ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਭਵਿੱਖਮੁੱਖੀ ਸਿੱਖਿਆ 'ਤੇ ਜ਼ੋਰ ਦੇਣ ਦੀ ਲੋੜ-ਪ੍ਰਤਾਪ ਸਿੰਘ ਬਾਜਵਾ

ਸਿੱਖਿਆ ਸ਼ਾਸਤਰੀਆਂ ਨੂੰ ਸੂਚਨਾ ਅਤੇ ਤਕਨੀਕ ਖੇਤਰ ਵਿੱਚ ਕ੍ਰਾਂਤੀ ਲਿਆਉਣ ਦਾ ਸੱਦਾ
ਸਿੱਧਵਾਂ ਖੁਰਦ/ਜਗਰਾਓਂ/ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)-

ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਅੱਜ ਲੋੜ ਹੈ ਕਿ ਭਵਿੱਖਮੁੱਖੀ ਸਿੱਖਿਆ 'ਤੇ ਸਭ ਤੋਂ ਵਧੇਰੇ ਜ਼ੋਰ ਦਿੱਤਾ ਜਾਵੇ। ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਵਿੱਚ ਕੁਝ ਹਾਂ-ਪੱਖੀ ਬਦਲਾਵਾਂ ਦੀ ਜ਼ਰੂਰਤ ਹੈ, ਤਾਂ ਹੀ ਸਾਡੇ ਬੱਚੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਕਾਬਲੀਅਤ ਦਾ ਲੋਹਾ ਮੰਨਵਾ ਸਕਦੇ ਹਨ। ਉਨਾਂ ਇਹ ਵਿਚਾਰ ਅੱਜ ਸਥਾਨਕ ਸਿੱਧਵਾਂ ਖੁਰਦ ਵਿਖੇ ਸਾਲਾਨਾ ਅਥਲੈਟਿਕਸ ਮੀਟ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਹ ਇਥੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਆਏ ਸਨ। ਬਾਜਵਾ ਨੇ ਕਿਹਾ ਕਿ ਅੱਜ ਪੂਰਾ ਵਿਸ਼ਵ ਸੂਚਨਾ ਅਤੇ ਤਕਨੀਕ ਦੇ ਖੇਤਰ ਵਿੱਚ ਤਰੱਕੀ ਕਰ ਰਿਹਾ ਹੈ। ਸਾਡੇ ਸਿੱਖਿਆ ਸ਼ਾਸਤਰੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਖੇਤਰ ਵਿੱਚ ਨਵੀਂਆਂ ਸੰਭਾਵਨਾਵਾਂ ਤਲਾਸ਼ਣ ਅਤੇ ਵਿੱਦਿਆਰਥੀਆਂ ਨੂੰ ਸੂਚਨਾ ਅਤੇ ਤਕਨੀਕ ਖੇਤਰ ਵਿੱਚ ਪੜਾਈ ਕਰਨ ਦੇ ਨਾਲ-ਨਾਲ ਨਵੇਂ ਦਿਸਹੱਦੇ ਕਾਇਮ ਕਰਨ ਲਈ ਪ੍ਰੇਰਿਤ ਕਰਨ। ਉਨਾਂ ਬੱਚਿਆਂ ਨੂੰ ਆਪਣਾ ਇਤਿਹਾਸ ਸੰਭਾਲਣ ਦੀ ਵੀ ਅਪੀਲ ਕੀਤੀ। ਸਮਾਗਮ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੈਰ ਰਸਮੀਂ ਗੱਲਬਾਤ ਕਰਦਿਆਂ ਸ੍ਰ. ਬਾਜਵਾ ਨੇ ਪਿਛਲੀ ਅਕਾਲੀ ਭਾਜਪਾ ਗਠਜੋੜ ਸਰਕਾਰ 'ਤੇ ਦੋਸ਼ ਲਗਾਇਆ ਕਿ ਇਸ ਸਰਕਾਰ ਵੱਲੋਂ ਕੀਤੇ ਗਏ ਬਿਜਲੀ ਸਮਝੌਤਿਆਂ ਦੇ ਨਾਲ ਹੀ ਅੱਜ ਸਾਡੇ ਸੂਬੇ ਦੀ ਆਰਥਿਕਤਾ ਦਾ ਲੱਕ ਟੁੱਟ ਗਿਆ ਹੈ। ਉਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਾਰੇ ਬਿਜਲੀ ਸਮਝੌਤੇ ਮੁੜ ਵਾਂਚਣ ਜਾਂ ਰੱਦ ਕਰਨ ਦੀ ਲੋੜ ਹੈ। ਇਸ ਮੌਕੇ ਉਨਾਂ ਅਥਲੈਟਿਕਸ ਮੀਟ ਦੇ ਜੇਤੂ ਖ਼ਿਡਾਰੀਆਂ ਨੂੰ ਜੇਤੂ ਟਰਾਫੀਆਂ ਅਤੇ ਸਰਟੀਫਿਕੇਟਾਂ ਨਾਲ ਵੀ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਪ੍ਰਭਦੀਪ ਸਿੰਘ ਨੱਥੋਵਾਲ ਜ਼ਿਲਾ ਲੋਕ ਸੰਪਰਕ ਅਫ਼ਸਰ ਲੁਧਿਆਣਾ, ਵਰਿੰਦਰ ਸਿੰਘ ਸਿੱਧੂ, ਡਾ. ਹਰਮੇਲ ਸਿੰਘ, ਪ੍ਰੀਤਮ ਸਿੰਘ ਜੌਹਲ , ਡਾ. ਹਰਦੀਪ ਸਿੰਘ, ਕ੍ਰਿਪਾਲ ਸਿੰਘ ਭੱਠਲ, ਪਰਮਜੀਤ ਸਿੰਘ ਹਾਜ਼ਰ ਸਨ