ਸੰਪਾਦਕੀ

ਗੁੱਸੇ ‘ਤੇ ਕਾਬੂ ਪਾਉਣਾ ਜ਼ਰੂਰੀ ✍️ ਗੋਬਿੰਦਰ ਸਿੰਘ ਢੀਂਡਸਾ

ਗੁੱਸਾ ਆਉਣਾ ਸੁਭਾਵਿਕ ਗੱਲ ਹੈ ਪਰੰਤੂ ਗੁੱਸੇ ਤੇ ਕਾਬੂ ਕਰਨਾ ਇੱਕ ਕਲਾ ਹੈ। ਗੁੱਸਾ ਕੁਝ ਸਮੇਂ ਲਈ ਆਉਂਦਾ ਹੈ ਤੇ ਪਿੱਛੇ ਡਾਢਾ ਨੁਕਸਾਨ ਛੱਡ ਜਾਂਦਾ ਹੈ। ਗੁੱਸਾ ਮਨੁੱਖੀ ਮਨ ਦਾ ਇੱਕ ਭਾਵ ਹੈ ਅਤੇ ਗੁੱਸੇ ਦੌਰਾਨ ਕਈ ਸਰੀਰਕ ਲੱਛਣ ਪੈਦਾ ਹੁੰਦੇ ਹਨ ਜਿਵੇਂ ਕਿ ਦਿਲ ਦੀ ਗਤੀ ਦਾ ਵੱਧਣਾ, ਰਕਤ ਚਾਪ ਵਿੱਚ ਵਾਧਾ ਆਦਿ। ਗੁੱਸਾ ਉਹ ਹਨੇਰੀ ਹੈ ਜੋ ਅਕਲ ਦਾ ਦੀਵਾ ਬੁਝਾ ਦਿੰਦਾ ਹੈ ਅਤੇ ਇੱਕ ਕ੍ਰੋਧਿਤ ਵਿਅਕਤੀ ਦੇ ਸੋਚਣ ਅਤੇ ਵਿਚਾਰਨ ਦੀ ਸ਼ਕਤੀ ਜ਼ੀਰੋ ਹੋ ਜਾਂਦੀ ਹੈ।

ਗੁੱਸੇ ਦਾ ਕੋਈ ਵੀ ਚਰਨ ਸਹਿਜ ਨਹੀਂ ਹੈ। ਗੁੱਸਾ ਮਨੁੱਖੀ ਭਾਵ ਦੀ ਚਰਮ ਸੀਮਾ ਹੈ। ਜਦ ਕਦੇ ਕਿਸੇ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ, ਵਿਸ਼ਵਾਸ ਟੁੱਟਦਾ ਹੈ, ਸਵੈ ਮਾਣ ਜਾਂ ਅਹੰਕਾਰ ਨੂੰ ਧੱਕਾ ਵੱਜਦਾ ਹੈ ਜਾਂ ਉਮੀਦਾਂ ਤੇ ਖਰਾ ਨਾ ਉਤਰਨ ਆਦਿ ਕਾਰਨ ਗੁੱਸਾ ਜਨਮ ਲੈਂਦਾ ਹੈ। ਗੁੱਸਾ ਜੁਆਲਾਮੁੱਖੀ ਵਾਂਗ ਫੁੱਟਦਾ ਹੈ ਤੇ ਨੁਕਸਾਨ ਕਰਦਾ ਹੈ।

ਗੁੱਸਾ ਆਉਣ ਪਿੱਛੇ ਵੱਖੋ ਵੱਖਰੇ ਕਾਰਨ ਹੋ ਸਕਦੇ ਹਨ। ਡਰ ਨੂੰ ਗੁੱਸੇ ਦਾ ਜਨਕ ਦੇ ਰੂਪ ਵਿੱਚ ਵੀ ਮੰਨਿਆ ਜਾਂਦਾ ਹੈ ਕਿਉਂਕਿ ਜਦ ਵਿਅਕਤੀ ਡਰ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਗੁੱਸੇ ਦੇ ਰੂਪ ਵਿੱਚ ਪ੍ਰਗਟ ਕਰਦਾ ਹੈ। ਗੁੱਸੇ ਨੂੰ ਕਾਇਰਤਾ ਦੀ ਨਿਸ਼ਾਨੀ ਵੀ ਕਿਹਾ ਜਾਂਦਾ ਹੈ ਜੋ ਕਿ ਸਿਹਤ ਲਈ ਹਾਨੀਕਾਰਕ ਹੈ। ਜਿਹਨਾਂ ਵਿੱਚ ਸਬਰ ਤੇ ਸਾਹਸ ਦੀ ਘਾਟ ਹੁੰਦੀ ਹੈ, ਉਹ ਕ੍ਰੋਧਿਤ ਹੁੰਦੇ ਹਨ। 

ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਸੋ ਕੁਝ ਵੀ ਕਹਿਣ ਜਾਂ ਕਰਨ ਤੋਂ ਪਹਿਲਾ ਜ਼ਰੂਰ ਸੋਚਣਾ ਚਾਹੀਦਾ ਹੈ। ਕਿਸੇ ਕਾਰਨ ਵੱਸ ਹਾਲਾਤ ਵਿਗੜਦੇ ਵੇਖ ਉੱਥੋਂ ਪਾਸਾ ਵੱਟਣਾ ਵਧੇਰੇ ਸਾਰਥਕ ਹੈ। ਗੁੱਸੇ ਅਤੇ ਲੜਾਈ ਨਾਲ ਤੁਸੀਂ ਜਿੱਤ ਤਾਂ ਸਕਦੇ ਹੋ ਪਰੰਤੂ ਕਿਸੇ ਨੂੰ ਅਪਣਾ ਨਹੀਂ ਬਣਾ ਸਕਦੇ। ਗੁਸੈਲੇ ਵਿਅਕਤੀ ਦਾ ਕੋਈ ਮਿੱਤਰ ਨਹੀਂ ਬਣਨਾ ਪਸੰਦ ਕਰਦਾ ਅਤੇ ਬੇਕਾਬੂ ਗੁੱਸਾ ਤੁਹਾਡੀ ਨੇਕ ਨਾਮੀ ਨੂੰ ਵੀ ਖ਼ਰਾਬ ਕਰਦਾ ਹੈ।

ਖੁਸ਼ੀਂ ਵਿੱਚ ਕੋਈ ਵਾਅਦਾ ਨਹੀਂ ਕਰਨਾ ਚਾਹੀਦਾ ਅਤੇ ਗੁੱਸੇ ਵਿੱਚ ਕੋਈ ਫੈਸਲਾ। ਪਾਣੀ ਅਕਸਰ ਨਿਵਾਣ ਵੱਲ ਨੂੰ ਜਾਂਦਾ ਹੈ ਸੋ ਗੁੱਸੇ ਦੀ ਇੱਕ ਫਿਤਰਤ ਵੀ ਹੈ ਕਿ ਇਹ ਆਪ ਤੋਂ ਮਾੜੇ ਤੇ ਹੀ ਨਿਕਲਦਾ ਹੈ, ਤਕੜੇ ਅੱਗੇ ਤਾਂ ਚੁਰਕਦਾ ਨਹੀਂ। ਘਰ, ਦਫ਼ਤਰੀ ਜਾਂ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿੱਚ ਤਣਾਅ ਨੂੰ ਕੰਟਰੋਲ ਕਰਕੇ ਆਪਣੇ ਸਬਰ ਤੇ ਸਹਿਜਤਾ ਨੂੰ ਵਧਾਉਣਾ ਚਾਹੀਦਾ ਹੈ, ਜੇਕਰ ਕੋਈ ਸਮੱਸਿਆ ਹੈ ਉਸਦੇ ਸਾਰਥਕ ਹੱਲ ਤੇ ਕੰਮ ਕਰਨਾ ਚਾਹੀਦਾ ਹੈ ਨਾ ਕਿ ਗੁੱਸਾ ਕੀਤਾ ਜਾਵੇ।

ਜ਼ਿੰਦਗੀ ਵਿੱਚ ਉਤਾਰ ਚੜਾਅ ਅਹਿਮ ਅੰਗ ਹਨ, ਇਹ ਤੁਹਾਡੇ ਹੱਥ ਵਿੱਚ ਨਹੀਂ ਹੁੰਦਾ ਕਿ ਤੁਸੀਂ ਕਿਸੇ ਹਾਲਾਤ ਵਿੱਚ ਕਿਵੇਂ ਮਹਿਸੂਸ ਕਰੋਗੇ ਪਰੰਤੂ ਇਹ ਜ਼ਰੂਰ ਤੁਹਾਡੇ ਹੱਥ ਵਿੱਚ ਹੁੰਦਾ ਹੈ ਕਿ ਤੁਸੀਂ ਉਸ ਸਮੇਂ ਆਪਣੇ ਜ਼ਜਬਾਤਾਂ ਨੂੰ ਕਿਵੇਂ ਜ਼ਾਹਰ ਕਰਦੇ ਹੋ, ਤੁਹਾਨੂੰ ਗੁੱਸੇ ਵਿੱਚ ਭੜਕਣ ਦੀ ਲੋੜ ਨਹੀਂ। ਧਾਰਮਿਕ ਗ੍ਰੰਥਾਂ ਵਿੱਚ ਵੀ ਜ਼ਿਕਰ ਹੈ ਕਿ ਜਿਹੜਾ ਗੁੱਸੇ ਵਿੱਚ ਧੀਮਾ ਹੈ, ਉਹ ਸੂਰਬੀਰ ਨਾਲੋ, ਅਤੇ ਆਪਣੀ ਰੂਹ ਨੂੰ ਵੱਸ ਵਿੱਚ ਰੱਖਣ ਵਾਲਾ, ਸ਼ਹਿਰ ਦੇ ਜਿੱਤਣ ਵਾਲੇ ਨਾਲੋਂ ਚੰਗਾ ਹੈ।

ਗੁੱਸੇ ‘ਤੇ ਕਾਬੂ ਰੱਖ ਕੇ ਜ਼ਿੰਦਗੀ ਨੂੰ ਹੋਰ ਬੇਹਤਰੀ ਨਾਲ ਮਾਣਿਆ ਜਾ ਸਕਦਾ ਹੈ। ਪ੍ਰਸਿੱਧ ਕਵੀ ਸ਼ੇਖ ਸਾਅਦੀ ਅਨੁਸਾਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਗੁੱਸੇ ਦਾ ਸੇਕ ਪਹਿਲਾਂ ਦੁਸ਼ਮਣ ਨੂੰ ਭਸਮ ਕਰੇ, ਗੁੱਸੇ ਦੀ ਲਾਰ ਸਭ ਤੋਂ ਪਹਿਲਾਂ ਖੁਦ ਨੂੰ ਸਾੜ ਕੇ ਸੁਆਹ ਕਰਦੀ ਹੈ। ਗੁੱਸੇ ਸਮੇਂ ਆਪਣੇ ਆਪ ਤੇ ਰੱਖੇ ਨਿਯੰਤ੍ਰਣ ਕਰਕੇ ਤੁਸੀਂ ਭਵਿੱਖ ਦੀਆਂ ਕਈਆਂ ਸਮੱਸਿਆਵਾਂ ਤੋਂ ਆਪਣਾ ਬਚਾ ਕਰ ਸਕਦੇ ਹੋ। 

 

 ਗੋਬਿੰਦਰ ਸਿੰਘ ਢੀਂਡਸਾ 

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ) ਜ਼ਿਲ੍ਹਾ: ਸੰਗਰੂਰ (ਪੰਜਾਬ) bardwal.gobinder@gmail.com

ਲੋਕਤੰਤਰ ਦਾ ਚੌਥਾ ਥੰਮ੍ਹ!✍️ ਸਲੇਮਪੁਰੀ ਦੀ ਚੂੰਢੀ

ਪ੍ਰੈਸ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ, ਪਰ ਅੱਜ ਭਾਰਤ ਵਿੱਚ ਪ੍ਰੈਸ ਜੋ ਆਪਣਾ ਰੋਲ ਅਦਾ ਕਰ ਰਹੀ ਹੈ, ਨੂੰ ਲੈ ਕੇ ਜਿਥੇ ਦੇਸ਼ ਸ਼ਰੀਫ ਵਿਅਕਤੀ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਤ ਹਨ ਉਥੇ ਸੰਸਾਰ ਦੇ ਵੱਖ ਵੱਖ ਦੇਸ਼ਾਂ ਦਾ ਮੀਡੀਆ ਵੀ ਹੈਰਾਨੀ ਦਾ ਪ੍ਰਗਟਾਵਾ ਕਰ ਰਿਹਾ ਹੈ। ਦੇਸ਼ ਵਿਚ ਇਸ ਵੇਲੇ ਵਿਕਾਊ ਪ੍ਰੈਸ ਅਜਗਰ ਸੱਪ ਵਾਂਗੂੰ ਕੰਮ ਕਰ ਰਹੀ ਹੈ, ਜਦ ਕਿ ਦੇਸ਼ ਵਿਚ ਆਮ ਲੋਕਾਂ ਦੀ ਹਾਲਤ ਇੱਕ ਮਾਸੂਮ ਮੱਛੀ ਦੀ ਤਰ੍ਹਾਂ ਹੋ ਚੁੱਕੀ ਹੈ , ਜਿਸ ਨੂੰ ਅਜਗਰ ਰੂਪੀ ਮੀਡੀਆ ਹਮੇਸ਼ਾ ਨਿਗਲਣ ਦੀ ਤਾਕ ਵਿਚ  ਰਹਿੰਦਾ ਹੈ।
ਉੱਤਰ ਪ੍ਰਦੇਸ਼ ਦੇ ਸ਼ਹਿਰ ਲਖੀਮਪੁਰ ਪੁਰ ਖੀਰੀ ਵਿਚ ਖੇਤੀ ਕਾਨੂੰਨਾਂ ਵਿਰੁੱਧ ਧਰਨਾ ਦੇ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਉਪਰ ਕੇਂਦਰੀ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੇ ਆਪਣੀ ਗੱਡੀ ਚੜ੍ਹਾ ਕੇ ਅਜਿਹਾ ਦਰਦ ਦਿੱਤਾ ਹੈ , ਜਿਸ ਨੂੰ ਬਿਆਨਿਆ ਨਹੀਂ ਜਾ ਸਕਦਾ, ਪਰ ਵਿਕਾਊ ਪ੍ਰੈਸ ਨੇ ਇਸ ਘਟਨਾ ਲਈ ਜਿੰਮੇਵਾਰ ਦੋਸ਼ੀਆਂ ਨੂੰ ਕਸੂਰਵਾਰ ਕਹਿਣ ਦੀ ਬਜਾਏ ਸਾਰਾ ਦੋਸ਼ ਕਿਸਾਨਾਂ ਉਪਰ ਹੀ ਸੁੱਟ ਦਿੱਤਾ ਹੈ । ਦੇਸ਼ ਦੀਆਂ ਕੌਮੀ ਪੱਧਰ ਦੀਆਂ ਅਖਬਾਰਾਂ ਅਤੇ ਚੈਨਲਾਂ ਵਿੱਚੋਂ ਵਿਕਾਊ ਅਖਬਾਰਾਂ ਅਤੇ ਚੈਨਲਾਂ ਦਾ ਰਵੱਈਆ ਇਸ ਦਰਦਨਾਕ ਘਟਨਾ ਨੂੰ ਲੈ ਕੇ ਪੀੜਤਾਂ ਅਤੇ ਕਿਸਾਨਾਂ ਪ੍ਰਤੀ ਬੇਹੱਦ ਨਕਾਰਾਤਮਿਕ ਰਿਹਾ ਹੈ। ਇਸੇ ਤਰ੍ਹਾਂ ਹੀ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਫਿਲਮੀ ਸਿਤਾਰੇ ਸ਼ਾਹਰੁਖ ਖਾਨ ਦੇ ਬੇਟੇ ਕੋਲੋਂ 13 ਗ੍ਰਾਮ ਚਰਸ ਬਰਾਮਦ ਹੋਣ 'ਤੇ ਵਿਕਾਊ ਪ੍ਰੈਸ, ਜਿਸ ਵਿਚ ਚੈਨਲ ਅਤੇ ਪ੍ਰਿੰਟ ਮੀਡੀਆ ਸ਼ਾਮਲ ਹੈ, ਨੇ ਇਸ ਮਾਮਲੇ ਨੂੰ ਇਸ ਤਰ੍ਹਾਂ ਉਗਲਿਆ ਜਿਸ ਤਰ੍ਹਾਂ ਸ਼ਾਹਰੁਖ ਖਾਨ ਦੇ ਬੇਟੇ ਨੇ ਕੋਈ ਬਹੁਤ ਵੱਡਾ ਜੁਰਮ ਕਰ ਦਿੱਤਾ ਹੋਵੇ, ਪਰ ਐਨ ਇਸ ਦੇ ਉਲਟ ਅਡਾਨੀ ਬੰਦਰਗਾਹ ਤੋਂ ਬਰਾਮਦ ਹੋਈ ਸਾਢੇ ਤਿੰਨ ਕੁਵਿੰਟਲ ਛੇ ਸੌ ਗ੍ਰਾਮ ਅਫੀਮ ਜਿਸ ਦੀ ਬਜਾਰੀ ਕੀਮਤ 21000 ਕਰੋੜ ਰੁਪਏ ਬਣਦੀ ਹੈ, ਨੂੰ ਲੈ ਕੇ ਲੋਕਤੰਤਰ ਦੇ ਵਿਕਾਊ ਚੌਥੇ ਥੰਮ ਦੇ ਮੂੰਹ ਅਤੇ ਅੱਖਾਂ ਉਪਰ ਪੱਟੀ ਬੰਨ੍ਹੀ ਗਈ, ਕਲਮਾਂ ਦੀ ਸਿਆਹੀ ਸੁੱਕ ਗਈ ਹੈ। ਵਿਕਾਊ ਮੀਡੀਆ ਨੇ ਸ਼ਾਹਰੁਖ ਦੇ ਬੇਟੇ ਨਾਲ ਸਬੰਧਿਤ ਚਰਸ ਦੀ ਘਟਨਾ ਨੂੰ ਇਸ ਤਰ੍ਹਾਂ ਪੇਸ਼ ਕੀਤਾ, ਜਿਵੇਂ ਦੇਸ਼ ਦਾ ਸਮੁੱਚਾ ਮੁਸਲਿਮ ਭਾਈਚਾਰਾ ਹੀ ਇਸ ਲਈ ਦੋਸ਼ੀ ਹੋਵੇ।
ਦੇਸ਼ ਦੇ ਕਿਸੇ ਕੋਨੇ ਵਿਚ ਜਦੋਂ ਅਨੂਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਅਤੇ ਘੱਟ ਗਿਣਤੀ ਕੌਮਾਂ ਦੇ ਲੋਕਾਂ ਉਪਰ ਅੱਤਿਆਚਾਰ ਕੀਤਾ ਜਾਂਦਾ ਹੈ ਤਾਂ ਵਿਕਾਊ ਮੀਡੀਆ ਸੁਸਰੀ ਵਾਂਗ ਸੌਂ ਜਾਂਦਾ ਹੈ ਜਾਂ ਫਿਰ ਵਾਪਰੀ ਮੰਦਭਾਗੀ ਘਟਨਾ ਨੂੰ ਅਜਿਹਾ ਮਨਘੜਤ ਰੂਪ ਦਿੰਦਾ ਹੈ ਕਿ ਪੀੜਤਾਂ ਨੂੰ ਹੀ ਦੋਸ਼ੀ ਬਣਾਕੇ ਪੇਸ਼ ਕਰ ਦਿੰਦਾ ਹੈ। ਦੇਸ਼ ਦੇ ਕਿਸੇ ਕੋਨੇ ਵਿਚ ਜਦੋਂ ਕਿਸੇ ਅਨੂਸੂਚਿਤ ਜਾਤੀ ਜਾਂ ਪੱਛੜੀ ਸ਼੍ਰੇਣੀ ਜਾਂ ਕਿਸੇ ਘੱਟ ਗਿਣਤੀ ਕੌਮ ਦੀ ਕਿਸੇ ਲੜਕੀ /ਔਰਤ ਨਾਲ ਬਲਾਤਕਾਰ ਹੁੰਦਾ ਹੈ ਜਾਂ ਬਲਾਤਕਾਰ ਕਰਨ ਤੋਂ ਬਾਅਦ ਮਾਰ ਦਿੱਤਾ ਜਾਂਦਾ ਹੈ ਅਤੇ ਮਾਰਨ ਤੋਂ ਬਾਅਦ ਪੀੜਤ ਪਰਿਵਾਰ ਤੋਂ ਬਿਨਾਂ ਹੀ ਸਸਕਾਰ ਕਰ ਦਿੱਤਾ ਜਾਂਦਾ ਹੈ ਤਾਂ ਵਿਕਾਊ ਮੀਡੀਆ ਦੇ ਮੂੰਹ ਨੂੰ ਤਾਲਾ ਲੱਗ ਜਾਂਦਾ ਹੈ। ਵਿਕਾਊ ਮੀਡੀਆ ਅਸਲ ਘਟਨਾ ਨੂੰ ਨਵਾਂ ਰੂਪ ਦੇ ਕੇ ਦੇਸ਼ ਦੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣਾ ਸ਼ੁਰੂ ਕਰ ਦਿੰਦਾ ਹੈ।
ਅਕਸਰ ਵੇਖਣ ਵਿਚ ਆਇਆ ਹੈ ਕਿ ਜੇ ਕਿਸੇ ਗਰੀਬ ਦੀ ਬੇਟੀ ਕੁਝ ਦਿਨ ਲਈ ਆਪਣੇ ਨਾਨਕੇ ਚਲੀ ਜਾਵੇ ਤਾਂ ਲੋਕਤੰਤਰ ਦਾ ਚੌਥਾ ਥੰਮ੍ਹ ਆਖਣਾ ਸ਼ੁਰੂ ਕਰ ਦਿੰਦਾ ਹੈ ਕਿ ਫਲਾਣੇ ਦੀ ਕੁੜੀ ਭੱਜ ਗਈ ਹੈ, ਜਦਕਿ ਐਨ ਇਸ ਦੇ ਉਲਟ ਜਦੋਂ ਕਿਸੇ ਖਾਂਦੇ-ਪੀਂਦੇ ਪਰਿਵਾਰ ਵਾਲਿਆਂ ਦੀ ਕੁੜੀ ਕਿਸੇ ਮੁੰਡੇ ਨਾਲ ਚਲੀ ਜਾਵੇ ਤਾਂ ਚੌਥੇ ਥੰਮ੍ਹ ਦੀ ਅਵਾਜ ਬਦਲ ਜਾਂਦੀ ਹੈ ਅਤੇ ਆਖਣ ਲੱਗ ਜਾਂਦਾ ਹੈ ਕਿ 'ਉਨ੍ਹਾਂ ਦੀ ਬੇਟੀ ਤਾਂ ਆਪਣੇ ਬੁਆਏ ਫ੍ਰੈਂਡ ਨਾਲ ਸ਼ਿਮਲੇ ਪਿਕਨਿਕ ਮਨਾਉਣ ਗਈ ਹੈ।'
ਜਦੋਂ ਅਸੀਂ ਵਿਦੇਸ਼ੀ ਮੀਡੀਆ ਦੀ ਗੱਲ ਕਰਦੇ ਹਾਂ, ਤਾਂ ਉਹ ਸੱਚ ਨੂੰ ਸੱਚ ਕਹਿਣ ਅਤੇ ਝੂਠ ਨੂੰ ਝੂਠ ਕਹਿਣ ਦੀ ਜੁਅਰਤ ਰੱਖਦਾ ਹੈ। ਦੇਸ਼ ਵਿਚ ਜਿਹੜੇ ਪੱਤਰਕਾਰ ਸੱਚ ਲਿਖਦੇ ਹਨ, ਉਨ੍ਹਾਂ ਦੀ ਜੁਬਾਨ ਬੰਦ ਕਰਨ ਲਈ ਕਦੇ ਸਰਕਾਰ ਵਲੋਂ, ਕਦੀ ਸਰਮਾਏਦਾਰਾਂ ਵਲੋਂ  ਕਦੀ ਸਿਆਸੀ ਆਗੂਆਂ ਵਲੋਂ ਅਤੇ ਕਦੀ ਸਰਕਾਰੀ ਤੰਤਰ ਵਲੋਂ ਝੂਠੇ ਪੁਲਿਸ ਮੁਕੱਦਮੇ ਪਾ ਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ।
ਦੇਸ਼ ਦੀ ਪੀਲੀ ਪੱਤਰਕਾਰੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਾਡਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਪੀਲੀ ਪੱਤਰਕਾਰੀ ਕਰਨ ਵਾਲੇ ਪੱਤਰਕਾਰ ਲੁੱਟ-ਖਸੁੱਟ ਕਰਨ ਲਈ ਆਮ ਲੋਕਾਂ ਨੂੰ ਬਲੈਕਮੇਲ ਕਰਕੇ ਉਨ੍ਹਾਂ ਨੂੰ ਕਿਵੇਂ ਪ੍ਰੇਸ਼ਾਨ ਕਰਦੇ ਹਨ, ਦੇ ਬਾਰੇ ਵਰਨਣ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਸੱਭ ਲੋਕ ਇਸ ਸਬੰਧੀ ਭਲੀਭਾਂਤ ਜਾਣਦੇ ਹਨ।
ਦੇਸ਼ ਦੇ ਬੁੱਧੀਜੀਵੀ ਵਰਗ ਦਾ ਕਹਿਣਾ ਹੈ ਕਿ ਦੇਸ਼ ਦਾ ਵਿਕਾਊ ਚੌਥਾ ਥੰਮ੍ਹ ਲੋਕਤੰਤਰ ਦੇ ਮੱਥੇ ਉਪਰ ਕਲੰਕ ਹੈ।
ਸੁਖਦੇਵ ਸਲੇਮਪੁਰੀ
09780620233
7 ਅਕਤੂਬਰ, 2021.

ਬਿੱਲੀ ਥੈਲਿਓੰ ਬਾਹਰ! ✍️  ਸਲੇਮਪੁਰੀ ਦੀ ਚੂੰਢੀ

ਜਿਸ ਦਿਨ ਪੰਜਾਬ ਦੇ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਬਣੇ ਹਨ, ਉਸੇ ਦਿਨ ਤੋਂ ਹੀ ਪੰਜਾਬ ਸਮੇਤ ਸਮੁੱਚੇ ਦੇਸ਼ ਦੇ ਅਤੇ ਵਿਦੇਸ਼ਾਂ ਵਿਚ ਬੈਠੇ ਮਨੂੰਵਾਦੀ ਵਿਚਾਰਧਾਰਾ ਪਾਲਣ ਵਾਲੇ ਲੋਕਾਂ ਨੂੰ ਹਜਮ ਨਹੀਂ ਹੋ ਰਿਹਾ , ਜਿਸ ਕਰਕੇ ਉਹ ਹਰ ਰੋਜ ਜਾਤੀਵਾਦ ਨੂੰ ਲੈ ਕੇ ਅੱਗ ਉੱਗਲਦੇ ਹਨ।  ਲੰਬੇ ਸਮੇਂ ਤੋਂ ਪੰਜਾਬ ਉਪਰ ਕਾਬਜ ਲੋਕਾਂ ਨੂੰ ਹੱਥਾਂ ਪੈਰਾਂ ਦੀ ਬਣੀ ਹੋਈ ਹੈ, ਜਿਸ ਦਾ ਸਬੂਤ ਹਰ ਰੋਜ ਸੋਸ਼ਲ ਮੀਡੀਆ ਉਪਰ ਘੁੰਮਦੀਆਂ ਪੋਸਟਾਂ ਅਤੇ ਵੀਡੀਓਜ ਤੋਂ ਸਪਸ਼ਟ ਹੋ ਰਿਹਾ ਹੈ। ਕੱਲ੍ਹ 1 ਅਕਤੂਬਰ 2021 ਨੂੰ ਜਦੋਂ ਆਪਣੇ ਆਪ ਨੂੰ  'ਪੰਜਾਬ ਦਾ ਵਾਰਿਸ' ਕਹਾਉਣ ਵਾਲਾ ਦੀਪ ਸਿੱਧੂ ਦਿੱਲੀ ਕਿਸਾਨ ਮੋਰਚਾ ਵਿਚ ਪਹੁੰਚਿਆ ਤਾਂ ਉਹ ਬਹੁਤ ਹੀ ਖੁਸ਼ ਮੂੜ ਵਿਚ  ਸਿੱਧਾ ਲਾਈਵ ਹੋ ਕੇ ਕਿਸਾਨਾਂ ਨਾਲ ਗੱਲਬਾਤ ਕਰਦਾ ਹੋਇਆ ਇੱਕ ਸ਼ਰਾਬੀ ਜੋ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਆਇਆ ਹੋਇਆ ਆਪਣੇ ਆਪ ਨੂੰ ਬਹੁਤ, ਸਿਆਣਾ ਸਮਝਦਾ ਹੋਇਆ ਇੱਕ ਬਹਾਦਰ ਵਜੋਂ ਪੇਸ਼ ਕਰਦਾ ਹੋਇਆ ਮੌਜੂਦਾ ਪੰਜਾਬ ਦੀ ਸਿਆਸਤ ਨੂੰ ਲੈ ਕੇ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਲਈ ਜਾਤੀ-ਸੂਚਕ ਸ਼ਬਦ ਬੋਲਦਾ ਹੈ, ਨੂੰ ਗਲਤ ਕਹਿਣ ਦੀ ਬਜਾਏ ਆਖਦਾ ਹੈ ਕਿ 'ਬਜੁਰਗੋ ਤੁਸੀਂ ਗਲਤ ਹੋ ਕੇ ਵੀ ਠੀਕ ਹੋ।' ਜਾਣੀ ਕਿ ਦੀਪ ਸਿੱਧੂ ਬਿਮਾਰ ਮਾਨਸਿਕਤਾ ਵਾਲੇ ਦੀ ਜਾਤੀ-ਸੂਚਕ ਵਾਲੀ ਗੱਲ ਨੂੰ ਸਹੀ ਠਹਿਰਾਉਂਦਾ ਹੋਇਆ ਉਸ ਉਪਰ ਆਪਣੀ 'ਮੋਹਰ' ਲਾਉਂਦਾ ਹੈ।
ਦੀਪ ਸਿੱਧੂ ਜੋ ਆਪਣੇ ਆਪ ਨੂੰ ਕਿਸਾਨਾਂ ਦਾ ਹਿਤੈਸ਼ੀ ਅਖਵਾਉਣ ਲਈ 'ਪੰਜਾਬ ਦੇ ਵਾਰਸ ' ਨਾਂ ਦੀ ਸੰਸਥਾ ਦੀ 3 ਅਕਤੂਬਰ, 2021 ਤੋਂ ਸ਼ੁਰੂਆਤ ਕਰਨ ਲਈ ਡੌਂਡੀ ਪਿੱਟ ਰਿਹਾ ਹੈ, ਅਸਲ ਵਿਚ ਉਹ ਕਿਸਾਨਾਂ ਦਾ ਨਹੀਂ ਕੇਵਲ 'ਜੱਟਾਂ' ਦਾ ਵਾਰਸ ਬਣਨ ਲਈ ਤਰਲੋਮੱਛੀ ਹੋ ਰਿਹਾ ਹੈ।  ਸਿੱਧੂ ਇਸ ਗੱਲ ਤੋਂ ਵੀ ਨਾਵਾਕਫ ਜਾਪਦਾ ਹੈ ਕਿ ਕਿਸਾਨ ਕੇਵਲ 'ਜੱਟ' ਨਹੀਂ ਬਲਕਿ ਹੋਰ ਵੀ ਜਮਾਤਾਂ ਦੇ ਲੋਕ ਹਨ, ਜੋ ਉਸ ਨੂੰ ਹਜਮ ਨਹੀਂ ਹੋ ਰਿਹਾ। ਉਹ ਇਹ ਗੱਲ ਭੁੱਲ ਚੁੱਕਿਆ ਹੈ ਕਿ ਪੰਜਾਬ ਵਿਚ ਸਿਰਫ ਇਕ ਜਾਤ ਨਹੀਂ ਬਲਕਿ ਹੋਰ ਵੀ ਬਹੁਤ ਸਾਰੀਆਂ ਜਮਾਤਾਂ ਅਤੇ ਧਰਮਾਂ ਦੇ ਲੋਕ ਰਹਿੰਦੇ ਹਨ, ਜੋ ਪੰਜਾਬ ਨੂੰ ਹਮੇਸ਼ਾ ਹੱਸਦਾ - ਵੱਸਦਾ ਵੇਖਣਾ ਲੋਚਦੇ ਹੋਏ ਭਾਰਤ ਨੂੰ ਮੁੰਦਰੀ ਮੰਨਦੇ ਹੋਏ ਪੰਜਾਬ ਨੂੰ ਮੁੰਦਰੀ ਦਾ ਬਹੁ-ਮੁੱਲਾ ਨਗ ਆਖਦੇ ਹਨ।
ਇਹ ਗੱਲ ਬਿਲਕੁਲ ਸੱਚੀ ਹੈ ਕਿ ਜਦੋਂ ਵੀ ਪੰਜਾਬ ਦੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ ਜਾਂ ਸੜਕਾਂ 'ਤੇ ਧਰਨੇ ਲਾਏ ਹਨ, ਤਾਂ ਖੇਤ ਮਜ਼ਦੂਰਾਂ ਸਮੇਤ ਭੁੱਖਮਰੀ ਦੀ ਚਾਦਰ ਹੇਠ ਦਿਨ ਕੱਟੀ ਕਰ ਰਹੀ ਜਮਾਤ  ਉਨ੍ਹਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੀ ਹੈ । ਹੁਣ ਵੀ ਡੇਢ ਸਾਲ ਤੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਹਰ ਥਾਂ ਭਾਵੇਂ ਦਿੱਲੀ ਦਾ ਕਿਸਾਨ ਮੋਰਚਾ ਹੋਵੇ, ਭਾਵੇਂ ਟੋਲ ਪਲਾਜ਼ਾ ਬੰਦ ਕਰਨੇ ਹੋਣ ਗਰੀਬ ਜਮਾਤ ਹਰ ਵੇਲੇ ਨਾਲ ਖੜ੍ਹੀ ਹੈ, ਪਰ ਪੰਜਾਬ ਉਪਰ ਹਮੇਸ਼ਾ ਤੋਂ ਭਾਰੂ ਰਹੇ ਲੋਕਾਂ ਦੀ ਬਿਮਾਰ ਮਾਨਸਿਕਤਾ ਨਹੀਂ ਬਦਲੀ, ਉਹ ਜਦੋਂ ਧਰਨੇ ਉਪਰ ਬੈਠਦੇ ਹਨ ਤਾਂ 'ਕਿਸਾਨ' ਅਖਵਾਉਂਦੇ ਹਨ, ਅਤੇ ਜਦੋਂ ਵਾਪਸ ਪਿੰਡ ਆਉਂਦੇ ਹਨ ਤਾਂ 'ਜੱਟ' ਬਣਕੇ ਗਰੀਬ ਜਮਾਤ ਨੂੰ ਦਬਕੇ ਮਾਰ ਕੇ ਦਬਾਉਣਾ ਸ਼ੁਰੂ ਕਰ ਦਿੰਦੇ ਹਨ। ਉਹ ਗੀਤਾਂ, ਕਹਾਣੀਆਂ, ਨਾਵਲਾਂ ਅਤੇ ਫਿਲਮਾਂ ਵਿਚ ਵਾਰ ਵਾਰ 'ਜੱਟ' ਸ਼ਬਦ ਦੀ ਵਰਤੋਂ ਕਰਕੇ ਦੂਜੀਆਂ ਜਮਾਤਾਂ ਨੂੰ ਦਬਾਉਣ ਲਈ ਰੋਅਬ ਪਾਉਂਦੇ ਹਨ, ਹਾਲਾਂਕਿ ਪੰਜਾਬ ਤਾਂ ' ਗੁਰੂਆਂ ਦੇ ਨਾਂ 'ਤੇ ਜਿਉਂਦਾ ਹੈ।' ਪੰਜਾਬ ਦਾ ' ਜੱਟ' ਕਿਸਾਨ ਆਪਣੇ ਆਪ ਨੂੰ 'ਸਿੱਖ' ਕਹਾਉਂਦਾ ਹੈ ਜਦਕਿ ਹੋਰ ਜਮਾਤਾਂ ਦੇ ਲੋਕਾਂ ਨੂੰ 'ਸਿੱਖ' ਮੰਨਣ ਨੂੰ ਤਿਆਰ ਹੀ ਨਹੀਂ, ਇਸੇ ਲਈ ਤਾਂ ਪਿੰਡਾਂ ਵਿਚ ਗੁਰਦੁਆਰੇ ਤਾਂ ਵੱਖਰੇ ਹੈ ਹੀ ਹਨ, ਮੜੀਆਂ ਵੀ ਵੱਖਰੀਆਂ ਹਨ । ਦੀਪ ਸਿੱਧੂ ਦੀ ਲਾਈਵ ਵੀਡੀਓ ਵਿਚ ਪੰਜਾਬ ਦਾ ਇਕ ਕਿਸਾਨ  ਜੋ ਆਪਣੇ ਆਪ ਨੂੰ ਪੰਜਾਬ ਦਾ ਵਾਰਸ ਕਹਾਉਂਦਾ ਹੈ, ਸ਼ਰਾਬ ਨਾਲ ਰੱਜਿਆ ਹੋਇਆ ਪੰਜਾਬ ਦੇ 'ਜੱਟ' ਕਿਸਾਨਾਂ ਦੀ ਅੰਦਰੂਨੀ ਅਵਾਜ ਨੂੰ ਉਜਾਗਰ ਕਰਦਾ ਹੈ, ਕਿ ਹੁਣ ਉਨ੍ਹਾਂ ਅੱਗੇ ਕਿਸਾਨ ਮਸਲੇ ਨਹੀਂ ਬਲਕਿ ਪੰਜਾਬ ਦੀ ਵਾਗਡੋਰ ਕਿਸੇ ਗਰੀਬ ਜਮਾਤੀ ਦੇ ਪੜ੍ਹੇ ਲਿਖੇ ਇਨਸਾਨ ਦੇ ਹੱਥ ਵਿਚ ਆਉਣਾ ਵੱਡਾ ਮਸਲਾ ਬਣ ਚੁੱਕਿਆ ਹੈ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਪੰਜਾਬ ਜਾਂ ਦੇਸ਼ ਦੀ ਵਾਗਡੋਰ ਕਿਸੇ ਗਰੀਬ ਜਮਾਤ ਦੇ ਇਨਸਾਨ ਦੇ ਹੱਥ ਵਿਚ ਹੋਵੇ। ਜੇ ਅੱਜ ਪੰਜਾਬ ਦੇ ਜਾਂ ਦੇਸ਼ ਦੇ ਆਰਥਿਕ ਹਾਲਾਤ ਮਾੜੇ ਹੋਏ ਹਨ, ਦੇ ਲਈ ਸਦੀਆਂ ਤੋਂ ਲਤਾੜੇ ਵਰਗ ਦੇ ਲੋਕਾਂ ਨੂੰ ਮਿਲ ਰਹੇ ਰਾਖਵੇਂਕਰਨ  ਕਰਕੇ ਨਹੀਂ ਬਲਕਿ ਦੇਸ਼ ਦੀ ਅਜਾਦੀ ਤੋਂ ਬਾਅਦ ਦੇਸ਼ ਅਤੇ ਦੇਸ਼ ਦੇ ਸੂਬਿਆਂ ਉਪਰ ਕਾਬਜ ਰਹੇ ਮਨੂੰਵਾਦੀ ਵਿਚਾਰਧਾਰਾ ਵਾਲੇ 'ਉੱਚ ਜਾਤੀ' ਦੇ ਲੋਕਾਂ ਕਰਕੇ ਹੈ।
(ਲੇਖਕ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ)
-ਸੁਖਦੇਵ ਸਲੇਮਪੁਰੀ
09780620233
6 ਅਕਤੂਬਰ, 2021.

