ਆਓ ਸਾਂਭੀਏ ਰੁੱਖ ਤੇ ਪਰਿੰਦੇ ✍️ ਹਰਨਰਾਇਣ ਸਿੰਘ ਮੱਲੇਆਣਾ

ਹਰੜ ਦੇ ਦਰੱਖਤ ਹੇਠੋਂ ਸੁੱਕੇ ਪੱਤਿਆਂ ਨੂੰ ਸੰਭਰਦਿਆਂ ਇੱਕ ਨਿੱਕਾ ਜਿਹਾ ਚਿੱਟੇ ਰੰਗ ਦਾ ਆਂਡਾ ਬਹੁਕਰ ਨਾਲ ਦੂਰ ਜਾਹ ਰੁੜਿਆ ... ।
ਹਾਏ ਰੱਬਾ ! ਕਹਿ ਕੇ ਉਸ ਆੰਡੇ ਨੂੰ ਗੌਹੁ ਨਾਲ ਵੇਖਿਆ ਤੇ ਵਾਹਿਗੁਰੂ ਦਾ ਲੱਖ ਸ਼ੁਕਰ ਕੀਤਾ ਕੇ ਟੁੱਟਣੋਂ ਬਚ ਗਿਆ . .. !!
ਹਰੜ ਦੇ ਸੰਘਣੇ ਪੱਤਿਆਂ ਵਿੱਚ ਉਤਾਂਹ ਨੂੰ ਨਿਗਾਹ ਮਾਰੀ ਤਾਂ ਇੱਕ ਮੋਟੇ ਜਿਹੇ ਡੱਕਿਆਂ ਦਾ ਖਿੱਲਰਿਆ ਜਿਹਾ ਆਲ੍ਹਣਾ ਵੇਖਿਆ ... ਉਸ ਆਂਡੇ ਨੂੰ ਚੁੱਕ ਕੇ ਉਸ ਆਲਣੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਉਸ ਆਲ੍ਹਣੇ ਵਿੱਚ  ਹੋਰ ਆਂਡਾ ਦਿਸ ਗਿਆ ... ਨਿੱਕੀ ਜਿਹੀ ਕਾਲੀ ਚੁੰਝ ਵਾਲੀ ਚਿੜੀ , ਪਤਾ ਨਹੀਂ ਕਿੱਥੋਂ  ਆ ਟਪਕੀ ਤੇ ਆਵਦੀ ਸੁੰਦਰ ਮਨ ਨੂੰ ਮੋਹਣ ਵਾਲੀ ਆਵਾਜ਼ ਕੱਢਣ ਲੱਗੀ .. ਆਸੇ ਪਾਸੇ ਉੱਡਦੀ ਅਖੀਰ ਇੱਕ ਟਾਹਣੀ ਤੇ ਚੁੱਪ ਕਰ ਬੈਠ ਗਈ ... ਸ਼ਾਇਦ
ਉਸ ਨੇ ਹਮਦਰਦੀ ਨੂੰ ਸਮਝ ਲਿਆ ਜਾਂ ਬੇਵੱਸ ਚੁੱਪ ਹੋ ਗਈ ...ਮੈਂ ਉਹ ਆਂਡਾ ਵਿਰਲੇ ਜਿਹੇ ਡੱਕਿਆਂ ਵਿੱਚ ਮਸਾਂ ਟਿਕਦਾ ਕੀਤਾ .. ।
ਚਿੜੀ ਤੇ ਆਂਡਿਆਂ ਵਿਚਕਾਰ ਜੋ ਮੈਂ ਮਹਿਸੂਸ ਕੀਤਾ... ਉੱਥੇ ਉਸ ਅਕਾਲ ਪੁਰਖ ਦੀ ਰਚਨਾ ਅਤੇ ਅਜੀਬ ਵਰਤਾਰਾ ..,ਕਿਸੇ ਅਦਿੱਖ ਸ਼ਕਤੀ ਦਾ ਸਹਾਰਾ ਪ੍ਰਤੱਖ ਪ੍ਰਤੀਤ ਹੋਇਆ ... ।
ਦਰੱਖਤਾਂ ਦੇ ਪੱਤਿਆਂ ਦੀ ਛੱਤ ਹੇਠ ਮੀਂਹ ,ਝੱਖੜ ,ਠੰਡ , ਗਰਮੀ ਹਨੇਰੀ ਤੇ ਬੇੁਜ਼ਾਬਾਨੇ  ਪੰਛੀ ਕਿੰਝ ਬੱਚੇ  ਕੱਢਦੇ ਹਨ , ਪਾਲਦੇ ਹਨ , ਭੋਜਨ ਦੀ ਤਲਾ਼ਸ਼ ਕਰਦੇ ਹਨ ਤੇ ਜਿੰਦਾ ਰਹਿੰਦੇ ਹਨ....ਖਿਆਲੀ ਸਵਾਲ ਬਹੁਤ ਆਣ ਖੜੋਏ ...??
