ਸੰਪਾਦਕੀ

ਕਿਸਮਿਸ (ਕਹਾਣੀ) ✍️ ਮਨਜੀਤ ਕੌਰ ਧੀਮਾਨ

           ਦਾਦੀ ਜੀ, ਦਾਦੀ ਜੀ, ਮੈਨੂੰ ਕਿਸਮਿਸ ਲੈ ਕੇ ਦਿਓ ਨਾ। ਨਾਲ਼ ਤੁਰੇ ਦੀਪਕ ਨੇ ਬਜ਼ਾਰ 'ਚੋਂ ਲੰਘਦਿਆਂ ਬਿਸ਼ਨੀ ਦੀ ਬਾਂਹ ਹਿਲਾਉਂਦਿਆਂ ਕਿਹਾ।

              ਵੇ ਓਹ ਕੀ ਹੁੰਦਾ? ਅੱਛਾ-ਅੱਛਾ ਕਿਸ਼ਮਿਸ਼ ਕਹਿੰਦਾ ਏਂ। ਚੱਲ ਲੈ ਦਿੰਦੀ ਆਂ ਹੁਣੇ, ਮੈਂ ਆਪਣੇ ਸੋਹਣੇ ਲਾਲ ਨੂੰ। ਬਿਸ਼ਨੀ ਇੱਕ ਦੁਕਾਨ ਵੱਲ ਤੁਰ ਪਈ।

              ਵੇ ਭਾਈ, ਆਹ ਕਿਸ਼ਮਿਸ਼ ਦੇਵੀਂ। ਬਿਸ਼ਨੀ ਨੇ ਕਿਹਾ ਤਾਂ ਦੁਕਾਨਦਾਰ ਨੇ ਕਿਸ਼ਮਿਸ਼ ਦੇ ਦਿੱਤੀ।

                 ਨਹੀਂ! ਨਹੀਂ!ਇਹ ਨਹੀਂ ਲੈਣੀਆਂ। ਦੀਪਕ ਨੇ ਕਿਸ਼ਮਿਸ਼ ਦੇਖ ਕੇ ਕਿਹਾ।

                 ਫੋਟ ਵੇ! ਇਹੀ ਤਾਂ ਮੰਗੀ ਸੀ ਤੂੰ। ਬਿਸ਼ਨੀ ਨੇ ਚਿੜ੍ਹਦਿਆਂ ਕਿਹਾ।

             ਨਹੀਂ, ਕਿਸਮਿਸ ਤਾਂ ਟੌਫੀ ਹੁੰਦੀ ਆ, ਜੀਹਦੇ ਉੱਪਰ ਇੱਕ ਮੁੰਡਾ ਤੇ ਕੁੜੀ ਕਿਸ ਕਰਦੇ ਹੁੰਦੇ। ਦੀਪਕ ਨੇ ਸਮਝਾਇਆ।

              ਵੇ ਕੀ ਕਰਦੇ ਹੁੰਦੈ? ਬਿਸ਼ਨੀ ਨੂੰ ਕੁੱਝ ਸਮਝ ਨਹੀਂ ਆਈ।

               ਦਾਦੀ ਕਿਸ ਦਾ ਮਤਲਬ ਚੁੰਮੀ। ਦੀਪਕ ਨੇ ਦੋਵਾਂ ਹੱਥਾਂ ਦੀਆਂ ਉਂਗਲੀਆਂ ਨਾਲ ਇਸ਼ਾਰਾ ਬਣਾ ਕੇ ਦੱਸਿਆ।

             ਵੇ ਫਿੱਟੇ ਮੂੰਹ! ਬਿਸ਼ਨੀ ਨੂੰ ਦੁਕਾਨਦਾਰ ਸਾਹਮਣੇ ਸ਼ਰਮ ਆ ਗਈ।

               ਪਰ ਦੁਕਾਨਦਾਰ ਸਮਝ ਗਿਆ। ਉਹ ਥੋੜਾ ਜਿਹਾ ਮੁਸਕਾਇਆ ਤੇ ਉਹਨੇ ਟੌਫੀਆਂ ਕੱਢ ਕੇ ਦੀਪਕ ਨੂੰ ਫੜਾਉਂਦਿਆਂ ਕਿਹਾ, ਕਿਉਂ ਬਈ ਸ਼ੇਰਾਂ, ਆਹੀ ਕਹਿੰਦਾ ਸੀ?

                ਹਾਂਜੀ! ਦੀਪਕ ਨੇ ਖੁਸ਼ੀ ਵਿੱਚ ਉੱਛਲਦਿਆਂ ਕਿਹਾ।

               ਦੇਖੋ ਦਾਦੀ ਜੀ, ਆਹ ਕਹਿੰਦਾ ਸੀ ਮੈਂ। ਦੀਪਕ ਨੇ ਬਿਸ਼ਨੀ ਨੂੰ ਟੌਫੀ ਦਿਖਾਈ।

              ਬਿਸ਼ਨੀ ਨੇ ਟੌਫੀ ਤੇ ਨਜ਼ਰ ਮਾਰੀ ਤਾਂ ਸੱਚਮੁੱਚ ਹੀ ਇਸ ਤੇ ਇੱਕ ਭੱਦੀ ਜਿਹੀ ਆਕ੍ਰਿਤੀ ਬਣੀ ਹੋਈ ਸੀ। ਉਹ ਦੁਕਾਨਦਾਰ ਨੂੰ ਪੈਸੇ ਦੇ ਕੇ ਬਾਹਰ ਨਿੱਕਲ਼ ਆਈ।

                ਉਹ ਮਨ ਵਿੱਚ ਸੋਚਣ ਲੱਗੀ ਕਿ ਇਹਨਾਂ ਪੈਸੇ ਦੇ ਵਪਾਰੀਆਂ ਨੇ ਬੱਚਿਆਂ ਦੀਆਂ ਚੀਜ਼ਾਂ ਵੀ ਨਹੀਂ ਛੱਡੀਆਂ। ਭਲਾ ਇਸ ਤਸਵੀਰ ਨੂੰ ਦੇਖ ਕੇ ਕੀ ਸਿੱਖਣਗੇ ਸਾਡੇ ਬੱਚੇ? ਸੋਚਦਿਆਂ ਹੋਇਆਂ ਬਿਸ਼ਨੀ ਨੇ ਦੀਪਕ ਦੇ ਹੱਥੋਂ ਟੌਫੀਆਂ ਖੋਹ ਕੇ ਪੈਰਾਂ ਹੇਠ ਮਧੋਲ਼ ਦਿੱਤੀਆਂ ਤੇ ਕਿਹਾ, ਇਹ ਨੀਂ ਖਾਈਦੀਆਂ ਪੁੱਤ, ਇਹ ਗੰਦੀਆਂ ਹੁੰਦੀਆਂ।

             ਦੀਪਕ ਹੱਕਾ-ਬੱਕਾ ਬਿਸ਼ਨੀ ਦੇ ਮੂੰਹ ਵੱਲ ਦੇਖਦਾ ਰਹਿ ਗਿਆ।

 

ਮਨਜੀਤ ਕੌਰ ਧੀਮਾਨ,                                                     ਸ਼ੇਰਪੁਰ, ਲੁਧਿਆਣਾ।                                ਸੰ:9464633059

 ਅਨਮੋਲ ਮੋਤੀ  (ਮਿੰਨੀ ਕਹਾਣੀ ) ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ

                                                           "ਰਾਜ,ਰਾਜ… ਤੈਨੂੰ ਇੱਕ ਗੱਲ ਪੁੱਛਾਂ?" ਮੀਨੂੰ ਨੇ ਡਰਦਿਆਂ ਡਰਦਿਆਂ ਕਿਹਾ। 

"ਹਾਂ, ਕਿਉਂ ਨਹੀਂ?" ਰਾਜ ਇੱਕ ਟੱਕ ਉਸ ਨੂੰ ਵੇਖਣ ਲੱਗਾ।

"ਰਾਜ…. ਤੂੰ ਉਸ ਦਿਨ…. ਕਿਹਾ ਸੀ ਨਾ….ਕਿ…. ਮੈਂ ਤੈਨੂੰ ਬੇਹੱਦ…. ਪਿਆਰ ਕਰਦਾ ਵਾਂ।" ਮੀਨੂੰ ਅਟਕ ਅਟਕ ਕੇ ਮਸਾਂ ਹੀ ਬੋਲ ਪਾਈ।

"ਹਾਂ, ਤੇ ਮੈਂ ਕਿਹੜਾ ਕੁੱਝ ਗਲਤ ਕਿਹਾ ਸੀ।"

              "ਪਰ.... ਤੈਨੂੰ ਪਤੈ.....। ..... ਜਦੋਂ ਮੈਂ ਆਪਣੀਆਂ ਸਹੇਲੀਆਂ ਨੂੰ ਇਸ ਬਾਰੇ ਦੱਸਿਆ  ਤਾਂ ਉਹ ਹੱਸਣ ਲੱਗੀਆਂ ਤੇ ਕਹਿੰਦੀਆ, " ਇਮਪੋਸੀਬਲ,  ਤੇਰੇ ਵਰਗੀ ਦਾਗੋ -ਦਾਗ ਚਿਹਰੇ ਵਾਲੀ ਕਰੂਪ ਲੜਕੀ ਨਾਲ ਕੋਈ ਪਿਆਰ......ਕਰ....ਕਰ ਹੀ ਨਹੀਂ ਸਕਦਾ .....।" ਕਹਿੰਦੇ -ਕਹਿੰਦੇ ਮੀਨੁ ਦਾ ਗੱਚ ਭਰ ਆਇਆ ਤੇ ਉਹ ਅੰਤਿਮ ਵਾਕ ਮਸਾਂ ਹੀ ਬੋਲ ਸਕੀ।

          "ਝੱਲੀ,ਝੱਲੀ ਏ ਤੂੰ ਤਾਂ । ਤੈਨੂੰ ਜਿਨ੍ਹਾਂ ਕੁੜੀਆਂ ਨੇ ਕਿਹੈ  ਉਹ ਜਰੂਰ ਫੈਸ਼ਨਪ੍ਰਸਤ ਹੋਣਗੀਆਂ । ਹੈ ਨਾ?"

  "ਹਾਂ.......ਪਰ ਤੈਨੂੰ ਕਿਵੇਂ.....ਕਿਵੇਂ ...?"

           "ਕਿਉਂਕਿ ਅਜਿਹੇ ਲੋਕ ਸਿਰਫ ਤਨ ਨੂੰ ਹੀ ਸ਼ਿੰਗਾਰਨਾ ਜਾਣਦੇ ਹਨ । ਮਨ ਨੂੰ ਨਹੀਂ। ਇੱਕ ਸੱਚਾ ਤੇ ਸੁੰਦਰ ਮਨ ਤੇਰੇ ਕੋਲ ਹੈ , ਸਿਰਫ ਤੇਰੇ ਕੋਲ । ਤੇ ਮੈਨੂੰ ਇਸ ਮਨ ਨਾਲ ਬੇਹੱਦ ਪਿਆਰ ਹੈ। ਸਿਰਫ ਪਿਆਰ ਹੀ ਨਹੀਂ ਨਾਜ਼ ਹੈ ਮੈਨੂੰ ਇਸ ਮਨ ਤੇ।" 

        ਕਹਿੰਦੇ- ਕਹਿੰਦੇ ਰਾਜ ਭਾਵੁਕ ਹੋ ਉਠਿਆ। ਤੇ ਸਹਿਜ ਸੁਭਾਅ ਹੀ ਉਸਦੇ ਹੰਝੂ ਛਲਕ ਕੇ ਉਸਦੀਆਂ ਗੱਲ੍ਹਾਂ ਤੇ ਉੱਤਰ ਆਏ। 

        ਮੀਨੂੰ ਜੋ ਕਾਫੀ ਚਿਰ ਤੋਂ ਇੱਕ ਟੱਕ ਰਾਜ ਨੂੰ ਦੇਖ ਰਹੀ ਸੀ , ਨੂੰ ਇਹ ਹੰਝੂ ਪਿਆਰ ਦੇ ਅਨਮੋਲ ਮੋਤੀ ਜਾਪੇ। ਜੋ ਖੁਦਾ ਨੇ ਖੁਦ ਉਸਨੂੰ ਤੋਹਫੇ ਵਜੋਂ ਦਿੱਤੇ ਹੋਣ।

ਲੇਖਿਕਾ ਮਨਪ੍ਰੀਤ ਕੌਰ ਭਾਟੀਆ,

 ਐਮ. ਏ, ਬੀ .ਐੱਡ।

ਫ਼ਿਰੋਜ਼ਪੁਰ ਸ਼ਹਿਰ।

ਮਾਂ - ਬੋਲੀ ਦਾ ਸੇਵਕ ( ਮਿੰਨੀ ਕਹਾਣੀ) ✍️ ਜਸਵਿੰਦਰ ਕੌਰ ਦੱਧਾਹੂਰ

ਮਾਂ - ਬੋਲੀ ਦਿਵਸ ਨੇੜੇ ਹੋਣ ਕਰਕੇ ਸੁਖਦੀਪ ਪੱਬਾਂ ਭਾਰ ਹੋਇਆ ਫਿਰਦਾ ਸੀ ਅਤੇ ਸਰਕਾਰੀ ਸਕੂਲ ਵਿੱਚ ਮਾਂ - ਬੋਲੀ ਦਿਵਸ ਮਨਾਉਣ ਦੀਆਂ ਉਸ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਸਨ । ਕੁੱਝ ਵਿਦਿਆਰਥੀ ਆਪਣੀ ਇੱਛਾ ਅਨੁਸਾਰ ਇਸ ਦਿਵਸ ਦੇ ਲਈ ਤਿਆਰੀ ਕਰ ਰਹੇ ਸਨ ਅਤੇ ਕੁੱਝ ਕੁ ਨੂੰ ਸੁਖਦੀਪ ਨੇ ਘੂਰ ਘੱਪ ਕੇ ਟੀਮਾਂ ਤਿਆਰ ਕਰ ਲਈਆਂ ਸਨ। ਮਾਂ - ਬੋਲੀ ਵਿਸ਼ੇ 'ਤੇ ਭਾਸ਼ਣ ,ਕਵਿਤਾ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਜਾ ਰਹੇ ਸਨ ।

ਸਕੂਲ ਦਾ ਪ੍ਰਿੰਸੀਪਲ ਵੀ ਸੁਖਦੀਪ ਦੇ ਇੰਨ੍ਹਾਂ ਯਤਨਾਂ ਤੋਂ ਕਾਫ਼ੀ ਖੁਸ਼ ਸੀ । ਆਖਰ ਉਲੀਕਿਆ ਪ੍ਰੋਗਰਾਮ ਬਹੁਤ ਵਧੀਆ ਢੰਗ ਨਾਲ ਸੁਖਦੀਪ ਨੇ ਨੇਪਰੇ ਚਾੜ੍ਹਿਆ ਅਤੇ ਸਕੂਲ ਵੱਲੋਂ ਉਸ ਨੂੰ 'ਮਾਂ ਬੋਲੀ ਦਾ ਸੇਵਕ' ਦੇ ਸਨਮਾਨ ਦੇ ਨਾਲ ਨਿਵਾਜ਼ਿਆ ਗਿਆ।

ਘਰ ਜਾ ਕੇ  ਆਪਣੀ ਖ਼ੁਸ਼ੀ ਆਪਣੀ ਪਤਨੀ ਅਤੇ ਆਪਣੇ ਦੋਸਤ ਨਾਲ ਸਾਂਝਿਆਂ ਕਰਦਿਆਂ ਸੁਖਦੀਪ ਨੇ ਮਿਲਿਆ ਐਵਾਰਡ ਡਰਾਇੰਗ ਰੂਮ 'ਚ ਲਿਜਾ ਕੇ ਸਜਾ ਦਿੱਤਾ।

ਇੰਨੇ ਨੂੰ ਸੁਖਦੀਪ ਦਾ ਪੁੱਤਰ ਏਕਮ ਵੀ ਆ ਗਿਆ, ਜੋ ਕੌਨਵੈਂਟ ਸਕੂਲ ਵਿੱਚ ਪੜ੍ਹਦਾ ਸੀ। ਆਉਂਦਿਆਂ ਹੀ ਉਸ ਨੇ ਦੁਹਾਈ ਪਾਉਣੀ ਸ਼ੁਰੂ ਕਰ ਦਿੱਤੀ ਕਿ ਕੱਲ੍ਹ ਤੋਂ ਸਕੂਲ ਉਹ ਸੌ ਰੁਪਏ ਲਏ ਬਿਨਾਂ ਨਹੀਂ ਜਾਵੇਗਾ । ਦੋਵੇਂ ਪਤੀ - ਪਤਨੀ ਅਤੇ ਸੁਖਦੀਪ ਦਾ ਦੋਸਤ ਜਗਰਾਜ ਹੈਰਾਨੀ ਦੇ ਨਾਲ ਏਕਮ ਵੱਲ ਦੇਖਣ ਲੱਗੇ। ਸੁਖਦੀਪ ਦੀ ਪਤਨੀ ਨੇ ਉਸ ਨੂੰ ਪੁੱਛਿਆ , "ਕੀ ਹੋਇਆ ਪੁੱਤ?" ਤਾਂ ਉਸਨੇ ਦੱਸਿਆ ਕਿ ਤੁਸੀਂ ਜੋ ਪੰਜਾਹ ਰੁਪਏ ਦਿੱਤੇ ਸੀ ਉਹ ਤਾਂ ਅੱਜ ਮੈਡਮ ਨੇ ਲੈ ਲਏ । ਸਾਰੇ ਹੈਰਾਨੀ ਨਾਲ ਇੱਕ ਦੂਜੇ ਵੱਲ ਦੇਖਣ ਲੱਗੇ। "ਪਰ ਕਿਉਂ ?ਪੁੱਤ।" ਜਗਰਾਜ ਨੇ ਪੁੱਛਿਆ। "ਕਿਉਂਕਿ ਮੈਂ ਸਕੂਲ ਵਿੱਚ ਪੰਜਾਬੀ ਬੋਲ ਰਿਹਾ ਸੀ ਤਾਂ ਮੈਡਮ ਨੇ ਮੇਰੇ ਤੋਂ ਪੰਜਾਹ ਰੁਪਏ ਫਾਈਨ ਦੇ ਰੂਪ ਦੇ ਲੈ ਲਏ।" ਏਕਮ ਰੋਂਦਾ ਹੋਇਆ ਜਵਾਬ ਦੇ ਰਿਹਾ ਸੀ।  ਡਰਾਇੰਗ ਰੂਮ ਦੇ ਵਿਚ ਚੁੱਪੀ ਵਰਤ ਗਈ । ਜਗਰਾਜ ਕਦੇ ਸੁਖਦੀਪ ਵੱਲ ਅਤੇ ਕਦੇ ਡਰਾਇੰਗ ਰੂਮ ਵਿਚ ਪਏ ਉਸ ਦੇ 'ਮਾਂ ਬੋਲੀ ਦੇ ਸੇਵਕ' ਦੇ ਐਵਾਰਡ ਵੱਲ ਦੇਖ ਰਿਹਾ ਸੀ ।

 

ਜਸਵਿੰਦਰ ਕੌਰ ਦੱਧਾਹੂਰ - ਮੋਬਾਇਲ ਨੰ: 9814494984

"ਅਮੀਰ ਹਨ ਨਾਸਤਿਕਤਾ ਸੋਚ ਵਾਲੇ ਮੁਲਕ" ✍️ ਕੁਲਦੀਪ ਸਿੰਘ ਰਾਮਨਗਰ

ਇੱਕ ਸਰਵੇ ਅਨੁਸਾਰ ਉਹ ਦੇਸ਼ ਜਿੱਥੇ ਨਾਸਤਿਕ ਸੋਚ ਰੱਖਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ ਉਹ ਦੇਸ਼ ਦੂਜੇ ਮੁਲਕਾਂ ਦੇ ਮੁਕਾਬਲੇ ਵਧੇਰੇ ਵਿਕਾਸਸ਼ੀਲ, ਅਮੀਰ ਅਤੇ ਖੁਸ਼ਹਾਲ ਹਨ। ਆਸਤਿਕਤਾ ਅਤੇ ਨਾਸਤਿਕਤਾ ਇੱਕ ਬਹੁਤ ਹੀ ਸੰਵੇਦਨਸ਼ੀਲ ਵਿਸ਼ਾ ਅਤੇ ਰਹੱਸ ਹੈ। ਬਹੁਤ ਸਾਰੇ ਵਿਕਾਸਸ਼ੀਲ ਅਤੇ ਵਿਗਿਆਨਕ ਦੇਸ਼ਾਂ ਵਿੱਚ ਇਸ ਵਿਸੇ ਤੇ ਖੁਲ ਕੇ ਵਿਚਾਰ ਚਰਚਾ ਹੁੰਦੀ ਹੈ ਪਰ ਭਾਰਤ ਵਿੱਚ ਅਜੇ ਵੀ ਲੋਕ ਇਸ ਵਿਸੇ ਤੇ ਵਿਚਾਰ ਕਰਨ ਤੋਂ ਵੀ ਕਤਰਾਉਂਦੇ ਨਜਰ ਆਉਂਦੇ ਹਨ। ਸਦੀਆਂ ਤੋਂ ਭਾਰਤ ਅੰਧਵਿਸ਼ਵਾਸ ਵਿੱਚ ਜਕੜਿਆ ਹੋਇਆ ਹੈ ਅਸੀਂ ਉਹੀ ਕਰਦੇ ਆ ਰਹੇ ਹਾਂ ਜੋਂ ਸਦੀਆਂ ਤੋਂ ਸਾਡੇ ਪੁਰਖੇ ਕਰਦੇ ਸਨ। ਜਿਸ ਚੀਜ਼ ਨੂੰ ਉਹ ਪੂਜਦੇ ਸਨ ਅਸੀ ਵੀ ਪੂਜਣਾ ਸ਼ੁਰੂ ਕਰ ਦਿੱਤਾ ਹੈ ਅਸੀਂ ਕਦੇ ਵੀ ਸੱਚਾਈ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ 84 ਲੱਖ ਜੂਨ ਬਾਰੇ ਕਿਸੇ ਨੇ ਕਿਹਾ ਤਾਂ ਅਸੀਂ ਬਿਨਾਂ ਤਰਕ ਤੋਂ ਮੰਨ ਲਿਆ ਸਵਰਗ ਨਰਕ ਬਾਰੇ ਕਿਸੇ ਨੇ ਕਿਹਾ ਤਾਂ ਅਸੀਂ ਮੰਨ ਲਿਆ ਕਿਸੇ ਨੇ ਗੈਬੀ ਸ਼ਕਤੀ ਦੀ ਗੱਲ ਕੀਤੀ ਜਾਂ ਰੱਬ ਦੀ ਹੋਂਦ ਦੀ ਗੱਲ ਕੀਤੀ ਤਾਂ ਅਸੀਂ ਬਿਨਾਂ ਕਿਸੇ ਤਰਕ ਜਾਂ ਬਿਨਾਂ ਖੋਜ਼ ਕੀਤੇ ਮੰਨ ਲੈਂਦੇ ਹਾਂ। ਸਦੀਆਂ ਤੋਂ ਕੋਈ ਵੀ ਰੱਬੀ ਜਾਂ ਗੈਬੀ ਸ਼ਕਤੀ ਨੂੰ ਦੁਨੀਆਂ ਵਿੱਚ ਸਿੱਧ ਨਹੀਂ ਕਰ ਸਕਿਆ। ਭਾਰਤ ਵਿੱਚ ਸਭ ਤੋਂ ਜ਼ਿਆਦਾ ਠੱਗੀ ਲੁੱਟ ਅਤੇ ਫਿਰਕੂ ਫਸਾਦ ਧਰਮ ਅਤੇ ਰੱਬ ਦੇ ਨਾਂ ਤੇ ਹੀ ਹੁੰਦੇ ਹਨ। ਕਿਸਮਤ ਅਤੇ ਰੱਬ ਦਾ ਡਰ ਦੇ ਕੇ ਸ਼ਾਤਿਰ ਲੋਕਾਂ ਵਲੋਂ ਭੋਲੇ ਭਾਲੇ ਅਤੇ ਗਰੀਬ ਲੋਕਾਂ ਦੀ ਲੁੱਟ ਅਤੇ ਸ਼ੋਸ਼ਣ ਕੀਤਾ ਜਾਂਦਾ ਹੈ। ਭਾਰਤ ਵਰਗੇ ਦੇਸ਼ ਅਤੇ ਹੋਰ ਘੱਟ-ਵਿਕਸਤ ਦੇਸ਼ਾਂ ਵਿਚ ਆਸਥਾ ਅਜੇ ਵੀ ਅਜਿਹੀ ਗੂੰਦ ਹੈ ਜੋ ਰਾਜਨੀਤਿਕ ਅਤੇ ਸਮਾਜਿਕ ਪਰਿਦ੍ਰਿਸ਼ ਨੂੰ ਪ੍ਰਭਾਸ਼ਿਤ ਕਰਦੀ ਹੈ।ਵਿਕਸਿਤ ਦੇਸ਼ਾਂ ਵਿਚ ਲੋਕ ਵੱਡੀ ਗਿਣਤੀ ਵਿਚ ਦਿਲਾਸੇ, ਨੈਤਿਕਤਾ ਅਤੇ ਅਧਿਆਤਮਿਕਤਾ ਦੇ ਹੋਰ ਸ੍ਰੋਤਾਂ ਵੱਲ ਵਧ ਰਹੇ ਹਨ। ਆਮ ਸ਼ਬਦਾਂ ਵਿਚ ਆਸਤਿਕ ਉਹ ਹੈ ਜਿਸ ਨੂੰ ਰੱਬ ਦੀ ਹੋਂਦ ਵਿਚ ਪੂਰਾ ਭਰੋਸਾ ਹੈ ਅਤੇ ਉਹ ਇਸ ਵਿਸ਼ਵਾਸ ਨੂੰ ਕਿਸੇ ਧਰਮ ਰਾਹੀ ਪ੍ਰਗਟ ਕਰਦਾ ਹੈ। ਉਹ ਜੋਂ ਸਦੀਆਂ ਤੋਂ ਆਪਣੇ ਪੁਰਖਿਆਂ ਵਾਂਗ ਸਵਰਗ, ਨਰਕ, 84 ਲੱਖ ਜੂਨ,ਜੰਤਰ ਮੰਤਰ, ਗੈਬੀ ਸ਼ਕਤੀ, ਭੂਤ ਪ੍ਰੇਤ ਆਦਿ ਅਣਗਿਣਤ ਅੰਧਵਿਸ਼ਵਾਸਾ ਵਿੱਚ ਵਿਸ਼ਵਾਸ ਰੱਖਦਾ ਆ ਰਿਹਾ ਹੈ ਇਸਦੇ ਉਲਟ ਤਰਕ ਅਤੇ ਅਜ਼ਾਦ ਸੋਚ ਰੱਖਣ ਵਾਲੇ ਨੂੰ ਨਾਸਤਿਕ ਕਹਿ ਦਿਤਾ ਜਾਂਦਾ ਹੈ। ਜੋਂ ਕਿਸੇ ਗੈਬੀ ਸ਼ਕਤੀ ਜਾਂ ਕਿਸੇ ਅੰਧਵਿਸ਼ਵਾਸ ਵਿੱਚ ਵਿਸ਼ਵਾਸ ਨਹੀਂ ਰੱਖਦਾ।
ਵਿਸ਼ਵ ਸਮਾਜਿਕ ਸਰਵੇ ਦੁਆਰਾ ਸੌ ਦੇਸ਼ਾਂ ਵਿਚ ਲਗਭਗ ਲੱਖਾਂ ਲੋਕਾਂ ਵਿਚ ਹਾਲੀਆ ਹੀ ਇਕ ਸਰਵੇ ਕਰਵਾਇਆ ਗਿਆ ਜਿਸ ਵਿਚ ਰੱਬ ਦੀ ਹੋਂਦ ਅਤੇ ਵਿਸ਼ਵ ਭਰ ਵਿਚ ਧਰਮ ਵਿਚ ਵਿਸ਼ਵਾਸ ਕਰਨ ਅਤੇ ਨਾ ਕਰਨ ਵਾਲਿਆਂ ਵਿਚ ਤੁਲਨਾ ਕੀਤੀ ਗਈ।ਇਸ ਸਰਵੇ ਦੇ ਮੁਤਾਬਿਕ ਜਿਆਦਾਤਰ ਲੋਕ ਰੱਬ ਦੀ ਹੋਂਦ ਵਿਚ ਯਕੀਨ ਰੱਖਦੇ ਹਨ ਅਤੇ ਆਪਣੀ ਜ਼ਿੰਦਗੀ ਵਿਚ ਧਰਮ ਅਤੇ ਰੱਬ ਦੀ ਮੌਜੂਦਗੀ ਨੂੰ ਮਹੱਤਵਪੂਰਨ ਮੰਨਦੇ ਹਨ। ਇਸ ਸਰਵੇ ਦੇ ਮੁਤਾਬਿਕ ਪੜ੍ਹੇ-ਲਿਖੇ, ਚੇਤੰਨ ਅਤੇ ਸਥਿਰਤਾ ਵਾਲੇ ਲੋਕਾਂ ਦੀ ਤੁਲਨਾ ਵਿਚ ਰੱਬ ਦੀ ਮਹੱਤਤਾ ਮੱਧ-ਵਰਗ, ਘੱਟ-ਪੜ੍ਹੇ ਲਿਖੇ ਵਰਗ ਅਤੇ ਔਰਤਾਂ ਵਿਚ ਜਿਆਦਾ ਹੈ। ਇਤਿਹਾਸ ਦੇ ਪ੍ਰਮੁੱਖ ਚਿੰਤਕਾਂ ਅਤੇ ਦਾਰਸ਼ਨਿਕਾਂ ਜਿਵੇਂ ਕਿ ਸੁਕਰਾਤ, ਪਲੂਟੋ, ਆਈਂਸਟਾਈਨ, ਡਾਰਵਿਨ ਆਦਿ ਨੇ ਰੱਬ ਦੀ ਹੋਂਦ ਦੀ ਬਜਾਇ ਆਤਮਾ, ਦਿਮਾਗ ਅਤੇ ਮਨ ਨੂੰ ਮਹੱਤਵਪੂਰਨ ਮੰਨਿਆ। ਪਲੂਟੋ ਦਾ ਮੰਨਣਾ ਸੀ ਕਿ ਰੱਬ ਇਕ ਅਜਿਹੀ ਗੂੰਦ ਹੈ ਜੋ ਭੌਤਿਕ ਆਲੇ ਦੁਆਲੇ ਵਿਚ ਇਕ ਤਰਤੀਬ ਬਣਾ ਕੇ ਰੱਖਦੀ ਹੈ। ਗੈਲੀਲੀਓ ਅਨੁਸਾਰ ਸੱਚ ਦੀ ਭਾਲ ਲਈ ਵਿਗਿਆਨ ਅਤੇ ਰੱਬ ਦੋਹੇਂ ਹੀ ਇਕ ਸਮਾਨ ਹਨ। ਚਾਰਲਿਸ ਡਾਰਵਿਨ ਹਾਲਾਂਕਿ ਨਾਸਤਿਕ ਨਹੀਂ ਸੀ ਪਰ ਉਸ ਦੇ ਸਿਧਾਂਤ ਨੇ ਪ੍ਰਚਲਿਤ ਧਾਰਮਿਕ ਸਿਧਾਂਤਾਂ ਨੂੰ ਚੁਣੌਤੀ ਦਿੱਤੀ।ਗਾਂਧੀ ਨੇ ਕਦੇ ਰੱਬ ਨੂੰ ਲੈ ਕੇ ਆਪਣੇ ਵਿਚਾਰ ਨਹੀਂ ਪੇਸ਼ ਕੀਤੇ ।ਭਗਤ ਸਿੰਘ ਨੇ ਖੁੱਲ ਕੇ ਆਪਣੇ ਆਪ ਨੂੰ ਨਾਸਤਿਕ ਕਿਹਾ ਅਤੇ ਰੱਬ ਨਾਲ ਸੰਬੰਧਿਤ ਅੰਧ-ਵਿਸ਼ਵਾਸੀ ਵਿਚਾਰਾਂ ਨੂੰ ਚੁਣੌਤੀ ਦਿੱਤੀ। ਮਾਰਕਸਵਾਦ ਦਾ ਮੰਨਣਾ ਹੈ ਕਿ ਮਨੁੱਖ ਨੇ ਰੱਬ ਨੂੰ ਸਿਰਜਿਆ ਹੈ ਨਾ ਕਿ ਰੱਬ ਨੇ ਮਨੁੱਖ ਨੂੰ। ਫਰਾਇਡ ਦਾ ਵਿਚਾਰ ਸੀ ਕਿ ਰੱਬ ਮਨੁੱਖੀ ਦਿਮਾਗ ਦੀ ਕਾਢ ਹੈ। ਇਸੇ ਤਰਾਂ ਹੀ ਦਾਰਸ਼ਨਿਕ ਯਾੱਕ ਲਾਕਾਂ ਦਾ ਮੰਨਣਾ ਸੀ ਕਿ ਨਾਸਤਿਕਵਾਦ ਦੇ ਵਿਚਾਰ ਦਾ ਮਤਲਬ ਰੱਬ ਦੀ ਮੌਤ ਨਹੀਂ ਹੈ ਪਰ ਇਹ ਇਕ ਅਚੇਤਨ ਵਿਵਸਥਾ ਹੈ।ਫਰਾਂਸੀਸੀ ਲੇਖਕ ਅਤੇ ਦਾਰਸ਼ਨਿਕ ਨੇ ਲਿਖਿਆ ਕਿ ਉਹ ਨਾ ਵਿਸ਼ਵਾਸ ਕਰਨ ਵਾਲਾ ਹੈ, ਪਰ ਨਾਸਤਿਕ ਨਹੀਂ ਹੈ। ਉਸ ਦਾ ਆਪਣਾ ਇਕ ਗੁਪਤ ਧਰਮ ਹੈ।ਪਰ ਹਾਲੇ ਵੀ ਇਹ ਸਾਬਿਤ ਕਰਨ ਲਈ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਰੱਬ ਦੀ ਕੋਈ ਹੋਂਦ ਨਹੀਂ ਹੈ, ਪਰ ਤਰਕ ਦੇ ਵਿਚਾਰਾਂ ਨੇ ਰੱਬ ਦੀ ਹੋਂਦ ਸੰਬੰਧੀ ਵੀ ਕੋਈ ਉੱਤਰ ਨਹੀਂ ਪਾਇਆ ਹੈ। ਹਾਲਾਂਕਿ ਅਨਿਸ਼ਚਿਤਤਾ ਤੋਂ ਬਗੈਰ ਧਰਮ ਜਾਂ ਵਿਸ਼ਵਾਸ ਸੰਭਵ ਨਹੀਂ ਹੈ, ਪਰ ਰੱਬ ਦੀ ਹੋਂਦ ਦੇ ਰਹੱਸ ਨੂੰ ਮਨੁੱਖ ਪੂਰੀ ਤਰਾਂ ਨਹੀਂ ਜਾਣ ਪਾਵੇਗਾ। ਤਰਕਵਾਦੀਆਂ ਨੇ ਵੀ ਰਹੱਸ ਤੋਂ ਪਰਦਾ ਉਠਾਉਣ ਦੀ ਕੋਸ਼ਿਸ਼ ਕੀਤੀ ਕਿ ਰੱਬ ਕਿੱਥੋਂ ਆਇਆ ਪਰ ਇਸ ਦਾ ਅਜੇ ਵੀ ਕੋਈ ਠੋਸ ਜਵਾਬ ਨਹੀ ਮਿਲ ਸਕਿਆ। ਦੁਨੀਆਂ ਦੇ ਵਿਕਸਤ ਦੇਸ਼ਾਂ ਵਿਚ ਤਰਕ ਆਪਣੀ ਪ੍ਰਮਾਣਿਕਤਾ ਸਿੱਧ ਕਰਨ ਵੱਲ ਵਧ ਰਿਹਾ ਹੈ ਅਤੇ ਇਹ ਦੇਸ਼ ਆਪਣੀ ਸੂਝ ਬੂਝ ,ਮਿਹਨਤ ਅਤੇ ਵਿਗਿਆਨ ਨਾਲ ਬਹੁਤ ਅੱਗੇ ਨਿਕਲ ਚੁੱਕੇ ਹਨ ਅਤੇ ਇਹ ਦੇਸ਼ ਅੰਧਵਿਸ਼ਵਾਸ ਅਤੇ ਕਾਲਪਨਿਕ ਭਰਮਾਂ ਵਿੱਚ ਆਪਣਾ ਸਮਾਂ ਬਰਬਾਦ ਕਰਨ ਦੀ ਬਜਾਏ ਦੇਸ ਦੀ ਤਰੱਕੀ ਲਈ ਕੰਮ ਕਰ ਰਹੇ ਹਨ। ਜਦੋਂ ਕਿ ਘੱਟ-ਵਿਕਸਿਤ ਦੇਸ਼ਾਂ ਵਿਚ ਲੋਕ ਅਜੇ ਵੀ ਅੰਧਵਿਸ਼ਵਾਸ਼ਾਂ ਅਤੇ ਕਾਲਪਨਿਕ ਭਰਮਾਂ ਦਾ ਸ਼ਿਕਾਰ ਹਨ। ਭਾਰਤ ਦੇਸ਼ ਦੇ ਸ਼ਹੀਦ ਭਗਤ ਸਿੰਘ ਦੀ ਸੋਚ ਵੀ ਅਜ਼ਾਦ ਅਤੇ ਤਰਕਵਾਦੀ ਸੀ ਫਾਂਸੀ ਤੋਂ ਪਹਿਲਾਂ ਕਿਸੇ ਨੇ ਭਗਤ ਸਿੰਘ ਨੂੰ ਕਿਹਾ ਕਿ ਹੁਣ ਤੂੰ ਰੱਬ ਦੀ ਪੂਜਾ ਕਰਿਆ ਕਰ ਤਾਂ ਭਗਤ ਸਿੰਘ ਦਾ ਜਵਾਬ ਸੀ ਕਿ ਠੀਕ ਹੈ ਤੂੰ ਆਪਣੇ ਰੱਬ ਨੂੰ ਕਹਿ ਕਿ ਬਿਨਾਂ ਖੂਨ ਖ਼ਰਾਬੇ ਤੋਂ ਦੇਸ਼ ਅਜ਼ਾਦ ਹੋਏ ,ਦੇਸ਼ ਦੀ ਕਮਾਨ ਰੱਬ ਆਪ ਸੰਭਾਲੇ, ਦੇਸ਼ ਦੀ ਗਰੀਬੀ ਖ਼ਤਮ ਹੋਏ, ਦੇਸ਼ ਨੂੰ ਅਮੀਰ ਅਤੇ ਖੁਸ਼ਹਾਲ ਬਣਾਏ, ਕਿਸੇ ਦਰਿੰਦਗੀ ਦਾ ਸ਼ਿਕਾਰ ਹੋਈ ਬੱਚੀ ਦੀ ਚੀਕ ਸੁਣੇ, ਸ਼ਾਇਦ ਇਸਦਾ ਕੋਈ ਜਵਾਬ ਨਹੀਂ ਸੀ ਅਤੇ ਭਗਤ ਸਿੰਘ ਅਖੀਰ ਤੱਕ ਸੱਚ, ਤਰਕ, ਵਿਚਾਰ ਅਤੇ ਦੇਸ਼ ਦੀ ਅਜ਼ਾਦੀ ਦੀ ਲੜਾਈ ਲੜਦੇ ਸ਼ਹੀਦ ਹੋ ਗਏ ਪਰ ਦੇਸ਼ ਨੂੰ ਰੂੜੀਵਾਦੀ ਸੋਚ ਤੋਂ ਅਜ਼ਾਦ ਕਰਵਾਉਣ ਦਾ ਉਨ੍ਹਾਂ ਦਾ ਸੁਪਨਾ ਅਜੇ ਤੱਕ ਵੀ ਅਧੂਰਾ ਪਿਆ ਹੈ।