ਕੌਮਾਂਤਰੀ ਅਹਿੰਸਾ ਦਿਵਸ - 2 ਅਕਤੂਬਰ ✍️.  ਗੋਬਿੰਦਰ ਸਿੰਘ ਢੀਂਡਸਾ

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜਨਮ ਮਿਤੀ 2 ਅਕਤੂਬਰ ਨੂੰ ਵਿਸ਼ਵ ਭਰ ਵਿੱਚ ਕੌਮਾਂਤਰੀ ਅਹਿੰਸਾ ਦਿਵਸ ਮਨਾਇਆ ਜਾਂਦਾ ਹੈ। ਭਾਰਤ ਵਿੱਚ ਇਸ ਨੂੰ ਗਾਂਧੀ ਜਯੰਤੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਪਿਤਾ ਕਰਮਚੰਦ ਗਾਂਧੀ ਅਤੇ ਮਾਤਾ ਪੁਤਲੀਬਾਈ ਦੇ ਘਰ ਮੋਹਨ ਦਾਸ ਕਰਮਚੰਦ ਗਾਂਧੀ ਦਾ ਜਨਮ ਗੁਜਰਾਤ ਦੇ ਪੋਰਬੰਦਰ ਵਿੱਚ 2 ਅਕਤੂਬਰ 1869 ਨੂੰ ਹੋਇਆ। ਸਾਲ 1948 ਵਿੱਚ 30 ਜਨਵਰੀ ਦੀ ਸ਼ਾਮ 5 ਵੱਜਕੇ 17 ਮਿੰਟਾਂ ਤੇ ਨਾਥੂਰਾਮ ਗੋਡਸੇ ਅਤੇ ਉਸਦੇ ਸਹਿਯੋਗੀ ਗੋਪਾਲਦਾਸ ਨੇ ਬਿਰਲਾ ਹਾਊਸ ਵਿੱਚ ਮਹਾਤਮਾ ਗਾਂਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਨਵੀਂ ਦਿੱਲੀ ਦੇ ਰਾਜਘਾਟ ਵਿੱਚ ਮਹਾਤਮਾ ਗਾਂਧੀ ਦੀ ਸਮਾਧੀ ਸਥਿਤ ਹੈ।

ਗਾਂਧੀ ਨੂੰ ‘ਮਹਾਤਮਾ’ ਦੇ ਨਾਂ ਨਾਲ ਸਭ ਤੋਂ ਪਹਿਲਾਂ 1915 ਵਿੱਚ ਰਾਜਵੈਦ ਜੀਵਰਾਮ ਕਾਲੀਦਾਸ ਨੇ ਸੰਬੋਧਿਤ ਕੀਤਾ ਸੀ। 4 ਜੂਨ 1944 ਨੂੰ ਸਿੰਗਾਪੁਰ ਰੇਡੀਓ ਤੋਂ ਇੱਕ ਸੰਦੇਸ਼ ਵਿੱਚ ਮਹਾਤਮਾ ਗਾਂਧੀ ਨੂੰ ਪਹਿਲੀਵਾਰ ਸੁਭਾਸ਼ ਚੰਦਰ ਬੋਸ ਨੇ ‘ਰਾਸ਼ਟਰ ਪਿਤਾ’ ਕਹਿ ਕੇ ਸੰਬੋਧਿਤ ਕੀਤਾ ਸੀ।

ਮਹਾਤਮਾ ਗਾਂਧੀ ਦਾ ਦਰਸ਼ਨ ਅਤੇ ਉਹਨਾਂ ਦੀ ਵਿਚਾਰਧਾਰਾ ਸੱਚ ਅਤੇ ਅਹਿੰਸਾ ਭਗਵਤ ਗੀਤਾ ਅਤੇ ਹਿੰਦੂ ਮੰਨਤਾਂ, ਜੈਨ ਧਰਮ ਅਤੇ ਲਿਓ ਟਾਲਸਟਾਏ ਦੀ ਸ਼ਾਂਤੀਵਾਦੀ ਇਸਾਈ ਧਰਮ ਦੀ ਸਿੱਖਿਆਵਾਂ ਤੋਂ ਪ੍ਰਭਾਵਿਤ ਹੈ। ਉਹਨਾਂ ਨੇ ਸੱਤ ਸਮਾਜਿਕ ਬੁਰਾਈਆਂ ਸਿਧਾਂਤਾ ਬਿਨ੍ਹਾਂ ਰਾਜਨੀਤੀ, ਮਿਹਨਤ ਬਿਨ੍ਹਾਂ ਸੰਪੱਤੀ, ਆਤਮ ਚੇਤਨਾ ਬਿਨ੍ਹਾਂ ਆਨੰਦ, ਚਰਿੱਤਰ ਬਾਝੋਂ ਗਿਆਨ, ਨੈਤਿਕਤਾ ਬਾਝੋਂ ਵਪਾਰ, ਮਾਨਵਤਾ ਤੋਂ ਬਿਨ੍ਹਾਂ ਵਿਗਿਆਨ ਅਤੇ ਬਲੀਦਾਨ ਤੋਂ ਬਿਨ੍ਹਾਂ ਪੂਜਾ ਗਿਣਾਈਆਂ ਸਨ।

ਜਨਵਰੀ 2004 ਵਿੱਚ ਨੋਬਲ ਪੁਰਸਕਾਰ ਜੇਤੂ ਸ਼ਿਰੀਨ ਇਬਾਦੀ ਨੇ ਅਹਿੰਸਾ ਦੇ ਮਹੱਤਵ ਤੋਂ ਜਾਣੂ ਕਰਵਾਉਣ ਲਈ ਕੌਮਾਂਤਰੀ ਅਹਿੰਸਾ ਦਿਵਸ ਦੀ ਗੱਲ ਰੱਖੀ। ਭਾਰਤ ਨੇ ਇਸਨੂੰ ਸੰਯੁਕਤ ਰਾਸ਼ਟਰ ਸੰਘ ਵਿੱਚ ਰੱਖਿਆ ਅਤੇ 191 ਦੇਸ਼ਾਂ ਵਿੱਚੋਂ 140 ਦੇਸ਼ਾਂ ਨੇ ਇਸ ਦਾ ਸਮਰਥਨ ਕੀਤਾ ਅਤੇ 15 ਜੂਨ 2007 ਨੂੰ ਗਾਂਧੀ ਜਯੰਤੀ ਨੂੰ ਕੌਮਾਂਤਰੀ ਪੱਧਰ ਤੇ ਅਹਿੰਸਾ ਦਿਵਸ ਦੇ ਰੂਪ ਵਿੱਚ ਘੋਸ਼ਿਤ ਕੀਤਾ ਗਿਆ।

ਅਹਿੰਸਾ ਦਾ ਸ਼ਾਬਦਿਕ ਅਰਥ ਹੈ  ਹਿੰਸਾ ਰਹਿਤ ਪ੍ਰਵਿਰਤੀ। ਇਹ ਸ਼ਬਦ ਸੁਣਨ ਵਿੱਚ ਆਸਾਨ ਲੱਗਦਾ ਹੈ ਪਰੰਤੂ ਜੀਵਨ ਦੀ ਕਠਿਨਾਈਆਂ ਨਾਲ ਜੂਝਦੇ ਹੋਏ ਇਸਦਾ ਪਾਲਣ ਕਰਨਾ ਬਹੁਤ ਮੁਸ਼ਕਿਲ ਹੈ। ਹਿੰਸਾਤਮਕ ਰਵੱਈਏ ਨਾਲ ਬੰਦੇ ਨੂੰ ਜਿੱਤ ਤਾਂ ਹਾਸਿਲ ਹੋ ਜਾਂਦੀ ਹੈ ਪਰੰਤੂ ਆਤਮਿਕ ਸ਼ਾਂਤੀ ਕਦੇ ਨਹੀਂ ਮਿਲਦੀ ਅਤੇ ਸਹੀ ਜੀਵਨ ਜਿਊਣ ਲਈ ਆਤਮਿਕ ਸ਼ਾਂਤੀ ਅਹਿਮ ਹੈ, ਸਮਰਾਟ ਅਸ਼ੋਕ ਦੀ ਉਦਾਹਰਨ ਇਸਦੀ ਤਸਦੀਕੀ ਕਰਦੀ ਹੈ।

ਗੁੱਸਾ ਅਤੇ ਹੰਕਾਰ ਅਹਿੰਸਾ ਦੇ ਵੱਡੇ ਦੁਸ਼ਮਣ ਹਨ ਅਤੇ ਅਹਿੰਸਾ ਕੋਈ ਕੱਪੜਾ ਨਹੀਂ ਕਿ ਜਦ ਦਿਲ ਕੀਤਾ ਪਾ ਲਿਆ, ਇਹ ਇੱਕ ਜਜ਼ਬਾਤ ਹੈ ਜੋ ਦਿਲ ਵਿੱਚ ਵਸਦਾ ਹੈ। ਅਹਿੰਸਾ ਦਿਮਾਗੀ ਵਿਵਹਾਰ ਨਹੀਂ ਸਗੋਂ ਮਾਨਸਿਕ ਵਿਚਾਰ ਹੈ। ਅੱਜ ਦੇ ਸਮੇਂ ਵਿੱਚ ਅਹਿੰਸਾ ਕਿਤਾਬੀ ਪੰਨ੍ਹਿਆਂ ਤੱਕ ਸਿਮਟਦੀ ਜਾ ਰਹੀ ਹੈ ਜਦਕਿ ਇਸਦੀ ਜ਼ਰੂਰਤ ਬਹੁਤ ਜ਼ਿਆਦਾ ਹੈ। ਪਰਮਾਤਮਾ ਵਿੱਚ ਯਕੀਨ ਰੱਖਣ ਵਾਲਾ ਅਹਿੰਸਾ ਸੰਬੰਧੀ ਦਿਲਚਸਪੀ ਰੱਖਦਾ ਹੈ ਅਚੇ ਸੱਚ, ਅਹਿੰਸਾ ਦਾ ਰਾਹ ਜਿੰਨਾ ਔਖਾ ਹੈ ਉਸਦਾ ਅੰਤ ਓਨਾ ਹੀ ਆਤਮਾ ਨੂੰ ਸ਼ਾਂਤੀ ਦੇਣ ਵਾਲਾ ਹੈ।

ਦੇਸ਼ ਦਾ ਦੁਖਾਂਤ ਹੈ ਕਿ ਵੱਖੋ ਵੱਖਰੇ ਸੂਬਿਆਂ ਵਿੱਚ ਸਮੇਂ ਸਮੇਂ ਦੇ ਹਿੰਸਾ ਦੀ ਘਟਨਾਵਾਂ ਵਾਪਰੀਆਂ ਹਨ, ਇਹਨਾਂ ਦੰਗਿਆਂ ਵਿੱਚ ਹਜ਼ਾਰਾਂ ਬੇਨਿਰਦੋਸ਼ੇ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਹਨ। ਦੇਸ਼ ਵਿੱਚ ਹੁੰਦੇ ਧਾਰਮਿਕ ਫਿਰਕੂਪੁਣੇ, ਹਿੰਸਾ ਪਿੱਛੇ ਸਿੱਧੇ ਅਸਿੱਧੇ ਰਾਜਨੀਤਿਕ ਦਲਾਂ ਦੀ ਸ਼ੈਅ ਨਿੰਦਣਯੋਗ ਹੈ। ਭਾਰਤ ਮਹਾਤਮਾ ਗਾਂਧੀ ਦਾ ਦੇਸ਼ ਹੈ ਇੱਥੇ ਅਹਿੰਸਾ ਦੇ ਆਦਰਸ਼ਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਜੋ ਸਮੁੱਚੀ ਦੁਨੀਆਂ ਵਿੱਚ ਸ਼ਾਂਤੀ, ਪਿਆਰ ਅਤੇ ਮਿਲਵਰਤਣ ਦੀ ਵਿਚਾਰਧਾਰਾ ਦੀ ਅਮਲੀ ਅਗਵਾਈ ਕਰ ਸਕੇ।

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਜ਼ਿਲ੍ਹਾ : ਸੰਗਰੂਰ (ਪੰਜਾਬ)

ਈਮੇਲ : bardwal.gobinder@gmail.com

ਅੰਧ-ਵਿਸ਼ਵਾਸ਼ੀ ਸਿੱਖਿਆ ✍️ ਸਲੇਮਪੁਰੀ ਦੀ ਚੂੰਢੀ

 ਭਾਰਤੀ ਸਿੱਖਿਆ ਪ੍ਰਣਾਲੀ ਸਾਨੂੰ 'ਬੰਦੇ ਦਾ ਪੁੱਤ' ਬਣਾਉਣ ਵਿਚ  ਸਫਲ ਨਹੀਂ ਹੋ ਰਹੀ, ਜਿਸ ਦਾ ਮੁੱਖ ਕਾਰਨ ਸਾਡੀ ਸਿੱਖਿਆ ਪ੍ਰਣਾਲੀ ਉਪਰ 'ਮਨੂੰਵਾਦੀ ਵਿਚਾਰਧਾਰਾ' ਦਾ ਹਾਵੀ ਹੋਣਾ ਹੈ। ਮਨੂੰਵਾਦੀ ਵਿਚਾਰਧਾਰਾ ਜਿਥੇ ਮਨੁੱਖ ਨੂੰ ਮਨੁੱਖ ਨਾਲ ਜੋੜਨ ਦੀ ਬਜਾਏ ਇਕ ਦੂਜੇ ਤੋਂ ਤੋੜ ਕੇ ਰੱਖਣ ਉਪਰ ਜੋਰ ਦਿੰਦੀ ਹੈ, ਉਥੇ ਅੰਧ-ਵਿਸ਼ਵਾਸ਼ੀ ਬਣਾ ਕੇ ਵਿਗਿਆਨਿਕ ਵਿਚਾਰਧਾਰਾ ਤੋਂ ਵੀ ਦੂਰ ਲਿਜਾਣ ਲਈ ਕੰਮ ਕਰ ਰਹੀ ਹੈ। ਅੰਧ-ਵਿਸ਼ਵਾਸੀ ਸਿੱਖਿਆ ਮਨੁੱਖ ਦੀ ਸੋਚ ਨੂੰ ਖੁੰਡੀ ਬਣਾ ਕੇ ਮਾਨਸਿਕ ਗੁਲਾਮੀ ਵੱਲ ਧੱਕਦੀ ਹੈ। 
ਮਹਾਤਮਾ ਬੁੱਧ ਦਾ ਕਥਨ ਹੈ ਕਿ, 'ਜਦੋਂ  ਸਿੱਖਿਆ ਉਪਰ ਅੰਧ-ਵਿਸ਼ਵਾਸ ਭਾਰੂ ਹੋ ਜਾਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ, ਤੁਸੀਂ ਮਾਨਸਿਕ ਗੁਲਾਮ ਬਣ ਚੁੱਕੇ ਹੋ।' 
ਭਾਰਤ ਵਿਚ ਸਮੇਂ ਸਮੇਂ 'ਤੇ ਜਿਨ੍ਹੀਆਂ ਵੀ ਕੇਂਦਰ ਅਤੇ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਵੱਖ ਵੱਖ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਬਣੀਆਂ ਹਨ, ਉਨ੍ਹਾਂ ਨੇ ਸਿੱਖਿਆ ਪ੍ਰਣਾਲੀ ਨੂੰ ਵਿਗਿਆਨਕ ਲੀਹਾਂ  'ਤੇ ਲਿਜਾਣ ਦੀ ਬਜਾਏ ਅੰਧ-ਵਿਸ਼ਵਾਸੀ ਬਣਾਉਣ ਲਈ ਹੀ ਪਾਠ-ਕ੍ਰਮ ਤਿਆਰ ਕਰਵਾਏ ਹਨ, ਕਿਉਂਕਿ ਵਿਗਿਆਨਿਕ ਸਿੱਖਿਆ ਬੰਦੇ ਦਾ ਮਾਨਸਿਕ ਵਿਕਾਸ ਕਰਦੀ ਹੋਈ ਠੀਕ - ਗਲਤ, ਸੱਚ-ਝੂਠ, ਚੰਗਾ-ਮਾੜਾ ਦੀ ਪਰਖ ਕਰਨ ਦੇ ਯੋਗ ਬਣਾਉਂਦੀ ਹੈ ਜਦਕਿ ਅੰਧ-ਵਿਸ਼ਵਾਸਾਂ ਦੇ ਅਧਾਰਿਤ ਤਿਆਰ ਕੀਤਾ ਪਾਠ-ਕ੍ਰਮ ਸਾਡੀ ਸੋਚ ਨੂੰ ਵਿਗਿਆਨਕ ਬਣਾਉਣ ਦੀ ਬਜਾਏ ਜੰਮਣ-ਮਰਨ ਅਤੇ ਪੁੰਨ-ਪਾਪ ਦੇ ਚੱਕਰ ਵਿਚ ਫਸਾਕੇ ਦਿਮਾਗ ਨੂੰ ਸੁੰਨ ਕਰਨ ਲਈ ਕੰਮ ਕਰਦਾ। 
ਮੈਨੂੰ ਉਸ ਵੇਲੇ ਬਹੁਤ ਹੈਰਾਨੀ ਹੁੰਦੀ ਹੈ, ਜਦੋਂ ਅਨਪੜ੍ਹ ਲੋਕਾਂ ਦੇ ਨਾਲ - ਨਾਲ ਪੜ੍ਹੇ-ਲਿਖੇ ਵੱਡੀਆਂ ਵੱਡੀਆਂ ਕਾਰਾਂ ਵਾਲੇ ਲੋਕਾਂ ਵਲੋਂ ਆਪਣੇ ਪਾਪ ਉਤਾਰਨ ਲਈ, ਨੌਕਰੀਆਂ ਲੈਣ ਲਈ, ਵਪਾਰ ਵਧਾਉਣ ਲਈ, ਅਦਾਲਤਾਂ ਵਿੱਚ ਚੱਲਦੇ ਮਾਮਲਿਆਂ ਵਿੱਚੋਂ ਬਰੀ ਹੋਣ ਲਈ, ਪੜ੍ਹਾਈ ਵਿਚ ਅੱਗੇ ਆਉਣ ਲਈ, ਤਰੱਕੀਆਂ ਲੈਣ ਲਈ, ਕੈਂਸਰ ਵਰਗੀਆਂ ਬੀਮਾਰੀਆਂ ਤੋਂ ਨਿਜਾਤ ਪਾਉਣ ਲਈ, ਔਲਾਦ ਖਾਸ ਕਰਕੇ ਮੁੰਡੇ ਦੀ ਪ੍ਰਾਪਤੀ ਸਮੇਤ ਆਦਿ ਹੋਰ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਦਰਿਆਵਾਂ, ਨਹਿਰਾਂ ਦੇ ਅੰਮ੍ਰਿਤ ਵਰਗੇ ਪਾਣੀ ਵਿਚ ਪਤਾ ਨਹੀਂ ਕੀ-ਕੀ ਖੇਹ-ਸੁਆਹ ਸੁੱਟ ਕੇ, ਨੂੰ ਗੰਦ ਘੋਲਦਿਆਂ ਵੇਖਦਾ ਹਾਂ । ਕਿੱਕਰਾਂ ਦੇ ਰੁੱਖਾਂ ਵਿਚ ਮੇਖਾਂ ਗੱਡ- ਗੱਡ ਕੇ ਉਨ੍ਹਾਂ ਦੀ ਜੂਨ ਤਬਾਹ ਕੀਤੀ ਜਾ ਰਹੀ ਹੈ, ਚੁਰਸਤਿਆਂ ਵਿਚ ਟੂਣੇ ਕੀਤੇ ਜਾ ਰਹੇ ਹਨ, ਦੁਕਾਨਾਂ /ਫੈਕਟਰੀਆਂ / ਨਿੱਜੀ ਤੇ ਸਰਕਾਰੀ ਦਫਤਰਾਂ ਦੇ ਬੂਹਿਆਂ ਅੱਗੇ ਨਿੰਬੂ - ਮਿਰਚਾਂ, ਟੁੱਟੇ ਛਿੱਤਰ ਅਤੇ ਨਜ਼ਰ - ਵੱਟੂ ਬੰਨ੍ਹੇ ਜਾਂਦੇ ਹਨ, ਗਿੱਟਿਆਂ ਤੇ ਡੌਲਿਆਂ ਨੂੰ ਕਾਲੇ ਧਾਗੇ ਬੰਨ੍ਹੇ ਜਾਂਦੇ ਹਨ । 
ਗੁਰੂ ਗ੍ਰੰਥ ਸਾਹਿਬ ਜੀ ਅੰਧ - ਵਿਸ਼ਵਾਸਾਂ ਤੋਂ ਮੁਕਤ ਹੋਣ ਦਾ ਸੰਦੇਸ਼ ਦਿੰਦਾ ਹੈ, ਪਰ ਸਿੱਖ  ਅੰਧ-ਵਿਸ਼ਵਾਸੀ ਬਣ ਕੇ ਵਹਿਮਾਂ - ਭਰਮਾਂ ਵਿਚ ਫਸੇ ਪਏ ਹਨ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵਿਗਿਆਨ ਪੜ੍ਹਾਉਣ ਵਾਲੇ ਬਹੁਤ ਸਾਰੇ ਅਧਿਆਪਕਾਂ , ਡਾਕਟਰਾਂ ਸਮੇਤ ਆਈ. ਏ. ਐਸ. / ਆਈ. ਪੀ. ਐੱਸ. ਅਧਿਕਾਰੀ ਵੀ ਅੰਧ-ਵਿਸ਼ਵਾਸਾਂ ਦੀ ਕੁੜਿੱਕੀ ਵਿਚ ਫਸੇ ਹੋਣ ਕਰਕੇ ਟੂਣਿਆਂ-ਮਟਾਣਿਆਂ ਅਤੇ ਵਹਿਮਾਂ - ਭਰਮਾਂ ਤੋਂ ਮੁਕਤ ਨਹੀਂ ਹਨ।
ਸੱਚ ਤਾਂ ਇਹ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਅੰਧ-ਵਿਸ਼ਵਾਸੀ ਹੋਣ ਕਰਕੇ ਅਸੀਂ ਮਾਨਸਿਕ ਤੌਰ 'ਤੇ ਗੁਲਾਮ ਅਤੇ ਬਿਮਾਰ ਹਾਂ, ਇਸੇ ਕਰਕੇ ਅਸੀਂ ਸਾਡੇ ਦੇਸ਼ ਤੋਂ ਇੱਕ ਸਾਲ ਬਾਅਦ ਅਜਾਦ ਹੋਏ ਚੀਨ ਤੋਂ ਵਿਕਾਸ ਦੇ ਹਰ ਖੇਤਰ ਵਿਚ ਬਹੁਤ ਪੱਛੜ ਕੇ ਚੱਲ ਰਹੇ ਹਾਂ।ਅਸੀਂ ਤਾਂ ਦੇਸ਼ ਦੀ ਸਰਹੱਦ ਦੇ ਨਾਲ ਬੰਨ੍ਹੀ ਹੋਈ ਸੁਰੱਖਿਆ ਕੰਡਿਆਲੀ ਤਾਰ ਨਾਲ ਵੀ ਨਿੰਬੂ ਅਤੇ ਮਿਰਚਾਂ ਬੰਨ੍ਹੀਆਂ ਹੋਈਆਂ ਹਨ ਤਾਂ ਜੋ  ਗੁਆਂਢੀ ਦੇਸ਼  ਸਾਡੇ ਦੇਸ਼ ਉਪਰ ਹਮਲਾ ਨਾ ਕਰ ਸਕਣ, ਜਾਣੀ ਕਿ  ਨਿੰਬੂ-ਮਿਰਚ ਸਾਡੇ ਦੇਸ਼ ਲਈ ਰੱਖਿਅਕ ਹਨ। ਵਹਿਮਾਂ ਭਰਮਾਂ ਅਤੇ ਅੰਧ-ਵਿਸ਼ਵਾਸ਼ਾਂ ਵਿਚ ਫਸੇ ਭਾਰਤ ਨੇ ਜਦੋਂ ਵਿਦੇਸ਼ੀ ਸ਼ਕਤੀਸ਼ਾਲੀ ਲੜਾਕੂ ਰੈਫੇਲ ਜਹਾਜ਼ ਖ੍ਰੀਦੇ ਸਨ, ਉਸ ਵੇਲੇ ਵੀ ਜਹਾਜ਼ਾਂ ਨਾਲ ਨਿੰਬੂ-ਮਿਰਚਾਂ ਬੰਨ੍ਹੇ ਸਨ ਨਾਲ ਹੀ  ਨਾਰੀਅਲ  ਵੀ ਛੁਹਾਏ ਸਨ। ਭਾਰਤੀ ਸਿੱਖਿਆ ਪ੍ਰਣਾਲੀ ਗੈਰ-ਵਿਗਿਆਨਿਕ, ਅਸਮਾਜਿਕ ਅਤੇ ਅੰਧ-ਵਿਸ਼ਵਾਸ਼ੀ ਹੈ, ਜਿਸ ਕਰਕੇ ਇਹ ਸਿੱਖਿਆ ਜਾਤ-ਪਾਤ, ਊਚ-ਨੀਚ ਅਤੇ ਅਮੀਰ-ਗਰੀਬ ਵਿੱਚ ਦਿਨ-ਬ-ਦਿਨ ਪਾੜਾ ਅਤੇ ਵਿਤਕਰਾ ਵਧਾਉਣ ਲਈ ਕੰਮ ਕਰ ਰਹੀ ਹੈ। 
ਸੰਸਾਰ ਵਿੱਚ ਬਹੁਤ ਸਾਰੇ ਛੋਟੇ - ਛੋਟੇ ਦੇਸ਼ ਹਨ, ਜਿਹੜੇ ਹਰ ਖੇਤਰ ਵਿਚ ਭਾਰਤ ਤੋਂ ਬਹੁਤ ਅੱਗੇ ਹਨ, ਕਿਉਂਕਿ ਉਨ੍ਹਾਂ ਦੇਸ਼ਾਂ ਦੀ ਸਿੱਖਿਆ ਪ੍ਰਣਾਲੀ ਅੰਧ-ਵਿਸ਼ਵਾਸ਼ਾਂ ਤੋਂ ਮੁਕਤ ਹੋ ਕੇ ਵਿਗਿਆਨਿਕ ਵਿਚਾਰਧਾਰਾ ਦੇ ਅਧਾਰਿਤ ਹੈ। 
-ਸੁਖਦੇਵ ਸਲੇਮਪੁਰੀ
09780620233
25 ਸਤੰਬਰ, 2021.

ਤੁਸੀ ਹੀ ਦੱਸੋ ਕੀ ਅਜ਼ਾਦ ਹਾਂ ਮੈਂ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਸੰਨ 1947 ਤੋਂ ਲੈਕੇ ਹੁਣ ਤੱਕ ਦਾ ਬੇਰੁਜ਼ਗਾਰ ਹਾਂ ਮੈਂ ।
ਬੇਰੁਜ਼ਗਾਰੀ ਬਹੁਤ ਹੀ ਭਿਆਨਕ ਸਮੱਸਿਆ ਹੈ।ਭਾਰਤ ਵਿੱਚ ਵੱਧ ਰਹੀ ਬੇਰੁਜ਼ਗਾਰੀ ਇੱਕ ਗੰਭੀਰ ਮੁੱਦਾ ਬਣ ਰਿਹਾ ਹੈ ।ਭਾਰਤ ਵਿਚ ਇਸਦੇ ਵਧਣ ਦੀ ਰਫ਼ਤਾਰ ਸਭ ਦੇਸ਼ਾਂ ਨਾਲੋਂ ਬੜੀ ਤੇਜ਼ ਹੈ। ਇਸ ਦਾ ਜੋ ਭਿਆਨਕ ਰੂਪ ਅੱਜ ਦੇ ਸਮੇਂ ਵਿਚ ਦਿਖਾਈ ਦੇ ਰਿਹਾ ਹੈ, ਪਹਿਲਾਂ ਕਦੇ ਵੀ ਵੇਖਣ ਵਿਚ ਨਹੀਂ ਸੀ ਆਇਆ।
ਰੁਜ਼ਗਾਰ ਦਫਤਰਾਂ ਦੇ ਰਜਿਸਟਰਾਂ ਅਨੁਸਾਰ ਸੰਨ 1956 ਵਿਚ ਕੇਵਲ 7.6 ਲੱਖ ਆਦਮੀ ਬੇਰੁਜ਼ਗਾਰ ਸਨ, ਪਰ ਸੰਨ 1967 ਵਿਚ ਇਹ ਗਿਣਤੀ26 ਵੱਖ ਨੂੰ ਪੁੱਜ ਗਈ।ਵਰਤਮਾਨ ਸਮੇਂ ਤਾਂ ਬੇਰੁਜ਼ਗਾਰਾਂ ਵਿੱਚ ਬਹੁਤ ਵਾਧਾ ਹੋ ਰਿਹਾ ਹੈ ।ਸਾਡੀ ਸਿੱਖਿਅਤ ਨੌਜਵਾਨ ਪੀੜੀ ਲੱਖਾਂ ਪੈਸੇ ਲਾ ਕੇ ਉਚੇਰੀਆਂ ਡਿਗਰੀਆਂ ਪ੍ਰਾਪਤ ਕਰਕੇ ਅੱਜ ਲੋਕ-ਤੰਤਰੀ ਦੇਸ਼ ਵਿੱਚ ਸੜਕਾਂ ਉੱਪਰ ਧਰਨੇ ਦੇਣ ਲਈ ਮਜਬੂਰ ਹੈ ।ਆਪਣੇ ਹੱਕਾਂ ਲਈ ਆਪਣੇ ਹੱਕ ਦੇ ਰੁਜ਼ਗਾਰ ਲਈ ਲੋਕ-ਤੰਤਰੀ ਸਰਕਾਰ ਨੂੰ ਜਗਾ ਰਹੀ ਹੈ ਕਿ ਉਸਦੇ ਦੇਸ਼ ਦਾ ਆਉਣ ਵਾਲਾ ਭਵਿੱਖ (ਬੇਰੁਜ਼ਗਾਰ ਅਧਿਆਪਕ ਵਰਗ ) ਅੱਜ ਸੜਕਾਂ ‘ਤੇ ਬੈਠਾ ਹੋਇਆਂ ਹੈ।ਇਹ ਸਭ ਦੇਖ ਕੇ ਵੀ ਸਰਕਾਰ ਵੱਲੋ ਘਰ-ਘਰ ਰੁਜ਼ਗਾਰ ਦਾ ਕੀਤਾ ਹੋਇਆਂ ਵਾਅਦਾ ਵੀ ਯਾਦ ਨਹੀਂ ਆ ਰਿਹਾ ।ਪਿਛਲੇ ਮਹੀਨੇ ਤੋਂ ਮਨੀਸ ਵੀਰ ਜੋ ਸੰਗਰੂਰ ਵਿਖੇ ਸਮਾਜਿਕ ਸਿੱਖਿਆ ,ਪੰਜਾਬੀ ,ਹਿੰਦੀ ਦੀਆਂ 9000 ਪੋਸਟਾਂ ਦੀ ਮੰਗ ਲਈ ਟੈਂਕੀ ਉੱਪਰ ਬੈਠਿਆ ਹੋਇਆਂ ਹੈ।ਕਿਸੇ ਦਾ ਵੀ ਉਸ ਵੱਲ ਕੋਈ ਧਿਆਨ ਨਹੀ ਹੈ।ਨਾ ਹੀ ਕੋਈ ਭਰੋਸਾ ਦਿਵਾਇਆ ਗਿਆ ਹੈ।ਜ਼ਰ੍ਹਾ ਸੋਚੋ ਲੋਕਾਂ ਦੁਆਰਾਂ ਹੀ ਲੋਕਾਂ ਲਈ ਚੁਣੀ ਗਈ ਲੋਕ-ਤੰਤਰੀ ਸਰਕਾਰ ਬੇਰੁਜ਼ਗਾਰ ਬੀ.ਐਡ ਟੈੱਟ ਪਾਸ ਅਧਿਆਪਕਾਂ ਵੱਲ ਬਿਲਕੁਲ ਵੀ ਕੋਈ ਧਿਆਨ ਨਹੀਂ ਦੇ ਰਹੀ । ਪੰਜ-ਸਾਲਾ ਯੋਜਨਾਵਾਂ ਦੇ ਹਿਸਾਬ ਅਨੁਸਾਰ ਸੰਨ 1972 ਵਿਚ ਪੌਣੇ ਦੋ ਕਰੋੜ ਵਿਅਕਤੀ ਬੇਰੁਜ਼ਗਾਰ ਘੂੰਮ ਰਹੇ ਸਨ।ਦੇਸ ਦੀ ਤਾਕਤ ਨੌਜਵਾਨ ਪੀੜੀ ਹੁੰਦੀ ਹੈ।ਕਿਹਾ ਜਾਂਦਾ ਹੈ ਕਿ ਇੱਕ ਸਿੱਖਿਅਤ ਵਿਅਕਤੀ ਹੀ ਦੇਸ ਦੀ ਤਰੱਕੀ ਦਾ ਰਾਹ ਤੇ ਆਉਣ ਵਾਲੇ ਸਮੇਂ ਦਾ ਭਵਿੱਖ ਹੁੰਦਾ ਹੈ।ਪਰ ਅੱਜ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਹਨ ਅੱਜ ਦਾ ਸਿੱਖਿਅਤ ਨੌਜਵਾਨ ਵਿਦਿਆਰਥੀ ਦੇਸ਼ ਦਾ ਭਵਿੱਖ ਜੋ ਕਿ ਖ਼ਤਰਾ ਮਹਿਸੂਸ ਕਰ ਰਿਹਾ ਹੈ ਨੌਕਰੀ ਦਾ ਹੱਕਦਾਰ ਹੋਣ ਦੇ ਬਾਵਜੂਦ ਵੀ ਜੋ ਥਾਂ-ਥਾਂ ਤੇ ਠੇਡੇ ਖਾ ਰਿਹਾ ਹੈ।ਪ੍ਰਸ਼ਾਸਨ ਵੱਲੋਂ ਧੱਕੇ ਦਾ ਸ਼ਿਕਾਰ ਹੋ ਰਿਹਾ ਹੈ।ਪੜ ਲਿਖ ਕੇ ਡਿਗਰੀਆਂ ਨੂੰ ਇੱਕ ਕਾਗ਼ਜ਼ ਦੇ ਰੂਪ ਵਿੱਚ ਹੱਥਾਂ ਵਿੱਚ ਲੈਕੇ ਘੁੰਮ ਰਿਹਾ ਹੈ ਇੰਝ ਲੱਗਦਾ ਹੈ ਕਿ ਜਿਵੇ ਇਹਨਾਂ ਦਾ ਕੋਈ ਮੁੱਲ ਨਹੀਂ ਸਿਰਫ ਇੱਕ ਕੋਰੇ ਕਾਗ਼ਜ਼ ਦੀ ਤਰ੍ਹਾਂ ਹਨ ।ਅਜਿਹਾ ਕਿਓ ਹੋ ਰਿਹਾ ਹੈ ਕਿਉਂਕਿ ਸਾਡੇ ਦੁਆਰਾਂ ਚੁਣੀ ਗਈ ਲੋਕ-ਤੰਤਰੀ ਸਰਕਾਰ ਪੜੇ ਲਿਖੇ ਵਰਗ ਵੱਲ ਧਿਆਨ ਨਹੀਂ ਦੇ ਰਹੀ ।ਜਿਸ ਤਰ੍ਹਾਂ ਵੋਟਾਂ ਵੇਲੇ ਧਿਆਨ ਦਿੱਤਾ ਜਾਂਦਾ ਹੈ ਜੇਕਰ ਓਸੇ ਤਰ੍ਹਾਂ ਸੱਤਾ ਵਿੱਚ ਆਉਣ ਤੇ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਵੱਲ ਧਿਆਨ ਦਿੱਤਾ ਜਾਂਦਾ ਤਾਂ ਅੱਜ ਦਾ ਹਰ ਇੱਕ ਸਿੱਖਿਅਤ ਵਿਦਿਆਰਥੀ ਆਪਣੀ ਰੋਜੀ ਰੋਟੀ ਕਮਾ ਰਿਹਾ ਹੁੰਦਾ ਨਾ ਕਿ ਸੜਕਾਂ ਤੇ ਰੁਲ ਰਿਹਾ ਹੁੰਦਾ ।ਅਜਿਹੇ ਹਾਲਾਤ ਦੇਖ ਕੇ ਮੇਰੀ ਕਲਮ ਅੱਜ ਵੀ ਸਤਿਗੁਰ ਨਾਨਕ ਜੀ ਨੂੰ ਪੁਕਾਰ ਰਹੀ ਹੈ

ਭੁੱਖਮਰੀ ,ਬੇਰੁਜ਼ਗਾਰੀ ਪੈ ਗਈ ਵਿੱਚ ਜ਼ਮਾਨੇ ਦੇ ,
ਮਿੱਠਾ-ਮਿੱਠਾ ਰਾਗ ਨਾ ਛੇੜੇ ਕੋਈ ਵਾਂਗ ਮਰਦਾਨੇ ਦੇ ,
ਵਿੱਚੋਂ ਖਾਲ਼ੀ ਖਿੱਦੋਆ,ਪਾਟੀਆਂ ਲੀਰਾਂ ਨੇ ,
ਸਤਿਗੁਰ ਨਾਨਕ ਆਜਾ ਪੈ ਗਈਆਂ ਜੱਗ ‘ਤੇ ਪੀੜਾਂ ਨੇ ।

ਪਿਛਲੇ ਸਾਢੇ ਚਾਰ ਸਾਲਾਂ ਵਿੱਚ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।ਅਧਿਆਪਕ ਭਰਤੀ ਨਹੀਂ ਕੀਤੀ ਗਈ ।ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਜੋ ਹਰ ਸਾਲ ਹੋਣਾ ਚਾਹੀਦਾ ਹੈ ।
ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ।ਮਾਸਟਰ ਕਾਡਰ ਪੰਜਾਬੀ ,ਸਮਾਜਿਕ ਸਿੱਖਿਆ ,ਹਿੰਦੀ ਆਦਿ ਵਿਸ਼ਿਆਂ ਵੱਲ ਕੋਈ ਧਿਆਨ ਨਹੀਂ ।ਇਹਨਾਂ ਵਿਸ਼ਿਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਓ ਕੀਤਾ ਜਾ ਰਿਹਾ ਹੈ। ਕੀ ਸਕੂਲਾਂ ਵਿੱਚ ਪੰਜਾਬੀ ਅਧਿਆਪਕਾਂ ਦੀ ਲੋੜ ਨਹੀਂ। ਇਨ੍ਹਾਂ ਮੰਗਾਂ ਨੂੰ ਲੈਕੇ ਬੀਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਵਾਰ ਵਾਰ ਆਪਣੇ ਹੱਕਾਂ ਲਈ ਧਰਨੇ ਦਿੱਤੇ ਜਾ ਰਹੇ ਹਨ ਤਾ ਜੋ ਸਰਕਾਰ ਨੂੰ ਜਾਣੂ ਕਰਵਾਇਆਂ ਜਾ ਸਕੇ ਕਿ ਪੜਿਆ ਲਿਖਿਆਂ ਵਰਗ ਬੇਰੁਜ਼ਗਾਰ ਹੈ।
ਹੁਣ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੁਣੇ ਗਏ ਹਨ।ਜਿੰਨਾਂ ਤੋਂ ਬੇਰੁਜ਼ਗਾਰ ਅਧਿਆਪਕ ਵਰਗ ਨੂੰ ਬਹੁਤ ਉਮੀਦਾਂ ਹਨ ।ਅਸੀਂ ਆਸ ਕਰਦੇ ਹਾਂ ਕਿ ਉਹ ਬੇਰੁਜ਼ਗਾਰ ਅਧਿਆਪਕਾਂ ਵੱਲ ਧਿਆਨ ਦੇਣਗੇ ਤੇ ਪੰਜਾਬੀ ,ਸਾਮਾਜਿਕ ਸਿੱਖਿਆ ,ਹਿੰਦੀ ਵਿਸ਼ਿਆਂ ਨਾਲ ਇਨਸਾਫ਼ ਹੋਵੇਗਾ।ਇਹਨਾਂ ਵਿਸ਼ਿਆਂ ਦੀਆਂ ਪੋਸਟਾਂ ਜਲਦ ਹੀ ਜਾਰੀ ਕਰਨਗੇ।ਸੋ ਅੰਤ ਵਿੱਚ ਕਹਿ ਸਕਦੇ ਹਾਂ ਕਿ ਪੰਜਾਬ ਵਿਚ ਤੇਜ਼ੀ ਨਾਲ ਵਧ ਰਹੀ ਆਬਾਦੀ ਨੂੰ ਨੱਥ ਪਾਉਣੀ ਬਹੁਤ ਜ਼ਰੂਰੀ ਹੈ।ਨੌਜਵਾਨ ਸਿੱਖਿਅਤ ਵਰਗ ਨੂੰ ਰੁਜ਼ਗਾਰ ਦੇ ਮੌਕੇ ਦੇਣੇ ਚਾਹੀਦੇ ਹਨ।

