"ਮੁੱਖ ਮੰਤਰੀ ਪੰਜਾਬ ਦੇ ਧਿਆਨ ਹਿੱਤ" ✍️ ਜਸਵੀਰ ਸ਼ਰਮਾਂ ਦੱਦਾਹੂਰ

ਮਾਨ ਸਾਹਿਬ ਆਮ ਤੋਂ ਖ਼ਾਸ ਲੋਕਾਂ ਨੇ ਤੁਹਾਨੂੰ ਬਣਾ ਦਿੱਤਾ ਹੈ,ਮਸਲੇ ਹੱਲ ਕਰਨ ਦੇ ਨਾਲ ਨਾਲ ਦਾਮਨ ਵੀ ਬਚਾਇਓ

ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਸ੍ਰ ਭਗਵੰਤ ਮਾਨ ਜੀ ਕਿ ਤੁਹਾਡੀ ਹਲੀਮੀ ਤੁਹਾਡੇ ਜਜ਼ਬੇ, ਤੁਹਾਡੇ ਸਬਰ ਅਤੇ ਅੱਠ ਸਾਲ ਦੀ ਮਿਹਨਤ ਰੰਗ ਲਿਆਈ ਹੈ। ਤੁਸੀਂ ਜਿਵੇਂ ਆਪਣੀ ਗਾਇਕੀ ਅਤੇ ਕਮੇਡੀ ਦੇ ਦੌਰ ਵਿੱਚ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ ਨਿਰਸੰਦੇਹ ਬਿਲਕੁਲ ਇਸੇ ਤਰ੍ਹਾਂ ਹੀ ਤੁਸੀਂ ਸਿਆਸਤ ਵਿੱਚ ਵੀ ਹਾਲੇ ਤੱਕ ਆਪਣੇ ਦਾਮਨ ਨੂੰ ਬਿਲਕੁਲ ਚਿੱਟੀ ਚਾਦਰ ਵਾਂਗ ਹੀ ਸੰਭਾਲ ਰੱਖਿਆ ਹੈ,ਜਿਸ ਨੂੰ ਲੁਕਾਈ ਅੱਛੀ ਤਰ੍ਹਾਂ ਜਾਣਦੀ ਹੈ, ਇਸੇ ਕਰਕੇ ਹੀ ਪੰਜਾਬੀ ਭਾਈਚਾਰੇ ਨੇ ਤੁਹਾਨੂੰ ਆਪਣੀਆਂ ਪਲਕਾਂ ਤੇ ਬਿਠਾਇਆ ਹੈ,ਉਸ ਦਾ ਨਤੀਜਾ ਸੱਭ ਦੇ ਸਾਹਮਣੇ ਹੈ। ਜੇਕਰ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ ਓਦੋਂ ਤੋਂ ਲੈਕੇ ਅੱਜ ਤੱਕ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਇਹ ਦਸ ਮਾਰਚ ਵੀਹ ਸੌ ਬਾਈ ਵਾਲਾ ਦਿਨ ਇਤਹਾਸਕ ਹੋ ਨਿਬੜਿਆ ਹੈ,ਜੇ ਮੈਂ ਗਲਤ ਨਾ ਹੋਵਾਂ ਤਾਂ ਸੰਨ ਸੰਤਾਲੀ ਤੋਂ ਲੈਕੇ ਬਾਈ ਤੱਕ ਐਨਾ ਵੱਡਾ ਬਹੁਮਤ ਕਿਸੇ ਵੀ ਰਵਾਇਤੀ ਜਾਂ ਖੇਤਰੀ ਪਾਰਟੀ ਦੇ ਹਿੱਸੇ ਅੱਜ ਤੱਕ ਨਹੀਂ ਆਇਆ ਜੋ ਆਮ ਆਦਮੀ ਪਾਰਟੀ ਦੇ ਹਿੱਸੇ ਆਇਆ ਹੈ।