ਤੀਜਾ ਸੰਸਾਰ ਯੁੱਧ! ✍️ਸਲੇਮਪੁਰੀ ਦੀ ਚੂੰਢੀ

ਤੀਜਾ ਸੰਸਾਰ ਯੁੱਧ!

ਸੰਸਾਰ ਉਪਰ ਕਬਜ਼ਾ ਕਰਨ ਲਈ ਸੰਸਾਰ ਦੇ ਵੱਖ ਵੱਖ ਦੇਸ਼ਾਂ ਵਿਚਾਲੇ ਹੁਣ ਤੱਕ ਦੋ ਮਹਾਯੁੱਧ ਸੈਨਿਕਾਂ ਦੁਆਰਾ ਲੜੇ ਜਾ ਚੁੱਕੇ ਹਨ। ਇੰਨਾਂ ਮਹਾਯੁੱਧਾਂ ਦੌਰਾਨ ਸੰਸਾਰ ਭਰ ਵਿੱਚ ਲੱਖਾਂ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ, ਪਰ ਇਸ ਵੇਲੇ ਸੰਸਾਰ ਵਿੱਚ 'ਕੋਰੋਨਾ ਵਾਇਰਸ' ਨਾਲ ਸਬੰਧਿਤ ਜਿਹੜਾ ਤੀਜਾ ਮਹਾਯੁੱਧ ਛਿੜਿਆ ਹੈ, ਇਹ ਪਹਿਲੇ ਦੋਵੇਂ ਮਹਾਯੁੱਧਾਂ ਦੇ ਮੁਕਾਬਲੇ ਕਈ ਗੁਣਾਂ ਬਹੁਤ ਵੱਡਾ ਹਾਨੀਕਾਰਕ ਜਾਨ ਲੇਵਾ ਯੁੱਧ ਹੈ, ਜਿਹੜਾ ਸੈਨਿਕ ਨਹੀਂ ਬਲਕਿ ਨਰਸਾਂ ਅਤੇ ਡਾਕਟਰਾਂ ਦੁਆਰਾ ਬਿਨਾਂ ਹਥਿਆਰਾਂ ਤੋਂ ਆਪਣੇ ਆਪ ਨੂੰ ਜੋਖਮ ਵਿਚ ਵਿੱਚ ਪਾ ਕੇ ਹੌਸਲਾ ਨਾਲ ਲੜਿਆ ਜਾ ਰਿਹਾ ਹੈ। ਇਸ ਵੇਲੇ ਡਾਕਟਰ ਅਤੇ ਨਰਸਾਂ ਆਪਣੇ ਆਪ ਅਤੇ ਪਰਿਵਾਰਕ ਮੈਂਬਰਾਂ ਦੀ ਪ੍ਰਵਾਹ ਕੀਤੇ ਬਿਨਾਂ ਹਸਪਤਾਲਾਂ ਵਿਚ ਇਸ ਤਰ੍ਹਾਂ ਡੱਟਕੇ ਖੜੋਤੇ ਹਨ, ਜਿਵੇਂ ਕੋਈ ਇਮਾਨਦਾਰ ਵਰਦੀਧਾਰੀ ਸੈਨਿਕ ਸਰਹੱਦ ਉਪਰ ਖੜ ਕੇ ਦੇਸ਼ ਦੀ ਰਾਖੀ ਕਰਨ ਲਈ ਪਹਿਰਾ ਦਿੰਦਾ ਹੈ। ਡਾਕਟਰਾਂ ਅਤੇ ਨਰਸਿੰਗ ਸਟਾਫ ਤੋਂ ਬਿਨਾਂ ਸੱਭ ਲੋਕ ਆਪਣੇ ਘਰਾਂ ਵਿਚ ਬੈਠੇ ਹਨ। ਸੰਸਾਰ ਅਤੇ ਦੇਸ਼ ਵਿੱਚ ਪਈ ਬਿਪਤਾ ਲਈ ਸੇਵਾਵਾਂ ਨਿਭਾਅ ਰਹੇ ਡਾਕਟਰਾਂ ਅਤੇ ਨਰਸਿੰਗ ਸਟਾਫ ਨੂੰ ਦਿਲ ਦੀਆਂ ਗਹਿਰਾਈਆਂ 'ਚੋਂ ਸਲਾਮ!

