You are here

ਸਿੱਖਿਆ ਅਧਿਕਾਰੀਆਂ ਨੇ ਸੁਲਤਾਨਪੁਰ ਲੋਧੀ ’ਚ ਸ਼ਤ-ਪ੍ਰਤੀਸ਼ਤ ਅਤੇ ਇਨਰੋਲਮੈਂਟ ਸਬੰਧੀ ਕੀਤੀ ਮਾਈਕਰੋ ਪਲਾਨਿੰਗ

ਵਿਧਾਇਕ ਚੀਮਾ ਨੇ ਸਕੂਲ ਮੁਖੀਆਂ ਦਾ ਵਧਾਇਆ ਉਤਸ਼ਾਹ

ਸੁਲਤਾਨਪੁਰ ਲੋਧੀ/ ਕਪੂਰਥਲਾ,ਫਰਵਰੀ 2020-(ਹਰਜੀਤ ਸਿੰਘ ਵਿਰਕ)- 

ਸਿੱਖਿਆ ਵਿਭਾਗ ਕਪੂਰਥਲਾ ਇਸ ਮੌਕੇ ਸ਼ਤ-ਪ੍ਰਤੀਸ਼ਤ ਅਤੇ ਇਨਰੋਲਮੈਂਟ ਵਾਧੇ ਸਬੰਧੀ ਪੂਰਨ ਤੌਰ ’ਤੇ ਪੱਬਾਂ ਭਾਰ ਹੈ। ਜ਼ਿਲਾ ਸਿੱਖਿਆ ਅਫ਼ਸਰ (ਸ) ਮੱਸਾ ਸਿੰਘ ਸਿੱਧੂ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਸ) ਸ. ਬਿਕਰਮਜੀਤ ਸਿੰਘ ਥਿੰਦ ਵੱਲੋਂ ਸੁਲਤਾਨਪੁਰ ਲੋਧੀ ਵਿਚ 58 ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਮੁਖੀਆਂ ਦੀ ਮੀਟਿੰਗ ਬੁਲਾ ਕੇ ਮਾਈਕਰੋ ਪਲਾਨਿੰਗ ਕੀਤੀ, ਤਾਂ ਜੋ ਆਉਣ ਵਾਲੇ ਸਮੇਂ ਵਿਚ ਸਰਕਾਰੀ ਸਕੂਲਾਂ ਦੇ ਨਤੀਜੇ ਸੌ ਫੀਸਦੀ ਲਿਆਂਦੇ ਜਾ ਸਕਣ ਅਤੇ ਇਨਰੋਲਮੈਂਟ ਵਿਚ ਵਾਧਾ ਕੀਤਾ ਜਾ ਸਕੇ। ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ (ਸ) ਮੱਸਾ ਸਿੰਘ ਸਿੱਧੂ ਨੇ ਸਮੂਹ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਦੇ ਨਤੀਜੇ ਸ਼ਾਨਦਾਰ ਲਿਆਉਣ ਲਈ ਅਧਿਆਪਕਾਂ ਨੂੰ ਪ੍ਰੇਰਿਤ ਕਰਨ ’ਤੇ ਜ਼ੋਰ ਦਿੱਤਾ। ਉਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਅਤੇ ਮਸੀਤਾਂ ਬਲਾਕਾਂ ਦੇ ਸਕੂਲਾਂ ਦੀ ਕਾਰਗੁਜ਼ਾਰੀ ਸਲਾਹੁਣਯੋਗ ਹੈ ਅਤੇ ਇਸ ਵਰੇ ਹੋਰ ਵੀ ਵਧੀਆ ਨਤੀਜਿਆਂ ਦੀ ਆਸ ਰੱਖੀ ਜਾ ਰਹੀ ਹੈ। ਉੱਪ ਜ਼ਿਲਾ ਸਿੱਖਿਆ ਅਫ਼ਸਰ (ਸ) ਬਿਕਰਮਜੀਤ ਸਿੰਘ ਥਿੰਦ ਨੇ ਸਕੂਲ ਮੁਖੀਆਂ ਨਾਲ ਦਸੰਬਰ ਅਤੇ ਪ੍ਰੀ-ਬੋਰਡ ਪ੍ਰੀਖਿਆ ਵਿਚ ਆਏ ਨਤੀਜਿਆਂ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ‘ਡਾਟਾ ਅਨੈਲਸਿਜ਼’ ਰਾਹੀਂ ਕੀਤਾ। ਉਨਾਂ ਜਿਥੇ 33 ਫੀਸਦੀ ਤੇ 40 ਫੀਸਦੀ ਤੋਂ ਵੱਧ ਵਿਦਿਆਰਥੀਆਂ ਦੇ ਨਤੀਜਿਆਂ ’ਤੇ ਚਰਚਾ ਕੀਤੀ ਉਥੇ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਵੱਲੋਂ ਪ੍ਰਾਪਤ ਕੀਤੇ ਨੰਬਰਾਂ ਦਾ ਵੀ ਲੇਖਾ-ਜੋਖਾ ਕੀਤਾ। ਉਨਾਂ ਸਕੂਲ ਮੁਖੀਆਂ ਨੂੰ ਜਿਥੇ ਦਾਖ਼ਲਾ ਵਧਾਉਣ ਲਈ ਪ੍ਰੇਰਿਤ ਕੀਤਾ ਉਥੇ ਇਕ-ਇਕ ਵਿਦਿਆਰਥੀ ਨੂੰ ਨਿੱਜੀ ਰੂਪ ਵਿਚ ਲੈ ਕੇ ਸ਼ਾਨਦਾਰ ਨਤੀਜਿਆਂ ਲਈ ਵੀ ਮਿਹਨਤ ਕਰਨ ਦਾ ਸੱਦਾ ਦਿੱਤਾ। ਉਨਾਂ ਸਮਾਰਟ ਸਕੂਲਾਂ ਸਬੰਧੀ ਸਕੂਲ ਮੁਖੀਆਂ ਵੱਲੋਂ ਕੀਤੀ ਮਿਹਨਤ ਦੀ ਵੀ ਸ਼ਲਾਘਾ ਕੀਤੀ। 