ਗਗਨਦੀਪ ਧਾਲੀਵਾਲ ।

ਇੱਕ ਚੰਗਾ ਵਿਦਿਆਰਥੀ ਬਣ ਸਕਦਾ ਹੈ ਆਉਣ ਵਾਲੇ ਸਮੇਂ ਦਾ ਭਵਿੱਖ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਦੋਸਤੋਂ ਇੱਕ ਚੰਗਾ ਵਿਦਿਆਰਥੀ ਉਹ ਹੁੰਦਾ ਹੈ ਜੋ ਸਖਤ ਮਿਹਨਤ ਲਗਨ ਨਾਲ ਵਿੱਦਿਆ ਹਾਸਿਲ ਕਰਕੇ ਆਪਣੇ ਟੀਚੇ ਮਿੱਥ ਕੇ ਮੰਜਿਲ ਦੀ ਪ੍ਰਾਪਤੀ ਵੱਲ ਵੱਧਦਾ ਹੈ।ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਦਾ ਹੈ।ਵਿਦਿਆਰਥੀ ਦਾ ਮੁੱਖ ਕਰਤੱਵ ਵਿੱਦਿਆ ਪ੍ਰਾਪਤ ਕਰਨਾ ਤੇ ਕੁੱਝ ਸਿੱਖਣਾ ਹੈ । ਇਹ ਹੀ ਉਮਰ ਸਿੱਖਣ ਦੀ ਹੁੰਦੀ ਹੈ । ਉਨ੍ਹਾਂ ਨੂੰ ਆਪਣਾ ਕੀਮਤੀ ਸਮਾਂ ਫ਼ਜੂਲ ਕੰਮਾਂ ਵਿਚ ਲਾ ਕੇ ਨਸ਼ਟ ਨਹੀਂ ਕਰਨਾ ਚਾਹੀਦਾ । ਪੜ੍ਹਾਈ ਵਲ ਧਿਆਨ ਨਾ ਦੇਣਾ ਕੋਈ ਸਿਆਣਪ ਨਹੀਂ ਆਖੀ ਜਾਂਦੀ ।ਇੱਕ ਚੰਗੇ ਵਿਦਿਆਰਥੀ ਨੂੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਪ੍ਰਤੀ ਆਪਣਾ ਵਿਹਾਰ ਪਿਆਰ ਤੇ ਸਤਿਕਾਰ ਵਾਲਾ ਰੱਖਣਾ ਚਾਹੀਦਾ ਹੈ।ਅਕਸਰ ਹੀ ਦੇਖਿਆਂ ਜਾਂਦਾ ਹੈ ਉਹੀ ਵਿਦਿਆਰਥੀ ਕਾਮਯਾਬ ਹੁੰਦੇ ਹਨ ਜਿਨ੍ਹਾਂ ਨੇ ਆਪਣੇ ਜੀਵਨ ਵਿਚ ਸਖ਼ਤ ਮਿਹਨਤ ਕੀਤੀ ਹੈ ਤੇ ਭਾਰਤ ਨੂੰ ਅਜਿਹੇ ਨਾਗਰਿਕਾਂ ਦੀ ਜ਼ਰੂਰਤ ਹੈ, ਜੋ ਆਪਣੀ ਮਿਹਨਤ ਨਾਲ ਪਛੜੇ ਦੇਸ਼ ਨੂੰ ਤਰੱਕੀ ਦੀ ਟੀਸੀ `ਤੇ ਲੈ ਜਾਣ। ਵੱਡਿਆਂ ਅਤੇ ਗੁਰੂਆਂ ਦਾ ਆਦਰ ਕਰਨ ਵਾਲਾ, ਨਿਯਮਬੱਧ ਅਤੇ ਮਿਹਨਤੀ ਨੌਜਵਾਨ ਹੀ ਦੇਸ਼ ਨੂੰ ਤਰੱਕੀ ਵੱਲ ਲਿਜਾ ਸਕਦਾ ਹੈ।ਰੌਜਾਨਾ ਦੀ ਜ਼ਿੰਦਗੀ ਵਿੱਚ ਦੇਖਿਆਂ ਜਾਂਦਾ ਹੈ ਕਿ ਕਈ ਵਿਦਿਆਰਥੀ ਅਸਫਲ ਹੋ ਜਾਂਦੇ ਹਨ ਤੇ ਛੇਤੀ ਹੀ ਹੌਸਲਾ ਹਾਰ ਜਾਂਦੇ ਹਨ ਜੋ ਤਰੱਕੀਆਂ ਦੀਆਂ ਲੀਹਾਂ ਤੋਂ ਮੁੱਖ ਮੋੜ ਲੈਂਦੇ ਹਨ।ਪਰ ਸਫਲ ਵਿਦਿਆਰਥੀ ਬਣਨ ਲਈ ਮਿਹਨਤ, ਅਨੁਸ਼ਾਸਨ, ਸਮੇਂ ਦੇ ਪਾਬੰਦ,ਇੱਕ ਸਕਾਰਾਤਮਕ ਰਵੱਈਆ, ਅਤੇ ਹੋਰ ਬਹੁਤ ਸਾਰੇ ਗੁਣ ਹੋਣੇ ਜ਼ਰੂਰੀ ਹਨ।ਇਹ ਸਾਰੇ ਚੰਗੇ ਗੁਣਾਂ ਦਾ ਉਪਯੋਗ ਵਿਦਿਆਰਥੀ ਨੂੰ ਨਿਸ਼ਚਤ ਤੌਰ 'ਤੇ ਇਕ ਵਧੀਆ ਵਿਦਿਆਰਥੀ ਬਣਾ ਦੇਵੇਗਾ।
ਇੱਕ ਚੰਗਾ ਵਿਦਿਆਰਥੀ ਹੀ ਬੁਰੀ ਸੰਗਤ ਤੋਂ ਬੱਚਦਾ ਅਤੇ ਚੰਗੇ ਆਚਰਣ ਵਾਲੇ ਗੁਣ ਗ੍ਰਹਿਣ ਕਰਦਾ ਹੈ।
ਇਸ ਕਰਕੇ ਚੰਗਾ ਵਿਦਿਆਰਥੀ ਉਹੀ ਹੈ, ਜੋ ਸਕੂਲਾਂ ਅਤੇ ਕਾਲਜਾਂ ਵਿਚ ਮਿਲਣ ਵਾਲੀ ਵਿੱਦਿਆ ਦੇ ਮਹੱਤਵ ਨੂੰ ਸਮਝਦਾ ਹੈ ਕਿ ਇਸ ਨਾਲ ਉਸ ਦੇ ਜੀਵਨ ਦੇ ਘੋਲ ਲਈ ਤਿਆਰੀ ਹੋ ਰਹੀ ਹੈ। ਉਸ ਨੂੰ ਆਪਣਾ ਇਹ ਜੀਵਨ ਇਕ ਸਾਧ ਵਾਂਗ ਗੁਜ਼ਾਰਨਾ ਚਾਹੀਦਾ ਹੈ, ਕਿਉਂਕਿ ਉਸ ਦੇ ਇਸ ਜੀਵਨ ਉੱਪਰ ਹੀ ਉਸ ਦੀ ਆਉਣ ਵਾਲੀ ਜ਼ਿੰਦਗੀ ਦੀ ਰੂਪ-ਰੇਖਾ ਉਸਰੇਗੀ।ਇੱਕ ਚੰਗਾ ਵਿਦਿਆਰਥੀ ਹਮੇਸ਼ਾ ਹੀ ਆਪਣੇ ਭਵਿੱਖ ਲਈ ਚਿੰਤਤ ਰਹਿੰਦਾ ਹੈ।
ਮਿੱਠਾ ਬੋਲਣਾ ਚੰਗੇ ਵਿਦਿਆਰਥੀ ਦਾ ਗੁਣ ਹੈ। ਉਸ ਨੂੰ ਵੱਡਿਆਂ-ਛੋਟਿਆਂ ਨਾਲ ਬੋਲਦੇ ਸਮੇਂ ਆਪਣੇ ਮੂੰਹ ਵਿਚੋਂ ਨਿਕਲਦੇ ਸ਼ਬਦਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਸ ਨੂੰ ਮਿੱਠਤ ਅਤੇ ਨਿਮਰਤਾ ਦਾ ਪੱਲਾ ਕਦੇ ਵੀ ਨਹੀਂ ਛੱਡਣਾ ਚਾਹੀਦਾ।ਕਹਿੰਦੇ ਹਨ ਕਿ ਮਿੱਠਾ ਬੋਲਣ ਨਾਲ ਹਰ ਇੱਕ ਦਾ ਦਿਲ ਜਿੱਤਿਆ ਜਾ ਸਕਦਾ ਹੈ।
ਵਿਦਿਆਰਥੀ ਇਕ ਪਾਠ-ਪੁਸਤਕਾਂ ਪੜ੍ਹਨ ਵਾਲਾ ਕਿਤਾਬੀ-ਕੀੜਾ ਨਹੀਂ ਬਣਨਾ ਚਾਹੀਦਾ । ਅਸਲ ਵਿਚ ਆਪਣੀਆਂ ਪਾਠ-ਪੁਸਤਕਾਂ ਤੋਂ ਬਿਨਾਂ ਹੋਰ ਪੁਸਤਕਾਂ ਤੇ ਅਖ਼ਬਾਰਾਂ ਰਸਾਲਿਆਂ ਨੂੰ ਪੜ੍ਹ ਕੇ ਵਿਦਿਆਰਥੀ ਨੂੰ ਰਾਜਨੀਤੀ, ਅਰਥ-ਵਿਗਿਆਨ ਤੇ ਵਿਗਿਆਨ ਦੀਆਂ ਨਵੀਨ ਕਾਢਾਂ ਸੰਬੰਧੀ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ, ਪਰ ਉਸ ਨੂੰ ਸਰਗਰਮ ਹੋ ਕੇ ਰਾਜਨੀਤੀ ਵਿਚ ਵੀ ਹਿੱਸਾ ਲੈਣਾ ਚਾਹੀਦਾ ਤੇ ਆਪਣੇ ਜੀਵਨ ਦੇ ਇਸ ਕੀਮਤੀ ਸਮੇਂ ਨੂੰ ਰਾਜਨੀਤੀ ਦੇ ਸਿਧਾਂਤਾਂ ਨੂੰ ਪੜ੍ਹਨ, ਵੱਖ-ਵੱਖ ਲਹਿਰਾਂ, ਰਾਜਸੀ ਪਾਰਟੀਆਂ ਤੇ ਸੰਸਾਰ ਰਾਜਨੀਤੀ ਬਾਰੇ ਡੂੰਘਾ ਗਿਆਨ ਪ੍ਰਾਪਤ ਕਰਨ ਵਿਚ ਲਾਉਣਾ ਚਾਹੀਦਾ ਹੈ, ਤਾਂ ਜੋ ਜਦੋਂ ਉਹ ਆਪਣੀ ਪੜ੍ਹਾਈ ਸਮਾਪਤ ਕਰ ਕੇ ਸਕੂਲ ਜਾਂ ਕਾਲਜ ਵਿਚੋਂ ਬਾਹਰ ਆਵੇ, ਤਾਂ ਉਹ ਆਪਣੀਆਂ ਰਾਜਨੀਤਿਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਪੂਰੀ ਤਰ੍ਹਾਂ ਯੋਗ ਹੋਵੇ । ਅਜਿਹੇ ਰਾਜਨੀਤੀਵੇਤਾ ਦਾ ਰਾਜਸੀ ਘੋਲ, ਸੰਘਰਸ਼ ਤੇ ਅਗਵਾਈ ਲੋਕਾਂ ਲਈ ਤੇ ਦੇਸ਼ ਲਈ ਕਲਿਆਣਕਾਰੀ ਸਾਬਤ ਹੋ ਸਕਦੀ ਹੈ ।ਇੱਕ ਚੰਗਾ ਵਿਦਿਆਰਥੀ ਇੱਕ ਚੰਗਾ ਨੇਤਾ (ਲੀਡਰ)ਹੋਣਾ ਚਾਹੀਦਾ ਹੈ।ਚੰਗੇ ਵਿਦਿਆਰਥੀ ਵਿੱਚ ਨੈਤਿਕਾਂ ਮੁੱਲਾਂ ਦਾ ਹੋਣਾ ਜ਼ਰੂਰੀ ਹੈ।ਜਿਵੇ ਕਿ ਸੱਚਾਈ,ਇਮਾਨਦਾਰੀ ,ਨੇਕੀ,ਵੱਡਿਆਂ ਦਾ ਸਤਿਕਾਰ ਆਦਿ।ਚੰਗੇ ਵਿਦਿਆਰਥੀ ਨੂੰ ਆਪਣਾ ਸਮਾਂ ਬੇਕਾਰ ਨਹੀਂ ਗੁਆਉਣਾ ਚਾਹੀਦਾ। ਉਸ ਨੂੰ ਸਮੇਂ ਦਾ ਪਾਬੰਦ ਹੋਣਾ ਚਾਹੀਦਾ ਹੈ। ਉਸ ਨੂੰ ਆਪਣੇ ਹਰ ਕੰਮ ਲਈ ਸਮਾਂ ਨਿਰਧਾਰਿਤ ਕਰਨਾ ਚਾਹੀਦਾ ਹੈ।ਇੱਕ ਚੰਗਾ ਵਿਦਿਆਰਥੀ ਹੀ ਦੇਸ਼ ਦਾ ਭਵਿੱਖ ਬਣ ਸਕਦਾ ਹੈ।ਵਿਦਿਆਰਥੀ ਨੂੰ ਅਨੁਸ਼ਾਸਨ ਦਾ ਪਾਬੰਦ ਵੀ ਹੋਣਾ ਚਾਹੀਦਾ ਹੈ।ਉਸ ਨੂੰ ਆਪਣੇ ਸਾਰੇ ਕੰਮ ਨੇਮ ਨਾਲ ਕਰਨ ਦੇ ਨਾਲ ਨਾਲ ਸਕੂਲ ਜਾਂ ਕਾਲਜ ਵਿਚ ਬਣੇ ਨੇਮਾਂ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ।ਅਧਿਆਪਕਾਂ ਨੂੰ ਹਮੇਸ਼ਾ ਸਤਿਕਾਰ ਦੇਣ ਵਾਲਾ ਤੇ ਸਮਾਜ ਦੀ ਸੇਵਾ ਕਰਨ ਵਾਲਾ ਵਿਦਿਆਰਥੀ ਇੱਕ ਚੰਗਾ ਨਾਗਰਿਕ ਬਣ ਸਕਦਾ ਹੈ।ਚੰਗੇ ਵਿਦਿਆਰਥੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਜੀਵਨ ਦਾ ਇਹ ਸਮਾਂ ਆਪਣੇ ਆਪ ਨੂੰ ਵਧੇਰੇ ਗਿਆਨਵਾਨ ਬਣਾਉਣ, ਆਪਣੀ ਸਿਹਤ ਨੂੰ ਚੰਗਾ ਬਣਾਉਣ, ਸਮਾਜ ਸੇਵਾ ਕਰਨ, ਅਨਪੜ੍ਹਤਾ ਨੂੰ ਦੂਰ ਕਰਨ ਤੇ ਵੱਧ ਤੋਂ ਵੱਧ ਪੜ੍ਹਾਈ ਕਰਨ ਵਿਚ ਗੁਜ਼ਾਰਨ ਤੇ ਆਪਣੇ ਆਪ ਨੂੰ ਭਵਿੱਖ ਵਿਚ ਜ਼ਿੰਮੇਵਾਰ ਰਾਜਸੀ ਆਗੂ ਬਣਾਉਣ ਲਈ ਤਿਆਰ ਕਰਨ ਕਿਉਂਕਿ ਇਸ ਵਿਚ ਹੀ ਵਿਦਿਆਰਥੀ ਜਮਾਤ ਸੁਮੱਚੀ ਨੌਜਵਾਨ ਪੀੜੀ ਤੇ ਦੇਸ਼ ਦਾ ਭਲਾ ਹੈ ।ਵਰਤਮਾਨ ਸਾਡੇ ਦੇਸ਼ ਦੇ ਜੋ ਹਾਲਾਤ ਹਨ ਹੁਣ ਸਾਨੂੰ ਆਪਣੇ ਦੇਸ਼ ਦੇ ਲਈ ਕੁੱਝ ਕਰਨਾ ਚਾਹੀਦਾ ਹੈ ਤੇ ਦੇਸ਼ ਲਈ ਕੁੱਝ ਕਰਨ ਵਿਚ ਜੋ ਹਿੱਸਾ ਇਕ ਚੰਗਾ ਪੜਿਆ ਲਿਖਿਆ ਵਿਅਕਤੀ ਕਰ ਸਕਦਾ ਹੈ, ਉਹ ਇਕ ਅਨਪੜ੍ਹ ਜਾਂ ਅੱਧ-ਪੜਿਆ ਨਹੀਂ ਕਰ ਸਕਦਾ । ਜਿਸ ਆਦਮੀ ਵਿਚ ਸਿਆਣਪ, ਗੰਭੀਰਤਾ ਤੇ ਤਜਰਬਾ ਨਹੀਂ ਹੁੰਦਾ।ਅੱਜ ਪੰਜਾਬ ਦੀ ਅਜਿਹੀ ਸਥਿਤੀ ਹੋ ਚੁੱਕੀ ਹੈ ਕਿ ਪੰਜਾਬ ਦੇ ਹਰ ਇੱਕ ਵਰਗ ਨੂੰ ਲੋਕ-ਤੰਤਰੀ ਸਰਕਾਰ ਤੋ ਵੀ ਆਪਣੇ ਹੱਕ ਲੈਣ ਲਈ ਸੜਕਾਂ ਤੇ ਰੁਲ਼ਣਾ ਪੈ ਰਿਹਾ ਹੈ।ਪੰਜਾਬ ਦੇ ਨੌਜਵਾਨ ਪੜ ਲਿਖ ਕੇ ਡਿਗਰੀਆਂ ਲੈ ਕੇ ਵੀ ਬੇਰੁਜ਼ਗਾਰ ਅੱਜ ਸੜਕਾਂ ‘ਤੇ ਹਨ।ਪ੍ਰਸ਼ਾਸਨ ਵੱਲੋਂ ਇਹਨਾਂ ਆਉਣ ਵਾਲੇ ਭਵਿੱਖਤ ਅਧਿਆਪਕਾਂ ਨਾਲ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ।ਸੋ ਅੱਜ ਦਾ ਨੌਜਵਾਨ ਵਿਦਿਆਰਥੀ ਵਰਗ ਆਪਣੀ ਵਿਸ਼ੇਸ਼ ਭੂਮਿਕਾ ਨਿਭਾ ਸਕਦਾ ਹੈ ਤੇ ਆਪਣੇ ਹੱਕਾਂ ਲਈ ਸਰਕਾਰ ਨੂੰ ਜਾਗਰੂਕ ਕਰ ਸਕਦਾ ਹੈ।

ਗਗਨਦੀਪ ਧਾਲੀਵਾਲ ।

ਪਿਆਰ ਮੁਹੱਬਤਾਂ ਦੀ ਅਨੌਖੀ ਦਾਸਤਾਨ ‘ਕਿਸਮਤ 2’ ✍️  ਹਰਜਿੰਦਰ ਸਿੰਘ ਜਵੰਦਾ 

 ਕਿਸਮਤ ਫ਼ਿਲਮ ਨੂੰ ਮਿਲੀ ਰਿਕਾਰਡ ਤੋੜ ਸਫ਼ਲਤਾ ਤੋਂ ਬਾਅਦ ਦਰਸ਼ਕਾਂ ਦੀਆਂ ਨਜ਼ਰਾਂ ‘ਕਿਸਮਤ 2’ ‘ਤੇ ਟਿਕੀਆਂ ਹੋਈਆਂ ਹਨ ਜੋ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਅਧੂਰੀ ਪਿਆਰ ਕਹਾਣੀ ਨੂੰ ਨਵੇਂ ਰੂਪ ਨਾਲ ਪਰਦੇ ‘ਤੇ ਰੂਪਮਾਨ ਕਰੇਗੀ। ਪਿਆਰ ਮੁਹੱਬਤ ਦੀ ਇਸ ਨਿਵੇਕਲੀ ਕਹਾਣੀ ਨੂੰ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਨੇ ਬਹੁਤ ਹੀ ਖੂਬਸੂਰਤੀ ਨਾਲ ਪਰਦੇ ‘ਤੇ ੳਤਾਰਿਆ ਹੈ। ‘ਸ਼੍ਰੀ ਨਰੋਤਮ ਜੀ ਸਟੂਡੀਓਜ਼’ ਦੇ ਬੈਨਰ ਹੇਠ ਨਿਰਮਾਤਾ ਜੋੜੀ ਅੰਕਿਤ ਵਿਜਨ ਤੇ ਨਵਦੀਪ ਨਰੂਲਾ ਦੀ ਇਸ ਫ਼ਿਲਮ ਨੂੰ ‘ਜੀ ਸਟੂਡੀਓਜ਼’ ਵਲੋਂ ਪੇਸ਼ ਕੀਤਾ ਗਿਆ ਹੈ। ਪਹਿਲੀ ਫ਼ਿਲਮ ਦੀ ਗੱਲ ਕਰੀਏ ਤਾਂ 2018 ‘ਚ ਰਿਲੀਜ਼ ਹੋਈ ‘ਕਿਸਮਤ’ ਨੇ ਵਿਆਹ ਕਲਚਰ ਤੇ ਕਾਮੇਡੀ ਸਿਨਮੇ ਤੋਂ ਅੱਕੇ ਦਰਸ਼ਕਾਂ ਨੂੰ ਰੁਮਾਂਟਿਕਤਾ ਭਰੇ ਸੰਗੀਤਕ ਸਿਨਮੇ ਨਾਲ ਜੋੜਿਆ। ਅਚਾਨਕ ਆਈ ਇਸ ਫ਼ਿਲਮ ਦੀ  ਕਹਾਣੀ ਅਤੇ ਗੀਤ-ਸੰਗੀਤ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਪਹਿਲੀ ਫ਼ਿਲਮ ਦੀ ਸਫ਼ਲਤਾ ਤੋਂ ਬਾਅਦ ਦਰਸ਼ਕਾਂ ਦੇ ਦਿਲਾਂ ਵਿੱਚ ‘ਕਿਸਮਤ 2’ ਦੀ ਕਲਪਨਾ ਸ਼ੁਰੂ ਹੋਣੀ ਲਾਜ਼ਮੀ ਸੀ, ਜਿਸਨੂੰ ਪੂਰਾ ਕਰਨ ਲਈ ਫ਼ਿਲਮ ਦੀ ਪੂਰੀ ਟੀਮ ਵਲੋਂ ਮੇਹਨਤ ਕੀਤੀ ਗਈ। ਗੀਤਕਾਰ ਜਾਨੀ ਦੇ ਲਿਖੇ ਗੀਤਾਂ ਨੂੰ ਬੀ ਪਰਾਕ ਨੇ ਸੰਗੀਤਬੱਧ ਕੀਤਾ। ਫ਼ਿਲਮ ਦਾ ਸਕਰੀਨ ਪਲੇਅ ਤੇ ਕਹਾਣੀ ਨੂੰ ਜਬਰਦਸ਼ਤ  ਡਾਇਲਾਗਾਂ ਨਾਲ ਸ਼ਿੰਗਾਰਿਆ, ਜੋ ਹੁਣ 23 ਸਤੰਬਰ ਤੋਂ ਦਰਸ਼ਕ ਸਿਨੇਮਾ ਘਰਾਂ ‘ਚ ਵੇਖਣਗੇ।  ਪਹਿਲੀ ਫ਼ਿਲਮ ਵਾਂਗ ਇਸ ਵਿੱਚ ਵੀ ‘ਐਮੀ ਵਿਰਕ ਤੇ ਸਰਗੁਣ ਮਹਿਤਾ’ ਦੀ ਜੋੜੀ ਦਰਸ਼ਕਾਂ ਨੂੰ ਜਰੂਰ ਪ੍ਰਭਾਵਤ ਕਰੇਗੀ। ਫ਼ਿਲਮ ਦਾ ਸੰਗੀਤ ਵੀ ਬਹੁਤ ਕਮਾਲ ਦਾ ਹੋਵੇਗਾ ਜੋ ਦਰਸ਼ਕਾਂ ਦੇ ਦਿਲਾਂ ਵਿੱਚ ਵਸੇਗਾ। ਉਨ੍ਹਾਂ ਨੂੰ ਸੌ ਫ਼ੀਸਦੀ ਯਕੀਂ ਹੈ ਕਿ ‘ਕਿਸਮਤ 2 ’ ਦਰਸ਼ਕਾਂ ਦੀ ਪਸੰਦ ਬਣੇਗੀ। ਦਰਸ਼ਕਾਂ ਦੀ ਪਸੰਦ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਸਿਨੇਮੇ ਦਾ ਨਿਰਮਾਣ ਕਰਨਾ ਉਨਾਂ ਨੂੰ ਚੰਗਾ ਲੱਗਦਾ ਹੈ। ਅੰਕਿਤ ਵਿਜਨ ਤੇ ਨਵਦੀਪ ਨਰੂਲਾ ਦੇ ਮੁਤਾਬਕ ਉਨਾਂ ਨੂੰ ਪੂਰੀ ਊਮੀਦ ਹੈ ਕਿ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਰੁਮਾਂਟਿਕ ਜੋੜੀ ਵਾਲੀ ‘ਕਿਸਮਤ 2’ ਇਕ ਨਵਾਂ ਇਤਿਹਾਸ ਬਣਾਵੇਗੀ ਤੇ ਪਹਿਲੀ ਫ਼ਿਲਮ ਵਾਂਗ ਵੱਡੀ ਸਫ਼ਲਤਾ ਨੂੰ ਪੰਜਾਬੀ ਸਿਨਮੇ ਦੇ ਇਤਿਹਾਸ ਵਿੱਚ ਦਰਜ਼ ਕਰਵਾਏਗੀ। ਸਾਡੀ ਟੀਮ ਨੇ ਇਸ ਫ਼ਿਲਮ ਨੂੰ ਮਹਾਨ ਬਣਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਫ਼ਿਲਮ ਦਾ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਹੈ। ਫ਼ਿਲਮ ‘ਚ ਐਮੀ ਵਿਰਕ, ਸਰਗੁਣ ਮਹਿਤਾ, ਤਾਨੀਆ, ਹਰਦੀਪ ਗਿੱਲ, ਸਤਵੰਤ ਕੌਰ, ਅੰਮ੍ਰਿਤ ਅੰਬੇ, ਬਲਵਿੰਦਰ ਬੁਲਟ ਆਦਿ ਕਲਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਬੀ ਪਰਾਕ ਨੇ ਤਿਆਰ ਕੀਤਾ ਹੈ । ਗੀਤ ਜਾਨੀ ਨੇ ਲਿਖੇ ਹਨ।

ਹਰਜਿੰਦਰ ਸਿੰਘ ਜਵੰਦਾ 

 

ਦਲਿਤ ਮੁੱਖ ਮੰਤਰੀ ਅਤੇ ਚੁਣੌਤੀਆਂ ✍️ ਸਲੇਮਪੁਰੀ ਦੀ ਚੂੰਢੀ -

ਦੇਸ਼ ਦੇ ਇਤਿਹਾਸ ਦੇ ਪੰਨਿਆਂ ਵਿਚ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਸ਼ੁਰੂ ਹੋ ਗਈ ਹੈ, ਕਿ ਹਜਾਰਾਂ  ਸਾਲਾਂ ਤੋਂ ਸਮਾਜਿਕ, ਆਰਥਿਕ, ਅਤੇ ਰਾਜਨੀਤਕ ਵਿਤਕਰਿਆਂ ਦਾ ਸ਼ਿਕਾਰ ਹੁੰਦੇ ਆ ਰਹੇ ਦਲਿਤ ਵਰਗ ਵਿਚ ਪੰਜਾਬ ਜਿਸ ਨੂੰ ਦੇਸ਼ ਦੀ ਖੜਕ, ਖੇਡ ਅਤੇ ਖੇਤੀ ਭੁਜਾ ਦੇ ਨਾਉਂ ਨਾਲ ਜਾਣਿਆ ਜਾਂਦਾ ਹੈ, ਦਾ ਪਹਿਲੀ ਵਾਰ ਦਲਿਤ ਮੁੱਖ ਮੰਤਰੀ ਬਣਿਆ ਹੋਇਆ, ਅਤੇ ਮੁੱਖ ਮੰਤਰੀ ਵੀ ਉਹ ਇਨਸਾਨ ਬਣਿਆ ਹੋਇਆ, ਜਿਹੜਾ ਉੱਚ ਸਿੱਖਿਆ ਪ੍ਰਾਪਤ ਇਨਸਾਨ ਹੈ। ਕਿਸੇ ਦਲਿਤ ਦਾ ਮੁੱਖ ਮੰਤਰੀ ਬਣ ਜਾਣਾ, ਭਾਵੇਂ ਬਹੁਤ ਸਾਰੇ ਵਰਗਾਂ ਦੇ ਲੋਕਾਂ ਦੇ ਢਿੱਡ ਵਿਚ ਪੀੜਾ ਵੀ ਪੈਦਾ ਕਰ ਰਿਹਾ ਹੋਵੇਗਾ, ਕਿਉਂਕਿ ਦੇਸ਼ ਦੀ ਕੋਈ ਵੀ ਸਿਆਸੀ ਪਾਰਟੀ ਕਦੀ ਵੀ ਕਿਸੇ ਸੂਬੇ ਦਾ ਮੁੱਖ ਮੰਤਰੀ ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਕਿਸੇ ਦਲਿਤ ਨੂੰ ਬਣਾਉਣਾ ਨਹੀਂ ਚਾਹੁੰਦੀ।
ਪੰਜਾਬ ਨੂੰ ਮਿਲਿਆ ਨਵਾਂ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਦੀ ਜਦੋਂ ਅਸੀਂ ਕਾਬਲੀਅਤ ਉਪਰ ਝਾਤੀ ਮਾਰਦੇ ਹਾਂ ਤਾਂ, ਵੇਖਕੇ ਦੰਗ ਰਹਿ ਜਾਈਦਾ। ਮੁੱਖ ਮੰਤਰੀ ਸ ਚੰਨੀ ਆਪਣੇ ਕਾਲਜ ਦੇ ਦਿਨਾਂ ਦੌਰਾਨ ਵਿਦਿਆਰਥੀ ਜਥੇਬੰਦੀ ਦੇ ਪ੍ਰਧਾਨ ਰਹੇ ਹਨ। ਉਹ ਤਿੰਨ ਵਾਰ ਕੌਂਸਲਰ ਰਹਿ ਚੁੱਕੇ ਹਨ, ਜਦ ਕਿ ਉਹ ਹੁਣ ਤੱਕ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਇੱਕ ਵਾਰ ਕਾਂਗਰਸ ਨਾਲ ਤਾਣੀ ਉਲਝ ਜਾਣ ਕਾਰਨ ਕਾਂਗਰਸ ਨੇ ਉਨ੍ਹਾਂ ਨੂੰ ਆਪਣੀ ਟਿਕਟ ਤੋਂ ਵੰਚਿਤ ਕਰਕੇ ਰੱਖ ਦਿੱਤਾ, ਪਰ ਚਮਕੌਰ ਸਾਹਿਬ ਦੇ ਹਲਕੇ ਵਿਚ ਉਨ੍ਹਾਂ ਦੀ ਹਰਮਨਪਿਆਰਤਾ ਹੋਣ ਕਰਕੇ ਲੋਕਾਂ ਨੇ ਉਨ੍ਹਾਂ ਨੂੰ ਅਜਾਦ ਉਮੀਦਵਾਰ ਵਜੋਂ ਖੜ੍ਹਾਕੇ ਵਿਧਾਇਕ ਬਣਾਕੇ ਵਿਧਾਨ ਸਭਾ ਵਿਚ ਭੇਜ ਦਿੱਤਾ, ਜਿਸ ਪਿੱਛੋਂ ਮੁੜ ਕਾਂਗਰਸ ਨੇ ਆਪਣੇ ਵਿਚ ਸ਼ਾਮਲ ਕਰ ਲਿਆ। ਉਹ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਹਨ ਅਤੇ ਤਕਨੀਕੀ ਸਿੱਖਿਆ ਵੀ ਰਹੇ ਹਨ। ਉਹ ਇੱਕ ਸੂਝਵਾਨ ਨੇਤਾ ਅਤੇ ਉੱਚ ਸਿੱਖਿਆ ਪ੍ਰਾਪਤ ਇਨਸਾਨ ਹਨ। ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ ਏ (ਰਾਜਨੀਤੀ), ਵਕਾਲਤ ਅਤੇ ਐਮ ਬੀ ਏ ਪਾਸ ਹਨ ਅਤੇ ਇਸ ਵੇਲੇ ਉਹ ਸਿਆਸਤ ਦੇ ਰੁਝੇਵਿਆਂ ਵਿਚ ਰੁੱਝਿਆ ਹੋਣ ਦੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੀ ਐਚ ਡੀ ਵੀ ਕਰ ਰਹੇ ਹਨ। ਉਹ ਕੇਵਲ ਸਿਆਸਤ ਦੇ ਹੀ ਉੱਚ ਖਿਡਾਰੀ ਨਹੀਂ ਹਨ, ਬਲਕਿ ਇਸ ਦੇ ਨਾਲ ਨਾਲ ਉਹ ਬਾਸਕਟਬਾਲ ਦੇ ਵੀ ਚੋਟੀ ਦੇ ਖਿਡਾਰੀ ਰਹਿ ਚੁੱਕੇ ਹਨ। ਇੰਟਰ ਯੂਨੀਵਰਸਿਟੀ ਬਾਸਕਟਬਾਲ ਦੇ ਮੁਕਾਬਲੇ ਵਿਚ ਉਹ ਤਿੰਨ ਵਾਰ ਗੋਲਡ ਮੈਡਲਿਸਟ ਰਹਿ ਚੁੱਕੇ ਹਨ।
ਇਸ ਵੇਲੇ ਮੁੱਖ ਮੰਤਰੀ ਸ ਚੰਨੀ ਸਾਹਮਣੇ ਜਿਥੇ ਸੂਬੇ ਦੀ ਆਰਥਿਕ ਮੰਦਹਾਲੀ ਦਾ ਡਰਾਉਣਾ ਪਹਾੜ ਖੜ੍ਹਾ ਹੈ, ਉਥੇ ਹੀ ਉਨ੍ਹਾਂ ਨੂੰ ਆਪਣੀ ਹੀ ਕਾਂਗਰਸ ਪਾਰਟੀ ਨੂੰ ਇਕ ਮੰਚ 'ਤੇ ਲਿਆ ਕੇ ਖੜ੍ਹਾ ਕਰਨਾ ਬਹੁਤ ਵੱਡਾ ਚੁਣੌਤੀ ਹੈ। ਦਲਿਤਾਂ ਕਹਿਣਾ ਹੈ ਕਿ ਸ਼ੁਕਰ ਹੈ ਕਿ ਕਾਂਗਰਸ  ਨੂੰ 75 ਸਾਲ ਬਾਅਦ ਦਲਿਤ ਮੁੱਖ ਮੰਤਰੀ ਬਣਾਉਣ ਦੀ ਯਾਦ ਆਈ ਹੈ। ਇਥੇ ਹੀ ਬਸ ਨਹੀਂ ਕਾਂਗਰਸ ਸਮੇਤ ਦੂਜੀਆਂ ਸਿਆਸੀ ਪਾਰਟੀਆਂ ਅਤੇ ਅਫ਼ਸਰਸ਼ਾਹੀ ਜਿਨ੍ਹਾਂ ਦੀ ਜਾਤ-ਪਾਤ ਨੂੰ ਲੈ ਕੇ ਬਿਮਾਰ ਮਾਨਸਿਕਤਾ ਹੈ, ਦੇ ਨਾਲ ਵੀ ਨਾਲੋ ਨਾਲ ਨਜਿੱਠਣ ਲਈ ਤਕੜੇ ਹੋ ਕੇ ਰਹਿਣਾ ਪਵੇਗਾ। ਦਲਿਤ ਮੁੱਖ ਮੰਤਰੀ ਨੂੰ ਅਹੁਦਾ ਮਿਲਦਿਆਂ ਹੀ ਢੇਰ ਸਾਰੀਆਂ ਚੁਣੌਤੀਆਂ ਪਰੋਸੀਆਂ ਮਿਲੀਆਂ ਹਨ ਅਤੇ ਇੰਨ੍ਹਾਂ ਚੁਣੌਤੀਆਂ ਦਾ ਮੁਕਾਬਲਾ ਮੁੱਖ ਮੰਤਰੀ ਨੇ ਕਿਵੇਂ ਕਰਨਾ ਹੈ, ਇੱਕ ਵੱਡੀ ਚੁਣੌਤੀ ਹੈ। ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਜ, ਕਿਸਾਨਾਂ ਅਤੇ ਦਲਿਤਾਂ ਲਈ 85 ਵੀੰ ਸੰਵਿਧਾਨਿਕ ਸੋਧ ਨੂੰ ਲਾਗੂ ਕਰਨ ਸਮੇਤ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਕੇ ਉਨ੍ਹਾਂ ਨੂੰ ਸੰਤੁਸ਼ਟ ਕਰਨਾ ਮੁੱਖ ਮੰਤਰੀ ਲਈ ਗੰਭੀਰ ਸਮੱਸਿਆ ਹੈ, ਪਰ ਸੂਬੇ ਦੇ ਲੋਕਾਂ ਨੂੰ ਉਮੀਦ ਹੈ ਕਿ , ਉਹ ਉਨ੍ਹਾਂ ਦੀਆਂ ਉਮੀਦਾਂ ਉਪਰ ਖਰਾ ਉਤਰਨਗੇ।
-ਸੁਖਦੇਵ ਸਲੇਮਪੁਰੀ
09780620233
19 ਸਤੰਬਰ, 2021.

ਇਕ ਖਿਆਲ ✍️ ਡਾ ਮਿੱਠੂ ਮੁਹੰਮਦ ਮਹਿਲਕਲਾਂ (ਬਰਨਾਲਾ )

ਮਾਂ ਦੀ ਕਬਰ ਉਤੇ ਜਾ ਕੇ ਪੈ ਗਿਆ। ਕਿਸੇ ਨੇ ਆਣ ਕੇ ਫੋਟੋ ਖਿਚੀ ਕਿ ਕਮਲਾ ਲਗਦਾ। ਜਦੋਂ ਉਹ ਉਠਿਆ ਤਾਂ ਸਵਾਲ ਕੀਤਾ ਕਿ ਤੈਨੂੰ ਪਤਾ ਨਹੀ ਕਿ ਤੂੰ ਕਬਰ ਉਤੇ ਪਿਆਂ? ਜਵਾਬ ਜੋ ਦਿਤਾ ਉਸਨੇ ਅਖਾਂ ਭਰ ਦਿਤੀਆਂ। ਕਹਿੰਦਾ ਰੋਜ ਦਿਹਾੜੀ ਮਜਦੂਰੀ ਕਰਦਾਂ,ਟਬਰ ਪਾਲਦਾਂ ਭਜਦਾਂ ਦੋੜਦਾਂ ਪਰ ਸਕੂਨ ਨਹੀ ਮਿਲ ਰਿਹਾ ਸੀ।ਉਹ ਸਕੂਨ ਨਿਘ ਨਹੀ ਮਿਲ ਰਿਹਾ ਸੀ ਜੋ ਕਦੇ ਮਾਂ ਦੀ ਗੋਦੜੀ ਚ ਮਿਲਦਾ ਹੁੰਦਾ ਸੀ।ਇਹ ਮੇਰੀ ਮਾਂ ਦੀ ਕਬਰ ਹੈ ਜਦੋਂ ਵੀ ਥੋੜਾ ਬਹੁਤ ਮਾਂ ਦੀ ਗੋਦੜੀ ਦਾ ਨਿਘ ਯਾਦ ਆਉਂਦਾ ਤਾਂ ਐਥੇ ਆਣ ਕੇ ਪੈ ਜਾਂਦਾ ਹਾਂ ਅਤੇ ਮਹਿਸੂਸ ਕਰਦਾਂ ਹਾਂ ਕਿ ਮਾਂ ਦੀ ਗੋਦੀ ਚ ਪਿਆਂ ਹਾਂ।ਮਾਂ ਨਾਲ ਉਹ ਦੁੱਖ-ਸੁੱਖ ਕਰਕੇ ਜਾਂਦਾ ਹਾਂ ਜੋ ਸਾਇਦ ਕਿਸੇ ਹੋਰ ਨਾਲ ਨਹੀ ਕਰ ਸਕਦਾ।ਕਬਰ ਅੰਦਰੋਂ ਆਵਾਜ ਮਹਿਸੂਸ ਹੁੰਦੀ ਹੈ ਜਿਵੇਂ ਅੰਮੀ ਕਹਿੰਦੀ ਹੋਵੇ ਪੁੱਤਰਾ ਰੋਟੀ ਵਖਤ ਨਾਲ ਖਾ ਲਿਆ ਕਰ। ਸਿਹਤ ਦਾ ਧਿਆਨ ਰਖਿਆ ਕਰ।ਮੇਰੇ ਪੋਤੇ ਪੋਤੀਆਂ ਦਾ ਨੂੰਹ ਦਾ ਖਿਆਲ ਰਖੀਂ। ਭਾਈਆਂ ਨਾਲ ਵੀ ਕੁਝ ਪਲ ਬੈਠਿਆ ਕਰ। ਇਹ ਉਹੀ ਗੱਲਾਂ ਨੇ ਜੋ ਮਾਂ ਜਿਓਂਦੀ ਹੁੰਦੀ ਕਹਿੰਦੀ ਹੁੰਦੀ ਸੀ ਜਿਸ ਵਿਚ ਸਿਰਫ ਖਿਆਲ ਸਬਦ ਹੀ ਜਿਆਦਾ ਵਰਤਿਆ ਜਾਂਦਾ ਸੀ। ਜਵਾਬ ਦੇ ਦਿਂਨਾ ਕਿ ਅੰਮੀ ਤੂੰ ਕਬਰ ਵਿਚ ਪਈ ਵੀ ਮੇਰੇ ਖਿਆਲ ਦਾ ਖਿਆਲ ਨਹੀ ਛਡਿਆ। ਜੇ ਐਨਾਂ ਹੀ ਖਿਆਲ ਸੀ ਤਾਂ ਸਾਨੂੰ ਛਡਕੇ ਗਈ ਹੀ ਕਿਉਂ ਹੈਂ ??

ਅਨੁਵਾਦ:- ਡਾ ਮਿੱਠੂ ਮੁਹੰਮਦ ਮਹਿਲਕਲਾਂ  (ਬਰਨਾਲਾ )
ਪੰਜਾਬ -148104

ਸ਼ਹੀਦ ਸ੍ ਫਤਿਹ ਸਿੰਘ ਜੀ ਭਾਟ ਦੇ 150ਵੀ ਸਲਾਨਾਂ ਸ਼ਹੀਦੀ ਯਾਦਗਾਰ ਨੂੰ ਸਮਰਪਿਤ।

ਇਤਿਹਾਸ ਦੇ ਕੁੱਝ ਅਨਕਹੇ ਵਰਕੇ
ਸ਼ਹੀਦ ਸ੍ ਫਤਿਹ ਸਿੰਘ ਜੀ ਭਾਟ ਦੇ 150ਵੀ ਸਲਾਨਾਂ ਸ਼ਹੀਦੀ ਯਾਦਗਾਰ ਨੂੰ ਸਮਰਪਿਤ।
ਸਿੱਖ ਰਾਜ ਦੇ ਖਤਮ ਹੋਣ ਦੇ 10 ਸਾਲਾਂ ਅੰਦਰ ਹੀ ਅੰਗਰੇਜ਼ਾਂ ਨੇ ਪੰਜਾਬ ਤੇ ਮੁਕੰਮਲ ਤੌਰ ਤੇ ਹਕੂਮਤ ਕਰ ਲਈ ਸੀ ਅਤੇ ਪੰਜਾਬੀਆਂ ਦੇ ਜੀਵਨ ਨੂੰ ਆਪਣੇ ਰਾਜਨੀਤਿਕ ਢਾਂਚੇ  ਅਤੇ ਨੀਤੀਆਂ ਰਾਹੀਂ ਮੂਕਮਲ ਤੋਰ ਤੇ ਪ੍ਰਭਾਵਿਤ ਕਰਨ ਲੱਗ ਪਏ ਸਨ। ਮਹਾਰਾਜਾ ਰਣਜੀਤ ਸਿੰਘ ਦੇ ਸਰਦਾਰਾ ਨੂੰ ਅੰਗਰੇਜ਼ ਸਰਕਾਰ ਨੇ ਜਗੀਰਾ ਦੇ ਕੇ ਆਪਣੇ ਅਧੀਨ ਕਰ ਲਿਆ ਸੀ ਜਾਂ ਉਹ ਖੁਦ ਹੀ ਸ਼ਾਹੀ ਪਰਿਵਾਰ ਦੀ ਖਾਨਾਜੰਗੀ ਤੋਂ ਦੁਖੀ ਹੋ ਕੇ ਘਰਾ ਵਿਚ ਚੁਪਚਾਪ ਬੈਠ ਗਏ ਸਨ।
ਅੰਗਰੇਜ਼ ਸਰਕਾਰ ਨੇ ਆਪਣੀ “ਪਾੜੋ ਅਤੇ ਰਾਜ ਕਰੋ “ ਦੀ ਨਿਤੀ ਮੁਤਾਬਕ ਇਕ ਕਨੂੰਨ ਰਾਹੀਂ ਗਉ ਮਾਸ ਨੂੰ ਉਤਸ਼ਾਹਿਤ ਕਰਨ ਲਈ ਅੰਮ੍ਰਿਤਸਰ ਸ਼ਹਿਰ ਵਿੱਚ ਬੁੱਚੜਖਾਨੇ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ, ਜਿਸ ਦਾ ਸ਼ਹਿਰ ਦੀ ਹਿੰਦੂ ਅਤੇ ਸਿੱਖ ਵਸੋਂ ਨੇ ਬਹੁਤ ਬੁਰਾ ਮਨਾਇਆ ਜਦਕਿ ਮੁਸਲਿਮ ਭਾਈਚਾਰੇ ਦੀ ਬਹੁ ਗਿਣਤੀ ਨੇ ਇਸ ਸਸਤੇ ਭਾਅ ਦੇ ਮੀਟ ਦਾ ਪੂਰਾ ਫਾਇਦਾ ਉਠਾਇਆ। ਹਾਲਾਂਕਿ ਅਮ੍ਰਿਤਸਰ ਸ਼ਹਿਰ ਵਿੱਚ ਸਿੱਖਾਂ ਦੀ ਗਿਣਤੀ ਦਸ ਪ੍ਰਤੀਸ਼ਤ ਤੋਂ ਵੀ ਘੱਟ ਸੀ ਅਤੇ ਗਉ ਮਾਸ ਦੇ ਇਸਤੇਮਾਲ ਦਾ  ਉਨ੍ਹਾਂ ਦੇ ਧਰਮ ਨਾਲ ਕੋਈ ਸਿਧਾ ਸੰਬੰਧ ਨਹੀਂ ਸੀ ਪਰ ਫਿਰ ਵੀ ਕੁਝ ਸ਼ਰਾਰਤੀ ਅਨਸਰਾਂ ਵਲੋਂ ਹਿੰਦੂ ਮੁੱਹਲਿਆ ਵਿਚ ਜਾਣ-ਬੁੱਝ ਕੇ ਰੇਹੜੀਆਂ ਰਾਹੀਂ ਕੀਤੀ ਜਾ ਰਹੀ ਵਿਕਰੀ ਤੋਂ ਉਹ ਖੁਸ਼ ਨਹੀਂ ਸਨ ਅਤੇ ਬਹੁਤ ਸਾਰੇ ਮੁਸਲਮਾਨ ਵੀ ਇਸ ਮਾਮਲੇ ਤੇ ਹਿੰਦੂਆਂ ਸਿੱਖਾਂ ਨਾਲ ਖੜ੍ਹੇ ਸਨ। ਸਰਕਾਰੇ-ਦਰਬਾਰੇ ਦਿੱਤੀਆਂ ਗਈਆਂ ਦਰਖਾਸਤਾਂ, ਮੁਜਾਹਰਿਆਂ ਵੱਲ ਕੋਈ ਖਾਸ ਧਿਆਨ, ਜਾਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਹਿੰਦੂ, ਸਿੱਖ ਰਾਇਸ ਲੋਕ ਆਪਣੀਆਂ ਜਗੀਰਾ ਜਬਤ ਹੋਣ ਦੇ ਡਰੋਂ ਚੁਪ ਵਟੀ ਬੈਠੇ ਸਨ। ਸਰਕਾਰ ਨੇ ਅਗੇ ਚਲਕੇ ਇਕ ਹੋਰ ਐਲਾਨ ਕਰ ਦਿੱਤਾ ਕਿ ਮਾਸ ਵੇਚਣ ਦੀਆਂ ਕੁਝ ਹੋਰ ਦੁਕਾਨਾਂ ਵੀ ਸ਼ਹਿਰ ਵਿਚ ਖੋਲਣ ਦੀ ਇਜਾਜ਼ਤ ਦੇ ਦਿੱਤੀ, ਇਥੋਂ ਤਕ ਕਿ ਇਕ ਦੁਕਾਨ ਸ੍ਰੀ ਦਰਬਾਰ ਸਾਹਿਬ ਦੇ ਨੇੜੇ।
ਸਿੱਖ ਸ੍ਰੀ ਦਰਬਾਰ ਸਾਹਿਬ ਜੀ ਦੀ ਵਿਲੱਖਣ ਇਲਾਹੀ ਪਵਿੱਤਰਤਾ ਅਤੇ ਰਮਨੀਕਤਾ ਨੂੰ ਲੈ ਕੇ ਪਹਿਲਾਂ ਹੀ ਚਿੰਤਤ ਸਨ, ਕਿਉਂਕਿ ਇਲਾਕੇ ਵਿਚ ਵਡੇ ਪੱਧਰ ਤੇ ਹੋ ਰਹੇ ਮਾਸ ਦੀ ਵਰਤੋਂ ਕਾਰਨ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਲਗੇ ਦਰਖਤਾਂ ਤੋਂ ਕਾਵਾਂ ਗਿਰਝਾਂ ਵਲੋਂ ਜਾਨਵਰਾਂ ਦੀਆਂ ਹੱਡੀਆਂ ਖੁਰਚ ਕੇ ਪਰਿਕਰਮਾ ਵਿਚ ਸੁੱਟੀਆਂ ਜਾ ਰਹੀਆਂ ਸਨ। ਜਦੋਂ ਇਕ ਸਿੱਖ ਭਾਈ ਦੇਵਾ ਸਿੰਘ ਜੀ ਨੇ ਇਸ ਦਾ ਧਿਆਨ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲ ਲਿਆਂਦਾ ਤਾਂ ਉਸ ਨੂੰ ਹੀ ਉਹਨਾਂ ਨੇ ਫੜਕੇ ਪੁਲਸ ਹਵਾਲੇ ਕਰ ਦਿੱਤਾ ਅਤੇ ਸਰਕਾਰ ਨੇ ਉਸ ਨੂੰ ਤਿੰਨ ਸਾਲ ਦੀ ਕੈਦ ਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਕਿਉਂਕਿ ਅੰਗਰੇਜ਼ ਸਰਕਾਰ ਨੇ ਆਪਣੇ 1859 ਦੇ ਫੁਰਮਾਨ “ਦਸਤੂਰ ਉੱਲ ਅਮਲ” ਰਾਹੀਂ ਸ੍ਰੀ ਦਰਬਾਰ ਸਾਹਿਬ ਜੀ ਦਾ ਪ੍ਰਬੰਧ ਅਸਿੱਧੇ ਤੌਰ ਤੇ ਆਪਣੇ ਹੱਥੀਂ ਲੈ ਲਿਆ ਸੀ। ਸ੍ਰੀ ਦਰਬਾਰ ਸਾਹਿਬ ਜੀ ਦੇ ਮੈਨੇਜਰ ਦਾ ਸਰਕਾਰ ਦਾ ਵਫਾਦਾਰ ਹੋਣਾ ਲਾਜ਼ਮੀ ਸੀ, ਇਥੋਂ ਤਕ ਕਿ ਸਾਰੇ ਅਮਲੇ, ਸਣੇ ਰਾਗੀਆਂ ਗ੍ਰੰਥੀਆਂ ਦੀਆਂ ਤਨਖਾਹਾਂ ਡੀ ਸੀ ਦਫਤਰ ਤੋਂ ਆਉਂਦੀਆਂ ਸਨ, ਕੋਈ ਰੋਸ ਕਰਦਾ ਤਾਂ ਉਸ ਨੂੰ ਨੋਕਰੀ ਤੋਂ ਕੱਢ ਦਿੱਤਾ ਜਾਂਦਾ।
ਉਪਰੋਕਤ ਸਾਰੇ ਹਲਾਤਾਂ ਵਿਚ ਪੰਜਾਬ ਅੰਦਰ ਕੋਈ ਧਾਰਮਿਕ ਜਾਂ ਰਾਜਨੀਤਕ ਪਾਰਟੀ ਨਹੀਂ ਸੀ, ਇਸ ਲਈ ਸੱਭ ਨੂੰ “ਕੂਕਿਆ” ਤੋਂ ਇਸ ਮਸਲੇ ਦਾ ਹੱਲ ਲੱਭਣ ਦੀ ਕੋਈ ਉਮੀਦ ਸੀ ਕਿਉਂਕਿ ਬਾਬਾ ਰਾਮ ਸਿੰਘ ਜੀ ਖੁਦ ਮਹਾਰਾਜਾ ਰਣਜੀਤ ਸਿੰਘ ਦੀ ਨੋਕਰੀ ਕਰ ਚੁੱਕੇ ਸਨ ਅਤੇ ਕੂਕਾ ਲਹਿਰ ਦੇ ਮੁਖੀ ਵੀ ਸਨ। ਕੂਕੇ ਸਿੱਖ (ਉੱਚੀ ਬੋਲ ਕੇ ਗੁਰਬਾਣੀ ਪੜਦੇ ਸਨ ਇਸ ਲਈ ਕੂਕੇ ਕਹਿਲਾਉਂਦੇ ਸਨ) ਪਹਿਲਾਂ ਹੀ ਸ਼ਾਕਾਹਾਰੀ ਸਨ ਅਤੇ ਆਪਣੀ ਨਿਤ ਦੀ ਅਰਦਾਸ ਵਿੱਚ ਗਉ ਗਰੀਬ ਦੀ ਰਖਿਆ ਲਈ ਅਰਦਾਸ ਕਰਦੇ ਸਨ। ਉਨ੍ਹਾਂ ਨੇ ਸਰਕਾਰ ਨੂੰ ਚੈਲੰਜ ਕਰਨ ਲਈ ਬੁੱਚੜਖਾਨਿਆ ਤੇ ਹਮਲਾ ਕਰਨ ਦੀ ਵਿਉਂਤ ਸੋਚੀ।
ਸ੍ ਫਤਿਹ ਸਿੰਘ ਜੀ ਭਾਟ, ਕਟੜਾ ਕਨਈਆ ਅਮ੍ਰਿਤਸਰ ਦੇ ਰਹਿਣ ਵਾਲੇ ਸਨ ਅਤੇ ਰਾਮ ਬਾਗ ਕਚਹਿਰੀਆਂ ਸਾਹਮਣੇ ਉਹਨਾਂ ਦੀ ਦੁਕਾਨ ਸੀ। ਕੁੱਝ ਕੂਕੇ ਉਸਦੀ ਦੁਕਾਨ ਤੇ ਅਕਸਰ ਆ ਬੈਠਦੇ ਸਨ ਅਤੇ ਉਹ ਉਨ੍ਹਾਂ ਦੇ ਪ੍ਰਭਾਵ ਹੇਠ ਆ ਗਿਆ ਕਿਉਂਕਿ ਫਤਿਹ ਸਿੰਘ ਜੀ ਭਾਟ ਅਮ੍ਰਿਤਸਰ ਸ਼ਹਿਰ ਵਿੱਚ ਵਾਪਰ ਰਹੀਆਂ ਘਟਨਾਵਾਂ ਅਤੇ ਖਾਸ ਕਰਕੇ ਅੰਗਰੇਜ਼ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ਪ੍ਰਤੀ ਦਿਖਾਈ ਅਣਗਹਿਲੀ ਤੋਂ ਦੁੱਖੀ ਸਨ ਇਸ ਲਈ ਉਹ ਇਸ ਯੋਜਨਾ ਵਿੱਚ ਸ਼ਾਮਲ ਹੋ ਗਿਆ। ਇਸ ਯੋਜਨਾ ਨੂੰ ਅੰਜਾਮ ਦੇਣ ਲਈ ਉਸਨੇ ਆਪਣੇ ਸਾਲੇ ਸ੍ ਹੀਰਾ ਸਿੰਘ ਜੀ ਦੀ ਵੀ ਮੱਦਦ ਲਈ। ਉਸ ਵੇਲੇ ਦੇ ਸਰਕਾਰੀ ਦਸਤਾਵੇਜ਼ ਦਸਦੇ ਹਨ ਕਿ ਇਸ ਘਟਨਾ ਨੂੰ ਅੰਜਾਮ ਦੇਣ ਲਈ ਹੀਰਾ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਉਸਨੇ ਸਰਕਾਰੀ ਅਮਲੇ ਦੀ ਜਾਣਕਾਰੀ ਹਾਸਲ ਕਰਨ ਲਈ (ਸਰਕਾਰ ਨੇ ਬੁੱਚੜਖਾਨਿਆ ਨੂੰ ਸਰਕਾਰੀ ਸੁਰੱਖਿਆ ਦੇ ਰੱਖੀ ਸੀ) ਜਾਸੂਸੀ ਕੀਤੀ ਅਤੇ ਬਾਅਦ ਵਿੱਚ ਫੜੇ ਜਾਣ ਤੇ ਸਰਕਾਰ ਨੂੰ ਗੁਮਰਾਹ ਵੀ ਕੀਤਾ।
15 ਜੂਨ 1871 ਨੂੰ ਸ੍ ਫਤਿਹ ਸਿੰਘ ਨੇ ਬਾਕੀ ਕੂਕਿਆ ਸ੍ ਬੀਹਲਾ ਸਿੰਘ ਜੀ ਸ੍ ਲਹਿਣਾ ਸਿੰਘ ਜੀ ਸ੍ ਹਾਕਮ ਸਿੰਘ ਜੀ ਪਟਵਾਰੀ ਅਤੇ ਹੋਰਨਾਂ ਨਾਲ ਰਲ ਕੇ ਅੰਗਰੇਜ਼ੀ ਸਰਕਾਰ ਨੂੰ ਚੈਲੰਜ ਕਰਦੇ ਹੋਏ ਬੁੱਚੜਖਾਨਿਆ ਤੇ ਹਮਲਾ ਕਰ ਦਿੱਤਾ ਉਸਦੇ ਕਰਿੰਦਿਆਂ ਨੂੰ ਮਾਰ ਕੇ ਗਉਆ ਨੂੰ ਖੁਲਾ ਛੱਡ ਦਿੱਤਾ। ਇਸ ਘਟਨਾ ਨਾਲ ਸਰਕਾਰ ਵਿਚ ਕੁਝ ਮਹੀਨੇ ਹਫੜਾ-ਦਫੜੀ ਹੁੰਦੀ ਰਹੀ ਅਤੇ ਕਈ ਗ੍ਰਿਫਤਾਰੀਆਂ ਵੀ ਹੋਈਆਂ। ਜਦੋਂ ਬਾਬਾ ਰਾਮ ਸਿੰਘ ਜੀ ਨੂੰ ਭੈਣੀ ਸਾਹਿਬ ਵਿਖੇ ਇਸ ਘਟਨਾ ਦੀ ਸੂਚਨਾ ਮਿਲੀ ਉਨ੍ਹਾਂ ਨੇ ਇਹਨਾਂ ਸਿੱਖਾਂ ਨੂੰ ਪ੍ਰੇਰਨਾ ਦੇ ਕੇ ਕਿਹਾ ਕਿ ਸਰਕਾਰ ਵਲੋਂ ਬੇਕਸੂਰ ਲੋਕਾਂ ਨੂੰ ਫਾਹੇ ਲਗਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਹੀ ਇਸ ਕੁਰਬਾਨੀ ਲਈ ਯਾਦ ਕੀਤਾ ਜਾਵੇਗਾ, ਇਹ ਠੀਕ ਨਹੀਂ ਆਪਜੀ ਨੂੰ ਆਪਣੇ ਆਪ ਨੂੰ ਸਰਕਾਰ ਹਵਾਲੇ ਕਰਕੇ ਬੇ ਕਸੂਰਾ ਨੂੰ ਬਚਾਉਣਾ ਚਾਹੀਦਾ ਹੈ, ਉਨ੍ਹਾਂ ਨੇ ਇਸ ਤਰ੍ਹਾਂ ਹੀ ਕੀਤਾ ਆਪਣੇ-ਆਪ ਨੂੰ ਸਰਕਾਰ ਹਵਾਲੇ ਕਰ ਦਿੱਤਾ। 15 ਸਤੰਬਰ 1871 ਨੂੰ ਇਹਨਾਂ ਚਾਰਾ ਨੂੰ ਆਪਣੀ ਆਖਰੀ ਇੱਛਾ ਅਨੁਸਾਰ ਸ੍ਰੀ ਦਰਬਾਰ ਸਾਹਿਬ ਵਿਖੇ ਇਸ਼ਨਾਨ ਕਰਨ ਉਪਰੰਤ ਰਾਮਬਾਗ ਵਿਚ ਲਿਜਾ ਕੇ  ਇਕ ਬੋਹੜ ਦੇ ਦਰਖਤ ਨਾਲ ਫਾਹੇ ਲਗਾ ਦਿੱਤਾ ਗਿਆ ਅਤੇ ਬਾਕੀਆਂ ਨੂੰ ਕਾਲੇ ਪਾਣੀ ਦੀ ਸਜਾ ਸੁਣਾਈ ਗਈ। ਸ੍ ਹੀਰਾ ਸਿੰਘ ਜੀ ਬਾਰੇ ਪਕਾ ਪਤਾ ਨਹੀਂ ਲੱਗ ਸਕਿਆ।
ਹਰ ਸਾਲ ਨਾਮਧਾਰੀ ਸੰਗਤ ਇਹਨਾਂ ਸ਼ਹੀਦਾਂ ਨੂੰ ਯਾਦ ਕਰਦੀ ਹੈ ਪਰ ਅੱਜ 150 ਸਾਲ ਬਾਅਦ ਵੀ ਸਾਨੂੰ ਸ਼ਹੀਦ ਸ੍ ਫਤਿਹ ਸਿੰਘ ਜੀ ਅਤੇ ਅਤੇ ਸ੍ ਹੀਰਾ ਸਿੰਘ ਬਾਰੇ ਜਾਂ ਉਨ੍ਹਾਂ ਦੇ ਪਰਿਵਾਰਕ ਪਿਛੋਕੜ ਬਾਰੇ ਕੋਈ ਜਾਣਕਾਰੀ ਨਹੀਂ। ਸ੍ ਜਸਵਿੰਦਰ ਸਿੰਘ ਜੀ ਨਾਮਧਾਰੀ ਤੋਂ ਇਲਾਵਾ, ਕਿਸੇ ਵੀ ਨਾਮਧਾਰੀ ਸੰਗਤ ਨੇ ਜਿਥੇ ਬਾਕੀ ਸ਼ਹੀਦਾਂ ਦੇ ਕੁਰਸੀਨਾਮੇ ਲੱਬੇ ਹਨ ਇਹਨਾਂ ਦੇ ਪਰਿਵਾਰਾ ਨੂੰ ਲੱਭਣ ਦੇ ਕੋਈ ਠੋਸ ਕਦਮ ਨਹੀਂ ਚੁੱਕੇ ਗਏ।
ਭਾਟ ਸਿੱਖ ਭਾਈਚਾਰੇ ਨੇ ਵੀ ਇਹਨਾਂ ਸਿੱਖਾਂ ਦੀ ਕੁਰਬਾਨੀ ਨੂੰ ਹੁਣ ਤੱਕ ਵੀਸਾਰ ਹੀ ਦਿੱਤਾ ਹੈ ਜਿਸ ਦਾ ਮੁੱਖ ਕਾਰਨ ਇਤਿਹਾਸ ਵਿਚ ਅੱਗੇ ਚਲਕੇ ਸਿੱਖਾਂ ਅਤੇ ਨਾਮਧਾਰੀ ਸੰਗਤ ਵਿਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਨੂੰ ਲੈ ਕੇ ਪਿਆ ਵੀਵਾਦ ਹੈ।
ਸ਼ਹੀਦ ਸ੍ ਫਤਿਹ ਸਿੰਘ ਜੀ ਭਾਟ ਤੇ ਅਪਣੇ ਕੂਕੇ ਸਾਥੀਆਂ ਦਾ ਪ੍ਰਭਾਵ ਜਰੂਰ ਸੀ, ਪਰ ਉਹ ਆਪਣੇ ਬਾਕੀ ਦੇ ਭਾਟ ਸਿੱਖ ਭਾਈਚਾਰੇ ਵਾਂਗ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਸਰਵਉੱਚਤਾ ਨੂੰ ਪੂਰੀ ਤਰ੍ਹਾਂ ਸਮਰਿਪਤ ਸੀ, ਇਹੀ ਕਾਰਨ ਹੈ ਕਿ ਅੱਜ ਤੱਕ ਵੀ ਭਾਟ ਸਿੱਖ ਭਾਈਚਾਰੇ ਦਾ ਕੋਈ ਵੀ ਸ਼ਖਸ ਨਾਮਧਾਰੀ ਵੀਚਾਰਧਾਰਾ ਨਾਲ ਨਹੀਂ ਜੁੜਿਆ ਹੋਇਆ।
“ਗੁਰਦੁਆਰਾ ਭਾਟ ਸਿੱਖ ਕੌਂਸਲ ਯੂਕੇ “ ਸਾਰੀਆਂ ਗੁਰ ਨਾਨਕ ਨਾਮ ਲੇਵਾ ਸੰਗਤਾਂ ਨਾਲ ਮਿਲ ਕੇ ਸਮੂਹ ਸ਼ਹੀਦਾਂ ਨੂੰ ਕੋਟਨ-ਕੋਟਾਨ ਪ੍ਰਨਾਮ ਕਰਦੇ ਹਨ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਇਲਾਹੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਸਦਾ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ।
15 ਸਤੰਬਰ 2021 ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਦਰਬਾਰ ਸਾਹਿਬ ਵਿਖੇ ਜਿਥੇ “ਭੱਟ ਮਿਲਾਪ ਦਿਵਸ “ ਮਨਾਇਆ ਜਾ ਰਿਹਾ ਹੈ ਉਥੇ ਹੁਣ ਤੱਕ ਸਿੱਖ ਇਤਿਹਾਸ ਵਿਚ ਵੀਸਾਰ ਦਿੱਤੇ ਗਏ ਇਸ ਨਿਮਾਣੇ ਜਿਹੇ ਪਾਤਰ ਸ਼ਹੀਦ ਸ੍ ਫਤਿਹ ਸਿੰਘ ਜੀ ਭਾਟ ਦੇ 150ਵੀ ਸ਼ਹੀਦੀ ਯਾਦਗਾਰ ਦਿਵਸ ਲਈ ਅਰਦਾਸ ਅਤੇ ਸ਼ਰਧਾਜਲੀ ਭੇਟ ਕੀਤੀ ਜਾ ਰਹੀ ਹੈ।
ਧੰਨਵਾਦ, ਜਸਬੀਰ ਸਿੰਘ ਭਾਕੜ ਪੀਟਰਬਰੋ ਯੂ ਕੇ ਸੰਪਰਕ royaljb101@gmail.com

ਮੁਹੱਬਤਾਂ ਦੀ ਬਾਤ ਪਾਉਂਦੀ ਭਾਵਨਾਤਮਿਕ ਤੇ ਰੁਮਾਂਟਿਕ ਫ਼ਿਲਮ ਹੋਵੇਗੀ ‘ਕਿਸਮਤ-2’ -ਅੰਕਿਤ ਵਿਜ਼ਨ ,ਨਵਦੀਪ ਨਰੂਲਾ

- ਸ੍ਰੀ ਨਰੋਤਮ ਜੀ ਪ੍ਰੋਡਕਸ਼ਨ  ਦੇ ਬੈਨਰ ਨੇ ਪੰਜਾਬੀ ਸਿਨਮੇ ਨੂੰ ਅਨੇਕਾਂ ਚੰਗੀਆਂ ਤੇ ਸਮਾਜਿਕ ਸੇਧ ਦਿੰਦੀਆਂ ਮਨੋਰੰਜਨ ਭਰਪੂਰ ਫ਼ਿਲਮਾਂ ਦਿੱਤੀਆ ਹਨ ਜੋ ਦਰਸ਼ਕਾਂ ਦੀਆਂ ਪਸੰਦ ਬਣੀਆ ਹਨ। ‘ਹੀਰੋ ਨਾਮ ਯਾਦ ਰੱਖਣਾ, ਸਰਘੀ, ਮੁੰਡਾ ਹੀ ਚਾਹੀਦਾ, ਕਿਸਮਤ’ ਤੇ ‘ਸੁਰਖੀ ਬਿੰਦੀ’ ਫ਼ਿਲਮਾਂ ਪੰਜਾਬੀ ਸਿਨੇਮੇ ਦੀ ਝੋਲੀ ਪਾ ਚੁੱਕੀ ਨੌਜਵਾਨ ਨਿਰਮਾਤਾ ਜੋੜੀ ‘ਅੰਕਿਤ ਵਿੱਜ਼ਨ-ਨਵਦੀਪ ਨਰੂਲਾ’ ਅੱਜ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵੱਖਰੀ ਪਛਾਣ ਰੱਖਦੇ ਹਨ। 

ਕਾਮੇਡੀ ਤੇ ਵਿਆਹ ਕਲਚਰ ਦੇ ਸਿਨੇਮਾ ਯੁੱਗ ਵਿੱਚ 2018 ਵਿਚ ਰਿਲੀਜ਼ ਹੋਈ ਪਿਆਰ ਤੇ ਭਾਵੁਕਤਾ ਨਾਲ ਦਿਲਾਂ ਨੂੰ ਛੂਹਣ ਵਾਲੀ ਫ਼ਿਲਮ ‘ਕਿਸਮਤ’ ਨੇ ਸਫ਼ਲਤਾ ਦਾ ਐਸਾ ਇਤਿਹਾਸ ਰਚਿਆ ਕਿ ਪੰਜਾਬੀ ਸਿਨਮੇ ਨੇ ਇੱਕ ਨਵਾਂ ਮੋੜ ਲਿਆ। 2018 ਦੀ ਬਲਾਕਬਾਸਟਰ ਇਸ ਫ਼ਿਲਮ ਦੇ ਨਿਰਮਾਤਾ ਸ਼੍ਰੀ ਨਰੋਤਮ ਜੀ ਫ਼ਿਲਮਜ਼ ਵਾਲੇ ਅਕਿੰਤ ਵਿਜ਼ਨ ਅਤੇ ਨਵਦੀਪ ਨਰੂਲਾ ਨੇ ਇਸ ਫ਼ਿਲਮ ਨੂੰ ਜਿੱਥੇ ਪਿਆਰ ਦੀ ਚਾਸ਼ਨੀ ‘ਚ ਭਿੱਜੀ ਕਹਾਣੀ, ਦਿਲਾਂ ਨੂੰ ਛੂਹਣ ਵਾਲਾ ਸੰਗੀਤ ਤੇ ਭਾਵੁਕਤਾ ਭਰੇ ਡਾਇਲਾਗ ਦੀ ਪੁੱਠ ਚਾੜ੍ਹੀ, ਉਥੇ ਇਸ ਨੂੰ ਸਫ਼ਲ ਬਣਾਉਣ ਲਈ ਮਹਿੰਗੀ ਤਕਨੀਕ ਤੇ ਮਾਹਿਰ ਕਲਾਕਾਰਾਂ ਦਾ ਸਹਿਯੋਗ ਲਿਆ। ਇਸ ਫ਼ਿਲਮ ਨਾਲ ਐਮੀ ਵਿਰਕ ਜਿੱਥੇ ਲੀਕ ਤੋਂ ਹਟਵੇਂ ਕਿਰਦਾਰ ‘ਚ ਨਜ਼ਰ ਆਇਆ ਉੱਥੇ ‘ਅੰਗਰੇਜ਼’ ਫ਼ਿਲਮ ਵਾਲੀ ‘ਧੰਨ ਕੁਰ’ (ਸਰਗੁਣ ਮਹਿਤਾ) ਇਸ ਫ਼ਿਲਮ ਵਿਚਲੇ ‘ਬਾਨੀ’ ਦੇ ਕਿਰਦਾਰ ਨਾਲ ਸਫ਼ਲਤਾ ਦੇ ਸਿਖਰ ‘ਤੇ ਜਾ ਬੈਠੀ। ਉਸਦੀ ਅਦਾਕਾਰੀ ਦੇ ਕਈ ਰੰਗ ਇਸ ਫ਼ਿਲਮ ਰਾਹੀਂ ਵੇਖਣ ਨੂੰ ਮਿਲੇ।

ਸਫ਼ਲਤਾ ਦਾ ਪਰਚਮ ਲਹਿਰਾਉਣ ਵਾਲੀ ਇਸ ਫ਼ਿਲਮ ਦਾ ਰਿਕਾਰਡ ਕਿਸੇ ਹੋਰ ਫ਼ਿਲਮ ਦੇ ਹਿੱਸੇ ਨਾ ਆਇਆ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਦੀ ਨਿਰਮਾਤਾ ਜੋੜੀ ਅੰਕਿਤ ਵਿਜ਼ਨ ਅਤੇ ਨਵਦੀਪ ਨਰੂਲਾ ਹੁਣ ਇਸ ਫ਼ਿਲਮ ਦਾ ਸੀਕੁਅਲ ‘ਕਿਸਮਤ-2’ ਨਾਲ ਮੁੜ ਹਾਜ਼ਿਰ ਹੋ ਰਹੇ ਹਨ। 23 ਸਤੰਬਰ 2021 ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਟਰੈਲਰ ਹਾਲ ਹੀ ‘ਚ   ਰਿਲੀਜ਼ ਹੋਇਆ ਹੈ। ਜਿਸ ਪ੍ਰਤੀ ਦਰਸ਼ਕਾਂ ਦਾ ਵੱਡਾ ਉਤਸ਼ਾਹ ਨਜ਼ਰ ਆਇਆ ਹੈ। ਇਸ ਜੋੜੀ ਦਾ ਇਹ ਵੱਡਾ ਉਪਰਾਲਾ ਹੈ ਕਿ ‘ਕਿਸਮਤ 2’ ਨੂੰ ਪਹਿਲੀ ਫ਼ਿਲਮ ਨਾਲੋਂ ਦੋ ਕਦਮ ਅੱਗੇ ਹੋ ਕੇ ਬਣਾਇਆ ਹੈ ਕਿ ਦਰਸ਼ਕਾਂ ਦੇ ਦਿਲਾਂ ‘ਚ ਇਹ ਦੋਵੇਂ ਫ਼ਿਲਮਾਂ ਇੰਝ ਵਸ ਜਾਣ ਕਿ ਇੱਕ ਮੁਕੰਮਲ ਕਹਾਣੀ ਮਹਿਸੂਸ ਹੋਵੇ। 

ਨਿਰਮਾਤਾ ਜੋੜੀ ਅੰਕਿਤ ਵਿਜ਼ਨ ਤੇ ਨਵਦੀਪ ਨਰੂਲਾ ਦਾ ਕਹਿਣਾ ਹੈ ਕਿ ਪੂਰੀ ਦੁਨੀਆਂ ‘ਚ ਵਸਦੇ ਦਰਸ਼ਕਾਂ ਨੇ ‘ਕਿਸਮਤ’ ਨੂੰ ਜਿਹੜਾ ਪਿਆਰ ਦਿੱਤਾ ਯਕੀਨਣ ਇਸ ਜਬਰਦਸ਼ਤ ਫ਼ਿਲਮ ਦਾ ਸੀਕੁਅਲ ਬਣਾਉਣਾ ਚਣੋਤੀ-ਭਰਿਆ ਤਜੱਰਬਾ ਰਿਹਾ। ਫੇਰ ਵੀ ਸਾਡੀ ਕੋਸ਼ਿਸ਼ ਰਹੀ ਕਿ ਦਰਸ਼ਕਾਂ ਦੇ ਮਨੋਰੰਜਨ ਨੂੰ ਹੋਰ ਬੇਹੱਤਰ ਬਣਾਇਆ ਜਾਵੇ। ਜਗਦੀਪ ਸਿੱਧੂ ਨੇ ਬਹੁਤ ਹੀ ਮੇਹਨਤ ਨਾਲ ਕਮਾਲ ਦੀ ਕਹਾਣੀ ਲਿਖੀ ਤੇ ਬੜੀ ਸੂਝ ਨਾਲ ਇਸ ਨੂੰ ਆਪਣੀ ਦੇਖ ਰੇਖ ‘ਚ ਫ਼ਿਲਮਾਇਆ ਜੋ ਹੁਣ  23 ਸਤੰਬਰ ਤੋਂ ਦਰਸ਼ਕ ਸਿਨੇਮਾ ਘਰਾਂ ‘ਚ ਵੇਖਣਗੇ।  ਪਹਿਲੀ ਫ਼ਿਲਮ ਵਾਂਗ ਇਸ ਵਿੱਚ ਵੀ ‘ਐਮੀ ਵਿਰਕ ਤੇ ਸਰਗੁਣ ਮਹਿਤਾ’ ਦੀ ਜੋੜੀ ਦਰਸ਼ਕਾਂ ਨੂੰ ਜਰੂਰ ਪ੍ਰਭਾਵਤ ਕਰੇਗੀ। ਫ਼ਿਲਮ ਦਾ ਸੰਗੀਤ ਵੀ ਬਹੁਤ  ਕਮਾਲ ਦਾ ਹੋਵੇਗਾ ਜੋ ਦਰਸ਼ਕਾਂ ਦੇ ਦਿਲਾਂ ਵਿੱਚ ਵਸੇਗਾ। ਉਨ੍ਹਾਂ ਨੂੰ ਸੌ ਫ਼ੀਸਦੀ ਯਕੀਨ ਹੈ ਕਿ ‘ ਕਿਸਮਤ 2 ’ ਦਰਸ਼ਕਾਂ ਦੀ ਪਸੰਦ ਬਣੇਗੀ। ਦਰਸ਼ਕਾਂ ਦੀ ਪਸੰਦ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਸਿਨੇਮੇ ਦਾ ਨਿਰਮਾਣ ਕਰਨਾ ਉਨਾਂ ਨੂੰ ਚੰਗਾ ਲੱਗਦਾ ਹੈ।

ਨਵਦੀਪ ਨਰੂਲਾ ਦੇ ਮੁਤਾਬਕ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਰੁਮਾਂਟਿਕ ਜੋੜੀ ਵਾਲੀ ‘ਕਿਸਮਤ 2’ ਇੱਕ ਨਵਾਂ ਇਤਿਹਾਸ ਬਣਾਵੇਗੀ ਤੇ ਪਹਿਲੀ ਫ਼ਿਲਮ ਵਾਂਗ ਵੱਡੀ ਸਫ਼ਲਤਾ ਨੂੰ ਪੰਜਾਬੀ ਸਿਨਮੇ ਦੇ ਇਤਿਹਾਸ ਵਿੱਚ ਦਰਜ਼ ਕਰਵਾਏਗੀ। ਸਾਡੀ ਟੀਮ ਨੇ ਇਸ ਫ਼ਿਲਮ ਨੂੰ ਮਹਾਨ ਬਣਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾ ਕਿਹਾ ਕਿ ਕੋਵਿਡ  ਨਿਯਮਾਂ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਆਪਣੀਆਂ ਫ਼ਿਲਮੀ ਸਰਗਰਮੀਆਂ ਨੂੰ ਕੁਝ ਸਮੇਂ ਲਈ ਰੋਕਿਆ ਹੋਇਆ ਸੀ ਜਿਸ ਕਰਕੇ ਇਹ ਫ਼ਿਲਮ ਲੇਟ ਹੁੰਦੀ ਗਈ  ਹੁਣ ਇਹ 23 ਸਤੰਬਰ ਨੂੰ ਵੱਡੀ ਪੱਧਰ ‘ਤੇ ਰਿਲੀਜ਼ ਹੋਵੇਗੀ। 

 

ਹਰਿਜੰਦਰ  ਸਿੰਘ 9463828000

ਸੋਹਣਾ ਸਫ਼ਰ ਜ਼ਿੰਦਗੀ ਦਾ ✍️ ਵੀਰਪਾਲ ਕੌਰ ਕਮਲ

ਜ਼ਿੰਦਗੀ ਇੱਕ ਸਫ਼ਰ ਹੀ ਤਾਂ ਹੈ, ਪੈਂਡਾ ਦਰ ਪੈਂਡਾ ਤੈਅ ਕਰਦੇ ਜਾਣਾ ਹੀ  ਹੈ -ਜ਼ਿੰਦਗੀ ।ਜ਼ਿੰਦਗੀ ਨੂੰ ਜਿਊਣ ਦਾ ਸਫ਼ਰ ਐਨਾ ਕੁ ਲੰਮਾ ਤਾਂ ਹੈ ਕਿ ਜਦ ਤਕ ਸਰੀਰ ਵਿੱਚ ਸਾਹ ਚਲਦੇ ਹਨ ,ਇਹ ਸਫਰ ਨਹੀਂ ਰੁਕ ਦਾ ਜਦੋਂ ਸਾਹਾਂ ਦੀ ਡੋਰ ਟੁੱਟਦੀ ਹੈ ।ਪੰਜ  ਤੱਤ ਮਿੱਟੀ ਚ ਵਿਲੀਨ ਹੋ ਜਾਂਦੇ ਹਨ, ਤਾਂ ਉਹ ਹਾਲਤ ਜ਼ਿੰਦਗੀ ਦੇ ਸਫ਼ਰ ਦੀ ਮੰਜ਼ਲ ਹੋ ਨਿਬੜਦੀ ਹੈ  ।ਤੁਰਦੇ….  ਤੁਰਦੇ …..ਤੁਰਦੇ ਜਾਣਾ ਹੀ  ਹੈ ਜ਼ਿੰਦਗੀ। ਤੁਰਦੇ -ਤੁਰਦੇ ਵਾਟਾਂ ਨੂੰ ਮੁਕਾਉਣਾ ,ਚਲਦੇ ਰਹਿਣਾ ਹੀ ਜਿਊਂਦੇ ਰਹਿਣ ਦੀ ਨਿਸ਼ਾਨੀ ਹੈ ।ਇਸ ਸੰਸਾਰ ਸਫ਼ਰ  ਦੇ ਅੰਦਰ  ਜ਼ਿੰਦਗੀ ਦਾ ਪੈਂਡਾ ਮਾਰਨ ਆਏ ਇਨਸਾਨਾਂ ਚੋਂ ਕੁਝ ਕੁ ਜ਼ਿੰਦਗੀ ਦੇ ਸਫ਼ਰ ਨੂੰ ਹੱਸਦੇ ਹਸਾਉਂਦੇ  ਤੈਅ ਕਰਦੇ ਜਾਂਦੇ ਹਨ  ।ਉਹ ਵਗਦੇ ਪਾਣੀਆਂ ਦੇ ਤਾਰੂ, ਨਦੀਆਂ ‘ਚ ਗੋਤੇ ਲਾਉਂਦੇ  ਜਾਂਦੇ ਹਨ।  ਰੋਂਦੇ ਹੋਏ ਇਸ ਧਰਤੀ ਤੇ ਪ੍ਰਵੇਸ਼ ਕਰ ਕੇ, ਕਈਆਂ ਦੇ ਹਿੱਸੇ,ਰੋਣੇ ਧੋਣੇ ਤੇ ਉਦਾਸੀ ਭਰੀ ਚਾਲ,  ਹੀ ਆ ਜਾਂਦੀ ਹੈ  । ਸਫਰ ਕਿਸੇ ਵਾਹਨ ਦਾ ਹੋਵੇ ਭਾਵੇਂ ਜ਼ਿੰਦਗੀ ਦਾ ਹੋਵੇ ਟੇਢੇ- ਮੇਢੇ ਰਾਹਾਂ ਚੋਂ ਹੋ ਕੇ ਹੀ ਜਾਂਦਾ ਹੈ  ।ਰੁਕਾਵਟਾਂ ਚੋਂ ਤਾਂ ਗੁਜ਼ਰਨ ਹੀ ਪੈਂਦਾ ਹੈ  ।ਆਪਣੀ ਮੰਜ਼ਿਲ  ਨਾਲ ਇਸ਼ਕ ਕਰਨ ਵਾਲੇ ਸਫ਼ਰ ਵਿੱਚ ਆਉਣ ਵਾਲੀਆਂ ਔਕੜਾਂ ਦੀ ਪਰਵਾਹ ਨਹੀਂ ਕਰਦੇ । ਉਹ ਔਖੇ ਸਫ਼ਰ ‘ਤੇ ਚੱਲਣ ਵਿਚ ਵੀ ਆਨੰਦ ਪ੍ਰਾਪਤ ਕਰਦੇ ਹਨ ।ਕੁਝ ਲੋਕ ਸਫ਼ਰ ਦੇ ਬੜੇ ਹੀ ਸ਼ੌਕੀਨ ਹੁੰਦੇ ਹਨ।  ਉਹ ਘਰਾਂ ਦੇ ਕੰਮ ਤੇ ਆਪਣੇ ਜ਼ਰੂਰੀ ਕੰਮ ਧੰਦੇ ਨਿਬੇੜ ਕੇ ਸਫ਼ਰ ਲਈ ਚਾਲੇ ਪਾ ਦਿੰਦੇ ਹਨ।  ਜਪੀ ਤਪੀ ਸ਼ਖ਼ਸੀਅਤਾਂ ਘਰ -ਬਾਰ ਛੱਡ ਕੇ ਸਫ਼ਰ ਦਾ ਰਸਤਾ ਅਖਤਿਆਰ ਕਰ ਲੈਂਦੇ ਹਨ  ।ਭਾਰਤੀ ਇਤਿਹਾਸ ਵਿੱਚ ਰਿਸ਼ੀਆਂ ਮੁਨੀਆਂ ਨੇ ਅਜਿਹੇ ਪੰਧ( ਪੈਂਡੇ  )ਮਾਰ ਕੇ ਤਪੱਸਿਆ ਕੀਤੀਆਂ ਹਨ  ।ਕਹਿੰਦੇ ਹਨ ਕਿ ਅੰਗਰੇਜ਼ ਲੋਕ ਜ਼ਿੰਦਗੀ ਦੇ ਇੱਕ ਪੜਾਅ ਉੱਤੇ ਆ ਕੇ ਸਫ਼ਰ ਤੇ ਚੱਲ ਪੈਂਦੇ ਹਨ। ਉਹ ਇਸ ਸਫਰ ਨੂੰ ਫ਼ਿਕਰਾਂ, ਬੰਧਨਾ, ਰੁਝੇਵਿਆਂ ਤੋਂ ਦੂਰ ਹੋ ਕੇ  ਆਨੰਦਮਈ ਜੀਵਨ ਬਸਰ ਕਰਨ ਦੀ ਲਾਲਸਾ ਹਿੱਤ ਹੀ  ਬਤੀਤ ਕਰਦੇ ਹਨ। ਸਫ਼ਰ ਉਦੋਂ ਅਤਿਅੰਤ  ਹੀ ਆਨੰਦਮਈ ਅਤੇ ਸੁਖਾਵਾਂ ਹੋ ਨਿਬੜਦਾ ਹੈ , ਜਦੋਂ ਸਫ਼ਰ ਵਿੱਚ ਨਾਲ ਚੱਲਣ ਲਈ ਵਿਚਾਰਾਂ ਦੇ ਹਾਣ ਦਾ ਸਾਥੀ ਮਿਲ ਜਾਵੇ । ਤਨ ਅਤੇ ਮਨ ਤੇ ਬੋਝ ਲੈ ਕੇ ਕੀਤਾ ਗਿਆ  ਸਫ਼ਰ ਕਦੇ ਵੀ ਸੁਖਾਵਾਂ ਨਹੀਂ ਹੁੰਦਾ। ਮਜਬੂਰੀ ਵਸ ਕੀਤਾ ਗਿਆ ਸਫਰ ਵੀ ਮਨ ਨੂੰ ਭਟਕਣਾ ਹੀ ਦਿੰਦਾ ਹੈ,  ਅਸ਼ਾਂਤੀ ਦਿੰਦਾ ਹੈ ।   ਚੱਲਦੇ ਰਹਿਣ ਤੋਂ ਬਗ਼ੈਰ ਜ਼ਿੰਦਗੀ ਨਿਰਾਰਥਕ ਹੀ ਜਾਪਦੀ ਹੈ।  ਰੁਕਿਆ ਹੋਇਆ ਜ਼ਿੰਦਗੀ ਦਾ ਸਫ਼ਰ , ਉਸ ਛੱਪੜ ਦੇ ਪਾਣੀ ਦੀ ਤਰ੍ਹਾਂ ਹੀ ਹੈ ਜੋ ਇੱਕ ਥਾਂ ਖੜ੍ਹਾ -ਖੜ੍ਹਾ ਮੁਸ਼ਕ ਮਾਰਨ ਲੱਗ ਜਾਂਦਾ ਹੈ । ਚੱਲਦੇ ਰਹਿਣਾ ਨਦੀਆਂ ਦੇ ਸਵਸਥ ਤੇ ਨਿਰਛਲ ਪਾਣੀ ਦੀ ਤਰ੍ਹਾਂ ਹੁੰਦਾ ਹੈ, ਜੋ ਕਿਨਾਰਿਆਂ ਦੇ ਥਾਪੜੇ ਖਾ ਕੇ ਵੀ ਚੱਲਦਾ ਰਹਿੰਦਾ ਹੈ।ਕੰਡਿਆਂ ਨਾਲ ਟਕਰਾਉਂਦਾ , ਫਿਰ ਵੀ ਅਡੋਲ ਵਹਿੰਦਾ ਹੈ   ।ਨਦੀਆਂ ,ਸਮੁੰਦਰ, ਝਰਨੇ ਾਅਤੇ ਪੱਥਰ ਚੱਲਦੇ ਸਫਰ ਦੇ ਸਾਰਥੀ ਬਣ ਜਾਂਦੇ ਹਨ। 

ਮੰਜੇ ਤੇ ਜਕੜੇ ਲੋਕਾਂ ਲਈ ਸਫਰ ਇਕ ਸੁਪਨਾ ਬਣ ਕੇ ਹੀ ਰਹਿ ਜਾਂਦਾ ਹੈ ।ਆਲਸੀ ਲੋਕਾਂ ਲਈ ਸਫਰ ਇੱਕ ਸਿਰ ਖਪਾਈ ਤੋਂ ਵੱਧ ਹੋਰ  ਕੁਝ ਨਹੀਂ ਹੁੰਦਾ । ਬਹੁਤ ਸਾਰੇ ਲੋਕ ਸਫਰ ਤੇ ਇਸ ਕਰਕੇ ਹੀ ਨਹੀਂ ਤੁਰ ਸਕਦੇ ਕਿਉਂਕਿ ਉਹ ਲੋਕ ਜ਼ਿੰਮੇਵਾਰੀਆਂ ਦੀ ਪੰਡ ਚੁੱਕਣ ਤੋਂ ਕਤਰਾਉਂਦੇ ਹਨ। ਉਨ੍ਹਾਂ ਨੂੰ ਸਫਰ ਅਕਾਊ ਲੱਗਦਾ ਹੈ , ਉਹ ਆਪਣੀਆਂ ਜ਼ਿੰਮੇਵਾਰੀਆਂ ਸਮੇਂ ਸਿਰ ਨਹੀਂ ਨਿਭਾ ਸਕਦੇ  ਲਾਲਚੀ ਕਿਸਮ ਦੇ ਲੋਕ ਨੜਿੱਨਵੇਂ ਦੇ ਗੇੜਾਂ ਵਿੱਚ ਉਲਝ ਕੇ ਸਫ਼ਰ ਦੇ ਆਨੰਦ ਤੋਂ ਵਾਂਝੇ ਰਹਿ ਜਾਂਦੇ ਹਨ । ਨਾਕਾਰਾਤਮਕ  ਸੋਚ ਰੱਖਣ ਵਾਲੇ ਇਨਸਾਨ ਕਦੇ ਖ਼ੁਦ ਵੀ ਜ਼ਿੰਦਗੀ ਦੇ ਸਫ਼ਰ ਦਾ ਆਨੰਦ ਨਹੀਂ ਲੈ ਸਕਦੇ  ,ਉਹ ਦੂਸਰਿਆਂ ਲਈ ਵੀ ਰੁਕਾਵਟਾਂ ਪੈਦਾ ਕਰਦੇ ਹਨ । ਹਰੀਆਂ ਕਚੂਰ ਵਾਦੀਆਂ ਦਾ ਸਫ਼ਰ ਕਰਦਿਆਂ ਕੁਦਰਤ ਨਾਲ ਇੱਕਸੁਰਤਾ ਹੋਈ ਮਹਿਸੂਸ ਹੁੰਦੀ ਹੈ । ਸੁੱਕ ਕੇ ਧਰਤੀ ਤੇ ਡਿੱਗੇ ਹੋਏ ਗੁਲਾਬ ਅਤੇ ਰੁੱਖਾਂ ਦੇ  ਪੱਤੇ ਜ਼ਿੰਦਗੀ ਦੀ ਸੱਚਾਈ ਤੋਂ ਜਾਣੂ ਕਰਵਾਉਂਦੇ ਹਨ  । ਪੱਤਝੜ ਵਿੱਚ ਸੁੱਕੇ ਪੱਤਿਆਂ ਦੀ ਖੜ ਖੜ ਕੁਦਰਤ ਦੇ ਨਿਯਮਾਂ ਦੀ ਬਾਤ ਪਾਉਂਦੀ ਹੈ  । ਪਹਾੜੀ  ਰਸਤੇ ਦੇ ਪਾਂਧੀਆਂ ਨੇ ਉੱਚੀ ਚੋਟੀ ਤੇ ਝੰਡੇ ਲਹਿਰਾਏ ਸਨ  ।ਸੋਹਣੇ ਸਫ਼ਰਾਂ ਤੇ ਚੱਲਣ ਵਾਲੇ ਪਿਛਾਂਹ ਮੁੜ ਕੇ ਨਹੀਂ ਦੇਖਦੇ  ।

 

ਚੱਲ ਕੇ ਚੱਲਦੇ ਥੱਕਣਾ ਨਹੀਂ

ਰਸਤੇ ਔਖੇ ਭਾਵੇਂ

 ਭਰ ਤੋਂ ਠੱਲ੍ਹਣਾ ਨਹੀਂ 

 

