ਮੈ ਆਪਣਾ ਘਰ ਕਿਸ ਨੂੰ ਕਹਾਂ
ਮੈ ਆਪਣਾ ਘਰ ਕਿਸ ਨੂੰ ਕਹਾਂ।
ਬੂਹੇ ਅੱਗੇ ਸਹੇਲੀਆਂ ਸੰਗ ਖੇਡਦੀ ਨੂੰ,
ਇੱਕ ਦਿਨ ਮਾਂ ਨੇ ਕਿਹਾ ਉੱਠ ਧੀਏ ਘਰ ਚੱਲ!
ਮੈ ਬੂਹੇ 'ਚ ਖੜ ਕੇ ਤੱਕਦੀ ਰਹਾਂ,
ਮੈ ਆਪਣਾ ਘਰ ਕਿਸ ਨੂੰ ਕਹਾਂ ।
ਜਵਾਨ ਹੋਈ ਕੁਝ ਸਮਝਣ ਲੱਗੀ
ਕਿ ਮੇਰਾ ਆਪਣਾ ਘਰ ਹੈ,
ਪਰ ਮਜਬੂਰ ਹੋਏ ਮਾਪਿਆਂ ਨੇ
ਡੋਲੀ ਪਾ ਕੇ ਤੋਰਤੀ ਅਗਾਂਹ,
ਮੈ ਆਪਣਾ ਘਰ ਕਿਸ ਨੂੰ ਕਹਾਂ ।
ਸਹੁਰੇ ਘਰ ਆਈ ਮੈਨੂੰ ਜਾਪਿਆ
ਕਿ ਇਹ ਮੇਰਾ ਆਪਣਾ ਘਰ ਹੈ,
ਕੁਝ ਚਿਰ ਬੀਤਿਆ ਸੱਸ ਨੇ ਮਜਬੂਰ ਕੀਤਾ
ਮੈ ਆਪਣਾ ਚੁੱਲ੍ਹਾ ਅਲੱਗ ਧਰਾ,
ਮੈ ਆਪਣਾ ਘਰ ਕਿਸ ਨੂੰ ਕਹਾਂ ।
ਅਲੱਗ ਹੋਈ ਇਸ ਆਸ ਵਿੱਚ
ਕਿ ਮੇਰਾ ਆਪਣਾ ਘਰ ਹੋਏਗਾ,
ਪੁੱਤ ਜਵਾਨ ਹੋਏ ਘਰ ਨੂੰਹਾਂ ਆਈਆਂ
ਘਰ 'ਚ ਰਹੀ ਨਾ ਮੇਰੀ ਥਾਂ,
ਮੈ ਆਪਣਾ ਘਰ ਕਿਸ ਨੂੰ ਕਹਾਂ।
ਸਾਰੀ ਉਮਰ 'ਚ ਘਰ ਨਹੀ ਬਣਦਾ
ਇੱਕ ਔਰਤ ਦੀ ਮੈ ਗੱਲ ਕਹਾਂ,
ਮੈ ਆਪਣਾ ਘਰ ਕਿਸ ਨੂੰ ਕਹਾਂ
ਮੈ ਆਪਣਾ ਘਰ ਕਿਸ ਨੂੰ ਕਹਾਂ।
ਸੰਦੀਪ ਦਿਉੜਾ
8437556667