ਸ਼ਗੂਫ਼ਿਆਂ ਦੀ ਰਾਣੀ ਸੁਲਤਾਨਾ ਬੇਗਮ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

ਪੰਜਾਬੀ ਲੋਕ-ਧਾਰਾ ਪਰਿਵਾਰ ਦੀ ਮਾਂ 'ਸ਼ਗੂਫ਼ਿਆਂ ਦੀ ਰਾਣੀ ਸੁਲਤਾਨਾ ਬੇਗਮ' ਦੇ ਤੁਰ ਜਾਣ ‘ਤੇ ਵਿਸ਼ੇਸ਼:-
ਜਬ ਲਿਖੀ ਹੋਈ ਨਸ਼ੀਬ ਮੇਂ ਖ਼ਾਨਾਬਦੋਸ਼ੀ ਏ ਸੁਲਤਾਨ,
ਨਾ ਜਾਨੇ ਕਹਾ-ਕਹਾ ਅਰਮਾਨੋਂ ਕੀ ਕਬਰ ਛੋੜ ਆਏ।
ਕਾਲੇ ਰੰਗ ਦਾ ਗੁਲਾਬ ਕੋਈ ਨਾ
ਜ਼ਿੰਦਗੀ ਸੀ ਚਾਰ ਦਿਨ ਦੀ
ਅਸਾਂ ਰੱਖਿਆ ਹਿਸਾਬ ਕੋਈ ਨਾ।
ਆਪਣੀਆਂ ਉਪਰੋਕਤ ਸਤਰਾਂ ਨੂੰ ਸੱਚ ਕਰਦੀ ਹੋਈ ਸ਼ਗੂਫ਼ਿਆਂ ਦੀ ਰਾਣੀ ਸੁਲਤਾਨਾ ਬੇਗਮ ਅੱਜ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਸੰਨ 1947 ਦੇ ਬਟਵਾਰੇ ਨੇ ਉਸ ਸਮੇਂ ਉਨ੍ਹਾਂ ਦੀ ਜਾਇਦਾਦ, ਪਰਿਵਾਰਾਂ ਨੂੰ ਉਨ੍ਹਾਂ ਦੀ ਧਰਤੀ 'ਤੇ ਉਹਨਾਂ ਨੂੰ ਆਪਣਿਆਂ ਤੋਂ ਖੋਹ ਲਿਆ ਸੀ। ਉਸ ਸਮੇਂ ਇਸ ਵੰਡ ਦਾ ਸ਼ਿਕਾਰ ਹੋਇਆ ਸੁਲਤਾਨਾ ਬੇਗਮ ਦਾ ਪਰਿਵਾਰ ਉਨ੍ਹਾਂ ਵਿੱਚੋਂ ਇੱਕ ਸੀ। ਆਪਣਿਆ ਦੇ ਖੋ ਜਾਣ ਦਾ ਦਰਦ ਸੁਲਤਾਨਾ ਬੇਗਮ ਦੀਆਂ ਅੱਖਾਂ ਵਿੱਚ ਸਾਫ਼ ਝਲਕਦਾ ਸੀ। ਬੇਗਮ ਜੀ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਤੋਂ ਪੀ .ਐਚ .ਡੀ ਕਰਨ ਵਾਲੀ ਪਹਿਲੀ ਮੁਸਲਿਮ ਔਰਤ ਸੀ।