‘ਲੇਖ’ ਨਾਲ ਲੰਮੀ ਪੁਲਾਂਘ ਪੁੱਟੇਗੀ ‘ਤਾਨੀਆ’

ਭਾਵੇਂਕਿ ਪੰਜਾਬੀ ਪਰਦੇ ਤੇ ਅੱਜ ਅਨੇਕਾਂ ਖੂਬਸੁਰਤ ਨਾਇਕਾਵਾਂ ਦਾ ਬੋਲਬਾਲਾ ਹੈ ਪ੍ਰੰਤੂ ਤਾਨੀਆ ਦੀ ਇੱਕ ਵੱਖਰੀ ਪਛਾਣ ਹੈ। ਤਾਨੀਆਂ ਚੰਗੀ ਕਿਸਮਤ ਵਾਲੀ ਹੈ ਕਿ ਉਸਨੂੰ ਕੁਝ ਕੁ ਫ਼ਿਲਮਾਂ ਨਾਲ ਹੀ ਦਰਸ਼ਕਾਂ ਦਾ ਵੱਡਾ ਪਿਆਰ ਮਿਿਲਆ ਹੈ। ‘ਕਿਸਮਤ’ ਤੋਂ ਬਾਅਦ ‘ਸੁਫ਼ਨਾ’ ਫ਼ਿਲਮ ਨਾਲ ਤਾਨੀਆਂ ਬਤੌਰ ਨਾਇਕਾ ਐਮੀ ਵਿਰਕ ਨਾਲ ਬਹੁਤ ਹੀ ਪ੍ਰਭਾਵਸ਼ਾਲੀ ਕਿਰਦਾਰ ਚ ਨਜ਼ਰ ਆਈ ਜਿਸਨੂੰ ਦਰਸ਼ਕਾਂ ਦਾ ਰੱਜਵਾਂ ਪਿਆਰ ਮਿਿਲਆ। ਇੰਨ੍ਹੀਂ ਦਿਨੀਂ ਆ ਰਹੀ ਫ਼ਿਲਮ ‘ਲੇਖ’ ਵਿੱਚ ਤਾਨੀਆ ਨੌਜਵਾਨ ਅਦਾਕਾਰ ਗੁਰਨਾਮ ਭੁੱਲਰ ਦੀ ਨਾਇਕਾ ਬਣੀ ਹੈ। ਗੁਰਨਾਮ ਨਾਲ ਇਹ ਉਸਦੀ ਦੂਸਰੀ ਫ਼ਿਲਮ ਹੈ ਜਦਕਿ ਇਸ ਤੋਂ ਪਹਿਲਾਂ ਫ਼ਿਲਮ ‘ਗੁੱਡੀਆਂ ਪਟੋਲੇ’ ਵਿੱਚ ਉਸਨੇ ਸੋਨਮ ਬਾਜਵਾ ਦੀ ਛੋਟੀ ਭੈਣ ਦਾ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ ’ਚ ਉਸਦਾ ਕਿਰਦਾਰ ਬਹੁਤ ਹਟਕੇ ਹੈ। ਉਸਨੇ ਇੱਕ ਸਕੂਲ ਪੜ੍ਹਦੀ 15-16 ਸਾਲ ਦੀ ਕੁੜੀ ‘ਰੌਣਕ’ ਦਾ ਕਿਰਦਾਰ ਨਿਭਾਇਆ। ਤਾਨੀਆ ਨੇ ਆਪਣੇ ਕਿਰਦਾਰ ਲਈ ਸਖ਼ਤ ਮੇਹਨਤ ਕੀਤੀ ਹੈ। ਆਪਣਾ ਵਜ਼ਨ ਘਟਾ ਕੇ ਆਪਣੀ ਸਰੀਰਕ ਦਿੱਖ ਨੂੰ ਬਦਲਿਆ ਹੈ। ‘ਸੁਫ਼ਨਾ’ ਵਾਂਗ ਇਸ ਨਵੀਂ ਫ਼ਿਲਮ ‘ਲੇਖ’ ਲਈ ਵੀ ਉਸਦੀ ਅਦਾਕਾਰੀ ਅਨੇਕਾਂ ਰੰਗ ਬਿਖੇਰਦੀ ਹੈ। ਪਹਿਲੀ ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਫ਼ਿਲਮ ‘ਲੇਖ’ ਬਾਰੇ ਗੱਲ ਕਰਦਿਆਂ ਅਦਾਕਾਰਾ ਤਾਨੀਆਂ ਨੇ ਕਿਹਾ ਕਿ ‘‘ਇਹ ਫ਼ਿਲਮ ਬਚਪਨ ਦੀ ਅਨਭੋਲ ਉਮਰ ਦੇ ਪਿਆਰ ਭਰੇ ਅਹਿਸਾਸਾਂ ਅਤੇ ਮੱਥੇ ਤੇ ਲਿਖੇ ਲੇਖਾਂ ਦੀ ਕਹਾਣੀ ਬਿਆਂਨਦੀ ਇੱਕ ਦਿਲਚਸਪ ਕਹਾਣੀ ਹੈ। ਜਿਸ ਵਿੱਚ ਉਸਨੇ ਸਕੂਲ ਪੜ੍ਹਦੀ ਕੁੜੀ ‘ਰੌਣਕ’ ਦਾ ਕਿਰਦਾਰ ਨਿਭਾਇਆ ਹੈ ਤੇ ਗੁਰਨਾਮ ਭੁੱਲਰ ਨੇ ਰਾਜਵੀਰ ਦਾ । ਸਕੂਲ ਪੜ੍ਹਦਿਆਂ ਦੋਵਾਂ ਦੇ ਦਿਲਾਂ ਵਿੱਚ ਇੱਕ ਦੂਜੇ ਪ੍ਰਤੀ ਮੋਹ ਭਰੀ ਖਿੱਚ ਹੁੰਦੀ ਹੈ, ਹੁਸੀਨ ਸੁਪਨਿਆਂ ਦਾ ਸੰਸਾਰ ਹੁੰਦਾ ਹੈ। ਫ਼ਿਲਮ ਦੀ ਕਹਾਣੀ ਬਚਪਨ ਦੇ ਪਿਆਰਾਂ ਤੋਂ ਸੁਰੂ ਹੋ ਕੇ ਜ਼ਿੰਦਗੀ ਦੇ ਵੱਖ ਵੱਖ ਪੜ੍ਹਾਵਾਂ ਨਾਲ ਜੁੜ੍ਹੀ ਰੁਮਾਂਟਿਕ ਤੇ ਭਾਵਨਾਤਮਿਕ ਪਲਾਂ ਦੀ ਤਰਜ਼ਮਾਨੀ ਕਰਦੀ ਹੈ। ਇਸ ਫਿਲਮ ਦੀ ਕਹਾਣੀ, ਸਕਰੀਨ ਪਲੇਅ ਅਤੇ ਡਾਇਲਾਗ ਜਗਦੀਪ ਸਿੱਧੂ ਨੇ ਲਿਖੇ ਹਨ। ਫ਼ਿਲਮ ਨੂੰ ਮਨਵੀਰ ਬਰਾੜ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੇ ਗੀਤ ਜਾਨੀ ਨੇ ਲਿਖੇ ਹਨ ਤੇ ਸੰਗੀਤ ਬੀ ਪਰਾਕ ਨੇ ਦਿੱਤਾ ਹੈ। ਗੁਰਨਾਮ ਭੁੱਲਰ, ਤਾਨੀਆ, ਕਾਕਾ ਕੌਤਕੀ, ਨਿਰਮਲ ਰਿਸ਼ੀ, ਹਰਮਨ ਧਾਲੀਵਾਲ ਤੇ ਹਰਮਨ ਬਰਾੜ ਨੇ ਫ਼ਿਲਮ ਚ ਅਹਿਮ ਕਿਰਦਾਰ ਨਿਭਾਏ ਹਨ। ਪੰਜਾਬ ਅਤੇ ਰਾਜਸਥਾਨ ਦੀਆਂ ਵੱਖ ਵੱਖ ਖ਼ੂਬਸੂਰਤ ਲੋਕੇਸ਼ਨਾਂ ‘ਤੇ ਫ਼ਿਲਮਾਈ ਗਈ ਇਹ ਫ਼ਿਲਮ ਦਰਸ਼ਕਾਂ ਨੂੰ ਪਰਦੇ ‘ਤੇ ਇਕ ਖ਼ੂਬਸੂਰਤ ਜ਼ਿੰਦਗੀ ਦਾ ਅਹਿਸਾਸ ਕਰਵਾਵੇਗੀ।

