ਪੰਜਾਬ ਦੀ ਮਿੱਟੀ ਨਾਲ ਜੁੜੇ ਸਾਹਿਤਕਾਰ ਜਸਵੰਤ ਸਿੰਘ ਕੰਵਲ ਨੂੰ ਇੱਕ ਸ਼ਰਧਾਂਜਲੀ.!!✍️ਅਮਰਜੀਤ ਸਿੰਘ ਗਰੇਵਾਲ

 

ਜਸਵੰਤ ਸਿੰਘ ਕੰਵਲ ਦਾ ਜਨਮ ਪਿੰਡ ਢੁੱਡੀਕੇ (ਜ਼ਿਲਾ ਮੋਗਾ) ਵਿਖੇ ਸ੍ਰੀ ਮਾਹਲਾ ਸਿੰਘ ਦੇ ਘਰ ਹੋਇਆ। 1943 ਵਿੱਚ ਜਸਵੰਤ ਸਿੰਘ ਕੰਵਲ ਦਾ ਵਿਆਹ ਮੁਖਤਿਆਰ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਚਾਰ ਧੀਆਂ ਤੇ ਇੱਕ ਪੁੱਤਰ ਨੇ ਜਨਮ ਲਿਆ। ਤਿੰਨ ਧੀਆਂ ਰੱਬ ਨੂੰ ਪਿਆਰੀਆਂ ਹੋ ਚੁੱਕੀਆਂ ਹਨ। ਪੁੱਤਰ ਸਰਬਜੀਤ ਸਿੰਘ ਦੋ ਖੂਬਸੂਰਤ ਬੇਟਿਆਂ ਦਾ ਪਿਤਾ ਹੈ।ਕੰਵਲ ਹੁਰਾਂ ਨੇ ਆਪਣੀ ਮੁਢਲੀ ਵਿਦਿਆ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਉਨ੍ਹਾਂ ਨੇ ਦਸਵੀਂ ਦੀ ਜਮਾਤ ਪਾਸ ਨਹੀਂ ਕੀਤੀ ਪਰ ਗਿਆਨੀ ਜ਼ਰੂਰ ਕੀਤੀ ਹੋਈ ਸੀ।ਉਨ੍ਹਾਂ ਦੇ ਕਹਿਣ ਮੁਤਾਬਕ ਉਨ੍ਹਾਂ ਨੂੰ ਲਿਖਣ ਦੀ ਚੇਟਕ ਮਲਾਇਆ ਦੇ ਜੰਗਲਾਂ ਵਿੱਚ ਘੁੰਮਦਿਆਂ ਲੱਗੀ। ਉਹ ਆਪਣੀ ਲਿਖਣ ਕਲਾ ਨੂੰ ਮਲਾਇਆ ਦੀ ਸੌਗਾਤ ਆਖਦੇ ਸਨ।ਉਨ੍ਹਾਂ ਦਾ ਪਹਿਲਾ ਪਿਆਰ ਇੱਕ ਚੀਨੀ ਮੁਟਿਆਰ ਸੀ, ਜੋ ਉਨ੍ਹਾਂ ਨਾਲ ਵਿਆਹ ਤਾਂ ਕਰਵਾਉਣਾ ਚਾਹੁੰਦੀ ਸੀ ਪਰ ਆਪਣਾ ਦੇਸ਼ ਨਹੀਂ ਸੀ ਛੱਡਣਾ ਚਾਹੁੰਦੀ। ਇਸੇ ਤਰ੍ਹਾਂ ਕੰਵਲ ਹੁਰੀਂ ਵੀ ਉਥੇ ਪੱਕੇ ਤੌਰ 'ਤੇ ਰਹਿਣਾ ਨਹੀਂ ਸੀ ਚਾਹੁੰਦੇ। ਉਨ੍ਹਾਂ ਦੇ ਰਿਸ਼ਤੇ ਦਾ ਅੰਤ ਇਥੇ ਹੀ ਹੋ ਗਿਆ। ਉਨ੍ਹਾਂ ਰੋਜ਼ੀ ਰੋਟੀ ਦੀ ਖਾਤਰ ਮਲਾਇਆ ਵਿੱਚ ਚੌਕੀਦਾਰੀ ਵੀ ਕੀਤੀ ਤੇ ਆਪਣੇ ਪਿੰਡ ਦਿਆਂ ਖੇਤਾਂ ਵਿੱਚ ਆਪਣੇ ਛੋਟੇ ਭਰਾ ਨਾਲ ਹਲ ਵੀ ਵਾਹਿਆ। ਇਹ ਉਨ੍ਹਾਂ ਦਾ ਸੁਭਾਗ ਸੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਹੀ ਉਨ੍ਹਾਂ ਨੂੰ ਗੁਰੂ ਰਾਮਦਾਸ ਦੀ ਨਗਰੀ ਵਿੱਚ ਕਲਰਕੀ ਦੀ ਨੌਕਰੀ ਮਿਲ ਗਈ। ਉਥੇ ਹੀ ਰਹਿਣਾ, ਖਾਣਾ ਪੀਣਾ ਤੇ ਸਾਹਿਤਕ ਭੁੱਖ ਪੂਰੀ ਕਰਨ ਲਈ ਉਹ ਬਾਕੀ ਬਚਦਾ ਸਮਾਂ ਸ਼੍ਰੋਮਣੀ ਕਮੇਟੀ ਦੀ ਲਾਇਬਰੇਰੀ ਵਿੱਚ ਬਿਤਾਉਂਦੇ। ਇਥੇ ਹੀ ਉਨ੍ਹਾਂ ਨੂੰ ਦੁਨੀਆਂ ਦੀਆਂ ਸਭ ਤੋਂ ਵਧੀਆ ਕਿਤਾਬਾਂ, ਨਾਵਲ ਤੇ ਕਹਾਣੀਆਂ ਪੜ੍ਹੀਆਂ। ‘‘ਜੀਵਨ ਕਣੀਆਂ ਦੇ ਪਬਲਿਸ਼ਰ ਨੇ ਹੀ ਉਨ੍ਹਾਂ ਨੂੰ ਨਾਵਲ ਲਿਖਣ ਵੱਲ ਪ੍ਰੇਰਿਤ ਕੀਤਾ। ਜਸਵੰਤ ਸਿੰਘ ਕੰਵਲ ਦਾ ਸਭ ਤੋਂ ਪਹਿਲਾ ਨਾਵਲ ‘ਸੱਚ ਨੂੰ ਫਾਂਸੀ' 1944 ਵਿੱਚ ਪਾਠਕਾਂ ਦੇ ਹੱਥਾਂ ਵਿੱਚ ਆਇਆ। ਤੇ ਉਸ ਤੋਂ ਬਾਅਦ ਵਿੱਚ ਉਹ ਦਿਨ ਵੀ ਆਏ ਜਦ ਪਾਠਕ ਕੰਵਲ ਦੇ ਨਾਵਲ ਦੀ ਇੰਤਜ਼ਾਰ ਕਰਿਆ ਕਰਦੇ ਸਨ।ਕੰਵਲ ਦਾ ਸਾਹਿਤਕ ਸਫਰ ਮਲਾਇਆ ਵਿੱਚ ਸ਼ੁਰੂ ਹੋਇਆ ਤੇ ਪੰਜਾਬ ਵਿੱਚ ਪ੍ਰਵਾਨ ਚੜ੍ਹਿਆ। ਅਸੀਂ ਵੀ ਸਕੂਲ ਵਿੱਚ ਪੜ੍ਹਦੇ ਸਮੇਂ ਹੀ ਕੰਵਲ ਜੀ ਦੇ ਸਾਰੇ ਨਾਵਲ ਪੜ੍ਹ ਲਏ ਸਨ। ਲੁਧਿਆਣੇ ਜਾਂਦੇ ਸਮੇਂ ਬੱਦੋਵਾਲ, ਲਲਤੋਂ ਨੂੰ ਦੇਖ ਕੇ ਅਤੇ ਸਿਵਲ ਲਾਈਨਜ ਨੂੰ ਦੇਖ ਕੇ ਕੰਵਲ ਜੀ ਦੇ ਪਾਤਰਾਂ ਦੀ ਯਾਦ ਆ ਜਾਂਦੀ ਸੀ।ਆਜ਼ਾਦੀ ਤੋਂ ਪਹਿਲਾਂ ਲਿਖਣਾ ਸ਼ੁਰੂ ਕਰਨ ਵਾਲੇ ਇਸ ਲੇਖਕ ਨੇ ਅੰਗਰੇਜ਼ਾਂ ਦਾ ਰਾਜ ਵੀ ਦੇਖਿਆ ਤੇ ਆਜ਼ਾਦੀ ਤੋਂ ਬਾਅਦ ਕਈ ਰੰਗਾਂ ਦੀਆਂ ਸਰਕਾਰਾਂ ਵੀ।ਜ਼ਿੰਦਗੀ 'ਚ ਕਈ ਉਤਰਾਅ ਚੜ੍ਹਾਅ ਦੇਖਣ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਅੰਦਰ ਸਮੇਂ-ਸਮੇਂ 'ਤੇ ਰਹਿਣ ਵਾਲੀ ਉਥਲ-ਪੁਥਲ ਵੀ ਦੇਖੀ।

