ਸੰਸਾਰ ਵਿੱਚ ਫੈਲੇ ਨਾਮੁਰਾਦ ਰੋਗ ਕੋਰੋਨਾ ਵਾਇਰਸ ਨੇ ਜਿਥੇ ਸਮੁੱਚੇ ਸੰਸਾਰ ਖਾਸ ਕਰਕੇ ਭਾਰਤ ਦੇ ਲੋਕਾਂ ਨੂੰ ਆਪਣੇ ਦਿਮਾਗ ਉਪਰ ਪਏ ਅੰਧਵਿਸ਼ਵਾਸਾਂ ਅਤੇ ਵਹਿਮਾਂ ਭਰਮਾਂ ਦੇ ਪਰਦੇ ਨੂੰ ਉਤਾਰ ਕੇ ਵਿਗਿਆਨਿਕ ਸੋਚ ਦੇ ਧਾਰਨੀ ਬਣਨ ਲਈ ਜਾਗਰੂਕ ਕੀਤਾ ਹੈ, ਉਥੇ ਮਨੁੱਖ ਦੁਆਰਾ ਬਣਾਏ ਰੱਬ ਦੇ ਘਰਾਂ ਪ੍ਰਤੀ ਅੰਨ੍ਹੀ ਸ਼ਰਧਾ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ। ਅਸੀਂ ' ਧਰਮ ਨੂੰ ਖਤਰਾ' ਦੀ ਆੜ ਹੇਠ ਸੜਕਾਂ, ਪੁੱਲਾਂ ਦੇ ਉਤੇ /ਥੱਲੇ, ਸਰਕਾਰੀ ਪਾਰਕਾਂ, ਸਰਕਾਰੀ ਜਮੀਨਾਂ ਅਤੇ ਝਗੜੇ ਵਾਲੀਆਂ ਥਾਵਾਂ 'ਤੇ ਰਾਤੋ-ਰਾਤ ਰੱਬ ਦਾ ਘਰ ਉਸਾਰ ਕੇ ਬੈਠ ਜਾਂਦੇ ਹਨ। ਰੱਬ ਦਾ ਘਰ ਉਸਾਰਨ 'ਤੇ ਰੋਕਣ ਲਈ ਆਮ ਅਤੇ ਪੁਲਿਸ ਪ੍ਰਸ਼ਾਸ਼ਨ ਚੁੱਪੀ ਧਾਰ ਲੈਂਦਾ ਹੈ। ਥਾਂ ਥਾਂ 'ਤੇ ਰੱਬ ਦਾ ਘਰ ਉਸਾਰਨ ਪਿਛੇ ਦੇਸ਼ ਦੇ ਨੇਤਾਵਾਂ ਅਤੇ ਸ਼ੈਤਾਨ ਲੋਕਾਂ ਦਾ ਹੱਥ ਹੁੰਦਾ ਹੈ, ਜਿਹੜੇ ਲੋਕਾਂ ਨੂੰ ਧਰਮ ਅਤੇ ਰੱਬ ਦੇ ਨਾਉਂ 'ਤੇ ਉਲਝਾਕੇ ਆਪਣਾ ਉੱਲੂ ਸਿੱਧਾ ਰੱਖਦੇ ਹਨ।
ਖੈਰ, ਗੱਲ ਕੋਰੋਨਾ ਵਾਇਰਸ ਦੀ ਚੱਲ ਰਹੀ ਹੈ ਕਿ ਜਿਹੜੇ ਰੱਬ ਦੇ ਘਰਾਂ ਵਿਚ ਜਾ ਕੇ ਅਸੀਂ ਆਪਣੀ ਅਤੇ ਆਪਣੇ ਪਰਿਵਾਰ ਲਈ ਸਰੀਰਕ ਅਤੇ ਮਾਨਸਿਕ ਸਿਹਤਮੰਦੀ ਅਤੇ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ, ਅੱਜ ਉਨ੍ਹਾਂ ਰੱਬ ਦੇ ਘਰਾਂ ਨੂੰ ਕੋਰੋਨਾ ਨੇ ਤਾਲੇ ਲਗਵਾ ਕੇ ਰੱਖ ਦਿੱਤੇ ਹਨ। ਰੱਬ ਦੇ ਘਰਾਂ ਵਿਚ ਪਈਆਂ ਮੂਰਤੀਆਂ ਦੇ ਮੂੰਹਾਂ ਉਪਰ ਵੀ ਪੱਟੀਆਂ ਬੰਨ੍ਹ ਕੇ ਰੱਖ ਦਿੱਤੀਆਂ ਹਨ, ਉਹ ਤਾਂ ਪਹਿਲਾਂ ਵੀ ਚੁੱਪ ਹੀ ਸਨ।