ਕੁਲਦੀਪ ਸਿੰਘ ਰਾਮਨਗਰ
9417990040

ਮਜ਼ਾਕ ਕਿਤੇ ਜੀਅ ਦਾ ਜੰਜਾਲ ਨਾ ਬਣ ਜਾਏ ✍️ ਮਨਜੀਤ ਕੌਰ ਧੀਮਾਨ

ਹੱਸਣਾ ਖੇਡਣਾ ਇੱਕ ਬਹੁਤ ਵਧੀਆ ਗੱਲ ਹੈ। ਸਾਨੂੰ ਇਹ ਜੀਵਨ ਬਹੁਤ ਭਾਗਾਂ ਨਾਲ਼ ਮਿਲਿਆ ਹੈ। ਖੁਸ਼ ਰਹਿ ਕੇ ਅਸੀਂ ਆਪਣੇ ਨਾਲ਼-ਨਾਲ਼ ਬਾਕੀਆਂ ਲਈ ਵੀ ਰਾਹ ਦਸੇਰੇ ਬਣ ਸਕਦੇ ਹਾਂ। ਪਰ ਹਰ ਚੀਜ਼ ਦੀ ਇੱਕ ਸੀਮਿਤ ਸਮਰੱਥਾ ਵੀ ਹੁੰਦੀ ਹੈ। ਇਸੇ ਤਰ੍ਹਾਂ ਹੱਸਣ-ਖੇਡਣ ਦਾ ਵੀ ਸਮਾਂ ਹੁੰਦਾ ਹੈ ਜਾਂ ਮੌਕਾ ਹੁੰਦਾ ਹੈ।

             ਅਕਸਰ ਦੇਖਣ ਵਿਚ ਆਉਂਦਾ ਹੈ ਕਿ ਕੁੱਝ ਲੋਕ ਜਿਹੜੇ ਮਜ਼ਾਕੀਆ ਸੁਭਾਅ ਦੇ ਹੁੰਦੇ ਹਨ, ਉਹ ਵੱਡੀ ਤੋਂ ਵੱਡੀ ਸਮੱਸਿਆ ਦੇ ਸਮੇਂ ਵੀ ਕੁੱਝ ਨਾ ਕੁੱਝ ਮਜ਼ਾਕ ਕਰਦੇ ਰਹਿੰਦੇ ਹਨ। ਇਹ ਚੰਗੀ ਗੱਲ ਹੈ ਕਿ ਹੱਸਦੇ-ਹਸਾਉਂਦੇ ਮੁਸ਼ਕਿਲਾਂ ਦਾ ਹੱਲ ਕਰ ਲਿਆ ਜਾਵੇ। ਪਰ ਕਦੇ-ਕਦੇ ਦੂਜਿਆਂ ਦੀਆਂ ਤਕਲੀਫ਼ਾਂ ਸਮੇਂ ਕੀਤਾ ਮਜ਼ਾਕ ਸਾਨੂੰ ਮਹਿੰਗਾ ਪੈ ਸਕਦਾ ਹੈ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਕੋਈ ਮਜ਼ਾਕ ਸਹਿਣ ਜੋਗਾ ਨਹੀਂ ਹੁੰਦਾ ਜਾਂ ਕਈ ਵਾਰ ਮੌਕੇ ਹੀ ਅਜਿਹੇ ਹੁੰਦੇ ਹਨ ਕਿ ਉੱਥੇ ਮਜ਼ਾਕ ਚੰਗਾ ਨਹੀਂ ਲੱਗਦਾ।

                ਸਕੂਲ ਕਾਲਜ ਵਿੱਚ ਬੱਚੇ ਕਈ ਵਾਰ ਇੱਕ ਦੂਜੇ ਨੂੰ ਮਜ਼ਾਕ ਵਿੱਚ ਕੁੱਝ ਗਲਤ ਬੋਲ ਦਿੰਦੇ ਹਨ ਪਰ ਇਹ ਮਜ਼ਾਕ ਉਦੋਂ ਜੀਅ ਦਾ ਜੰਜਾਲ ਬਣ ਜਾਂਦਾ ਹੈ ਜਦੋਂ ਦੂਸਰਾ ਬੱਚਾ ਕੋਈ ਗਲਤ ਰਾਹ ਅਪਣਾ ਲੈਂਦਾ ਹੈ। ਕਈ ਬੱਚੇ ਤਾਂ ਐਨੇ ਨਾਜ਼ੁਕ ਹੁੰਦੇ ਹਨ ਕਿ ਛੋਟੇ ਜਿਹੇ ਮਜ਼ਾਕ ਨੂੰ ਆਪਣੀ ਬੇਇਜ਼ਤੀ ਮੰਨ ਕੇ ਆਤਮਹੱਤਿਆ ਵਰਗੇ ਭਿਆਨਕ ਗੁਨਾਹ ਕਰ ਬਹਿੰਦੇ ਹਨ। ਕਈ ਵਾਰ ਅਧਿਆਪਕ ਦੀ ਕਹੀ ਗੱਲ ਵੀ ਬੱਚੇ ਦਿਲ ਤੇ ਲਾ ਲੈਂਦੇ ਹਨ। ਇਹਨਾਂ ਵਿੱਚੋਂ ਕੁੱਝ ਅਜਿਹੇ ਵੀ ਹੁੰਦੇ ਹਨ ਜੋ ਕਿ ਬਦਲਾ ਲੈਂਦੇ ਹਨ ਤੇ ਮਜ਼ਾਕ ਦਾ ਖ਼ਮਿਆਜ਼ਾ ਹਸਪਤਾਲ਼ 'ਚ ਜਾ ਕੇ ਭੁੱਗਤਣਾ ਪੈ ਸਕਦਾ ਹੈ। ਜਾਂ ਕਈ ਥਾਣੇ ਰਿਪੋਰਟ ਲਿਖਵਾ ਦਿੰਦੇ ਹਨ ਜਿਸ ਕਰਕੇ ਜੇਲ੍ਹ 'ਚ ਚੱਕੀ ਪੀਸਣੀ ਪੈ ਜਾਂਦੀ ਹੈ।

                  ਇੱਕ ਹੋਰ ਗੱਲ ਕਿ ਮਜ਼ਾਕ ਕਰਨ ਵਾਲੇ ਨੂੰ ਮਜ਼ਾਕ ਸਹਿਣਾ ਔਖਾ ਲੱਗਦਾ ਹੈ। ਉਹ ਅਕਸਰ ਦੂਜਿਆਂ ਨਾਲ਼ ਮਜ਼ਾਕ ਕਰਦਾ ਹੈ ਪਰ ਆਪਣੀ ਵਾਰੀ ਭੜ੍ਹਕ ਜਾਂਦਾ ਹੈ। ਇਸ ਲਈ ਮਜ਼ਾਕੀਆ ਇਨਸਾਨ ਨੂੰ ਆਪ ਵੀ ਮਜ਼ਾਕ ਸਹਿਣ ਕਰਨ ਦੀ ਹਿੰਮਤ ਰੱਖਣੀ ਜ਼ਰੂਰੀ ਹੈ।

                 ਇੱਕ ਵਾਰ ਇੱਕ ਪਿੰਡ ਦੀ ਕੁੜੀ ਨੂੰ ਸ਼ਹਿਰ ਵਿੱਚ ਨੌਕਰੀ ਮਿਲ ਗਈ। ਹੁਣ ਉਹ ਵਿਚਾਰੀ ਨਵੀਆਂ ਸਹੂਲਤਾਂ ਤੋਂ ਸੱਖਣੀ ਸੀ। ਘਰ ਵਿੱਚ ਗੁਸਲਖਾਨੇ ਦੇ ਵਿੱਚ ਅੰਗਰੇਜ਼ੀ ਦੀ ਥਾਂ ਦੇਸੀ ਸੀਟ ਸੀ। ਉਹ ਪੜ੍ਹੀ ਵੀ ਸਰਕਾਰੀ ਸਕੂਲਾਂ ਵਿੱਚ ਸੀ ਤੇ ਉੱਥੇ ਵੀ ਉਹੀਓ ਦੇਸੀ ਗੁਸਲਖਾਨੇ ਸਨ। ਇਸ ਕਰਕੇ ਨਵੀਂ ਨੌਕਰੀ ਵਾਲ਼ੀ ਥਾਂ ਅੰਗਰੇਜ਼ੀ ਗੁਸਲਖਾਨਾ ਉਹਨੂੰ ਵਰਤਣਾ ਨਾ ਆਇਆ। ਨਾਲ਼ ਦੀਆਂ ਸਹੇਲੀਆਂ ਨੂੰ ਬਹੁਤ ਜਲਦੀ ਓਹਦੀ ਇਹ ਕਮਜ਼ੋਰੀ ਸਮਝ ਆ ਗਈ ਤੇ ਬੱਸ ਫੇਰ ਕੀ ਸੀ, ਲੱਗੀਆਂ ਨਿੱਤ ਉਸਦਾ ਮਜ਼ਾਕ ਉਡਾਉਣ। ਉਹ ਵਿਚਾਰੀ ਵੀ ਸਮਝਦੀ ਸੀ ਕਿ ਇਹ ਸੱਭ ਗੱਲਾਂ ਮੈਨੂੰ ਹੀ ਸੁਣਾਉਂਦੀਆਂ ਹਨ ਪਰ ਉਹ ਚੁੱਪ ਕਰਕੇ ਸੁਣਦੀ ਰਹਿੰਦੀ। ਹੌਲ਼ੀ ਹੌਲ਼ੀ ਉਸ ਕੁੜੀ ਨੇ ਆਪਣੇ ਆਪ ਨੂੰ ਨਵੀਆਂ ਸਹੂਲਤਾਂ ਅਨੁਸਾਰ ਤਾਂ ਢਾਲ ਲਿਆ ਪਰ ਨਾਲਦੀਆਂ ਦਾ ਮਜ਼ਾਕ ਉਹਨੂੰ ਹਮੇਸ਼ਾਂ ਯਾਦ ਆਉਂਦਾ। ਤੇ ਉਹ ਅਕਸਰ ਸੋਚਦੀ ਕਿ ਜੇ ਮੇਰੀ ਥਾਂ ਕੋਈ ਹੋਰ ਕਮਜ਼ੋਰ ਦਿਲ ਕੁੜੀ ਹੁੰਦੀ ਤਾਂ ਸ਼ਾਇਦ ਨੌਕਰੀ ਛੱਡ ਦਿੰਦੀ। ਪਰ ਉਹਦੀਆਂ ਸਹੇਲੀਆਂ ਨੂੰ ਉਸਨੂੰ ਸਹੀ ਤਰੀਕੇ ਨਾਲ਼ ਸਿਖਾਉਣਾ ਚਾਹੀਦਾ ਸੀ ਨਾ ਕਿ ਉਹਦਾ ਬੇਮਤਲਬ ਮਜ਼ਾਕ ਉਡਾਉਣਾ। 

                  ਕੁੱਝ ਲੋਕ ਦੂਸਰਿਆਂ ਨੂੰ ਹਸਾਉਂਦੇ ਹਨ। ਉਹ ਨਿਰਦੋਸ਼ ਮਜ਼ਾਕ ਕਰਦੇ ਹਨ। ਉਹਨਾਂ ਦਾ ਕੰਮ ਹੀ ਹੱਸਣਾ-ਹਸਾਉਣਾ ਹੁੰਦਾ ਹੈ।ਪਰ ਉਹਨਾਂ ਦਾ ਇਹ ਕੰਮ ਤਦ ਤੱਕ ਹੀ ਕਾਮਯਾਬ ਹੁੰਦਾ ਹੈ ਜਦ ਤੱਕ ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਣ। ਮਾੜੀ ਜਿਹੀ ਜ਼ੁਬਾਨ ਫਿਸਲੀ ਤੇ ਨਾਲ਼ ਹੀ ਸਾਰੀ ਜ਼ਿੰਦਗੀ ਦੀ ਕੀਤੀ ਕਰਾਈ ਤੇ ਪਾਣੀ ਫਿਰ ਜਾਂਦਾ ਹੈ। ਇਸ ਲਈ ਮਜ਼ਾਕ ਕਰੋ ਪਰ ਮਜ਼ਾਕ ਕਰਕੇ ਮਜ਼ਾਕ ਦੇ ਪਾਤਰ ਨਾ ਬਣੋ। ਲੋਕਾਂ ਨੂੰ ਹਸਾਉਣਾ ਬਹੁਤ ਸੋਹਣੀ ਗੱਲ ਹੈ ਪਰ ਮਜ਼ਾਕ ਕਰਕੇ ਕਿਸੇ ਨੂੰ ਨੀਵਾਂ ਨਾ ਦਿਖਾਉ।

                  ਸੱਭ ਤੋਂ ਪਿਆਰੀ ਗੱਲ ਹੈ ਕਿ ਚਿਹਰੇ ਤੇ ਮੁਸਕਾਨ ਰੱਖੋ। ਤੁਹਾਨੂੰ ਦੇਖ ਕੇ ਪਤਾ ਨਹੀਂ ਕਿੰਨਿਆਂ ਦੇ ਚਿਹਰੇ ਖਿੜ ਜਾਂਦੇ ਹਨ। ਨਿਰਦੋਸ਼ ਮਜ਼ਾਕ ਕਰ ਸਕਦੇ ਹਾਂ ਪਰ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ। ਮਜ਼ਾਕ ਕਰਨਾ ਤੇ ਮਜ਼ਾਕ ਉਡਾਉਣਾ ਦੋਵੇਂ ਵੱਖੋ-ਵੱਖਰੇ ਅਰਥ ਰੱਖਦੇ ਹਨ।

                  ਸੋ ਆਓ ਇਸ ਦੁਨੀਆਂ ਨੂੰ ਪਿਆਰ ਨਾਲ ਭਰੀਏ, ਹਾਸੇ ਖੇੜੇ ਵੰਡੀਏ। ਬੱਸ ਧਿਆਨ ਇਹ ਰੱਖਣਾ ਹੈ ਕਿ ਸਾਡਾ ਹਾਸਾ-ਮਜ਼ਾਕ ਜੀਵਨ ਦੇਣ ਵਾਲਾ ਹੋਵੇ ਜੀਵਨ ਖੋਹਣ ਵਾਲਾ ਨਹੀਂ।

 

ਮਨਜੀਤ ਕੌਰ ਧੀਮਾਨ, ਸਪਰਿੰਗ ਡੇਲ ਪਬਲਿਕ ਸਕੂਲ, ਸ਼ੇਰਪੁਰ, ਲੁਧਿਆਣਾ। ਸੰ:9464633059

ਇਸ਼ਤਿਹਾਰ (ਮਿੰਨੀ ਕਹਾਣੀ  ) ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ

 "ਸਿਮਰਨ ਛੇਤੀ ਆ, ਤੇਰੀ ਮੰਮੀ ਦਾ ਫੋਨ ਐ l" ਮਨਦੀਪ ਨੇ ਉੱਚੀ ਆਵਾਜ   ਲਗਾ ਕੇ ਆਪਣੀ ਪਤਨੀ ਨੂ ਬੁਲਾਉਦਿਆਂ ਕਿਹਾ।                    

        "ਤੁਸੀਂ ਗੱਲ ਕਰੋ ਜਰਾ,ਮੈਂ ਬੱਸ ਸੋਨੂੰ  ਨੂੰ ਦੁੱਧ ਪਿਲਾ ਕੇ ਹੁਣੇ ਆਈ l" ..ਤੇ ਕੁੱਝ ਦੇਰ ਮਗਰੋਂ ਰਸੀਵਰ ਪਕੜਦਿਆਂ ਸਿਮਰਨ ਦੇ ਪੈਰਾਂ ਹੇਠੋ ਜ਼ਮੀਨ ਖਿਸਕ ਗਈ ਜਦ ਉਸ ਦੀ ਮਾਂ ਨੇ ਦੱਸਿਆ ਕਿ "ਤੇਰੀ ਪੱਕੀ ਸਹੇਲੀ ਸਵਿਤਾ ਹਸਪਤਾਲ 'ਚ ਐ l ਉਹ ਬਹੁਤ ਜਲ ਗਈ ਹੈ ਤੇ ਉਸ ਦਾ ਬੱਚਾ ਵੀ ਉਸ ਦੇ ਪੇਟ 'ਚ ਈ ਖਤਮ ਹੋ ਗਿਆ।"                                 

   "ਪਰ ਮਾਂ ਕਿੱਦਾਂ?" ਸਿਮਰਨ ਰੋਣਹਾਕੀ ਹੋਈ ਪੂਰੀ ਤਰਾਂ ਘਬਰਾ ਗਈ l "ਪੁੱਤ ਇਥੇ ਤਾਂ ਸਾਰੇ ਇਹੀ ਕਹਿੰਦੇ ਆ ਬਈ 

ਸਹੁਰਿਆਂ... l"            

  "ਹਾਏ ਰੱਬਾ ! ਸਿਮਰਨ ਜਿਵੇੰ ਖ਼ੁਦ ਨੂੰ ਸੰਭਾਲ ਨਾ ਪਾ ਰਹੀ ਹੋਵੇ l ਪਤੀ ਨੂੰ ਸਭ ਕੁੱਝ ਦੱਸਦਿਆਂ ਉਹ ਛੇਤੀ ਨਾਲ ਹਸਪਤਾਲ ਪਹੁੰਚ ਗਈ l ਹਸਪਤਾਲ 'ਚ ਬਹੁਤ ਭੀੜ ਜਮ੍ਹਾ ਸੀ l ਸਵਿਤਾ ਨੂੰ ਦੇਖਦਿਆਂ ਹੀ ਸਿਮਰਨ ਦੀ ਚੀਕ ਨਿਕਲ ਗਈ l                    'ਹਾਏ ਰੱਬਾ ! ਏਨੀ ਸੋਹਣੀ -ਸੁਨੱਖੀ ਕੁੜੀ ਕਿੰਨੀ ਕਰੂਪ ਹੋ ਗਈ l'                 ਸਵਿਤਾ ਦੇ  ਸਹੁਰੇ  ਪਰਿਵਾਰ ਦੇ ਕੁੱਝ ਮੈਂਬਰਾਂ ਵਿੱਚ ਉਸਦੀ ਸੱਸ ਨੂੰ ਬੈਠੀ ਦੇਖਦਿਆਂ ਹੀ ਜਿਵੇੰ ਸਿਮਰਨ ਨੂੰ ਜ਼ਹਿਰ ਚੜ੍ਹ ਗਿਆ ਤੇ   ਉਸ ਨੂੰ  ਡੇਢ ਸਾਲ ਪਹਿਲਾਂ ਦੀ ਗੱਲ ਯਾਦ ਆ ਗਈ l ਜਦੋਂ ਅਖ਼ਬਾਰ 'ਚ ਇਸਤਿਹਾਰ ਪੜ੍ਹਨ ਮਗਰੋਂ ਸਿਮਰਨ ਦੇ ਵਿਆਹ ਦੀ ਗੱਲ ਚੱਲੀ ਸੀ ਤਾਂ ਇਹ ਪੂਰਾ ਟੱਬਰ ਉਸਨੂੰ ਦੇਖਣ ਆਇਆ ਸੀ l ਉਨ੍ਹਾਂ ਦੀ ਖਾਤਿਰਦਾਰੀ 'ਚ ਉਸਦੇ ਘਰਦਿਆਂ ਨੇ ਕੋਈ ਕਸਰ ਬਾਕੀ ਨਹੀਂ ਸੀ ਛੱਡੀ l ਸਾਰੀ ਗੱਲਬਾਤ ਮਗਰੋਂ ਮੁੰਡੇ ਦੀ ਮਾਂ ਬੋਲੀ ਸੀ, "ਕੁੜੀ ਦਾ ਰੰਗ ਜਰਾ ਸਾਂਵਲਾ ਏ.... ਚਲੋ... l ਬਾਕੀ ਸਾਡਾ ਮੁੰਡਾ ਮਰੂਤੀ ਕਾਰ ਤਾਂ ਬਿਲਕੁਲ ਪਸੰਦ ਨੀ ਕਰਦਾ l ਤੇ ਏ. ਸੀ, ਫਰਿੱਜ, ਵਸਿੰਗ ਮਸ਼ੀਨ, ਟੀ ਵੀ, ਫਰਨੀਚਰ ਵਗੈਰਾ ਆਮ ਚੀਜਾਂ ਤਾਂ ਤੁਸੀਂ ਆਪਣੀ ਧੀ ਨੂੰ ਈ ਦੇਣੀਆਂ ਨੇ  । ਸੋਨਾ ਤਾਂ ਪਾਉਗੇ ਈ..... ਤੇ..... l" 

     ਸਿਮਰਨ ਦੇ ਪਾਪਾ ਤੇ ਚਿਹਰੇ 'ਤੇ ਉਨ੍ਹਾਂ ਦੀ ਮੁਤਾਬਿਕ ਅਸਮਰੱਥਾ ਦੀ ਝਲਕ ਸਾਫ ਦਿਖਾਈ ਦੇ ਰਹੀ ਸੀ l ਜਿਸਨੂੰ ਮੁੰਡੇ ਵਾਲਿਆਂ ਨੇ ਭਾਂਪਦਿਆਂ ਈ ਕਿਹਾ ਸੀ, "ਚੱਲੋ ਬਈ ਸੋਚ ਲਵਾਂਗੇ l ਕੁੜੀ ਦਾ ਰੰਗ ਸਾਂਵਲਾ ਏ,ਹੋਰ ਤਾਂ ਕੋਈ ਗੱਲ ਨੀ l ਅਸੀਂ ਕਿਹੜਾ ਮੁੰਡਾ ਵਾਰ -ਵਾਰ ਵਿਆਹੁਣਾ ਏ l"                                         ਤੇ ਉਹ ਸਭ ਉੱਠ ਕੇ ਚਲੇ ਗਏ ਸੀ l  ਬਹੁਤ ਰੋਈ ਸੀ ਸਿਮਰਨ ਉਸ ਦਿਨ l  ਉਸ ਅੰਦਰ ਆਪਣੇ ਰੰਗ ਨੂੰ ਲੈ ਕੇ ਬਹੁਤ ਗਹਿਰਾਈ ਤੱਕ ਹੀਣ- ਭਾਵਨਾ  ਆ ਗਈ ਸੀ l ਤੇ ਇਹ ਸਬੱਬ ਹੀ ਸੀ ਕਿ ਉਸਦੀ ਸਹੇਲੀ ਸਵਿਤਾ ਦਾ ਰਿਸ਼ਤਾ ਉਸ ਮੁੰਡੇ ਨਾਲ ਹੋ ਗਿਆ ਸੀl ਸਵਿਤਾ ਦੇ ਘਰਦਿਆਂ ਨੇ ਵਿਤੋਂ ਵੱਧ ਖ਼ਰਚ ਕੀਤਾ ਤੇ ਬਹੁਤ ਕੁੱਝ ਦਹੇਜ ਵਿੱਚ ਦਿਤਾ l ਸਿਮਰਨ ਸਵਿਤਾ ਨੂੰ ਹਮੇਸ਼ਾ ਹੀ ਖੁਸ਼ਨਸੀਬ ਸਮਝਦੀ ਸੀ ਜੋ..... l ਪਰ ਅੱਜ, ਇਹ ਸਭ..... ਸਵਿਤਾ ਦਾ ਹੋਣ ਵਾਲਾ ਬੱਚਾ.... ਇਨ੍ਹਾਂ ਜ਼ੁਲਮ  !                        

