ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪੰਜ ਆਗੂ ਗ੍ਰਿਫਤਾਰੀ ਦੇਣ ਲਈ ਦਿੱਲੀ ਲਈ ਰਵਾਨਾ  

 ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਅਰਦਾਸ ਕਰ ਕੇ ਜਥੇ ਨੂੰ ਕੀਤਾ ਰਵਾਨਾ  

ਅੰਮਿ੍ਤਸਰ ਫਰਵਰੀ 2021- (ਗੁਰਦੇਵ ਗਾਲਿਬ/ਮਨਜਿੰਦਰ ਗਿੱਲ)-

 ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਮੰਗਲਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਾਰਟੀ ਦੇ ਪੰਜ ਅਹੁਦੇਦਾਰਾਂ ਨੂੰ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਬਾਹਰੋਂ ਗਿ੍ਫ਼ਤਾਰੀ ਦੇਣ ਲਈ ਭੇਜਿਆ ਹੈ। ਅਕਾਲ ਤਖ਼ਤ ਦੇ ਸਾਹਮਣੇ ਖੜੇ੍ ਹੋ ਕੇ ਮਾਨ ਨੇ ਖ਼ੁਦ ਅਰਦਾਸ ਕੀਤੀ ਤੇ ਪਾਰਟੀ ਦੇ ਕਿਸਾਨ ਯੂਨੀਅਨ ਦੇ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਵਿਚ ਅਤਿ੍ੰਗ ਕਮੇਟੀ ਮੈਂਬਰ ਲਖਬੀਰ ਸਿੰਘ, ਬਲਬੀਰ ਸਿੰਘ ਬਛੁਆਣਾ ਮਾਨਸਾ, ਕਿਸਾਨ ਆਗੂ ਤਰਣਦੀਪ ਸਿੰਘ ਤੇ ਗੁਰਪ੍ਰਰੀਤ ਸਿੰਘ ਦਾ ਪਹਿਲਾ ਜੱਥਾ ਰਵਾਨਾ ਕੀਤਾ।

ਗੱਲਬਾਤ ਦੌਰਾਨ ਮਾਨ ਨੇ ਕਿਹਾ ਕਿ ਲਾਲ ਕਿਲ੍ਹੇ 'ਤੇ ਲੱਗਾ ਤਿਰੰਗਾ ਝੰਡਾ ਹਟਾਇਆ ਨਹੀਂ ਗਿਆ ਬਲਕਿ ਉਸ ਦੇ ਬਰਾਬਰ ਖ਼ਾਲਸਾਈ ਨਿਸ਼ਾਨ ਲਹਿਰਾਇਆ ਗਿਆ ਸੀ। ਕੇਂਦਰ ਸਰਕਾਰ ਦੀ ਸ਼ਹਿ 'ਤੇ ਪੁਲਿਸ ਪਰਚੇ ਦਰਜ ਕਰ ਰਹੀ ਹੈ, ਜਿਸ ਦਾ ਪਾਰਟੀ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਲਾਲ ਕਿਲ੍ਹੇ ਦੇ ਮਾਮਲੇ ਨੂੰ ਅਧਾਰ ਬਣਾ ਕੇ ਹਿਰਾਸਤ ਵਿਚ ਲਏ ਨੌਜਵਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਪਾਰਟੀ ਦੇ 5 ਅਹੁਦੇਦਾਰ ਜਾਂ ਵਰਕਰ ਹਰ ਹਫ਼ਤੇ ਦਿੱਲੀ ਸੰਸਦ ਭਵਨ ਨੇੜੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਬਾਹਰ ਗਿ੍ਫ਼ਤਾਰੀ ਦੇਣਗੇ।

ਉਨ੍ਹਾਂ ਅਗਲੇ ਜਥੇ ਕਿਸ ਤਰ੍ਹਾਂ ਜਾਣਗੇ ਉਨ੍ਹਾਂ ਬਾਰੇ ਵੀ ਦੱਸਿਆ ਕਿ ਪਹਿਲਾ ਜੱਥਾ ਅਕਾਲ ਤਖ਼ਤ ਸਾਹਿਬ ਤੋਂ, ਦੂਜਾ ਜੱਥਾ ਤਖ਼ਤ ਦਮਦਮਾ ਸਾਹਿਬ ਤੋਂ ਜਿਸ ਵਿਚ ਸਿਰਫ਼ ਬੀਬੀਆਂ ਸ਼ਾਮਲ ਹੋਣਗੀਆਂ ਤੇ ਤੀਜਾ ਜੱਥਾ ਤਖ਼ਤ ਕੇਸਗੜ੍ਹ ਸਾਹਿਬ ਤੋਂ ਜਾਵੇਗਾ। ਇਸ ਤੋਂ ਬਾਅਦ ਹਰ ਹਫ਼ਤੇ ਜੱਥਾ ਗੁਰਦੁਆਰਾ ਫ਼ਤਹਿਗੜ੍ਹ ਸਰਹਿੰਦ ਤੋਂ ਦਿੱਲੀ ਲਈ ਰਵਾਨਾ ਹੋਵੇਗਾ। ਉਨ੍ਹਾਂ ਸੁਝਾਅ ਦਿੰਦੇ ਕਿਹਾ ਕਿ ਖੇਤੀ ਕਾਨੂੰਨ ਬਾਰੇ ਕਿਸਾਨ ਸਿਰਫ਼ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ। ਇਸ ਮੌਕੇ ਪਾਰਟੀ ਦੇ ਹੋਰ ਵੀ ਸੀਨੀਅਰ ਲੀਡਰ ਸਾਹਿਬਾਨ ਮੌਜੂਦ ਸਨ  ।