ਜਾਨ ਹੈ ਤਾਂ ਜਹਾਨ ਹੈ!✍️ਸਲੇਮਪੁਰੀ ਦੀ ਚੂੰਢੀ -

ਜਾਨ ਹੈ ਤਾਂ ਜਹਾਨ ਹੈ!

' ਸਿਆਣੇ ਦਾ ਕਿਹਾ ਅਤੇ ਔਲੇ ਦਾ ਖਾਧਾ ਬਾਅਦ ਵਿਚ ਸੁਆਦ ਦਿੰਦੇ ਹਨ ' ਇਹ ਕਹਾਵਤ ਭਾਵੇਂ 10-12 ਸ਼ਬਦਾਂ ਦੀ ਹੈ ਪਰ ਸਮਾਜ ਲਈ  ਬਹੁਤ ਵੱਡੀ ਇੱਕ ਰਾਹ ਦਿਸੇਰੀ ਅਤੇ ਚਾਨਣ ਮੁਨਾਰੇ ਵਾਲੀ ਕਹਾਵਤ ਹੈ, ਜਿਸ ਨੂੰ ਜਿਹੜੇ ਮਨੁੱਖ  ਆਪਣੀ ਜਿੰਦਗੀ ਵਿੱਚ ਢਾਲ ਕੇ  ਚੱਲਦੇ ਹਨ, ਜਲਦੀ ਕਰਕੇ ਮਾਰ ਨਹੀਂ ਖਾਂਦੇ ।ਅੱਜ ਇਸ ਕਹਾਵਤ ਦੀ  ਹਰੇਕ ਮਨੁੱਖ ਲਈ ਬਹੁਤ ਮਹੱਤਤਾ ਹੈ। ਪੰਜਾਬ ਸਰਕਾਰ ਵਲੋਂ ਨਾਮੁਰਾਦ ਰੋਗ ਕੋਰੋਨਾ ਵਾਇਰਸ ਨੂੰ ਨੱਥ ਪਾਉਣ ਲਈ ਦੇਸ਼ ਭਰ ਵਿਚ ਸਭ ਤੋਂ ਪਹਿਲਾਂ ਪਹਿਲ ਕਦਮੀ ਕਰਦਿਆਂ ਲਾਕ-ਡਾਊਨ ਤੋਂ ਬਾਅਦ ਕਰਫਿਊ ਲਗਾ ਦਿੱਤਾ ਹੈ, ਜੋ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਲਈ ਸਾਨੂੰ  ਬਿਨਾਂ ਕਿਸੇ ਦੇਰੀ ਤੋਂ ਕਾਨੂੰਨ ਦੀ ਇੰਨ ਬਿੰਨ ਪਾਲਣਾ ਕਰਨੀ ਚਾਹੀਦੀ ਹੈ, ਨਹੀਂ ਤਾਂ ਸਾਨੂੰ ਇਟਲੀ ਵਾਂਗੂੰ ਇਸ ਰੋਗ ਨਾਲ ਪੈਦਾ ਹੋਣ ਵਾਲੀ ਭਿਆਨਕ ਮਹਾਮਾਰੀ ਨਾਲ ਨਜਿੱਠਣ ਲਈ ਮਜਬੂਰ ਹੋਣਾ ਪਵੇਗਾ, ਪਰ ਸਾਡੇ ਤੋਂ ਨਜਿੱਠਿਆ ਨਹੀਂ ਜਾਣਾ ਕਿਉਂਕਿ ਹਾਲਾਤ ਬਦ ਤੋਂ ਬਦਤਰ ਹੋ ਜਾਣਗੇ।

ਸੱਚ ਤਾਂ ਇਹ ਹੈ ਕਿ ' ਜੇ ਜਾਨ ਹੈ ਤਾਂ ਜਹਾਨ ਹੈ', ਜਾਣੀ ਕਿ ਜੇ ਅਸੀਂ ਜਿਉਂਦੇ ਹੀ ਨਾ ਰਹੇ ਤਾਂ ਸੰਸਾਰ ਹੀ ਨਹੀਂ ਰਹੇਗਾ।

ਬਾਂਸ ਹੋਵੇਗਾ ਤਾਂ ਬਾਂਸੁਰੀ ਵੱਜੇਗੀ। ਮਨੁੱਖਾਂ ਨਾਲ ਪਰਿਵਾਰ, ਪਰਿਵਾਰ ਨਾਲ ਘਰ, ਘਰਾਂ ਨਾਲ ਸਮਾਜ, ਸਮਾਜ ਨਾਲ ਦੇਸ਼ ਅਤੇ ਦੇਸ਼ਾਂ ਦੇ ਸਮੂਹ ਨਾਲ ਸੰਸਾਰ ਬਣਦਾ ਹੈ। ਇਸ ਤਰ੍ਹਾਂ ਹਰ ਮਨੁੱਖ ਸੰਸਾਰ ਹੈ। ਹਰ ਮਨੁੱਖ ਦਾ ਇਖਲਾਕੀ ਫਰਜ ਬਣਦਾ ਹੈ ਕਿ ਉਹ ਸੰਸਾਰ ਦੀ ਹੋਂਦ ਨੂੰ ਬਚਾਉਣ ਲਈ ਜਾਗਰੂਕ ਹੋਵੇ। 

ਇਸ ਲਈ ਸਰਕਾਰ ਅਤੇ ਡਾਕਟਰਾਂ ਦੀ ਕਹੀ ਗੱਲ ਉਪਰ ਪਹਿਰਾ ਦਿੰਦੇ ਹੋਏ ਆਪਣੇ ਘਰਾਂ ਵਿਚ ਰਹਿਣਾ ਚਾਹੀਦਾ ਹੈ । ਸਾਡੀ ਜਾਨ ਦੀ ਸੁਰੱਖਿਆ ਲਈ  4 ਪੱਪੇ ਜਿਸ ਵਿਚ ਪ੍ਰਸ਼ਾਸਨ, ਪੱਟੀ ਚਿੱਟੀ (ਡਾਕਟਰ ਅਤੇ ਨਰਸਾਂ) ਪੁਲਿਸ ਅਤੇ ਪ੍ਰੈਸ ਸ਼ਾਮਲ ਹਨ, ਆਪਣੀ ਜਾਨ ਤਲੀ ' ਤੇ ਰੱਖ ਕੇ ਪਹਿਰੇਦਾਰ ਬਣਕੇ ਖੜੇ ਹਨ। ਕੋਰੋਨਾ ਵਾਇਰਸ ਨਾਲ ਸਬੰਧਿਤ ਯੁੱਧ ਲੰਬਾ ਸਮਾਂ ਵੀ ਚੱਲ ਸਕਦਾ ਹੈ, ਪਰ ਜੇ ਅਸੀਂ ਸਰਕਾਰ ਅਤੇ ਡਾਕਟਰਾਂ ਦੀ ਗੱਲ ਨੂੰ ਆਪਣੇ ਜਿਹਨ ਵਿਚ ਬੈਠਾਕੇ ਚੱਲਾਂਗੇ ਤਾਂ ਜਲਦੀ ਹੀ ਜਿੱਤ ਪ੍ਰਾਪਤ ਕਰ ਲਵਾਂਗੇ ਅਤੇ ਸੰਸਾਰ ਦਾ ਅੰਗ ਬਣੇ ਰਹਾਂਗੇ। 

-ਸੁਖਦੇਵ ਸਲੇਮਪੁਰੀ