    "ਦਫਾ  ਹੋ ਜਾਹ ਇਥੋਂ, ਦਫਾ  ਹੋ ਜਾਹ. ਤੂੰ ਕਿਹਦਾ ਹਾਲ ਪੁੱਛਣ ਬੈਠੀ ਏ ? ਪਹਿਲਾ ਆਪ ਈ ਤੇਲ ਪਾ ਕੇ ਸਾੜਤਾ ਤੇ ਹੁਣ ਇਥੇ ਮੀਸਣੀ ਬਣੀ ਬੈਠੀ ਏਂ l" ਸਵਿਤਾ ਦੀ ਮਾਂ ਆਪਣੀ ਧੀ ਦੀ ਸੱਸ ਨੂੰ ਬਾਹੋਂ ਫੜ ਬਾਹਰ ਵੱਲ ਨੂੰ ਧਕੇਲਦਿਆਂ ਚੀਕ -ਚੀਕ ਕੇ ਰੋ ਪਈ l "ਤੁਸੀਂ ਮੇਰੀ ਧੀ ਨੂੰ... ਦੱਸੋ ਕੀ ਨੀ ਦਿਤਾ ਥੋਨੂੰ ਅਸੀਂ... ਤੁਸ਼ੀਂ ਭੁੱਖੇ ਲੋਕ ਤਾਂ ਮੁੰਡੇ ਦਾ ਇਸਤਿਹਾਰ ਦੇਣ ਵੇਲੇ ਨਾਲ ਹੀ ਇਹ ਵੀ   ਲਿਖਵਾ  ਦਿਆ ਕਰੋ ਬਈ ਇੰਨੇ ਲੱਖ ਵੀ ਨਾਲ ਹੀ ਨਗਦ ਚਾਹੀਦਾ ਹੈ l ਬਾਅਦ 'ਚ ਕਿਉਂ ਇੰਜ ਦੂਜਿਆਂ ਦੀਆਂ   ਮਾਸੂਮ ਧੀਆਂ ਨੂੰ ਸਾੜਦੇ ਹੋ l ਥੋਡੇ ਵਰਗਿਆਂ ਨੂੰ ਤਾਂ ਫਾਹੇ ਲਾ ਦੇਣਾ ਚਾਹੀਦਾ ਹੈ l" ਇਹ ਕਹਿੰਦਿਆਂ  ਉਹ ਬੇਹੋਸ਼ ਹੋ ਕੇ ਡਿੱਗ ਪਈ l ਕੁੱਝ ਨਰਸਾਂ ਜਲਦੀ ਨਾਲ ਉਸਨੂੰ ਚੁੱਕ ਕੇ ਲੈ ਗਈਆਂ l ਇਹ ਸਭ ਦੇਖਦੀ, ਸੁਣਦੀ ਸਿਮਰਨ ਫੁੱਟ -ਫੁੱਟ ਕੇ ਰੋਈ ਜਾ ਰਹੀ ਸੀ l

ਮਨਪ੍ਰੀਤ ਕੌਰ ਭਾਟੀਆ 

ਫ਼ਿਰੋਜ਼ਪੁਰ ਸ਼ਹਿਰ  

ਮੰਟੋ ਨੂੰ ਯਾਦ ਕਰਦਿਆਂ ✍️ ਸ. ਸੁਖਚੈਨ ਸਿੰਘ ਕੁਰੜ

ਸਾਹਿਤ ਦੀ ਦੁਨੀਆਂ ਵਿੱਚ ਜਦੋਂ ਕਦੇ ਵੀ ਕਹਾਣੀ ਜਾਂ ਅਫਸਾਨੇ ਦੀ ਗੱਲ ਚੱਲੇਗੀ ਤਾਂ ਇੱਕ ਪਿਆਰਾ ਜਿਹਾ ਨਾਂ ਸਆਦਤ ਹਸਨ ਮੰਟੋ ਜੋ ਕਿ ਉਰਦੂ ਦੇ ਮਹਾਨ ਅਫਸਾਨਾ ਨਿਗਾਰ (ਕਹਾਣੀਕਾਰ) ਹੋਏ ਹਨ, ਉਹਨਾਂ ਦਾ ਨਾਂ ਮੱਲੋ-ਮੱਲੀ ਹਰ ਇੱਕ ਦੀ ਜ਼ੁਬਾਨ ਤੇ ਮੋਹਰੀ ਹੋਕੇ ਸਤਿਕਾਰ ਦਾ ਪਾਤਰ ਬਣੇਗਾ। ਇਹਨਾਂ ਦੇ ਬਗੈਰ ਅਫਸਾਨੇ ਜਾਂ ਕਹਾਣੀ ਦੀ ਗੱਲ ਅਧੂਰੀ ਹੀ ਰਹੇਗੀ ਜੇ ਅਸੀਂ ਇਸ ਗੱਲ ਦੇ ਪੱਖ ਵਿੱਚ ਆਪਣੀ ਗੱਲ ਰੱਖੀਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। 

ਸਆਦਤ ਹਸਨ ਮੰਟੋ ਦਾ ਜਨਮ 11 ਮਈ 1912 ਨੂੰ ਸਮਰਾਲਾ ਪਿੰਡ ਪਪੜੌਦੀ ਨੇੜਲੇ ਵਿੱਚ ਹੋਇਆ। ਸਆਦਤ ਹਸਨ ਮੰਟੋ ਦੇ ਪਿਤਾ ਗ਼ੁਲਾਮ ਹਸਨ ਮੰਟੋ ਕਸ਼ਮੀਰੀ ਸਨ। ਮੰਟੋ ਦੇ ਜਨਮ ਤੋਂ ਜਲਦ ਬਾਅਦ ਉਹ ਅੰਮ੍ਰਿਤਸਰ ਚਲੇ ਗਏ ਅਤੇ ਉਥੋਂ ਦੇ ਇੱਕ ਮੁਹੱਲੇ ਕੂਚਾ ਵਕੀਲਾਂ ਵਿੱਚ ਰਹਿਣ ਲੱਗੇ। ਮੰਟੋ ਦੀ ਮੁੱਢਲੀ ਪੜ੍ਹਾਈ ਘਰ ਵਿੱਚ ਹੀ ਹੋਈ ਅਤੇ 1921 ਵਿੱਚ ਉਸ ਨੂੰ ਐਮ ਏ ਓ ਮਿਡਲ ਸਕੂਲ ਵਿੱਚ ਚੌਥੀ ਜਮਾਤ ਵਿੱਚ ਦਾਖ਼ਲ ਕਰਾਇਆ ਗਿਆ। ਉਸਦਾ ਵਿੱਦਿਅਕ ਕੈਰੀਅਰ ਠੀਕ ਠੀਕ ਹੀ ਸੀ। ਮੈਟ੍ਰਿਕ ਦੇ ਇਮਤਿਹਾਨ ਵਿੱਚੋਂ ਤਿੰਨ ਵਾਰ ਫ਼ੇਲ੍ਹ ਹੋਣ ਤੋਂ ਬਾਅਦ ਉਸ ਨੇ 1931 ਵਿੱਚ ਮੈਟ੍ਰਿਕ ਪਾਸ ਕੀਤੀ ਅਤੇ ਉਸ ਤੋਂ ਬਾਅਦ ਉਸ ਨੇ ਹਿੰਦੂ ਸਭਾ ਕਾਲਜ ਵਿੱਚ ਐਫ਼ ਏ ਵਿੱਚ ਦਾਖਲਾ ਲਿਆ। 1932 ਵਿੱਚ ਮੰਟੋ ਦੇ ਪਿਤਾ ਦੀ ਮੌਤ ਹੋ ਗਈ ਜਿਸ ਕਾਰਨ ਉਸ ਨੂੰ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ। 

ਉਸ ਦੀ ਜ਼ਿੰਦਗੀ ਵਿੱਚ 1933 ਦੌਰਾਨ ਵੱਡਾ ਮੋੜ ਆਇਆ ਜਦੋਂ ਉਸਦਾ ਵਾਹ ਸਿਰਕੱਢ ਲੇਖਕ ਅਬਦੁਲ ਬਾਰੀ ਅਲਿਗ ਨਾਲ ਪਿਆ। ਉਨ੍ਹਾਂ ਨੇ ਮੰਟੋ ਨੂੰ ਅੰਗਰੇਜ਼ੀ ਤੇ ਫਰਾਂਸੀਸੀ ਅਤੇ ਰੂਸੀ ਸਾਹਿਤ ਪੜ੍ਹਨ ਲਈ ਪ੍ਰੇਰਿਆ।

 ਮੰਟੋ ਜ਼ਿਆਦਾਤਰ ਲਾਹੌਰ, ਅੰਮ੍ਰਿਤਸਰ, ਅਲੀਗੜ ਬੰਬਈ ਤੇ ਦਿੱਲੀ ਰਿਹਾ। ਜਲ੍ਹਿਆਂ ਵਾਲੇ ਬਾਗ ਦੇ ਹੱਤਿਆ ਕਾਂਡ ਦੀ ਮੰਟੋ ਦੇ ਮਨ ‘ਤੇ ਗਹਿਰੀ ਛਾਪ ਸੀ। ਇਸੇ ਨੂੰ ਲੈ ਕੇ ਮੰਟੋ ਨੇ ਪਹਿਲੀ ਕਹਾਣੀ ਤਮਾਸ਼ਾ ਲਿਖੀ, ਜਿਹੜੀ ਅੰਮ੍ਰਿਤਸਰ ਦੇ ‘ਖਲਕ’ ਵਿਚ ਛਪੀ ਸੀ।

ਉਸਨੇ ਕਿਤਾਬ ‘ਗੰਜੇ ਫਰਿਸ਼ਤੇ’ ਵਿਚ ਲਿਖਿਆ ਹੈ, “ਮੇਰਾ ਸਭ ਤੋਂ ਪਹਿਲਾ ਮੌਲਿਕ ਅਫਸਾਨਾ ‘ਤਮਾਸ਼ਾ’ ਦੇ ਨਾਮ ਨਾਲ ਕਲਕੱਤੇ ਵਿਚ ਛਪਿਆ ਸੀ। ਮੈਂ ਉਸ ਉਪਰ ਨਾਮ ਨਹੀਂ ਦਿੱਤਾ ਸੀ, ਇਸ ਡਰੋਂ ਕਿ ਲੋਕ ਮਜਾਕ ਉਡਾਣਗੇ।”  

ਮੰਟੋ ਦਾ ਪਹਿਲਾ ਕਹਾਣੀ ਸੰਗ੍ਰਿਹ ‘ਆਸ਼ਪਾਰੇ’ ਛਪਿਆ। 

ਉਸ ਤੋਂ ਬਾਅਦ,ਮੰਟੋ ਕੇ ਅਫ਼ਸਾਨੇ,ਧੂੰਆਂ,ਅਫ਼ਸਾਨੇ ਔਰ ਡਰਾਮੇ,ਲਜ਼ਤ-ਏ-ਸੰਗ,ਸਿਆਹ ਹਾਸ਼ੀਏ,ਬਾਦਸ਼ਾਹਤ ਕਾ ਖਾਤਮਾ,ਖਾਲੀ ਬੋਤਲੇਂ,ਮੰਟੋ ਕੇ ਮਜ਼ਾਮੀਨ,ਨਿਮਰੂਦ ਕੀ ਖੁਦਾਈ,ਠੰਡਾ ਗੋਸ਼ਤ,ਯਾਜਿਦ,ਪਰਦੇ ਕੇ ਪੀਛੇ,ਸੜਕ ਕੇ ਕਿਨਾਰੇ,ਬਗੈਰ ਉਨਵਾਨ ਕੇ,ਬਗੈਰ ਇਜਾਜ਼ਤ,ਬੁਰਕੇ,ਫੂੰਦੇ,ਸਰਕੰਡੋਂ ਕੇ ਪੀਛੇ,ਸ਼ੈਤਾਨ,ਸ਼ਿਕਾਰੀ ਔਰਤੇਂ,ਰੱਤੀ,ਮਾਸ਼ਾ, ਤੋਲਾ,ਕਾਲੀ ਸ਼ਲਵਾਰ,ਮੰਟੋ ਕੀ ਬੇਹਤਰੀਨ ਕਹਾਣੀਆਂ ਦੇ ਰੂਪ ਵਿੱਚ ਇਹ ਸਾਹਿਤਕ ਸਫ਼ਰ ਮੰਟੋ ਦੇ ਨਾਂ ਦੀ ਇੱਕ ਵੱਡੀ ਪਹਿਚਾਣ ਕਾਇਮ ਕਰ ਗਿਆ। 

ਉਸ ਦੀਆਂ ਛੇ ਕਹਾਣੀਆਂ ‘ਤੇ ਅਦਾਲਤਾਂ ਵਿਚ ਕੇਸ ਚੱਲੇ।

ਪਾਕਿਸਤਨ ਦੇ ਗਠਨ ਤੋਂ ਪਹਿਲਾਂ ਮੰਟੋ ਦੀਆਂ ਤਿੰਨ ਕਹਾਣੀਆਂ 'ਕਾਲੀ ਸਲਵਾਰ', 'ਧੂੰਆਂ' ਅਤੇ 'ਬੂ' 'ਤੇ ਅਸ਼ਲੀਲਤਾ ਦੇ ਇਲਜ਼ਾਮ ਵਿੱਚ ਮੁਕੱਦਮੇ ਚੱਲੇ।

ਪਾਕਿਸਤਾਨ ਦੇ ਬਣਨ ਦੇ ਬਾਅਦ ਸਆਦਤ ਹਸਨ ਮੰਟੋ ਨੇ ਜੋ ਪਹਿਲੀ ਕਹਾਣੀ ਲਿਖੀ ਉਸ ਦਾ ਨਾਂ 'ਠੰਢਾ ਗੋਸ਼ਤ' ਸੀ। ਕਾਸਮੀ ਜੀ ਦੇ ਕਹਿਣ 'ਤੇ ਮੰਟੋ ਨੇ ਪਾਕਿਸਤਾਨ ਵਿੱਚ ਆਪਣੀ ਪਹਿਲੀ ਕਹਾਣੀ 'ਠੰਢਾ ਗੋਸ਼ਤ' ਲਿਖੀ। ਮੰਟੋ ਲਿਖਦੇ ਹਨ ਕਿ ਕਾਸਮੀ ਸਾਹਿਬ ਨੇ ਇਹ ਕਹਾਣੀ ਮੇਰੇ ਸਾਹਮਣੇ ਪੜ੍ਹੀ। ਕਹਾਣੀ ਖਤਮ ਕਰਨ ਦੇ ਬਾਅਦ ਉਨ੍ਹਾਂ ਨੇ ਮੈਨੂੰ ਮੁਆਫ਼ੀ ਭਰੇ ਲਹਿਜੇ ਵਿੱਚ ਕਿਹਾ, ''ਮੰਟੋ ਸਾਹਿਬ, ਮੁਆਫ਼ ਕਰਨਾ ਕਹਾਣੀ ਬਹੁਤ ਚੰਗੀ ਹੈ, ਪਰ 'ਨੁਕੂਸ਼' (ਅਹਿਮਦ ਨਦੀਮ ਕਾਸਨੀ ਦਾ ਪ੍ਰਕਾਸ਼ਨ) ਲਈ ਬਹੁਤ ਗਰਮ ਹੈ।ਫਿਰ ਇਹ ਮਸ਼ਹੂਰ ਕਹਾਣੀ ਲਾਹੌਰ ਦੇ ਅਦਬੀ ਮਹਾਨਾਮਾ (ਸਾਹਿਤਕ ਮਾਸਿਕ) 'ਜਾਵੇਦ' ਵਿੱਚ ਮਾਰਚ 1949 ਦੇ ਸੰਸਕਰਣ ਵਿੱਚ ਪ੍ਰਕਾਸ਼ਿਤ ਹੋਈ ਸੀ।

ਕੁਝ ਦਿਨਾਂ ਦੇ ਬਾਅਦ ਕਾਸਮੀ ਦੇ ਕਹਿਣ 'ਤੇ ਮੰਟੋ ਨੇ ਇੱਕ ਹੋਰ ਕਹਾਣੀ ਲਿਖੀ, ਜਿਸ ਦਾ ਸਿਰਲੇਖ ਸੀ 'ਖੋਲ੍ਹ ਦਿਓ'। ਇਹ ਕਹਾਣੀ 'ਨੁਕੂਸ਼' ਵਿੱਚ ਪ੍ਰਕਾਸ਼ਿਤ ਹੋਈ ਸੀ, ਪਰ ਸਰਕਾਰ ਨੇ ਛੇ ਮਹੀਨੇ ਲਈ 'ਨੁਕੂਸ਼' ਦਾ ਪ੍ਰਕਾਸ਼ਨ ਬੰਦ ਕਰ ਦਿੱਤਾ। ਉਸ ਦੇ ਖ਼ਤਮ ਹੁੰਦਿਆਂ ਕੁਝ ਸਾਲ ਬਾਅਦ ਮੰਟੋ ਦੀ ਇੱਕ ਹੋਰ ਕਹਾਣੀ 'ਉੱਪਰ ਨੀਚੇ ਔਰ ਦਰਮਿਆਨ' 'ਤੇ ਵੀ ਕੇਸ ਚੱਲਿਆ।

ਰੇਖਾ ਚਿੱਤਰ ਲਿਖਣ ਵਿੱਚ ਮੰਟੋ ਦੀ ਬੇਲਿਹਾਜ਼ੀ ਹੁਣ ਤੱਕ ਸਭ ਤੋਂ ਉੱਪਰ ਮੰਨੀ ਗਈ ਹੈ। ਮੰਟੋੋ ਨੇ ਫਿਲਮੀ ਅਦਾਕਾਰਾਂ ਨਵਾਬ ਕਸ਼ਮੀਰੀ , ਸਿਤਾਰਾ , ਕੁਲਦੀਪ ਕੌਰ , ਪਾਰੋ ਦੇਵੀ , ਰਫ਼ੀਕ ਗ਼ਜ਼ਨਵੀ ਅਤੇ ਸਾਹਿਤਕਾਰਾਂ ਚਿਰਾਗ਼ ਹਸਨ ਹਸਰਤ ਅਤੇ ਹੋਰਨਾਂ ਦੇ ਰੇਖਾ ਚਿੱਤਰ ਆਪਣੀਆਂ ਕਿਤਾਬਾਂ ‘ਗੰਜੇ ਫਰਿਸ਼ਤੇ ’, ‘ਮੀਨਾ ਬਾਜ਼ਾਰ ’ ਅਤੇ ‘ਲਾਊਡ ਸਪੀਕਰ’ ਵਿੱਚ ਲਿਖੇ।

ਸਆਦਤ ਹਸਨ ਮੰਟੋ ਨੂੰ ਹੋਰ ਨੇੜਿਓ ਹੋਕੇ ਜਾਣਨ ਲਈ ਆਓ ਹੁਣ ਆਪਾਂ ਉਹਦੇ ਲਿਖੇ ਵਿਚਾਰਾਂ ਤੋਂ ਹੋਰ ਜਾਣੀਏ:- 

ਮੰਟੋ ਆਪਣੇ ਇੱਕ ਲੇਖ ‘ਬਕਲਮ ਏ ਖੁਦ’ ਵਿੱਚ ਲਿਖਦਾ ਹੈ ਕਿ “ਹੁਣ ਲੋਕ ਕਹਿੰਦੇ ਹਨ ਕਿ ਸਆਦਤ ਹਸਨ ਮੰਟੋ ਉਰਦੂ ਦਾ ਵੱਡਾ ਅਦੀਬ (ਸਾਹਿਤਕਾਰ) ਹੈ, ਅਤੇ ਮੈਂ ਸੁਣ ਕੇ ਹੱਸਦਾ ਹਾਂ। ਇਸ ਲਈ ਕਿ ਉਰਦੂ ਹੁਣ ਵੀ ਉਸ ਨੂੰ ਨਹੀਂ ਆਉਂਦੀ। ਉਹ ਲਫਜ਼ਾਂ ਦੇ ਪਿੱਛੇ ਇੰਝ ਭੱਜਦਾ ਹੈ ਜਿਵੇਂ ਕੋਈ ਜਾਲ ਵਾਲਾ ਸ਼ਿਕਾਰੀ ਤਿਤਲੀਆਂ ਪਿੱਛੇ, ਉਹ ਇਸਦੇ ਹੱਥ ਨਾ ਆਉਣ। ਇਹੋ ਕਾਰਨ ਹੈ ਕਿ ਉਸ ਦੀਆਂ ਤਹਿਰੀਰਾਂ ਵਿੱਚ ਖ਼ੂਬਸੂਰਤ ਸ਼ਬਦਾਂ ਦੀ ਘਾਟ ਹੈ। ਉਹ ਲੱਠ ਮਾਰ ਹੈ, ਲੇਕਿਨ ਜਿੰਨੇ ਲੱਠ ਉਸ ਦੀ ਗਰਦਨ ’ਤੇ ਪਏ ਹਨ। ਉਸ ਨੇ ਬੜੀ ਖੁਸ਼ੀ ਨਾਲ ਬਰਦਾਸ਼ਤ ਕੀਤੇ ਹਨ।”

ਇੱਕ ਥਾਂ ਆਪਣੀ ਇਨਕਲਾਬੀ ਸੋਚ ਦਾ ਮੁਜ਼ਾਹਰਾ ਕਰਦਿਆਂ ਲਿਖਦੇ ਹਨ, “ਮੈਂ ਬਗਾਵਤ ਚਾਹੁੰਦਾ ਹਾਂ। ਹਰ ਉਸ ਵਿਅਕਤੀ ਦੇ ਖਿਲਾਫ ਬਗਾਵਤ ਚਾਹੁੰਦਾ ਹਾਂ ਜੋ ਸਾਡੇ ਪਾਸੋਂ ਮਿਹਨਤ ਕਰਵਾਉਂਦਾ ਹੈ ਮਗਰ ਉਸ ਦੇ ਦਾਮ ਅਦਾ ਨਹੀਂ ਕਰਦਾ।

ਅਖੌਤੀ ਲੀਡਰਾਂ ਤੇ ਚੋਟ ਕਰਦਿਆਂ ਮੰਟੋ ਲਿਖਦਾ ਹੈ, “ਇਹ ਲੀਡਰ ਖਟਮਲ ਹਨ ਜੋ ਦੇਸ਼ ਦੀ ਮੰਜੀ ਦੀਆਂ ਚੂਲਾਂ ਦੇ ਅੰਦਰ ਘੁਸੇ ਹੋਏ ਹਨ।” ਇੱਕ ਹੋਰ ਥਾਂ ਲੀਡਰਾਂ ਨੂੰ ਲੰਬੇ ਹੱਥੀਂ ਲੈਂਦਿਆਂ ਆਖਦਾ ਹੈ ਕਿ “ਲੰਮੇ ਲੰਮੇ ਜਲੂਸ ਕੱਢ ਕੇ,ਭਾਰੀ ਹਾਰਾਂ ਦੇ ਹੇਠਾਂ ਦੱਬ ਕੇ, ਚੌਰਾਹਿਆਂ ਤੇ ਲੰਮੀਆਂ ਲੰਮੀਆਂ ਤਕਰੀਰਾਂ ਦੇ ਖੋਖਲੇ ਸ਼ਬਦਾਂ ਨੂੰ ਬਿਖੇਰਦਿਆਂ,ਸਾਡੀ ਕੌਮ ਦੇ ਇਹ ਮੰਨੇ-ਪ੍ਰਮੰਨੇ ਆਗੂ ਸਿਰਫ ਆਪਣੇ ਲਈ ਅਜਿਹਾ ਰਸਤਾ ਬਣਾਉਂਦੇ ਹਨ ਜੋ ਐਸ਼-ਓ-ਇਸ਼ਰਤ ਵਲ ਜਾਂਦਾ ਹੈ।"

ਇੱਕ ਥਾਂ ਸਮਾਜ ਵਿੱਚ ਆ ਰਹੀਆਂ ਤਬਦੀਲੀਆਂ ਦੇ ਸੰਬੰਧੀ ਮੰਟੋ ਲਿਖਦਾ ਹੈ, “ਇਹ ਨਵੀਂਆਂ ਚੀਜ਼ਾਂ ਦਾ ਜ਼ਮਾਨਾ ਹੈ। ਨਵੇਂ ਜੁੱਤੇ, ਨਵੀਂਆਂ ਠੋਕਰਾਂ, ਨਵੇਂ ਕਾਨੂੰਨ, ਨਵੇਂ ਜੁਰਮ, ਨਵੇਂ ਵਕਤ ਤੇ ਬੇ-ਵਕਤੀਆਂ, ਨਵੇਂ ਮਾਲਕ ਤੇ ਨਵੇਂ ਗੁਲਾਮ। ਮਜ਼ੇ ਦੀ ਗੱਲ ਇਹ ਹੈ ਕਿ ਇਹਨਾਂ ਨਵੇਂ ਗੁਲਾਮਾਂ ਦੀ ਖੱਲ ਵੀ ਨਵੀਂ ਹੈ ਜੋ ਉੱਧੜ-ਉੱਧੜ ਕੇ ਆਧੁਨਿਕ ਹੋ ਗਈ ਹੈ। ਹੁਣ ਇਨ੍ਹਾਂ ਲਈ ਨਵੀਆਂ ਚਾਬੁਕਾਂ ਤੇ ਨਵੇਂ ਕੋੜੇ ਤਿਆਰ ਕੀਤੇ ਜਾ ਰਹੇ ਹਨ

ਭੁੱਖ ਦੇ ਸੰਦਰਭ ਚ' ਮੰਟੋ ਲਿਖਦਾ ਹੈ ਕਿ " ਰੋਟੀ ਦੇ ਭੁੱਖੇ ਜੇਕਰ ਫਾਕੇ ਹੀ ਖਿੱਚਦੇ ਰਹਿਣ ਤਾਂ ਉਹ ਤੰਗ ਆ ਕੇ ਦੂਜਿਆਂ ਦਾ ਨਿਵਾਲਾ ਜ਼ਰੂਰ ਖੋਹਣਗੇ"

ਮਨੁੱਖੀ ਜੀਵਨ ਦਾ ਫਲਸਫਾ ਬਿਆਨ ਕਰਦਿਆਂ ਇੱਕ ਥਾਂ ਮੰਟੋ ਲਿਖਦਾ ਹੈ,“ਆਦਮੀ ਔਰਤ ਨਾਲ ਪਿਆਰ ਕਰਦਾ ਹੈ ਤਾਂ ਹੀਰ ਰਾਂਝੇ ਦੀ ਕਹਾਣੀ ਬਣ ਜਾਂਦੀ ਹੈ। ਰੋਟੀ ਨੂੰ ਪਿਆਰ ਕਰਦਾ ਹੈ ਤਾਂ ਐਪੀਕਿਊਰਸ ਦਾ ਫਲਸਫਾ ਪੈਦਾ ਹੋ ਜਾਂਦਾ ਹੈ। ਤਖ਼ਤ ਨੂੰ ਪਿਆਰ ਕਰਦਾ ਹੈ ਤਾਂ ਸਿਕੰਦਰ, ਚੰਗੇਜ਼, ਤੈਮੂਰ ਜਾਂ ਹਿਟਲਰ ਬਣ ਜਾਂਦਾ ਹੈ ਅਤੇ ਜਦ ਰੱਬ ਨਾਲ ਲਿਵ ਲਾਉਂਦਾ ਹੈ ਤਾਂ ਮਹਾਤਮਾ ਬੁੱਧ ਦਾ ਰੂਪ ਧਾਰਨ ਕਰ ਲੈਂਦਾ ਹੈ।”

ਜ਼ਮਾਨੇ ਦੇ ਸੰਬੰਧੀ ਮੰਟੋ ਲਿਖਦਾ ਹੈ, “ਜ਼ਮਾਨੇ ਦੇ ਜਿਸ ਦੌਰ ਵਿੱਚੋਂ ਅਸੀਂ ਲੰਘ ਰਹੇ ਹਾਂ, ਜੇਕਰ ਤੁਸੀਂ ਉਸ ਤੋਂ ਅਨਜਾਣ ਹੋ ਮੇਰੀਆਂ ਕਹਾਣੀਆਂ ਪੜ੍ਹੋ। ਜੇਕਰ ਤੁਸੀਂ ਉਨ੍ਹਾਂ ਕਹਾਣੀਆਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਤਾਂ ਇਸਦਾ ਅਰਥ ਹੈ ਕਿ ਇਹ ਜ਼ਮਾਨਾ ਨਾ-ਕਾਬਿਲੇ ਬਰਦਾਸ਼ਤ ਹੈ।

ਮੰਟੋ ਨੇ ਇੱਕ ਵਾਰ ਅਦਾਲਤ ਚ ਬਿਆਨ ਦਿੰਦੇ ਕਿਹਾ ਸੀ ਕਿ "ਕੋਈ ਲੇਖਕ ਉਦੋਂ ਹੀ ਕਲਮ ਚੁੱਕਦਾ ਹੈ ਜਦੋਂ ਉਸਦੀ ਸੰਵੇਦਨਾ ‘ਤੇ ਸੱਟ ਵੱਜਦੀ ਹੈ।"

ਉਸਦੇ 66ਵੇਂ ਜਨਮ ਦਿਵਸ ਤੇ ਉਸਨੂੰ “ਨਿਸ਼ਾਨ-ਏ-ਇਮਤਿਆਜ” ਨਾਲ ਸਨਮਾਨਿਆ ਗਿਆ। ਉਸ ਦੀਆਂ ਕਹਾਣੀਆਂ ਉਰਦੂ ਵਿਚ ਪਾਤਰ ਠੇਠ ਪੰਜਾਬੀ ਵਿਚ ਸਨ। ਟੋਭਾ ਟੇਕ ਸਿੰਘ, ਬੰਬੇ ਸਟੋਰੀਜ਼, ਠੰਢਾ ਗੋਸ਼ਤ ਅਤੇ ਕਾਲੀ ਸਲਵਾਰ ਪ੍ਰਸਿੱਧ ਕਹਾਣੀਆਂ ਸਨ।

ਸਾਹਿਤ ਦੀ ਦੁਨੀਆਂ ਦਾ ਸਿੰਕਦਰ ਮੰਟੋ ਆਖਿਰ 18 ਜਨਵਰੀ 1955 ਨੂੰ 43 ਸਾਲ ਦੀ ਉਮਰ ਹੰਢਾ ਕੇ ਲਾਹੌਰ ਵਿਖੇ ਆਖਰੀ ਸਾਹ ਲੈਕੇ ਇਸ ਦੁਨੀਆਂ ਤੋਂ ਵਿਦਾਇਗੀ ਲੈ ਗਿਆ। 

ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

ਠੀਕ ਰਸਤਾ ( ਮਿੰਨੀ ਕਹਾਣੀ) ✍️ ਮਹਿੰਦਰ ਸਿੰਘ ਮਾਨ

ਸੁਖਵਿੰਦਰ ਸਿੰਘ ਨੂੰ ਪੰਦਰਾਂ ਕੁ ਸਾਲ ਪਹਿਲਾਂ ਸਰਕਾਰੀ ਹਾਈ ਸਕੂਲ ਫਤਿਹ ਪੁਰ ਖੁਰਦ ( ਹੁਸ਼ਿਆਰਪੁਰ ) ਵਿੱਚ ਪੰਜਾਬੀ ਮਾਸਟਰ ਦੀ ਨੌਕਰੀ ਮਿਲ ਗਈ ਸੀ। ਨੌਕਰੀ ਮਿਲਦਿਆਂ ਹੀ ਉਸ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ।

ਸ਼ਰਾਬ ਵੀ ਉਹ ਸੁੱਕੀ ਪੀਂਦਾ ਸੀ, ਨਾਲ ਕੁੱਝ ਖਾਂਦਾ ਨਹੀਂ ਸੀ।

ਲਗਾਤਾਰ ਸ਼ਰਾਬ ਪੀਣ ਨਾਲ ਉਸ ਦਾ ਲਿਵਰ ਖਰਾਬ ਹੋ ਗਿਆ ਸੀ।ਉਸ ਦੀ ਪਤਨੀ ਤੇ ਪਤਨੀ ਦੇ ਭਰਾ ਨੇ ਉਸ ਨੂੰ ਬਥੇਰਾ ਸਮਝਾ ਕੇ ਦੇਖ ਲਿਆ ਸੀ, ਪਰ ਉਹ ਸ਼ਰਾਬ ਪੀਣ ਤੋਂ ਨਾ ਹਟਿਆ। ਅਖੀਰ ਇੱਕ ਦਿਨ ਸ਼ਰਾਬ ਨੇ ਉਸ ਦੀ ਜਾਨ ਲੈ ਲਈ।

ਸੁਖਵਿੰਦਰ ਸਿੰਘ ਦੇ ਮੁੰਡੇ ਮਨਜੀਤ ਨੇ ਪਲੱਸ ਟੂ ਪਾਸ ਕੀਤੀ ਹੋਈ ਸੀ। ਉਸ ਨੂੰ ਤਰਸ ਦੇ ਆਧਾਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਦੀ ਸੂਰਾ ਸਿੰਘ( ਹੁਸ਼ਿਆਰਪੁਰ ) ਵਿੱਚ ਐੱਸ ਐੱਲ ਏ ਦੀ ਨੌਕਰੀ ਮਿਲ ਗਈ। ਉਸ ਦੇ ਮਾਮੇ ਨੇ ਉਸ ਨੂੰ ਆਖਿਆ," ਮਨਜੀਤ ਤੈਨੂੰ ਪਤਾ ਈ ਆ,ਤੇਰਾ ਡੈਡੀ ਵੱਧ ਸ਼ਰਾਬ ਪੀ ਕੇ ਆਪਣੀ ਜਾਨ ਤੋਂ ਹੱਥ ਧੋ ਬੈਠਾ ਆ।ਉਸ ਨੂੰ ਮੈਂ ਤੇ ਤੇਰੀ ਮੰਮੀ ਨੇ ਬਥੇਰਾ ਸਮਝਾਇਆ ਸੀ,ਪਰ ਉਹ ਸਮਝਿਆ ਨਹੀਂ ਸੀ।ਹੁਣ ਤੂੰ ਆਪਣੀ ਜ਼ਿੰਮੇਵਾਰੀ ਸਮਝ।ਤੇਰੇ ਸਿਰ ਤੇ ਹੀ ਪਰਿਵਾਰ ਨੇ ਅੱਗੇ ਵੱਧਣਾ ਆਂ।ਜਿਹੜੇ ਸ਼ਰਾਬ ਨਹੀਂ ਪੀਂਦੇ, ਉਹ ਆਪਣੇ ਪਰਿਵਾਰਾਂ 'ਚ ਖੁਸ਼ੀ, ਖੁਸ਼ੀ ਰਹਿੰਦੇ ਆ। ਮੈਨੂੰ ਹੀ ਦੇਖ ਲੈ, ਮੈਂ ਕਦੇ ਸ਼ਰਾਬ ਨ੍ਹੀ ਪੀਤੀ। ਗੁਰੂ ਦੇ ਲੜ ਲੱਗਾ ਹੋਇਆਂ। ਸਵੇਰੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਦੀ ਬਾਣੀ ਪੜ੍ਹਦਾ ਆਂ।ਸਾਰਾ ਦਿਨ ਸੌਖਾ ਲੰਘ ਜਾਂਦਾ ਆ।ਮਨ 'ਚ ਮੌਤ ਦਾ ਉੱਕਾ ਹੀ ਡਰ ਨ੍ਹੀ।ਜਦ ਮਰਜ਼ੀ ਆਵੇ, ਕੋਈ ਪ੍ਰਵਾਹ ਨ੍ਹੀ।ਬੱਸ ਮਨ ਨੂੰ ਤਸੱਲੀ ਆ ਕਿ ਮੈਂ ਠੀਕ ਰਸਤੇ ਲੱਗਾ ਹੋਇਆਂ।"

ਮਨਜੀਤ ਦੇ ਮਨ ਤੇ ਉਸ ਦੇ ਮਾਮੇ ਦੀਆਂ ਗੱਲਾਂ ਦਾ ਬੜਾ ਚੰਗਾ ਅਸਰ ਹੋਇਆ ਤੇ ਆਖਣ ਲੱਗਾ,"ਮਾਮਾ ਜੀ ਤੁਹਾਡੀਆਂ ਗੱਲਾਂ ਬਿਲਕੁਲ ਠੀਕ ਨੇ।ਜਿਸ ਸ਼ਰਾਬ ਨੇ ਮੇਰੇ ਡੈਡੀ ਦੀ ਜਾਨ ਲੈ ਲਈ, ਮੈਂ ਉਸ ਨੂੰ ਕਦੇ ਨਹੀਂ ਪੀਆਂਗਾ।ਮੈਂ ਵੀ ਤੁਹਾਡੇ ਵਾਂਗ ਗੁਰੂ ਦੇ ਲੜ ਲੱਗਣਾ ਚਾਹੁੰਦਾ ਆਂ।"