ਵੀਰਪਾਲ ਕੌਰ ਕਮਲ 

8569001590

ਅੰਗਰੇਜ਼ਾਂ ਨੇ ਦਲਿਤਾਂ ਨੂੰ ਲੁੱਟਿਆ! ✍️ ਸਲੇਮਪੁਰੀ ਦੀ ਚੂੰਢੀ -

ਦਲਿਤ ਵਰਗ ਦੇ ਲੋਕ ਹਿੰਦੂ ਲੋਕਾਂ ਨਾਲ ਰਲਕੇ ਅਕਸਰ ਰੌਲਾ ਪਾਉਂਦੇ ਹਨ ਕਿ ਅੰਗਰੇਜ਼ਾਂ ਨੇ ਆਪਣੇ ਕਾਰਜਕਾਲ ਦੌਰਾਨ ਦੇਸ਼ ਨੂੰ ਬਹੁਤ ਲੁੱਟਿਆ, ਜਦਕਿ ਹੁਣ ਦਲਿਤ ਵਰਗ ਦੇ ਲੋਕ  ਇਸ ਗੱਲ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਹਨ, ਕਿ ਹਿੰਦੂ ਧਰਮ ਦੀ ਹੋਂਦ ਨੂੰ ਖਤਰਾ ਬਣਿਆ ਹੋਇਆ ਹੈ। ਭਲਾਂ ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਜੇਕਰ ਕੇਂਦਰ ਸਮੇਤ ਸਮੁੱਚੇ ਦੇਸ਼ ਦੇ ਸਮੂਹ ਸੂਬਿਆਂ ਵਿਚ ਨਿਰੋਲ ਹਿੰਦੂ ਲੋਕਾਂ ਨਾਲ ਸਬੰਧਿਤ ਹਿੰਦੂ ਸਰਕਾਰਾਂ ਹਨ, ਫਿਰ ਹਿੰਦੂਆਂ ਦੀ ਹੋਂਦ ਕਿਵੇਂ ਖਤਰੇ ਵਿਚ ਹੈ? ਪਰ ਵਿਚਾਰੇ ਦਲਿਤਾਂ ਜਿਨ੍ਹਾਂ ਨੂੰ ਹਿੰਦੂਆਂ ਨੇ ਆਪਣੀ ਗਿਣਤੀ ਵਧਾਉਣ ਲਈ ਹਿੰਦੂ ਬਣਾਇਆ ਹੋਇਆ ਹੈ, ਨੂੰ ਹਿੰਦੂ ਧਰਮ ਦੀ ਬਹੁਤ ਚਿੰਤਾ ਲੱਗੀ ਹੋਈ ਹੈ। ਇਸੇ ਤਰ੍ਹਾਂ ਹੀ ਜਿਹੜੇ ਦਲਿਤ ਸਿੱਖ ਧਰਮ ਅਪਣਾ ਚੁੱਕੇ ਹਨ, ਉਨ੍ਹਾਂ ਨੂੰ ਸਿੱਖ ਧਰਮ ਦੀ ਚਿੰਤਾ ਲੱਗੀ ਰਹਿੰਦੀ ਹੈ। ਕਿੰਨੇ ਸਿਤਮ ਦੀ ਗੱਲ ਹੈ ਕਿ ਦਲਿਤਾਂ ਨੂੰ ਨਾ ਤਾਂ ਆਪਣੀ ਅਤੇ ਨਾ ਹੀ ਆਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਹੈ। ਦਲਿਤ ਸਿੱਖ ਅਖੌਤੀ ਉਚ ਜਾਤੀ ਦੇ ਸਿੱਖਾਂ ਨਾਲ ਰਲਕੇ ਅਕਸਰ ਕਹਿੰਦੇ ਹਨ ਕਿ ਕੇਂਦਰ ਸਰਕਾਰ ਹਮੇਸ਼ਾ ਸਿੱਖ ਧਰਮ ਨੂੰ ਕਮਜੋਰ ਕਰਨ ਲਈ ਚਾਲਾਂ ਚੱਲਦੀ ਰਹਿੰਦੀ ਹੈ, ਪਰ ਸੋਚਣ ਵਾਲੀ ਗੱਲ ਹੈ ਕਿ ਪੰਜਾਬ ਵਿਚ ਹਮੇਸ਼ਾ ਨਿਰੋਲ ਉੱਚ ਜਾਤੀ ਦੇ ਸਿੱਖਾਂ ਦੀ ਸਰਕਾਰ ਰਹੀ ਹੈ, ਫਿਰ ਸਿੱਖਾਂ ਦੀ ਹੋਂਦ ਨੂੰ ਖਤਰਾ ਕਿਵੇਂ ਹੋ ਸਕਦਾ ਹੈ? ਜਦ ਕਿ ਸੱਚ ਤਾਂ ਇਹ ਹੈ ਕਿ ਸਿੱਖ ਧਰਮ ਨੂੰ ਨਾ ਤਾਂ ਕਦੀ ਕੋਈ ਖਤਰਾ ਹੋਇਆ ਹੈ ਅਤੇ ਨਾ ਹੈ।
ਦੇਸ਼ ਦੇ ਇਸਾਈਆਂ, ਬੋਧੀਆਂ ਅਤੇ ਮੁਸਲਮਾਨਾਂ ਨੇ ਕਦੀ ਵੀ ਰੌਲਾ ਨਹੀਂ ਪਾਇਆ ਕਿ ਉਨ੍ਹਾਂ ਦੀ ਹੋਂਦ ਨੂੰ ਖਤਰਾ ਬਣਿਆ ਹੈ, ਹਾਲਾਂਕਿ ਹਰ ਰੋਜ ਉਨ੍ਹਾਂ ਉਪਰ ਮਾਨਸਿਕ, ਸਰੀਰਕ, ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਤੌਰ 'ਤੇ ਨਿਰਵਿਘਨ ਤਸ਼ੱਦਦ ਚੱਲਦਾ ਰਹਿੰਦਾ ਹੈ। ਦਲਿਤ ਜਿਨ੍ਹਾਂ ਉਪਰ ਹਜਾਰਾਂ ਸਾਲਾਂ ਤੋਂ ਤਸ਼ੱਦਦ ਹੁੰਦਾ ਆ ਰਿਹਾ ਹੈ, ਨੇ ਕਦੀ ਵੀ ਆਪਣਾ ਮੂੰਹ ਨਹੀਂ ਖੋਲ੍ਹਿਆ। ਸਿਰ ਨੀਵਾਂ ਕਰਕੇ ਕੁੱਟ ਖਾਣ ਦੇ ਆਦੀ ਬਣ ਚੁੱਕੇ। ਅੰਗਰੇਜ਼ਾਂ ਨੇ ਆਪਣੇ ਕਾਰਜਕਾਲ ਦੌਰਾਨ ਦਲਿਤਾਂ ਨੂੰ ਨਾ ਕੁੱਟਿਆ ਅਤੇ ਨਾ ਹੀ ਲੁੱਟਿਆ, ਕਿਉਂਕਿ ਅੰਗਰੇਜ਼ਾਂ ਨੇ ਦੇਸ਼ ਵਿਚ ਆ ਕੇ ਵੇਖ ਲਿਆ ਸੀ ਕਿ ਦਲਿਤਾਂ ਕੋਲ ਤਾਂ ਕੁਝ ਵੀ ਨਹੀਂ ਹੈ, ਸਗੋਂ ਮਨੂੰਵਾਦੀ ਵਿਵਸਥਾ ਦਾ ਸ਼ਿਕਾਰ ਹੋ ਕੇ ਪਸ਼ੂਆਂ ਵਰਗਾ ਜੀਵਨ ਜਿਊਣ ਲਈ ਬੇਵੱਸ ਹਨ। ਅੰਗਰੇਜ਼ਾਂ ਨੇ ਮਨੂੰਵਾਦੀ ਵਿਵਸਥਾ ਦੇ ਉਲਟ ਦਲਿਤਾਂ ਅਤੇ ਔਰਤਾਂ ਦੀ ਜਿੰਦਗੀ ਵਿੱਚ ਸੁਧਾਰ ਲਿਆਉਣ ਲਈ ਨਵੀਆਂ ਨੀਤੀਆਂ ਹੋਂਦ ਵਿਚ ਲਿਆਕੇ ਅੱਗੇ ਵਧਣ ਦਾ ਰਾਹ ਖੋਲ੍ਹਿਆ , ਪਰ ਕਿੰਨੇ ਸਿਤਮ ਦੀ ਗੱਲ ਹੈ ਕਿ ਦਲਿਤ ਵੀ ਹਿੰਦੂਆਂ ਦੇ ਪਿਛੇ ਲੱਗ ਕੇ ਅੰਗਰੇਜ਼ਾਂ ਦੇ ਵਿਰੁੱਧ ਹੋ ਗਏ। ਬਾਬਾ ਸਾਹਿਬ ਡਾ ਅੰਬੇਦਕਰ ਨੇ ਅੰਗਰੇਜ਼ਾਂ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਸੀ ਕਿ ਭਾਰਤ ਵਿਚ ਦਲਿਤਾਂ ਦੀ ਜਿੰਦਗੀ ਕੁੱਤਿਆਂ ਨਾਲੋਂ ਵੀ ਮਾੜੀ ਹੈ, ਕਿਉਂਕਿ ਛੱਪੜ ਵਿਚੋਂ ਇਕ ਕੁੱਤਾ ਤਾਂ ਲੰਘ ਸਕਦਾ ਹੈ, ਪਰ ਦਲਿਤਾਂ ਨੂੰ ਛੱਪੜ ਵਿਚੋਂ ਪਾਣੀ ਪੀਣ ਦਾ ਅਧਿਕਾਰ ਨਹੀਂ । ਅੰਗਰੇਜ਼ਾਂ ਨੂੰ ਜਦੋਂ ਬਾਬਾ ਸਾਹਿਬ ਡਾ ਅੰਬੇਦਕਰ ਨੇ ਦਲਿਤਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਤੋਂ ਜਾਣੂ ਕਰਵਾਇਆ ਤਾਂ ਫਿਰ ਦਲਿਤਾਂ ਦਾ ਜੀਵਨ ਪੱਧਰ ਉਪਰ ਚੁੱਕਣ ਲਈ ਰਾਖਵਾਂਕਰਨ ਦਾ ਮੁੱਢ ਵੱਜਣਾ ਸ਼ੁਰੂ ਹੋਇਆ।
ਅੱਜ ਰਾਖਵਾਂਕਰਨ ਨੂੰ ਲੈ ਕੇ ਉੱਚ ਜਾਤੀ ਨਾਲ ਸਬੰਧਿਤ ਹਿੰਦੂਆਂ ਅਤੇ ਸਿੱਖਾਂ ਵਲੋਂ ਡੱਟਕੇ ਵਿਰੋਧ ਕੀਤਾ ਜਾ ਰਿਹਾ ਹੈ। ਦੇਸ਼ ਵਿਚ ਉੱਚ ਜਾਤੀ ਨਾਲ ਸਬੰਧਿਤ ਲੋਕਾਂ ਦੀ ਗਿਣਤੀ ਸਿਰਫ 15 ਫੀਸਦੀ ਹੈ, ਪਰ ਉਹ ਦੇਸ਼ ਦੀ 90 ਫੀਸਦੀ ਤੋਂ ਵੱਧ  ਰਾਜਨੀਤਕ, ਆਰਥਿਕ, ਪ੍ਰਸ਼ਾਸਨਿਕ, ਵਪਾਰਕ ਅਤੇ ਜਮੀਨੀ ਵਿਵਸਥਾ ਉਪਰ ਕਾਬਜ ਹਨ, ਪਰ ਐਨ ਇਸ ਦੇ ਉਲਟ ਦੇਸ਼ ਵਿਚ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਲੋਕਾਂ ਦੀ ਅਬਾਦੀ 85 ਫੀਸਦੀ ਹੈ, ਪਰ ਉਨ੍ਹਾਂ ਕੋਲ 10 ਫੀਸਦੀ ਵੀ ਦੇਸ਼ ਦਾ ਰਾਜ ਭਾਗ ਨਹੀਂ ਹੈ। ਦਲਿਤ ਵਰਗ ਚੋਂ ਹਿੰਦੂ ਅਤੇ ਸਿੱਖ ਬਣੇ ਲੋਕਾਂ ਨੂੰ ਆਪਣੀ ਬੰਦ ਜੁਬਾਨ ਖੋਲ੍ਹ ਕੇ ਹਿੰਦੂਆਂ ਅਤੇ ਸਿੱਖਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਜਨਸੰਖਿਆ ਦੇ ਅਧਾਰ 'ਤੇ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇ।
ਇਸ ਵੇਲੇ ਦਲਿਤਾਂ ਨੂੰ ਸੰਵਿਧਾਨਿਕ ਤੌਰ 'ਤੇ ਜਿਹੜੇ ਹੱਕ ਮਿਲੇ ਹੋਏ ਹਨ, ਉਨ੍ਹਾਂ ਨੂੰ ਖੋਹਣ ਲਈ ਉੱਚ ਜਾਤੀ ਦੇ ਹਿੰਦੂ ਅਤੇ ਸਿੱਖ ਸੱਭ ਤੋਂ ਅੱਗੇ ਹਨ। ਦੇਸ਼ ਵਿਚ ਜੇ ਅੱਜ ਕਿਸੇ ਦੇ ਹੱਕਾਂ ਅਤੇ ਹਿੱਤਾਂ ਦੀ ਹੋਂਦ ਨੂੰ ਖਤਰਾ ਹੈ ਤਾਂ ਉਨ੍ਹਾਂ ਵਿਚ ਦਲਿਤ, ਬੋਧੀ, ਇਸਾਈ ਅਤੇ ਮੁਸਲਮਾਨ  ਸ਼ਾਮਲ ਹਨ। ਹਿੰਦੂਆਂ ਅਤੇ ਸਿੱਖਾਂ ਦੀ ਹੋਂਦ ਨੂੰ ਕੋਈ ਵੀ ਖਤਰਾ ਨਹੀਂ ਹੈ, ਕਿਉਂਕਿ ਹਿੰਦੂ ਹਮੇਸ਼ਾ ਦੇਸ਼ ਦੇ ਰਾਜ ਭਾਗ ਉਪਰ ਕਾਬਜ ਰਿਹਾ ਹੈ ਜਦਕਿ ਪੰਜਾਬ ਦਾ ਮੁੱਖ ਮੰਤਰੀ ਹਮੇਸ਼ਾ ਸੁਪਰ ਸਿੱਖ ਰਿਹਾ ਹੈ।
 ਜੇਕਰ ਹਿੰਦੂਆਂ ਅਤੇ ਸਿੱਖਾਂ ਉਪਰ ਮੁਗਲਾਂ ਨੇ ਤਸ਼ੱਦਦ ਢਾਹਿਆ ਤਾਂ ਇਸ ਪਿੱਛੇ ਕਿਸੇ ਦਲਿਤ ਨਹੀਂ ਬਲਕਿ ਜਾਗੀਰੀਆਂ (ਜਾਗੀਰ) ਅਤੇ ਵਜੀਰੀਆਂ ਦੇ ਲਾਲਚਖੋਰ ਹਿੰਦੂਆਂ ਅਤੇ ਸਿੱਖਾਂ ਦਾ ਹੱਥ ਸੀ। ਇਸੇ ਤਰ੍ਹਾਂ ਅੰਗਰੇਜ਼ਾਂ ਦਾ ਲੰਬਾ ਸਮਾਂ ਭਾਰਤ ਉਪਰ ਰਾਜ ਕਰਨ ਦਾ ਕਾਰਨ ਵੀ ਜਾਗੀਰਾਂ ਲੈਣ ਵਾਲੇ ਲਾਲਚੀ ਹਿੰਦੂ ਅਤੇ ਸਿੱਖ ਹੀ ਸਨ।
ਦਲਿਤਾਂ ਨੂੰ ਹਿੰਦੂ ਅਤੇ ਸਿੱਖ ਬਣਾਉਣ ਪਿੱਛੇ ਵੀ ਵੋਟਾਂ ਦੀ ਸਿਆਸਤ ਭਾਰੂ ਹੈ, ਪਰ ਸੁਪਰ ਹਿੰਦੂਆਂ ਅਤੇ ਸਿੱਖਾਂ ਨੇ ਦਲਿਤਾਂ ਨੂੰ ਹਮੇਸ਼ਾ ਚੌਥੇ ਦਰਜੇ ਦੇ ਹਿੰਦੂ ਅਤੇ ਸਿੱਖ ਹੀ ਮੰਨਿਆ ਹੈ, ਜੇਕਰ ਦਲਿਤਾਂ ਵਿੱਚੋਂ ਬਣੇ ਹਿੰਦੂਆਂ ਅਤੇ ਸਿੱਖਾਂ ਨੂੰ ਆਪਣੇ ਬਰਾਬਰ ਦੇ ਹਿੰਦੂ ਅਤੇ ਸਿੱਖ ਮੰਨਿਆ ਹੁੰਦਾ ਤਾਂ ਅੱਜ ਦੇਸ਼ ਵਿੱਚ ਦਲਿਤਾਂ ਦਾ ਜੀਵਨ ਪੱਧਰ ਵੀ ਸੁਪਰ ਹਿੰਦੂਆਂ ਅਤੇ ਸਿੱਖਾਂ ਵਾਂਗੂੰ ਮਾਣ-ਸਨਮਾਨ ਵਾਲਾ ਹੋਣਾ ਸੀ।  ਮੰਦਿਰਾਂ ਵਿਚ ਜਾਣ ਲਈ ਦਲਿਤਾਂ ਉਪਰ ਅਜੇ ਵੀ ਮਨਾਹੀ ਹੈ, ਦਲਿਤ ਭਾਵੇਂ ਦੇਸ਼ ਦਾ ਰਾਸ਼ਟਰਪਤੀ ਵੀ ਕਿਉਂ ਨਾ ਹੋਵੇ?
-ਸੁਖਦੇਵ ਸਲੇਮਪੁਰੀ
09780620233
11 ਸਤੰਬਰ, 2021.

ਅਵਤਾਰ ਸਿੰਘ ਪਾਸ਼ ਦੇ ਜਨਮ ਦਿਨ ਨੂੰ ਸਮਰਪਿਤ ✍️ ਗਗਨਦੀਪ ਧਾਲੀਵਾਲ

ਸਭ ਤੋਂ ਖ਼ਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ-ਅਵਤਾਰ ਸਿੰਘ ਪਾਸ਼

ਦੋਸਤੋਂ ਪੰਜਾਬੀ ਸਾਹਿਤ ਜਗਤ ਵਿੱਚ ਅਨੇਕਾਂ ਹੀ ਸਾਹਿਤਕਾਰ ਪੈਦਾ ਹੋਏ ਹਨ ਜਿੰਨਾਂ ਨੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਬਹੁਮੁੱਲਾ ਯੋਗਦਾਨ ਪਾਇਆ ਹੈ।ਅਸੀਂ ਅੱਜ ਗੱਲ ਕਰਦੇ ਅਜਿਹੇ ਹੀ ਸਾਹਿਤਕਾਰ ਦੀ ਜਿਸਦੀਆਂ ਰਚਨਾਵਾਂ ,ਇਨਕਲਾਬੀ ਵਿਚਾਰ ਇਨਸਾਨ ਨੂੰ ਅੰਦਰੋਂ ਤੀਕ ਝੰਜੋੜ ਕੇ ਰੱਖ ਦਿੰਦੇ ਹਨ।ਉਸਦੀ ਆਤਮਾ ਨੂੰ ਹਲੂਣਦੇ ਹਨ।ਹੱਕਾਂ ਦੀ ਮੰਗ ਕਰਦੇ ਹਨ। ਅਜਿਹੇ ਸਾਹਿਤਕਾਰ ਦਾ ਨਾਂ ਹੈ ਅਵਤਾਰ ਸਿੰਘ ਪਾਸ਼ ।
ਅਵਤਾਰ ਪਾਸ਼ ਨੇ (1972 ਤੋਂ 1975 ਤੱਕ)
ਸਾਹਿਤ ਖੇਤਰ ਵਿੱਚ ਬਹੁਤ ਯੋਗਦਾਨ ਪਾਇਆ। ਪਾਸ਼ ਦਾ ਜਨਮ 9 ਸਤੰਬਰ 1950 ਨੂੰ ਪਿੰਡ ਤਲਵੰਡੀ ਸਲੇਮ ਜਿਲ੍ਹਾ ਜਲੰਧਰ ਵਿੱਚ ਹੋਇਆ। ਪਾਸ਼ ਦੇ ਪਿਤਾ ਜੀ ਦਾ ਨਾਂ ਮੇਜਰ ਸੋਹਣ ਸਿੰਘ ਸੰਧੂ ਸੀ।ਜਦੋਂ ਅਵਤਾਰ ਪਾਸ਼ ਜਵਾਨੀ ਦੀ ਉਮਰ ਵਿੱਚ ਸੀ ਤਾਂ ਉਸ ਸਮੇਂ ਭਾਰਤ ਵਿੱਚ ਗਰੀਬੀ ਦਾ ਬਹੁਤ ਬੋਲ ਬਾਲਾ ਸੀ,ਇਸ ਤੋਂ ਪਾਸ਼ ਬਹੁਤ ਪ੍ਰਭਾਵਿਤ ਹੋਇਆ ।ਪਾਸ਼ ਨੇ ਅੱਲੜੇ ਉਮਰੇ ਹੀ ਭਾਰਤ ਦੇ ਗਰੀਬ ਲੋਕਾਂ ਦੇ ਹਾਲਤਾਂ ਨੂੰ ਦੇਖਦਿਆਂ ਵਿਦਰੋਹੀ ਕਵਿਤਾ ਲਿਖਣੀ ਸ਼ੁਰੂ ਕੀਤੀ।ਪਾਸ਼ ਦੀਆਂ ਕਵਿਤਾਵਾਂ ਦਾ ਵਿਸ਼ਾ ਜੁਝਾਰਵਾਦੀ ਸੀ । 1978 ਨੂੰ ਪਾਸ਼ ਦਾ ਵਿਆਹ ਰਾਜਵਿੰਦਰ ਕੌਰ ਸੰਧੂ ਨਾਂ ਦੀ ਕੁੜੀ ਨਾਲ ਹੋ ਹੋਇਆ। ਪਾਸ਼ ਦੀਆਂ ਕਵਿਤਾਵਾਂ ਦੀਆਂ ਕੁੱਝ ਸਤਰਾਂ —
ਮੈਂ ਲੋਹੇ ਦੀ ਅੱਖ ਨਾਲ
ਮਿੱਤਰਾਂ ਦੇ ਮੁਖੌਟੇ ਪਾਈ
ਦੁਸ਼ਮਣ ਵੀ ਪਹਿਚਾਣ ਸਕਦਾ ਹਾਂ।

ਪਾਸ਼ ਦੀ ਸਭ ਤੋਂ ਮਹੱਤਵਪੂਰਨ ਤੇ ਸਚਾਈ ਬਿਆਨ ਕਰਦੀ ਕਵਿਤਾ —
ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ,
ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ,
ਘਰ ਤੋਂ ਨਿਕਲਣਾ ਕੰਮ ’ਤੇ,
ਤੇ ਕੰਮ ਤੋਂ ਘਰ ਜਾਣਾ,
ਸਭ ਤੋਂ ਖਤਰਨਾਕ ਹੁੰਦਾ ਹੈ ,
ਸਾਡੇ ਸੁਪਨਿਆਂ ਦਾ ਮਰ ਜਾਣਾ।

ਦੋਸਤੋਂ ਜਦੋਂ ਦੀ ਪਾਸ਼ ਦੀ ਪਹਿਲੀ ਕਿਤਾਬ ਆਈ ਸੀ ਉਦੋਂ ਪਾਸ ਦੀ ਉਮਰ 20 ਸਾਲ ਤੋ ਘੱਟ ਸੀ ।ਪਾਸ ਦੀ ਪਹਿਲੀ ਕਿਤਾਬ ਲੋਹ ਕਥਾ 1970 ਵਿੱਚ ਛਪੀ ਸੀ।ਇਸ ਤੋਂ ਬਾਅਦ ਸਿਆੜ ਨਾਮੀ ਪਰਚੇ ਦੀ ਸਥਾਪਨਾ ਕੀਤੀ । ਪਾਸ਼ ਦੀ ਪ੍ਰਗਤੀਵਾਦੀ ਵਿਤਾ ਵਿਦਿਆਰਥੀਆਂ, ਕਮਿਊਨਿਸਟਾਂ ਅਤੇ ਖੱਬੇ-ਪੱਖੀ ਬੁੱਧੀਜੀਵੀਆਂ ਵਿੱਚ ਬਹੁਤ ਪ੍ਰਸਿੱਧ ਹੋਈ। ਪਾਸ਼ ਆਧੁਨਿਕ ਪੰਜਾਬੀ ਕਾਵਿ ਦਾ ਸਮਰੱਥਾਵਾਨ, ਚਿੰਤਨਸ਼ੀਲ ਤੇ ਮਕਬੂਲ ਕਵੀ ਹੋਇਆ ਹੈ। ਦੋਸਤੋਂ ਪਾਸ਼ ਹਮੇਸ਼ਾ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਖਹਿ ਕੇ ਲੰਘਦਾ ਰਿਹਾ, ਹਾਲਤਾਂ ਨਾਲ ਜੂਝਦਾ ਰਿਹਾ, ਸਮੇਂ ਨਾਲ ਲੜਦਾ ਰਿਹਾ, ਝੱਖੜਾਂ-ਹਨ੍ਹੇਰੀਆਂ ਵਿੱਚ ਵੀ ਚੌਰਾਹੇ ਦੀਵਾ ਬਾਲਣ ਦਾ ਹੌਂਸਲਾ ਰੱਖਦਾ ਰਿਹਾ।
ਡਾ. ਰਾਜਿੰਦਰ ਪਾਲ ਸਿੰਘ ਬਰਾੜ ਅਨੁਸਾਰ, "ਪਾਸ਼ ਨਾਬਰੀ ਤੇ ਬਰਾਬਰੀ ਦਾ ਸ਼ਾਇਰ ਸੀ ਜਿਸ ਨੂੰ ਮਾਨਵੀ ਸ਼ਾਨ ਵਾਲੀ ਜ਼ਿੰਦਗੀ ਜਿਉਣ ਦੀ ਤੀਬਰ ਲੋਚਾ ਸੀ।
ਦੋਸਤੋ ਇੱਕ ਵਾਰ ਪਾਸ਼ 1967 ਵਿੱਚ ਬਾਰਡਰ ਸਕਿਓਰਿਟੀ ਫੋਰਸ ਵਿੱਚ ਭਰਤੀ ਹੋ ਗਿਆ।ਪਰ ਉਸਨੇ ਇਹ ਨੌਕਰੀ ਜਲਦੀ ਹੀ ਛੱਡ ਦਿੱਤੀ ਸੀ।ਜਦੋਂ ਪਾਸ ਨੌਂਵੀਂ ਜਮਾਤ ਵਿੱਚ ਪੜਦਾ ਸੀ ਇੱਥੇ ਪਾਸ਼ ਦਾ ਇੱਕ ‘ਪ੍ਰਵੇਸ਼’ ਨਾਮ ਦੀ ਅਧਿਆਪਕਾ ਨਾਲ ਆਦਰਸ਼ਕ ਮੋਹ ਹੋ ਗਿਆ ਤੇ ਉਸ ਨੇ ਆਪਣਾ ਉਪਨਾਮ ‘ਪਾਸ਼’ ਵੀ ਇਸੇ ਅਧਿਆਪਕਾ ਦੇ ਨਾਮ ਦੇ ਪਹਿਲੇ ਤੇ ਆਖ਼ਰੀ ਅੱਖਰ ਨੂੰ ਜੋੜ ਕੇ ਬਣਾਇਆ।
1967 ਵਿੱਚ ਪਾਸ਼ ਨਕਸਲਬਾੜੀ ਵਿੱਚ ਸ਼ਾਮਿਲ ਹੋ ਗਿਆ। ਪਾਸ ਮਾਰਕਸਵਾਦ ਤੋ ਪ੍ਰਭਾਵਿਤ ਹੋਇਆ।
ਡਾ. ਤੇਜਵੰਤ ਸਿੰਘ ਗਿੱਲ ਅਨੁਸਾਰ "ਨਕੋਦਰ ਵਿੱਚ ਇੱਕ ਭੱਠਾ ਮਾਲਕ ਮੱਲ੍ਹਾ ਦੇ ਕਤਲ ਉੱਪਰੰਤ 10 ਮਈ, 1970 ਨੂੰ ਪਾਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ" ਤੇ ਅਗਲੇ ਸਾਲ ਸਤੰਬਰ ਵਿੱਚ ਉਸ ਦੀ ਰਿਹਾਈ ਸੰਭਵ ਹੋ ਸਕੀ। 1973 ਵਿੱਚ 'ਸਿਆੜ' ਪਰਚਾ ਬੰਦ ਹੋ ਗਿਆ ਅਤੇ 1974 ਵਿੱਚ ਪਾਸ਼ ਦੀ ਦੂਜੀ ਕਾਵਿ-ਪੁਸਤਕ 'ਉਡਦੇ ਬਾਜਾਂ ਮਗਰ' ਛਪੀ। ਕੁਝ ਸਮਾਂ 'ਦੇਸ-ਪ੍ਰਦੇਸ' (ਲੰਡਨ) ਦਾ ਪੱਤਰ-ਪ੍ਰੇਰਕ ਰਿਹਾ ਅਤੇ ਇਸੇ ਸਮੇਂ ਪਾਸ਼ ਨੇ ਮਿਲਖਾ ਸਿੰਘ ਐਥਲੀਟ ਦੀ 'ਸਵੈ-ਜੀਵਨੀ' 'ਫਲਾਇੰਗ ਸਿੱਖ’ ਲਿਖ ਕੇ ਦਿੱਤੀ ।
ਪਾਸ਼ ਨੇ ਮਾਰਕਸਵਾਦੀ ਵਿਚਾਰਧਾਰਾ ਦਾ ਚਿੰਤਨ/ਮੰਥਨ ਕਰਦੇ ਹੋਇਆ ਇਸਨੂੰ ਆਪਣੀ ਕਵਿਤਾ ਦਾ ਧੁਰਾ ਬਣਾਇਆ ਤੇ ਉਸ ਦੇ ਤੱਤੇ ਖੂਨ'ਚੋਂ ਉੱਬਲਦੀ ਕਵਿਤਾ ਪੈਦਾ ਹੋਈ ਜੋ ਕਵਿਤਾ ਆਪਣੇ ਸੀਨੇ ਅੰਦਰ ਕ੍ਰਾਂਤੀ ਦੀ ਤੜਪ/ਤਾਂਘ, ਸਮਾਜਿਕ ਬਰਾਬਰੀ ਦੀ ਇੱਛੁਕ ਅਤੇ ਲੋਟੂ ਸਮਾਜ ਦਾ ਤੀਬਰ ਵਿਰੋਧ ਕਰਦੀ ਹੋਈ ਪੈਦਾ ਹੋਈ ।ਦੋਸਤੋਂ ਮੈਨੂੰ ਵੀ ਪਾਸ਼ ਦੇ ਵਿਚਾਰਾਂ ਨੇ ਬਹੁਤ ਪ੍ਰਭਾਵਿਤ ਕੀਤਾ ਹੈ।
1985 ਵਿੱਚ ਪੰਜਾਬੀ ਸਾਹਿਤ ਅਕਾਦਮੀ ਨੇ ਪਾਸ਼ ਨੂੰ 1 ਸਾਲ ਦੀ ਫੈੱਲੋਸ਼ਿੱਪ ਦਿੱਤੀ। ਪਾਸ਼ ਨੇ ਬਾਹਰਲੇ ਦੇਸ਼ਾਂ ਦੀਆਂ ਕਾਫੀ ਫੇਰੀਆਂ ਲਾਈਆਂ, 1986 ਵਿੱਚ ਉਹ ਅਮਰੀਕਾ ਦੀ ਫੇਰੀ ਉੱਤੇ ਸੀ। ਇੱਥੋਂ ਉਸ ਨੇ ਐਂਟੀ 47 ਫਰੰਟ ਨਾਮੀ ਪਰਚਾ ਕੱਢਿਆ। ਇਸ ਪਰਚੇ ਵਿੱਚ ਉਸ ਨੇ 1980ਵਿਆਂ ਦੀ ਸਿੱਖ ਦੀ, ਵੱਖਰੇ ਸਿੱਖ ਰਾਜ ਖਾਲਿਸਤਾਨ ਦੀ ਮੰਗ ਦਾ ਵਿਰੋਧ ਕੀਤਾ। ਇਸ ਕਾਰਨ 23 ਮਾਰਚ 1988 ਨੂੰ ਉਸ ਦੇ ਖੇਤ ਵਿੱਚ ਕਤਲ ਕਰ ਦਿੱਤਾ।ਪਾਸ਼ ਨੇ ਕਈ ਮਹੱਤਵਪੂਰਨ ਕਿਤਾਬਾ ਸਾਹਿਤ ਦੀਆਂ ਝੋਲੀ ਵਿੱਚ ਪਾਈਆ ਜਿਵੇ ਕਿ ਲੋਹ ਕਥਾ (1970),ਉਡਦੇ ਬਾਜਾ ਮਗਰ (1973,ਸਾਡੇ ਸਮਿਆਂ ਵਿੱਚ (1978), ਅਤੇ ਖਿੱਲਰੇ ਹੋਏ ਵਰਕੇ ਆਦਿ ।ਅੱਜ ਵੀ ਪਾਸ਼ ਦੇ ਵਿਚਾਰ ਤੇ ਉਹਨਾਂ ਦੀਆ ਕਵਿਤਾਵਾਂ ਪੰਜਾਬੀ ਸਾਹਿਤ ਦੀ ਸ਼ਾਨ ਹਨ। ਪਾਸ਼ ਦੀਆਂ ਰਚਨਾਵਾਂ ਦੀ ਖਾਸੀਅਤ ਇਹ ਵੀ ਹੈ ਕਿ ਉਹ ਮਿਥਭੰਜਕ ਹਨ। ਉਸਨੇ ਮਿਥ ਦੀ ਗੁਲਾਮੀ ਦੇ ਸੰਦ ਵਜੋਂ ਪਹਿਚਾਣ ਕੀਤੀ ਹੈ।ਇਸ ਲਈ ਉਹ ਲੋਕ ਮਨਾਂ ਅੰਦਰ ਬੈਠੀਆਂ ਮਿਥਾਂ ਨੂੰ ਚਕਨਾਚੂਰ ਕਰਦਾ ਹੈ।
ਗਗਨਦੀਪ ਧਾਲੀਵਾਲ ।

ਮਨੁੱਖ ਦੀਆਂ ਕਿਸਮਾਂ✍️ ਸਲੇਮਪੁਰੀ ਦੀ ਚੂੰਢੀ

 ਆਮ ਤੌਰ 'ਤੇ ਸੰਸਾਰ ਵਿੱਚ ਮਨੁੱਖ ਦੀਆਂ ਤਿੰਨ ਕਿਸਮਾਂ ਹਨ, ਜਿਨ੍ਹਾਂ ਵਿੱਚ ਇੱਕ ਔਰਤ, ਦੂਜੀ ਮਰਦ ਅਤੇ ਤੀਜੀ ਕਿੰਨਰ ਹੈ, ਪਰ ਇਨ੍ਹਾਂ ਮਨੁੱਖਾਂ ਵਿਚ ਤਿੰਨ ਹੋਰ ਕਿਸਮ ਦੇ ਮਨੁੱਖ ਹੁੰਦੇ ਹਨ ਜਿਨ੍ਹਾਂ ਵਿਚ :-
-ਪਹਿਲੀ ਕਿਸਮ ਦੇ ਉਹ ਮਨੁੱਖ ਹੁੰਦੇ ਹਨ, ਜਿਹੜੇ ਨਾ ਤਾਂ ਕਿਸੇ ਦਾ ਨੁਕਸਾਨ ਕਰਦੇ ਹਨ ਅਤੇ ਨਾ ਹੀ ਕਿਸੇ ਦਾ ਫਾਇਦਾ ਕਰਦੇ ਹਨ, ਬਸ ਆਪਣੇ ਆਪ ਵਿੱਚ ਰਹਿੰਦੇ ਹੋਏ, ਸਰਲ ਜੀਵਨ ਬਤੀਤ ਕਰਦੇ ਹਨ। ਇਸ ਕਿਸਮ ਦੇ ਮਨੁੱਖ ਸ਼ਰੀਫ ਅਤੇ ਮਸਤ ਮੌਲਾ ਕਿਸਮ ਦੇ ਮਨੁੱਖ ਹੁੰਦੇ ਹਨ।
-ਦੂਜੀ ਕਿਸਮ ਦੇ ਉਹ ਮਨੁੱਖ ਹੁੰਦੇ ਹਨ, ਜਿਹੜੇ ਸਵੇਰੇ ਉੱਠ ਕੇ ਇਹ ਸੋਚਦੇ ਹਨ ਕਿ ਅੱਜ ਕਿੰਨੇ ਮਨੁੱਖਾਂ ਦਾ ਭਲਾ ਕਰਨਾ ਹੈ। ਇਸ ਕਿਸਮ ਦੇ ਮਨੁੱਖ ਹੰਕਾਰ ਰਹਿਤ ਹੁੰਦੇ ਹਨ। ਉਹ ਆਪਣਾ ਕੰਮ ਕਰਨ ਵਿਚ ਮੁਹਾਰਤ ਰੱਖਦੇ ਹਨ ਅਤੇ ਹੱਥੀਂ ਕਿਰਤ ਕਰਨ ਵਿਚ ਵਿਸ਼ਵਾਸ ਰੱਖਦੇ ਹਨ ਹਨ, ਨੇਕ ਕਮਾਈ ਕਰਦੇ ਹਨ। ਦੂਜਿਆਂ ਦਾ ਭਲਾ ਕਰਕੇ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਅਜਿਹੇ ਮਨੁੱਖ ਵਿਲੱਖਣ ਸੋਚ ਦੇ ਧਾਰਨੀ ਹੁੰਦੇ, ਜਿਨ੍ਹਾਂ ਨੂੰ ਲੋਕ ਬਹੁਤ ਪਸੰਦ ਕਰਦੇ ਹਨ, ਪਿਆਰ ਅਤੇ ਸਤਿਕਾਰ ਕਰਦੇ ਹਨ, ਕਿਉਂਕਿ ਅਜਿਹੇ ਮਨੁੱਖ ਸਮਾਜ ਦੀ ਬਿਹਤਰੀ ਲਈ ਰਾਹ ਦਿਸੇਰਾ ਬਣਦੇ ਹਨ ਅਤੇ ਸਮਾਜ ਲਈ ਵਰਦਾਨ ਸਾਬਤ ਹੁੰਦੇ ਹਨ।
-ਤੀਜੀ ਕਿਸਮ ਦੇ ਮਨੁੱਖ ਜਹਿਰੀਲੇ ਸੱਪ ਵਰਗੇ ਹੁੰਦੇ ਹਨ, ਜਿਹੜੇ ਰਾਤ ਵੇਲੇ ਸੌਣ ਤੋਂ ਪਹਿਲਾਂ ਇਹ ਸੋਚ ਕੇ ਸੌਂਦੇ ਹਨ ਕਿ ਸਵੇਰੇ ਉੱਠ ਕੇ ਕਿੰਨੇ ਮਨੁੱਖਾਂ ਦਾ ਘਾਣ ਕਰਨਾ ਹੈ, ਕਿਸ ਨੂੰ  ਜਲੀਲ ਕਰਨਾ, ਸੱਪ ਵਾਂਗ ਡੱਸਕੇ ਕਿੰਨੇ ਲੋਕਾਂ ਨੂੰ ਪ੍ਰੇਸ਼ਾਨ ਕਰਨਾ, ਕਿੰਨੇ ਮਨੁੱਖਾਂ ਨੂੰ ਬਲੈਕਮੇਲ ਕਰਕੇ ਉਨ੍ਹਾਂ ਨੂੰ ਦਬਾਉਣਾ ਜਾਂ ਫਿਰ ਬਲੈਕਮੇਲ ਕਰਕੇ ਜਾਂ ਡਰਾਕੇ ਉਨ੍ਹਾਂ ਦੀ ਜੇਬ ਵਿਚੋਂ ਪੈਸੇ ਕਢਵਾਉਣੇ ਹਨ, ਠੱਗੀ ਮਾਰਨੀ ਹੈ ਅਤੇ ਕਿੰਨੇ ਲੋਕਾਂ ਦਾ ਕੰਮ ਖਰਾਬ ਕਰਨਾ ਹੈ ਅਤੇ ਖੀਰ ਵਿਚ ਮਿੱਟੀ ਪਾਉਣੀ ਹੈ । ਅਜਿਹੇ ਮਨੁੱਖ ਮੂੰਹ ਦੇ ਮਿੱਠੇ ਹੁੰਦੇ ਹਨ, ਪਰ ਦੂਜਿਆਂ ਲਈ ਖੂਹ ਪੁੱਟਣ ਲਈ ਤਿਆਰ ਬਰ ਤਿਆਰ ਰਹਿੰਦੇ ਹਨ, ਲਾਲਚੀ ਇੰਨੇ ਹੁੰਦੇ ਹਨ, ਉਹ ਜਿਸ ਥਾਲੀ ਵਿਚ ਖਾਂਦੇ ਹਨ, ਉਥੇ ਹੀ ਛੇਕ ਕਰੀ ਜਾਂਦੇ ਹਨ, ਪਰ ਆਪਣੇ ਆਪ ਨੂੰ ਇਸ ਤਰ੍ਹਾਂ ਪੇਸ਼ ਕਰਦੇ ਹਨ, ਉਹ ਹੀ ਸਭ ਤੋਂ ਵੱਧ ਸਿਆਣੇ ਹਨ, ਬਾਕੀ ਸੱਭ ਮੂਰਖ ਹਨ, ਅਜਿਹੇ ਮਨੁੱਖ ਮਨੁੱਖ ਨਾ ਹੋ ਕੇ ਪਸ਼ੂ ਹੁੰਦੇ ਹਨ, ਪਸ਼ੂ ਬਿਰਤੀ ਵਾਲੇ ਮਨੁੱਖਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਇਹ ਲੋਕ ਆਪਣੇ ਕੰਮ ਵਿਚ ਤਾਂ ਨਖਿੱਧ ਹੁੰਦੇ ਹਨ, ਪਰ ਠੱਗੀਆਂ ਮਾਰਕੇ, ਹੋਰਨਾਂ ਦੀਆਂ ਚੁਗਲੀਆਂ ਕਰਕੇ ਅੱਗੇ ਵਧਣ ਲਈ ਬਹੁਤ ਹੁਸ਼ਿਆਰ ਅਤੇ ਚਲਾਕ ਹੁੰਦੇ , ਉਨ੍ਹਾਂ ਦਾ ਕਿੱਤਾ ਅਤੇ ਧਰਮ ਦੂਜਿਆਂ ਨਾਲ ਧੋਖਾਧੜੀ ਕਰਨਾ ਅਤੇ ਠੱਗੀ ਮਾਰਨਾ ਹੀ ਹੁੰਦਾ ਹੈ। ਉਹ ਆਪਣੀਆਂ ਵਲ-ਫਰੇਬ ਅਤੇ ਸਾਜਿਸ਼ ਭਿੱਜੀਆਂ ਗੱਲਾਂ ਨੂੰ ਹਰ ਰੋਜ ਨਵਾਂ ਰੂਪ ਦੇਣ ਲਈ ਪਾਲਿਸ਼ ਕਰਕੇ ਪੇਸ਼ ਕਰਦੇ ਹਨ ਅਤੇ ਆਪਣੀ ਝੂਠੀ ਗੱਲ ਨੂੰ ਸਹੀ ਬਣਾਉਣ ਲਈ ਆਪਣੇ ਨਾਲ ਰੱਖੇ 'ਜਮੂਰਿਆਂ' ਕੋਲੋਂ 'ਹਾਂ' ਵਿਚ 'ਹਾਂ' ਕਰਵਾਉਂਦੇ ਹਨ, ਹਾਲਾਂਕਿ ਇਹ 'ਜਮੂਰੇ' ਵੀ ਹਰ ਰੋਜ ਕਾਫਰ ਮਨੁੱਖ ਦੀ ਲੁੱਟ ਖਸੁੱਟ ਦਾ ਸ਼ਿਕਾਰ ਹੁੰਦੇ ਹਨ। ਦਗੇਬਾਜ ਮਨੁੱਖ ਦੀ ਲਪੇਟ ਵਿਚ ਆਏ ਉਸ ਦੇ ਜਮੂਰੇ ਅਕਸਰ ਮਾਨਸਿਕ ਅਤੇ ਆਰਥਿਕ ਤਸ਼ੱਦਦ ਦਾ ਸ਼ਿਕਾਰ ਹੁੰਦੇ ਹਨ, ਪਰ ਉਨ੍ਹਾਂ ਦੀ ਜਮੀਰ ਮਰ ਚੁੱਕੀ ਹੁੰਦੀ ਹੈ।
ਸਿਆਣਿਆਂ ਦਾ ਕਹਿਣਾ ਹੈ ਕਿ 100 ਦਿਨ ਸਾਧ ਦਾ ਤੇ ਇਕ ਦਿਨ ਚੋਰ ਦਾ ਆਉਂਦਾ ਹੈ, ਤੇ ਜਦੋਂ ਅਜਿਹੇ ਮਨੁੱਖਾਂ ਦੇ ਜੁੱਤੀਆਂ ਪੈਂਦੀਆਂ ਹਨ ਤਾਂ ਜੁੱਤੀਆਂ ਦੀ ਗਿਣਤੀ ਨਹੀਂ ਕੀਤੀ ਜਾਂਦੀ। ਠੱਗ ਮਨੁੱਖ ਦੀ ਮੌਤ ਵੀ ਬਹੁਤ ਦਰਦਨਾਕ ਢੰਗ ਨਾਲ ਹੁੰਦੀ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਅਜਿਹੇ ਮਨੁੱਖਾਂ ਦਾ ਹਸ਼ਰ ਅਤੇ ਅੰਤ ਬਹੁਤ ਬੁਰਾ ਹੁੰਦਾ ਹੈ, ਜਦੋਂ ਮੌਤ ਹੁੰਦੀ ਹੈ ਤਾਂ ਕੋਈ ਲਾਸ਼ ਲੈਣ ਲਈ ਵੀ ਤਿਆਰ ਨਹੀਂ ਹੁੰਦਾ। ਭੋਲੇ-ਭਾਲੇ ਲੋਕਾਂ ਨਾਲ ਜਿਆਦਾ ਲੰਬਾ ਸਮਾਂ ਨਾ ਤਾਂ ਠੱਗੀਆਂ ਮਾਰੀਆਂ ਜਾ ਸਕਦੀਆਂ ਹਨ, ਨਾ ਖਿਲਵਾੜ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਦੂਜਿਆਂ ਨੂੰ ਲੰਬਾ ਸਮਾਂ ਬੇਵਕੂਫ ਬਣਾਇਆ ਜਾ ਸਕਦਾ ਹੈ, ਕਿਉਂਕਿ 'ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜ੍ਹਦੀ'। ਤੀਜੀ ਕਿਸਮ ਦੇ ਮਨੁੱਖ  'ਚਗਲ' ਹੁੰਦੇ ਹਨ ਕਿਉਂਕਿ ਉਨ੍ਹਾਂ ਦੀ ਜਿੰਦਗੀ ਦਾ ਇੱਕੋ ਇੱਕ ਨਿਸ਼ਾਨਾ ਠੱਗੀਆਂ ਮਾਰਕੇ  ਪੈਸੇ ਇਕੱਠੇ ਕਰਨਾ ਹੁੰਦਾ ਹੈ। ਉਹ ਪੈਸੇ ਦੇ ਲਾਲਚ ਵਿਚ ਇਸ ਹੱਦ ਤੱਕ ਡਿੱਗ ਜਾਂਦੇ ਹਨ, ਕਿ ਸੋਚਿਆ ਵੀ ਨਹੀਂ ਜਾ ਸਕਦਾ। ਸੋ ਅਜਿਹੇ ਘਟੀਆ ਪੱਧਰ ਦੇ ਮਨੁੱਖਾਂ ਤੋਂ ਦੂਰੀ ਬਣਾ ਕੇ ਰੱਖਣ ਵਿਚ ਹੀ ਭਲਾ ਹੁੰਦਾ ਹੈ। ਇਨ੍ਹਾਂ ਮਨੁੱਖਾਂ ਦੀ ਜਿੰਦਗੀ ਦਾ ਸਿਰਫ ਇਕ ਨਿਸ਼ਾਨਾ ਹੁੰਦਾ ਹੈ ਕਿ ਸਿੱਧੇ ਅਤੇ ਅਸਿੱਧੇ ਢੰਗ ਨਾਲ ਲੋਕਾਂ ਦੀ ਲੁੱਟ-ਖਸੁੱਟ ਕਰਕੇ ਕਾਰਾਂ - ਕੋਠੀਆਂ ਖਰੀਦਣੀਆਂ ਅਤੇ ਜਲਦੀ ਅਮੀਰ ਬਣਨ ਦੇ ਸੁਪਨੇ ਲੈਣੇ ਅਤੇ ਦੂਜੇ ਲੋਕਾਂ ਦੀਆਂ ਭਾਵਨਾਵਾਂ ਦਾ ਕਤਲ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਵਿੱਚ ਵਾਧਾ ਕਰਕੇ ਖੁਸ਼ੀ ਮਹਿਸੂਸ ਕਰਨਾ। ਅਜਿਹੇ ਮਨੁੱਖਾਂ ਦੀਆਂ ਕਾਲੀਆਂ ਕਰਤੂਤਾਂ ਬਾਰੇ ਸਮਾਜ ਨੂੰ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ।

