ਬੇਗਾਨੇ ਬੋਹੜ ਦੀ ਛਾਂ (ਕਹਾਣੀ) ✍️ ਰਣਬੀਰ ਸਿੰਘ ਪ੍ਰਿੰਸ

              ਲੈ ਵੀ ਲਾਣੇਦਾਰਾ ਆਹ ਦੋ ਕੁ ਮਹੀਨੇ ਔਖਾ-ਸੌਖਾ ਸੌਦਾ ਆਹ ਦਰਵਾਜ਼ੇ ਗਲ਼ੀ ਮੱਖਣ ਸੇਠ ਦੀ ਹੱਟੀਓਂ ਲੈ ਆਵੀਂ , ਉਹ ਮੁੰਡੇ ਦਾਤਾਰ ਤੋਂ ਆ ਨਹੀਂ ਹੋਣਾ। ਹਾਂ ਪੈਸੇ ਦੀ ਫ਼ਿਕਰ ਨਾ ਕਰੋ ਉਹ ਉਸ ਨੇ ਸੇਠ ਨੂੰ ਪਹੁੰਚਾ ਦਿੱਤਾ ਤੇ ਆਹ ਹਜ਼ਾਰ ਪੰਦਰਾਂ ਸੌ ਦਵਾਈਆਂ ਬੂਟੀਆਂ ਲਈ ਰੱਖ ਲਓ। ਦਾਤਾਰ ਦੇ ਕਹੇ ਅਨੁਸਾਰ ਐਕਸੀਡੈਂਟ ਵਿੱਚ ਲੱਗੀ ਸੱਟ ਦਾ ਜ਼ਿਕਰ ਕੀਤੇ ਬਗ਼ੈਰ ਇੱਕੋ ਸਾਹੇ ਬੋਲ ਕੇ ਪ੍ਰਿੰਸ ਸਮਾਨ ਰੱਖ ਤੁਰਦਾ ਬਣਿਆ। ਇਸ ਤੋਂ ਪਹਿਲਾਂ ਬਾਬਾ ਜਿਉਣਾ ਕੁਝ ਪੁੱਛ ਪਾਉਂਦਾ ਉਹ ਅੱਖੋਂ ਓਹਲੇ ਹੋ ਗਿਆ। ਬਾਬਾ ਜਿਉਣਾ ਸਮਾਨ ਸੰਭਾਲ ਦਾ ਆਪਣੀ ਪਤਨੀ ਬੇਬੇ ਮੁੱਕੋ ਨੂੰ ਕਹਿੰਦਾ ਇਹ ਅੱਜ ਕੱਲ੍ਹ ਦੇ ਜਵਾਕਾਂ ਦਾ ਵੀ ਸਰਿਆ ਪਿਆ।ਨਾ ਦੁਆ ਨਾ ਸਲਾਮ ਬਸ ਕਾਹਲ਼ੇ ਰਹਿੰਦੇ ਐ ਭੱਜਣ ਨੂੰ ਜਿਵੇਂ ਬਜ਼ੁਰਗ ਨਾ ਅਸੀਂ ਕੋਈ ਜਿੰਨ -ਭੂਤ ਹੁੰਦਿਆਂ ਵੀ ਕੋਲ਼ ਖਲੋਤਿਆਂ ਮੂੰਹ ਵਿੱਚ ਪਾ ਲਵਾਂਗੇ।