"ਸ਼ਾਬਾਸ਼ ਬੇਟੇ, ਮੈਨੂੰ ਤੇਰੇ ਕੋਲੋਂ ਇਹੀ ਆਸ ਸੀ।"ਮਨਜੀਤ ਦੇ ਮਾਮੇ ਨੇ ਆਖਿਆ।

ਕੁੱਝ ਮਿੰਟਾਂ ਪਿੱਛੋਂ ਮਨਜੀਤ ਆਪਣੇ ਮਾਮੇ ਨਾਲ ਗੁਰੂ ਦੇ ਲੜ ਲੱਗਣ ਲਈ ਸ੍ਰੀ ਅਨੰਦਪੁਰ ਸਾਹਿਬ ਜਾਣ ਲਈ ਤਿਆਰ ਹੋ ਗਿਆ।

ਮਹਿੰਦਰ ਸਿੰਘ ਮਾਨ,ਸਲੋਹ ਰੋਡ,ਚੈਨਲਾਂ ਵਾਲੀ ਕੋਠੀ , ਨਵਾਂ ਸ਼ਹਿਰ-9915803554

ਪਛਤਾਵਾ ✍️ ਹਰਪ੍ਰੀਤ ਕੌਰ ਸੰਧੂ

ਚੰਗੇ ਭਲੇ ਬੰਦੇ ਦੀ ਮੱਤ ਮਾਰੀ ਜਾਂਦੀ ਜਦੋਂ ਇਹਨਾਂ ਦੇ ਖੇਖਣ ਸ਼ੁਰੂ ਹੁੰਦੇ।ਬੜੀ ਵੇਰ ਇਹ ਵੇਖਿਆ ਸੀ ਕਿ ਜਦੋਂ ਵੀ ਕਿਤੇ ਮੀਤ ਬਾਰੇ ਕੋਈ ਵੀ ਗੱਲ ਕਰਦੇ ਤਾਂ ਜੀਤੋ ਪਹਿਲਾ ਹੀ ਰੌਲਾ ਪਾ ਬਹਿ ਜਾਂਦੀ। ਰਿਸ਼ਤੇ ਵਿੱਚ ਦੋਵੇਂ ਦਿਓਰ ਭਾਬੀ ਲੱਗਦੇ ਸਨ। ਮੀਤ ਦੀ ਘਰਦੀ ਸਭ ਸਮਝਦੀ ਪਰ ਚੁੱਪ ਰਹਿੰਦੀ। ਦਿਓਰ ਭਾਬੀ ਦਾ ਰਿਸ਼ਤਾ ਕਦੇ ਦਾ ਸਭ ਹੱਦ ਬੰਨੇ ਟੱਪ ਚੁੱਕਾ ਸੀ।ਜੀਤੋ ਦਾ ਘਰਵਾਲਾ ਜੋਗਾ ਨਸ਼ਾ ਪੱਤਾ ਲਾ ਕੇ ਪਿਆ ਰਹਿੰਦਾ। ਜੀਤੋ ਵਲੋ ਉਸ ਘੇਸਲ ਮਰ ਰੱਖੀ ਸੀ। ਜੀਤੋ ਨੇ ਆਪਣਾ ਰਾਹ ਮੀਤ ਰਾਹੀਂ ਲੱਭ ਲਿਆ ਸੀ। ਇਸ ਸਭ ਵਿਚ ਪਿਸ ਰਹੀ ਸੀ ਮੀਤ ਦੀ ਘਰਦੀ ਚੰਨੀ।ਚੰਨੀ ਸਭ ਦੇਖ ਵੀ ਚੁੱਪ ਰਹਿੰਦੀ। ਉਸਦੀਆਂ ਅੱਖਾਂ ਸਾਮ੍ਹਣੇ ਉਸਦਾ ਖਸਮ ਜੀਤੋ ਨਾਲ ਹੁੰਦਿਆਂ ਕਮਰਾ ਬੰਦ ਕਰ ਲੈਂਦਾ। ਸਬਰ ਦਾ ਘੁੱਟ ਭਰਨ ਤੋਂ ਇਲਾਵਾ ਉਸ ਕੋਲ ਕੋਈ ਚਾਰਾ ਵੀ ਨਹੀਂ ਸੀ।ਚੰਨੀ ਅੰਦਰੋ ਅੰਦਰ ਮਰ ਰਹੀ ਸੀ। ਓਹ ਆਪਣੇ ਆਪ ਨੂੰ ਘਰ ਦੇ ਕੰਮਾਂ ਵਿਚ ਉਲਝਾਈ ਰੱਖਦੀ। ਸੱਸ ਓਹਦੇ ਵਿਆਹ ਤੋ ਪਹਿਲਾ ਹੀ ਗੁਜ਼ਰ ਚੁੱਕੀ ਸੀ। ਸਹੁਰਾ ਅਕਸਰ ਖੇਤ ਹੀ ਡੇਰਾ ਲਾਈ ਰੱਖਦਾ। ਚੰਨੀ ਆਪਣਾ ਦੁੱਖ ਦੱਸਦੀ ਵੀ ਤਾਂ ਕਿਹਨੂੰ।ਜੁਵਾਕ ਵੀ ਸਹਿਮੇ ਜਿਹੇ ਰਹਿੰਦੇ। ਚੰਨੀ ਦਾ ਜੀਅ ਕਰਦਾ ਪੇਕੇ ਘਰ ਚਲੀ ਜਾਵੇ ਪਰ ਮਾਂ ਪਿਓ ਤੇ ਹੋਰ ਬੋਝ ਪਾਉਣਾ ਵੀ ਓਹਨੂੰ ਸਹੀ ਨਾ ਲੱਗਦਾ।ਜੀਤੋ ਦਾ ਹੌਂਸਲਾ ਵਧਦਾ ਹੀ ਜਾ ਰਿਹਾ ਸੀ। ਜਿਹੜੀਆਂ ਹਰਕਤਾਂ ਪਰਦੇ ਵਿੱਚ ਸਨ ਹਨ ਆਮ ਨਸ਼ਰ ਹੋਣ ਲੱਗੀਆਂ। ਪਿੰਡ ਦੇ ਲੋਕ ਵੀ ਸਭ ਜਾਣਦੇ ਸੀ। ਮੂੰਹ ਤੇ ਕੋਈ ਕੁਝ ਨਾ ਕਹਿੰਦਾ ਪਰ ਪਿੱਠ ਪਿੱਛੇ ਸਭ ਛੱਜ ਚ ਪਾ ਛਟਦੇ।ਜੋਗੇ ਨੂੰ ਆਪਣੇ ਨਸ਼ੇ ਤੋਂ ਅੱਗੇ ਕੁਝ ਨਾ ਦਿਸਦਾ। ਓਹ ਹੁਣ ਘਰੋ ਚੋਰੀ ਸਮਾਨ ਚੁੱਕ ਵੇਚ ਦਿੰਦਾ। ਮੀਤ ਹੀ ਖੇਤੀ ਦਾ ਕੰਮ ਦੇਖਦਾ। ਬਾਪੂ ਸਭ ਵੇਖਦਾ ਤੇ ਸਮਝਦਾ ਸੀ। ਓਸਨੇ ਜੋਗੇ ਨੂੰ ਰੋਕਣ ਦੀ ਬਹੁਤ ਕੌਸ਼ਿਸ਼ ਕੀਤੀ ਪਰ ਨਸ਼ੇ ਦੇ ਡੰਗੇ ਕਿੱਥੇ ਹਟਦੇ।ਬਾਪੂ ਨੇ ਮੀਤ ਨਾਲ ਵੀ ਗੱਲ ਕੀਤੀ ਕਿ ਆਪਣੇ ਬੱਚਿਆਂ ਵੱਲ ਧਿਆਨ ਦੇਵੇ ਪਰ ਕਾਮ ਦੇ ਡੰਗੇ ਵੀ ਕਿੱਥੇ ਰੁਕਦੇ। ਘਰ ਹਰ ਪਾਸਿਓ ਤਬਾਹੀ ਵੱਲ ਜਾ ਰਿਹਾ ਸੀ  ਇਕ ਦਿਨ ਜੂਵਾਕ ਨੇ ਆਪਣੇ ਪਿਓ ਮੀਤ ਨੂੰ ਜੀਤੋ ਨਾਲ ਵੇਖ ਲਿਆ। ਓਸ ਭੱਜ ਕੇ ਆਕੇ ਮਾਂ ਨੂੰ ਦਸਿਆ। ਮਾਂ ਨੇ ਸੌ ਪੱਜ ਪਾਏ ਪਰ ਜੁਵਾਕ਼ ਕਾਹਨੂੰ ਮੰਨਦੇ। ਚੰਨੀ ਲਈ ਰਾਤ ਬਿਤਾਉਣੀ ਔਖੀ ਹੋ ਗਈ ਸਵੇਰੇ ਓਹ ਸੁਵਖਤੇ ਹੀ ਖੂਹ ਤੇ ਬਾਪੂ ਕੋਲ ਜਾ ਪਹੁੰਚੀ। ਅੱਖਾਂ ਨੀਵੀਆਂ ਕਰ ਬਾਪੂ ਨੂੰ ਸਾਰੀ ਗੱਲ ਦੱਸੀ। ਬਾਪੂ ਕਿਹੜਾ ਅਣਜਾਣ ਸੀ। ਓਸ ਦਿਲਾਸਾ ਦੇ ਚੰਨੀ ਨੂੰ ਘਰ ਤੋਰਿਆ। ਜੋਗੇ ਨੂੰ ਪਿੰਡ ਵਿੱਚੋ ਲੱਭ ਓਸ ਨੂੰ ਸਮਝਾਇਆ। ਦੋਹਾਂ ਵਿਚ ਤੂੰ ਤੂੰ ਮੈਂ ਮੈਂ ਹੋਈ ਤੇ ਜੋਗੇ ਨੇ ਸੋਟਾ ਚੁੱਕ ਬਾਪੂ ਦੇ ਸਿਰ ਵਿਚ ਮਾਰਿਆ। ਬਾਪੂ ਥਾਈ ਢੇਰ ਹੋ ਗਿਆ।ਪੁਲਿਸ ਨੇ ਜੋਗੇ ਨੂੰ ਹਿਰਾਸਤ ਵਿਚ ਲੈ ਲਿਆ।ਘਰ ਵਿਚ ਮਾਤਮ ਛਾ ਗਿਆ। ਚੰਨੀ ਨੂੰ ਪਛਤਾਵਾ ਸੀ ਕਿ ਬਾਪੂ ਨਾਲ ਗੱਲ ਹੀ ਨਾ ਕਰਦੀ। ਮੀਤ ਤੇ ਜੀਤੋ ਦਾ ਡਰ ਮੁੱਕ ਗਿਆ ਸੀ।ਚੰਨੀ ਦੀ ਘੁਟਨ ਵੱਧ ਰਹੀ ਸੀ। ਘਰ ਵਿਚ ਓਹ ਸਿਰਫ ਕੰਮ ਕਰਨ ਵਾਲੀ ਬਣ ਕੇ ਰਹਿ ਗਈ ਸੀ।ਆਖਿਰ ਇਕ ਦਿਨ ਅੱਕੀ ਨੇ ਫਾਹਾ ਲੈ ਲਿਆ। ਜਵਾਕ ਰੋ ਰੋ ਕਮਲੇ ਹੋ ਗਏ। ਮੀਤ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ। ਹੁਣ ਇਹ ਸਾਰਾ ਧਿਆਨ ਖੇਤੀ ਤੇ ਬੱਚਿਆਂ ਵੱਲ ਦਿੰਦਾ। ਜੀਤੋ ਨੂੰ ਇਹ ਬਰਦਾਸ਼ਤ ਨਹੀਂ ਸੀ। ਇਹ ਘਰ ਦਾ ਕੋਈ ਕੰਮ ਨਾ ਕਰਦੀ। ਹਰ ਵੇਲੇ ਲੜਾਈ ਪਈ ਰੱਖਦੀ। ਇੱਕ ਦਿਨ ਉਸ ਦੀ ਜ਼ੁਬਾਨ ਜ਼ਿਆਦਾ ਹੀ ਚਲੀ। ਗੁੱਸੇ ਵਿਚ ਮੀਤ ਨੇ ਓਹਨੂੰ ਧੱਕਾ ਮਾਰਿਆ ਤਾਂ ਇਹ ਕੰਧ ਨਾਲ ਜਾ ਵੱਜੀ ਤੇ ਐਸੀ ਡਿੱਗੀ ਕਿ ਮੰਜੇ ਜੋਗੀ ਰਹਿ ਗਈ। ਹੁਣ ਉਹ ਆਪ ਮੁਥਾਜ ਸੀ। ਸਾਰਾ ਘਰ ਜਿਵੇਂ ਸਹਿਮ ਗਿਆ ਸੀ। ਦੋ ਜੀਅ ਦੁਨੀਆ ਚੋਂ ਚਲੇ ਗਏ ਤੇ ਇਕ ਜੇਲ ਵਿੱਚ ਸੀ। ਜੀਤੋ ਮੰਜੇ ਤੇ ਪਾਈ ਅਕਸਰ ਸੋਚਦੀ ਕਿ ਸਿਆਣੇ ਸਹੀ ਕਹਿੰਦੇ ਸੀ ਮਾੜੇ ਕੰਮ ਦਾ ਨਤੀਜਾ ਮਾੜਾ ਹੀ ਹੁੰਦਾ। ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ।ਮੀਤ ਨੇ ਬਾਪੂ ਵਾਂਗ ਖੇਤ ਡੇਰਾ ਲਾ ਲਿਆ ਸੀ। ਚੰਨੀ ਤੇ ਮੀਤ ਦੇ ਧੀ ਪੁੱਤ ਜੀਤੋ ਦੀ ਸੰਭਾਲ ਵੀ ਕਰਦੇ, ਘਰ ਦਾ ਕੰਮ ਵੀ ਤੇ ਪੜ੍ਹਦੇ ਵੀ ਸੀ। ਜੀਤੋ ਤੇ ਮੀਤ ਦੇ ਹੱਥ ਸਿਰਫ ਪਛਤਾਵਾ ਹੀ ਲਗਿਆ ਸੀ  ਜ਼ਿੰਦਗੀ ਆਪਣੀ ਚਾਲੇ ਚਲ ਰਹਿ ਸੀ।

 

ਹਰਪ੍ਰੀਤ ਕੌਰ ਸੰਧੂ

ਅੰਦਰਲਾ ਇਨਸਾਨ ✍️ ਮਨਜੀਤ ਕੌਰ ਧੀਮਾਨ

 ਸੰਤੋਸ਼ ਦੇਵੀ..! ਦਫ਼ਤਰ ਦੇ ਅੰਦਰੋਂ ਆਵਾਜ਼ ਆਈ ਤਾਂ ਦਫ਼ਤਰ ਵਿੱਚ ਕੰਮ ਕਰਨ ਵਾਲ਼ੀ ਸੰਤੋਸ਼ ਅੰਦਰ ਚਲੀ ਗਈ।

       ਆਹ ਲਓ ਆਂਟੀ ਜੀ, ਤੁਹਾਡੀ ਇਸ ਮਹੀਨੇ ਦੀ ਤਨਖ਼ਾਹ। ਕਹਿ ਕੇ ਕਲਰਕ ਮੁੰਡੇ ਨੇ ਇੱਕ ਪੈਕੇਟ ਫੜਾ ਦਿੱਤਾ।

          ਪਰ.... ਪਰ.....! ਸੰਤੋਸ਼ ਦੇ ਬੁੱਲ੍ਹ ਕੁੱਝ ਕਹਿਣ ਲਈ ਹਿੱਲੇ।

          ਪਰ-ਪੁਰ, ਹਜੇ ਕੁੱਝ ਨਹੀਂ। ਤਨਖ਼ਾਹ ਵਧਾਉਣ ਦੀ ਗੱਲ ਤੁਸੀਂ ਬੌਸ ਨਾਲ਼ ਕਰਿਓ। ਹਜੇ ਮੇਰੇ ਕੋਲ ਬਿਲਕੁੱਲ ਸਮਾਂ ਨਹੀਂ। ਤੁਸੀਂ ਕਿਰਪਾ ਕਰਕੇ ਜਾਓ। ਹਜੇ ਮੈਂ ਬਾਕੀ ਕਰਮਚਾਰੀਆਂ ਨੂੰ ਵੀ ਤਨਖ਼ਾਹ ਦੇਣੀ ਹੈ। ਕਲਰਕ ਮੁੰਡੇ ਨੇ ਬਿਨਾਂ ਉਹਦੇ ਵੱਲ ਦੇਖਿਆ ਕਿਹਾ।

             ਸੰਤੋਸ਼ ਨੇ ਇੱਕ ਵਾਰ ਫ਼ੇਰ ਪੈਕੇਟ ਵੱਲ ਦੇਖਿਆ ਤੇ ਪੈਕੇਟ ਉੱਥੇ ਹੀ ਰੱਖ ਕੇ ਬਾਹਰ ਵੱਲ ਤੁਰ ਪਈ।

              ਆਂਟੀ, ਆਹ ਪੈਕੇਟ ਤਾਂ ਲੈ ਕੇ ਜਾਓ। ਮੁੰਡੇ ਨੇ ਆਵਾਜ਼ ਮਾਰੀ।

                ਹੁਣ ਸੰਤੋਸ਼ ਨੇ ਅਣਮੰਨੇ ਜਿਹੇ ਮਨ ਨਾਲ਼ ਪੈਕੇਟ ਚੁੱਕਿਆ ਤੇ ਕਾਹਲ਼ੀ ਨਾਲ਼ ਬਾਹਰ ਆ ਗਈ।

              ਕੀ ਹੋਇਆ? ਐਨੀ ਪਰੇਸ਼ਾਨ ਕਿਉਂ ਹੈ? ਤਨਖ਼ਾਹ ਮਿਲਣ ਤੇ ਲੋਕੀ ਖੁਸ਼ ਹੁੰਦੇ ਪਰ ਤੂੰ ਤਾਂ ਦੁੱਖੀ ਹੋ ਗਈ ਏਂ! ਨਾਲ਼ ਵਾਲ਼ੀ ਸਹੇਲੀ ਰਜਨੀ ਨੇ ਪੁੱਛਿਆ।

              ਉਹ ਤਾਂ ਸੱਭ ਠੀਕ ਹੈ ਪਰ..... ਸੰਤੋਸ਼ ਗੱਲ ਕਰਦੀ- ਕਰਦੀ ਚੁੱਪ ਕਰ ਗਈ।

              ਪਰ!....ਪਰ ਕੀ? ਦੱਸ ਤਾਂ ਸਹੀ, ਗੱਲ ਕੀ ਹੈ? ਰਜਨੀ ਨੇ ਜ਼ੋਰ ਪਾਇਆ।

              ਗੱਲ ਇਹ ਹੈ ਕਿ ਇਹ ਤਨਖ਼ਾਹ ਮੇਰੀ ਨਹੀਂ ਹੈ। ਸੰਤੋਸ਼ ਨੇ ਮਨ ਪੱਕਾ ਕਰਕੇ ਇੱਕਦਮ ਕਿਹਾ।

                ਹੈਂ...!ਤੇਰੀ ਨਹੀਂ? ਮਤਲਬ ਇਹ ਕਿਸੇ ਹੋਰ ਦੀ ਤਨਖ਼ਾਹ ਹੈ? ਪਰ ਕੀਹਦੀ? ਮੈਨੂੰ ਕੁੱਝ ਸਮਝ ਨਹੀਂ ਆ ਰਹੀ। ਤੂੰ ਚੰਗੀ ਤਰ੍ਹਾਂ ਦੱਸ। ਰਜਨੀ ਸੋਚਾਂ ਵਿੱਚ ਪੈ ਗਈ।

             ਓ... ਹੋ! ਕੀ ਹੋ ਗਿਆ ਤੈਨੂੰ? ਤੈਨੂੰ ਚੰਗਾ ਭਲਾ ਪਤਾ ਕਿ ਪਿੱਛਲੇ ਮਹੀਨੇ ਮੈਂ ਛੁੱਟੀ 'ਤੇ ਗਈ ਸੀ। ਤੇ ਇਹ ਪਿੱਛਲੇ ਮਹੀਨੇ ਦੀ ਹੀ ਤਨਖ਼ਾਹ ਹੈ। ਹੁਣ ਤੂੰ ਹੀ ਦੱਸ ਕਿ ਇਹ ਮੇਰੀ ਕਿਵੇਂ ਹੋਈ? ਸੰਤੋਸ਼ ਨੇ ਇੱਕੋ ਸਾਹੇ ਕਹਿ ਦਿੱਤਾ।

                ਅੱਛਾ! ਤਾਂ ਇਹ ਗੱਲ ਹੈ। ਤੂੰ ਵੀ ਨਾ ਬੱਸ ਕਮਲ਼ੀ ਹੈਂ। ਓਦਾਂ ਹਮੇਸ਼ਾਂ ਖਰਚੇ ਤੋਂ ਤੰਗ ਰਹਿੰਦੀ ਏ ਤੇ ਹੁਣ ਜੇ ਬੌਸ ਨੇ ਭੁਲੇਖ਼ੇ ਨਾਲ਼ ਤਨਖ਼ਾਹ ਦੇ ਹੀ ਦਿੱਤੀ ਤਾਂ ਤੈਨੂੰ ਕੀ ਹੈ? ਤੂੰ ਮਜ਼ੇ ਕਰ ਤੇ ਹਾਂ ਮੈਨੂੰ ਪਾਰਟੀ ਜ਼ਰੂਰ ਦੇਣੀ ਹੈ, ਸਮਝੀ! ਰਜਨੀ ਨੇ ਹੱਸਦਿਆਂ ਕਿਹਾ।

            ਰਜਨੀ ਦੀ ਗੱਲ ਸੁਣ ਕੇ ਸੰਤੋਸ਼ ਚੁੱਪ ਕਰ ਗਈ ਤੇ ਆਪਣੇ ਕੰਮ ਵਿੱਚ ਰੁੱਝ ਗਈ।         ਛੁੱਟੀ ਵੇਲ਼ੇ ਸੰਤੋਸ਼ ਨੇ ਅਚਾਨਕ ਉਹ ਪੈਕੇਟ ਆਪਣੇ ਪਰਸ ਵਿੱਚੋਂ ਕੱਢਿਆ ਤੇ ਅੰਦਰ ਜਾ ਕੇ ਕਲਰਕ ਮੁੰਡੇ ਨੂੰ ਸੋਪਦਿਆਂ ਕਿਹਾ, ਇਸ ਮਹੀਨੇ ਮੈਂ ਛੁੱਟੀ ਤੇ ਸੀ। ਸ਼ਾਇਦ ਗਲਤੀ ਨਾਲ ਤੁਸੀਂ ਮੈਨੂੰ ਤਨਖਾਹ ਦੇ ਦਿੱਤੀ ਹੈ। ਕਹਿ ਕੇ ਬਿਨਾਂ ਜਵਾਬ ਉਡੀਕੇ ਸੰਤੋਸ਼ ਬਾਹਰ ਨਿਕਲ਼ ਗਈ।

                ਮੋੜ ਹੀ ਆਈ ਫ਼ੇਰ! ਚੈਨ ਆ ਗਿਆ ਹੁਣ? ਰਜਨੀ ਨੇ ਉਹਨੂੰ ਅੰਦਰੋਂ ਆਉਂਦਿਆਂ ਦੇਖ ਕੇ ਪੁੱਛਿਆ।

          ਬਿਲਕੁੱਲ ਆ ਗਿਆ! ਅੜੀਏ ਮੈਂ ਤਾਂ ਬਹੁਤ ਮਨਾਇਆ ਪਰ ਆਹ ਅੰਦਰਲਾ ਇਨਸਾਨ ਨਹੀਂ ਮੰਨਿਆ। ਕਹਿ ਕੇ ਸੰਤੋਸ਼ ਹੱਸਦਿਆਂ ਹੋਇਆਂ ਪਰਸ ਚੁੱਕ ਘਰ ਨੂੰ ਤੁਰ ਪਈ।

 

ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ।     

ਬਾਬੇ ਭੰਗੜਾ ਪਾਉਂਦੇ ਨੇ ✍️ ਜਸਪਾਲ ਸਿੰਘ ਸਨੌਰ (ਪਟਿਆਲਾ)

ਸਮਾਜ ਵਿੱਚ ਗ੍ਰਹਿਸਤੀ ਦੇ ਹਰ ਇਕ ਕੰਮ ਨੂੰ ਕਰਨ ਲਈ ਇੱਕ ਉਮਰ ਹੁੰਦੀ ਹੈ ਅਤੇ ਹਰੇਕ ਕੰਮ ਉਮਰ ਦੇ ਹਿਸਾਬ ਨਾਲ ਹੀ ਸਮਾਜ ਵਿੱਚ ਚੰਗਾ ਲੱਗਦਾ ਹੈ। ਇੱਥੇ ਮੈਂ ਗੱਲ ਕਰਾਂਗਾ ਵੱਡੀ ਉਮਰ ਵਿਚ ਹੋਏ ਟਹਿਲ ਸਿੰਘ ਦੇ ਵਿਆਹ ਬਾਰੇ। ਸਰਦਾਰ ਟਹਿਲ ਸਿੰਘ ਦਾ ਜਨਮ 28 ਅਗਸਤ 1968 ਈਸਵੀ ਵਿੱਚ ਪੰਜਾਬ ਦੇ ਜਿਲ੍ਹੇ ਪਟਿਆਲਾ ਦੇ ਪਿੰਡ ਘਨੌਰ ਵਿਖੇ ਹੋਇਆ । ਉਸ ਦੇ ਪੰਜ ਦੋਸਤ ਜਿਨ੍ਹਾਂ ਦੇ ਨਾਮ ਰੁਲਦੂ ਸਿੰਘ, ਦੋਲਤ ਸਿੰਘ, ਧਰਮ ਸਿੰਘ, ਬਗੀਚਾ ਸਿੰਘ ਅਤੇ ਮੱਘਰ ਸਿੰਘ ਸਨ। ਟਹਿਲ ਸਿੰਘ ਦੇ ਦੋ ਵੱਡੇ ਭਰਾ ਅਤੇ ਦੋ ਛੋਟੀਆਂ ਭੈਣਾਂ ਸਨ। ਟਹਿਲ ਸਿੰਘ ਦੇ ਹਿੱਸੇ 6 ਕਿੱਲੇ ਜ਼ਮੀਨ ਆਉਂਦੀ ਸੀ। ਟਹਿਲ ਸਿੰਘ ਨੇ ਆਪਣੀ ਮੈਟ੍ਰਿਕ ਦੀ ਪੜ੍ਹਾਈ ਘਨੌਰ ਸਕੂਲ ਅਤੇ ਬਾਰਵੀਂ ਦੀ ਪ੍ਰੀਖਿਆ ਸਰਕਾਰੀ ਸਕੂਲ ਬਹਾਦਰਗੜ੍ਹ, ਪਟਿਆਲਾ ਤੋਂ ਕੀਤੀ। ਬਾਅਦ ਵਿਚ ਉਸ ਨੇ ਬੀ.ਏ. ਦੀ ਪੜ੍ਹਾਈ ਲਈ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿੱਚ ਦਾਖਲਾ ਲਿਆ।

ਬਾਰ੍ਹਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਉਹ ਸਾਰੇ ਮਿੱਤਰ ਆਪਣੇ ਆਪਣੇ ਕੰਮ ਸਿੱਖਣ ਲੱਗ ਪਏ ਅਤੇ ਵਾਰੋ-ਵਾਰੀ ਉਸਦੇ ਪੰਜ ਮਿੱਤਰਾਂ ਦਾ ਵਿਆਹ ਹੋ ਗਿਆ ਅਤੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨ ਲੱਗ ਪਏ। ਪਰ ਟਹਿਲ ਸਿੰਘ ਦਾ ਇਰਾਦਾ ਸੀ ਕੀ ਉਹ ਜਿੰਦਗੀ ਵਿੱਚ ਸਰਕਾਰੀ ਨੌਕਰੀ ਕਰੇਗਾ। ਜਦੋਂ ਉਹ ਬੀ.ਏ. ਭਾਗ ਦੂਸਰਾ ਵਿੱਚ ਪੜ੍ਹ  ਰਿਹਾ ਸੀ ਤਾਂ ਉਸ ਨੇ ਫੌਜ ਦੀ ਨੌਕਰੀ ਬਾਰੇ ਅਰਜ਼ੀ ਦਿੱਤੀ ਅਤੇ ਉਹ ਫੌਜ ਵਿੱਚ ਭਰਤੀ ਹੋ ਗਿਆ। ਜਦੋਂ ਉਹ ਫੌਜ ਵਿਚ ਸੀ ਤਾਂ ਉਹ ਆਪਣੇ ਸਾਰੇ ਦੋਸਤਾਂ ਮਿੱਤਰਾਂ ਦੀ ਘਰ ਗ੍ਰਹਿਸਤੀ ਦੀ ਖਬਰ ਰੱਖਦਾ ਸੀ। ਉਸ ਦੇ ਦੋ ਦੋਸਤਾਂ ਬਗੀਚਾ ਸਿੰਘ ਅਤੇ ਧਰਮ ਸਿੰਘ ਦੀ ਆਪਣੇ ਪਰਵਾਰ ਵਿੱਚ ਬਿਲਕੁਲ ਨਹੀਂ ਬਣਦੀ ਸੀ ਜਿਸ ਕਾਰਨ ਉਸ ਦੇ ਦੋਸਤਾਂ ਦੇ ਘਰੇ ਹਮੇਸ਼ਾ ਕਲੇਸ਼ ਰਹਿੰਦਾ ਸੀ। ਘਰੇਲੂ ਕਲੇਸ਼ ਕਾਰਨ ਧਰਮ ਸਿੰਘ ਦੀ ਪਤਨੀ ਨੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ ਸੀ,  ਜਿਸ ਕਾਰਨ ਦੋਸਤ ਧਰਮ ਸਿੰਘ ਨੂੰ ਜੇਲ ਹੋ ਗਈ ਸੀ। ਬਗੀਚਾ ਸਿੰਘ ਦਾ ਆਪਣੀ ਪਤਨੀ ਨਾਲ ਕਲੇਸ਼ ਕਾਰਨ ਪੰਚਾਇਤੀ ਤਲਾਕ ਹੋ ਗਿਆ ਸੀ ਅਤੇ ਉਹ ਵਿਆਹ ਤੋਂ ਬਾਅਦ 11 ਸਾਲ ਤੋਂ ਅੱਡ ਅੱਡ ਰਹਿ ਰਹੇ ਸਨ। ਇਹੋ ਜਿਹੀਆਂ ਘਰ ਗ੍ਰਹਿਸਥੀ ਦੀਆਂ ਗੱਲਾਂ ਤੋਂ ਟਹਿਲ  ਸਿੰਘ ਬਹੁਤ ਦੁਖੀ ਰਹਿੰਦਾ ਸੀ ਅਤੇ ਉਹ ਸੋਚਦਾ ਹੁੰਦਾ ਸੀ ਕੀ ਉਹ ਜ਼ਿੰਦਗੀ ਦੇ ਵਿੱਚ ਵਿਆਹ ਨਹੀਂ ਕਰਵਾਏਗਾ , ਆਪਣੇ ਹੱਥੀਂ ਪਕਾਏਗਾ ਅਤੇ ਖਾਏਗਾ।

