ਬਾਤਾਂ ਵਿਰਸੇ ਦੀਆਂ ✍️ ਜਸਵੀਰ ਸ਼ਰਮਾਂ ਦੱਦਾਹੂਰ

ਬਚਪਨ ਦੀਆਂ ਤਾਂ ਗੱਲਾਂ ਈ ਹੋਰ ਸਨ ਸਕੂਲਾਂ ਦੇ ਬੱਚੇ ਹੀ ਬਣ ਜਾਂਦੇ ਸਨ ਕਮਾਂਡੋ ਫੋਰਸ 

ਕੋਈ ਸੱਤਰ ਜਾਂ ਅੱਸੀ ਦੇ ਦਹਾਕਿਆਂ ਦੇ ਦਰਮਿਆਨ ਦੀ ਗੱਲ ਹੋਵੇਗੀ, ਜਦੋਂ ਸਾਡੇ ਕੋਲ ਦਰੀ ਦੇ ਬਸਤੇ,ਟਾਟ ਵਾਲੀ ਬੋਰੀ ਥੱਲੇ ਵਿਛਾਉਣ ਲਈ,ਕਾਨੇ ਦੀ ਜਾ ਨੜੇ ਦੀ ਕਲਮ,ਟੀਨ ਦੀ ਰਬੜ ਦੇ ਢੱਕਣ ਵਾਲੀ ਦਵਾਤ ਇੱਕ ਕ਼ਾਇਦਾ ਅਤੇ ਇੱਕ ਫੱਟੀ ਹੁੰਦੀ ਸੀ।ਇਹ ਸਾਰਾ ਕੁਝ ਹੀ ਦਰੀ ਦੇ ਜਾਂ ਟਾਟ ਦੀ ਬਣੀ ਬੋਰੀ ਦੇ ਬਣਾਏ ਹੋਏ ਝੋਲੇ ਵਿੱਚ ਹੀ ਹੁੰਦਾ ਸੀ,ਕੋਈ ਜਮੈਟਰੀ ਬਕਸ ਜਾ ਕੋਈ ਅਲੱਗ ਤੋਂ ਡੱਬਾ ਵਗੈਰਾ ਨਹੀ ਸੀ ਹੁੰਦਾ ਜੀਹਦੇ ਵਿੱਚ ਟੁੱਟਣ ਤੋਂ ਬਚਾ ਕੇ ਕਲਮ ਜਾ ਸਿਆਹੀ ਵਾਲੀ ਦਵਾਤ ਪਾਈ ਹੁੰਦੀ ਸੀ। ਕਦੇ ਕਦੇ ਤਾਂ ਸਿਆਹੀ ਝੋਲੇ ਵਿੱਚ ਡੁੱਲ ਜਾਣੀ ਤੇ ਕਲਮ ਦਾ ਮੂੰਹ ਵੀ ਟੁੱਟ ਜਾਂਦਾ ਸੀ,ਫਿਰ ਤੁਹਾਨੂੰ ਪਤਾ ਈ ਆ ਕੀ ਹੋਣਾ,ਸਾਰਾ ਕੁੱਝ ਰੰਗ ਬਿਰੰਗਾ ਤਾਂ ਹੁੰਦਾ ਈ ਸੀ,ਨਾਲੇ ਸਾਰਾ ਸਾਰਾ ਦਿਨ ਆੜੀ ਬਣਕੇ ਡੋਬ੍ਹਾ ਦੇ ਦੇ,ਆਪਦੀ ਕਲ਼ਮ ਵੀ ਦੇ,ਵੇਖ ਲਾ ਫਿਰ ਕੋਈ ਨੀ ਤੈਨੂੰ ਨਾ ਕਿਤੇ ਲੋੜ ਪਊਗੀ ਮੇਰੇ ਤਾਈਂ ਦੇ ਦੇ ਯਾਰ ਵੀਰ ਬਣਕੇ ਇਉਂ ਵੀ ਕਰਦੇ ਰਹਿੰਦੇ ਸਾਂ।ਮਾਸਟਰ ਜੀ ਵੱਲੋਂ ਤੇ ਘਰ ਆ ਕੇ ਘਰਦਿਆਂ ਵੱਲੋਂ ਜੋ ਤਿੰਨ ਮੇਲ ਦਾ ਪ੍ਰਸ਼ਾਦ ਮਿਲਦਾ ਸੀ ਜੀਹਦੇ ਨਾਲ ਮੋਢੇ ਤਿੰਨ ਦਿਨ ਦਰਦ ਕਰਨੋਂ ਨਹੀਂ ਸੀ ਹਟਦੇ,ਓਹ ਅਲਹਿਦਾ ਹੁੰਦਾ ਸੀ,ਘਰ ਦਿਆਂ ਦੇ ਹੁਕਮ ਵੀ ਨਵਾਬਾਂ ਵਾਲੇ ਹੁੰਦੇ ਸੀ, ਵਾਪਸੀ ਤੇ ਰਸਤੇ ਵਿੱਚ ਪੈਂਦੇ ਖੇਤੋਂ ਚਰੀ ਦੀ ਪੰਡ,ਗਾਚੇ ਦੀ ਪੰਡ ਜਾਂ ਫਿਰ ਬਰਸੀਮ ਦੀ ਪੰਡ ਰੁੱਤ ਮੁਤਾਬਿਕ,ਵੀ ਡੰਗਰਾਂ ਵਾਸਤੇ ਲਿਆਉਣੀ ਹੁੰਦੀ ਸੀ,ਸਾਡੇ ਆਪਣੇ ਕੋਲ ਜ਼ਮੀਨ ਘੱਟ ਸੀ ਤੇ ਹਰਾ ਚਾਰਾ ਰੁੱਤ ਮੁਤਾਬਿਕ ਮੁੱਲ ਲਈਦਾ ਸੀ, ਤੇ ਲੈਂਦੇ ਵੀ ਓਧਰ ਈ ਸਨ ਘਰਦੇ ਜਿੱਧਰੋਂ ਸਕੂਲ ਆਉਣਾ ਜਾਣਾ ਹੁੰਦਾ ਸੀ, ਇਉਂ ਓਹਨਾਂ ਵੱਲੋਂ ਤਾਂ ਇੱਕ ਪੰਥ ਦੋ ਕਾਜ ਵਾਲੀ ਗੱਲ ਠੀਕ ਸੀ,ਪਰ ਜੋ ਮੇਰੇ ਨਾਲ ਵਾਪਰਦੀ ਸੀ ਓਹ ਮੈਂ ਈ ਜਾਣਦਾ ਹਾ, ਵੈਸੇ ਇਸ ਤਰ੍ਹਾਂ ਮੈਨੂੰ ਯਾਦ ਹੈ ਕਈਆਂ ਨਾਲ ਵਾਪਰਦਾ ਸੀ।

         ਖ਼ੈਰ ਜਦੋਂ ਸਕੂਲ ਪਹੁੰਚਣਾ ਤਾਂ ਸੱਭ ਤੋਂ ਪਹਿਲਾਂ ਬਹੁਕਰਾਂ ਫੜ੍ਹਕੇ ਸਕੂਲ ਦੀ ਸਫ਼ਾਈ, ਦਰੱਖਤਾਂ ਦੇ ਪੱਤੇ ਇਕੱਠੇ ਕਰਕੇ ਇੱਕ ਪਾਸੇ ਰੱਖ ਕੇ ਅੱਗ ਲਾਉਣੀ।ਕਈ ਕਈ ਸਕੂਲਾਂ ਵਿਚ ਤਾਂ ਟੋਏ ਪੱਟ ਕੇ ਕੂੜਾ ਕਰਕਟ ਥੱਲੇ ਦੱਬਿਆ ਜਾਂਦਾ ਸੀ।