ਇਥੇ ਮੈਂ ਦੇਸ਼ ਦੇ ਸਮੂਹ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕੋਰੋਨਾ ਵਾਇਰਸ ਨੂੰ ਲੈ ਕੇ ਝੇਡਾਂ ਕਰਨ ਦੀ ਬਜਾਏ ਸੰਸਾਰ ਸਿਹਤ ਸੰਗਠਨ, ਭਾਰਤ ਸਰਕਾਰ ਅਤੇ ਡਾਕਟਰਾਂ ਵੱਲੋਂ ਦਿੱਤੀਆਂ ਹਿਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਤਾਂ ਜੋ ਦੇਸ਼ ' ਤੇ ਪਈ ਬਿਪਤਾ ਨਾਲ ਨਜਿੱਠਿਆ ਜਾ ਸਕੇ। ਜੇ ਕੋਰੋਨਾ ਵਾਇਰਸ ਦੀ ਤਾਣੀ ਉਲਝ ਗਈ ਤਾਂ ਇਥੇ ਲਾਸ਼ਾਂ ਚੁੱਕਣ ਲਈ ਕੋਈ ਬੰਦਾ ਨਹੀਂ ਮਿਲਣਾ।

ਮੈਂ ਇਥੇ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨੂੰ ਇਹ ਵੀ ਅਪੀਲ ਕਰਦਾ ਹਾਂ ਕਿ ਹਾਲ ਦੀ ਘੜੀ ਸਥਿਤੀ ਕਾਬੂ ਹੇਠ ਹੈ, ਜੇਕਰ ਸਰਕਾਰ ਨੂੰ ਸਥਿਤੀ ਉਪਰ ਕਾਬੂ ਪਾ ਕੇ ਰੱਖਣ ਲਈ ਲੋਕਾਂ ਨੂੰ ਲੰਬਾ ਸਮਾਂ ਘਰਾਂ ਵਿੱਚ ਰਹਿਣ ਲਈ ਕਿਹਾ ਗਿਆ ਹੈ ਤਾਂ ਗਰੀਬ ਲੋਕਾਂ, ਦਿਹਾੜੀਦਾਰਾਂ, ਰੋਜ ਦੀ ਕਮਾਕੇ ਖਾਣ ਵਾਲਿਆਂ ਲਈ ਰੋਟੀ ਪਾਣੀ ਲਈ ਬਿਨਾਂ ਕਿਸੇ ਧਰਮ, ਜਾਤ ਪਾਤ, ਕਬੀਲਿਆਂ ਅਤੇ ਪਹਿਲਾਂ ਹੋਈਆਂ ਲੜਾਈਆਂ ਝਗੜਿਆਂ ਤੋਂ ਉੁੱਪਰ ਉਠਕੇ ਅੱਗੇ ਆਉਣਾ ਚਾਹੀਦਾ ਹੈ।ਆਮ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ, ਕਿਉਂਕਿ ਹੁਣ ' ਸੋਨੇ ਦੀ ਚਿੜੀ' ਭਾਰਤ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਸੋਨੇ ਦੀ ਚਿੜੀ ਜਿਸਦੇ ਪਹਿਲਾਂ ਵਿਦੇਸ਼ੀਆਂ ਨੇ ਅਤੇ ਹੁਣ ਅਖੌਤੀ ਦੇਸ਼ ਭਗਤਾਂ ਨੇ ਖੰਭ ਪੁੱਟਣੇ ਸ਼ੁਰੂ ਕੀਤੇ ਹੋਏ ਹਨ, ਦੀ ਜਾਨ ਬਚਾਉਣ ਲਈ ਹਰੇਕ ਦੇਸ਼ ਪ੍ਰੇਮੀ ਨੂੰ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਸਮਾਜ ਅਤੇ ਦੇਸ਼ ਦੀ ਸੇਵਾ ਹੀ ਸੱਭ ਤੋਂ ਵੱਡੀ ਸੇਵਾ ਹੈ।

-ਸੁਖਦੇਵ ਸਲੇਮਪੁਰੀ