ਜਦੋਂ ਵੀ ਉਹ ਕਦੇ ਮੈਨੂੰ ਮਿਲਦੇ ਸੀ ਇੱਕ ਵੱਡੀ ਭੈਣ ਦੀ ਤਰ੍ਹਾਂ ਪਿਆਰ ਦਿੰਦੇ ਸਨ।ਬੜੇ ਹੱਸਮੁੱਖ ਚਿਹਰੇ ਨਾਲ ਮਿਲਦੇ ਸਨ। ਹੱਸਮੁੱਖ ਚਿਹਰੇ ਨੂੰ ਦੇਖ ਕੇ ਕੋਈ ਕਿਵੇਂ ਅੰਦਾਜਾ ਲਗਾ ਸਕਦਾ ਸੀ ਕਿ ਉਨ੍ਹਾਂ ਦੇ ਦਿਲ ਅੰਦਰ ਦਰਦ ਦਾ ਸਮੁੰਦਰ ਸਮੋਇਆ ਹੋਇਆ ਸੀ। ਕਈ ਵਾਰ ਸੁਲਤਾਨਾ ਬੇਗਮ ਜੀ ਨਾਲ ਗੱਲ ਹੋਈ ਪ੍ਰੋਗਰਾਮਾਂ ਵਿੱਚ ਮਿਲਦੇ ਰਹਿੰਦੇ ਸੀ। 8 ਮਾਰਚ
2020 ਨੂੰ ਮੇਰੀ ਉਹਨਾਂ ਨਾਲ ਆਖਰੀ ਮੁਲਾਕਾਤ ਪਟਿਆਲ਼ੇ ਵਿਖੇ ਮਹਿਲਾ ਕਾਵਿ ਮੰਚ ਪੰਜਾਬ ਇਕਾਈ ਦੇ ਸਲਾਨਾ ਸਮਾਗਮ ਵਿੱਚ ਹੋਈ ਸੀ। ਉਸ ਦਿਨ ਹੀ ਮਹਿਲਾ ਕਾਵਿ ਮੰਚ ਪੰਜਾਬ ਇਕਾਈ ਵੱਲੋਂ ਉਹਨਾਂ ਨੂੰ ਵਿਸ਼ੇਸ਼ ਸਨਮਾਨ ਵੀ ਦਿੱਤਾ ਗਿਆ ਸੀ। ਉਹ ਹਮੇਸ਼ਾ ਹੀ ਨੇਕ ਸਲਾਹ ਦਿੰਦੇ ਸਨ। ਗ਼ਮ ਕਦੇ ਵੀ ਚਿਹਰੇ ‘ਤੇ ਨਹੀਂ ਸਨ ਲੈਕੇ ਆਉਂਦੇ। ਕਈ ਵਾਰ ਮੁਲਾਕਾਤ ਵਿੱਚ ਉਹਨਾਂ ਦੱਸਿਆ ਸੀ ਕਿ ਸੰਨ ਸੰਤਾਲੀ ਵਿੱਚ ਉਸਦਾ ਦਾਦਕਾ ਪਰਿਵਾਰ ਬਹਾਦਰਗੜ੍ਹ ਵਿੱਚ ਰਹਿ ਗਿਆ ਸੀ ਤੇ ਨਾਨਕਾ ਪਰਿਵਾਰ ਪਾਕਿਸਤਾਨ ਚਲਾ ਗਿਆ ਸੀ। 1947 ਦੇ ਬਟਵਾਰੇ ਤੋਂ ਸੁਲਤਾਨਾ ਬੇਗਮ ਜੀ ਦੀ ਕਹਾਣੀ ਨੇ ਜਨਮ ਲਿਆ ਹੈ। ਸੰਨ ਸੰਤਾਲੀ ਦੇ ਬਟਵਾਰੇ ਤੋਂ ਪਹਿਲਾ ਬੇਗਮ ਜੀ ਦੀ ਮਾਤਾ ਦਾ ਵਿਆਹ ਅਪ੍ਰੈਲ ਮਹੀਨੇ ਵਿੱਚ ਉਹਨਾਂ ਦੇ ਅੱਬੂ ਨਾਲ ਹੋਇਆ ਸੀ। ਸੁਲਤਾਨਾ ਬੇਗਮ ਦੇ ਅੱਬੂ ਮਾਲਵਾ ਸਿਨੇਮਾ ਵਿੱਚ ਕੰਮ ਕਰਦੇ ਸਨ। ਅਗਸਤ ਵਿੱਚ ਜਦੋਂ ਮੁਲਕ ਨੂੰ ਦੋ ਹਿੱਸਿਆ ਵਿੱਚ ਵੰਡਿਆਂ ਗਿਆ ਸੀ ਤਾਂ ਉਹਨਾਂ ਦਾ ਦਾਦਕਾ ਪਰਿਵਾਰ ਬਹਾਦਗੜ੍ਹ ਸੀ ਤੇ ਅੰਮੀ ਪੇਕੇ ਘਰ ਪਟਿਆਲ਼ੇ ਗਈ ਹੋਈ ਸੀ। ਦਾਦਕਾ ਘਰ ਪਾਕਿਸਤਾਨ ਚਲਾ ਗਿਆ ਸੀ ਪਰ ਅੰਮੀ ਪਾਕਿਸਤਾਨ ਨਾ ਜਾ ਸਕੀ। ਬਾਅਦ ਵਿੱਚ ਚਿਰੰਜੀ ਲਾਲ ਨਾਂ ਦੇ ਹਿੰਦੂ ਵਿਅਕਤੀ ਨੇ ਉਹਨਾਂ ਨੂੰ 1948 ਵਿੱਚ ਉੱਥੇ ਪਹੁੰਚਾ ਦਿੱਤਾ ਸੀ। ਉਸ ਸਮੇਂ ਬੇਗਮ ਜੀ ਦੇ ਦਾਦਕਾ ਪਰਿਵਾਰ ਵਿੱਚ ਦਾਦਾ-ਦਾਦੀ ,ਭੂਆ,ਦੋ ਚਾਚੇ ਸਨ।ਬੇਗਮ ਜੀ ਦਾ ਨਾਨਕਾ ਪਰਿਵਾਰ ਸੀਟਾਂ ਵਾਲਾ ਰਹਿੰਦਾ ਸੀ। ਜਦੋਂ ਬੇਗਮ ਦੀ ਮਾਤਾ ਪਾਕਿਸਤਾਨ ਪਹੁੰਚੀ ਤਾਂ ਉਸਦੇ ਅੱਬੂ ਨੇ ਉਸਨੂੰ ਅਲੱਗ ਕਿਰਾਏ ਦਾ ਕਮਰਾ ਲੈਕੇ ਰਹਿਣ ਲਈ ਦੇ ਦਿੱਤਾ ਸੀ। ਕੁੱਝ ਸਮੇਂ ਬਾਅਦ ਬੇਗਮ ਦੇ ਚਾਚਾ ਜੀ ਦੇ ਦੱਸਣ ‘ਤੇ ਉਸਦੀ ਅੰਮੀ ਨੂੰ ਪਤਾ ਲੱਗਿਆ ਕਿ ਉਸਦੇ ਅੱਬੂ ਦਾ ਇੱਕ ਹੋਰ ਪਰਿਵਾਰ ਵੀ ਹੈ। ਉਹ ਅੰਬਾਲੇ ਫਿਲਮਾਂ ਦੇ ਕੰਮ ਲਈ ਆਉਂਦੇ ਜਾਂਦੇ ਰਹਿੰਦੇ ਸਨ। ਕੁੱਝ ਦਿਨ ਏਥੇ ਰਹਿੰਦੇ ਸਨ ਕੁੱਝ ਦਿਨ ਦੂਜੇ ਪਰਿਵਾਰ ਨਾਲ ਰਹਿੰਦੇ ਸਨ। ਬੇਗਮ ਜੀ ਦੇ ਅੰਮੀ ਇਹ ਖ਼ਬਰ ਸੁਣ ਕੇ ਵਾਪਿਸ ਪਟਿਆਲ਼ੇ ਆ ਗਏ ਸਨ। ਉਹ ਗਰਭਵਤੀ ਸਨ।