ਸੰਪਾਦਕੀ

ਸ਼ਾਬਾਸ਼!✍️ਸੁਖਦੇਵ ਸਲੇਮਪੁਰੀ

ਸ਼ਾਬਾਸ਼!

ਪੰਜਾਬ ਵਿੱਚ ਕੋਰੋਨਾ ਵਾਇਰਸ ਨੂੰ ਸਾਹ ਲੈਣਾ ਹੋਇਆ ਔਖਾ।
ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਸਿਹਤ ਬੁਲੇਟਿਨ ਦੌਰਾਨ ਸੂਬੇ ਵਿਚ ਕੋਰੋਨਾ ਵਾਇਰਸ ਤੋਂ ਪੀੜ੍ਹਤ ਨਾਲ ਸਬੰਧਿਤ ਹੁਣ ਤਕ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ।
✍️ਸੁਖਦੇਵ ਸਲੇਮਪੁਰੀ

ਸਰਾਪ ਬਨਾਮ ਵਰਦਾਨ!✍️ਸਲੇਮਪੁਰੀ ਦੀ ਚੂੰਢੀ -

 ਸਰਾਪ ਬਨਾਮ ਵਰਦਾਨ!

ਆਮ ਤੌਰ 'ਤੇ ਸਰਕਾਰੀ ਹਸਪਤਾਲਾਂ ਨੂੰ ਨਿੰਦਣ ਤੋਂ ਸਿਵਾਏ ਸਮਾਜ ਕੋਲ ਕੋਈ ਵੀ ਕੰਮ ਨਹੀਂ ਹੈ। ਸਮਾਜ ਦੇ ਅਮੀਰਾਂ ਸਮੇਤ ਮੱਧ ਵਰਗੀ ਅਤੇ ਖਾਂਦੇ ਪੀਂਦੇ ਲੋਕ ਤਾਂ ਸਰਕਾਰੀ ਹਸਪਤਾਲਾਂ ਦਾ ਨਾਂ ਸੁਣਦਿਆਂ ਹੀ ਨੱਕ ਬੁੱਲ੍ਹ ਚੜਾਉਣ ਲੱਗ ਜਾਂਦੇ ਹਨ। ਖਾਂਦੇ ਪੀਂਦੇ ਪਰਿਵਾਰਾਂ ਦੇ ਮੂੰਹੋਂ ਤਾਂ ਅਕਸਰ ਇਹ ਸ਼ਬਦ ਹੀ ਨਿਕਲਦਾ ਹੈ ਕਿ ਇਹ ਤਾਂ ਗਰੀਬਾਂ ਦੇ ਹਸਪਤਾਲ ਹਨ, ਪਰ ਅੱਜ ਉਨ੍ਹਾਂ ਲੋਕਾਂ ਲਈ ਇਹ ਹਸਪਤਾਲ ਵਰਦਾਨ ਬਣ ਰਹੇ ਹਨ, ਜਿਹੜੇ ਇਨ੍ਹਾਂ ਦੇ ਕੋਲੋਂ ਲੰਘਣਾ ਵੀ ਕਦੀ ਮੁਨਾਸਿਬ ਵੀ ਨਹੀਂ ਸੀ ਸਮਝਦੇ, ਕਿਉਂਕਿ ਬਹੁਤੇ ਨਿੱਜੀ ਹਸਪਤਾਲਾਂ ਨੇ ਤਾਂ ਆਪਣੇ ਬੂਹੇ ਭੇੜ ਕੇ ਬਾਹਰ ਲਿਖ ਦਿੱਤਾ ਹੈ ਕਿ 'ਜਿਹੜੇ ਮਰੀਜ਼ਾਂ ਨੂੰ ਖੰਘ, ਜੁਕਾਮ, ਬੁਖਾਰ ਅਤੇ ਹੱਡ ਭੰਨਣੀ ਦੀ ਸ਼ਿਕਾਇਤ ਹੈ, ਉਹ ਸਰਕਾਰੀ ਹਸਪਤਾਲ ਜਾਣ' ਸਦਕੇ ਜਾਈਏ! ਇਹੋ ਜਿਹੇ ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਤੋਂ, ਜਿਹੜੇ ਕ੍ਰੀਮ ਖਾਣ ਲਈ ਹੀ ਲੋਕਾਂ ਦਾ ਗਲ ਘੁੱਟ ਦੇ ਰਹੇ ਹਨ ਅਤੇ ਜਦੋਂ ਹੁਣ ਦੇਸ਼ ਉਪਰ ਭੀੜ ਬਣੀ ਤਾਂ ਬੂਹੇ ਭੇੜ ਲਏ ਹਨ। ਅੱਜ ਸਰਕਾਰੀ ਹਸਪਤਾਲਾਂ ਨੇ ਹੀ ਕੋਰੋਨਾ  ਸਮੇਤ ਹਰ ਬਿਮਾਰੀ ਤੋਂ  ਪੀੜਤ ਹਰ ਵਰਗ ਦੇ ਲੋਕਾਂ ਦੀ ਬਾਂਹ ਫੜੀ ਹੈ। ਵਰ੍ਹਦੀ ਅੱਗ ਵਿੱਚ ਸਰਕਾਰੀ ਹਸਪਤਾਲਾਂ ਦੇ ਸਿਹਤ ਕਾਮੇ ਜਾਨ ਤਲੀ 'ਤੇ ਰੱਖ ਕੇ ਦੂਜਿਆਂ ਦੀ ਜਾਨ ਬਚਾਉਣ ਵਿੱਚ ਜੁੱਟ ਗਏ ਹਨ। ਅੱਜ ਉਨ੍ਹਾਂ ਲੋਕਾਂ ਦੇ ਮੂੰਹ' ਤੇ ਕੱਸ ਕੇ ਚਪੇੜ ਵੱਜੀ ਹੈ ਜਿਹੜੇ  ਲੋਕ ਹੁਣ ਤੱਕ ਸਰਕਾਰੀ ਹਸਪਤਾਲਾਂ ਨੂੰ 'ਸਰਾਪ' ਹੀ ਸਮਝਦੇ ਰਹੇ ਹਨ।  ਅਮੀਰਾਂ ਨੂੰ ਅੱਜ ਇਸ ਗੱਲ ਦੀ ਵੀ ਸਮਝ ਆ ਗਈ ਹੋਣੀ ਹੈ ਕਿ ਸਮਾਜ ਦੇ ਆਮ ਲੋਕਾਂ ਦਾ ਸਿੱਧੇ ਅਤੇ ਅਸਿੱਧੇ ਤੌਰ ਤੇ ਖੂਨ ਚੂਸਕੇ ਇਕੱਠੀ ਕੀਤੀ ਅੰਨ੍ਹੀ ਮਾਇਆ ਨੂੰ ਐਵੇਂ ਆਪਣੇ ਐਸ਼ੋ-ਆਰਾਮ ਲਈ ਖਰਚਦੇ ਰਹੇ ਹਨ ਜਾਂ ਫਿਰ ਆਪਣੇ ਪਾਪਾਂ ਨੂੰ ਧੋਣ ਅਤੇ ਹੇਰਾਫੇਰੀ ਨਾਲ ਇਕੱਠੀ ਕੀਤੀ ਮਾਇਆ ਦਾ ਦਸਵੰਦ ਸਰਕਾਰੀ ਹਸਪਤਾਲਾਂ ਅਤੇ ਸਕੂਲਾਂ /ਕਾਲਜਾਂ ਉਪਰ ਖਰਚਣ ਦੀ ਬਜਾਏ ਧਾਰਮਿਕ ਸਥਾਨਾਂ ਵਿਚ ਮਹਿੰਗੇ ਪੱਥਰ ਲਗਵਾਉਣ ਲਈ ਖਰਚ ਕਰਦੇ ਰਹੇ ਹਨ। ਅਮੀਰ ਅੱਜ ਇਹ ਵੀ ਸਮਝ ਗਏ ਹੋਣਗੇ ਕਿ ਜਦੋਂ ਸਮਾਜ ਉੱਪਰ ਮੁਸੀਬਤਾਂ ਦਾ ਵੱਡਾ ਪਹਾੜ ਆਣ ਡਿੱਗ ਪਿਆ ਹੈ ਤਾਂ ਧਾਰਮਿਕ ਸਥਾਨਾਂ ਦੇ ਬੂਹੇ ਵੀ ਬੰਦ ਹੋ ਗਏ ਹਨ ਜਦ ਕਿ ਉਨ੍ਹਾਂ ਦੀ ਜਾਨ ਬਚਾਉਣ ਲਈ ਇਸ ਵੇਲੇ ਕੇਵਲ ਤੇ ਕੇਵਲ ਹਸਪਤਾਲਾਂ ਦੇ ਬੂਹੇ ਖੁੱਲ੍ਹੇ ਹਨ। 
ਸਲਾਮ! ਸਰਕਾਰੀ ਹਸਪਤਾਲਾਂ ਨੂੰ!
ਸਲਾਮ! ਸਰਕਾਰੀ ਡਾਕਟਰਾਂ ਨੂੰ!
ਸਲਾਮ! ਸਰਕਾਰੀ ਨਰਸਾਂ ਨੂੰ!
ਸਲਾਮ! ਸਰਕਾਰੀ ਪੈਰਾ-ਮੈਡੀਕਲ ਸਟਾਫ ਨੂੰ!
-ਸੁਖਦੇਵ ਸਲੇਮਪੁਰੀ
09780620233

ਆਂਡੇ 'ਚ ਸੁਰੱਖਿਅਤ ਬੱਚਾ ਬਾਹਰ ਆਵੇਗਾ!✍️ ਸਲੇਮਪੁਰੀ ਦੀ ਚੂੰਢੀ -

 ਆਂਡੇ 'ਚ ਸੁਰੱਖਿਅਤ ਬੱਚਾ ਬਾਹਰ ਆਵੇਗਾ!

ਕੁਦਰਤ ਦੇ ਨਿਯਮਾਂ ਮੁਤਾਬਿਕ 21 ਦਿਨਾਂ ਬਾਅਦ ਆਂਡੇ 'ਚੋਂ ਸੁਰੱਖਿਅਤ ਬੱਚੇ ਬਾਹਰ ਆਉਣ ਦੀ ਸੰਭਾਵਨਾ ਹੁੰਦੀ ਹੈ। ਜਦੋਂ ਅਸੀਂ ਬੱਚੇ ਕਢਵਾਉਣ ਲਈ ਕੁੜਕ ਮੁਰਗੀ ਥੱਲੇ ਆਂਡੇ ਰੱਖਦੇ (ਸੇਣਾ) ਹਾਂ ਤਾਂ 21ਦਿਨਾਂ ਬਾਅਦ  ਆਂਡਿਆਂ ਵਿਚੋਂ ਬੱਚੇ ਬਾਹਰ ਆ ਜਾਂਦੇ ਹਨ। ਕੁੜਕ ਮੁਰਗੀ 21 ਦਿਨਾਂ ਤੱਕ ਖੁੱਡੇ ਵਿਚੋਂ ਬਾਹਰ ਨਹੀਂ ਨਿਕਲਦੀ ਅਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਜਨਮ ਦੇਣ ਲਈ  ਹਰ ਵੇਲੇ ਉਪਰ ਬੈਠੀ ਰਹਿੰਦੀ ਹੈ ਅਤੇ ਇਥੋਂ ਤਕ ਕਿ ਕਿਸੇ ਹੋਰ ਮੁਰਗੀ/ਮਰਗੇ ਨੂੰ ਹੀ ਨਹੀਂ ਬਲਕਿ ਕਿਸੇ ਮਨੁੱਖ ਨੂੰ ਵੀ ਨੇੜੇ ਨਹੀਂ ਲੱਗਣ ਦਿੰਦੀ। ਜੇ ਕੋਈ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਠੁੰਗਾਂ ਮਾਰਦੀ ਹੈ ਤਾਂ ਜੋ ਕੋਈ ਵੀ ਆਂਡਿਆਂ ਨੂੰ ਛੂਹ ਨਾ ਸਕੇ। ਜਨੌਰ ਹੋਣ ਦੇ ਬਾਵਜੂਦ ਮੁਰਗੀ ਦੇ ਦਿਮਾਗ ਵਿਚ ਇਕ ਗੱਲ ਬਹਿ ਜਾਂਦੀ ਹੈ ਕਿ ਜੇ ਕੋਈ ਆਂਡਿਆਂ ਨੂੰ ਛੂਹੇਗਾ ਤਾਂ ਸੁਰੱਖਿਅਤ ਬੱਚੇ ਨਹੀ ਨਿਕਲਣਗੇ, ਇਸ ਲਈ ਉਹ 21 ਦਿਨ ਤੱਕ ਨਾਲ ਦਿਆਂ ਕੋਲੋਂ ਦੂਰੀ ਬਣਾ ਕੇ ਰੱਖਦੀ ਹੈ। ਇਸ ਲਈ ਸਮੁੱਚੇ ਦੇਸ਼ ਵਾਸੀਆਂ ਨੂੰ ਕੁੜਕ ਮੁਰਗੀ ਤੋਂ ਸਿੱਖਿਆ ਲੈਂਦਿਆਂ 21 ਦਿਨ ਆਪਣੀ, ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਦੀ ਸੁਰੱਖਿਆ ਲਈ ਮੁਰਗੀ ਵਾਂਗੂੰ ਆਪਣਾ ਆਲਣਾ (ਘਰ) ਨਹੀਂ ਛੱਡਣਾ ਚਾਹੀਦਾ। ਸੁਣਿਆ ਹੈ ਕਿ ਜੇ ਕੁੜਕ ਮੁਰਗੀ ਥੱਲੇ ਰੱਖੇ ਆਂਡਿਆਂ ਨੂੰ ਕੋਈ ਬਿਗਾਨਾ ਛੂਹ ਦੇਵੇ ਤਾਂ ਆਂਡੇ ਗਲ ਜਾਂਦੇ ਹਨ। ਇਸ ਲਈ ਆਪਣੇ ਆਪ ਨੂੰ, ਪਰਿਵਾਰ ਨੂੰ, ਸਮਾਜ ਨੂੰ ਅਤੇ ਦੇਸ਼ ਨੂੰ ਗਲਣ ਤੋਂ ਬਚਾਉਣ ਲਈ ਮੁਰਗੀ ਤੋਂ ਸੇਧ ਲੈਂਦਿਆਂ ਸਰਕਾਰ ਅਤੇ ਡਾਕਟਰਾਂ ਦੀ ਦਿੱਤੀ ਸਲਾਹ ਨੂੰ ਪੱਲੇ ਬੰਨ੍ਹ ਕੇ ਰੱਖਣ ਵਿਚ ਹੀ ਭਲਾ ਹੈ।ਜੇ ਅਸੀਂ ਗੱਲ ਮੰਨ ਲਈ ਤਾਂ 21ਦਿਨਾਂ ਬਾਅਦ ਭਾਰਤ ਮਾਂ ਦੇ ਸਾਰੇ ਬੱਚੇ ਆਲਣਿਆਂ  'ਚੋ ਸਰੱਖਿਅਤ ਬਾਹਰ ਆਉਣ ਦੀ ਸੰਭਾਵਨਾ ਹੈ। 
✍️ ਸੁਖਦੇਵ ਸਲੇਮਪੁਰੀ
 

ਜਾਨ ਹੈ ਤਾਂ ਜਹਾਨ ਹੈ!✍️ਸਲੇਮਪੁਰੀ ਦੀ ਚੂੰਢੀ -

ਜਾਨ ਹੈ ਤਾਂ ਜਹਾਨ ਹੈ!

' ਸਿਆਣੇ ਦਾ ਕਿਹਾ ਅਤੇ ਔਲੇ ਦਾ ਖਾਧਾ ਬਾਅਦ ਵਿਚ ਸੁਆਦ ਦਿੰਦੇ ਹਨ ' ਇਹ ਕਹਾਵਤ ਭਾਵੇਂ 10-12 ਸ਼ਬਦਾਂ ਦੀ ਹੈ ਪਰ ਸਮਾਜ ਲਈ  ਬਹੁਤ ਵੱਡੀ ਇੱਕ ਰਾਹ ਦਿਸੇਰੀ ਅਤੇ ਚਾਨਣ ਮੁਨਾਰੇ ਵਾਲੀ ਕਹਾਵਤ ਹੈ, ਜਿਸ ਨੂੰ ਜਿਹੜੇ ਮਨੁੱਖ  ਆਪਣੀ ਜਿੰਦਗੀ ਵਿੱਚ ਢਾਲ ਕੇ  ਚੱਲਦੇ ਹਨ, ਜਲਦੀ ਕਰਕੇ ਮਾਰ ਨਹੀਂ ਖਾਂਦੇ ।ਅੱਜ ਇਸ ਕਹਾਵਤ ਦੀ  ਹਰੇਕ ਮਨੁੱਖ ਲਈ ਬਹੁਤ ਮਹੱਤਤਾ ਹੈ। ਪੰਜਾਬ ਸਰਕਾਰ ਵਲੋਂ ਨਾਮੁਰਾਦ ਰੋਗ ਕੋਰੋਨਾ ਵਾਇਰਸ ਨੂੰ ਨੱਥ ਪਾਉਣ ਲਈ ਦੇਸ਼ ਭਰ ਵਿਚ ਸਭ ਤੋਂ ਪਹਿਲਾਂ ਪਹਿਲ ਕਦਮੀ ਕਰਦਿਆਂ ਲਾਕ-ਡਾਊਨ ਤੋਂ ਬਾਅਦ ਕਰਫਿਊ ਲਗਾ ਦਿੱਤਾ ਹੈ, ਜੋ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਲਈ ਸਾਨੂੰ  ਬਿਨਾਂ ਕਿਸੇ ਦੇਰੀ ਤੋਂ ਕਾਨੂੰਨ ਦੀ ਇੰਨ ਬਿੰਨ ਪਾਲਣਾ ਕਰਨੀ ਚਾਹੀਦੀ ਹੈ, ਨਹੀਂ ਤਾਂ ਸਾਨੂੰ ਇਟਲੀ ਵਾਂਗੂੰ ਇਸ ਰੋਗ ਨਾਲ ਪੈਦਾ ਹੋਣ ਵਾਲੀ ਭਿਆਨਕ ਮਹਾਮਾਰੀ ਨਾਲ ਨਜਿੱਠਣ ਲਈ ਮਜਬੂਰ ਹੋਣਾ ਪਵੇਗਾ, ਪਰ ਸਾਡੇ ਤੋਂ ਨਜਿੱਠਿਆ ਨਹੀਂ ਜਾਣਾ ਕਿਉਂਕਿ ਹਾਲਾਤ ਬਦ ਤੋਂ ਬਦਤਰ ਹੋ ਜਾਣਗੇ।

ਸੱਚ ਤਾਂ ਇਹ ਹੈ ਕਿ ' ਜੇ ਜਾਨ ਹੈ ਤਾਂ ਜਹਾਨ ਹੈ', ਜਾਣੀ ਕਿ ਜੇ ਅਸੀਂ ਜਿਉਂਦੇ ਹੀ ਨਾ ਰਹੇ ਤਾਂ ਸੰਸਾਰ ਹੀ ਨਹੀਂ ਰਹੇਗਾ।

ਬਾਂਸ ਹੋਵੇਗਾ ਤਾਂ ਬਾਂਸੁਰੀ ਵੱਜੇਗੀ। ਮਨੁੱਖਾਂ ਨਾਲ ਪਰਿਵਾਰ, ਪਰਿਵਾਰ ਨਾਲ ਘਰ, ਘਰਾਂ ਨਾਲ ਸਮਾਜ, ਸਮਾਜ ਨਾਲ ਦੇਸ਼ ਅਤੇ ਦੇਸ਼ਾਂ ਦੇ ਸਮੂਹ ਨਾਲ ਸੰਸਾਰ ਬਣਦਾ ਹੈ। ਇਸ ਤਰ੍ਹਾਂ ਹਰ ਮਨੁੱਖ ਸੰਸਾਰ ਹੈ। ਹਰ ਮਨੁੱਖ ਦਾ ਇਖਲਾਕੀ ਫਰਜ ਬਣਦਾ ਹੈ ਕਿ ਉਹ ਸੰਸਾਰ ਦੀ ਹੋਂਦ ਨੂੰ ਬਚਾਉਣ ਲਈ ਜਾਗਰੂਕ ਹੋਵੇ। 

ਇਸ ਲਈ ਸਰਕਾਰ ਅਤੇ ਡਾਕਟਰਾਂ ਦੀ ਕਹੀ ਗੱਲ ਉਪਰ ਪਹਿਰਾ ਦਿੰਦੇ ਹੋਏ ਆਪਣੇ ਘਰਾਂ ਵਿਚ ਰਹਿਣਾ ਚਾਹੀਦਾ ਹੈ । ਸਾਡੀ ਜਾਨ ਦੀ ਸੁਰੱਖਿਆ ਲਈ  4 ਪੱਪੇ ਜਿਸ ਵਿਚ ਪ੍ਰਸ਼ਾਸਨ, ਪੱਟੀ ਚਿੱਟੀ (ਡਾਕਟਰ ਅਤੇ ਨਰਸਾਂ) ਪੁਲਿਸ ਅਤੇ ਪ੍ਰੈਸ ਸ਼ਾਮਲ ਹਨ, ਆਪਣੀ ਜਾਨ ਤਲੀ ' ਤੇ ਰੱਖ ਕੇ ਪਹਿਰੇਦਾਰ ਬਣਕੇ ਖੜੇ ਹਨ। ਕੋਰੋਨਾ ਵਾਇਰਸ ਨਾਲ ਸਬੰਧਿਤ ਯੁੱਧ ਲੰਬਾ ਸਮਾਂ ਵੀ ਚੱਲ ਸਕਦਾ ਹੈ, ਪਰ ਜੇ ਅਸੀਂ ਸਰਕਾਰ ਅਤੇ ਡਾਕਟਰਾਂ ਦੀ ਗੱਲ ਨੂੰ ਆਪਣੇ ਜਿਹਨ ਵਿਚ ਬੈਠਾਕੇ ਚੱਲਾਂਗੇ ਤਾਂ ਜਲਦੀ ਹੀ ਜਿੱਤ ਪ੍ਰਾਪਤ ਕਰ ਲਵਾਂਗੇ ਅਤੇ ਸੰਸਾਰ ਦਾ ਅੰਗ ਬਣੇ ਰਹਾਂਗੇ। 