                   ਅੱਗਿਓਂ ਮੁੱਕੋ ਨੇ ਜਵਾਬ ਦਿੰਦਿਆਂ ਕਿਹਾ ਕਿ ਕਿਉਂ ਬੇਗ਼ਾਨੇ ਜਵਾਕਾਂ ਤੇ ਤਪਿਆ ਰਹਿਣਾ। ਜਦੋਂ ਤੇਰੇ ਆਪਣਿਆਂ ਨੇ ਕਦੇ ਬਾਤ ਨਹੀਂ ਪੁੱਛੀ ਫੇਰ ਇਹ ਬੇਗਾਨਿਆਂ ਤੇ ਕਾਹਦਾ ਰੋਸ ਸਰਬਣ ਦੇ ਬਾਪੂ, ਹਾਂ ਇਹ ਵੀ ਗੱਲ ਸਿਆਣੀ ਤੇਰੀ ਸੁੱਖਾਂ ਦੀ ਮਾਂ। ਨਾਲ਼ੇ ਸਿਆਣੇ ਆਂਹਦੇ ਨੇ ਪੈਸਾ ਖੋਟਾ ਆਪਣਾ ਬਾਣੀਏ ਨੂੰ ਕੀ ਦੋਸ਼। ਕਿਸਮਤ ਤਾਂ ਸਾਡੀ ਮਾੜੀ ਐ ।

 

ਧੀਆਂ ਪੁੱਤ ਪੜ੍ਹਾ ਲਿਖਾ ਕੇ,ਬਾਹਰ ਕਰਵਾ ਤੇ ਪੱਕੇ ,

ਆਪਣੀ ਜ਼ਿੰਦ ਨਿਮਾਣੀ ਤਰਸੇ, ਖਾਂਦੇ ਫਿਰਦੇ  ਧੱਕੇ। 

                 ਹਏ!ਹਏ!ਹਾਅ ਕੀ ਆਂਹਦਾ ਭਲਿਆ ਮਾਣਸਾ ਜਿਉਂਦਾ ਰਹੇ ਸਾਡਾ ਦਾਤਾਰ ਸਿਉਂ ਪੁੱਤ ਜੋ ਸਾਡੇ ਦੁੱਖ ਸੁੱਖ ਦਾ ਸਾਥੀ ਬਣ ਕੇ ਬਹੁੜਿਆ। ਨਾਲ਼ੇ ਜ਼ਰੂਰੀ ਨਹੀਂ ਕਿ ਸਰਦਾਰਾ ਆਪਣੇ ਲਾਏ ਬੂਟੇ ਹੀ ਫ਼ਲ ਤੇ ਛਾਂ ਦੇਣ ? ਕਦੇ ਕਦੇ ਬੇਗਾਨੇ ਬੋਹੜ ਵੀ ਤਪਦੀਆਂ ਧੁੱਪਾਂ 'ਚ ਰਾਹੀਆਂ ਦੇ ਸਹਾਰਾ ਬਣ ਕੇ ਸੀਨਾ ਠਾਰ ਦਿੰਦੇ ਹਨ। ਸੱਚੇ ਕਿਹਾ ਜਿਉਣ ਜੋਗੀਏ। ਮੈਂ ਤਾਂ ਤੈਨੂੰ ਐਵੇਂ ਸਮਝਦਾ ਸੀ। ਤੂੰ ਤਾਂ ਗੱਲ ਹੀ ਬੜੇ ਪਤੇ ਦੀ ਕਹਿ ਦਿੱਤੀ।ਲੈ ਕਰ ਫੇਰ ਸਾਡੇ ਸੁੱਖ ਦੁੱਖ ਦੇ ਸਾਥੀ ਦਾਤਾਰ ਪੁੱਤ ਨੂੰ ਫ਼ੋਨ। ਇੱਕ ਮਿੱਠੇ ਜਿਹੇ ਅਹਿਸਾਸ ਨਾਲ਼ ਚਿਹਰੇ ਤੇ ਖੁਸ਼ੀ ਦੇ ਉੱਕਰੇ ਭਾਵ ਤੇ ਟ.....ਰ...….ਨ...ਟਰ.......ਨ  ਦੀ ਅਵਾਜ਼ ਸੁਣਾਈ ਦਿੰਦੀ ਹੈ।

 ਰਣਬੀਰ ਸਿੰਘ ਪ੍ਰਿੰਸ

ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ ਸੰਗਰੂਰ 9872299613