ਬਠਿੰਡਾ,ਮਾਰਚ 2020- (ਮਨਜਿੰਦਰ ਗਿੱਲ) ਇਸ ਮੌਕੇ ਪੂਰਾ ਵਿਸ਼ਵ ਸਮੇਤ ਭਾਰਤ ਦੇਸ਼ ਕੋਰੋਨਾ ਵਾਇਰਸ ਦੇ ਖਿਲਾਫ਼ ਜੰਗ ਲੜ ਰਿਹਾ ਹੈ। ਪੰਜਾਬ ਸਰਕਾਰ ਨੇ ਵੀ ਆਪਣੇ ਸੂਬੇ ਦੇ ਲੋਕਾਂ ਨੂੰ ਕੋਰੋਨਾ ਦੇ ਕਹਿਰ ਤੋਂ ਬਚਾਉਣ ਲਈ ਕਰਫਿਊ ਲਗਾ ਦਿੱਤਾ ਹੈ। ਇਸ ਨਾਮੁਰਾਦ ਬਿਮਾਰੀ ਕੋਰੋਨਾ ਵਾਇਰਸ ਲਈ ਪੰਜਾਬ ਸਰਕਾਰ ਦੇ ਉਪਰਾਲਿਆਂ ਨੂੰ ਦੇਖਦਿਆਂ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਨਥਾਣਾ ਲੜਕੇ ਦੇ ਅਧਿਆਪਕ ਅਤੇ ਜ਼ਿਲ੍ਹਾ ਬਠਿੰਡਾ ਦੇ ਮੀਡੀਆ ਕੋਆਰਡੀਨੇਟਰ ਸੁਖਪਾਲ ਸਿੰਘ ਸਿੱਧੂ ਨੇ ਆਪਣੀ ਮਾਰਚ ਮਹੀਨੇ ਦੀ ਤਨਖ਼ਾਹ ਵਿੱਚੋਂ 5100 ਰੁਪਏ ਮੁੱਖ ਮੰਤਰੀ ਪੰਜਾਬ ਰਾਹਤ ਕੋਸ਼ ਵਿੱਚ ਪਾਉਣ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਉਨ੍ਹਾਂ ਨੇ ਆਪਣੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਦੀਪ ਸਿੰਘ ਤੱਗੜ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਨੀਲ ਕੁਮਾਰ ਨੂੰ ਬਕਾਇਦਾ ਇੱਕ ਪੱਤਰ ਲਿਖ ਕੇ ਆਪਣੀ ਸਹਿਮਤੀ ਭੇਜ ਦਿੱਤੀ ਹੈ ਕਿ ਉਨ੍ਹਾਂ ਦੀ ਤਨਖਾਹ ਵਿੱਚੋਂ ₹ 5100 ਦੀ ਰਾਸ਼ੀ ਸਿੱਧੀ ਮੁੱਖ ਮੰਤਰੀ ਪੰਜਾਬ ਰਿਲੀਫ ਫੰਡ ਵਿੱਚ ਭੇਜ ਦਿੱਤੀ ਜਾਵੇ।
ਸਿੱਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਤੇ ਕੰਟਰੋਲ ਕਰਨ ਲਈ ਕੇਂਦਰ ਅਤੇ ਪੰਜਾਬ ਸਰਕਾਰ ਦਾ ਅਰਬਾਂ ਰੁਪਇਆ ਖਰਚ ਹੋ ਰਿਹਾ ਹੈ। ਅਜਿਹੇ ਵਿੱਚ ਮੈਂ ਇੱਕ ਭਾਰਤੀ ਨਾਗਰਿਕ ਦੇ ਤੌਰ ਤੇ ਮੁੱਖ ਮੰਤਰੀ ਪੰਜਾਬ ਰਿਲੀਫ ਫੰਡ ਵਿੱਚ ਤੁੱਛ ਯੋਗਦਾਨ ਪਾ ਕੇ ਆਪਣਾ ਫਰਜ਼ ਨਿਭਾਇਆ ਹੈ।
