ਸ਼ੁਭ ਸਵੇਰ ਦੋਸਤੋ,

  ਬੋਲਣ ਸਮੇਂ ਜਦੋਂ ਅਸੀਂ ਆਪਣਾ ਮੂੰਹ ਖੋਲ੍ਹਦੇ ਹਾਂ ਤਾਂ ਸਾਹਮਣੇ ਵਾਲੇ ਨੂੰ ਸਾਡਾ ਦਿਮਾਗ਼ ਨਜ਼ਰ ਆਉਣ ਲੱਗਦਾ ਹੈ। ਬੋਲਦੇ ਵੀ ਅਸੀਂ ਉਸ ਸਮੇਂ ਬਹੁਤ ਜਿਆਦਾ ਹਾਂ ਜਦੋਂ ਸਾਨੂੰ ਕਿਸੇ ਦੇ ਔਗੁਣਾਂ ਦਾ ਪਤਾ ਹੋਵੇ, ਅਸੀਂ ਓਦੋਂ ਇਹ ਬਿਲਕੁਲ ਨਹੀਂ ਸੋਚਦੇ ਕਿ ਸਾਡੀਆਂ ਕਰਤੂਤਾਂ ਵੀ ਕਿਸੇ ਨੂੰ ਪਤਾ ਹੋ ਸਕਦੀਆਂ ਹਨ!
  ਕੱਪੜਿਆਂ ਅੰਦਰ ਅਸੀਂ ਸਾਰੇ ਹੀ ਨੰਗੇ ਹਾਂ, ਸਾਨੂੰ ਕੁਦਰਤ ਦੇ ਇਸ ਗੱਲੋਂ ਵੀ ਸ਼ੁਕਰਾਨੇ ਕਰਨੇ ਚਾਹੀਦੇ ਹਨ ਕਿ ਕੁਦਰਤ ਨੇ ਸਾਡੀਆਂ ਕਾਲੀਆਂ ਕਰਤੂਤਾਂ ਨੂੰ ਸਾਡੇ ਮੱਥੇ ਤੇ ਉਕਰਨ ਦਾ ਕੋਈ ਸਾਧਨ ਨਹੀਂ ਬਣਾਇਆ, ਜ਼ਰਾ ਕਲ਼ਪਣਾ ਤਾਂ ਕਰੋ ਕੀ ਬਣਦਾ ਸਾਡੇ ਆਪੇ ਬਣਾਏ ਕਿਰਦਾਰ ਦੇ ਗੁੰਮਦ ਦਾ..?
  ਸਾਨੂੰ ਓ ਇਨਸਾਨ ਬਣਨਾ ਚਾਹੀਦਾ ਜੋ ਮਾੜੇ ਸਮੇਂ ਵਿੱਚ ਸਾਥ ਦਿੰਦੇ ਨੇ, ਖੁਸ਼ੀ ਵਿੱਚ ਤਾਂ ਖੁਸਰੇ ਵੀ ਨੱਚਣ ਆ ਜਾਂਦੇ ਆ। ਸਾਨੂੰ ਕਿਸੇ ਨੂੰ ਫ਼ੁੱਲ ਦੇਣ ਦੀ ਜ਼ਰੂਰਤ ਨਹੀਂ, ਅਸੀਂ ਕੰਮ ਹੀ ਅਜਿਹੇ ਕਰੀਏ ਕਿ ਅਗਲੇ ਨੂੰ ਸਾਡੇ ਕਿਰਦਾਰ 'ਚੋ ਖ਼ੁਸ਼ਬੂ ਆਵੇ! ਸਾਡੇ ਹੌਂਸਲੇ ਨਾਲ ਕਿਸੇ ਹਿੰਮਤ ਹਾਰੇ ਨੂੰ ਜ਼ਿੰਦਗੀ ਦੇ ਬਨੇਰੇ ਤਾਈਂ ਮੁੜ ਹੱਥ ਪਾਉਣਾ ਥੋੜ੍ਹਾ ਸੌਖਾ ਹੋ ਜਾਵੇ।
ਵਿਸ਼ਵ ਨਾਗਰਿਕ ਬਣਨਾ ਮੁਸ਼ਕਿਲ ਤਾਂ ਜਰੂਰ ਹੈ, ਪਰ ਨਾਮੁਮਕਿਨ ਨਹੀਂ। ਸਾਨੂੰ ਕਿਸੇ ਡਿੱਗੇ ਤੇ ਖ਼ੁਸ਼ੀ ਨਹੀਂ ਮਨਾਉਣੀ ਚਾਹੀਦੀ, ਸਗੋਂ ਉਸਨੂੰ ਚੁੱਕਣ ਦੀ ਕਾਹਲ ਕਰਨੀ ਚਾਹੀਦੀ ਹੈ। ਦੂਜਿਆਂ ਦੀ ਜ਼ਿੰਦਗੀ ਦੇ ਬਾਗ਼ ਵਿਚ ਦਾਤੀ ਲੈ ਕੇ ਜਾਣਾ ਬਹੁਤੀ ਚੰਗੀ ਗੱਲ ਨਹੀਂ, ਇਹ ਅੰਤਾਂ ਦਾ ਬੁਰਾ ਰਿਵਾਜ ਹੈ!