ਹੁਣ ਟਹਿਲ ਸਿੰਘ ਦੀ ਉਮਰ 52 ਸਾਲ ਦੀ ਹੋ ਗਈ ਸੀ ਅਤੇ ਉਹ ਫੌਜ ਵਿੱਚੋਂ ਰਿਟਾਇਰ ਹੋ ਕੇ ਆਪਣੇ ਭਾਈ ਭਰਜਾਈਆਂ ਅਤੇ ਭਤੀਜਿਆ ਨਾਲ ਪਿੰਡ ਦੇ ਘਰ ਵਿਚ ਆ ਕੇ ਰਹਿਣ ਲੱਗ ਪਿਆ। ਇਕ ਰਿਟਾਇਰਡ ਫੌਜੀ ਹੋਣ ਦੇ ਨਾਤੇ ਟਹਿਲ ਸਿੰਘ ਆਪਣੇ ਆਪ ਨੂੰ ਹੁਣ ਵੀ ਟਿਪ ਟੋਪ ਰੱਖਦਾ ਸੀ, ਉਹ ਆਪਣੀ ਦਾੜੀ ਕਾਲੀ ਕਰਦਾ ਅਤੇ ਸਾਫ ਸੁਥਰੀ ਪੈਂਟ ਕਮੀਜ਼ ਪਹਿਨਦਾ ਸੀ। ਡੇਢ ਕੁ ਮਹੀਨਾ ਉਸਦੇ ਭਤੀਜੇ ਉਹਦੇ ਨਾਲ ਠੀਕ ਵਰਤਾਰਾ ਕਰਦੇ ਰਹੇ ਪਰ ਬਾਅਦ ਵਿੱਚ ਉਸ ਦੀ ਗੱਲ ਵਿੱਚ ਕਿੰਤੂ ਪ੍ਰੰਤੂ ਲੱਗ ਪਏ, ਇਸ ਤੋਂ ਖਫ਼ਾ ਹੋ ਕੇ ਟਹਿਲ ਸਿੰਘ ਨੇ ਆਪਣੇ ਭਰਾਵਾਂ ਤੋਂ ਰੋਟੀ ਅੱਡ ਬਣਾਉਣ ਲੱਗ ਪਿਆ ਅਤੇ ਆਪਣੇ ਭਰਾਵਾਂ ਤੋਂ ਆਪਣੇ ਹਿੱਸੇ ਦੀ ਜ਼ਮੀਨ ਵੰਡਵਾਂ ਕੇ ਖੇਤੀ ਵੀ ਆਪ ਕਰਨ ਲੱਗ ਪਿਆ। ਟਹਿਲ ਸਿੰਘ ਆਪਣੇ ਘਰ ਦਾ ਆਪ ਆਪਣੇ ਹੱਥੀ ਝਾੜੂ-ਪੋਚਾ ਕਰਦਾ, ਆਪਣੇ ਲਈ ਆਪ ਰੋਟੀ ਬਣਾਉਂਦਾ ਅਤੇ ਆਪ ਕੱਪੜੇ ਧੋਂਦਾ ਸੀ। ਇਹ ਸਭ ਕੁਝ ਦੇਖ ਕੇ ਉਸਦੇ ਦੋਸਤ ਉਸ ਨੂੰ ਕਹਿਣ ਲੱਗੇ ਉਹ ਆਪਣੇ ਲਈ ਵਿਆਹ ਕਰਵਾ ਲਵੇ,  ਉਸ ਦੇ ਰਿਸ਼ਤੇਦਾਰ ਵੀ ਉਸ ਨੂੰ ਵਿਆਹ ਕਰਵਾਉਣ ਦੀ ਸਲਾਹ ਦੇਣ ਲੱਗ ਪਏ ਅਤੇ ਕਹਿਣ ਲੱਗ ਪਏ ਕਿ ਹੁਣ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗਾੜਿਆ। ਤੂੰ ਸਾਡੇ ਸਾਰਿਆਂ ਦੇ ਵਿਆਹਾਂ ਵਿਚ  ਨੱਚਿਆ ਕੁੱਦਿਆ ਹੈ ਸਾਡੇ ਵੀ ਤੂੰ ਤੇਰੇ ਵਿਆਹ ਵਿਚ ਭੰਗੜੇ  ਪੁਆ ਦੇ,  ਨਾਲ ਉਹ ਇਹ ਵੀ ਕਹਿੰਦੇ ਜੇਕਰ ਤੂੰ ਵਿਆਹ ਨਹੀਂ ਕਰਵਾਏਗਾ ਤਾਂ ਤੇਰੇ ਵਾਲੀ ਜਮੀਨ ਉਸ ਦੇ ਭਾਈ ਭਤੀਜੇ ਵਰਤਣਗੇ। ਹੁਣ ਟਹਿਲ ਸਿੰਘ ਸੋਚਣ ਲੱਗ ਪਿਆ ਸੀ ਜੇ ਉਸਨੇ ਜਵਾਨੀ ਵੇਲੇ ਵਿਆਹ ਕਰਵਾਇਆ ਹੁੰਦਾ ਤਾਂ ਉਸਦੇ ਘਰ ਨੂੰ ਸਾਂਭਣ ਵਾਲਾ ਵੀ ਅੱਜ ਕੋਈ ਨਾ ਕੋਈ ਹੁੰਦਾ। ਅਤੇ ਆਪਣੇ ਦੋਸਤਾਂ ਦੇ ਵਾਂਗ ਉਸਦੇ ਵੀ ਆਪਣੇ ਧੀਆਂ ਪੁੱਤਰਾਂ ਵਾਲਾ ਹੁੰਦਾ।

ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਕਹਿਣ ਤੇ ਟਹਿਲ ਸਿੰਘ ਮੰਨ ਗਿਆ ਅਤੇ ਹੁਣ ਸਾਰੇ ਟਹਿਲ ਸਿੰਘ ਲਈ ਜੀਵਣ ਸਾਥੀ ਲੱਭਣ ਲੱਗ ਪਏ। ਪਰ ਇਸ ਉਮਰ ਵਿੱਚ ਟਹਿਲ ਸਿੰਘ ਲਈ ਜੀਵਨ ਸਾਥੀ ਲੱਭਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ ਕਿਉਂਕਿ ਉਸ ਦੀ ਉਮਰ 52 ਸਾਲ ਤੋਂ ਉੱਪਰ ਹੋ ਚੁੱਕੀ ਸੀ। ਵਿਚੋਲਿਆ ਅਤੇ ਰਿਸਤੇਦਾਰਾ ਨੇ ਬਥੇਰੀਆਂ ਜੁੱਤੀਆਂ ਘਸਾਈਆਂ। ਆਖਰਕਾਰ ਉਤਰ ਪ੍ਰਦੇਸ਼ ਦਾ ਇੱਕ ਪਰਿਵਾਰ ਆਪਣੇ ਵਿਧਵਾ ਲੜਕੀ ਦੇ ਵਿਆਹ ਲਈ ਤਿਆਰ ਹੋ ਗਿਆ ਜਿਸ ਦੀ ਉਮਰ 43 ਕੁ ਸਾਲ ਸੀ ਅਤੇ ਉਸ ਕੋਲ ਇੱਕ 13 ਸਾਲ ਦੀ ਬੇਟੀ ਸੀ। ਪਹਿਲਾਂ ਤਾਂ ਟਹਿਲ ਸਿੰਘ ਇਸ ਪ੍ਰਤੀ ਨਾਂਹ ਨੁੱਕਰ ਕਰਦਾ ਰਿਹਾ ਪਰ ਬਾਅਦ ਵਿੱਚ ਰਾਜ਼ੀ ਹੋ ਗਿਆ। ਪਰੰਤੂ ਟਹਿਲ ਸਿੰਘ ਦੇ ਭਰਾ ਅਤੇ ਭਰਜਾਈਆਂ ਇਹ ਸੁਣ ਕੇ ਹੱਕੀਆਂ ਬੱਕੀਆਂ ਰਹਿ ਗਈਆਂ ਅਤੇ ਇਸ ਰਿਸ਼ਤੇ ਬਾਰੇ ਭਾਨੀ ਮਾਰਨ ਲੱਗ ਪਈਆਂ ਕਿਉਂਕਿ ਟਹਿਲ ਸਿੰਘ ਦੀ ਜ਼ਮੀਨ  ਉਹਨਾਂ ਦੇ ਹੱਥੋਂ ਖਿਸਕਦੀ ਨਜ਼ਰ ਆ ਰਹੀ ਸੀ। ਹੁਣ ਟਹਿਲ ਸਿੰਘ ਨੂੰ ਵੀ ਸਮਝ ਆ ਰਹੀ ਸੀ ਅਤੇ ਉਹ ਆਪਣੇ ਚਾਰ ਪੰਜ ਰਿਸ਼ਤੇਦਾਰਾਂ ਨੂੰ ਨਾਲ ਉੱਤਰ ਪ੍ਰਦੇਸ ਲਿਜਾ ਕੇ ਆਨੰਦ ਕਾਰਜ ਕਰਵਾ ਕੇ ਆਪਣੀ ਪਤਨੀ ਜਗਮੋਹਣ ਕੌਰ ਨੂੰ ਨਾਲ ਆਪਣੇ ਘਰ ਲੈ  ਆਇਆ।

ਇਧਰ ਟਹਿਲ ਸਿੰਘ ਦੋਸਤਾਂ ਨੇ ਉਸਦੇ ਵਿਆਹ ਦੀ ਖੁਸ਼ੀ ਵਿੱਚ ਟਹਿਲ ਸਿੰਘ ਦੇ ਘਰ ਇਕ ਰਾਤ ਦੀ ਪਾਰਟੀ ਰੱਖੀ ਸੀ ਜਿਸ ਵਿੱਚ ਟਹਿਲ ਸਿੰਘ ਦੇ ਸਾਕ-ਸੰਬੰਧੀ, ਰਿਸ਼ਤੇਦਾਰ ਅਤੇ ਪਿੰਡ ਵਾਲੇ ਸੱਦੇ ਗਏ। ਟਹਿਲ ਸਿੰਘ ਆਪਣੀ ਵਹੁਟੀ ਨਾਲ ਘਰੇ ਵਾਪਸ ਆਉਂਦਾ ਹੈ ਅਤੇ ਪਾਰਟੀ ਵਿੱਚ ਸ਼ਾਮਲ ਹੋ ਜਾਂਦਾ ਹੈ । ਸਟੇਜ ਤੇ ਡੀ.ਜੇ. ਵਾਲਾ ਬਦਲ ਬਦਲ ਕੇ ਗੀਤ ਲਗਾਉਂਦਾ ਹੈ ਪਰ ਨੱਚਣ ਲਈ ਕੋਈ ਅੱਗੇ ਨਹੀਂ ਆ ਰਿਹਾ ਸੀ । ਡੀ.ਜੇ. ਵਾਲੇ ਨੇ ਅਨਾਊਸਮੈਂਟ ਕੀਤੀ ਕਿ ਮੁੰਡੇ ਦੇ ਯਾਰ-ਦੋਸਤ ਹੀ ਆ ਕੇ ਭੰਗੜਾ ਪਾ ਲੈਣ। ਬਸ ਫੇਰ ਟਹਿਲ ਸਿੰਘ ਦੇ ਜੁੰਡੀ ਦੇ ਯਾਰ ਭੰਗੜਾ ਪਾਉਣ ਲਈ ਸਟੇਜ ਦੇ ਅੱਗੇ ਆ ਗਏ, ਉਹਨਾਂ ਨੂੰ ਵੇਖ ਕੇ ਡੀ.ਜੇ.  ਵਾਲੇ ਨੇ ਸੋਚਿਆ ਕਿ ਮੁੰਡੇ ਦੇ ਦੋਸਤ ਤਾਂ ਬਾਅਦ ਵਿਚ ਨੱਚਣਗੇ ਪਹਿਲਾ ਇਨਾਮ ਬਜੁਰਗਾਂ ਤੋਂ ਹੇ ਸਰੂਆਤ ਕੀਤੀ ਜਾਵੇ ਅਤੇ ਗੁਰਦਾਸ ਮਾਨ ਦਾ ਗੀਤ ਲਗਇਆ ਗਿਆ "ਆ ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ", ਦੋਸਤਾਂ ਨੇ ਖਾਧੀ ਪੀਤੀ ਦੇ ਵਿੱਚ ਵਿਆਹ ਦੇ ਵਿੱਚ ਭੰਗੜਾ ਪਾ ਕੇ ਚਾਰ ਚੰਨ ਲਗਾ ਦਿੱਤੇ। 52-53 ਸਾਲਾਂ ਦੇ ਭੰਗੜਾ ਪਾਉਂਦੇ ਲੰਮੀਆਂ ਦਾੜੀਆਂ ਵਾਲੇ ਦੋਸਤ ਬਹੁਤ ਸੋਹਣੇ ਲੱਗ ਰਹੇ ਸਨ  ਆਪਣੇ ਯਾਰ ਦੇ ਵਿਆਹ ਦੇ ਵਿੱਚ ਖੁਸ਼ੀ ਮਨਾ ਰਹੇ ਸਨ ਅਤੇ ਬਾਰ ਬਾਰ ਡੀ.ਜੇ.  ਵਾਲੇ  ਤੋਂ ਇਹੀ ਗਾਣਾ ਲਗਵਾ ਰਹੇ ਸੀ ਕੀ ਬਾਬੇ ਭੰਗੜਾ ਪਾਉਂਦੇ ਨੇ ਅਤੇ ਆਪਣੇ ਯਾਰ ਦੇ ਬਿਆਹ ਦੇ ਵਿਚ ਖੁਸ਼ੀ ਮਨਾਉਂਦੇ ਨੇ। ਇਸੇ ਤਰ੍ਹਾਂ ਟਹਿਲ ਸਿੰਘ ਤੇ ਭਰਾ ਭਰਜਾਈ ਅਤੇ ਭਤੀਜੇ ਵਿਆਹ ਤੋਂ ਨਾਖੁਸ਼ ਹੋ ਕੇ ਚੁੱਪ-ਚੁਪੀਤੇ ਬੈਠੇ ਸਨ। ਟਹਿਲ ਸਿੰਘ ਦੇ ਘਰ ਨੂੰ ਸਾਂਭਣ ਲਈ ਆ ਕੇ ਰੋਟੀ ਟੁੱਕ ਕਰਨ ਲਈ ਉਸ ਦੀ ਪਤਨੀ ਜਗਮੋਹਣ ਕੌਰ ਆ ਗਈ, ਉਸ ਦੀ ਬੇਟੀ ਨੂੰ ਸਕੂਲ ਵਿੱਚ ਪੜ੍ਹਨ ਲਾ ਦਿੱਤਾ ਅਤੇ ਇੱਕ ਸਾਲ ਬਾਅਦ ਟਹਿਲ ਸਿੰਘ ਦੇ ਘਰੇ ਇੱਕ ਪੁੱਤਰ ਨੇ ਜਨਮ ਲਿਆ। ਇਸ ਤਰ੍ਹਾਂ ਟਹਿਲ ਸਿੰਘ ਵੀ ਘਰ ਗਰਿਸਤੀ ਵਾਲਾ ਹੋ ਗਿਆ ਅਤੇ ਇੱਕ ਆਮ ਇਨਸਾਨ ਦੀ ਤਰ੍ਹਾਂ ਆਪਣਾ ਜੀਵਨ ਬਤੀਤ ਕਰਨ ਲੱਗਿਆ।

ਜਸਪਾਲ ਸਿੰਘ  ਸਨੌਰ (ਪਟਿਆਲਾ) ਮੋਬਾਈਲ 6284347188

ਪੀ.ਐਚ.ਡੀ. ਵਾਲਿਆਂ ਨੂੰ ਪੜ੍ਹਨੇ ਪਾਉਣ ਵਾਲਾ ਬੁੱਧ  ਸਿੰਘ ਨੀਲੋਂ ✍️ ਰਮੇਸ਼ਵਰ ਸਿੰਘ

ਪੰਜਾਬੀ ਸਾਹਿਤ ਤੇ ਪੱਤਰਕਾਰੀ ਦੇ ਵਿੱਚ  ਬਹੁਤ  ਲੋਕ ਕਲਮਾਂ ਘਸਾ ਰਹੇ ਹਨ, ਤੇ ਕਿਤਾਬਾਂ  ਛਪਵਾ ਰਹੇ ਹਨ। ਪੱਲਿਓ ਪੈਸੇ ਦੇ ਕੇ ਕਿਤਾਬਾਂ ਛਪਵਾ ਕੇ ਆਪਣੀ ਆਪੇ ਹੀ ਚਰਚਾ ਕਰਵਾਉਂਦੇ ਹਨ। ਸ਼ਾਇਦ ਇਹ  ਪਹਿਲਾ ਲੇਖਕ ਹੈ ਜਿਸ ਦੀ ਅਜੇਂ ਕਿਤਾਬ ਵੀ ਨਹੀਂ  ਛਪੀ ਪਰ ਚਰਚਾ ਏਨੀ ਹੈ ਕਿ ਜਿਥੇ ਵੀ ਚਾਰ ਪੰਜਾਬੀ ਜੁੜਦੇ ਹਨ ਤਾਂ  ਬੁੱਧ  ਬੋਲ,  ਬੁੱਧ  ਚਿੰਤਨ  ਤੇ ਇਲਤੀ ਬਾਬਾ  ਦੀ ਗੱਲ ਹੁੰਦੀ  ਹੈ। ਉਹ  ਨਾ ਕਾਲਜ ਪੜ੍ਹਿਆ ਹੈ ਤੇ ਨਾ ਯੂਨੀਵਰਸਿਟੀ ਪੜ੍ਹਿਆ ਹੈ ਪਰ ਉਹ  ਸਾਹਿਤ  ਤੇ ਸਮਾਜ  ਨੂੰ ਏਨਾ ਪੜ੍ਹ ਗਿਆ  ਹੈ ਕਿ ਹਰ ਵਿਸ਼ੇ 'ਤੇ ਖੋਜ ਕਰਕੇ  ਲਿਖਣ ਦਾ ਮਾਹਿਰ ਬਣ ਗਿਆ  ਹੈ।  
ਪੰਜਾਬੀ ਭਾਸ਼ਾ , ਸਾਹਿਤ  ਤੇ ਸੱਭਿਆਚਾਰ  ਦੇ ਵਿੱਚ ਹੁੰਦੀਆਂ ਤੇ ਹੋਈਆਂ  ਜਾਅਲੀ ਡਿਗਰੀਆਂ ਦਾ ਪਰਦਾ  ਜਦੋਂ  ਉਸ  ਨੇ ਚੁੱਕਿਆ ਸੀ ਤੇ ਸਾਰੀਆਂ ਹੀ ਯੂਨੀਵਰਸਿਟੀਆਂ ਦੇ ਵਿੱਚ  ਭੁਚਾਲ  ਆ ਗਿਆ  ਸੀ। ਉਸ ਨੇ ਪੰਜਾਬੀ ਸਿੱਖਿਆ ਦੇ ਤੇ ਪੰਜਾਬੀ ਸਾਹਿਤ ਦੇ ਅਖੌਤੀ  ਬਣੇ ਡਾਕਟਰਾਂ ਦਾ ਅੰਦਰਲਾ ਸੱਚ ਲੋਕਾਂ ਦੇ ਸਾਹਮਣੇ ਰੱਖਿਆ । 


 ਇਹ  ਸ਼ਖਸ ਬਹੁਤ ਹੀ ਸਧਾਰਨ ਪਰਵਾਰ ਦੇ ਵਿੱਚ  ਜੰਮਿਆ  ਪਲਿਆ। ਅੱਠਵੀਂ ਵਿੱਚ  ਪੜ੍ਹਦੇ ਨੂੰ  ਸਕੂਲੋੰ ਹਟਾ ਕੇ ਸੀਰੀ ਰਲਾ ਦਿੱਤਾ ।  ਪਰ ਪ੍ਰਾਈਵੇਟ ਪੇਪਰ ਦੇ ਕੇ ਅੱਠਵੀਂ ਕਰਕੇ  ਫੇਰ ਸਕੂਲ ਪੜ੍ਹਨ  ਲੱਗ ਗਿਆ ।  ਦਸਵੀਂ ਦੇ ਵਿੱਚ  ਪੜ੍ਹਦਾ ਲੁਧਿਆਣੇ ਹਰ ਛੁੱਟੀ ਨੂੰ  ਰਾਜ ਮਿਸਤਰੀ ਦੇ ਨਾਲ ਦਿਹਾੜੀ ਕਰਦਾ।  ਉਹ ਹਾਇਰ ਸੈਕੰਡਰੀ ਤੱਕ ਹੀ ਪੜ੍ਹ  ਸਕਿਆ । ਘਰ ਦੀ ਆਰਥਿਕ  ਤੰਗੀ ਨੇ ਉਸ ਦੇ ਪੜ੍ਹਨ ਦੇ ਚਾਅ ਪੂਰੇ ਨਾ ਹੋਣ ਦਿੱਤੇ। ਫੈਕਟਰੀਆਂ ਦੇ ਵਿੱਚ  ਕੰਮ ਕੀਤਾ  ਤੇ ਫੇਰ ਅਖਬਾਰ ਦੇ ਵਿੱਚ  ਬਤੌਰ ਪਰੂਫ ਰੀਡਰ ਲੱਗ ਗਿਆ । ਰੋਜ਼ਾਨਾ ਅੱਜ ਦੀ ਆਵਾਜ਼ ,  ਨਵਾਂ ਜਮਾਨਾ, ਅਕਾਲੀ ਪੱਤ੍ਰਿਕਾ  ਦੇ ਵਿੱਚ  ਕਈ ਵਰੇ ਸੰਪਾਦਕੀ ਬੋਰਡ ਵਿੱਚ  ਸੇਵਾਵਾਂ  ਨਿਭਾਉਂਦਾ ਰਿਹਾ।
ਪਿੰਡ ਨੀਲੋੰ ਕਲਾਂ ਜਿਲ੍ਹਾ  ਲੁਧਿਆਣਾ ਦਾ ਜੰਮਿਆ  ਬੁੱਧ  ਸਿੰਘ  ਨੀਲੋੰ ਹੁਣ ਲੁਧਿਆਣਾ ਵਿੱਚ  ਪੰਜਾਬੀ ਭਵਨ  ਦੇ ਰਹਿੰਦਾ ਹੈ।
ਪੰਜਾਬੀ ਦੀ ਕੋਈ  ਅਖਬਾਰ ਤੇ ਸਾਹਿਤਕ  ਮੈਗਜੀਨ  ਅਜਿਹਾ ਨਹੀ ਜਿਥੇ ਉਸ ਦੇ ਲੇਖ ਤੇ ਕਵਿਤਾਵਾਂ ਨਾ ਛਪੀਆਂ ਹੋਣ।  1983 ਦੇ ਵਿੱਚ  ਪੰਜਾਬੀ ਟ੍ਰਿਬਿਊਨ ਦੇ ਵਿੱਚ  ਲਗਾਤਾਰ ਛਪਣ ਲੱਗਿਆ । ਇਲਾਕੇ ਦੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਦੇ ਨਾਲ ਜੁੜਿਆ ਹੀ ਨਹੀਂ  ਰਿਹਾ ਸਗੋ ਪਿੰਡ  ਵਿੱਚ  ਹਰ ਸਾਲ ਸਾਹਿਤਕ  ਸਮਾਗਮ ਤੇ ਨਾਟਕ ਕਰਵਾਉਂਦਾ ਰਿਹਾ। ਅਨੇਕ ਨੌਜਵਾਨਾਂ ਨੂੰ  ਪੱਤਰਕਾਰਤਾ ਦੇ ਨਾਲ ਜੋੜਿਆ । ਖਬਰ ਲਿਖਣ ਦੇ ਗੁਰ ਦੱਸੇ।
 ਉਸ ਦੇ ਕੋਲ ਕੋਈ ਡਿਗਰੀ ਨਾ ਹੋਣ ਕਰਕੇ  ਸਰਕਾਰੀ  ਨੌਕਰੀ ਨਹੀਂ  ਕਰ ਸਕਿਆ ।  ਪੰਜਾਬੀ ਦੇ ਅਨੇਕ ਸਾਹਿਤਕ ਤੇ ਰਾਜਨੀਤਿਕ  ਮੈਗਜ਼ੀਨ ਦਾ ਕਾਲਮ ਨਵੀਸ ਰਿਹਾ। 
ਹੁਣ ਪਿਛਲੇ ਤੇਈ ਵਰਿਆਂ ਤੋਂ  ਪੰਜਾਬੀ ਸਾਹਿਤ  ਅਕਾਦਮੀ ਪੰਜਾਬੀ ਭਵਨ ਲੁਧਿਆਣਾ ਦੀ ਲਾਇਬ੍ਰੇਰੀ ਦੇ ਵਿੱਚ  ਸਹਾਇਕ ਵਜੋਂ  ਸੇਵਾਵਾਂ ਨਿਭਾਉਂਦਾ ਰਿਹਾ।  ਲਾਇਬ੍ਰੇਰੀ ਦੀਆਂ ਸੇਵਾਵਾਂ ਵੇਲੇ  ਉਸ  ਨੇ ਕਿਤਾਬਾਂ ਤੇ  ਅੈਮ.ਏ. ਅੈਮ.ਫਿਲ.ਪੀ.ਐਚ.ਡੀ ਤੇ ਡੀ. ਲਿਟ ਦੇ ਖੋਜ ਨਿਬੰਧ ਤੇ ਖੋਜ ਪ੍ਰਬੰਧ ਤੇ ਹਰ ਵਿਧਾ ਦੀਆਂ  ਕਿਤਾਬਾਂ  ਨੂੰ ਘੋਲ ਕੇ ਪੀ ਗਿਆ ।  
ਜਦੋਂ  ਉਸ ਨੇ ਪੀ.ਐਚ.ਡੀ. ਦੇ ਥੀਸਿਸ  ਪੜ੍ਹਨੇ ਸ਼ੁਰੂ ਕੀਤੇ ਤਾਂ  ਇਹਨਾਂ ਦੇ ਵਿੱਚ  ਹੋਈਆਂ  ਗੜਬੜਾਂ ਤੋਂ  ਪਰਦੇ ਚੁੱਕਿਆ  ਤੇ ਉਹ  ਦੀ ਚਰਚਾ  ਯੂਨੀਵਰਸਿਟੀਆਂ ਤੇ ਖੋਜਾਰਥੀਆਂ ਦੇ ਵਿੱਚ  ਹੋਣ ਲੱਗੀ ।ਉਸ ਨੇ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਹੋਏ ਥੀਸਿਸਾਂ ਦੀਆਂ  ਨਕਲਾਂ ਨੂੰ  ਸਬੂਤਾਂ ਸਮੇਤ ਅਖਬਾਰਾਂ ਦੇ ਵਿੱਚ  ਛਾਪਣ ਦਾ ਹੌਸਲਾ  ਕੀਤਾ । ਇਸ ਦੇ ਨਾਲ  ਉਸ ਦੀ ਚਰਚਾ ਤਾਂ  ਬਹੁਤ  ਹੋ ਗਈ ਪਰ ਉਸ ਨੂੰ  ਧਮਕੀਆਂ ਤੇ ਫਾਕੇ ਝੱਲਣੇ ਪਏ।  ਨੌਕਰੀ ਵੀ ਗਵਾਈ  ਪਰ ਉਸ ਨੇ ਆਪਣਾ ਖੋਜ ਦਾ ਕੰਮ ਨਾ ਛੱਡਿਆ। ਉਸ ਨੇ ਹੁਣ ਤੱਕ  ਪੰਜਾਬ , ਹਰਿਆਣਾ , ਦਿੱਲੀ  , ਚੰਡੀਗੜ੍ਹ  ਤੇ ਜੰਮੂ ਦੀਆਂ  ਯੂਨੀਵਰਸਿਟੀਆਂ ਦੇ ਵਿੱਚ ਹੋਏ ਸਾਰੇ ਨਹੀਂ  ਵੱਡੀ ਗਿਣਤੀ ਦੇ ਵਿੱਚ  ਥੀਸਿਸ ਪੜ੍ਹ  ਕੇ ਉਸਦਾ ਪਰਦਾ ਚਾਕ ਕੀਤਾ ।
ਉਸਨੇ ਪੰਜਾਬੀ ਦੇ ਲੋਕ ਕਵੀ ਤੇ ਕਵੀਸ਼ਰ ਬਾਬੂ ਰਜਬ ਅਲੀ ਦੀ ਪੁਸਤਕ  "" ਕਲਾਮ  ਬਾਬੂ  ਰਜਬ ਅਲੀ " 2009 ਦੇ ਵਿੱਚ  ਸੰਪਾਦਿਤ ਕੀਤੀ ।  ਜਿਸ ਦੇ ਹੁਣ ਤੱਕ ਪੰਜ ਅੈਡੀਸ਼ਨ ਆ ਚੁੱਕੇ ਹਨ। ਇਸ ਤੋਂ  ਬਿਨਾਂ ਸੱਤ ਕਿਤਾਬਾਂ  ਅਨੁਵਾਦ  ਕੀਤੀਆਂ  ਹਨ।  ਉਸ ਨੇ ਪੰਜਾਬ ਦੇ ਬਾਰੇ ਖੋਜ ਪੁਸਤਕ  " ਪੰਜਾਬ ਦੀ ਤਸਵੀਰ "  ਹੈ ਜਿਸ ਦੇ ਵੀ ਹੁਣ ਤਿੰਨ  ਅੈਡੀਸ਼ਨ ਆ ਚੁੱਕੇ ਹਨ। ਉਸਦੀ ਪੰਜਾਬੀ ਸਾਹਿਤ  ਤੇ ਯੂਨੀਵਰਸਿਟੀਆਂ ਦੇ ਵਿੱਚ  ਹੁੰਦੀ  ਘਪਲੇਬਾਜ਼ੀ ਦਾ ਪਰਦਾ ਚੁੱਕਦੀ ਪੁਸਤਕ  " ਪੰਜਾਬੀ ਸਾਹਿਤ ਦਾ ਮਾਫੀਆ " ਛਪ ਰਹੀ ਹੈ।  ਇਸ  ਕਿਤਾਬ ਦੀ ਹਰ ਕੋਈ ਬੇਸਬਰੀ ਦੇ ਨਾਲ ਉਡੀਕ  ਕਰ ਰਿਹਾ ਹੈ।
  ਉਸ ਦੇ ਕੋਲ ਕੋਈ  ਡਿਗਰੀ ਨਹੀਂ  ਪਰ ਉਸ ਨੇ ਅਨੇਕਾਂ  ਨੂੰ  ਡਿਗਰੀਆਂ ਤੇ ਨੌਕਰੀਆਂ  ਦਿਵਾਈਆਂ ਹਨ। 
ਹੁਣ ਵੀ ਉਹ  ਸੋਸ਼ਲ ਮੀਡੀਆ ਤੇ ਸਭ ਤੋਂ  ਵੱਧ ਲਿਖ ਰਿਹਾ ਹੈ। ਉਸਦੇ  ਨਾਲ ਟੀਵੀ  ਤੇ ਰੇਡੀਓ ਵਾਲੇ ਅਨੇਕਾਂ ਵਾਰ ਪੀਅੈਚ.ਡੀ. ਦੇ ਬਾਰੇ ਗੱਲਬਾਤ ਕਰ ਚੁੱਕੇ ਹਨ ਤੇ ਹੁਣ ਵੀ ਉਹ ਦੇਸ਼ ਵਿਦੇਸ਼ ਦੇ ਕਿਸੇ ਰੇਡੀਓ ਤੇ ਇਹਨਾਂ ਨਕਲੀ ਡਾਕਟਰਾਂ ਦੇ ਬੱਖੀਏ ਉਧੇੜਦਾ ਹੈ। 
ਉਸ ਨੂੰ  ਲਾਇਬ੍ਰੇਰੀ ਦੇ ਨਾਲ ਏਨਾ ਪਿਆਰ  ਹੋ ਗਿਆ ਸੀ ਕਿ ਉਹ ਲਾਇਬ੍ਰੇਰੀ ਦੀਆਂ  ਕਿਤਾਬਾਂ ਤੇ ਥੀਸਿਸ ਦੇ ਬਾਰੇ ਏਨਾ ਜਾਣਦਾ ਸੀ ਕਿ ਘਰੇ ਬੈਠਾ ਵੀ ਕਿਸੇ ਨੂੰ  ਲਾਇਬ੍ਰੇਰੀ ਦੇ ਵਿੱਚ  ਪਈਆਂ ਕਿਤਾਬਾਂ  ਬਾਰੇ ਦੱਸ ਸਕਦਾ ਸੀ।  ਹੁਣ ਉਸ  ਨੂੰ  ਨਿੱਤ ਖੋਜ ਕਰਨ ਵਾਲਿਆਂ ਦੇ ਹੀ ਨਹੀਂ  ਸਗੋਂ  ਉਸ ਦੀਆਂ  ਲਿਖਤਾਂ ਦੇ ਪਾਠਕਾਂ ਦੇ ਤੇ ਪੰਜਾਬੀ ਨੂੰ  ਪਿਆਰ ਕਰਨ ਵਾਲਿਆਂ ਦੇ ਫੋਨ ਆਉਦੇ ਹਨ। 
ਉਸ ਦੇ ਹੁਣ ਤੱਕ ਕੀਤੇ ਖੋਜ ਕਾਰਜ ਦਾ ਕਿਸੇ ਸੰਸਥਾ ਨੇ ਮੁੱਲ  ਨਹੀਂ  ਪਾਇਆ । ਇਹ ਖੋਜੀ ਲੇਖਕ  ਹਰ ਲੇਖ ਦੇ ਵਿੱਚ  ਹਰ ਦਿਨ ਨਵੀਆਂ  ਗੱਲਾਂ ਕਰਦਾ ਹੈ। ਪੰਜਾਬੀ ਦੇ ਕਈ ਅਖਬਾਰਾਂ ਦੀਆਂ ਸੰਪਾਦਕੀਆਂ ਵੀ ਲਿਖਦਾ ਹੈ।  ਉਸਦੇ ਕੋਲ ਬਹੁਤ ਲੋਕਾਂ ਦੀਆਂ  ਚਲਾਕੀਆਂ ਦੇ ਕਿੱਸੇ ਹਨ। ਕਿਸ ਨੇ ਕਿਸ ਦੇ ਥੀਸਿਸ ਤੇ ਕਿਤਾਬ  ਦੀ ਨਕਲ ਮਾਰੀ ਹੈ ਸਭ ਦਾ ਪਤਾ ਹੈ।
 ਹੁਣ ਲੁਧਿਆਣਾ ਤੋਂ  ਛਪਦੇ ਰੋਜ਼ਾਨਾ  ਪਹਿਰੇਦਾਰ ਤੇ ਰੋਜ਼ਾਨਾ  ਜੁਝਾਰ ਟਾਈਮਜ਼  ਦਾ ਸੀਨੀਅਰ ਸਬ ਅੈਡੀਟਰ ਵਜੋਂ  ਸੇਵਾਵਾਂ  ਨਿਭਾਉਂਦਾ ਰਿਹਾ  ਤੇ ਅੱਜਕੱਲ੍ਹ  ਰੋਜ਼ਾਨਾ  ਪ੍ਰਾਈਮ ਉਦੇ ਦਾ ਸਮਾਚਾਰ  ਸੰਪਾਦਕ  ਹੈ।  ਰੋਜ਼ਾਨਾ  ਸੰਪਾਦਕੀ ਤੇ ਬੁੱਧ  ਬੋਲ ,  ਤਾਇਆ ਬਿਸ਼ਨਾ,  ਪਿਆਜ ਦੇ ਛਿਲਕੇ, ਇਲਤੀਨਾਮਾ ਤੇ ਬੁੱਧ  ਚਿੰਤਨ  ਅਜਿਹੇ ਕਾਲਮ ਲਿਖਦਾ ਹੈ।
  ਆਪਣੀ  ਪਤਨੀ ਬਲਜੀਤ ਕੌਰ  ਤੇ ਬੇਟੇ ਗੌਰਵਦੀਪ ਸਿੰਘ  (ਦੀਪ ਸਾਹਨੀ) ਦੇ ਨਾਲ  ਬਹੁਤ ਹੀ ਸਧਾਰਨ  ਜ਼ਿੰਦਗੀ  ਜੀਅ ਰਿਹਾ ਹੈ। 
ਇਹ  ਸੱਚ ਮੁੱਚ ਦਾ ਪ੍ਰਲੋਤਾਰੀ ਹੈ।  ਜਿਹੜਾ  ਸਮਾਜ ਦੇ ਵਿੱਚ  ਵੱਧ ਰਹੇ ਸਾਹਿਤਕ ਪ੍ਰਦੂਸ਼ਣ ਨੂੰ  ਸਾਫ ਕਰਨ ਦਾ ਯਤਨ ਕਰਦਾ ਹੈ।  ਉਹ ਹੈ ਕੀ ਹੈ , ਉਸਦਾ ਪਤਾ ਨਹੀਂ ...?  
ਬਹੁਤੇ  ਲੋਕਾਂ ਨੂੰ  ਇਹ  ਭੁਲੇਖਾ ਹੈ ਕਿ ਉਹ  ਕਿਸੇ ਯੂਨੀਵਰਸਿਟੀ  ਜਾਂ  ਕਾਲਜ ਦੇ ਵਿੱਚ  ਪ੍ਰੋਫੈਸਰ  ਹੈ ਪਰ ਉਹ  ਤੇ ਇਕ ਕਲਮ ਦਾ ਮਜ਼ਦੂਰ  ਹੈ।ਮਜ਼ਦੂਰੀ ਕਰਦਾ ਹੈ ਤੇ ਲਿਖਣ  ਪੜ੍ਹਨ  ਦਾ ਫਰਜ਼ ਹੈ  ਜੋ ਆਪਣੇ  ਹਿੱਸੇ ਦਾ ਫਰਜ਼  ਨਿਭਾ ਰਿਹਾ ਹੈ।  ਉਸਨੂੰ  ਪਤਾ ਹੈ ਕੀ ਲਿਖਣਾ, ਹੈ ਤੇ ਕਿਵੇਂ  ਲਿਖਣਾ ਹੈ ਕੀਹਨਾ ਦੇ ਲਈ  ਲਿਖਣਾ ਤੇ ਉਸ ਨੂੰ  ਲਿਖਣ ਦੀ ਕਿਉਂ  ਲੋੜ  ਹੈ? ਦਾ ਗਿਆਨ  ਹੈ।
 ਜਿਵੇਂ  ਪਹਾੜਾਂ ਤੋਂ  ਟੁੱਟ ਕੇ ਧਰਤੀ  ਤੱਕ ਪੁਜਦਾ ਪੱਥਰ  ਗੋਲ ਹੋ ਜਾਂਦਾ  ਹੈ।  ਬਸ ਏਹੀ ਉਸਦੇ ਨਾਲ ਹੋਇਆ ਹੈ । ਸਮਾਜ ਦੇ ਵਿੱਚ  ਵਿਚਰਦਿਆਂ ਉਹ  ਗੋਲ ਨਹੀਂ  ਸਗੋਂ  ਤਿਕੋਣਾ ਬਣ ਗਿਆ  ਹੈ ਜਿਸ ਦੀਆਂ  ਲਿਖਤਾਂ  ਅਖੌਤੀ  ਵਿਦਵਾਨਾਂ  ਤੇ ਅਲੇਖਕਾਂ ਨੂੰ  ਤਾਂ  ਚੁੱਭਦੀਆਂ ਪਰ ਪੰਜਾਬੀ  ਮਾਂ ਬੋਲੀ ਨੂੰ  ਪਿਆਰ  ਕਰਨ ਵਾਲਿਆਂ  ਨੂੰ  ਬਹੁਤ  ਚੰਗੀਆਂ ਲੱਗਦੀਆਂ  ਹਨ। ਉਸ ਦੇ ਬਹੁਤ ਦੁਸ਼ਮਣ  ਹਨ, ਤੇ ਬਹੁਤ  ਪ੍ਰਸੰਸਕ ਹਨ।
  ਉਸ ਦੀਆਂ  ਲਿਖਤਾਂ ਨੂੰ  ਸੋਸ਼ਲ ਮੀਡੀਆ ਤੇ ਪਾਠਕ ਹਰ ਰੋਜ਼  ਉਡੀਕ ਦੇ ਹਨ। 
 ਉਸਦੇ ਬਾਰੇ ਮੈਨੂੰ ਏਨਾ ਕੁ ਪਤਾ  ਲੱਗਿਆ  ਹੈ ਪਰ ਉਹ  ਹੈ ? ਕੀ ਕਦੋਂ  ਪੜ੍ਹਦਾ ਤੇ ਲਿਖਦਾ..ਉਸ ਨੂੰ  ਹੀ ਪਤਾ ਹੈ  ਕਿ ਉਹ ਕੀ ਹੈ?...ਪਰ ਉਹ ਕਹਿੰਦਾ  ਮੈਂ  ਕੀ ਹਾਂ  ਤੇ ਕਿਉਂ  ਹਾਂ ਮੈਨੂੰ  ਵੀ ਪਤਾ ਨਹੀਂ ।  ਪਰ ਇਹ  ਸੱਚਮੁੱਚ ਦਾ ਪੰਜਾਬੀ ਸਾਹਿਤ  ਤੇ ਸਮਾਜ ਨੂੰ  ਮੁਹੱਬਤ ਕਰਨ ਵਾਲਾ ਉਹ ਕਲਮ ਦਾ ਯੋਧਾ  ਹੈ ਜਿਹੜਾ  ਬਿਨਾਂ  ਕਿਸੇ ਡਰ ਦੇ ਪੰਜਾਬੀ ਸਾਹਿਤ  ਦੇ ਨਿਵੇਕਲੀਆਂ ਉਹ ਪੈੜਾਂ  ਪਾ ਰਿਹਾ ਹੈ ਜੋ ਸਦਾ ਰਹਿਣਗੀਆਂ।
  ਉਸਦੇ ਨਾਲ ਕਿਸੇ ਵੀ ਵਿਸ਼ੇ ਤੇ ਤੁਸੀਂ  ਗੱਲ  ਕਰ ਸਕਦੇ ਹੋ...ਸੰਪਰਕ ਨੂੰ  94643 70823  ਹੈ। 