-ਸੁਖਦੇਵ ਸਲੇਮਪੁਰੀ

ਇਲਾਜ ਨਾਲੋਂ ਪਰਹੇਜ਼ ਚੰਗਾ! ਨੋਵਲ ਕੋਰੋਨਾ ਵਾਇਰਸ ✍️ਗੋਬਿੰਦਰ ਸਿੰਘ ਢੀਂਡਸਾ

ਇਲਾਜ ਨਾਲੋਂ ਪਰਹੇਜ਼ ਚੰਗਾ! ਨੋਵਲ ਕੋਰੋਨਾ ਵਾਇਰਸ
ਦੁਨੀਆਂ ਨੋਵਲ ਕੋਰੋਨਾ ਵਾਇਰਸ (ਕੋਵਿਡ 19) ਨਾਂ ਦੀ ਮਹਾਂਮਾਰੀ ਨਾਲ ਜੂਝ ਰਹੀ ਹੈ ਜਿਸ ਦੀ ਸ਼ੁਰੂਆਤ ਚੀਨ ਦੇ ਵੂਹਾਨ ਸ਼ਹਿਰ ਤੋਂ ਹੋਈ।
ਮਾਰਚ 22, 2020 (7 ਵਜੇ ਸਵੇਰੇ) ਤੱਕ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੁਨੀਆਂ ਦੇ 188 ਦੇਸ਼ਾਂ ਵਿੱਚ ਕੋਰੋਨਾ ਵਾਇਰਸ ਪੈਰ ਪਸਾਰ ਚੁੱਕਾ
ਹੈ ਅਤੇ ਤਕਰੀਬਨ 308,564 ਮਾਮਲੇ ਸਾਹਮਣੇ ਆਏ ਹਨ ਅਤੇ 95,829 ਮਰੀਜ਼ ਠੀਕ ਹੋ ਗਏ ਹਨ ਅਤੇ 13069 ਮੌਤਾਂ ਹੋ ਚੁੱਕੀਆਂ ਹਨ।
ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਵਡੇਰੀ ਉਮਰ ਦੇ ਲੋਕਾਂ ਦੀ ਗਿਣਤੀ ਹੈ। ਕੋਰੋਨਾ ਵਾਇਰਸ ਦੇ ਮਾਮਲੇ ਸਭ ਤੋਂ
ਜ਼ਿਆਦਾ ਚੀਨ ਵਿੱਚ ਆਏ ਹਨ ਅਤੇ ਸਭ ਤੋਂ ਜ਼ਿਆਦਾ ਮੌਤਾਂ 4,825 ਇਟਲੀ ਵਿੱਚ ਹੋਈਆਂ ਹਨ। ਭਾਰਤ ਵਿੱਚ 332 ਮਾਮਲੇ ਸਾਹਮਏ ਆਏ
ਹਨ ਅਤੇ 5 ਮੌਤਾਂ ਹੋ ਚੁੱਕੀਆਂ ਹਨ ਜਦਕਿ 24 ਮਰੀਜ਼ ਠੀਕ ਹੋ ਚੁੱਕੇ ਹਨ। ਕੋਰੋਨਾ ਵਾਇਰਸ ਨਾਲ ਭਾਰਤ ਵਿੱਚ ਪਹਿਲੀ ਮੌਤ ਉੱਤਰੀ
ਕਰਨਾਟਕ ਦੇ ਕਲਬੁਰਗੀ ਸ਼ਹਿਰ ਵਿੱਚ 76 ਸਾਲਾ ਵਿਅਕਤੀ ਦੀ ਹੋਈ ਜੋ ਕਿ ਸਾਊਦੀ ਅਰਬ ਵਿੱਚੋਂ ਧਾਰਮਿਕ ਯਾਤਰਾ ਕਰਕੇ ਆਇਆ ਸੀ।
ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਕੁੱਲ 14 ਮਰੀਜ਼ਾਂ ਦੀ ਪੁਸ਼ਟੀ ਹੋ ਗਈ ਹੈ ਜਿਸ ਵਿੱਚੋਂ ਇੱਕ ਮਰੀਜ਼ ਦੀ ਮੌਤ ਹੋ ਚੁੱਕੀ ਹੈ।
ਕੋਰੋਨਾ ਵਾਇਰਸ ਸੰਕ੍ਰਮਿਤ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਕਈ ਤਰੀਕਿਆਂ ਨਾਲ ਫੈਲ ਸਕਦਾ ਹੈ ਜਿਵੇਂ ਕਿ ਨਿੱਜੀ ਵਿਅਕਤੀਗਤ ਛੂਹਣ,
ਖੰਘਣ ਸਮੇਂ ਲਾਪਰਵਾਹੀ ਆਦਿ। ਕਿਸੇ ਸੰਕ੍ਰਮਿਤ ਵਸਤੂ ਜਾਂ ਸਤਹਿ ਨੂੰ ਛੂਹਣਾ ਅਤੇ ਫਿਰ ਬਿਨ੍ਹਾਂ ਹੱਥ ਧੋਏ ਆਪਣੀਆਂ ਅੱਖਾਂ, ਨੱਕ ਜਾਂ ਮੂੰਹ ਨੂੰ
ਛੂਹਣਾ ਕੋਰੋਨਾ ਵਾਇਰਸ ਨੂੰ ਸਿੱਧਾ ਸੱਦਾ ਸਾਬਿਤ ਹੋ ਸਕਦਾ ਹੈ।
ਕੋਰੋਨਾ ਵਾਇਰਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਸਮੇਂ ਸਮੇਂ ਤੇ ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਅਤੇ ਹੱਥਾਂ
ਦੀ ਸਫ਼ਾਈ ਤੋਂ ਬਿਨ੍ਹਾਂ ਅੱਖਾਂ, ਨੱਕ ਜਾਂ ਮੂੰਹ ਨੂੰ ਸਿੱਧਾ ਹੀ ਨਹੀਂ ਛੂਹਣਾ ਚਾਹੀਦਾ। ਖੰਘਦੇ ਸਮੇਂ ਮੂੰਹ ਉੱਤੇ ਰੁਮਾਲ ਜਾਂ ਟੀਸ਼ੂ ਪੇਪਰ ਆਦਿ ਦੀ ਵਰਤੋਂ
ਕਰਨੀ ਚਾਹੀਦੀ ਹੈ ਅਤੇ ਦੂਸ਼ਿਤ ਰੁਮਾਲ ਜਾਂ ਟੀਸ਼ੂ ਪੇਪਰ ਦੀ ਦੁਬਾਰਾ ਵਰਤੋਂ ਨਹੀਂ ਕਰਨੀ ਚਾਹੀਦੀ।ਟੀਸ਼ੂ ਪੇਪਰ ਜਾਂ ਰੁਮਾਲ ਦੀ ਥਾਂ ਕੁਹਣੀ ਦਾ
ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਕੋਰੋਨਾ ਵਾਇਰਸ ਤੋਂ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਤੋਂ ਬਚਣਾ ਚਾਹੀਦਾ ਹੈ।
ਵਿਗਿਆਨੀਆਂ ਅਨੁਸਾਰ ਕੋਰੋਨਾ ਵਾਇਰਸ ਸਰੀਰ ਵਿੱਚ ਪਹੁੰਚਣ ਤੇ ਫੇਫੜਿਆਂ ਨੂੰ ਸੰਕ੍ਰਮਿਤ ਕਰਦਾ ਹੈ। ਇਸ ਕਰਕੇ ਹੀ ਸਭ ਤੋਂ ਪਹਿਲਾਂ ਬੁਖਾਰ,
ਫਿਰ ਸੁੱਖੀ ਖੰਘ ਅਤੇ ਬਾਦ ਵਿੱਚ ਸਾਹ ਲੈਣ ਵਿੱਚ ਸਮੱਸਿਆ ਹੋ ਸਕਦੀ ਹੈ। ਸਾਧਾਰਣ ਤੌਰ ਤੇ ਲੱਛਣ ਨਜ਼ਰ ਆਉਣ ਵਿੱਚ ਪੰਜ ਦਿਨ ਲੱਗਦੇ ਹਨ
ਪਰੰਤੂ ਕੁਝ ਵਿਅਕਤੀਆਂ ਵਿੱਚ ਇਸਦੇ ਲੱਛਣ ਬਹੁਤ ਦੇਰ ਨਾਲ ਵੀ ਨਜ਼ਰ ਆ ਸਕਦੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਵਾਇਰਸ ਦੇ
ਸਰੀਰ ਵਿੱਚ ਪਹੁੰਚਣ ਅਤੇ ਲੱਛਣ ਨਜ਼ਰੀਂ ਆਉਣ ਵਿੱਚ 14 ਦਿਨਾਂ ਦਾ ਸਮਾਂ ਲੱਗ ਸਕਦਾ ਹੈ ਪਰੰਤੂ ਕੁਝ ਵਿਗਿਆਨੀਆਂ ਦਾ ਮੰਨਣਾ ਹੈ ਕਿ
ਇਹ ਸਮਾਂ 24 ਦਿਨਾਂ ਦਾ ਵੀ ਹੋ ਸਕਦਾ ਹੈ। ਬੀਮਾਰੀ ਦੇ ਸ਼ੁਰੂਆਤੀ ਲੱਛਣ ਠੰਡ ਅਤੇ ਫਲੂ ਨਾਲ ਮਿਲਦੇ ਜੁਲਦੇ ਹਨ ਜਿਸ ਕਰਕੇ ਕੋਈ ਵੀ
ਸੁਖਾਲਿਆਂ ਹੀ ਉਲਝ ਸਕਦਾ ਹੈ। ਕੋਰੋਨਾ ਵਾਇਰਸ ਦੇ ਲੱਛਣ ਨਜ਼ਰੀਂ ਆਉਣ ਤੇ ਨੇੜਲੀਆਂ ਸਿਹਤ ਸੇਵਾਵਾਂ ਨਾਲ ਰਾਬਤਾ ਕਾਇਮ ਕਰਨਾ
ਚਾਹੀਦਾ ਹੈ।
ਪ੍ਰਸ਼ਾਸਨ ਨੇ ਲੋਕਾਂ ਨੂੰ ਜਨਤਕ ਥਾਵਾਂ ਅਤੇ ਸਮਾਗਮਾਂ ਵਿੱਚ ਭਾਰੀ ਇਕੱਠ ਨਾਂਹ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਲੋਕਾਂ ਨੂੰ ਵੱਖੇ ਵੱਖਰੇ ਢੰਗਾਂ
ਨਾਲ ਜਾਗਰੂਕ ਕੀਤਾ ਜਾ ਰਿਹਾ ਹੈ। 15 ਜਨਵਰੀ ਤੋਂ ਬਾਅਦ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੁਆਰਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ
ਕਰਨਾ ਚਾਹੀਦਾ ਹੈ ਅਤੇ 2019-NCoV ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਕੋਰੋਨਾ ਤੋਂ ਜੰਗ ਜਿੱਤੀ ਜਾ ਸਕੇ।
ਭਾਰਤੀ ਸਮਾਜ ਦਾ ਦੁਖਾਂਤ ਹੀ ਹੈ ਕਿ ਜਿੱਥੇ ਹੋਰ ਦੇਸ਼ਾਂ ਵਿੱਚ ਇਸ ਸੰਵੇਦਨਸ਼ੀਲ ਸਮੇਂ ਦੌਰਾਨ ਹਰ ਕੋਈ ਆਪਣੇ ਦੇਸ਼ ਨਾਲ ਮੋਢੇ ਨਾਲ ਮੋਢਾ
ਲਾਈ ਖੜ੍ਹਾ ਹੈ ਉੱਥੇ ਹੀ ਮੀਡੀਆ ਦਾ ਇੱਕ ਹਿੱਸਾ ਸਾਡੇ ਨਿਊਜ਼ ਚੈੱਨਲ ਸਾਰਥਿਕ ਸੂਚਨਾ ਤੋਂ ਵੱਧ ਲੋਕਾਂ ਨੂੰ ਡਰਾਉਂਦੇ ਜਾਪ ਰਹੇ ਹਨ। ਇਸ
ਵਕਤੀ ਮਾਰ ਸਮੇਂ ਜ਼ਿਆਦਾਤਰ ਕੈਮਿਸਟ ਲੋਕਾਂ ਦੀ ਮਜ਼ਬੂਰੀ ਦਾ ਫਾਇਦਾ ਚੁੱਕਦਿਆਂ ਆਪਣਾ ਮੁਨਾਫ਼ਾ ਕਮਾਉਣ ਅਤੇ ਸ਼ੋਸ਼ਲ ਮੀਡੀਆ
ਪ੍ਰਮਾਣਿਕ ਤੱਥਾਂ ਤੋਂ ਕਿਤੇ ਵੱਧ ਵੱਖੋ ਵੱਖਰੀਆਂ ਤੱਤਹੀਣ ਅਫ਼ਵਾਹਾਂ ਫੈਲਾਉਣ ਵਿੱਚ ਰੁੱਝਿਆ ਹੋਇਆ ਹੈ ਤੇ ਆਮ ਲੋਕ ਸਹਿਮੇ ਹੋਏ, ਭੰਬਲਭੂਸੇ
ਵਿੱਚ ਹਨ ਕੀ ਕਰਨ ਤੇ ਕੀ ਨਾਂਹ।
ਵਕਤ ਦੀ ਨਜ਼ਾਕਤ ਹੈ ਕਿ ਅਫ਼ਵਾਹਾਂ ਤੋਂ ਸੁਚੇਤ ਹੁੰਦਿਆਂ ਸਹਿਜਤਾ ਨਾਲ ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਪਰਹੇਜ਼ਾਂ ਨੂੰ ਅਮਲੀ ਰੂਪ ਦਈਏ
ਤਾਂ ਜੋ ਦੁਨੀਆਂ ਵਿੱਚ ਮਹਾਂਮਾਰੀ ਬਣ ਫੈਲੇ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕੇ।
ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)
ਜ਼ਿਲ੍ਹਾ ਸੰਗਰੂਰ (ਪੰਜਾਬ)

ਈਮੇਲ- bardwal.gobinder@gmail.com

ਹਸਪਤਾਲ ਬਨਾਮ ਰੱਬ ਦਾ ਘਰ!✍️ਸਲੇਮਪੁਰੀ ਦੀ ਚੂੰਢੀ

ਹਸਪਤਾਲ ਬਨਾਮ ਰੱਬ ਦਾ ਘਰ!

ਸੰਸਾਰ ਵਿੱਚ ਫੈਲੇ ਨਾਮੁਰਾਦ ਰੋਗ ਕੋਰੋਨਾ ਵਾਇਰਸ ਨੇ ਜਿਥੇ ਸਮੁੱਚੇ ਸੰਸਾਰ  ਖਾਸ ਕਰਕੇ ਭਾਰਤ ਦੇ ਲੋਕਾਂ ਨੂੰ ਆਪਣੇ ਦਿਮਾਗ ਉਪਰ ਪਏ ਅੰਧਵਿਸ਼ਵਾਸਾਂ ਅਤੇ ਵਹਿਮਾਂ ਭਰਮਾਂ ਦੇ ਪਰਦੇ ਨੂੰ ਉਤਾਰ ਕੇ ਵਿਗਿਆਨਿਕ ਸੋਚ ਦੇ ਧਾਰਨੀ ਬਣਨ ਲਈ ਜਾਗਰੂਕ ਕੀਤਾ ਹੈ, ਉਥੇ ਮਨੁੱਖ ਦੁਆਰਾ ਬਣਾਏ ਰੱਬ ਦੇ ਘਰਾਂ ਪ੍ਰਤੀ  ਅੰਨ੍ਹੀ ਸ਼ਰਧਾ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ। ਅਸੀਂ ' ਧਰਮ ਨੂੰ ਖਤਰਾ' ਦੀ ਆੜ ਹੇਠ ਸੜਕਾਂ, ਪੁੱਲਾਂ ਦੇ ਉਤੇ /ਥੱਲੇ, ਸਰਕਾਰੀ ਪਾਰਕਾਂ, ਸਰਕਾਰੀ ਜਮੀਨਾਂ ਅਤੇ ਝਗੜੇ ਵਾਲੀਆਂ ਥਾਵਾਂ 'ਤੇ ਰਾਤੋ-ਰਾਤ ਰੱਬ ਦਾ ਘਰ ਉਸਾਰ ਕੇ ਬੈਠ ਜਾਂਦੇ ਹਨ। ਰੱਬ ਦਾ ਘਰ ਉਸਾਰਨ 'ਤੇ ਰੋਕਣ ਲਈ ਆਮ ਅਤੇ ਪੁਲਿਸ ਪ੍ਰਸ਼ਾਸ਼ਨ ਚੁੱਪੀ ਧਾਰ ਲੈਂਦਾ ਹੈ। ਥਾਂ ਥਾਂ 'ਤੇ ਰੱਬ ਦਾ ਘਰ ਉਸਾਰਨ ਪਿਛੇ ਦੇਸ਼ ਦੇ ਨੇਤਾਵਾਂ ਅਤੇ ਸ਼ੈਤਾਨ ਲੋਕਾਂ ਦਾ ਹੱਥ ਹੁੰਦਾ ਹੈ, ਜਿਹੜੇ ਲੋਕਾਂ ਨੂੰ ਧਰਮ ਅਤੇ ਰੱਬ ਦੇ ਨਾਉਂ 'ਤੇ ਉਲਝਾਕੇ ਆਪਣਾ ਉੱਲੂ ਸਿੱਧਾ ਰੱਖਦੇ ਹਨ।

ਖੈਰ, ਗੱਲ ਕੋਰੋਨਾ ਵਾਇਰਸ ਦੀ ਚੱਲ ਰਹੀ ਹੈ ਕਿ ਜਿਹੜੇ ਰੱਬ ਦੇ ਘਰਾਂ ਵਿਚ ਜਾ ਕੇ ਅਸੀਂ ਆਪਣੀ ਅਤੇ ਆਪਣੇ ਪਰਿਵਾਰ ਲਈ ਸਰੀਰਕ ਅਤੇ ਮਾਨਸਿਕ ਸਿਹਤਮੰਦੀ ਅਤੇ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ, ਅੱਜ ਉਨ੍ਹਾਂ ਰੱਬ ਦੇ ਘਰਾਂ ਨੂੰ ਕੋਰੋਨਾ ਨੇ ਤਾਲੇ ਲਗਵਾ ਕੇ ਰੱਖ ਦਿੱਤੇ ਹਨ। ਰੱਬ ਦੇ ਘਰਾਂ ਵਿਚ ਪਈਆਂ ਮੂਰਤੀਆਂ ਦੇ ਮੂੰਹਾਂ ਉਪਰ ਵੀ ਪੱਟੀਆਂ ਬੰਨ੍ਹ ਕੇ ਰੱਖ ਦਿੱਤੀਆਂ ਹਨ, ਉਹ ਤਾਂ ਪਹਿਲਾਂ ਵੀ ਚੁੱਪ ਹੀ ਸਨ।

ਰੱਬ ਦੇ ਘਰਾਂ ਵਿਚ ਬੈਠੇ ਰੱਬ ਨੂੰ ਮਿਲਾਉਣ ਵਾਲੇ ਵੀ ਆਪਣੇ ਭਗਤਾਂ ਨੂੰ ਦੂਰ ਹੋ ਗੱਲ ਕਰਨ ਲਈ ਆਖ ਰਹੇ ਹਨ। 

ਸਾਡੇ ਦੇਸ਼ ਵਿਚ ਇਸ ਵੇਲੇ ਜਿੰਨੇ ਰੱਬ ਦੇ ਘਰ ਹਨ, ਦੇ ਮੁਕਾਬਲੇ ਹਸਪਤਾਲਾਂ ਦੀ ਗਿਣਤੀ ਆਟੇ ਵਿਚ ਲੂਣ ਸਮਾਨ ਵੀ ਨਹੀਂ। ਅੱਜ ਦੇਸ਼ ਦੇ ਲੋਕਾਂ ਦਾ ਮੂੰਹ ਰੱਬ ਦੇ ਘਰਾਂ ਵਲ ਨਹੀਂ ਬਲਕਿ ਹਸਪਤਾਲਾਂ ਵਲ ਹੈ। ਅੱਜ ਦੇਸ਼ ਦੇ ਲੋਕ ਇਸ ਗੱਲ ਨੂੰ ਲੈ ਕੇ ਸੋਚਣ ਲਈ ਮਜਬੂਰ ਹਨ ਕਿ ਦੇਸ਼ ਨੂੰ ਰੱਬ ਦੇ ਘਰਾਂ ਦੀ ਨਹੀਂ ਬਲਕਿ ਹਸਪਤਾਲਾਂ ਦੀ ਲੋੜ ਹੈ। ਸਮਾਜ ਦੇ ਉਹ ਲੋਕ ਜਿਹੜੇ ਬੇਈਮਾਨੀ ਨਾਲ ਪੈਸੇ ਕਮਾਉਂਦੇ ਹਨ, ਉਹ ਰੱਬ ਨੂੰ ਖੁਸ਼ ਕਰਨ ਲਈ ਬੇਈਮਾਨੀ ਨਾਲ ਕੀਤੀ ਕਮਾਈ ਦਾ ਕੁੱਝ ਹਿੱਸਾ ਜਾਂ ਦਸਵੰਧ ਹਸਪਤਾਲਾਂ/ਸਕੂਲਾਂ ਉਪਰ ਖਰਚ ਕਰਨ ਦੀ ਬਜਾਏ ਰੱਬ ਦੇ ਘਰ ਨੂੰ ਦਾਨ ਕਰ ਕੇ ਖੁਸ਼ ਹੋ ਜਾਂਦੇ ਹਨ, ਪਰ ਅੱਜ ਉਨ੍ਹਾਂ ਲੋਕਾਂ ਨੂੰ ਵੀ ਗਿਆਨ ਹੋ ਜਾਣਾ ਚਾਹੀਦਾ ਹੈ ਕਿ ਦੇਸ਼ ਵਿਚ ਰੱਬ ਦੇ ਘਰਾਂ ਦੀ ਬਜਾਏ ਹਸਪਤਾਲਾਂ ਦੀ ਲੋੜ ਹੈ। ਅੱਜ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਡਾਕਟਰ ਅਤੇ ਨਰਸਾਂ ਅੱਗੇ ਆਏ ਹਨ, ਰੱਬ ਨਾਲ ਗੱਲਾਂ ਕਰਵਾਉਣ ਵਾਲੇ ਸਾਰੇ ਭਗਤ ਖੁਦ ਆਪਣੀ ਖੈਰ ਲੱਭਦੇ ਹੋਏ ਆਮ ਲੋਕਾਂ ਤੋਂ ਬੇਮੁੱਖ ਹੋ ਗਏ ਹਨ। ਰੱਬ ਦਾ ਘਰ ਪਾਖੰਡੀਆਂ ਵਲੋਂ ਲੋਕਾਂ ਨੂੰ ਮੂਰਖ ਬਣਾ ਕੇ  ਲੁੱਟਣ ਦਾ ਇਕ ਵੱਡਾ ਸਾਧਨ ਹੈ। ਅੱਜ ਸਾਡੀ ਜਾਨ ਬਚਾਉਣ ਲਈ 'ਰੱਬ ਦਾ ਘਰ' ਨਹੀਂ ਬਲਕਿ ਡਾਕਟਰੀ-ਵਿਗਿਆਨ ਦੇ ਅਧਾਰਿਤ ਸਥਾਪਿਤ 'ਹਸਪਤਾਲ' ਹੀ ਕੰਮ ਆ ਰਹੇ ਹਨ।

-ਸੁਖਦੇਵ ਸਲੇਮਪੁਰੀ

09780620233

ਤੀਜਾ ਸੰਸਾਰ ਯੁੱਧ! ✍️ਸਲੇਮਪੁਰੀ ਦੀ ਚੂੰਢੀ

ਤੀਜਾ ਸੰਸਾਰ ਯੁੱਧ!

