"ਸਤਿਕਾਰਿਤ ਪੰਜਾਬੀਓ ਬਹੁਤ ਦੇਰ ਲੱਗੇਗੀ ਪੰਜਾਬ ਨੂੰ ਸੁਧਾਰਨ ਲਈ" ✍️  ਜਸਵੀਰ ਸ਼ਰਮਾਂ ਦੱਦਾਹੂਰ

"ਸਤਿਕਾਰਿਤ ਪੰਜਾਬੀਓ ਬਹੁਤ ਦੇਰ ਲੱਗੇਗੀ ਪੰਜਾਬ ਨੂੰ ਸੁਧਾਰਨ ਲਈ"

ਆਮ ਆਦਮੀ ਪਾਰਟੀ ਵੱਲੋਂ ਖੋਲੀਆਂ ਜਾ ਰਹੀਆਂ ਨੇ ਹੌਲੀ ਹੌਲੀ ਪਰਤਾਂ

 

ਜੇਕਰ ਪਿਛਲੇ ਸੱਤਰ ਪਝੱਤਰ ਸਾਲਾਂ ਦੀਆਂ ਸਰਕਾਰਾਂ ਦੀ ਗੱਲ ਕਰੀਏ ਤਾਂ ਓਨਾਂ ਦੇ ਕਾਰਜ ਕਾਲ ਦੌਰਾਨ ਜੇਕਰ ਕੁੱਝ ਨਾ ਕੁੱਝ ਸੂਬਿਆਂ ਅਤੇ ਦੇਸ਼ ਵਿੱਚ ਵਧੀਆ ਕਾਰਜ ਹੋਏ ਹੋਣਗੇ,ਪਰ ਇਸ ਦੇ ਇਵਜ਼ ਵਿੱਚ ਦੇਸ਼ ਸੂਬਿਆਂ ਅਤੇ ਖਾਸ ਕਰਕੇ ਆਮ ਲੋਕਾਂ ਲਈ ਅਤਿਅੰਤ ਘਿਨਾਉਣੇ ਕਾਰਜਾਂ ਦੀ ਸੂਚੀ ਵੀ ਬਹੁਤ ਲੰਬੀ ਹੈ।ਕਿਸ ਤਰ੍ਹਾਂ ਪੰਜਾਬ ਸੂਬੇ ਦੀਆਂ ਸਾਰੀਆਂ ਹੀ ਹੁਣ ਤੱਕ ਆਈਆਂ ਸਰਕਾਰਾਂ ਨੇ ਆਮ ਪਬਲਿਕ ਨੂੰ ਬਹੁਤ ਹੀ ਬੁਰੀ ਤਰ੍ਹਾਂ ਲੁੱਟਿਆ ਕੁੱਟਿਆ ਅਤੇ ਜਲੀਲ ਕੀਤਾ ਹੈ। ਸਰਕਾਰੀ ਹਰ ਅਦਾਰੇ ਵਿੱਚ ਲੁੱਟ ਘਸੁੱਟ, ਰਿਸ਼ਵਤਖੋਰੀ ਬੇਈਮਾਨੀ ਚਹੇਤਿਆਂ ਨੂੰ ਪਹਿਲ ਦੇਣੀ, ਧਾਂਦਲੀਆਂ ਦਾ ਜੋਰ ਹੁਣ ਤੱਕ ਪੂਰੀ ਚਰਮ ਸੀਮਾ ਤੇ ਰਿਹਾ ਹੈ,ਜਿਸ ਨੂੰ ਹਰ ਪੰਜਾਬੀ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਆਪਣੇ ਹੱਡਾਂ ਤੇ ਹੰਢਾ ਰਿਹਾ ਹੈ। ਜਿਥੇ ਨਸ਼ਿਆਂ ਨੇ ਜਵਾਨੀ ਦਾ ਘਾਣ ਕੀਤਾ ਹੈ, ਓਥੇ ਜਵਾਨੀ ਦਾ ਬਾਹਰ ਜਾਣ ਦੇ ਰੁਝਾਨ ਵਿਚ ਵੀ ਸਮੇਂ ਦੀਆਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਹੀ ਜ਼ਿੰਮੇਵਾਰ ਹਨ।