ਇਸ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਨੇ ਵੀ ਇਤਹਾਸਕ ਜਿੱਤ ਦਿੱਲੀ ਵਿੱਚ ਦਰਜ ਕੀਤੀ, ਜਦੋਂ ਇੱਕ ਵਾਰ ਅਸਤੀਫੇ ਤੋਂ ਬਾਅਦ ਵੀ ਸੱਤਰ ਚੋਂ ਸਤਾਹਠ ਸੀਟਾਂ ਲੈਕੇ ਦਿੱਲੀ ਫਤਿਹ ਕੀਤੀ।ਮਾਨ ਸਾਹਿਬ ਦੇਸ਼ ਦੀ ਸਿਆਸਤ ਬਹੁਤ ਗੰਧਲੀ ਹੋ ਚੁੱਕੀ ਹੈ ਜਿਸ ਦਾ ਤੁਹਾਨੂੰ ਭਲੀਭਾਂਤ ਪਤਾ ਹੈ।ਇਸ ਨੂੰ ਸਹੀ ਲਾਈਨ ਤੇ ਲਿਆਉਣ ਅਤੇ ਲੱਗੇ ਦਾਗਾਂ ਨੂੰ ਧੋਣ ਲਈ ਬਹੁਤ ਸਮਾਂ, ਬਹੁਤ ਦਲੇਰੀ ਹੌਸਲੇ ਅਤੇ ਹਿੰਮਤ ਦੇ ਨਾਲ ਨਾਲ ਸਹਿਣਸ਼ੀਲਤਾ ਦੀ ਬਹੁਤ ਲੋੜ ਹੈ, ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਸਮੁੱਚੀ ਪਾਰਟੀ ਨੂੰ ਇਹ ਬਲ ਬਖ਼ਸ਼ੇ।

          ਪੰਜਾਬ ਦੇ ਉਲਝੇ ਹੋਏ ਮਸਲੇ ਜਿਨ੍ਹਾਂ ਤੋਂ ਆਪ ਬਹੁਤ ਚੰਗੀ ਤਰ੍ਹਾਂ ਵਾਕਫ ਹੋਂ ਅਤੇ ਸੱਭ ਤੋਂ ਜ਼ਿਆਦਾ ਪ੍ਰਭਾਵਿਤ ਢੰਗ ਨਾਲ ਲੋਕ ਸਭਾ ਵਿੱਚ ਉਠਾਉਂਦੇ ਰਹੇ ਹੋਂ ਓਹ ਵੀ ਸਾਨੂੰ ਸਭਨਾਂ ਨੂੰ ਪਤਾ ਹੈ। ਹੁਣ ਇਹ ਜੋ ਸੇਜ ਆਪ ਜੀ ਨੂੰ ਕੁੱਲ ਆਵਾਮ ਨੇ ਸੌਂਪੀ ਹੈ ਇਹ ਮਖਮਲੀ ਨਹੀਂ ਇਹ ਕੰਡਿਆਂ ਵਾਲੀ ਸੇਜ ਹੈ। ਵਿਰੋਧੀਆਂ ਅਤੇ ਸ਼ਰੀਕਾਂ ਦੀਆਂ ਗੱਲਾਂ ਦਾ ਕਿਵੇਂ ਸਾਹਮਣਾ ਕਰਨਾ ਹੈ ਇਸ ਦੀ ਵੀ ਤੁਹਾਨੂੰ ਕੋਈ ਭੁੱਲ ਨਹੀਂ ਹੈ।ਕੋਹ ਨਾਂ ਚੱਲੀ ਬਾਬਾ ਤਿਹਾਈ ਵਾਲੀ ਗੱਲ ਬਾਤ ਤਾਂ ਸ਼ੁਰੂ ਵੀ ਹੋ ਚੁੱਕੀ ਹੈ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ,ਜਿਸ ਦੀ ਮੀਡੀਆ ਵਿੱਚ ਆਮ ਚਰਚਾ ਹੈ, ਕਿ ਕੇਜਰੀਵਾਲ ਸਾਹਿਬ ਦੇ ਪੈਰੀਂ ਹੱਥ ਕਿਉਂ ਲਾਏ ਦਿੱਲੀ ਪਹੁੰਚ ਕੇ ਭਗਵੰਤ ਮਾਨ ਨੇ,ਇਹ ਗੱਲ ਮਨਜਿੰਦਰ ਸਿੰਘ ਸਿਰਸਾ ਨੇ ਮੀਡੀਆ ਵਿੱਚ ਕੀਤੀ ਹੈ ਜਦੋਂ ਕਿ ਈ ਡੀ ਦੇ ਛਾਪਿਆਂ ਤੋਂ ਬਚਣ ਲਈ ਓਹ ਖੁਦ ਮੋਦੀ ਸਾਹਿਬ ਦੀ ਛਤਰੀ ਹੇਠ ਲੁਕਿਆ ਹੋਇਆ ਹੈ,ਇਹ ਵੀ ਪਤਾ ਲੱਗਾ ਹੈ ਕਿ ਕੇਜਰੀਵਾਲ ਦੀਵਾਨ ਟੋਡਰ ਮੱਲ ਦੀ ਅੰਸ਼ ਚੋਂ ਨੇ ਜਿਨ੍ਹਾਂ ਨੇ ਗੁਰਸਿੱਖੀ ਲਈ ਕੀ ਕੁੱਝ ਕੀਤਾ ਹੈ ਜਿਸ ਨੂੰ ਕੁੱਲ ਲੁਕਾਈ ਕਦੇ ਵੀ ਨਹੀਂ ਭੁਲਾ ਸਕਦੀ, ਇੱਕ ਵੱਡੇ ਭਾਈ ਦੇ ਜੇ ਛੋਟਾ ਭਰਾ ਪੈਰੀਂ ਹੱਥ ਲਾਉਂਦਾ ਵੀ ਹੈ ਤਾਂ ਉਸ ਨੂੰ ਐਨੀ ਨਫ਼ਰਤ ਕਿਉਂ? ਜਦੋਂ ਕਿ ਇਹ ਸੱਭ ਸਾਡੇ ਪੁਰਖਿਆਂ ਦੀ ਸਾਨੂੰ ਦੇਣ ਹੈ,ਇਸ ਲਈ ਹੀ ਕਹਿਣਾ ਪਿਆ ਕਿ ਛੱਜ ਤਾਂ ਬੋਲੇ ਛਾਣਨੀ ਕੀ ਬੋਲੇ। ਖੈਰ ਕੁੱਝ ਵੀ ਹੋਵੇ ਕਹਿਣ ਦਾ ਭਾਵ ਕਿ ਇੱਕ ਉਦਾਹਰਣ ਹੈ" ਸ਼ਰੀਕ ਘਰ ਵਿੱਚ ਬੇਦੀ ਨਹੀਂ ਗੱਡਦੇ ਉਂਝ ਕਸਰ ਕੋਈ ਨੀ ਛੱਡਦੇ"ਬਿਲਕੁਲ ਵਿਰੋਧੀਆਂ ਦੇ ਝਾਂਸੇ ਵਿੱਚ ਅਤੇ ਗੱਲਾਂ ਵਿੱਚ ਨਹੀਂ ਆਉਣਾ ਬਲਕਿ ਹਾਥੀ ਵਾਲੀ ਚਾਲ ਚਲਦੇ ਰਹੋ, ਪੰਜਾਬੀਆਂ ਨਾਲ ਕੀਤੇ ਵਾਅਦੇ ਹੌਲੀ ਹੌਲੀ ਪੂਰੇ ਕਰਦੇ ਰਹੋ।ਤੁਹਾਡਾ ਹਰਾ ਪਿੰਨ ਬੇਰੁਜ਼ਗਾਰੀ, ਨਸ਼ਿਆਂ, ਪੁਲਿਸ ਪ੍ਰਸ਼ਾਸਨ ਦੇ ਖੁੱਲ੍ਹੇ ਲਗਾਮ,ਸਿਹਤ ਸਹੂਲਤਾਂ, ਮੁਲਾਜ਼ਮਾਂ, ਬੁਢਾਪੇ, ਵਿਦੇਸ਼ਾਂ ਵਿੱਚ ਜਾਂਦੀ ਜਵਾਨੀ ਨੂੰ ਬਚਾਉਣ ਅਤੇ ਬੇਘਰਿਆਂ ਦੇ ਸਿਰ ਢਕਣ ਲਈ ਸਦਾ ਚਲਦਾ ਰਹੇ। ਤੁਸੀਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਲਈ ਆਪਣੇ ਹੱਥ ਆਈ ਤਾਕਤ ਨੂੰ ਪੰਜਾਬੀ ਭਾਈਚਾਰੇ ਨੂੰ ਸਮਰਪਿਤ ਕਰਦੇ ਰਹੋਂ ਇਹੇ ਕਾਮਨਾ ਕਰਦੇ ਹਾਂ।

