You are here

ਸਰਾਪ ਬਨਾਮ ਵਰਦਾਨ!✍️ਸਲੇਮਪੁਰੀ ਦੀ ਚੂੰਢੀ -

 ਸਰਾਪ ਬਨਾਮ ਵਰਦਾਨ!

ਆਮ ਤੌਰ 'ਤੇ ਸਰਕਾਰੀ ਹਸਪਤਾਲਾਂ ਨੂੰ ਨਿੰਦਣ ਤੋਂ ਸਿਵਾਏ ਸਮਾਜ ਕੋਲ ਕੋਈ ਵੀ ਕੰਮ ਨਹੀਂ ਹੈ। ਸਮਾਜ ਦੇ ਅਮੀਰਾਂ ਸਮੇਤ ਮੱਧ ਵਰਗੀ ਅਤੇ ਖਾਂਦੇ ਪੀਂਦੇ ਲੋਕ ਤਾਂ ਸਰਕਾਰੀ ਹਸਪਤਾਲਾਂ ਦਾ ਨਾਂ ਸੁਣਦਿਆਂ ਹੀ ਨੱਕ ਬੁੱਲ੍ਹ ਚੜਾਉਣ ਲੱਗ ਜਾਂਦੇ ਹਨ। ਖਾਂਦੇ ਪੀਂਦੇ ਪਰਿਵਾਰਾਂ ਦੇ ਮੂੰਹੋਂ ਤਾਂ ਅਕਸਰ ਇਹ ਸ਼ਬਦ ਹੀ ਨਿਕਲਦਾ ਹੈ ਕਿ ਇਹ ਤਾਂ ਗਰੀਬਾਂ ਦੇ ਹਸਪਤਾਲ ਹਨ, ਪਰ ਅੱਜ ਉਨ੍ਹਾਂ ਲੋਕਾਂ ਲਈ ਇਹ ਹਸਪਤਾਲ ਵਰਦਾਨ ਬਣ ਰਹੇ ਹਨ, ਜਿਹੜੇ ਇਨ੍ਹਾਂ ਦੇ ਕੋਲੋਂ ਲੰਘਣਾ ਵੀ ਕਦੀ ਮੁਨਾਸਿਬ ਵੀ ਨਹੀਂ ਸੀ ਸਮਝਦੇ, ਕਿਉਂਕਿ ਬਹੁਤੇ ਨਿੱਜੀ ਹਸਪਤਾਲਾਂ ਨੇ ਤਾਂ ਆਪਣੇ ਬੂਹੇ ਭੇੜ ਕੇ ਬਾਹਰ ਲਿਖ ਦਿੱਤਾ ਹੈ ਕਿ 'ਜਿਹੜੇ ਮਰੀਜ਼ਾਂ ਨੂੰ ਖੰਘ, ਜੁਕਾਮ, ਬੁਖਾਰ ਅਤੇ ਹੱਡ ਭੰਨਣੀ ਦੀ ਸ਼ਿਕਾਇਤ ਹੈ, ਉਹ ਸਰਕਾਰੀ ਹਸਪਤਾਲ ਜਾਣ' ਸਦਕੇ ਜਾਈਏ! ਇਹੋ ਜਿਹੇ ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਤੋਂ, ਜਿਹੜੇ ਕ੍ਰੀਮ ਖਾਣ ਲਈ ਹੀ ਲੋਕਾਂ ਦਾ ਗਲ ਘੁੱਟ ਦੇ ਰਹੇ ਹਨ ਅਤੇ ਜਦੋਂ ਹੁਣ ਦੇਸ਼ ਉਪਰ ਭੀੜ ਬਣੀ ਤਾਂ ਬੂਹੇ ਭੇੜ ਲਏ ਹਨ। ਅੱਜ ਸਰਕਾਰੀ ਹਸਪਤਾਲਾਂ ਨੇ ਹੀ ਕੋਰੋਨਾ  ਸਮੇਤ ਹਰ ਬਿਮਾਰੀ ਤੋਂ  ਪੀੜਤ ਹਰ ਵਰਗ ਦੇ ਲੋਕਾਂ ਦੀ ਬਾਂਹ ਫੜੀ ਹੈ। ਵਰ੍ਹਦੀ ਅੱਗ ਵਿੱਚ ਸਰਕਾਰੀ ਹਸਪਤਾਲਾਂ ਦੇ ਸਿਹਤ ਕਾਮੇ ਜਾਨ ਤਲੀ 'ਤੇ ਰੱਖ ਕੇ ਦੂਜਿਆਂ ਦੀ ਜਾਨ ਬਚਾਉਣ ਵਿੱਚ ਜੁੱਟ ਗਏ ਹਨ। ਅੱਜ ਉਨ੍ਹਾਂ ਲੋਕਾਂ ਦੇ ਮੂੰਹ' ਤੇ ਕੱਸ ਕੇ ਚਪੇੜ ਵੱਜੀ ਹੈ ਜਿਹੜੇ  ਲੋਕ ਹੁਣ ਤੱਕ ਸਰਕਾਰੀ ਹਸਪਤਾਲਾਂ ਨੂੰ 'ਸਰਾਪ' ਹੀ ਸਮਝਦੇ ਰਹੇ ਹਨ।  ਅਮੀਰਾਂ ਨੂੰ ਅੱਜ ਇਸ ਗੱਲ ਦੀ ਵੀ ਸਮਝ ਆ ਗਈ ਹੋਣੀ ਹੈ ਕਿ ਸਮਾਜ ਦੇ ਆਮ ਲੋਕਾਂ ਦਾ ਸਿੱਧੇ ਅਤੇ ਅਸਿੱਧੇ ਤੌਰ ਤੇ ਖੂਨ ਚੂਸਕੇ ਇਕੱਠੀ ਕੀਤੀ ਅੰਨ੍ਹੀ ਮਾਇਆ ਨੂੰ ਐਵੇਂ ਆਪਣੇ ਐਸ਼ੋ-ਆਰਾਮ ਲਈ ਖਰਚਦੇ ਰਹੇ ਹਨ ਜਾਂ ਫਿਰ ਆਪਣੇ ਪਾਪਾਂ ਨੂੰ ਧੋਣ ਅਤੇ ਹੇਰਾਫੇਰੀ ਨਾਲ ਇਕੱਠੀ ਕੀਤੀ ਮਾਇਆ ਦਾ ਦਸਵੰਦ ਸਰਕਾਰੀ ਹਸਪਤਾਲਾਂ ਅਤੇ ਸਕੂਲਾਂ /ਕਾਲਜਾਂ ਉਪਰ ਖਰਚਣ ਦੀ ਬਜਾਏ ਧਾਰਮਿਕ ਸਥਾਨਾਂ ਵਿਚ ਮਹਿੰਗੇ ਪੱਥਰ ਲਗਵਾਉਣ ਲਈ ਖਰਚ ਕਰਦੇ ਰਹੇ ਹਨ। ਅਮੀਰ ਅੱਜ ਇਹ ਵੀ ਸਮਝ ਗਏ ਹੋਣਗੇ ਕਿ ਜਦੋਂ ਸਮਾਜ ਉੱਪਰ ਮੁਸੀਬਤਾਂ ਦਾ ਵੱਡਾ ਪਹਾੜ ਆਣ ਡਿੱਗ ਪਿਆ ਹੈ ਤਾਂ ਧਾਰਮਿਕ ਸਥਾਨਾਂ ਦੇ ਬੂਹੇ ਵੀ ਬੰਦ ਹੋ ਗਏ ਹਨ ਜਦ ਕਿ ਉਨ੍ਹਾਂ ਦੀ ਜਾਨ ਬਚਾਉਣ ਲਈ ਇਸ ਵੇਲੇ ਕੇਵਲ ਤੇ ਕੇਵਲ ਹਸਪਤਾਲਾਂ ਦੇ ਬੂਹੇ ਖੁੱਲ੍ਹੇ ਹਨ। 
ਸਲਾਮ! ਸਰਕਾਰੀ ਹਸਪਤਾਲਾਂ ਨੂੰ!
ਸਲਾਮ! ਸਰਕਾਰੀ ਡਾਕਟਰਾਂ ਨੂੰ!
ਸਲਾਮ! ਸਰਕਾਰੀ ਨਰਸਾਂ ਨੂੰ!
ਸਲਾਮ! ਸਰਕਾਰੀ ਪੈਰਾ-ਮੈਡੀਕਲ ਸਟਾਫ ਨੂੰ!
-ਸੁਖਦੇਵ ਸਲੇਮਪੁਰੀ
09780620233