ਜਦੋਂ ਪਟਿਆਲ਼ੇ ਉਹ ਆਪਣੇ ਭਰਾ ਕੋਲ ਆਏ ਤਾਂ ਉਹਨਾਂ ਨੇ ਰੱਖਣ ਤੋ ਮਨਾ ਕਰ ਦਿੱਤਾ ਸੀ। ਸਾਇਦ ਉਹਨਾਂ ਦੀ ਕੋਈ ਮਜ਼ਬੂਰੀ ਹੋਵੇਗੀ। ਬੇਗਮ ਜੀ ਦੇ ਅੰਮੀ ਫਿਰ ਚਿਰੰਜੀ ਲਾਲ ਜੀ ਕੋਲ ਮਦਦ ਲਈ ਗਏ। ਉਹਨਾਂ ਨੇ ਉਸਨੂੰ ਆਪਣੀ ਧੀ ਬਣਾ ਲਿਆ ਸੀ। ਉਹਨਾਂ ਦੀ ਮਾਂ ਨੇ ਬੇਗਮ ਦੇ ਜਨਮ ਤੋਂ ਬਾਅਦ ਪੜ੍ਹਾਈ ਕਰਕੇ ਫਿਰ ਨਰਸਿੰਗ ਦੀ ਟ੍ਰੇਨਿੰਗ ਲੈ ਕੇ ਨੌਕਰੀ ਕੀਤੀ। ਜਦੋਂ ਬੇਗਮ ਦਾ ਜਨਮ ਹੋਇਆਂ ਤਾਂ ਚਿਰੰਜੀ ਲਾਲ ਨੇ ਉਸਨੂੰ ਕਾਨੂੰਨੀ ਤੌਰ ‘ਤੇ ਆਪਣੀ ਧੀ ਬਣਾ ਲਿਆ। ਕਾਗ਼ਜ਼ੀ ਕਾਨੂੰਨੀ ਨਿਯਮਾਂ ਵਿੱਚ ਬੇਗਮ ਜੀ ਦੀ ਮਾਤਾ ਦਾ ਨਾਂ ਕਮਲਾ ਦੇਵੀ ਤੇ ਪਿਤਾ ਜੀ ਦਾ ਨਾਂ ਪੰਡਿਤ ਚਿਰੰਜੀ ਲਾਲ ਹੈ। ਬੇਗਮ ਜੀ ਦੇ ਨਾਲ ਇੱਕ ਹੋਰ ਕਹਾਣੀ ਜੁੜੀ ਹੋਈ ਹੈ ਬੇਗਮ ਜੀ ਜੱਟ ਜਿਊਂਣਾ ਮੌੜ ਦੀ ਪੜਦੋਹਤੀ ਹੈ। ਬੇਗਮ ਜੀ ਨੇ ਇੱਕ ਵਾਰ ਦੱਸਿਆ ਸੀ ਕਿ ਉਹਨਾਂ ਦੇ ਨਾਨਕੇ ਪਰਿਵਾਰ ਨੂੰ ਡਾਕੂਆਂ ਦਾ ਪਰਿਵਾਰ ਕਿਹਾ ਜਾਦਾ ਸੀ। ਜਿਊਂਣਾ ਮੌੜ ਬੇਗਮ ਜੀ ਦਾ ਪੜਨਾਨਾ ਸੀ ।1969 ਵਿੱਚ ਬੇਗਮ ਜੀ ਦਾ ਰੋਕਾ ਇੱਕ ਮੁਸਲਿਮ ਪਰਿਵਾਰ ਮਲੇਰਕੋਟਕਲਾ ਵਿਖੇ ਹੋਇਆਂ ਸੀ ।ਪਰ ਬੇਗਮ ਜੀ ਸੁਤੰਤਰ ਖਿਆਲਾਂ ਦੇ ਸਨ। 