ਤਾਨੀਆਂ ਦੀਆਂ ਪਿਛਲੀਆਂ ਫ਼ਿਲਮਾਂ ‘ਤੇ ਝਾਤ ਮਾਰੀਏ ਤਾਂ ਤਾਨੀਆ ਨੇ ‘ਸਨ ਆਫ਼ ਮਨਜੀਤ ਸਿੰਘ’ ਤੋਂ ਫ਼ਿਲਮੀ ਸਫ਼ਰ ਦਾ ਆਗਾਜ਼ ਕੀਤਾ ਪਰ ਇਸ ਫ਼ਿਲਮ ਦੇ ਰਿਲੀਜ਼ ਪਹਿਲਾਂ ਹੀ ਉਸਦੀ ਦੂਸਰੀ ਫ਼ਿਲਮ ‘ਕਿਸਮਤ’ ਬਣ ਕੇ ਰਿਲੀਜ਼ ਹੋ ਗਈ ਸੀ ਜਿਸ ਵਿੱਚ ਉਸਨੇ ਇਕ ਅਰਥ-ਭਰਪੂਰ ਕਿਰਦਾਰ ਨਿਭਾਇਆ ਜਿਸ ਨਾਲ ਉਸਦੀ ਦਰਸ਼ਕਾਂ ‘ਚ ਪਛਾਣ ਬਣੀ। ਫਿਰ ‘ਰੱਬ ਦਾ ਰੇਡੀਓ’ ਵਿੱਚ ਵੀ ਉਸਨੂੰ ਚੰਗਾ ਕੰਮ ਕਰਨ ਦਾ ਮੌਕਾ ਮਿਿਲਆ। ‘ਗੁੱਡੀਆ ਪਟੋਲੇ’ ਵਿੱਚ ਵੀ ਉਸਦੀ ਅਦਾਕਾਰੀ ਬਹੁਤ ਕਾਬਲੇਗੌਰ ਰਹੀ । ਫ਼ਿਲਮ ‘ਲੇਖ’ ਵੀ ਉਸਦੇ ਫ਼ਿਲਮੀ ਭਵਿੱਖ ਨੂੰ ਹੋਰ ਵੀ ਚਮਕਾਵੇਗੀ। ਇਸ ਫ਼ਿਲਮ ਤੋਂ ਤਾਨੀਆ ਨੂੰ ਬਹੁਤ ਆਸਾਂ ਹਨ।

ਹਰਜਿੰਦਰ ਸਿੰਘ ਜਵੰਦਾ