ਸੰਸਾਰ ਉਪਰ ਕਬਜ਼ਾ ਕਰਨ ਲਈ ਸੰਸਾਰ ਦੇ ਵੱਖ ਵੱਖ ਦੇਸ਼ਾਂ ਵਿਚਾਲੇ ਹੁਣ ਤੱਕ ਦੋ ਮਹਾਯੁੱਧ ਸੈਨਿਕਾਂ ਦੁਆਰਾ ਲੜੇ ਜਾ ਚੁੱਕੇ ਹਨ। ਇੰਨਾਂ ਮਹਾਯੁੱਧਾਂ ਦੌਰਾਨ ਸੰਸਾਰ ਭਰ ਵਿੱਚ ਲੱਖਾਂ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ, ਪਰ ਇਸ ਵੇਲੇ ਸੰਸਾਰ ਵਿੱਚ 'ਕੋਰੋਨਾ ਵਾਇਰਸ' ਨਾਲ ਸਬੰਧਿਤ ਜਿਹੜਾ ਤੀਜਾ ਮਹਾਯੁੱਧ ਛਿੜਿਆ ਹੈ, ਇਹ ਪਹਿਲੇ ਦੋਵੇਂ ਮਹਾਯੁੱਧਾਂ ਦੇ ਮੁਕਾਬਲੇ ਕਈ ਗੁਣਾਂ ਬਹੁਤ ਵੱਡਾ ਹਾਨੀਕਾਰਕ ਜਾਨ ਲੇਵਾ ਯੁੱਧ ਹੈ, ਜਿਹੜਾ ਸੈਨਿਕ ਨਹੀਂ ਬਲਕਿ ਨਰਸਾਂ ਅਤੇ ਡਾਕਟਰਾਂ ਦੁਆਰਾ ਬਿਨਾਂ ਹਥਿਆਰਾਂ ਤੋਂ ਆਪਣੇ ਆਪ ਨੂੰ ਜੋਖਮ ਵਿਚ ਵਿੱਚ ਪਾ ਕੇ ਹੌਸਲਾ ਨਾਲ ਲੜਿਆ ਜਾ ਰਿਹਾ ਹੈ। ਇਸ ਵੇਲੇ ਡਾਕਟਰ ਅਤੇ ਨਰਸਾਂ ਆਪਣੇ ਆਪ ਅਤੇ ਪਰਿਵਾਰਕ ਮੈਂਬਰਾਂ ਦੀ ਪ੍ਰਵਾਹ ਕੀਤੇ ਬਿਨਾਂ ਹਸਪਤਾਲਾਂ ਵਿਚ ਇਸ ਤਰ੍ਹਾਂ ਡੱਟਕੇ ਖੜੋਤੇ ਹਨ, ਜਿਵੇਂ ਕੋਈ ਇਮਾਨਦਾਰ ਵਰਦੀਧਾਰੀ ਸੈਨਿਕ ਸਰਹੱਦ ਉਪਰ ਖੜ ਕੇ ਦੇਸ਼ ਦੀ ਰਾਖੀ ਕਰਨ ਲਈ ਪਹਿਰਾ ਦਿੰਦਾ ਹੈ। ਡਾਕਟਰਾਂ ਅਤੇ ਨਰਸਿੰਗ ਸਟਾਫ ਤੋਂ ਬਿਨਾਂ ਸੱਭ ਲੋਕ ਆਪਣੇ ਘਰਾਂ ਵਿਚ ਬੈਠੇ ਹਨ। ਸੰਸਾਰ ਅਤੇ ਦੇਸ਼ ਵਿੱਚ ਪਈ ਬਿਪਤਾ ਲਈ ਸੇਵਾਵਾਂ ਨਿਭਾਅ ਰਹੇ ਡਾਕਟਰਾਂ ਅਤੇ ਨਰਸਿੰਗ ਸਟਾਫ ਨੂੰ ਦਿਲ ਦੀਆਂ ਗਹਿਰਾਈਆਂ 'ਚੋਂ ਸਲਾਮ!

ਇਥੇ ਮੈਂ ਦੇਸ਼ ਦੇ ਸਮੂਹ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕੋਰੋਨਾ ਵਾਇਰਸ ਨੂੰ ਲੈ ਕੇ ਝੇਡਾਂ ਕਰਨ ਦੀ ਬਜਾਏ ਸੰਸਾਰ ਸਿਹਤ ਸੰਗਠਨ, ਭਾਰਤ ਸਰਕਾਰ ਅਤੇ ਡਾਕਟਰਾਂ ਵੱਲੋਂ ਦਿੱਤੀਆਂ ਹਿਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਤਾਂ ਜੋ ਦੇਸ਼ ' ਤੇ ਪਈ ਬਿਪਤਾ ਨਾਲ ਨਜਿੱਠਿਆ ਜਾ ਸਕੇ। ਜੇ ਕੋਰੋਨਾ ਵਾਇਰਸ ਦੀ ਤਾਣੀ ਉਲਝ ਗਈ ਤਾਂ ਇਥੇ ਲਾਸ਼ਾਂ ਚੁੱਕਣ ਲਈ ਕੋਈ ਬੰਦਾ ਨਹੀਂ ਮਿਲਣਾ।

ਮੈਂ ਇਥੇ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨੂੰ ਇਹ ਵੀ ਅਪੀਲ ਕਰਦਾ ਹਾਂ ਕਿ ਹਾਲ ਦੀ ਘੜੀ ਸਥਿਤੀ ਕਾਬੂ ਹੇਠ ਹੈ, ਜੇਕਰ ਸਰਕਾਰ ਨੂੰ ਸਥਿਤੀ ਉਪਰ ਕਾਬੂ ਪਾ ਕੇ ਰੱਖਣ ਲਈ ਲੋਕਾਂ ਨੂੰ ਲੰਬਾ ਸਮਾਂ ਘਰਾਂ ਵਿੱਚ ਰਹਿਣ ਲਈ ਕਿਹਾ ਗਿਆ ਹੈ ਤਾਂ ਗਰੀਬ ਲੋਕਾਂ, ਦਿਹਾੜੀਦਾਰਾਂ, ਰੋਜ ਦੀ ਕਮਾਕੇ ਖਾਣ ਵਾਲਿਆਂ ਲਈ ਰੋਟੀ ਪਾਣੀ ਲਈ ਬਿਨਾਂ ਕਿਸੇ ਧਰਮ, ਜਾਤ ਪਾਤ, ਕਬੀਲਿਆਂ ਅਤੇ ਪਹਿਲਾਂ ਹੋਈਆਂ ਲੜਾਈਆਂ ਝਗੜਿਆਂ ਤੋਂ ਉੁੱਪਰ ਉਠਕੇ ਅੱਗੇ ਆਉਣਾ ਚਾਹੀਦਾ ਹੈ।ਆਮ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ, ਕਿਉਂਕਿ ਹੁਣ ' ਸੋਨੇ ਦੀ ਚਿੜੀ' ਭਾਰਤ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਸੋਨੇ ਦੀ ਚਿੜੀ ਜਿਸਦੇ ਪਹਿਲਾਂ ਵਿਦੇਸ਼ੀਆਂ ਨੇ ਅਤੇ ਹੁਣ ਅਖੌਤੀ ਦੇਸ਼ ਭਗਤਾਂ ਨੇ ਖੰਭ ਪੁੱਟਣੇ ਸ਼ੁਰੂ ਕੀਤੇ ਹੋਏ ਹਨ, ਦੀ ਜਾਨ ਬਚਾਉਣ ਲਈ ਹਰੇਕ ਦੇਸ਼ ਪ੍ਰੇਮੀ ਨੂੰ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਸਮਾਜ ਅਤੇ ਦੇਸ਼ ਦੀ ਸੇਵਾ ਹੀ ਸੱਭ ਤੋਂ ਵੱਡੀ ਸੇਵਾ ਹੈ।

-ਸੁਖਦੇਵ ਸਲੇਮਪੁਰੀ

ਕੋਰੋਨਾ ਵਾਇਰਸ ਬਨਾਮ ਹਵਨ!

ਸਾਡੇ ਦੇਸ਼ ਵਿਚ ਜਦੋਂ ਵੀ ਕੋਈ ਬਿਮਾਰੀ ਫੈਲਦੀ ਹੈ ਜਾਂ ਕੋਈ ਮਾੜੀ ਘਟਨਾ ਵਾਪਰਦੀ ਹੈ ਤਾਂ ਅਸੀਂ ਬਿਮਾਰੀਆਂ ਅਤੇ ਮਾੜੀਆਂ ਘਟਨਾਵਾਂ ਤੋਂ ਬਚਾਅ ਕਰਨ ਲਈ ਉਸਦੇ ਕਾਰਨਾਂ ਨੂੰ ਲੱਭਣ ਦੀ ਬਜਾਏ ਕਾਲਪਨਿਕ ਦੇਵੀ ਦੇਵਤਿਆਂ ਦੀ ਕਿਸੇ ਗੱਲ ਤੋਂ ਹੋਈ ਨਿਰਾਜਗੀ ਮੰਨਦੇ ਅੰਧ-ਵਿਸ਼ਵਾਸ਼ਾਂ ਦੀ ਘੁੰਮਣ-ਘੇਰੀ ਵਿਚ ਫਸ ਜਾਂਦੇ ਹਾਂ।

ਇਸ ਵੇਲੇ ਸਮੁੱਚਾ ਸੰਸਾਰ ਨਾਮੁਰਾਦ ਬੀਮਾਰੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕਿਆ ਹੈ, ਜਿਸ ਕਰਕੇ ਚਾਰ ਚੁਫੇਰੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਬਿਮਾਰੀ ਤੋਂ ਬਚਾਓ ਲਈ ਸੰਸਾਰ ਸਿਹਤ ਸੰਗਠਨ ਵਲੋਂ ਹਰ ਰੋਜ ਅਗਵਾਈ ਲੀਹਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜਦੋਂ ਕਿ ਭਾਰਤ ਸਰਕਾਰ ਸਮੇਤ ਦੇਸ਼ ਦੀਆਂ ਸਾਰੀਆਂ ਸੂਬਾ ਸਰਕਾਰਾਂ ਵਲੋਂ  ਵਰਤੀਆਂ ਜਾਣ ਵਾਲੀਆਂ ਸਾਰੀਆਂ ਸਾਵਧਾਨੀਆਂ ਦਾ ਵੱਡੀ ਪੱਧਰ 'ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਪ੍ਰੰਤੂ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਸਾਡੇ ਸਮਾਜ ਦੇ ਲੋਕ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੀ ਥਾਂ 'ਤੇ ਅੰਧ - ਵਿਸ਼ਵਾਸ਼ਾਂ ਦੇ ਰਸਤੇ 'ਤੇ ਤੁਰ ਪਏ ਹਨ। ਬਾਬਿਆਂ ਵਲੋਂ 'ਰੱਖ' ਦੇ ਨਾਉਂ  'ਤੇ ਧਾਗੇ ਤਵੀਤਾਂ ਅਤੇ ਹੱਥੌਲੇ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਲੁਧਿਆਣਾ ਸ਼ਹਿਰ ਵਿੱਚ ਇਸ ਵਾਇਰਸ ਤੋਂ ਬਚਾਓ ਲਈ 'ਹਵਨ' ਕੀਤੇ ਜਾ ਰਹੇ ਹਨ।

ਦੂਸਰੇ ਪਾਸੇ ਇਸ ਵਾਇਰਸ ਦਾ ਲਾਭ ਉਠਾਉਣ ਲਈ ਵਪਾਰੀਆਂ ਵਲੋਂ ਮਹਿੰਗੇ ਭਾਅ 'ਤੇ ਮਾਸਕ ਅਤੇ ਸੈਨੇਟਾਈਜਰ ਵੇਚਿਆ ਜਾ ਰਿਹਾ। ਇਥੇ ਹੀ ਬਸ ਨਹੀਂ ਕਈ ਲਾਲਚ ਵੱਸ ਵਪਾਰੀਆਂ ਨੇ ਨਕਲੀ ਸੈਨੇਟਾਈਜਰ ਬਣਾਕੇ ਵੇਚਣਾ ਸ਼ੁਰੂ ਕਰ ਦਿੱਤਾ ਹੈ, ਸ਼ਾਇਦ ਉਹ ਇਸ ਗੱਲ ਤੋਂ ਬੇਖਬਰ ਹਨ ਕਿ ਉਹ  ਤਾਂ ਹਰ ਪ੍ਰਕਾਰ ਦੀ ਬਿਮਾਰੀ ਦੀ ਪਹੁੰਚ ਤੋਂ ਦੂਰ ਹਨ।

ਕੋਰੋਨਾ ਵਾਇਰਸ ਸਬੰਧੀ ਏਮਜ ਨਵੀਂ ਦਿੱਲੀ ਦੇ ਨਿਰਦੇਸ਼ਕ ਨੇ ਸਪੱਸ਼ਟ ਕੀਤਾ ਕਿ ਇਸ ਬਿਮਾਰੀ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਬਲਕਿ ਸਾਵਧਾਨੀ ਵਰਤਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਵਿਅਕਤੀ ਤੰਦਰੁਸਤ ਹਨ, ਉਨ੍ਹਾਂ ਨੂੰ ਮਾਸਕ ਵਰਤਣ ਦੀ ਲੋੜ ਨਹੀਂ ਹੈ ਜਦਕਿ ਉਹ ਵਿਅਕਤੀ ਜਿਹੜੇ ਖੰਘ ਅਤੇ ਜੁਕਾਮ ਜਾਂ ਕਿਸੇ ਬਿਮਾਰੀ ਤੋਂ ਪੀੜਤ ਹਨ ਨੂੰ ਮਾਸਕ ਵਰਤਣ ਦੀ ਲੋੜ ਹੈ ਅਤੇ ਜਾਂ ਫਿਰ ਉਨਾਂ ਲੋਕਾਂ ਨੂੰ ਐਨ - 95 ਮਾਸਕ ਦੀ ਲੋੜ ਹੈ ਜਿਹੜੇ ਸਿਹਤ ਕੇਂਦਰਾਂ ਵਿਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ।  ਉਨ੍ਹਾਂ ਦੱਸਿਆ ਕਿ ਇਹ ਵਾਇਰਸ ਹਵਾ ਨਾਲ ਨਹੀਂ ਫੈਲਦਾ, ਇਸ ਤੋਂ ਬਚਾਅ ਲਈ ਹੱਥਾਂ ਨੂੰ ਸਾਫ ਰੱਖਣਾ ਬਹੁਤ ਜਰੂਰੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਵਾਇਰਸ ਦਾ ਠੰਢ ਅਤੇ ਗਰਮ ਮੌਸਮ ਨਾਲ ਵੀ ਕੋਈ ਖਾਸ ਸਬੰਧ ਨਹੀਂ ਹੈ ਅਤੇ ਨਾ ਹੀ ਮਾਸਾਹਾਰੀ ਭੋਜਨ ਅਤੇ ਸ਼ਰਾਬ ਦੀ ਵਰਤੋਂ ਨਾਲ ਸਬੰਧ ਹੈ, ਕੇਵਲ ਤੇ ਕੇਵਲ ਸਾਵਧਾਨੀਆਂ ਵਰਤਣੀਆਂ ਹੀ ਬਚਾਅ ਹੈ।ਇਸ ਵਾਇਰਸ ਤੋਂ ਬਚਾਅ ਲਈ ਜਿੱਥੇ ਹੱਥਾਂ ਦੀ ਸਫਾਈ ਬਹੁਤ ਜਰੂਰੀ ਹੈ, ਉਥੇ ਦਿਲ ਅਤੇ ਦਿਮਾਗ ਦੇ ਅੰਦਰ ਬੇਈਮਾਨੀ ਦੇ ਵਾਇਰਸ ਕੱਢਣ ਲਈ ਇਮਾਨਦਾਰੀ ਦੇ ਉੱਤਮ ਦਰਜੇ ਦੇ ਸੈਨੇਟਾਈਜਰ ਦੀ ਵਰਤੋਂ ਕਰਨ ਲਈ ਹਰੇਕ ਭਾਰਤੀ ਨੂੰ ਬਹੁਤ ਲੋੜ ਹੈ। 

-ਸੁਖਦੇਵ ਸਲੇਮਪੁਰੀ

14 ਮਾਰਚ - ਸਿੱਖ ਵਾਤਾਵਰਣ ਦਿਵਸ ✍️ ਮਾਸਟਰ ਹਰਨਰਾਇਣ ਸਿੰਘ ਮੱਲੇਆਣਾ

14 ਮਾਰਚ ਨੂੰ - ਸਿੱਖ ਕੌਮ 10ਵਾ ਸਾਲਾਨਾ ਸਿੱਖ ਵਾਤਾਵਰਣ ਦਿਵਸ ਵਿਸ਼ਵ ਪੱਧਰ 'ਤੇ ਮਨਾ ਰਹੀ ਹੈ।

ਸਿੱਖ ਕੈਲੰਡਰ ਵਿਚ, ਚੇਤ ੧ - ਇਹ ਦਿਨ ਸਾਲ ਦਾ ਪਹਿਲਾ ਦਿਨ ਵੀ ਹੈ ਅਤੇ 7 ਵੇਂ ਗੁਰੂ, ਗੁਰੂ ਹਰਿਰਾਇ ਜੀ ਦੇ ਗੁਰਗੱਦੀ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ, ਜਿਹਨਾਂ ਨੇ ਕੁਦਰਤ ਅਤੇ ਜੀਵ ਜੰਤੂਆਂ ਪ੍ਰਤੀ ਡੂੰਘੀ ਸੰਵੇਦਨਸ਼ੀਲਤਾ ਅਤੇ ਪਿਆਰ ਸਿਖਾਉਣ ਵਾਲੇ ਸ਼ਖ਼ਸੀਅਤ ਵਜੋਂ ਯਾਦ ਕੀਤਾ ਜਾਂਦਾ ਹੈ।

ਇਸ ਦਿਨ ਨੂੰ ਮਨਾਉਣ ਲਈ ਕੁਝ ਲਾਭਕਾਰੀ ਕੁਦਰਤ ਪ੍ਰਤੀ ਤਰੀਕੇ ਹਨ -

ਇਹ 7 ਤਰੀਕੇ ਹਨ .....

1. ਕੁਦਰਤ ਸੰਬੰਧੀ ਗੁਰਬਾਣੀ ਕੀਰਤਨ ਦਰਬਾਰ/ ਕਥਾ ਆਯੋਜਿਤ ਕਰੋ

2. ਰੁੱਖ / ਪਵਿੱਤਰ ਜੰਗਲ ਲਗਾਓ

3. ਜੈਵਿਕ ਲੰਗਰ ਦਾ ਪ੍ਰਬੰਧ ਕਰੋ

4. ਪਲਾਸਟਿਕ ਦੀ ਵਰਤੋਂ ਘਟਾਓ

5. ਐਲਈਡੀ ਲਾਈਟਾਂ ਅਤੇ ਸੋਲਰ ਊਰਜਾ ਦੀ ਵਰਤੋਂ ਸ਼ੁਰੂ ਕਰੋ

6. ਕੁਦਰਤ ਚ ਸੈਰ / ਸਾਈਕਲ ਰੈਲੀ ਦਾ ਆਯੋਜਨ ਕਰੋ

7. ਪਾਣੀ ਬਚਾਓ ਅਤੇ ਵਗਦੀਆਂ ਟੂਟੀਆਂ ਦੀ ਮੁਰੰਮਤ ਕਰੋ

 

ਆਓ ਸਾਰੇ ਧਰਤ ਮਾਤਾ ਦੀ ਸੇਵਾ ਕਰੀਏ!

 

ਮਾਸਟਰ ਹਰਨਰਾਇਣ ਸਿੰਘ ਮੱਲੇਆਣਾ

14 ਮਾਰਚ 1 ਚੇਤ ਸਿੱਖ ਵਾਤਾਵਰਨ ਅਤੇ ਸਾਲ ਦਾ ਪਹਿਲਾ ਦਿਨ ✍️ ਮਾਸਟਰ ਹਰਨਰਾਇਣ ਸਿੰਘ ਮੱਲੇਆਣਾ

ਕੁਦਰਤ ਪ੍ਰੇਮੀ “ਵੈਦਾਂ ਦੇ ਵੈਦ” ਧੰਨ ਧੰਨ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ

 