1975 ਵਿੱਚ ਬੇਗਮ ਜੀ ਇੰਡੀਅਨ ਪੰਜਾਬ ਯੂਨੀਵਰਸਿਟੀ ਥੀਏਟਰ ਵਿੱਚ ਸਨ। ਉਸ ਸਮੇਂ ਅਵਤਾਰ ਸਿੰਘ ਈਵਨਿੰਗ ਕਾਲਜ ਵਿੱਚ ਭੰਗੜੇ ਵਿੱਚ ਸਨ। ਬੇਗਮ ਜੀ ਵੀ ਗਿੱਧੇ ਦੇ ਕੈਪਟਨ ਵੀ ਸੀ । ਡਾ. ਜਗਤਾਰ ਸਿੰਘ ਜੀ ਦੇ ਸਹਿਯੋਗ ਨਾਲ ਬੇਗਮ ਜੀ ਦਾ ਵਿਆਹ ਰਾਜਪੂਤ ਪਰਿਵਾਰ ਵਿੱਚ ਅਵਤਾਰ ਸਿੰਘ ਨਾਲ ਹੋਇਆ।ਬੇਗਮ ਜੀ ਮੁਸਲਮਾਨ ਪਰਿਵਾਰ ਦੀ ਧੀ,ਹਿੰਦੂ ਪਰਿਵਾਰ ਵਿੱਚ ਪੜ੍ਹੀ ਤੇ ਸਿੱਖ ਪਰਿਵਾਰ ਵਿੱਚ ਵਿਆਹੀ ਗਈ । ਸਹੁਰੇ ਪਰਿਵਾਰ ਵਿੱਚ ਉਹਨਾਂ ਦਾ ਨਾਂ ਵੀ ਨਹੀਂ ਬਦਲਿਆ ਗਿਆ।ਅਵਤਾਰ ਸਿੰਘ ਜੀ ਨੇ ਬੇਗਮ ਜੀ ਨਾਲ ਰਿਸ਼ਤਾ ਨਿਭਾਉਣ ਖਾਤਿਰ ਆਪਣਾ ਘਰ ਤੱਕ ਛੱਡ ਦਿੱਤਾ ਸੀ ।ਇਹ ਦੋਨੋ ਹੀ ਬੜੇ ਮਜਾਕੀਆ ਸੁਭਾਅ ਦੇ ਸਨ। ਬੇਗਮ ਜੀ ਉਹਨਾਂ ਨੂੰ ਤਾਰੀ ਤੇ ਅਵਤਾਰ ਜੀ ਉਹਨਾਂ ਨੂੰ ਕਾਲੋ ਕਹਿ ਕੇ ਬੁਲਾਉਂਦੇ ਸਨ। ਬੇਗਮ ਜੀ ਦੇ ਤਿੰਨ ਬੱਚੇ-ਦੋ ਬੇਟੀਆਂ ਤੇ ਇੱਕ ਬੇਟਾ ਹੈ । ਵੱਡੀ ਬੇਟੀ ਦਾ ਵਿਆਹ ਕ੍ਰਿਸ਼ਚਨ ਪਰਿਵਾਰ ਵਿੱਚ ਤੇ ਛੋਟੀ ਬੇਟੀ ਦਾ ਵਿਆਹ ਹਿੰਦੂ ਪਰਿਵਾਰ ਵਿੱਚ ਹੋਇਆ ।ਇਹ ਪਰਿਵਾਰ ਦੀ ਇੱਕ ਮਿਸਾਲ ਹੈ । ਜੋ ਜਾਤ-ਪਾਤ ਨੂੰ ਖਤਮ ਕਰਦੀ ਹੈ। ਬੇਗਮ ਜੀ ਦਾ ਪੋਤਰਾ ਵੀ ਉਹਨਾਂ ਨੂੰ ਬੇਗਮ ਦਾਦੀ ਕਹਿ ਕੇ ਬੁਲਾਉਂਦਾ ਹੈ।
“ਬੇਗਮ ਜੀ ਇੱਕ ਵਾਰ ਆਪਣੇ ਪਰਿਵਾਰ ਨੂੰ ਮਿਲਣ ਲਈ ਲਾਹੌਰ ਪਾਕਿਸਤਾਨ ਵੀ ਗਈ ।