ ਕੇ ਭਰੇ ਬਣਾਈ ਜਾਣੇ - ✍️ ਪ੍ਰੋ.ਗਗਨਦੀਪ ਕੌਰ ਧਾਲੀਵਾਲ

ਦੋਸਤੋਂ ਅੱਜ-ਕੱਲ ਹੱਥੀ ਕਣਕ ਵੱਢਣ ਦਾ ਰਿਵਾਜ ਅਲੋਪ ਹੋ ਚੁੱਕਾ ਹੈ।ਕਣਕ ਪੰਜਾਬ ਦੀ ਮੁੱਖ ਅਨਾਜ ਫ਼ਸਲ ਹੈ ।ਕਣਕ ਹਾੜ੍ਹੀ ਦੀ ਫ਼ਸਲ ਹੈ।ਨਵੰਬਰ ਦਾ ਪਹਿਲਾ ਪੰਦਰ੍ਹਵਾੜਾ ਕਣਕ ਲਈ ਬਹੁਤ ਢੁੱਕਵਾਂ ਮੰਨਿਆ ਜਾਂਦਾ ਹੈ।ਅਕਤੂਬਰ ਦੇ ਚੌਥੇ ਹਫਤੇ ਤੇ ਨਵੰਬਰ ਮਹੀਨੇ ਤੱਕ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ।ਇਹ ਫ਼ਸਲ ਕਿਸਾਨ ਦੀ ਜਿੰਦ ਜਾਨ ਹੁੰਦੀ ਹੈ ।ਕਹਿੰਦੇ ਹਨ ਕਿ ਕਿਸਾਨ ਨੇ ਕਣਕ ਨੂੰ ਪੁੱਤਾਂ ਵਾਂਗ ਪਾਲਿਆ ਹੁੰਦਾ ਹੈ ਜੇ ਕਿਤੇ ਪੱਕੀ ਫ਼ਸਲ ਉੱਤੇ ਮੀਂਹ ਵਰ ਜਾਵੇ ਜਾਂ ਅੱਗ ਲੱਗ ਜਾਵੇ ਤਾਂ ਕਿਸਾਨ ਦਾ ਕਲ਼ੇਜਾ ਨਿਕਲ ਜਾਂਦਾ ਹੈ ਉਹ ਧਾਹਾਂ ਮਾਰ ਮਾਰ ਰੋਂਦਾ ਹੈ ।ਪੁੱਤਾਂ ਵਾਂਗ ਪਾਲ ਕੇ ਫ਼ਸਲ ਦਾ ਉੱਜੜ ਜਾਣਾ ਕਿਹੜਾ ਸੌਖੀ ਗੱਲ ਹੈ। ਕਣਕ ਅਨਾਜ ਆਟਾ ਬਣਾਉਣ ਲਈ ਵਰਤੀ ਜਾਂਦੀ ਹੈ।ਸਾਰਾ ਸੰਸਾਰ ਇਸ ਰਾਹੀਂ ਹੀ ਪੇਟ ਭਰਦਾ ਹੈ।ਕਣਕ ਅਪ੍ਰੈਲ ਦੇ ਮਹੀਨੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ।ਇਸ ਸਮੇਂ ਕਿਸਾਨ ਬਹੁਤ ਖੁਸ਼ ਹੁੰਦਾ ਹੈ ਕਿਉਂਕਿ ਉਸਦੀ ਪਾਲੀ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ।ਵਿਸਾਖੀ ਦਾ ਤਿਉਹਾਰ ਹਾੜੀ ਦੀ ਫ਼ਸਲ (ਭਾਵ ਕਣਕ) ਪੱਕਣ ਦੀ ਖ਼ੁਸ਼ੀ ਵਿਚ ਮਨਾਇਆ ਜਾਂਦਾ ਹੈ।
ਇਸ ਨੂੰ ਕਿਸਾਨਾਂ ਦਾ ਮੇਲਾ’ ਵੀ ਕਿਹਾ ਜਾਂਦਾ ਹੈ। ਇਸ ਦਿਨ ਕਿਸਾਨ ਖ਼ੁਸ਼ੀਆਂ ਮਨਾਉਂਦੇ, ਭੰਗੜੇ ਪਾਉਂਦੇ ਹਨ। ਖੇਤਾਂ ਵਿੱਚ ਸੋਨੇ ਰੰਗੀਆਂ, ਲਹਿਰਾਉਂਦੀਆਂ, ਪੱਕੀਆਂ ਕਣਕਾਂ ਦੇਖ ਕੇ ਕਿਸਾਨ ਖੁਸ਼ ਹੁੰਦੇ ਹਨ ਅਤੇ ਆਪਣੀ ਮਿਹਨਤ ਦੇ ਮੁੱਲ ਨੂੰ ਪੈਂਦਾ ਦੇਖਦੇ ਹਨ।ਕਿਸਾਨ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੋਇਆ ਧਨੀ ਰਾਮ ਚਾਤ੍ਰਿਕ ਦਾ ਇਹ ਗੀਤ ਬਹੁਤ ਪ੍ਰਸਿੱਧ ਹੈ :
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦੇ ਹਿਸਾਬ ਕੱਟ ਕੇ,
ਪੱਗ ਝੱਗਾ ਚਾਦਰਾ ਨਵਾਂ ਸਿਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਵਿਸਾਖੀ ਦਾ ਤਿਉਹਾਰ ਆਉਣ ‘ਤੇ ਹੀ ਹਾੜ੍ਹੀ ਦੀ ਫਸਲ ਦੀ ਕਟਾਈ (ਵਾਢੀ)ਸ਼ੁਰੂ ਹੋ ਜਾਂਦੀ ਹੈ। ਕਿਸਾਨ ਦੀ ਛੇ ਮਹੀਨਿਆਂ ਦੀ ਮਿਹਨਤ ਨਾਲ ਪੁੱਤਾਂ ਵਾਂਗ ਪਾਲੀਆਂ ਇਹ ਕਣਕਾਂ ਕਟਾਈ ਲਈ ਤਿਆਰ ਹੁੰਦੀਆਂ ਹਨ। ਕਿਸਾਨ ਦੀਆਂ ਅੱਖਾਂ ਵਿਚ ਸਜੋਏ ਉਦਾਸ ਜਿਹੇ ਖੁਸ਼ੀਆਂ ਭਰੇ ਸੁਪਨੇ ਪੂਰੇ ਹੋਣ ਦਾ ਵੇਲਾ ਆ ਗਿਆ ਹੁੰਦਾ ਹੈ।
ਦੋਸਤੋ ਇਹ ਕਣਕ ਵੱਢਣ ਲਈ ਪਹਿਲਾ ਦਾਤਰੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਸਨ ਪਰ ਅੱਜ ਕੱਲ ਬਹੁਤ ਘੱਟ ਦੇਖਣ ਨੂੰ ਮਿਲਣਗੀਆਂ। ਦਾਤਰੀ ਦੀ ਵਰਤੋਂ ਕਣਕ ਵੰਡਣ ਲਈ ਵੀ ਕੀਤੀ ਜਾਂਦੀ ਹੈ।ਕਿਉਂਕਿ ਦਾਤਰੀ ਦਾ ਬਲੇਡ ਵਕਰਾਕਾਰ ਹੁੰਦਾ ਹੈ, ਜਿਸਦਾ ਦਾ ਅੰਦਰਲਾ ਭਾਗ ਤੇਜ਼ ਧਾਰ ਵਾਲਾ ਹੁੰਦਾ ਹੈ। ਇਸਨੂੰ ਚਲਾਉਣ ਨਾਲ ਫਸਲਾਂ ਕੱਟੀਆਂ ਜਾਂਦੀਆਂ ਹਨ।ਇਹਨਾਂ ਸੰਦਾਂ ਦੀ ਵਰਤੋਂ ਹੁਣ ਘੱਟ ਹੋ ਗਈ ਹੈ।ਹੁਣ ਦਾਤਰੀ ਨਾਲ ਕਣਕ ਬਹੁਤ ਘੱਟ ਵੱਢੀ ਜਾਂਦੀ ਹੈ।ਮਸ਼ੀਨਾਂ ਨੇ ਹੁਣ ਇੰਨਾਂ ਸੰਦਾਂ ਦੀ ਥਾਂ ਲੈ ਲਈ ਹੈ ।ਮੈਨੂੰ ਯਾਦ ਹੈ ਜਦੋਂ ਅਸੀਂ ਨਿੱਕੇ-ਨਿੱਕੇ ਹੁੰਦੇ ਸੀ ਤਾਂ ਪਹਿਲਾ ਸਾਰਾ -ਸਾਰਾ ਪਰਿਵਾਰ ਕਣਕ ਵੱਢਣ ਲਈ ਖੇਤ ਵੱਲ ਜਾਂਦਾ ਸੀ ।ਸੁਆਣੀਆਂ ਦੁਪਹਿਰ ਦੀ ਰੋਟੀ ਸਵੇਰੇ ਹੀ ਲਾਕੇ ਬੰਨ੍ਹ ਲੈਂਦੀਆਂ ਸਨ।ਮੇਰੀ ਦਾਦੀ ਮਾਂ ਗੁੜ ,ਅਚਾਰ ਤੇ ਚਟਨੀ ਨਾਲ ਰੋਟੀ ਬੰਨ੍ਹ ਦਿੰਦੀ ਸੀ।ਅਸੀਂ ਸਾਰੇ ਬੱਚੇ ਨਾਲ ਚਲੇ ਜਾਂਦੇ ਸੀ।ਦਾਦੀ ਸਾਨੂੰ ਸਾਰਿਆਂ ਨੂੰ ਰੋਟੀ ਉੱਪਰ ਅਚਾਰ ਗੁੜ ਧਰ ਕੇ ਲੱਸੀ ਨਾਲ ਰੋਟੀ ਦਿੰਦੀ ਸੀ।