ਸਿੱਖ ਧਰਮ ਦੇ ਗੁਰੂਆਂ ਵਲੋਂ ਮਨੱੁਖੀ ਆਤਮਾ ਦੇ ਭਲੇ ਲਈ ਜੋ ਵਿਚਾਰਧਾਰਾ ਦਿੱਤੀ ਗਈ ਹੈ ਉਹ ਸਰਲਤਾ, ਸਹਿਜਤਾ ਅਤੇ ਸਮਾਜਿਕਤਾ ਦੇ ਕਾਫੀ ਨੇੜੇ ਹੈ । ਗੁਰੂ ਨਾਨਕ ਦੇਵ ਜੀ ਵਲੋਂ ਪ੍ਰਚਾਰੀ ਅਤੇ ਪ੍ਰਸਾਰੀ ਗਈ ਵਿਚਾਰਧਾਰਾ ਨੂੰ ਅਪਣਾ ਕੇ ਕੋਈ ਵੀ ਵਿਅਕਤੀ ਜਿੱਥੇ ਸਮਾਜਿਕ ਜਿੰੰਮੇਵਾਰੀਆਂ ਨੂੰ ਸਫਲਤਾ ਪੂਰਵਕ ਨਿਭਾ ਸਕਦਾ ਹੈ ਉੱਥੇ ਪਰਮਪਿਤਾ ਦੀ ਨੇੜਤਾ ਦਾ ਨਿੱਘ ਵੀ ਮਾਣ ਸਕਦਾ ਹੈ। ਗੁਰੂ ਸਾਹਿਬ ਵਲੋ ਬਖਸ਼ੀ ਵਿਚਾਰਧਾਰਾ ਬਿਲਕੁਲ ਉੱਚੀ ਤੇ ਸੁੱਚੀ ਹੈ ਤੇ ਧਰਮ ਵਿਚਲੇ ਕਰਮ ਕਾਂਡੀ ਵਿਵਹਾਰ ਨੂੰ ਰੱਦ ਕਰਕੇ ਨਿਰੋਲ ਪ੍ਰੁੇਮ ਪੂਰਵਕ ਵਿਧਾਨ ਦਾ ਪੱਖ ਪੂਰਦੀ ਅਤੇ ਪਹਿਰੇਦਾਰੀ ਕਰਦੀ ਹੈ। ਇਸ ਪਹਿਰੇਦਾਰੀ ਲਈ ਸਤਵੇਂ ਨਾਨਕ ਸਾਹਿਬ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਨਾਮ ਧੰਨਤਾ ਯੋਗ ਹੈ । 
    ਸ਼੍ਰੀ ਗੁਰੂ ਰਹਿ ਰਾਇ ਸਾਹਿਬ ਜੀ ਦਾ ਜਨਮ 16 ਜਨਵਰੀ 1630 ਈਸਵੀ ਨੂੰ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਵੱਡੇ ਸਪੱੁਤਰ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਮਾਤਾ ਨਿਹਾਲ ਕੌਰ ਦੇ ਕੁੱਖੋਂ ਕੀਰਤ ਪੁਰ ਸਾਹਿਬ ਵਿਖੇ ਹੋਇਆ । ਛੋਟੀ ਉਮਰ ਦੇ ਵਿੱਚ ਆਪ ਜੀ ਦੇ ਪਿਤਾ ਬਾਬਾ ਗੁਰਦਿੱਤਾ ਜੀ ਗੁਰਪੁਰੀ ਪਿਆਨਾ ਕਰ ਗਏ। ਆਪ ਜੀ ਦਾ ਮੁਢਲਾ ਜੀਵਨ ਕੀਰਤ ਪੁਰ ਸਾਹਿਬ ਵਿਖੇ ਬੀਤਿਆ। ਆਪ ਜੀ ਨੇ ਪ੍ਰਾਇਮਰੀ ਸਿੱਖਿਆ ਭਾਈ ਦਰਗਾਹ ਮੱਲ ਤੋਂ ਹਾਸਲ ਕੀਤੀ ਅਤੇ ਸ਼ਸਤਰ ਕਲਾ ਭਾਈ ਬਿਧੀ ਚੰਦ ਜੀ ਤੋਂ ਗ੍ਰਹਿਣ ਕੀਤੀ। 
    ਧੰਨ ਧੰਨ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਜਿੱਥੇ ਹੋਰ ਸਾਰੇ ਉੱਚ ਆਤਮਿਕ ਗੁਣਾਂ ਦੇ ਮਾਲਕ ਬਲਵਾਨ ਤੇ ਬੀਰਤਾ ਦੇ ਪੰੁਜ ਸਨ ਉੱਥੇ ਹਿਰਦੇ ਦੀ ਕੋਮਲਤਾ ਕਰਕੇ ਵੀ ਪ੍ਰਸਿਧ ਸਨ। ਬਾਗ਼ ਵਿਚ ਸੈਰ ਕਰਦਿਆਂ ਆਪ ਜੀ ਦੇ ਚੋਲੇ ਨਾਲ ਗੁਲਾਬ  ਦਾ ਫੁੱਲ ਟੱੁਟ ਜਾਣ ਅਤੇ ਆਪ ਜੀ ਦੇ ਵੈਰਾਗਵਾਨ ਹੋ ਜਾਣ ਦੀ ਵਾਰਤਾ,ਉਹਨਾਂ ਦੇ ਜੀਵਨ ਦੀ ਇਕ ਅਭੱੁਲ ਤੇ ਪੱਥ ਪਰਦਰਸਕ ਘਟਨਾ ਹੈ । ਉਸ ਸਮੇਂ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਆਪ ਨੂੰ ਇਹ ਕਹਿਣਾ ਕਿ ਅਜਿਹਾ ਜਾਮਾ ਪਾਈਏ ਜੋ ਕਿ ਫੈਲ ਕੇ ਕੋਮਲ ਵਸਤਾਂ ਨੂੰ ਹਾਨੀ ਪਹੁੰਚਾ ਸਕਦਾ ਹੋਵੇ ਤਾਂ ਉਸ ਨੂੰ ਸੰਭਾਲ ਕੇ ਰਖਣ ਦੀ ਲੋੜ ਹੁੰਦੀ ਹੈ । ਉਪਦੇਸ਼ ਬੜਾ ਸ਼ਪਸਟ ਸੀ ਕਿ ਜੇ ਜਿੰਮੇਵਾਰੀ ਵੱਡੀ ਚੱੁਕ ਲਈਏ ਤਾਂ ਤਾਕਤ ਦੀ ਵਰਤੋਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ ।
ਛੇਵੇਂ ਪਾਤਿਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 3 ਮਾਰਚ 1644 ਈ. ਨੂੰ ਐਤਵਾਰ ਵਾਲੇ ਦਿਨ ਜੋਤੀਜੋਤ ਸਮਾ ਗਏ। ਇਸ ਤੋਂ ਪਹਿਲਾਂ ਹੀ ਉਨਾਂ੍ਹ ਨੇ ਗੁਰਿਆਈ ਦੀ ਜਿੰਮੇਵਾਰੀ ਸੋਂਪ ਦਿੱਤੀ ਪਰ ਨਾਲ ਹੀ ਹੁਕਮ ਵੀ ਕੀਤਾ ਕਿ ਫੌਜ ਰਖਣੀ ਹੈ ਪਰ ਲੜਨਾ ਨਹੀਂ ਹੈ ਸੋ 2200 ਸੂਰਵੀਰ ਹਮੇਸ਼ ਆਪ ਜੀ ਦੇ ਹਮਰਕਾਬ ਰਹੇ। ਔਰੰਗਜੇਬ ਨੇ ਗੁਰੂ ਜੀ ਨੂੰ ਦਿੱਲੀ ਆਉਣ ਲਈ ਸੱਦਾ ਪੱਤਰ ਭੇਜਿਆ ਗੁਰੂ ਜੀ ਨੇ ਨਾਂਹ ਕਰ ਦਿੱਤੀ । ਉਸ ਨੇ ਲਾਹੌਰ ਦੇ ਗਵਰਨਰ ਖਲੀਰ ਖਾਨ ਨੂੰ ਗੁਰੂ ਜੀ ਤੇ ਸਿਖਾਂ ਨਾਲ ਨਿਪਟਣ ਦਾ ਹੁਕਮ ਦਿੱਤਾ। ਉਸ ਨੇ 10000 ਘੋੜ ਸਵਾਰ ਦੇ ਕੇ ਜਾਲਿਮ ਖਾਨ ਨੂੰ ਕੀਰਤਨ ਪੁਰ ਤੇ ਹਮਲਾ ਕਰਨ ਲਈ ਭੇਜਿਆ ਉਸ ਦੀ ਰਸਤੇ ਵਿਚ ਹੀ ਮੋਤ ਹੋ ਗਈ ਤੇ ਫੌਜ ਵਾਪਿਸ ਮੁੜ ਆਈ । ਫਿਰ ਗਵਰਨਰ ਨੇ ਕੰਧਾਰ ਦੇ ਜਰਨੈਲ ਖਾਨ ਨੂੰ ਭੇਜਿਆ। ਉਸ ਦੇ ਦੁਸ਼ਮਣਾਂ ਨੇ ਕਰਤਾਰ ਵਿਚ ਰਾਤ ਸੁਤਿਆਂ ਪਿਆ ਹੀ ਮਾਰ ਸੁੱਟਿਆ। ਤੀਜੀ ਵਾਰ ਲਾਹੌਰ ਦੇ ਗਵਰਨਰ ਨੇ ਸਹਾਰਨਪੁਰ ਦੇ ਨਾਹਰ ਖਾਨ ਨੂੰ ਕੀਰਤਪੁਰ ਉਪਰ ਚੜਾਈ ਕਰਨ ਲਈ ਭੇਜਿਆ ਉਸ ਦੀ ਫੌਜ ਤੁਰੀ ਤਾਂ ਹੈਜੇ ਦੀ ਬਿਮਾਰੀ ਫੈਲੀ ਹੋਈ ਹੋਣ ਕਰਕੇ, ਬਹੁਤੇ ਸਾਰੇ ਫੋਜੀ ਮਾਰੇ ਗਏ ਬਾਕੀ ਫੌਜੀਆਂ ਨੇ ਗੁਰੂ ਜੀ ਤੇ ਚੜਾਈ ਕਰਨ ਤੋਂ ਨਾਂਹ ਕਰ ਦਿੱਤੀ। ਉਨਾਂ੍ਹ ਸੁਣ ਲਿਆ ਸੀ  ਜੋ ਛੇਵੇਂ ਪਾਤਿਸਾਹ ਗੁਰੂ ਹਰਿਗੋਬਿੰਦ ਜੀ ਨੇ ਹੁਕਮ ਕੀਤਾ ਸੀ ਕਿ ਜੇ ਕੋਈ ਗੁਰੂ ਹਰਿ ਰਾਏ ਤੇ ਹਮਲਾ ਕਰੇਗਾ ਤਾਂ ਉਸ ਦਾ ਰਸਤੇ ਵਿਚ ਹੀ ਨਾਸ਼ ਹੋ ਜਾਵੇਗਾ।
    ਕੀਰਤਪੁਰ ਸਾਹਿਬ ਵਿਖੇ ਗੁਰੂ ਜੀ  ਨੇ ਇਕ ਵੱਡਾ ਦਵਾਖਾਨਾ ਖੋਲ੍ਹਿਆ ਜਿਸ ਵਿਚ ਚੰਗੇ ਵੈਦ ਰੱਖੇ । ਦੇਸ਼ ਭਰ ਵਿੱਚੋਂ ਯੋਗ ਦਵਾਈਆ ਮੰਗਵਾ ਕੇ ਹਰੇਕ ਲੋੜ ਵੰਦ ਦਾ ਇਲਾਜ ਮੁਫਤ ਕੀਤਾ ਜਾਂਦਾ। ਔਰੰਗਜੇਬ ਨੇ ਦਾਰਾ ਸਿਕੋਹ ਨੂੰ ਮਾਰਨ ਲਈ ਲਾਂਗਰੀ ਰਾਹੀਂ ਸ਼ੇਰ ਦੀ ਮੁੱਛ ਦਾ ਵਾਲ ਖਾਣੇ ਵਿਚ ਖੁਆ ਦਿਤਾ ਉਸ ਦੇ ਪੇਟ ਵਿਚ ਅੰਤਾ ਦੀ ਪੀੜ ਹੋਈ । ਸ਼ਾਹੀ ਹਕੀਮਾਂ ਨੇ ਇਲਾਜ ਕੀਤਾ ਪਰ ਉਹ ਅਸਫਲ ਰਹੇ। ਫਿਰ ਸ਼ਾਹ ਜਹਾਂ ਨੂੰ ਸਲਾਹ ਦਿੱਤੀ ਕਿ ਕੀਰਤ ਪੁਰ ਸਾਹਿਬ ਤੋਂ ਦਵਾਈ ਮਗਵਾਈ ਜਾਵੇ। ਪਰ ਸ਼ਾਹ ਜਹਾਂ ਦਾ ਕਹਿਣਾ ਸੀ ਮੈਂ ਤਾਂ ਉਨਾਂ੍ਹ ਦੇ ਵਿਰੁਧ ਫੌਜ਼ਾ ਭੇਜਦਾ ਰਿਹਾਂ ਉਨਾਂ੍ਹ ਤੋਂ ਦਵਾਈ ਕਿਵੇਂ ਮੰਗਾਂ ? ਪੀਰ ਹਸਨਅਲੀ ਨੇ ਕਿਹਾ ਕਿ ਗੁਰੂਨਾਨਕ ਦਾ ਘਰ ਕਿਸੇ ਨਾਲ ਵੈਰ ਨਹੀਂ ਉਹ ਸਦਾ ਹੀ ਦੂਜੇ ਦਾ ਭਲਾ ਲੋਚਦੇ ਹਨ । ਸ਼ਾਹ ਜਹਾਂ ਨੇ ਇਕ ਨੇਕ ਤੇ ਖਾਸ ਪੁਰਸ਼ ਰਾਂਹੀ ਇਕ ਬੇਨਤੀ ਲਿਖ ਕੇ ਭੇਜੀ। ਗੁਰੂ ਜੀ ਨੇ ਢੁਕਵੀਂ ਦਵਾਈ ਦਿੱਤੀ । ਦਾਰਾ ਸਿਕੋਹ ਦੀ ਪੇਟ ਦਾ ਰੋਗ ਠੀਕ ਹੋ ਗਿਆ ਉਹ ਆਪ ਕਈ ਭੇਟਾਵਾਂ ਲੈ ਕੇ ਗੁਰੂ ਜੀ ਕੋਲ ਕੀਰਤ ਪੁਰ ਗਿਆ ਤੇ ਦਿਲੋਂ ਧੰਨਵਾਦ ਕੀਤਾ। ਇਸੇ ਤਰਾਂ੍ਹ ਕੁਠਾਰ ਦੇ ਰਾਜੇ ਰਣਜੀਤ ਨੂੰ ਝੋਲੇ ਦਾ ਰੋਗ ਹੋਇਆ ਤੇ ਕੋਈ ਇਲਾਜ ਸਫਲ ਨਾ ਹੋਇਆ । ਗੁਰੂ ਜੀ ਨੇ ਉਸ ਨੂੰ ਵੀ ਯੋਗ ਢੰਗ ਨਾਲ ਦਵਾਈ ਦਿੱਤੀ ਤੇ ਬਖਸ਼ਸ ਕੀਤੀ  ‘ਸਤਿਨਾਮ ਦਾ ਜਾਪ ਜਪਣ ਦੀ ਪ੍ਰੇਰਣਾ ਕੀਤੀ’। ਰਾਣੀ ਲੰਗਰ ਦੀ ਸੇਵਾ ਕਰਦੀ ਜੂਠੇ ਭਾਂਡੇ ਮਾਂਜਦੀ ਤੇ ਸਦਾ ਸਤਿਨਾਮ ਦਾ ਜਾਪ ਕਰਦੀ ਕੁਝ ਦਿਨਾਂ੍ਹ ਵਿਚ ਰੋਗ ਦੂਰ ਹੋ ਗਿਆ ਤੇ ਸਿਹਤਮੰਦ ਰਾਜਾ ਵਾਪਿਸ ਚਲਾ ਗਿਆ। ਗੁਰੂ ਜੀ ਦੇ ਬਚਨ ਪ੍ਰਭੂ ਅੱਗੇ ਸਨ ਫਿਰ ਬਹੁਤ ਸਾਰੇ ਗੁਰਦਵਾਰਿਆਂ ਵਿਚ ਵੀ ਦਵਾਖਾਨੇ ਖੋਲ੍ਹੇ ਦੇ ਲੋੜਵੰਦਾ ਨੂੰ ਵੈਦ ਯੋਗ ਦਵਾਈ ਦਿੰਦੇ ਸਨ ਕਿਸੇ ਤੋਂ ਵੀ ਕੋਈ ਕੀਮਤ ਨਹੀਂ ਲਈ ਜਾਂਦੀ ਸੀ ।
ਗੁਰੂ ਜੀ ਦਾ ਫੁਲਾਂ ਨਾਲ ਬਹੁਤ ਪਿਆਰ ਸੀ ਆਪ ਜੀ ਨੇ 52 ਬਾਗ  ਲਗਵਾਏ । ਮਾਲੀ ਰੱਖੇ । ਦੂਰ ਤੋਂ ਬੀਜ ਮੰਗਵਾ ਕੇ ਕੀਰਤ ਪੁਰ ਨੂੰ ਬਾਗਾ ਦੀ ਹਰਿਆਵਲ ਤੇ ਫੁੱਲਾਂ ਨਾਲ ਸਜਾਇਆ ਜੋ ਮਾਲੀ ਸੁੰਦਰ ਫੱੁਲ ਪੈਦਾ ਕਰਦਾ ਉਸ ਨੁੰ ਇਨਾਮ ਦਿੰਦੇ, ਆਪ ਹਰ ਰੋਜ ਬਾਗਾ ਵਿਚ ਜਾਂਦੇ ਸਨ।
ਗੁਰੂ ਜੀ ਸ਼ਿਕਾਰ ਕਰਨ ਜਾਂਦੇ ਤਾਂ ਉਹਨਾਂ ਦੀ ਇਹੀ ਕੋਸ਼ਿਸ ਹੁੰਦੀ ਸੀ ਕਿ ਸ਼ਿਕਾਰ ਨੁੰ ਜਿਉਂਦਾ ਪਕੜ ਕੇ ਲੈ ਆਈਏ ਤੇ ਰੱਖ ਵਿਚ ਸਿਖਲਾਈ ਕਰਵਾ ਕੇ ‘ਚਿੜੀਆ ਘਰ’ ਵਾਂਗੂ ਪਾਲਦੇ ਸਨ। ਸੂਰ , ਹਿਰਨ, ਬਘਿਆੜ ਤੇ ਸ਼ਹੇ ਇਕੋ ਥਾਂ ਰਹਿੰਦੇ ਤੇ ਇਕੱਠੇ ਪਾਣੀ ਪੀਂਦੇ । ਇਸ ਮਹਾਨ ਸੁੰਦਰ ਰੱਖ ਦੇ ਪੰਛੀ ਉਡਾਰੀਆਂ ਵੀ ਲਾਉਂਦੇ ਤੇ ਪਸ਼ੁ ਵੀ ਖੁਸੀ ਵਿਚ ਫਿਰਦੇ ਦੂਰ-ਦੂਰ ਤੋਂ ਲੋਕ ਇਸ ਕੌਤਕ ਰਾਹੀਂ ਕੀਤੀ ਸੇਵਾ ਦੇਖਣ ਲਈ ਆਉਂਦੇ।
ਆਪ ਜੀ ਨੇ ਗੁਰੂ ਕੇ ਲੰਗਰ ਦੀ ਮਰਯਾਦਾ ਨੂੰ ਸਿੱਖਾ ਦੇ ਘਰਾ ਤੱਕ ਪਹੁੰਚਾਇਆ ਅਤੇ ਇਸ ਨੂੰ ਸਿੱਖ ਦੀ ਰਹਿਣੀ ਦਾ ਇਕ ਅਹਿਮ ਅੰਗ ਦੱਸਿਆ ਮਾਲਵੇ ਦੇ ਇਲਾਕੇ ਵਿੱਚ ਕਾਲ ਪੈ ਗਿਆ ਕਈ ਜਾਨ ਭੁੱਖ ਦੀ ਤਣਾਅ ਕਾਰਣ ਉੱਠ ਗਏ, ਗੁਰੂ ਜੀ ਨੇ ਹੁਕਮ ਦਿੱਤਾ ਕਿ ਪਹਿਲੇ ਲੋੜਵੰਦ ਭੁੱਖਿਆ ਨੂੰ ਪ੍ਰਸ਼ਾਦਾ ਛਕਾਉ, ਦਿਲੋਂ ਹੋ ਕੇ ਸੇਵਾ ਕਰੋ ਤੇ ਫੇਰ ਆਪ ਖਾਓ।
ਆਪ ਜੀ ਨੇ ਜੀਵਨ ਵਿਚ ਮਹਾਨ, ਅਦੁੱਤੀ ਤੇ ਚਮਤਕਾਰੀ ਘਟਨਾ ਉਸ ਵੇਲੇ ਵਾਪਰੀ ਜਦ ਆਪ ਜੀ ਨੇ ਆਪਣੇ ਵੱਡੇ ਸਾਹਿਬ ਜਾਦੇ, ਰਾਮ ਰਾਏ ਨੂੰ ਬਾਦਸ਼ਾਹ ਦੀ ਖੁਸ਼ਮਦ ਵਿੱਚ ਆਏ, ਜਾਣਦਿਆ ਬੁਝਦਿਆ, ਗੁਰਬਾਣੀ ਦਾ ਇਕ ਸ਼ਬਦ ਮੁਸਲਮਾਨ ਦੀ ਖਾਂ ਬੇਈਮਾਨ ਬਦਲਣ ਕਰਦੇ। ਮੂੰਹ ਨਾ ਲਾਇਆ ਅਤੇ ਸਦਾ ਲਈ ਤਿਆਗ ਦਿੱਤਾ।ਅਸੂਲ ਪਿੱਛੇ ਪੁੱਤਰ ਨੂੰ ਤਿਆਗ ਦੇਣਾ ਤੇ ਸਚਿਆਈ ਨੂੰ ਪਾਲਣਾ ਗੁਰੂ ਜੀ ਦੀ ਮਹਾਨ ਸੇਵਾ ਹੈ।
ਗੁਰੂ ਹਰਿ ਰਾਇ ਸਾਹਿਬ ਨੇ ਆਪਣੇ ਜੀਵਨ ਕਾਲ ਵਿਚ ਮਾਝੇ,ਮਾਲਵੇ ਤੇ ਦੁਆਬੇ ਵਿਚ ਸਿੱਖੀ ਦੇ ਪਰਚਾਰ ਲਈ ਕਈ ਦੌਰੇ ਕੀਤੇ ਅਤੇ ਸਿੱਖ ਮੱਤ ਦੇ ਪ੍ਰਚਾਰ ਲਈ ਪਰਚਾਰਕ ਬਾਹਰ ਭੇਜੇ। ਆਪਣ ਅੰਤਿਮ ਸਮਾਂ ਨੇੜੇ ਆਇਆ ਗੁਰੂ ਜੀ ਨੇ ਗਰਿਆਈ ਛੋਟੇ ਸਾਹਿਬਜਾਦੇ ਸ੍ਰੀ ਗੁਰੂ ਹਰਿਿਕ੍ਰਸਨ ਸਾਹਿਬ ਜੀ ਨੂੰ ਸੌਂਪ ਦਿੱਤੀ ਤੇ ਆਪ ਅਕਤੂਬਰ 1661 ਇ. ਨੂੰ ਆਪ ਕੀਰਤ ਪੁਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ।ਅੱਜ ਦੇ ਸਮੇਂ ਦੀ ਮੁੱਖ ਲੋੜ ਪਦਾਰਥਵਾਦ ਤੋਂ ਮੁੜਨਾ ਕੁਦਰਤ ਨਾਲ ਜੁੜਨਾ ਹੈ। ਕੰਕਰੀਟ ਤੋਂ ਕੁਦਰਤ ਵੱਲ ਮੁੜ ਕੇ ਪ੍ਰਮਾਤਮਾ ਦੀਆ ਖੁਸ਼ੀਆ ਪ੍ਰਾਪਤ ਕਰ ਸਕਦੇ ਹਾਂ। ਇਸ ਕਾਰਜ ਵਿੱਚ ਹੀ ਕੌਮ ਦੀ ਚੜ੍ਹਦੀ ਕਲਾ ਦਾ ਭੇਤ ਛੁਪਿਆ ਹੋਇਆ ਹੈ। 

 

ਗੰਗਾ ਤੋਂ ਪਹਿਲਾਂ ਬੈਂਕਾਂ ਦੀ ਸਫਾਈ ਸੰਭਵ! ✍️ ਸਲੇਮਪੁਰੀ ਦੀ ਚੂੰਢੀ

ਇਸ ਵੇਲੇ ਭਾਰਤ ਸਰਕਾਰ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਤ ਹੈ ਕਿ ਦੇਸ਼ ਵਿਚ ਵਿਲੱਖਣ ਮਹਾਨਤਾ ਪ੍ਰਾਪਤ ਨਦੀ ਗੰਗਾ  ਦੀ ਸਫਾਈ ਹੋ ਜਾਵੇ ਤਾਂ ਜੋ ਇਸ ਨਦੀ ਦੀ ਪਵਿੱਤਰਤਾ ਬਹਾਲ ਰੱਖੀ ਜਾ ਸਕੇ। ਇਸ ਸਾਲ ਦੇ ਪਹਿਲੇ ਮਹੀਨੇ ਹੋਈਆਂ ਦਿੱਲੀ ਚੋਣਾਂ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਇਸ ਨਦੀ ਦੀ ਸਫਾਈ ਨੂੰ ਲੈ ਕੇ ਇੱਕ ਦੂਜੇ ਉਪਰ ਸ਼ਬਦੀ ਹਮਲੇ ਵੀ ਕੀਤੇ ਗਏ। ਦੇਸ਼ ਦੇ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਗੰਗਾ ਦੀ ਸਫਾਈ ਨੂੰ ਲੈ ਕੇ ਬਹੁਤ ਪ੍ਰਚਾਰ ਕੀਤਾ ਜਾ ਰਿਹਾ ਹੈ, ਪਰ ਸਫਾਈ ਕਦੋਂ ਹੋਵੇਗੀ ਦੇ ਬਾਰੇ ਅਜੇ ਸਪੱਸ਼ਟ ਨਹੀਂ ਹੈ, ਪਰ  ਦੇਸ਼ ਦੀਆਂ  ਬੈਂਕਾਂ ਵਿਚ ਸਫਾਈ ਦਾ ਕੰਮ ਪੂਰੇ ਜੋਰਾਂ ਸ਼ੋਰਾਂ ਨਾਲ ਤੇਜ ਗਤੀ ਨਾਲ ਨਿਰੰਤਰ ਜਾਰੀ ਹੈ। ਦੇਸ਼ ਦੇ  ਬੁੱਧੀਜੀਵੀ ਵਰਗ ਦਾ ਕਹਿਣਾ ਹੈ ਕਿ ਪਵਿੱਤਰ ਗੰਗਾ ਦੀ ਸਫਾਈ ਹੋਵੇ ਜਾਂ ਨਾ ਹੋਵੇ, ਪਰ ਉਸ ਨਾਲੋਂ ਪਹਿਲਾਂ ਦੇਸ਼ ਦੀਆਂ ਬੈਂਕਾਂ ਵਿਚ ਪਏ ਗੰਦੇ, ਫਟੇ ਪੁਰਾਣੇ ਅਤੇ ਗਲਤ ਢੰਗ ਤਰੀਕਿਆਂ ਨਾਲ ਕਮਾ ਕੇ ਜਮਾਂ ਕਰਵਾਏ ਨੋਟਾਂ ਦੀ ਸਫਾਈ ਪੱਕੀ ਹੈ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਲੁਧਿਆਣਾ ਸ਼ਹਿਰ ਵਿੱਚੋਂ ਦੀ ਵਹਿੰਦੇ ਬੁੱਢਾ ਦਰਿਆ ਦੀ ਸਫਾਈ ਨੂੰ ਲੈ ਕੇ ਵੀ ਗੰਗਾ ਦੀ ਸਫਾਈ ਦੀ ਤਰ੍ਹਾਂ ਬਹੁਤ ਉੱਚੀ ਉੱਚੀ ਰੌਲਾ ਪਾਇਆ ਜਾ ਰਿਹਾ ਹੈ, ਜਿਸ ਕਰਕੇ ਕਈ ਦਹਾਕਿਆਂ ਤੋਂ ਸਫਾਈ ਦਾ ਕੰਮ  ਜਾਰੀ ਹੈ, ਪੂਰਾ ਨਹੀਂ ਹੋ ਸਕਿਆ, ਪਰ ਇਸ ਦੇ ਐਨ ਉਲਟ ਬੈਕਾਂ ਦੀ ਸਫਾਈ ਦਾ ਕੰਮ ਬਹੁਤ ਹੀ ਸ਼ਾਂਤਮਈ ਢੰਗ ਨਾਲ ਬਿਨਾਂ ਕਿਸੇ ਕਾਂਵਾਂ ਰੌਲੀ ਤੋਂ ਬਹੁਤ ਹੀ ਸੁਲਝੀ ਹੋਈ ਵਿਉਂਤਬੰਦੀ ਨਾਲ ਸਫਲਤਾਪੂਰਵਕ ਆਪਣੀ ਗਤੀ  ਨਾਲ ਆਪਣੀ ਮੰਜ਼ਿਲ ਵੱਲ ਵਧ  ਰਿਹਾ ਹੈ । 