ਇੱਕ ਵਾਰ 1993 ਈ. ਵਿੱਚ ਇੱਕ ਜਥਾ ਜਾ ਰਿਹਾ ਸੀ ਬੇਗਮ ਜੀ ਨੇ ਟੌਹੜਾ ਸਾਹਿਬ ਜੀ ਨੂੰ ਚਿੱਠੀ ਲਿਖੀ ਕਿ ਉਹ ਪਾਕਿਸਤਾਨ ਜਾਣਾ ਚਾਹੁੰਦੀ ਹੈ ਤਾਂ ਟੌਹੜਾ ਸਾਹਿਬ ਜੀ ਨੇ ਕਿਹਾ ਤੂੰ ਕਿਵੇਂ ਜਾ ਸਕਦੀ ਏ ਮੁਸਲਿਮ ਹੈ ਤਾਂ ਬੇਗਮ ਜੀ ਨੇ ਜਵਾਬ ਦਿੱਤਾ ਹਾਂ ਮੈਂ ਨਹੀਂ ਜਾ ਸਕਦੀ ਮੈ ਮੁਸਲਿਮ ਹਾਂ ,ਸੰਤ ਮੀਆਂ ਮੀਰ ਦਾ ਜ਼ਿਕਰ ਨਾ ਕਰੋ ,ਪੀਰ ਬੱਧੂ ਸ਼ਾਹ ਦਾ ਜ਼ਿਕਰ ਨਾ ਕਰੋ ,ਬਾਬਾ ਫਰੀਦ ਜੀ ਦੇ ਸਲੋਕਾਂ ਦਾ ਜ਼ਿਕਰ ਨਾ ਕਰੋ।”
ਇਹ ਸੁਣ ਕੇ ਟੌਹੜਾ ਸਾਹਿਬ ਜੀ ਨੇ ਹੁਕਮ ਦੇ ਦਿੱਤਾ। ਕੁੱਝ ਸਮੇਂ ਬਾਅਦ ਬੇਗਮ ਜੀ ਦਾ ਵੀਜ਼ਾ ਲੱਗ ਗਿਆ ਸੀ।ਉਹ ਲਾਹੌਰ ਪਹੁੰਚ ਗਏ ਸਨ।ਉਹਨਾਂ ਨੂੰ ਕੋਈ ਨਾ ਮਿਲਿਆਂ। ਉਹ ਪਟਿਆਲ਼ੇ ਵਾਪਿਸ ਆ ਗਏ ਸਨ।ਕੁੱਝ ਸਮਾਂ ਪਹਿਲਾ ਅਪਰੈਲ ਵਿੱਚ ਭਾਸ਼ਾ ਵਿਭਾਗ ਦੇ ਆਡੀਟੋਰੀਅਮ ਵਿਖੇ ਗਿਆਨਦੀਪ ਸਾਹਿਤ ਸਾਧਨਾ ਮੰਚ ਵੱਲੋਂ ਸਾਹਿਤਕ ਸਮਾਗਮ ਕਰਵਾਇਆ ਗਿਆ ਸੀ ਜਿਸ ਵਿੱਚ ਸ਼ਾਇਰਾ ਡਾ. ਸੁਲਤਾਨਾ ਬੇਗਮ ਦੀ ਪੁਸਤਕ ‘ਸ਼ਗੂਫ਼ੇ’ ਦਾ ਲੋਕ ਅਰਪਣ ਕੀਤਾ ਗਿਆ ਸੀ। ਸੁਲਤਾਨਾ ਬੇਗਮ ਜੀ ਨੇ ਇਸ ਤੋਂ ਇਲਾਵਾ ਰੁਸਵਾਈਆਂ ,ਗੁਲਜਾਂਰਾਂ ਪੁਸਤਕਾਂ ਵੀ ਲਿਖੀਆਂ ।ਬੇਗਮ ਜੀ ਕਾਲਜ ਦੇ ਸਮੇਂ ਤੋ ਹੀ ਲਿਖਦੀ ਸੀ। ਫ਼ੈਸਟੀਵਲਾਂ ਵਿੱਚ ਕਵਿਤਾਵਾਂ, ਡੀਬੇਟ ਵਿੱਚ ਹਿੱਸਾ ਲੈਂਦੀ ਸੀ । ਉਸ ਸਮੇਂ ਪੰਜਾਬ ਦੀ ਉਰਦੂ ਦੀ ਬੈਸਟ ਸਪੀਕਰ ਸੀ ।