ਇਸ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਨਸ਼ਿਆਂ ਦੀ ਤਸੱਕਰੀ ਵੀ ਸਰਕਾਰਾਂ ਦੀ ਮਿਲੀ ਭੁਗਤ ਨਾਲ ਹੀ ਸੰਭਵ ਹੁੰਦੀ ਹੈ,ਜਿਸ ਦੇ ਸਮੇਂ ਸਮੇਂ ਤੇ ਠੋਸ ਸਬੂਤ ਵੀ ਮਿਲਦੇ ਰਹੇ ਹਨ,ਓਹ ਗੱਲ ਅਲੈਹਿਦਾ ਹੈ ਕਿ ਸਿਆਸਤ ਭਾਰੂ ਕਰਕੇ ਕਿਸੇ ਤੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ। ਜੇਕਰ ਆਪਾਂ ਪੰਜਾਬ ਸੂਬੇ ਦੀ ਹੀ ਗੱਲ ਕਰੀਏ ਤਾਂ ਇਥੇ ਖਾਸ ਕਰਕੇ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ, ਅਮੀਰਾਂ ਲਈ ਕਾਨੂੰਨ ਕੁੱਝ ਹੋਰ ਤੇ ਗਰੀਬਾਂ ਲਈ ਕੁੱਝ ਹੋਰ।ਇਸ ਦਾ ਸੰਤਾਪ ਦਾਸ ਵੀ ਹੰਢਾ ਚੁੱਕਾ ਹੈ।ਆਮ ਜਨਤਾ ਇਨ੍ਹਾਂ ਉਪਰੋਕਤ ਗੱਲਾਂ ਤੋਂ ਪੂਰੀ ਤਰ੍ਹਾਂ ਅੱਕ ਚੁੱਕੀ ਕਰਕੇ ਹੀ ਇਨ੍ਹਾਂ ਰਵਾਇਤੀ ਪਾਰਟੀਆਂ ਨੂੰ ਇਸ ਵਾਰ ਭਾਵ ਵਿਧਾਨ ਸਭਾ ਦੀਆਂ ਦੋ ਹਜ਼ਾਰ ਬਾਈ ਦੀਆਂ ਚੋਣਾਂ ਵਿੱਚ ਬਾਹਰ ਦਾ ਰਸਤਾ ਵਿਖਾਇਆ ਹੈ।ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ ਹੈ ਅਤੇ ਆਈ ਵੀ ਬੜੇ ਧੜੱਲੇ ਨਾਲ ਹੈ, ਇਤਹਾਸਕ ਜਿੱਤ ਦਰਜ ਕਰਵਾਈ ਹੈ ਲੋਕਾਂ ਨੇ ਇਸ ਨਵੀਂ ਪਾਰਟੀ ਨੂੰ ਤੇ ਇਸ ਤੋਂ ਲੋਕਾ ਨੂੰ ਬਹੁਤ ਆਸਾਂ ਵੀ ਹਨ ਤੇ ਇਨ੍ਹਾਂ ਨੇ ਲੋਕ ਭਲਾਈ ਦੇ ਕਾਰਜ ਕਰਨੇ ਸ਼ੁਰੂ ਕੀਤੇ ਕਰਕੇ ਹੀ ਰਵਾਇਤੀ ਪਾਰਟੀਆਂ ਨੂੰ ਢਿੱਡ ਪੀੜਾਂ ਕੁੱਝ ਜ਼ਿਆਦਾ ਹੀ ਲੱਗ ਗਈਆਂ ਹਨ। ਜਿਹੜੇ ਮੁੱਦੇ ਇਨਾਂ ਰਵਾਇਤੀ ਪਾਰਟੀਆਂ ਦੇ ਆਪਦੇ ਰਾਜ ਦੌਰਾਨ ਜਿਉਂ ਦੇ ਤਿਉਂ ਖੜ੍ਹੇ ਸਨ ਹੁਣ ਇਨ੍ਹਾਂ ਨੂੰ ਕੁੱਝ ਜ਼ਿਆਦਾ ਹੀ ਦਿੱਸਣ ਲੱਗ ਪਏ ਹਨ।