ਵਿਧਾਇਕ ਚੀਮਾ ਨੇ ਵੀ ਵਧਾਇਆ ਉਤਸ਼ਾਹ :

ਸਿੱਖਿਆ ਅਧਿਕਾਰੀਆਂ ਵੱਲੋਂ ਲਈ ਜਾ ਰਹੀ ਮੀਟਿੰਗ ਵਿਚ ਉਸ ਸਮੇਂ ਉਤਸ਼ਾਹ ਹਰ ਵੱਧ ਗਿਆ, ਜਦੋਂ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਇਸ ਵਿਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨਾਂ ਜਿਥੇ ਸਿੱਖਿਆ ਅਧਿਕਾਰੀਆਂ ਵੱਲੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਉਥੇ ਨੇ 550 ਸਾਲਾ ਸ਼ਤਾਬਦੀ ਸਮਾਗਮਾਂ ਵਿਚ ਸਿੱਖਿਆ ਵਿਭਾਗ ਵੱਲੋਂ ਨਿਭਾਈ ਗਈ ਸੇਵਾ ਦੀ ਪ੍ਰਸੰਸਾ ਕੀਤੀ। ਉਨਾਂ ਕਿਹਾ ਕਿ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਰੋਕਣ ਲਈ ਅਧਿਆਪਕ ਹੀ ਇਕ ਜਿੰਮੇਵਾਰ ਕੜੀ ਹੈ। ਉਨਾਂ ਸਕੂਲਾਂ ਨੂੰ ਹਰ ਸੰਭਵ ਸਹਾਇਤਾ, ਗ੍ਰਾਂਟਾਂ, ਬੁਨਿਆਦੀ ਢਾਂਚਾ ਅਤੇ ਵੱਧ ਤੋਂ ਵੱਧ ਸਟਾਫ ਮੁਹੱਈਆ ਕਰਵਾਉਣ ਦੀ ਸਰਕਾਰ ਦੀ ਵਚਨਬੱਧਤਾ ਬਾਰੇ ਵੀ ਸਕੂਲੀ ਮੁਖੀਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਦਵਿੰਦਰ ਸਿੰਘ ਘੁੰਮਣ ਨੇ ਡਾਟਾ ਵਿਚਾਰਨ ਵਿਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਡੀ. ਐਮ ਦਵਿੰਦਰ ਸ਼ਰਮਾ, ਡੀ. ਐਮ ਅਰੁਸ਼, ਡੀ. ਐਮ ਦਵਿੰਦਰ ਪੱਬੀ, ਸਮੂਹ ਸਕੂਲਾਂ ਦੇ ਮੁਖੀ ਅਤੇ ਬਲਾਕ ਸੁਲਤਾਨਪੁਰ ਲੋਧੀ ਦੇ ਸਮੂਹ ਬੀ. ਐਮਜ਼ ਹਾਜ਼ਰ ਸਨ। 

ਕੈਪਸ਼ਨ : -ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਵਿਧਾਇਕ ਨਵਤੇਜ ਸਿੰਘ ਚੀਮਾ। ਨਾਲ ਹਨ ਜ਼ਿਲਾ ਸਿੱਖਿਆ ਅਫ਼ਸਰ (ਸ) ਮੱਸਾ ਸਿੰਘ ਸਿੱਧੂ ਤੇ ਹੋਰ।