ਰਮੇਸ਼ਵਰ ਸਿੰਘ ਸੰਪਰਕ- 9914880392

ਨੌਜਵਾਨ ਵਰਗ ਬਦਲ ਸਕਦਾ ਹੈ ਦੇਸ਼ ਦੀ ਦਿਸ਼ਾ ਅਤੇ ਦਸ਼ਾ "✍️ ਕੁਲਦੀਪ ਸਿੰਘ ਰਾਮਨਗਰ

 

ਦੇਸ਼ ਭਰ 'ਚ ਹਰ ਸਾਲ 12 ਜਨਵਰੀ ਨੂੰ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਵਸ ਰਾਸ਼ਟਰੀ ਨੌਜਵਾਨ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਦੇਸ਼ ਦੀ ਅਜ਼ਾਦੀ ਦੀ ਲੜਾਈ ਤੋਂ ਲੈ ਕੇ ਹੋਰ ਬਹੁਤ ਸਾਰੇ ਸੰਘਰਸ਼ਾਂ ਵਿੱਚ ਨੌਜਵਾਨਾਂ ਦਾ ਅਹਿਮ ਰੋਲ ਰਿਹਾ ਹੈ। ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਉਥੋ ਦੇ ਨੌਜਵਾਨਾਂ ਦੇ ਚਿਹਰਿਆ ਤੋਂ ਸਹਿਜੇ ਹੀ ਪੜੀ ਜਾ ਸਕਦੀ ਹੈ। ਨੌਜਵਾਨ ਇਕ ਇਹੋ ਜਿਹਾ ਵਰਗ ਹੈ, ਜਿਸ ਤੋਂ ਬਿਨਾਂ ਕਿਸੇ ਦੇਸ਼ ਜਾਂ ਸੂਬੇ ਦੀ ਸੱਤਾ ਤਬਦੀਲੀ ਨਹੀਂ ਹੋ ਸਕਦੀ ਪਰ ਅੱਜ ਜੇ ਇਕੱਲੇ ਪੰਜਾਬ ਦੀ ਗੱਲ ਕਰੀਏ ਤਾਂ ਇਥੋਂ ਦਾ ਨੌਜਵਾਨ ਦੂਜੇ ਦੇਸ਼ਾਂ ਵੱਲ ਜਾਣ ਲਈ ਜਦੋ ਜਹਿਦ ਕਰ ਰਿਹਾ ਹੈ। ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਜਿਨ੍ਹਾਂ ਵਿਚ ਸਿਸਟਮ ਦਾ ਸਹੀ ਨਾ ਹੋਣਾ, ਨੌਜਵਾਨਾਂ ਨੂੰ ਰੁਜ਼ਗਾਰ ਦੀ ਸਮੱਸਿਆ, ਭ੍ਰਿਸ਼ਟਾਚਾਰ ਆਦਿ। ਪਾਰਟੀਆਂ ਵਲੋਂ ਕਈ ਤਰ੍ਹਾਂ ਦੇ ਵਾਅਦੇ ਜ਼ਰੂਰ ਕੀਤੇ ਜਾਂਦੇ ਹਨ ਪਰ ਕੋਈ ਠੋਸ ਨੀਤੀ ਨਹੀਂ ਬਣਾਈ ਜਾਂਦੀ। ਜਦੋਂਕਿ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਹੁਣ ਵੀ ਹੈ ਪਰ ਸੋਨੇ ਦੀ ਖਾਣ ਵਿੱਚੋ ਕਿਸੇ ਸਰਕਾਰ ਨੇ ਸੋਨਾ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ। ਸਿਆਸਤ ਹਮੇਸ਼ਾ ਸਿਰਫ਼ ਧਨਾਢ ਲੋਕਾਂ ਤੱਕ ਹੀ ਸੀਮਤ ਰਹੀ ਹੈ। ਪਾਰਟੀਆਂ ਅਤੇ ਰਾਜਨੀਤਕ ਲੋਕਾਂ ਵਲੋਂ ਵੱਡੇ-ਵੱਡੇ ਲੋਕਾਂ ਅਤੇ ਕੰਪਨੀਆਂ ਤੋਂ ਪਾਰਟੀ ਫੰਡ ਲੈਕੇ ਚੋਣਾਂ ਜਿੱਤੀਆਂ ਜਾਦੀਆ ਹਨ ਅਤੇ ਬਾਅਦ ’ਚ ਉਨ੍ਹਾਂ ਮੁਤਾਬਕ ਕੰਮ ਕੀਤੇ ਜਾਂਦੇ ਹਨ ਜਿਸ ਕਰਕੇ ਰਾਜਨੀਤੀ ਸਮਾਜ ਸੇਵਾ ਦੀ ਬਜਾਏ ਇੱਕ ਬਿਜਿਨਸ ਬਣ ਚੁੱਕਾ ਹੈ ਇਥੋਂ ਤੱਕ ਕਿ ਲੋਕਾਂ ਵਲੋਂ ਚੁਣੇ ਗਏ ਨੁਮਾਇੰਦੇ ਵੀ ਵੇਚੇ ਤੇ ਖਰੀਦੇ ਜਾਂਦੇ ਹਨ ਰਾਜਨੀਤੀ ਪੈਸੇ ਅਤੇ ਧਨਾਢ ਲੋਕਾਂ ਦੇ ਦੁਆਲੇ ਘੁੰਮਦੀ ਘੁੰਮਦੀ ਗਰੀਬਾ, ਨੌਜਵਾਨਾਂ ਅਤੇ ਦੇਸ਼ ਦੀਆਂ ਹੋਰ ਸਮੱਸਿਆਵਾਂ ਤੱਕ ਪਹੁੰਚਦੇ ਪਹੁੰਚਦੇ ਦਮ ਤੋੜ ਜਾਂਦੀ ਹੈ। ਜਿਨ੍ਹਾਂ ’ਚੋਂ ਨੌਜਵਾਨਾਂ ਦੀ ਬੇਰੁਜ਼ਗਾਰੀ ਦੀ ਵੀ ਸਮੱਸਿਆ ਹੈ। ਲੇਬਰ ਬਿਊਰੋ ਅੰਕੜਿਆਂ ਅਨੁਸਾਰ ਭਾਰਤ ਦੁਨੀਆਂ ਦਾ ਸਭ ਤੋਂ ਵੱਧ ਬੇਰੁਜ਼ਗਾਰਾਂ ਦਾ ਦੇਸ਼ ਬਣ ਚੁੱਕਿਆ ਹੈ। ਦੇਸ਼ ਵਿੱਚ ਨੌਕਰੀਆਂ ਦਿਨ-ਬ-ਦਿਨ ਘੱਟ ਰਹੀਆਂ ਹਨ, ਸਵੈ-ਰੁਜ਼ਗਾਰ ਦੇ ਮੌਕੇ ਦੇਸ਼ ਦੇ ਨੌਜਵਾਨਾਂ ਨੂੰ ਮਿਲ ਨਹੀਂ ਰਹੇ। ਭਾਰਤ ਦੁਨੀਆਂ ’ਚ ਅਬਾਦੀ ’ਚ ਦੂਜਾ ਵੱਡਾ ਦੇਸ਼ ਹੈ। ਦੇਸ਼ ਦੀ 65 ਫ਼ੀਸਦੀ ਅਬਾਦੀ ਦੀ ਔਸਤ ਉਮਰ 35 ਸਾਲ ਹੈ। ਭਾਵ ਭਾਰਤ ’ਚ ਨੌਜਵਾਨ ਕਾਮਾ ਸ਼ਕਤੀ, ਦੁਨੀਆ ਦੇ ਕਿਸੇ ਦੇਸ਼ ਨਾਲੋਂ ਵੱਡੀ ਹੈ ਪਰ ਇਸ ਕਾਮਾ ਸ਼ਕਤੀ ਕੋਲ ਰੁਜ਼ਗਾਰ ਜਾਂ ਇੱਛਤ ਰੁਜ਼ਗਾਰ ਜਾਂ ਸਵੈ ਰੁਜ਼ਗਾਰ ਦੀ ਘਾਟ ਹੈ, ਜੋ ਵੱਡੀ ਨਿਰਾਸ਼ਾ ਦਾ ਕਾਰਨ ਹੈ। ਕਈ ਹਾਲਤਾਂ ਵਿੱਚ ਉਸਨੂੰ ਪ੍ਰਵਾਸ ਹੰਢਾਉਣ ਲਈ ਮਜ਼ਬੂਰ ਕਰ ਰਹੀ ਹੈ ਜਾਂ ਫਿਰ ਉਸਨੂੰ ਅੱਤਵਾਦੀ ਸਰਗਰਮੀਆਂ, ਸਮਾਜ ਵਿਰੋਧੀ ਅਨਸਰਾਂ ਵੱਲ ਪ੍ਰੇਰਿਤ ਕਰਦੀ ਹੈ। ਦੇਸ਼ ਦਾ ਨੌਜਵਾਨ ਇਸ ਸਮੇਂ ਨਿਰਾਸ਼ ਹੈ। ਇਸ ਨਿਰਾਸ਼ਤਾ ਕਾਰਨ ਉਹ ਆਪਣੇ ਸਰਵਜਨਕ ਜੀਵਨ ਵਿੱਚ ਸੁਤੰਤਰ ਫ਼ੈਸਲੇ ਨਹੀਂ ਲੈ ਪਾ ਰਿਹਾ। ਉਸਦੇ ਜੀਵਨ ਵਿੱਚ ਭਟਕਾਅ ਅਤੇ ਅਸੰਤੁਲਿਨ ਵੇਖਿਆ ਜਾਣ ਲੱਗਾ ਹੈ। ਉਸਦੇ ਮਨ ‘ਚ ਪੈਦਾ ਹੋ ਰਹੇ ਨਾਕਾਰਤਮਕ ਵਿਚਾਰ, ਕ੍ਰੋਧ ਅਤੇ ਤਨਾਅ ਉਸਦੇ ਵਿਅਕਤੀਤਵ ’ਤੇ ਬੁਰਾ ਪ੍ਰਭਾਵ ਛੱਡ ਰਹੇ ਹਨ। ਉਹ ਆਪਣੇ ਸਭਿਆਚਾਰ, ਸਮਾਜਿਕ ਮੁਲਾਂ ਅਤੇ ਪ੍ਰੰਪਰਾਵਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ। ਇਸ ਸਮੇਂ ਵਿਗੜੀ ਅਰਥ ਵਿਵਸਥਾ ਨੂੰ ਥਾਂ-ਸਿਰ ਲਿਆਉਣ ਲਈ ਵੱਡੇ ਕਦਮ ਪੁੱਟਣ ਦੀ ਲੋੜ ਹੈ ਪਰ ਇਸ ਤੋਂ ਵੀ ਵੱਡੀ ਲੋੜ ਸਥਾਨਕ ਪੱਧਰ ‘ਤੇ ਅਸਥਾਈ ਅਤੇ ਸਥਾਈ ਰੁਜ਼ਗਾਰ ਸਿਰਜਨ ਦੀ ਹੈ। ਇਸ ਵਾਸਤੇ ਭਾਰਤ ਨੂੰ ਆਪਣੀਆਂ ਨੀਤੀਆਂ ਵਿੱਚ ਵੱਡਾ ਬਦਲਾਅ ਕਰਨਾ ਹੋਏਗਾ ਅਤੇ ਨਾ-ਬਰਾਬਰੀ ਵਾਲੇ, ਲੋਕਾਂ ਦੀ ਲੁੱਟ-ਖਸੁੱਟ ਵਾਲੇ ਅਰਥਚਾਰੇ ਨੂੰ ਕਾਬੂ ਕਰਨਾ ਹੋਵੇਗਾ। ਸਰਕਾਰਾਂ ਨੂੰ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਠੋਸ ਨੀਤੀਆਂ ਲਿਆਉਣ ਦੀ ਲੋੜ ਹੈ, ਕਿਉਂਕਿ ਜਿਸ ਦੇਸ਼ ਦਾ ਨੌਜਵਾਨ ਵਰਗ ਨਿਰਾਸ਼ ਹੈ ਤਾਂ ਉਸ ਦੇਸ਼ ਦੇ ਵਿਕਾਸ ਵਿਚ ਤੇਜ਼ੀ ਆਉਣੀ ਨਾ ਮੁਮਕਿਨ ਹੈ।  ਜੇੇਕਰ ਅਸੀਂ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਬਾਹਰਲੇ ਮੁਲਕਾਂ ਦੇ ਵਿਕਾਸ ਕਰਨ ਦੀ ਵਜਾਏ ਉਨ੍ਹਾਂ ਦੀ ਉਰਜਾ ਆਪਣੇ ਦੇਸ਼ ਵਿਚ ਲਾਉਣਾ ਚਾਹੁੰਦੇ ਹਾਂ ਤਾਂ ਸਰਕਾਰਾਂ ਨੂੰ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਦੇ ਸਾਧਨਾ ਤੇ ਗੰਭੀਰ ਚਰਚਾ ਕਰਨ ਦੀ ਲੋੜ ਹੈ ਤਾਂ ਹੀ ਸਾਨੂੰ ਨੌਜਵਾਨ ਦਿਵਸ ਮਨਾਉਣ ਦਾ ਫ਼ਾਇਦਾ ਹੈ ਇਸ ਦੇ ਨਾਲ ਹੀ ਨੌਜਵਾਨ ਵਰਗ ਨੂੰ ਚੰਗੀ ਰਾਜਨੀਤੀ ਵਿੱਚ ਰੁਚੀ ਵਧਾਉਣ ਦੀ ਲੋੜ ਹੈ ਜਿਸ ਦਿਨ ਸਾਡੇ ਨੌਜਵਾਨ ਰਾਜਨੀਤੀ ਸਮਝਣ ਸਮਝਣ ਲੱਗ ਪਏ ਤਾਂ ਅਖੌਤੀ, ਅਤੇ ਭ੍ਰਿਸ਼ਟ ਲੀਡਰਾ ਨੂੰ ਰਾਜਨੀਤੀ ਕਰਨੀ ਇਨੀ ਆਸਾਨ ਨਹੀਂ ਹੋਵੇਗੀ। ਸ਼ਹੀਦਾਂ ਦੇ ਸੁਪਨਿਆਂ ਦੇ ਲੋਕਤੰਤਰ ਦੀ ਬਹਾਲੀ, ਦੇਸ਼ ਦੇ ਨਿਰਮਾਣ, ਵਿਕਾਸ, ਅਤੇ ਸਾਫ ਸੁਥਰੀ ਰਾਜਨੀਤੀ ਲਈ ਨੌਜਵਾਨ ਪੀੜ੍ਹੀ ਦਾ ਯੋਗਦਾਨ ਬੜੀ ਅਹਿਮੀਅਤ ਰੱਖਦਾ ਹੈ।

ਕੁਲਦੀਪ ਸਿੰਘ ਰਾਮਨਗਰ
9417990040

ਹਿਆਉਂ ਨ ਕੈਹੀ ਠਾਹਿ ✍️ ਮਨਜੀਤ ਕੌਰ ਧੀਮਾਨ

ਮਹਾਨ ਸੂਫ਼ੀ ਸੰਤ ਕਵੀ ਸ਼ੇਖ ਫ਼ਰੀਦ ਜੀ ਉਪਰੋਕਤ ਕਥਨ ਰਾਹੀਂ ਇਹ ਸੁਨੇਹਾ ਦਿੰਦੇ ਹਨ ਕਿ ਸਾਨੂੰ ਕਦੇ ਵੀ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ। ਫ਼ਰੀਦ ਜੀ ਅਨੁਸਾਰ ਸੱਭਨਾਂ ਦੇ ਦਿਲਾਂ ਵਿੱਚ ਉਹ ਸੱਚਾ ਪਰਮਾਤਮਾ ਵਾਸ ਕਰਦਾ ਹੈ ਤੇ ਜੇਕਰ ਅਸੀਂ ਕਿਸੇ ਦਾ ਵੀ ਦਿਲ ਦੁਖਾਉਂਦੇ ਹਾਂ ਤਾਂ ਅਸੀਂ ਉਸ ਪਰਮਾਤਮਾ ਦਾ ਦਿਲ ਦੁਖਾਉਂਦੇ ਹਾਂ।

                 ਜੇਕਰ ਅਸੀਂ ਇਹਨਾਂ ਮਹਾਨ ਸੰਤਾਂ ਦੀਆਂ ਗੱਲਾਂ ਤੇ ਅਮਲ ਕਰੀਏ ਤਾਂ ਸਾਡੀ ਜ਼ਿਦੰਗੀ ਵਿੱਚ ਕੋਈ ਕਮੀ ਨਹੀਂ ਰਹਿ ਜਾਏਗੀ। ਪਰ ਨਹੀਂ, ਅਸੀਂ ਤਾਂ ਸਿਰਫ਼ ਇਹਨਾਂ ਨੂੰ ਮੱਥੇ ਟੇਕਣੇ ਹਨ। ਇਹਨਾਂ ਦੀਆਂ ਫੋਟੋਆਂ ਤੇ ਹਾਰ ਪਾ ਕੇ ਬੱਸ ਇਹਨਾਂ ਨੂੰ ਪੂਜੀ ਜਾਣਾ ਹੈ। ਇਹਨਾਂ ਦੇ ਪਾਏ ਪੂਰਨਿਆਂ ਤੇ ਚੱਲਣਾ ਅਸੀਂ ਜ਼ਰੂਰੀ ਨਹੀਂ ਸਮਝਦੇ। ਸਾਡਾ ਫ਼ਰਜ਼ ਤਾਂ ਮੱਥੇ ਟੇਕਣ ਨਾਲ਼ ਹੀ ਪੂਰਾ ਹੋ ਜਾਂਦਾ ਹੈ।

                ਹੁਣ ਗੱਲ ਕਰਦੇ ਹਾਂ ਬਾਬਾ ਫ਼ਰੀਦ ਜੀ ਦੇ ਕਹੇ ਸ਼ਬਦ ਦੀ ਕਿ ਸਾਨੂੰ ਕਦੇ ਵੀ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ। ਅਕਸਰ ਅਸੀਂ ਜਾਣੇ ਅਣਜਾਣੇ ਵਿੱਚ ਬਹੁਤ ਲੋਕਾਂ ਦਾ ਦਿਲ ਦੁੱਖਾ ਦਿੰਦੇ ਹਾਂ। ਅਨਜਾਣੇ ਵਿੱਚ ਤਾਂ ਮੰਨਿਆ ਪਰ ਜੇਕਰ ਜਾਣ ਬੁੱਝ ਕੇ ਅਸੀਂ ਕਿਸੇ ਦਾ ਦਿਲ ਦੁਖਾਉਂਦੇ ਹਾਂ ਤਾਂ ਇਹ ਬਹੁਤ ਬੁਰੀ ਗੱਲ ਹੈ। ਅਸੀਂ ਜਿੰਨੇ ਮਰਜ਼ੀ ਧਰਮ-ਕਰਮ ਕਰ ਲਈਏ ਪਰ ਜੇ ਕਿਸੇ ਦਾ ਦਿਲ ਦੁੱਖਾ ਦਿੱਤਾ ਤਾਂ ਸੱਭ ਵਿਅਰਥ ਹੈ।

                ਪਤੀ-ਪਤਨੀ ਵਿੱਚ ਵੀ ਅਕਸਰ ਕਿਹਾ-ਸੁਣੀ ਹੁੰਦੀ ਰਹਿੰਦੀ ਹੈ। ਪਰ ਦੋਵਾਂ ਵਿੱਚ ਇੱਕ ਪਿਆਰ ਵਾਲ਼ੀ ਸਾਂਝ ਬਣੀ ਹੁੰਦੀ ਹੈ ਜਿਸ ਕਰਕੇ ਉਹ ਇੱਕ- ਦੂਜੇ ਨਾਲ ਜੁੜੇ ਰਹਿੰਦੇ ਹਨ। ਪਰ ਕਈ ਵਾਰ ਪਤੀ-ਪਤਨੀ ਇੱਕ-ਦੂਜੇ ਨੂੰ ਇਹੋ ਜਿਹੇ ਮਿਹਣੇ- ਤਾਹਨੇ ਮਾਰਦੇ ਹਨ ਕਿ ਦਿਲੋਂ ਉੱਤਰ ਜਾਂਦੇ ਹਨ। ਫ਼ੇਰ ਚਾਹੇ 'ਕੱਠੇ ਰਹਿਣ ਦੀ ਮਜ਼ਬੂਰੀ ਹੋਵੇ ਪਰ ਅੰਦਰੋਂ ਪਿਆਰ ਖਤਮ ਹੋ ਜਾਂਦਾ ਹੈ। ਇਸ ਤੋਂ ਚੰਗਾ ਕਿ ਗ਼ੁੱਸੇ ਦੇ ਵਕਤ ਥੋੜਾ ਰੁੱਕ ਜਾਓ। ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਆਪਣੇ ਰਿਸ਼ਤੇ ਨਾ ਵਿਗਾੜੋ।

                 ਇਸੇ ਤਰ੍ਹਾਂ ਕਦੇ- ਕਦੇ ਭੈਣ-ਭਰਾਵਾਂ ਵਿੱਚ ਵੀ ਅਣਬਣ ਹੋ ਜਾਂਦੀ ਹੈ। ਛੋਟੀਆਂ- ਛੋਟੀਆਂ ਗੱਲਾਂ ਤੋਂ ਵੱਡਾ ਬਤੰਗੜ ਬਣ ਜਾਂਦਾ ਹੈ। ਫ਼ੇਰ ਸ਼ੁਰੂ ਹੁੰਦਾ ਹੈ ਇੱਕ-ਦੂਜੇ ਦੇ ਦਿਲਾਂ ਨੂੰ ਦੁਖਾਉਣ ਦਾ ਸਿਲਸਿਲਾ।ਹਰ ਕੋਈ ਇਹੋ ਜਿਹੀਆ ਚੁੱਭਵੀਆਂ ਗੱਲਾਂ ਕਰਦਾ ਹੈ ਕਿ ਅਗਲੇ ਦੇ ਅੰਦਰ ਬੱਸ ਭਾਂਬੜ ਮਚ ਜਾਣ। ਫਿਰ ਉਹ ਆਪਣੀ ਤੱਸਲੀ ਲਈ ਚੰਗੀ ਤਰ੍ਹਾਂ ਬਦਲਾ ਲੈਂਦਾ ਹੈ। ਬੱਸ ਇੰਝ ਹੀ ਚੱਲਦਾ ਰਹਿੰਦਾ ਹੈ ਤੇ ਅਸੀਂ ਭੁੱਲੇ ਰਹਿੰਦੇ ਹਾਂ।

                   ਹੁਣ ਇਸੇ ਤਰ੍ਹਾਂ ਹੁੰਦਾ ਹੈ ਦਫ਼ਤਰਾਂ ਜਾਂ ਕੰਮ ਕਾਜ਼ ਵਾਲੀਆਂ ਥਾਵਾਂ ਤੇ। ਜੇ ਕੋਈ ਮਜ਼ਦੂਰ ਜਾਂ ਵਰਕਰ ਰਤਾਂ ਕੁ ਦੇਰ ਨਾਲ ਪਹੁੰਚੇ ਤਾਂ ਬੌਸ ਨੂੰ ਗੱਲਾਂ ਸੁਣਾਉਣ ਦਾ ਮੌਕਾ ਮਿਲ ਜਾਂਦਾ ਹੈ। ਫਿਰ ਵਰਕਰ ਵੀ ਮੌਕੇ ਦੀ ਤਾੜ ਵਿੱਚ ਰਹਿੰਦਾ ਹੈ ਕਿ ਕਦੋਂ ਉਹ ਬਦਲਾ ਲਵੇ।

                ਸਿਆਣੇ ਲੋਕ ਕਹਿੰਦੇ ਹਨ ਕਿ ਕਿਸੇ ਨੂੰ ਮਾਫ਼ ਕਰ ਦਿਓ ਜਾਂ ਕਿਸੇ ਤੋਂ ਮਾਫ਼ੀ ਮੰਗ ਲਓ। ਪਰ ਅੱਜਕਲ੍ਹ ਇਸ ਗੱਲ ਤੇ ਹੁਣ ਬਹੁਤ ਘੱਟ ਲੋਕ ਹੀ ਅਮਲ ਕਰਦੇ ਹਨ। ਬਾਕੀ ਤਾਂ ਮਰਨ ਮਰਾਉਣ ਵਿੱਚ ਹੀ ਵਿਸ਼ਵਾਸ ਰੱਖਦੇ ਹਨ।

                 ਆਓ ਜ਼ਰਾ ਸੋਚ ਕੇ ਦੇਖੀਏ ਕਿ ਨਫ਼ਰਤ ਦੀ ਇਸ ਦੁਨੀਆਂ ਵਿੱਚ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਕਿੱਥੇ ਗਈ ਉਹ ਪਿਆਰ ਮੁਹੱਬਤ ਜਿਹੜੀ ਜਾਨ ਦੇਣ ਤੱਕ ਜਾਂਦੀ ਸੀ। ਕਿੱਥੋਂ ਆ ਗਈ ਇਹ ਨਫ਼ਰਤ,ਬੇਯਕੀਨੀ ਤੇ ਤੰਗਦਿਲੀ? 

                 ਆਧੁਨਿਕਤਾ ਆਪਣੀ ਥਾਂ ਜ਼ਰੂਰੀ ਹੈ ਪਰ ਪੁਰਾਣਾ ਪਿਆਰ ਤੇ ਸਾਂਝ ਵਾਲ਼ਾ ਸੱਭਿਆਚਾਰ ਬਹੁਤ ਸੋਹਣਾ ਹੈ। ਚਲੋ ਮੁੜ ਚਲੀਏ! ਉਸ ਰਿਸ਼ਤਿਆਂ ਦੀ ਮਿਠਾਸ ਵੱਲ ਤੇ ਸਾਂਭ ਲਈਏ ਆਪਣੇ ਗੁਰੂਆਂ ਤੇ ਪੀਰਾਂ ਦੀਆਂ ਕਹੀਆਂ ਮਹਾਨ ਗੱਲਾਂ ਨੂੰ। ਫ਼ੇਰ ਅਸਲ ਵਿੱਚ ਅਸੀਂ ਉਹਨਾਂ ਦੇ ਅਨੁਯਾਈ ਕਹਾਂਵਾਗੇ। ਛੱਡੋ ਜਿੱਦਾਂ ਵਾਲੀਆਂ ਅੜੀਆਂ ਤੇ ਖੋਲੋ ਮੁੱਹਬਤ ਦੀਆਂ ਕੜੀਆਂ। ਤੇ ਫੇਰ ਇੰਝ ਹੋਵੇ...