       ਕਿਤੇ ਪੱਗ ਦੀ ਗੱਲ ਹੁੰਦੀ ਹੈ, ਕਿਤੇ ਪੈਂਸਨਾਂ ਕਰਕੇ ਟੈਂਸ਼ਨ ਹੋਈ ਪਈ ਐ ਕਿਤੇ ਐਸ ਵਾਈ ਐਲ ਨਹਿਰ ਦੇ ਮੁੱਦੇ ਦੀ ਗੱਲ ਕਰਦੇ ਨੇ, ਕਿਧਰੇ ਅਮਨ ਅਮਾਨ ਦੀ ਸਥਿਤੀ ਤੇ ਸਵਾਲ ਉਠਾਏ ਜਾਂਦੇ ਹਨ, ਕਿਤੇ ਨਸ਼ਿਆਂ ਦੀ ਗੱਲ ਹੁੰਦੀ ਹੈ, ਇਨ੍ਹਾਂ ਨੂੰ ਪੁੱਛਣ ਵਾਲਾ ਕੋਈ ਹੋਵੇ,ਕਿ ਇਹ ਮੁੱਦੇ ਤੁਸੀਂ ਆਪੋ ਆਪਣੇ ਰਾਜ ਸਮੇਂ ਕਿਉਂ ਨਹੀਂ ਸੁਧਾਰਨ ਦੀ ਕੋਸ਼ਿਸ਼ ਕੀਤੀ? ਹੁਣ ਜੇਕਰ ਲੋਕਾਂ ਨੂੰ ਇਸ ਆਮ ਆਦਮੀ ਪਾਰਟੀ ਸਰਕਾਰ ਤੋਂ ਕੁੱਝ ਆਸਾਂ ਉਮੀਦਾਂ ਹਨ ਤਾਂ ਢੁੱਚਾਂ ਡਾਹ ਰਹੇ ਹਨ,ਕੰਮ ਹੀ ਨਹੀਂ ਕਰਨ ਦਿੱਤਾ ਜਾਂਦਾ। ਆਖਿਰ ਉਲਝੀ ਹੋਈ ਤਾਣੀ ਨੂੰ ਸੁਲਝਾਉਣ ਲਈ ਸਮਾਂ ਤਾਂ ਲੱਗੇਗਾ ਹੀ।

         ਪੰਜਾਬ ਦੇ ਮਸਲਿਆਂ ਦੀ ਗੱਲ ਕਰੀਏ ਤਾਂ ਤਾਣਾ ਪੇਟਾ ਹੀ ਉਲਝਿਆ ਹੋਇਆ ਹੈ, ਗੈਂਗਸਟਰ ਮਾਮਲੇ,ਹਰ ਮਹਿਕਮੇ ਵਿੱਚ ਹੇਰਾਫੇਰੀਆਂ,ਸਰਕਾਰੀ ਕੋਠੀਆਂ ਖਾਲੀ ਕਰਨ ਵਾਲੇ ਸਾਬਕਾ ਮੰਤਰੀਆਂ ਵੱਲੋਂ ਸਮਾਨ ਪੂਰਾ ਨਾ ਦੇਣਾ, ਸਕੂਲਾਂ ਵੱਲੋਂ ਲੁੱਟ ਘਸੁੱਟ, ਅੱਜ ਕੱਲ੍ਹ ਪੀ ਟੀ ਸੀ ਚੈਨਲ ਦਾ ਮਾਮਲਾ ਪੂਰਾ ਸੁਰਖੀਆਂ ਵਿੱਚ ਹੈ, ਹੋਰ ਤਾਂ ਹੋਰ ਮੰਤਰੀਆਂ ਦੇ ਸਰਕਾਰੀ ਡਰਾਈਵਰ ਹੀ ਅੱਡਿਆਂ ਚੋਂ ਆ ਕੇ ਉਗਰਾਹੀ ਕਰ ਜਾਂਦੇ ਹਨ,ਕੀ ਬਣੂੰ ਦੋਸਤੋ ਪੰਜਾਬ ਦਾ, ਜੇਕਰ ਸੱਭ ਕੁੱਝ ਗਿਨਣ ਲੱਗੀਏ ਤਾਂ ਬਹੁਤ ਵੱਡੀ ਲਿਸਟ ਨਾਲ ਲੇਖ ਵੀ ਬਹੁਤ ਵੱਡਾ ਬਣਦਾ ਜਾਵੇਗਾ, ਵੈਸੇ ਜਿਥੇ ਜਿਹੜੇ ਸੂਬੇ ਵਿੱਚ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਕੋਈ ਕਾਨੂੰਨ ਨਹੀਂ ਇਥੋਂ ਤੱਕ ਕਿ ਜੱਜ ਸਾਹਿਬ ਵੀ ਵਿਕ ਜਾਂਦੇ ਹੋਣ ਓਥੇ ਜਨਤਾ ਨੂੰ ਕਿਵੇਂ ਨਿਆਂ ਮਿਲਣ ਦੀ ਉਮੀਦ ਰੱਖੀ ਜਾ ਸਕਦੀ ਹੈ?