ਫਿਰ ਨਲਕਿਆਂ ਤੋਂ ਪਾਣੀ ਪੀਂਦਿਆਂ ਸਾਰੇ ਕੱਪੜੇ ਭਿਉਂ ਲੈਣੇ, ਫਿਰ ਮਾਸਟਰਾਂ ਨੇ ਨਾਂ ਲੈ ਲੈ ਕੇ ਖੜੇ ਕਰਕੇ ਕੱਲੇ ਕੱਲੇ ਦੀ ਹਾਜਰੀ ਲਾਉਣੀ। ਜੀਹਨੇ ਗੈਰ ਹਾਜਰ ਹੋਣਾ ਓਹਦੀ ਸ਼ਾਮਤ ਆ ਜਾਂਦੀ ਸੀ। ਓਹਨਾਂ ਸਮਿਆਂ ਵਿੱਚ ਅਸੀਂ ਸਕੂਲਾਂ ਵਿੱਚ ਅਜੋਕੀ ਕਮਾਂਡੋ ਜਿਨ੍ਹਾਂ ਕੰਮ ਦਿੰਦੇ ਸੀ ਮਾਸਟਰਾਂ ਨੂੰ,ਓਹ ਗੱਲ ਵੱਖਰੀ ਹੈ ਕਿ ਅਜੋਕੀ ਪੀੜ੍ਹੀ ਨੇ ਤਾਂ ਕਾਹਦਾ ਮੰਨਣਾ ਹੈ,ਪਰ ਮੇਰੇ ਹਾਣੀ ਸਾਥੀ ਬਿਲਕੁਲ ਇਹ ਜਾਣਦੇ ਨੇ ਕਿ ਇਹ ਸਚਾਈ ਹੈ।ਜਿਹੜਾ ਬੱਚਾ ਗੈਰਹਾਜ਼ਰ ਹੋਣਾ ਮਾਸਟਰ ਜੀ ਨੇ ਭੇਜ ਦੇਣਾ ਫਿਰ ਸਾਨੂੰ ਪੰਜ ਸੱਤ ਜਾਣਿਆ ਨੂੰ ਕਿ ਲਿਆਓ ਓਹਨੂੰ ਜਾਕੇ,ਜੇ ਭਲਾਮਾਣਸ ਬਣ ਕੇ ਨਾ ਆਇਆ ਤਾਂ ਫਿਰ ਘਸੀਟ ਕੇ ਲਿਆਇਓ। ਅਸੀਂ ਤਾਂ ਪਹਿਲਾਂ ਈ ਮਾਣ ਨਹੀਂ ਸੀ ਹੁੰਦੇ ਤੇ ਜਦੋਂ ਮਾਸਟਰ ਜੀ ਨੇ ਕਹਿਣਾ ਫਿਰ ਅਸੀਂ ਸ਼ੇਰ ਬਣ ਕੇ ਕਮਾਂਡੋ ਦਾ ਕੰਮ ਕਰਦੇ ਸਾਂ, ਬਿਨਾਂ ਹਥਿਆਰਾਂ ਤੋਂ (ਬਿਲਕੁਲ ਫੋਟੋ ਵਾਂਗੂੰ) ਜਦੋਂ ਕਿਸੇ ਮੇਰੇ ਵਰਗੇ ਦੇ ਘਰ ਪੂਰੀ ਕਾਨਵਾਈ ਸਮੇਤ ਕਮਾਂਡੋ ਫੌਜਾਂ ਨੇ ਪਹੁੰਚਣਾ ਤਾਂ ਜੇਕਰ ਓਹਨੂੰ ਸਾਡੇ ਸਾਥੀ ਨੂੰ ਕੋਈ ਬੁਖਾਰ ਨਮੂਨੀਆਂ ਜਾ ਹੋਰ ਤਕਲੀਫ਼ ਹੋਣੀ ਫਿਰ ਤਾਂ ਹੋ ਜਾਂਦਾ ਸੀ ਬਚਾਅ, ਤੇ ਜੇ ਹੁੰਦਾ ਸੀ ਓਹਦਾ ਫਰਲੋ ਦਾ ਇਰਾਦਾ ਫਿਰ ਨਹੀਂ ਸੀ ਹੁੰਦੀ ਓਹਦੀ ਖੈਰ, ਫਿਰ ਤਾਂ ਚੱਕ ਕੇ ਘਸੀਟ ਕੇ ਜਾਂ ਪਿਆਰ ਨਾਲ ਵੱਡੇ ਘਰ (ਭਾਵ ਮਾਸਟਰ ਸਾਹਮਣੇ) ਸਕੂਲ ਚ ਆ ਕੇ ਹੀ ਖਹਿੜਾ ਛੁੱਟਦਾ ਸੀ, ਤੇ ਇਉਂ ਮੇਰੇ ਨਾਲ ਵੀ ਕਈ ਵਾਰ ਹੋਇਆ ਸੀ, ਕਿਉਂਕਿ ਇੱਕੋ ਇੱਕ ਤਿੰਨ ਭੈਣਾਂ ਦਾ ਭਾਈ ਕਰਕੇ ਥੋੜਾ ਜ਼ਿਆਦਾ ਹੀ ਲਾਡਲਾ ਸਾਂ,ਇਸ ਕਰਕੇ ਕਮਾਂਡੋ ਦੇ ਅੜਿੱਕੇ ਆਇਆ ਈ ਰਹਿੰਦਾ ਸੀ। ਘਰਦਿਆਂ ਵੱਲੋਂ ਵੀ ਕਮਾਂਡੋ ਵਾਲਿਆਂ ਨੂੰ ਹੱਲਾਸ਼ੇਰੀ ਮਿਲ ਜਾਂਦੀ ਸੀ। ਤੇ ਫਿਰ ਦੋਨੋਂ ਛੱਡ ਕੇ ਤਿੰਨੋਂ ਪਾਸਿਓਂ ਹੀ ਤਿੰਨ ਮੇਲਦਾ ਪ੍ਰਸ਼ਾਦ ਮਿਲਦਾ ਸੀ।

            ਉਸ ਤੋਂ ਬਾਅਦ ਥੋੜਾ ਬਹੁਤਾ ਚਿਰ ਪੜਾਈ ਕਰਕੇ, ਫੱਟੀਆਂ ਲਿਖਣੀਆਂ ਮਾਸਟਰ ਜੀ ਨੂੰ ਜਾਂ ਭੈਣ ਜੀ ਨੂੰ ਵਿਖਾਉਣੀਆਂ ਚੈੱਕ ਕਰਵਾਉਣੀਆਂ ਤੇ ਪੋਚ ਕੇ ਧੁੱਪੇ ਸੁੱਕਣ ਲਈ ਰੱਖ ਦੇਣੀਆਂ, ਫਿਰ ਮਾਸਟਰਾਂ ਦੀਆਂ ਸਿਫਾਰਸ਼ਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਸੀ, ਜਿਨ੍ਹਾਂ ਦੇ ਘਰ ਲੱਸੀ ਹੁੰਦੀ ਓਧਰੋਂ ਮਾਸਟਰ ਜੀ ਨੇ ਲੱਸੀ ਮੰਗਵਾ ਲੈਣੀ, ਕਿਸੇ ਨੇੜੇ ਘਰ ਵਾਲੇ ਤੋਂ ਚਾਹ ਦਾ ਹੁਕਮ ਵੀ ਵਜਾਉਣਾ ਪੈਂਦਾ ਸੀ, ਇਸੇ ਤਰ੍ਹਾਂ ਕਿਸੇ ਤੋਂ ਮੂਲੀਆਂ ਕਿਸੇ ਤੋਂ ਸਾਗ ਦੇ ਹੁਕਮ ਵੀ ਪੂਰੇ ਕਰਨੇ ਪੈਂਦੇ ਸਨ। ਖ਼ੈਰ ਦੋਸਤੋ ਵੇਲੇ ਚੰਗੇ ਸਨ ਮਰੂੰ ਮਰੂੰ ਕੋਈ ਨਹੀਂ ਸੀ ਕਰਦਾ ਮਾਸਟਰਾਂ ਦੀ ਇਜ਼ਤ ਸਤਿਕਾਰ ਵੀ ਪੂਰਾ ਹੁੰਦਾ ਸੀ। ਬਹੁਤ ਬਹੁਤ ਦੇਰ ਓਹਨਾਂ ਸਮਿਆਂ ਵਿੱਚ ਮਾਸਟਰਾਂ ਦੀਆਂ ਬਦਲੀਆਂ ਵੀ ਨਹੀਂ ਹੋਇਆ ਕਰਦੀਆਂ ਸੀ। ਹਾਂ ਜੇਕਰ ਕਿਸੇ ਮਾਸਟਰ ਦੀ ਕਿਸੇ ਕਿਸਮ ਦੀ ਕੋਈ ਤਰੱਕੀ ਹੋਣੀ ਫਿਰ ਤਾਂ ਭਲਾਂ ਥੋੜਾ ਬਹੁਤਾ ਸਮਾਂ ਕੋਈ ਮਾਸਟਰ ਬਦਲਿਆ ਹੋਵੇ ਨਹੀਂ ਤਾਂ ਪੂਰੀ ਪੂਰੀ ਸਰਵਿਸ ਇੱਕੋ ਸਕੂਲ ਵਿੱਚ ਕਰ ਲੈਂਦੇ ਸਨ ਓਹਨਾਂ ਸਮਿਆਂ ਦੇ ਮਾਸਟਰ ਸਾਹਿਬਾਨ। ਪੜਾਈਆਂ ਵਧੀਆ ਸਨ ਇਜ਼ਤ ਸਤਿਕਾਰ ਕਰਨਾ, ਜ਼ਿਆਦਾ ਮਹਿੰਗਾਈ ਦੇ ਜ਼ਮਾਨੇ ਵੀ ਨਹੀ ਸਨ ਔਰਗੈਨਿਕ ਫਸਲਾਂ ਸਨ, ਗੱਲ ਕੀ ਦੋਸਤੋ ਇਹ ਰੰਗਲੇ ਅਤੇ ਫ਼ਸਲਾਂ ਨਾਲ ਲਹਿਲਹਾਉਂਦੇ ਪੰਜਾਬ ਦੀਆਂ ਨੇ।

            ਜੇਕਰ ਓਨਾਂ ਸਮਿਆਂ ਦੇ ਨਾਲ ਅਜੋਕੇ ਸਮਿਆਂ ਦੀ ਤੁਲਨਾ ਕਰੀਏ ਤਾਂ ਜ਼ਮੀਨ ਅਸਮਾਨ ਦਾ ਅੰਤਰ ਆ ਚੁੱਕਾ ਹੈ,ਨਾ ਤਾਂ ਓਹੋ ਜਿਹੇ ਮਾਸਟਰ ਰਹਿ ਗਏ ਨਾ ਹੀ ਓਹੋ ਜਿਹੇ ਅਜੋਕੇ ਬੱਚੇ ਹੀ ਰਹੇ ਅੰਤਾਂ ਦੀ ਮਹਿੰਗਾਈ, ਕੀਟਨਾਸ਼ਕ ਦਵਾਈਆਂ ਨਾਲ ਪਲੀਆਂ ਫਸਲਾਂ ਖਾਰੇ ਪਾਣੀ ਗੱਲ ਕੀ ਸੱਭ ਕੁੱਝ ਹੀ ਬਦਲ ਚੁੱਕਿਆ ਹੈ।