-ਸੁਖਦੇਵ ਸਲੇਮਪੁਰੀ
09780620233
9 ਸਤੰਬਰ, 2021

7 ਸਤੰਬਰ ਪਹਿਲਾ ਪ੍ਰਕਾਸ਼ ਦਿਹਾੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ✍️ ਮਨਜੀਤ ਸਿੰਘ ਹਡਰਸਫੀਲਡ ਇੰਗਲੈਂਡ

ਗੁਰੂ ਸਾਹਿਬ ਸਿਖ ਧਰਮ ਦਾ ਪਹਿਲਾ ,ਪਵਿਤਰ ,ਧਾਰਮਿਕ ਗਰੰਥ ਹੈ ਤੇ ਸਿਖਾਂ ਲਈ ਗੁਰੂ ਗੋਬਿੰਦ ਸਿੰਘ ਜੀ ਤੋ ਬਾਅਦ 11 ਜਗਦੀ ਜੋਤ ਗੁਰੂ ਸਹਿਬਾਨ ਹਨ ,ਜਿਸ ਵਿਚ 1469 -1708 ਤਕ  ਸਿਖ ਗੁਰੂਆਂ ਦੀ ਰਚੀ ਤੇ ਇੱਕਤਰ ਕੀਤੀ ਬਾਣੀ ਦਾ ਭਰਪੂਰ ਖਜਾਨਾ ਹੈ । ਇਹ ਸੰਸਾਰ  ਦੇ ਧਾਰਮਿਕ ਇਤਿਹਾਸ ਵਿਚ ਪਹਿਲਾ ਪ੍ਰਮਾਣਿਕ ਧਾਰਮਿਕ ਗਰੰਥ ਹੈ ਜਿਸਦੀ ਰਚਨਾ ਪੰਜਵੇਂ  ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਖੁਦ 1601 ਵਿਚ ਆਰੰਭ ਕਰਕੇ  1604 ਵਿਚ ਸੰਪੂਰਨ ਕੀਤੀ ।  ਇਸ ਵਿਚ ਛੇ ਗੁਰੂਆਂ ,ਪਹਿਲੇ ਪੰਜ ਤੇ ਨੌਵੇ ਗੁਰੂ ਸਾਹਿਬਾਨ ਦੀ ਬਾਣੀ, 15 ਭਗਤਾਂ, 11 ਭਟਾਂ ਤੇ ਉਸ ਵੇਲੇ ਦੇ ਗੁਰਸਿਖਾਂ ਦੀ ਬਾਣੀ ਦਾ ਭਰਪੂਰ ਖਜਾਨਾ ਮੌਜੂਦ ਹੈ ।  7 ਸਤੰਬਰ 1604 ਈ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਸ ਮਹਾਨ ਗ੍ਰੰਥ ਦਾ ਪਹਿਲਾ ਪ੍ਰਕਾਸ਼ ਕੀਤਾ । ਬਾਬਾ ਬੁੱਢਾ ਸਾਹਿਬ ਜੀ ਨੂੰ ਇਸਦਾ ਪਹਿਲਾ ਗ੍ਰੰਥੀ ਥਾਪਿਆ ਗਿਆ

 ਗੁਰੂ ਗਰੰਥ ਸਾਹਿਬ ਦੀ ਸੰਪਾਦਨਾ

ਗੁਰੂ ਗਰੰਥ ਸਾਹਿਬ ਦੀ ਸੰਪਾਦਨਾ ਦੇ ਪਿਛੇ ਗੁਰੂ ਅਰਜਨ ਦੇਵ  ਜੀ ਤੇ ਪਹਿਲੇ ਚਾਰ ਗੁਰੂ ਸਾਹਿਬਾਨਾ ਦੀ ਬਾਣੀ ਦੀ ਸਾਂਭ -ਸੰਭਾਲ ਕਰਣਾ, ਕਈ  ਵਰਿਆਂ  ਦੀ ਘਾਲਣਾ ਸੀ । ਜਨਮ ਸਾਖੀਆਂ ਤੇ ਭਾਈ ਗੁਰਦਾਸ ਜੀ ਦੀ ਬਾਣੀ ਤੋਂ ਇਹ ਸੰਕੇਤ  ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਹਰ ਵਕਤ ਆਪਣੇ ਨਾਲ ਇਕ ਪੋਥੀ ਰਖਦੇ ਜੋ  ਉਹਨਾਂ  ਆਪਣੇ ਰੱਬੀ ਕਲਾਮ ਤੇ ਹੋਰ ਸੂਫ਼ੀ ਸੰਤਾ ਭਗਤਾਂ ਦੀ ਬਾਣੀ ਦਾ ਸੰਗ੍ਰਹਿ ਹੀ ਹੋ ਸਕਦਾ ਹੈ । ਗੁਰੂ ਪਰੰਪਰਾ ਅਨੁਸਾਰ ਹਰ ਗੁਰੂ ਨੇ ਗੁਰਗੱਦੀ ਦੇਣ ਸਮੇ ਇਹ ਪੋਥੀ ਆਪਣੇ ਉਤਰਾਧਿਕਾਰੀ ਨੂੰ ਗੁਰਗੱਦੀ ਦੇ ਨਾਲ ਹੀ ਦਿਤੀ । ਬਾਣੀ ਨੂੰ ਇੱਕਤਰ ਕਰਨ ਦਾ ਪ੍ਰਵਾਹ  ਪੰਚਮ ਪਾਤਸ਼ਾਹ ਤੱਕ ਨਿਰੰਤਰ ਚਲਦਾ ਰਿਹਾ ।
ਬਾਣੀ ਦੀ  ਸੰਪਾਦਨਾ  ਦਾ ਨਿਰਣਾ ਪੰਚਮ ਪਾਤਸ਼ਾਹ ਨੇ ਉਸ ਵੇਲੇ ਲਿਆ ਜਦੋਂ ਬਾਬਾ ਪ੍ਰਿਥੀ ਚੰਦ ਨੇ ਪਿੰਡ ਹੇਹਰੀ ਵਿਚ ਦਰਬਾਰ ਸਾਹਿਬ ਦੀ ਸ਼ਕਲ ਵਿਚ ਹਰਿਮੰਦਰ ਸਾਹਿਬ ਤਲਾਬ ਬਣਾ ਲਿਆ। ਪੋਥੀ ਸਾਹਿਬ ਦੇ ਟਾਕਰੇ ਵਿਚ ਪੋਥੀ ਰਚਕੇ, ਪੀਰ, ਪੈਗੰਬਰਾਂ ਦੀਆਂ ਵਾਰਾ, ਕਥਾ ਰਾਮਾਇਣ, ਮਹਾਭਾਰਤ, ਹਜਰਤ ਮੁੰਹਮਦ ਸਾਹਿਬ, ਅਮਾਮ ਹਸਨ, ਹੁਸੈਨ ਦੀਆਂ ਬਾਣੀਆਂ ਪ੍ਰਚਲਿਤ ਕਰ ਦਿੱਤੀਆ। ਨਾਨਕ ਨਾਉ ਦੀ ਛਾਪ ਲਗਾਣੀ ਸ਼ੁਰੂ ਕਰ ਦਿੱਤੀ।
             ਸੂਰਦਾਸ ਦਾਦੂ ਜਸ ਕੀਨਾ॥ ਕਾਨ ਦਾਮ ਤੇਰੇ ਨਾਮ ਸੰਗ ਲੀਨਾ॥
             ਨੇਤਿ ਨੇਤਿ ਕਰ ਵੇਦ ਸੁਨਾਵੇ॥ ਸੰਤ ਧੂਰ ਨਾਨਕ ਜਨ ਪਾਵੇ॥

 ਪ੍ਰਿਥੀਆ  ਜੋ ਸ਼ੁਰੂ ਤੋਂ ਹੀ ਗੁਰੂ ਘਰ ਦਾ ਵਿਰੋਧੀ ਰਿਹਾ ਤੇ ਉਸਦੇ ਪੁਤਰ  ਮੇਹਰਬਾਨ ਨੇ ਗੁਰੂ ਅਰਜੁਨ ਦੇਵ ਜੀ ਦੇ ਮੁਕਾਬਲੇ ਤੇ ਆਪੋ -ਆਪਣੀ ਰਚਨਾ ਨੂੰ ਗੁਰੂ ਸਹਿਬਾਨਾਂ ਦੀ ਗੁਰਬਾਣੀ ਨਾਲ ਰਲਾਕੇ ਸਿਖਾਂ ਵਿਚ ਪ੍ਰਚਲਤ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਸਾਹਿਬ ਤੋਂ ਬਾਅਦ ਹਰ ਗੁਰੂ ਸਾਹਿਬਾਨ ਨੇ ਆਪਣਾ ਨਾਂ ਦੇਣ ਦੀ ਬਜਾਏ ਆਖਿਰ ਵਿਚ ਨਾਨਕ ਲਾਇਆ। ਜਿਸਦਾ ਫਾਇਦਾ ਉਠਾ ਕੇ ਪ੍ਰਿਥੀਏ ਨੇ ਬਾਣੀ ਨੂੰ ਖੰਡਨ ਕਰਨ ਦੀ ਕੋਸ਼ਿਸ਼ ਕੀਤੀ।  ਹੋਰ ਵੀ ਕਈ ਭੇਖੀ, ਜੋ ਸਿੱਖੀ ਦੇ ਵਿਰੋਧੀ ਸੀ, ਸਿੱਖੀ ਦੇ ਉਪਦੇਸ਼, ਅਸੂਲਾਂ , ਸਿਧਾਂਤਾ,ਨਿਸਚਿਆਂ ਦੇ ਆਦਰਸ਼ਾਂ  ਵਿਚ ਹੇਰ ਫੇਰ ਕਰ ਸਕਦੇ ਸੀ।
ਸੋ ਗੁਰੂ ਸਾਹਿਬ ਨੇ ਇਥੇ ਹੀ ਇਸਤੇ ਰੋਕ ਲਗਾਉਣ ਲਈ ਤੇ ਗੁਰਬਾਣੀ ਨੂੰ ਸ਼ੁਧ ਤੇ ਆਪਣਾ ਅਸਲੀ ਰੂਪ ਦੇਣ ਲਈ ਜਿਸ ਵਿਚ ਏਕਤਾ, ਸਾਂਝੀਵਾਲਤਾ, ਊਚ-ਨੀਚ, ਜਾਤ-ਪਾਤ ਤੇ ਹੋਰ ਫਿਰਕਿਆਂ ਦਾ ਭੇਦ-ਭਾਵ ਨਾ ਹੋਵੇ, ਚਾਰੋ ਗੁਰੂ ਸਾਹਿਬਾਨਾ, ਉਨ੍ਹਾਂ ਦੀ ਆਪਣੀ ਬਾਣੀ ਤੇ ਹੋਰ ਭਗਤਾ ਦੀ  ਬਾਣੀ ਨੂੰ ਲਿਖਤੀ ਰੂਪ ਦੇ ਕੇ ਇਕ ਗ੍ਰੰਥ ਸਾਹਿਬ ਦੀ ਸਥਾਪਨਾ ਕਰਨ ਦਾ ਫੈਸਲਾ ਕਰ ਲਿਆ।ਬਾਣੀ ਨੂੰ ਇੱਕਤਰ ਕਰਨ ਦੇ ਮੁਖ ਸਰੋਤ ਬਾਬਾ ਮੋਹਰੀ ਜੀ ਦੇ ਪੁਤਰ ਸੰਗਰਾਮ , ਬਾਬਾ ਸੁੰਦਰ ਜੀ ਤੇ ਗੁਰੂ ਘਰ ਦੇ ਸਮਕਾਲੀ ਰਾਗੀ -ਰਬਾਬੀ ਤੇ ਉਸ ਵੇਲੇ ਦੇ ਭੱਟ ,ਭਗਤ ,ਸੰਤ ,ਸੂਫ਼ੀ ਤੇ ਫਕੀਰ ਸਨ ।
ਪਹਿਲੇ ਚਹੂੰਆਂ  ਗੁਰੂ ਸਾਹਿਬਾਨਾ ਦੀ ਬਾਣੀ ਨੂੰ ਇਕੱਠਾ ਕੀਤਾ ਫਿਰ ਆਪਣੀ ਬਾਣੀ, ਫਿਰ  ਸੰਤਾਂ  ਭਗਤਾ ,ਸਿਖਾਂ ਤੇ ਭਟਾਂ ਦੀ ਬਾਣੀ ਨੂੰ ਵੀ ਗੁਰੂ ਸਾਹਿਬਾਨਾ ਦੀ ਬਾਣੀ ਦੇ ਬਰਾਬਰ  ਥਾਂ ਦਿਤੀ , ਉਹ ਬਾਣੀ ਜੋ ਗੁਰੂ ਸਾਹਿਬ ਦੀ ਕਸੌਟੀ ਤੇ ਖਰੀ ਉਤਰਦੀ ਹੋਵੇ। ਦਰਜ ਕਰਨ ਲਗਿਆ ਕਿਸੇ ਭਗਤ ਦੀ ਕੋਈ ਜਾਤ-ਪਾਤ, ਅਮੀਰੀ, ਗਰੀਬੀ, ਊਚ-ਨੀਚ, ਕਿਤਾ, ਇਲਾਕਾ, ਹਦ, ਸਰਹਦ ਨੂੰ ਅਧਾਰ ਨਹੀਂ ਬਣਾਇਆ। ਕੇਵਲ ਤੇ ਕੇਵਲ ਸਾਂਝੀਵਾਲਤਾ ਤੇ ਆਦਰਸ਼ਾ ਨੂੰ ਮੁਖ ਰਖਕੇ, ਅਕਾਲ ਪੁਰਖ ਤੇ ਵਿਸ਼ਵਾਸ ਰਖਣਾ ਮੰਨਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਬਾਬਾ ਫਰੀਦ (ਸੂਫੀ ਮੂਸਲਮਾਨ), ਰਵਿਦਾਸ (ਚਮਾਰ), ਧੰਨਾ (ਜੱਟ), ਕਬੀਰ (ਜੁਲਾਹਾ), ਸੈਨ (ਨਾਈ), ਨਾਮਦੇਵ (ਬਿਠਲ ਭਗਤ), ਸੂਰਦਾਸ (ਕ੍ਰਿਸ਼ਨ ਭਗਤ) ਆਦਿ ਭਾਰਤ ਦੇ ਵੱਖ ਵੱਖ ਭਾਗਾਂ, ਜਾਤਾਂ, ਧਰਮਾਂ ਦੇ ਸਨ ਜਿਨ੍ਹਾਂ ਦੀਆਂ ਰਚਨਾਵਾਂ ਦੇ ਵੱਖ ਵੱਖ ਫੁੱਲਾਂ ਨਾਲ ਗੁੰਦਿਆ ਗੁਲਦਸਤਾ ਹੈ ਜਿਸ ਵਿਚੋਂ ਇਕੋ ਇਕ ਅਕਾਲ ਪੁਰਖ, ਪਰਮਾਤਮਾ ਦੀ ਮਹਿਕ ਆਉਂਦੀ ਹੈ ਜੋ ਮਨੁੱਖ ਨੂੰ ਰੂਹਾਨੀ ਸਰੂਰ ਵਿਚ ਰੰਗ ਦਿੰਦੀ ਹੈ। ਸਭ ਭਗਤਾਂ ਨੂੰ ਗੁਰੂ ਸਾਹਿਬਾਨ ਨੇ  ਬਰਾਬਰ ਸਨਮਾਨ ਦਿੱਤਾ ਗਿਆ ਹੈ। ਵੱਖਰੇਪਣ ਦੀ ਕੋਈ ਭਾਵਨਾ ਨਹੀਂ। ਨੀਚ ਕਹਿ ਕੇ ਦੁਰਕਾਰੇ ਲੋਕਾਂ ਦੀ ਭਾਸ਼ਾ ਨੂੰ ਪੂਰਾ ਪੂਰਾ ਮਾਣ ਸਤਿਕਾਰ ਦਿੱਤਾ ਗਿਆ ਹੈ ਜੋ ਗੁਰੂ ਸਹਿਬਾਨਾ ਨਾਲ ਤੇ ਹੋਰ ਬਾਣੀ ਦੇ  ਰਚਨਕਾਰਾਂ ਨਾਲ ਬਰਾਬਰ ਖਲੋਤੇ ਹਨ।

ਇਨ੍ਹਾ  ਭਗਤਾਂ ਵਿਚ ਕੋਈ ਹਿੰਦੂ ,ਕੋਈ ਮੁਸਲਮਾਨ , ਕਿਸੇ ਦੀ ਬੋਲੀ ਬ੍ਰਿਜ ਹੈ  ,  ਤੇ ਕਿਸੇ ਦੀ ਬੋਲੀ ਤੇ ਸੰਸਕ੍ਰਿਤ ਦਾ ਅਸਰ ਹੈ , ਕਿਸੇ ਵਿਚ ਫ਼ਾਰਸੀ ਦਾ ਪ੍ਰਭਾਵ ਝਲਕਦਾ ਹੈ । ਇਹੀ ਕਾਰਨ ਹੈ ਕਿ ਗਰੰਥ ਸਾਹਿਬ ਵਿਚ ਸ਼ਾਮਿਲ ਬਾਣੀ ਦੇਸ਼ ਦੇ ਵਖ ਵਖ ਭਾਗਾਂ ਵਿਚ ਪ੍ਰਚਲਿਤ ਬੋਲੀਆਂ, ਉਪ੍ਬੋਲੀਆਂ ਜਿਵੇਂ ਲਹਿੰਦੀ ਪੰਜਾਬੀ , ਬ੍ਰਿਜ ਭਾਸ਼ਾ , ਖੜੀ ਬੋਲੀ ,ਸੰਸਕ੍ਰਿਤ ਅਤੇ ਫ਼ਾਰਸੀ ਦਾ ਸੰਗ੍ਰਹਿ ਹੈ ।  ਗੁਰੂ ਗ੍ਰੰਥ ਸਾਹਿਬ ਕੇਵਲ ਧੁਰ ਕੀ ਬਾਣੀ-ਅਕਾਲ ਪੁਰਖ ਦੀ ਬਾਣੀ ਦੇ ਨਾਲ ਨਾਲ ਸੂਫੀ, ਸੰਤਾਂ, ਭਗਤਾ ਤੇ ਭਟਾਂ  ਦੇ ਹਿਰਦਿਆਂ ਵਿਚੋਂ ਨਿਕਲਿਆ ਉਸ ਅਕਾਲ ਪੁਰਖ ਲਈ ਪਿਆਰ ਤੇ ਸ਼ਰਧਾ ਦਾ ਪ੍ਰਗਟਾਵਾ ਹੈ।
ਇਸ ਮਹਾਨ ਕਾਰਜ ਲਈ ਗੁਰੂ ਸਾਹਿਬ ਨੇ ਉਚੇਚਾ ਇਕਾਂਤ ਵਿਚ ਥਾਂ, ਜਿਥੇ ਜੰਡ,ਬੋਹੜ, ਅਜੀਰ ਤੇ ਪਿਪਲ ਦੇ ਦਰਖਤਾਂ ਦੀ ਛਾਂ ਤੇ ਹਰਿਆਵਲੀ ਸੀ, ਜਿਥੇ ਰਾਮਸਰ ਸਰੋਵਰ ਦੀ ਖੁਦਾਈ ਕਰਵਾਈ ਸੀ, ਉਸਦੇ ਕੰਢੇ ਤੇ ਸੰਮਤ 1603 ਵਿਚ ਭਾਈ ਗੁਰਦਾਸ ਜੀ ਤੇ  ਕੁਝ ਹੋਰ ਸਿੱਖਾਂ ਦੀ ਮਦਦ ਨਾਲ ਲਿਖਾਈ ਆਰੰਭ ਕੀਤੀ। ਬਾਬਾ ਬੁੱਢਾ ਸਾਹਿਬ ਨੂੰ ਅੰਮ੍ਰਿਤਸਰ ਟਿਕਾਣਾ ਕਰਨ ਲਈ ਕਿਹਾ ਤਾਂ ਕਿ ਆਈਆਂ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹਿਣ। ਭਾਂਈ ਬੰਨੋ ਤੇ ਕੁਝ ਹੋਰ ਸਿੱਖਾਂ ਤੋਂ ਇਸ ਬੀੜ ਦੇ ਕਈ ਹੋਰ ਉਤਾਰੇ ਤਿਆਰ ਕਰਵਾਏ, ਤਾਂਕਿ ਦੁਰਾੜੇ ਬੈਠੀਆਂ ਸੰਗਤਾਂ ਵੀ ਇਸਦਾ ਰਸ ਮਾਣ ਸਕਣ, ਜਿਲਦ ਦੀ  ਸੇਵਾ ਲਈ ਭਾਈ ਬੰਨੋਂ ਨੂੰ ਲਾਹੌਰ ਭੇਜਿਆ ।
ਆਦਿ ਗਰੰਥ ਸਾਹਿਬ ਨੂੰ ਚਾਰ ਹਿੱਸਿਆ ਵਿਚ ਵੰਡਿਆ। ਪਹਿਲਾ ਪ੍ਰਸਤਾਵਨਾ, ਫਿਰ ਰਾਗਾਂ ਵਿਚ ਬਾਣੀ, ਰਾਗਾਂ ਤੋਂ ਬਾਹਰ ਸਲੋਕ, ਸਹਸਕ੍ਰਿਤੀ, ਗਾਥਾ, ਫੁਨੇਹ ਚਉਬੋਲੇ, ਸਵਈਏ ਅਤੇ ਆਖਿਰ ਵਿਚ ਸਲੋਕ ਵਾਰਾਂ  ਤੇ ਵਧੀਕ ਲਿਖਕੇ ਮੁੰਦਾਵਣੀ ਦੀ ਮੋਹਰ ਲਗਾ ਦਿੱਤੀ। ਬਾਣੀ ਹੇਠ ਲਿਖੇ ਤੀਹ ਰਾਗਾਂ ਵਿਚ ਲਿਖੀਆਂ ਹਨ ।  ਇਕ ਰਾਗ ਜੈ ਜੈ ਵੰਤੀ 31 ਵਾਂ ਰਾਗ,  ਬਾਅਦ ਵਿਚ  ਗੁਰੂ ਗ੍ਰੰਥ ਸਾਹਿਬ ਦਾ ਅੰਗ ਬਣਿਆ ਜਦੋਂ ਗੁਰੂ ਗੋਬਿੰਦ ਸਿੰਘ ਨੇ ਦਮਦਮੀ ਬੀੜ ਤਿਆਰ ਕਰਵਾਈ , ਗੁਰੂ ਤੇਗ ਬਹਾਦਰ ਦੀ ਬਾਣੀ ਸ਼ਾਮਲ ਕਰਦਿਆਂ  ਇਸ ਰਾਗ ਨੂੰ ਵੀ ਸ਼ਾਮਲ ਕੀਤਾ ।   –

ਸਿਰੀ ਰਾਗ(14-93)

ਮਾਝ ਰਾਗੁ(94-150)

ਗਉੜੀ ਰਾਗੁ(151-346)

ਆਸਾ ਰਾਗੁ(347-488)

ਗੂਜਰੀ ਰਾਗੁ(489-526)

ਦੇਵਗੰਧਾਰੀ ਰਾਗੁ(527-536)

ਬਿਹਾਗੜਾ ਰਾਗੁ(537-556)

ਵਡਹੰਸ ਰਾਗੁ (557-594)

ਸੋਰਠ ਰਾਗੁ (595-659)

ਧਨਾਸਰੀ ਰਾਗੁ (660-695)

ਜੈਤਸਰੀ ਰਾਗੁ (696-710)

ਟੋਡੀ ਰਾਗੁ (711-718)

ਬੈਰਾੜੀ ਰਾਗੁ (719-720)

ਤਿਲੰਗ ਰਾਗੁ (721-727)

ਸੂਹੀ ਰਾਗੁ (728-794)

ਬਿਲਾਵਲ ਰਾਗੁ (795-858)

ਗੌਂਡ ਰਾਗੁ (854-875)

ਰਾਮਕਲੀ ਰਾਗੁ (876-974)

ਨਟ ਨਰਾਇਣ ਰਾਗੁ (975-983)

ਮਾਲਿ ਗਉੜਾ ਰਾਗੁ (984-988)

ਮਾਰੂ ਰਾਗੁ(989-1106)

ਤੁਖਾਰੀ ਰਾਗੁ (1107-1117)

ਕੇਦਾਰ ਰਾਗੁ (1118-1124)

ਭੈਰਉ ਰਾਗੁ(1125-1167)

ਬਸੰਤੁ ਰਾਗੁ (1158-1196)

ਸਾਰੰਗ ਰਾਗੁ (1197-1253)

ਮਲਾਰ ਰਾਗੁ (1254-1293)

ਕਾਨੜਾ ਰਾਗੁ (1294-1318)

ਕਲਿਆਣ ਰਾਗੁ (1319-1326)

ਪਰਭਾਤੀ ਰਾਗੁ (1327-1351)

ਜੈਜਾਵੰਤੀ ਰਾਗੁ (1352-1353)

ਸਲੋਕ ਸਹਸਕ੍ਰਿਤੀ(1353-1360)

ਗਾਥਾ,ਫ਼ੁਨਹੇ ਤੇ ਚਉਬੋਲੇ(1360-1364)

ਸਲੋਕ ਕਬੀਰ(1364-1377)

ਸਲੋਕ ਫ਼ਰੀਦ(1377-1384)

ਸਵੱਈਏ(1385-1409)

ਸਲੋਕ ਵਾਰਾਂ ਤੌਂ ਵਧੀਕ(1410-1429)

ਮੁੰਦਾਵਣੀ ਤੇ ਰਾਗਮਾਲਾ(1429-1430)

ਸ਼ੁਰੂਆਤ ਗੁਰੂ ਨਾਨਕ ਸਾਹਿਬ ਦੀ ਬਾਣੀ ਜਪੁਜੀ ਸਾਹਿਬ ਤੋਂ ਕੀਤੀ ਜੋ ਉਨ੍ਹਾਂ ਨੇ ਆਪਣੀ ਹੱਥੀ ਲਿਖੀ। ਪਹਿਲੇ ਚਾਰ ਗੁਰੂ ਸਾਹਿਬਾਨ ਦੇ ਸ਼ਬਦ ਫਿਰ ਆਪਣੀ ਬਾਣੀ-ਸਿਰਲੇਖ ਵਿਚ ਨਾਂ ਸਿਰਫ ਗੁਰੂ ਨਾਨਕ ਸਾਹਿਬ ਦਾ ਲਿਖਿਆ- ਉਸਤੋਂ ਬਾਅਦ ਗੁਰੂ ਸਾਹਿਬਾਨਾ ਦੀ ਸਾਰੀ ਬਾਣੀ ਮਹੱਲਾ-(ਜਾਮਾ) 1-2-3-4-5 ਇਸ ਤਰਤੀਬ ਨਾਲ ਛੰਦ, ਅਸਰਟਪਦੀਆਂ ਤੇ ਲੰਮੀਆ ਬਾਣੀਆਂ ਲਿਖੀਆ। ਫਿਰ ਭਗਤਾ, ਸਿਖਾ ਤੇ ਭਟਾਂ  ਦੀਆਂ ਬਾਣੀਆਂ ਦਰਜ ਕੀਤੀਆ।  ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿੱਚੋਂ 22 ਰਾਗਾਂ ਵਿੱਚ ਭਗਤਾਂ ਦੀ ਬਾਣੀ ਹੈ। ਭਗਤਾਂ ਦੇ ਸਾਰੇ ਸ਼ਬਦ 349 ਹਨ, ਅਤੇ ਭਗਤ-ਬਾਣੀ ਵਿੱਚ 3 ਸ਼ਬਦ ਗੁਰੂ ਅਰਜਨ ਸਾਹਿਬ ਜੀ ਦੇ ਭੀ ਹਨ ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਬਾਬਾ ਫਰੀਦ (ਸੂਫੀ ਮੂਸਲਮਾਨ), ਰਵਿਦਾਸ (ਚਮਾਰ), ਧੰਨਾ (ਜੱਟ), ਕਬੀਰ (ਜੁਲਾਹਾ), ਸੈਨ (ਨਾਈ), ਨਾਮਦੇਵ (ਬਿਠਲ ਭਗਤ), ਸੂਰਦਾਸ (ਕ੍ਰਿਸ਼ਨ ਭਗਤ) ਆਦਿ ਭਾਰਤ ਦੇ ਵੱਖ ਵੱਖ ਭਾਗਾਂ, ਜਾਤਾਂ, ਧਰਮਾਂ ਦੇ ਸਨ ਜਿਨ੍ਹਾਂ ਦੀਆਂ ਰਚਨਾਵਾਂ ਦੇ ਵੱਖ ਵੱਖ ਫੁੱਲਾਂ ਨਾਲ ਗੁੰਦਿਆ ਗੁਲਦਸਤਾ ਹੈ ਜਿਸ ਵਿਚੋਂ ਇਕੋ ਇਕ ਅਕਾਲ ਪੁਰਖ, ਪਰਮਾਤਮਾ ਦੀ ਮਹਿਕ ਆਉਂਦੀ ਹੈ ਜੋ ਮਨੁੱਖ ਨੂੰ ਰੂਹਾਨੀ ਸਰੂਰ ਵਿਚ ਰੰਗ ਦਿੰਦੀ ਹੈ। ਸਭ ਭਗਤਾਂ ਨੂੰ ਗੁਰੂ ਸਾਹਿਬਾਨ ਨੇ  ਬਰਾਬਰ ਸਨਮਾਨ ਦਿੱਤਾ ਗਿਆ ਹੈ। ਵੱਖਰੇਪਣ ਦੀ ਕੋਈ ਭਾਵਨਾ ਨਹੀਂ। ਨੀਚ ਕਹਿ ਕੇ ਦੁਰਕਾਰੇ ਲੋਕਾਂ ਦੀ ਭਾਸ਼ਾ ਨੂੰ ਪੂਰਾ ਪੂਰਾ ਮਾਣ ਸਤਿਕਾਰ ਦਿੱਤਾ ਗਿਆ ਹੈ ਜੋ ਗੁਰੂ ਸਹਿਬਾਨਾ ਨਾਲ ਤੇ ਹੋਰ ਬਾਣੀ ਦੇ  ਰਚਨਕਾਰਾਂ ਨਾਲ ਬਰਾਬਰ ਖਲੋਤੇ ਹਨ।

ਭਗਤ ਦੀ ਬਾਣੀ  

ਭਗਤ ਕਬੀਰ ਜੀ – 224 ਸਲੋਕ 

ਭਗਤ ਨਾਮਦੇਵ ਜੀ – 61    “

ਭਗਤ ਰਵਿਦਾਸ ਜੀ – 40   “

ਭਗਤ ਤਿਰਲੋਚਨ ਜੀ – 4   “

ਭਗਤ ਫਰੀਦ ਜੀ – 4+132″      

ਭਗਤ ਬੈਣੀ ਜੀ – 3             “

ਭਗਤ ਧੰਨਾ ਜੀ – 3             “

ਭਗਤ ਜੈਦੇਵ ਜੀ – 2           “

ਭਗਤ ਭੀਖਣ ਜੀ- 2           ” 

ਭਗਤ ਸੂਰਦਾਸ ਜੀ – 1       “

ਭਗਤ ਪਰਮਾਨੰਦ ਜੀ – 1    “

ਭਗਤ ਸੇਂਣ  ਜੀ – 1             “

ਭਗਤ ਪੀਪਾ ਜੀ – 1            “

ਭਗਤ ਰਾਮਨੰਦ ਜੀ – 1       “

ਭਗਤ ਸਧਨਾ ਜੀ – 1          “

ਗੁਰੂ ਅਰਜਨ ਦੇਵ ਜੀ – 3    “

ਫਿਰ 11 ਭਟਾ ਦੀ ਬਾਣੀ,
ਕਲਸਹਾਰ, ਜਾਲਪ, ਕੀਰਤ, ਭਿਖੀਮਲ, ਸੱਲ ,ਭੱਲ, ਨੱਲ, ਬੱਲ, ਗਯੰਦ ਹਰਬੰਸਿ, ਮਥੁਰਾ ।
   4 ਸਿੱਖਾਂ ਦੀ ਬਾਣੀ ਬਾਬਾ ਸੁੰਦਰ ਜੀ , ਸਤਾ, ਬਲਵੰਡ, ਭਾਈ ਮਰਦਾਨਾ ।
ਸਭ ਤੋਂ ਵੱਧ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। 5894 ਸਲੋਕਾਂ ਵਿਚੋਂ 2216 ਸਲੋਕ ਗੁਰੂ ਅਰਜਨ ਦੇਵ ਜੀ ਦੇ ਹਨ। ਗੁਰੂ ਅਰਜਨ ਸਾਹਿਬ ਵਕਤ ਇਹ ਸਲੋਕ 5762 ਸਨ ਬਾਅਦ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕੀਤੀ ਗਈ । ਬੋਲੀ ਸੁਗਮ ਤੇ ਸਰਲ ਰਖੀ ਗਈ ਤਾਂਕਿ ਹਰ ਕੋਈ ਇਸ ਨੂੰ ਪੜ੍ਹ  ਕੇ ਵਿਚਾਰ ਸਕੇ। ਇਹੋ ਸੰਸਾਰ ਨੂੰ ਵਿਲਾਸੀ ਤੇ ਨਿਰਾਸੀ ਜੀਵਨ ਤੋਂ ਹਟਾ ਕੇ ਸਿਧੇ ਰਸਤੇ ਪਾਉਣ ਤੇ ਸੰਗਤ ਨੂੰ ਸ਼ਬਦ ਨਾਲ ਜੋੜਨ ਦਾ ਇਕੋ ਇਕ ਤਰੀਕਾ ਸੀ।
ਘੋੜੀਆ, ਅਲਾਹੁਣੀਆਂ, ਕਰਹਲਾ, ਵਣਜਾਰਾ, ਥਿਤੀਵਾਰ, ਬਾਰਹ ਮਾਹ, ਸੁਚਜੀ, ਕੁਚਜੀ, ਗੁਣਵੰਤੀ, ਲਾਵਾ, ਚਉਬੋਲੇ, ਫੁਨਹੇ, ਸ਼ਾਮਲ ਕਰਕੇ ਬਾਣੀ ਨੂੰ ਨਿਤ ਦੇ ਜੀਵਨ ਦਾ ਅੰਗ ਬਣਾ ਦਿੱਤਾ। ਸ਼ਬਦ ਦੀ ਗਿਣਤੀ ਦੇ ਅੰਕੜੇ ਆਪਣੀ ਹਥੋਂ ਪਾਏ ਤਾ ਕਿ ਕਿਸੇ ਥਾਂ ਤੇ ਕੋਈ ਰਲਾ ਨਾ ਪਾ ਸਕੇ।
ਇਹ ਇਕ ਐਸਾ ਗ੍ਰੰਥ ਹੈ ਜਿਸ ਵਿਚ ਸਿਆਸੀ, ਆਰਥਿਕ, ਸਮਾਜਿਕ, ਧਾਰਮਿਕ, ਪਰਮਾਰਥਿਕ, ਵਿਦਿਅਕ ਤੇ ਹਰ ਇਨਸਾਨੀ ਮਸਲੇ ਦਾ ਹਲ ਹੈ। ਊਚ-ਨੀਚ ਤੇ ਕਰਮ ਕਾਂਡਾ ਦੀ ਪਰਿਭਾਸਾ ਨੂੰ ਕੋਈ ਥਾਂ ਨਹੀਂ ਦਿੱਤੀ। ਦੇਸ਼, ਵਿਦੇਸ਼ ਹਦਾਂ ਸਰਹੱਦਾ ਤੇ ਵਖ ਵਖ ਨਸਲਾ ਦੀਆਂ ਸਾਰੀਆਂ ਵਿਥਾਂ  ਮਿਟਾਕੇ -ਹਿੰਦੂ, ਮੁਸਲਮਾਨ, ਅਖੌਤੀ ਅਛੂਤਾ ਦੇ ਪਾਵਨ ਬਚਨਾ ਨੂੰ ਇੱਕੋ ਥਾਂ ਦਿੱਤੀ ਹੈ।
ਮੇਟਕਫ ਲਿਖਦਾ ਹੈ  ਸੰਸਾਰ ਦੇ ਵੱਡੇ ਵੱਡੇ ਧਰਮਾ ਦੇ ਆਗੂ ਹੋਏ ਹਨ ਉਨ੍ਹਾਂ ਵਿਚੋਂ ਕੋਈ ਵੀ ਆਪਣੀ ਇਕ ਪੰਗਤੀ ਵੀ ਲਿਖੀ ਛੱਡਕੇ ਨਹੀਂ ਗਿਆ। ਸਿਰਫ ਉਨ੍ਹਾਂ ਦੇ ਪ੍ਰਚਾਰ ਜਾ ਪ੍ਰਚਲਤ ਰਵਾਇਤਾ ਤੇ ਪਤਾ ਲਗਦਾ ਹੈ। ਪਰ ਸਿਖ ਗੁਰੂ ਸਾਹਿਬਾਨਾ ਦੀ ਬਾਣੀ ਹੈ ਜੋ ਉਨ੍ਹਾਂ ਦੀ ਆਪਣੀ ਹਥ ਲਿਖੀ ਹੈ’।
 .ਟੀਨਬੀ  ਨੇ ਕਿਹਾ ਹੈ ,” ਜਦ ਕਦੇ ਧਰਮ ਦੀ ਮਹਾ ਗ੍ਰੰਥ ਦੀ ਸਭਾ ਹੋਈ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਬੜੀ ਗਹੁ ਨਾਲ ਸੁਣੀ ਜਾਏਗੀ’। 
ਰਾਧਾਕ੍ਰਿਸ਼ਨਾ ,” ਜਦ ਵੀ ਇਹ ਬਾਣੀ ਗੂੰਜੀ ,ਸਾਗਰਾ ਦੀਆਂ ਵਿਥਾਂ  ਤੇ ਪਹਾੜਾ ਦੀਆਂ ਰੋਕਾਂ  ਇਸਦੇ ਅੱਗੇ ਸਭ ਮੁਕ ਜਾਣਗੀਆਂ ।
 ਟਰੰਪ ‘‘ਗੁਰੂ ਗ੍ਰੰਥ ਸਾਹਿਬ ਨੂੰ ਭਾਰਤੀ ਸਭਿਅਤਾ ਦਾ ਖਜਾਨਾ ਕਹਿੰਦੇ ਹਨ। ਇਸ ਵਿਚ ਪ੍ਰੀਤਮ ਦੀ ਬਿਰਹੋ ਬਬੀਹ ਦੀ ਕੂਕ, ਨਵ-ਵਿਆਹੀਆਂ ਦੀਆਂ ਜੋਬਨ ਉਮੰਗਾਂ, ਰੁਤਾ ਦੀ ਰੰਗੀਲੀ ਛਹਿਬਰ, ਕੁਦਰਤ ਦੇ ਅਨੁਪਮ ਦ੍ਰਿਸ਼, ਭਗਤਾ ਦੀ ਤੜਪ, ਭਿੰਨੜੀ ਰੈਣ, ਗੁਰਦਰਸਨਾਂ ਦੀ ਝਲਕ, ਮਿਤਿਹਾਸਕ ਗਾਥਾ ਤੇ ਉਨ੍ਹਾਂ ਦੇ ਵਰਤੋਂ ਦੇ ਕਈ ਰੰਗ ਮਿਲਦੇ ਹਨ। 
ਮੇਟਕਾਫ਼ ਇਕ ਥਾਂ ਲਿਖਦਾ ਹੈ’ ‘‘ਹੁਨਾਲੇ ਦੀ ਗਰਮੀ, ਸਿਆਲੇ ਦੇ ਕਕਰ, ਅਕਾਸ਼ ਦੀ ਜਲਾਲੀ, ਸੁੰਦਰਤਾ, ਪਿੰਡਾ ਦੇ ਵਸਨੀਕਾ ਦੇ ਦੁਖ, ਸਿੱਖਾਂ ਵਿਚ ਗੁਰੂ ਜੀ ਨੂੰ ਕਰਤਾ ਪੁਰਖ ਦਾ ਸਨੇਹਾ ਪ੍ਰਤੱਖ ਨਜ਼ਰ ਆਉਦਾ ਹੈ’।
 ਪ੍ਰੋ ਪਿਆਰਾ ਸਿੰਘ ,” ਅਗਰ ਇਸ ਬਾਣੀ ਨੂੰ ਗੁਰੂ ਮੰਨ ਕੇ ਕੋਈ ਨਾ ਵੀ ਪੜੋ ਤਾਂ ਵੀ ਇਸਦੇ ਸਹਿਤਕ ਸੁਆਦ ਅਗੇ ਉਸਨੂੰ ਸਿਰ ਝੁਕਾਣਾ ਪੈਦਾ ਹੈ। ਇਹ ਪਹਿਲਾ ਗ੍ਰੰਥ ਹੈ ਜਿਸ ਵਿਚ ਦੇਸ਼ਾ ਨਸਲਾ ਦੀਆਂ ਸਾਰੀਆਂ ਵਿਥਾ ਮਿਟਾਕੇ ਹਿੰਦੂ ਮੁਸਲਮਾਨ, ਛੂਤ, ਅਛੂਤਾ ਦੇ ਪਾਵਨ ਤੇ ਰੂਹਾਨੀ ਬਚਨਾਂ ਨੂੰ ਇਕੋ ਸਥਾਨ ਦਿੱਤਾ ਹੈ’। ਇਹ ਸਾਰਾ ਕਾਰਜ ਅਗਸਤ 1604 ਨੂੰ ਸੰਪੂਰਨ ਹੋਇਆ। ਇਸ ਆਦਿ ਹਥ ਲਿਖਤ ਦੇ 974 ਪਕੇ ਪੱਤਰੇ ਹਨ। ਦੋ ਹਫਤੇ ਭਾਈ ਬੰਨੋ ਨੂੰ ਜਿਲਦ ਲਈ ਲਾਹੌਰ ਭੇਜਿਆ ਗਿਆ।
7 ਸਤੰਬਰ 1604 ਦਾ ਦਿਨ ਪ੍ਰਕਾਸ਼ ਲਈ ਮਿਥਿਆ ਗਿਆ। ਸੰਗਤਾਂ ਨੂੰ ਹੁਕਮਨਾਮੇ ਭੇਜੇ ਗਏ।ਨਿਸਚਿਤ ਦਿਨ ਰਾਮਸਰ ਦੇ ਉਸ ਪਵਿੱਤਰ ਅਸਥਾਨ ਤੇ ਸੰਗਤਾਂ ਹੁਮ-ਹੁਮਾ ਕੇ  ਪਹੁੰਚੀਆਂ। ਪੋਥੀ ਦੀ ਸੇਵਾ ਸੰਭਾਲ ਦਾ ਕੰਮ ਬਾਬਾ ਬੁੱਢਾ ਜੀ ਨੂੰ ਸੌਂਪਿਆ ਗਿਆ, ਜੋ ਹਰ ਤਰ੍ਹਾਂ ਤੋਂ ਕਾਬਲ ਤੇ ਪ੍ਰੇਮ-ਪਿਆਰ ਨਾਲ ਇਸ ਅਮੋਲਕ ਖਜਾਨੇ ਦੀ ਸੰਭਾਲ ਕਰਣ ਵਾਲੇ ਸੀ। ਉਹ ਗੁਰੂ ਘਰ ਦਾ ਹਿੱਸਾ ਸਨ। ਪਹਿਲੇ ਚਾਰ ਗੁਰੂਆਂ ਦੇ ਦਰਸਨ ਤਾਂ ਕੀਤੇ ਹੀ ਸਨ, ਨਾਲ ਨਾਲ ਗੁਰੂ  ਘਰ ਦੀਆਂ ਅਨੇਕਾਂ ਸਮਿਸਿਆਵਾ ਨੂੰ ਉਹਨਾਂ ਨੇ ਬੁੱਧੀ ਤੇ ਬਲ ਨਾਲ ਨਿਪਟਾਇਆ ਸੀ।
 ਜਦੋਂ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਤਾਂ ਅੰਮ੍ਰਿਤਸਰ ਦੀ ਆਮ ਸਤਹ ਤੋਂ ਨੀਂਵਾ ਰੱਖਿਆ ਗਿਆ। ਜਦੋਂ ਬਾਬਾ ਬੁੱਢਾ ਜੀ ਨੇ ਸਵਾਲ ਕੀਤਾ ਕਿ ਮੰਦਰਾ, ਮਸਜਿਦ ਤੇ ਮਸੀਤਾ ਹਮੇਸ਼ਾ ਉੱਚੀ ਜਗਹ ਤੇ ਬਣਦੀਆਂ ਹਨ । ਤੁਸੀਂ ਇਸਨੂੰ ਨੀਵੇਂ ਥਾਂ ਕਿਉਂ ਰੱਖਿਆ ਹੈ ਤਾ ਗੁਰੂ ਸਾਹਿਬ ਨੇ ਕਿਹਾ ਕਿ ਹਰੀ (ਪਰਮਾਤਮਾ) ਨੀਵੀਂਆਂ ਨੂੰ ਹੀ ਮਿਲਦਾ ਹੈ। ਗੁਰੂ ਗਰੰਥ ਸਾਹਿਬ ਦੀ ਸਥਾਪਨਾ ਵਕਤ ਬਾਬਾ ਬੁੱਢਾ ਜੀ ਨੇ ਆਪਣੇ ਸੀਸ ਤੇ ਗਰੰਥ ਸਾਹਿਬ ਨੂੰ ਆਸਣ ਦਿੱਤਾ ਹੋਇਆ ਸੀ ।  ਗੁਰੂ ਸਾਹਿਬ ਆਪ ਚਉਰ ਝਲਦੇ ਨੰਗੇ ਪੈਰੀਂ , ਫੁਲਾਂ ਦੀ ਵਰਖਾ ,ਇਤਰ ਦਾ ਛਿੜਕਾਓ,ਨਗਾਰਿਆਂ ਦੀ ਅਵਾਜ਼ ਨਾਲ  ਪਿੱਛੇ ਢੋਲਕੀ ਛੈਣੇ ਵਜਾਦੀਆਂ ਸੰਗਤਾਂ ਸ਼ਬਦ ਪੜਦੀਆਂ  ਆ ਰਹੀਆਂ  ਸਨ । ਹਰਿਮੰਦਰ ਸਾਹਿਬ ਵਿਚ ਰਾਗੀਆਂ ਦਾ ਕੀਰਤਨ ਉਹ ਨਜ਼ਾਰਾ ,ਘੜੀਆਂ ਪਲਾਂ ਨੂੰ ਚਿਤਵਦੇ ਮੰਨ ਵਿਸਮਾਦ ਵਿਚ ਚਲਾ ਜਾਂਦਾ ਹੈ । ਇਸ ਤਰ੍ਹਾਂ ਇਹ ਨਗਰ ਕੀਰਤਨ ਦੇ ਰੂਪ ਵਿਚ ਰਾਮਸਰ ਦੀ ਪਵਿੱਤਰ ਧਰਤੀ ਤੋਂ ਹਰਿਮੰਦਰ ਸਾਹਿਬ ਪੁਜਾ ਜਿਹੜੀ ਰਵਾਇਤ ਅਜ ਤਕ ਕਾਇਮ ਹੈ।
ਅਗਲੇ ਦਿਨ ਪੋਥੀ ਸਾਹਿਬ ਦੀ ਸਥਾਪਨਾ ਕੀਤੀ ਜਾਣੀ ਸੀ । ਸਵੇਰੇ ਦੀਵਾਨ ਲਗੇ ਆਸਾ ਦੀ ਵਾਰ ਦਾ ਕੀਰਤਨ ਹੋਇਆ । ਭੋਗ ਤੇ ਅਰਦਾਸ ਉਪਰੰਤ ਪੋਥੀ ਸਾਹਿਬ ਦੀ ਮਹੱਤਤਾ ਨੂੰ ਸਮਝਾਇਆ ਗਿਆ ਜੋ ਗ੍ਰਹਿਸਤ ਸੰਸਾਰ ਸਾਗਰ ਤੇ ਤਰਨ ਲਈ ਜਹਾਜ ਸਮਾਨ ਹੈ ਜੋ ਚਿਤ ਲਾਕੇ ਇਸਨੂੰ ਪੜੇਗਾ, ਸੁਣੇਗਾ ਤੇ ਵਿਚਾਰੇਗਾ ਉਹ ਅਰਾਮ ਨਾਲ ਭਵ ਸਾਗਰ ਤੋਂ ਤਰ ਜਾਏਗਾ। ਉਨਾਂ ਨੇ ਫੁਰਮਾਇਆ ਸਤਿਗੁਰੂ ਦਾ ਸਰੀਰ ਹਰ ਸਮੇਂ ਕੋਈ ਨਹੀਂ ਦੇਖ ਸਕਦਾ, ਨਾ ਹੀ ਸਦਾ ਰਹਿਣ ਵਾਲਾ ਹੈ। ਇਹ ਗ੍ਰੰਥ ਗੁਰੂ ਦਾ ਹਿਰਦਾ ਹੈ ਜਿਸਨੂੰ ਹਰ ਵੇਲੇ ਦੇਖਿਆ ਤੇ ਪੇਖਿਆ ਜਾ ਸਕਦਾ ਹੈ। ਉਨ੍ਹਾ  ਨੇ ਇਹ ਵੀ ਹਿਦਾਇਤ ਦਿਤੀ ਕਿ ਇਸਦਾ ਕੋਈ ਅਖਰ, ਲਗ ਮਾਤ੍ਰ ਵਧ ਘਟ ਕਰਨ ਦੀ ਜੁਅਰਤ ਨਾ ਕਰੇ ।
        ” ਆਪ ਤੇ ਘਾਟ ਨਾ ਬਾਧ ਕਰੇ ਜੋ ਕਰੈ ਹੋਇ ਮੂਰਖ ਸੋ ਪਛਤਾਈ “
        ਹਰ ਸਮੇ ਖੁਸ਼ੀ ਗਮੀ ਵਿਚ ਇਸਦਾ ਸਹਾਰਾ ਲੈਣ ਦੀ ਹਿਦਾਇਤ ਦਿਤੀ ।
ਪਹਿਲਾ ਪ੍ਰਕਾਸ਼ 7 ਸਤੰਬਰ 1604,  ਨੂੰ ਹਰਿਮੰਦਰ ਸਾਹਿਬ ਵਿਖੇ ਹੋਇਆ ਜਿਸਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਥਾਪੇ ਗਏ। ਪਹਿਲਾ ਹੁਕਮਨਾਮਾ ਸੀ
            ਸੰਤਾ ਕੇ ਕਾਰਜ ਆਪ ਖਲੋਇਆ॥
           ਹਰ ਕੰਮ ਕਰਵਣਿ ਆਇਆ ਰਾਮ ।।