 ਇਸ ਵਿੱਚ ਵੀ ਕੋਈ ਦੋ ਰਾਇ ਨਹੀਂ ਹੁੰਦੀ ਕਿ ਜਦੋਂ ਕੋਈ ਵੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਉਸ ਵਿੱਚ ਖੱਬਿਓਂ ਸੱਜਿਓਂ ਕੁੱਝ ਕੁ ਸ਼ਰਾਰਤੀ ਅਨਸਰ ਜਾਂ ਕਹਿ ਲਈਏ ਕਿ ਕਾਲੀਆਂ ਭੇਡਾਂ ਵੀ ਲੁੱਕ ਛੁੱਪ ਕੇ ਆ ਵੜਦੀਆਂ ਹਨ,ਸੋ ਓਨਾਂ ਤੋਂ ਵੀ ਬਹੁਤ ਸੁਚੇਤ ਰਹਿਣ ਦੀ ਅਤਿਅੰਤ ਲੋੜ ਹੈ। ਪਾਰਟੀ ਦੇ ਵਿੱਚ ਹੀ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਹਨ,ਇਸ ਲਈ ਫੂਕ ਫੂਕ ਕੇ ਪੈਰ ਰੱਖਣੇ। ਤੁਸੀਂ ਸ਼ਹੀਦਾਂ ਦੇ ਸੁਪਨਿਆਂ ਦੇ ਭਾਰਤ ਲਈ ਆਪਣੀ ਵਚਨਬੱਧਤਾ ਦੁਹਰਾਉਂਦੇ ਰਹੇ ਹੋਂ,ਉਸ ਤੇ ਖਰੇ ਉਤਰਨਾ। ਤੁਸੀਂ ਪੁਰਾਤਨ ਪੰਜਾਬ ਦੀ ਗੱਲ ਕਰਦੇ ਰਹੇ ਹੋਂ, ਚੇਤੇ ਰੱਖਣਾ, ਤੁਸੀਂ ਪਿੰਡਾਂ ਚੋਂ, ਵਾਰਡਾਂ ਚੋਂ ਸ਼ਹਿਰਾਂ ਚੋਂ ਪੰਜਾਬ ਦੀ ਸਿਆਸਤ ਚਲਾਉਣ ਦੀ ਗੱਲ ਸਟੇਜਾਂ ਤੋਂ ਸਾਂਝੀ ਕਰਦੇ ਰਹੇ ਹੋਂ, ਚੇਤਿਆਂ ਚ ਵਸਾ ਕੇ ਰੱਖਣਾ, ਤੁਸੀਂ ਹਰ ਵੱਡੀ ਉਮਰ ਵਾਲੀ ਬੀਬੀ ਨੂੰ ਮਾ ਕਿਹਾ ਹੈ,ਹਰ ਬਰਾਬਰ ਦੀ ਨੂੰ ਭੈਣ ਅਤੇ ਹਮ ਉਮਰ ਨੂੰ ਭਰਾ ਕਿਹਾ ਹੈ, ਬਜ਼ੁਰਗਾਂ ਨੂੰ ਬਾਪੂ ਕਿਹਾ ਹੈ, ਬੱਚਿਆਂ ਨੂੰ ਹਿੱਕ ਨਾਲ ਲਾਉਂਦੇ ਰਹੇ ਹੋਂ।ਇਹ ਸਾਰੀਆਂ ਗੱਲਾਂ ਲੋਕਾਂ ਦੇ ਚੇਤਿਆਂ ਚ ਵਸੀਆਂ ਹੋਈਆਂ ਹਨ ਕਿਤੇ ਭੁੱਲ ਨਾ ਜਾਣਾ।ਹਰ ਇਨਸਾਨ ਦੀ ਗੱਲ ਸੁਨਣਾ ਅਤੇ ਓਹਨਾਂ ਨੂੰ  ਹੱਲ ਕਰਨ ਦੀਆਂ ਗੱਲਾਂ ਤੁਹਾਡੇ ਮੈਨੀਫੈਸਟੋ ਦਾ ਹਿੱਸਾ ਹੈ, ਚੇਤਿਆਂ ਵਿੱਚ ਰੱਖਣ ਦੀ ਅਤਿਅੰਤ ਲੋੜ ਹੈ। ਆਪਦੇ ਵਾਂਗੂੰ ਆਪਣੇ ਮੰਤਰੀ ਮੰਡਲ ਵਿੱਚ ਕੋਸ਼ਿਸ਼ ਕਰਿਓ ਵਧੀਆ ਇਨਸਾਨ ਤੁਹਾਡੇ ਵਰਗੀ ਸੋਚ ਰੱਖਣ ਵਾਲੇ ਹੀ ਜੇ ਹੋਣਗੇ ਤਾਂ ਤੁਸੀਂ (ਭਾਰਤ ਹੈ ਵਾਂਗ ਮੁੰਦਰੀ, ਵਿੱਚ ਨਗ ਪੰਜਾਬ ਦਾ)ਵਾਲੀ ਤੁੱਕ ਜੋ ਤੁਸੀਂ ਅਕਸਰ ਸਟੇਜਾਂ ਤੋਂ ਸਾਂਝੀ ਕਰਦੇ ਰਹੇ ਹੋਂ ਓਸ ਤੇ ਖਰੇ ਉੱਤਰ ਸਕਦੇ ਹੋ।

