ਆਂਡੇ 'ਚ ਸੁਰੱਖਿਅਤ ਬੱਚਾ ਬਾਹਰ ਆਵੇਗਾ!✍️ ਸਲੇਮਪੁਰੀ ਦੀ ਚੂੰਢੀ -

 ਆਂਡੇ 'ਚ ਸੁਰੱਖਿਅਤ ਬੱਚਾ ਬਾਹਰ ਆਵੇਗਾ!

ਕੁਦਰਤ ਦੇ ਨਿਯਮਾਂ ਮੁਤਾਬਿਕ 21 ਦਿਨਾਂ ਬਾਅਦ ਆਂਡੇ 'ਚੋਂ ਸੁਰੱਖਿਅਤ ਬੱਚੇ ਬਾਹਰ ਆਉਣ ਦੀ ਸੰਭਾਵਨਾ ਹੁੰਦੀ ਹੈ। ਜਦੋਂ ਅਸੀਂ ਬੱਚੇ ਕਢਵਾਉਣ ਲਈ ਕੁੜਕ ਮੁਰਗੀ ਥੱਲੇ ਆਂਡੇ ਰੱਖਦੇ (ਸੇਣਾ) ਹਾਂ ਤਾਂ 21ਦਿਨਾਂ ਬਾਅਦ  ਆਂਡਿਆਂ ਵਿਚੋਂ ਬੱਚੇ ਬਾਹਰ ਆ ਜਾਂਦੇ ਹਨ। ਕੁੜਕ ਮੁਰਗੀ 21 ਦਿਨਾਂ ਤੱਕ ਖੁੱਡੇ ਵਿਚੋਂ ਬਾਹਰ ਨਹੀਂ ਨਿਕਲਦੀ ਅਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਜਨਮ ਦੇਣ ਲਈ  ਹਰ ਵੇਲੇ ਉਪਰ ਬੈਠੀ ਰਹਿੰਦੀ ਹੈ ਅਤੇ ਇਥੋਂ ਤਕ ਕਿ ਕਿਸੇ ਹੋਰ ਮੁਰਗੀ/ਮਰਗੇ ਨੂੰ ਹੀ ਨਹੀਂ ਬਲਕਿ ਕਿਸੇ ਮਨੁੱਖ ਨੂੰ ਵੀ ਨੇੜੇ ਨਹੀਂ ਲੱਗਣ ਦਿੰਦੀ। ਜੇ ਕੋਈ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਠੁੰਗਾਂ ਮਾਰਦੀ ਹੈ ਤਾਂ ਜੋ ਕੋਈ ਵੀ ਆਂਡਿਆਂ ਨੂੰ ਛੂਹ ਨਾ ਸਕੇ। ਜਨੌਰ ਹੋਣ ਦੇ ਬਾਵਜੂਦ ਮੁਰਗੀ ਦੇ ਦਿਮਾਗ ਵਿਚ ਇਕ ਗੱਲ ਬਹਿ ਜਾਂਦੀ ਹੈ ਕਿ ਜੇ ਕੋਈ ਆਂਡਿਆਂ ਨੂੰ ਛੂਹੇਗਾ ਤਾਂ ਸੁਰੱਖਿਅਤ ਬੱਚੇ ਨਹੀ ਨਿਕਲਣਗੇ, ਇਸ ਲਈ ਉਹ 21 ਦਿਨ ਤੱਕ ਨਾਲ ਦਿਆਂ ਕੋਲੋਂ ਦੂਰੀ ਬਣਾ ਕੇ ਰੱਖਦੀ ਹੈ। ਇਸ ਲਈ ਸਮੁੱਚੇ ਦੇਸ਼ ਵਾਸੀਆਂ ਨੂੰ ਕੁੜਕ ਮੁਰਗੀ ਤੋਂ ਸਿੱਖਿਆ ਲੈਂਦਿਆਂ 21 ਦਿਨ ਆਪਣੀ, ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਦੀ ਸੁਰੱਖਿਆ ਲਈ ਮੁਰਗੀ ਵਾਂਗੂੰ ਆਪਣਾ ਆਲਣਾ (ਘਰ) ਨਹੀਂ ਛੱਡਣਾ ਚਾਹੀਦਾ। ਸੁਣਿਆ ਹੈ ਕਿ ਜੇ ਕੁੜਕ ਮੁਰਗੀ ਥੱਲੇ ਰੱਖੇ ਆਂਡਿਆਂ ਨੂੰ ਕੋਈ ਬਿਗਾਨਾ ਛੂਹ ਦੇਵੇ ਤਾਂ ਆਂਡੇ ਗਲ ਜਾਂਦੇ ਹਨ। ਇਸ ਲਈ ਆਪਣੇ ਆਪ ਨੂੰ, ਪਰਿਵਾਰ ਨੂੰ, ਸਮਾਜ ਨੂੰ ਅਤੇ ਦੇਸ਼ ਨੂੰ ਗਲਣ ਤੋਂ ਬਚਾਉਣ ਲਈ ਮੁਰਗੀ ਤੋਂ ਸੇਧ ਲੈਂਦਿਆਂ ਸਰਕਾਰ ਅਤੇ ਡਾਕਟਰਾਂ ਦੀ ਦਿੱਤੀ ਸਲਾਹ ਨੂੰ ਪੱਲੇ ਬੰਨ੍ਹ ਕੇ ਰੱਖਣ ਵਿਚ ਹੀ ਭਲਾ ਹੈ।ਜੇ ਅਸੀਂ ਗੱਲ ਮੰਨ ਲਈ ਤਾਂ 21ਦਿਨਾਂ ਬਾਅਦ ਭਾਰਤ ਮਾਂ ਦੇ ਸਾਰੇ ਬੱਚੇ ਆਲਣਿਆਂ  'ਚੋ ਸਰੱਖਿਅਤ ਬਾਹਰ ਆਉਣ ਦੀ ਸੰਭਾਵਨਾ ਹੈ। 
✍️ ਸੁਖਦੇਵ ਸਲੇਮਪੁਰੀ