            ਸੋ ਦੋਸਤੋ ਗੱਲ ਹੁੰਦੀ ਹੈ ਸਮੇਂ ਸਮੇਂ ਦੀ ਇਹ ਫੋਟੋ ਕਿਸੇ ਦੋਸਤ ਵੱਲੋਂ ਦਾਸ ਨੂੰ ਭੇਜੀ ਸੀ, ਤੇ ਇਸ ਨੂੰ ਵੇਖ ਕੇ ਹੀ ਇਹ ਸਾਰਾ ਲੇਖ ਵਾਲਾ ਸੀਨ ਤੇ ਸਮਾਂ ਯਾਦ ਆ ਗਿਆ ਜੋ ਤੁਹਾਡੀ ਕਚਹਿਰੀ ਵਿੱਚ ਹਾਜਰ ਹੈ,ਕਈ ਹਾਣ ਪਰਵਾਣ ਦੇ ਦੋਸਤਾਂ ਨਾਲ ਇਹ ਸੱਭ ਕੁੱਝ ਵਾਪਰਦਾ ਵੀ ਰਿਹਾ ਹੋਵੇਗਾ ਤੇ ਕਈਆਂ ਨਾਲ ਜੇ ਨਹੀਂ ਵੀ ਵਾਪਰਿਆ ਤਾਂ ਯਾਦ ਜ਼ਰੂਰ ਆਇਆ ਹੋਵੇਗਾ।(ਫੋਟੋ ਇਹ ਉਧਾਰੀ ਹੈ ਭਾਵ ਪਤਾ ਨਹੀਂ ਕਿਹੜੇ ਦੋਸਤ ਦੀ ਕਲਪਨਾ ਹੈ ਪਰ ਹੈ ਕਮਾਲ ਦੀ ਓਸ ਦਾ ਵੀ ਦਿਲੋਂ ਸਤਿਕਾਰ ਜੀ, ਮੈਨੂੰ ਮੇਰੇ ਵਟਸਐਪ ਸਾਥੀ ਕੋਲੋਂ ਆਈ ਸੀ)ਲਿਖਤ ਆਪਣੀ ਹੱਡ ਬੀਤੀ ਕਹਾਣੀ ਹੈ ਜੀ। ਕਦੇ ਕਦਾਈਂ ਇਹੋ ਜਿਹੀਆਂ ਲਿਖਤਾਂ ਲਿਖਣ ਨੂੰ ਵੀ ਦਿਲ ਕਰ ਆਉਂਦਾ ਹੈ ਤਾਂ ਕਿ ਬਚਪਨ ਵਿੱਚ ਇੱਕ ਗੇੜਾ ਮਾਰ ਆਈਏ, ਤੇ ਕਈ ਦੋਸਤ ਹੋਰ ਵੀ ਆਪਣੇ ਅਨੁਭਵ ਓਸ ਸਮੇਂ ਨੂੰ ਯਾਦ ਕਰਕੇ ਤੇ ਇਹੋ ਜਿਹੇ ਲੇਖ ਪੜ੍ਹਕੇ ਦਾਸ ਨਾਲ ਜ਼ਰੂਰ ਸਾਂਝੇ ਵੀ ਕਰਦੇ ਹਨ।

(ਨੋਟ: ਫੋਟੋ ਵਿੱਚ ਬੱਚਿਆਂ ਦੀ ਕਮਾਂਡੋ ਫੋਰਸ ਬਿਨਾਂ ਹਥਿਆਰਾਂ ਤੋਂ ਆਪਣੀ ਲਾਈ ਡਿਊਟੀ ਨੂੰ ਅੰਜਾਮ ਦੀ ਰਹੀ ਹੈ। ਫੋਟੋ ਕਿਸੇ ਦੋਸਤ ਵੱਲੋਂ ਆਈ ਸੀ,ਜਿਸ ਦੇ ਵੀ ਦਿਮਾਗ ਦੀ ਕਲਪਨਾ ਹੈ ਉਸ ਦੀ ਕਲਾ ਨੂੰ ਸਲਾਮ)

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556