 

ਦੁਨੀਆਂ ਦੇ ਵਿੱਚ ਰੱਖ ਫਰੀਦਾ

ਕੁਝ ਐਸਾ ਬਹਿਣ ਖਲੋਣ,

 ਕੋਲ ਹੋਈਏ ਤਾਂ ਹੱਸਣ ਲੋਕੀ

ਤੁਰ ਜਾਈਏ ਤਾਂ ਰੋਣ ।

 

ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ , ਸੰ:9464633059

ਪੰਜਾਬ ਦੀ ਬਦਲੀ ਸੋਚ ?

ਅੱਜ ਪੰਜਾਬ ਵਾਸੀ ਕਿਸੇ ਦੇ ਦੁੱਖ ਦੇ ਸਾਥੀਆਂ ਨਾ ਰਹੇ ! ਇਹ ਸਭ ਕਿਉ?

1990ਵਿਆ‌ ਵਿੱਚ ਖੰਨੇ ਲਾਗੇ ਏਕ ਰੇਲ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ। ਕਾਫ਼ੀ ਬੰਦੇ ਮਰ ਵੀ ਗਏ ਸਨ। ਪਰ ਵੱਡੀ ਖਬਰ ਇਹ ਸੀ ਕੇ ਲਾਗਲੇ ਪਿੰਡਾਂ ਦੇ ਲੋਕ ਰਾਸ਼ਨ ਪਾਣੀ ਲੈ ਕੇ, ਦਵਾਈਆਂ ਆਦਿਕ ਲੈ ਕੇ, ਅਤੇ ਜਿਸ ਤਰ੍ਹਾਂ ਵੀ ਕਰ ਸਕਦੇ ਸਨ, ਮੱਦਦ ਲਈ ਪਹੁੰਚੇ। ਇਹ‌ ਸੀ ਮਾਣ-ਮੱਤੇ ਪੰਜਾਬ ਦੀ ਖਬਰ ਸੀ ।  ਹੁਣ ਖਬਰ ਆਉਂਦੀ ਹੈ ਕਿ ਇਥੇ ਕਿਸੇ ਦਾ ਟਰੱਕ ਉਲਟ ਗਿਆ ਤੇ ਲੋਕ ਸਾਰਾ ਸਮਾਨ ਚੋਰੀ ਕਰ ਕੇ ਲੈ ਗਏ। ਕਿਸੇ ਨੌਜਵਾਨ ਦੀ ਕਾਰ‌ ਹਾਦਸੇ ਵਿੱਚ ਮੌਤ ਹੋ ਗਈ ਤੇ ਕੁਛ ਲੋਗ ਕਾਰ ਵਿੱਚੋਂ ਸਟੀਰੀਓ ਅਤੇ ਬਾਕੀ ਸਮਾਨ ਚੋਰੀ ਕਰ ਕੇ ਲੈ ਗਏ। ਪਰ ਕਮਾਲ ਦੀ ਗੱਲ ਹੈ ਕਿ ਉਸ ਸਮੇਂ ਧਾਰਮਿਕ ਪਰਚਾਰ ਸੀਮਤ ਸੀ ਅਤੇ ਹੁਣ ਪੰਜਾਬ ਡੇਰੇਦਾਰਾਂ, ਪਾਸਟਰਾ, ਪੰਡਤਾਂ, ਝੂਠੇ ਸੱਚੇ ਸਾਧਾ, ਨਾਲ ਭਰਿਆ ਪਿਆ ਹੈ। ਹੁਣ ਲੱਗਦਾ ਹੈ ਕਿ ਉਸ ਸਮੇਂ ਇੱਕ ਗੁਰਦੁਆਰੇ, ਇਕ ਮੰਦਰ ਦੇ ਸਪੀਕਰਾਂ ਵਿਚੋਂ ਸੱਚੀ ਬਾਣੀ ਨਿਕਲਦੀ ਸੀ ਅਤੇ ਲੋਕ ਉਸ ਤੇ ਅਮਲ ਕਰਦੇ ਸਨ ਅਤੇ ਹੁਣ ਸ਼ਾਇਦ ਸਪੀਕਰ ਵੱਧ ਗਏ‌ ਨੇ ਸ਼ੋਰ ਵਧ ਗਿਆ ਹੈ ਪਰ ਸੱਭ ਕੁੱਝ ਦਿਖਾਵੇ ਦਾ ਹੋ ਗਿਆ ਹੈ ਅਤੇ ਨਕਲੀ ਹੋ ਗਿਆ ਹੈ। ਪਹਿਲਾ ਰਾਜਨੀਤੀ ਫੇਰ ਪ੍ਰਸਾਸ਼ਨਿਕ ਅਧਿਕਾਰੀ ਅਤੇ ਫੇਰ ਆਮ ਤਬਕਾ ਸਾਰਾ ਹੀ ਇਕ ਪਾਸੇ ਨੂੰ ਤੁਰ ਪਿਆ। ਗੁਰੂ ਪੀਰਾਂ ਦੀ ਅਖਬੌਣ ਵਾਲੀ ਧਰਤੀ ਦੇ ਵਾਰਸੋ ਵਿਚਰੋ ? 

ਅਮਨਜੀਤ ਸਿੰਘ ਖਹਿਰਾ ( #janshaktinewspunjab )

ਬਜ਼ੁਰਗਾਂ ਦੀ ਦਿੱਤੀ ਹੋਈ ਨਸੀਹਤ ਦੀ ਅਸਲ ਸੱਚਾਈ  

ਜੀਵਨ ਵਿੱਚ ਜੋਂ ਸਬਕ ਖਾਲੀ ਪੇਟ, ਖਾਲੀ ਜੇਬ ਅਤੇ ਮਾੜਾ ਸਮਾਂ ਸਿਖਾਉਂਦਾ ਹੈ, ਉਹ ਕੋਈ ਸਕੂਲ ਜਾਂ ਯੂਨੀਵਰਸਿਟੀ ਨਹੀਂ ਸਿਖਾਉਂਦੀ।

ਬਰਤਾਨੀਆ ’ਚ ਮਹਿੰਗਾਈ ਨੇ 40 ਸਾਲਾਂ ਦੇ ਰਿਕਾਰਡ ਤੋੜੇ ✍️ ਅਮਨਜੀਤ ਸਿੰਘ ਖਹਿਰਾ

ਖੁਰਾਕੀ ਉਤਪਾਦਾਂ ਦੀਆਂ ਕੀਮਤਾਂ ’ਚ ਭਾਰੀ ਵਾਧੇ ਕਾਰਨ ਬਰਤਾਨੀਆ ’ਚ ਖਪਤਕਾਰ ਮੁੱਲ ਮਹਿੰਗਾਈ 40 ਸਾਲ ਦੇ ਮੁਕਾਬਲੇ ਵਿੱਚ ਉੱਚ ਪੱਧਰ ਉਪਰ ਪੁੱਜ ਗਈ ਹੈ । ਰਾਸ਼ਟਰੀ ਸਟੈਟੇਸਟਿਕਸ ਦਫ਼ਤਰ ਦੇ ਅੰਕਡ਼ਿਆਂ ਮੁਤਾਬਕ, ਮਈ ’ਚ ਮਹਿੰਗਾਈ ਦਰ 9.1 ਫੀਸਦੀ ਰਹੀ ਹੈ ਜਿਹਡ਼ੀ ਮਾਰਚ 1982 ਦੇ ਬਾਅਦ ਸਭ ਤੋਂ ਜ਼ਿਆਦਾ ਹੈ। ਸੱਤ ਦੇਸ਼ਾਂ ਦੇ ਸਮੂਹ ਜੀ-7 ’ਚ ਇੱਥੇ ਸਭ ਤੋਂ ਜ਼ਿਆਦਾ ਮਹਿੰਗਾਈ ਦਰ ਹੈ। ਬਰਤਾਨੀਆ ਦੀ ਮੁਦਰਾ ਪਾਊਂਡ ਸਟਰਲਿੰਗ ਦਾ ਇਸ ਸਾਲ ਡਾਲਰ ਦੇ ਮੁਕਾਬਲੇ ਸਭ ਤੋਂ ਖਰਾਬ ਪ੍ਰਦਰਸ਼ਨ ਰਿਹਾ ਹੈ। ਮਹਿੰਗਾਈ ਦੇ ਅੰਕਡ਼ੇ ਆਉਣ ਦੇ ਬਾਅਦ ਬੁੱਧਵਾਰ ਨੂੰ ਇਸ ਵਿਚ 1.22 ਡਾਲਰ ਦੀ ਗਿਰਾਵਟ ਦਰਜ ਕੀਤੀ ਗਈ ਹੈ। ਕੁਝ ਨਿਵੇਸ਼ਕਾਂ ਦਾ ਕਹਿਣਾ ਹੈ ਕਿ ਬਰਤਾਨੀਆ ਦੇ ਸਾਹਮਣੇ ਜ਼ਿਆਦਾ ਮਹਿੰਗਾਈ ਤੇ ਮੰਦੀ, ਦੋਵਾਂ ਦੀ ਚੁਣੌਤੀ ਹੈ। ਨਿਵੇਸ਼ਕਾਂ ਦਾ ਮੰਨਣਾ ਹੈ ਕਿ ਇਹ ਵੱਡੀ ਊਰਜਾ ਦਰਾਮਦ ਬਿੱਲ ਤੇ ਬ੍ਰੈਗਜ਼ਿਟ ਨਾਲ ਜੁਡ਼ੀਆਂ ਪਰੇਸ਼ਾਨੀਆਂ ਨੂੰ ਦਰਸਾਉਂਦਾ ਹੈ। ਇਸ ਨਾਲ ਯੂਰਪੀ ਯੂਨੀਅਨ ਨਾਲ ਕਾਰੋਬਾਰੀ ਸਮਝੌਤਿਆਂ ’ਤੇ ਵੀ ਅਸਰ ਪੈ ਸਕਦਾ ਹੈ। ਥਿੰਕ ਟੈਂਕ ਰੈਜ਼ੋਲਿਊਸ਼ਨ ਫਾਊਂਡੇਸ਼ਨ ਦੇ ਸੀਨੀਅਰ ਅਰਥਸ਼ਾਸਤਰੀ ਜੈਕ ਲਿਜ਼ੇ ਦਾ ਕਹਿਣਾ ਹੈ ਕਿ ਆਰਥਿਕ ਆਊਟਲੁੱਕ ਸਾਫ਼ ਨਹੀਂ ਹੈ। ਕੋਈ ਨਹੀਂ ਜਾਣਦਾ ਕਿ ਜ਼ਿਆਦਾ ਮਹਿੰਗਾਈ ਕਿਵੇਂ ਖਤਮ ਹੋਵੇਗੀ ਤੇ ਕਿੰਨੇ ਲੰਬੇ ਸਮੇਂ ਤਕ ਬਣੀ ਰਹੇਗੀ? ਮੁਦਰਾ ਨੀਤੀ ’ਤੇ ਫੈਸਲਾ ਕਰਨਾ ਵੀ ਮੁਸ਼ਕਲ ਹੋਵੇਗਾ। ਇਸ ਮਹਿੰਗਾਈ ਨੂੰ ਲੈ ਕੇ ਬਰਤਾਨੀਆ ਵਿੱਚ ਵਸਣ ਵਾਲੇ ਲੋਕ ਚਿੰਤਤ ਨਜ਼ਰ ਆ ਰਹੇ ਹਨ ਕਿਉਂਕਿ ਸਰਕਾਰ ਵੀ ਇਸ ਦਾ ਕੋਈ ਸਾਰਥਕ ਹੱਲ ਲੱਭਣ ਵਿੱਚ ਨਾਕਾਮ ਹੁੰਦੀ ਨਜ਼ਰ ਆ ਰਹੀ ਹੈ ।

ਜੈਨ ਧਰਮ ਬਾਰੇ ਜਾਣਕਾਰੀ  ✍️  ਪੂਜਾ ਰਤੀਆ 

 ਲੜੀ ਨੰਬਰ.2

ਜਿਵੇਂ ਤੁਸੀਂ ਪਿਛਲੇ ਅੰਕ ਵਿੱਚ ਜੈਨ ਧਰਮ ਦੇ ਤੀਰਥੰਕਰ ਅਤੇ ਸਿਧਾਤਾਂ ਬਾਰੇ ਪੜ੍ਹਿਆ ਹੈ।ਇਸਦੇ ਪ੍ਰਸਾਰ ਅਤੇ ਸੰਪ੍ਰਦਾਇਕ ਵਿਕਾਸ ਬਾਰੇ ਵਰਨਣ ਇਸ ਪ੍ਰਕਾਰ ਹੈ-
 ਜੈਨ ਧਰਮ ਦਾ ਪ੍ਰਸਾਰ ਵਰਧਮਾਨ ਮਹਾਂਵੀਰ ਜੀ ਨੇ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿੱਚ ਜੈਨ ਧਰਮ ਦਾ ਪ੍ਰਚਾਰ ਕੀਤਾ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਭਿਕਸ਼ੂਆਂ ਨੇ ਜੈਨ ਧਰਮ ਦਾ ਪ੍ਰਚਾਰ ਕੀਤਾ। ਮੈਸੂਰ ਵਿੱਚ ਸਥਿਤ ਸ਼੍ਰਵਣਬੇਲਗੋਲਾ ਜੈਨ ਧਰਮ ਦੇ ਪ੍ਰਸਾਰ ਦਾ ਮੁੱਖ ਕੇਂਦਰ ਬਣਿਆ ਰਿਹਾ।
ਸਮਰਾਟ ਅਸ਼ੋਕ ਦੇ ਸਮੇਂ ਕਸ਼ਮੀਰ ਵਿਚ ਵੀ ਜੈਨ ਧਰਮ ਦਾ ਪ੍ਰਸਾਰ ਹੋਇਆ। ਮਥਰਾ ਨੂੰ ਵੀ ਜੈਨ ਧਰਮ ਦਾ ਪ੍ਰਸਿੱਧ ਕੇਂਦਰ ਬਣਨ ਦਾ ਸੁਭਾਗ ਪ੍ਰਾਪਤ ਹੋਇਆ।ਇਸ ਧਰਮ ਦਾ ਪ੍ਰਸਾਰ ਹੋਣ ਦਾ ਮੁੱਖ ਕਾਰਨ ਇਹ ਹੈ ਕਿ ਮਹਾਂਵੀਰ ਜੀ ਨੇ ਇਸਦੇ ਉਪਦੇਸ਼ ਸਰਲ ਭਾਸ਼ਾ ਵਿਚ ਦਿੱਤੇ। ਜਿਨ੍ਹਾਂ ਨੂੰ ਆਮ ਲੋਕ ਵੀ ਸਮਝ ਸਕੇ।ਉਸ ਸਮੇਂ ਦੀ ਭਾਸ਼ਾ ਪ੍ਰਕਿਰਤ ਸੀ।ਮਹਾਂਵੀਰ ਜੀ ਉੱਚੇ ਆਚਰਣ, ਨਿਮਰਤਾ ਅਤੇ ਤਿਆਗ ਦੀ ਜਿਊਂਦੀ ਜਾਗਦੀ ਤਸਵੀਰ ਸਨ। ਮਿੱਠੀ ਬਾਣੀ ਨਾਲ ਉਹ ਲੋਕਾਂ ਦੇ ਮਨਾਂ ਨੂੰ ਜਿੱਤਦੇ ਰਹੇ ਸਨ।ਮਹਾਂਵੀਰ ਜੀ ਸ਼ਾਹੀ ਘਰਾਣੇ ਨਾਲ ਸਬੰਧ ਰੱਖਦੇ ਸਨ ਉਨ੍ਹਾਂ ਦੇ ਤਿਆਗਮਈ ਜੀਵਨ ਦਾ ਲੋਕਾਂ ਉੱਪਰ ਡੂੰਘਾ ਅਸਰ ਪਿਆ।ਜੈਨ ਧਰਮ ਵਿੱਚ ਜਾਤੀ ਪ੍ਰਥਾ ਦਾ ਕੋਈ ਸਥਾਨ ਨਹੀਂ ਸੀ ਜਿਸ ਕਰਕੇ ਲੋਕ ਜ਼ਿਆਦਾ ਤੋਂ ਜ਼ਿਆਦਾ ਜੈਨ ਧਰਮ ਦੇ ਅਨੁਯਾਈ ਬਣੇ।ਇਸ ਤੋਂ ਇਲਾਵਾ ਭਾਰਤ ਦੇ ਰਾਜਿਆਂ ਨੇ ਵੀ ਜੈਨ ਧਰਮ ਦੀ ਸਰਪ੍ਰਸਤੀ ਕੀਤੀ ਜਿਵੇਂ ਚੰਦਰਗੁਪਤ ਮੌਰੀਆ, ਅਜਾਤਸ਼ਤਰੂ, ਚਲੁਕਯ ਆਦਿ ਰਾਜਵੰਸ਼ਾ ਨੇ ਇਸ ਧਰਮ ਦੀ ਸਰਪ੍ਰਸਤੀ ਕੀਤੀ।
 ਸੰਪ੍ਰਦਾਇਕ ਵਿਕਾਸ ਜੈਨ ਧਰਮ ਦਾ ਪ੍ਰਚਾਰ ਕਰਨ ਲਈ ਜੈਨ ਸੰਘ ਦੀ ਸਥਾਪਨਾ ਹੋਈ। ਪਾਵਾ ਨਗਰ ਦੇ 11 ਬ੍ਰਾਹਮਣ ਜੋ ਮਹਾਂਵੀਰ ਜੀ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋਏ ਸਨ। ਉਨ੍ਹਾਂ ਦੇ ਸਹਿਯੋਗ ਨਾਲ ਮਹਾਂਵੀਰ ਜੀ ਜੈਨ ਸੰਘ ਦੀ ਨੀਂਹ ਰੱਖੀ। ਇਸ ਸੰਘ ਦੇ ਮੈਂਬਰਾ ਭਿਕਸ਼ੂ ਕਿਹਾ ਜਾਂਦਾ ਸੀ। ਸੰਘ ਦੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਸੀ। ਭਿਖਿਆ ਰਾਹੀਂ ਪ੍ਰਾਪਤ ਹੋਇਆ ਅੰਨ ਖਾਣਾ ਪੈਂਦਾ ਸੀ। ਪੈਰਾਂ ਵਿੱਚ ਜੁੱਤੀ ਪਾਉਣ ਦੀ ਮਨਾਹੀ ਸੀ।
 ਦਿਗੰਬਰ ਅਤੇ ਸ਼ਵੇਤਾਂਬਰ ਸਮਾਂ ਬੀਤਣ ਤੇ ਜੈਨ ਧਰਮ ਦੀਆਂ ਦੋ ਸਖਾਵਾ ਬਣ ਗਈਆਂ ਜਿਸਨੂੰ ਦਿਗੰਬਰ ਅਤੇ ਸ਼ਵੇਤਾਂਬਰ ਕਿਹਾ ਜਾਂਦਾ ਸੀ।ਕਿਹਾ ਜਾਂਦਾ ਹੈ ਕਿ ਚੰਦਰਗੁਪਤ ਮੌਰੀਆ ਦੇ ਸਮੇਂ ਮਗਧ ਵਿੱਚ ਭਿਆਨਕ ਕਾਲ ਪਿਆ। ਜਿਸ ਕਰਕੇ ਭਦਰਬਾਹੂ ਆਪਣੇ ਕੁਝ ਸ਼ਰਧਾਲੂਆਂ ਨੂੰ ਨਾਲ ਲੈਕੇ ਦੱਖਣ ਵੱਲ ਚਲੇ ਗਏ। ਜੋ ਜੈਨੀ ਮਗਧ ਵਿੱਚ ਰਹੇ ਉਨ੍ਹਾਂ ਨੇ ਸਥੂਲ ਭਦਰ ਨੂੰ ਅਪਣਾ ਮੁਖੀਆ ਬਣਾ ਲਿਆ।
ਦਿਗੰਬਰ ਸਾਖਾ ਵਾਲੇ ਜੈਨੀ ਨੰਗੇ ਰਹਿੰਦੇ ਸਨ।ਇਹ ਮਹਾਂਵੀਰ ਜੀ ਦੇ ਉਪਦੇਸ਼ਾਂ ਅਨੁਸਾਰ ਕਠੋਰ ਤਪ ਕਰਦੇ ਸਨ।ਇਹ ਪੁਰਾਣੇ ਗ੍ਰੰਥਾਂ ਵਿੱਚ ਵਿਸ਼ਵਾਸ਼ ਰੱਖਦੇ ਸਨ ਜਿਨ੍ਹਾਂ ਨੂੰ ਪੂਰਵ ਕਿਹਾ ਜਾਂਦਾ ਸੀ।ਇਸ ਸਾਖਾ ਦਾ ਪ੍ਰਸਿੱਧ ਮੁਖੀ ਭਦਰਬਾਹੂ ਸੀ।
ਇਸਦੇ ਉਲਟ ਸ਼ਵੇਤਾਂਬਰ ਸ਼ਾਖਾ ਵਾਲੇ ਜੈਨੀ ਚਿੱਟੇ ਕੱਪੜੇ ਪਾਉਂਦੇ ਸਨ। ਇਹ ਉਦਾਰ ਅਤੇ ਸੁਧਾਰਵਾਦੀ ਵਿਚਾਰਾ ਵਾਲੇ ਸਨ।ਇਹ ਉਦਾਰਵਾਦੀ ਦੇ ਸ਼ਰਧਾਲੂ ਪਾਰਸ਼ਵ ਨਾਥ ਦੇ ਨਿਯਮਾਂ ਤੇ ਚਲਦੇ ਸਨ। ਇਹਨਾਂ ਨੇ ਨਵੇਂ ਗ੍ਰੰਥਾਂ ਦੀ ਰਚਨਾ ਕੀਤੀ ਜਿਸਨੂੰ ਅੰਗ ਕਿਹਾ ਜਾਂਦਾ ਸੀ।ਇਸ ਸਾਖਾ ਦੀ ਨੀਂਹ ਸਥੂਲ ਭਦਰ ਨੇ ਰੱਖੀ।
ਇਸ ਤਰ੍ਹਾਂ ਜੈਨ ਧਰਮ ਪ੍ਰਚਾਰ ਨਾ ਸਿਰਫ਼ ਭਾਰਤ ਵਿਚ ਹੋਇਆ ਸਗੋ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਹੋਇਆ।ਇਸਦਾ ਲੋਕਾਂ ਦੇ ਸਮਾਜਿਕ, ਧਾਰਮਿਕ, ਰਾਜਨੀਤਿਕ ਜੀਵਨ ਉੱਪਰ ਮਹੱਤਵਪੂਰਨ ਪ੍ਰਭਾਵ ਪਏ। ਜੈਨੀਆ ਨੇ ਆਪਣੇ ਤੀਰਥੰਕਰਾਂ ਦੀ ਯਾਦ ਵਿੱਚ ਸਤੂਪ, ਮਠ, ਮੰਦਰਾਂ ਅਤੇ ਗੁਫਾਵਾਂ ਦਾ ਨਿਰਮਾਣ ਕੀਤਾ।
ਜੈਨ ਧਰਮ ਦੇ ਗ੍ਰੰਥ ਪ੍ਰਾਚੀਨ ਭਾਰਤ ਦੀ ਜਾਣਕਾਰੀ ਇਕੱਠੀ ਕਰਨ ਪ੍ਰਸਿੱਧ ਸੋਮਾ ਸਨ। ਜੈਨੀਆਂ ਦੇ ਪ੍ਰਸਿੱਧ ਧਾਰਮਿਕ ਗ੍ਰੰਥ ਬਾਰ੍ਹਾਂ ਅੰਗ ਸਨ।
(ਸਮਾਪਤ)
ਪੂਜਾ 9815591967

ਭਾਈ ਵੀਰ ਸਿੰਘ ਜੀ ਨੂੰ ਯਾਦ ਕਰਦਿਆਂ ✍️ ਸ.ਸੁਖਚੈਨ ਸਿੰਘ ਕੁਰੜ 

ਮਾਂ-ਬੋਲੀ ਪੰਜਾਬੀ ਦੇ ਲਾਡਲੇ ਪੁੱਤਰਾਂ ਨੂੰ ਯਾਦ ਕਰਦਿਆਂ ਪੰਜਾਬੀ ਸਾਹਿਤ ਦੇ ਪਿਛੋਕੜ ਵਿੱਚ ਜਦ ਆਪਾਂ ਝਾਤ ਮਾਰਦੇ ਹਾਂ ਤਾਂ ਪੰਜਾਬੀ ਸਾਹਿਤ ਦੇ ਪਿਤਾਮਾ ਬਾਬਾ ਫ਼ਰੀਦ ਜੀ ਦੀ ਬਾਣੀ ਸਭ ਤੋਂ ਪਹਿਲਾਂ ਸਾਨੂੰ ਪੰਜਾਬੀ ਹੋਣ 'ਤੇ ਮਾਣ ਕਰਨ ਦਾ ਸੁੱਚਾ ਅਹਿਸਾਸ ਬਖ਼ਸ਼ਦੀ ਹੈ। ਪੰਜਾਬੀ ਸਾਹਿਤ ਦੇ ਪਿਤਾਮਾ ਬਾਬਾ ਫ਼ਰੀਦ ਜੀ ਤੋਂ ਅਸੀਂ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ ਤੱਕ ਦਾ ਸਫ਼ਰ ਮਾਂ-ਬੋਲੀ ਦੇ ਮਾਣ ਸਦਕਾ ਹੀ ਤੈਅ ਕਰਦੇ ਹਾਂ। ਇਸੇ ਸਫ਼ਰ ਨੂੰ ਤੈਅ ਕਰਦਿਆਂ ਅੱਜ ਅਸੀਂ ਭਾਈ ਵੀਰ ਸਿੰਘ ਜੀ ਦੇ ਜੀਵਨ ਤੇ ਸਾਹਿਤਕ ਸਫ਼ਰ ਬਾਰੇ ਸਾਂਝ ਬਣਾਵਾਂਗੇ।

ਜਨਮ ਤੇ ਪਰਿਵਾਰਕ ਪਿਛੋਕੜ:- ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਜਨਮ 5 ਦਸੰਬਰ 1872 ਈ: ਨੂੰ ਪਿਤਾ ਡਾ. ਚਰਨ ਸਿੰਘ ਤੇ ਮਾਤਾ ਉਤਮ ਕੌਰ ਜੀ ਦੇ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੋਇਆ। ਆਪ ਆਪਣੇ ਛੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ। ਭਾਈ ਵੀਰ ਸਿੰਘ ਜੀ ਦਾ ਪਿਛੋਕੜ ਦੀਵਾਨ ਕੌੜਾ ਮੱਲ ਜੀ ਨਾਲ਼ ਜਾ ਮਿਲ਼ਦਾ ਹੈ। ਦੀਵਾਨ ਕੌੜਾ ਮੱਲ ਜੀ ਇੱਕ ਐਸੀ ਸ਼ਖਸੀਅਤ ਸਨ ਜੋ ਮੁਲਤਾਨ ਦੇ ਹਾਕਮਾਂ ਕੋਲ ਦੀਵਾਨ ਹੁੰਦੇ ਹੋਇਆਂ ਵੀ ਸਿੱਖਾਂ ਦੀ ਔਖੇ ਵੇਲੇ ਮਦਦ ਕਰਦੇ ਸਨ। ਇਸ ਲਈ ਇਤਿਹਾਸ ਉਹਨਾਂ ਨੂੰ ‘ਮਿੱਠਾ ਮੱਲ’ ਕਹਿ ਕੇ ਵੀ ਯਾਦ ਕਰਦਾ ਹੈ। ਭਾਈ ਵੀਰ ਸਿੰਘ ਦੇ ਦਾਦਾ ਸੰਤ ਬਾਬਾ ਕਾਹਨ ਸਿੰਘ ਜੀ ਵੀ ਬੜੇ ਹੀ ਗੁਰਬਾਣੀ ਦੇ ਰਸੀਏ, ਨੇਕ ਦਿਲ ਇਨਸਾਨ ਸਨ।ਭਾਈ ਸਾਹਿਬ ਦੇ ਪਿਤਾ ਡਾ: ਚਰਨ ਸਿੰਘ ਹਿੰਦੀ, ਸੰਸਕ੍ਰਿਤ, ਫਾਰਸੀ, ਅੰਗਰੇਜ਼ੀ ਤੇ ਬ੍ਰਿਜ਼ ਭਾਸ਼ਾ ਦੇ ਉਚਕੋਟੀ ਦੇ ਕਵੀ ਸਨ। ਭਾਈ ਸਾਹਿਬ ਜੀ ਦੇ ਨਾਨਾ ਪੰਡਤ ਗਿਆਨੀ ਹਜ਼ਾਰਾ ਸਿੰਘ ਵੀ ਉਰਦੂ ਫਾਰਸੀ ਦੇ ਚੰਗੇ ਜਾਣਕਾਰ ਸਨ। ਇੰਨ੍ਹਾਂ ਨੇ ਉਰਦੂ ਫਾਰਸੀ ਦੀਆਂ ਕਿਤਾਬਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ। ਇੰਨ‌੍ਹੀਆਂ ਮਹਾਨ ਸ਼ਖ਼ਸੀਅਤਾਂ ਦੀ ਸੰਗਤ ਜਿਸ ਰੂਹ ਨੇ ਬਚਪਨ ਤੋਂ ਮਾਣੀ ਹੋਵੇ, ਜਿਸ ਰੂਹ ਨੂੰ ਬਚਪਨ ਵਿੱਚ ਲੋਰੀਆਂ ਵੀ ਗੁਰਬਾਣੀ ਦੇ ਸ਼ਬਦ ਪੜ੍ਹ ਕੇ ਦਿੱਤੀਆਂ ਜਾਂਦੀਆਂ ਹੋਣ, ਉਸ ਕਲਮ 'ਚੋਂ ਕੁਦਰਤ ਨਿਕਲੇ ਸ਼ਬਦ ਆਪਣੇ ਆਪ ਵਿੱਚ ਸਮੇਂ ਨੂੰ ਪ੍ਰਵਾਨ ਹੋ ਜਾਂਦੇ ਹਨ। ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ: ‘ਮੈਂ ਜੋ ਕੁੱਝ ਲਿਖਿਆ ਹੈ, ਉਹ ਜੋ ਕੁੱਝ ਮੈਂ ਸਤਗੁਰਾਂ ਦੀ ਮਹਾਨ ਪਵਿੱਤਰ ਬਾਣੀ ਤੋਂ ਸਮਝਿਆਂ ਹੈ ਸੱਚਾ ਤੇ ਸਿੱਧਾ ਰਸਤਾ ਜੀਵਨ ਪੱਧਰ ਦਾ ਉਸੇ ਨੂੰ ਦੁਖੀ ਜਗਤ ਲਈ ਪੇਸ਼ ਕਰਨ ਦਾ ਜਤਨ ਕਰਦਾ ਰਿਹਾ ਹਾਂ।"

ਸਿੱਖਿਆ, ਵਿਆਹ ਤੇ ਵਿਸ਼ੇਸ਼ ਕਾਰਜ:- 

ਭਾਈ ਸਾਹਿਬ ਨੂੰ ਵਿੱਦਿਅਕ ਅਤੇ ਧਾਰਮਿਕ ਵਾਤਾਵਰਣ ਵਿਰਸੇ ਵਿੱਚ ਹੀ ਪ੍ਰਾਪਤ ਹੋਇਆ। ਭਾਈ ਸਾਹਿਬ ਨੇ ਆਪਣੀ ਮੁੱਢਲੀ ਵਿੱਦਿਆ ਆਪਣੇ ਨਾਨੇ ਗਿਆਨੀ ਹਜ਼ਾਰਾ ਸਿੰਘ ਪਾਸੋਂ ਪ੍ਰਾਪਤ ਕੀਤੀ। ਅੱਠ ਸਾਲ ਦੀ ਉਮਰ ਤੱਕ ਭਾਈ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕਰ ਲਿਆ ਸੀ। ਸੰਨ 1891 ਵਿੱਚ ਉਸ ਨੇ ਅੰਮ੍ਰਿਤਸਰ ਦੇ ਮਿਸ਼ਨ ਸਕੂਲ ਵਿੱਚ ਐਂਟਰੈਂਸ ਦੇ ਇਮਤਿਹਾਨ ਵਿੱਚ ਜ਼ਿਲ੍ਹੇ ਵਿੱਚੋਂ ਅੱਵਲ ਦਰਜਾ ਪ੍ਰਾਪਤ ਕੀਤਾ, ਜਿਸ ਤੋਂ ਖ਼ੁਸ਼ ਹੋ ਕੇ ਡਿਸਟ੍ਰਿਕਟ ਬੋਰਡ ਨੇ ਆਪ ਨੂੰ ਸੋਨੇ ਦਾ ਤਮਗਾ ਇਨਾਮ ਵਜੋਂ ਦਿੱਤਾ। ਇਹ ਪਰੀਖਿਆ ਪਾਸ ਕਰਨ ਤੋਂ ਦੋ ਸਾਲ ਪਹਿਲਾਂ ਵਿੱਚ ਭਾਈ ਸਾਹਿਬ ਦਾ ਵਿਆਹ ਬੀਬੀ ਚਤੁਰ ਕੌਰ ਨਾਲ ਹੋ ਗਿਆ ਸੀ, ਜਿਸ ਦੀ ਕੁੱਖੋਂ ਦੋ ਧੀਆਂ ਕਰਤਾਰ ਕੌਰ ਅਤੇ ਸੁਸ਼ੀਲ ਕੌਰ ਨੇ ਜਨਮ ਲਿਆ।

