ਪੰਜਾਬ ਦੀ ਧੀ ਬੀਬੀ ਦਲੀਪ ਕੌਰ ਟਿਵਾਣਾ ਨੂੰ ਇੱਕ ਸ਼ਰਧਾਂਜਲੀ.....!! ✍️ ਅਮਰਜੀਤ ਸਿੰਘ ਗਰੇਵਾਲ

ਪੰਜਾਬ ਦੀ ਧੀ ਬੀਬੀ ਦਲੀਪ ਕੌਰ ਟਿਵਾਣਾ ਨੂੰ ਇੱਕ ਸ਼ਰਧਾਂਜਲੀ.....!!

ਉਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਵਿੱਚ 1935 ਵਿੱਚ ਜਨਮੀ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ.ਐਚ.ਡੀ. ਕਰਨ ਵਾਲੀ ਉਹ ਪਹਿਲੀ ਨਾਰੀ ਸੀ। ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਸੀ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ। ਦਲੀਪ ਕੌਰ ਟਿਵਾਣਾ ਨੇ ਸਾਲ 2015 ਵਿੱਚ ਉਸ ਵੇਲੇ ਪਦਮਸ਼੍ਰੀ ਸਨਮਾਨ ਕੇਂਦਰ ਸਰਕਾਰ ਨੂੰ ਵਾਪਸ ਕਰ ਦਿੱਤਾ ਜਦੋਂ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸਤਪਾਲ ਸਿੰਘ ਨੇ ਦਾਦਰੀ ਕਤਲਕਾਂਡ ਨੂੰ ਇੱਕ 'ਛੋਟੀ ਜਿਹੀ ਘਟਨਾ' ਦੱਸਿਆ ਸੀ। ਉਸ ਵੇਲੇ ਦਿੱਲੀ ਨਾਲ ਲਗਦੇ ਦਾਦਰੀ ਪਿੰਡ ਵਿੱਚ ਗਊ ਦਾ ਮਾਸ ਖਾਣ ਦੀ ਅਫ਼ਵਾਹ ਉਡਣ ਤੋਂ ਬਾਅਦ ਭੀੜ ਨੇ ਇੱਕ ਮੁਸਲਮਾਨ ਸ਼ਖਸ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸੀ।ਇਸ ਤੋਂ ਬਾਅਦ ਕਈ ਸਾਹਿਤਕਾਰਾਂ ਨੇ ਆਪਣੇ ਸਨਮਾਨ ਵਾਪਸ ਕਰਕੇ ਰੋਸ ਦਰਜ ਕਰਵਾਇਆ ਸੀ।

ਦਲੀਪ ਕੌਰ ਟਿਵਾਣਾ ਨੂੰ ਸਾਹਿਤ ਅਕਾਦਮੀ ਪੁਰਸਕਾਰ 1971 ਵਿੱਚ ਮਿਲਿਆ ਸੀ ਅਤੇ ਸਾਲ 2004 ਵਿੱਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ ਉਸ ਵੇਲੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਗੌਤਮ ਬੁੱਧ ਅਤੇ ਨਾਨਕ ਦੇ ਦੇਸ ਵਿੱਚ 1984 ਵਿੱਚ ਸਿੱਖਾਂ ਦੇ ਖ਼ਿਲਾਫ਼ ਹੋਈ ਹਿੰਸਾ ਅਤੇ ਮੁਸਲਮਾਨਾਂ ਦੇ ਖ਼ਿਲਾਫ਼ ਵਾਰ-ਵਾਰ ਹੋ ਰਹੀ ਸੰਪ੍ਰਦਾਇਕ ਘਟਨਾਵਾਂ ਸਾਡੇ ਦੇਸ਼ ਅਤੇ ਸਮਾਜ ਲਈ ਸ਼ਰਮਨਾਕ ਹਨ। ਕਈ ਵਾਰ ਪੰਜਾਬ ਦੇ ਕਈ ਅਖੌਤੀ ਬੁੱਧੀ-ਜੀਵੀਆਂ ਤੇ ਹੈਰਾਨੀ ਹੁੰਦੀ ਹੈ ਜਦੋਂ ਉਹ ਕਿਸੇ ਵੀ ਗੱਲ ਬਾਰੇ ਆਪਣਾ ਮੂੰਹ ਨਹੀਂ ਖੋਲ੍ਹਦੇ। ਪਰ ਬੀਬੀ ਦਲੀਪ ਕੌਰ ਟਿਵਾਣ ਸਦਾ ਹੀ ਨਿਧੜਕ ਹੋਕੇ ਔਖੇ ਵਿਸ਼ਿਆਂ ਵਾਰੇ ਬੋਲਦੇ ਤੇ ਲਿਖਦੇ ਰਹੇ। ਪੰਜਾਬ ਦੇ ਅੰਤਾਂ ਦੇ ਹਨੇਰੇ ਸਮੇਂ ਵਿੱਚ ਵੀ ਉਹਨਾ ਨੇ ਪੰਜਾਬ ਦੇ ਲੋਕਾਂ ਦਾ ਸਾਥ ਨਹੀਂ ਛੱਡਿਆ। ਪੰਜਾਬ,ਪੰਜਾਬੀਅਤ ਅਤੇ ਇਸਦੇ ਲੋਕਾਂ ਦੇ ਮਸਲਿਆਂ ਬਾਰੇ ਹਮੇਸ਼ਾ ਬੇਬਾਕੀ ਨਾਲ ਲਿਖਦੇ ਰਹੇ। ਪੰਜਾਬ ਦੀ ਮਿੱਟੀ ਨਾਲ ਜੁੜੀ ਇਸ ਪੰਜਾਬ ਦੀ ਧੀ ਦਾ ਸਾਡਾ ਪੰਜਾਬ ਸਦਾ ਰਿਣੀ ਰਹੇਗਾ।

✍️ਅਮਰਜੀਤ ਸਿੰਘ ਗਰੇਵਾਲ