ਵਾਦੀ ਵਿੱਚ ਪਾਬੰਦੀਆਂ ਤੋਂ ਮਾਮੂਲੀ ਰਾਹਤ

ਸਖ਼ਤ ਪਹਿਰੇ ਹੇਠ ਜੁੰਮੇ ਦੀ ਨਮਾਜ਼ ਅਦਾ

ਸ੍ਰੀਨਗਰ, ਅਗਸਤ 2019 -ਕਈ ਦਿਨਾਂ ਤਕ ਆਪਣੇ ਘਰਾਂ ’ਚ ਕੈਦ ਰਹਿਣ ਮਗਰੋਂ ਕਸ਼ਮੀਰ ਦੇ ਲੋਕਾਂ ਨੇ ਅੱਜ ਸਥਾਨਕ ਮਸਜਿਦਾਂ ’ਚ ਜੁੰਮੇ ਦੀ ਨਮਾਜ਼ ਅਦਾ ਕੀਤੀ। ਅਧਿਕਾਰੀਆਂ ਮੁਤਾਬਕ ਨਮਾਜ਼ ਪੜ੍ਹਨ ਲਈ ਲੋਕਾਂ ਨੂੰ ਪਾਬੰਦੀਆਂ ’ਚ ਅੱਜ ਉਚੇਚੇ ਤੌਰ ’ਤੇ ਛੋਟ ਦਿੱਤੀ ਗਈ। ਇਸ ਦੌਰਾਨ ਉੱਤਰੀ ਕਸ਼ਮੀਰ ਦੇ ਸੋਪੋਰ ਕਸਬੇ ’ਚ ਪਥਰਾਅ ਦੀਆਂ ਘਟਨਾਵਾਂ ਨੂੰ ਛੱਡ ਕੇ ਵਾਦੀ ’ਚ ਜ਼ਿਆਦਾਤਰ ਥਾਵਾਂ ’ਤੇ ਸ਼ਾਂਤੀ ਕਾਇਮ ਰਹੀ। ਜੰਮੂ ਕਸ਼ਮੀਰ ਦੇ ਸਾਬਕਾ ਵਿਧਾਇਕ ਸ਼ੇਖ ਅਬਦੁਲ ਰਾਸ਼ਿਦ, ਜਿਸ ਨੂੰ ਰਾਿਸ਼ਦ ਇੰਜਨੀਅਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਨੂੰ ਅਤਿਵਾਦੀਆਂ ਨੂੰ ਫੰਡ ਮੁਹੱਈਆ ਕਰਾਉਣ ਲਈ ਐਨਆਈਏ ਨੇ ਗਿ੍ਰਫ਼ਤਾਰ ਕਰ ਲਿਆ ਹੈ।
ਇਸ ਦੌਰਾਨ ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈੱਸ ਤੋਂ ਬਾਅਦ ਅੱਜ ਦਿੱਲੀ-ਲਾਹੌਰ ਬੱਸ ਸੇਵਾ ਬੰਦ ਕਰਨ ਦਾ ਵੀ ਐਲਾਨ ਕੀਤਾ। ਜੋਧਪੁਰ ਤੋਂ ਚਲਣ ਵਾਲੀ ਥਾਰ ਐਕਸਪ੍ਰੈੱਸ ਨੂੰ ਰੋਕਣ ਬਾਰੇ ਵੀ ਦੁਚਿੱਤੀ ਦਾ ਮਾਹੌਲ ਬਣਿਆ ਹੋਇਆ ਹੈ। ਭਾਰਤ ਸਰਕਾਰ ਨੇ ਜਲ ਸੈਨਾ ਨੂੰ ਚੌਕਸ ਰਹਿਣ ਦੀ ਹਦਾਇਤ ਕੀਤੀ ਹੈ। ਉਧਰ ਜੰਮੂ ਪ੍ਰਸ਼ਾਸਨ ਨੇ ਸ਼ਹਿਰ ’ਚੋਂ ਦਫ਼ਾ 144 ਹਟਾਉਣ ਦਾ ਫ਼ੈਸਲਾ ਲਿਆ ਹੈ। ਜੰਮੂ ਜ਼ਿਲ੍ਹਾ ਮੈਜਿਸਟਰੇਟ ਸੁਸ਼ਮਾ ਚੌਹਾਨ ਨੇ ਕਿਹਾ ਕਿ ਸ਼ਨਿਚਰਵਾਰ ਤੋਂ ਜੰਮੂ ਦੇ ਸਕੂਲ, ਕਾਲਜ ਅਤੇ ਹੋਰ ਵਿਦਿਅਕ ਅਦਾਰੇ ਖੋਲ੍ਹੇ ਜਾ ਸਕਦੇ ਹਨ। ਜੰਮੂ ਕਸ਼ਮੀਰ ਨੂੰ ਦਿੱਤਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਦੇ ਮੱਦੇਨਜ਼ਰ ਦਫ਼ਾ 144 ਲਾਏ ਜਾਣ ਕਰਕੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਨੂੰ ਮਜਬੂਰ ਕੀਤਾ ਗਿਆ ਸੀ। ਸੁਰੱਖਿਆ ਬਲਾਂ ਨੇ ਅੱਜ ਲੋਕਾਂ ਨੂੰ ਕੋਈ ਸਵਾਲ ਪੁੱਛੇ ਬਿਨਾਂ ਸਥਾਨਕ ਮਸਜਿਦਾਂ ’ਚ ਜਾਣ ਦੀ ਇਜਾਜ਼ਤ ਦਿੱਤੀ।