ਜ਼ਿਕਰਯੋਗ ਹੈ ਕਿ ਜਿੱਥੇ ਸੁਖਪਾਲ ਸਿੰਘ ਸਿੱਧੂ ਨੇ ਆਪਣੇ ਸਕੂਲ ਨੂੰ ਸਕੂਲ ਸਟਾਫ, ਸਮਾਜ ਸੇਵੀਆਂ ਅਤੇ ਸਾਬਕਾ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਮਾਰਟ ਸਕੂਲ ਬਣਾਇਆ ਹੈ ਉੱਥੇ ਹੀ ਉਨ੍ਹਾਂ ਵੱਲੋਂ ਬੀਕਾਨੇਰ ਜਾਣ ਵਾਲੀ ਕੈਂਸਰ ਟਰੇਨ ਦੇ ਮਰੀਜ਼ਾਂ ਲਈ ਵਰਲਡ ਕੈਂਸਰ ਕੇਅਰ ਅਤੇ ਸੁਖ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਲੰਗਰ ਲਗਾਉਣ ਤੋਂ ਇਲਾਵਾ ਝੁੱਗੀਆਂ ਝੌਂਪੜੀਆਂ ਵਿੱਚ ਰਹਿ ਰਹੇ ਲੋੜਵੰਦ ਬੱਚਿਆਂ ਲਈ ਲੋੜੀਂਦੀਆਂ ਵਸਤਾਂ ਅਤੇ ਖਾਣੇ ਦੀ ਸੇਵਾ ਵੀ ਕੀਤੀ ਜਾਂਦੀ ਹੈ। ਹੁਣ ਤੱਕ 31 ਵਾਰ ਖੂਨਦਾਨ ਕਰਨ ਵਾਲੇ ਸਿੱਧੂ ਨੇ ਆਪਣੇ ਸਕੂਲ ਵਿੱਚ ਭਾਰਤ ਸਕਾਊਟ ਐਂਡ ਗਾਈਡ ਦਾ ਯੂਨਿਟ ਵੀ ਚਲਾਇਆ ਹੋਇਆ ਹੈ ਜੋ ਬੱਚਿਆਂ ਵਿੱਚ ਚੰਗੇ ਨਾਗਰਿਕ ਅਤੇ ਸਮਾਜ ਸੇਵਾ ਦੇ ਗੁਣ ਪੈਦਾ ਕਰਨ ਤੋਂ ਇਲਾਵਾ ਐਮਰਜੈਂਸੀ ਹਾਲਾਤਾਂ ਵਿੱਚ ਸੇਵਾ ਕਰਨਾ ਸਿਖਾਉਂਦਾ ਹੈ। ਇਸੇ ਮਹੀਨੇ ਹੀ ਸਿੱਖਿਆ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਵੱਲੋਂ ਸੁਖਪਾਲ ਸਿੰਘ ਸਿੱਧੂ ਦੁਆਰਾ ਗਾਇਆ ਗੀਤ "ਸਰਕਾਰੀ ਸਕੂਲ" ਰਿਲੀਜ਼ ਕੀਤਾ ਗਿਆ ਜੋ ਕਿ ਪੰਜਾਬ ਤੋਂ ਇਲਾਵਾ ਬਾਹਰਲੇ ਸੂਬਿਆਂ ਵਿੱਚ ਵੀ ਬਹੁਤ ਵਾਇਰਲ ਹੋ ਰਿਹਾ ਹੈ। ਇਸ ਸਮੇਂ ਕਰਫਿਊ ਦੇ ਹਾਲਾਤਾਂ ਵਿੱਚ ਵੀ ਉਨ੍ਹਾਂ ਵੱਲੋਂ ਸੁਖ ਸੇਵਾ ਸੁਸਾਇਟੀ ਪੰਜਾਬ ਦੇ ਸਹਿਯੋਗ ਨਾਲ ਲੋੜਵੰਦਾਂ ਨੂੰ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ ਹੈ।