ਰਾਤ ਨੂੰ ਕੀਰਤਨ ਸੋਹਿਲਾ ਦਾ ਪਾਠ ਹੋਇਆ ,ਅਰਦਾਸ ਉਪਰੰਤ ਉਸ ਕੋਠੜੀ ਜਿਥੇ ਗੁਰੂ ਸਾਹਿਬ ਦਾ ਨਿਵਾਸ ਅਸਥਾਨ ਸੀ,  ਗਰੰਥ ਸਾਹਿਬ ਜੀ ਨੂੰ ਸਤਿਕਾਰ ਸਹਿਤ ਪੁਜਾਇਆ ਗਿਆ ਜਿਥੇ ਨਵੇਂ ਪਲੰਘ ਉਤੇ ਸੁਚੇ ਬਸਤਰ ਵਿਛਾ ਕੇ ਸੁਖ-ਆਸਨ ਕੀਤਾ ਗਿਆ ।  ਗੁਰੂ ਸਾਹਿਬ ਆਪ ਧਰਤੀ ਤੇ ਸੁਤੇ  ਇਸ ਤੋਂ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਦੇ ਹਿਰਦੇ ਅੰਦਰ ਬਾਣੀ ਦਾ ਕਿਤਨਾ ਨਿਰਮਲ ਭੈ ਤੇ ਉਚਾ ਸਤਿਕਾਰ ਸੀ 
ਗੁਰੂ ਘਰ ਦੇ ਵਿਰੋਧੀਆਂ ਕੋਲੋਂ ਇਹ ਸਭ ਬਰਦਾਸ਼ਤ ਨਹੀਂ ਹੋਇਆ। ਉਨ੍ਹਾਂ ਨੇ ਅਕਬਰ ਨੂੰ ਸ਼ਿਕਾਇਤ ਕੀਤੀ। ਇਨ੍ਹਾਂ ਵਿਚ ਉਹ ਲੋਕ ਵੀ ਸ਼ਾਮਲ ਸਨ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਨਹੀਂ ਸੀ ਦਿੱਤੀ ਗਈ ਜਿਵੇਂ ਕਾਨਾ, ਪੀਲੂ, ਛੰਜੂ ਤੇ ਹਸਨ। ਉਨ੍ਹਾਂ ਨੇ ਅਕਬਰ ਨੂੰ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੇ ਇਕ ਗ੍ਰੰਥ ਦੀ ਸਥਾਪਨਾ ਕੀਤੀ ਹੈ। ਜਿਸ ਵਿਚ ਮੁਸਲਮਾਨ ਪੀਰ ਪੈਗੰਬਰਾਂ, ਆਗੂਆਂ, ਹਿੰਦੂ ਅਵਤਾਰਾ ਤੇ ਦੇਵੀ ਦੇਵਤਿਆਂ ਦੀ ਨਿੰਦਾ ਕੀਤੀ ਗਈ ਹੈ ।  1605 ਦੇ ਅਰੰਭ ਵਿਚ ਅਕਬਰ ਬਟਾਲਾ ਆਇਆ। ਅਕਬਰ ਗੁਰੂ ਸਾਹਿਬ ਪ੍ਰਤੀ ਅਕੀਦਤ ਦਾ ਭਾਵ ਰਖਦਾ ਸੀ। ਉਸਨੇ ਸਾਜੀ ਬੀੜ ਦੇ ਦਰਸ਼ਨ ਕਰਨ ਲਈ ਇਛਾ ਪਰਗਟ ਕੀਤੀ। ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਬੜੇ ਆਦਰ ਸਹਿਤ ਬੀੜ ਅਕਬਰ ਦੇ  ਦਰਬਾਰ ਵਿਚ ਲੈ ਕੇ ਗਏ। ਅਕਬਰ ਨੇ ਕੁਝ ਸ਼ਬਦ ਸੁਣਾਉਣ ਲਈ ਕਿਹਾ।
 (1) ਅਲਹ ਅਗਮ ਖੁਦਾਇ, ਬੰਦੇ, ਛੋਡ ਖਿਆਲ ਦੁਨੀਆਂ ਕੇ ਧੰਧੇ॥
        ਹੋਇ ਪੈ ਖਾਕ ਫਕੀਰ ਮੁਸਾਫਰ॥ ਇਹ ਦਰਵੇਸ ਕਬੂਲ ਦਰਾ॥
  (2) ਖਾਕ ਨੂਰ ਕਰਦੰ ਆਲਮ ਦੁਨਿਆਈ ਅਸਮਾਨ ਜਿਮੀ ਦਰਖਤ
          ਆਬ ਪੈਦਾਇਸ ਖੁਦਾਇ ਬੰਦੈ ਚਸਮ ਦੀਦੇ ਫਨਾਇ।                     
         ਦੁਨੀਆਂ ਮੁਰਦਾਰ ਖੁਰਦਨੀ ਗਾਫਲ ਹਵਾਇ।
         ਵਿਰੋਧੀਆਂ ਨੇ ਅਕਬਰ ਨੂੰ ਆਪਣੀ ਦਸੀ ਥਾਂ ਤੋਂ ਵਾਕ ਸੁਣਾਉਣ ਲਈ ਕਿਹਾ।
  (3) ਅਵਲ ਅਲਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ।
          ਏਕ ਨੂਰ ਤੋਂ ਸਭ ਜਗ ਉਪਜਿਆ ਕਉਨ ਭਲੇ ਕੋ ਮੰਦੇ॥
          ਇਕ ਹੋਰ ਸਫਾ ਫੋਲਿਆ।
 (4) ਕੋਈ ਬੋਲੇ ਰਾਮ ਰਾਮ ਕੋਈ ਖੁਦਾਇ॥
         ਕੋਈ ਸੇਵੇ ਗੁਸਿਯਾਂ ਕੋਈ ਅੱਲ੍ਹਾਹੇ
ਵੈਰੀਆਂ ਦੇ ਮੂੰਹ ਫਿਕੇ ਪੈ ਗਏ। ਅਕਬਰ ਸਿੰਘਾਸਨ ਤੋਂ ਉਠਿਆ, 500 ਮੋਹਰਾਂ ਮਥਾ ਟੇਕਿਆ। ਬਾਬਾ ਬੁੱਢਾ ਤੇ ਭਾਈ ਗੁਰਦਾਸ ਨੂੰ ਦੁਸ਼ਾਲੇ ਭੇਟ ਕੀਤੇ ਤੇ ਗੁਰੂ ਸਾਹਿਬ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਤੇ ਓਹ ਮਿਲੇ ਵੀ ।

ਗੁਰੂ ਨਾਨਕ ਦੇਵ ਜੀ

ਗੁਰੂ ਨਾਨਕ ਸਾਹਿਬ ਨੇ ਬਾਣੀ ਨੂੰ ਗੁਰੂ ਮੰਨਿਆ । ਅਸਲ  ਵਿਚ ਸ਼ਬਦ ਹੀ ਗੁਰੂ ਹੈ ਜਿਸ ਰਾਹੀਂ ਪ੍ਰਮਾਤਮਾ ਦੇ ਗੁਣ ਵਿਚਾਰੇ ਜਾ ਸਕਦੇ ਹਨ । ਸਿਧਾਂ ,ਜੋਗੀਆਂ ,ਸੰਨਆਸਿਆਂ ਨੇ ਵੀ ਗੁਰੂ ਨਾਨਕ ਸਾਹਿਬ ਦੇ ਇਸ ਸਿਧਾਂਤ ਨੂੰ ਪ੍ਰਵਾਨ ਕੀਤਾ । ਸ਼ਬਦ ਦੀ ਮਹੱਤਤਾ  ਨੂੰ ਸਦੀਵ-ਕਾਲ ਬਣਾਈ ਰਖਣ ਲਈ ਜੋਤੀ ਜੋਤ ਸਮਾਣ ਤੋ ਪਹਿਲਾਂ ਆਪਣੀ ਉਚਾਰੀ ਬਾਣੀ ਤੇ ਭਗਤਾਂ ਦੀ ਉਦਾਸੀਆਂ ਸਮੇ ਇਕੱਤਰ ਕੀਤੀ ਬਾਣੀ ਗੁਰੂ ਅੰਗਦ ਦੇਵ ਜੀ ਦੇ ਹਵਾਲੇ ਕਰ ਦਿਤੀ ।
                  ਤਿਤੁ ਮਹਲ ਜੋ ਸ਼ਬਦ ਹੋਆ ਸੋ ਪੋਥੀ ਗੁਰੂ ਅੰਗਦ ਜੋਗਿ ਮਿਲੀ
                                                           (ਪੁਰਾਤਨ ਜਨਮ ਸਾਖੀ)

ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਜਪੁ ਜੀ , ਮਾਝ ਦੀ ਵਾਰ, ਪੱਟੀ, ਆਸਾ ਦੀ ਵਾਰ, ਸਿੱਧ ਗੋਸ਼ਟਿ, ਬਾਰਾਂ ਮਾਹ ਤੇ ਮਾਝ ਦੀ ਵਾਰ ਵੱਡੇ ਆਕਾਰ ਦੀਆਂ ਹਨ।ਗੁਰੂ ਜੀ ਦੀ ਰਚਿਤ ਆਸਾ ਦੀ ਵਾਰ ਵਿੱਚ 32 ਅਸ਼ਟਪਦੀਆਂ, 5 ਛੰਦ, 24 ਪਉੜੀਆਂ, 45 ਸਲੋਕ ਅਤੇ 30 ਪਦ ਹਨ।ਗੂਜਰੀ ਵਿੱਚ 2 ਪਦ, 9 ਅਸ਼ਟਪਦੀਆਂ ਹਨ।ਸੋਰਠਿ ਵਿੱਚ 12 ਪਦ, 4 ਅਸ਼ਟਪਦੀਆਂ, 2 ਸਲੋਕ ਹਨ।ਧਨਾਸਰੀ ਵਿੱਚ 9 ਪਦ, 2 ਅਸ਼ਟਪਦੀਆਂ, 3 ਛੰਦ ਹਨ।ਰਾਮਕਲੀ ਵਿੱਚ 11 ਪਦ, 9 ਅਸ਼ਟਪਦੀਆਂ ਤੇ 19 ਸਲੋਕ ਹਨ।

ਜਪੁਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਉੱਤਮ ਤੇ ਸ਼ੇ੍ਸ਼ਟ ਰਚਨਾ ਹੈ। ਇਸ ਦੀਆਂ 38 ਪੋੜੀਆਂ ਹਨ ਤੇ 2 ਸਲੋਕ ਹਨ। ਜਪੁਜੀ, ਸਿੱਧ ਗੋਸ਼ਟਿ ਵਰਗੇ ਪ੍ਰਬੰਧ ਕਾਵਿ ਲਿਖ ਕੇ ਗੁਰੂ ਜੀ ਨੇ ਸਿੱਧ ਕਰ ਦਿੱਤਾ ਕਿ ਜਨ ਸਾਧਾਰਣ ਦੀ ਬੋਲੀ ਵੀ  ਯੋਜਨਾਬੱਧ ਕਾਵਿ ਦੀ ਰਚਨਾ ਕਰਨ ਦੇ ਸਮੱਰਥ ਹੋ ਸਕਦੀ ਹੈ ।

ਗੁਰੂ ਅੰਗਦ ਦੇਵ ਜੀ 

ਗੁਰੂ ਅੰਗਦ ਦੇਵ ਜੀ  ਨੇ 63 ਸਲੋਕਾਂ ਦੀ ਰਚਨਾ ਕੀਤੀ ਹੈ। ਜੋ ਕਿਸੇ ਰਾਗੁ ਅਧੀਨ ਨਹੀਂ ਆਉਂਦੇ ਬਲਕਿ ਹੋਰ ਗੁਰੂ ਕਵੀਆਂ ਦੀਆਂ ਵਾਰਾਂ ਦੇ ਨਾਲ ਅੰਕਿਤ ਕੀਤੇ ਗਏ ਹਨ।

ਗੁਰੂ ਅਮਰਦਾਸ

ਤੀਸਰੇ ਗੁਰੂ , ਸ੍ਰੀ ਗੁਰੂ ਅਮਰਦਾਸ ਜੀ ਨੇ ਸ਼ਬਦ ਨੂੰ ਨਾ ਸਮਝਣ ਵਾਲੇ ਜੀਵਨ ਨੂੰ ” ਸ਼ਬਦੁ

ਨਾ ਜਾਣਹਿ ਸੇ ਅੰਨੇ ਬੋਲੇ ਕਿਤੁ ਆਏ ਸੰਸਾਰਾ ਆਖ ਕੇ ਝੰਨਝੋੜਿਆ ਤੇ ਸਿਖਾਂ ਨੂੰ ਪ੍ਰੇਰਨਾ ਦਿੰਦੇ ਆਖਿਆ ,”
                   ਆਵਹੁ ਸਿਖ ਸਤਿਗੁਰੁ ਕੇ ਪਿਆਰਿਹੋ ਗਾਵਹੁ ਸਚੀ ਬਾਣੀ

 ਆਪ ਦੁਆਰਾ 18 ਰਾਗਾਂ ਵਿੱਚ ਬਾਣੀ ਰਚੀ ਗਈ,  ਭਿੰਨ-ਭਿੰਨ ਰਾਗਾਂ ਵਿੱਚ ਰਚਿਤ 171 ਚਉਪਦੇ, 91 ਅਸ਼ਟਪਦੀਆਂ 85 ਪਉੜੀਆਂ ਤੇ 305 ਸਲੋਕ ਹਨ।  ਬਾਣੀ ਦਾ ਵੇਰਵਾ ਇਸ ਪ੍ਰਕਾਰ ਹੈ:- ਤਿਪਦੇ, ਚਉਪਦੇ, ਪੰਚ ਪਦੇ, ਅਸ਼ਟਪਦੀਆਂ, ਸੋਹਿਲੇ ਅਤੇ ਬਹਪਦੇ। ਸ਼ਲੋਕ, ਪਉੜੀਆਂ ਤੇ ਵਾਰਾਂ ਛੰਤ, ਕਾਫ਼ੀਆਂ ਪੱਟੀ, ਅਲਾਹੁਣੀਆਂ, ਵਾਰ ਸਤ (ਸਤਵਾਰਾ), ਅੰਨਦ ਗੁਜਰੀ, ਸੂਹੀ, ਰਾਮਕਲੀ ਅਤੇ ਮਾਰੂ-ਰਾਗਾਂ ਵਿੱਚ ਆਪ ਦੁਆਰਾ ਰਚਿਤ ਚਾਰ ਵਾਰਾਂ ਹਨ। ਕਬੀਰ ਤੇ ਫਰੀਦ ਦੇ ਸ਼ਲੋਕਾਂ ਵਿੱਚ ਕ੍ਰਮਵਾਰ ਇੱਕ ਤੇ ਤਿੰਨ ਸ਼ਲੋਕ ਟਿੱਪਣੀ ਵਜੋਂ ਅੰਕਿਤ ਹਨ। ਆਪ ਦੇ 67 ਸ਼ਲੋਕ, ‘ਸ਼ਲੋਕ ਵਾਰਾਂ ਤੋਂ ਵਧੀਕ` ਦੇ ਅੰਤਰਗਤ ਹਨ। ਗੁਰੂ ਅਮਰਦਾਸ ਜੀ ਦੀ ਸਾਰੀ ਬਾਣੀ 17 ਰਾਗਾ ਵਿਚ ਹੈ ।

ਗੁਰੂ ਰਾਮਦਾਸ ਜੀ

ਚੌਥੇ ਗੁਰੂ ਸ੍ਰੀ ਗੁਰੂ ਰਾਮ ਦਾਸ ਜੀ ਨੇ ਸ਼ਬਦ ਰੂਪ ਬਾਣੀ ਨੂੰ ਪਰਤਖਿ ਗੁਰੂ ਦਾ ਦਰਜਾ ਦਿਤਾ ।
                ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅਮ੍ਰਿਤ ਸਾਰੇ

ਗੁਰੂ ਰਾਮਦਾਸ ਜੀ ਨੇ  30 ਰਾਗਾਂ ਚ ਬਾਣੀ ਦੀ ਰਚਨਾਂ ਕੀਤੀ ਹੈ। ਆਪ ਨੇ 678 ਸ਼ਬਦਾ ਦੀ ਰਚਨਾ ਕੀਤੀ ਹੈ। ਆਪ ਨੇ ਕੁੱਲ 264 ਸ਼ਬਦਾਂ, 58 ਅਸ਼ਟਪਦੀਆਂ, 38 ਛੰਤਾਂ, 183 ਪਉੜੀਆਂ, ਤੇ ਵਾਰਾਂ ਨਾਲ ਅੰਕਿਤ 105 ਸਲੋਕਾਂ ਤੇ ਅਠ ਵਾਰਾਂ ਦੀ ਰਚਨਾ ਕੀਤੀ ਹੈ ਇਸਤੋਂ ਇਲਾਵਾ

ਕੁੱਝ ਹੋਰ ਲੋਕ ਕਾਵਿ ਰੂਪ ਵਿਚ ਛੰਦ ਤੇ ਕਰਹਲੇ ਦੋ ਰਾਗਾਂ ਵਿਚ ਤੇ  ਘੋੜੀਆਂ ਤੇ ਪਹਿਰੇ ਵੀ ਲਿਖੇ

ਗੁਰੂ ਅਰਜਨ ਦੇਵ

ਕੁੱਲ ਸ਼ਬਦ 2218 ਸੰਕਲਿਤ ਕੀਤੇ। ਗੁਰੂ ਜੀ ਨੇ 30 ਰਾਗਾਂ ਚ ਬਾਣੀ ਰਚੀ। ਸ੍ਰੀ ਗੁਰੂ ਗ੍ਰੰਥ ਸਹਿਬ ਵਿਚ ਦਰਜ ਸ਼ਬਦ = 1322 ਅਸ਼ਟਪਦੀਆਂ, 45 ਛੰਤ, 6 ਵਾਰਾਂ ,117 ਪਉੜੀਆਂ ਵਾਰਾਂ ਵਿਚਲੇ ਸਲੋਕ, 252 ਭਾਗਤ ਬਾਣੀ ਵਿੱਚ ਸ਼ਬਦ, 3 ਸਲੋਕ ਸਹਸਕ੍ਰਿਤੀ, 67 ਗਾਥਾ ਮਹੱਲਾ ਪੰਜਵਾਂ, 24 ਫੁਨਹੇ ਮਹੱਲਾ ਪੰਜਵਾਂ, 23 ਸਲੋਕ ਵਾਰਾਂ ਤੇ ਵਧੀਕ, 22 ਮੁੰਦਾਵਣੀ ਤੇ ਅੰਤਿਮ ਸਲੋਕ 2 ।

30 ਰਾਗਾਂ ਦੇ ਨਾਲ ਨਾਲ  ਇਹਨਾਂ ਵਾਰਾਂ ਦੇ ਆਰੰਭ ਵਿਚ ਨਿਰਦੇਸ਼ ਵਜੋਂ ਇਹਨਾਂ ਨੂੰ ਗਾਉਣ ਦੀ ਧੁਨੀ ਵੀ ਲਿਖੀ ਗਈ ਹੈ। ਜਿਸ ਤੋਂ ਇਸ ਦੇ ਲੋਕਵਾਰ ਜਾਂ ਅਧਿਆਤਮਕ ਵਾਰ ਹੋਣ ਦਾ ਸਪੱਸ਼ਟ ਝਲਕਾਰਾਂ ਪੈਂਦਾ ਹੈ। ਇਹਨਾਂ ਵਾਰਾਂ ਵਿਚ ਵੱਖ-ਵੱਖ ਬੋਲੀਆਂ ਅਤੇ ਭਾਸ਼ਾਵਾਂ ਦਾ ਪ੍ਰਭਾਵ ਸਪਸ਼ਟ ਹੁੰਦਾ ਹੈ। ਇਸਤੋਂ ਇਲਾਵਾ ਗੁਰੂ ਸਾਹਿਬ ਦੀਆਂ ਕੁਝ ਸੁਤੰਤਰ ਬਾਣੀਆਂ ਵੀ ਹਨ। ਜਿੰਨ੍ਹਾਂ ਵਿਚ ਬਾਰਾਮਾਂਹਾ, ਬਾਵਨ ਅੱਖਰੀ, ਸੁਖਮਨੀ, ਥਿਤੀ, ਪਹਿਰੇ, ਦਿਨ-ਰੈਣ, ਬਿਰਹੜੇ, ਗੁਣਵੰਤੀ, ਰੁੱਤੀ, ਅੰਜਲੀਆਂ ਆਦਿ ਬਾਣੀਆਂ ਸ਼ਾਮਲ ਹਨ। ਜਿਹਨਾਂ ਨੂੰ ਮੁਕਤਕ ਬਾਣੀਆਂ ਦੀ ਵਿਸ਼ੇਸਤਾ ਦਿੱਤੀ ਜਾਂਦੀ ਹੈ।
ਗੁਰੂ ਸਾਹਿਬ ਦੀ ਸਮੁੱਚੀ ਬਾਣੀ ਦਾ ਵਿਸ਼ਾ ਖੇਤਰ ਬਹੁਤ ਵਿਸ਼ਾਲ ਹੈ। ਇਸ ਵਿਚ ਪਰਮਾਤਮਾ, ਜੀਵ ਆਤਮਾ, ਸ੍ਰਿਸਟੀ, ਮੁਕਤੀ, ਧਰਮ ਸਾਧਨਾ, ਯੁੱਗ ਪ੍ਰਸਥਿਤੀਆਂ ਦਾ ਬੜਾ ਗੰਭੀਰ ਅਤੇ ਧਾਰਮਿਕ ਚਿਤਰਣ ਹੋਇਆ ਹੈ। ਕਰਮਕਾਂਡਾਂ ਤੇ ਬਾਹਰਲੇ ਦਿਖਾਵੇ ਦਾ ਖੰਡਨ ਇਹਨਾਂ ਵਿਚ ਦੇਖਿਆ ਜਾ ਸਕਦਾ ਹੈ। ਸਮੁੱਚੀ ਬਾਣੀ ਗੁਰੂ ਜੀ ਦੇ ਚਿੰਤਨ ਪੱਥ ਨੂੰ ਉਭਾਰਦੀ ਹੈ, ਜਿਸ ਨਾਲ ਗੁਰੂ ਸਾਹਿਬ ਸਾਡੇ ਸਾਹਮਣੇ ਮਹਾਨ ਰਚਨਾਕਾਰ ਵਜੋਂ ਪ੍ਰਤੱਖ ਹਨ।

 ਗੁਰੂ ਤੇਗ ਬਹਾਦਰ ਜੀ

 ਗੁਰੂ ਤੇਗ ਬਹਾਦਰ ਜੀ ਨੇ  ਨੇ 15 ਰਾਗਾਂ, 59 ਸ਼ਬਦਾ, 57 ਸਲੋਕਾਂ ਦੀ ਰਚਨਾ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ 1706 ਚ ਭਾਈ ਮਨੀ ਸਿੰਘ ਤੋਂ ਲੇਖਣ ਕਰਵਾਇਆ।

 ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸਦਾ ਸੰਕਲਨ ਕਰਕੇ ਇਸ ਨੂੰ  ਮਹਾਨ ਤੇ ਸਤਿਕਾਰਤ ਥਾਂ ਦਿੱਤੀ। ਬਾਣੀ ਨੂੰ ਹਰਿਮੰਦਰ ਸਾਹਿਬ ਵਿਚ ਸਥਾਪਨਾ ਕਰਕੇ ਮਨੁਖਤਾ ਨੂੰ ਗੁਰਬਾਣੀ ਤੇ ਸੰਗੀਤ ਦੇ ਸੁਮੇਲ ਰਾਹੀਂ ਆਤਮਿਕ ਸ਼ਾਂਤੀ ਦਾ ਤੋਹਫਾ ਪ੍ਰਦਾਨ ਕੀਤਾ। ਜਿਥੇ ਦਿਨ ਰਾਤ ਕੀਰਤਨ ਤੇ ਸੰਗੀਤ ਦੀਆਂ ਮਨੋਹਰ ਧੁਨਾਂ ਗੂੰਜਦੀਆਂ। ਸਰੋਵਰ ਤੋਂ ਉਠਦੀਆਂ ਠੰਢੀਆਂ ਹਵਾਵਾਂ  ਜਿਸ ਨਾਲ ਅੰਦਰ ਬੈਠੀਆਂ ਸੰਗਤਾਂ ਦਾ ਤਨ-ਮਨ ਠੰਢਾ ਹੁੰਦਾ। ਵਿਚਕਾਰ ਇਕ ਮੰਜਿਲ ਤੇ ਚਾਰੇ ਤਰਫ ਦੇ ਮੰਜਲਾ, ਗਰਮੀ-ਸਰਦੀ ਦੋਨੋਂ ਦੇ ਅਨਕੂਲ ਹੋਣਾ। ਸੰਗਤ-ਤੇ ਸੰਗੀਤ ਦੇ ਸਮੈਲ ਵਿਚ 24 ਘੰਟੇ ਕੀਰਤਨ, ਜੋ ਗੁਰੂ ਸਾਹਿਬ ਖੁਦ ਸਿਰੰਦੇ ਵਜਾਕੇ ਕਰਦੇ, ਸੰਗਤ ਨੂੰ ਸਿਖਾਉਂਦੇ ਤੇ ਉਤਸਾਹਿਤ ਕਰਦੇ। ਭਾਵੇਂ ਇਸ ਵਕਤ ਤਕ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਨਹੀਂ ਸੀ ਮਿਲੀ ਪਰ ਬਾਣੀ ਨੂੰ ਗੁਰੂ ਮੰਨਣ ਤੇ ਸਮਝਣ ਦੀ ਗਲ ਤਾਂ ਸਿੱਖ ਧਰਮ ਵਿਚ ਆਰੰਭ ਕਾਲ ਤੋਂ ਹੀ ਸੀ।
 1708 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਭਾਈ ਮਨੀ ਜੀ ਪਾਸੋਂ ਇਸ ਵਿਚ ਨੌਵੇਂ ਗੁਰੂ ਤੇਗ ਬਹਾਦਰ ਜੀ ਦੇ 59 ਸ਼ਬਦ ਤੇ 57 ਸਲੋਕ  ਦਰਜ ਕਰਵਾਕੇ  ਇਸ  ਤੇ ਸੰਪੂਰਨਤਾ ਦੀ ਮੋਹਰ ਲਗਾਈ ਤੇ  ਇਸ ਨੂੰ ਦਮਦਮੀ ਬੀੜ ਕਿਹਾ ਜਾਣ  ਲਗਾ । ਪਹਿਲੀ ਅਕਤੂਬਰ  1708 ਵਿਚ ਆਪਣੇ ਸਚ-ਖੰਡ ਦੀ ਵਾਪਸੀ ਦੇ ਸਮੇਂ ਨਦੇੜ ਵਿਖੇ ਦੇਹਧਾਰੀ ਗੁਰੂ ਦੀ ਹਮੇਸ਼ਾ ਲਈ ਸਮਾਪਤੀ ਕਰਕੇ ਗਿਆਰਵਾਂ ਅਸਥਾਨ ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿੱਤਾ।
ਗੁਰੂ ਪਾਤਸ਼ਾਹ ਵੱਲੋਂ ਹੋਏ ਹੁਕਮ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਰ ਸਿੱਖ ਲਈ ਸਤਿਗੁਰੂ ਹਨ ਜਿਨਾ ਵਿਚੋ ਹਰ ਇਨਸਾਨ  ਆਪਣੀਆਂ ਮਾਨਸਿਕ, ਆਤਮਿਕ ਤੇ ਅਧਿਆਤਮਿਕ , ਸਭ ਲੋੜਾਂ ਦੀ ਪੂਰਤੀ ਕਰ ਸਕਦਾ ਹੈ । ਸਮੁੱਚੀ ਗੁਰਬਾਣੀ ਵਿਚ ਮਨੁੱਖਤਾ ਨੂੰ ਇਕਜੁੱਟ ਰਹਿਣ ਦਾ ਸੰਦੇਸ਼ ਹੈ। ਮਾਨਵਤਾ ਨੂੰ ਚੜ੍ਹਦੀ ਕਲਾ, ਸ੍ਵੈ-ਵਿਸ਼ਵਾਸ, ਸਰਬ-ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਹਿੱਤ ਜਿਉਣ ਦੀ ਜਾਂਚ ਦੱਸੀ ਗਈ ਹੈ। ਸਮੁੱਚੀ ਮਾਨਵਤਾ ਨੂੰ ਇਕ ਸਮਾਨ ਸਮਝਣ, ਆਪਸੀ ਵਿਤਕਰਿਆਂ, ਭਿੰਨ-ਭੇਦਾਂ ਤੋਂ ਉੱਪਰ ਉੱਠਣ ਦਾ ਵਾਰ-ਵਾਰ ਸੰਦੇਸ਼ ਦਿਤਾ ਗਿਆ ਹੈ ।
 ਗੁਰੂ ਸਾਹਿਬ ਨੇ ਆਪਣਾ ਵਕਤ ਨਜਦੀਕ ਆਉਣਾ ਜਾਣਕੇ , ਪੰਜ ਪੈਸੇ ਤੇ ਨਾਰੀਅਲ ਮੰਗਵਾਇਆ । ਆਖਿਰੀ ਦੀਵਾਨ ਸਜਿਆ ,  ਗੁਰੂ ਗ੍ਰੰਥ  ਸਾਹਿਬ ਦਾ ਪ੍ਰਕਾਸ਼ ਕੀਤਾ ਪੰਜ ਪੈਸੇ ਤੇ ਨਾਰਿਅਲ ਅਗੇ ਰਖ ਕੇ ਮਥਾ ਟੇਕਿਆ ਤੇ ਗੁਰਗੱਦੀ ਮਰਿਆਦਾ ਅਨੁਸਾਰ ਗੁਰੂ ਗਰੰਥ ਸਾਹਿਬ  ਨੂੰ  ਸੋੰਪ ਦਿਤੀ ਤੇ ਸਿਖਾਂ ਨੂੰ ਸ਼ਬਦ ਦੇ ਲੜ ਲਗਾਕੇ ਜੋ ਕਿ ਉਨ੍ਹਾਂ ਦਾ ਸਿੱਖ ਕੌਮ ਤੇ ਇਕ ਬਹੁਤ ਵਡਾ ਅਹਿਸਾਨ ਹੈ, ਜੋਤੀ ਜੋਤ ਸਮਾ ਗਏ। ਉਥੇ ਉਨ੍ਹਾ ਨੇ ਇਹ ਸ਼ਬਦ ਉਚਾਰਿਆ ਜਿਸਦੀ ਗੂੰਜ  ਅਜ ਵੀ ਹਰ ਗੁਰੁਦਵਾਰੇ ਤੇ ਹਰ ਘਰ ਵਿਚ ਗੂੰਜਦੀ ਹੈ ।
,
           ” ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ
              ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
              ਗੁਰੂ ਗਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ
              ਜੋ ਪ੍ਰਭ ਕੋ ਮਿਲਬੋ  ਚਾਹੈ ਖੋਜ ਸ਼ਬਦ ਮੇ ਲੇਹ ।।

ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਤੋਂ ਪ੍ਰਾਪਤ ਅਧਿਆਤਮਿਕ ਪਰਉਪਕਾਰਾਂ ਲਈ ਉਨਾ ਦਾ  ਧੰਨਵਾਦ ਕਰਦਿਆਂ ਫ਼ਾਰਸੀ ਵਿਚ ਇਹ ਦੋਹਾ ਉਚਾਰਨ ਕੀਤਾ ।

             ਦੇਗ ਤੇਗ ਫਤਹਿ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ

ਸਿਖੀ ਨੂ ਸ਼ਬਦ ਗੁਰੂ ਨਾਲ ਜੋੜ ਦਿਤਾ ਤੇ ਕਿਹਾ ਕੀ ਜੋ ਸਿਖ ਨੂੰ ਗੁਰੂ-ਦਰਸ਼ਨ ਦੀ ਚਾਹ ਹੋਵੇ ਓਹ ਗੁਰੂ ਗਰੰਥ ਸਾਹਿਬ ਦੇ ਦਰਸ਼ਨ ਕਰੇ , ਜੋ ਗੁਰੂ ਸਾਹਿਬ ਨਾਲ ਗਲ ਕਰਨਾ ਚਾਹੇ ਉਹ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਪੜੇ, ਸਮਝੇ ਤੇ  ਵਿਚਾਰੇ ।  

 ਜੋ ਸਿੱਖ ਗੁਰ ਦਰਸਨ ਕੀ ਚਾਹਿ।

ਦਰਸ਼ਨ ਕਰੇ ਗ੍ਰੰਥ ਜੀ ਆਹਿ॥14॥

ਜੋ ਮਮ ਸਾਥ ਚਾਹੇ ਕਰ ਬਾਤ

ਗ੍ਰੰਥ ਜੀ ਪੜ੍ਹੇ ਸੁਣੇ ਬਿਚਾਰੇ ਸਾਥ॥22॥

 ਹਿਦਾਇਤ ਦਿਤੀ ਕੀ ਅਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਹੀ ਸਿਖਾਂ ਦਾ ਗੁਰੂ ਹੈ ਕੋਈ ਵੀ ਸਿਖ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਜਾਂ ਪ੍ਰਮੇਸ਼ਰ ਮੰਨ ਕੇ ਉਹਨਾ ਦੀ ਪੂਜਾ ਨਾ ਕਰੇ   ਉਨਾ ਦਾ ਅੰਗੀਠਾ ਫੋਲਣ ਦੀ ਕੋਸ਼ਿਸ਼ ਨਾ ਕਰੇ ,  ਸਤਕਾਰ ਵਜੋਂ  ਉਨਾ ਦੀ ਯਾਦਗਾਰ ਨਾ ਉਸਾਰੇ   ਤੇ ਇਹ ਵੀ ਕਿਹਾ ਕੀ ਜੋ ਉਹਨਾ ਨੂੰ ਪ੍ਰਮੇਸ਼ਰ ਜਾਣ ਕੇ ਉਹਨਾ ਦੀ ਪੂਜਾ ਕਰੇਗਾ  ਘੋਰ ਨਰਕ ਨੂੰ ਜਾਏਗਾ ।
               ਜੋ ਹਮ ਕੋ ਪਰਮੇਸੁਰ ਉਚਰਿ ਹੈ
               ਤੋਂ ਸਭ ਨਰਕਿ ਕੁੰਡ ਮਹਿ ਪਰਿਹੈ
               ਮੋ ਕੋ ਦਾਸੁ ਤਵਨ ਕਾ ਜਾਨੋ
               ਯਾ ਮੈ ਭੇਦੁ ਨ ਰੰਚ ਪਛਾਨੋ
               ਮੈ ਹੋ ਪਰਮ ਪੁਰਖ ਕੋ ਦਾਸਾ
               ਦੇਖਨਿ ਆਯੋ ਜਗਤ ਤਮਾਸਾ  
ਗੁਰੂ ਗਰੰਥ ਸਹਿਬ  – ਕੁਲ ਪੰਨੇ ……………………1430
           ਕੁਲ ਸ਼ਬਦ ………………………………..2026
           ਕੁਲ ਰਾਗ…………………………………31
           ਅਸ਼ਟਪਦੀਆਂ …………………………….305
           ਵਾਰਾਂ ……………………………………..22
           ਪੋੜੀਆਂ     ………………………………..471
           ਸਲੋਕ …………………………………….664
           ਗੁਰੂਆਂ ਦੀ ਬਾਣੀ ………………………….6
           ਸਿਖਾਂ ਦੀ ਬਾਣੀ…………………………….3 
           ਭਗਤਾਂ ਦੀ ਬਾਣੀ …………………………..15
           ਭਟਾਂ ਦੀ ਬਾਣੀ …………………………….11
           ਪਹਿਲਾ ਰਾਗ  …………………………….ਸਿਰੀ ਰਾਗ
           ਅੰਤਲਾ ……………………………………ਜੈਜੈਵੰਤੀ

‘ਗੁਰੂ ਗਰੰਥ ਸਾਹਿਬ ਸਦੀਵੀ ਗੁਰੂ ਹਨ’। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ ਜੋਤ ਸਮਾਉਣ ਤੌਂ ਬਾਦ ਸਿਖ ਸਮਾਜ ਦੀ ਇਹੀ ਸੋਚ ਤੇ ਅਕੀਦਾ ਹੈ । ਦਸਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਣ ਤੋਂ ਬਾਅਦ , ਬਾਬਾ ਦੀਪ  ਸਿੰਘ ਜੀ ਨੇ ਇਸਦੇ ਕਈ ਉਤਾਰੇ ਕਰਵਾਏ ਤੇ ਦੂਰ ਦੁਰਾਡੇ ਬੈਠੀਆਂ ਸੰਗਤਾਂ ਵਿਚ  ਵੰਡੇ ।  ਸਿਖਾਂ ਦੇ ਔਕੁੜ ਭਰੇ ਸਮੇਂ ਵੀ,ਜਦੌਂ ਉਨ੍ਹਾਂ ਨੂੰ ਗੈਰ-ਕਨੂੰਨੀ ਕਰਾਰ ਦਿਤਾ ਗਿਆ ਤੇ ਉਨ੍ਹਾਂ ਨੂੰ ਜੰਗਲਾਂ ਵਿੱਚ ਸ਼ਰਨ ਲੈਣੀ ਪਈ,ਸਿਖਾਂ ਦੀ ਸਭ ਤੌਂ ਵਡਮੁੱਲੀ ਸ਼ੈ ਗੁਰੂ ਗਰੰਥ ਸਾਹਿਬ ਹੀ ਸੀ ਜਿਸ ਉੱਤੇ ਉਹਨਾਂ ਨੂੰ ਸਭ ਤੌਂ ਵੱਧ ਮਾਣ ਸੀ ਅਤੇ ਜਿਸ ਨੂੰ ਉਨ੍ਹਾਂ ਨੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਸਭ ਤੌਂ ਵੱਧ ਮਹਿਫ਼ੂਜ਼ ਰਖਿਆ। ਹੋਰ ਕਿਸੇ ਨੂੰ ਉਨ੍ਹਾਂ ਇਸ ਪਵਿੱਤਰ ਗ੍ਰੰਥ ਸਹਿਬ ਦੀ ਬਰਾਬਰੀ ਨਹੀਂ ਕਰਨ ਦਿਤੀ।
ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ,ਜਿਸ ਨੇ ਖਾਲਸਾ ਦੇ ਨਾਂ ਤੇ ਸੁਤੰਤਰ ਸਾਮਰਾਜ ਕਾਇਮ ਕੀਤਾ,ਸ਼ਖਸੀ ਅਚਾਰ ਵਿੱਚਾਰ ਤੇ ਦਰਬਾਰੀ ਕਾਰ ਵਿਹਾਰ ਗੁਰੂ ਗਰੰਥ ਸਾਹਿਬ ਉਦਾਲੇ ਹੀ ਕੇਂਦ੍ਰਿਤ ਸੀ। ਸਿਖਾਂ ਵਾਸਤੇ ਕੇਵਲ ਗੁਰੂ ਗਰੰਥ ਸਾਹਿਬ ਹੀ ਇਕੋ-ਇਕ ਧਾਰਮਿਕ ਇਬਾਦਤ ਦਾ ਮਰਕਜ਼ ਹਨ। ਇਸ ਤੌਂ ਇਲਾਵਾ ਮਨੁੱਖ ਦੀ ਸ਼ਕਲ ਵਿੱਚ ਯਾ ਚਿਨ੍ਹ ਦੀ ਸ਼ਕਲ ਵਿੱਚ ਹੋਰ ਕੁਝ ਵੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ 
ਵਾਹਿਗੁਰੂ ਜੀ ਕੀ ਫਤਹਿ ।।