ਸੱਚ ਜਾਣਿਓ ਉਹ ਰੋਟੀ ਇੰਨੀ ਸੁਆਦ ਹੁੰਦੀ ਸੀ ਕਿ ਦਿਲ ਕਰਦਾ ਹੁੰਦਾ ਸੀ ਹੋਰ ਖਾਈ ਜਾਵਾ।ਉਹ ਰੋਟੀ ਅੱਜ ਥਾਲਾਂ ਵਿੱਚ ਪਰੋਸੀ ਰੋਟੀ ਤੋਂ ਕਿਤੇ ਜ਼ਿਆਦਾ ਵਧੀਆਂ ਹੁੰਦੀ ਸੀ।ਜਦੋਂ ਪਰਿਵਾਰ ਦੇ ਮੈਂਬਰ ਹੱਥੀ ਕਣਕ ਵੱਢਣੀ ਸ਼ੁਰੂ ਕਰ ਦਿੰਦੇ ਸੀ ਅਸੀਂ ਨਾਲ ਵੱਢਣ ਦੀ ਜਿੱਦ ਕਰਨਾ।ਯਾਦ ਹੈ ਮੇਰੇ ਪਾਪਾ ਨੇ ਮੈਨੂੰ ਇੱਕ ਛੋਟੀ-ਜਿਹੀ ਦਾਤਰੀ ਲਿਆ ਕੇ ਦਿੱਤੀ ਸੀ।ਮੈ ਹਰ ਰੋਜ ਉਹ ਨਾਲ ਲੈਕੇ ਜਾਣੀ ਹੁੰਦੀ ਸੀ।ਹਾੜੀ ਵੱਢਣ ਦਾ ਏਨਾ ਚਾਅ ਹੁੰਦਾ ਸੀ ਕਿ ਇੱਕ ਵਾਰ ਮੇਰੇ ਪੈਰ ਹੇਠਾ ਕਰਚਾ ਵੱਜਿਆ ਜੋ ਕਿ ਕਾਫ਼ੀ ਸਮਾਂ ਠੀਕ ਨਹੀ ਹੋਇਆ ਸੀ।ਕਰਚਾ ਉਹ ਹੁੰਦਾ ਹੈ ਜੋ ਫਸਲ ਵੱਢਣ (ਕਟਾਈ)ਤੋ ਬਾਅਦ ਮੁੱਢ ਬੱਚਦਾ ਹੈ।ਫਿਰ ਮੈਨੂੰ ਘਰ ਛੱਡ ਜਾਂਦੇ ਸੀ ਮੇਰਾ ਦਿਲ ਇਹੋ ਕਰੀ ਜਾਣਾ ਕਿ ਮੈਂ ਕਣਕ ਨੂੰ ਵੱਢਦਿਆਂ ਦੇਖਾਂ।ਪਰ ਦੋਸਤੋ ਹੁਣ ਕੰਬਾਇਨਾਂ ਨੇ ਹੱਥੀ ਵਾਢੀ ਦਾ ਰਿਵਾਜ ਅਲੋਪ ਕਰ ਦਿੱਤਾ ਹੈ।ਹੁਣ ਤਾਂ ਕੋਈ ਟਾਵਾਂ -ਟਾਵਾਂ ਘਰ ਹੀ ਹੱਥੀ ਕਣਕ ਵੱਢਦਾ ਹੈ।ਯਾਦ ਹੈ ਜਦੋਂ ਕਣਕ ਨੂੰ ਹੱਥੀ ਵੱਢਦੇ ਸਨ ਉਸਦੇ ਢੇਰ ਲਾਕੇ ਭਰੇ ਬਣਾਏ ਜਾਂਦੇ ਸੀ ਫਿਰ ਉਹਨਾਂ ਵਿੱਚੋਂ ਹਡੰਬਿਆਂ ਰਾਹੀ ਕਣਕ ਤੇ ਤੂੜੀ ਕੱਢੀ ਜਾਦੀ ਸੀ।ਮਸ਼ੀਨੀ ਯੁੱਗ ਕਰਕੇ ਅੱਜ ਕੱਲ ਖੇਤੀ ਵੀ ਮਸ਼ੀਨੀ ਹੋ ਗਈ ਹੈ। ਬਿਜਾਈ ਤੋਂ ਲੈਕੇ ਕਟਾਈ ਤੱਕ।ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ।ਸੱਚ ਜਾਣਿਓ ਉਸ ਸਮੇਂ ਜੋ ਨਜ਼ਾਰਾ (ਅਹਿਸਾਸ) ਹਾੜ੍ਹੀ ਦੀ ਫਸਲ ਨੂੰ
ਹੱਥੀ ਕਣਕ ਵੱਢ ਕੇ ਆਉਂਦਾ ਸੀ ਅੱਜ ਕੱਲ੍ਹ ਉਹ ਇਹਨਾਂ ਮਸ਼ੀਨੀ ਯੰਤਰਾਂ ਵਿੱਚ ਕਿੱਥੇ ਹੈ।

ਅਸਿਸਟੈਂਟ ਪ੍ਰੋ.ਗਗਨਦੀਪ ਕੌਰ ਧਾਲੀਵਾਲ ।
ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੁਕੇਸ਼ਨਲ ਕਾਲਜ ਬਰੇਟਾ