  ਪੜ੍ਹ-ਲਿਖ ਅਸੀਂ ਜਿਨਾਂ ਮਰਜ਼ੀ ਜਾਈਏ ਜਾਂ ਡਿਗਰੀਆਂ ਲੈ ਲਈਏ ਪਰ ਅਕਲ ਸਾਨੈ ਬੇਵਕੂਫ ਜਾਂ ਮੂਰਖ ਬਣਨ ਤੋਂ ਬਾਅਦ ਹੀ ਆਂਉਂਦੀ ਹੈ, ਜੇ ਅਕਾਲ ਪੁਰਖ ਦੀ ਮਿਹਰ ਸਦਕਾ ਅਕਲ ਆ ਹੀ ਜਾਵੇ ਤਾਂ ਇਸ ਨੂੰ ਸਮਾਜ ਦੀ ਬੇਹਤਰੀ ਲਈ ਵਰਤੀਏ ਨਾ ਕਿ ਕਿਸੇ ਦੀਆਂ ਲੱਤਾਂ ਖਿੱਚਣ ਲਈ। ਦੇਖਕੇ ਦੁੱਖ ਹੁੰਦਾ ਜਦੋਂ ਵੱਡੀਆਂ-ਵੱਡੀਆਂ ਕਾਰਾਂ ਵਿਚ, ਕੋਠੀਆਂ ਵਾਲਿਆਂ ਦੇ ਘਰ 2 ਰੁਪਏ ਕਿਲੋਂ ਵਾਲੀ ਕਣਕ ਜਾਂਦੀ ਐ, ਅਕਸਰ ਓਹੀ ਲੋਕ ਸਿਸਟਮ ਬਦਲਣ ਦੀਆਂ ਗੱਲਾਂ ਕਰਦੇ ਨੇ!
  ਚੁਸਤ-ਚਲਾਕੀਆਂ, ਬੇਈਮਾਨੀਆਂ ਅਤੇ ਡਰਾਵਿਆਂ ਨਾਲ ਅਹੁਦਿਆਂ ਤੇ ਬੈਠ ਕੇ ਧਨ-ਦੌਲਤ ਤਾਂ ਇਕੱਠੀ ਕੀਤੀ ਜਾ ਸਕਦੀ ਹੈ, ਪਰ ਕਿਸੇ ਦੇ ਹੰਝੂ-ਹੌਕਿਆਂ 'ਚ ਇਕੱਤਰ ਕੀਤੇ ਧਨ ਨਾਲ ਸਾਡੇ ਅੰਦਰੋਂ ਅਮੀਰੀ ਦਾ ਅਹਿਸਾਸ ਨਹੀਂ ਜਾਗਦਾ। ਭਿਖਾਰੀ ਬਿਰਤੀ ਵਾਲੀ ਜ਼ਿੰਦਗੀ ਜਿਊਂਣ ਵਾਲੇ ਇਸ ਖੂਬਸੂਰਤ ਸੰਸਾਰ ਤੋਂ ਭਿਖਾਰੀ ਹੀ ਜਾਂਦੇ ਹਨ।
  ਇਸ ਜ਼ਿੰਦਗੀ ਦੀ ਭੱਜ ਦੌੜ ਵਿੱਚ ਕੀ ਕੀਤਾ, ਕੀ ਕਮਾਇਆ ਕੀ ਬਣਾਇਆ, ਇਹਨਾਂ ਗੱਲਾਂ ਨੂੰ ਛੱਡ !! ਕਦੇ ਸੋਚ ਕੇ ਤਾਂ ਦੇਖੀਏ ਕਿਸਨੂੰ ਹਸਾਇਆਂ ਕਿਸਨੂੰ ਰਵਾਇਆਂ…
  ਲੱਖ-ਲੱਖ ਸ਼ੁਕਰਾਨੇ ਕੁਦਰਤ ਦੇ ਜਿਸਨੇ ਐਨੀ ਕੁ ਕਿਰਪਾ ਕੀਤੀ ਹੈ ਜੀਵਨ ਪ੍ਰਤੀ ਕਿ 'ਭੁੱਲਰਾ' ਜ਼ਿੰਦਗੀ ਨੂੰ ਮਾਣ ਲੈ, ਕਾਲ ਹਰ ਸਮੇਂ ਤੇਰੇ ਨਾਲ ਹੈ ਕੀ ਪਤਾ ਕਦੋਂ ਪੱਕੀਆਂ ਪ੍ਰੀਤਾਂ ਪਾ ਲਵੇ..!
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