            ਅੱਜ ਅੱਠ ਅਪ੍ਰੈਲ ਨੂੰ  ਦੈਨਿਕ ਭਾਸਕਰ ਹਿੰਦੀ ਅਖ਼ਬਾਰ ਦੀ ਸੁਰਖੀ ਵੇਖ ਕੇ ਤਾਂ ਜਿਵੇਂ ਪੈਰਾਂ ਹੇਠੋਂ ਮਿੱਟੀ ਹੀ ਨਿਕਲ ਗਈ। ਮਾਨਯੋਗ ਜਗਵਿੰਦਰ ਜੀਤ ਸਿੰਘ ਡਵੀਜ਼ਨਲ ਡਿਪਟੀ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਦਫ਼ਤਰ ਜਲੰਧਰ ਵੱਲੋਂ ਪੰਜਾਬ ਦੇ ਸਿਰਫ਼ ਅੱਠ ਜ਼ਿਲ੍ਹਿਆਂ ਦਾ ਖੁੱਲ੍ਹਾ ਚਿੱਠਾ ਧਾਂਦਲੀਆਂ ਦਾ ਛਾਪਿਆ ਹੈ ਜਿਨ੍ਹਾਂ ਵਿੱਚ ਦਸ ਹਜ਼ਾਰ ਪੰਜ ਸੌ ਛਿੱਤਰ ਏਕੜ ਪੰਚਾਇਤੀ ਜ਼ਮੀਨ ਤੇ ਵਿਭਾਗ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਇਸ ਮੇਨ ਪੇਜ ਦੀ ਮੋਟੀ ਸੁਰਖੀ ਤੇ ਕਿਥੇ ਕਿਥੇ ਅਤੇ ਕੀਹਦੀ ਕੀਹਦੀ ਮਿਲੀ ਭੁਗਤ ਨਾਲ ਅਤੇ ਕੀਹਦਾ ਕੀਹਦਾ ਕਬਜ਼ਾ ਹੈ ਬਕਾਇਦਾ ਜਨਤਕ ਤੌਰ ਤੇ ਨੰਗਾ ਕੀਤਾ ਗਿਆ ਹੈ। ਸੋਲਾਂ ਮਹੀਨਿਆਂ ਵਿਚ ਹਰ ਮਹਿਕਮੇ ਨੂੰ ਚੌਵੀ ਪੱਤਰ ਲਿਖੇ ਹੋਏ ਹਨ ਪਰ ਕਾਰਵਾਈ ਕਿਸੇ ਇੱਕ ਤੇ ਵੀ ਨਹੀਂ ਹੋਈ।ਚਾਰ ਮਾਮਲਿਆਂ ਵਿੱਚ ਵੱਡੇ ਵੱਡਿਆਂ ਦੇ ਨਾਮ ਜਿਥੇ ਜਨਤਕ ਕੀਤੇ ਗਏ ਹਨ ਓਥੇ ਕਿਹੜੇ ਸ਼ਹਿਰ ਵਿੱਚ ਕਿੰਨੀ ਜ਼ਮੀਨ ਸਿਆਸੀ ਦਬਾਅ ਕਾਰਨ ਦੱਬੀ ਹੋਈ ਹੈ ਪੂਰਾ ਵੇਰਵਾ ਲਿਖਿਆ ਹੋਇਆ ਹੈ। ਮਾਨਯੋਗ ਡਿਪਟੀ ਡਾਇਰੈਕਟਰ ਸਾਹਿਬ ਨੇ ਅਫ਼ਸਰਸ਼ਾਹੀ ਨੂੰ ਤਾੜਨਾ ਕਰਦਿਆਂ ਕਿਹਾ ਹੈ ਕਿ ਅਫਸਰਾਂ ਨੂੰ ਜਵਾਬ ਦੇਣਾ ਹੋਵੇਗਾ। ਸ਼ਾਬਾਸ਼ ਦੇਣੀ ਬਣਦੀ ਹੈ ਸਤਿਕਾਰ ਯੋਗ ਡਿਪਟੀ ਡਾਇਰੈਕਟਰ ਸਾਹਿਬ ਜੀ ਨੂੰ।