ਸਿਆਸੀ ਧਿਰਾਂ ਨੇ ਸਿੱਖ ਭਾਵਨਾਵਾਂ ਦੀ ਤਰਜ਼ਮਾਨੀ ਤਾਂ ਕੀ ਕਰਨੀ ਸੀ, ਸਗੋਂ ਹਾਸ਼ੀਏ ‘ਤੇ ਰੱਖਿਆ-ਦੇਵ ਸਰਾਭਾ
ਜੇਤੂ ਸਿਆਸੀ ਧਿਰਾਂ ਨੂੰ ਪੁੱਛਿਆ- ਕੀ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਕਾਰਜ਼ਸ਼ੀਲ ਹੋਣਗੇ?
ਮੁੱਲਾਂਪੁਰ ਦਾਖਾ 9 ਮਾਰਚ ( ਸਤਵਿੰਦਰ ਸਿੰਘ ਗਿੱਲ )- ਸਰਕਾਰਾਂ ਵਿਚਲੇ ਸਿਆਸੀ ਲੋਕਾਂ ਦੀ ਲੁਕਵੀਂ ਸੋਚ ਦੇ ਮਾਰੂ ਪਹਿਲੂਆਂ ਕਾਰਣ, ਵੱਖ-ਵੱਖ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜ਼ੂਦ ਸਲਾਖਾਂ ਪਿੱਛੇ ਬਚਦੀ ਜਿੰਦਗੀ ਦੇ ਬਚਦੇ ਦਿਨ ਗੁਜ਼ਾਰਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਜੰਗ-ਏ-ਅਜ਼ਾਦੀ ਦੇ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਅਤੇ ਸ੍ਰ: ਜਸਪਾਲ ਸਿੰਘ ਹੇਰ੍ਹਾਂ ਦੀ ਗਤੀਸ਼ੀਲ ਅਗਵਾਈ ਤੋਂ ਪ੍ਰੇਰਣਾਂ ਲੈਣ ਵਾਲੇ ਪਿੰਡ ਸਰਾਭਾ ਦੇ ਜਮਪਲ ਅਜੋਕੇ ਵਕਤ ਦੇ ਉਦਮੀ ਨੌਜਵਾਨ ਬਲਦੇਵ ਸਿੰਘ ‘ਦੇਵ ਸਰਾਭਾ’ ਵਲੋਂ ਮਨੁੱਖੀ ਹੱਕਾਂ ਲਈ ਫਿਕਰਮੰਦੀ ਅਤੇ ਪੰਥਕ ਸੋਚ ਤਹਿਤ ਤਲਵੰਡੀ ਰਾਏ ਨਿਵਾਸੀ ਸਹਿਯੋਗੀ ਰੁਪਿੰਦਰ ਸਿੰਘ, ਅਨਮੋਲਦੀਪ ਸਿੰਘ, ਮਨਜਿੰਦਰ ਸਿੰਘ ਅਤੇ ਬੀਬੀ ਹਰਮਨਪ੍ਰੀਤ ਕੌਰ ਆਦਿ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਮਣੇ ਅੱਜ ਸਤਾਰਵੇਂ ਦਿਨ ਦੀ ਭੁੱਖ ਹੜਤਾਲ ‘ਤੇ ਬੈਠੇ। ਮੀਡੀਆ ਲਈ ਗੱਲਬਾਤ ਕਰਦਿਆਂ ਦੇਵ ਸਰਾਭਾ ਨੇ ਦੱਸਿਆ ਕਿ ਅੱਜ ਸਾਡੀ ਭੈਣ ਹਰਮਨਪ੍ਰੀਤ ਕੌਰ ਵੀ ਭੁੱਖ ਹੜਤਾਲ ‘ਤੇ ਬੈਠੇ ਇਹ ਮਾਣ ਵਾਲਾ ਪੱਖ ਹੈ। ਗੱਲਬਾਤ ਤੋਰਦਿਆਂ ਉਨ੍ਹਾਂ ਕਿਹਾ ਕਿ ਜਿਸ ਵੇਲੇ ਪਾਠਕ ਖਬਰ ਪੜ੍ਹਨਗੇ ਉਸ ਵੇਲੇ ਪੰਜਾਬ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਵਾਲਿਆਂ ਦਾ ਵੀ ਨਤੀਜਾ ਨਿਕਲਦਾ ਹੋਵੇਗਾ, ਜਿਨ੍ਹਾਂ ਨੂੰ ਪੰਜਾਬ ਦੇ ਭਵਿੱਖ ਦੀ ਜਿਮੇਵਾਰੀ ਦੇਣੀ ਹੈ। ਸਭ ਜਾਣਦੇ ਨੇ ਕਿ ਚੋਣਾਂ ਵੇਲੇ ਕਿਸੇ ਵੀ ਪ੍ਰਮੁੱਖ ਸਿਆਸੀ ਧਿਰਾਂ ਵਲੋਂ ਪੰਜਾਬ ਦੇ ਅਸਲ ਮੁੱਦਿਆਂ ਦੀ ਗੱਲ ਨਹੀਂ ਕੀਤੀ ਗਈ, ਸਿੱਖ ਭਾਵਨਾਵਾਂ ਦੀ ਤਰਜ਼ਮਾਨੀ ਤਾਂ ਕੀ ਕਰਨੀ ਸੀ ਸਗੋਂ ਹਾਸ਼ੀਏ ‘ਤੇ ਰੱਖਿਆ, ਨਵੇਂ-ਨਵੇਂ ਪੱਖਾਂ ਤੋਂ ਅਜਿਹੇ ਭਲੇਖਾ ਪਾਊ ਤਰੀਕਿਆਂ ਨਾਲ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਇਆ ਗਿਆ ਜੋ ਸਿਆਸੀ ਪੱਖੋਂ ਬੇਸ਼ੱਕ ਚਮਤਕਾਰ ਹੋਵੇ ਪਰ ਮਾਨਵਤਾ ਲਈ ਇਹ ਸਭ ਠੀਕ ਨਹੀਂ ਹੋਇਆ, ਕਿਉਕਿ ਸ਼ਾਂਤੀ ਪਸੰਦ ਸਿੱਖਾਂ ਅਤੇ ਪੰਜਾਬੀਆਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਵਰਗੇ ਪੱਖਾਂ ਨੂੰ ਭੁਲਾਇਆ ਗਿਆ। ‘ਦੇਵ ਸਰਾਭਾ’ ਨੇ ਜੇਤੂ ਸਿਆਸੀ ਧਿਰਾਂ ਦੇ ਸਮਰਥਕਾਂ ਨੂੰ ਸਵਾਲੀਆ ਹੁੰਦਿਆਂ ਪੁੱਛਿਆ ਕੀ ਉਹ ਆਪਣੇ ਐਮ.ਐਲ.ਏ ਤੋਂ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਸਵਾਲ ਪੁੱਛਣਗੇ ਅਤੇ ਰਿਹਾਈ ਲਈ ਕਾਰਜ਼ਸ਼ੀਲ ਹੋਣਗੇ? ਉਨ੍ਹਾਂ ਲੰਮਾ ਹਾਉਂਕਾ ਭਰਦਿਆਂ ਕਿਹਾ ਯਾਰ! ਉਨ੍ਹਾਂ ਦੇ ਵੀ ਪ੍ਰਵਾਰ ਨੇ, ਉਨ੍ਹਾਂ ਦੇ ਵੀ ਜਵਾਕ ਨੇ, ਕੀ ਉਨ੍ਹਾਂ ਨੂੰ ਕੋਈ ਉਡੀਕਦਾ ਨਹੀਂ ਹੋਵੇਗਾ ਕਿ ਉਹ ਆਪਣੇ ਪ੍ਰਵਾਰਾਂ ‘ਚ ਬੈਠਣ? ਉਨ੍ਹਾਂ ਪੰਥ ਪ੍ਰਤੀ ਉਸਾਰੂ ਸੋਚ ਰੱਖਣ ਵਾਲਿਆਂ ਨੂੰ ਭੁੱਖ ਹੜਤਾਲ ‘ਚ ਪੁੱਜਣ ਦੀ ਬੇਨਤੀ ਕਰਦਿਆਂ ਦੱਸਿਆ ਕਿ ਅੱਜ ਦੀ ਭੁੱਖ ਹੜਤਾਲ ਵਿਚ ਇੰਦਰਜੀਤ ਸਿੰਘ ਸਹਿਜ਼ਾਦ, ਸਾ:ਸਰਪੰਚ ਜਗਤਾਰ ਸਿੰਘ, ਬਿੰਦਰ ਸਰਾਭਾ ,ਸਾ: ਸਰਪੰਚ ਜਸਵੀਰ ਸਿੰਘ, ਬਲਵੀਰ ਸਿੰਘ ਪੋਹੀੜ, ਰਾਜ ਸਿੰਘ, ਮੋਹਣ ਸਿੰਘ, ਮੇਜ਼ਰ ਸਿੰਘ ਫੌਜੀ, ਅਮਰੀਕ ਸਿੰਘ, ਨਿਰਭੈ ਸਿੰਘ ਅੱਬੂਵਾਲ, ਬਲਦੇਵ ਸਿੰਘ ਈਸਨਪੁਰ, ਕੁਲਦੀਪ ਸਿੰਘ ਰਾਏਪੁਰ, ਜੰਗ ਸਿੰਘ ਸ਼ਿੰਗਾਰਾ ਸਿੰਘ, ਹਰਦੀਪ ਸਿੰਘ (ਸਾਰੇ ਟੂਸੇ ਵਾਸੀ), ਮਲਕੀਤ ਸਿੰਘ ਮਡਿਆਣੀ, ਸਤਿੰਦਰ ਸਿੰਘ ਅਵਤਾਰ ਸਿੰਘ, ਕੁਲਜੀਤ ਸਿੰਘ ਭੰਮਰਾ, ਮਨਜੋਤ ਸਿੰਘ ਕੁਤਬਾ, ਜਤਿੰਦਰ ਸਿੰਘ ਡਾਂਗੋਂ ਆਦਿ ਨੇ ਵੀ ਹਾਜ਼ਰੀ ਭਰੀ।