ਜ਼ਿਲੇ ਭਰ ਵਿਚ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਕੀਤੀ ਸਮੀਖਿਆ
ਕਪੂਰਥਲਾ, ਜਨਵਰੀ 2020- (ਹਰਜੀਤ ਸਿੰਘ ਵਿਰਕ)=
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਅਗਵਾਈ ਹੇਠ ਜ਼ਿਲੇ ਵਿਚ ਚਲਾਈ ਜਾ ਰਹੀ ‘ਬੇਟੀ ਬਚਾਓ ਬੇਟੀ ਪੜਾਓ’ ਸਕੀਮ ਤਹਿਤ ਭਾਰਤ ਸਰਕਾਰ ਵੱਲੋਂ ਗਰਲ ਚਾਈਲਡ ਸਪਤਾਹ ਮਨਾਉਣ ਲਈ 26 ਜਨਵਰੀ ਤੱਕ ਜ਼ਿਲੇ ਭਰ ਵਿਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧ ਵਿਚ ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ ਦੀ ਪ੍ਰਧਾਨਗੀ ਹੇਠ ਜ਼ਿਲਾ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਡਾ. ਸ਼ਿਖਾ ਭਗਤ ਨੇ ਹੁਣ ਤੱਕ ਕੀਤੀਆਂ ਗਈਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨਾਂ ਦੱਸਿਆ ਕਿ ਚੱਲ ਰਹੀਆਂ ਗਤੀਵਿਧੀਆਂ ਤਹਿਤ 20 ਜਨਵਰੀ ਨੂੰ ਸਾਰੇ ਆਂਗਣਵਾੜੀ ਸੈਂਟਰਾਂ ਵਿਚ ਦਸਤਖ਼ਤ ਅਤੇ ਪ੍ਰਣ ਸਮਾਗਮ ਕਰਵਾਏ ਗਏ ਹਨ ਅਤੇ ਅੱਜ ਸਾਰੇ ਜ਼ਿਲੇ ਵਿਚ ਪ੍ਰਭਾਤ ਫੇਰੀਆਂ ਤੇ ਡੋਰ-ਟੂ-ਡੋਰ ਜਾਗਰੂਕਤਾ ਫ਼ੈਲਾਈ ਗਈ ਹੈ। ਉਨਾਂ ਜ਼ਿਲਾ ਸਿੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਕਿ 22 ਜਨਵਰੀ ਨੂੰ ਸਾਰੇ ਸਕੂਲਾਂ ਵਿਚ ‘ਬੇਟੀ ਬਚਾਓ ਬੇਟੀ ਪੜਾਓ’ ਵਿਸ਼ੇ ’ਤੇ ਡਰਾਇੰਗ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਜਾਣ। ਉਨਾਂ ਕਿਹਾ ਕਿ ਜ਼ਿਲਾ ਪੱਧਰ ’ਤੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲਿਆਂ ਨੂੰ 26 ਜਨਵਰੀ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰਾਂ ਉਨਾਂ ਜ਼ਿਲਾ ਪੇਂਡੂ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਹਦਾਇਤ ਕੀਤੀ ਕਿ 23 ਜਨਵਰੀ ਨੂੰ ‘ਬੇਟੀ ਬਚਾਓ ਬੇਟੀ ਪੜਾਓ’ ਵਿਸ਼ੇ ’ਤੇ ਕਮਿੳੂਨਿਟੀ ਮੀਟਿੰਗਾਂ ਕਰਵਾਈਆਂ ਜਾਣ ਅਤੇ ਇਨਾਂ ਵਿਚ ਮਹਿਲਾਵਾਂ ਦੇ ਸ਼ਕਤੀਕਰਨ ਲਈ ਕੰਮ ਕਰਨ ਵਾਲੀਆਂ ਸ਼ਖਸੀਅਤਾਂ ਅਤੇ ਸੰਸਥਾਵਾਂ ਨੂੰ ਸ਼ਾਮਿਲ ਕੀਤਾ ਜਾਵੇ। ਉਨਾਂ ਸਮੂਹ ਸੀ. ਡੀ. ਪੀ. ਓਜ਼ ਨੂੰ ਹਦਾਇਤ ਕੀਤੀ ਕਿ 24 ਜਨਵਰੀ ਨੂੰ ਪਿੰਡ ਪੱਧਰ ’ਤੇ ਗਰਲ ਚਾਈਲਡ ਡੇਅ ਮਨਾਇਆ ਜਾਵੇ। ਇਸੇ ਤਰਾਂ 25 ਜਨਵਰੀ ਨੂੰ ਵਿਸ਼ੇਸ਼ ਤੌਰ ’ਤੇ ਗ੍ਰਾਮ ਸਭਾ ਵਿਚ ਚਾਈਲਡ ਸੈਕਸ ਰੇਸ਼ੋ ਅਤੇ ਚਾਈਲਡ ਪ੍ਰੋਟੈਕਸ਼ਨ ਵਿਸ਼ੇ ’ਤੇ ਆਂਗਣਵਾੜੀ ਸੁਪਰਵਾਈਜ਼ਰਾਂ ਵੱਲੋਂ ਮੀਟਿੰਗ ਕਰਵਾਈ ਜਾਵੇ। ਉਨਾਂ ਕਿਹਾ ਕਿ 26 ਜਨਵਰੀ ਨੂੰ ਜ਼ਿਲਾ ਪੱਧਰ ’ਤੇ ‘ਬੇਟੀ ਬਚਾਓ ਬੇਟੀ ਪੜਾਓ’ ਸਕੀਮ ਤਹਿਤ ਸਰਬੋਤਮ ਸਕੂਲ ਮੈਨੇਜਮੈਂਟ ਕਮੇਟੀ, ਸਰਬੋਤਮ ਆਂਗਣਵਾੜੀ ਵਰਕਰ, ਸਰਬੋਤਮ ਸੁਪਰਵਾਈਜ਼ਰ ਅਤੇ ਸਰਬੋਤਮ ਸੀ. ਡੀ. ਪੀ. ਓ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਨੇਹ ਲਤਾ, ਸੀ. ਡੀ. ਪੀ. ਓ ਸ੍ਰੀ ਰਾਜੀਵ ਢਾਂਡਾ, ਸ੍ਰੀਮਤੀ ਨਿਤਾਸ਼ਾ ਸਾਗਰ ਤੇ ਸ. ਬਲਵਿੰਦਰ ਜੀਤ ਸਿੰਘ, ਜ਼ਿਲਾ ਗਾਈਡੈਂਸ ਕਾੳੂਂਸਲਰ ਸ. ਪਰਮਜੀਤ ਸਿੰਘ, ਸ. ਮਲਕੀਤ ਸਿੰਘ ਤੇ ਹੋਰ ਹਾਜ਼ਰ ਸਨ।
ਫੋਟੋ : -ਗਰਲ ਚਾਈਲਡ ਸਪਤਾਹ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ। ਨਾਲ ਹਨ ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਨੇਹ ਲਤਾ, ਜ਼ਿਲਾ ਗਾਈਡੈਂਸ ਕਾੳੂਂਸਲਰ ਸ. ਪਰਮਜੀਤ ਸਿੰਘ ਤੇ ਹੋਰ।