You are here

100 ਤੋਂ ਵੱਧ ਟਰਾਲੀਆਂ ਵਿੱਚ ਲਾਵਾਰਸ ਪਸ਼ੂ ਲੱਦ ਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਸੌਂਪਣ ਲਈ ਨਿਕਲੇ

ਸਰਕਾਰ ਗਊਸੈੱਸ ਕਿਸਾਨ ਯੂਨੀਅਨ ਨੂੰ ਦੇਵੇ ਤਾਂ ਪਸ਼ੂ ਸੰਭਾਲ ਲਵਾਂਗੇ- ਲੱਖੋਵਾਲ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- 
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂ ਵੱਖ-ਵੱਖ ਪਿੰਡਾਂ ਤੋਂ 100 ਤੋਂ ਵੱਧ ਟਰਾਲੀਆਂ ਵਿੱਚ ਲਾਵਾਰਸ ਪਸ਼ੂ ਲੱਦ ਕੇ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਲਈ ਨਿਕਲੇ। ਰਸਤੇ ਵਿਚ ਕੁਹਾੜਾ ਚੌਕ ਅਤੇ ਚੰਡੀਗੜ੍ਹ ਰੋਡ ਸਮਰਾਲਾ ਚੌਕ ਨੇੜੇ ਕਿਸਾਨ ਆਗੂਆਂ ਨੂੰ ਪੁਲੀਸ ਨੇ ਰੋਕ ਲਿਆ, ਜਿੱਥੇ ਪੁਲੀਸ ਤੇ ਕਿਸਾਨ ਆਗੂਆਂ ਵਿਚਾਲੇ ਬਹਿਸ ਵੀ ਹੋਈ। ਪੁਲੀਸ ਨੇ ਕਿਸਾਨਾਂ ਨੂੰ ਸਮਰਾਲਾ ਚੌਕ ਤੋਂ ਅੱਗੇ ਨਹੀਂ ਜਾਣ ਦਿੱਤਾ। ਮੌਕੇ ’ਤੇ ਪੁੱਜੇ ਐੱਸਡੀਐੱਮ ਦੇ ਭਰੋਸੇ ’ਤੇ ਕਿਸਾਨ ਆਗੂ ਉਥੇ ਹੀ ਖੜ੍ਹੇ ਰਹੇ। ਇਸ ਦੌਰਾਨ ਕਿਸਾਨਾਂ ਨੇ ਟਰਾਲੀਆਂ ਦੇ ਡਾਲੇ ਖੋਲ੍ਹ ਦਿੱਤੇ ਅਤੇ ਲਾਵਾਰਸ ਪਸ਼ੂ ਚੰਡੀਗੜ੍ਹ ਰੋਡ ਤੋਂ ਸ਼ਹਿਰ ਦੀਆਂ ਰਿਹਾਇਸ਼ੀ ਕਲੋਨੀਆਂ ਵਿੱਚ ਵੜ ਗਏ। ਇਸ ਦਾ ਸ਼ਹਿਰੀ ਲੋਕਾਂ ਨੇ ਵੀ ਵਿਰੋਧ ਕੀਤਾ। ਦੇਰ ਸ਼ਾਮ ਤੱਕ ਗਊਸ਼ਾਲਾ ਦੀਆਂ ਕੁਝ ਗੱਡੀਆਂ ਲਾਵਾਰਸ ਪਸ਼ੂਆਂ ਨੂੰ ਭਰ ਲੈ ਗਈਆਂ ਸਨ ਪਰ ਵੱਡੀ ਗਿਣਤੀ ਪਸ਼ੂ ਰਿਹਾਇਸ਼ੀ ਕਲੋਨੀ ਸੈਕਟਰ 32 ਤੇ 39 ਦੇ ਇਲਾਕਿਆਂ ਵਿਚ ਘੁੰਮਦੇ ਰਹੇ। ਯੂਨੀਅਨ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਲਾਵਾਰਸ ਪਸ਼ੂਆਂ ਦੀ ਸਮੱਸਿਆ ’ਤੇ ਸਰਕਾਰ ਗੰਭੀਰ ਨਹੀਂ ਹੈ। ਇਹ ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਕਰਦੇ ਹਨ ਅਤੇ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ। ਉਹ ਸਾਲ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲਾਵਾਰਸ ਪਸ਼ੂ ਦੇਣ ਗਏ ਸਨ। ਉਸ ਸਮੇਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਦੋ-ਤਿੰਨ ਮਹੀਨਿਆਂ ਦੇ ਅੰਦਰ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ ਪਰ ਹਾਲੇ ਤੱਕ ਕੁਝ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਗਊ ਸੈੱਸ ਦੇ ਨਾਂ ’ਤੇ ਹਰ ਸਾਲ ਕਰੋੜਾਂ ਰੁਪਏ ਇਕੱਠੇ ਕਰ ਰਹੇ ਹਨ ਪਰ ਲਾਵਾਰਸ ਪਸ਼ੂ ਫਿਰ ਵੀ ਸੜਕਾਂ ’ਤੇ ਘੁੰਮ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪੰਜਾਬ ਵਿੱਚ ਗਊ ਸੈੱਸ ਦੇ ਨਾਂ ’ਤੇ ਇਕੱਠਾ ਕੀਤਾ ਜਾਣ ਵਾਲਾ ਫੰਡ ਯੂਨੀਅਨ ਨੂੰ ਦੇਵੇ ਅਤੇ ਯੂਨੀਅਨ ਆਪਣੇ ਪੱਧਰ ’ਤੇ ਲਾਵਾਰਸ ਪਸ਼ੂਆਂ ਨੂੰ ਰੱਖਣ ਦਾ ਇੰਤਜ਼ਾਮ ਕਰ ਲਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਤੇ ਯੂਪੀ ਦੀ ਤਰਜ਼ ’ਤੇ ਪੰਜਾਬ ਵਿੱਚ ਵੀ ਬੁੱਚੜਖਾਨੇ ਬਣਾਏ ਜਾਣ। ਉਨ੍ਹਾਂ ਦੱਸਿਆ ਕਿ 7 ਫਰਵਰੀ ਨੂੰ ਉਹ ਫ਼ਰੀਦਕੋਟ ਤੇ 18 ਫਰਵਰੀ ਨੂੰ ਜਲੰਧਰ ਵਿਚ ਡੀਸੀ ਦਫ਼ਤਰ ਜਾ ਕੇ ਲਾਵਾਰਸ ਪਸ਼ੂ ਛੱਡਣਗੇ।

 ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਵਲੋਂ ਅਕਾਲੀ ਸਰਕਾਰ ਸਮੇਂ ਵੀ ਐੱਸ.ਡੀ.ਐੱਮ ਤੇ ਡੀ.ਸੀ ਦਫ਼ਤਰਾਂ ਅੱਗੇ ਅਵਾਰਾ ਪਸ਼ੂ ਛੱਡੇ ਸਨ। ਉਸ ਤੋਂ ਬਾਅਦ ਕਾਂਗਰਸ ਸਰਕਾਰ ਵੇਲੇ ਵੀ ਪਿਛਲੇ ਸਾਲ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਕਿ ਸੜਕਾਂ ’ਤੇ ਘੁੰਮਦੇ ਅਵਾਰਾ ਪਸ਼ੂ ਕਿਸਾਨਾਂ ਦੀਆਂ ਫਸਲਾਂ ਅਤੇ ਮਨੁੱਖੀ ਜੀਵਨ ਲਈ ਬਹੁਤ ਘਾਤਕ ਸਿੱਧ ਹੋ ਰਹੇ ਹਨ ਜਿਨ੍ਹਾਂ ਨੂੰ ਸੰਭਾਲਿਆ ਜਾਵੇ। ਪ੍ਰਧਾਨ ਲੱਖੋਵਾਲ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀ ਮੰਗ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਿਸ ਕਾਰਨ ਉਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ ਅਤੇ ਰੋਜ਼ਾਨਾ ਹੀ ਅਵਾਰਾ ਪਸ਼ੂਆਂ ਕਾਰਨ ਵਾਪਰਦੇ ਸੜਕ ਹਾਦਸਿਆਂ ’ਚ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਹੁਣ ਦੁਖੀ ਹੋ ਕੇ ਕਿਸਾਨਾਂ ਤੇ ਆਮ ਲੋਕਾਂ ਨੇ ਅਵਾਰਾ ਪਸ਼ੂ ਫੜ ਕੇ ਪ੍ਰਸਾਸ਼ਨ ਨੂੰ ਸੌਂਪਣ ਲਈ ਲੁਧਿਆਣਾ ਵਿਖੇ ਜਾ ਰਹੇ ਹਨ ਤਾਂ ਜੋ ਸੁੱਤੀ ਪਈ ਸਰਕਾਰ ਨੂੰ ਲੋਕਾਂ ਦੀ ਇਹ ਸਮੱਸਿਆ ਦਿਖਾਈ ਦੇ ਸਕੇ। ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਜਾਂ ਤਾਂ ਸਰਕਾਰ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਸੰਭਾਲੇ ਜਾਂ ਫਿਰ ਜੋ ਇਕੱਠਾ ਕੀਤਾ ਗਊ ਸੈੱਸ ਯੂਨੀਅਨ ਨੂੰ ਦੇਵੇ ਫਿਰ ਉਹ ਇਹ ਅਵਾਰਾ ਪਸ਼ੂ ਸੰਭਾਲ ਲੈਣਗੇ।