ਰੱਬ ਦੇ ਘਰਾਂ ਵਿਚ ਬੈਠੇ ਰੱਬ ਨੂੰ ਮਿਲਾਉਣ ਵਾਲੇ ਵੀ ਆਪਣੇ ਭਗਤਾਂ ਨੂੰ ਦੂਰ ਹੋ ਗੱਲ ਕਰਨ ਲਈ ਆਖ ਰਹੇ ਹਨ।
ਸਾਡੇ ਦੇਸ਼ ਵਿਚ ਇਸ ਵੇਲੇ ਜਿੰਨੇ ਰੱਬ ਦੇ ਘਰ ਹਨ, ਦੇ ਮੁਕਾਬਲੇ ਹਸਪਤਾਲਾਂ ਦੀ ਗਿਣਤੀ ਆਟੇ ਵਿਚ ਲੂਣ ਸਮਾਨ ਵੀ ਨਹੀਂ। ਅੱਜ ਦੇਸ਼ ਦੇ ਲੋਕਾਂ ਦਾ ਮੂੰਹ ਰੱਬ ਦੇ ਘਰਾਂ ਵਲ ਨਹੀਂ ਬਲਕਿ ਹਸਪਤਾਲਾਂ ਵਲ ਹੈ। ਅੱਜ ਦੇਸ਼ ਦੇ ਲੋਕ ਇਸ ਗੱਲ ਨੂੰ ਲੈ ਕੇ ਸੋਚਣ ਲਈ ਮਜਬੂਰ ਹਨ ਕਿ ਦੇਸ਼ ਨੂੰ ਰੱਬ ਦੇ ਘਰਾਂ ਦੀ ਨਹੀਂ ਬਲਕਿ ਹਸਪਤਾਲਾਂ ਦੀ ਲੋੜ ਹੈ। ਸਮਾਜ ਦੇ ਉਹ ਲੋਕ ਜਿਹੜੇ ਬੇਈਮਾਨੀ ਨਾਲ ਪੈਸੇ ਕਮਾਉਂਦੇ ਹਨ, ਉਹ ਰੱਬ ਨੂੰ ਖੁਸ਼ ਕਰਨ ਲਈ ਬੇਈਮਾਨੀ ਨਾਲ ਕੀਤੀ ਕਮਾਈ ਦਾ ਕੁੱਝ ਹਿੱਸਾ ਜਾਂ ਦਸਵੰਧ ਹਸਪਤਾਲਾਂ/ਸਕੂਲਾਂ ਉਪਰ ਖਰਚ ਕਰਨ ਦੀ ਬਜਾਏ ਰੱਬ ਦੇ ਘਰ ਨੂੰ ਦਾਨ ਕਰ ਕੇ ਖੁਸ਼ ਹੋ ਜਾਂਦੇ ਹਨ, ਪਰ ਅੱਜ ਉਨ੍ਹਾਂ ਲੋਕਾਂ ਨੂੰ ਵੀ ਗਿਆਨ ਹੋ ਜਾਣਾ ਚਾਹੀਦਾ ਹੈ ਕਿ ਦੇਸ਼ ਵਿਚ ਰੱਬ ਦੇ ਘਰਾਂ ਦੀ ਬਜਾਏ ਹਸਪਤਾਲਾਂ ਦੀ ਲੋੜ ਹੈ। ਅੱਜ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਡਾਕਟਰ ਅਤੇ ਨਰਸਾਂ ਅੱਗੇ ਆਏ ਹਨ, ਰੱਬ ਨਾਲ ਗੱਲਾਂ ਕਰਵਾਉਣ ਵਾਲੇ ਸਾਰੇ ਭਗਤ ਖੁਦ ਆਪਣੀ ਖੈਰ ਲੱਭਦੇ ਹੋਏ ਆਮ ਲੋਕਾਂ ਤੋਂ ਬੇਮੁੱਖ ਹੋ ਗਏ ਹਨ। ਰੱਬ ਦਾ ਘਰ ਪਾਖੰਡੀਆਂ ਵਲੋਂ ਲੋਕਾਂ ਨੂੰ ਮੂਰਖ ਬਣਾ ਕੇ ਲੁੱਟਣ ਦਾ ਇਕ ਵੱਡਾ ਸਾਧਨ ਹੈ। ਅੱਜ ਸਾਡੀ ਜਾਨ ਬਚਾਉਣ ਲਈ 'ਰੱਬ ਦਾ ਘਰ' ਨਹੀਂ ਬਲਕਿ ਡਾਕਟਰੀ-ਵਿਗਿਆਨ ਦੇ ਅਧਾਰਿਤ ਸਥਾਪਿਤ 'ਹਸਪਤਾਲ' ਹੀ ਕੰਮ ਆ ਰਹੇ ਹਨ।
-ਸੁਖਦੇਵ ਸਲੇਮਪੁਰੀ
09780620233