 ਸਾਡੇ ਕੋਲ ਅਨੇਕਾਂ ਸਹੂਲਤਾਂ ਖਾਣ-ਪੀਣ .. ਪਦਾਰਥ ਸਾਧਨ ਤੇ ਕੁਦਰਤੀ ਆਫਤਾਂ ਦਾ ਮੁਕਾਬਲਾ ਕਰਨ ਲਈ ਹਸਪਤਾਲ ,ਦਵਾਈਆਂ , ਵਹੀਕਲ ਪਤਾ ਨਹੀਂ ਕੀ ਕੁਝ ਹੈ ਪਰ ਅਸੀਂ ਫਿਰ ਵੀ ਉਸ ਅਕਾਲ ਪੁਰਖ ਦੀ ਰਜ਼ਾ  ਤੇ ਨਾਖੁਸ਼ ਭਟਕਣਾ ਵਾਲਾ ਜੀਵਨ ਬਤੀਤ ਕਰ ਰਹੇ ਹੈ... ।
ਮਨੁੱਖ ਦੀ ਪਦਾਰਥਾਂ ਦੀ ਦੌੜ ਨੇ ਸ਼ੈਤਾਨੀ ਆਤਮਾ ਦਾ ਰੂਪ ਧਾਰਨ ਕਰ ਲਿਆ ਹੈ ਤੇ ਦਿਨ ਰਾਤ ਬੇਚੈਨ ਹਿੱਲ੍ਹੇ ਹੋਏ ਦਿਮਾਗ ਵਾਲਿਆਂ ਵਾਂਗ ਭੱਜਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਉਹਨਾਂ ਬੇਜੁਬਾਨਿਆਂ , ਜੀਵ ਪਰਿੰਦਿਆ ਕੋਲ ਸਕੂਨ ਹੀ ਸਕੂਨ ਹੈ  .. ਉਸ ਸਿਰਜਹਾਰ ਦੇ ਭੈਅ ਵਿੱਚ ਹਨ ...ਸ਼ਾਤੀ ਵਿੱਚ ਰਹਿਕੇ ਹੱਦਾਂ ਸਰਹੱਦਾਂ ਤੋਂ ਬੇਪ੍ਰਵਾਹ ਮੌਜ ਆਨੰਦ ਵਿੱਚ ਹਨ ..!
ਸਾਰੀ ਕੁਦਰਤ ਉੱਤੇ ਮਨੁੱਖ ਨੇ ਕਬਜ਼ਾ ਕਰ ਖਿਲਵਾੜ ਕਰਨਾ ਸਿੱਖ ਲਿਆ ਹੈ ...ਹੋਰਜੀਵਾਂ  ਦੇ ਰੈਣ ਬਸੇਰੇ ਨੂੰ ਆਪਣੇ ਮਤਲਬ ਲਈ ਖਤਮ ਕਰਦਾ ਜਾ ਰਿਹਾ ਹੈ ..,ਜਦੋਂ ਕੇ ਉਸ ਸਿਰਜਣਹਾਰ ਨੇ ਇਹਨਾਂ ਨੂੰ ਵੀ ਬਰਾਬਰ ਦੇ ਹੱਕਦਾਰ ਬਣਾਇਆ ਹੈ ...।
ਹੋ ਸਕਦਾ ਹੈ , ਸਾਡੀ ਆਤਮਾ ਨੇ ਵੀ ਕਦੇ ਇਹਨਾਂ ਆਲ੍ਹਣਿਆਂ ਵਿੱਚ ਜੀਵਨ ਬਸਰ ਕੀਤਾ ਹੋਵੇ ਜਾਂ ਅਗਾੰਹ ਦੀ ਤਿਆਰੀ ਹੋਵੇ ਰੱਬ ਜਾਣਦਾ ਹੈ , ਪਰ .. ਅਸੀਂ ਮਖਮਲੀ ਪੁਸ਼ਾਕਾਂ ਵਾਲੇ , ਚਤੁਰ ਸਿਆਣੇ ਉਸ ਕਾਦਰ ਦੀ ਕੁਦਰਤ ਮੂਹਰੇ ਬਹੁਤ ਛੋਟੇ ਤੇ ਨਾ-ਸ਼ੁਕਰੇ ਲੱਗੇ ...ਜਿਹੜੇ ਉਸ ਸਿਰਜਣਹਾਰ  ਨੂੰ ਸਮਝ ਨਹੀਂ ਸਕੇ ਅਤੇ ਖੁਦ ਰੱਬ ਬਣ ਬੈਠੇ ਹਾਂ ....!!
 ਸਭ ਦਾ ਪਾਲਣਹਾਰ ਉਹ ਸਰਬ ਅਕਾਲ ਪੁਰਖ ਹੈ .. ਪਰ ਅਸੀਂ ਬੇਵਜ੍ਹਾ ਹੀ ਭਟਕਣਾ ਵਿੱਚ ਫਸੇ ਹੋਏ ਹਾਂ ...।
ਮਨ ਇਹੀ ਕਾਮਨਾ ਕਰਦਾ ਹੈ , ਐ  ਰੱਬਾ !
ਕਿਤ੍ਹੇ ਮਨੁੱਖ ਨੂੰ ਵੀ ਇਹਨਾਂ ਬੇਜ਼ੁਬਾਨ ਧਰਤੀ ਦੇ ਹੱਕਦਾਰ ਜਾਨਵਰਾਂ  ਪੰਛੀਆਂ ਜਿੰਨਾਂ ਸਬਰ ਸਿਦਕ ਦੇ.. ਅਸੀਂ ਵੀ ਇਹਨਾਂ ਵਾਂਗ ਸ਼ਾਤ ਚਿੱਤ ਰਹਿ  ਕੇ ਜੀਵਨ ਬਸਰ ਕਰਕੇ ਤੁਰਦੇ ਬਣੀਏ ...ਉਹਨਾਂ ਦੇ ਰਹਿਣ ਲਈ ਵੀ ਬਣਦਾ ਹੱਕ ਛੱਡੀਏ

-- ਹਰਨਰਾਇਣ ਸਿੰਘ ਮੱਲੇਆਣਾ