ਅਧਿਕਾਰੀਆਂ ਨੇ ਕਿਹਾ ਕਿ ਸੋਪੋਰ ਕਸਬੇ ’ਚ ਪਥਰਾਅ ਦੀਆਂ ਘਟਨਾਵਾਂ ਮਗਰੋਂ ਭੀੜ ਨੂੰ ਤੁਰੰਤ ਖਿੰਡਾ ਦਿੱਤਾ ਗਿਆ। ਅਧਿਕਾਰੀਆਂ ਮੁਤਾਬਕ ਸੰਭਾਵਿਤ ਪ੍ਰਦਰਸ਼ਨਾਂ ਨੂੰ ਰੋਕਣ ਦੇ ਇਰਾਦੇ ਨਾਲ ਵਾਦੀ ’ਚ ਹਾਈ ਅਲਰਟ ਰੱਖਿਆ ਗਿਆ ਹੈ। ਅਧਿਕਾਰੀ ਭਾਵੇਂ ਕਸ਼ਮੀਰ ’ਚ ਹਾਲਾਤ ‘ਸੁਖਾਵੇਂ’ ਰਹਿਣ ਦਾ ਦਾਅਵਾ ਕਰ ਰਹੇ ਹਨ ਪਰ ਨੌਜਵਾਨਾਂ ਦੇ ਛੋਟੇ ਗੁੱਟਾਂ ਨੇ ਬਾਗ਼-ਏ-ਮਹਿਤਾਬ, ਨਾਟੀਪੋਰਾ, ਰਾਮਬਾਗ, ਬਜ਼ੁੱਲਾ, ਨੂਰਬਾਗ ਅਤੇ ਬੇਮੀਨਾ ਸਮੇਤ ਸ਼ਹਿਰ ਦੇ ਕਈ ਹਿੱਸਿਆਂ ’ਚ ਸੁਰੱਖਿਆ ਬਲਾਂ ’ਤੇ ਪੱਥਰ ਸੁੱਟੇ। ਨੂਰਬਾਗ ਇਲਾਕੇ ’ਚ ਇਕ ਵਿਅਕਤੀ ਦੀ ਉਸ ਸਮੇਂ ਡੁੱਬਣ ਕਰਕੇ ਮੌਤ ਹੋ ਗਈ ਜਦੋਂ ਪ੍ਰਦਰਸ਼ਨਾਂ ਦੌਰਾਨ ਸੁਰੱਖਿਆ ਬਲਾਂ ਦੇ ਜਵਾਨ ਉਸ ਦਾ ਪਿੱਛਾ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਸ੍ਰੀਨਗਰ ਸ਼ਹਿਰ ਅਤੇ ਵੱਡੇ ਨਗਰਾਂ ’ਚ ਭਾਰੀ ਗਿਣਤੀ ’ਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਹਰ 100 ਮੀਟਰ ’ਤੇ ਬੈਰੀਕੇਡ ਲਾਏ ਗਏ ਹਨ ਅਤੇ ਸਿਰਫ਼ ਬਿਮਾਰ ਵਿਅਕਤੀਆਂ ਨੂੰ ਹੀ ਉਥੋਂ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਵਾਦੀ ’ਚ ਸਾਰੇ ਟੈਲੀਫੋਨ ਅਤੇ ਇੰਟਰਨੈੱਟ ਕੁਨੈਕਸ਼ਨ ਬੰਦ ਹਨ ਅਤੇ ਦੂਰਦਰਸ਼ਨ ਸਮੇਤ ਸਿਰਫ਼ ਤਿੰਨ ਨਿਊਜ਼ ਚੈਨਲ ਹੀ ਕੇਬਲ ਟੀਵੀ ਰਾਹੀਂ ਚੱਲ ਸਕਦੇ ਹਨ। ਸ਼ਹਿਰ ਦੇ ਸਿਵਲ ਲਾਈਨਜ਼ ਇਲਾਕਿਆਂ ’ਚ ਵੀਰਵਾਰ ਨੂੰ ਘੱਟ ਹੀ ਲੋਕ ਬਾਹਰ ਨਿਕਲੇ ਜਦਕਿ ਸਬਜ਼ੀਆਂ ਅਤੇ ਦਵਾਈ ਦੀਆਂ ਕੁਝ ਦੁਕਾਨਾਂ ਵੀ ਖੁਲ੍ਹੀਆਂ ਰਹੀਆਂ। ਉਧਰ ਕਸ਼ਮੀਰ ’ਚ ਅੰਗਰੇਜ਼ੀ ਅਤੇ ਉਰਦੂ ਦੇ ਕਰੀਬ 180 ਅਖ਼ਬਾਰ ਰੋਜ਼ਾਨਾ ਪ੍ਰਕਾਸ਼ਿਤ ਹੁੰਦੇ ਹਨ ਪਰ ਪਾਬੰਦੀਆਂ ਕਾਰਨ ਸਿਰਫ਼ ਪੰਜ ਅਖ਼ਬਾਰ ਹੀ ਛਪ ਰਹੇ ਹਨ। ਪਾਬੰਦੀਆਂ ਕਾਰਨ ਖ਼ਿੱਤੇ ਦੇ ਪੱਤਰਕਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।