ਬੁਧੀਜੀਵੀਆਂ ਦਾ ਕਹਿਣਾ ਹੈ ਕਿ ਆਪਣੇ ਹੱਥਾਂ ਨੂੰ ਬਿਨਾਂ ਗੰਦੇ ਹੋਣ ਤੋਂ ਬਚਾਉਂਦਿਆਂ ਅਤੇ ਹੱਥ ਦੀ ਸਫਾਈ ਵਿਖਾਉਂਦਿਆਂ  ਸਤਿਕਾਰਯੋਗ ਵਿਜੇ ਮਾਲਿਆ ਜੀ, ਸਤਿਕਾਰਯੋਗ ਨੀਰਵ ਮੋਦੀ ਜੀ  ਸਤਿਕਾਰਯੋਗ ਮੇਹੁਲ ਚੌਕਸੀ  ਅਤੇ ਸਤਿਕਾਰਯੋਗ ਰਾਣਾ ਕਪੂਰ ਸਮੇਤ ਲਗਭਗ 30 ਦੇ ਕਰੀਬ ਵੱਖ ਵੱਖ ਸਖਸ਼ੀਅਤਾਂ ਹਨ, ਜਿਨ੍ਹਾਂ ਵਲੋਂ  ਬੈਂਕਾਂ ਦੀ ਸਫਲਤਾਪੂਰਵਕ ਵਿਉਂਤਬੰਦੀ ਨਾਲ ਸਫਾਈ ਕਰਕੇ ਵਿਖਾਉਂਦਿਆਂ ਨਵਾਂ ਰਿਕਾਰਡ ਬਣਾਇਆ ਹੈ ਅਤੇ ਲਗਭਗ 10 ਲੱਖ ਕਰੋੜ ਰੁਪਏ ਜੋ ਵੱਖ ਬੈਂਕਾਂ ਦੇ ਲਾਕਰਾਂ ਵਿਚ ਪਏ ਵਾਧੂ ਭਾਰ ਬਣੇ ਹੋਏ ਸਨ, ਦੀ ਸਫਾਈ ਕਰਕੇ ਦੇਸ਼ ਦੇ ਵੱਡੇ ਅਤੇ ਸੱਚੇ ਸੁੱਚੇ ਦੇਸ਼ ਭਗਤ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ।  ਦੇਸ਼ ਦੇ ਲੋਕਾਂ ਦੀ ਸਮੂਹਿਕ ਮੰਗ ਹੈ ਕਿ ਇੰਨਾ ਦੇਸ਼ ਭਗਤਾਂ ਨੂੰ ਦੇਸ਼ ਦਾ ਸਰਵਸ੍ਰੇਸ਼ਠ ਪੁਰਸਕਾਰ 'ਭਾਰਤ ਰਤਨ' ਦੇ ਕੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਜਿਹੜੀਆਂ ਸਤਿਕਾਰਤ ਸਖਸ਼ੀਅਤਾਂ ਬੈਂਕਾਂ ਦੀ ਸਫਾਈ ਦੇ ਕਾਰਜ ਵਿਚ ਸੇਵਾਵਾਂ ਨਿਭਾਅ ਰਹੀਆਂ ਹਨ, ਨੂੰ ਕੌਮੀ ਪੁਰਸਕਾਰ ਦੇ ਕੇ ਸਨਮਾਨਿਤ ਕਰਨਾ ਬਹੁਤ ਜਰੂਰੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਤੋਂ ਸੇਧ ਲੈ ਕੇ ਦੇਸ਼ ਦੀਆਂ ਸਮੂਹ ਬੈਂਕਾਂ, ਬੀਮਾ ਕੰਪਨੀਆਂ ਅਤੇ ਵਿੱਤੀ ਅਦਾਰਿਆਂ ਦੀ ਸਫਾਈ ਦਾ ਸ਼ੁਭ ਕਾਰਜ ਨਿਰੰਤਰ ਜਾਰੀ ਰੱਖ ਸਕਣ। 

ਕੁੱਝ ਲੋਕਾਂ ਦਾ ਇਹ ਵੀ ਸੁਝਾਅ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਗੰਗਾ ਅਤੇ ਲੁਧਿਆਣਾ ਸ਼ਹਿਰ ਦੇ ਵਿਚੋਂ ਦੀ ਵਹਿੰਦੇ ਬੁੱਢਾ ਦਰਿਆ ਦੀ ਸਫਾਈ ਨੂੰ ਲੈ ਕੇ  ਜਿਹੜੀਆਂ ਸਤਿਕਾਰਯੋਗ ਸਖਸ਼ੀਅਤਾਂ  ਸੇਵਾਵਾਂ ਨਿਭਾਅ ਰਹੀਆਂ ਹਨ ਹਨ ਜਾਂ ਨਿਭਾਅ ਚੁੱਕੀਆਂ ਹਨ, ਨੂੰ ਵੀ ਕੌਮੀ ਪੱਧਰ  ਜਾਂ ਫਿਰ ਰਾਜ ਪੱਧਰ 'ਤੇ ਜਰੂਰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਗੰਗਾ ਅਤੇ ਬੁੱਢਾ ਦਰਿਆ ਵਿਚ ਪਈ ਗੰਦਗੀ ਦੀ ਸਫਾਈ ਕਰਨਾ ਵੀ ਹਿਮਾਲਾ ਪਰਬਤ ਨੂੰ ਸਰ ਕਰਨ ਤੋਂ ਘੱਟ ਨਹੀਂ ਹੈ।

ਤਾਜਾ ਮੌਸਮ ✍️ ਸਲੇਮਪੁਰੀ ਦੀ ਚੂੰਢੀ 

ਤਾਜਾ ਮੌਸਮ -

ਵਰਖਾ! 

ਮੌਸਮ ਵਿਭਾਗ ਤੋਂ ਕੱਲ੍ਹ ਸ਼ਾਮ ਨੂੰ ਮਿਲੀ ਜਾਣਕਾਰੀ ਅਨੁਸਾਰ 5 ਤੋਂ 7 ਮਾਰਚ ਦੌਰਾਨ ਖਿੱਤੇ ਪੰਜਾਬ ਚ  ਭਾਰੀ ਬਾਰਿਸ਼ ਪਵੇਗੀ। 

ਪਹਿਲਾਂ ਦੱਸੇ ਮੁਤਾਬਿਕ ਮਾਰਚ ਦਾ ਪਹਿਲਾ ਤੇ ਤਕੜਾ ਪੱਛਮੀ ਸਿਸਟਮ ਕੱਲ੍ਹ ਸਵੇਰ ਪਾਕਿ ਚ ਦਸਤਕ ਦੇ ਦੇਵੇਗਾ ਤੇ ਪੰਜਾਬ ਚ ਟੁੱਟਵੀਂ ਬੱਦਲਵਾਹੀ ਨਾਲ 2-3 ਥਾਈਂ ਕਿਣਮਿਣ ਜਾਂ ਹਲਕੀ ਹਲਚਲ ਵੇਖੀ ਜਾਵੇਗੀ । ਪੰਜਾਬ ਚ ਇਸਦਾ ਮੁੱਖ ਅਸਰ ਪਰਸੋਂ ਸ਼ੁਰੂ ਹੋ ਜਾਵੇਗਾ 5-6 ਮਾਰਚ ਖਿੱਤੇ ਪੰਜਾਬ ਚ ਲਗਾਤਾਰ ਵੱਖੋ-ਵੱਖ ਖੇਤਰਾਂ ਚ ਵਗਦੀਆਂ ਠੰਡੀਆਂ ਤੇਜ਼ ਪੂਰਬੀ ਹਵਾਵਾਂ ਨਾਲ ਰੁਕ-ਰੁਕ ਗਰਜ-ਚਮਕ ਨਾਲ ਬਾਰਿਸ਼ ਦੇ ਤੇਜ਼ ਛਰਾਟਿਆਂ ਦੀ ਉਮੀਦ ਹੈ ।7 ਮਾਰਚ ਤੱਕ ਪੰਜਾਬ ਚ ਟੁੱਟਵੀਂ ਕਾਰਵਾਈ ਬਣੀ ਰਹੇਗੀ। ਸਪੈਲ ਦੌਰਾਨ ਪੰਜਾਬ ਦੇ ਜਿਆਦਾਤਰ ਖੇਤਰਾਂ ਚ ਦਿਨ ਦਾ ਪਾਰਾ 15-20°c ਰਹਿਣ ਤੇ ਦਿਨ ਵੇਲੇ ਮੁੜ ਚੰਗੀ ਠੰਡ ਮਹਿਸੂਸ ਹੋਵੇਗੀ।

ਗੜ੍ਹੇਮਾਰੀ- ਇਸ ਸਪੈਲ ਦੌਰਾਨ ਗੜ੍ਹੇਮਾਰੀ ਆਮ ਵੇਖੀ ਜਾਵੇਗੀ ਪਰ ਪੰਜਾਬ ਚ ਜਿਆਦਾਤਰ ਥਾਂਈ ਗੜ੍ਹਿਆਂ ਦਾ ਆਕਾਰ ਬਰੀਕ ਤੇ ਛੋਟਾ ਹੀ ਰਹੇਗਾ। ਹਰਿਆਣਾ ਤੇ ਰਾਜਸਥਾਨ ਚ ਗੜ੍ਹੇਮਾਰੀ ਜਿਆਦਾ ਮਾਰੂ ਰਹੇਗੀ।

ਬਰਫ਼ਵਾਰੀ - ਲੰਬਾ ਸਮਾਂ ਚੱਲਣ ਕਾਰਨ ਇਸ ਸਿਸਟਮ ਨਾਲ ਮਨਾਲੀ,ਡਲਹੌਜੀ,ਸ਼ਿਮਲਾ ਆਦਿ Late_season_snow ਬਰਫ਼ਵਾਰੀ ਦੀ ਉਮੀਦ ਹੈ ਦਰਮਿਆਨੀ ਉਚਾਈ ਦੇ 2500-3000 ਮੀਟਰ ਤੋਂ ਓੁੱਚੇ ਜੰਮੂ-ਕਸ਼ਮੀਰ,ਹਿਮਾਚਲ ਤੇ ਓੁੱਤਰਾਖੰਡ ਦੇ ਪਹਾੜਾਂ ਚ 1-2 ਫੁੱਟ ਭਾਰੀ ਬਰਫ਼ਵਾਰੀ ਦੀ ਆਸ ਹੈ।

ਉੰਝ  ਸਾਰੇ ਸੂਬੇ ਚ ਹੀ ਭਾਰੀ ਬਾਰਿਸ਼ ਦੀ ਆਸ ਹੈ ਪਰ  ਪਾਤੜਾਂ, ਨਾਭਾ, ਪਟਿਆਲਾ, ਅੰਬਾਲਾ ,ਸੰਗਰੂਰ , ਫ਼ਤਹਿਗੜ੍ਹ ਸਾਹਿਬ, ਦੇਵੀਗੜ੍ਹ, ਰਾਜਪੁਰਾ, ਖੰਨਾ, ਕੈਂਥਲ, ਖਮਾਣੋਂ, ਲੁਧਿਆਣਾ, ਮਾਲੇਰਕੋਟਲਾ , ਸਮਰਾਲਾ, ਰਾਏਕੋਟ, ਜਗਰਾਉਂ , ਮੋਗਾ, ਧਰਮਕੋਟ, ਜਲੰਧਰ, ਕਪੂਰਥਲਾ, ਸੁਲਤਾਨਪੁਰ ਲੋਧੀ, ਫਗਵਾੜਾ, ਨਵਾਂਸ਼ਹਿਰ, ਬਲਾਚੌਰ, ਤਰਨਤਾਰਨ ,ਅੰਮ੍ਰਿਤਸਰ , ਪਠਾਨਕੋਟ, ਗੁਰਦਾਸਪੁਰ , ਹੁਸ਼ਿਆਰਪੁਰ ,ਰੋਪੜ ,ਮੋਹਾਲੀ ਖੇਤਰਾਂ ਚ ਭਾਰੀ ਬਾਰਿਸ਼ ਦੀ ਵਧੇਰੇ ਆਸ ਹੈ।

ਹਰਿਆਣਾ ਚ ਪੰਜਾਬ ਨਾਲੋੰ ਵੀ ਤਕੜੀਆਂ ਕਾਰਵਾਈਆਂ ਦੀ ਉਮੀਦ ਹੈ।

ਪਹਿਲਾ ਦੱਸੇ ਮੁਤਾਬਿਕ ਠੰਡ ਚ ਮੁੜ ਵਾਧਾ ਵੇਖਿਆ ਜਾਵੇਗਾ। ਮਾਰਚ ਦਾ ਪਹਿਲੇ ਅੱਧ ਚ ਪਾਰਾ ਔਸਤ ਨਾਲੋੰ ਘੱਟ ਰਹੇਗਾ। ਅਗਲਾ ਪੱਛਮੀ ਸਿਸਟਮ 10-12 ਨੂੰ ਆਉੰਦਾ ਜਾਪ ਰਿਹਾ ਹੈ ਕੁਲ ਮਿਲਾ ਕੇ ਮਾਰਚ ਚ ਔਸਤ ਨਾਲੋਂ ਵਧੇਰੇ ਬਾਰਿਸ਼ ਤੇ ਪਾਰਾ ਔਸਤ ਤੇ ਔਸਤ ਨਾਲੋਂ ਰਤਾ ਘੱਟ ਹੀ ਰਹੇਗਾ।

ਧੰਨਵਾਦ ਸਹਿਤ।

✍️ ਸੁਖਦੇਵ ਸਲੇਮਪੁਰੀ

ਕੋਰੋਨਾ ਵਾਇਰਸ ਬਨਾਮ ਸਾਧ ਤੇ ਵਪਾਰੀ ✍️ਸਲੇਮਪੁਰੀ ਦੀ ਚੂੰਢੀ 

ਕੋਰੋਨਾ ਵਾਇਰਸ ਬਨਾਮ ਸਾਧ ਤੇ ਵਪਾਰੀ 

ਦੋਸਤੋ! ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਭਾਰਤ ਸਮੇਤ ਸਮੁੱਚੇ ਸੰਸਾਰ ਵਿੱਚ ਨਾ ਮੁਰਾਦ ਬਿਮਾਰੀ ਕੋਰੋਨਾ ਵਾਇਰਸ ਦੇ ਕਾਲੇ ਬੱਦਲ ਮੰਡਰਾ ਰਹੇ ਹਨ। ਸਾਰੇ ਦੇਸ਼ਾਂ ਵਿਚ ਇਸ ਬਿਮਾਰੀ ਨਾਲ ਨਜਿੱਠਣ  ਲਈ ਉਥੋਂ ਦੀਆਂ ਸਰਕਾਰਾਂ ਅਤੇ ਡਾਕਟਰਾਂ ਵਲੋਂ ਡਾਕਟਰੀ ਸੇਵਾਵਾਂ ਦੇ ਨਾਲ ਨਾਲ ਅਗਾਊਂ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਭਾਰਤ ਵਿਚ ਵੀ ਕੇਂਦਰ ਸਰਕਾਰ ਤੋਂ ਇਲਾਵਾ ਸੂਬਾ ਸਰਕਾਰਾਂ ਵਲੋਂ ਇਸ ਬਿਮਾਰੀ ਤੋਂ ਬਚਾਓ ਲਈ ਹਰ ਸੰਭਵ ਯਤਨ ਜੁਟਾਏ ਜਾ ਰਹੇ ਹਨ, ਪਰ ਇਸ ਦੇ ਨਾਲ ਨਾਲ ਸਾਡੇ ਦੇਸ਼ ਵਿਚ ਦੋ ਵਰਗ ਜਿਸ ਵਿਚ ਪਾਖੰਡੀ ਸਾਧ ਅਤੇ ਵਪਾਰੀ ਸ਼ਾਮਲ ਹਨ, ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾਉਣ ਲਈ ਸਰਗਰਮ ਹੋ ਰਹੇ ਹਨ। ਲਾਲਚਵੱਸ ਵਪਾਰੀਆਂ ਨੇ ' ਦਵਾਈਆਂ ਖਤਮ' ਦੇ ਨਾਉਂ ਹੇਠ ਕੀਮਤਾਂ ਵਿਚ ਕਈ ਸੈਂਕੜੇ, ਹਜਾਰ ਫੀਸਦੀ ਵਾਧਾ ਕਰਕੇ ਲੁੱਟ ਖਸੁੱਟ ਸ਼ੁਰੂ ਕਰ ਦਿੱਤੀ ਹੈ ਜਦੋਂਕਿ ਇਸ ਦੇ ਨਾਲ ਨਾਲ ਸਾਡਾ ਰੱਬ ਬਣ ਕੇ ਬੈਠੇ ਪਾਖੰਡੀ ਸਾਧਾਂ ਨੇ ਇਸ ਵਾਇਰਸ ਤੋਂ ਬਚਾਓ ਅਤੇ ਇਲਾਜ ਲਈ ਧਾਗੇ-ਤਵੀਤਾਂ ਦੀ ਦੁਕਾਨਦਾਰੀ ਸ਼ੁਰੂ ਕਰ ਦੇਣੀ ਹੈ, ਕਿਸੇ ਇਲਾਕੇ ਵਿਚ ਮੋਰ ਦੇ ਖੰਭਾਂ ਨਾਲ, ਕਿਤੇ ਪਹਾੜੀ ਮਿੱਟੀ ਨਾਲ, ਕਿਤੇ ਖੂਹ/ਨਲਕੇ/ਛੱਪੜ ਦੇ ਪਾਣੀ ਨਾਲ ਇਲਾਜ ਸ਼ੁਰੂ ਹੋਣ ਵਾਲਾ ਹੈ। ਦਰਿਆਵਾਂ /ਨਹਿਰਾਂ ਵਿਚ ਨਾਰੀਅਲ ਛੱਡੇ ਜਾਣਗੇ, ਚੌਰਾਹਿਆਂ ਵਿਚ ਟੂਣੇ ਕੀਤੇ ਜਾਣਗੇ, ਮੁਰਗਿਆਂ /ਬੱਕਰਿਆਂ ਦੀ ਬਲੀਆਂ ਦਿੱਤੀਆਂ ਜਾਣਗੀਆਂ। ਸਾਧ ਇਸ ਵਾਇਰਸ ਨੂੰ ਕੁਦਰਤ ਦੀ ਕਰੋਪੀ, ਕਿਸੇ ਕਾਲਪਨਿਕ ਦੇਵਤੇ ਦਾ ਕ੍ਰੋਧ ਦੱਸ ਕੇ ਤਰ੍ਹਾਂ ਤਰ੍ਹਾਂ ਦੇ ਮਹਿੰਗੇ ਉਪਾਅ ਦੱਸਕੇ ਕਮਾਈ ਕਰਨਗੇ।

ਮੇਰੇ ਦੋਸਤੋ!