ਭਾਈ ਵੀਰ ਸਿੰਘ ਨੇ ਗੁਰਬਾਣੀ, ਸਿੱਖ ਇਤਿਹਾਸ ਤੇ ਹਿੰਦੂ ਮਿਥਿਹਾਸ ਦਾ ਡੂੰਘਾ ਅਧਿਐਨ ਕੀਤਾ ਜਿਸ ਕਾਰਨ ਆਪ ਦੀ ਰੁਚੀ ਮੁੱਢ ਤੋਂ ਹੀ ਧਾਰਮਿਕ ਤੇ ਸਮਾਜ ਸੇਵਾ ਵਿੱਚ ਲੱਗ ਗਈ। 1892 ਈਸਵੀ ਵਿੱਚ ਆਪ ਨੇ ਵਜ਼ੀਰ ਸਿੰਘ ਨਾਲ ਮਿਲ ਕੇ ਅੰਮ੍ਰਿਤਸਰ ਵਿਖੇ ਵਜ਼ੀਰ ਹਿੰਦ ਪ੍ਰੈਸ ਲਗਾਇਆ। 1894 ਈਸਵੀ ਵਿੱਚ ਖਾਲਸਾ ਟਰੈਕਟ ਸੁਸਾਇਟੀ ਦੀ ਨੀਂਹ ਰੱਖ ਕੇ 'ਨਿਰਗੁਣਿਆਰਾ' ਅਰਧ ਮਾਸਿਕ ਟਰੈਕਟ ਕੱਢਿਆ। 1899 ਈ: ਵਿੱਚ 'ਖਾਲਸਾ ਸਮਾਚਾਰ' ਸਪਤਾਹਿਕ ਪਰਚਾ ਚਾਲੂ ਕੀਤਾ। ਆਪ 'ਸਿੰਘ ਸਭਾ ਲਹਿਰ' ਅਤੇ 'ਚੀਫ਼ ਖਾਲਸਾ ਦੀਵਾਨ' ਦੇ ਮੋਢੀਆਂ ਵਿੱਚੋਂ ਇੱਕ ਸਨ। ਆਪ ਦੇ ਯਤਨਾਂ ਸਦਕਾ ਹੀ 'ਸਿੱਖ ਐਜੂਕੇਸ਼ਨ' ਕਮੇਟੀ ਦੀ ਸਥਾਪਨਾ ਹੋਈ।

ਸਾਹਿਤਕ ਸਫ਼ਰ:-

ਭਾਈ ਵੀਰ ਸਿੰਘ ਦੀਆਂ ਕੁੱਝ ਆਰੰਭਿਕ ਰਚਨਾਵਾਂ ਜਿਵੇਂ ਨਨਾਣ ਭਰਜਾਈ, ਸਿਖਿਆਦਾਇਕ ਵਾਰਤਾਲਾਪ ਅਤੇ ਭਰਥਰੀ ਹਰੀ ਦਾ ‘ਨੀਤੀ ਸਤਕ’ (ਅਨੁਵਾਦ) ਨਿਰੋਲ ਪ੍ਰੰਪਰਾਗਤ ਰੂਪ ਤੇ ਸ਼ੈਲੀ ਦੀ ਗੁਆਹੀ ਭਰਦੇ ਹਨ। ਇਨ੍ਹਾਂ ਵਿਚ ਸੁਧਾਰਵਾਦੀ ਤੇ ਉਪਦੇਸ਼ਾਤਮਕ ਰੁਚੀ ਪ੍ਰਦਾਨ ਹੈ। ਦੋਹਾਂ ਵਿਚ ਬੈਂਤ ਛੰਦ ਦੀ ਵਰਤੋਂ ਕੀਤੀ ਹੈ। ਭਾਈ ਵੀਰ ਸਿੰਘ ਦੀ ਪਹਿਲੀ ਕਾਵਿ-ਰਚਨਾ 'ਰਾਣਾ ਸੂਰਤ ਸਿੰਘ' (ਮਹਾਂਕਾਵਿ) ਪ੍ਰਕਾਸ਼ਿਤ ਹੋਈ। ਇਸ ਮਹਾਂਕਾਵਿ ਵਿੱਚ ਅਧਿਆਤਮਵਾਦ ਦੀ ਵਿਆਖਿਆ ਹੈ। ਰਾਣਾ ਸੂਰਤ ਸਿੰਘ ਦੀ ਰਚਨਾ ਉਪਰੰਤ ਭਾਈ ਵੀਰ ਸਿੰਘ ਨੇ ਛੋਟੀਆਂ ਕਵਿਤਾਵਾਂ ਦੀ ਰਚਨਾ ਕੀਤੀ। ਦਿਲ ਤਰੰਗ,ਤ੍ਰੇਲ ਤੁਪਕੇ,ਲਹਿਰਾਂ ਦੇ ਹਾਰ,ਮਟਕ ਹੁਲਾਰੇ,ਬਿਜਲੀਆਂ ਦੇ ਹਾਰ,ਪ੍ਰੀਤ ਵੀਣਾਂ,ਮੇਰੇ ਸਾਂਈਆਂ ਜੀਉ,ਕੰਬਦੀ ਕਲਾਈ, ਨਿੱਕੀ ਗੋਦ ਵਿੱਚ ਆਦਿ।

ਭਾਈ ਵੀਰ ਸਿੰਘ ਨੇ ਸੁੰਦਰੀ, ਬਿਜੈ ਸਿੰਘ, ਸਤਵੰਤ ਕੌਰ ਭਾਗ ਪਹਿਲਾ ਅਤੇ ਭਾਗ ਦੂਜਾ ਤੇ ਬਾਬਾ ਨੌਧ ਸਿੰਘ ਚਾਰ ਨਾਵਲ ਲਿਖੇ ਅਤੇ ਇੱਕ ਨਾਟਕ ਰਾਜਾ ਲੱਖਦਾਤਾ ਸਿੰਘ ਵਿੱਚ ਛਪਵਾਇਆ। ਇਹ ਸਿੱਖੀ ਸੁਧਾਰ ਦਾ ਪਹਿਲਾ ਪੰਜਾਬੀ ਨਾਟਕ ਹੈ। ਭਾਈ ਵੀਰ ਸਿੰਘ ਨੇ ਗੁਰੂ ਕਲਗੀਧਰ ਚਮਤਕਾਰ, ਗੁਰੂ ਨਾਨਕ ਚਮਤਕਾਰ ਅਤੇ ਸ਼ਬਦ ਗੁਰੂ ਚਮਤਕਾਰ ਆਦਿ ਵਾਰਤਕ ਰਚਨਾਵਾਂ ਦੀ ਰਚਨਾ ਕੀਤੀ।

ਭਾਈ ਵੀਰ ਸਿੰਘ ਲਈ ਵੱਖੋ-ਵੱਖ ਵਿਦਵਾਨਾਂ ਦੇ ਵਿਚਾਰ:- 

ਭਾਈ ਸਾਹਿਬ ਨੂੰ ਅਕਸਰ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਪੰਜਾਬੀ ਦਾ ਵੁੱਡਵਰਥ ਵੀ ਕਿਹਾ ਜਾਂਦਾ ਹੈ। ਪ੍ਰੋਫੈਸਰ ਪੂਰਨ ਸਿੰਘ ਉਹਨਾਂ ਨੂੰ ਚੂੜਾਮਣੀ ਕਵੀ ਆਖਦੇ ਹਨ। ਮੌਲਾ ਬਖਸ਼ ਕੁਸ਼ਤਾ ਉਹਨਾਂ ਨੂੰ ਟੈਗੋਰ ਤੇ ਇਕਬਾਲ ਦੇ ਬਰਾਬਰ ਰੱਖਦਾ ਹੈ। ਸੁਰਿੰਦਰ ਸਿੰਘ ਕੋਹਲੀ ਅਨੁਸਾਰ ਉਹ ਨਵੀਨ ਕਵਿਤਾ ਦਾ ਮੋਢੀ ਹੈ। ਲਾਲਾ ਧਨੀ ਰਾਮ ਚਾਤ੍ਰਿਕ ਉਸਨੂੰ ਮੁਕਟਮਣੀ ਕਹਿੰਦਾ ਹੈ। ਭਾਰਤ ਦੇ ਪ੍ਰਸਿੱਧ ਦਾਰਸ਼ਨਿਕ ਡਾ. ਰਾਧਾ ਕ੍ਰਿਸ਼ਨਨ ਨੇ ਭਾਈ ਵੀਰ ਸਿੰਘ ਨੂੰ ‘ਭਾਰਤ ਦੀ ਸਨਾਨਤੀ ਵਿਦਵਤਾ ਦੇ ਪ੍ਰਤਿਨਿਧ’ ਕਿਹਾ ਹੈ। ਸ੍ਰੀ ਹਰਿੰਦਰਨਾਥ ਚਟੋਪਾਧਿਆਏ ਨੇ ਭਾਈ ਸਾਹਿਬ ਨੂੰ ‘ਪੰਜਾਂ ਦਰਿਆਵਾਂ ਦੀ ਧਰਤੀ ਦੇ ਛੇਵੇਂ ਦਰਿਆ’ ਦੀ ਉਪਾਧੀ ਦਿੱਤੀ ਹੈ। ਡਾ.ਰਤਨ ਸਿੰਘ ਜੱਗੀ ਨੇ ਉਨ੍ਹਾਂ ਨੂੰ ਵੀਹਵੀਂ ਸਦੀ ਦਾ ਭਾਈ ਗੁਰਦਾਸ ਕਿਹਾ ਹੈ। ਡਾ: ਦੀਵਾਨ ਸਿੰਘ ਭਾਈ ਵੀਰ ਸਿੰਘ ਜੀ ਬਾਰੇ ਲਿਖਦਾ ਹੈ ਕਿ ‘ ਪੰਜਾਬੀ ਵਿੱਚ ਭਾਈ ਵੀਰ ਸਿੰਘ ਕੁਦਰਤ ਦੀ ਕਵਿਤਾ ਦਾ ਮੋਢੀ ਹੈ।

ਮਾਣ ਸਨਮਾਨ:-

ਭਾਈ ਸਾਹਿਬ ਦੀ ਸਾਹਿਤਕ ਦੇਣ ਸਦਕਾ 1949 ਈਸਵੀ ਵਿੱਚ ਆਪ ਨੂੰ ਪੰਜਾਬ ਯੂਨੀਵਰਸਿਟੀ ਨੇ 'ਡਾਕਟਰ ਆਫ ਓਰੀਐਂਟਲ ਲਰਨਿੰਗ' ਦੀ ਡਿਗਰੀ ਪ੍ਰਦਾਨ ਕੀਤੀ। 1950 ਵਿਚ ਭਾਈ ਵੀਰ ਨੂੰ ਵਿਦਿਅਕ ਕਾਨਫ਼ਰੰਸ ਵਿਚ ਅਭਿਨੰਦਨ ਗ੍ਰੰਥ ਭੇਂਟ ਕੀਤਾ ਗਿਆ।

1952 ਵਿਚ ਆਪ ਨੂੰ ਪੰਜਾਬ ਵਿਧਾਨ ਸਭਾ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ। 1955 ਵਿਚ ਆਪ ਦੀ ਪੁਸਤਕ ‘ਮੇਰੇ ਸਾਂਈਆਂ ਜੀਉ’ ਨੂੰ ਸਾਹਿਤ ਅਕਾਦਮੀ ਵਲੋਂ ਪੰਜ ਹਜ਼ਾਰ ਦਾ ਇਨਾਮ ਮਿਲਿਆ। 1956 ਵਿਚ ਭਾਈ ਵੀਰ ਸਿੰਘ ਨੂੰ ਪਦਮ ਭੂਸ਼ਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ।

ਪੰਜਾਬੀ ਮਾਂ ਬੋਲੀ ਦਾ ਇਹ ਸੁੱਚਾ ਹੀਰਾ ਭਾਈ ਵੀਰ ਸਿੰਘ ਲਗਪਗ 70 ਸਾਲ ਪੰਜਾਬੀ ਸਾਹਿਤ ਦੀ ਸੇਵਾ ਕਰਦੇ ਹੋਏ 10 ਜੂਨ 1957 ਨੂੰ ਇਸ ਦੁਨੀਆਂ ਤੋਂ ਆਪਣੇ ਹਿੱਸੇ ਦੇ ਫ਼ਰਜ਼ ਪੂਰਦਿਆਂ ਵਿਦਾਇਗੀ ਲੈ ਗਿਆ। ਪੰਜਾਬੀ ਸਾਹਿਤ ਵਿੱਚ ਭਾਈ ਸਾਹਿਬ ਦਾ ਨਾਂ ਰਹਿੰਦੀ ਦੁਨੀਆਂ ਤੱਕ ਉਹਨਾਂ ਦੀਆਂ ਰਚਨਾਵਾਂ ਰਾਹੀਂ ਜਿਊਂਦਾ ਰਹੇਗਾ।

ਸ.ਸੁਖਚੈਨ ਸਿੰਘ ਕੁਰੜ 

(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ) 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

5 ਜੂਨ ਨੂੰ ਪੂਰੇ ਵਿਸ਼ਵ ਵਿੱਚ ਵਾਤਾਵਰਨ ਦਿਵਸ ✍️ ਸ.ਸੁਖਚੈਨ ਸਿੰਘ ਕੁਰੜ

ਜਿਵੇਂ ਅਸੀਂ ਜਾਣਦੇ ਹੀ ਹਾਂ ਕਿ 5 ਜੂਨ ਨੂੰ ਪੂਰੇ ਵਿਸ਼ਵ ਵਿੱਚ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ।
ਵਿਸ਼ਵ ਪੱਧਰ ਤੇ ਵਾਤਾਵਰਨ 'ਚ ਜਿਵੇਂ-ਜਿਵੇਂ ਵਿਗਾੜ ਆ ਰਿਹਾ ਤਾਂ ਇਸ ਦਿਨ ਦੀ ਮਹੱਤਤਾ ਹੋਰ ਵੀ ਜਿਆਦਾ ਹੋ ਜਾਂਦੀ ਹੈ।
ਸੱਚੀਂ ! ਇਹ ਦਿਵਸ ਮਨਾਉਣ ਦੀ ਬਹੁਤ ਜ਼ਿਆਦਾ ਲੋੜ ਹੈ। ਕਿਵੇਂ ਮਨਾਈਏ ? ਕੀ ਇੱਕ ਦਿਨ ਵਾਤਾਵਰਨ ਦਾ ਫ਼ਿਕਰ ਕਰਕੇ ਅਸੀਂ ਆਪਣੇ ਫ਼ਰਜ਼ਾਂ ਤੋਂ ਸੁਰਖੁਰੂ ਹੋ ਜਾਵਾਂਗੇ ? ਕੀ ਸਿਰਫ਼ ਰੁੱਖ ਲਗਾਕੇ ਹੀ ਵਾਤਾਵਰਨ ਬਚਾ ਸਕਦੇ ਹਾਂ ?
ਸਾਡੇ ਸਮਾਜ ਵਿੱਚ ਅਸੀਂ ਜ਼ਿਆਦਾਤਰ ਦਿਹਾੜੇ ਸੋਸਲ ਮੀਡੀਆ ਤੇ ਹੀ ਮਨਾਉਂਦੇ ਹਾਂ। ਖ਼ਾਸ ਤੌਰ ਤੇ ਜਦੋਂ ਗਰਮੀ ਵਧਦੀ ਹੈ ਤਾਂ ਸਾਡੇ ਸੋਸਲ ਮੀਡੀਆ ਤੇ ਵਾਤਾਵਰਨ ਬਚਾਉਣ ਦਾ ਬਹੁਤ ਰੌਲ਼ਾ ਵੀ ਵੱਧਦਾ, ਵੱਧਣਾ ਚਾਹੀਦਾ ਵੀ ਹੈ। ਸੋਸਲ ਮੀਡੀਆ ਤੇ ਵਾਤਾਵਰਨ ਪ੍ਰੇਮੀਆਂ ਦਾ ਫ਼ਿਕਰ ਦੇਖਕੇ ਸੱਚੀਂ ਲੱਗਦਾ ਹੁੰਦਾ ਕਿ ਇਸ ਵਾਰ ਪੰਜਾਬ ਪੂਰੇ ਵਿਸ਼ਵ ਪੱਖੋਂ ਰੁੱਖ ਲਗਾਉਣ ਦੀ ਗਿਣਤੀ ਵਿੱਚ ਸਭ ਤੋਂ ਅੱਗੇ ਹੋਵੇਗਾ ਪਰ ਸੋਸਲ ਮੀਡੀਆ ਤੋਂ ਇੱਕ ਪਾਸੇ ਹੋਕੇ ਜਦ ਅਸੀਂ ਜ਼ਮੀਨੀ ਪੱਧਰ ਤੇ ਦੇਖਦੇ ਹਾਂ ਤਾਂ ਇਹੀ ਵਾਤਾਵਰਨ ਪ੍ਰੇਮੀਆਂ ਦੇ ਆਲੇ-ਦੁਆਲੇ ਤਾਂ ਕੀ ਆਪੋ-ਆਪਣੇ ਘਰਾਂ ਵਿੱਚ ਵੀ ਕੋਈ ਰੁੱਖ ਨਹੀਂ ਹੁੰਦਾ।
ਚਲੋ ਹੁਣ ਸਮੇਂ- ਸਮੇਂ ਆਈਆਂ ਸਰਕਾਰਾਂ ਦੀ ਗੱਲ ਕਰੀਏ ਜਿੰਨ੍ਹਾਂ ਨੇ ਵਾਤਾਵਰਨ ਦਿਵਸ ਜਾਂ ਵੈਸੇ ਹੀ ਆਪੋ-ਆਪਣੀਆਂ ਪ੍ਰਾਪਤੀਆਂ ਦੀ ਇਸ਼ਤਿਹਾਰਬਾਜ਼ੀ 'ਤੇ ਪਤਾ ਹੀ ਨੀ ਕਿੰਨੇ ਹੀ ਜੰਗਲ ਬਰਬਾਦ ਕਰ ਦਿੱਤੇ ਨੇ ਜਾਂ ਹਜੇ ਹੋਰ ਕੀਤੇ ਜਾ ਰਹੇ ਹਨ। ਸਰਕਾਰਾਂ ਨੇ ਤਾਂ ਵਿਕਾਸ ਦੇ ਨਾਂ ਤੇ ਵੱਡੇ-ਵੱਡੇ ਰੋਡ ਬਣਾਕੇ ਦਰੱਖਤ ਕੱਟ-ਕੱਟ ਜੋ ਵਾਤਾਵਰਨ ਦਾ ਸੱਤਿਆਨਾਸ ਕੀਤਾ ਹੈ,ਉਹ ਵੀ ਤਾਂ ਕਿਸੇ ਤੋਂ ਲੁਕਿਆ ਨਹੀਂ ਸਭ ਕੁਝ ਸਾਹਮਣੇ ਹੀ ਤਾਂ ਹੋ ਰਿਹਾ।
ਇਸ ਤੋਂ ਅਗਲੀ ਗੱਲ ਉਦਯੋਗਪਤੀਆਂ  ਦੀ ਕਰਨੀ ਬਣਦੀ ਹੈ। ਵੈਸੇ ਕਰਨੀ ਤਾਂ ਸਭ ਤੋਂ ਪਹਿਲਾਂ ਚਾਹੀਦੀ ਸੀ। ਵਿਕਾਸ ਤੇ ਰੁਜ਼ਗਾਰ ਦੇ ਮੌਕੇ ਦੇਣ ਬਹਾਨੇ ਪੰਜਾਬੀਆਂ ਦੇ ਚੁੱਲ੍ਹਿਆਂ ਦੀ ਅੱਗ ਖੋਹਣ ਤੋਂ ਲੈਕੇ ਚਿਮਨੀਆਂ ਰਾਹੀਂ ਵੰਡੀਆਂ ਜਾ ਰਹੀਆਂ ਬਿਮਾਰੀਆਂ ਸਭ ਕੁੱਝ ਵਾਤਾਵਰਨ ਦੀ ਬਰਬਾਦੀ ਵੱਲ ਹੀ ਤਾਂ ਲਿਜਾ ਰਿਹਾ ਹੈ।
ਵਾਤਾਵਰਨ ਨੂੰ ਤਬਾਹੀ ਵੱਲ ਲਿਜਾਣ ਵਿੱਚ ਕੌਣ ਕਿੰਨਾ ਜੁੰਮੇਵਾਰ ਹੈ ਇਹ ਸਭ ਤੁਸੀਂ ਇੰਟਰਨੈੱਟ ਤੇ ਸਰਚ ਕਰਕੇ ਵੱਖੋ-ਵੱਖ ਸਰਕਾਰੀ ਸਰੋਤਾਂ ਤੋਂ ਅਸਲ ਸੱਚ ਜਾਣ ਸਕਦੇ ਹੋ।
ਸਭ ਤੋਂ ਵੱਧ ਸਨਅਤ ਦੇ ਕਾਰਨ 51%, ਦੂਜੇ ਨੰਬਰ 'ਤੇ ਵਾਹਨਾਂ 'ਚੋਂ ਨਿਕਲ ਰਹੇ ਧੂੰਏਂ ਕਾਰਨ 25%, ਤੀਜੇ ਨੰਬਰ ਤੇ ਘਰੇਲੂ ਉਪਯੋਗ ਕਾਰਨ 11% , ਚੌਥੇ ਨੰਬਰ ਤੇ ਖੇਤੀਬਾੜੀ ਤੋਂ 8% ਤੇ ਅਖੀਰ ਤੇ ਹੋਰ ਕਾਰਨ 4% ਹੀ ਰਹਿ ਜਾਂਦੇ ਹਨ।
ਵਾਤਾਵਰਨ ਨੂੰ ਤਬਾਹ ਕਰਨ ਵਿੱਚ ਧਰਤੀ ਤੇ ਵਸਦਾ ਤਕਰੀਬਨ ਹਰ ਇਨਸਾਨ ਹੀ ਜੁੰਮੇਵਾਰ ਹੈ, ਕੌਣ ਕਿੰਨ੍ਹਾਂ ਜੁੰਮੇਵਾਰ ਹੈ ਇਹ ਬਿਨਾ ਜਾਣੇ ਅਸੀਂ ਸਾਰੇ ਆਪਣੇ- ਆਪ ਨੂੰ ਇੱਕ ਪਾਸੇ ਕਰਕੇ ਦੂਜਿਆਂ ਨੂੰ ਜ਼ਿੰਮੇਵਾਰ ਠਹਿਰਾਕੇ ਖ਼ੁਦ ਸਿਆਣੇ, ਸਮਝਦਾਰ, ਵਾਤਾਵਰਨ ਦੇ ਰਾਖੇ ਹੋਣ ਦਾ ਭਰਮ ਪਾਲ ਕੇ ਬੈਠੇ ਹਾਂ।
ਅੰਕੜਿਆਂ ਨੂੰ ਸਮਝੀਏ ਪੰਜਾਬ ਵਿੱਚ ਜੰਗਲਾਤ ਹੇਠਲਾ ਇਲਾਕਾ ਸਾਲ 2019 ਦੇ ਮੁਕਾਬਲੇ ਸਾਲ 2021 ਵਿਚ 2 ਵਰਗ ਕਿੱਲੋ-ਮੀਟਰ ਘਟ ਗਿਆ ਹੈ। ਅੰਕੜਿਆਂ ਮੁਤਾਬਿਕ ਪੰਜਾਬ ਵਿਚ ਜੰਗਲਾਤ ਹੇਠਲਾ ਇਲਾਕਾ 2021 ਵਿੱਚ 1,847 ਵਰਗ ਕਿੱਲੋਮੀਟਰ ਰਹਿ ਗਿਆ ਹੈ ਜਦਕਿ ਸਾਲ 2019 ਵਿਚ ਇਹ ਅੰਕੜਾ 1849 ਵਰਗ ਕਿੱਲੋ ਮੀਟਰ ਸੀ। ਜਦ ਕਿ ਪੰਜਾਬ ਦਾ ਕੁੱਲ ਇਲਾਕਾ 50,362 ਵਰਗ ਕਿਲੋ-ਮੀਟਰ ਹੈ।
ਵਾਤਾਵਰਨ ਸੰਬੰਧਿਤ ਫ਼ਿਕਰ, ਵਿਚਾਰ-ਚਰਚਾ ਜਿੰਨ੍ਹੀ ਹੋਵੇ ਘੱਟ ਹੀ ਘੱਟ ਹੈ, ਰੁੱਖ ਲਗਾਉਣ ਦੀਆਂ ਅਪੀਲਾਂ ਜਿੰਨ੍ਹੀਆਂ ਵੀ ਹੋਣ ਘੱਟ ਹੀ ਘੱਟ ਹਨ।
ਇੱਕ ਗੱਲ ਤਾਂ ਹੈ ਏ.ਸੀ ਕਮਰਿਆਂ 'ਚ ਬਹਿਕੇ ਰੁੱਖ ਨੀ ਲਗਾਏ ਜਾ ਸਕਦੇ। ਸਰਕਾਰ ਕੁੱਝ ਕਰੇ ਜਾਂ ਨਾ ਕਰੇ ਆਪਾਂ ਨੂੰ ਆਪ ਘਰਾਂ ਚੋਂ ਬਾਹਰ ਨਿਕਲਣਾ ਪੈਣਾ। ਸਰਕਾਰ ਨੇ ਕੀ ਕਰਨਾ ਆਪਾਂ ਉਹਦੇ ਬਾਰੇ ਗੱਲ ਕਰੀਏ,ਉਸ ਤੋਂ ਪਹਿਲਾਂ ਆਪਾਂ ਨਿੱਜੀ ਤੌਰ ਤੇ ਖ਼ੁਦ ਕੀ ਕਰੀਏ ?
ਵਾਅਦਾ ਕਰੋ ਕਿ ਤੁਸੀਂ ਸਭ ਆਪੋ-ਆਪਣੇ ਜਨਮ ਦਿਨ 'ਤੇ ਰੁੱਖ ਲਗਾਉਣ ਅਤੇ ਤੋਹਫ਼ੇ ਦੇਣ ਦੇ ਰੂੂਪ 'ਚ ਵੀ ਇਹ ਕੋਸ਼ਸ਼ ਜ਼ਰੂਰ ਕਰੋਂਗੇ ?
ਇਹ ਆਦਤ ਆਪਣੇ ਆਲੇ-ਦੁਆਲੇ ਤੇ ਆਪਣੇ ਬੱਚਿਆਂ ਦੀ ਜ਼ਰੂਰ ਬਣਾਓ। ਬੇਸ਼ੱਕ ਰੁੱਖ ਲਗਾਉਣ ਲਈ ਤੁਸੀਂ ਮੌਸਮ ਮੁਤਾਬਕ ਕਦੋਂ ਵੀ ਆਪਣਾ ਫ਼ਰਜ਼ ਨਿਭਾ ਸਕਦੇ ਹੋ। ਇੱਥੇ ਜਨਮ ਦਿਨ ਵਿਸ਼ੇਸ਼ ਦਾ ਮਤਲਬ ਤੁਸੀਂ ਜਾਂ ਤੁਹਾਡੇ ਬੱਚੇ ਭਵਿੱਖ 'ਚ ਇਸ ਉੱਦਮ 'ਤੇ ਮਾਣ ਮਹਿਸੂਸ ਕਰ ਸਕੋ।
ਮਨੋਵਿਗਿਆਨਕ ਤੌਰ 'ਤੇ ਤੁਸੀਂ ਮਨ ਤੋਂ ਉਸ ਪੌਦੇ ਨਾਲ ਜੁੜੋਗੇ, ਰੁੱਖ ਬਣਨ ਤੱਕ ਬੱਚੇ ਵਾਂਗ ਪਾਲੋਗੇ ਤੇ ਬੁਢਾਪੇ 'ਚ ਉਸ ਤੋਂ ਸੇਵਾ ਦੀ ਉਮੀਦ ਰੱਖ ਸਕਦੇ ਹੋ। ਇੱਥੇ ਇੱਕ ਹੋਰ ਸਭ ਤੋਂ ਜ਼ਰੂਰੀ ਗੱਲ ਜੋ ਕਿ ਸਾਡੇ ਸਾਰਿਆਂ ਲਈ ਹੀ ਜ਼ਰੂਰੀ ਹੈ ਕਿ ਇੱਕਲੇ ਰੁੱਖ ਲਗਾਕੇ ਹੀ ਵਾਤਾਵਰਨ ਨਹੀਂ ਬਚਾਇਆ ਜਾ ਸਕਦਾ। ਜੇ ਕਿਤੇ ਸੌ ਰੁੱਖ ਲਗਾਏ ਜਾਂਦੇ ਹਨ ਤਾਂ ਉਹਨਾਂ ਚੋਂ ਬਚਕੇ ਅੱਗੇ ਚੱਲਦੇ ਕਿੰਨੇ ਹਨ ? ਇੱਥੇ ਇਹ ਸਭ ਤੋਂ ਵੱਡੀ ਲੋੜ ਹੈ, ਜਿੰਨ੍ਹੇ ਵੀ ਰੁੱਖ ਲਗਾਈਏ, ਉਹਨਾਂ ਨੂੰ ਆਪਣੇ ਬੱਚਿਆਂ ਵਾਂਗ ਸੰਭਾਲੀਏ, ਉਹਨਾਂ ਤੋਂ ਤੇ ਉਹਨਾਂ ਦੇ ਨਾਲ਼ ਜਿਊਣਾ ਸਿੱਖੀਏ।
ਮੌਜੂਦਾ ਸਰਕਾਰ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੁਡਵਾਉਣ ਦਾ ਜੋ ਕੰਮ ਕਰ ਰਹੀ ਹੈ, ਉਹ ਕਾਬਿਲ ਏ ਤਾਰੀਫ਼ ਹੈ। ਹੁਣ ਸਰਕਾਰ ਇੱਥੇ ਕੋਸ਼ਸ਼ ਕਰੇ ਪੰਚਾਇਤੀ ਜ਼ਮੀਨਾਂ ਵਿੱਚ ਨਿੱਕੇ-ਨਿੱਕੇ ਰਵਾਇਤੀ ਰੁੱਖਾਂ ਨਾਲ਼ ਸੰਬੰਧਿਤ ਜੰਗਲ ਜ਼ਰੂਰ ਲਗਵਾਏ। ਹੋਰ ਉਦਯੋਗਪਤੀਆਂ ਲਈ ਸਰਕਾਰ ਕਾਨੂੰਨੀ ਤੌਰ ਤੇ ਜ਼ਰੂਰੀ ਕਰੇ ਕਿ ਉਹ ਪਹਿਲਾਂ ਆਪਣੇ ਉਦਯੋਗ ਵਾਲ਼ੇ ਥਾਂ ਦੇ ਦੁਆਲ਼ੇ ਜਾਂ ਕਿਤੇ ਨੇੜੇ ਇੱਕ ਨਿੱਕਾ ਜੰਗਲ ਜ਼ਰੂਰ ਲਗਾਉਣ, ਅਗਲੀ ਗੱਲ ਕਿਸੇ ਵੀ ਕੋਲ਼ ਵਾਹਨਾਂ ਦੀ ਗਿਣਤੀ ਜਿੰਨ੍ਹੀ ਹੈ ਉਹ ਆਪਣੇ ਵਾਹਨਾਂ ਦੀ ਗਿਣਤੀ ਬਰਾਬਰ ਆਪਣੇ ਹਿੱਸੇ ਦੇ ਰੁੱਖ ਜ਼ਰੂਰ ਲਗਾਉਣ, ਕਿਸਾਨ ਆਪਣੀ ਜ਼ਮੀਨ ਮੁਤਾਬਕ ਆਲ਼ੇ ਦੁਆਲ਼ੇ ਰੁੱਖ ਲਗਾਉਣ, ਇਹ ਸਭ ਸਾਰਿਆਂ ਲਈ ਕਾਨੂੰਨੀ ਤੌਰ 'ਤੇ ਜ਼ਰੂਰੀ ਹੋਵੇ।
ਨਹੀਂ ਫ਼ਿਰ ਏ.ਸੀ ਕਮਰਿਆਂ 'ਚ ਬਹਿਕੇ ਵੈਦਰ ਐਪ 'ਤੇ ਟੈਮਪਰਚਰ ਵਾਲੇ ਸਕਰੀਨ ਸੌਰਟ ਪਾਕੇ, ਟੂ ਡੇ ਇਜ ਵੈਰੀ ਹੌਟ ਅੱਪਡੇਟਸ ਪਾ ਕੇ ਰੱਬ ਨੂੰ ਗਾਲਾਂ ਕੱਢਣ ਦੀ ਲੋੜ ਨਹੀਂ। ਰੱਬ ਕਿਸੇ ਨੇ ਦੇਖਿਆ..?
ਤੁਸੀਂ ਖ਼ੁਦ ਕੁਦਰਤ ਦੇ ਨਾਲ਼ ਜੁੜੋ,ਜ਼ਿੰਦਗੀ ਨਾਲ਼ ਜੁੜ ਜਾਉਂਗੇ।
ਕੁਦਰਤ ਜਿਊਣਾ ਸਿਖਾਉਂਦੀ ਹੈ। ਫਿਰ ਝਿਜਕ ਕਾਹਦੀ ਸਿੱਖ'ਲੋ ਜਿਊਣਾ।
ਸ.ਸੁਖਚੈਨ ਸਿੰਘ ਕੁਰੜ
(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)