ਪ੍ਰਿੰਸੀਪਲ ਸਰਵਣ ਸਿੰਘ ਨੇ ਕੰਵਲ ਵਾਰੇ ਲਿਖਦਿਆਂ ਬਿੱਲਕੁਲ ਠੀਕ ਕਿਹਾ:-

“ਜੇ ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਦਾ ਬੋਹੜ ਸੀ ਤਾਂ ਜਸਵੰਤ ਸਿੰਘ ਕੰਵਲ ਸਰੂ ਦਾ ਰੁੱਖ ਹੈ। ਉਹ ਵਗਦੀਆਂ ਹਵਾਵਾਂ ਨਾਲ ਸਰੂ ਵਾਂਗ ਝੂਮਦੈ। ਕਦੇ ਖੱਬੇ ਲਹਿਰਾਉਂਦੈ, ਕਦੇ ਸੱਜੇ ਤੇ ਕਦੇ ਗੁਲਾਈ ਵਿਚ ਘੁੰਮਦੈ। ਉਹਦਾ ਤਣਾ ਮਜ਼ਬੂਤ ਹੈ ਤੇ ਜੜ੍ਹਾਂ ਡੂੰਘੀਆਂ ਜਿਸ ਕਰਕੇ ਵਾਵਰੋਲੇ ਤਾਂ ਕੀ, ਝੱਖੜ ਤੂਫ਼ਾਨ ਵੀ ਉਸ ਨੂੰ ਧਰਤੀ ਤੋਂ ਨਹੀਂ ਹਿਲਾ ਸਕੇ।”

ਪੰਜਾਬੀ ਦੇ ਕੁਝ ਸਾਹਿਤਕਾਰ ਵਿਦੇਸ਼ੀ ਧਾਰਨਾਵਾਂ ਅਤੇ ਵਾਦਾਂ ਤੋਂ ਏਨੇ ਪ੍ਰਭਾਵਿਤ ਹੁੰਦੇ ਰਹੇ ਹਨ ਕਿ ਆਪਣੇ ਲੋਕਾਂ ਤੋਂ ਹੀ ਟੁੱਟ ਗਏ। ਖੱਬੇ ਪੱਖ ਜਾਂ ਸੱਜੇ ਪੱਖ ਨਾਲ ਇਸ ਹੱਦ ਤੱਕ ਜੁੜ ਗਏ ਕਿ ਆਪਣੇ ਲੋਕਾਂ ਦਾ ਪੱਖ ਪੂਰਨੋ ਹੀ ਹੱਟ ਗਏ।

ਪਰ ਜਸਵੰਤ ਸਿੰਘ ਕੰਵਲ ਹਮੇਸ਼ਾਂ ਆਪਣੇ ਲੋਕਾਂ ਨਾਲ ਖੜ੍ਹਾ ਰਿਹਾ। ਉਸਦੇ ਲਈ ਮਾਰਕਸਵਾਦ,ਸਮਾਜਵਾਦ ਕੁਛ ਵੀ ਮਾਅਨੇ ਨਹੀਂ ਰੱਖਦੇ ਜੇ ਪੰਜਾਬ ਦਾ ਕੁਝ ਨਹੀਂ ਸੰਵਰ ਸਕਦਾ। ਸਾਹਿਤਕਾਰ ਜਿਸ ਮਿੱਟੀ ਵਿੱਚੋਂ ਜੰਮਦਾ ਹੈ ਉਸੇ ਦੀ ਖੁਸ਼ਬੋ ਵਿਖੇਰਦਾ ਚੰਗਾ ਲੱਗਦਾ ਹੈ। ਉਸੇ ਦੇ ਦੁੱਖ ਸੁੱਖ ਹੰਢਾਉਂਦਾ ਅਤੇ ਵੰਡਾਉਂਦਾ ਹੈ। ਜਸਵੰਤ ਸਿੰਘ ਕੰਵਲ ਪੰਜਾਬ ਦੇ ਹਨੇਰਿਆਂ ਵਿੱਚੋਂ ਵੀ ਰੌਸ਼ਨੀ ਦੀ ਤਲਾਸ਼ ਕਰਦਾ ਰਿਹਾ ਅਤੇ ਸੱਜਰੇ ਸਵੇਰਿਆਂ ਦੀ ਕਾਮਨਾ ਕਰਦਾ ਰਿਹਾ। ਪਰ ਅਫ਼ਸੋਸ ਕਿ ਪੰਜਾਬ ਦੀ ਹੋਣੀ ਘੜਨ ਵਾਲੇ ਉਸਨੂੰ ਹਮੇਸ਼ਾ ਨਿਰਾਸ ਕਰਦੇ ਰਹੇ। ਪੰਜਾਬ ਦੀ ਹੋਣੀ ਲਈ ਹੇਠ ਲਿਖੀਆਂ ਸਤਰਾਂ ਕੰਵਲ ਦੀ ਆਪਣੀ ਉਸ ਮਿੱਟੀ ਲਈ ਹੂਕ ਹੈ ਜਿਸ ਵਿੱਚ ਉਹ ਸਦਾ ਲਈ ਸਮਾ ਗਿਆ ਹੈ