ਕੀ ਪਿਛਲੀਆਂ ਸਰਕਾਰਾਂ ਵੇਲੇ ਓਨਾਂ ਦੀਆਂ ਅੱਖਾਂ ਮੀਚੀਆਂ ਹੋਈਆਂ ਸਨ?ਉਂਝ ਆਪਾਂ ਸਾਰੇ ਕਹਿੰਦੇ ਹਾਂ ਕਿ ਚੰਗੇ ਦਿਨ ਆਉਣ। ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਚੰਗੇ ਦਿਨ ਆਉਣ ਦੀ ਘੱਟ ਹੀ ਉਮੀਦ ਹੈ, ਹਾਂ ਇਸ ਤੋਂ ਮਾੜੇ ਬੇਸ਼ੱਕ ਆ ਜਾਣ।

            ਵੈਸੇ ਹੀ ਮਹਿੰਗਾਈ ਨੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ ਚੱਲੋ ਓਹ ਤਾਂ ਸੈਂਟਰ ਸਰਕਾਰ ਦੀਆਂ ਪਾਲਸੀਆਂ ਹੋਣਗੀਆਂ,ਪਰ ਜਿਹੜੇ ਪੰਜਾਬ ਵਿੱਚ ਕੁੰਡਲੀਏ ਸੱਪਾਂ ਨੇ ਇਸ ਮਾਇਆ ਰਾਣੀ ਨੂੰ ਆਧਾਰ ਬਣਾ ਕੇ ਉੱਪਰ ਕੁੰਡਲੀ ਮਾਰੀ ਹੋਈ ਹੈ,ਇਸ ਤੋਂ ਨਿਜਾਤ ਦਿਵਾਓ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ।ਤੁਹਾਡੇ ਤੋਂ ਪੰਜਾਬੀ ਭਾਈਚਾਰੇ ਨੂੰ ਬਹੁਤ ਵੱਡੀਆਂ ਆਸਾਂ ਹਨ।ਇਹ ਸਭਨਾਂ ਨੂੰ ਭਲੀਭਾਂਤ ਪਤਾ ਹੈ ਕਿ ਕੋਈ ਵੀ ਚੀਜ਼ ਦੁਨੀਆਂ ਵਿੱਚ ਸਥਿਰਿ ਰਹਿਣ ਵਾਲੀ ਨਹੀਂ ਹੈ, ਇਸੇ ਤਰ੍ਹਾਂ ਸਰਕਾਰਾਂ ਵੀ ਕਦੇ ਸਥਿਰ ਨਹੀਂ ਰਹਿੰਦੀਆਂ ਇਤਿਹਾਸ ਗਵਾਹ ਹੈ।ਪਰ ਜੋ ਇਨਸਾਨ ਦੁਨੀਆਂ ਵਿੱਚ ਚੰਗੇ ਕਾਰਜ,ਭਾਵ ਲੋਕਾਈ ਦੀ ਭਲਾਈ ਲਈ ਕਰ ਜਾਂਦੇ ਨੇ ਓਨਾਂ ਦੀਆਂ ਯਾਦਾਂ ਹਰ ਸਮੇਂ ਲੋਕਾਂ ਦੇ ਦਿਲਾਂ ਵਿੱਚ ਰਹਿੰਦੀਆਂ ਹਨ।