ਸਾਵਧਾਨ ਰਹਿਣਾ ਮੌਕੇ ਦਾ ਫਾਇਦਾ ਉਠਾਉਣ ਵਾਲੇ ਵਪਾਰੀਆਂ ਅਤੇ ਪਾਖੰਡੀ ਸਾਧਾਂ ਤੋਂ। ਆਪਣੇ ਦਿਮਾਗ ਦੀ ਵਰਤੋਂ ਕਰਨਾ, ਵਿਗਿਆਨਿਕ ਸੋਚ ਰੱਖਣਾ ਅਤੇ ਤਰਕ ਦੇ ਅਧਾਰਿਤ ਗੱਲ ਕਰਕੇ ਸੰਭਾਵੀ ਮਾੜੀ ਸਥਿਤੀ ਨਾਲ ਨਜਿੱਠਣ ਲਈ  ਹੌਂਸਲਾ ਬੁਲੰਦ ਰੱਖਣਾ, ਡਾਕਟਰ ਦੀ ਸਲਾਹ ਲੈਣ ਤੋਂ ਕੰਨੀ ਨਹੀਂ ਕਤਰਾਉਣੀ ਜਦਕਿ ਪਾਖੰਡੀ ਸਾਧਾਂ ਅਤੇ ਵਪਾਰੀਆਂ ਤੋਂ ਸਾਵਧਾਨ ਰਹਿਣਾ ਜਿਹੜੇ ਹਮੇਸ਼ਾ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾਉਣ ਦੀ ਤਾਕ ਵਿਚ ਰਹਿੰਦੇ ਹਨ। 

ਧੰਨਵਾਦ ਸਹਿਤ

 ✍️ਸੁਖਦੇਵ ਸਲੇਮਪੁਰੀ

 

ਬ੍ਰਿਟੇਨ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਲੱਗਾਤਾਰ ਵੱਧ ਰਹੀ ਹੈ ✍️ਖਹਿਰਾ

ਬ੍ਰਿਟੇਨ ਵਿਚ ਪੜ੍ਹਨ ਲਈ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਮੌਜੂਦਾ ਸੈਸ਼ਨ ਵਿਚ 1 ਲੱਖ ਦੇ ਪਾਰ ਹੋ ਗਈ ਹੈ। ਪਿਛਲੇ ਸਾਲ ਦੇ ਸੈਸ਼ਨ ਦੀ ਤੁਲਨਾ ਵਿਚ ਇਸ ਸਾਲ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਕਰੀਬ 107 ਫੀਸਦੀ ਦਾ ਵਾਧਾ ਹੋਇਆ ਹੈ। ਭਾਰਤ ਵਿੱਚ ਮੰਦੀ ਦੇ ਬਾਵਜੂਦ ਪੜ੍ਹਨ ਲਈ ਬ੍ਰਿਟੇਨ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ। ਯੂਨੀਵਰਸਿਟੀ ਆਫ ਵੈਸਟ ਇੰਗਲੈਂਡ ਵਿਚ ਇੰਟਰਨੈਸ਼ਨਲ ਡਾਇਰੈਕਟਰ (ਏਸ਼ੀਆ ਪੈਸੀਫਿਕ) ਪ੍ਰੋਫੈਸਰ ਰੇ ਪ੍ਰੀਸਟ ਦੇ ਮੁਤਾਬਕ ਇਹਨਾਂ ਵਿਦਿਆਰਥੀਆਂ ਦੀ ਗਿਣਤੀ ਵਿਚ ਹੋਰ ਵਾਧਾ ਹੋਣ ਦੀ ਆਸ ਹੈ। 

ਬ੍ਰਿਟੇਨ ਦੇ 120 ਪ੍ਰਮੁੱਖ ਵਿੱਦਿਅਕ ਅਦਾਰਿਆਂ ਵਿਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਹਨਾਂ ਵਿਚੋਂ 30 ਹਜ਼ਾਰ ਯੂ.ਡਬਲਊ.ਈ. ਬ੍ਰਿਸਟਲ ਵਿਚ ਹਨ। ਇਸ ਨੂੰ ਦੇਖਦੇ ਹੋਏ ਯੂਨੀਵਰਸਿਟੀ ਆਫ ਵੈਸਟ ਇੰਗਲੈਂਡ ਭਾਰਤ ਵਿਚ ਇਸ ਸਾਲ ਆਪਣਾ ਸਥਾਈ ਦਫਤਰ ਖੋਲ੍ਹਣ ਜਾ ਰਹੀ ਹੈ। ਇਹ 500 ਤੋਂ ਜ਼ਿਆਦਾ ਕੋਰਸ ਆਫਰ ਕਰ ਰਹੀ ਹੈ। ਭਾਰਤੀ ਵਿਦਿਆਰਥੀਆਂ ਨੇ ਬ੍ਰਿਟੇਨ ਦੇ ਕਰੀਬ 120 ਅਦਾਰਿਆਂ ਵਿਚ ਦਾਖਲਾ ਲਿਆ ਹੈ। ਸਭ ਤੋਂ ਜ਼ਿਆਦਾ ਦਾਖਲੇ ਬਿਜ਼ਨੈੱਸ, ਇੰਜੀਨੀਅਰਿੰਗ, ਸੋਸ਼ਲ ਲਾਈਫ ਅਤੇ ਹੈਲਥ ਦੇ ਵਿਸ਼ਿਆਂ ਵਿਚ ਹੋਏ ਹਨ।

ਸਟੱਡੀਪੋਰਟਲ ਦੇ ਮੁਤਾਬਕ ਭਾਰਤੀ ਜੌਬ ਮਾਰਕੀਟ ਵਿਚ ਬੈਚਲਰ ਜਾਂ ਮਾਸਟਰ ਡਿਗਰੀ ਵਾਲੇ ਘਰੇਲੂ ਵਿਦਿਆਰਥੀਆਂ ਦੀ ਤੁਲਨਾ ਵਿਚ ਵਿਦੇਸ਼ੀ ਡਿਗਰੀ ਵਾਲੇ ਵਿਦਿਆਰਥੀਆਂ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ। ਵਿਦੇਸ਼ੀ ਯੂਨੀਵਰਸਿਟੀ ਉੱਚ ਗੁਣਵੱਤਾ ਵਾਲੀ ਸਿੱਖਿਆ ਦਿੰਦੀ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉੱਥੇ ਭਾਰਤੀ ਯੂਨੀਵਰਸਿਟੀਆਂ ਦੀ ਤੁਲਨਾ ਵਿਚ ਰਿਸਰਚ 'ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ। 

ਬ੍ਰਿਟੇਨ ਦੀ ਸਰਕਾਰ ਨੇ ਸਤੰਬਰ 2019 ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਕਈ ਸਹੂਲਤਾਂ ਦਾ ਐਲਾਨ ਕੀਤਾ ਸੀ। ਇਹਨਾਂ ਵਿਚ ਪੜ੍ਹਾਈ ਦੇ ਬਾਅਦ 2 ਸਾਲ ਤੱਕ ਦਾ ਵਰਕ ਵੀਜ਼ਾ ਦੇਣ ਦਾ ਐਲਾਨ ਸ਼ਾਮਲ ਹੈ। ਇਸ ਨਾਲ ਵਿਦਿਆਰਥੀਆਂ ਨੂੰ ਬ੍ਰਿਟੇਨ ਵਿਚ ਸਫਲ ਕਰੀਅਰ ਬਣਾਉਣ ਅਤੇ ਵਸਣ ਵਿਚ ਮਦਦ ਮਿਲੇਗੀ। ਬ੍ਰਿਟੇਨ ਵਿਚ ਭਾਰਤੀ ਵਿਦਿਆਰਥੀਆ ਚੀਨ ਦੀ ਤੁਲਨਾ ਵਿਚ 3 ਗੁਣਾ ਅਤੇ ਗਲੋਬਲ ਟ੍ਰੈਂਡ ਨਾਲੋਂ 4 ਗੁਣਾ ਜ਼ਿਆਦਾ ਹਨ। ਕੁਲ ਮਿਲਾ ਕੇ ਬ੍ਰਿਟੇਨ ਅਤੇ ਭਾਰਤ ਲਈ ਇਹ ਵਧੀਆ ਰੋਜਾਨ ਲਗਦਾ ਹੈ।

28 ਫਰਵਰੀ - ਰਾਸ਼ਟਰੀ ਵਿਗਿਆਨ ਦਿਵਸ ਦੇ ਵਿਸ਼ੇਸ਼✍️ਗੋਬਿੰਦਰ ਸਿੰਘ ਢੀਂਡਸਾ

28 ਫਰਵਰੀ - ਰਾਸ਼ਟਰੀ ਵਿਗਿਆਨ ਦਿਵਸ ਦੇ ਵਿਸ਼ੇਸ਼
ਲੋਕਾਂ ਨੂੰ ਵਿਗਿਆਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਅਤੇ ਵਿਦਿਆਰਥੀਆਂ ਨੂੰ ਵਿਗਿਆਨ ਦੇ ਖੇਤਰ ਵਿੱਚ ਅੱਗੇ ਵਧਣ ਲਈ
ਪ੍ਰੇਰਿਤ ਕਰਨ ਦੇ ਉਦੇਸ਼ ਨਾਲ 28 ਫਰਵਰੀ ਨੂੰ ਰਾਸ਼ਟਰੀ ਵਿਗਿਆਨ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਅਤੇ ਪਹਿਲੀ ਵਾਰ
28 ਫਰਵਰੀ 1987 ਨੂੰ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ। ਸਾਲ 2020 ਦਾ ਰਾਸ਼ਟਰੀ ਵਿਗਿਆਨ ਦਿਵਸ ਦਾ ਵਿਸ਼ਾ
‘ਵਿਗਿਆਨ ਵਿੱਚ ਔਰਤਾਂ’ ਹੈ।
ਪ੍ਰੋ. ਚੰਦਰਸੇਖਰ ਵੇਂਕਟਰਮਨ ਰਮਨ ਨੇ 20 ਫਰਵਰੀ 1928 ਨੂੰ ਉੱਚਕੋਟੀ ਵਿਗਿਆਨਿਕ ਖੋਜ ਕੀਤੀ ਜੋ ਕਿ ‘ਰਮਨ ਪ੍ਰਭਾਵ’ ਦੇ
ਨਾਂ ਨਾਲ ਪ੍ਰਸਿੱਧ ਹੈ। ਉਹਨਾਂ ਨੂੰ ਇਸ ਖੋਜ ਕਰਕੇ ਹੀ ਭੌਤਿਕੀ ਦੇ ਖੇਤਰ ਵਿੱਚ ਸਾਲ 1930 ਦਾ ਨੋਬਲ ਪੁਰਸਕਾਰ ਦਿੱਤਾ ਗਿਆ ਜੋ
ਕਿ ਭੌਤਿਕੀ ਦੇ ਖੇਤਰ ਵਿੱਚ ਅਜਿਹਾ ਕਰਨ ਵਾਲੇ ਏਸ਼ੀਆ ਦੇ ਪਹਿਲੇ ਵਿਅਕਤੀ ਸਨ।
ਪਿਤਾ ਚੰਦਰਸੇਖਰ ਅਈਅਰ ਜੋ ਕਿ ਭੌਤਿਕੀ ਅਤੇ ਗਣਿਤ ਦੇ ਵਿਦਵਾਨ ਸੀ ਦੇ ਘਰ ਮਾਂ ਪਾਰਬਤੀ ਅੰਮਲ ਦੀ ਕੁੱਖੋ ਸੀ.ਵੀ. ਰਮਨ
ਦਾ ਜਨਮ 7 ਨਵੰਬਰ 1888 ਨੂੰ ਤਾਮਿਲਨਾਡੂ ਦੇ ਤਿਰੂਚਿਰਾਪੱਲੀ ਵਿੱਚ ਹੋਇਆ। ਸੀ.ਵੀ. ਰਮਨ ਪੜ੍ਹਣ ਵਿੱਚ ਬਹੁਤ ਹੁਸ਼ਿਆਰ ਸੀ,
ਉਹਨਾਂ ਨੇ 11 ਵਰ੍ਹਿਆਂ ਦੀ ਉਮਰ ਵਿੱਚ ਦਸਵੀਂ ਅਤੇ 13 ਸਾਲ ਦੀ ਉਮਰ ਵਿੱਚ ਇੰਟਰਮੀਡੀਅਟ ਇਮਤਿਹਾਨ ਪਾਸ ਕਰ ਲਏ ਸੀ।
6 ਮਈ 1907 ਨੂੰ ਤ੍ਰਿਲੋਕਸੁੰਦਰੀ ਨਾਲ ਵਿਵਾਹਿਕ ਜੀਵਨ ਵਿੱਚ ਬੱਝੇ।
1917 ਵਿੱਚ ਲੰਦਨ ਵਿੱਚ ਬ੍ਰਿਟਿਸ਼ ਰਾਸ਼ਟਰਮੰਡਲ ਦੇ ਵਿਸ਼ਵ ਵਿਦਿਆਲਿਆਂ ਦਾ ਸੰਮੇਲਨ ਸੀ। ਰਮਨ ਨੇ ਉਸ ਸੰਮੇਲਨ ਵਿੱਚ
ਕੱਲਕੱਤਾ ਵਿਸ਼ਵ ਵਿਦਿਆਲਾ ਦੀ ਅਗਵਾਈ ਕੀਤੀ। ਇਹ ਰਮਨ ਦੀ ਪਹਿਲੀ ਵਿਦੇਸ਼ ਯਾਤਰਾ ਸੀ। ਇਸ ਵਿਦੇਸ਼ ਯਾਤਰਾ ਦੇ ਸਮੇਂ
ਉਹਨਾਂ ਦੇ ਜੀਵਨ ਵਿੱਚ ਇੱਕ ਮਹੱਤਵਪੂਰਨ ਘਟਨਾ ਘਟੀ। ਪਾਣੀ ਦੇ ਜਹਾਜ਼ ਤੋਂ ਉਹਨਾਂ ਨੇ ਭੂ ਮੱਧ ਸਾਗਰ ਦੇ ਗਹਿਰੇ ਨੀਲੇ ਪਾਣੀ
ਨੂੰ ਵੇਖਿਆ ਅਤੇ ਇਸ ਨੀਲੇ ਪਾਣੀ ਨੂੰ ਦੇਖ ਕੇ ਰਮਨ ਦੇ ਮਨ ਵਿੱਚ ਇੱਕ ਵਿਚਾਰ ਆਇਆ ਕਿ ਇਹ ਨੀਲਾ ਰੰਗ ਪਾਣੀ ਦਾ ਹੈ ਜਾਂ
ਨੀਲੇ ਆਸਮਾਨ ਦਾ ਸਿਰਫ਼ ਪਰਾਵਰਤਨ ਹੈ। ਬਾਅਦ ਵਿੱਚ ਰਮਨ ਨੇ ਇਸ ਘਟਨਾ ਨੂੰ ਆਪਣੀ ਖੋਜ ਦੁਆਰਾ ਸਮਝਾਇਆ ਕਿ ਇਹ
ਨੀਲਾ ਰੰਗ ਨਾ ਪਾਣੀ ਦਾ ਹੈ, ਨਾ ਹੀ ਆਸਮਾਨ ਦਾ। ਇਹ ਨੀਲਾ ਰੰਗ ਤਾਂ ਪਾਣੀ ਅਤੇ ਹਵਾ ਦੇ ਕਣਾਂ ਦੁਆਰਾ ਰੌਸ਼ਨੀ ਦੇ ਖਿੰਡਾਉਣ
ਤੋਂ ਪੈਦਾ ਹੁੰਦਾ ਹੈ। ਕਿਉਂਕਿ ਖਿੰਡਾਉਣ ਦੀ ਘਟਨਾ ਵਿੱਚ ਸੂਰਜ ਦੇ ਪ੍ਰਕਾਸ਼ ਦੇ ਸਾਰੇ ਰੰਗ ਅਵਸ਼ੋਸ਼ਿਤ ਕਰ ਊਰਜਾ ਵਿੱਚ ਬਦਲ ਜਾਂਦੇ
ਹਨ, ਪਰੰਤੂ ਨੀਲੇ ਪ੍ਰਕਾਸ਼ ਨੂੰ ਵਾਪਿਸ ਪਰਾਵਰਤਿਤ ਕਰ ਦਿੱਤਾ ਜਾਂਦਾ ਹੈ। ਸੱਤ ਸਾਲ ਦੀ ਸਖ਼ਤ ਮਿਹਤਨ ਤੋਂ ਬਾਅਦ ਰਮਨ ਨੇ
ਇਸ ਭੇਦ ਦੇ ਕਾਰਨਾਂ ਨੂੰ ਖੋਜਿਆ ਸੀ, ਇਹ ਖੋਜ ਰਮਨ ਪ੍ਰਭਾਵ ਦੇ ਨਾਮ ਨਾਲ ਪੂਰੇ ਸੰਸਾਰ ਵਿੱਚ ਪ੍ਰਸਿੱਧ ਹੈ।
ਸਾਲ 1952 ਵਿੱਚ ਸੀ.ਵੀ. ਰਮਨ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਪਦ ਨਾਲ ਚੁਣੇ ਜਾਣ ਦਾ ਪ੍ਰਸਤਾਵ ਆਇਆ ਅਤੇ ਉਹਨਾਂ ਨੂੰ ਬਿਨ੍ਹਾਂ ਕਿਸੇ
ਵਾਦ-ਵਿਵਾਦ ਦੇ ਪੂਰਨ ਸਮੱਰਥਨ ਵੀ ਮਿਲ ਰਿਹਾ ਸੀ ਪਰੰਤੂ ਸੀ.ਵੀ.ਰਮਨ ਨੂੰ ਰਾਜਨੀਤੀ ਵਿੱਚ ਕੋਈ ਵਿਸ਼ੇਸ਼ ਦਿਲਚਸਪੀ ਨਹੀਂ ਸੀ ਅਤੇ ਉਹਨਾਂ
ਨੇ ਇਸ ਗੌਰਵਮਈ ਪਦ ਤੇ ਬਿਰਾਜਮਾਨ ਹੋਣ ਨੂੰ ਸਨਮਾਨਪੂਰਕਵਕ ਮਨ੍ਹਾ ਕਰ ਦਿੱਤਾ।
ਡਾ. ਰਮਨ ਨੂੰ ਭਾਰਤ ਸਰਕਾਰ ਨੇ 1954 ਵਿੱਚ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ‘ਭਾਰਤ ਰਤਨ’ ਦਿੱਤਾ ਅਤੇ ਸੋਵੀਅਤ
ਰੂਸ ਨੇ ਉਹਨਾਂ ਨੂੰ 1957 ਵਿੱਚ ‘ਲੇਨਿਨ ਪੁਰਸਕਾਰ’ ਨਾਲ ਸਨਮਾਨਿਤ ਕੀਤਾ।
21 ਨਵੰਬਰ 1970 ਨੂੰ 82 ਵਰ੍ਹਿਆਂ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਡਾ. ਰਮਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ
ਗਏ।

✍️ਗੋਬਿੰਦਰ ਸਿੰਘ ਢੀਂਡਸਾ
ਈਮੇਲ- bardwal.gobinder@gmail.com

ਪੰਜਾਬੀ ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ ?✍️ਰਮਨਦੀਪ ਕੌਰ

ਬਚਪਨ ਸ਼ਬਦ ਸੁਣਦਿਆਂ ਹੀ ਵਿਅਕਤੀ ਦੇ ਮਨ ਵਿੱਚ ਇੱਕ ਚੰਚਲਤਾ ਤੇ ਖੁਸ਼ੀਆਂ ਦੀ ਬਹਾਰ ਜਿਹੀ ਖਿੜ ਪੈਂਦੀ ਹੈ ਕਿਉਂਕਿ ਇਹ ਅਜਿਹੀ ਅਵਸਥਾ ਹੈ ਜਿਸ ਵਿੱਚ ਹਰ ਮਨੁੱਖ ਨੇ ਬਿਨ੍ਹਾਂ ਕਿਸੇ ਫਿਕਰ,ਭੈਅ ਅਤੇ ਰੁਝੇਵਿਆਂ ਦੇ ਬੋਝ ਤੋਂ ਬਿਨ੍ਹਾਂ ਜ਼ਿੰਦਗੀ ਬਤੀਤ ਕੀਤੀ ਹੁੰਦੀ ਹੈ। ਇਸ ਅਵਸਥਾ ਵਿੱਚ ਬੱਚੇ ਨੂੰ ਚਾਰੇ ਪਾਸਿਆਂ ਤੋਂ ਜੇਕਰ ਕੁਝ ਮਿਲਦਾ ਹੈ ਤਾਂ ਉਹ ਹੈ ਪਿਆਰ, ਬੱਚਿਆਂ ਨੂੰ ਘਰ ਦਾ, ਪਰਿਵਾਰ ਦਾ, ਮਾਂ ਦਾ, ਭੈਣ-ਭਾਈ ਦਾ ਤੇ ਆਂਢ ਗੁਆਂਢ ਦੇ ਲੋਕਾਂ ਦਾ ਪਿਆਰ। ਇਹ ਅਵਸਥਾ ਜ਼ਿੰਦਗੀ ਦੀ ਸਭ ਤੋਂ ਆਨੰਦਮਈ ਅਵਸਥਾ ਹੁੰਦੀ ਹੈ ਜਿਸ ਵਿੱਚ ਵੈਰ ਵਿਰੋਧ ਨਾ ਦਾ ਸ਼ਬਦ ਦੂਰ-ਦੂਰ ਤੱਕ ਵੀ ਸੁਣਾਈ ਨਹੀਂ ਦਿੰਦਾ। ਮੰਨ੍ਹਿਆਂ ਜਾਂਦਾ ਹੈ ਕਿ ਬੱਚੇ ਦਾ ਮਨ ਇੱਕ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ ਜਿਸ ਉਪਰ ਜੋ ਲਿਖੋਗੇ ਓਹੀ ਨਕਸ਼ ਬਣਕੇ ਉਭਰੇਗਾ, ਜਿਵੇਂ ਦਾ ਬੱਚੇ ਨੂੰ ਬਚਪਨ ਵਿੱਚ ਸਿਖਾਇਆ ਜਾਵੇਗਾ ਜਾਂ ਜਿਸਦੀ ਉਹ ਨਕਲ ਕਰੇਗਾ ਉਵੇਂ ਦਾ ਹੀ ਜਵਾਨੀ ਵਿੱਚ ਬਣੇਗਾ। ਪਰੰਤੂ ਅੱਜ ਕੱਲ੍ਹ ਟੀ.ਵੀ. ਚੈੱਨਲਾਂ ਉੱਪਰ ਚੱਲ ਰਹੇ ਪੰਜਾਬੀ ਗੀਤਾਂ ਦੀ ਪੇਸ਼ਕਾਰੀ ਨੇ ਬਚਪਨ ਦੀ ਕੋਮਲਤਾ ਨੂੰ ਕਾਫੀ ਹੱਦ ਤੱਕ ਝੰਜੋੜਿਆ ਹੈ। ਲੋੜ ਅਨੁਸਾਰ ਗੀਤਾਂ ਦੇ ਫਿਲਮਾਂਕਣ ਸਮੇਂ ਬਾਲ ਕਲਾਕਾਰਾਂ. ਬੱਚਿਆਂ ਦਾ ਸਹਾਰਾ ਲੈਣਾ ਕੋਈ ਮਾੜੀ ਗੱਲ ਨਹੀਂ ਪਰੰਤੂ ਉਹਨਾਂ ਦੇ ਮਾੜੇ ਦ੍ਰਿਸ਼ਾਂ ਦਾ ਫਿਲਮਾਂਕਣ ਕਰਨਾ ਜ਼ਰੂਰ ਚਿੰਤਾ ਦਾ ਵਿਸ਼ਾ ਹੈ। ਬੱਚੇ ਦੇ ਦਿਮਾਗ ਉੱਪਰ ਅਜੋਕੇ ਦਿਖਾਵੇ ਪੱਖੀ ਪਿਆਰ ਨੂੰ, ਹਿੰਸਾਤਮਕ ਦ੍ਰਿਸ਼ਾਂ ਨੂੰ ਪੇਸ਼ ਕਰਨਾ ਕਿਸੇ ਵੀ ਪੱਖ ਤੋਂ ਸਹੀ ਠਹਿਰਾਉਣਾ ਔਖਾ ਹੈ।

ਇੱਕ ਪੱਖ ਤੋਂ ਸਮਾਜ ਵਿਦਿਆਰਥੀਆਂ ਨੂੰ ਅੱਜ ਦੇ ਬੱਚੇ, ਕੱਲ੍ਹ ਦੇ ਨੇਤਾ ਕਹਿ ਕੇ ਉਹਨਾਂ ਉੱਪਰ ਸਮਾਜਿਕ ਅਤੇ ਰਾਜਨੀਤਿਕ ਜ਼ਿੰਮੇਵਾਰੀਆਂ ਦੀ ਪੰਡ ਰੱਖ ਕੇ ਇੱਕ ਸਮਰੱਥਾਵਾਨ ਵਿਅਕਤੀ ਬਣਾਉਣ ਦੀ ਕੋਸ਼ਿਸ਼ ‘ਚ ਹੈ ਤੇ ਦੂਸਰੇ ਪਾਸੇ ਓਹੀ ਬੱਚੇ ਗੀਤਾਂ ਦੀ ਵੀਡੀਓਜ਼ ਕਿਸੇ ਮੁੰਡੇ-ਕੁੜੀ ਦੀ ਤਸਵੀਰ ਨੂੰ ਬਚਪਨ ਵਿੱਚ ਹੀ ਵਸਾ ਕੇ ਆਪਣੇ ਪਿਆਰ ਰੂਪੀ ਰੰਗ ਵਿੱਚ ਪੇਸ਼ ਕਰਦੇ ਹਾਂ। ਬਚਪਨ ਵੱਲ ਝਾਤ ਪਾਉਣ ਤੇ ਪਤਾ ਚੱਲਦਾ ਹੈ ਕਿ ਇਹ ਅਸਲੀਅਤ ਤੋ ਦੂਰ ਹੈ, ਬਚਪਨ ਦੀ ਮਾਸੂਮੀਅਤ, ਕੋਮਲਤਾ ਵਿੱਚ ਅਜਿਹੀ ਪ੍ਰਵਿਰਤੀ ਨਹੀਂ ਪਾਈ ਜਾਂਦੀ।

ਅੱਜ ਜੇਕਰ ਤੁਸੀਂ ਕਿਸੇ ਵੀ ਵਿਅਕਤੀ ਨਾਲ ਗੱਲ ਕਰੋਗੇ ਤਾਂ ਇੱਕ ਸਬਦ ਹਰੇਕ ਵਿਅਕਤੀ ਦੇ ਮੂੰਹੋਂ ਸੁਣਨ ਨੂੰ ਮਿਲੇਗਾ ਕਿ ਅੱਜ ਕੱਲ੍ਹ ਤਾਂ ਜ਼ਮਾਨਾਂ ਹੀ ਬਹੁਤ ਖਰਾਬ ਹੋ ਗਿਆ ਹੈ, ਆਪਣੇ ਸਮਾਜ ਦਾ ਬੇੜਾ ਗਰਕ ਹੋ ਗਿਆ ਹੈ। ਇਹ ਸ਼ਬਦ ਹਰ ਵਿਅਕਤੀ ਨੂੰ ਕਹਿਣ ਲਈ ਕਿਸੇ ਹੋਰ ਨੇ ਮਜ਼ਬੂਰ ਨਹੀਂ ਕੀਤਾ ਬਲਕਿ ਹਰ ਮਨੁੱਖ ਨੇ ਆਪਣੇ ਆਪ ਦਾ ਬੇੜਾ ਗਰਕ ਕਰਨ ਦੀ ਸਥਿਤੀ ਆਪ ਸਹੇੜੀ ਹੈ ਕਿਉਂਕਿ ਜਿਸ ਸਮਾਜ ਨੂੰ ਉਹ ਭੰਡ ਰਿਹਾ ਹੈ, ਉਹ ਖੁਦ ਵੀ ਓਸੇ ਸਮਾਜ ਦਾ ਹਿੱਸਾ ਹੈ ਤੇ ਕਿਤੇ ਨਾ ਕਿਤੇ ਉਹ ਵੀ ਦੋਸ਼ੀ ਹੈ, ਕਦੇ ਉਸ ਨੇ ਸਮਾਜ ਨੂੰ ਸੇਧ, ਸੁਧਾਰ ਲਈ ਕੋਈ ਯਤਨ ਕੀਤਾ ਹੈ?