ਉਸ ਸਮੇਂ ਪੰਜਾਬੀ ਡਿਪਾਰਟਮੈਂਟ ਨੇ ਸਕਾਲਰਸ਼ਿਪ ਵੀ ਦਿੱਤੀ ਸੀ ।ਸੁਲਤਾਨਾ ਬੇਗਮ ਜੀ ਦੇ ਸਾਹਿਤਕ ਸਫ਼ਰ ਵਿੱਚੋਂ ਉਨ੍ਹਾਂ ਦੀਆਂ ਪੁਸਤਕਾਂ ਵਿੱਚੋਂ ਕੁੱਝ ਟੱਪੇ ‘ਤੇ ਸ਼ਾਇਰ ਇਸ ਤਰ੍ਹਾਂ ਹਨ-
ਥੋੜ੍ਹੇ ਰਹਿ ਗਏ ਨੇ ਸ਼ਾਹ ਮਾਹੀਆ
ਲਾਰਿਆਂ ‘ਚ ਲੰਘੀ ਜ਼ਿੰਦਗੀ
ਨਹੀਂ ਜੀਣ ਦੀ ਚਾਹ ਮਾਹੀਆ
ਮੋੜੇ ਪਿੱਛੇ ਨੂੰ ਪਾ ਮਾਹੀਆ
ਰੋਗ ਇਸ਼ਕੇ ਦੇ ਅਵੱਲੇ ਨੇ
ਤੁਰ ਜਾਂਦੇ ਯਾਰ ਛੱਡ ਕੇ
ਹੱਥੀ ਰਹਿ ਜਾਂਦੇ ਛੱਲੇ ਨੇ
ਕਾਲੇ ਰੰਗ ਦਾ ਗੁਲਾਬ ਕੋਈ ਨਾ
ਜ਼ਿੰਦਗੀ ਸੀ ਚਾਰ ਦਿਨ ਦੀ
ਅਸਾਂ ਰੱਖਿਆ ਹਿਸਾਬ ਕੋਈ ਨਾ।
ਅੱਜ ਸ਼ਗੂਫ਼ਿਆਂ ਦੀ ਰਾਣੀ ਸੁਲਤਾਨਾ ਬੇਗਮ ,ਪੰਜਾਬੀ ਸੁਲਤਾਨਾ ਬੇਗਮ ਜੀ 28 ਮਈ 2022 ਈ: ਨੂੰ ਸਭ ਨੂੰ ਛੱਡ ਕੇ ਚਲੇ ਗਏ ਹਨ।ਯੂਨੀਵਰਸਿਟੀ ਪਟਿਆਲ਼ਾ ਤੋਂ ਪੀ .ਐਚ .ਡੀ ਕਰਨ ਵਾਲੀ ਪਹਿਲੀ ਮੁਸਲਿਮ ਔਰਤ ,ਪੰਜਾਬੀ ਲੋਕ-ਧਾਰਾ ਪਰਿਵਾਰ ਦੀ ਮਾਂ ਦੇ ਤੁਰ ਜਾਣ ਦਾ ਬਹੁਤ ਅਫ਼ਸੋਸ ਹੈ । ਸਾਹਿਤ ਤੇ ਸਾਂਝੇ ਪੰਜਾਬ ਦੀਆਂ ਸਾਂਝਾਂ ਨਾਲ਼ ਮੋਹ ਰੱਖਣ ਵਾਲ਼ੀ ਅੱਜ ਹਰ ਇੱਕ ਅੱਖ ਨਮ ਹੈ।
ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ

ਫੋਟੋ  ਪੰਜਾਬੀ ਲੋਕ- ਧਾਰਾ ਪਰਿਵਾਰ ਦੀ ਮਾਂ ਸ਼ਗੂਫਿਆਂ ਦੀ ਰਾਣੀ ਸੁਲਤਾਨਾ ਬੇਗਮ ਦੇ ਨਾਲ ਪ੍ਰੋ ਗਗਨਦੀਪ ਕੌਰ ਝਲੂਰ