ਇੱਕੋ ਇੱਕ ਨਿਮਰਤਾ ਸਹਿਤ ਬੇਨਤੀ ਹੈ ਕਿ ਭਾਵੇਂ ਕੋਈ ਕਰੋੜ ਪਤੀ ਹੈ, ਭਾਵੇਂ ਅਰਬ ਚਾਹੇ ਖਰਬ ਪਤੀ ਹੋਣ ਇੱਕ ਵਾਰ ਸਭਨਾਂ ਨੂੰ ਟੰਗ ਦਿਓ,ਇਹੀ ਸਮੁੱਚੇ ਪੰਜਾਬੀ ਭਾਈਚਾਰੇ ਦੀ ਤੁਹਾਥੋਂ ਮੰਗ ਹੈ। ਇਨ੍ਹਾਂ ਲੋਕਾਂ ਨੂੰ ਇਹ ਜ਼ਰੂਰ ਪਤਾ ਲੱਗਣਾ ਚਾਹੀਦਾ ਹੈ ਕਿ ਹੁਣ ਲੋਕ ਸੁੱਤੇ ਨਹੀਂ ਜਾਗ ਉੱਠੇ ਹਨ ਅਤੇ ਤੁਹਾਡੀਆਂ ਚੌਧਰਾਂ ਨੂੰ ਮਿੱਟੀ ਵਿੱਚ ਮਿਲਾ ਕੇ ਹੀ ਦਮ ਲੈਣਗੇ। ਤਾਂ ਹੀ ਕਿਤੇ ਪੰਜਾਬ ਵਾਸੀ ਰੱਜਵੀਂ ਰੋਟੀ ਖਾ ਸਕਣਗੇ।ਮਾਨ ਸਾਹਿਬ ਰਮਤੇ ਰਮਤੇ ਚਲੋ ਪਰ ਚਲਦੇ ਜਾਓ,ਬੜੇ ਰੋੜੇ ਆਉਣਗੇ ਅਤੇ ਸਿਆਸੀ ਵਿਰੋਧੀ ਧਿਰਾਂ ਰੋੜੇ ਖਿਲਾਰਨਗੀਆਂ ਵੀ ਬਹੁਤ,ਪਰ ਪਰਵਾਹ ਨਾ ਕਰਿਓ ਇਸ ਸਮੇਂ ਸਾਰਾ ਪੰਜਾਬ ਇੱਕ ਪਰਿਵਾਰ ਦੀ ਤਰ੍ਹਾਂ ਤੁਹਾਡੇ ਨਾਲ ਖੜਾ ਹੈ, ਹਾਂ ਇੱਕ ਗੱਲ ਕਿਤੇ ਕੋਈ ਨਜਾਇਜ਼ ਹੀ ਨਾ ਰਗੜਿਆ ਜਾਵੇ, ਵੈਸੇ ਤੁਸੀਂ ਬਹੁਤ ਵਧੀਆ ਢੰਗ ਨਾਲ ਚੱਲ ਰਹੇ ਹੋਂ, ਵਾਹਿਗੁਰੂ ਤੁਹਾਨੂੰ ਬਲ ਬਖ਼ਸ਼ੇ, ਤੁਸੀਂ ਆਪਣੇ ਕੀਤੇ ਵਾਅਦਿਆਂ ਨੂੰ ਬਾਖੂਬੀ ਪੂਰੇ ਕਰ ਸਕੋਂ, ਚੱਲਣਾ ਠਰੰਮ੍ਹੇ ਸੰਜਮ ਸਹਿਣਸ਼ੀਲਤਾ ਨਾਲ ਹੀ, ਵਿਰੋਧੀਆਂ ਨੂੰ ਭਰੋਸੇ ਵਿੱਚ ਲੈਣ ਲਈ ਵੀ ਪੂਰਾ ਤਾਣ ਲਾਉਣਾ ਹੈ,ਇਸ ਵਿੱਚ ਜਿਥੇ ਆਮ ਆਦਮੀ ਪਾਰਟੀ ਦੀ ਭਲਾਈ ਹੈ ਓਥੇ ਸਮੁੱਚੇ ਪੰਜਾਬ ਵਾਸੀਆਂ ਦਾ ਵੀ ਭਲਾ ਹੀ ਹੋਵੇਗਾ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556