ਅੱਜ ਤੋਂ ਮਹਿੰਗਾ ਪਵੇਗਾ ਟ੍ਰੈਫਿਕ ਨਿਯਮ ਤੋੜਨਾ

ਨਵੀਂ ਦਿੱਲੀ, ਸਤੰਬਰ 2019 (ਏਜੰਸੀਆਂ)-ਦੇਸ਼ ਭਰ 'ਚ ਪਹਿਲੀ ਸਤੰਬਰ ਤੋਂ ਕਈ ਵੱਡੇ ਬਦਲਾਅ ਹੋਣ ਜਾ ਰਹੇ ਹਨ | ਇਨ੍ਹਾਂ 'ਚ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਭਾਰੀ ਜੁਰਮਾਨਾ ਰਾਸ਼ੀ ਦੇ ਕਈ ਗੁਣਾ ਕੀਤੇ ਜਾਣ ਅਤੇ ਬੈਂਕ ਖਾਤੇ 'ਚੋਂ ਇਕ ਕਰੋੜ ਤੋਂ ਜ਼ਿਆਦਾ ਰਾਸ਼ੀ ਕਢਵਾਉਣ 'ਤੇ ਟੀ.ਡੀ.ਐਸ. ਵਰਗੇ ਕਈ ਬਦਲਾਅ ਹੋ ਜਾਣਗੇ | ਸੜਕ ਹਾਦਸਿਆਂ 'ਚ ਲਗਾਤਾਰ ਹੋ ਰਹੇ ਵਾਧੇ ਦੇ ਮੱਦੇਨਜ਼ਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਜੁਰਮਾਨਾ ਰਾਸ਼ੀ 'ਚ ਕਈ ਗੁਣਾ ਵਾਧਾ ਕੀਤਾ ਗਿਆ ਹੈ | ਇਸ ਨਿਯਮ ਨਾਲ ਸਬੰਧਿਤ ਬਿੱਲ ਸੰਸਦ ਦੇ ਪਿਛਲੇ ਇਜਲਾਸ 'ਚ ਹੀ ਪਾਸ ਹੋਇਆ ਸੀ | ਜੁਰਮਾਨੇ 'ਚ ਵਾਧਾ ਪਹਿਲੀ ਸਤੰਬਰ ਤੋਂ ਲਾਗੂ ਹੋ ਜਾਵੇਗਾ | ਨਵੇਂ ਨਿਯਮਾਂ ਅਨੁਸਾਰ ਬਿਨਾਂ ਲਾਈਸੈਂਸ ਵਾਹਨ ਚਲਾਉਣ 'ਤੇ ਚਲਾਨ ਰਾਸ਼ੀ ਨੂੰ ਇਕ ਹਜ਼ਾਰ ਰੁਪਏ ਤੋਂ ਵਧਾ ਕੇ ਪੰਜ ਹਜ਼ਾਰ ਰੁਪਏ ਕੀਤਾ ਗਿਆ ਹੈ | ਸ਼ਰਾਬ ਪੀ ਕੇ ਵਾਹਨ ਚਲਾਉਣ 'ਤੇ ਹੁਣ 10 ਹਜ਼ਾਰ ਰੁਪਏ ਜੁਰਮਾਨਾ ਹੋਵੇਗਾ | ਪਹਿਲਾਂ ਇਹ ਰਾਸ਼ੀ 2 ਹਜ਼ਾਰ ਰੁਪਏ ਸੀ | ਤੈਅ ਰਫ਼ਤਾਰ ਤੋਂ ਤੇਜ਼ ਵਾਹਨ ਚਲਾਉਣ ਦੇ ਮਾਮਲੇ 'ਚ ਜੁਰਮਾਨਾ ਰਾਸ਼ੀ ਨੂੰ 500 ਰੁਪਏ ਤੋਂ ਵਧਾ ਕੇ 5 ਹਜ਼ਾਰ ਰੁਪਏ ਕੀਤਾ ਗਿਆ ਹੈ | ਬਿਨਾਂ ਹੈਲਮਟ ਦੇ ਦੁਪਹੀਆ ਵਾਹਨ ਚਲਾਉਣ 'ਤੇ ਇਕ ਹਜ਼ਾਰ ਰੁਪਏ ਜੁਰਮਾਨਾ ਅਤੇ ਤਿੰਨ ਮਹੀਨੇ ਲਈ ਲਾਈਸੈਂਸ ਜ਼ਬਤ ਕੀਤਾ ਜਾ ਸਕਦਾ ਹੈ | ਚਾਲੂ ਵਿੱਤੀ ਸਾਲ ਦੇ ਆਮ ਬਜਟ 'ਚ ਇਸ ਸਾਲ ਦੌਰਾਨ ਇਕ ਕਰੋੜ ਤੋਂ ਜ਼ਿਆਦਾ ਦੀ ਨਕਦ ਰਾਸ਼ੀ ਕਢਵਾਉਣ 'ਤੇ 2 ਫ਼ੀਸਦੀ ਟੀ.ਡੀ.ਐਸ. ਲਗਾਇਆ ਜਾਵੇਗਾ | ਭਾਰਤੀ ਰੇਲਵੇ ਖੁਰਾਕ ਅਤੇ ਸੈਰ ਸਪਾਟਾ ਨਿਗਮ (ਆਈ.ਆਰ. ਸੀ.ਟੀ.ਸੀ.) ਤੋਂ ਭਾਰਤੀ ਰੇਲਵੇ ਲਈ ਟਿਕਟ ਬੁਕਿੰਗ ਪੋਰਟਲ ਤੋਂ ਆਨਲਾਈਨ ਟਿਕਟ ਬੁੱਕ ਕਰਾਉਣ 'ਤੇ ਸੇਵਾ ਕਰ ਅਦਾ ਕਰਨਾ ਪਵੇਗਾ | ਹੁਣ ਤੱਕ 50 ਹਜ਼ਾਰ ਰੁਪਏ ਤੋਂ ਜ਼ਿਆਦਾ ਲੈਣ-ਦੇਣ 'ਤੇ ਖਾਤਾਧਾਰਕ ਦੇ ਬੈਂਕ ਨੂੰ ਆਮਦਨ ਕਰ ਵਿਭਾਗ ਨੂੰ ਸੂਚਿਤ ਕਰਨਾ ਹੁੰਦਾ ਸੀ ਪਰ ਹੁਣ ਕਰ ਪ੍ਰਣਾਲੀ ਦੀ ਜਾਂਚ ਲਈ ਖਾਤਾਧਾਰਕ ਦੇ ਬੈਂਕ ਤੋਂ ਘੱਟ ਰਾਸ਼ੀ ਵਾਲੇ ਲੈਣ-ਦੇਣ ਦੇ ਸਬੰਧ 'ਚ ਵੀ ਜਾਣਕਾਰੀ ਮੰਗੀ ਜਾ ਸਕਦੀ ਹੈ |