             ਭਗਵੰਤ ਮਾਨ ਸਾਹਿਬ ਮੈਂ ਆਪ ਨੂੰ ਤੇ ਆਪਦੀ ਸਮੁੱਚੀ ਪਾਰਟੀ ਨੂੰ ਬਹੁਤ ਹੀ ਭਾਗਾਂ ਵਾਲੀ ਸਮਝਦਾ ਹਾਂ ਕਿਉਂਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਵਿੱਚ ਛੇ ਡਾਕਟਰ, ਗਿਆਰਾਂ ਵਕੀਲ,ਦੋ ਗਾਇਕ,ਦੋ ਗੀਤਕਾਰ, ਤਿੰਨ ਪ੍ਰਫੈਸਰ,ਦੋ ਪ੍ਰਿੰਸੀਪਲ,ਦੋ ਅਧਿਆਪਕ,ਸੱਤ ਮਜ਼ਦੂਰ,ਛੇ ਇੰਜਨੀਅਰ,ਇੱਕੀ ਕਿਸਾਨੀ ਕਿੱਤੇ ਨਾਲ ਸਬੰਧਤ, ਨੌਂ ਵਪਾਰੀ,ਪੰਜ ਖਿਡਾਰੀ,ਦੋ ਪੁਲਿਸ ਮਹਿਕਮੇ ਦੇ ਵੀਰ ਐਮ ਐਲ ਏ ਬਨਾਏ ਹਨ ਸਮੁੱਚੇ ਪੰਜਾਬੀ ਭਾਈਚਾਰੇ ਨੇ।ਇਸ ਤੋਂ ਵੱਧ ਖੁਸ਼ੀ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ, ਅਤੇ ਆਮ ਆਦਮੀ ਪਾਰਟੀ ਆਪਾਂ ਹੋਰ ਕਿਸ ਨੂੰ ਕਹਿ ਸਕਦੇ ਹਾਂ?

               ਸਾਰੇ ਪੰਜਾਬ ਦੀ ਤੰਦ ਨਹੀਂ ਤਾਣੀ ਉਲਝੀ ਹੋਈ ਹੈ ਇਸ ਨੂੰ ਸੁਲਝਾਉਣ ਲਈ ਬਹੁਤ ਮਿਹਨਤ ਦੀ ਲੋੜ ਹੈ,ਜੋ ਤੁਸੀਂ ਪਿਛਲੇ ਅੱਠ ਸਾਲਾਂ ਤੋਂ ਕਰ ਰਹੇ ਹੋਂ ਸ਼ੇਰ ਬਣਿਓਂ ਹੁਣ ਉਸ ਤੋਂ ਦੁੱਗਣੀ ਨਹੀਂ ਬਲਕਿ ਕਈ ਗੁਣਾਂ ਵੱਧ ਮਿਹਨਤ ਦੀ ਲੋੜ ਪੈਣੀ ਹੈ,ਡਰਿਓ ਨਾ ਘਬਰਾਇਓ ਨਾ ਚਲਦੇ ਰਹਿਣਾ ਏਂ, ਖੜਿਆ ਹੋਇਆ ਤਾਂ ਪਾਣੀ ਵੀ ਮੁਸ਼ਕ ਮਾਰਨ ਲੱਗ ਪੈਂਦਾ ਹੈ, ਵਾਹਿਗੁਰੂ ਤੁਹਾਨੂੰ ਬਲ ਬਖ਼ਸ਼ੇ, ਤੁਸੀਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਵੋਂ, ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰੋਂ, ਸੂਬੇ ਨੂੰ ਆਤਮਨਿਰਭਰਤਾ ਵੱਲ ਲੈ ਜਾਓਂ ਇਹੀ ਸੱਚੇ ਦਿਲੋਂ ਕਾਮਨਾ ਹੈ,ਪਰ ਸਹਿਣਸ਼ੀਲਤਾ ਅਤਿਅੰਤ ਜ਼ਰੂਰੀ ਹੈ।

ਜਸਵੀਰ ਸ਼ਰਮਾਂ ਦੱਦਾਹੂਰ,ਸ੍ਰੀ ਮੁਕਤਸਰ ਸਾਹਿਬ ,95691-49556