ਸਿੱਖ ਰਾਜ ਦੇ ਆਖਰੀ ਮਹਾਰਾਜਾ – ਮਹਾਰਾਜਾ ਦਲੀਪ ਸਿੰਘ ਦੇ ਜਨਮ ਦਿਨ ਤੇ ਵਿਸ਼ੇਸ਼  

ਮਹਾਰਾਜਾ ਦਲੀਪ ਸਿੰਘ ਦਾ ਜਨਮ 6 ਸਤੰਬਰ 1838 ਨੂੰ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ਹੋਇਆ। ਉਹ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਸਪੁੱਤਰ ਸੀ। ਉਸਦੇ ਜਨਮ ਤੋਂ ਲਗਭਗ ਸਾਲ ਬਾਅਦ ਹੀ ਮਹਾਰਾਜਾ ਚੜ੍ਹਾਈ ਕਰ ਗਿਆ। ਲਾਹੌਰ ਦਰਬਾਰ ਵਿਚ ਖਾਨਜੰਗੀ ਸ਼ੁਰੂ ਹੋ ਗਈ। ਰਾਜਾ ਖੜਕ ਸਿੰਘ, ਕੰਵਰ ਨੌਨਿਹਾਲ ਸਿੰਘ, ਮਹਾਰਾਣੀ ਚੰਦ ਕੌਰ ਅਤੇ ਰਾਜਾ ਸ਼ੇਰ ਸਿੰਘ ਚਾਰ ਸਾਲਾਂ ਵਿਚ ਸਭ ਦਾ ਕਤਲ ਹੋ ਗਿਆ। ਸੰਧਾਵਾਲੀਆ ਸਰਦਾਰਾਂ ਨੇ ਰਾਜਾ ਸ਼ੇਰ ਸਿੰਘ ਨੂੰ ਅਤੇ ਧਿਆਨ ਸਿੰਘ ਡੋਗਰੇ ਨੂੰ ਮਾਰਨ ਤੋਂ ਬਾਅਦ 15 ਸਤੰਬਰ 1843 ਨੂੰ ਮਹਾਰਾਜਾ ਦਲੀਪ ਸਿੰਘ ਨੂੰ ਰਾਜ ਤਿਲਕ ਦਿੱਤਾ, ਉਸ ਸਮੇਂ ਉਸਦੀ ਉਮਰ 5 ਸਾਲ ਸੀ। ਅੰਗਰੇਜ਼ਾਂ ਨਾਲ ਹੋਈਆਂ ਦੋ ਸਿੱਖ ਜੰਗਾਂ ਬਾਅਦ ਜਿਸ ਤਰ੍ਹਾਂ ਸਿੱਖ ਰਾਜ ਨੂੰ ਹੜਪ ਲਿਆ ਗਿਆ ਉਹ ਇਕ ਲੰਬੀ ਦਰਦਨਾਕ ਕਹਾਣੀ ਹੈ। ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਇੰਗਲੈਂਡ ਲੈ ਗਏ ਅਤੇ ਮਹਾਰਾਣੀ ਨੂੰ ਕੈਦ ਕਰ ਕੇ ਦੇਸ਼ ਨਿਕਾਲਾ ਦੇ ਦਿੱਤਾ। ਮਹਾਰਾਣੀ ਜਿੰਦ ਕੌਰ ਨੇ ਆਪਣਾ ਰਾਜ ਅਤੇ ਆਪਣਾ ਬੇਟਾ ਵਾਪਸ ਲੈਣ ਦੀਆਂ ਕਈ ਵਾਰ ਸਿਰਤੋੜ ਕੋਸ਼ਿਸ਼ਾਂ ਕੀਤੀਆਂ ਜਿਨ੍ਹਾਂ ਵਿਚੋਂ ਉਹ ਅਸਫਲ ਰਹੀ ਪਰ ਉਸਦੇ ਮਰਨ ਤਕ ਅੰਗਰੇਜ਼ ਉਸ ਤੋਂ ਭੈਅ ਖਾਂਦੇ ਰਹੇ। ਮਹਾਰਾਜਾ ਦਲੀਪ ਸਿੰਘ ਇੰਗਲੈਂਡ ਜਾ ਕੇ ਛੋਟੀ ਉਮਰ ਵਿਚ ਹੀ ਇਸਾਈ ਹੋ ਗਿਆ ਪਰ ਜਦੋਂ ਉਹ ਵੱਡਾ ਹੋਇਆ ਅਤੇ ਹੌਲੀ ਹੌਲੀ ਉਸਨੂੰ ਸਮਝ ਆਈ ਤਾਂ ਉਸਦਾ ਮਨ ਅੰਗਰੇਜ਼ਾਂ ਦੇ ਸੁਭਾਅ ਅਤੇ ਦੇਸ਼ ਤੋਂ ਉਕਤਾਉਣ ਲੱਗਿਆ। ਜਦੋਂ ਉਹ ਪਹਿਲੀ ਵਾਰ ਹਿੰਦੁਸਤਾਨ ਆਇਆ, ਆਪਣੀ ਮਾਂ ਨੂੰ ਮਿਲਿਆ ਤਾਂ ਉਸਨੂੰ ਆਪਣੇ ਵਿਰਸੇ ਦੀ ਮੁੜ ਛੋਹ ਲੱਗੀ। ਮਹਾਰਾਜਾ ਦਲੀਪ ਸਿੰਘ ਨੇ ਆਪਣੀ ਮਾਂ ਨੂੰ ਆਪਣੇ ਨਾਲ ਇੰਗਲੈਂਡ ਲਿਜਾਣ ਦੀ ਇੱਛਾ ਜਾਹਰ ਕੀਤੀ ਤਾਂ ਅੰਗਰੇਜ਼ਾਂ ਨੇ ਖੁਸ਼ੀ ਖੁਸ਼ੀ ਪਰਵਾਨ ਕਰ ਲਈ ਕਿਉਂਕਿ ਏਥੋਂ ਦੇ ਅੰਗਰੇਜ਼ ਹਾਕਮ ਮਹਾਰਾਣੀ ਨੂੰ ਸਦਾ ਖਤਰਾ ਸਮਝਦੇ ਸਨ ਜਦੋਂ ਮਹਾਰਾਣੀ ਇੰਗਲੈਂਡ ਚਲੀ ਗਈ ਤਾਂ ਕੁਝ ਚਿਰਾਂ ਬਾਅਦ ਹੀ ਮਹਾਰਾਜਾ ਦਲੀਪ ਸਿੰਘ ਨੇ ਇਸਾਈਅਤ ਵਿਚ ਆਪਣਾ ਯਕੀਨ ਪ੍ਰਗਟਾਉਣਾ ਛੱਡ ਦਿੱਤਾ ਅਤੇ ਉਹ ਆਪਣੇ ਰਾਜ ਦੀਆਂ ਗੱਲਾਂ ਕਰਨ ਲੱਗ ਗਿਆ। ਇਸ ਗੱਲ ਤੋਂ ਅੰਗਰੇਜ਼ ਬਹੁਤ ਖਫਾ ਹੋਏ ਉਨ੍ਹਾਂ ਦੇ ਜਬਰਦਸਤੀ ਮਾਂ-ਪੁੱਤ ਨੂੰ ਅੱਡ ਕਰ ਦਿੱਤਾ।

ਮਹਾਰਾਣੀ, ਜਿਹੜੀ ਕਿ ਚਿਨਾਰ ਅਤੇ ਨੇਪਾਲ ਦੇ ਕਿਲ੍ਹਿਆਂ ਵਿਚ ਰਹਿੰਦੀ ਅੰਨ੍ਹੀ ਹੋ ਚੁੱਕੀ ਸੀ, ਪੁੱਤ ਦੇ ਕੋਲੇ ਰਹਿੰਦਿਆਂ ਵੀ ਦੂਰ ਹੋਣ ਦੇ ਸੱਲ ਵਿਚ ਥੋੜੇ ਦਿਨਾਂ ਵਿਚ ਹੀ ਚੱਲ ਵਸੀ। ਉਸਦੀ ਆਖਰੀ ਇੱਛਾ ਸੀ ਕਿ ਉਸਦਾ ਸਸਕਾਰ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਕੋਲ ਕੀਤਾ ਜਾਵੇ ਪਰ ਅੰਗਰੇਜ਼ ਸਰਕਾਰ ਨੇ ਕਈ ਮਹੀਨਿਆਂ ਦੀ ਤਰਲਾ ਮਿਨਤ ਬਾਅਦ ਵੀ ਮਹਾਰਾਜੇ ਨੂੰ ਪੰਜਾਬ ਜਾਣ ਦੀ ਆਗਿਆ ਨਾ ਦਿੱਤੀ ਅਖੀਰ ਉਹ ਕਲਕੱਤੇ ਦੇ ਕੋਲ ਇਕ ਦਰਿਆ ਦੇ ਕਿਨਾਰੇ ਸਸਕਾਰ ਕਰ ਕੇ ਮੁੜ ਗਿਆ। ਇਥੋਂ ਮੁੜਕੇ ਇੰਗਲੈਂਡ ਜਾਣ ਤੋਂ ਥੋੜਾ ਚਿਰ ਬਾਅਦ ਉਸਨੇ ਅੰਗਰੇਜ਼ੀ ਸਰਕਾਰ ਤੋਂ ਮੰਗ ਕੀਤੀ ਕਿ ਅਹਿਦਨਾਮੇ ਦੇ ਮੁਤਾਬਕ ਮੈਂ ਬਾਲਗ ਹੋ ਚੁਕਿਆ ਹਾਂ ਮੇਰਾ ਰਾਜ ਮੈਨੂੰ ਵਾਪਸ ਕੀਤਾ ਜਾਵੇ। ਕੁਝ ਚਿਰ ਕਾਨੂੰਨੀ ਚਾਰਾਜੋਈ ਕਰਨ ਤੋਂ ਬਾਅਦ ਮਹਾਰਾਜਾ ਨਿਰਾਸ਼ ਹੋ ਕੇ ਇੰਗਲੈਂਡ ਛੱਡ ਕੇ ਫਰਾਂਸ ਚਲਾ ਗਿਆ ਤੇ ਉਥੋਂ ਦੀ ਸਰਕਾਰ ਕੋਲ ਅੰਗਰੇਜ਼ਾਂ ਖਿਲਾਫ ਮਦਦ ਦੀ ਮੰਗ ਕੀਤੀ। ਫਰਾਂਸ ਸਰਕਾਰ ਨੇ ਉਸਦੀ ਕੋਈ ਸਹਾਇਤਾ ਨਾ ਕੀਤੀ। ਏਥੋਂ ਅੱਗੇ ਉਹ ਰੂਸ ਚਲਾ ਗਿਆ। ਉਥੋਂ ਦੇ ਬਾਦਸ਼ਾਹ ਕੋਲੋਂ ਮੰਗ ਕੀਤੀ ਕਿ ਮੇਰਾ ਰਾਜ ਵਾਪਸ ਲੈਣ ਵਿਚ ਮੇਰੀ ਸਹਾਇਤਾ ਕੀਤੀ ਜਾਵੇ। ਪਰ ਰੂਸ ਦੇ ਬਾਦਸ਼ਾਹ ਨੇ ਉਸਨੂੰ ਮਿਲਣਾ ਵੀ ਮੁਨਾਸਬ ਨਾ ਸਮਝਿਆ। ਉਸਨੇ ਹਿੰਦੁਸਤਾਨ ਦੇ ਅਖ਼ਬਾਰਾਂ ਵਿਚ ਚਿੱਠੀਆਂ ਛਪਵਾ ਕੇ ਪੰਜਾਬ ਅਤੇ ਹਿੰਦੁਸਤਾਨ ਦੇ ਲੋਕਾਂ ਨੂੰ ਆਪਣੀ ਸਹਾਇਤਾ ਕਰਨ ਲਈ ਆਖਿਆ। ਸਿੱਖਾਂ ਦਾ ਇਹ ਮਹਾਰਾਜਾ ਕਈ ਵਰੇ ਰੂਸ ਅਤੇ ਫਰਾਂਸ ਦੀਆਂ ਗਲੀਆਂ ਦੀਆਂ ਖਾਕ ਛਾਣਦਾ ਹੋਇਆ ਬਿਮਾਰੀ ਅਤੇ ਗਰੀਬੀ ਦੀ ਹਾਲਤ ਵਿਚ ਫਰਾਂਸ ਦੇ ਗਰੈਂਡ ਹੋਟਲ ਵਿਚ 22 ਅਕਤੂਬਰ 1893 ਨੂੰ ਸਦਾ ਲਈ ਅੱਖਾਂ ਮੀਟ ਗਿਆ। ਉਸਦੇ ਪੁੱਤਰ ਨੇ ਉਸਦੀ ਕਬਰ ਇੰਗਲੈਂਡ ਵਿਚ ਆਪਣੀ ਮਾਂ ਕੋਲ ਬਣਵਾਈ। ਉਸਦੀ ਅਰਥੀ ਉੱਤੇ ਅੰਗਰੇਜ਼ੀ ਸਰਕਾਰ ਦੀ ਮਹਾਰਾਣੀ ਨੇ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ।

 

ਅਧਿਆਪਕ ਦਿਵਸ ‘ਤੇ ਵਿਸ਼ੇਸ਼ —ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਸਮਾਜ ਵਿੱਚ ਅਧਿਆਪਕ ਕਿੱਤਾ ਬਹੁਤ ਸਨਮਾਨ ਯੋਗ ਹੈ। ਵਿਸ਼ਵ ਪੱਧਰ ’ਤੇ ਅਧਿਆਪਕ ਵਰਗ ਨੂੰ ਵੱਡਾ ਮਾਣ-ਸਨਮਾਨ ਤੇ ਸਤਿਕਾਰ ਮਿਲਦਾ ਹੈ। ਵਿਦਿਆਰਥੀ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ,ਨੈਤਿਕ ਕਦਰਾਂ ਕੀਮਤਾਂ ਸਿਖਾਉਣ ,ਸਹੀ ਸੇਧ ਦੇਣ ,ਕਾਮਯਾਬੀ ਦਾ ਰਾਸਤਾ ਤੇ ਮੰਜਿਲ ਦਿਖਾਉਣ ਦਾ ਕੰਮ ਇੱਕ ਸੱਚਾ ਅਧਿਆਪਕ ਹੀ ਕਰਦਾ ਹੈ।ਅਜਿਹਾ ਅਧਿਆਪਕ ਆਦਰਸ਼ ਅਧਿਆਪਕ ਹੋਣ ਦਾ ਮਾਣ ਹਾਸਿਲ ਕਰਦਾ ਹੈ।ਬਿਲਕੁਲ ਇਹ ਸਾਰੇ ਹੁਣ ਡਾ.ਰਾਧਾਕ੍ਰਿਸ਼ਨਨ ਵਿੱਚ ਮੌਜੂਦ ਸਨ। ਉਹਨਾਂ ਨੇ ਅਾਪਣੀ ਡਿਊਟੀ ਦੌਰਾਨ ਸੰਜੀਦਗੀ ਤੇ ਇਮਾਨਦਾਰੀ ਨਾਲ ਵਿਦਿਆਰਥੀਆਂ ਨੂੰ ਮਿਆਰੀ ਅਤੇ ਕਦਰਾਂ ਕੀਮਤਾਂ ’ਤੇ ਆਧਾਰਿਤ ਸਿੱਖਿਆ ਪ੍ਰਦਾਨ ਕੀਤੀ।ਆਓ ਜਾਣੀਏ ਆਦਰਸ਼ ਅਧਿਆਪਕ ਡਾ.ਸਰਵਪੱਲੀ ਰਾਧਾਕ੍ਰਿਸ਼ਨਨ ਜੀ ਬਾਰੇ।ਡਾ.ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦਾ ਜਨਮ 5 ਸਤੰਬਰ 1888 ਨੂੰ ਹੋਇਆ। ਦੱਖਣ ਭਾਰਤ ਦੇ ਤਿਰੂਤਾਣੀ ਵਿੱਚ ਡਾ.ਰਾਧਾਕ੍ਰਿਸ਼ਨਣ ਦਾ ਜਨਮ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਸਰਵਪੱਲੀ ਬੀ ਰਾਮਾਸਵਾਮੀ ਅਤੇ ਮਾਤਾ ਦਾ ਨਾਮ ਸ਼੍ਰੀਮਤੀ ਸੀਤੱਮਾ ਸੀ।ਰਾਮਰਸਵਾਮੀ ਇੱਕ ਗਰੀਬ ਬ੍ਰਹਾਮਣ ਸਨ। ਡਾ ਰਾਧਾ ਕ੍ਰਿਸ਼ਨਨ ਆਪਣੇ ਪਿਤਾ ਦੀ ਦੂਜੀ ਸੰਤਾਨ ਸਨ ।ਉਨ੍ਹਾਂ ਦੇ ਚਾਰ ਭਰਾ ਅਤੇ ਇੱਕ ਛੋਟੀ ਭੈਣ ਸੀ । 1903 ਵਿੱਚ 16 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਦਾ ਵਿਆਹ ਹੋ ਗਿਆ।ਉਸ ਸਮੇਂ ਉਨ੍ਹਾਂ ਦੀ ਪਤਨੀ ਦੀ ਉਮਰ ਸਿਰਫ 10 ਸਾਲ ਸੀ। ਉਹਨਾਂ ਦਾ ਵਿਆਹ ਸਿਵਾਕਾਮੂ ਰਾਧਾਕ੍ਰਿਸ਼ਨਨ ਨਾਲ ਹੋਇਆ।ਉਹਨਾਂ ਦੇ ਘਰ
5 ਲੜਕੀਆਂ ਤੇ 1 ਲੜਕੇ ਨੇ ਜਨਮ ਲਿਆ। ਡਾ. ਰਾਧਾਕ੍ਰਿਸ਼ਨ ਦੀ ਉਮਰ ਕੇਵਲ 20 ਸਾਲ ਦੀ ਸੀ ਜਦੋਂ ਉਨ੍ਹਾਂ ਦਾ ਥੀਸਿਜ਼ ਪ੍ਰਕਾਸ਼ਿਤ ਹੋਇਆ ਸੀ।
ਰਾਧਾਕ੍ਰਿਸ਼ਨਨ ਜੀ 17 ਅਪ੍ਰੈਲ 1975 (ਉਮਰ 86) ਨੂੰ ਚੇਨੱਈ (ਭਾਰਤ ਵਿਖੇ)ਇਸ ਦੁਨੀਆਂ ਨੂੰ ਛੱਡ ਕੇ ਪਰਮਾਤਮਾ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ।ਉਹ ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ (1952-1962) ਅਤੇ ਦੂਜੇ ਰਾਸ਼ਟਰਪਤੀ ਰਹੇ। ਡਾ. ਰਾਧਾਕ੍ਰਿਸ਼ਨਨ ਨੇ ਬਤੌਰ ਅਧਿਆਪਕ ਸਫਰ 1909 ਵਿਚ ਮਦਰਾਸ ਪ੍ਰੈਜੀਡੈਂਸੀ ਕਾਲਜ ਤੋ ਸ਼ੁਰੂ ਕੀਤਾ।ਉਨ੍ਹਾਂ ਦਾ ਜਨਮ ਦਿਨ (5 ਸਤੰਬਰ) ਭਾਰਤ ਵਿੱਚ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਉਹਨਾਂ ਦੇ ਜਨਮ ਦਿਨ ਵਾਲੇ ਦਿਨ ਅਧਿਆਪਕ ਦਿਵਸ ਇਸ ਲਈ ਮਨਾਇਆ ਜਾਂਦਾ ਹੈ।ਜਦੋਂ ਉਹ ਭਾਰਤ ਦੇ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦੇ ਕੁੱਝ ਵਿਦਿਆਰਥੀਆਂ ਅਤੇ ਦੋਸਤਾਂ ਨੇ ਉਨ੍ਹਾਂ ਨੂੰ 5 ਸਤੰਬਰ ਨੂੰ ਆਪਣਾ ਜਨਮਦਿਨ ਮਨਾਉਣ ਦੀ ਆਗਿਆ ਦੇਣ ਦੀ ਬੇਨਤੀ ਕੀਤੀ। ਉਨ੍ਹਾਂ ਨੇ ਜਵਾਬ ਦਿੱਤਾ, ਮੇਰਾ ਜਨਮਦਿਨ ਮਨਾਉਣ ਦੀ ਬਜਾਏ, ਇਹ ਮੇਰੇ ਲਈ ਮਾਣ ਵਾਲੀ ਗੱਲ ਹੋਵੇਗੀ ਜੇ 5 ਸਤੰਬਰ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਵੇ।ਉਨ੍ਹਾਂ ਨੇ ਆਪਣਾ ਜਨਮ ਦਿਨ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਣ ਦੀ ਇੱਛਾ ਵਿਅਕਤ ਕੀਤੀ ਸੀ।ਉਦੋਂ ਤੋਂ ਹੀ ਸਾਰੇ ਦੇਸ਼ ਵਿੱਚ ਡਾਕਟਰ ਰਾਧਾਕ੍ਰਿਸ਼ਨਨ ਦਾ ਜਨਮ ਦਿਨ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਅਧਿਆਪਕ ਦਾ ਕੰਮ ਸਿਰਫ ਕਿਤਾਬੀ ਗਿਆਨ ਦੇਣਾ ਹੀ ਨਹੀਂ ਸਗੋਂ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦੇਣ ਲਈ ਸਮਾਜਿਕ ਹਾਲਾਤਾਂ ਨਾਲ ਜਾਣੂ ਕਰਵਾਉਣਾ ਵੀ ਹੁੰਦਾ ਹੈ।ਅਧਿਆਪਕ ਖ਼ੁਦ ਬਲ ਕੇ ਰੌਸ਼ਨੀ ਕਰਦਾ ਹੈ। ਸਰਵਪੱਲੀ ਰਾਧਾਕ੍ਰਿਸ਼ਨਨ ਜੀ ਇੱਕ ਬਿਹਤਰੀਨ ਅਧਿਆਪਕ ਸਨ। ਸਿੱਖਿਆ ਅਤੇ ਰਾਜਨੀਤੀ ਵਿੱਚ ਉਚੇਚਾ ਯੋਗਦਾਨ ਦੇਣ ਦੇ ਲਈ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ .ਰਜਿੰਦਰ ਪ੍ਰਸਾਦ ਨੇ ਮਹਾਨ ਫਿਲਾਸਫਰ ਅਤੇ ਲੇਖਕ ਡਾ.ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਦੇਸ਼ ਦਾ ਸਰਵ ਉੱਚ ਪੁਰਸਕਾਰ ਭਾਰਤ ਰਤਨ ਪ੍ਰਦਾਨ ਕੀਤਾ।
ਡਾ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਮਰਨ ਉਪਰੰਤ ਉਨ੍ਹਾਂ ਨੂੰ ਮਾਰਚ 1975 ਵਿੱਚ ਅਮਰੀਕੀ ਸਰਕਾਰ ਵੱਲੋਂ ਟੈ੍ਪਲਟਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਰਾਧਾਕ੍ਰਿਸ਼ਨ ਦੁਆਰਾ ਰਚੀਆਂ ਪੁਸ਼ਤਕਾਂ ਦੇ ਨਾਂ ‘ਇੰਡੀਅਨ ਫਿਲਾਸ਼ਫੀ ,ਏ ਹਿੰਦੂ ਵਿਊ ਆਫ਼ ਲਾਈਫ ,ਦਿ ਫਿਲਾਸ਼ਫੀ ਆਫ਼ ਰਵਿੰਦਰ ਨਾਥ ਟੈਗੋਰ, ਐਨ ਆਈਡਿਅਲਿਸਟ ਵਿਊ ਆਫ਼ ਲਾਈਫ, ਦਿ ਕਾਨਸੈਪਟ ਆਫ਼ ਮੈਨ, ਈਸਟਰਨ ਰਿਲੀਜ਼ਨ ਐਂਡ ਵੈਸਟਰਨ ਥੌਟ ਅਤੇ ਮਾਈ ਸਰਚ ਫਾਰ ਟਰੁੱਥ ਅਦੋ ।ਜੋ ਕਿ ਅੱਜ ਵੀ ਭਾਰਤੀ ਦਰਸ਼ਨ- ਸਾਸ਼ਤਰ ਵਿਚ ਅਹਿਮ ਸਥਾਨ ਰੱਖਦੀਆਂ ਹਨ।ਰਾਧਾਕ੍ਰਿਸ਼ਨਨ ਨਵ ਵੇਦਾਂਤ ਦਾ ਜੋਸ਼ੀਲਾ ਹਮਾਇਤੀ ਸੀ। ਉਸ ਦੇ ਤੱਤ-ਮੀਮਾਂਸਾ ਦੀਆਂ ਜੜ੍ਹਾਂ ਅਦਵੈਤ ਵੇਦਾਂਤ ਵਿੱਚ ਸੀ, ਪਰ ਉਸ ਨੇ ਸਮਕਾਲੀ ਸਮਝ ਲਈ ਅਦਵੈਤ ਵੇਦਾਂਤ ਦੀ ਪੁਨਰਵਿਆਖਿਆ ਕੀਤੀ।ਉਹਨਾਂ ਨੇ ਪੱਛਮੀ ਆਲੋਚਨਾ" ਦਾ ਵਿਰੋਧ ਕੀਤਾ, ਪਰ ਨਾਲ ਹੀ ਪੱਛਮੀ ਦਾਰਸ਼ਨਿਕ ਅਤੇ ਧਾਰਮਿਕ ਵਿਚਾਰਾਂ ਨੂੰ ਭਾਰਤੀ ਚਿੰਤਨ ਵਿੱਚ ਜੋੜਿਆ। 5 ਸਤੰਬਰ ਨੂੰ ਸਾਰੇ ਹੀ ਦੇਸ਼ ਵਿੱਚ ਅਧਿਆਪਕ ਦਿਵਸ ਦੇ ਮੌਕੇ ‘ਤੇ ਡਾਕਟਰ ਰਾਧਾ ਕ੍ਰਿਸ਼ਨਨ ਜੀ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾਂਦੀ ਹੈ।
ਗਗਨਦੀਪ ਧਾਲੀਵਾਲ ਝਲੂਰ ਬਰਨਾਲਾ ।

ਖਟਿਆਸ ਤੇ ਮਠਿਆਸ ਨਾਲ ਭਰਿਆ ਹੁੰਦਾ ਹੈ -ਨਨਾਣ ਭਰਜਾਈ ਦਾ ਰਿਸ਼ਤਾ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਹਰੇ ਹਰੇ ਬਾਗ਼ਾਂ ਵਿੱਚ ਉੱਚੀਆਂ ਹਵੇਲੀਆਂ ….
ਨਨਾਣ ਤੇ ਭਰਜਾਈ ਆਪਾ ਗੂੜ੍ਹੀਆਂ ਸਹੇਲੀਆਂ ….

ਦੋਸਤੋਂ ਮਨੁੱਖ ਸਮਾਜਿਕ ਪ੍ਰਾਣੀ ਹੋਣ ਕਰਕੇ ਸਮਾਜ ਵਿੱਚ ਵਿਚਰਦਿਆਂ ਕਈ ਰਿਸ਼ਤੇ ਨਿਭਾਉਂਦਾ ਹੈ ।ਇੱਕ ਔਰਤ ਵੀ ਕਈ ਰੂਪਾਂ ਵਿੱਚ ਰਿਸ਼ਤੇ ਨਿਭਾਉਂਦੀ ਹੈ ਜਿਵੇਂ ਕਿ ਮਾਂ,ਧੀ,ਭੈਣ,ਪਤਨੀ ,ਨੂੰਹ-ਸੱਸ,ਨਨਾਣ-ਭਰਜਾਈ ਆਦਿ ।ਦੋਸਤੋਂ ਇੰਨਾਂ ਰਿਸ਼ਤਿਆਂ ਵਿੱਚੋਂ ਇੱਕ ਅਨੋਖਾ ਰਿਸ਼ਤਾ ਨਨਾਣ-ਭਰਜਾਈ ਦਾ ਹੁੰਦਾ ਹੈ ਜੋ ਕਿ ਅਪਣਾਪੱਤ ,ਪਿਆਰ ,ਖਟਿਆਸ -ਮਠਿਆਸ ਨਾਲ ਭਰਿਆ ਹੁੰਦਾ ਹੈ।ਦੋਸਤੋਂ ਪਤੀ ਦੀ ਭੈਣ ਨੂੰ ਨਣਦ ਆਖਿਆ ਜਾਂਦਾ ਹੈ। ਜਦੋਂ ਨਵੀਂ ਵਿਆਹੀ ਕੁੜੀ ਸਹੁਰੇ ਘਰ ਆਉਦੀ ਹੈ ਤਾਂ ਉਸਨੂੰ ਕਈ ਰਿਸ਼ਤੇ ਨਿਭਾਉਣੇ ਪੈਂਦੇ ਹਨ।ਉਹ ਇੱਕ ਰਿਸ਼ਤਾ ਨਨਾਣ-ਭਰਜਾਈ ਦਾ ਵੀ ਨਿਭਾਉਂਦੀ ਹੈ।ਪਰ ਇਹ ਰਿਸ਼ਤਾ ਹੁਣ ਕੁੱਝ ਬਦਲ ਗਿਆ ਹੈ ਹੁਣ ਭਾਬੀ ਸ਼ਬਦ ਬਹੁਤ ਘੱਟ ਵਰਤਿਆਂ ਜਾਂਦਾ ਹੈ ਹੁਣ ਭਾਬੀ ਨੂੰ ਦੀਦੀ ਕਹਿ ਦਿੱਤਾ ਜਾਂਦਾ ਹੈ।ਜ਼ਿਆਦਾਤਰ ਤਾਂ ਨਾਮ ਨਾਲ ਹੀ ਬੁਲਾਇਆ ਜਾਂਦਾ ਹੈ। ਨਨਾਣ ਨੂੰ ਮਲਵਈ ਬੋਲੀ ਵਿੱਚ ਨਣਦ’ ਵੀ ਕਿਹਾ ਜਾਂਦਾ ਹੈ। ਦੇਖਣ ਵਿੱਚ ਆਇਆ ਹੈ ਕਿ ਕਈ ਵਾਰ ਕੁੜੀ ਦੇ ਸਹੁਰੇ ਘਰ ਆਉਣ ਤੋਂ ਪਹਿਲਾ ਹੀ ਨਣਦ ਦਾ ਵਿਆਹ ਕਰ ਦਿੱਤਾ ਜਾਦਾ ਹੈ ਜਿਸ ਕਾਰਨ ਵਿਆਹੀਆਂ ਹੋਈਆਂ ਨਨਾਣਾਂ ਦਾ ਭਰਜਾਈ ਨਾਲ ਮੇਲ-ਮਿਲਾਪ ਬਹੁਤ ਘੱਟ ਹੁੰਦਾ ਹੈ ਸਗੋ ਖਾਸ਼ ਪ੍ਰੋਗਰਾਮ ਦੇ ਮੌਕੇ ‘ਤੇ ਹੀ ਹੁੰਦਾ ਹੈ।ਅੱਜ ਕੱਲ ਹਰ ਘਰ ਦੀ ਲੜਕੀ ਪੜੀ ਲਿਖੀ ਹੋਣ ਕਰਕੇ ਨੌਕਰੀ ਕਰਦੀ ਹੈ ਜਿਸ ਕਾਰਨ ਉਸ ਕੋਲ ਆਪਣੀ ਭਰਜਾਈ ਲਈ ਸਮਾਂ ਬਹਤ ਥੋੜ੍ਹਾ ਹੁੰਦਾ ਹੈ।ਜਾ ਕਈ ਵਾਰ ਭਰਜਾਈ ਨੌਕਰੀ ਕਰਦੀ ਹੈ ਜਿਸ ਕਾਰਨ ਉਸ ਕੋਲ ਸਿਰਫ ਐਤਵਾਰ ਦਾ ਦਿਨ ਹੀ ਹੁੰਦਾ ਹੈ ਰਿਸ਼ਤੇਦਾਰਾਂ ਨੂੰ ਮਿਲਣ ਦਾ।ਦੋਸਤ ਭਰਜਾਈ ਕਈ ਵਾਰ ਵੱਡੀ ਹੁੰਦੀ ਹੈ ਕੋ ਮਾਂ ਸਮਾਨ ਹੁੰਦੀ ਹੈ ਜੋ ਕਿ ਬਹੁਤ ਖਿਆਲ ਰੱਖਦੀ ਹੈ।ਕਿਸੇ ਨੇ ਠੀਕ ਹੀ ਕਿਹਾ ਹੈ—
ਜੱਗ ਜਿਊਣ ਵੱਡੀਆਂ ਭਰਜਾਈਆਂ
ਪਾਣੀ ਮੰਗੇ ਦੁੱਧ ਦਿੰਦੀਆਂ।
ਕਈ ਵਾਰ ਨਣਦ ਛੋਟੀ ਹੋਣ ਕਾਰਨ ਕੁਆਰੀ ਹੁੰਦੀ ਹੈ । ਅਕਸਰ ਹੀ ਕੁਆਰੀ ਨਣਦ ਤੇ ਭਾਬੀ ਇੱਕੋ ਉਮਰ ਹਾਣ ਦੀਆਂ ਹੀ ਹੁੰਦੀਆਂ ਹਨ ।ਭਾਬੀ ਦੇ ਆ ਜਾਣ ਤੇ ਰਿਸ਼ਤੇ ਵਿੱਚ ਖਟਿਆਸ ਵੀ ਆ ਜਾਂਦੀ ਹੈ ।ਕਈ ਵਾਰ ਨਣਦ ਭਰਜਾਈ ਦੇ ਹਰ ਕੰਮ ਵਿੱਚ ਟੋਕਾ-ਟਾਕੀ ਕਰਦੀ ਹੈ ਭਰਜਾਈ ਨੂੰ ਪਸੰਦ ਹੀ ਨਹੀਂ ਕਰਦੀ।ਨਣਾਣ ਤੇ ਭਰਜਾਈ ਦਾ ਰਿਸ਼ਤਾ ਕਦੇ ਪਿਆਰ ਭਰਿਆ ਕਦੇ ਕੁੜੱਤਨ ਵਿੱਚ ਦੇਖਿਆਂ ਜਾ ਸਕਦਾ ਹੈ।ਕਈ ਵਾਰੀ ਤਾਂ ਨਣਦ ਆਪਣੇ ਭਰਾ ਨੂੰ ਭਾਬੀ ਖ਼ਿਲਾਫ਼ ਚੁੱਕ ਦਿੰਦੀ ਹੈ।ਤੇ ਉਹ ਲੜਾਈ ਝਗੜਾ ਕਰਦਾ ਹੈ।
ਇਸਦੇ ਉਲਟ ਜੇਕਰ ਸੁਭਾਵਿਕ ਹੀ ਉਸ ਦਾ ਆਪਣੇ ਪਤੀ ਨਾਲ ਕਿਸੇ ਗੱਲ ਤੋਂ ਝਗੜਾ ਹੋ ਜਾਵੇ ਤਾਂ ਉਹ ਸਮਝਦੀ ਹੈ ਕਿ ਜ਼ਰੂਰ

ਨਣਦ ਨੇ ਲੂਤੀ ਲਾਈ ਹੈ।

ਨਨਾਣੇ ਪੁਆੜੇ ਹੱਥੀਏ ,ਰਾਤੀਂ ਤੂੰ ਮੈਨੂੰ ਮਾਰ ਪਵਾਈ……

ਜੇਕਰ ਨਨਾਣ ਭਰਜਾਈ ਵਿੱਚ ਆਪਸੀ ਪਿਆਰ ਹੋਵੇ ਤਾਂ ਇਸ ਰਿਸ਼ਤੇ ਦੀ ਕੋਈ ਥਾਂ ਨਹੀਂ ਲੈ ਸਕਦਾ ।

ਭਾਬੀ ਤੇਰੇ ਰੰਗ ਵਰਗਾ …
ਮੈਨੂੰ ਬੇਰੀ ਹੇਠੋਂ ਬੇਰ ਥਿਆਇਆ……..

ਪਰ ਕਈ ਵਾਰ ਇਹ ਰਿਸ਼ਤਾ ਨਫ਼ਰਤ ਦਾ ਰੂਪ ਧਾਰ ਲੈਂਦਾ ਜਿਸ ਨਾਲ ਘਰ ਵਿੱਚ ਕਲੇਸ਼ ਬਣਿਆਂ ਰਹਿੰਦਾ ਹੈ ।ਰਿਸ਼ਤੇ ਵਿੱਚ ਫਿੱਕ ਪੈ ਜਾਂਦੀ ਹੈ।ਜਿੱਥੇ ਨਨਾਣ ਭਰਜਾਈ ਆਪਸ ਵਿੱਚ ਸਹੇਲੀਆਂ ਭੈਣਾਂ ਵਾਂਗ ਰਹਿੰਦੀਆਂ ਹਨ ਉਸ ਘਰ ਵਿੱਚ ਪਿਆਰ ਦੇ ਫੁੱਲ ਮਹਿਕਦੇ ਹਨ ।ਜਿਸ ਘਰ ਵਿੱਚ ਰਿਸ਼ਤਾ ਤਣਾਅਪੂਰਨ ਰਹਿੰਦਾ ਹੈ ਉੱਥੇ ਘਰ ਨਰਕ ਵਾਂਗ ਜਾਪਦੇ ਹਨ ।ਨਨਾਣ ਭਰਜਾਈ ਦੇ ਰਿਸ਼ਤੇ ਨੂੰ ਲੈਕੇ ਬੋਲੀਆਂ ਵੀ ਘੜੀਆਂ ਜਾਦੀਆਂ ਹਨ-
ਊਚੇ ਟਿੱਬੇ ਮੈ ਤਾਣਾ ਤਣਦੀ,
ਉਤੋਂ ਦੀ ਲੰਘ ਗਈ ਵੱਛੀ,
ਨਣਾਨੇ ਮੋਰਨੀਏ ਘਰ ਜਾ ਕੇ ਨਾ ਦੱਸੀ,
ਨਣਾਨੇ .........,

ਨਣਦ ਤੇ ਭਰਜਾਈ ਦਾ ਰਿਸ਼ਤਾ ਸਹੇਲੀ ਤੇ ਭੈਣ ਵਰਗਾ ਹੁੰਦਾ ਹੈ ਭਰਜਾਈ ਆਪਣੇ ਦਿਲ ਦੀਆਂ ਗੱਲਾਂ ਦੱਸਦੀ ਹੈ—

ਇੱਕ ਤਾਂ ਨਣਦੇ ਤੂੰ ਨੀ ਪਿਆਰੀ,
ਦੂਜਾ ਪਿਆਰਾ ਤੇਰਾ ਵੀਰ,
ਨੀ ਜਦ ਰੋਦਾ ਨਣਦੇ,
ਅੱਖਾਂ ਚੋ ਵਗਦਾ ਨੀਰ,
ਨੀ ਜਦ ........,

ਦੋਸਤੋਂ ਕਈ ਵਾਰ ਦੇਖਣ ਵਿੱਚ ਆਇਆ ਹੈ ਕਿ ਨਨਾਣ ਦੀ ਮੁਖ਼ਤਿਆਰੀ ਹੁੰਦੀ ਹੈ ।ਉੱਥੇ ਅਕਸਰ ਹੀ ਘਰ ਬਰਬਾਦ ਹੋ ਜਾਂਦੇ ਹਨ।ਉਹ ਹਮੇਸ਼ਾ ਹੀ ਭਰਜਾਈ ਨੂੰ ਨੀਵਾਂ ਦਿਖਾਉਣ ਵਿੱਚ ਲੱਗੀ ਰਹਿੰਦੀ ਹੈ।ਠੀਕ ਹੀ ਕਿਹਾ ਹੈ ਕਿ-

ਉਹ ਘਰ ਨਹੀਂ ਵਸਦੇ,
ਜਿਥੇ ਨਣਦਾਂ ਦੀ ਸਰਦਾਰੀ ਹੋਵੇ।

ਸੱਸ ਦਾ ਵੀ ਫਰਜ ਬਣਦਾ ਹੈ ਕਿ ਆਪਣੇ ਬਾਬਲ ਦਾ ਘਰ ਛੱਡ ਕੇ ਆਈ ਨੂੰਹ ਨੂੰ ਆਪਣੀ ਧੀ ਬਣਾਵੇ ਤੇ ਘਰ ਦੀ ਜਿੰਮੇਵਾਰੀ ਸੌਂਪੇ।ਤਾਂ ਜੋ ਆਪਸੀ ਸਾਂਝ ਪਿਆਰ ਬਣਿਆ ਰਹੇ।ਨਣਦ ਭਰਜਾਈ ਦੇ ਰਿਸ਼ਤੇ ਦੀ ਖ਼ਾਸੀਅਤ ਇਹ ਵੀ ਹੈ ਕਿ ਨਣਦ ਕਈ ਵਾਰ ਭਰਜਾਈ ਦੀ ਹਿਮਾਇਤ ਵੀ ਕਰਦੀ ਹੈ।ਆਪਣੀ ਮਾਂ ਨੂੰ ਸਮਝਾਉਂਦੀ ਹੈ ਕਿ ਉਹ ਵੀ ਇਸ ਘਰ ਦੀ ਧੀ ਹੈ।ਕਈ ਵਾਰ ਭਰਜਾਈ ਵੀ ਨਣਦ ਨੂੰ ਗਾਲਾ ਤੋਂ ਬਣਾ ਦਿੰਦੀ ਹੈ।ਦੋਸਤ ਨਣਦ ਭਰਜਾਈ ਦਾ ਰਿਸ਼ਤਾ ਦੋਸਤੀ ਦਾ ਵੀ ਹੁੰਦਾ ਹੈ ਜੋ ਹਰ ਗੱਲ ਇੱਕ ਦੂਜੇ ਨੂੰ ਦੱਸਦੀਆਂ ਹਨ।ਦੋਸਤੋ ਮਾਂ-ਬਾਪ ਦੇ ਤੁਰ ਜਾਣ ਤੋਂ ਬਾਅਦ ਨਣਦ ਨੇ ਹਮੇਸ਼ਾ ਭਰਜਾਈ ਦੇ ਮੱਥੇ ਲੱਗਣਾ ਹੁੰਦਾ ਹੈ ਸੋ ਨਣਦ ਨੂੰ ਵੀ ਚਾਹੀਦਾ ਹੈ ਕਿ ਉਹ ਪਿਆਰ ਨਾਲ ਰਿਸ਼ਤਾ ਨਿਭਾਵੇ ।ਦੇਖਣ ਵਿੱਚ ਆਇਆ ਹੈ ਕਿ ਕਈ ਵਾਰ ਕੁੜੀ ਸਹੁਰੇ ਘਰ ਆਉਣ ਸਾਰ ਅੱਡ ਹੋ ਜਾਂਦੀ ਹੈ ਨਿੱਕੀ ਨਿੱਕੀ ਗੱਲ ਤੇ ਨਣਦ ਨਾਲ ਖਾਰ ਖਾਦੀ ਹੈ ।ਜੇਕਰ ਭਰਜਾਈ ਨਣਦ ਨੂੰ ਆਪਣੀ ਸਹੇਲੀ ਜਾ ਭੈਣ ਬਣਾ ਲਵੇ ਤਾ ਰਿਸ਼ਤਾ ਉਮਰਾਂ ਤੀਕ ਨਿਭ ਜਾਵੇਗਾ।ਸੋ ਦੋਵਾਂ ਦਾ ਫਰਜ਼ ਬਣਦਾ ਹੈ ਕਿ ਇਹ ਰਿਸ਼ਤਾ ਦਿਲੋਂ ਪਿਆਰ ਸਤਿਕਾਰ ਨਾਲ ਨਿਭਾਇਆ ਜਾਵੇ ।ਜੇਕਰ ਇੱਕ ਦੂਜੇ ਦੀ ਕਦਰ ਕੀਤੀ ਜਾਵੇ ਤਾਂ ਹੀ ਰਿਸ਼ਤਾ ਚਿਰ ਸਥਾਈ ਨਿਭ ਸਕਦਾ ਹੈ।

ਗਗਨਦੀਪ ਧਾਲੀਵਾਲ ਝਲੂਰ ਬਰਨਾਲਾ ।