ਤਕਨੀਕ ਨੇ ਅਜੋਕੇ ਮਨੁੱਖ ਤੇ ਮਾੜੂ ਪ੍ਰਭਾਵ ਵੀ ਪਾਇਆ ਹੈ ਜਿਸਦੀ ਵਲਗਣ ਵਿੱਚੋਂ ਨਿਕਲਣਾ ਔਖਾ ਜਾਪ ਰਿਹਾ ਹੈ। ਘਰਾਂ ਵਿੱਚ ਮੈਂਬਰਾਂ ਦਾ ਧਿਆਨ ਬੱਚਿਆਂ ਦੀ ਆਦਰਸ਼ ਪ੍ਰਵਰਿਸ਼ ਨਾਲੋਂ ਕੱਪੜਿਆਂ ਅਤੇ ਪਦਾਰਥਵਾਦੀ ਵਸਤਾਂ ਲੈ ਕੇ ਦੇਣ ਵਿੱਚ ਜ਼ਿਆਦਾ ਹੈ। ਅੱਜ ਹਰ ਘਰ ਵਿੱਚ ਕੇਬਲ, ਡਿਸ਼, ਇੰਟਰਨੈੱਟ ਦੀ ਭਰਮਾਰ ਹੈ ਜੋ ਸਾਡੇ ਬੱਚਿਆਂ ਦੇ ਬਚਪਨ ਨੂੰ ਅੰਦਰੋਂ ਅੰਦਰੀ ਖੋਖਲਾ ਕਰ ਰਿਹਾ ਹੈ। ਜਿਨ੍ਹਾਂ ਗੀਤਾਂ ਵਿੱਚ ਫਿਲਮਾਂਕਣ ਸਮੇਂ ਬਚਪਨ ਨੂੰ ਇਸ਼ਕੀਆਂ ਸੰਕਲਪ ਨਾਲ ਪੇਸ਼ ਕੀਤਾ ਹੈ ਉਹ ਅਜੋਕੇ ਬੱਚਿਆਂ ਦੇ ਬਚਪਨ ਲਈ ਘਾਤਕ ਸਿੱਧ ਹੋ ਰਿਹਾ ਹੈ। ਬੱਚੇ ਫਿਲਮਾਂਕਣ ਨੂੰ ਆਪਣੀ ਜਿੰਦਗੀ ਦਾ ਹਿੱਸਾ ਮੰਨ ਬੈਠਦੇ ਹਨ ਅਤੇ ਇਸਦੇ ਮਾੜੂ ਪ੍ਰਭਾਵ ਤੋਂ ਗ੍ਰਸਤ ਹੋ ਜਾਂਦੇ ਹਨ, ਜਿਸ ਨਾਲ ਜ਼ਮਾਨਾ ਖਰਾਬ ਹੈ, ਸਮਾਜ ਦਾ ਬੇੜਾ ਗਰਕ ਜਿਹੇ ਸ਼ਬਦਾਂ ਦੀ ਸਿਰਜਣਾ ਕਰਨੀ ਪੈਂਦੀ ਹੈ। ਲੋੜ ਹੈ ਅੱਜ ਦੇ ਸਮਾਜ ਨੂੰ ਜਾਗਰੂਕ ਹੋਣ ਦੀ ਤੇ ਇਹੋ ਜਿਹੇ ਫਿਲਮਾਂਕਣ ਬੰਦ ਕਰਨ ਦੀ ਤਾਂ ਜੋ ਸਮਾਜ ਵਿੱਚ ਵਧ ਰਹੇ

ਜਿਸਮਾਨੀ ਸ਼ੋਸ਼ਣ ਨੂੰ ਠੱਲ ਪਾਈ ਜਾ ਸਕੇ। ਬੱਚਿਆਂ ਨੂੰ ਟੀ.ਵੀ. ਦਾ ਲਾਲਚ ਘੱਟ ਕਰਾਕੇ ਰੋਜ ਸੰਸਕਾਰਿਕ ਕਹਾਣੀਆਂ ਸੁਣਾਈਆਂ ਜਾਣ, ਉਹਨਾਂ ਨੂੰ ਨੈਤਕਿਤਾ ਦੇ ਗੁਣਆਂ ਬਾਰੇ ਬਚਪਨ ਤੋਂ ਹੀ ਜਾਗਰੂਕ ਕੀਤਾ ਜਾਵੇ ਤੇ ਨਾਲ ਹੀ ਪਰਿਵਾਰ ਦੇ ਹਰ ਮੈਂਬਰ ਦਾ ਫਰਜ਼ ਬਣਦਾ ਹੈ ਕਿ ਬੱਚਿਆਂ ਅੱਗੇ ਆਦਰਸ਼ ਵਿਅਕਤੀ ਦੇ ਗੁਣਾਂ ਨੂੰ ਅਪਣਾਇਆ ਜਾਵੇ ਤਾਂ ਜੋ ਬੱਚੇ ਨਕਲ ਕਰਕੇ ਉਹੀ ਸਿੱਖ ਸਕਣ।

ਅੱਜ ਕੱਲ੍ਹ ਦੇਖਿਆ ਜਾਵੇ ਮਾਵਾਂ ਆਪਣੇ ਕੰਮਾਂ ਨੂੰ ਨਿਪਟਾਉਣ ਲਈ ਬੱਚਿਆਂ ਨੂੰ ਟੀ.ਵੀ. ਚਾਲੂ ਕਰਕੇ ਦੇ ਦਿੰਦੀਆਂ ਹਨ ਤੇ ਆਪ ਆਪਣੇ ਕੰਮਾਂ ਵਿੱਚ ਰੁਝ ਕੇ, ਬੱਚੇ ਦੀ ਨਜ਼ਰਸਾਨੀ ਤੋਂ ਸੁਰਖਰੂ ਹੋ ਜਾਂਦੀਆਂ ਹਨ। ਉਹਨਾਂ ਨੂੰ ਇਹ ਨਹੀਂ ਪਤਾ ਕਿ ਅੱਜ ਜੇਕਰ ਅਸੀਂ ਆਪਣੇ ਬੱਚੇ ਦੀ ਸੰਭਾਲ ਨਾਲੋਂ ਜ਼ਿਆਦਾ ਮਹੱਤਤਾ ਆਪਣੇ ਕੰਮਾਂ ਨੂੰ ਦੇ ਰਹੇ ਹਾਂ ਤਾਂ ਇਹੀ ਬੱਚਾ ਆਉਣ ਵਾਲੇ ਸਮੇਂ ਵਿੱਚ ਸਾਡੀ ਜ਼ਿੰਦਗੀ ਦੇ ਕੰਮਾਂ ਲਈ ਮੁਸ਼ਕਿਲਾਂ ਪੈਦਾ ਕਰੇਗਾ ਤੇ ਉਹਨਾਂ ਕੋਲ ਫਿਰ ਪਛਤਾਵੇ ਜਾਂ ਝੁਰਣ ਤੋਂ ਸਿਵਾਏ ਕੋਈ ਹੋਰ ਹੱਲ ਨਹੀਂ ਹੋਵੇਗਾ।

ਬੱਚਿਆਂ ਨੂੰ ਵਿਅਸਤ ਰੱਖੋ ਪਰ ਕਿਸੇ ਖੇਡ ਜਾਂ ਸਿਰਜਨਾਤਮਿਕ ਕਿਰਿਆ ਵਿੱਚ ਤਾਂ ਜੋ ਉਹਨਾਂ ਦਾ ਬੌਧਿਕ ਤੇ ਸਰੀਰਕ ਵਿਕਾਸ ਚੰਗੀ ਤਰ੍ਹਾਂ ਹੋ ਸਕੇ, ਨਾ ਕਿ ਟੀ.ਵੀ., ਇੰਟਰਨੈੱਟ ਤੇ ਜਿਸ ਨਾਲ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਤਬਾਹ ਹੋ ਜਾਵੇ ਤੇ ਬੱਚੇ ਮਾਨਸਿਕ ਵਿਕਾਰਾਂ ਦਾ ਸ਼ਿਕਾਰ ਹੋ ਜਾਣ।

ਸਮੇਂ ਦੀ ਮੰਗ ਹੈ ਪਰਿਵਾਰਾਂ ਨੂੰ ਸੰਭਾਲਣ ਤੇ ਬੱਚਿਆਂ ਲਈ ਸਹੀ ਦਿਸ਼ਾ ਨਿਰਦੇਸ਼ ਕਰਨ ਤੇ ਮਾਣ ਮਹਿਸੂਸ ਕਰਨ ਤੇ ਇਹੀ ਬੱਚੇ ਅੱਗੇ ਭਵਿੱਖ ਵਿੱਚ ਮਹਾਨ ਯੋਧੇ, ਸੂਰਬੀਰ ਤੇ ਦੈਵੀ ਗੁਣਾਂ ਦੇ ਮਾਲਕ ਵਿਅਕਤੀ ਪੈਦਾ ਹੋਣ ਜੋ ਸਮਾਜ ਨੂੰ ਸਹੀ ਸੇਧ ਦੇ ਸਕਣ।

ਇੰਡਿਆ ਦੁਨੀਆ ਦੀ 5ਵੀ ਅਰਥ ਵਿਵਸਥਾ ...! ✍️ ਅਮਨਜੀਤ ਸਿੰਘ ਖਹਿਰਾ

ਇੰਡਿਆ ਦੁਨੀਆ ਦੀ 5ਵੀ ਅਰਥ ਵਿਵਸਥਾ ...!

ਵਰਲਡ ਪੈਪਿਊਲਸ ਰਿਵਿਉ ਦੀ ਰਿਪੋਰਟ ਪੜ੍ਹ ਕੇ ਪਤਾ ਲਗਾ ਕੇ ਇੰਡੀਆ ਦੁਨੀਆ ਦੀ 5ਵੀ ਅਰਥ ਵਿਵਸਥਾ ਬਣ ਗਿਆ ਹੈ।ਮੇਰਾ ਸਵਾਲ ਹੈ ਕੇ ਅਸੀਂ ਮਸੂਸ ਕਿਉਂ ਨਹੀਂ ਕਰਦੇ ਕੇ ਇੰਡੀਆ ਨੇ ਯੂਰਪ ਦੇ ਇਕ ਮੁਲਕ ਨੂੰ ਛੱਡ ਕੇ ਸਭ ਨੂੰ ਪਿੱਛੇ ਛੱਡ ਦਿਤਾ ਹੈ।

ਹੁਣ ਇੰਡੀਆ ਦੀ ਗਿਣਤੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ 'ਚ ਹੋਣ ਲੱਗੀ ਹੈ। ਇੰਡੀਆ ਅਰਥ ਵਿਵਸਥਾ ਦੇ ਮਾਮਲੇ 'ਚ ਏਨਾ ਵੱਡਾ ਹੋ ਗਿਆ ਹੈ ਕਿ ਹੁਣ ਇਸ ਨੇ ਯੂਰਪ ਦੇ ਸਭ ਤੋਂ ਤਾਕਤਵਰ ਸਮਝੇ ਜਾਣ ਵਾਲੇ ਦੇਸ਼ਾਂ ਨੂੰ ਵੀ ਪਛਾੜ ਦਿੱਤਾ ਹੈ। ਤਾਜ਼ਾ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਇੰਡੀਆ ਹੁਣ ਦੁਨੀਆ ਦੀ 5ਵੀਂ ਵੱਡੀ ਅਰਥ ਵਿਵਸਥਾ ਬਣ ਗਿਆ ਹੈ।

ਵਰਲਡ ਪਾਪੂਲੇਸ਼ਨ ਰਿਵਿਊ ਦੀ ਤਾਜ਼ਾ ਰਿਪੋਰਟ ਅਨੁਸਾਰ ਇੰਡੀਆ ਦੁਨੀਆ ਦੀਆਂ ਚੋਟੀ ਦੀਆਂ 5 ਅਰਥ ਵਿਵਸਥਾਵਾਂ 'ਚ ਸ਼ਾਮਿਲ ਹੋ ਗਿਆ ਹੈ। ਇੰਡੀਆ ਦੀ ਜੀ. ਡੀ. ਪੀ. 2.94 ਟ੍ਰਿਲੀਅਨ ਡਾਲਰ ਹੋ ਗਈ ਹੈ। ਇੰਡੀਆ ਨੇ ਇੰਗਲੈਂਡ ਅਤੇ ਫਰਾਂਸ ਨੂੰ ਵੀ ਪਛਾੜ ਦਿੱਤਾ। ਜਦਕਿ ਬਰਤਾਨੀਆ 2.83 ਲੱਖ ਕਰੋੜ ਡਾਲਰ ਨਾਲ ਛੇਵੇਂ ਅਤੇ ਫਰਾਂਸ 2.71 ਲੱਖ ਕਰੋੜ ਡਾਲਰ ਨਾਲ ਸੱਤਵੇਂ ਸਥਾਨ 'ਤੇ ਹੈ। 2019 ਦੇ ਅੰਕੜਿਆਂ ਮੁਤਾਬਿਕ ਅਮਰੀਕਾ 21.44 ਲੱਖ ਕਰੋੜ ਡਾਲਰ ਜੀ.ਡੀ.ਪੀ. ਨਾਲ ਪਹਿਲੇ ਸਥਾਨ 'ਤੇ ਬਣਿਆ ਹੈ। ਜਦਕਿ ਚੀਨ 14.14 ਲੱਖ ਕਰੋੜ ਡਾਲਰ ਨਾਲ ਦੂਸਰੇ, ਜਾਪਾਨ 5.15 ਲੱਖ ਕਰੋੜ ਨਾਲ ਤੀਸਰੇ ਅਤੇ ਜਰਮਨੀ 4 ਲੱਖ ਕਰੋੜ ਡਾਲਰ ਨਾਲ ਚੌਥੇ ਸਥਾਨ 'ਤੇ ਹੈ। ਹਾਲਾਂਕਿ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਮੌਜੂਦਾ ਮੰਦੀ ਕਾਰਨ ਇੰਡੀਆ ਦੀ ਰਫ਼ਤਾਰ ਕੁਝ ਘੱਟ ਹੀ ਰਹੇਗੀ। ਵਰਨਣਯੋਗ ਹੈ ਕਿ ਹਾਲ ਹੀ 'ਚ ਜਾਰੀ ਅਰਥ ਵਿਵਸਥਾ ਸਰਵੇਖਣ 'ਚ ਕਿਹਾ ਗਿਆ ਹੈ ਕਿ ਆਗਾਮੀ ਵਿੱਤੀ ਵਰ੍ਹੇ 'ਚ ਇੰਡੀਆ ਦੀ ਜੀ. ਡੀ. ਪੀ. ਵਿਕਾਸ ਦਰ 5 ਫ਼ੀਸਦੀ ਦੇ ਨੇੜੇ-ਤੇੜੇ ਹੀ ਰਹੇਗੀ।
ਰਿਪੋਰਟ 'ਚ ਕਿਹਾ ਗਿਆ ਹੈ ਕਿ 1990 'ਚ ਇੰਡੀਆ ਅਰਥਵਿਵਸਥਾ ਨੂੰ ਉਦਾਰਵਾਦੀ ਬਣਾਉਣ ਦਾ ਫ਼ੈਸਲਾ ਦੇਸ਼ ਲਈ ਮਦਦਗਾਰ ਰਿਹਾ ਹੈ। ਇਸ ਕਦਮ ਕਾਰਨ ਦੇਸ਼ 'ਚ ਪ੍ਰਤੱਖ ਵਿਦੇਸ਼ੀ ਨਿਵੇਸ਼ ਅਤੇ ਨਿੱਜੀਕਰਨ ਦਾ ਫਾਇਦਾ ਮਿਲਿਆ। ਇਸ ਦੇ ਕਾਰਨ ਭਾਰਤੀ ਅਰਥ ਵਿਵਸਥਾ ਜ਼ਿਆਦਾ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਵਰਨਣਯੋਗ ਹੈ ਕਿ ਦੇਸ਼ ਦਾ ਸਰਵਿਸ ਸੈਕਟਰ ਸਭ ਤੋਂ ਸ਼ਾਨਦਾਰ ਕੰਮ ਕਰ ਰਿਹਾ ਹੈ। ਇੰਡੀਆ ਅਰਥ ਵਿਵਸਥਾ 'ਚ 60 ਫ਼ੀਸਦੀ ਯੋਗਦਾਨ ਸਰਵਿਸ ਸੈਕਟਰ ਦਾ ਹੀ ਹੈ। ਇਸ ਦੇ ਇਲਾਵਾ 28 ਫ਼ੀਸਦੀ ਯੋਗਦਾਨ ਰੁਜ਼ਗਾਰ ਦਾ ਹੈ। ਅਫਸੋਸ ਜਦੋ ਮੁਲਕ ਦੀ ਅੰਦਰੂਨੀ ਹਾਲਤ ਵੱਲ ਵੇਖਦੇ ਹਾਂ ਤਾਂ ਨਜਰ ਇਹ ਆਉਂਦਾ ਹੈ ਕੇ ਗਰੀਬੀ ਅਤੇ ਭੁੱਖ ਮਾਰੀ ਤੋਂ ਬਿਨਾਂ ਇੰਡੀਆ ਵਿੱਚ ਕੁਸ ਨਹੀਂ।

 ✍️ ਅਮਨਜੀਤ ਸਿੰਘ ਖਹਿਰਾ

ਪੰਜਾਬ ਦੀ ਮਿੱਟੀ ਨਾਲ ਜੁੜੇ ਸਾਹਿਤਕਾਰ ਜਸਵੰਤ ਸਿੰਘ ਕੰਵਲ ਨੂੰ ਇੱਕ ਸ਼ਰਧਾਂਜਲੀ.!!✍️ਅਮਰਜੀਤ ਸਿੰਘ ਗਰੇਵਾਲ

 

ਜਸਵੰਤ ਸਿੰਘ ਕੰਵਲ ਦਾ ਜਨਮ ਪਿੰਡ ਢੁੱਡੀਕੇ (ਜ਼ਿਲਾ ਮੋਗਾ) ਵਿਖੇ ਸ੍ਰੀ ਮਾਹਲਾ ਸਿੰਘ ਦੇ ਘਰ ਹੋਇਆ। 1943 ਵਿੱਚ ਜਸਵੰਤ ਸਿੰਘ ਕੰਵਲ ਦਾ ਵਿਆਹ ਮੁਖਤਿਆਰ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਚਾਰ ਧੀਆਂ ਤੇ ਇੱਕ ਪੁੱਤਰ ਨੇ ਜਨਮ ਲਿਆ। ਤਿੰਨ ਧੀਆਂ ਰੱਬ ਨੂੰ ਪਿਆਰੀਆਂ ਹੋ ਚੁੱਕੀਆਂ ਹਨ। ਪੁੱਤਰ ਸਰਬਜੀਤ ਸਿੰਘ ਦੋ ਖੂਬਸੂਰਤ ਬੇਟਿਆਂ ਦਾ ਪਿਤਾ ਹੈ।ਕੰਵਲ ਹੁਰਾਂ ਨੇ ਆਪਣੀ ਮੁਢਲੀ ਵਿਦਿਆ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਉਨ੍ਹਾਂ ਨੇ ਦਸਵੀਂ ਦੀ ਜਮਾਤ ਪਾਸ ਨਹੀਂ ਕੀਤੀ ਪਰ ਗਿਆਨੀ ਜ਼ਰੂਰ ਕੀਤੀ ਹੋਈ ਸੀ।ਉਨ੍ਹਾਂ ਦੇ ਕਹਿਣ ਮੁਤਾਬਕ ਉਨ੍ਹਾਂ ਨੂੰ ਲਿਖਣ ਦੀ ਚੇਟਕ ਮਲਾਇਆ ਦੇ ਜੰਗਲਾਂ ਵਿੱਚ ਘੁੰਮਦਿਆਂ ਲੱਗੀ। ਉਹ ਆਪਣੀ ਲਿਖਣ ਕਲਾ ਨੂੰ ਮਲਾਇਆ ਦੀ ਸੌਗਾਤ ਆਖਦੇ ਸਨ।ਉਨ੍ਹਾਂ ਦਾ ਪਹਿਲਾ ਪਿਆਰ ਇੱਕ ਚੀਨੀ ਮੁਟਿਆਰ ਸੀ, ਜੋ ਉਨ੍ਹਾਂ ਨਾਲ ਵਿਆਹ ਤਾਂ ਕਰਵਾਉਣਾ ਚਾਹੁੰਦੀ ਸੀ ਪਰ ਆਪਣਾ ਦੇਸ਼ ਨਹੀਂ ਸੀ ਛੱਡਣਾ ਚਾਹੁੰਦੀ। ਇਸੇ ਤਰ੍ਹਾਂ ਕੰਵਲ ਹੁਰੀਂ ਵੀ ਉਥੇ ਪੱਕੇ ਤੌਰ 'ਤੇ ਰਹਿਣਾ ਨਹੀਂ ਸੀ ਚਾਹੁੰਦੇ। ਉਨ੍ਹਾਂ ਦੇ ਰਿਸ਼ਤੇ ਦਾ ਅੰਤ ਇਥੇ ਹੀ ਹੋ ਗਿਆ। ਉਨ੍ਹਾਂ ਰੋਜ਼ੀ ਰੋਟੀ ਦੀ ਖਾਤਰ ਮਲਾਇਆ ਵਿੱਚ ਚੌਕੀਦਾਰੀ ਵੀ ਕੀਤੀ ਤੇ ਆਪਣੇ ਪਿੰਡ ਦਿਆਂ ਖੇਤਾਂ ਵਿੱਚ ਆਪਣੇ ਛੋਟੇ ਭਰਾ ਨਾਲ ਹਲ ਵੀ ਵਾਹਿਆ। ਇਹ ਉਨ੍ਹਾਂ ਦਾ ਸੁਭਾਗ ਸੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਹੀ ਉਨ੍ਹਾਂ ਨੂੰ ਗੁਰੂ ਰਾਮਦਾਸ ਦੀ ਨਗਰੀ ਵਿੱਚ ਕਲਰਕੀ ਦੀ ਨੌਕਰੀ ਮਿਲ ਗਈ। ਉਥੇ ਹੀ ਰਹਿਣਾ, ਖਾਣਾ ਪੀਣਾ ਤੇ ਸਾਹਿਤਕ ਭੁੱਖ ਪੂਰੀ ਕਰਨ ਲਈ ਉਹ ਬਾਕੀ ਬਚਦਾ ਸਮਾਂ ਸ਼੍ਰੋਮਣੀ ਕਮੇਟੀ ਦੀ ਲਾਇਬਰੇਰੀ ਵਿੱਚ ਬਿਤਾਉਂਦੇ। ਇਥੇ ਹੀ ਉਨ੍ਹਾਂ ਨੂੰ ਦੁਨੀਆਂ ਦੀਆਂ ਸਭ ਤੋਂ ਵਧੀਆ ਕਿਤਾਬਾਂ, ਨਾਵਲ ਤੇ ਕਹਾਣੀਆਂ ਪੜ੍ਹੀਆਂ। ‘‘ਜੀਵਨ ਕਣੀਆਂ ਦੇ ਪਬਲਿਸ਼ਰ ਨੇ ਹੀ ਉਨ੍ਹਾਂ ਨੂੰ ਨਾਵਲ ਲਿਖਣ ਵੱਲ ਪ੍ਰੇਰਿਤ ਕੀਤਾ। ਜਸਵੰਤ ਸਿੰਘ ਕੰਵਲ ਦਾ ਸਭ ਤੋਂ ਪਹਿਲਾ ਨਾਵਲ ‘ਸੱਚ ਨੂੰ ਫਾਂਸੀ' 1944 ਵਿੱਚ ਪਾਠਕਾਂ ਦੇ ਹੱਥਾਂ ਵਿੱਚ ਆਇਆ। ਤੇ ਉਸ ਤੋਂ ਬਾਅਦ ਵਿੱਚ ਉਹ ਦਿਨ ਵੀ ਆਏ ਜਦ ਪਾਠਕ ਕੰਵਲ ਦੇ ਨਾਵਲ ਦੀ ਇੰਤਜ਼ਾਰ ਕਰਿਆ ਕਰਦੇ ਸਨ।ਕੰਵਲ ਦਾ ਸਾਹਿਤਕ ਸਫਰ ਮਲਾਇਆ ਵਿੱਚ ਸ਼ੁਰੂ ਹੋਇਆ ਤੇ ਪੰਜਾਬ ਵਿੱਚ ਪ੍ਰਵਾਨ ਚੜ੍ਹਿਆ। ਅਸੀਂ ਵੀ ਸਕੂਲ ਵਿੱਚ ਪੜ੍ਹਦੇ ਸਮੇਂ ਹੀ ਕੰਵਲ ਜੀ ਦੇ ਸਾਰੇ ਨਾਵਲ ਪੜ੍ਹ ਲਏ ਸਨ। ਲੁਧਿਆਣੇ ਜਾਂਦੇ ਸਮੇਂ ਬੱਦੋਵਾਲ, ਲਲਤੋਂ ਨੂੰ ਦੇਖ ਕੇ ਅਤੇ ਸਿਵਲ ਲਾਈਨਜ ਨੂੰ ਦੇਖ ਕੇ ਕੰਵਲ ਜੀ ਦੇ ਪਾਤਰਾਂ ਦੀ ਯਾਦ ਆ ਜਾਂਦੀ ਸੀ।ਆਜ਼ਾਦੀ ਤੋਂ ਪਹਿਲਾਂ ਲਿਖਣਾ ਸ਼ੁਰੂ ਕਰਨ ਵਾਲੇ ਇਸ ਲੇਖਕ ਨੇ ਅੰਗਰੇਜ਼ਾਂ ਦਾ ਰਾਜ ਵੀ ਦੇਖਿਆ ਤੇ ਆਜ਼ਾਦੀ ਤੋਂ ਬਾਅਦ ਕਈ ਰੰਗਾਂ ਦੀਆਂ ਸਰਕਾਰਾਂ ਵੀ।ਜ਼ਿੰਦਗੀ 'ਚ ਕਈ ਉਤਰਾਅ ਚੜ੍ਹਾਅ ਦੇਖਣ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਅੰਦਰ ਸਮੇਂ-ਸਮੇਂ 'ਤੇ ਰਹਿਣ ਵਾਲੀ ਉਥਲ-ਪੁਥਲ ਵੀ ਦੇਖੀ।

ਪ੍ਰਿੰਸੀਪਲ ਸਰਵਣ ਸਿੰਘ ਨੇ ਕੰਵਲ ਵਾਰੇ ਲਿਖਦਿਆਂ ਬਿੱਲਕੁਲ ਠੀਕ ਕਿਹਾ:-

“ਜੇ ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਦਾ ਬੋਹੜ ਸੀ ਤਾਂ ਜਸਵੰਤ ਸਿੰਘ ਕੰਵਲ ਸਰੂ ਦਾ ਰੁੱਖ ਹੈ। ਉਹ ਵਗਦੀਆਂ ਹਵਾਵਾਂ ਨਾਲ ਸਰੂ ਵਾਂਗ ਝੂਮਦੈ। ਕਦੇ ਖੱਬੇ ਲਹਿਰਾਉਂਦੈ, ਕਦੇ ਸੱਜੇ ਤੇ ਕਦੇ ਗੁਲਾਈ ਵਿਚ ਘੁੰਮਦੈ। ਉਹਦਾ ਤਣਾ ਮਜ਼ਬੂਤ ਹੈ ਤੇ ਜੜ੍ਹਾਂ ਡੂੰਘੀਆਂ ਜਿਸ ਕਰਕੇ ਵਾਵਰੋਲੇ ਤਾਂ ਕੀ, ਝੱਖੜ ਤੂਫ਼ਾਨ ਵੀ ਉਸ ਨੂੰ ਧਰਤੀ ਤੋਂ ਨਹੀਂ ਹਿਲਾ ਸਕੇ।”

ਪੰਜਾਬੀ ਦੇ ਕੁਝ ਸਾਹਿਤਕਾਰ ਵਿਦੇਸ਼ੀ ਧਾਰਨਾਵਾਂ ਅਤੇ ਵਾਦਾਂ ਤੋਂ ਏਨੇ ਪ੍ਰਭਾਵਿਤ ਹੁੰਦੇ ਰਹੇ ਹਨ ਕਿ ਆਪਣੇ ਲੋਕਾਂ ਤੋਂ ਹੀ ਟੁੱਟ ਗਏ। ਖੱਬੇ ਪੱਖ ਜਾਂ ਸੱਜੇ ਪੱਖ ਨਾਲ ਇਸ ਹੱਦ ਤੱਕ ਜੁੜ ਗਏ ਕਿ ਆਪਣੇ ਲੋਕਾਂ ਦਾ ਪੱਖ ਪੂਰਨੋ ਹੀ ਹੱਟ ਗਏ।

ਪਰ ਜਸਵੰਤ ਸਿੰਘ ਕੰਵਲ ਹਮੇਸ਼ਾਂ ਆਪਣੇ ਲੋਕਾਂ ਨਾਲ ਖੜ੍ਹਾ ਰਿਹਾ। ਉਸਦੇ ਲਈ ਮਾਰਕਸਵਾਦ,ਸਮਾਜਵਾਦ ਕੁਛ ਵੀ ਮਾਅਨੇ ਨਹੀਂ ਰੱਖਦੇ ਜੇ ਪੰਜਾਬ ਦਾ ਕੁਝ ਨਹੀਂ ਸੰਵਰ ਸਕਦਾ। ਸਾਹਿਤਕਾਰ ਜਿਸ ਮਿੱਟੀ ਵਿੱਚੋਂ ਜੰਮਦਾ ਹੈ ਉਸੇ ਦੀ ਖੁਸ਼ਬੋ ਵਿਖੇਰਦਾ ਚੰਗਾ ਲੱਗਦਾ ਹੈ। ਉਸੇ ਦੇ ਦੁੱਖ ਸੁੱਖ ਹੰਢਾਉਂਦਾ ਅਤੇ ਵੰਡਾਉਂਦਾ ਹੈ। ਜਸਵੰਤ ਸਿੰਘ ਕੰਵਲ ਪੰਜਾਬ ਦੇ ਹਨੇਰਿਆਂ ਵਿੱਚੋਂ ਵੀ ਰੌਸ਼ਨੀ ਦੀ ਤਲਾਸ਼ ਕਰਦਾ ਰਿਹਾ ਅਤੇ ਸੱਜਰੇ ਸਵੇਰਿਆਂ ਦੀ ਕਾਮਨਾ ਕਰਦਾ ਰਿਹਾ। ਪਰ ਅਫ਼ਸੋਸ ਕਿ ਪੰਜਾਬ ਦੀ ਹੋਣੀ ਘੜਨ ਵਾਲੇ ਉਸਨੂੰ ਹਮੇਸ਼ਾ ਨਿਰਾਸ ਕਰਦੇ ਰਹੇ। ਪੰਜਾਬ ਦੀ ਹੋਣੀ ਲਈ ਹੇਠ ਲਿਖੀਆਂ ਸਤਰਾਂ ਕੰਵਲ ਦੀ ਆਪਣੀ ਉਸ ਮਿੱਟੀ ਲਈ ਹੂਕ ਹੈ ਜਿਸ ਵਿੱਚ ਉਹ ਸਦਾ ਲਈ ਸਮਾ ਗਿਆ ਹੈ

ਖਹਿਰਾ ✍️ ਦਿੱਲੀ ਦੇ ਚੋਣ ਦੰਗਲ ਦਾ ਪਰਛਾਵਾਂ ਵੀ ਪੰਜਾਬ 'ਚ ਗਠਜੋੜ 'ਤੇ ਪੈਂਦਾ ਦਿਖਾਈ ਦੇ ਰਿਹਾ

ਅਕਾਲੀ-ਭਾਜਪਾ ਗਠਜੋੜ ਨੂੰ ਹੁਣ ਦਿੱਲੀ ਚੋਣਾਂ ਦੇ ਨਤੀਜਿਆਂ ਨੇ ਸਿਆਸੀ ਤੌਰ 'ਤੇ ਪੰਜਾਬ 'ਚ ਬੁਰੀ ਤਰ੍ਹਾਂ ਖੜਕਾ ਦਿੱਤਾ ਹੈ। ਪੰਜਾਬ ਦੇ ਚੋਟੀ ਦੇ ਸ਼ਹਿਰ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਜਲੰਧਰ ਆਦਿ ਦੀਆਂ ਸਿਆਸੀ ਸਰਗਰਮੀਆਂ ਨੂੰ ਲੱਗਦਾ ਹੈ ਜਿਵੇਂ ਗ੍ਰਹਿਣ ਲਗ ਗਿਆ ਹੋਵੇ ਕਿਉਂਕਿ ਲੋਕ ਸਭਾ ਚੋਣਾਂ ਤੋਂ ਬਾਅਦ ਅਕਾਲੀ-ਭਾਜਪਾ ਗਠਜੋੜ ਤੇਜ਼ੀ ਨਾਲ ਉੱਠ ਕੇ ਸੱਤਾ ਵੱਲ ਹਮੇਸ਼ਾ ਵਧਦਾ ਦਿਖਾਈ ਦਿੰਦਾ ਹੁੰਦਾ ਸੀ ਪਰ 10 ਸਾਲ ਰਾਜ ਕਰਨ ਤੋਂ ਬਾਅਦ ਅਜੇ ਤੱਕ ਪੰਜਾਬੀਆਂ ਦੇ ਪੰਥਕ ਹਲਕਿਆਂ ਦਾ ਗੁੱਸਾ ਠੰਡਾ ਨਹੀਂ ਹੋਇਆ, ਜਦੋਂ ਕਿ ਸ਼ਹਿਰਾਂ 'ਚ ਬੈਠੀ ਭਾਜਪਾ ਵੀ ਕੈਪਟਨ ਸਰਕਾਰ ਦੀਆਂ ਨਾਲਾਇਕੀਆਂ ਨੂੰ ਜਗ-ਜ਼ਾਹਰ ਕਰਨ ਵਿਚ ਸਫਲ ਨਹੀਂ ਹੋ ਸਕੀ।
ਬਾਕੀ ਦਿੱਲੀ ਦੇ ਚੋਣ ਦੰਗਲ 'ਚ ਜੋ ਹੋਇਆ, ਉਸ ਦਾ ਪਰਛਾਵਾਂ ਵੀ ਪੰਜਾਬ 'ਚ ਇਸ ਗਠਜੋੜ 'ਤੇ ਪੈਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਉਂਦੀਆਂ ਚਾਰ ਸੀਟਾਂ 'ਤੇ ਅਕਾਲੀ ਦਲ ਨੂੰ ਬੇਦਖਲ ਕਰ ਦਿੱਤਾ ਅਤੇ ਖੁਦ ਆਪ ਚੋਣ ਲੜੀ ਪਰ ਫਿਰ ਵੀ ਹਾਰ ਗਈ। ਇਸ ਹਾਰ ਲਈ ਕੌਣ ਜ਼ਿੰਮੇਵਾਰ ਹੈ, ਇਸ ਸਬੰਧੀ ਭਾਵੇਂ ਅਜੇ ਕੁਝ ਵੀ ਆਖਣਾ ਮੁਸ਼ਕਲ ਹੈ ਪਰ ਇਹ ਗੱਲ ਭਾਜਪਾ ਨੂੰ ਹਜ਼ਮ ਨਹੀਂ ਹੋ ਰਹੀ ਕਿ ਜਿਨ੍ਹਾਂ ਹਲਕਿਆਂ 'ਚ ਸਿੱਖ ਭਾਵ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਲੜਨੀ ਸੀ ਜਿੱਥੋਂ ਦੇ ਲੱਖਾਂ ਦੀ ਗਿਣਤੀ 'ਚ ਬੈਠੇ ਸਿੱਖ ਵੋਟਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਪੀਲ ਨੂੰ ਨਜ਼ਰਅੰਦਾਜ਼ ਕਰ ਕੇ 'ਆਪ' ਦੀ ਗੱਡੀ ਚੜ੍ਹ ਗਏ, ਜਿਸ ਨਾਲ ਦਿੱਲੀ ਵਿਚ ਅਕਾਲੀ ਦਲ ਦੀ ਤਸਵੀਰ ਸਾਫ ਦਿਸ ਗਈ ਹੈ।ਇਸ ਲਈ ਦਿੱਲੀ ਵਾਲੇ ਤਾਂ ਪਹਿਲਾਂ ਹੀ ਅਕਾਲੀ ਦਲ ਤੋਂ ਖਫਾ ਸਨ। ਹੁਣ ਪੰਜਾਬ 'ਚ ਬੈਠੇ ਨੇਤਾ ਵੀ ਸ਼੍ਰੋਮਣੀ ਅਕਾਲੀ ਦਲ ਨਾਲ 2022 ਦੇ ਗਠਜੋੜ ਲਈ ਨੱਕ-ਬੁੱਲ੍ਹ ਮਾਰਨ ਲਗ ਪਏ ਹਨ, ਜਿਸ ਦਾ ਪ੍ਰਮਾਣ ਜਲੰਧਰ ਦੀ ਰੈਲੀ ਅਤੇ ਹੋਰ ਮੀਟਿੰਗਾਂ ਹਨ। ਇਸ ਸਭ ਕੁਝ ਦੇਖ ਕੇ ਹੁਣ ਲਗਦਾ ਹੈ ਕਿ ਪੰਜਾਬ 'ਚ ਬੈਠੀ ਭਾਜਪਾ ਆਉਣ ਵਾਲੇ ਦਿਨਾਂ ਵਿਚ ਕੋਈ ਨਵਾਂ ਰਾਜਸੀ ਸੱਪ ਨਾ ਕੱਢ ਦੇਵੇ, ਜਦੋਂਕਿ ਦੂਜੇ ਪਾਸੇ ਅਕਾਲੀ ਦਲ 'ਚ ਬੈਠੇ ਭਾਜਪਾ ਵੱਲੋਂ ਦਿੱਲੀ 'ਚ ਕੀਤੀ ਜੱਗੋਂ ਤੇਰ੍ਹਵੀਂ ਤੋਂ ਖਫਾ ਨੇਤਾ ਆਪਣੇ ਪ੍ਰਧਾਨ ਨੂੰ ਬਸਪਾ ਦੇ ਹਾਥੀ ਦੀ ਸਵਾਰੀ ਦੀ ਸਲਾਹ ਦੇਣ ਲੱਗ ਪਏ ਹਨ, ਜਿਸ ਕਰ ਕੇ ਗਠਜੋੜ ਹੁਣ ਢਿੱਲੇ ਰਵੱਈਏ ਵਾਲਾ ਹੁੰਦਾ ਦਿਖਾਈ ਦੇ ਰਿਹਾ ਹੈ।

ਅਮਨਜੀਤ ਸਿੰਘ ਖਹਿਰਾ

ਪੰਜਾਬ ਦੀ ਧੀ ਬੀਬੀ ਦਲੀਪ ਕੌਰ ਟਿਵਾਣਾ ਨੂੰ ਇੱਕ ਸ਼ਰਧਾਂਜਲੀ.....!! ✍️ ਅਮਰਜੀਤ ਸਿੰਘ ਗਰੇਵਾਲ

ਪੰਜਾਬ ਦੀ ਧੀ ਬੀਬੀ ਦਲੀਪ ਕੌਰ ਟਿਵਾਣਾ ਨੂੰ ਇੱਕ ਸ਼ਰਧਾਂਜਲੀ.....!!

ਉਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਵਿੱਚ 1935 ਵਿੱਚ ਜਨਮੀ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ.ਐਚ.ਡੀ. ਕਰਨ ਵਾਲੀ ਉਹ ਪਹਿਲੀ ਨਾਰੀ ਸੀ। ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਸੀ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ। ਦਲੀਪ ਕੌਰ ਟਿਵਾਣਾ ਨੇ ਸਾਲ 2015 ਵਿੱਚ ਉਸ ਵੇਲੇ ਪਦਮਸ਼੍ਰੀ ਸਨਮਾਨ ਕੇਂਦਰ ਸਰਕਾਰ ਨੂੰ ਵਾਪਸ ਕਰ ਦਿੱਤਾ ਜਦੋਂ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸਤਪਾਲ ਸਿੰਘ ਨੇ ਦਾਦਰੀ ਕਤਲਕਾਂਡ ਨੂੰ ਇੱਕ 'ਛੋਟੀ ਜਿਹੀ ਘਟਨਾ' ਦੱਸਿਆ ਸੀ। ਉਸ ਵੇਲੇ ਦਿੱਲੀ ਨਾਲ ਲਗਦੇ ਦਾਦਰੀ ਪਿੰਡ ਵਿੱਚ ਗਊ ਦਾ ਮਾਸ ਖਾਣ ਦੀ ਅਫ਼ਵਾਹ ਉਡਣ ਤੋਂ ਬਾਅਦ ਭੀੜ ਨੇ ਇੱਕ ਮੁਸਲਮਾਨ ਸ਼ਖਸ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸੀ।ਇਸ ਤੋਂ ਬਾਅਦ ਕਈ ਸਾਹਿਤਕਾਰਾਂ ਨੇ ਆਪਣੇ ਸਨਮਾਨ ਵਾਪਸ ਕਰਕੇ ਰੋਸ ਦਰਜ ਕਰਵਾਇਆ ਸੀ।

ਦਲੀਪ ਕੌਰ ਟਿਵਾਣਾ ਨੂੰ ਸਾਹਿਤ ਅਕਾਦਮੀ ਪੁਰਸਕਾਰ 1971 ਵਿੱਚ ਮਿਲਿਆ ਸੀ ਅਤੇ ਸਾਲ 2004 ਵਿੱਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ ਉਸ ਵੇਲੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਗੌਤਮ ਬੁੱਧ ਅਤੇ ਨਾਨਕ ਦੇ ਦੇਸ ਵਿੱਚ 1984 ਵਿੱਚ ਸਿੱਖਾਂ ਦੇ ਖ਼ਿਲਾਫ਼ ਹੋਈ ਹਿੰਸਾ ਅਤੇ ਮੁਸਲਮਾਨਾਂ ਦੇ ਖ਼ਿਲਾਫ਼ ਵਾਰ-ਵਾਰ ਹੋ ਰਹੀ ਸੰਪ੍ਰਦਾਇਕ ਘਟਨਾਵਾਂ ਸਾਡੇ ਦੇਸ਼ ਅਤੇ ਸਮਾਜ ਲਈ ਸ਼ਰਮਨਾਕ ਹਨ। ਕਈ ਵਾਰ ਪੰਜਾਬ ਦੇ ਕਈ ਅਖੌਤੀ ਬੁੱਧੀ-ਜੀਵੀਆਂ ਤੇ ਹੈਰਾਨੀ ਹੁੰਦੀ ਹੈ ਜਦੋਂ ਉਹ ਕਿਸੇ ਵੀ ਗੱਲ ਬਾਰੇ ਆਪਣਾ ਮੂੰਹ ਨਹੀਂ ਖੋਲ੍ਹਦੇ। ਪਰ ਬੀਬੀ ਦਲੀਪ ਕੌਰ ਟਿਵਾਣ ਸਦਾ ਹੀ ਨਿਧੜਕ ਹੋਕੇ ਔਖੇ ਵਿਸ਼ਿਆਂ ਵਾਰੇ ਬੋਲਦੇ ਤੇ ਲਿਖਦੇ ਰਹੇ। ਪੰਜਾਬ ਦੇ ਅੰਤਾਂ ਦੇ ਹਨੇਰੇ ਸਮੇਂ ਵਿੱਚ ਵੀ ਉਹਨਾ ਨੇ ਪੰਜਾਬ ਦੇ ਲੋਕਾਂ ਦਾ ਸਾਥ ਨਹੀਂ ਛੱਡਿਆ। ਪੰਜਾਬ,ਪੰਜਾਬੀਅਤ ਅਤੇ ਇਸਦੇ ਲੋਕਾਂ ਦੇ ਮਸਲਿਆਂ ਬਾਰੇ ਹਮੇਸ਼ਾ ਬੇਬਾਕੀ ਨਾਲ ਲਿਖਦੇ ਰਹੇ। ਪੰਜਾਬ ਦੀ ਮਿੱਟੀ ਨਾਲ ਜੁੜੀ ਇਸ ਪੰਜਾਬ ਦੀ ਧੀ ਦਾ ਸਾਡਾ ਪੰਜਾਬ ਸਦਾ ਰਿਣੀ ਰਹੇਗਾ।

✍️ਅਮਰਜੀਤ ਸਿੰਘ ਗਰੇਵਾਲ